ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 442

ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥ ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥ ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥ ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥ ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥ ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥ {ਪੰਨਾ 442}

ਪਦ ਅਰਥ: ਸਚੇ = ਹੇ ਸਦਾ-ਥਿਰ ਰਹਿਣ ਵਾਲੇ! ਵਡਿਆਈ = ਬਜ਼ੁਰਗੀ, ਵਡੱਪਣ। ਕੁਦਰਤਿ = ਤਾਕਤ। ਜਾ ਕਉ ਮੰਨਿ = ਜਿਨ੍ਹਾਂ ਦੇ ਮਨ ਵਿਚ। ਗਾਵਹੇ = ਗਾਵਹਿ। ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸਿਉ = ਨਾਲ। ਲਾਵਹੇ = ਲਾਵਹਿ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਗੁਰਮੁਖਿ = ਗੁਰੂ ਦੀ ਰਾਹੀਂ।10।

ਅਰਥ: ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ। ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ। ਪਰ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ। (ਤੇਰਾ ਦਾਸ) ਨਾਨਕ ਇਉਂ ਆਖਦਾ ਹੈ– ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।10।2।7।5।2।7।

ਨੋਟ: ਇਸ ਛੰਤ ਦੇ 10 ਬੰਦ ਹਨ, ਗੁਰੂ ਅਮਰਦਾਸ ਜੀ ਦੇ 2 ਛੰਤ ਹਨ, ਗੁਰੂ ਨਾਨਕ ਦੇਵ ਜੀ ਦੇ 5। ਜੋੜ 7 ਬਣਿਆ।

ਦੂਜੀ ਵਾਰੀ ਉਹੀ ਜੋੜ ਫਿਰ ਦਿੱਤਾ ਹੈ।

ਛੰਤ ਮਹਲਾ 1 = 5
ਛੰਤ ਮਹਲਾ 3 = 2
. . . . . . . = =
. . ਜੋੜ . . . . 7

ਰਾਗੁ ਆਸਾ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥ ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥ ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥ ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥ ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥ ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥ ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥ ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥ ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥ ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥ ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥ ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥ ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥ ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥ ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥ ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥ ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥ ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥ ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥ ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥ ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥ ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥ {ਪੰਨਾ 442}

ਪਦ ਅਰਥ: ਜੀਵਨੋ = ਜੀਵਨੁ, ਅਸਲ ਜ਼ਿੰਦਗੀ, ਆਤਮਕ ਜੀਵਨ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭਾਏ = (ਪ੍ਰਭੂ ਜੀ) ਪਿਆਰੇ ਲੱਗ ਪਏ। ਨਾਮੋ = ਨਾਮ। ਮੇਰੈ ਪ੍ਰਾਨਿ = ਮੇਰੇ ਹਰੇਕ ਸਾਹ ਦੇ ਵਿਚ। ਸੰਸਾ = ਸਹਮ। ਅਦਿਸਟੁ = ਨਾਹ ਦਿੱਸਣ ਵਾਲਾ। ਅਗੋਚਰੁ = {ਗੋ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਬਚਨਿ = ਬਚਨ ਦੀ ਰਾਹੀਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਅਨਹਦ = {Anwhq} ਬਿਨਾ ਵਜਾਏ ਵੱਜਣ ਵਾਲੇ, ਇਕ-ਰਸ। ਅਨਹਦ ਧੁਨਿ = ਲਗਾਤਾਰ ਸੁਰ ਵਾਲੇ। ਵਾਜਹਿ = ਵੱਜਦੇ ਹਨ। ਵਾਜੇ = ਸੰਗੀਤਕ ਸਾਜ। ਪ੍ਰਭਿ = ਪ੍ਰਭੂ ਨੇ।1।

ਅਰਥ: (ਹੇ ਭਾਈ!) ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ। ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ। (ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ, ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ।

ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ।1।

ਪਦ ਅਰਥ: ਮਨਮੁਖਾ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਏ = ਆਤਮਕ ਮੌਤੇ ਮਰ ਗਏ। ਕਰਿ = ਕਰ ਕੇ, ਆਖ ਆਖ ਕੇ। ਆਵੈ = (ਉਹਨਾਂ ਦਾ ਮਨ) ਕਦੇ ਹੌਸਲਾ ਫੜਦਾ ਹੈ, ਕਦੇ ਜੀਊ ਪੈਂਦਾ ਹੈ। ਜਾਵੈ = ਕਦੇ ਢਹਿ ਪੈਂਦਾ ਹੈ, ਹੌਸਲਾ ਹਾਰ ਬਹਿੰਦਾ ਹੈ। ਮੜੈ = ਮੜ੍ਹ ਵਿਚ, ਸਰੀਰ ਵਿਚ। ਦੁਰਗੰਧ = ਬਦ-ਬੋ ਭਰੇ। ਰੰਗੁ ਕਸੁੰਭ = ਕਸੁੰਭੇ ਦੇ ਫੁੱਲ ਦਾ ਰੰਗ। ਪੂਰਬਿ = ਪੂਰਬ ਵਲ, ਚੜ੍ਹਦੇ ਪਾਸੇ। ਪਛਮਿ = ਪੱਛਮ ਵਲ, ਲਹਿੰਦੇ ਪਾਸੇ। ਛਾਏ = ਛਾਇਆ, ਪਰਛਾਵਾਂ। ਕੁਮ੍ਹ੍ਹਿਆਰਿ = ਕੁਮ੍ਹਿਆਰ ਨੇ। ਖਾਵਹਿ = ਸਹਾਰਦੇ ਹਨ। ਸੰਚਹਿ = ਇਕੱਠਾ ਕਰਦੇ ਹਨ। ਬਿਰਧਿ = {vãi} ਬਿਰਧੀ, ਵਾਧਾ। ਬਿਖਮੁ = ਔਖਾ। ਸੁਹੇਲਾ = ਸੌਖੇ ਤਰੀਕੇ ਨਾਲ।2।

ਅਰਥ: (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ 'ਮੇਰੀ ਮਾਇਆ, ਮੇਰੀ ਮਾਇਆ' ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ, ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ) , ਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ। ਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ।2।

ਪਦ ਅਰਥ: ਠਾਕੁਰੋ = ਠਾਕੁਰ, ਮਾਲਕ। ਨੀਕਾ = ਸੋਹਣਾ। ਅਗਮ = ਅਪਹੁੰਚ। ਅਥਾਹ = ਡੂੰਘਾ, ਜਿਸ ਦੀ ਹਾਥ ਨਾਹ ਪੈ ਸਕੇ। ਪੂਜੀ = ਪੂੰਜੀ, ਸਰਮਾਇਆ। ਚਾਹੀ = ਮੈਂ ਮੰਗਦਾ ਹਾਂ। ਸਾਹਾ = ਹੇ ਮੇਰੇ ਸ਼ਾਹ! ਬਿਸਾਹੀ = ਖ਼ਰੀਦੀ, ਵਣਜ ਕੀਤਾ। ਭਾਵੈ = ਚੰਗਾ ਲੱਗਦਾ ਹੈ। ਪਰਹਰਿ = ਤਿਆਗ ਕੇ। ਪਰਹਰਿ ਤਿਆਗੀ = ਉੱਕਾ ਹੀ ਤਿਆਗ ਦਿੱਤੀ। ਸੁੰਨੇ ਸੁੰਨਿ = ਸੁੰਨ ਵਿਚ ਹੀ। ਸੁੰਨ = ਸੁੰਞ, ਜਿਥੇ ਮਾਇਆ ਦੇ ਫੁਰਨੇ ਬਿਲਕੁਲ ਨਹੀਂ ਉਠਦੇ। ਇਕ ਭਾਤੀ = ਇਕ ਕਿਸਮ ਦੇ, ਇਕੋ ਹਰਿ-ਲਗਨ ਵਾਲੇ। ਜਾਰੇ = ਜਾਹਿ, ਜਾਂਦੇ ਹਨ। ਨਾਨਕ = ਹੇ ਨਾਨਕ! ਅਰਪਿ = ਭੇਟਾ ਕਰ ਦੇ।3।

ਅਰਥ: (ਹੇ ਭਾਈ!) ਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ। (ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।

ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ। ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ। ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।

ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ। ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ।3।

ਪਦ ਅਰਥ: ਰਤਨਾ ਰਤਨ = ਅਨੇਕਾਂ ਰਤਨ, ਉੱਚੇ ਆਤਮਕ ਜੀਵਨ ਵਾਲੇ ਸ੍ਰੇਸ਼ਟ ਗੁਣ। ਸਾਗਰੁ = ਸਮੁੰਦਰ, ਸਰੀਰ-ਸਮੁੰਦਰ। ਹਥਿ ਚੜਿਆ = ਮਿਲਿਆ, ਹੱਥ ਵਿਚ ਆਇਆ। ਨਿਰਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਅਤੋਲਕੁ = ਜੋ ਤੋਲਿਆ ਨਾਹ ਜਾ ਸਕੇ। ਵਿਰੋਲਿ = ਰਿੜਕ ਕੇ, ਨਿਤਾਰ ਕੇ। ਅਨੂਪ = ਸੁੰਦਰ, ਬੇ-ਮਿਸਾਲ। ਗੋੁਵਿੰਦੁ = {ਅਸਲ ਲਫ਼ਜ਼ ਗੋਵਿੰਦੁ ਹੈ ਇਥੇ 'ਗੁਵਿੰਦ' ਪੜ੍ਹਨਾ ਹੈ}। ਭੇਦੁ = ਫ਼ਰਕ, ਵਿਥ। ਭਾਈ = ਹੇ ਭਾਈ!।4।

ਅਰਥ: ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ। ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।

(ਹੇ ਭਾਈ!) ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ। ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ। ਹੇ ਨਾਨਕ! (ਆਖ–) ਹੇ ਭਾਈ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ।4।1।8।

TOP OF PAGE

Sri Guru Granth Darpan, by Professor Sahib Singh