ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 268

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}

ਪਦ ਅਰਥ: ਤੁਮ ਪਹਿ = ਤੇਰੇ ਪਾਸ। ਪਿੰਡੁ = ਸਰੀਰ। ਰਾਸਿ = ਬਖ਼ਸ਼ੀਸ਼, ਪੂੰਜੀ। ਘਨੇਰੇ = ਬਹੁਤ। ਸਮਗ੍ਰੀ = ਪਦਾਰਥ। ਸੂਤ੍ਰਿ = ਸੂਤ੍ਰ ਵਿਚ, ਮਰਯਾਦਾ ਵਿਚ, ਹੁਕਮ ਵਿਚ। ਧਾਰੀ = ਟਿਕੀ ਹੋਈ ਹੈ। ਤੁਮ ਤੇ = ਤੈਥੋਂ। ਹੋਇ = (ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ। ਆਗਿਆਕਾਰੀ = (ਤੇਰੇ) ਹੁਕਮ ਨੂੰ ਮੰਨ ਰਿਹਾ ਹੈ। ਕੁਰਬਾਨੀ = ਸਦਕੇ। ਮਿਤਿ = ਮਰਯਾਦਾ, ਅੰਦਾਜ਼ਾ। ਗਤਿ = ਹਾਲਤ।

ਅਰਥ: (ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।

ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ, ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।

ਕੋਈ ਤੇਰਾ ਅੰਤ ਨਹੀਂ ਪਾ ਸਕਦਾ, (ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।

(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ = ਇਹ ਤੂੰ ਆਪ ਹੀ ਜਾਣਦਾ ਹੈਂ। ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ।8।4।

ਸਲੋਕੁ ॥ ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥ ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥ {ਪੰਨਾ 268}

ਪਦ ਅਰਥ: ਲਾਗਹਿ = ਲੱਗਦੇ ਹਨ। ਆਨ = ਹੋਰ (skt. ANX) । ਸੁਆਇ = ਸੁਆਦ ਵਿਚ, ਸੁਆਰਥ ਵਿਚ। ਕਹੂ ਨ = ਕਦੇ ਨਹੀਂ। ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ। ਪਤਿ = ਇੱਜ਼ਤ।

ਅਰਥ: (ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ; (ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ।1।

ਅਸਟਪਦੀ ॥ ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥ ਜਿਸੁ ਠਾਕੁਰ ਸਿਉ ਨਾਹੀ ਚਾਰਾ ॥ ਤਾ ਕਉ ਕੀਜੈ ਸਦ ਨਮਸਕਾਰਾ ॥ ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥ ਸਰਬ ਸੂਖ ਤਾਹੂ ਮਨਿ ਵੂਠਾ ॥ ਜਿਸੁ ਜਨ ਅਪਨਾ ਹੁਕਮੁ ਮਨਾਇਆ ॥ ਸਰਬ ਥੋਕ ਨਾਨਕ ਤਿਨਿ ਪਾਇਆ ॥੧॥ {ਪੰਨਾ 268}

ਪਦ ਅਰਥ: ਬਸਤੂ = ਚੀਜ਼ਾਂ। ਲੇ = ਲੈ ਕੇ। ਪਾਛੈ ਪਾਵੈ = ਸਾਂਭ ਲੈਂਦਾ ਹੈ। ਬਿਖੋਟਿ = {Skt. K`roit A cunning or shrewed woman, iv, without.} ਖੋਟ-ਹੀਨਤਾ, ਖਰਾ-ਪਨ, ਇਤਬਾਰ। ਹਿਰਿ ਲੇਇ = ਖੋਹ ਲਏ। ਮੂੜਾ = ਮੂਰਖ। ਕਹਾ ਕਰੇਇ = ਕੀਹ ਕਰ ਸਕਦਾ ਹੈ? ਚਾਰਾ = ਜ਼ੋਰ, ਪੇਸ਼। ਸਦ = ਸਦਾ। ਸਰਬ = ਸਾਰੇ। ਤਾਹੂ ਮਨਿ = ਉਸੇ ਦੇ ਮਨ ਵਿਚ। ਵੂਠਾ = ਆ ਵੱਸਦੇ ਹਨ। ਜਿਸੁ ਜਨ = ਜਿਸ ਮਨੁੱਖ ਨੂੰ। ਥੋਕ = ਪਦਾਰਥ। ਤਿਨਿ = ਉਸ (ਮਨੁੱਖ) ਨੇ।

ਅਰਥ: (ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, (ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ) ।

(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ, ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ?

ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ, (ਕਿਉਂਕਿ)

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ।

ਹੇ ਨਾਨਕ! ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ।1।

ਅਗਨਤ ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥ ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ ਅਗਿਆਨੀ ਮਨਿ ਰੋਸੁ ਕਰੇਇ ॥ ਅਪਨੀ ਪਰਤੀਤਿ ਆਪ ਹੀ ਖੋਵੈ ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥ ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥ ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥੨॥ {ਪੰਨਾ 268}

ਪਦ ਅਰਥ: ਅਗਨਤ ਰਾਸਿ = ਅਣਗਿਣਤ (ਪਦਾਰਥਾਂ ਦੀ) ਪੂੰਜੀ। ਦੇ = ਦੇਂਦਾ ਹੈ। ਖਾਤ ਪੀਤ = ਖਾਂਦਾ ਪੀਂਦਾ। ਬਰਤੈ = ਵਰਤਦਾ ਹੈ। ਅਨਦ ਉਲਾਸਿ = ਚਾਉ ਖ਼ੁਸ਼ੀ ਨਾਲ। ਅਮਾਨ = ਅਮਾਨਤ। ਬਹੁਰਿ = ਮੁੜ। ਮਨਿ = ਮਨ ਵਿਚ। ਰੋਸੁ = ਰੋਸਾ, ਗੁੱਸਾ। ਪਰਤੀਤਿ = ਇਤਬਾਰ। ਖੋਵੈ = ਗਵਾ ਲੈਂਦਾ ਹੈ। ਬਿਸ੍ਵਾਸੁ = ਵਿਸਾਹ। ਨਿਹਾਲੁ = ਪ੍ਰਸੰਨ, ਖ਼ੁਸ਼।

ਅਰਥ: (ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ, (ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ।

(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ, ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;

(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ, ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ।

(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ, ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ, ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ। ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ।2।

ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥ ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ ਓਹ ਬਿਨਸੈ ਉਹੁ ਮਨਿ ਪਛੁਤਾਵੈ ॥ ਜੋ ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥ ਬਟਾਊ ਸਿਉ ਜੋ ਲਾਵੈ ਨੇਹ ॥ ਤਾ ਕਉ ਹਾਥਿ ਨ ਆਵੈ ਕੇਹ ॥ ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥ {ਪੰਨਾ 268}

ਪਦ ਅਰਥ: ਭਾਤਿ = ਕਿਸਮ। ਹੇਤ = ਪਿਆਰ। ਸਰਪਰ = ਅੰਤ ਨੂੰ, ਜ਼ਰੂਰ। ਜਾਨੁ = ਸਮਝ। ਅਨੇਤ = ਨਾਹ ਨਿੱਤ ਰਹਿਣ ਵਾਲੇ, ਨਾਸਵੰਤ। ਬਿਰਖ = ਰੁੱਖ। ਰੰਗੁ = ਪਿਆਰ। ਓਹ = ਉਹ (ਛਾਇਆ) । ਉਹੁ = ਉਹ ਮਨੁੱਖ (ਜੋ ਛਾਂ ਨਾਲ ਪਿਆਰ ਪਾਉਂਦਾ ਹੈ) । ਮਨਿ = ਮਨ ਵਿਚ। ਦੀਸੈ = ਦਿੱਸਦਾ ਹੈ। ਚਾਲਨਹਾਰੁ = ਨਾਸਵੰਤ, ਤੁਰ ਜਾਣ ਵਾਲਾ। ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ। ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ) । ਅੰਧ = ਅੰਨ੍ਹਾ। ਅੰਧ ਅੰਧਾਰੁ = ਅੰਨ੍ਹਿਆਂ ਦਾ ਅੰਨ੍ਹਾ, ਮਹਾ ਮੂਰਖ। ਬਟਾਊ = ਰਾਹੀ, ਮੁਸਾਫ਼ਿਰ। ਨੇਹ = ਪਿਆਰ, ਮੁਹੱਬਤਿ। ਤਾ ਕਉ = ਉਸ ਨੂੰ। ਹਾਥਿ = ਹੱਥ ਵਿਚ। ਨ ਕੇਹ = ਕੁਝ ਭੀ ਨਹੀਂ।

ਅਰਥ: ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ) , (ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।

(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ, (ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ।

(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ, ਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ।

ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ, (ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ।

ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ; (ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ।3।

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥ ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥ ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥ ਮਿਥਿਆ ਧ੍ਰੋਹ ਮੋਹ ਅਭਿਮਾਨੁ ॥ ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥ ਅਸਥਿਰੁ ਭਗਤਿ ਸਾਧ ਕੀ ਸਰਨ ॥ ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥ {ਪੰਨਾ 268}

ਪਦ ਅਰਥ: ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ। ਕੁਟੰਬੁ = ਪਰਵਾਰ। ਸਬਾਇਆ = ਸਾਰਾ। ਮਮਤਾ = ਮਾਲਕੀ ਦਾ ਖ਼ਿਆਲ, ਇਹ ਖ਼ਿਆਲ ਕਿ ਇਹ ਚੀਜ਼ ਮੇਰੀ ਹੈ। ਜੋਬਨ = ਜੁਆਨੀ। ਬਿਕਰਾਲ = ਡਰਾਉਣਾ। ਹਸਤੀ = ਹਾਥੀ। ਅਸ੍ਵ = ਘੋੜੇ। ਬਸਤ੍ਰਾ = ਕੱਪੜੇ। ਰੰਗ ਸੰਗਿ = ਪਿਆਰ ਨਾਲ। ਪੇਖਿ = ਵੇਖ ਕੇ। ਹਸਤਾ = ਹੱਸਦਾ ਹੈ। ਧ੍ਰੋਹ = ਦਗ਼ਾ। ਆਪਸ ਊਪਰਿ = ਆਪਣੇ ਉਤੇ। ਅਸਥਿਰੁ = ਸਦਾ ਕਾਇਮ ਰਹਿਣ ਵਾਲੀ। ਭਗਤਿ = ਬੰਦਗੀ, ਭਜਨ। ਜਪਿ ਜਪਿ = ਸਦਾ ਜਪ ਕੇ।

ਅਰਥ: (ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ, (ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ) = ਇਹਨਾਂ ਉਤੇ ਮਾਣ ਭੀ ਝੂਠਾ।

ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ, (ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।

ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, (ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।

ਦਗ਼ਾ, ਮੋਹ ਤੇ ਅਹੰਕਾਰ = (ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ; ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ।

ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ) । ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ।4।

TOP OF PAGE

Sri Guru Granth Darpan, by Professor Sahib Singh