ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 676

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ {ਪੰਨਾ 676}

ਪਦਅਰਥ: ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ। ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ।੧।

ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।ਰਹਾਉ।

ਸੁਰਗ = ਦੇਵ = ਲੋਕ। ਮਿਰਤ = ਮਾਤ = ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ) ਜੀਅ = ਜਿੰਦ। ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ।੨।

ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ = ਅੰਜਨੁ। ਅੰਜਨੁ = ਮਾਇਆ ਦੀ ਕਾਲਖ) ਨਿਧਾਨ = ਖ਼ਜ਼ਾਨੇ। ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ।੩।

ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧।

ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ।

ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ।੩।੩।੨੧।

ਧਨਾਸਰੀ ਮਹਲਾ ੫ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਛੋਡਿ ਜਾਹਿ ਸੇ ਕਰਹਿ ਪਰਾਲ ॥ ਕਾਮਿ ਨ ਆਵਹਿ ਸੇ ਜੰਜਾਲ ॥ ਸੰਗਿ ਨ ਚਾਲਹਿ ਤਿਨ ਸਿਉ ਹੀਤ ॥ ਜੋ ਬੈਰਾਈ ਸੇਈ ਮੀਤ ॥੧॥ ਐਸੇ ਭਰਮਿ ਭੁਲੇ ਸੰਸਾਰਾ ॥ ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਸਾਚੁ ਧਰਮੁ ਨਹੀ ਭਾਵੈ ਡੀਠਾ ॥ ਝੂਠ ਧੋਹ ਸਿਉ ਰਚਿਓ ਮੀਠਾ ॥ ਦਾਤਿ ਪਿਆਰੀ ਵਿਸਰਿਆ ਦਾਤਾਰਾ ॥ ਜਾਣੈ ਨਾਹੀ ਮਰਣੁ ਵਿਚਾਰਾ ॥੨॥ ਵਸਤੁ ਪਰਾਈ ਕਉ ਉਠਿ ਰੋਵੈ ॥ ਕਰਮ ਧਰਮ ਸਗਲਾ ਈ ਖੋਵੈ ॥ ਹੁਕਮੁ ਨ ਬੂਝੈ ਆਵਣ ਜਾਣੇ ॥ ਪਾਪ ਕਰੈ ਤਾ ਪਛੋਤਾਣੇ ॥੩॥ ਜੋ ਤੁਧੁ ਭਾਵੈ ਸੋ ਪਰਵਾਣੁ ॥ ਤੇਰੇ ਭਾਣੇ ਨੋ ਕੁਰਬਾਣੁ ॥ ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥ {ਪੰਨਾ 676}

ਪਦਅਰਥ: ਜਾਹਿ = ਜਾਂਦੇ ਹਨ। ਕਰਹਿ = ਕਰਦੇ ਹਨ। ਸੇ ਪਰਾਲ = ਉਹ ਵਿਅਰਥ ਕੰਮ {ਪਰਾਲ = ਪਰਾਲੀ; ਮੁੰਜੀ ਦਾ ਨਾੜ}ਕਾਮਿ ਨ ਆਵਹਿ = ਕੰਮ ਨਹੀਂ ਆਉਂਦੇ। ਸੇ = ਉਹ {ਬਹੁ-ਵਚਨ}ਸੰਗਿ = ਨਾਲ। ਹੀਤ = ਹਿਤ, ਪਿਆਰ। ਬੈਰਾਈ = ਵੈਰੀ।੧।

ਭਰਮਿ = ਭਰਮ ਵਿਚ। ਭੂਲੇ = ਕੁਰਾਹੇ ਪਿਆ ਹੋਇਆ। ਸੰਸਾਰਾ = ਜਗਤ। ਖੋਇ = ਗਵਾ ਰਿਹਾ ਹੈ।ਰਹਾਉ।

ਸਾਚੁ = ਸਦਾ-ਥਿਰ ਹਰਿ = ਨਾਮ ਦਾ ਸਿਮਰਨ। ਭਾਵੈ = ਚੰਗਾ ਲੱਗਦਾ। ਧੋਹ = ਠੱਗੀ। ਸਿਉ = ਨਾਲ। ਮੀਠਾ = ਮਿੱਠਾ (ਜਾਣ ਕੇ) ਮਰਣੁ = ਮੌਤ।੨।

ਵਸਤੁ = ਚੀਜ਼। ਕਉ = ਦੀ ਖ਼ਾਤਰ। ਉਠਿ = ਉੱਠ ਕੇ। ਰੋਵੈ = ਤਰਲੇ ਲੈਂਦਾ ਹੈ। ਸਗਲਾ ਈ = ਸਾਰਾ ਹੀ। ਖੋਵੈ = ਗਵਾ ਲੈਂਦਾ ਹੈ। ਹੁਕਮੁ = ਰਜ਼ਾ। ਆਵਣ ਜਾਣੇ = ਜਨਮ ਮਰਨ ਦੇ ਗੇੜ।੩।

ਨੋ = ਨੂੰ, ਤੋਂ। ਜਨੁ = ਦਾਸ। ਸਾਹਿਬੁ = ਮਾਲਕ।੪।

ਅਰਥ: ਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ (ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ।ਰਹਾਉ।

ਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ। ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ। ਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ। ਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ।੧।

ਹੇ ਭਾਈ! ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ। ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ। ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ। (ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ।੨।

ਹੇ ਭਾਈ! ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ। ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ। ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ) ਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ।੩।

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ। ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ। ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ। ਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ।੪।੧।੨੨।

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥ {ਪੰਨਾ 676}

ਪਦਅਰਥ: ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ। ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ। ਸੰਚਣ ਕਉ = ਜਮ੍ਹਾਂ ਕਰਨ ਲਈ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ।।੧।

ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ = ਰੰਗ ਵਿਚ। ਅਪਾਰ = ਬੇਅੰਤ। ਸਾਧ = ਸੰਤ ਜਨ। ਗਵਹਿ = ਗਾਂਦੇ ਹਨ।ਰਹਾਉ।

ਅਤਿ ਮਸਕੀਨੀ = ਬਹੁਤ ਨਿਮ੍ਰਤਾ। ਚੀਨੀ = ਪਛਾਣੀ। ਜਸੁ = ਸਿਫ਼ਤਿ-ਸਾਲਾਹ। ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ। ਚਿੰਦ = ਚਿੰਤਾ।੨।

ਜਹ = ਜਿੱਥੇ। ਇਕਤ੍ਰ = ਇਕੱਠੇ। ਨਾਦ = ਸਾਜ (ਵਜਾ ਕੇ) ਕਵਿਤ = ਕਵਿਤਾ (ਪੜ੍ਹ ਕੇ) ਬਿਸ੍ਰਾਮ = ਸ਼ਾਂਤੀ। ਉਨ ਸੰਗੁ = ਉਹਨਾਂ ਦੀ ਸੰਗਤਿ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼।੩।

ਦੁਇ ਕਰ = ਦੋਵੇਂ ਹੱਥ {ਬਹੁ-ਵਚਨ}ਕਰੀ = ਕਰੀਂ, ਮੈਂ ਕਰਦਾ ਹਾਂ। ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ = ਧੂੜ।੪।

ਅਰਥ: ਹੇ ਭਾਈ! ਸੰਤ ਜਨ ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ।ਰਹਾਉ।

ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ।੧।

ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ।੨।

ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ੩।

ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ੪।੨।੨੩।

TOP OF PAGE

Sri Guru Granth Darpan, by Professor Sahib Singh