ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 277 ਅਸਟਪਦੀ ॥ ਕਰਨ ਕਰਾਵਨ ਕਰਨੈ ਜੋਗੁ ॥ ਜੋ ਤਿਸੁ ਭਾਵੈ ਸੋਈ ਹੋਗੁ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਅੰਤੁ ਨਹੀ ਕਿਛੁ ਪਾਰਾਵਾਰਾ ॥ ਹੁਕਮੇ ਧਾਰਿ ਅਧਰ ਰਹਾਵੈ ॥ ਹੁਕਮੇ ਉਪਜੈ ਹੁਕਮਿ ਸਮਾਵੈ ॥ ਹੁਕਮੇ ਊਚ ਨੀਚ ਬਿਉਹਾਰ ॥ ਹੁਕਮੇ ਅਨਿਕ ਰੰਗ ਪਰਕਾਰ ॥ ਕਰਿ ਕਰਿ ਦੇਖੈ ਅਪਨੀ ਵਡਿਆਈ ॥ ਨਾਨਕ ਸਭ ਮਹਿ ਰਹਿਆ ਸਮਾਈ ॥੧॥ {ਪੰਨਾ 277} ਪਦ ਅਰਥ: ਜੋਗੁ = ਸਮਰੱਥ, ਤਾਕਤ ਵਾਲਾ। ਹੋਗੁ = ਹੋਵੇਗਾ। ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਵਾਲਾ। ਪਾਰਾਵਾਰਾ = ਪਾਰ ਤੇ ਅਵਾਰ, ਪਾਰਲਾ ਤੇ ਉਰਲਾ ਬੰਨਾ। ਧਾਰਿ = ਟਿਕਾ ਕੇ। ਅਧਰ = ਅ-ਧਰ, ਬਿਨਾ ਆਸਰੇ। ਰਹਾਵੈ = ਰਖਾਵੈ, ਰੱਖਦਾ ਹੈ। ਉਪਜੈ = ਪੈਦਾ ਹੁੰਦਾ ਹੈ। ਪਰਕਾਰ = ਕਿਸਮ। ਅਰਥ: ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ, ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ, (ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ। (ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ, (ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ। ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ, ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ। ਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ। ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ।1। ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥ ਪ੍ਰਭ ਭਾਵੈ ਤਾ ਪਾਥਰ ਤਰਾਵੈ ॥ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥ ਪ੍ਰਭ ਭਾਵੈ ਤਾ ਪਤਿਤ ਉਧਾਰੈ ॥ ਆਪਿ ਕਰੈ ਆਪਨ ਬੀਚਾਰੈ ॥ ਦੁਹਾ ਸਿਰਿਆ ਕਾ ਆਪਿ ਸੁਆਮੀ ॥ ਖੇਲੈ ਬਿਗਸੈ ਅੰਤਰਜਾਮੀ ॥ ਜੋ ਭਾਵੈ ਸੋ ਕਾਰ ਕਰਾਵੈ ॥ ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥ {ਪੰਨਾ 277} ਪਦ ਅਰਥ: ਪ੍ਰਭ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਗਤਿ = ਉੱਚੀ ਆਤਮਕ ਅਵਸਥਾ। ਪਤਿਤ = (ਧਰਮ ਤੋਂ) ਡਿੱਗੇ ਹੋਏ। ਆਪਨ ਬੀਚਾਰੈ = ਆਪਣੇ ਵਿਚਾਰ ਅਨੁਸਾਰ। ਦੁਹਾ ਸਿਰਿਆ ਕਾ = ਲੋਕ ਪਰਲੋਕ ਦਾ। ਖੇਲੈ = ਖੇਲ ਖੇਲਦਾ ਹੈ, ਜਗਤ ਰਚਨਾ ਦੀ ਖੇਡ ਖੇਡਦਾ ਹੈ। ਬਿਗਸੈ = (ਇਹ ਖੇਡ ਵੇਖ ਕੇ) ਖੁਸ਼ ਹੁੰਦਾ ਹੈ। ਅੰਤਰਜਾਮੀ = (ਜੀਵਾਂ ਦੇ) ਅੰਦਰ ਦੀ ਜਾਣਨ ਵਾਲਾ। ਦ੍ਰਿਸਟੀ = ਨਜ਼ਰ ਵਿਚ। ਅਵਰੁ = (ਕੋਈ) ਹੋਰ। ਅਰਥ: ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ ਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ। ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ, ਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ। ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ; ਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ। ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ, ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ। ਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ।2। ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ ਜੋ ਤਿਸੁ ਭਾਵੈ ਸੋਈ ਕਰੇਇ ॥ ਅਨਜਾਨਤ ਬਿਖਿਆ ਮਹਿ ਰਚੈ ॥ ਜੇ ਜਾਨਤ ਆਪਨ ਆਪ ਬਚੈ ॥ ਭਰਮੇ ਭੂਲਾ ਦਹ ਦਿਸਿ ਧਾਵੈ ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥ ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥ ਨਾਨਕ ਤੇ ਜਨ ਨਾਮਿ ਮਿਲੇਇ ॥੩॥ {ਪੰਨਾ 277} ਪਦ ਅਰਥ: ਕਹੁ = ਦੱਸੋ। ਹਾਥਿ = ਹੱਥ ਵਿਚ, ਵੱਸ ਵਿਚ। ਅਨਜਾਨਤ = ਨਾਹ ਜਾਣਦਾ ਹੋਇਆ, ਮੂਰਖ ਹੋਣ ਕਰਕੇ। ਬਿਖਿਆ = ਮਾਇਆ। ਜਾਨਤ = ਸਮਝ ਵਾਲਾ ਹੋਵੇ। ਦਹ = ਦਸ। ਦਿਸਿ = ਪਾਸੇ, ਤਰਫ਼ਾਂ। ਦਹਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ। ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ। ਕੁੰਟ = ਕੂਟ {Skt. kUt = end, corner} ਨੁੱਕਰਾਂ। ਨਾਮਿ = ਨਾਮ ਵਿਚ। ਮਿਲੇਇ = ਜੁੜ ਗਏ ਹਨ, ਲੀਨ ਹੋ ਗਏ ਹਨ। ਅਰਥ: ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ? ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ। ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ, (ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ। ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ, ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ; (ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ, ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ। (ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ, ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ।3। ਖਿਨ ਮਹਿ ਨੀਚ ਕੀਟ ਕਉ ਰਾਜ ॥ ਪਾਰਬ੍ਰਹਮ ਗਰੀਬ ਨਿਵਾਜ ॥ ਜਾ ਕਾ ਦ੍ਰਿਸਟਿ ਕਛੂ ਨ ਆਵੈ ॥ ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥ ਜਾ ਕਉ ਅਪੁਨੀ ਕਰੈ ਬਖਸੀਸ ॥ ਤਾ ਕਾ ਲੇਖਾ ਨ ਗਨੈ ਜਗਦੀਸ ॥ ਜੀਉ ਪਿੰਡੁ ਸਭ ਤਿਸ ਕੀ ਰਾਸਿ ॥ ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥ ਅਪਨੀ ਬਣਤ ਆਪਿ ਬਨਾਈ ॥ ਨਾਨਕ ਜੀਵੈ ਦੇਖਿ ਬਡਾਈ ॥੪॥ {ਪੰਨਾ 277} ਪਦ ਅਰਥ: ਕੀਟ = ਕੀੜਾ। ਨਿਵਾਜ = ਮੇਹਰ ਕਰਨ ਵਾਲਾ। ਜਾ ਕਾ ਕਛੂ = ਜਿਸ ਦਾ ਕੋਈ ਗੁਣ। ਦ੍ਰਿਸਟਿ ਨ ਆਵੈ = ਨਹੀਂ ਦਿੱਸਦਾ। ਤਤਕਾਲ = ਤੁਰਤ। ਬਖਸੀਸ = ਬਖ਼ਸ਼ਸ਼, ਦਇਆ। ਜਗਦੀਸ = ਜਗਤ-ਈਸ, ਜਗਤ ਦਾ ਮਾਲਕ। ਰਾਸਿ = ਪੂੰਜੀ। ਤਿਸ ਕੀ = ਉਸ ਪ੍ਰਭੂ ਦੀ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਪੂਰਨ = ਵਿਆਪਕ। ਪ੍ਰਗਾਸ = ਜਲਵਾ। ਬਣਤ = ਬਨਾਵਟ, ਆਕਾਰ, ਜਗਤ-ਰੂਪ ਘਾੜਤ। ਜੀਵੈ = ਜੀਊਂ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ। ਅਰਥ: ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ, ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ। ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ, ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ। ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ; ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ। ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ, ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ। ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ। ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ।4। ਇਸ ਕਾ ਬਲੁ ਨਾਹੀ ਇਸੁ ਹਾਥ ॥ ਕਰਨ ਕਰਾਵਨ ਸਰਬ ਕੋ ਨਾਥ ॥ ਆਗਿਆਕਾਰੀ ਬਪੁਰਾ ਜੀਉ ॥ ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥ ਕਬਹੂ ਊਚ ਨੀਚ ਮਹਿ ਬਸੈ ॥ ਕਬਹੂ ਸੋਗ ਹਰਖ ਰੰਗਿ ਹਸੈ ॥ ਕਬਹੂ ਨਿੰਦ ਚਿੰਦ ਬਿਉਹਾਰ ॥ ਕਬਹੂ ਊਭ ਅਕਾਸ ਪਇਆਲ ॥ ਕਬਹੂ ਬੇਤਾ ਬ੍ਰਹਮ ਬੀਚਾਰ ॥ ਨਾਨਕ ਆਪਿ ਮਿਲਾਵਣਹਾਰ ॥੫॥ {ਪੰਨਾ 277} ਪਦ ਅਰਥ: ਸਰਬ ਕੋ ਨਾਥ = ਸਾਰੇ ਜੀਵਾਂ ਦਾ ਮਾਲਕ। ਬਪੁਰਾ = ਵਿਚਾਰਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ। ਜੀਉ = ਜੀਵ। ਥੀਉ = ਹੁੰਦਾ ਹੈ, ਵਰਤਦਾ ਹੈ। ਕਬਹੂ = ਕਦੇ। ਸੋਗ = ਚਿੰਤਾ। ਹਰਖ = ਖ਼ੁਸ਼ੀ। ਨਿੰਦ ਚਿੰਦ = ਨਿੰਦਿਆ ਦੀ ਵਿਚਾਰ। ਬਿਉਹਾਰ = ਵਿਹਾਰ, ਵਤੀਰਾ। ਊਭ = ਉੱਚਾ। ਪਇਆਲ = ਪਤਾਲ। ਬੇਤਾ = ਜਾਣਨ ਵਾਲਾ, ਮਹਰਮ। ਬ੍ਰਹਮ ਬੀਚਾਰ = ਰੱਬੀ ਵਿਚਾਰ। ਅਰਥ: ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ, ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ (ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ। (ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ, ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ; ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ, ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ) ; ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ। ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ।5। ਕਬਹੂ ਨਿਰਤਿ ਕਰੈ ਬਹੁ ਭਾਤਿ ॥ ਕਬਹੂ ਸੋਇ ਰਹੈ ਦਿਨੁ ਰਾਤਿ ॥ ਕਬਹੂ ਮਹਾ ਕ੍ਰੋਧ ਬਿਕਰਾਲ ॥ ਕਬਹੂੰ ਸਰਬ ਕੀ ਹੋਤ ਰਵਾਲ ॥ ਕਬਹੂ ਹੋਇ ਬਹੈ ਬਡ ਰਾਜਾ ॥ ਕਬਹੁ ਭੇਖਾਰੀ ਨੀਚ ਕਾ ਸਾਜਾ ॥ ਕਬਹੂ ਅਪਕੀਰਤਿ ਮਹਿ ਆਵੈ ॥ ਕਬਹੂ ਭਲਾ ਭਲਾ ਕਹਾਵੈ ॥ ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥ ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥ {ਪੰਨਾ 277} ਪਦ ਅਰਥ: ਨਿਰਤਿ = ਨਾਚ। ਭਾਤਿ = ਕਿਸਮ। ਸੋਇ ਰਹੈ– ਸੁੱਤਾ ਰਹਿੰਦਾ ਹੈ। ਬਿਕਰਾਲ = ਭਿਆਨਕ। ਰਵਾਲ = ਚਰਨਾਂ ਦੀ ਧੂੜ। ਬਡ = ਵੱਡਾ। ਭੇਖਾਰੀ = ਮੰਗਤਾ। ਸਾਜਾ = ਸਾਂਗ। ਅਪਕੀਰਤਿ = ਅਪ-ਕੀਰਤਿ, ਮੰਦੀ ਸੋਭਾ, ਬਦਨਾਮੀ। ਸਚੁ ਕਹੈ– ਅਕਾਲ ਪੁਰਖ ਨੂੰ ਸਿਮਰਦਾ ਹੈ। ਤਿਵ ਹੀ = ਉਸੇ ਤਰ੍ਹਾਂ। ਅਰਥ: (ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ, ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ। ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ) , ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ) ; ਕਦੇ ਵੱਡਾ ਰਾਜਾ ਬਣ ਬੈਠਦਾ ਹੈ, ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ) ; ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ, ਕਦੇ ਚੰਗਾ ਅਖਵਾ ਰਿਹਾ ਹੈ; ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ। ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ।6। ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥ ਕਬਹੂ ਮੋਨਿਧਾਰੀ ਲਾਵੈ ਧਿਆਨੁ ॥ ਕਬਹੂ ਤਟ ਤੀਰਥ ਇਸਨਾਨ ॥ ਕਬਹੂ ਸਿਧ ਸਾਧਿਕ ਮੁਖਿ ਗਿਆਨ ॥ ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ ਅਨਿਕ ਜੋਨਿ ਭਰਮੈ ਭਰਮੀਆ ॥ ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥ ਜੋ ਤਿਸੁ ਭਾਵੈ ਸੋਈ ਹੋਇ ॥ ਨਾਨਕ ਦੂਜਾ ਅਵਰੁ ਨ ਕੋਇ ॥੭॥ {ਪੰਨਾ 277-278} ਪਦ ਅਰਥ: ਬਖ੍ਯ੍ਯਾਨੁ = ਵਖਿਆਨ, ਉਪਦੇਸ਼। ਮੋਨਧਾਰੀ = ਚੁੱਪ ਰਹਿਣ ਵਾਲਾ, ਕਦੇ ਨ ਬੋਲਣ ਵਾਲਾ। ਤਟ = ਨਦੀ ਦਾ ਕਿਨਾਰਾ। ਸਿਧ = ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਖਿ = ਮੂੰਹ ਤੋਂ। ਕੀਟ = ਕੀੜਾ। ਹਸਤਿ = ਹਾਥੀ। ਪਤੰਗ = ਭੰਬਟ। ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ। ਨਾਨਾ = ਕਈ ਤਰ੍ਹਾਂ ਦੇ। ਪ੍ਰਭ ਭਾਵੈ = ਪ੍ਰਭੂ ਨੂੰ ਭਾਉਂਦਾ। ਅਰਥ: (ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ, ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ; ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ, ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ; ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ; ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ, ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ। ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ। ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।7। |
![]() |
![]() |
![]() |
![]() |
Sri Guru Granth Darpan, by Professor Sahib Singh |