ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 269

ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥ ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥ ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ ॥ ਮਿਥਿਆ ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥ ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥ {ਪੰਨਾ 269}

ਪਦ ਅਰਥ: ਮਿਥਿਆ = ਵਿਅਰਥ। ਸ੍ਰਵਨ = ਕੰਨ। ਸੁਨਹਿ = ਸੁਣਦੇ ਹਨ। ਹਸਤ = ਹੱਥ, {ਲਫ਼ਜ਼ "ਹਸਤ" ਅਤੇ "ਹਸਤਿ" ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ। ਹਸਤ = ਹੱਥ। ਹਸਤਿ = ਹਾਥੀ}। ਦਰਬ = ਧਨ। ਹਿਰਹਿ = ਚੁਰਾਉਂਦੇ ਹਨ। ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ। ਰਸਨਾ = ਜੀਭ। ਅਨ ਸ੍ਵਾਦ = ਹੋਰ ਸੁਆਦਾਂ ਵਿਚ। ਧਾਵਹਿ = ਦੌੜਦੇ ਹਨ। ਬਿਕਾਰ = ਵਿਗਾੜ, ਨੁਕਸਾਨ। ਮਨ = ਹੇ ਮਨ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ। ਪਰਉਪਕਾਰ = ਦੂਜਿਆਂ ਦੀ ਭਲਾਈ। ਬਾਸੁ = ਵਾਸ਼ਨਾ, ਸੁਗੰਧੀ। ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ। ਦੇਹ = ਸਰੀਰ।

ਅਰਥ: (ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ, ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;

ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ, ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ) ;

ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ। ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।

(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ, (ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।

(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ। ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ।5।

ਬਿਰਥੀ ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥ ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥ ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥ ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥ ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੬॥ {ਪੰਨਾ 269}

ਪਦ ਅਰਥ: ਬਿਰਥੀ = ਵਿਅਰਥ। ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ। ਆਰਜਾ = ਉਮਰ। ਤਨੁ ਅੰਧ = ਅੰਨ੍ਹੇ ਦਾ ਸਰੀਰ। ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ। ਰੈਨਿ = ਰਾਤ। ਬਿਹਾਇ = ਗੁਜ਼ਰ ਜਾਂਦੀ ਹੈ। ਮੇਘ = ਬੱਦਲ। ਕਿਰਪਨ = ਕੰਜੂਸ। ਨਿਰਾਰਥ = ਵਿਅਰਥ। ਦਾਮ = ਪੈਸੇ, ਧਨ। ਧੰਨਿ = ਮੁਬਾਰਕ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। ਤਾ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ।

ਅਰਥ: (ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ, (ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?

ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ, (ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।

ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ, (ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ।

ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ, (ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।

ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ।6।

ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥ ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥ ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥ ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥੭॥ {ਪੰਨਾ 269}

ਪਦ ਅਰਥ: ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ। ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ। ਪਰਬੀਨ = ਚਤੁਰ, ਸਿਆਣਾ। ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ। ਅਵਰ = ਹੋਰਨਾਂ ਨੂੰ। ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ। ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ) । ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ। ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ।

ਅਰਥ: ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ; ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।

(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।

(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ, ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ, ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।

(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ। ਹੇ ਨਾਨਕ! (ਆਖ) = ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ।7।

ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥ ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥ ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥ ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥ ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥ {ਪੰਨਾ 269}

ਪਦ ਅਰਥ: ਕਰਉ = ਮੈਂ ਕਰਦਾ ਹਾਂ। ਕੀਆ = ਪੈਦਾ ਕੀਤਾ ਹੋਇਆ (ਜੀਵ) । ਆਪਹਿ = ਆਪ ਹੀ। ਮਾਨੈ = ਮਾਣ ਦੇਂਦਾ ਹੈ। ਆਪਹਿ ਆਪ = ਆਪ ਹੀ। ਨਿਬੇਰਾ = ਫ਼ੈਸਲਾ, ਨਿਖੇੜਾ। ਨੇਰਾ = ਨੇੜੇ। ਸਗਲ ਤੇ ਰਹਤ = ਸਭ ਤੋਂ ਪਰੇ ਹੈ। ਉਪਾਵ = ਹੀਲੇ। ਰਹਤ = ਰਹਿਣੀ। ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ। ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ। ਤਿਸੁ = ਉਸ ਨੂੰ। ਥਾਨ ਥਨੰਤਰਿ = ਹਰ ਥਾਂ। ਸਮਾਇ ਰਹਿਆ = ਮੌਜੂਦ ਹੈ। ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ।

ਅਰਥ: (ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ, ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।

(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ, (ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।

ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ) (ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।

ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ, ਪ੍ਰਭੂ ਹਰ ਥਾਂ ਮੌਜੂਦ ਹੈ। ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ। ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ।8।5।

ਸਲੋਕੁ ॥ ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥ {ਪੰਨਾ 269}

ਪਦ ਅਰਥ: ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ। ਅਹੰਮੇਵ = {Skt. Ahz Ev। ਮੈਂ ਹੀ (ਹਾਂ) , ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ। ਸਰਣਾਗਤੀ = ਸਰਣ ਆਇਆ ਹਾਂ। ਪ੍ਰਸਾਦੁ = ਕ੍ਰਿਪਾ, ਮੇਹਰ। ਗੁਰਦੇਵ = ਹੇ ਗੁਰਦੇਵ!

ਅਰਥ: ਹੇ ਨਾਨਕ! (ਬੇਨਤੀ ਕਰ ਤੇ ਆਖ) = ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ, (ਮੇਰੇ ਉਤੇ) ਮੇਹਰ ਕਰ, (ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ।1।

ਨੋਟ: ਲਫ਼ਜ਼ 'ਪ੍ਰਸਾਦੁ' ਕ੍ਰਿਆ (verb) "ਕਰਿ" ਦੇ ਨਾਲ 'ਕਰਮ ਕਾਰਕ' (Objective Case) ਹੈ। ਅਗਾਂਹ ਅਸਟਪਦੀ ਵਿਚ ਲਫ਼ਜ਼ "ਪ੍ਰਸਾਦਿ" ਆਉਂਦਾ ਹੈ। (ਿ) 'ਕਰਣ ਕਾਰਕ' (Instrumental case) ਦਾ ਚਿੰਨ੍ਹ ਹੈ, "ਪ੍ਰਸਾਦਿ" ਦਾ ਅਰਥ ਹੈ 'ਕ੍ਰਿਪਾ ਨਾਲ, ਕ੍ਰਿਪਾ ਦੁਆਰਾ'। ਇਸੇ ਤਰ੍ਹਾਂ ਮੂਲ ਮੰਤ੍ਰ ਵਿਚ "ਗੁਰ ਪ੍ਰਸਾਦਿ" ਦਾ ਅਰਥ ਹੈ 'ਗੁਰੂ ਦੀ ਕ੍ਰਿਪਾ ਨਾਲ', ਭਾਵ, ਪਹਿਲੇ ਲਫ਼ਜ਼ਾਂ ਵਿਚ ਦੱਸੀਆਂ ਸਿਫ਼ਤਾਂ ਵਾਲਾ ਅਕਾਲ ਪੁਰਖ ਗੁਰੂ ਦੀ ਕ੍ਰਿਪਾ ਨਾਲ (ਮਿਲਦਾ ਹੈ) । (ਵੇਖੋ 'ਜਪੁ' ਸਟੀਕ।)

ਅਸਟਪਦੀ ॥ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ {ਪੰਨਾ 269}

ਪਦ ਅਰਥ: ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ। ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ। ਪਰਮ = ਉੱਚੀ। ਗਤਿ = ਪਦਵੀ, ਦਰਜਾ। ਮੰਦਰਿ = ਮੰਦਰ ਵਿਚ, ਘਰ ਵਿਚ। ਤਿਸਹਿ = ਉਸ ਨੂੰ। ਸੰਗਿ ਸੁਖ = ਸੁਖ ਨਾਲ, ਮੌਜ ਨਾਲ। ਰਸਨਾ = ਜੀਭ ਨਾਲ।

ਅਰਥ: (ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ (ਚੇਤੇ) ਰੱਖ।

ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।

ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿਚ ਸਿਮਰ।

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।

ਹੇ ਨਾਨਕ! ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ) ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ।1।

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥ ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥ ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ ਮੁਖਿ ਤਾ ਕੋ ਜਸੁ ਰਸਨ ਬਖਾਨੈ ॥ ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ {ਪੰਨਾ 269-270}

ਪਦ ਅਰਥ: ਪਟੰਬਰ = ਪਟ-ਅੰਬਰ, ਰੇਸ਼ਮ ਦੇ ਕੱਪੜੇ। ਕਤ ਅਵਰ = ਕਿਸੇ ਹੋਰ ਥਾਂ? ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ। ਸੋਈਜੈ = ਸਵੀਂਦਾ ਹੈ। ਗਾਵੀਜੈ = ਗਾਉਣਾ ਚਾਹੀਦਾ ਹੈ। ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ। ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ। ਕੇਵਲ = ਸਿਰਫ਼। ਪਤਿ ਸੇਤੀ = ਇੱਜ਼ਤ ਨਾਲ।

ਅਰਥ: (ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ, ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?

ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ, ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।

ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ, ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ, ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।

TOP OF PAGE

Sri Guru Granth Darpan, by Professor Sahib Singh