ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 629

ਸੋਰਠਿ ਮਹਲਾ ੫ ॥ ਗੁਰੁ ਪੂਰਾ ਆਰਾਧੇ ॥ ਕਾਰਜ ਸਗਲੇ ਸਾਧੇ ॥ ਸਗਲ ਮਨੋਰਥ ਪੂਰੇ ॥ ਬਾਜੇ ਅਨਹਦ ਤੂਰੇ ॥੧॥ ਸੰਤਹੁ ਰਾਮੁ ਜਪਤ ਸੁਖੁ ਪਾਇਆ ॥ ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥ ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥ ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥ {ਪੰਨਾ 629}

ਪਦਅਰਥ: ਸਾਧੇ = ਸਫਲ ਕਰ ਲੈਂਦਾ ਹੈ। ਮਨੋਰਥ = ਮਨੋ = ਕਾਮਨਾ। ਬਾਜੇ = ਵੱਜ ਪੈਂਦੇ ਹਨ। ਅਨਹਦ = ਇਕ-ਰਸ, ਬਿਨਾ ਵਜਾਇਆਂ। ਤੂਰੇ = ਵਾਜੇ।੧।

ਸੰਤਹੁ = ਹੇ ਸੰਤ ਜਨੋ! ਸੰਤ ਅਸਥਾਨਿ = ਸੰਤਾਂ ਦੇ ਅਸਥਾਨ ਵਿਚ, ਸਾਧ ਸੰਗਤਿ ਵਿਚ। ਸਹਜੇ = ਆਤਮਕ ਅਡੋਲਤਾ ਵਿਚ।੧।

ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਣੀ = ਚੰਗੀ ਲੱਗਦੀ ਹੈ। ਦਾਸਿ = ਦਾਸ ਨੇ। ਨਿਰਮਲ = ਪਵਿਤ੍ਰ (ਕਰਨ ਵਾਲੀ) ਅਕਥ ਕਹਾਣੀ = ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ।੨।

ਅਰਥ: ਹੇ ਸੰਤ ਜਨੋ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਆਤਮਕ ਸੁਖ ਮਾਣਦੇ ਹਨ।੧।ਰਹਾਉ।

ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ, ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ। ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ, ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ।੧।

(ਪਰ) ਹੇ ਨਾਨਕ! ਪੂਰੇ ਗੁਰੂ ਦੀ ਬਾਣੀ (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ। ਇਹ ਬਾਣੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ (ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ, ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।੨।੧੮।੮੨।

ਸੋਰਠਿ ਮਹਲਾ ੫ ॥ ਭੂਖੇ ਖਾਵਤ ਲਾਜ ਨ ਆਵੈ ॥ ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥ ਅਪਨੇ ਕਾਜ ਕਉ ਕਿਉ ਅਲਕਾਈਐ ॥ ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥ ਜਿਉ ਕਾਮੀ ਕਾਮਿ ਲੁਭਾਵੈ ॥ ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥ ਜਿਉ ਮਾਤਾ ਬਾਲਿ ਲਪਟਾਵੈ ॥ ਤਿਉ ਗਿਆਨੀ ਨਾਮੁ ਕਮਾਵੈ ॥੩॥ ਗੁਰ ਪੂਰੇ ਤੇ ਪਾਵੈ ॥ ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥ {ਪੰਨਾ 629}

ਪਦਅਰਥ: ਲਾਜ = ਸ਼ਰਮ। ਗਾਵੈ = ਗਾਂਦਾ ਹੈ।੧।

ਕਉ = ਵਾਸਤੇ। ਅਲਕਾਈਐ = ਆਲਸ ਕੀਤਾ ਜਾਏ। ਜਿਤੁ = ਜਿਸ ਦੀ ਰਾਹੀਂ। ਸਿਮਰਨਿ = ਸਿਮਰਨ ਦੀ ਰਾਹੀਂ। ਜਿਤੁ ਸਿਮਰਨਿ = ਜਿਸ ਸਿਮਰਨ ਦੀ ਰਾਹੀਂ।੧।ਰਹਾਉ।

ਕਾਮੀ = ਵਿਸ਼ਈ ਮਨੁੱਖ। ਕਾਮਿ = ਕਾਮ = ਵਾਸ਼ਨਾ ਵਿਚ। ਲੁਭਾਵੈ = ਮਗਨ ਰਹਿੰਦਾ ਹੈ। ਭਾਵੈ = ਪਸੰਦ ਆਉਂਦਾ ਹੈ।੨।

ਬਾਲਿ = ਬਾਲ (ਦੇ ਮੋਹ) ਵਿਚ। ਲਪਟਾਵੈ = ਚੰਬੜੀ ਰਹਿੰਦੀ ਹੈ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ।੩।

ਤੇ = ਤੋਂ, ਪਾਸੋਂ। ਜਨ ਨਾਨਕ = ਹੇ ਨਾਨਕ = ਹੇ ਦਾਸ ਨਾਨਕ!੪।

ਅਰਥ: ਹੇ ਭਾਈ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ (ਉਹ ਸਿਮਰਨ ਹੀ ਸਾਡਾ ਅਸਲ ਕੰਮ ਹੈ, ਇਸ) ਆਪਣੇ (ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ।੧।ਰਹਾਉ।

ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ, ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ।੧।

ਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ, ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਚੰਗੀ ਲੱਗਦੀ ਹੈ।੨।

ਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ।੩।

ਪਰ, ਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ।੪।੧੯।੮੩।

ਸੋਰਠਿ ਮਹਲਾ ੫ ॥ ਸੁਖ ਸਾਂਦਿ ਘਰਿ ਆਇਆ ॥ ਨਿੰਦਕ ਕੈ ਮੁਖਿ ਛਾਇਆ ॥ ਪੂਰੈ ਗੁਰਿ ਪਹਿਰਾਇਆ ॥ ਬਿਨਸੇ ਦੁਖ ਸਬਾਇਆ ॥੧॥ ਸੰਤਹੁ ਸਾਚੇ ਕੀ ਵਡਿਆਈ ॥ ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥ ਬੋਲੇ ਸਾਹਿਬ ਕੈ ਭਾਣੈ ॥ ਦਾਸੁ ਬਾਣੀ ਬ੍ਰਹਮੁ ਵਖਾਣੈ ॥ ਨਾਨਕ ਪ੍ਰਭ ਸੁਖਦਾਈ ॥ ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥ {ਪੰਨਾ 629}

ਪਦਅਰਥ: ਸੁਖ ਸਾਂਦਿ = ਸੁਖ = ਸਾਂਦ ਨਾਲ, ਖ਼ੈਰੀਅਤ ਨਾਲ, ਆਤਮਕ ਅਰੋਗਤਾ ਨਾਲ। ਘਰਿ = ਹਿਰਦੇ = ਘਰ ਵਿਚ। ਕੈ ਮੁਖਿ = ਦੇ ਮੂੰਹ ਵਿਚ। ਛਾਇਆ = ਸੁਆਹ। ਗੁਰਿ = ਗੁਰੂ ਨੇ। ਪਹਿਰਾਇਆ = ਸਰੋਪਾ ਦਿੱਤਾ, ਆਦਰ = ਮਾਣ ਬਖ਼ਸ਼ਿਆ। ਸਬਾਇਆ = ਸਾਰੇ।੧।

ਸਾਚੇ ਕੀ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਵਡਿਆਈ = ਵੱਡੀ ਸ਼ਾਨ, ਵੱਡੀ ਤਾਕਤ। ਜਿਨਿ = ਜਿਸ (ਸਾਚੇ) ਨੇ। ਅਚਰਜ = ਹੈਰਾਨ ਕਰ ਦੇਣ ਵਾਲੀ। ਸੋਭ = (ਆਪਣੇ ਦਾਸ ਦੀ) ਸੋਭਾ।੧।ਰਹਾਉ।

ਬੋਲੇ = ਬੋਲਦਾ ਹੈ। ਕੈ ਭਾਣੈ = ਦੀ ਰਜ਼ਾ ਵਿਚ। ਵਖਾਣੈ = ਉਚਾਰਦਾ ਹੈ। ਬ੍ਰਹਮੁ = ਪਰਮਾਤਮਾ (ਦਾ ਨਾਮ) ਨਾਨਕ = ਹੇ ਨਾਨਕ! ਜਿਨਿ = ਜਿਸ (ਪ੍ਰਭੂ) ਨੇ। ਪੂਰੀ ਬਣਤ = ਉਕਾਈ ਨਾਹ ਖਾਣ ਵਾਲੀ ਵਿਓਂਤ।੨।

ਅਰਥ: ਹੇ ਸੰਤ ਜਨੋ! ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ, ਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ।੧।ਰਹਾਉ।

(ਹੇ ਸੰਤ ਜਨੋ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ, ਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ, ਉਹੀ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ। ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ (ਪ੍ਰਭੂ ਦੇ ਦਾਸ ਦੇ ਨਿੰਦਕ ਨੇ ਸਦਾ ਬਦਨਾਮੀ ਦਾ ਟਿੱਕਾ ਹੀ ਖੱਟਿਆ) ੧।

ਹੇ ਨਾਨਕ! ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖ਼ਸ਼ੀ, ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ, ਉਹ ਸੇਵਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ, ਪਰਮਾਤਮਾ ਦਾ ਨਾਮ ਉਚਾਰਦਾ ਹੈ। ਹੇ ਭਾਈ! ਜਿਸ ਪਰਮਾਤਮਾ ਨੇ (ਗੁਰੂ ਦੀ ਸ਼ਰਨ ਪੈ ਕੇ ਨਾਮ-ਸਿਮਰਨ ਦੀ ਇਹ) ਕਦੇ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾ ਦਿੱਤੀ ਹੈ, ਉਹ ਸਦਾ (ਆਪਣੇ ਸੇਵਕ ਨੂੰ) ਸੁਖ ਦੇਣ ਵਾਲਾ ਹੈ।੨।੨੦।੮੪।

ਸੋਰਠਿ ਮਹਲਾ ੫ ॥ ਪ੍ਰਭੁ ਅਪੁਨਾ ਰਿਦੈ ਧਿਆਏ ॥ ਘਰਿ ਸਹੀ ਸਲਾਮਤਿ ਆਏ ॥ ਸੰਤੋਖੁ ਭਇਆ ਸੰਸਾਰੇ ॥ ਗੁਰਿ ਪੂਰੈ ਲੈ ਤਾਰੇ ॥੧॥ ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥ ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥ ਹਰਿ ਨਾਮੁ ਰਿਦੈ ਉਰਿ ਧਾਰੇ ॥ ਤਿਨਿ ਸਭੇ ਥੋਕ ਸਵਾਰੇ ॥ ਗੁਰਿ ਪੂਰੈ ਤੁਸਿ ਦੀਆ ॥ ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥ {ਪੰਨਾ 629}

ਪਦਅਰਥ: ਰਿਦੈ = ਹਿਰਦੇ ਵਿਚ। ਘਰਿ = ਹਿਰਦੇ = ਘਰ ਵਿਚ, ਪ੍ਰਭੂ = ਚਰਨਾਂ ਵਿਚ। ਸਹੀ ਸਲਾਮਤਿ = ਆਤਮਕ ਜੀਵਨ ਦੀ ਰਾਸਿ = ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ। ਸੰਸਾਰੇ = ਸੰਸਾਰ ਵਿਚ (ਵਿਚਰਦਿਆਂ) , ਦੁਨੀਆ ਦੀ ਕਿਰਤ = ਕਾਰ ਕਰਦਿਆਂ। ਗੁਰਿ = ਗੁਰੂ ਨੇ। ਲੈ = ਲੈ ਕੇ, (ਉਸ ਦੀ) ਬਾਂਹ ਫੜ ਕੇ।

ਗਣਤ = ਲੇਖਾ। ਨ ਗਣਈ = ਨਹੀਂ ਗਿਣਦਾ। ਗੁਪਾਲਾ = ਸ੍ਰਿਸ਼ਟੀ ਦਾ ਪਾਲਕ ਪ੍ਰਭੂ।੧।ਰਹਾਉ।

ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਤਿਨਿ = ਉਸ ਮਨੁੱਖ ਨੇ। ਸਭੇ ਥੋਕ = ਸਾਰੀਆਂ ਚੀਜ਼ਾਂ, ਸਾਰੇ ਆਤਮਕ ਗੁਣ। ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ। ਨ ਥੀਆ = ਨਾਹ ਹੋਇਆ।੨।

ਅਰਥ: ਹੇ ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹੈ। ਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, (ਕਿਉਂਕਿ) ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਬੱਚਿਆਂ ਵਾਂਗ (ਸੇਵਕਾਂ ਨੂੰ ਵਿਕਾਰਾਂ ਤੋਂ) ਬਚਾਈ ਰੱਖਦਾ ਹੈ (ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ।੧।ਰਹਾਉ।

ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ। ਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ। ਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ।੧।

ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ (ਯਕੀਨ ਜਾਣੋ) ਉਸ ਨੇ ਆਪਣੇ ਸਾਰੇ ਆਤਮਕ ਗੁਣ ਸੋਹਣੇ ਬਣਾ ਲਏ ਹਨ। ਹੇ ਨਾਨਕ! ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ, ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ।੨।੨੧।੮੫।

ਸੋਰਠਿ ਮਹਲਾ ੫ ॥ ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ {ਪੰਨਾ 629}

ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ। ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ। ਵਡਿਆਈ = ਬਰਕਤਿ, ਬਖ਼ਸ਼ਸ਼। ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ।੧।

ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ। ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਪਿਆਰੇ = ਹੇ ਪਿਆਰੇ! ਜਸੁ = ਸਿਫ਼ਤਿ-ਸਾਲਾਹ ਦਾ ਗੀਤ।੧।ਰਹਾਉ।

ਭਾਰੋ = ਵੱਡਾ। ਸੁਆਮੀ = ਮਾਲਕ। ਭਰਵਾਸਾ = ਭਰੋਸਾ, ਸਹਾਰਾ। ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ।੨।

ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। (ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ।੧।

ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ (ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ੨।੨੨।੮੬।

TOP OF PAGE

Sri Guru Granth Darpan, by Professor Sahib Singh