ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 630

ਸੋਰਠਿ ਮਹਲਾ ੫ ॥ ਆਗੈ ਸੁਖੁ ਮੇਰੇ ਮੀਤਾ ॥ ਪਾਛੇ ਆਨਦੁ ਪ੍ਰਭਿ ਕੀਤਾ ॥ ਪਰਮੇਸੁਰਿ ਬਣਤ ਬਣਾਈ ॥ ਫਿਰਿ ਡੋਲਤ ਕਤਹੂ ਨਾਹੀ ॥੧॥ ਸਾਚੇ ਸਾਹਿਬ ਸਿਉ ਮਨੁ ਮਾਨਿਆ ॥ ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ ਸਭ ਜੀਅ ਤੇਰੇ ਦਇਆਲਾ ॥ ਅਪਨੇ ਭਗਤ ਕਰਹਿ ਪ੍ਰਤਿਪਾਲਾ ॥ ਅਚਰਜੁ ਤੇਰੀ ਵਡਿਆਈ ॥ ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥ {ਪੰਨਾ 630}

ਪਦਅਰਥ: ਆਗੈ = ਅਗਾਂਹ ਆਉਣ ਵਾਲੇ ਜੀਵਨ ਵਿਚ। ਮੀਤਾ = ਹੇ ਮਿੱਤਰ! ਪਾਛੇ = ਪਿੱਛੇ ਬੀਤ ਚੁਕੇ ਸਮੇ ਵਿਚ। ਪ੍ਰਭਿ = ਪ੍ਰਭੂ ਨੇ। ਪਰਮੇਸੁਰਿ = ਪਰਮੇਸਰ ਨੇ। ਬਣਤ = ਵਿਓਂਤ। ਕਤ ਹੂ = ਕਿਤੇ ਭੀ।੧।

ਸਾਚੇ ਸਿਉ = ਸਦਾ ਕਾਇਮ ਰਹਿਣ ਵਾਲੇ। ਸਿਉ = ਨਾਲ। ਮਾਨਿਆ = ਪਤੀਜ ਗਿਆ। ਨਿਰੰਤਰਿ = {ਨਿਰ = ਅੰਤਰਿ। ਅੰਤਰੁ = ਵਿੱਥ} ਇਕ-ਰਸ, ਬਿਨਾ ਵਿੱਥ ਦੇ।੧।ਰਹਾਉ।

ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}ਦਇਆਲਾ = ਹੇ ਦਇਆ ਦੇ ਘਰ! ਕਰਹਿ = ਤੂੰ ਕਰਦਾ ਹੈਂ। ਅਚਰਜੁ = ਹੈਰਾਨ ਕਰ ਦੇਣ ਵਾਲਾ। ਵਡਿਆਈ = ਬਖ਼ਸ਼ਸ਼। ਧਿਆਈ = ਧਿਆਉਂਦਾ ਹੈ।੨।

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ, ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ।੧।ਰਹਾਉ।

ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ, ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ, ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ।੧।

ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ।੨।੨੩।੮੭।

ਸੋਰਠਿ ਮਹਲਾ ੫ ॥ ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ ਪ੍ਰਭਿ ਸਗਲੇ ਥਾਨ ਵਸਾਏ ॥ ਸੁਖਿ ਸਾਂਦਿ ਫਿਰਿ ਆਏ ॥ ਨਾਨਕ ਪ੍ਰਭ ਸਰਣਾਏ ॥ ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥ {ਪੰਨਾ 630}

ਪਦਅਰਥ: ਨਰਾਇਣੁ = {नार = अयन} ਪਰਮਾਤਮਾ। ਕੰਠਿ = ਗਲ ਨਾਲ। ਲਾਇ = ਲਾ ਕੇ। ਸਾਖੈ = ਸਾਖੀ, ਸਿੱਖਿਆ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।੧।

ਗੁਰਿ = ਗੁਰੂ ਨੇ। ਪੂਰੀ = ਸਫਲਤਾ। ਦੁਸਮਨ = (ਕਾਮਾਦਿਕ) ਵੈਰੀ। ਮਾਰਿ = ਮਾਰ ਕੇ। ਵਿਡਾਰੇ = ਨਾਸ ਕਰ ਦਿੱਤੇ। ਕਉ = ਨੂੰ।੧।ਰਹਾਉ।

ਪ੍ਰਭਿ = ਪ੍ਰਭੂ ਨੇ। ਸਗਲੇ ਥਾਨ = ਸਾਰੇ ਥਾਂ, ਸਾਰੇ ਗਿਆਨ = ਇੰਦ੍ਰੇ। ਵਸਾਏ = ਆਤਮਕ ਗੁਣਾਂ ਨਾਲ ਵਸਾ ਦਿੱਤੇ। ਸੁਖਿ ਸਾਂਦਿ = ਆਤਮਕ ਆਨੰਦ ਵਿਚ, ਸ਼ਾਂਤ ਅਵਸਥਾ ਵਿਚ। ਆਏ = ਆ ਟਿਕੇ। ਜਿਨਿ = ਜਿਸ ਪ੍ਰਭੂ ਨੇ।੨।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ।੧।ਰਹਾਉ।

ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ। (ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ) ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ, ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ।੧।

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ। ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ, ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ।੨।੨੪।੮੮।

ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥ {ਪੰਨਾ 630}

ਪਦਅਰਥ: ਦਾਤਾ = ਦੇਣ ਵਾਲਾ। ਤਾ ਕੀ = ਉਸ (ਗੁਰੂ) ਦੀ। ਭੇਟਤ = ਮਿਲਦਿਆਂ। ਗਾਈਐ = ਗਾਣਾ ਚਾਹੀਦਾ ਹੈ।੧।

ਭਾਈ = ਹੇ ਭਾਈ! ਨਾਮੋ = ਨਾਮ ਹੀ।ਰਹਾਉ।

ਤਿਸਹਿ = ਤਿਸੁ ਹੀ, ਉਸੇ ਨੂੰ ਹੀ {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਣ ਉੱਡ ਗਿਆ ਹੈ}ਧੁਰਿ = ਪ੍ਰਭੂ ਦੀ ਦਰਗਾਹ ਤੋਂ। ਪ੍ਰਭ = ਹੇ ਪ੍ਰਭੂ! ਨਾਮਿ = ਨਾਮ ਵਿਚ। ਰਹਾ = ਰਹਾਂ। ਲਿਵ = ਲਗਨ।੨।

ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ।ਰਹਾਉ।

ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।੧।

ਪਰ, ਹੇ ਭਾਈ! ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ।੨।੨੫।੮੯।

ਸੋਰਠਿ ਮਹਲਾ ੫ ॥ ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥ ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ ਪ੍ਰਭ ਜੀ ਤੇਰੀ ਓਟ ਗੁਸਾਈ ॥ ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ੍ਹ ਧਿਆਈ ॥ ਰਹਾਉ ॥ ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥ ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥ ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥ ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥ ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥ {ਪੰਨਾ 630}

ਪਦਅਰਥ: ਕਰਨ ਕਰਾਵਨ = ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜੈ ਜੈ ਕਾਰੁ = ਸੋਭਾ। ਭੀਤਰਿ = {अभ्यंतर} ਅੰਦਰ, ਵਿਚ।੧।

ਪ੍ਰਭ = ਹੇ ਪ੍ਰਭੂ! ਓਟ ਆਸਰਾ। ਗੁਸਾਈ = ਹੇ ਧਰਤੀ ਦੇ ਖਸਮ! ਸਰਨਿ = {शरन्य} ਆਸਰਾ। ਧਿਆਈ = ਧਿਆਈਂ, ਮੈਂ ਧਿਆਵਾਂ।ਰਹਾਉ।

ਪ੍ਰਭ = ਹੇ ਪ੍ਰਭੂ! ਅੰਦੇਸਾ = ਚਿੰਤਾ = ਫ਼ਿਕਰ। ਮਾਹੀ = ਵਿਚ।੨।

ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਦਿਲਾਸਾ = ਹੌਸਲਾ। ਜਿਣਿ = ਜਿੱਤ ਕੇ {ਲਫ਼ਜ਼ 'ਜਿਣਿ ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}ਸੇਤੀ = ਨਾਲ।੩।

ਮਤਿ = ਅਕਲ, ਸਿੱਖਿਆ। ਪੂਰੀ = ਉਕਾਈ = ਹੀਣ। ਜਾ ਕੀ = ਜਿਸ (ਗੁਰੂ) ਦੀ। ਲਾਗਿ = ਲੱਗ ਕੇ। ਭਵ ਸਾਗਰੁ = ਸੰਸਾਰ = ਸਮੁੰਦਰ। ਜਪਿ = ਜਪ ਕੇ।੪।

ਅਰਥ: ਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! ਮੈਨੂੰ) ਤੇਰਾ (ਹੀ) ਆਸਰਾ ਹੈ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ।ਰਹਾਉ।

ਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ। ਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ।੧।

ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ, (ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨।

ਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ। ਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ।੩।

ਹੇ ਨਾਨਕ! ਆਖ-) ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ, ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ।੪।੨੬।੯੦।

ਸੋਰਠਿ ਮਹਲਾ ੫ ॥ ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥ ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥ ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥ ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥ ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥ {ਪੰਨਾ 630}

ਪਦਅਰਥ: ਕਿਰਪਾਲੁ = ਦਇਆਵਾਨ। ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਵਿਓਂਤ। ਬਾਤੀ = ਬਣਾਈ। ਰਾਖਿ ਲੀਓ = ਬਚਾ ਲਿਆ। ਜਨੁ = ਦਾਸ। ਗੁਰ ਪੂਰੇ = ਪੂਰੇ ਗੁਰੂ ਨੇ। ਬੇੜੀ = ਪੈਰਾਂ ਦੀ ਜ਼ੰਜੀਰ।੧।

ਗੋਵਿੰਦੁ = ਧਰਤੀ ਦਾ ਮਾਲਕ = ਹਰੀ। ਸਦ = ਸਦਾ। ਕਲੇਸ = ਦੁੱਖ ਝਗੜੇ। ਮਿਟਹਿ = ਮਿਟ ਜਾਂਦੇ ਹਨ। ਤੇ = ਤੋਂ। ਮਨ ਚਿੰਦਿਆ = ਮਨ = ਇੱਛਤ। ਚਿੰਦਿਆ = ਚਿਤਵਿਆ ਹੋਇਆ।ਰਹਾਉ।

ਜਾ ਕੇ = ਜਿਸ (ਪਰਮਾਤਮਾ) ਦੇ। ਸਭਿ = ਸਾਰੇ। ਕੀਨੇ = ਪੈਦਾ ਕੀਤੇ ਹੋਏ ਹਨ। ਅਗਮ = ਅਪਹੁੰਚ। ਅਪਾਰਾ = ਬੇਅੰਤ। ਸਾਧ ਸੰਗਿ = ਸਾਧ ਸੰਗਤਿ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ਰੂ। ਦਰਬਾਰਾ = ਪ੍ਰਭੂ ਦੀ ਹਜ਼ੂਰੀ ਵਿਚ।੨।

ਅਰਥ: ਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।ਰਹਾਉ।

ਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ। ਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ।੧।

ਹੇ ਨਾਨਕ! ਆਖ-) ਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ। ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ।੨।੨੭।੯੧।

ਸੋਰਠਿ ਮਹਲਾ ੫ ॥ ਸਿਮਰਉ ਅਪੁਨਾ ਸਾਂਈ ॥ ਦਿਨਸੁ ਰੈਨਿ ਸਦ ਧਿਆਈ ॥ ਹਾਥ ਦੇਇ ਜਿਨਿ ਰਾਖੇ ॥ ਹਰਿ ਨਾਮ ਮਹਾ ਰਸ ਚਾਖੇ ॥੧॥ ਅਪਨੇ ਗੁਰ ਊਪਰਿ ਕੁਰਬਾਨੁ ॥ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ ਨਾਨਕ ਜਨ ਸਰਨਾਈ ॥ ਜਿਨਿ ਪੂਰਨ ਪੈਜ ਰਖਾਈ ॥ ਸਗਲੇ ਦੂਖ ਮਿਟਾਈ ॥ ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥ {ਪੰਨਾ 630-631}

ਪਦਅਰਥ: ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਂਈ = ਖਸਮ = ਪ੍ਰਭੂ। ਰੈਨਿ = ਰਾਤ। ਸਦ = ਸਦਾ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਹਾਂ। ਦੇਇ = ਦੇ ਕੇ। ਜਿਨਿ = ਜਿਸ (ਖਸਮ = ਪ੍ਰਭੂ) ਨੇ।੧।

ਗੁਰ ਊਪਰਿ = ਗੁਰੂ ਤੋਂ। ਕੁਰਬਾਨੁ = ਸਦਕੇ। ਜੀਅ = ਸਾਰੇ ਜੀਵਾਂ ਉੱਤੇ।ਰਹਾਉ।

ਨਾਨਕ ਜਨ = ਹੇ ਦਾਸ ਨਾਨਕ! ਜਿਨਿ = ਜਿਸ (ਪਰਮਾਤਮਾ) ਨੇ। ਪੂਰਨ = ਚੰਗੀ ਤਰ੍ਹਾਂ। ਪੈਜ = ਇੱਜ਼ਤ। ਸਗਲੇ = ਸਾਰੇ। ਭੁੰਚਹੁ = ਖਾਵੋ, ਮਾਣੋ। ਭਾਈ = ਹੇ ਭਾਈ!੨।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ।ਰਹਾਉ।

ਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ, ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ, ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ।੪।

ਹੇ ਦਾਸ ਨਾਨਕ! ਆਖ-) ਹੇ ਮੇਰੇ ਭਰਾਵੋ! ਉਸ ਪਰਮਾਤਮਾ ਦੀ ਸ਼ਰਨ ਪਏ ਰਹੋ, ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ, ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਹੇ ਭਰਾਵੋ! ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ।੨।੨੮।੯੨।

TOP OF PAGE

Sri Guru Granth Darpan, by Professor Sahib Singh