ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 272 ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥ ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥ ਜੋ ਇਛੈ ਸੋਈ ਫਲੁ ਪਾਵੈ ॥ ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥੬॥ {ਪੰਨਾ 272} ਪਦ ਅਰਥ: ਘਾਲ = ਮੇਹਨਤ, ਤਪ ਆਦਿਕ ਸਹਾਰਨੇ। ਹੋਤ = ਹੋ ਜਾਈਦਾ ਹੈ। ਨਿਹਾਲ = ਪ੍ਰਸੰਨ। ਕਲੂਖਤ = ਪਾਪ, ਵਿਕਾਰ। ਹਰੈ = ਦੂਰ ਕਰ ਲੈਂਦਾ ਹੈ। ਪਰਹਰੈ = ਪਰੇ ਹਟਾ ਲੈਂਦਾ ਹੈ। ਈਹਾ = ਇਸ ਜਨਮ ਵਿਚ, ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲਾ = ਸੁਖੀ। ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ। ਇਛੈ = ਚਾਹੁੰਦਾ ਹੈ। ਬਿਰਥਾ = ਖ਼ਾਲੀ, ਸੱਖਣਾ। ਰਿਦ = ਹਿਰਦਾ। ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ। ਅਰਥ: ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ, (ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ, (ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ। ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਬੇ-ਮੁਰਾਦ ਹੋ ਕੇ ਨਹੀਂ ਜਾਂਦਾ, (ਸਗੋਂ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ। ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ; ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ।6। ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥ ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥ ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥ ਸਾਧਸੰਗਿ ਭਏ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਕੈ ਸੰਗਿ ਮਿਟੇ ਸਭਿ ਰੋਗ ॥ ਨਾਨਕ ਸਾਧ ਭੇਟੇ ਸੰਜੋਗ ॥੭॥ {ਪੰਨਾ 272} ਪਦ ਅਰਥ: ਸੁਨਉ = ਮੈਂ ਸੁਣਾਂ। ਗਾਉ = ਮੈਂ ਗਾਵਾਂ। ਬਿਸਰੈ = ਭੁੱਲ ਜਾਏ। ਸਰਪਰ = ਜ਼ਰੂਰ। ਘਟਿ ਘਟਿ = ਹਰੇਕ ਸਰੀਰ ਵਿਚ। ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ। ਗਤਿ = ਚੰਗੀ ਹਾਲਤ। ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ। ਅਰਥ: ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ) । ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ, ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ। ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ। ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ। ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ; ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ।7। ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ {ਪੰਨਾ 272} ਪਦ ਅਰਥ: ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ। ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ। ਉਪਮਾ = ਸਮਾਨਤਾ। ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ। ਮੂਚ = ਵੱਡੀ। ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ। ਭੇਦੁ = ਫ਼ਰਕ। ਭਾਈ = ਹੇ ਭਾਈ! ਅਰਥ: ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ, ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ) । ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ) ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ। ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ। ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ ਤੇ ਬਹੁਤ ਵੱਡੀ ਹੈ। ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ (ਕਿਉਂਕਿ) ਹੇ ਨਾਨਕ! (ਆਖ–) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ।8।7। ਸਲੋਕੁ ॥ ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ {ਪੰਨਾ 272} ਪਦ ਅਰਥ: ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ। ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ। ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ। ਅਰਥ: (ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ) , (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ) , (ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ, ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ।1। ਅਸਟਪਦੀ ॥ ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ {ਪੰਨਾ 272} ਪਦ ਅਰਥ: ਨਿਰਲੇਪ = ਬੇਦਾਗ਼। ਅਲੇਪ = (ਚਿੱਕੜ ਤੋਂ) ਸਾਫ਼। ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ। ਸੂਰੁ = ਸੂਰਜ। ਸੋਖ = {Skt. _o = x} ਸੁਕਾਉਣ ਵਾਲਾ। ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ। ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ। ਏਕ = ਇਕ-ਤਾਰ। ਬਸੁਧਾ = ਧਰਤੀ। ਲੇਪ = ਪੋਚੈ, ਲੇਪਣ। ਗੁਨਾਉ = ਗੁਣ। ਪਾਵਕ = ਅੱਗ। ਸਹਜ = ਕੁਦਰਤੀ। ਅਰਥ: ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ) ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ। ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ (ਤਿਵੇਂ) ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ। ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ (ਤਿਵੇਂ) ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ। (ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ, ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ) । ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) (ਤਿਵੇਂ) ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ।1। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥ ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥ {ਪੰਨਾ 272} ਪਦ ਅਰਥ: ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਗਿਆਨ। ਧਰ = ਧਰਤੀ। ਸਤ੍ਰੁ = ਵੈਰੀ। ਜਿਨ = ਜਿਨ੍ਹਾਂ ਨੂੰ। ਕਰੇਇ = ਕਰਦਾ ਹੈ, ਬਣਾਉਂਦਾ ਹੈ। ਅਰਥ: ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼, ਤਿਵੇਂ ਹੀ) ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ। ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ, ਤਿਵੇਂ) ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ) । ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ (ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ) । ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ, (ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ) । ਹੇ ਨਾਨਕ! ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ।2। ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥ ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ ਬ੍ਰਹਮ ਗਿਆਨੀ ਸਦਾ ਸਮਦਰਸੀ ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ {ਪੰਨਾ 272-273} ਪਦ ਅਰਥ: ਰੀਨਾ (ਚਰਨਾਂ ਦੀ) ਧੂੜ। ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ। ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ। ਕਛੁ = ਕੋਈ, ਕੋਈ (ਕੰਮ ਜਾਂ ਗੱਲ) । ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ। ਬਰਸੀ = ਵਰਖਾ ਕਰਨ ਵਾਲੀ। ਮੁਕਤਾ = ਆਜ਼ਾਦ। ਜੁਗਤਾ = ਜੁਗਤੀ, ਤਰੀਕਾ, ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਅਰਥ: ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ; ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ। ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ,) ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ। ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ, ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ। (ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ) , ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। |
![]() |
![]() |
![]() |
![]() |
Sri Guru Granth Darpan, by Professor Sahib Singh |