ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 275

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥ ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥ ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥ ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥ ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥੬॥ {ਪੰਨਾ 275}

ਪਦ ਅਰਥ: ਸਤਿ = {sÄX = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ। ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ। ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂ। ਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ। ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ। ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ। ਆਤਮ ਉਦਾਸੁ = ਅੰਦਰੋਂ ਨਿਰਮੋਹ।

ਅਰਥ: ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;

ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ, ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।

ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ, ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।

ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ, ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।

ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ; ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ।6।

ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥ ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥ ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ {ਪੰਨਾ 275}

ਪਦ ਅਰਥ: ਆਗਿਆ = ਹੁਕਮ, ਰਜ਼ਾ। ਆਤਮ = ਆਪਣੇ ਅੰਦਰ। ਹਿਤਾਵੈ = ਹਿਤ ਵਾਲੀ ਜਾਣੇ, ਮਿੱਠੀ ਕਰ ਕੇ ਮੰਨੇ। ਜੀਵਨ ਮੁਕਤਿ = (ਉਹ ਮਨੁੱਖ ਜਿਸ ਨੂੰ) ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਮਿਲ ਗਈ ਹੈ। ਹਰਖੁ = ਖ਼ੁਸ਼ੀ। ਸੋਗੁ = ਗਮੀ। ਬਿਓਗੁ = ਵਿਛੋੜਾ। ਸੁਵਰਨੁ = ਸੋਨਾ। ਬਿਖੁ = ਵਿਹੁ, ਜ਼ਹਰ। ਖਾਟੀ = ਕੌੜੀ, ਹਾਨੀਕਾਰਕ (Skt. ktu) । ਮਾਨੁ = ਆਦਰ। ਰੰਕੁ = ਕੰਗਾਲ। ਜੁਗਤਿ = ਰਾਹ, ਰਸਤਾ, ਤਰੀਕਾ।

ਅਰਥ: ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;

ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।

ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ) , ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ। (ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ, ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।

ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ; ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ।7।

ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ ॥ ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ {ਪੰਨਾ 275}

ਪਦ ਅਰਥ: ਸਗਲੇ = ਸਾਰੇ। ਠਾਉ = ਥਾਂ। ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ ਘਰ ਵਿਚ। ਤਿਨ = ਉਹਨਾਂ ਦਾ। ਜੋਗੁ = ਸਮਰੱਥ, ਤਾਕਤ ਵਾਲਾ। ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ। ਫੁਨਿ = ਫੇਰ, ਮੁੜ। ਹੋਗੁ = ਹੋਵੇਗਾ। ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ। ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ। ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ = ਤਮਾਸ਼ੇ, ਖੇਲ। ਪਰਗਾਸ = ਚਾਨਣ, ਜ਼ਹੂਰ। ਅਬਿਨਾਸ = ਨਾਸ-ਰਹਿਤ। ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ। {Skt. inhwirn` = 1. Diffusive, spreading wide (as fragrance) , 2. Fragrant} ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ) ।

ਅਰਥ: ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ, ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ) ।

ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।

(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ, ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।

ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ; ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।

ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ, ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ।8।9।

ਸਲੋਕੁ ॥ ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥ {ਪੰਨਾ 275}

ਪਦ ਅਰਥ: ਉਸਤਤਿ = ਵਡਿਆਈ। ਕਰਹਿ = ਕਰਦੇ ਹਨ। ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ) । ਪ੍ਰਭਿ = ਪ੍ਰਭੂ ਨੇ। ਰਚਨਾ = ਸ੍ਰਿਸ਼ਟੀ; ਜਗਤ ਦੀ ਬਣਤਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਪ੍ਰਕਾਰ = ਕਿਸਮ। ਬਿਧਿ = ਤਰੀਕਾ।

ਅਰਥ: ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।1।

ਅਸਟਪਦੀ ॥ ਕਈ ਕੋਟਿ ਹੋਏ ਪੂਜਾਰੀ ॥ ਕਈ ਕੋਟਿ ਆਚਾਰ ਬਿਉਹਾਰੀ ॥ ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥ ਕਈ ਕੋਟਿ ਬੇਦ ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ ॥ ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ ॥ ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥ {ਪੰਨਾ 275}

ਪਦ ਅਰਥ: ਕੋਟਿ = ਕਰੋੜ। ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ। ਵਾਸੀ = ਵੱਸਣ ਵਾਲੇ। ਬਨ = ਜੰਗਲਾਂ ਵਿਚ। ਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇ। ਸ੍ਰੋਤੇ = ਸੁਣਨ ਵਾਲੇ। ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ। ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤਿ ਜੋੜਦੇ ਹਨ। ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ। ਨਵਤਨ = ਨਵਾਂ।

ਅਰਥ: (ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ, ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;

ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;

ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;

ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤਿ ਜੋੜ ਰਹੇ ਹਨ ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;

ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ, (ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ।1।

ਕਈ ਕੋਟਿ ਭਏ ਅਭਿਮਾਨੀ ॥ ਕਈ ਕੋਟਿ ਅੰਧ ਅਗਿਆਨੀ ॥ ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥ ਕਈ ਕੋਟਿ ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥ ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ ਪਰਦੇਸ ਭ੍ਰਮਾਹਿ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥ {ਪੰਨਾ 275}

ਪਦ ਅਰਥ: ਅਭਿਮਾਨੀ = ਅਹੰਕਾਰੀ। ਅੰਧ = ਅੰਨ੍ਹੇ। ਅਗਿਆਨੀ = ਜਾਹਿਲ, ਮੂੜ੍ਹ। ਅੰਧ ਅਗਿਆਨੀ = ਮਹਾ ਮੂਰਖ। ਕਿਰਪਨ = ਕੰਜੂਸ। ਕਠੋਰ = ਸਖ਼ਤ-ਦਿਲ। ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ। ਨਿਕੋਰ = ਨਿਰੇ ਕੋਰੇ, ਬੜੇ ਰੁੱਖੇ। ਦਰਬ = ਧਨ। ਪਰ = ਪਰਾਇਆ, ਬਿਗਾਨਾ। ਹਿਰਹਿ = ਚੁਰਾਉਂਦੇ ਹਨ। ਦੂਖਨਾ = ਨਿੰਦਿਆ। ਸ੍ਰਮ = ਮੇਹਨਤ। ਮਾਇਆ = ਧਨ-ਪਦਾਰਥ। ਭ੍ਰਮਾਹਿ = ਭ੍ਰਮਹਿ, ਫਿਰਦੇ ਹਨ। ਜਿਤੁ = ਜਿਸ (ਕੰਮ ਵਿਚ) । ਤਿਤੁ = ਉਸ (ਆਹਰ) ਵਿਚ।

ਅਰਥ: (ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;

ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ, ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;

ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ, ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;

ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ, ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;

(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ। ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ।2।

ਕਈ ਕੋਟਿ ਸਿਧ ਜਤੀ ਜੋਗੀ ॥ ਕਈ ਕੋਟਿ ਰਾਜੇ ਰਸ ਭੋਗੀ ॥ ਕਈ ਕੋਟਿ ਪੰਖੀ ਸਰਪ ਉਪਾਏ ॥ ਕਈ ਕੋਟਿ ਪਾਥਰ ਬਿਰਖ ਨਿਪਜਾਏ ॥ ਕਈ ਕੋਟਿ ਪਵਣ ਪਾਣੀ ਬੈਸੰਤਰ ॥ ਕਈ ਕੋਟਿ ਦੇਸ ਭੂ ਮੰਡਲ ॥ ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ {ਪੰਨਾ 275-276}

ਪਦ ਅਰਥ: ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ। ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ। ਉਪਾਏ = ਪੈਦਾ ਕੀਤੇ। ਬਿਰਖ = ਰੁੱਖ। ਨਿਪਜਾਏ = ਉਗਾਏ। ਬੈਸੰਤਰ = ਅੱਗ। ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ। ਸਸੀਅਰ = (Skt. _i_Dr) ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ। ਦਾਨਵ = ਦੈਂਤ, ਰਾਖਸ਼। ਸਿਰਿ = ਸਿਰ ਉਤੇ। ਸਮਗ੍ਰੀ = ਪਦਾਰਥ। ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ।

ਅਰਥ: (ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ, ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ, ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ, ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ; ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ, ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;

(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ। ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ।3।

TOP OF PAGE

Sri Guru Granth Darpan, by Professor Sahib Singh