ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 441

ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥ {ਪੰਨਾ 441}

ਪਦ ਅਰਥ: ਧਾਵਤੁ = ਭਟਕਦਾ (ਮਨ) । ਥੰਮ੍ਹ੍ਹਿਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ। ਆਏ = ਆਇ, ਆ ਕੇ। ਵਿਹਾਝੇ = ਖ਼ਰੀਦਦਾ ਹੈ। ਲਏ = ਲੈਂਦਾ ਹੈ, ਸਿਮਰਦਾ ਹੈ। ਨਾਮਿ = ਨਾਮ ਵਿਚ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਦਸਵਾ ਦੁਆਰੁ = ਨੌ ਗੋਲਕਾਂ ਦੇ ਪ੍ਰਭਾਵ ਵਿਚੋਂ ਨਿਕਲ ਕੇ ਉਹ ਦਸਵਾਂ ਦਰਵਾਜ਼ਾ ਜਿਥੇ ਭਟਕਣਾ ਮੁੱਕ ਜਾਂਦੀ ਹੈ। ਤਿਥੈ = ਉਸ ਆਤਮਕ ਅਵਸਥਾ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਜਿਤੁ = ਜਿਸ ਆਤਮਕ ਅਵਸਥਾ ਵਿਚ। ਸਬਦਿ = ਸ਼ਬਦ ਵਿਚ (ਜੁੜ ਕੇ) । ਜਗਤੁ = ਜਗਤ ਦਾ ਮੋਹ। ਥੰਮ੍ਹ੍ਹਿ = ਰੋਕ ਕੇ। ਸਚੇ = ਸਦਾ-ਥਿਰ ਪ੍ਰਭੂ ਵਿਚ ਹੀ।4।

ਅਰਥ: (ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਇਹ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ। (ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ। (ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ) । ਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ। (ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।

(ਹੇ ਭਾਈ! ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ।4।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}

ਪਦ ਅਰਥ: ਮਨ = ਹੇ ਮਨ! ਜੋਤਿ = ਨੂਰ, ਚਾਨਣ। ਮੂਲੁ = ਅਸਲਾ। ਪਛਾਣੁ = ਸਾਂਝ ਬਣਾਈ ਰੱਖ। ਗੁਰਮਤੀ = ਗੁਰੂ ਦੀ ਮਤਿ ਲੈ ਕੇ। ਰੰਗੁ = ਆਤਮਕ ਆਨੰਦ। ਸਹੁ = ਖ਼ਸਮ-ਪ੍ਰਭੂ। ਸੋਝੀ = ਸਮਝ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਾਣਹਿ = ਜੇ ਤੂੰ ਸਾਂਝ ਪਾ ਲਏਂ। ਦੂਜਾ ਭਾਉ = (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦਾ) ਹੋਰ ਪਿਆਰ। ਮਨਿ = ਮਨ ਵਿਚ। ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਜਾਏ (ਜਿਵੇਂ ਵਾਜਾ ਵੱਜਿਆਂ ਹੋਰ ਸਭ ਨਿੱਕਾ-ਮੋਟਾ ਰੌਲਾ ਸੁਣਾਈ ਨਹੀਂ ਦੇਂਦਾ) । ਤਾ = ਤਦੋਂ, ਤਾਂ।5।

ਅਰਥ: ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।

ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।

ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।

ਨਾਨਕ ਇਉਂ ਦੱਸਦਾ ਹੈ– ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ।5।

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ {ਪੰਨਾ 441}

ਪਦ ਅਰਥ: ਮਨ = ਹੇ ਮਨ! ਗਾਰਬਿ = ਅਹੰਕਾਰ ਨਾਲ। ਅਟਿਆ = ਲਿਬੜਿਆ ਹੋਇਆ। ਜਾਹਿ = ਜਾਏਂਗਾ। ਭਵਾਹਿ = ਭਵਾਇਆ ਜਾਹਿਂਗਾ। ਮੁਗਧ = ਮੂਰਖ। ਪਛੁਤਾਵਹੇ = ਪਛੁਤਾਵਹਿ, ਪਛੁਤਾਹਿਂਗਾ। ਤਿਸਨਾ = ਲਾਲਚ। ਗਵਾਵਹੇ = ਗਵਾਵਹਿ। ਮਨਮੁਖ = ਹੇ ਆਪ-ਹੁਦਰੇ (ਮਨ) ! ਚੇਤਹਿ ਨਾਹੀ = ਤੂੰ ਚੇਤਦਾ ਨਹੀਂ। ਜਾਵਹੇ = ਜਾਵਹਿ, ਜਾਏਂਗਾ।6।

ਅਰਥ: ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ, (ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ। ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।

ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ। (ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ।6।

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥ ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥ ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥ {ਪੰਨਾ 441}

ਪਦ ਅਰਥ: ਜਿ = ਕਿ। ਹਉ = ਮੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਮਾਣਾ = ਆਜਿਜ਼, ਮਾਣ-ਰਹਿਤ। ਅੰਤਰਿ = (ਤੇਰੇ) ਅੰਦਰ। ਹਉ ਬੁਧਿ = 'ਮੈਂ ਮੈਂ' ਕਰਨ ਵਾਲੀ ਅਕਲ। ਸਚਿ = ਸਦਾ-ਥਿਰ ਹਰੀ ਵਿਚ। ਸਬਦਿ = ਸ਼ਬਦ ਵਿਚ। ਆਪੁ = ਆਪਣਾ ਆਪ। ਲਖਾਵਹੇ = ਜਣਾਏਂ, ਵਿਖਾਏਂ। ਅਹੰਕਾਰਿ = ਅਹੰਕਾਰ ਵਿਚ। ਭਾਣੈ = ਰਜ਼ਾ ਵਿਚ। ਛਡਿ = ਛੱਡ ਕੇ। ਮਨ = ਰੇ ਮਨ!।7।

ਅਰਥ: ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ। (ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ 'ਮੈਂ, ਮੈਂ' ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ। ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ। ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ। ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ। (ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ। (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ। (ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ– ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ।7।

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥ ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥ ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥ ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥ ਸੇ ਜਨ ਪਰਵਾਣੁ ਹੋਏ ਜਿਨ੍ਹ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥ ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥ {ਪੰਨਾ 441}

ਪਦ ਅਰਥ: ਧੰਨੁ = ਭਾਗਾਂ ਵਾਲਾ। ਜਿਤੁ = ਜਿਸ ਵਿਚ, ਜਦੋਂ। ਮੈਂ = ਤੈਨੂੰ। ਸਹੁ = ਖਸਮ। ਚਿਤਿ = ਚਿੱਤ ਵਿਚ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਨੇ। ਤਨਿ = ਤਨ ਨੇ, ਹਿਰਦੇ ਨੇ। ਮੰਨਿ = ਮਨਿ, ਮਨ ਵਿਚ। ਸਭਿ = ਸਾਰੇ। ਤਿਸੁ = ਉਸ (ਪ੍ਰਭੂ) ਨੂੰ। ਸਵਾਰੇ = (ਜੀਵਨ) ਸੋਹਣਾ ਬਣਾ ਦੇਂਦਾ ਹੈ। ਦਿੜਿਆ = ਹਿਰਦੇ ਵਿਚ ਪੱਕਾ ਕੀਤਾ। ਦੁਤੀਆ = ਦੂਜਾ। ਭਾਉ = ਪਿਆਰ।8।

ਅਰਥ: ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ; ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ। (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ। (ਹੇ ਭਾਈ!) ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।

ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ।

ਨਾਨਕ ਇਉਂ ਆਖਦਾ ਹੈ– ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ।8।

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥ ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥ ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥ ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥ ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥ {ਪੰਨਾ 441}

ਪਦ ਅਰਥ: ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ। ਭੁਲੇ = ਕੁਰਾਹੇ ਪਏ ਹੋਏ। ਤਿਨਿ = ਉਸ ਨੇ। ਸਹਿ = ਸ਼ਹੁ ਨੇ। ਤਿਨਿ ਸਹਿ = ਉਸ ਖਸਮ ਪ੍ਰਭੂ ਨੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਮਾਏ = ਕਮਾਇ, ਕਮਾ ਕੇ, ਕਰ ਕਰ ਕੇ। ਕੁਮਾਰਗਿ = ਭੈੜੇ ਰਾਹ ਤੇ। ਵਸਾਈ = ਵੱਸ, ਜੋਰ। ਅਵਿਗਤਿ = ਮੰਦੀ ਹਾਲਤ। ਜਿਨਿ = ਜਿਸ (ਤੈਂ) ਨੇ। ਖਰਾ = ਬਹੁਤ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਬੁਝਾਏ = ਸਮਝਾਂਦਾ ਹੈ। ਤੁਧੁ = ਤੂੰ ਹੀ।9।

ਅਰਥ: (ਹੇ ਭਾਈ!) ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ, ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ। ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ) ।

ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ) । ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ) ।

(ਹੇ ਭਾਈ!) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ। ਨਾਨਕ ਇਉਂ ਆਖਦਾ ਹੈ– ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ?।9।

TOP OF PAGE

Sri Guru Granth Darpan, by Professor Sahib Singh