ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 267 ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥ ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ ਐਸੇ ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥ {ਪੰਨਾ 267} ਪਦ ਅਰਥ: ਜਿਹ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ। ਧਰ = ਧਰਤੀ। ਸੁਖਿ = ਸੁਖ ਨਾਲ। ਬਸਹਿ = ਤੂੰ ਵੱਸਦਾ ਹੈਂ। ਸੁਤ = ਪੁੱਤ੍ਰ। ਭ੍ਰਾਤ = ਭਰਾ। ਬਨਿਤਾ = ਇਸਤ੍ਰੀ। ਹਸਹਿ = ਤੂੰ ਹੱਸਦਾ ਹੈਂ। ਸੀਤਲ = ਠੰਢਾ। ਪਵਨੁ = ਹਵਾ। ਪਾਵਕੁ = ਅੱਗ। ਸਗਲ = ਸਾਰੇ। ਸਮਗ੍ਰੀ = ਪਦਾਰਥ। ਹਸਤ = ਹੱਥ। ਪਾਵ = ਪੈਰ। ਕਰਨ = ਕੰਨ। ਨੇਤ੍ਰ = ਅੱਖਾਂ। ਰਸਨਾ = ਜੀਭ। ਤਿਸਹੁ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ, ਵਿਸਾਰ ਕੇ। ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ। ਦੋਖ = ਮੰਦੇ ਕਰਮ। ਮੂੜ = ਮੂਰਖ ਜੀਵ। ਬਿਆਪੇ = ਫਸੇ ਹੋਏ ਹਨ। ਅਰਥ: (ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ, ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ; ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ, ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ) ; ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ, ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ) ; (ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ, ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ। (ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ। ਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ) = ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ।2। ਆਦਿ ਅੰਤਿ ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥ ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥ ਜੋ ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥ ਜਾ ਕੀ ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥ ਸਦਾ ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥੩॥ {ਪੰਨਾ 267} ਪਦ ਅਰਥ: ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ) । ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ) । ਗਵਾਰੁ = ਮੂਰਖ ਮਨੁੱਖ। ਜਾ ਕੀ = ਜਿਸ (ਪ੍ਰਭੂ) ਦੀ। ਨਵ ਨਿਧਿ = ਨੌ ਖ਼ਜ਼ਾਨੇ। ਤਾ ਸਿਉ = ਉਸ ਨਾਲ। ਮੂੜਾ = ਮੂਰਖ। ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ। ਤਾ ਕਉ = ਉਸ ਨੂੰ। ਤਿਸਹਿ = ਉਸ (ਪ੍ਰਭੂ) ਨੂੰ। ਮੁਗਧੁ = ਮੂਰਖ। ਇਹੁ = ਇਹ (ਜੀਵ) । ਅਪਾਰੁ = ਬੇਅੰਤ। ਅਰਥ: ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ। ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ, ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ। ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ, ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ। ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ, ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ। (ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ; ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ।3। ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥ ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥ ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪਰਹਰੈ ॥ ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥ ਅੰਧ ਕੂਪ ਮਹਿ ਪਤਿਤ ਬਿਕਰਾਲ ॥ ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥ {ਪੰਨਾ 267} ਪਦ ਅਰਥ: ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ। ਛੋਡਿ = ਛੱਡ ਕੇ। ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ। ਜੋ = ਜੋ (ਧਨ ਪਦਾਰਥ) । ਸੁ = ਉਸ ਨੂੰ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ) । ਪਰਾਨੈ = ਪਛਾਣਦਾ ਹੈ, ਸਮਝਦਾ ਹੈ। ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ। ਸਹਾਈ = ਸਹਾਇਤਾ ਕਰਨ ਵਾਲਾ। ਪਰਹਰੈ = ਛੱਡ ਦੇਂਦਾ ਹੈ। ਉਤਾਰੈ = ਲਾਹ ਦੇਂਦਾ ਹੈ। ਗਰਧਬ ਪ੍ਰੀਤਿ = ਖੋਤੇ ਦਾ ਪਿਆਰ। ਭਸਮ = ਸੁਆਹ। ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ। ਪ੍ਰਭ = ਹੇ ਪ੍ਰਭੂ! ਅਰਥ: (ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ। ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ। ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ; ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ। ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ; ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ। ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ, ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ। (ਜੀਵ ਮਾਇਆ ਦੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ; ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ।4। ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥ ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥ ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥੫॥ {ਪੰਨਾ 267} ਪਦ ਅਰਥ: ਮਾਨਸ = ਮਨੁੱਖ ਦੀ। ਪਚਾਰਾ = (Skt. @pcwr) ਵਿਖਾਵਾ। ਅੰਤਰਿ = ਮਨ ਵਿਚ। ਕਛੁ ਕਰੈ = (ਭਾਵੇਂ) ਕੋਈ (ਜਤਨ) ਕਰੇ। ਬਿਆਪੈ = ਜ਼ੋਰ ਪਾ ਰਿਹਾ ਹੈ। ਸੁਆਨੁ = ਕੁੱਤਾ। ਅਗਨਿ = (ਤ੍ਰਿਸਨਾ ਦੀ) ਅੱਗ। ਗਲਿ = ਗਲ ਵਿਚ। ਅਥਾਹ = ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ। ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ। ਸਹਜਿ = ਸਹਜ ਵਿਚ, ਉਸ ਅਵਸਥਾ ਵਿਚ ਜਿਥੇ ਮਨ ਡੋਲਦਾ ਨਹੀਂ। ਸਮਾਤਿ = ਸਮਾ ਜਾਂਦਾ ਹੈ, ਟਿਕ ਜਾਂਦਾ ਹੈ। ਅਰਥ: ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ, (ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ। ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ, (ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ। ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ, ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ। ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ) ; (ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ? ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।5। ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ ਓੜਿ ਨਿਬਹਾਵੈ ॥ ਕਹਾ ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥ ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥ ਕਹ ਪਿੰਗੁਲ ਪਰਬਤ ਪਰ ਭਵਨ ॥ ਨਹੀ ਹੋਤ ਊਹਾ ਉਸੁ ਗਵਨ ॥ ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ ਨਾਨਕ ਤੁਮਰੀ ਕਿਰਪਾ ਤਰੈ ॥੬॥ {ਪੰਨਾ 267} ਪਦ ਅਰਥ: ਸੁਨਿ = ਸੁਣ ਕੇ। ਮਾਰਗੁ = ਰਸਤਾ। ਪਾਵੈ = ਲੱਭ ਲਏ। ਕਰੁ = ਹੱਥ। ਗਹਿ ਲੇਹੁ = ਫੜ ਲਵੋ। ਓੜਿ = ਅਖ਼ੀਰ ਤਕ। ਬੁਝਾਰਤਿ = ਸੈਨਤ। ਡੋਰਾ = ਬੋਲਾ। ਨਿਸਿ = ਰਾਤ। ਭੋਰਾ = ਦਿਨ। ਭੰਗ = ਟੁੱਟੀ ਹੋਈ। ਪਿੰਗੁਲ = ਲੂਲ੍ਹਾ। ਪਰਭਵਨ = (Skt. pRBvn) ਭੌਣਾ, ਫਿਰਨਾ। ਉਸ = ਉਸ ਦੀ। ਗਵਨ = ਪਹੁੰਚ। ਕਰੁਣਾ = ਤਰਸ। ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (Note = Skt. mX (ਪੰਜਾਬੀ 'ਮੈ') is an affix used to indicate 'made of, consisting of.' 'full of') [ ਦੀਨੁ = ਨਿਮਾਣਾ (ਜੀਵ) । ਅਰਥ: ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ? (ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ। ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ? (ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ) । ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ? (ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ। ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ? ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ, ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ।6। ਸੰਗਿ ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥ ਬਲੂਆ ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥ ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ ਕਾਲੁ ਨ ਆਵੈ ਮੂੜੇ ਚੀਤਿ ॥ ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥ ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥ {ਪੰਨਾ 267-268} ਪਦ ਅਰਥ: ਚੀਤਿ = ਚਿੱਤ ਵਿਚ। ਬੈਰਾਈ = ਵੈਰੀ। ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ। ਰੰਗਿ = ਰੰਗ ਵਿਚ, ਮਸਤੀ ਵਿਚ। ਕੇਲ = ਚੋਜ-ਖੇਡਾਂ। ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ। ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ। ਕਾਲੁ = ਮੌਤ। ਬਿਰੋਧ = ਮੁਖ਼ਾਲਫ਼ਤ। ਧ੍ਰੋਹ = ਠੱਗੀ, ਦਗ਼ਾ। ਇਆਹੂ ਜੁਗਤਿ = ਇਸ ਤਰੀਕੇ ਨਾਲ। ਬਿਹਾਨੇ = ਗੁਜ਼ਰ ਗਏ ਹਨ। ਆਪਨ ਕਰਮ = ਆਪਣੀ ਮੇਹਰ। ਅਰਥ: ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ, (ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ। ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ) , (ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ। (ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ; ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ। ਵੈਰ ਵਿਰੋਧ, ਕਾਮ, ਗੁੱਸਾ, ਮੋਹ, ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ = ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ। ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ।7। |
![]() |
![]() |
![]() |
![]() |
Sri Guru Granth Darpan, by Professor Sahib Singh |