ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 264 ਅਸਟਪਦੀ ॥ ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥ ਅਨਿਕ ਪੁਨਹਚਰਨ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥੧॥ {ਪੰਨਾ 264} ਪਦ ਅਰਥ: ਜਹ = ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ) । ਸਤੁ = ਪੁੱਤ੍ਰ। ਮਨ = ਹੇ ਮਨ! ਊਹਾ = ਓਥੇ। ਮਹਾ = ਵੱਡਾ। ਭਇਆਨ = ਭਿਆਨਕ, ਡਰਾਉਣਾ। ਦੂਤ ਜਮ = ਜਮਦੂਤ। ਦੂਤ ਜਮ ਦਲੈ = ਜਮਦੂਤਾਂ ਦਾ ਦਲ। ਤਹ = ਓਥੇ। ਕੇਵਲ = ਸਿਰਫ਼। ਖਿਨ ਮਾਹਿ = ਖਿਨ ਵਿਚ, ਅੱਖ ਦੇ ਫੋਰ ਵਿਚ। ਉਧਾਰੀ = ਬਚਾਉਂਦਾ ਹੈ। ਅਨਿਕ = ਅਨੇਕ, ਬਹੁਤ। ਪੁਨਹ ਚਰਨ {skt. pun: Awcrx। ਆਚਰਨ = ਧਾਰਮਿਕ ਰਸਮ} = ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ) । ਕੋ = ਕਾ, ਦਾ। ਕੋਟਿ = ਕਰੋੜ। ਪਰਹਰੈ = ਦੂਰ ਕਰ ਦੇਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।1। ਅਰਥ: ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ) , ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ) । ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ। ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, (ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ। ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ। (ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ; ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ।1। ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥ ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥ {ਪੰਨਾ 264} ਪਦ ਅਰਥ: ਸਗਲ = ਸਾਰੀ। ਸ੍ਰਿਸਟਿ = ਦੁਨੀਆ। ਕੋ = ਦਾ। ਲਾਖ ਕਰੋਰੀ = ਲੱਖਾਂ ਕਰੋੜਾਂ (ਰੁਪਇਆਂ) ਨਾਲ, ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ। ਬੰਧੁ = ਰੋਕ, ਥੰਮ੍ਹ। ਨ ਪਰੈ = ਨਹੀਂ ਪੈਂਦੀ। ਨਿਸਤਰੈ = ਪਾਰ ਲੰਘ ਜਾਂਦਾ ਹੈ। ਅਨਿਕ ਮਾਇਆ ਰੰਗ = ਮਾਇਆ ਦੇ ਅਨੇਕ ਰੰਗ, ਮਾਇਆ ਦੀਆਂ ਅਨੇਕਾਂ ਮੌਜਾਂ (ਹੁੰਦਿਆਂ ਭੀ) । ਤਿਖ = ਤ੍ਰਿਹ, ਮਾਇਆ ਦੀ ਤ੍ਰਿਹ। ਆਘਾਵੈ = ਰੱਜ ਜਾਂਦਾ ਹੈ। ਜਿਹ ਮਾਰਗ = ਜਿਨ੍ਹਾਂ ਰਸਤਿਆਂ ਤੇ। ਸੁਹੇਲਾ = ਸੁਖ ਦੇਣ ਵਾਲਾ। ਮਨ = ਹੇ ਮਨ! ਪਰਮ = ਉੱਚਾ। ਗਤਿ = ਦਰਜਾ। ਪਾਈਐ = ਪਾਈਦਾ ਹੈ, ਮਿਲਦਾ ਹੈ। ਅਰਥ: (ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ) ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ) ; (ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ, (ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ; ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ, (ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ। ਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ) ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ। (ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ, ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ।2। ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥ ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥ ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥ ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥੩॥ {ਪੰਨਾ 264} ਪਦ ਅਰਥ: ਛੂਟਤ = ਖ਼ਲਾਸੀ ਪਾਉਂਦਾ, ਬਚ ਸਕਦਾ। ਬਾਹੀ = ਬਾਹਵਾਂ ਨਾਲ, ਭਰਾਵਾਂ ਦੇ ਹੁੰਦਿਆਂ। ਪਰਾਹੀ = ਪਰਹਿ, ਪੈਂਦੇ ਹਨ। ਪਾਰਿ ਪਰਾਹੀ = ਪਾਰ ਲੰਘ ਜਾਂਦੇ ਹਨ। ਆਇ = ਆ ਕੇ। ਸੰਘਾਰੈ = (skt. szHã) ਨਾਸ ਕਰਦੇ ਹਨ, ਦੁਖੀ ਕਰਦੇ ਹਨ। ਤਤਕਾਲ = ਤੁਰਤ। ਬਿਸ੍ਰਾਮ = ਟਿਕਾਉ। ਹਉ = ਅਪਣੱਤ, ਵਖੇਵਾਂ-ਪਨ। ਕੋਟਿ = ਕਰੋੜਾਂ। ਮਨ = ਹੇ ਮਨ! ਰੰਗਿ = ਰੰਗ ਵਿਚ, ਪਿਆਰ ਨਾਲ। ਨਾਨਕ = ਹੇ ਨਾਨਕ! ਅਰਥ: ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ, ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ। ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ, (ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ। (ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ) , ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ। ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ। ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ। ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ।3। ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥ ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥ ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥ ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥ {ਪੰਨਾ 264} ਪਦ ਅਰਥ: ਜਿਹ = ਜਿਸ। ਮਾਰਗ = ਰਾਹ, ਪੈਂਡਾ। ਊਹਾ = ਓਥੇ। ਸੰਗਿ = (ਤੇਰੇ) ਨਾਲ। ਤੋਸਾ = ਖ਼ਰਚ, ਪੂੰਜੀ। ਜਿਹ ਪੈਡੈ = ਜਿਸ ਰਾਹ ਵਿਚ। ਗੁਬਾਰਾ = ਹਨੇਰਾ। ਉਜੀਆਰਾ = ਚਾਨਣ। ਪੰਥਿ = ਰਾਹ ਵਿਚ। ਭਇਆਨ = ਭਿਆਨਕ, ਡਰਾਉਣਾ। ਤਪਤਿ = ਤਪਸ਼। ਘਾਮ = ਗਰਮੀ। ਛਾਮ = ਛਾਂ। ਤ੍ਰਿਖਾ = ਤ੍ਰਿਹ। ਆਕਰਖੈ = ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ। ਤੁਝੁ = ਤੈਨੂੰ। ਬਰਖੈ = ਵਰਸਦਾ ਹੈ। ਅਰਥ: ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ। ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ, (ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ। ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ, ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ। ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ, ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ। (ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ, ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ।4। ਭਗਤ ਜਨਾ ਕੀ ਬਰਤਨਿ ਨਾਮੁ ॥ ਸੰਤ ਜਨਾ ਕੈ ਮਨਿ ਬਿਸ੍ਰਾਮੁ ॥ ਹਰਿ ਕਾ ਨਾਮੁ ਦਾਸ ਕੀ ਓਟ ॥ ਹਰਿ ਕੈ ਨਾਮਿ ਉਧਰੇ ਜਨ ਕੋਟਿ ॥ ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥ ਹਰਿ ਹਰਿ ਅਉਖਧੁ ਸਾਧ ਕਮਾਤਿ ॥ ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥ ਪਾਰਬ੍ਰਹਮਿ ਜਨ ਕੀਨੋ ਦਾਨ ॥ ਮਨ ਤਨ ਰੰਗਿ ਰਤੇ ਰੰਗ ਏਕੈ ॥ ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥ {ਪੰਨਾ 264} ਪਦ ਅਰਥ: ਬਰਤਨਿ = ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ-ਠੋਕਾ। ਮਨਿ = ਮਨ ਵਿਚ। ਓਟ = ਆਸਰਾ। ਹਰਿ ਕੈ ਨਾਮਿ = ਪ੍ਰਭੂ ਦੇ ਨਾਮ ਦੀ ਰਾਹੀਂ। ਜਨ = ਮਨੁੱਖ। ਹਰਿ ਜਸੁ = ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ। ਅਉਖਧੁ = ਦਵਾਈ, ਦਾਰੂ। ਕਮਾਤਿ = ਕਮਾਉਂਦੇ ਹਨ, ਹਾਸਲ ਕਰਦੇ ਹਨ। ਹਰਿ ਜਨ ਕੈ = ਪ੍ਰਭੂ ਦੇ ਸੇਵਕ ਦੇ (ਪਾਸ) । ਨਿਧਾਨੁ = ਖ਼ਜ਼ਾਨਾ। ਪਾਰਬ੍ਰਹਮਿ = ਪਾਰਬ੍ਰਹਮ ਨੇ, ਪ੍ਰਭੂ ਨੇ। ਕੀਨੋ = ਕੀਤਾ ਹੈ। ਜਨ = ਜਨਾਂ ਨੂੰ, ਆਪਣੇ ਸੇਵਕਾਂ ਨੂੰ। ਰੰਗ = ਪਿਆਰ। ਬਿਰਤਿ = ਸੁਭਾਉ, ਰੁਚੀ। ਬਿਬੇਕੈ = ਪਰਖ, ਵਿਚਾਰ। ਬਿਰਤਿ ਬਿਬੇਕੈ = ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ। ਅਰਥ: ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ, ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ। ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ, ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ। ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ, ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ) । ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ, ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ। ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ; ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ।5। ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥ ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥ ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥੬॥ {ਪੰਨਾ 264-265} ਪਦ ਅਰਥ: ਜਨ ਕਉ = ਭਗਤ ਜਨਾਂ ਵਾਸਤੇ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ। ਜੁਗਤਿ = ਤਰੀਕਾ, ਵਸੀਲਾ। ਤ੍ਰਿਪਤਿ = ਰਜੇਵਾਂ, ਤਸੱਲੀ। ਭੁਗਤਿ = (ਮਾਇਕ) ਭੋਗ। ਰੂਪ ਰੰਗੁ = ਸੁਹਣੱਪ। ਭੰਗੁ = ਵਿਘਨ। ਵਡਿਆਈ = ਇੱਜ਼ਤ। ਜਨ = (ਭਗਤ) ਜਨਾਂ ਨੇ। ਬਿਓਗੁ = ਵਿਛੋੜਾ, ਕਲੇਸ਼, ਦੁੱਖ। ਰਾਤਾ = ਰੱਤਾ ਹੋਇਆ, ਭਿੱਜਿਆ ਹੋਇਆ, ਮਸਤ। ਦੇਵਾ = ਦੇਵ, ਚਾਨਣ-ਰੂਪ ਪ੍ਰਭੂ। ਅਰਥ: ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ, (ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ। ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ, ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ। ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ, (ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ। (ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ, ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ। (ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ; ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ।6। |
![]() |
![]() |
![]() |
![]() |
Sri Guru Granth Darpan, by Professor Sahib Singh |