ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 274 ਸਲੋਕੁ ॥ ਉਰਿ ਧਾਰੈ ਜੋ ਅੰਤਰਿ ਨਾਮੁ ॥ ਸਰਬ ਮੈ ਪੇਖੈ ਭਗਵਾਨੁ ॥ ਨਿਮਖ ਨਿਮਖ ਠਾਕੁਰ ਨਮਸਕਾਰੈ ॥ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥ {ਪੰਨਾ 274} ਪਦ ਅਰਥ: ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ। ਮੈ = (Skt. mX) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ। ਨਿਮਖ = ਅੱਖ ਦਾ ਫਰਕਣਾ। ਅਪਰਸੁ = ਅਛੋਹ, (Skt. AÔp_L) ਜੋ ਕਿਸੇ ਨਾਲ ਨਾਹ ਛੋਹੇ। ਅਰਥ: ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ, ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ, ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ; ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ।1। ਨੋਟ: ਹਿੰਦੂ ਮਤ ਵਿਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜਿਹੇ ਭਰਮ ਵਿਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਨਾਲ ਛੋਂਹਦੇ ਭੀ ਨਹੀਂ, ਪਰ ਗੁਰਮਤਿ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਪ੍ਰੋ ਰੱਖਦਾ ਹੈ। ਅਸਟਪਦੀ ॥ ਮਿਥਿਆ ਨਾਹੀ ਰਸਨਾ ਪਰਸ ॥ ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥ ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥ ਕਰਨ ਨ ਸੁਨੈ ਕਾਹੂ ਕੀ ਨਿੰਦਾ ॥ ਸਭ ਤੇ ਜਾਨੈ ਆਪਸ ਕਉ ਮੰਦਾ ॥ ਗੁਰ ਪ੍ਰਸਾਦਿ ਬਿਖਿਆ ਪਰਹਰੈ ॥ ਮਨ ਕੀ ਬਾਸਨਾ ਮਨ ਤੇ ਟਰੈ ॥ ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥ {ਪੰਨਾ 274} ਪਦ ਅਰਥ: ਮਿਥਿਆ = ਝੂਠ। ਪਰਸ = ਛੋਹ। ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼) -ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ। ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ। ਹੇਤ = ਪਿਆਰ। ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ। ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ। ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ। ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ। ਅਰਥ: ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ, ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ; ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ, ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ) ; ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ, (ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ; ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ, ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ; ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ।1। ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ ਬਿਸਨ ਕੀ ਮਾਇਆ ਤੇ ਹੋਇ ਭਿੰਨ ॥ ਕਰਮ ਕਰਤ ਹੋਵੈ ਨਿਹਕਰਮ ॥ ਤਿਸੁ ਬੈਸਨੋ ਕਾ ਨਿਰਮਲ ਧਰਮ ॥ ਕਾਹੂ ਫਲ ਕੀ ਇਛਾ ਨਹੀ ਬਾਛੈ ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥ ਮਨ ਤਨ ਅੰਤਰਿ ਸਿਮਰਨ ਗੋਪਾਲ ॥ ਸਭ ਊਪਰਿ ਹੋਵਤ ਕਿਰਪਾਲ ॥ ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥ {ਪੰਨਾ 274} ਪਦ ਅਰਥ: ਬੈਸਨੋ = (Skt. vYÕxv) ਵਿਸ਼ਨੂ ਦਾ ਪੁਜਾਰੀ। ਬਿਸਨ = {Skt. ivÕxu The second deity of the Sacred Hindu Triad, entrusted with the preservation of the world, which duty he is represented to have duly discharged by his various incarnations; The word is thus popularly derived: XÔmwiÓvimdz svLz qÔX _#ÄX: mhwÄmnw ] ਜਗਤ-ਪਾਲਕ। ਨਿਹਕਰਮ = ਕਰਮ-ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ। ਬਾਛੈ = ਚਾਹੁੰਦਾ ਹੈ। ਦ੍ਰਿੜੈ = ਪੱਕਾ ਕਰਦਾ ਹੈ, ਚੰਗੀ ਤਰ੍ਹਾਂ ਮਨ ਵਿਚ ਟਿਕਾਉਂਦਾ ਹੈ। ਅਰਥ: ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ, ਤੇ, ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ। ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ। ਜੋ ਮਨੁੱਖ ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ, ਤੇ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ; ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ, ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ, ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ।2। ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274} ਪਦ ਅਰਥ: ਭਗਉਤੀ = (Skt. Bgvq`) ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ। ਕਰਿ ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ। ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ। ਅਰਥ: ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ; ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ, ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ। ਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ, ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ। ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ; ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ। ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ।3। ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥ ਹਰਿ ਕੀ ਕਥਾ ਹਿਰਦੈ ਬਸਾਵੈ ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥ ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥ {ਪੰਨਾ 274} ਪਦ ਅਰਥ: ਪਰਬੋਧੈ = ਜਗਾਉਂਦਾ ਹੈ। ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ। ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ। ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ। ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ 18 ਧਰਮ ਪੁਸਤਕ। ਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = (Skt. ÔQul) ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ। ਅਦੇਸੁ = ਨਮਸਕਾਰ, ਪ੍ਰਣਾਮ। ਅਰਥ: (ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ। ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ, ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ। ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ, ਜੋ ਅਕਾਲ ਪੁਰਖ (ਦੀ ਸਿਫ਼ਤਿ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ। ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ; ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ, ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ।4। ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥ ਜੋ ਜੋ ਜਪੈ ਤਿਸ ਕੀ ਗਤਿ ਹੋਇ ॥ ਸਾਧਸੰਗਿ ਪਾਵੈ ਜਨੁ ਕੋਇ ॥ ਕਰਿ ਕਿਰਪਾ ਅੰਤਰਿ ਉਰ ਧਾਰੈ ॥ ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥ ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥ ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥ {ਪੰਨਾ 274} ਪਦ ਅਰਥ: ਬੀਜ ਮੰਤ੍ਰੁ = (ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ। ਕੋ = ਦਾ। ਅੰਤਰਿ ਉਰ = ਉਰ ਅੰਤਰਿ, ਹਿਰਦੇ ਵਿਚ। ਮੁਘਦ = ਮੁਗਧ, ਮੂਰਖ। ਪ੍ਰੇਤ = {Skt. pRyq = 1. The departed spirit, the spirit before obsequial rites are performed, 2. A ghost, evil spirit.} ਚੰਦਰੀ ਰੂਹ। ਅਉਖਦੁ = ਦਵਾਈ। ਕਲਿਆਣ = ਸੁਖ। ਮੰਗਲ = ਚੰਗੇ ਭਾਗ। ਗਾਮ = ਗਾਉਣੇ। ਕਾਹੂ ਧਰਮਿ = ਕਿਸੇ ਭੀ ਧਰਮ ਦੁਆਰਾ, ਕਿਸੇ ਭੀ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ। ਧੁਰਿ = ਧੁਰੋਂ, ਰੱਬ ਵਲੋਂ। ਕਰਮਿ = ਮੇਹਰ ਅਨੁਸਾਰ। ਅਰਥ: (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ) , ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ। ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ, (ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ। ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ (ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ। ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ। (ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ; ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ।5। |
![]() |
![]() |
![]() |
![]() |
Sri Guru Granth Darpan, by Professor Sahib Singh |