ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 265 ਹਰਿ ਹਰਿ ਜਨ ਕੈ ਮਾਲੁ ਖਜੀਨਾ ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥ ਹਰਿ ਹਰਿ ਜਨ ਕੈ ਓਟ ਸਤਾਣੀ ॥ ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥ ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥ ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥ ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥ ਨਾਨਕ ਜਨ ਸੰਗਿ ਕੇਤੇ ਤਰੇ ॥੭॥ {ਪੰਨਾ 265} ਪਦ ਅਰਥ: ਜਨ ਕੈ = ਭਗਤ ਦੇ (ਹਿਰਦੇ ਵਿਚ) , ਭਗਤ ਵਾਸਤੇ। ਖਜੀਨਾ = ਖ਼ਜ਼ਾਨਾ, ਧਨ। ਆਪ ਪ੍ਰਭਿ = ਪ੍ਰਭੂ ਨੇ ਆਪ। ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ। ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ। ਅਵਰ = (ਕੋਈ) ਹੋਰ (ਓਟ) । ਓਤਿ ਪੋਤਿ = {Skt. Aoq pRoq = Sewn crosswise and lengthwise, extending in all directions} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ। ਰਸਿ = ਰਸ ਵਿਚ। ਰਾਤੇ = ਰੰਗੇ ਹੋਏ, ਭਿੱਜੇ ਹੋਏ। ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ। ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ। ਮਾਤੇ = ਮੱਤੇ ਹੋਏ। ਬਹੁ = ਬਹੁਤਿਆਂ ਨੂੰ। ਕੇਤੇ = ਕਈ ਜੀਵ। ਅਰਥ: ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ, ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ। ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ, ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ। ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ, (ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ। (ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ, (ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ। ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ; ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ।7। ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥ ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥ ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥ ਸੰਤ ਕਾ ਸੰਗੁ ਵਡਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥ ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥ {ਪੰਨਾ 265} ਪਦ ਅਰਥ: ਪਾਰਜਾਤੁ = ਸੁਰਗ ਦੇ ਪੰਜ ਰੁੱਖ pcYqy dyvqrvo mzdwr: pwirjwiqk: ]szqwn: kÑpvã˜Óc puzis vw hircNdnm` ] ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ 'ਪਾਰਜਾਤ' ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ। ਕਾਮਧੇਨ = ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ। ਗਾਮ = ਗਾਉਣੇ। ਦੁਰਤੁ = ਪਾਪ। ਨਾਮ ਤੁਲਿ = ਨਾਮ ਦੇ ਬਰਾਬਰ। ਗੁਰਮੁਖਿ = ਗੁਰੂ ਦੀ ਰਾਹੀਂ। ਜਨੁ ਕੋਇ = ਕੋਈ ਵਿਰਲਾ ਮਨੁੱਖ। ਅਰਥ: ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ, ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ। ਪ੍ਰਭੂ ਦੀਆਂ (ਸਿਫ਼ਤਿ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ (ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ। (ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ (ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ। ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ (ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ। ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ, ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ।8।2। ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥ ਪਦ ਅਰਥ: ਪੇਖੇ = ਵੇਖੇ ਹਨ। ਸਰਬ = ਸਾਰੇ। ਢਢੋਲਿ = ਢੂੰਡ ਕੇ, ਖੋਜ ਕੇ। ਪੂਜਸਿ ਨਾਹੀ = ਨਹੀਂ ਅੱਪੜਦੇ, ਬਰਾਬਰੀ ਨਹੀਂ ਕਰਦੇ। ਅਮੋਲ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਸਤ੍ਰ = {Skt. _wÔ>} 1. ਧਾਰਮਿਕ ਪੁਸਤਕ। 2. ਪਦਾਰਥ ਵਿੱਦਿਆ ਦੇ ਪੁਸਤਕ। ਸਿਮ੍ਰਿਤਿ = ਹਿੰਦੂ ਕੌਮ ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ ਆਗੂਆਂ ਨੇ ਲਿਖੀਆਂ। ਅਰਥ: ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ) (ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ।1। ਅਸਟਪਦੀ ॥ ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265} ਪਦ ਅਰਥ: ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ। ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ। ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ। ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) । ਵਖਿਆਨ = ਉਪਦੇਸ਼। ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ। ਤਿਆਗਿ = ਛੱਡ ਕੇ। ਮਧੇ = ਵਿਚ। ਹੋਮੈ = ਹਵਨ ਕਰੇ, ਅੱਗ ਵਿਚ ਪਾਵੇ। ਰਤਨਾ = ਘਿਉ। ਕਰਿ ਰਾਤੀ = ਰਤੀ ਰਤੀ ਕਰ ਕੇ। ਨੇਮ = ਬੰਧੇਜ। ਇਕ ਬਾਰ = ਇਕ ਵਾਰੀ। ਅਰਥ: (ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ, ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ; ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, (ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ; ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ; (ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, (ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ।1। ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥ ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸ੍ਵ ਹੈਵਰ ਭੂਮਿ ਦਾਨ ॥ ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥ {ਪੰਨਾ 265} ਪਦ ਅਰਥ: ਨਉ ਖੰਡ = ਨਉਂ ਹਿੱਸੇ। ਪ੍ਰਿਥਮੀ = ਧਰਤੀ। ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ। ਚਿਰੁ = ਬਹੁਤ ਲੰਮੀ ਉਮਰ। ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ। ਨਿਉਲੀ ਕਰਮ = ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ। ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ। ਮਾਰਗ = ਰਸਤਾ। ਨਿਮਖ ਨਿਮਖ = ਥੋੜਾ ਥੋੜਾ। ਸਮਸਰਿ = ਬਰਾਬਰ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ। ਪਰਾਨ = ਜਿੰਦ। ਕਨਿਕ = ਸੋਨਾ (gold) । ਅਸ੍ਵ = ਘੋੜੇ। ਹੈਵਰ = {hrwvr} ਵਧੀਆ ਘੋੜੇ। ਭੂਮਿ ਦਾਨ = ਜ਼ਮੀਨ ਦਾ ਦਾਨ। ਅਰਥ: (ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ, (ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ; ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ; ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ; ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ-) ਆਸਨ ਕਰੇ, ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ; ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। (ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ; ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ।2। ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥ ਪਦ ਅਰਥ: ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ। ਤੀਰਥ = ਤੀਰਥਾਂ ਉਤੇ। ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ। ਗਰਬੁ = ਅਹੰਕਾਰ। ਗੁਮਾਨੁ = ਅਹੰਕਾਰ। ਹੁਟੈ = ਘਟਦਾ। ਸੋਚ = ਸੌਚ, ਇਸ਼ਨਾਨ। ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ। ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ। ਬਿਖਿਆ = ਮਾਇਆ। ਨ ਟਰੈ = ਨਹੀਂ ਟਲਦੀ, ਨਹੀਂ ਹਟਦੀ। ਜਲਿ = ਪਾਣੀ ਨਾਲ। ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ) , ਨਾਸਵੰਤ। ਭੀਤਿ = ਕੰਧ। ਨਾਮਿ = ਨਾਮ ਦੀ ਰਾਹੀਂ। ਬਹੁ ਮੂਚ = ਬਹੁਤ, ਅਣਗਿਣਤ (ਜੀਵ) । ਪਤਿਤ = ਡਿੱਗੇ ਹੋਏ, ਮੰਦ-ਕਰਮੀ। ਅਰਥ: (ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ। (ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ। (ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ। (ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ? |
![]() |
![]() |
![]() |
![]() |
Sri Guru Granth Darpan, by Professor Sahib Singh |