ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1286

ਪਉੜੀ ॥ ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥ ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥ ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥ ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥ ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥ ਦਰਿ ਸਚੈ ਸਚਿਆਰੁ ਸਚਾ ਆਇਆ ॥ ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥ ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥ {ਪੰਨਾ 1286}

ਪਦ ਅਰਥ: ਕਰਮਿ = ਬਖ਼ਸ਼ਸ਼ ਦੁਆਰਾ। ਮੰਨਿ = ਮਨਿ, ਮਨ ਵਿਚ। ਗਿਆਨਿ = ਗਿਆਨ ਦੀ ਰਾਹੀਂ। ਜਣੇਦੀ = ਜੰਮਣ ਵਾਲੀ। ਮਾਇਆ = ਮਾਂ। ਸਲਾਹਿ = ਸਿਫ਼ਤ ਕਰ ਕੇ। ਹਰਿ ਸਰਿ = ਪ੍ਰਭੂ-ਰੂਪ ਤਲਾਬ ਵਿਚ, ਹਰਿ-ਨਾਮ (ਦੇ) ਸਰੋਵਰ ਵਿਚ। ਜਾਣਿ = ਸਮਝ ਕੇ। ਮਨੂਆ = ਸੋਹਣਾ ਮਨ। ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ। ਗਿਆਨਿ = ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ। ਧਿਆਨਿ = ਅਡੋਲ ਜੁੜੀ ਸੁਰਤਿ ਦੀ ਰਾਹੀਂ। ਤੀਰਥਿ = ਤੀਰਥ ਉਤੇ। ਜਾਣਿ = ਜਾਣ ਕੇ, ਸੂਝ ਹਾਸਲ ਕਰ ਕੇ। ਸਬਦਿ = ਸ਼ਬਦ ਦੀ ਰਾਹੀਂ। ਮਾਰਿ = ਮਾਰ ਕੇ, ਵੱਸ ਵਿਚ ਲਿਆ ਕੇ। ਦਰਿ ਸਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ।

ਅਰਥ: ਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ; ਪੂਰੇ (ਭਾਵ, ਅਭੁੱਲ) ਪ੍ਰਭੂ ਦੀ ਬਖ਼ਸ਼ਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਫ਼ਤਿ-ਸਾਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿਚ ਵਸਾਂਦਾ ਹੈ; ਪੂਰਨ ਆਤਮਕ ਸਮਝ ਤੇ ਅਡੋਲ ਸੁਰਤਿ ਦੀ ਬਰਕਤਿ ਨਾਲ ਉਹ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ (ਇਸ ਤਰ੍ਹਾਂ ਉਸ ਦਾ) ਸੋਹਣਾ (ਹੋਇਆ) ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।

ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰ-ਸ਼ਬਦ ਦੀ ਰਾਹੀਂ ਮਨ ਨੂੰ ਵੱਸ ਵਿਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ; ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ। ਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ-ਪ੍ਰਭੂ ਨੂੰ ਭਾ ਜਾਂਦਾ ਹੈ। ਹੇ ਨਾਨਕ! ਸਦਾ-ਥਿਰ ਪ੍ਰਭੂ ਦੇ ਗੁਣ ਗਾ ਕੇ ਉਹ (ਸਿਫ਼ਤਿ ਸਾਲਾਹ-ਰੂਪ ਮੱਥੇ ਉਤੇ) ਲਿਖਿਆ (ਭਾਗ) ਹਾਸਲ ਕਰ ਲੈਂਦਾ ਹੈ। 18।

ਨੋਟ: ਇਸ ਪਉੜੀ ਦੀ ਚੌਥੀ ਤੁਕ ਵਿਚ ਲਫ਼ਜ਼ 'ਹਰਿ ਸਰਿ' ਨੂੰ ਧਿਆਨ ਨਾਲ ਪੜ੍ਹੋ। ਰਾਮਕਲੀ ਰਾਗ ਦੀ ਬਾਣੀ 'ਸਦੁ' ਦੀ ਪੰਜਵੀਂ ਪਉੜੀ ਵਿਚ ਭੀ ਇਹੀ ਲਫ਼ਜ਼ ਹੈ 'ਹਰਿ ਸਰਿ ਪਾਵਏ'।

ਸਲੋਕ ਮਃ ੧ ॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹ੍ਹੈ ਛਜ ॥ ਦੇਨ੍ਹ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥ {ਪੰਨਾ 1286}

ਪਦ ਅਰਥ: ਕੁਲਹ = ਟੋਪੀ (ਭਾਵ, ਉਹ ਸਹੇਲੀ-ਟੋਪੀ ਜੋ ਇਕ ਮੁਰਸ਼ਿਦ ਆਪਣੇ ਕਿਸੇ ਚੇਲੇ ਨੂੰ ਆਪਣੇ ਪਿੱਛੋਂ ਆਪਣੀ ਗੱਦੀ ਤੇ ਬਿਠਾਣ ਵੇਲੇ ਦੇਂਦਾ ਹੈ) (ਨੋਟ: ਇਸ ਸ਼ਲੋਕ ਦੇ ਹੁੰਦਿਆਂ ਗੁਰੂ-ਘਰ ਵਿਚ 'ਸਹੇਲੀ-ਟੋਪੀ' ਦਾ ਰਿਵਾਜ ਦੱਸਣਾ ਨਿਰੀ ਬਣੌਟ ਹੈ) । ਤਿਕਲਿ = ਲੱਕ ਨਾਲ। ਦੁਆਈ = ਅਸੀਸਾਂ। ਸਮਾਹਿ = (ਇਥੇ ਪਾਠ 'ਸਮਾਇ' ਨਹੀਂ ਹੈ, 'ਸਮਾਇ' ਅਤੇ 'ਸਮਾਹਿ' ਵਿਚ ਫ਼ਰਕ ਸਮਝਣ-ਜੋਗ ਹੈ) ਪੈਂਦੇ ਹਨ। ਮਹਦੂਦੁ = ਹੱਦ ਵਿਚ ਲਿਆਂਦੀ ਹੋਈ ਚੀਜ਼, ਇਕ ਮੰਨਿਆ-ਪ੍ਰਮੰਨਿਆ ਪਰਵਾਨਾ। ਦਰ = (ਪੀਰਾਂ ਮੁਰਸ਼ਿਦਾਂ ਦੇ) ਦਰਵਾਜ਼ੇ। ਬਾਵਲੇ = ਮੂਰਖ। ਨਿਲਜ = ਬੇ-ਸ਼ਰਮ। ਨ ਮਾਵਈ = ਵੜ ਨਹੀਂ ਸਕਦਾ, ਨ ਮਾਵਏ, ਨ ਮਾਵੈ। ਦੇਨ੍ਹ੍ਹਿ = ਦੇਂਦੇ ਹਨ। ਸਿ = ਸੇ, ਉਹ ਬੰਦੇ ਭੀ। ਨ ਜਾਪਈ = ਨ ਜਾਪਏ, ਨ ਜਾਪੇ; ਸਮਝਿਆ ਨਹੀਂ ਜਾ ਸਕਦਾ। ਜਾਇ = ਜਾ ਕੇ। ਕੈ ਦਰਿ = ਦੇ ਦਰ ਤੇ।

ਅਰਥ: ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ) (ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।

ਹੇ ਨਾਨਕ! (ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ) ।

ਮੈਂ ਤਾਂ ਸਿਰਫ਼ 'ਨਾਮ' ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, 'ਨਾਮ' ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ) , ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ) ।

ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ; ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ 'ਨਾਮ'-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ।1।

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

ਪਦ ਅਰਥ: ਸਉ ਮਣੁ, ਪੰਜਿ ਸੈ (ਮਣ) = (ਭਾਵ,) ਬਹੁਤ ਸਾਰਾ, ਕਈ ਮਣਾਂ। ਡਕੈ = ਡਕਾਰਦਾ ਹੈ। ਫੂਕੈ = ਫੂਕਾਂ ਮਾਰਦਾ ਹੈ, ਸ਼ੂਕਦਾ ਹੈ। ਸਾਹਿ ਗਇਐ = ਜਦੋਂ ਜਿੰਦ ਨਿਕਲ ਜਾਂਦੀ ਹੈ। ਪਛੁਤਾਇ = (ਭਾਵ,) ਉਹ ਡਕਾਰਨਾ ਸ਼ੂਕਣਾ ਮਿਟ ਜਾਂਦਾ ਹੈ। ਫੂਕਿ = ਫੂਕਾਂ ਮਾਰ ਕੇ, (ਭਾਵ,) ਅਹੰਕਾਰ ਵਿਚ। ਮਿਟੀ = ਸਮਾਈ। ਭਾਨੀ = ਚੰਗੀ ਲੱਗੀ। ਗੁਲ੍ਹ੍ਹਾ = ਗੁੱਲੀ। ਗੈਣਿ = ਆਕਾਸ਼ ਵਿਚ। ਸਕਤਾ = ਬਲਵਾਨ। ਸੀਹੁ = ਸ਼ੇਰ। ਮਿਰਿਆ = ਮਿਰਗਾਂ ਨੂੰ। ਸਤਾਣਾ = ਤਕੜਾ। ਘੁਰੈ = ਘੁਰਨੇ ਵਿਚ। ਬੁਕਿ = ਬੁੱਕ ਕੇ, ਗੱਜ ਕੇ। ਓਹਾ = ਉਹ ਚਿੜੀ ਹੀ। ਓਹੋ = ਉਹ ਅੱਕ-ਤਿੱਡਾ ਹੀ ('ਓਹਾ' ਇਸਤ੍ਰੀ ਲਿੰਗ ਹੈ ਤੇ 'ਓਹੋ' ਪੁਲਿੰਗ ਹੈ) । ਸੁਖਿ ਕੀਤੈ = ਮੌਜ ਮਾਣਿਆਂ। ਮਖੀ = ਮੱਖੀਆਂ ਨੇ। ਮਿਠੈ = ਮਿਠਾਸ ਵਿਚ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) । ਭਉ ਸਾਗਰੁ = ਸੰਸਾਰ-ਸਮੁੰਦਰ। ਪਿਛੈ ਪੈ = ਪਿੱਛੇ ਤੁਰ ਕੇ। ਖਾਇ = ਖਾਂਦੀ ਹੈ। ਸੈ = ਸੈਂਕੜੇ।

ਅਰਥ: ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ; (ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ। (ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਘ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ) । ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ) , (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ; ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ) ।

ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ; ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ। ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ? ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ। (ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ; ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ, (ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।

ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ। ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ।2।

ਪਉੜੀ ॥ ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥ ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥ ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥ ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥ ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥ ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥ ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥ ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥ {ਪੰਨਾ 1286}

ਪਦ ਅਰਥ: ਅਗੋਚਰੁ = (ਗੋ-ਇੰਦ੍ਰੇ। ਚਰੁ = ਪਹੁੰਚ। ਗੋਚਰੁ = ਜਿਸ ਤਕ ਇੰਦ੍ਰਿਆਂ ਦੀ ਪਹੁੰਚ ਹੋ ਸਕੇ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਧਣੀ = ਮਾਲਕ। ਵੀਚਾਰੁ = ਸਮਝ। ਇਕਨਾ ਨੋ = ਕਈ ਜੀਵਾਂ ਨੂੰ। ਇਕ ਪੁਕਾਰ = ਇਕ ਇਹੀ ਅਰਜ਼ੋਈ। ਸੰਤੋਖੀਆ = ਮੈਂ ਸੰਤੋਖੀ ਹੋ ਜਾਵਾਂ। ਆਧਾਰੁ = ਆਸਰਾ। ਸਭਿ = ਸਾਰੇ। ਏਵੈ ਭਾਵਦਾ = ਇਉਂ ਹੀ ਚੰਗਾ ਲੱਗਦਾ ਹੈ। ਤੁਧੁ = ਤੈਨੂੰ।

ਅਰਥ: ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ। ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ; ਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।

ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ; ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।

ਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ = ਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ। 19।

TOP OF PAGE

Sri Guru Granth Darpan, by Professor Sahib Singh