ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 276 ਕਈ ਕੋਟਿ ਰਾਜਸ ਤਾਮਸ ਸਾਤਕ ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥ ਕਈ ਕੋਟਿ ਕੀਏ ਰਤਨ ਸਮੁਦ ॥ ਕਈ ਕੋਟਿ ਨਾਨਾ ਪ੍ਰਕਾਰ ਜੰਤ ॥ ਕਈ ਕੋਟਿ ਕੀਏ ਚਿਰ ਜੀਵੇ ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ਸਭ ਤੇ ਨੇਰੈ ਸਭਹੂ ਤੇ ਦੂਰਿ ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥ {ਪੰਨਾ 276} ਪਦ ਅਰਥ: ਰਾਜਸ......, {Skt. rjs`, sÄv, qms`} = ਮਾਇਆ ਦੇ ਤ੍ਰੈਵੈ ਗੁਣ। ਨਾਨਾ ਪ੍ਰਕਾਰ = ਕਈ ਕਿਸਮ ਦੇ। ਚਿਰ ਜੀਵੇ = ਚਿਰ ਤਕ ਜੀਊਣ ਵਾਲੇ, ਲੰਮੀਆਂ ਉਮਰਾਂ ਵਾਲੇ। ਗਿਰੀ = ਪਹਾੜ। ਥੀਵੇ = ਹੋ ਗਏ, ਬਣ ਗਏ। ਜਖ੍ਯ੍ਯ = {Skt. X˜} ਇਕ ਕਿਸਮ ਦੇ ਦੇਵਤੇ ਜੋ ਧਨ-ਦੇਵਤੇ ਦੇ ਅਧੀਨ ਹਨ। ਕਿੰਨਰ = {Skt. ikNnr} ਦੇਵਤਿਆਂ ਦੀ ਇਕ ਕਿਸਮ, ਜਿਨ੍ਹਾਂ ਦਾ ਧੜ ਮਨੁੱਖ ਦਾ ਤੇ ਸਿਰ ਘੋੜੇ ਦਾ ਹੈ। ਪਿਸਾਚ = {Skt. ip_wc} ਨੀਵੀਆਂ ਜਾਤਾਂ ਦੇ ਬੰਦੇ। ਸੂਕਰ = ਸੂਰ। ਮ੍ਰਿਗਾਚ = {ਮ੍ਰਿਗ-ਅਚ} ਮ੍ਰਿਗਾਂ ਨੂੰ ਖਾਣ ਵਾਲੇ, ਸ਼ੇਰ। ਅਲਿਪਤੁ = ਨਿਰ-ਲੇਪ, ਬੇ-ਦਾਗ਼। ਅਰਥ: ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ, ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ; ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ; ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ, ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ; ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ; (ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ। ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ।4। ਕਈ ਕੋਟਿ ਪਾਤਾਲ ਕੇ ਵਾਸੀ ॥ ਕਈ ਕੋਟਿ ਨਰਕ ਸੁਰਗ ਨਿਵਾਸੀ ॥ ਕਈ ਕੋਟਿ ਜਨਮਹਿ ਜੀਵਹਿ ਮਰਹਿ ॥ ਕਈ ਕੋਟਿ ਬਹੁ ਜੋਨੀ ਫਿਰਹਿ ॥ ਕਈ ਕੋਟਿ ਬੈਠਤ ਹੀ ਖਾਹਿ ॥ ਕਈ ਕੋਟਿ ਘਾਲਹਿ ਥਕਿ ਪਾਹਿ ॥ ਕਈ ਕੋਟਿ ਕੀਏ ਧਨਵੰਤ ॥ ਕਈ ਕੋਟਿ ਮਾਇਆ ਮਹਿ ਚਿੰਤ ॥ ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ {ਪੰਨਾ 276} ਪਦ ਅਰਥ: ਘਾਲਹਿ = ਮੇਹਨਤ ਕਰਦੇ ਹਨ। ਧਨਵੰਤ = ਧਨ ਵਾਲੇ। ਚਿੰਤ = ਚਿੰਤਾ, ਫ਼ਿਕਰ। ਜਹ ਜਹ = ਜਿਥੇ ਜਿਥੇ। ਭਾਣਾ = (ਉਸ ਪ੍ਰਭੂ ਦੀ) ਰਜ਼ਾ ਹੈ। ਅਰਥ: ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ) ; ਕਰੋੜਾਂ ਜੀਵ ਜੰਮਦੇ ਹਨ ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ; ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ; ਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ। ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ। ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ।5। ਕਈ ਕੋਟਿ ਭਏ ਬੈਰਾਗੀ ॥ ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥ ਕਈ ਕੋਟਿ ਪ੍ਰਭ ਕਉ ਖੋਜੰਤੇ ॥ ਆਤਮ ਮਹਿ ਪਾਰਬ੍ਰਹਮੁ ਲਹੰਤੇ ॥ ਕਈ ਕੋਟਿ ਦਰਸਨ ਪ੍ਰਭ ਪਿਆਸ ॥ ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥ ਕਈ ਕੋਟਿ ਮਾਗਹਿ ਸਤਸੰਗੁ ॥ ਪਾਰਬ੍ਰਹਮ ਤਿਨ ਲਾਗਾ ਰੰਗੁ ॥ ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥ {ਪੰਨਾ 276} ਪਦ ਅਰਥ: ਤਿਨ = ਉਹਨਾਂ ਦੀ। ਆਤਮ ਮਹਿ = ਆਪਣੇ ਮਨ ਵਿਚ। ਲਹੰਤੇ = ਲੱਭਦੇ ਹਨ, ਭਾਲਦੇ ਹਨ। ਪਿਆਸ = ਤ੍ਰੇਹ, ਇੱਛਾ, ਤਾਂਘ। ਅਬਿਨਾਸ = ਨਾਸ-ਰਹਿਤ, ਸਦਾ-ਥਿਰ ਰਹਿਣ ਵਾਲਾ। ਰੰਗੁ = ਪਿਆਰ। ਧਨਿ ਧੰਨਿ = ਭਾਗਾਂ ਵਾਲੇ।6। ਅਰਥ: (ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ, ਜਿਨ੍ਹਾਂ ਦੀ ਸੁਰਤਿ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ; ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ, ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ; ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ, ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ। ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ, ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ। ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ।6। ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ {ਪੰਨਾ 276} ਪਦ ਅਰਥ: ਖਾਣੀ = ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ, "ਅੰਡਜ", ਅੰਡੇ ਤੋਂ ਪੈਦਾ ਹੋਣ ਜੀਵ; "ਜੇਰਜ", ਜਿਓਰ ਤੋਂ ਪੈਦਾ ਹੋਣ ਵਾਲੇ; "ਸੇਤਜ" ਮੁੜ੍ਹਕੇ ਤੋਂ ਅਤੇ "ਉਤਭੁਜ", ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਅਰੁ = ਅਤੇ। ਖੰਡ = ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ ਖੰਡ ਮੰਨੇ ਗਏ ਹਨ। ਕਈ ਜੁਗਤਿ = ਕਈ ਜੁਗਤੀਆਂ ਨਾਲ। ਪਸਰਿਓ = ਖਿਲਾਰਿਆ ਹੈ। ਪਾਸਾਰ = {Skt. pRswr:} ਖਿਲਾਰਾ। ਭਾਤਿ = ਕਿਸਮ। ਸਮਾਤਿ = ਲੀਨ ਹੋ ਜਾਂਦੇ ਹਨ। ਅਵਤਾਰ = ਪੈਦਾ ਕੀਤੇ ਹੋਏ ਜੀਵ।7। ਅਰਥ: (ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ; ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ; ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ; (ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ, (ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ; ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ।7। ਕਈ ਕੋਟਿ ਪਾਰਬ੍ਰਹਮ ਕੇ ਦਾਸ ॥ ਤਿਨ ਹੋਵਤ ਆਤਮ ਪਰਗਾਸ ॥ ਕਈ ਕੋਟਿ ਤਤ ਕੇ ਬੇਤੇ ॥ ਸਦਾ ਨਿਹਾਰਹਿ ਏਕੋ ਨੇਤ੍ਰੇ ॥ ਕਈ ਕੋਟਿ ਨਾਮ ਰਸੁ ਪੀਵਹਿ ॥ ਅਮਰ ਭਏ ਸਦ ਸਦ ਹੀ ਜੀਵਹਿ ॥ ਕਈ ਕੋਟਿ ਨਾਮ ਗੁਨ ਗਾਵਹਿ ॥ ਆਤਮ ਰਸਿ ਸੁਖਿ ਸਹਜਿ ਸਮਾਵਹਿ ॥ ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥ {ਪੰਨਾ 276} ਪਦ ਅਰਥ: ਪਰਗਾਸ = ਚਾਨਣ। ਤਤ = ਅਸਲੀਅਤ। ਬੇਤੇ = ਜਾਣਨ ਵਾਲੇ, ਮਹਰਮ। ਨਿਹਾਰਹਿ = ਵੇਖਦੇ ਹਨ। ਨੇਤ੍ਰੇ = ਅੱਖਾਂ ਨਾਲ। ਅਮਰ = ਜਨਮ ਮਰਨ ਤੋਂ ਰਹਿਤ। ਸਦ = ਸਦਾ। ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ। ਸਮਾਵਹਿ = ਟਿਕੇ ਰਹਿੰਦੇ ਹਨ। ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ। ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ 'ਓਇ' ਬਹੁ-ਵਚਨ ਹੈ}। ਅਰਥ: (ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ, ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ; ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ; ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ, ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ। ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ, ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ। ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ, (ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ।8।10। ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ {ਪੰਨਾ 276} ਪਦ ਅਰਥ: ਕਰਣ = {Skt. krx} ਰਚਨਾ। ਜਲਿ = ਜਲ ਵਿਚ। ਮਹੀਅਲਿ = {Skt. mhIql, The surface of the earth} ਧਰਤੀ ਦੇ ਤਲ ਉਤੇ। ਮਹੀ = ਧਰਤੀ। ਅਰਥ: (ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ। ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ) , ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ।1। |
![]() |
![]() |
![]() |
![]() |
Sri Guru Granth Darpan, by Professor Sahib Singh |