ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 681

ਧਨਾਸਰੀ ਮਹਲਾ ੫ ॥ ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥ ਸਤਿਗੁਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥ {ਪੰਨਾ 681}

ਪਦਅਰਥ: ਮਹਾ ਬਲੀ ਤੇ = ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ = ਪ੍ਰੋ ਕੇ। ਮੰਤਾ = ਮੰਤਰ, ਉਪਦੇਸ਼। ਬਿਨਸਿ ਨ ਜਾਤਿ = ਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ = ਕਿਤੇ ਭੀ।੧।

ਸਤਿਗੁਰਿ = ਗੁਰੂ ਨੇ। ਦਾਤਿ = ਬਖ਼ਸ਼ਸ਼। ਕਉ = ਵਾਸਤੇ। ਗਾਤਿ = ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਪਾਤਿ = ਪਤਿ, ਇੱਜ਼ਤ। ਗਹੇ = ਫੜੇ।੨।

ਅਰਥ: ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ।੧।

ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

ਧਨਾਸਰੀ ਮਹਲਾ ੫ ॥ ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥ ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥ {ਪੰਨਾ 681}

ਪਦਅਰਥ: ਪਰ = ਪਰਾਇਆ (ਧਨ) ਹਰਨਾ = ਚੁਗਾਣਾ। ਨਿੰਦ = ਨਿੰਦਿਆ। ਇਵ ਹੀ = ਇਸੇ ਤਰ੍ਹਾਂ ਹੀ। ਗੁਦਾਰੀ = ਗੁਜ਼ਾਰੀ, ਲੰਘਾ ਦਿੱਤੀ। ਮ੍ਰਿਗ ਤ੍ਰਿਸਨਾ = ਠਗ = ਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ = ਥਲਾ। ਮਿਥਿਆ = ਝੂਠੀ। ਮਨਹਿ = ਮਨ ਵਿਚ। ਸਾਧਾਰੀ = ਆਸਰਾ ਬਣਾ ਲਿਆ।੧।

ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ = ਵੇੜ੍ਹਿਆ ਜੀਵ। ਆਵਰਦਾ = ਆਰਜਾ, ਉਮਰ। ਬ੍ਰਿਥਾਰੀ = ਵਿਅਰਥ। ਕਾਗਦ = ਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}ਟੂਕਿ = ਟੁੱਕ ਟੁੱਕ ਕੇ। ਗਾਵਾਰ = ਮੂਰਖ।ਰਹਾਉ।

ਪਾਰਬ੍ਰਹਮ = ਹੇ ਪਰਮਾਤਮਾ! ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭ = ਹੇ ਪ੍ਰਭੂ! ਸੰਗਾਰੀ = ਸੰਗਤਿ ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ, ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ।ਰਹਾਉ।

ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ। ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ।੧।

ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ। ਹੇ ਨਾਨਕ! ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ।੨।੧੧।੪੨।

ਧਨਾਸਰੀ ਮਹਲਾ ੫ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥ ਰਸਨਾ ਰਾਮ ਰਸਾਇਨਿ ਮਾਤੀ ॥ ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥ ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥ {ਪੰਨਾ 681}

ਪਦਅਰਥ: ਸਿਮਰਿ = ਸਿਮਰ ਕੇ। ਸੀਤਲ = ਠੰਢਾ, ਸ਼ਾਂਤ। ਛਾਤੀ = ਹਿਰਦਾ। ਜੀਅ ਕਾ = ਜਿੰਦ ਦਾ, ਜਿੰਦ ਵਾਸਤੇ। ਮੋਰੈ = ਮੇਰੇ ਵਾਸਤੇ। ਜਾਤੀ = ਉੱਚੀ ਜਾਤਿ।੧।

ਰਸਨਾ = ਜੀਭ। ਰਸਾਇਨ = {ਰਸ = ਅਯਨ। ਅਯਨ = ਘਰ} ਰਸਾਂ ਦਾ ਘਰ, ਰਸਾਂ ਦਾ ਖ਼ਜ਼ਾਨਾ। ਰਸਾਇਨਿ = ਰਸਾਂ ਦੇ ਖ਼ਜ਼ਾਨੇ ਵਿਚ। ਮਾਤੀ = ਮਸਤ। ਨਿਧਿ = ਖ਼ਜ਼ਾਨਾ। ਥਾਤੀ = ਇਕੱਠਾ ਕੀਤਾ।ਰਹਾਉ।

ਸਾ = ਸੀ। ਤਿਨ ਹੀ = {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਭਾਤੀ = ਤਰੀਕਾ, ਢੰਗ। ਸੁਖਦਾਤੈ = ਸੁਖਦਾਤੇ ਨੇ। ਪਾਤੀ = ਪਤਿ, ਇੱਜ਼ਤ।੨।

ਅਰਥ: ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ, ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ।ਰਹਾਉ।

ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ। ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ।੧।

ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ। ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ।੨।੧੨।੪੩।

ਧਨਾਸਰੀ ਮਹਲਾ ੫ ॥ ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥ ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥ ਨਿਰਖਉ ਤੁਮਰੀ ਓਰਿ ਹਰਿ ਨੀਤ ॥ ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥ {ਪੰਨਾ 681}

ਪਦਅਰਥ: ਦੂਤ = ਵੈਰੀ। ਸਭਿ = ਸਾਰੇ। ਤੁਝ ਤੇ = ਤੈਥੋਂ, ਤੇਰੀ ਕਿਰਪਾ ਨਾਲ। ਤੇ = ਤੋਂ। ਨਿਵਰਹਿ = ਦੂਰ ਹੋ ਜਾਂਦੇ ਹਨ। ਪ੍ਰਤਾਪੁ = ਤੇਜ, ਇਕਬਾਲ। ਜੋ ਜੋ = ਜੇਹੜਾ ਜੇਹੜਾ ਮਨੁੱਖ। ਦੁਖਾਏ = ਦੁੱਖ ਦੇਂਦਾ ਹੈ। ਓਹੁ = {ਇਕ-ਵਚਨ} ਉਹ ਮਨੁੱਖ। ਤਤਕਾਲ = ਉਸੇ ਵੇਲੇ। ਮਾਰਾ = ਮਾਰ ਦਿੱਤਾ, ਆਤਮਕ ਮੌਤੇ ਮਾਰ ਦਿੱਤਾ।੧।

ਨਿਰਖਉ = ਨਿਰਖਉਂ, ਮੈਂ ਧਿਆਨ ਨਾਲ ਵੇਖਦਾ ਹਾਂ, ਮੈਂ ਤੱਕਦਾ ਹਾਂ। ਓਰਿ = ਪਾਸੇ ਵਲ। ਨੀਤ = ਸਦਾ। ਮੁਰਾਰਿ = ਹੇ ਮੁਰਾਰੀ! ਹੇ ਹਰੀ! ਸਹਾਇ = ਮਦਦਗਾਰ। ਕਰੁ = ਹੱਥ। ਗਹਿ = ਫੜ ਕੇ। ਉਧਰਹੁ = ਬਚਾ ਲਵੋ। ਮੀਤ = ਹੇ ਮਿੱਤਰ!ਰਹਾਉ।

ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼। ਕਰਿ = ਕਰ ਕੇ। ਜਾਪਿ = ਜਪ ਕੇ।੨।

ਅਰਥ: ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ। (ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ।ਰਹਾਉ।

ਹੇ ਪ੍ਰਭੂ! ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ। ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ।੧।

ਹੇ ਨਾਨਕ! ਆਖ-) ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ, ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ।੨।੧੩।੪੪।

ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}

ਪਦਅਰਥ: ਚਤੁਰ = ਚਾਰ। ਦਿਸਾ = ਤਰਫ਼ਾਂ, ਪਾਸੇ। ਥਲੁ = ਸ਼ਕਤੀ। ਕਰੁ = ਹੱਥ {ਇਕ-ਵਚਨ}ਕਟਾਖ੍ਹ = ਨਿਗਾਹ। ਅਵਲੋਕਨੁ = ਵੇਖਣ। ਅਵਲੋਕਨੁ ਕੀਨੋ = ਵੇਖਿਆ। ਬਿਦਾਰਿਓ = ਦੂਰ ਕਰ ਦਿੱਤਾ।੧।

ਜਨ = ਸੇਵਕ, ਦਾਸ {ਬਹੁ-ਵਚਨ}ਗੁਰ ਗੋਵਿੰਦ = ਵੱਡੇ ਮਾਲਕ ਨੇ। ਗੋਵਿੰਦ = ਪ੍ਰਿਥਵੀ ਦਾ ਮਾਲਕ। ਕੰਠਿ = ਗਲ ਨਾਲ। ਲਾਇ = ਲਾ ਕੇ। ਸਭਿ = ਸਾਰੇ। ਪੁਰਖ = ਸਰਬ = ਵਿਆਪਕ।ਰਹਾਉ।

ਮਾਗਹਿ = ਮੰਗਦੇ ਹਨ। ਤੇ = ਤੋਂ। ਮੁਖ ਤੇ = ਮੂੰਹੋਂ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ।੨।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ।

ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧।

ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।

TOP OF PAGE

Sri Guru Granth Darpan, by Professor Sahib Singh