ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 271

ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥ ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ ਬਿਗਾਸੁ ॥ ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ ਮਤਿ ਊਤਮ ਹੋਇ ॥ ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥ ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਨਾਨਕ ਇਨ ਕੈ ਕਛੂ ਨ ਹਾਥ ॥੮॥੬॥ {ਪੰਨਾ 271}

ਪਦ ਅਰਥ: ਗਾਵਾਏ = ਗਾਵਣ ਵਿਚ ਸਹਾਇਤਾ ਕਰਦਾ ਹੈ, ਗਾਵਣ ਲਈ ਪ੍ਰੇਰਦਾ ਹੈ। ਪ੍ਰਗਾਸੁ = ਚਾਨਣ। ਪ੍ਰਭੂ ਦਇਆ = ਪ੍ਰਭੂ ਦੀ ਦਇਆ। ਕਮਲ ਬਿਗਾਸੁ = ਕਮਲ ਦਾ ਬਿਗਾਸ, ਹਿਰਦੇ ਰੂਪੀ ਕਉਲ ਫੁੱਲ ਦਾ ਖਿੜਾਉ। ਪ੍ਰਸੰਨ = ਖ਼ੁਸ਼। ਸੋਇ = ਉਹ (ਪ੍ਰਭੂ) । ਨਿਧਾਨ = ਖ਼ਜ਼ਾਨੇ। ਮਇਆ = {Skt. mXs` n. pleasure, delight, satisfaction} ਖ਼ੁਸ਼ੀ, ਪ੍ਰਸੰਨਤਾ। ਆਪਹੁ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ। ਕਿਨਹੂ = ਕਿਸੇ ਨੇ ਭੀ। ਹਰਿ ਨਾਥ = ਹੇ ਹਰੀ! ਹੇ ਨਾਥ! ਇਨ ਕੈ ਹਾਥ = ਇਹਨਾਂ ਜੀਵਾਂ ਦੇ ਹੱਥਾਂ ਵਿਚ, ਇਹਨਾਂ ਜੀਵਾਂ ਦੇ ਵੱਸ ਵਿਚ।

ਅਰਥ: ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ, ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।

ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ; ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ।

ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤੱ੍ਰੁਠਦਾ ਹੈ, ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ।

ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ, ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ) ।

ਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ। ਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ।8।6।

ਸਲੋਕੁ ॥ ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਜੋ ਜੋ ਕਹੈ ਸੁ ਮੁਕਤਾ ਹੋਇ ॥ ਸੁਨਿ ਮੀਤਾ ਨਾਨਕੁ ਬਿਨਵੰਤਾ ॥ ਸਾਧ ਜਨਾ ਕੀ ਅਚਰਜ ਕਥਾ ॥੧॥ {ਪੰਨਾ 271}

ਪਦ ਅਰਥ: ਅਗਮ = ਜਿਸ ਤਕ ਪਹੁੰਚ ਨਾ ਹੋ ਸਕੇ। ਅਗਾਧਿ = ਅਥਾਹ। ਕਹੈ– ਆਖਦਾ ਹੈ, ਸਲਾਹੁੰਦਾ ਹੈ। ਮੁਕਤਾ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਮੀਤਾ = ਹੇ ਮਿਤ੍ਰ! ਨਾਨਕੁ = {Nominative Case, Singular Number, Subject to the verb ਬਿਨਵੰਤਾ, ਕਰਤਾ-ਕਾਰਕ, ਪੁਲਿੰਗ, ਇਕ-ਵਚਨ। } ਨਾਨਕੁ ਬਿਨਵੰਤਾ = ਨਾਨਕ ਬੇਨਤੀ ਕਰਦਾ ਹੈ। ਸਾਧ = ਉਹ ਮਨੁੱਖ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੈ, ਜਿਸ ਨੇ ਆਪਣੇ ਮਨ ਨੂੰ ਵੱਸ ਵਿਚ ਕੀਤਾ ਹੈ, ਗੁਰਮੁਖ। ਅਚਰਜ = ਹੈਰਾਨ ਕਰਨ ਵਾਲੀ। ਕਥਾ = ਜ਼ਿਕਰ, ਗੱਲ-ਬਾਤ।

ਅਰਥ: ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ।

ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ।

ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:

(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ।1।

ਅਸਟਪਦੀ ॥ ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥ {ਪੰਨਾ 271}

ਪਦ ਅਰਥ: ਊਜਲ = ਉਜਲਾ, ਸਾਫ਼। ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ। ਸਗਲੀ = ਸਾਰੀ। ਖੋਤ = ਨਾਸ ਹੋ ਜਾਂਦੀ ਹੈ। ਸੁ ਗਿਆਨੁ = ਸ੍ਰੇਸ਼ਟ ਗਿਆਨ। ਨੇਰਾ = ਨੇੜੇ, ਅੰਗ-ਸੰਗ। ਨਿਬੇਰਾ = ਨਿਬੇੜਾ, ਫ਼ੈਸਲਾ। ਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ। ਮਹਿਮਾ = ਵਡਿਆਈ। ਬਰਨੈ = ਬਿਆਨ ਕਰੇ। ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ।

ਅਰਥ: ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ) (ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।

ਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ, ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ) ।

ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ, (ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ) ।

ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ, ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।

ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ? (ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ।1।

ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਸਾਧ ਕੈ ਸੰਗਿ ਨ ਕਤਹੂੰ ਧਾਵੈ ॥ ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥ {ਪੰਨਾ 271}

ਪਦ ਅਰਥ: ਗੋ = ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ। ਗੋਚਰ = (Skt. gocr) ਸਰੀਰਕ ਇੰਦ੍ਰਿਆਂ ਦੀ ਪਹੁੰਚ। ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਪਰਫੁਲੈ = ਖਿੜਦਾ ਹੈ। ਬਸਿ = ਕਾਬੂ ਵਿਚ। ਪੰਚ = ਪੰਜ (ਪ੍ਰਸਿੱਧ ਵਿਕਾਰ) ; ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅੰਮ੍ਰਿਤ ਰਸੁ = ਨਾਮ ਰੂਪ ਅੰਮ੍ਰਿਤ ਦਾ ਸੁਆਦ। ਭੁੰਚਾ = ਚੱਖਿਆ। ਰੇਨ = (ਚਰਨਾਂ ਦੀ) ਧੂੜ। ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ। ਬੈਨ = ਬਚਨ, ਬੋਲ। ਕਤਹੂੰ = ਕਿਸੇ ਪਾਸੇ। ਧਾਵੈ = ਦੌੜਦਾ। ਅਸਥਿਤਿ = (Skt. iÔQiq) ਟਿਕਾਉ। ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼।

ਅਰਥ: ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ; ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।

ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ, (ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।

ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।

ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ, ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।

ਹੇ ਨਾਨਕ! ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ ਅਤੇ ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ।2।

ਸਾਧਸੰਗਿ ਦੁਸਮਨ ਸਭਿ ਮੀਤ ॥ ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ ਸਾਧ ਕੈ ਸੰਗਿ ਨ ਬੀਗਾ ਪੈਰੁ ॥ ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥ ਆਪੇ ਜਾਨੈ ਸਾਧ ਬਡਾਈ ॥ ਨਾਨਕ ਸਾਧ ਪ੍ਰਭੂ ਬਨਿ ਆਈ ॥੩॥ {ਪੰਨਾ 271}

ਪਦ ਅਰਥ: ਮਹਾ ਪੁਨੀਤ = ਬਹੁਤ ਪਵਿਤ੍ਰ। ਬੈਰੁ = ਵੈਰ। ਬੀਗਾ = ਵਿੰਗਾ। ਬੀਗਾ ਬੈਰੁ = ਵਿੰਗਾ ਪੈਰ, ਵਿੰਗੇ ਪਾਸੇ ਕਦਮ। ਕੋ = ਕੋਈ ਮਨੁੱਖ। ਪਰਮਾਨੰਦਾ = ਪਰਮ-ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ। ਹਉ = ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ। ਆਪੁ = ਆਪਾ-ਭਾਵ, ਹਉਮੈ। ਤਜੈ = ਦੂਰ ਕਰ ਦੇਂਦਾ ਹੈ। ਸਾਧ ਬਡਾਈ = ਸਾਧ ਦੀ ਵਡਿਆਈ। ਬਨਿ ਆਈ = ਪੱਕੀ ਪ੍ਰੀਤ ਬੱਝ ਜਾਂਦੀ ਹੈ।

ਅਰਥ: ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ) , (ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।

ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।

ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ, (ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।

ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ, (ਕਿਉਂਕਿ) ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।

ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ, (ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ।3।

ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ਅਜਰੁ ਸਹੈ ॥ ਸਾਧ ਕੈ ਸੰਗਿ ਬਸੈ ਥਾਨਿ ਊਚੈ ॥ ਸਾਧੂ ਕੈ ਸੰਗਿ ਮਹਲਿ ਪਹੂਚੈ ॥ ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ ਨਾਨਕ ਸਾਧੂ ਕੈ ਕੁਰਬਾਨ ॥੪॥ {ਪੰਨਾ 271}

ਪਦ ਅਰਥ: ਕਬਹੂ = ਕਦੇ ਭੀ। ਧਾਵੈ = ਦੌੜਦਾ, ਭਟਕਦਾ। ਬਸਤੁ = ਚੀਜ਼, ਵਸਤ। ਅਗੋਚਰ = ਜਿਸ ਤਾਈਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਲਹੈ– ਲੱਭ ਲੈਂਦਾ ਹੈ। ਅਜਰੁ = (ਉਹ ਮਰਤਬਾ) ਜੋ ਜਰਿਆ ਨ ਜਾ ਸਕੇ। ਥਾਨਿ ਊਚੈ = ਉੱਚੇ ਥਾਂ ਤੇ। ਮਹਲਿ = ਮਹਲ ਵਿਚ, ਪ੍ਰਭੂ ਦੇ ਟਿਕਾਣੇ ਤੇ। ਦ੍ਰਿੜੈ = ਦ੍ਰਿੜ੍ਹ ਕਰ ਲੈਂਦਾ ਹੈ, ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਸਭਿ = ਸਾਰੇ। ਧਰਮ = ਫ਼ਰਜ਼। ਨਿਧਾਨ = ਖ਼ਜ਼ਾਨਾ। ਕੁਰਬਾਨ = ਸਦਕੇ।

ਅਰਥ: ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ, (ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ।

ਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ, (ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ।

ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ) ।

ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ; (ਤਾਂ ਤੇ) ਹੇ ਨਾਨਕ! (ਆਖ–) ਮੈਂ ਸਾਧ ਜਨਾਂ ਤੋਂ ਸਦਕੇ ਹਾਂ।

ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ ਸਾਧੂ ਕੈ ਸੰਗਿ ਸੋ ਧਨੁ ਪਾਵੈ ॥ ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਸਾਧਸੰਗਿ ਧਰਮ ਰਾਇ ਕਰੇ ਸੇਵਾ ॥ ਸਾਧ ਕੈ ਸੰਗਿ ਸੋਭਾ ਸੁਰਦੇਵਾ ॥ ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ {ਪੰਨਾ 271-272}

ਪਦ ਅਰਥ: ਉਧਾਰੈ = ਬਚਾ ਲੈਂਦਾ ਹੈ। ਕੁਟੰਬ = ਪਰਵਾਰ। ਨਿਸਤਾਰੈ = ਤਾਰ ਲੈਂਦਾ ਹੈ। ਸਭੁ ਕੋ = ਹਰੇਕ ਜੀਵ। ਵਰਸਾਵੈ = {Skt. vã = ` A. v = LXqy = 1. To be powerful or eminent} ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ। ਸੁਰ = ਦੇਵਤੇ। ਪਲਾਇਨ = {Skt. Èlu! A. fade away, disappear} ਨਾਸ ਹੋ ਜਾਂਦੇ ਹਨ। ਸ੍ਰਬ = ਸਰਬ, ਸਾਰੇ। ਗੰਮਿ = ਪਹੁੰਚ।

ਅਰਥ: ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।

ਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ, ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।

ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ ਅਤੇ (ਦੇਵਤੇ ਭੀ) ਸੋਭਾ ਕਰਦੇ ਹਨ।

ਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ, (ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।

ਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ) ; ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ।

TOP OF PAGE

Sri Guru Granth Darpan, by Professor Sahib Singh