ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 270

ਹੇ ਨਾਨਕ! ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ, ਤੇ, (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ।2।

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥ ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ ਨਾਨਕ ਤਾ ਕੀ ਭਗਤਿ ਕਰੇਹ ॥੩॥ {ਪੰਨਾ 270}

ਪਦ ਅਰਥ: ਆਰੋਗ = ਰੋਗ-ਰਹਿਤ, ਨਰੋਆ। ਕੰਚਨ ਦੇਹੀ = ਸੋਨੇ ਵਰਗਾ ਸਰੀਰ। ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ। ਓਲਾ = ਪਰਦਾ। ਛਿਦ੍ਰ = ਨੁਕਸ, ਐਬ। ਪਹੂਚੈ = ਅੱਪੜਦਾ, ਬਰਾਬਰੀ ਕਰਦਾ। ਸਾਸਿ ਸਾਸਿ = ਦਮ-ਬ-ਦਮ। ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ। ਕਰੇਹ = ਕਰ।

ਅਰਥ: ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ, ਉਸ ਪਿਆਰੇ ਰਾਮ ਨਾਲ ਲਿਵ ਜੋੜ।

ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ, ਹੇ ਮਨ!

ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ, ਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।

ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।

ਹੇ ਨਾਨਕ! ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਉਸ ਪ੍ਰਭੂ ਦੀ ਭਗਤੀ ਕਰ।3।

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ ਜਿਨਿ ਤੇਰੀ ਮਨ ਬਨਤ ਬਨਾਈ ॥ ਊਠਤ ਬੈਠਤ ਸਦ ਤਿਸਹਿ ਧਿਆਈ ॥ ਤਿਸਹਿ ਧਿਆਇ ਜੋ ਏਕ ਅਲਖੈ ॥ ਈਹਾ ਊਹਾ ਨਾਨਕ ਤੇਰੀ ਰਖੈ ॥੪॥ {ਪੰਨਾ 270}

ਪਦ ਅਰਥ: ਆਭੂਖਨ = ਗਹਣੇ, ਜ਼ੇਵਰ। ਪਹਿਰੀਜੈ = ਪਹਿਨੀਦੇ ਹਨ। ਅਸ੍ਵ = ਘੋੜੇ। ਹਸਤਿ = ਹਾਥੀ। ਮਿਲਖ = ਜ਼ਮੀਨ। ਜਿਨਿ = ਜਿਸ (ਪ੍ਰਭੂ) ਨੇ। ਬਨਤ = ਬਨਾਵਟ। ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ। ਸਦ = ਸਦਾ। ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਈਹਾ = ਇਥੇ, ਇਸ ਲੋਕ ਵਿਚ। ਊਹਾ = ਓਥੇ, ਪਰਲੋਕ ਵਿਚ। ਰਖੈ = ਤੇਰੀ ਲਾਜ ਰੱਖਦਾ ਹੈ।

ਅਰਥ: ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ, ਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?

ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ, ਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।

ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ) ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।

ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ, ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।

ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ। ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ।4।

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ {ਪੰਨਾ 270}

ਪਦ ਅਰਥ: ਕਰਹਿ = ਤੂੰ ਕਰਦਾ ਹੈਂ। ਆਚਾਰ = {Skt. Awcwr} ਰਸਮ ਰਿਵਾਜ। ਬਿਉਹਾਰੀ = {Skt. ÒXvhwirn`} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ। ਅਨੂਪੁ = ਅਨ ਊਪ, ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ। ਨੀਕੀ = ਚੰਗੀ। ਪਤਿ = ਇੱਜ਼ਤ। ਕਹੈ– ਆਖਦਾ ਹੈ।

ਅਰਥ: ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ, ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।

ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ, ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।

ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ, ਉਸ ਸੋਹਣੇ ਮਾਲਕ ਨੂੰ ਸਦਾ ਸਿਮਰ।

ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ, ਉਸ ਨੂੰ ਸਦਾ ਦਿਨ ਰਾਤ ਯਾਦ ਕਰ।

ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ) । ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ।5।

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ ਜਿਹ ਪ੍ਰਸਾਦਿ ਹਸਤ ਕਰ ਚਲਹਿ ॥ ਜਿਹ ਪ੍ਰਸਾਦਿ ਸੰਪੂਰਨ ਫਲਹਿ ॥ ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ {ਪੰਨਾ 270}

ਪਦ ਅਰਥ: ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ) । ਨਾਦ = (ਰਸੀਲੀ) ਆਵਾਜ਼। ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ) । ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ) । ਸਹਜੇ = ਸੁਭਾਵਕ ਹੀ। ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ। ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ। ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ। ਅਵਰ ਕਤ = ਹੋਰ ਕਿਥੇ? ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ।

ਅਰਥ: ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ) , ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;

ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ, ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;

ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ, ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;

ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ, ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;

ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ? ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ।6।

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ ਜਿਹ ਪ੍ਰਸਾਦਿ ਤੇਰਾ ਪਰਤਾਪੁ ॥ ਰੇ ਮਨ ਮੂੜ ਤੂ ਤਾ ਕਉ ਜਾਪੁ ॥ ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ ਤਿਸਹਿ ਜਾਨੁ ਮਨ ਸਦਾ ਹਜੂਰੇ ॥ ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਨਾਨਕ ਜਾਪੁ ਜਪੈ ਜਪੁ ਸੋਇ ॥੭॥ {ਪੰਨਾ 270}

ਪਦ ਅਰਥ: ਜਿਸ ਪ੍ਰਸਾਦਿ = ਜਿਸ ਪ੍ਰਸਾਦਿ, ਜਿਸ ਦੀ ਕ੍ਰਿਪਾ ਨਾਲ। ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ। ਸੰਸਾਰਿ = ਸੰਸਾਰ ਵਿਚ। ਮਨਹੁ = ਮਨ ਤੋਂ। ਮੂੜ = ਮੂਰਖ। ਤਾ ਕਉ = ਉਸ ਨੂੰ। ਜਾਪੁ = ਯਾਦ ਕਰ। ਕਾਰਜ = ਕੰਮ। ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ। ਜਾਨੁ = ਸਮਝ ਲੈ। ਹਜੂਰੇ = ਅੰਗ-ਸੰਗ। ਰਾਚੁ = ਰਚ, ਰੁੱਝ, ਜੁੜਿਆ ਰਹੁ। ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {Skt. giq = access, entrance}ਪਹੁੰਚ।

ਅਰਥ: ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ ਉਸ ਨੂੰ ਕਦੇ ਭੀ ਮਨੋਂ ਨ ਭੁਲਾ।

ਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ, ਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।

ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ, ਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।

ਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ, ਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।

ਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ) । ਹੇ ਨਾਨਕ! (ਜਿਸ ਨੂੰ ਇਹ ਦਾਤਿ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ।7।

TOP OF PAGE

Sri Guru Granth Darpan, by Professor Sahib Singh