ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 675

ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥ ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥ {ਪੰਨਾ 675}

ਪਦਅਰਥ: ਲਾਗੋ = ਲੱਗ ਗਿਆ ਹੈ। ਸਿਉ = ਨਾਲ। ਹੇਤੁ = ਪਿਆਰ। ਸਹਾਈ = ਮਦਦਗਾਰ। ਜਿਨਿ = ਜਿਸ (ਗੁਰੂ) ਨੇ। ਕੇਤੁ = ਝੰਡਾ, ਬੋਦੀ ਵਾਲਾ ਤਾਰਾ ਜੋ ਮਨਹੂਸ ਸਮਝਿਆ ਜਾਂਦਾ ਹੈ।੧।ਰਹਾਉ।

ਦੇਇ = ਦੇ ਕੇ। ਕਰਿ = ਬਣਾ ਕੇ। ਬਿਰਥਾ = {व्यथा} ਪੀੜ, ਦਰਦ। ਸਗਲ = ਸਾਰੀ। ਨਿੰਦਕ ਕੇ ਮੁਖ = ਨਿੰਦਕਾਂ ਦੇ ਮੂੰਹ। ਜਨ = ਸੇਵਕ।੧।

ਸਾਚਾ = ਸਦਾ ਕਾਇਮ ਰਹਿਣ ਵਾਲਾ। ਕੰਠਿ = ਗਲ ਨਾਲ। ਮਾਣੇ = ਮਾਣਿ, ਮਾਣ। ਸੁਖ = ਆਤਮਕ ਆਨੰਦ। ਗਾਇ = ਗਾ ਕੇ।੨।

ਅਰਥ: ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) , ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ (ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।੧।ਰਹਾਉ।

(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ।੧।

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ।੨।੧੭।

ਧਨਾਸਿਰੀ ਮਹਲਾ ੫ ॥ ਅਉਖਧੁ ਤੇਰੋ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥ ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥ ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥ ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥ {ਪੰਨਾ 675}

ਪਦਅਰਥ: ਅਉਖਧੁ = ਦਵਾਈ। ਦਇਆਲ = ਹੇ ਦਇਆ ਦੇ ਘਰ! ਆਤੁਰ = ਦੁੱਖੀ। ਮੋਹਿ ਆਤੁਰ = ਮੈਂ ਦੁੱਖੀ ਨੇ। ਗਤਿ = ਉੱਚੀ ਆਤਮਕ ਅਵਸਥਾ। ਕਰਹਿ = ਤੂੰ ਕਰਦਾ ਹੈਂ।੧।ਰਹਾਉ।

ਅਨੁਗ੍ਰਹੁ = ਕਿਰਪਾ। ਦੁਤੀਆ ਭਾਉ = ਦੂਜਾ ਪਿਆਰ, ਮੇਰ = ਤੇਰ, ਮਾਇਆ ਦਾ ਮੋਹ। ਨਿਵਾਰਿ = ਦੂਰ ਕਰ। ਕਾਟਿ = ਕੱਟ ਕੇ। ਕਰਿ ਲੇਹੁ = ਬਣਾ ਲੈ। ਆਵਹ = ਅਸੀ ਆਵੀਏ। ਹਾਰਿ = ਹਾਰ ਕੇ।੧।

ਹਉ ਜੀਵਾਂ = ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ। ਸੰਮ੍ਰਥੁ = ਸਭ ਤਾਕਤਾਂ ਦਾ ਮਾਲਕ। ਪੁਰਖੁ = ਸਰਬ = ਵਿਆਪਕ। ਕਉ = ਨੂੰ। ਆਰਾਧੀ = ਆਰਾਧੀਂ, ਮੈਂ ਅਰਾਧਦਾ ਰਹਾਂ। ਸਦ = ਸਦਾ।੨।

ਅਰਥ: ਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ, ਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ।੧।ਰਹਾਉ।

ਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ। ਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ।੧।

ਹੇ ਨਾਨਕ! ਆਖ-ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ। (ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।੨।੧੮।

ਰਾਗੁ ਧਨਾਸਰੀ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਹਾ ਹਾ ਪ੍ਰਭ ਰਾਖਿ ਲੇਹੁ ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥ ਅਗਨਿ ਕੁਟੰਬ ਸਾਗਰ ਸੰਸਾਰ ॥ ਭਰਮ ਮੋਹ ਅਗਿਆਨ ਅੰਧਾਰ ॥੧॥ ਊਚ ਨੀਚ ਸੂਖ ਦੂਖ ॥ ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥ ਮਨਿ ਬਾਸਨਾ ਰਚਿ ਬਿਖੈ ਬਿਆਧਿ ॥ ਪੰਚ ਦੂਤ ਸੰਗਿ ਮਹਾ ਅਸਾਧ ॥੩॥ ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥ ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥ {ਪੰਨਾ 675}

ਪਦਅਰਥ: ਹਾ ਹਾ = ਹਾਏ! ਹਾਏ! ਪ੍ਰਭ = ਹੇ ਪ੍ਰਭੂ! ਹਮ ਦੇ = ਅਸਾਂ ਜੀਵਾਂ ਤੋਂ। ਸ੍ਵਾਮੀ = ਹੇ ਸੁਆਮੀ!੧।ਰਹਾਉ।

ਸਾਗਰ = ਸਮੁੰਦਰ। ਅਗਨਿ = ਅੱਗ। ਕੁਟੰਬ = ਪਰਵਾਰ (ਦਾ ਮੋਹ) ਭਰਮ = ਭਟਕਣਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਅੰਧਾਰ = ਹਨੇਰੇ।੧।

ਊਚ = ਮਨ ਦਾ ਉੱਚਾ ਹੋ ਜਾਣਾ, ਅਹੰਕਾਰ। ਨੀਚ = ਢਹਿੰਦੀ ਕਲਾ, ਨਿੱਘਰੀ ਹੋਈ ਹਾਲਤ। ਧ੍ਰਾਪਸਿ ਨਾਹੀ = ਰੱਜਦਾ ਨਹੀਂ।੨।

ਮਨਿ = ਮਨ ਵਿਚ। ਬਾਸਨਾ = ਵਾਸਨਾ। ਰਚਿ = ਰਚ ਕੇ, ਬਣਾ ਕੇ। ਬਿਖੈ = ਵਿਸ਼ੇ = ਵਿਕਾਰ। ਬਿਆਧਿ = ਰੋਗ। ਦੂਤ = ਵੈਰੀ। ਸੰਗਿ = ਨਾਲ। ਅਸਾਧ = ਕਾਬੂ ਨਾਹ ਆ ਸਕਣ ਵਾਲੇ।੩।

ਜੀਅ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}ਨਾਨਕ = ਹੇ ਨਾਨਕ! ਜਾਨੁ = ਸਮਝ। ਨੇਰਾ = ਨੇੜੇ।੪।

ਅਰਥ: ਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ। ਹੇ ਮੇਰੇ ਮਾਲਕ! ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼।੧।ਰਹਾਉ।

ਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ। ਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ-ਇਹ ਸਾਰੇ ਘੁੱਪ ਹਨੇਰੇ ਪਏ ਹੋਏ ਹਨ।੧।

ਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ। ਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ।੨।

ਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ। ਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ।੩।

ਹੇ ਨਾਨਕ! ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ (ਉਸ ਦੇ ਅੱਗੇ ਅਰਦਾਸ ਕਰਿਆ ਕਰ-ਹੇ ਪ੍ਰਭੂ!) ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ-ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ) ੪।੧।੧੯।

ਨੋਟ: ਅੰਕ ੧ ਦੱਸਦਾ ਹੈ ਕਿ ਮਹਲਾ ੫ ਦੇ ਸ਼ਬਦਾਂ ਦਾ ਇਹ ਨਵਾਂ ਸੰਗ੍ਰਹ ਹੈ।

ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ {ਪੰਨਾ 675}

ਪਦਅਰਥ: ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ। ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ।੧।

ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ। ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ।ਰਹਾਉ।

ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ = ਵਿਆਪਕ। ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ।੨।

ਕਰਹਿ = ਕਰਦੇ ਹਨ। ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ।੩।

ਅਧਾਰੁ = ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੪।

ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।

ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ।੧।

ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ।੨।

ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ, ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।੩।

ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੪।੨।੨੦।

TOP OF PAGE

Sri Guru Granth Darpan, by Professor Sahib Singh