ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 273

ਬ੍ਰਹਮ ਗਿਆਨੀ ਏਕ ਊਪਰਿ ਆਸ ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ {ਪੰਨਾ 273}

ਪਦ ਅਰਥ: ਆਸ = ਟੇਕ, ਆਸਰਾ। ਬਿਨਾਸ = ਨਾਸ, ਅਭਾਵ। ਬ੍ਰਹਮਗਿਆਨੀ ਕੈ = ਬ੍ਰਹਮਗਿਆਨੀ ਦੇ ਮਨ ਵਿਚ। ਸਮਾਹਾ = ਸਮਾਈ ਹੋਈ ਹੈ, ਟਿਕੀ ਹੋਈ ਹੈ। ਉਮਾਹਾ = ਉਤਸ਼ਾਹ, ਚਾਉ। ਲੇ = ਲੈ ਕੇ, ਕਾਬੂ ਕਰ ਕੇ। ਬੰਧਾ = ਰੋਕ ਰੱਖਦਾ ਹੈ, ਬੰਨ੍ਹ ਰੱਖਦਾ ਹੈ। ਸੁਫਲ = ਚੰਗੇ ਫਲ ਵਾਲਾ ਹੋ ਕੇ, ਚੰਗੀ ਮੁਰਾਦ ਨਾਲ। ਫਲਾ = ਫਲਦਾ ਹੈ, ਕਾਮਯਾਬ ਹੁੰਦਾ ਹੈ। ਬ੍ਰਹਮਗਿਆਨੀ ਜਪੈ = ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ।

ਅਰਥ: ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ; ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।

ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ, ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।

ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ, (ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।

ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ, (ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।

ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ, (ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ।4।

ਬ੍ਰਹਮ ਗਿਆਨੀ ਕੈ ਏਕੈ ਰੰਗ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥ {ਪੰਨਾ 273}

ਪਦ ਅਰਥ: ਏਕੈ = ਇਕ ਪ੍ਰਭੂ ਦਾ। ਰੰਗ = ਪਿਆਰ। ਸੰਗ = ਸੰਗਿ, ਨਾਲ। ਅਧਾਰੁ = ਆਸਰਾ। ਸਦ = ਸਦਾ। ਅਹੰਬੁਧਿ = 'ਮੈਂ ਮੈਂ' (ਆਖਣ) ਵਾਲੀ ਬੁਧਿ, ਅਹੰਕਾਰ ਵਾਲੀ ਮੱਤਿ। ਤਿਆਗਤ = ਛੱਡ ਦੇਂਦਾ ਹੈ। ਮਨਿ = ਮਨ ਵਿਚ। ਪਰਮਾਨੰਦ = ਪਰਮ ਅਨੰਦ ਵਾਲਾ ਪ੍ਰਭੂ, ਉੱਚੇ ਸੁਖ ਦਾ ਮਾਲਕ ਅਕਾਲ ਪੁਰਖ। ਸਹਜ = ਅਡੋਲਤਾ ਦੀ ਹਾਲਤ। ਬਿਨਾਸ = ਨਾਸ, ਅਭਾਵ।

ਅਰਥ: ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ) , (ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ ਅਤੇ ਨਾਮ ਹੀ ਉਸ ਦਾ ਪਰਵਾਰ ਹੈ।

ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ, ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।

ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ, (ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।

ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ; (ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।5।

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥ ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥ ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥ ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ {ਪੰਨਾ 273}

ਪਦ ਅਰਥ: ਬੇਤਾ = {Skt. ivd` to know vyÙw one who knows} ਜਾਣਨ ਵਾਲਾ, ਮਹਿਰਮ, ਵਾਕਿਫ਼। ਏਕ ਸੰਗਿ = ਇਕ ਪ੍ਰਭੂ ਨਾਲ। ਹੇਤਾ = ਪਿਆਰ। ਅਚਿੰਤ = ਅਚਿੰਤਤਾ, ਬੇਫ਼ਿਕਰੀ। ਨਿਰਮਲ = ਮਲ-ਹੀਣ, ਪਵਿਤ੍ਰ ਕਰਨ ਵਾਲਾ। ਮੰਤ = ਮੰਤਰ, ਉਪਦੇਸ਼। ਬਡ = ਵੱਡਾ। ਦਰਸੁ = ਦਰਸਨ। ਪਾਈਐ = ਪਾਈਦਾ ਹੈ। ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ। ਮਹੇਸੁਰ = ਮਹਾ ਈਸੁਰ, ਸ਼ਿਵ ਜੀ (ਆਦਿਕ ਦੇਵਤੇ) । ਪਰਮੇਸੁਰ = ਪਰਮਾਤਮਾ, ਅਕਾਲ ਪੁਰਖ।

ਅਰਥ: ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ, ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।

ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ (ਪਰ ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ।

ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ; ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।

ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ; ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ।6।

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ {ਪੰਨਾ 273}

ਪਦ ਅਰਥ: ਸਗਲ = ਸਾਰੇ। ਮਨ ਮਾਹਿ = ਮਨ ਵਿਚ। ਭੇਦੁ = ਰਾਜ਼, ਮਰਮ। ਅਦੇਸੁ = ਪ੍ਰਣਾਮ, ਨਮਸਕਾਰ। ਅਦਾਖ੍ਯ੍ਯਰ = (ਮਹਿਮਾ ਦਾ) ਅੱਧਾ ਅੱਖਰ (ਭੀ) । ਮਿਤਿ = ਮਾਪ, ਮਰਯਾਦਾ, ਅੰਦਾਜ਼ਾ। ਗਤਿ = ਹਾਲਤ। ਬਖਾਨੈ = ਬਿਆਨ ਕਰੇ।

ਅਰਥ: ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।

ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ? ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।

ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ; ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।

ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ? ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।

ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ; ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ।7।

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ {ਪੰਨਾ 273-274}

ਪਦ ਅਰਥ: ਸ੍ਰਿਸਟਿ = ਦੁਨੀਆ। ਸਦ = ਸਦਾ। ਮੁਕਤਿ ਜੁਗਤਿ = ਮੁਕਤੀ ਦਾ ਰਸਤਾ। ਜੀਅ ਕਾ ਦਾਤਾ = (ਆਤਮਕ) ਜ਼ਿੰਦਗੀ ਦੇਣ ਵਾਲਾ। ਬਿਧਾਤਾ = ਪੈਦਾ ਕਰਨ ਵਾਲਾ। ਪੂਰਨ ਪੁਰਖੁ = ਸਭ ਵਿਚ ਵਿਆਪਕ ਪ੍ਰਭੂ। ਨਾਥੁ = ਖਸਮ। ਸਭ ਊਪਰਿ ਹਾਥੁ = ਸਭ ਦੀ ਸਹਾਇਤਾ ਕਰਦਾ ਹੈ। ਸਗਲ ਅਕਾਰੁ = ਸਾਰਾ ਦਿੱਸਦਾ ਸੰਸਾਰ। ਅਕਾਰੁ = ਸਰੂਪ। ਬਨੀ = ਫਬਦੀ ਹੈ। ਧਨੀ = ਮਾਲਕ।

ਅਰਥ: ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।

ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ।

ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ, ਸਭ ਦੀ ਸਹਾਇਤਾ ਕਰਦਾ ਹੈ।

ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ, ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।

ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ; ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ।8। 8।

TOP OF PAGE

Sri Guru Granth Darpan, by Professor Sahib Singh