ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 266

ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ।3।

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥ ਭੇਖ ਅਨੇਕ ਅਗਨਿ ਨਹੀ ਬੁਝੈ ॥ ਕੋਟਿ ਉਪਾਵ ਦਰਗਹ ਨਹੀ ਸਿਝੈ ॥ ਛੂਟਸਿ ਨਾਹੀ ਊਭ ਪਇਆਲਿ ॥ ਮੋਹਿ ਬਿਆਪਹਿ ਮਾਇਆ ਜਾਲਿ ॥ ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥ ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਜਿ ਸੁਭਾਇ ॥੪॥ {ਪੰਨਾ 266}

ਪਦ ਅਰਥ: ਸਿਆਣਪ = ਚਤੁਰਾਈ। ਭਉ = ਡਰ। ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ। ਕਰਿ = ਕਰ ਕੇ, ਕੀਤਿਆਂ। ਤ੍ਰਿਸਨ = ਤ੍ਰਿਹ, ਲਾਲਚ। ਨ ਧ੍ਰਾਪੈ = ਨਹੀਂ ਰੱਜਦੀ। ਭੇਖ = ਧਾਰਮਿਕ ਪੁਸ਼ਾਕ। ਅਗਨਿ = ਅੱਗ, ਲਾਲਚ ਦੀ ਅੱਗ। ਕੋਟਿ = ਕ੍ਰੋੜਾਂ। ਉਪਾਵ = ਤਰੀਕੇ, ਵਸੀਲੇ। ਸਿਝੈ = ਸਿੱਝਦਾ, ਕਾਮਯਾਬ ਹੁੰਦਾ। ਛੂਟਸਿ ਨਾਹੀ = ਬਚ ਨਹੀਂ ਸਕਦਾ। ਊਭ = ਉਤਾਂਹ, ਆਕਾਸ਼ ਵਿਚ। ਪਇਆਲਿ = ਪਾਤਾਲ ਵਿਚ। ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ। ਮੋਹਿ = ਮੋਹ ਵਿਚ। ਬਿਆਪਹਿ = ਫਸ ਜਾਂਦੇ ਹਨ। ਜਾਲਿ = ਜਾਲ ਵਿਚ। ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ। ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ। ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਨਾਲ। ਭਾਉ = ਪ੍ਰੇਮ।

ਅਰਥ: (ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ (ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।

ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, (ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।

(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ (ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।

(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ, ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ। ਹੇ ਨਾਨਕ! (ਜੋ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ (ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ) ।4।

ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥ ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥ ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥ ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥ ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥ {ਪੰਨਾ 266}

ਪਦ ਅਰਥ: ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ। ਰਿਦੈ = ਹਿਰਦੇ ਵਿਚ। ਸਦ = ਸਦਾ। ਲੋਰੈ = ਚਾਹੇ। ਸਾਧ ਸੰਗਿ = ਭਲਿਆਂ ਦੀ ਸੰਗਤਿ ਵਿਚ (ਰਹਿ ਕੇ) । ਛੋਰੈ = ਛੱਡ ਦੇਵੇ। ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ। ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ।

ਅਰਥ: ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ, (ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।

ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।

ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।

ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ, ਤਾਂ ਉਹ ਸੰਤਾਂ ਦੀ ਚਰਨੀਂ ਲੱਗੇ।

ਹੇ ਨਾਨਕ! (ਆਖ ਕਿ) ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ, ਮੈਂ ਉਸ ਤੋਂ ਸਦਾ ਸਦਕੇ ਜਾਵਾਂ।5।

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥ ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥ ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥੬॥ {ਪੰਨਾ 266}

ਪਦ ਅਰਥ: ਜਾ ਕਾ = ਜਿਸ (ਮਨੁੱਖ) ਦਾ। ਸਗਲ = ਸਾਰੇ। ਪੁਰਖ = ਮਨੁੱਖ। ਆਪਸ ਕਉ = ਆਪਣੇ ਆਪ ਨੂੰ। ਨੀਚਾ = ਨੀਵਾਂ, ਮੰਦਾ, ਮਾੜਾ। ਸੋਊ = ਉਸੇ ਮਨੁੱਖ ਨੂੰ। ਗਨੀਐ = ਜਾਣੀਏ, ਸਮਝੀਏ। ਰੀਨਾ = ਧੂੜ, ਚਰਨਾਂ ਦੀ ਧੂੜ। ਨਾਮੁ = ਸਰਬ-ਵਿਆਪਕ ਤਾਕਤ। ਤਿਨਿ = ਉਸ (ਮਨੁੱਖ ਨੇ) । ਘਟਿ ਘਟਿ = ਹਰੇਕ ਸਰੀਰ ਵਿਚ। ਚੀਨਾ = ਪਛਾਣ ਲਿਆ ਹੈ। ਬੁਰਾ = ਬੁਰਾਈ। ਪੇਖੈ = ਵੇਖਦਾ ਹੈ। ਸਮ = ਬਰਾਬਰ, ਇਕੋ ਜਿਹਾ। ਦ੍ਰਿਸਟੇਤਾ = ਵੇਖਣ ਵਾਲਾ। ਲੇਪਾ = ਅਸਰ, ਪ੍ਰਭਾਵ। ਜਨ = (ਉਹ) ਮਨੁੱਖ।

ਅਰਥ: ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ, (ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ।

ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।

ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ) ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।

ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ, ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।

ਹੇ ਨਾਨਕ! (ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ, (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ।6।

ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥ ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਅਪਨੀ ਗਤਿ ਮਿਤਿ ਜਾਨਹੁ ਆਪੇ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥ ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥੭॥ {ਪੰਨਾ 266}

ਪਦ ਅਰਥ: ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ। ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ। ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ। ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ। ਗਤਿ = ਹਾਲਤ, ਅਵਸਥਾ। ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ। ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ। ਕੋਇ = ਕੋਈ ਹੋਰ।

ਅਰਥ: (ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਨਿਆਸਰੇ ਨੂੰ ਤੇਰਾ ਆਸਰਾ ਹੈ। ਨਿਮਾਣੇ ਵਾਸਤੇ ਤੇਰਾ (ਨਾਮ) , ਹੇ ਪ੍ਰਭੂ! ਆਦਰ ਮਾਣ ਹੈ, ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।

ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ! ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।

ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ; ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।

ਹੇ ਨਾਨਕ! (ਆਖ, ਕਿ, ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ।7।

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥ {ਪੰਨਾ 266}

ਪਦ ਅਰਥ: ਸ੍ਰੇਸਟ = ਸਭ ਤੋਂ ਚੰਗਾ। ਨਿਰਮਲ = ਪਵਿਤ੍ਰ, ਸੁੱਧ। ਕਰਮੁ = ਕੰਮ, ਆਚਰਨ। ਕ੍ਰਿਆ = ਧਾਰਮਿਕ ਰਸਮ। ਦੁਰਮਤਿ = ਭੈੜੀ ਮਤਿ। ਹਿਰਿਆ = ਦੂਰ ਕੀਤੀ। ਜੀਅ = ਹੇ ਜੀ! ਹੇ ਮਨ! ਅੰਮ੍ਰਿਤ = ਅਮਰ ਕਰਨ ਵਾਲੀ। ਰਸਨ = ਜੀਭ। ਬਖਾਨੀ = ਉੱਚਾਰ, ਬੋਲ। ਜਿਹ ਘਟਿ = ਜਿਸ ਘਟ ਵਿਚ, ਜਿਸ ਸਰੀਰ ਵਿਚ, ਜਿਸ ਹਿਰਦੇ ਵਿਚ।

ਅਰਥ: (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) = ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।

ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ = ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।

ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ = ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ। ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ = (ਪ੍ਰਭੂ ਦੇ ਜਸ ਦੀ ਇਹ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।

ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ।8।3।

ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ {ਪੰਨਾ 266}

ਪਦ ਅਰਥ: ਨਿਰਗੁਨੀਆਰ = ਹੇ ਨਿਰਗੁਣ ਜੀਵ! ਹੇ ਗੁਣ-ਹੀਣ ਜੀਵ! ਇਆਨਿਆ = ਹੇ ਅੰਞਾਣ! ਸਮਾਲਿ = ਚੇਤੇ ਰੱਖ, ਯਾਦ ਕਰ। ਜਿਨਿ = ਜਿਸ (ਪ੍ਰਭੂ) ਨੇ। ਕੀਆ = ਪੈਦਾ ਕੀਤਾ। ਤਿਸੁ = ਉਸ ਨੂੰ। ਚਿਤਿ = ਚਿੱਤ ਵਿਚ। ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ।

ਅਰਥ: ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ) ! ਉਸ ਮਾਲਕ ਨੂੰ ਸਦਾ ਯਾਦ ਕਰ। ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ।1।

ਅਸਟਪਦੀ ॥ ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥ ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥੧॥ {ਪੰਨਾ 266-267}

ਪਦ ਅਰਥ: ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ! ਦ੍ਰਿਸਟਾਨੀ = ਵਿਖਾ ਦਿੱਤਾ। ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ। ਗਰਭ ਅਗਨਿ = ਪੇਟ ਦੀ ਅੱਗ। ਉਬਾਰਿਆ = ਬਚਾਇਆ। ਬਾਰ = ਬਾਲਕ। ਬਿਵਸਥਾ = ਉਮਰ, ਹਾਲਤ। ਪਿਆਰੈ = ਪਿਆਲਦਾ ਹੈ। ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ। ਸੂਧ = ਸੂਝ। ਬਿਰਧਿ = ਬੁੱਢਾ। ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ। ਮੁਖਿ = ਮੂੰਹ ਵਿਚ। ਅਪਿਆਉ = {skt. AwÈX To grow fat. (caus) To make fat or comfortable. AwÈXwXnz) ਚੰਗੇ ਭੋਜਨ। ਬੈਠ ਕਉ = ਬੈਠੇ ਨੂੰ। ਦੈਨ = ਦੇਂਦੇ ਹਨ।

ਅਰਥ: ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ, (ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।

ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;

ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ, ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ) ;

(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ) ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ) ।

(ਪਰ) ਹੇ ਨਾਨਕ! (ਆਖ, ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ, (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ।1।

TOP OF PAGE

Sri Guru Granth Darpan, by Professor Sahib Singh