ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 677

ਧਨਾਸਰੀ ਮਃ ੫ ॥ ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥ ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥ ਸਿਰ ਊਪਰਿ ਮਾਤ ਪਿਤਾ ਗੁਰਦੇਵ ॥ ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ ਏਕੁ ਨਿਰੰਜਨੁ ਜਾ ਕੀ ਰਾਸਿ ॥ ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥ ਜੀਅਨ ਕਾ ਦਾਤਾ ਪੂਰਨ ਸਭ ਠਾਇ ॥ ਕੋਟਿ ਕਲੇਸ ਮਿਟਹਿ ਹਰਿ ਨਾਇ ॥ ਜਨਮ ਮਰਨ ਸਗਲਾ ਦੁਖੁ ਨਾਸੈ ॥ ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥ ਜਿਸ ਨੋ ਆਪਿ ਲਏ ਲੜਿ ਲਾਇ ॥ ਦਰਗਹ ਮਿਲੈ ਤਿਸੈ ਹੀ ਜਾਇ ॥ ਸੇਈ ਭਗਤ ਜਿ ਸਾਚੇ ਭਾਣੇ ॥ ਜਮਕਾਲ ਤੇ ਭਏ ਨਿਕਾਣੇ ॥੩॥ ਸਾਚਾ ਸਾਹਿਬੁ ਸਚੁ ਦਰਬਾਰੁ ॥ ਕੀਮਤਿ ਕਉਣੁ ਕਹੈ ਬੀਚਾਰੁ ॥ ਘਟਿ ਘਟਿ ਅੰਤਰਿ ਸਗਲ ਅਧਾਰੁ ॥ ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥ {ਪੰਨਾ 677}

ਪਦਅਰਥ: ਕਤ = ਕਿੱਥੇ? ਜਿ = ਜੇਹੜਾ। ਸਮ੍ਹ੍ਹਾਰੈ = ਹਿਰਦੈ ਵਿਚ ਵਸਾਈ ਰੱਖਦਾ ਹੈ। ਡਰਿ = ਡਰ ਕੇ। ਪਚੇ = ਖ਼ੁਆਰ ਹੋਏ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਵੇਚਾਰੇ = ਅਨਾਥ।੧।ਰਹਾਉ।

ਗੁਰਦੇਵ = ਸਭ ਤੋਂ ਵੱਡਾ ਪ੍ਰਕਾਸ਼ = ਰੂਪ ਪ੍ਰਭੂ। ਸਫਲ ਮੂਰਤਿ = ਜਿਸ ਦੇ ਦੀਦਾਰ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਜਾ ਕੀ = ਜਿਸ ਪਰਮਾਤਮਾ ਦੀ। ਨਿਰਮਲ = ਪਵਿਤ੍ਰ ਕਰਨ ਵਾਲੀ। ਜਾ ਕੀ ਰਾਸਿ = ਜਿਸ ਮਨੁੱਖ ਦੀ ਪੂੰਜੀ। ਪਰਗਾਸ = ਆਤਮਕ ਜੀਵਨ ਦਾ ਚਾਨਣ।੧।

ਪੂਰਨ = ਵਿਆਪਕ। ਸਭ ਠਾਇ = ਹਰ ਥਾਂ ਵਿਚ। ਕੋਟਿ = ਕ੍ਰੋੜਾਂ। ਨਾਇ = ਨਾਮ ਦੀ ਰਾਹੀਂ। ਗੁਰਮੁਖਿ = ਗੁਰੂ ਦੀ ਰਾਹੀਂ। ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ। ਬਾਸੈ = ਵੱਸਦਾ ਹੈ।੨।

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਲੜਿ = ਲੜ ਨਾਲ, ਪੱਲੇ ਨਾਲ। ਜਾਇ = ਥਾਂ। ਜਿ = ਜੇਹੜੇ। ਸਾਚੇ = ਸਦਾ-ਥਿਰ ਪ੍ਰਭੂ ਨੂੰ। ਨਿਕਾਣੇ = ਨਿਡਰ, ਬੇ = ਮੁਥਾਜ।੩।

ਸਾਚਾ = ਸਦਾ ਕਾਇਮ ਰਹਿਣ ਵਾਲਾ। ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = (ਸਭਨਾਂ ਦੇ) ਅੰਦਰ। ਅਧਾਰੁ = ਆਸਰਾ। ਜਾਚੈ = ਮੰਗਦਾ ਹੈ। ਰੇਣਾਰੁ = ਚਰਨ = ਧੂੜ।੪।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ।੧।ਰਹਾਉ।

ਹੇ ਭਾਈ! ਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ ਜਿਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਉਸ ਪ੍ਰਕਾਸ਼-ਰੂਪ ਪ੍ਰਭੂ ਨੂੰ ਮਾਤਾ ਪਿਤਾ ਵਾਂਗ ਜੇਹੜਾ ਮਨੁੱਖ ਆਪਣੇ ਸਿਰ ਉਤੇ (ਰਾਖਾ ਸਮਝਦਾ ਹੈ) , ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਜਿਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ, ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ।੧।

ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ, ਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ, ਗੁਰੂ ਦੀ ਰਾਹੀਂ ਉਹ ਪ੍ਰਭੂ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ।੨।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ, ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ। ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ।੩।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ। ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ। ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ। ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ।੪।੩।੨੪।

ਨੋਟ: ਇਸ ਤੋਂ ਅਗਾਂਹ ਫਿਰ ਨਵਾਂ ਸੰਗ੍ਰਹ ਸ਼ੁਰੂ ਹੁੰਦਾ ਹੈ।

ਧਨਾਸਰੀ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥ ਜਨ ਕਉ ਪ੍ਰਭ ਅਪਨੇ ਕਾ ਤਾਣੁ ॥ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥ ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥ {ਪੰਨਾ 677}

ਪਦਅਰਥ: ਘਰਿ = ਘਰ ਵਿਚ। ਭਰਵਾਸਾ = ਆਸਰਾ, ਸਹਾਰਾ। ਕੈ ਸੰਗਿ = ਦੇ ਨਾਲ। ਹੈ– ਹੈਂ ਪ੍ਰੀਤਮ ਪ੍ਰਭ = ਹੇ ਪ੍ਰੀਤਮ ਪ੍ਰਭੂ! ਜਪਉ = ਜਪਉਂ, ਮੈਂ ਜਪਾਂ। ਰੰਗਿ = ਪ੍ਰੇਮ ਵਿਚ (ਟਿਕ) ਕੇ।੧।

ਕਉ = ਨੂੰ। ਤਾਣੁ = ਆਸਰਾ। ਕਰਾਵਹਿ = ਜੀਵਾਂ ਪਾਸੋਂ ਕਰਾਂਦਾ ਹੈਂ। ਸੁਆਮੀ = ਹੇ ਸੁਆਮੀ! ਸਾ = ਉਹ {ਇਸਤ੍ਰੀ ਲਿੰਗ}ਮਸਲਤਿ = ਸਲਾਹ, ਪ੍ਰੇਰਨਾ। ਪਰਵਾਣੁ = ਕਬੂਲ, ਪਸੰਦ।ਰਹਾਉ।

ਪਤਿ = ਇੱਜ਼ਤ। ਗਤਿ = ਉੱਚੀ ਆਤਮਕ ਅਵਸਥਾ। ਗੁਪਾਲ ਗੁਣ ਸਾਖੀ = ਗੋਪਾਲ ਦੇ ਗੁਣਾਂ ਦੀਆਂ ਸਾਖੀਆਂ। ਦਾਸ ਹਰਿ = ਹਰੀ ਦੇ ਦਾਸ। ਸੰਤੀ = ਸੰਤੀਂ, ਸੰਤਾਂ ਨੇ। ਇਹ ਬਿਧਿ = ਇਹ ਜੀਵਨ = ਜੁਗਤਿ। ਜਾਤੀ = ਸਮਝੀ ਹੈ।੨।

ਅਰਥ: ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ। ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ।ਰਹਾਉ।

ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ। ਹੇ ਮੇਰੇ ਪ੍ਰੀਤਮ ਪ੍ਰਭੂ! ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ।੧।

ਹੇ ਭਾਈ! ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ। ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ।੨।੧।੨੫।

ਧਨਾਸਰੀ ਮਹਲਾ ੫ ॥ ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥ ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥ ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥ ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥ {ਪੰਨਾ 677}

ਪਦਅਰਥ: ਮਨੋਰਥ = ਮੁਰਾਦਾਂ, ਮਨੋ = ਕਾਮਨਾ। ਤੇ = ਤੋਂ, ਪਾਸੋਂ। ਕੰਠਿ = ਗਲ ਨਾਲ। ਗੁਰਿ = ਗੁਰੂ ਨੇ। ਸਾਗਰ = ਸਮੁੰਦਰ। ਕਿਨੈ = (ਉਹਨਾਂ ਵਿਚੋਂ) ਕਿਸੇ ਨੇ ਭੀ। ਦੁਤਰੁ = {दुस्तर} ਤਰਨਾ ਔਖਾ। ਭਾਖੇ = ਆਖਿਆ।੧।

ਕੈ ਮਨਿ = ਦੇ ਮਨ ਵਿਚ। ਸਾਚਾ = ਅਟੱਲ। ਬਿਸ੍ਵਾਸੁ = ਸਰਧਾ। ਪੇਖਿ = ਵੇਖ ਕੇ। ਉਲਾਸੁ = ਖ਼ੁਸ਼ੀ, ਚਾਉ।ਰਹਾਉ।

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਾਖਿਓ = ਪਰਤੱਖ ਵੇਖ ਲਿਆ। ਜਾਨਿ = ਜਾਣ ਕੇ। ਬੂਝਿ = ਸਮਝ ਕੇ। ਅੰਕੁਰੁ = ਨਵੇਂ ਉਗਦੇ ਬੂਟੇ ਦੀ ਕੋਮਲ ਕ੍ਰੂਮਲੀ। ਰਾਖਿਓ = ਬਚਾ ਲਈ।੨।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ, ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ।ਰਹਾਉ।

ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ। ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ।੧।

ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ। ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ।੨।੨।੨੬।

ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}

ਪਦਅਰਥ: ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਦੇਖਦਾ ਹਾਂ। ਤਹ = ਉੱਥੇ। ਹਜੂਰਿ = ਅੰਗ = ਸੰਗ, ਹਾਜ਼ਰ। ਕਤਹੁ ਜਾਈ = ਕਿਸੇ ਭੀ ਥਾਂ ਤੋਂ। ਜਾਈ = ਥਾਂ। ਰਵਿ ਰਹਿਆ = ਵੱਸ ਰਿਹਾ ਹੈ। ਸਰਬਤ੍ਰ ਮੈ = ਸਭਨਾਂ ਵਿਚ। ਮਨ = ਹੇ ਮਨ!੧।

ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਬੀਛੜੈ = ਵਿਛੁੜਦਾ। ਸੰਗੀ = ਸਾਥੀ। ਗਨੀਐ = ਸਮਝਣਾ ਚਾਹੀਦਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਅਲਪ = ਛੋਟਾ, ਥੋੜਾ, ਹੋਛਾ। ਭਨੀਐ = ਆਖਣਾ ਚਾਹੀਦਾ ਹੈ।ਰਹਾਉ।

ਅਪਿਆਉ = ਰਸ ਆਦਿਕ ਖ਼ੁਰਾਕ। ਊਨ = ਕਮੀ, ਥੁੜ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੨।

ਅਛਲ = ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਅਛੇਦ = ਜਿਸ ਨੂੰ ਵਿੰਨਿ੍ਹਆ ਨਾਹ ਜਾ ਸਕੇ। ਜਾ ਕਾ ਰੂਪੁ = ਜਿਸ ਦੀ ਹਸਤੀ। ਜਪਿ = ਜਪ ਕੇ। ਜਨ = ਸੇਵਕ, ਭਗਤ। ਆਨੂਪੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ।੩।

ਸਾ = ਉਹ {ਇਸਤ੍ਰੀ ਲਿੰਗ}ਪ੍ਰਭ = ਹੇ ਪ੍ਰਭੂ! ਜਿਤੁ = ਜਿਸ (ਮਤਿ) ਦੀ ਰਾਹੀਂ। ਰੇਨ = ਧੂੜ। ਪਗ = ਪੈਰ।੪।

ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।

TOP OF PAGE

Sri Guru Granth Darpan, by Professor Sahib Singh