ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1284

ਮਃ ੩ ॥ ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥ ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥ {ਪੰਨਾ 1284}

ਪਦ ਅਰਥ: ਜੀਅ ਦਾਨ = ਆਤਮਕ ਜੀਵਨ ਦੀ ਦਾਤਿ। ਨੇਧਾਨੁ = ਨਿਧਾਨ, ਖ਼ਜ਼ਾਨਾ। ਜਲ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪਿਆਸ = ਤ੍ਰਿਸ਼ਨਾ। ਛੁਟਕਿ ਜਾਂਹਿ = ਘਾਬਰ ਜਾਂਦੇ ਹਨ। ਪ੍ਰਾਨ = ਜਿੰਦ।

ਅਰਥ: (ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ = (ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ-ਦਾਤਿ ਬਖ਼ਸ਼; ਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ = ਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ।2।

ਪਉੜੀ ॥ ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥ ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥ ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥ ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥ ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥ ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥ ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥ ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥ {ਪੰਨਾ 1284}

ਪਦ ਅਰਥ: ਉਪਾਇ ਕੈ = ਪੈਦਾ ਕਰ ਕੇ। ਸਰਬ ਜੰਜਾਲੁ = ਨਿਰਾ ਜੰਜਾਲ, ਨਿਰਾ ਵਿਕਾਰਾਂ ਵਿਚ ਫਸਾਣ ਦਾ ਮੂਲ। ਨਾਮਿ = ਨਾਮ ਵਿਚ। ਛੋਡਿ = ਛੱਡ ਕੇ। ਹੋਹਿ = ਹੁੰਦੇ ਹਨ। ਤਿਨੀ = ਉਹਨਾਂ ਨੇ। ਕਿਤੁ = ਕਾਹਦੇ ਲਈ? ਸੰਸਾਰਿ = ਸੰਸਾਰ ਵਿਚ। ਸਬਦਿ = ਸ਼ਬਦ ਦੀ ਰਾਹੀਂ। ਮਾਰਿਆ = ਵੱਸ ਵਿਚ ਲਿਆਂਦਾ। ਅਹਿ = ਦਿਨ। ਨਿਸਿ = ਰਾਤ। ਪਿਆਰਿ = ਪਿਆਰ ਦੀ ਰਾਹੀਂ (ਗੁਜ਼ਾਰਦੇ ਹਨ) । ਪੁਰਖੀ = ਪੁਰਖੀਂ, ਪੁਰਖਾਂ ਨੇ। ਉਰਿ = ਹਿਰਦੇ ਵਿਚ। ਨਿਧਾਨੁ = (ਸਾਰੇ ਗੁਣਾਂ ਦਾ) ਖ਼ਜ਼ਾਨਾ। ਹਹਿ = ਤੂੰ ਹੈਂ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।

ਅਰਥ: (ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ। (ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ; (ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ। ਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ।

(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ, ਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ (ਉਹ ਇਉਂ ਬੇਨਤੀ ਕਰਦੇ ਹਨ) = "ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀਂ ਜੀਵ ਅਉਗਣੀ ਹਾਂ। "

ਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ।13।

ਸਲੋਕ ਮਃ ੫ ॥ ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹ੍ਹਾ ਵਿਸਰੈ ਨਾਉ ॥ ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥ {ਪੰਨਾ 1284}

ਪਦ ਅਰਥ: ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ। ਵਿਹਾਵੀ = ਬੀਤਦੀ। ਸੁਹੇਲੀਆ = ਸੁਖੀ ਜੀਵ-ਇਸਤਰੀਆਂ।

ਅਰਥ: ਜੋ ਬੰਦੇ ਪਰਮਾਤਮਾ ਦੇ ਚਰਨਾਂ ਨਾਲੋਂ ਵਿੱਛੁੜੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਦਾ ਨਾਮ ਭੁੱਲਿਆ ਹੋਇਆ ਹੈ ਉਹਨਾਂ ਦੀ ਰਾਤਿ ਬੀਤਣ ਵਿਚ ਨਹੀਂ ਆਉਂਦੀ (ਭਾਵ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਲੰਘਦੀ ਹੈ; ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਭਾਰੂ ਹੋਈ ਜਾਪਦੀ ਹੈ) । ਪਰ, ਹੇ ਨਾਨਕ! ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ, ਸਾਰੀ ਉਮਰ) ਸੁਖੀ ਗੁਜ਼ਰਦੇ ਹਨ।1।

ਮਃ ੫ ॥ ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥ ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥ {ਪੰਨਾ 1284}

ਪਦ ਅਰਥ: ਹਭੇ = ਸਾਰੇ। ਮਥੰਨਿ = ਮੱਥੇ ਉੱਤੇ। ਪ੍ਰਭ ਭਾਣਿਆ = ਜੋ ਪ੍ਰਭੂ ਨੂੰ ਭਾ ਗਏ ਹਨ। ਦਰਿ = ਦਰ ਤੇ। ਸਚੈ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸੋਹੰਨਿ = ਸੋਭਦੇ ਹਨ।

ਅਰਥ: ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ, ਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ) ।2।

ਪਉੜੀ ॥ ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥ {ਪੰਨਾ 1284}

ਪਦ ਅਰਥ: ਜਿ = ਜੋ ਕੁਝ। ਸਤਿਗੁਰ ਅਗੈ = ਗੁਰੂ ਦੇ ਸਨਮੁਖ ਹੋ ਕੇ। ਘਾਲਿਆ = ਕਮਾਈ ਕੀਤੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਸਭੋ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਸ਼ਬਦ ਦੀ ਰਾਹੀਂ। ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ। ਸਾਖੀ = ਸਿੱਖਿਆ, ਬਾਣੀ। ਕੂੜਿਆਰ = ਕੂੜ ਦੇ ਵਪਾਰੀ। ਬੇਤਾਲਿਆ = ਬੇਤਾਲ, ਭੂਤ-ਪ੍ਰੇਤ, ਬੇ-ਥਵ੍ਹੇ, ਸਹੀ ਜੀਵਨ-ਚਾਲ ਤੋਂ ਉੱਖੜੇ ਹੋਏ। ਚੰਮਿ = ਚੰਮ ਨਾਲ। ਨਿਹਾਲਿਆ = ਵੇਖਿਆ, ਨਜ਼ਰੀ ਆਇਆ।

ਅਰਥ: ਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਅਰਾਧਿਆ, ਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਅੰਤ ਵੇਲੇ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ) ਉਹਨਾਂ ਦਾ ਸਾਥ ਆ ਦੇਂਦੀ ਹੈ। ਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ, ਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।

ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ; ਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ) ।

(ਪਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਵੱਸਦਾ ਹੈ– ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿਚ ਆਉਂਦੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਹੀ (ਅਸਲ) ਖ਼ਜ਼ਾਨਾ ਹੈ ਜੋ ਪੂਰੇ ਗੁਰੂ ਨੇ (ਕਿਸੇ ਭਾਗਾਂ ਵਾਲੇ ਨੂੰ) ਵਿਖਾਇਆ ਹੈ।14।

ਸਲੋਕ ਮਃ ੩ ॥ ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥ ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥ ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥ ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥ {ਪੰਨਾ 1284}

ਪਦ ਅਰਥ: ਬਾਬੀਹੈ– ਬਬੀਹੇ ਨੇ। ਬਾਬੀਹੇ = ਬਬੀਹੇ ਦੀ (ਨੋਟ: ਇਹਨਾਂ ਦੋਹਾਂ ਲਫ਼ਜ਼ਾਂ ਤੇ 'ਜੋੜ' ਤੇ 'ਅਰਥ' ਵਿਚ ਫ਼ਰਕ ਵੇਖਣ-ਜੋਗ ਹੈ) । ਸਮਾਇ = ਸੰਬਾਹਿ, ਅਪੜਾ ਕੇ, ਇਕੱਠਾ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ਟਿਕ ਕੇ। ਗੁਰ ਕੈ ਸੁਭਾਇ = ਗੁਰੂ ਦੇ ਅਨੁਸਾਰ ਤੁਰ ਕੇ। ਛਹਬਰ = ਝੜੀ। ਰਹਿ ਗਈ = ਮੁੱਕ ਜਾਂਦੀ ਹੈ। ਮਨਿ = ਮਨ ਵਿਚ। ਜਿ = ਜਿਹੜਾ ਪ੍ਰਭੂ।

ਅਰਥ: ਜਿਸ (ਜੀਵ-) ਪਪੀਹੇ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਅਨੁਸਾਰ ਤੁਰ ਕੇ ਪ੍ਰਭੂ ਦਾ ਹੁਕਮ ਸਮਝਿਆ ਹੈ, (ਸਤਿਗੁਰੂ-) ਬੱਦਲ ਮਿਹਰ ਕਰ ਕੇ ਲੰਮੀ ਝੜੀ ਲਾ ਕੇ (ਉਸ ਉਤੇ 'ਨਾਮ'-ਅੰਮ੍ਰਿਤ ਦੀ) ਵਰਖਾ ਕਰਦਾ ਹੈ, ਉਸ (ਜੀਵ-) ਪਪੀਹੇ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ, ਉਸ ਦੇ ਮਨ ਵਿਚ ਸੁਖ ਆ ਵੱਸਦਾ ਹੈ।

ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰੋਜ਼ੀ ਅਪੜਾਂਦਾ ਹੈ, ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।1।

ਮਃ ੩ ॥ ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥ ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥ ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥ ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥ {ਪੰਨਾ 1284}

ਪਦ ਅਰਥ: ਕਿਤੁ ਪੀਤੈ = ਕੀਹ ਪੀਤਿਆਂ? ('ਸਤਿਗੁਰੁ' ਅਤੇ 'ਸਤਿਗੁਰ ਤੇ' ਇਹਨਾਂ ਦੋਹਾਂ ਲਫ਼ਜ਼ਾਂ ਦੇ 'ਜੋੜ' ਅਤੇ 'ਅਰਥ' ਵਿਚ ਫ਼ਰਕ ਵੇਖਣ-ਜੋਗ ਹੈ) । ਸਹਜੇ = ਅਡੋਲਤਾ ਵਿਚ। ਨ ਜਾਣਹੀ = ਤੂੰ ਨਹੀਂ ਜਾਣਦਾ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਸਤਿਗੁਰ ਤੇ = ਗੁਰੂ ਪਾਸੋਂ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪਲੈ ਨ ਪਾਇ = ਨਹੀਂ ਮਿਲਦਾ। ਸੁਭਾਇ = ਉਸ ਦੀ ਰਜ਼ਾ ਵਿਚ।

ਅਰਥ: ਹੇ ਪਪੀਹੇ (ਜੀਵ) ! ਤੈਨੂੰ ਨਹੀਂ ਪਤਾ ਕਿ ਤੇਰੇ ਅੰਦਰ ਕੇਹੜੀ ਤ੍ਰੇਹ ਹੈ (ਜੋ ਤੈਨੂੰ ਭਟਕਣਾ ਵਿਚ ਪਾ ਰਹੀ ਹੈ; ਨਾਹ ਹੀ ਤੈਨੂੰ ਇਹ ਪਤਾ ਹੈ ਕਿ) ਕੀਹ ਪੀਤਿਆਂ ਇਹ ਤ੍ਰੇਹ ਮਿਟੇਗੀ; ਤੂੰ ਮਾਇਆ ਦੇ ਮੋਹ ਵਿਚ ਭਟਕ ਰਿਹਾ ਹੈਂ, ਤੈਨੂੰ (ਤ੍ਰੇਹ ਮਿਟਾਣ ਲਈ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭਦਾ ਨਹੀਂ।

ਜੇ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਸ ਦੀ ਰਜ਼ਾ ਵਿਚ ਗੁਰੂ ਮਿਲ ਪੈਂਦਾ ਹੈ। ਹੇ ਨਾਨਕ! ਗੁਰੂ ਤੋਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲਦਾ ਹੈ (ਤੇ ਉਸ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕੇ ਰਹੀਦਾ ਹੈ।2।

ਪਉੜੀ ॥ ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥ ਇਕਿ ਭਸਮ ਚੜ੍ਹ੍ਹਾਵਹਿ ਅੰਗਿ ਮੈਲੁ ਨ ਧੋਵਹੀ ॥ ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥ ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ ਸੋਵਹੀ ॥ ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥ ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥ ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥ {ਪੰਨਾ 1284-1285}

ਪਦ ਅਰਥ: ਵਣਖੰਡਿ = ਵਣ ਦੇ ਖੰਡ ਵਿਚ, ਜੰਗਲ ਦੇ ਕਿਸੇ ਹਿੱਸੇ ਵਿਚ। ਸਦੁ = ਵਾਜ। ਹੇਂਵਹੀ = ਸਹਾਰਦੇ ਹਨ ('ਜਲੁ ਹੇਵਤ ਭੂਖ ਅਰੁ ਨੰਗਾ' = ਕਾਨੜਾ ਮ: 5) । ਇਕਿ = ਕਈ (ਬਹੁ-ਵਚਨ) । ਜਾਇ = ਜਾ ਕੇ। ਅੰਗਿ = ਸਰੀਰ ਉਤੇ (ਨੋਟ: ਲਫ਼ਜ਼ 'ਅੰਗਿ' ਅਤੇ ਛੇਵੀਂ ਤੁਕ ਦੇ 'ਅੰਗੁ' ਦਾ ਜੋੜ ਤੇ ਅਰਥ ਵਿਚਾਰਨ-ਜੋਗ ਹਨ) । ਬਿਕਟ = ਔਖੀਆਂ। ਬਿਕਰਾਲ = ਡਰਾਉਣੀ। ਆਪੁ = ਆਪਣੇ ਆਪ ਨੂੰ। ਵਿਗੋਵਹੀ = ਖ਼ੁਆਰ ਕਰਦੇ ਹਨ। ਛਾਰੁ = ਸੁਆਹ।

ਅਰਥ: ਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ; ਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ) ; ਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ) ; ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ; ਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ; ਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ।

ਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ) ।

ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ।15।

TOP OF PAGE

Sri Guru Granth Darpan, by Professor Sahib Singh