ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥ {ਪੰਨਾ 680}

ਪਦਅਰਥ: ਜਤਨ = (ਬਹੁ-ਵਚਨ) ਡਹਕਾਵੈ = ਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ। ਕਰਿ = ਕਰ ਕੇ। ਭੇਖ = ਪਹਿਰਾਵੇ। ਨਿਰਬਾਨੈ = ਵਾਸਨਾ = ਰਹਿਤ, ਵਿਰਕਤ।੧।

ਪ੍ਰਭ = ਹੇ ਪ੍ਰਭੂ! ਤੁਮਹਿ = ਤੈਨੂੰ। ਉਤ = ਉੱਧਰ। ਤਾਕੈ = ਤੱਕਦਾ ਹੈ। ਤੇ = ਤੋਂ। ਲੋਭੀ = ਲਾਲਚੀ। ਫੇਰਿ = ਫੇਰ ਵਿਚ, (ਲਾਲਚ ਦੇ) ਗੇੜ ਵਿਚ।ਰਹਾਉ।

ਜਬ ਲਗੁ = ਜਦੋਂ ਤਕ। ਭਰਮਾ = ਭਟਕਣਾ। ਮੁਕਤੁ = (ਲੋਭ ਤੋਂ) ਆਜ਼ਾਦ। ਸੋਈ = ਉਹੀ ਮਨੁੱਖ।੨।

ਅਰਥ: ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ਰਹਾਉ।

ਹੇ ਭਾਈ! ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧।

ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ਧਨਾਸਰੀ ਮਹਲਾ ੫ ॥ ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥ ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥ ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥ ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥ {ਪੰਨਾ 680}

ਪਦਅਰਥ: ਗੁਰਿ = ਗੁਰੂ ਨੇ। ਕੈ ਮਸਤਕਿ = ਦੇ ਮੱਥੇ ਉੱਤੇ। ਕਰਮਾ = ਕਿਸਮਤ, ਭਾਗ। ਦ੍ਰਿੜਾਵੈ = (ਹੋਰਨਾਂ ਨੂੰ) ਦ੍ਰਿੜ੍ਹ ਕਰਾਂਦਾ ਹੈ। ਜੁਗ ਮਹਿ = ਜਗਤ ਵਿਚ। ਧਰਮ = ਫ਼ਰਜ਼, ਕੰਮ।੧।

ਕਉ = ਨੂੰ, ਵਾਸਤੇ। ਵਡਾਈ = ਵਡਿਆਈ। ਸੋਭ = ਸੋਭਾ। ਨਾਮੋ = ਨਾਮ ਹੀ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਮਾਨੈ = ਮੰਨਦਾ ਹੈ। ਹੋਗ = ਹੋਵੇਗਾ।੧।ਰਹਾਉ।

ਕੈ ਪਾਲੈ = ਦੇ ਪੱਲੇ ਵਿਚ। ਬਿਉਹਾਰਾ = ਵਿਹਾਰ = ਕਾਰ। ਆਧਾਰਾ = ਆਸਰਾ। ਲਾਹਾ = ਲਾਭ, ਖੱਟੀ।੨।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ। ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ। ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ੧।

ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ। ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ।੨।੬।੩੭।

ਧਨਾਸਰੀ ਮਹਲਾ ੫ ॥ ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥ ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥ ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥ {ਪੰਨਾ 680}

ਪਦਅਰਥ: ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ। ਪੇਖੇ = ਪੇਖਿ, ਵੇਖ ਕੇ। ਮਾਥੈ = ਮੱਥੇ ਉੱਤੇ। ਪਰਉ = ਪਈ ਰਹੇ। ਰਵਾਲ = ਚਰਨ = ਧੂੜ। ਰਸਿ = ਸੁਆਦ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈ = ਮੇਰੇ ਹਿਰਦੇ ਵਿਚ।੧।

ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲਾ। ਸੁਘਰ = ਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ।੧।ਰਹਾਉ।

ਅਨੂਪ = ਉਪਮਾ = ਰਹਿਤ, ਬਹੁਤ ਸੋਹਣੇ। ਰਸਾਲ = ਰਸ = ਭਰੇ {ਰਸ = ਆਲਯ}ਹਿਰਦੈ = ਹਿਰਦੇ ਵਿਚ। ਕੋ = ਦਾ। ਪਾਲ = ਪੱਲੇ।੨।

ਅਰਥ: ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ। ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! ਮੇਰੇ ਉੱਤੇ ਭੀ) ਦਇਆਵਾਨ ਹੋ।੧।ਰਹਾਉ।

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ, ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ। ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ) ੧।

ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ। ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ।੨।੭।੩੮।

ਧਨਾਸਰੀ ਮਹਲਾ ੫ ॥ ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥ ਹਮਰੇ ਪਿਤਾ ਗੋਪਾਲ ਦਇਆਲ ॥ ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥ {ਪੰਨਾ 680}

ਪਦਅਰਥ: ਉਕਤਿ = ਜੁਗਤਿ, ਢੰਗ, ਤਰੀਕਾ, ਵਿਓਂਤ। ਖਲਾਵੈ ਭੋਜਨ = ਖਾਣਾ ਖੁਆਂਦਾ ਹੈ। ਖੇਲਾਵੈ = ਖਿਡਾਂਦਾ ਹੈ। ਸਰਬ = ਸਾਰੇ। ਮਨ ਹੀ ਨਾਲਿ = ਸਾਡੇ ਮਨ ਦੇ ਨਾਲ ਹੀ, ਸਾਡੇ ਸਦਾ ਅੰਗ = ਸੰਗ। ਸਮਾਵੈ = ਮੌਜੂਦ ਰਹਿੰਦਾ ਹੈ।੧।

ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ! ਮਹਤਾਰੀ = ਮਾਂ। ਬਾਰਿਕ ਕਉ = ਬੱਚੇ ਨੂੰ। ਪਾਲ = ਪਾਲਣ ਵਾਲਾ।੧।

ਸਰਬ ਗੁਣ = ਸਾਰੇ ਗੁਣਾਂ ਵਾਲਾ। ਨਾਇਕ = ਆਗੂ, ਜੀਵਨ = ਅਗਵਾਈ ਕਰਨ ਵਾਲਾ। ਸਲਾਮਤਿ = ਜੀਊਂਦਾ। ਦੇਵਾ = ਪ੍ਰਕਾਸ਼ = ਰੂਪ ਪ੍ਰਭੂ। ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਜਤ ਕਤ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਨਾਨਕ = ਹੇ ਨਾਨਕ!੨।

ਅਰਥ: ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ! ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ।੧।ਰਹਾਉ।

ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ, (ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ।੧।

ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ; ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ।੨।੮।੩੯।

ਧਨਾਸਰੀ ਮਹਲਾ ੫ ॥ ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥ ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥ ਮਨਿ ਤਨਿ ਰਾਮ ਨਾਮ ਹਿਤਕਾਰੇ ॥ ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥ ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥ ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥ {ਪੰਨਾ 680}

ਪਦਅਰਥ: ਦਮੋਦਰ = {दाम = उदर} ਪਰਮਾਤਮਾ। ਬਿਖੁ = ਜ਼ਹਰ। ਜਾਰੇ = ਸਾੜ ਦਿੱਤਾ। ਜੀਅਰਾ = ਜਿੰਦ। ਇਨ ਊਪਰਿ = ਇਹਨਾਂ ਸੰਤ ਜਨਾਂ ਤੋਂ। ਬਾਰੇ = ਸਦਕੇ, ਕੁਰਬਾਨ।੧।

ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤਕਾਰੇ = ਪਿਆਰ। ਸਹਜ = ਆਤਮਕ ਅਡੋਲਤਾ। ਸਹਿਤ = ਸਮੇਤ। ਭਵਨਿਧਿ = ਸੰਸਾਰ = ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਦਿੱਤਾ ਹੈ।ਰਹਾਉ।

ਧੰਨਿ = ਭਾਗਾਂ ਵਾਲਾ। ਸੁ = ਉਹ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}ਭਵਨਾ = ਘਰ। ਜਾ ਮਹਿ = ਜਿਨ੍ਹਾਂ ਵਿਚ। ਬਸਾਰੇ = ਵੱਸਦੇ ਹਨ। ਸਰਧਾ = ਤਾਂਘ। ਪੂਰਹੁ = ਪੂਰੀ ਕਰੋ।੨।

ਅਰਥ: ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ।ਰਹਾਉ।

ਹੇ ਭਾਈ! ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ) ; ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ। ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ।੧।

ਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ। ਹੇ ਠਾਕੁਰ! ਦਾਸ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ।੨।੯।੪੦।

TOP OF PAGE

Sri Guru Granth Darpan, by Professor Sahib Singh