ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1285

ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥ {ਪੰਨਾ 1285}

ਪਦ ਅਰਥ: ਦਰਿ = (ਪ੍ਰਭੂ ਦੇ) ਦਰ ਤੇ। ਮੇਘੈ = (ਗੁਰੂ) ਬੱਦਲ ਨੂੰ। ਉਰਿ = ਹਿਰਦੇ ਵਿਚ। (ਨੋਟ: 'ਭੂਤਕਾਲ ਕ੍ਰਿਆ' ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ।)

ਅਰਥ: (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ (ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ।1।

ਮਃ ੩ ॥ ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥ ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥ {ਪੰਨਾ 1285}

ਪਦ ਅਰਥ: ਇਵ = ਇਸ ਤਰ੍ਹਾਂ। ਤਿਖਾ = ਮਾਇਆ ਦੀ ਤ੍ਰਿਸ਼ਨਾ। ਸਉ = ਸੌ ਵਾਰੀ। ਕਰਹਿ ਪੁਕਾਰ = ਤੂੰ ਤਰਲੇ ਕਰੇਂ। ਨਦਰੀ = ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਮਿਲਦਾ ਹੈ। ਉਪਜੈ = ਪੈਦਾ ਹੁੰਦਾ ਹੈ। ਮਨਿ = ਮਨ ਵਿਚ। ਜਾਹਿ = ਦੂਰ ਹੋ ਜਾਂਦੇ ਹਨ।

ਅਰਥ: ਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ, (ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿਚ ਪਿਆਰ ਪੈਦਾ ਹੁੰਦਾ ਹੈ। ਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ।2।

ਪਉੜੀ ॥ ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥ ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨ੍ਹ੍ਹਾਇਆ ॥ ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥ ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥ ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥ ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥ ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥ ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥ {ਪੰਨਾ 1285}

ਪਦ ਅਰਥ: ਧੁਰਹੁ = ਮੁੱਢ ਤੋਂ ਹੀ। ਭਦੁ = ਸਿਰ ਮੁਨਾਣਾ। ਵੇਜਾਤਿ = ਕੁਜਾਤਿ ਮਨੁੱਖ। ਆਚਾਰੁ = ਚੰਗੀ ਰੀਹਣੀ। ਓਅੰਕਾਰਿ = ਅਕਾਲ ਪੁਰਖ ਵਿਚ। ਤੀਰਥਿ = ਪ੍ਰਭੂ-ਤੀਰਥ ਉਤੇ (ਵੇਖੋ ਪਉੜੀ 18, ਸਤਰ 4) । ਉਝੜ = ਉਜਾੜ ਵਾਲੇ ਰਾਹੇ, ਜੀਵਨ ਦੇ ਗ਼ਲਤ ਰਸਤੇ ਉਤੇ। ਖੁਆਇਆ = ਸਹੀ ਰਾਹ ਤੋਂ ਖੁੰਝਾਏ ਹੋਏ ਹਨ। ਮੁਖਿ = ਮੂੰਹ ਵਿਚ। ਹਥੀ = ਹਥੀਂ, ਹੱਥਾਂ ਨਾਲ ਹੀ। ਕੁਚਿਲ = ਗੰਦੇ। ਭਾਇਆ = ਚੰਗਾ ਲੱਗਾ। ਪਤਿ = ਇੱਜ਼ਤ। ਮਨਿ ਜੂਠੈ = ਜੂਠੇ ਮਨ ਦੇ ਕਾਰਨ, ਨਾਮ-ਹੀਣ ਮਨ ਦੇ ਕਾਰਨ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ) । ਸਚਿ = ਸਦਾ-ਥਿਰ ਪ੍ਰਭੂ ਵਿਚ।

ਅਰਥ: ਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ; ਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ; ਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ; ਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ। ਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ; ਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ।

(ਹੇ ਭਾਈ!) ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ।6।

ਸਲੋਕ ਮਃ ੩ ॥ ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥ {ਪੰਨਾ 1285}

ਪਦ ਅਰਥ: ਸਰਸੀ = ਸ-ਰਸੀ=ਰਸ ਵਾਲੀ। ਸਾਵਣਿ = ਸਾਵਣ (ਦੇ ਮਹੀਨੇ) ਵਿਚ। ਕਾਮਣੀ = ਇਸਤ੍ਰੀ, ਜੀਵ-ਇਸਤ੍ਰੀ। ਸਬਦੀ = ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕਰ ਕੇ। ਹੇਤਿ ਅਪਾਰਿ = ਅਪਾਰ ਹਿਤ ਦੇ ਕਾਰਨ।

ਅਰਥ: (ਜਿਵੇਂ) ਸਾਵਣ ਦੇ ਮਹੀਨੇ ਵਿਚ (ਵਰਖਾ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ; ਤਿਵੇਂ) ਜੀਵ-ਇਸਤ੍ਰੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ 'ਨਾਮ' ਦੀ ਵੀਚਾਰ ਕਰ ਕੇ ('ਨਾਮ'-ਵਰਖਾ ਨਾਲ) ਰਸ ਵਾਲੀ (ਰਸੀਏ ਜੀਵਨ ਵਾਲੀ) ਹੋ ਜਾਂਦੀ ਹੈ। ਹੇ ਨਾਨਕ! ਸਤਿਗੁਰੂ ਨਾਲ ਅਪਾਰ ਪਿਆਰ ਕੀਤਿਆਂ ਜੀਵ-ਇਸਤ੍ਰੀ ਸਦਾ ਸੁਹਾਗਵਤੀ ਰਹਿੰਦੀ ਹੈ।1।

ਮਃ ੩ ॥ ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥ ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥ {ਪੰਨਾ 1285}

ਪਦ ਅਰਥ: ਦਝੈ = ਸੜਦੀ ਹੈ। ਗੁਣ ਬਾਹਰੀ = ਗੁਣਾਂ ਤੋਂ ਸੱਖਣੀ। ਦੂਜੈ ਭਾਇ = ਦੂਜੇ ਪਾਸੇ ਵਲ, ਮਾਇਆ ਵਾਲੇ ਪਾਸੇ। ਸਾਰ = ਕਦਰ। ਜਾਣਈ = ਜਾਣਏ, ਜਾਣੈ, ਜਾਣਦੀ।

ਅਰਥ: (ਜਿਵੇਂ) ਸਾਵਣ ਦੇ ਮਹੀਨੇ ਵਿਚ (ਮੀਂਹ ਪਿਆਂ ਹੋਰ ਤਾਂ ਸਾਰੇ ਵਣਤ੍ਰਿਣ ਹਰੇ ਹੁੰਦੇ ਹਨ, ਪਰ ਅੱਕ ਤੇ ਜਿਵਾਹ ਸੜ ਜਾਂਦੇ ਹਨ, ਜਿਵੇਂ ਨਾਮ-ਅੰਮ੍ਰਿਤ ਦੀ ਵਰਖਾ ਹੋਇਆਂ) ਗੁਣ-ਵਿਹੂਣੀ ਜੀਵ-ਇਸਤ੍ਰੀ (ਸਗੋਂ) ਸੜਦੀ ਹੈ ਕਿਉਂਕਿ ਉਸ ਦਾ ਪਿਆਰ ਦੂਜੇ ਪਾਸੇ ਹੈ। ਹੇ ਨਾਨਕ! ਇਸਤ੍ਰੀ ਨੂੰ ਪਤੀ ਦੀ ਸਾਰ ਨਹੀਂ ਪਈ, ਉਸ ਦਾ (ਹੋਰ) ਸਾਰਾ ਸਿੰਗਾਰ (ਉਸ ਨੂੰ) ਖ਼ੁਆਰ ਕਰਨ ਵਾਲਾ ਹੀ ਹੈ।2।

ਪਉੜੀ ॥ ਸਚਾ ਅਲਖ ਅਭੇਉ ਹਠਿ ਨ ਪਤੀਜਈ ॥ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥ ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥ ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥ ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥ ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥ {ਪੰਨਾ 1285}

ਪਦ ਅਰਥ: ਅਭੇਉ = ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਪਤੀਜਈ = ਪਤੀਜਏ, ਪਤੀਜੈ, ਪਤੀਜਦਾ, ਖ਼ੁਸ਼ ਹੁੰਦਾ। ਇਕਿ = ਕਈ (ਲਫ਼ਜ਼ 'ਇਕ' ਤੋਂ ਬਹੁ-ਵਚਨ) । ਗਾਵਹਿ = ਗਾਂਦੇ ਹਨ। ਨਚਿ = ਨੱਚ ਕੇ। ਪੂਰਹਿ ਤਾਲ = ਤਾਲ ਦੇਂਦੇ ਹਨ, ਜੋੜੀ ਦੇ ਤਾਲ ਨਾਲ ਆਪਣੇ ਪੈਰਾਂ ਦਾ ਤਾਲ ਮਿਲਾਂਦੇ ਹਨ। ਕਿਵੈ = ਕਿਸੇ ਤਰ੍ਹਾਂ ਭੀ। ਸੰਸਾਰਿ = ਸੰਸਾਰ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪਰੀਆ = ਰਾਗਣੀਆਂ। ਧੀਜਈ = ਧੀਰਜ ਆਉਂਦੀ। ਕੈ ਲੋਅ = ਕਈ ਲੋਕਾਂ (ਧਰਤੀਆਂ) ਦੇ। ਘੀਜਈ = ਭਿੱਜਦਾ ਹੈ। ਵਧਹਿ = ਵਧਦੇ ਹਨ (ਲਫ਼ਜ਼ "ਵਧਹਿ" ਦਾ ਅਰਥ 'ਬੰਧੇ ਹਨ' ਕਰਨਾ ਗ਼ਲਤ ਹੈ। "ਵਧਹਿ" ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ; ਜਿਵੇਂ ਏਸੇ ਹੀ ਪਉੜੀ ਵਿਚ ਲਫ਼ਜ਼ 'ਗਾਵਹਿ', 'ਪੂਰਹਿ', 'ਖਾਹਿ' ਹਨ) । ਅਸਨੇਹਿ = ਅਸਨੇਹ ਨਾਲ, ਪਿਆਰ ਨਾਲ (ਲਫ਼ਜ਼ 'ਅਸਨੇਹਿ' ਦਾ ਅਰਥ' 'ਪਿਆਰ' ਗ਼ਲਤ ਹੈ; ਇਸੇ ਹੀ ਪਉੜੀ ਵਿਚ ਵੇਖੋ 'ਹਠਿ' = ਹਠ ਨਾਲ; 'ਰਾਗਿ' = ਰਾਗ ਨਾਲ) ।

ਅਰਥ: (ਜੀਵਾਂ ਦੇ) ਹਠ ਨਾਲ (ਭਾਵ, ਕਿਸੇ ਹਠ-ਕਰਮ ਨਾਲ) ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਕਈ ਲੋਕ ਰਾਗ ਰਾਗਣੀਆਂ ਗਾਂਦੇ ਹਨ, ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ; ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ (ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੀ; ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ (ਦੱਸੋ) ਇਹਨਾਂ ਦਾ ਕੀਹ ਕੀਤਾ ਜਾਏ? (ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਕੀਤਾ ਜਾ ਸਕਦਾ) । (ਜੀਵ ਦੀ) ਵਧੀ ਹੋਈ ਤ੍ਰਿਸ਼ਨਾ (ਇਹਨਾਂ ਹਠ-ਕਰਮਾਂ ਨਾਲ) ਕਿਸੇ ਤਰ੍ਹਾਂ ਭੀ ਸ਼ਾਂਤ ਨਹੀਂ ਕੀਤੀ ਜਾ ਸਕਦੀ; ਭਾਵੇਂ ਕਈ ਹੋਰ ਧਰਤੀਆਂ (ਦੇ ਬੰਦਿਆਂ ਦੇ) ਕਰਮ-ਕਾਂਡ (ਇਥੇ) ਵਧ ਜਾਣ (ਤਾਂ ਭੀ) ਖਪ ਕੇ ਹੀ ਮਰੀਦਾ ਹੈ।

ਜਗਤ ਵਿਚ ਪ੍ਰਭੂ ਦਾ ਨਾਮ ਹੀ ਖੱਟੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੀ ਪੀਣਾ ਚਾਹੀਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ। 17।

ਸਲੋਕ ਮਃ ੩ ॥ ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥ ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥ ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥ ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥ ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥ ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥ {ਪੰਨਾ 1285}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸੋਇ = ਸੋਭਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।

ਅਰਥ: (ਆਮ ਪਰਚਲਤ ਖ਼ਿਆਲ ਇਹ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂਹ ਪੈਣ ਲੱਗ ਪੈਂਦਾ ਹੈ, ਪਰ) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਂਦੇ ਹਨ (ਨਾਮ-ਜਲ ਦੀ ਵਰਖਾ ਨਾਲ) ਉਹਨਾਂ ਦਾ ਮਨ ਤੇ ਸਰੀਰ ਠੰਢੇ ਹੋ ਜਾਂਦੇ ਹਨ (ਭਾਵ, ਉਹਨਾਂ ਦੇ ਮਨ ਵਿਚ ਤੇ ਇੰਦ੍ਰਿਆਂ ਵਿਚ ਸ਼ਾਂਤੀ ਆ ਜਾਂਦੀ ਹੈ) ਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਹ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ) ਜੋ ਸਦਾ ਕਾਇਮ ਰਹਿਣ ਵਾਲਾ ਹੈ। ਉਹਨਾਂ ਦਾ ਮਨ ਤੇ ਤਨ ਸੱਚੇ ਦਾ ਰੂਪ ਹੋ ਜਾਂਦਾ ਹੈ (ਭਾਵ, ਮਨ ਤੇ ਸਰੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ) , ਸੱਚਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ-ਥਿਰ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਸਦਾ-ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ।

ਕਲਿਜੁਗ ਵਿਚ (ਭਾਵ, ਇਸ ਵਿਕਾਰਾਂ-ਭਰੇ ਜਗਤ ਵਿਚ ਵਿਕਾਰਾਂ ਦਾ) ਘੁੱਪ ਹਨੇਰਾ ਹੈ, (ਆਪਣੇ) ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਇਸ ਹਨੇਰੇ ਵਿਚੋਂ ਨਿਕਲਣ ਲਈ) ਰਾਹ ਨਹੀਂ ਲੱਭਦਾ।

ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਰਾਹੀਂ ਪਰਗਟ ਹੁੰਦਾ ਹੈ।1।

ਮਃ ੩ ॥ ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥ ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥ ਗੁਰਮੁਖਿ ਸਬਦੁ ਸਮ੍ਹ੍ਹਾਲੀਐ ਸਚੇ ਕੇ ਗੁਣ ਗਾਉ ॥ ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥ {ਪੰਨਾ 1285-1286}

ਪਦ ਅਰਥ: ਇੰਦੁ = ਰਾਜਾ ਇੰਦਰ, (ਭਾਵ,) ਬੱਦਲ। ਕਰਿ = ਕਰ ਕੇ। ਮਨਿ = ਮਨ ਵਿਚ। ਕੈ ਹੁਕਮਿ = ਦੇ ਹੁਕਮ ਅਨੁਸਾਰ। ਜਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਸਦ = ਸਦਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮ੍ਹ੍ਹਾਲੀਐ = ਹਿਰਦੇ ਵਿਚ ਸਾਂਭਿਆ ਜਾ ਸਕਦਾ ਹੈ। ਨਾਮਿ = ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਉ = ਲੀਨਤਾ।

ਅਰਥ: ਜਦੋਂ ਮਿਹਰ ਕਰ ਕੇ ਇੰਦਰ ਵਰਖਾ ਕਰਦਾ ਹੈ, ਲੋਕਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ।

ਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ। ਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ।2।

TOP OF PAGE

Sri Guru Granth Darpan, by Professor Sahib Singh