ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 263

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ ਪੂਰਨ ਆਸਾ ॥ ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥੪॥ {ਪੰਨਾ 263}

ਪਦ ਅਰਥ: ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਮੂਚਾ = ਮਹਾਨ ਉੱਚਾ, ਬਹੁਤ ਸਾਰੇ। ਤ੍ਰਿਸਨਾ = (ਮਾਇਆ ਦੀ) ਤ੍ਰਿਹ। ਸਭੁ ਕਿਛੁ = ਹਰੇਕ ਗੱਲ। ਤ੍ਰਾਸ = ਡਰ। ਜਮ ਤ੍ਰਾਸਾ = ਜਮਾਂ ਦਾ ਡਰ। ਰਿਦ ਮਾਹਿ = ਹਿਰਦੇ ਵਿਚ। ਸਮਾਇ = ਟਿਕ ਜਾਂਦਾ ਹੈ। ਰਸਨਾ = ਜੀਭ। ਜਨ ਕਾ = ਜਨਾਂ ਦਾ, ਸਾਧਾਂ ਦਾ। ਸਾਧ = ਗੁਰਮੁਖ। ਦਾਸਨਿ ਦਸਨਾ = ਦਾਸਾਂ ਦਾ ਦਾਸ।

ਅਰਥ: ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ; ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ, (ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ।

ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ, ਤੇ, (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ) ।

ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।

ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ) । (ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ।4।

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥੫॥ {ਪੰਨਾ 263}

ਪਦ ਅਰਥ: ਸਿਮਰਹਿ = (ਜੋ) ਸਿਮਰਦੇ ਹਨ। ਸੇ = ਉਹ ਮਨੁੱਖ। ਧਨਵੰਤੇ = ਧਨ ਵਾਲੇ, ਧਨਾਢ। ਪਤਿਵੰਤੇ = ਇੱਜ਼ਤ ਵਾਲੇ। ਪਰਵਾਨ = ਕਬੂਲ, ਮੰਨੇ ਪ੍ਰਮੰਨੇ। ਪੁਰਖ = ਮਨੁੱਖ। ਪ੍ਰਧਾਨ = ਸ੍ਰੇਸ਼ਟ, ਚੰਗੇ। ਸਿ = ਸੇ, ਉਹ ਮਨੁੱਖ। ਬੇਮੁਹਤਾਜੇ = ਬੇ-ਮੁਥਾਜ, ਬੇ-ਪਰਵਾਹ। ਅਬਿਨਾਸੀ = ਨਾਸ-ਰਹਿਤ, ਜਨਮ ਮਰਨ ਤੋਂ ਰਹਿਤ। ਸਿਮਰਨਿ = ਸਿਮਰਨ ਵਿਚ। ਤੇ = ਉਹ ਮਨੁੱਖ। ਜਿਨ = ਜਿਨ੍ਹਾਂ ਉਤੇ। ਆਪਿ = ਪ੍ਰਭੂ ਆਪ। ਜਨ = ਸੇਵਕ। ਰਵਾਲਾ = ਚਰਨਾਂ ਦੀ ਧੂੜ।

ਅਰਥ: ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ, ਤੇ, ਉਹ ਇੱਜ਼ਤ ਵਾਲੇ ਹਨ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ, ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ, ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।

(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ) ; ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ।5।

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥ ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥ ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥ ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਨਾਨਕ ਸਿਮਰਨੁ ਪੂਰੈ ਭਾਗਿ ॥੬॥ {ਪੰਨਾ 263}

ਪਦ ਅਰਥ: ਉਪਕਾਰ = ਭਲਾਈ, ਨੇਕੀ। ਉਪਕਾਰੀ = ਭਲਾਈ ਕਰਨ ਵਾਲਾ। ਪਰਉਪਕਾਰੀ = ਦੂਜਿਆਂ ਨਾਲ ਭਲਾਈ ਕਰਨ ਵਾਲੇ। ਤਿਨ = ਉਹਨਾਂ ਤੋਂ। ਸਦ = ਸਦਾ। ਬਲਿਹਾਰੀ = ਸਦਕੇ, ਕੁਰਬਾਨ। ਸੁਹਾਵੇ = ਸੋਹਣੇ। ਤਿਨ = ਉਹਨਾਂ ਦੀ। ਸੂਖਿ = ਸੁਖ ਵਿਚ। ਬਿਹਾਵੈ = ਬੀਤਦੀ ਹੈ। ਤਿਨ = ਉਹਨਾਂ ਨੇ। ਆਤਮੁ = ਆਪਣੇ ਆਪ ਨੂੰ। ਤਿਨ ਰੀਤਾ = ਉਹਨਾਂ ਦੀ ਰੀਤ। ਰੀਤ = ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਨਿਰਮਲ = ਮਲ-ਰਹਿਤ, ਪਵਿਤ੍ਰ। ਅਨਦ = ਅਨੰਦ, ਖੁਸ਼ੀਆਂ, ਸੁਖ। ਘਨੇਰੇ = ਬਹੁਤ। ਬਸਹਿ = ਵੱਸਦੇ ਹਨ। ਨੇਰੇ = ਨੇੜੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਿ = ਜਾਗ ਸਕੀਦਾ ਹੈ। ਨਾਨਕ = ਹੇ ਨਾਨਕ! ਪੂਰੈ ਭਾਗਿ = ਪੂਰੀ ਕਿਸਮਤ ਨਾਲ।

ਅਰਥ: ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ, ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ, ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ।

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, (ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।

ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ; ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ।6।

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥ ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥ ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਨਾਨਕ ਤਿਨ ਜਨ ਸਰਨੀ ਪਇਆ ॥੭॥ {ਪੰਨਾ 263}

ਪਦ ਅਰਥ: ਝੂਰੇ = ਝੁਰਦਾ, ਚਿੰਤਾ ਕਰਦਾ। ਹਰਿ ਗੁਨ ਬਾਨੀ = ਹਰੀ ਦੇ ਗੁਣਾਂ ਵਾਲੀ ਬਾਣੀ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਸਮਾਨੀ = ਲੀਨ ਹੋ ਜਾਂਦਾ ਹੈ। ਨਿਹਚਲ = ਟਿਕਵਾਂ, ਨਾਹ ਹਿੱਲਣ ਵਾਲਾ। ਕਮਲ = ਹਿਰਦਾ ਰੂਪ ਕਉਲ ਫੁੱਲ। ਬਿਗਾਸਨੁ = ਖਿੜਾਉ। ਅਨਹਦ = ਇਕ-ਰਸ, ਲਗਾਤਾਰ। ਝੁਨਕਾਰ = ਰਸੀਲੀ ਮਿੱਠੀ ਆਵਾਜ਼। ਮਇਆ = ਮੇਹਰ, ਦਇਆ।

ਅਰਥ: ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ) ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ।

ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤਿ-ਸਾਲਾਹ ਦੀ ਆਦਤ ਪੈ ਜਾਂਦੀ ਹੈ) ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ।

ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ) , (ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ।

ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ; ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ।7।

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਹਰਿ ਸਿਮਰਨਿ ਲਗਿ ਬੇਦ ਉਪਾਏ ॥ ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥ ਹਰਿ ਸਿਮਰਨਿ ਧਾਰੀ ਸਭ ਧਰਨਾ ॥ ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥ ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥ ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥ {ਪੰਨਾ 263}

ਪਦ ਅਰਥ: ਹਰਿ ਸਿਮਰਨੁ = ਪ੍ਰਭੂ ਦਾ ਸਿਮਰਨ। ਕਰਿ = ਕਰ ਕੇ। ਪ੍ਰਗਟਾਏ = ਮਸ਼ਹੂਰ ਹੋਏ। ਹਰਿ ਸਿਮਰਨਿ = ਪ੍ਰਭੂ ਦੇ ਸਿਮਰਨ ਵਿਚ। ਲਗਿ = ਲੱਗ ਕੇ, ਜੁੜ ਕੇ। ਉਪਾਏ = ਪੈਦਾ ਕੀਤੇ। ਭਏ = ਹੋ ਗਏ। ਸਿਧ = ਉਹ ਪੁਰਸ਼ ਜੋ ਸਾਧਨਾਂ ਦੁਆਰਾ ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਜਾਏ। ਜਤੀ = ਆਪਣੇ ਸਰੀਰਕ ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲਾ। ਚਹੁ ਕੁੰਟ = ਚਹੁੰ-ਪਾਸੀਂ, ਸਾਰੇ ਜਗਤ ਵਿਚ। ਜਾਤੇ = ਮਸ਼ਹੂਰ। ਸਿਮਰਨਿ = ਸਿਮਰਨ ਨੇ। ਧਾਰੀ = ਟਿਕਾਈ। ਧਰਨਾ = ਧਰਤੀ। ਕਾਰਨ ਕਰਨ = ਜਗਤ ਦਾ ਕਾਰਨ, ਜਗਤ ਦਾ ਮੂਲ, ਸ੍ਰਿਸ਼ਟੀ ਦਾ ਕਰਤਾ। ਆਕਾਰਾ = ਦ੍ਰਿਸ਼ਟਮਾਨ ਜਗਤ। ਮਹਿ = ਵਿਚ। ਜਿਸੁ = ਜਿਸ ਨੂੰ। ਨਾਨਕ = ਹੇ ਨਾਨਕ! ਤਿਨਿ = ਉਸ ਮਨੁੱਖ ਨੇ। ਗੁਰਮੁਖਿ = ਗੁਰੂ ਦੀ ਰਾਹੀਂ।

ਅਰਥ: ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ, ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।

ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ; ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ।

ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ; (ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।

ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ; ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ।

ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ, ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ।8।1।

ਸਲੋਕੁ ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥ {ਪੰਨਾ 263-264}

ਪਦ ਅਰਥ: ਦੀਨ = ਗਰੀਬ, ਕੰਗਾਲ, ਕਮਜ਼ੋਰ। ਭੰਜਨਾ = ਤੋੜਨ ਵਾਲਾ, ਨਾਸ ਕਰਨ ਵਾਲਾ। ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ) । ਨਾਥ = ਮਾਲਕ, ਖਸਮ। ਅਨਾਥ = ਯਤੀਮ, ਨਿਖਸਮੇ। ਨਾਥ = ਅਨਾਥਾਂ ਦਾ ਨਾਥ। ਆਇਓ = ਆਇਆ ਹਾਂ। ਪ੍ਰਭ = ਹੇ ਪ੍ਰਭੂ! ਨਾਨਕ ਕੇ ਸਾਥ = ਗੁਰੂ ਦੇ ਨਾਲ, ਗੁਰੂ ਦੀ ਚਰਨੀਂ ਪੈ ਕੇ।

ਅਰਥ: ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ!

ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ।2।

ਨੋਟ: ਲਫ਼ਜ਼ "ਤੁਮ੍ਹ੍ਹਾਰੀ" ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ।

TOP OF PAGE

Sri Guru Granth Darpan, by Professor Sahib Singh