ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 678

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥ {ਪੰਨਾ 678}

ਪਦਅਰਥ: ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ (ਹੇ ਜਿੰਦੇ!) ਤਿਨਹਿ = ਉਸ ਨੇ ਹੀ। ਬੁਲਾਏ = (ਆਪਣੇ ਵਲ) ਪ੍ਰੇਰਨਾ ਕੀਤੀ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਸ੍ਵੈ = ਸਰੂਪ ਵਿਚ। ਆਉ = ਆ, ਟਿਕਿਆ ਰਹੁ। ਮੰਗਲ = ਖ਼ੁਸ਼ੀ। ਧੁਨਿ = ਰੌ। ਨਿਹਚਲ ਰਾਜੁ = ਅਟੱਲ ਹੁਕਮ।੧।

ਮੇਰੇ ਮੀਤ = ਹੇ ਮੇਰੇ ਮਿੱਤਰ ਮਨ! ਦੋਖੀ = (ਕਾਮਾਦਿਕ) ਵੈਰੀ। ਨਿਵਾਰੇ = ਦੂਰ ਕਰ ਦਿੱਤੇ ਹਨ। ਅਪਦਾ = ਮੁਸੀਬਤ।ਰਹਾਉ।

ਕਰਨੇਹਾਰੇ = ਸਭ ਕੁਝ ਕਰ ਸਕਣ ਵਾਲੇ ਨੇ। ਨਾਸਨ ਭਾਜਨ = ਭਟਕਣਾ। ਘਰਿ = ਹਿਰਦੇ ਵਿਚ। ਵਾਜਹਿ = ਵੱਜਦੇ ਹਨ। ਖਸਮਿ = ਖਸਮ ਨੇ। ਨਿਵਾਜੇ = ਆਦਰ = ਮਾਣ ਦਿੱਤਾ।੨।

ਕਬਹੂ = ਕਦੇ ਭੀ। ਕੈ ਬਚਨਿ = ਦੇ ਬਚਨ ਵਿਚ। ਕੈ ਅਧਾਰਿ = ਦੇ ਆਸਰੇ ਵਿਚ। ਜੈ ਜੈ ਕਾਰੁ = ਸੋਭਾ। ਭੂ ਮੰਡਲ = ਸ੍ਰਿਸ਼ਟੀ। ਊਜਲ = ਰੌਸ਼ਨ।੩।

ਜਿਸ ਕੇ = ਜਿਸ ਪ੍ਰਭੂ ਜੀ ਦੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਆਦਰ = ਸਤਕਾਰ ਲਈ ਵਰਤਿਆ ਹੈ। ਜਿਵੇਂ, "ਪ੍ਰਭ ਜੀ ਬਸਹਿ ਸਾਧ ਕੀ ਰਸਨਾ"}ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ਸਾਰੇ ਜੀਵ। ਫੇਰੇ = ਮੋੜੇ। ਸਹਾਈ = ਮਦਦਗਾਰ। ਅਚਰਜੁ = ਅਨੋਖਾ ਖੇਲ। ਸਚੁ = ਸਦਾ-ਥਿਰ।੪।

ਅਰਥ: ਮੇਰੇ ਮਿੱਤਰ (ਮਨ) ! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ) ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ।ਰਹਾਉ।

(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ।੧।

(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਖਸਮ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ।੨।

(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ।੩।

ਹੇ ਨਾਨਕ! ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।੪।੪।੨੮।

ਧਨਾਸਰੀ ਮਹਲਾ ੫ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥ {ਪੰਨਾ 678}

ਪਦਅਰਥ: ਸੰਤ ਪਿਆਰੇ = ਹੇ ਪਿਆਰੇ ਸੰਤ ਜਨੋ! ਬਿਨਉ = {विनय} ਬੇਨਤੀ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ। ਕਾਹੂ = ਕਿਸੇ ਦੀ ਭੀ।ਰਹਾਉ।

ਮਨ = ਹੇ ਮਨ! ਤਰਨ = ਜਹਾਜ਼। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ}ਦੇਵਾ = ਪ੍ਰਕਾਸ਼ = ਰੂਪ। ਸੇਵਾ = ਭਗਤੀ। ਮੋ ਕਉ = ਮੈਨੂੰ। ਗੁਰਿ = ਗੁਰੂ ਨੇ।੧।

ਸਿਉ = ਨਾਲ। ਹੀਤੁ = ਹਿਤ, ਪਿਆਰ। ਜਾ ਕੋ ਬੀਤੁ = ਜਿਸ ਦਾ ਵਿਤ, ਜਿਸ ਦੀ ਪਾਂਇਆਂ। ਬਾਰ = ਵੇਲਾ। ਸੰਗਿ = ਨਾਲ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਸਾਧ = ਸੰਤ ਜਨ। ਜਾ ਕੈ ਸੰਗਿ = ਜਿਨ੍ਹਾਂ ਦੀ ਸੰਗਤਿ ਵਿਚ। ਛੂਟੈ = ਛੂਟੈਂ, ਮੁੱਕ ਸਕਦੇ ਹਨ।੨।

ਗਹੁ = ਫੜ। ਹਿਰਦੈ = ਹਿਰਦੇ ਵਿਚ (ਵਸਾ) ਕਮਲ ਚਰਨ = ਕੌਲ = ਫੁੱਲ ਵਰਗੇ ਕੋਮਲ ਚਰਨ। ਪਟਲੁ = ਪਰਦਾ, ਉਹਲਾ, ਆਸਰਾ। ਕੀਜੈ = ਕਰਨਾ ਚਾਹੀਦਾ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਧਿਆਨੀ = ਪ੍ਰਭੂ = ਚਰਨਾਂ ਵਿਚ ਸੁਰਤਿ ਜੋੜੀ ਰੱਖਣ ਵਾਲਾ। ਤਪਾ = ਤਪ ਕਰਨ ਵਾਲਾ।੩।

ਅਰਥ: ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ, ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ।ਰਹਾਉ।

ਹੇ ਮਨ! ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ। ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ।੧।

ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ। ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ) , ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ।੨।

ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ। ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ।੩।੧।੨੯।

ਧਨਾਸਰੀ ਮਹਲਾ ੫ ॥ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ {ਪੰਨਾ 678}

ਪਦਅਰਥ: ਲਾਲ = ਹੇ ਲਾਲ! ਹੇ ਪਿਆਰੇ! ਭਲੋ = ਚੰਗਾ। ਰੇ = ਹੇ ਭਾਈ! ਪਸਾਰਿ ਨੈਨ = ਅੱਖਾਂ ਖੋਲ੍ਹ ਕੇ। ਸਾਧੂ = ਗੁਰੂ। ਬੈਨ = ਬਚਨ। ਪ੍ਰਾਨਪਤਿ = ਜਿੰਦ ਦਾ ਮਾਲਕ। ਚਿਤਿ = ਚਿੱਤ ਵਿਚ। ਸਗਲ = ਸਭਨਾਂ।ਰਹਾਉ।

ਚੋਆ = ਅਤਰ। ਬਿਖਿਆ = ਮਾਇਆ। ਹੈ– ਹੈਂ। ਫੀਕੇ = ਬੇ = ਸੁਆਦ। ਕੋ = ਦਾ। ਨੀਕੋ = ਚੰਗਾ, ਸੋਹਣਾ। ਆਪਨ ਥਾਪਿਆ = (ਤੂੰ) ਆਪਣਾ ਮਿਥ ਲਿਆ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}ਅਰਥੁ = ਧਨ। ਦ੍ਰਬੁ = {द्रव्य} ਧਨ। ਸੰਗਿ = ਨਾਲ।੧।

ਜਾ ਕੋ ਭਲਾ ਕਰਮੁ = ਜਿਸ ਦੀ ਚੰਗੀ ਕਿਸਮਤ। ਤਿਨਿ = ਉਸ (ਮਨੁੱਖ) ਨੇ। ਓਟ = ਆਸਰਾ। ਗਹੀ = ਫੜੀ, ਲਈ। ਪਲਾ = ਪੱਲਾ, ਲੜ। ਤਿਨ = ਉਹਨਾਂ ਨੂੰ {ਬਹੁ-ਵਚਨ}ਨਿਧਾਨੁ = ਖ਼ਜ਼ਾਨਾ। ਏਕੈ ਨਿਰੰਕਾਰ = ਇਕ ਨਿਰੰਕਾਰ ਵਿਚ।੨।

ਅਰਥ: ਹੇ ਮੇਰੇ ਪਿਆਰੇ! ਹੇ ਭਾਈ! ਪਰਮਾਤਮਾ ਦੇ ਦਰ ਤੋਂ) ਪਰਮਾਤਮਾ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰਮ ਹੈ। ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਅੱਖਾਂ ਖੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ।ਰਹਾਉ।

ਹੇ ਸੱਜਣ! ਤੂੰ ਚੰਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ। ਪਰ, ਵੇਖ, ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ। ਸੰਤ ਜਨ ਆਖਦੇ ਹਨ ਕਿ ਸਿਰਫ਼ ਪਰਮਾਤਮਾ ਦਾ ਨਾਮ ਹੀ ਚੰਗਾ ਹੈ। ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਹਨਾਂ ਦੇ ਮੋਹ ਵਿਚ ਫਸ ਕੇ) ਪਰਮਾਤਮਾ ਦਾ ਨਾਮ ਤੂੰ ਇਕ ਛਿਨ ਭਰ ਭੀ ਨਹੀਂ ਜਪਦਾ। ਵੇਖ, ਇਹ ਧਨ-ਪਦਾਰਥ ਕੁਝ ਭੀ (ਤੇਰੇ) ਨਾਲ ਨਹੀਂ ਜਾਵੇਗਾ।

ਹੇ ਭਾਈ! ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ, ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤਾਂ ਦਾ ਪੱਲਾ ਫੜਿਆ। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿੰਦੇ ਹਨ, ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ।

ਹੇ ਨਾਨਕ! ਜਿਸ ਮਨੁੱਖ ਦਾ ਮਨ ਸਿਰਫ਼ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਉਸ ਨੇ ਸਭ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ।੨।੨।੩੦।

TOP OF PAGE

Sri Guru Granth Darpan, by Professor Sahib Singh