ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 488, Extra text

ਦੁ-ਬੇੜੀ ਲੱਤਾਂ

ਇੰਗਲਿਸਤਾਨ ਦੇ ਜਗਤ-ਪ੍ਰਸਿੱਧ ਨਾਟਕ-ਕਾਰ ਸ਼ੈਕਿਸਪੀਅਰ ਨੇ ਇਕ ਨਾਟਕ 'ਵੈਰੋਨਾ ਦੇ ਦੋ ਸਾਊ' ਵਿਚ ਇਕ ਅਮੀਰ ਮਨੁੱਖ, ਇਕ ਹੋਰ ਅਮੀਰ ਮਨੁੱਖ ਦੇ ਨੌਕਰ ਨਾਲ ਗੱਲਾਂ ਕਰਦਾ ਵਿਖਾਇਆ ਹੈ। ਅਮੀਰ ਉਸ ਨੌਕਰ ਨੂੰ ਕੋਈ ਗੱਲ ਸਮਝਾ ਰਿਹਾ ਸੀ, ਪਰ ਤਿੰਨ ਚਾਰ ਵਾਰੀ ਸਮਝਾਇਆਂ ਭੀ, ਨੌਕਰ ਨੂੰ ਸਮਝ ਨਾ ਪੈ ਸਕੀ। ਅਮੀਰ ਕੁਝ ਛਿੱਥਾ ਪੈ ਕੇ ਉਸ ਨੂੰ ਆਖਣ ਲੱਗਾ = 'ਤੂੰ ਬਹੁਤਾ ਹੀ ਮੂਰਖ ਹੈਂ ਕਿ ਇਸ ਸਾਦਾ ਜਿਹੀ ਗੱਲ ਨੂੰ ਭੀ ਸਮਝ ਨਹੀਂ ਸਕਿਆ। ਵੇਖ, ਇਸ ਗੱਲ ਨੂੰ ਤਾਂ ਮੇਰੇ ਹੱਥ ਵਿਚ ਫੜਿਆ ਇਹ ਨਿਰਜਿੰਦ ਸੋਟਾ ਭੀ ਸਮਝ ਗਿਆ ਹੈ। ' ਅੱਗੋਂ ਨੌਕਰ ਨੇ ਰਤਾ ਕੁ ਮੁਸਕਰਾ ਕੇ ਆਖਿਆ: 'ਹਜ਼ੂਰ, ਗੁੱਸੇ ਨਾ ਹੋਵੇ; ਮੇਰੇ ਵਿਚ ਤੇ ਤੁਹਾਡੇ ਸੋਟੇ ਵਿਚ ਬੜਾ ਫ਼ਰਕ ਹੈ। ਇਹ ਸੋਟਾ ਤੁਹਾਡੇ ਵੱਸ ਵਿਚ ਹੈ, ਪਰ ਮੈਂ ਤੁਹਾਡੇ ਅਧੀਨ ਨਹੀਂ ਹਾਂ, ਮੇਰਾ ਮਨ ਆਜ਼ਾਦ ਹੈ। '

ਚਾਹੇ ਕੋਈ ਸਾਧਾਰਨ ਤੋਂ ਸਾਧਾਰਨ ਦੁਨੀਆਵੀ ਕਸਬ ਹੋਵੇ ਤੇ ਚਾਹੇ ਬ੍ਰਹਮ-ਗਿਆਨ ਦੀ ਕੋਈ ਉੱਚੀ ਤੋਂ ਉੱਚੀ ਆਤਮ-ਉਡਾਰੀ ਦੀ ਗੁੰਝਲ ਹੋਵੇ, ਜਦੋਂ ਭੀ ਅਸਾਂ ਕਿਸੇ ਸਿਆਣੇ ਤੋਂ ਕੁਝ ਸਿੱਖਣਾ ਹੋਵੇ, ਹਰ ਸਮੇ ਇਕੋ ਹੀ ਸੁਨਹਿਰੀ ਨੇਮ ਮੰਨਣਾ ਪੈਂਦਾ ਹੈ ਕਿ ਸਿੱਖਿਆ-ਦਾਤੇ ਉਤੇ ਪੂਰਾ ਇਤਬਾਰ ਹੋਵੇ। ਜਦੋਂ ਭੀ ਸਿੱਖਣ ਵਾਲੇ ਨੂੰ ਆਪਣੇ ਉਸਤਾਦ ਦੀ ਅਕਲ-ਸਿਆਣਪ ਉੱਤੇ ਸ਼ੱਕ ਪੈਣਾ ਸ਼ੁਰੂ ਹੋ ਜਾਏ ਤਾਂ ਉਸਤਾਦ-ਸ਼ਗਿਰਦ ਵਾਲਾ ਤੇ ਗੁਰ-ਸਿੱਖ ਵਾਲਾ ਨਾਤਾ ਡੋਲਣ ਲੱਗ ਪੈਂਦਾ ਹੈ। ਕਹਿੰਦੇ ਹਨ, ਰਾਜਾ ਜਨਕ ਨੇ ਆਪਣੇ ਰਾਜ ਵਿਚ ਇਹ ਢੰਡੋਰਾ ਦਿਵਾ ਦਿੱਤਾ ਕਿ 'ਮੈਨੂੰ ਕਿਸੇ ਐਸੇ ਗੁਰੂ ਦੀ ਲੋੜ ਹੈ, ਜੋ ਮੈਨੂੰ ਇਤਨੇ ਚਿਰ ਵਿਚ ਗਿਆਨ ਦੇਵੇ, ਜਿਤਨੇ ਚਿਰ ਵਿਚ ਇੱਕ ਮਨੁੱਖ ਕੱਸੇ ਹੋਏ ਘੋੜੇ ਦੀ ਇਕ ਰਕਾਬ ਵਿਚ ਪੈਰ ਰੱਖ ਕੇ, ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋ ਜਾਂਦਾ ਹੈ। ' ਰਿਸ਼ੀ ਅਸ਼ਟਾਵੱਕਰ ਆਇਆ। ਰਾਜੇ ਨੇ ਕਸਾਏ ਹੋਏ ਘੋੜੇ ਦੀ ਰਕਾਬ ਵਿਚ ਪੈਰ ਰੱਖਿਆ, ਪਲਾਕੀ ਮਾਰਨ ਹੀ ਲੱਗਾ ਸੀ, ਰਿਸ਼ੀ ਨੇ ਆਖਿਆ: 'ਰਾਜਨ! ਮਨ ਮੇਰੇ ਹਵਾਲੇ ਕਰ ਦੇਹ। '

ਇਨਸਾਨੀ ਜੀਵਨ ਦਾ ਇਹ ਨੇਮ ਸਦਾ ਲਈ ਅਟੱਲ ਹੈ। ਜੀਵਨ-ਪੰਧ ਵਿਚ ਕਈ ਗੁੰਝਲਾਂ ਹਨ, ਕਈ ਠੇਡੇ ਲੱਗਦੇ ਹਨ, ਕਦਮ ਕਦਮ ਤੇ ਸਾਨੂੰ ਅਗਵਾਈ ਦੀ ਲੋੜ ਪੈਂਦੀ ਹੈ ਤੇ ਉਸ ਅਗਵਾਈ ਤੋਂ ਅਸੀਂ ਤਦੋਂ ਹੀ ਸਹੀ ਰਸਤਾ ਲੱਭ ਸਕਦੇ ਹਾਂ ਜੇ ਸਾਨੂੰ ਆਪਣੇ ਆਗੂ ਉੱਤੇ ਪੂਰਾ ਯਕੀਨ ਹੋਵੇ।

ਗੁਰਦੁਆਰਿਆਂ ਵਿਚ ਹਰ ਰੋਜ਼ ਸਤਸੰਗ ਪਿੱਛੋਂ ਹੇਠ-ਲਿਖਿਆ ਦੋਹਰਾ ਪੜ੍ਹਨ ਦਾ ਆਮ ਰਿਵਾਜ ਹੈ:

ਗੁਰੂ ਗ੍ਰੰਥ ਕਉ ਮਾਨੀਯੌ, ਪਰਗਟ ਗੁਰਾਂ ਕੀ ਦੇਹ ॥
ਜੋ ਪ੍ਰਭ ਕਉ ਮਿਲਿਬੋ ਚਹੈ, ਖੋਜ ਸ਼ਬਦ ਮਹਿ ਲੇਹ ॥

ਹੈ ਭੀ ਠੀਕ। ਸਰੀਰਕ ਤੌਰ ਤੇ ਸਾਥ ਸਦਾ ਨਹੀਂ ਨਿਭ ਸਕਦੇ। ਬਾਣੀ ਹੀ ਹੈ ਜੋ ਸਦਾ ਸਾਂਭ ਕੇ ਰੱਖੀ ਜਾ ਸਕਦੀ ਹੈ ਤੇ ਸਦਾ ਲਈ ਜੀਵਨ-ਰਾਹ ਵਿਚ ਚਾਨਣ ਦੇਂਦੀ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਨਾਮ-ਲੇਵਾ ਸਿੱਖ ਨੇ, ਜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਰਾਹ ਤੇ ਤੁਰਨਾ ਹੈ ਤਾਂ ਉਸ ਦੇ ਪਾਸ ਸਤਿਗੁਰੂ ਦੀ ਬਾਣੀ ਹੈ, ਜੋ ਜੀਵਨ-ਪੰਧ ਦੇ ਹਨੇਰਿਆਂ ਵਿਚ ਚਾਨਣ ਦੇ ਸਕਦੀ ਹੈ, ਜੋ ਰਾਹ ਦੇ ਠੇਡਿਆਂ ਤੋਂ ਬਚਾ ਸਕਦੀ ਹੈ। ਤਾਈਏਂ ਕਲਗੀਧਰ ਪਾਤਿਸ਼ਾਹ ਸਰੀਰਕ ਗੁਰੂ ਦੀ ਅਗਵਾਈ ਵਾਲਾ ਸਿਲਸਿਲਾ ਬੰਦ ਕਰਨ ਵੇਲੇ ਖ਼ਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਤੁਰਨ ਦਾ ਹੁਕਮ ਦੇ ਗਏ ਸਨ।

ਅਸਾਂ ਗੁਰੂ ਗ੍ਰੰਥ ਸਾਹਿਬ ਉੱਤੇ ਪੂਰਨ ਸ਼ਰਧਾ ਰੱਖਣੀ ਹੈ। ਸ਼ਰਧਾਵਾਨ ਸਿੱਖ ਨੂੰ ਆਪਣੇ ਗੁਰੂ ਵਿਚ ਕਿਸੇ ਉਕਾਈ ਦਾ ਸ਼ੱਕ ਨਹੀਂ ਪੈ ਸਕਦਾ, ਗੁਰੂ ਵਿਚ ਕੋਈ ਕੋਝ ਨਹੀਂ ਦਿੱਸ ਸਕਦਾ। ਗੁਰੂ ਚਾਹੇ ਸਰੀਰਕ ਰੂਪ ਵਿਚ ਹੈ, ਚਾਹੇ ਬਾਣੀ-ਰੂਪ ਵਿਚ ਹੈ, ਗੁਰੂ ਸਦਾ ਪੂਰਨ ਹੈ, ਅਭੁੱਲ ਹੈ; ਜੀਵਨ-ਪੰਧ ਦੇ ਜੋ ਨੇਮ ਗੁਰੂ ਦੱਸਦਾ ਹੈ, ਉਹ ਸਦਾ ਲਈ ਅਟੱਲ ਹੁੰਦੇ ਹਨ।

ਅਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਿਵਾਂਦੇ ਹਾਂ ਤਾਂ ਇਸੇ ਸ਼ਰਧਾ ਨਾਲ ਨਿਵਾਂਦੇ ਹਾਂ ਕਿ ਸਾਡਾ ਗੁਰੂ, ਬਾਣੀ-ਸਰੂਪ ਸਾਡਾ ਗੁਰੂ ਪੂਰਨ ਹੈ, ਅਭੁੱਲ ਹੈ। ਇਸ ਗੁਰੂ ਵਿਚ ਕਿਤੇ ਭੀ ਕੋਈ ਨਿੱਕਾ ਜਿਹਾ ਭੀ ਐਸਾ ਅੰਗ ਨਹੀਂ ਹੈ, ਜਿਸ ਨੂੰ ਕੋਝਾ ਕਿਹਾ ਜਾ ਸਕੇ, ਜਿਸ ਨੂੰ ਊਣਾ ਕਿਹਾ ਜਾ ਸਕੇ, ਜਿਸ ਨੂੰ ਉਕਾਈ ਕਿਹਾ ਜਾ ਸਕੇ। ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਇਕ ਬੀੜ ਵਿਚ ਲਿਆ ਕੇ ਕਿਤੇ ਅਜਿਹਾ ਨੋਟ ਨਹੀਂ ਲਿਖਿਆ ਕਿ ਇਸ ਬੀੜ-ਗੁਰੂ ਵਿਚ, ਕਿਤੇ ਕੋਈ ਵਿਰੋਧਤਾ ਹੈ। ਕਲਗੀਧਰ ਪਾਤਿਸ਼ਾਹ ਜੀ ਨੇ ਭੀ ਕੋਈ ਐਸਾ ਹੁਕਮ ਨਹੀਂ ਸੀ ਕੀਤਾ।

ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਅਜਬ ਅਸ਼ਰਧਾ-ਜਨਕ ਖ਼ਿਆਲ ਸੁਣ ਰਹੇ ਹਾਂ। ਕਿਤੇ ਕੋਈ ਵਿਦਵਾਨ ਕਿਸੇ ਸ਼ਬਦ ਦੇ ਨਾਲ ਕੋਈ ਐਸੀ ਸਾਖੀ ਜੋੜ ਕੇ ਸੁਣਾਂਦਾ ਹੈ, ਜੋ ਸਾਡੇ ਹੁਣ ਦੇ ਜੀਵਨ ਨੂੰ ਕੋਈ ਰਾਹ ਨਹੀਂ ਵਿਖਾ ਸਕਦੀ। ਗੁਰੂ ਨਾਨਕ ਪਾਤਿਸ਼ਾਹ ਦਾ ਨਾਮ-ਲੇਵਾ ਸਿੱਖ ਅੱਗੋਂ ਹੈਰਾਨ ਹੁੰਦਾ ਹੈ ਕਿ ਕੀ ਫਿਰ ਇਹ ਸ਼ਬਦ, ਸਾਡੇ ਹੁਣ ਦੇ ਜੀਵਨ ਵਾਸਤੇ ਨਹੀਂ ਰਿਹਾ? ਕੀ ਸਹਿਜੇ ਸਹਿਜੇ ਕਈ ਐਸੇ ਹੋਰ ਸ਼ਬਦ ਭੀ ਨਿਕਲਦੇ ਆਉਣਗੇ, ਜਿਨ੍ਹਾਂ ਨਾਲ ਜੁੜੀਆਂ ਸਾਖੀਆਂ ਉਹਨਾਂ ਨੂੰ ਮਨੁੱਖਾ ਜੀਵਨ ਨਾਲ ਅਢੁਕਵਾਂ ਬਣਾ ਦੇਣਗੀਆਂ? ਕਿਤੇ ਕੋਈ ਵਿਦਵਾਨ ਆਖਦਾ ਹੈ ਕਿ ਕਈ ਥਾਈਂ ਭਗਤਾਂ ਦੇ ਦਿੱਤੇ ਖ਼ਿਆਲ ਗੁਰਮਤਿ ਦੇ ਨਾਲ ਨਹੀਂ ਮਿਲਦੇ ਸਨ, ਤਾਂ ਸਤਿਗੁਰੂ ਜੀ ਨੇ ਉਹਨਾਂ ਨਾਲ ਆਪਣਾ ਖ਼ਿਆਲ ਭੀ ਦੇ ਦਿੱਤਾ ਹੈ।

ਇਹ ਐਸੀਆਂ ਖ਼ਤਰ-ਨਾਕ ਉਖੇੜਾਂ ਹਨ, ਜੋ ਸਾਧਾਰਨ ਜਾਪਦੀਆਂ ਹਨ; ਪਰ ਅਸਲ ਵਿਚ ਬੇ-ਮਲੂਮੇ ਜਿਹੇ ਸਿੱਖ ਦੀ ਸ਼ਰਧਾ ਦੇ ਪੱਤਰੇ ਉੱਤੇ ਨਿੱਕਾ ਜਿਹਾ ਚੀਰ ਪਾ ਦੇਂਦੀਆਂ ਹਨ। ਕਈ ਹੋਰ ਹੋਰ ਸ਼ੱਕ ਰਲਣੇ ਸ਼ੁਰੂ ਹੋ ਜਾਂਦੇ ਹਨ ਤੇ ਵਧਦੇ ਵਧਦੇ ਸ਼ਰਧਾ ਤੋਂ ਦੂਰ ਪਰੇਡੇ ਲੈ ਜਾਂਦੇ ਹਨ।

ਗੁਰੂ ਉਹ ਹੈ ਜਿਸ ਵਿਚ ਕਿਤੇ ਕਦੇ ਉਕਾਈ ਨਹੀਂ। ਗੁਰੂ ਉਹ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿਚ ਹਰ ਵੇਲੇ ਅਗਵਾਈ ਕਰਨ ਦੇ ਸਮਰਥ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਨਾਮ-ਲੇਵਾ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਜੀ ਦਾ ਸਰੂਪ ਹੈ, ਅਭੁੱਲ ਸਰੂਪ ਹੈ, ਉਕਾਈ-ਰਹਿਤ ਸਰੂਪ ਹੈ। ਇਸ ਦਾ ਕੋਈ ਇੱਕ ਭੀ ਐਸਾ ਅੰਗ ਨਹੀਂ, ਇੱਕ ਭੀ ਐਸਾ ਸ਼ਬਦ ਨਹੀਂ ਜੋ ਰਹਿੰਦੀ ਦੁਨੀਆ ਤਕ ਸਿੱਖ ਦੇ ਜੀਵਨ ਵਿਚ ਵਰਤਣ-ਜੋਗ ਨ ਰਹੇ। ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਤਾਂ ਇਸੇ ਸ਼ਕਲ ਵਿਚ ਮੰਨਣਾ ਹੈ, ਸਿਰਫ਼ ਇਸੇ ਸ਼ਕਲ ਵਿਚ ਮੰਨਣਾ ਹੈ। ਇਹ ਨਹੀਂ ਹੋ ਸਕਦਾ ਕਿ ਮੱਥਾ ਭੀ ਟੇਕੇ ਤੇ ਇਹ ਭੀ ਆਖਦਾ ਜਾਏ ਕਿ ਇਸ ਵਿਚ ਕਈ ਥਾਂ ਵਿਰੋਧੀ ਖ਼ਿਆਲ ਭੀ ਮਿਲਦੇ ਹਨ, ਤੇ ਕਈ ਸ਼ਬਦ ਐਸੇ ਹਨ ਜੋ ਹੁਣ ਦੇ ਜੀਵਨ ਨਾਲ ਮੇਲ ਨਹੀਂ ਖਾ ਸਕਦੇ। ਇਸ ਨੂੰ ਸ਼ਰਧਾ ਨਹੀਂ ਕਿਹਾ ਜਾ ਸਕਦਾ, ਇਹ ਤਾਂ:

'ਸਲਾਮੁ ਜਬਾਬੁ ਦੋਵੈ ਕਰੇ, ਮੁਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ, ਥਾਇ ਨ ਕਾਈ ਪਾਇ ॥'

ਮੋਟੀ ਗੱਲ, ਗੁਰੂ ਗ੍ਰੰਥ ਸਾਹਿਬ ਵਿਚ ਚਾਹੇ ਕੋਈ ਸ਼ਬਦ ਕਿਸੇ ਭਗਤ ਜੀ ਦਾ ਹੈ ਤੇ ਚਾਹੇ ਗੁਰ-ਵਿਅਕਤੀ ਦਾ, ਹਰੇਕ ਸ਼ਬਦ ਰਹਿੰਦੀ ਦੁਨੀਆ ਤਕ ਇਨਸਾਨੀ ਜੀਵਨ ਲਈ ਚਾਨਣ ਦੇਣ ਦੇ ਸਮਰੱਥ ਰਹੇਗਾ, ਤੇ ਕਿਤੇ ਭੀ ਕੋਈ ਵਿਰੋਧੀ ਖ਼ਿਆਲ ਨਹੀਂ ਹਨ।

ਜੋ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਭੀ ਮੰਨਦਾ ਹੈ ਤੇ ਉਪਰ ਲਿਖੇ ਦੋਵੇਂ ਟਪਲੇ ਭੀ ਖਾ ਜਾਂਦਾ ਹੈ, ਉਹ ਅਸਲ ਵਿਚ ਦੋ ਬੇੜੀਆਂ ਵਿਚ ਸਵਾਰ ਹੋ ਕੇ ਜੀਵਨ-ਨਦੀ ਵਿਚੋਂ ਦੀ ਤਰਨ ਦਾ ਜਤਨ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ-ਬਾਣੀ ਕਿਵੇਂ ਦਰਜ ਹੋਈ?

ਅਸ਼ਰਧਾ-ਜਨਕ ਖ਼ਿਆਲ:

ਗੁਰਬਾਣੀ ਦੇ ਕਈ ਟੀਕਾਕਾਰ ਵਿਦਵਾਨਾਂ ਨੇ ਭਗਤ-ਬਾਣੀ ਬਾਰੇ ਐਸੇ ਅਜੀਬ ਅਜੀਬ ਖ਼ਿਆਲ ਦੇਣੇ ਸ਼ੁਰੂ ਕੀਤੇ ਹੋਏ ਸਨ, ਜਿਨ੍ਹਾਂ ਨੂੰ ਮੰਨਣ ਲਈ ਸੋਚ-ਅਕਲ ਉਤੇ ਤਕੜਾ ਦਬਾਉ ਪਾਣਾ ਪੈਂਦਾ ਸੀ। ਸਾਰੇ ਹੀ ਸ਼ਰਧਾਲੂ ਅਜਿਹੇ ਨਹੀਂ ਹੋ ਸਕਦੇ ਜੋ ਹਰ ਗੱਲੇ ਸਤਿ-ਬਚਨ ਆਖੀ ਜਾਣ। ਸ਼ਰਧਾ ਵਾਲਿਆਂ ਦੀ ਇਹ ਸ਼ਰਧਾ ਭੀ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਦੀਨ ਤੇ ਦੁਨੀਆ ਵਿਚ ਸਾਨੂੰ ਰਾਹ ਦੱਸਣ ਵਾਲਾ ਹੈ, ਇਸ ਵਿੱਚ ਹਰੇਕ ਸ਼ਬਦ ਐਸਾ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿਚ ਢੁਕਵਾਂ-ਫਬਵਾਂ ਹੈ। ਪਰ ਜਦੋਂ ਇਹਨਾਂ ਵਿਦਵਾਨ ਟੀਕਾਕਾਰਾਂ ਦੇ ਖ਼ਿਆਲ ਪੜ੍ਹੀਦੇ ਹਨ, ਤਾਂ ਅਕਲ ਚੱਕਰ ਜਿਹਾ ਖਾ ਜਾਂਦੀ ਹੈ। ਪੰਡਿਤ ਤਾਰਾ ਸਿੰਘ ਜੀ ਕੌਮ ਵਿਚ ਬੜੇ ਪ੍ਰਸਿੱਧ ਵਿਦਵਾਨ ਮੰਨੇ ਜਾਂਦੇ ਹਨ। ਉਹ ਲਿਖ ਗਏ ਹਨ ਕਿ ਭਗਤਾਂ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਭਗਤਾਂ ਦੇ ਨਾਮ ਹੇਠ ਆਪ ਹੀ ਉਚਾਰੀ ਹੋਈ ਹੈ। ਭੋਲੇ-ਪਨ ਵਿਚ ਕਿਤਨਾ ਭਾਰਾ ਦੂਸ਼ਣ ਲਾਇਆ ਗਿਆ ਹੈ, ਗੁਰੂ ਪਾਤਿਸ਼ਾਹ ਉਤੇ! ਅੰਞਾਣ ਲਿਖਾਰੀ ਭੀ ਜਾਣਦਾ ਹੈ ਕਿ ਇਹ ਇਖ਼ਲਾਕੀ ਜੁਰਮ ਹੈ। ਪਰ ਸ਼ੁਕਰ ਹੈ ਕਿ ਪੰਡਿਤ ਜੀ ਦੀ ਇਸ ਮਨੌਤ ਨੂੰ ਬਾਣੀ ਦੀ ਅੰਦਰਲੀ ਗਵਾਹੀ ਨੇ ਹੀ ਝੁਠਲਾ ਦਿੱਤਾ ਹੈ। ਕਬੀਰ ਅਤੇ ਫ਼ਰੀਦ ਜੀ ਦੇ ਕਈ ਸ਼ਲੋਕ ਐਸੇ ਹਨ ਜੋ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਅਤੇ ਜਿਨ੍ਹਾਂ ਦੇ ਨਾਲ ਤੀਜੇ ਪਾਤਿਸ਼ਾਹ ਜੀ ਨੇ ਆਪਣੇ ਵਲੋਂ ਕੁਝ ਢੁਕਵੇਂ ਖ਼ਿਆਲ ਪੇਸ਼ ਕੀਤੇ ਸਨ। ਪੰਡਿਤ ਤਾਰਾ ਸਿੰਘ ਜੀ ਤੋਂ ਪਿੱਛੋਂ ਕਈ ਹੋਰ ਵਿਦਵਾਨਾਂ ਨੇ ਭੀ ਆਪੋ ਆਪਣੀ ਵਾਰੀ ਭਗਤਾਂ ਦੇ ਕਈ ਸ਼ਬਦਾਂ ਬਾਰੇ ਖ਼ਿਆਲ ਲਿੱਖ ਦਿੱਤੇ ਹਨ, ਜੋ ਸ਼ਰਧਾਵਾਨ ਦੀ ਸ਼ਰਧਾ ਨੂੰ ਬੜੀ ਭਾਰੀ ਸੱਟ ਮਾਰਦੇ ਹਨ। ਨਾਮਦੇਵ ਜੀ ਦੇ ਕਈ ਸ਼ਬਦ ਮੂਰਤੀ-ਪੂਜਾ ਦੇ ਹੱਕ ਵਿਚ ਹਨ, ਕਬੀਰ ਜੀ ਦੇ ਕਈ ਸ਼ਬਦ ਪ੍ਰਾਣਾਯਾਮ ਤੇ ਜੋਗ-ਅੱਭਿਆਸ ਦੇ ਹੱਕ ਵਿਚ ਹਨ, ਫ਼ਰੀਦ ਜੀ ਦੇ ਕਈ ਸ਼ਲੋਕ ਦੱਸਦੇ ਹਨ ਕਿ ਬਾਬਾ ਜੀ ਪੁੱਠੇ ਲਟਕ ਕੇ ਤਪ ਕਰਦੇ ਸਨ ਅਤੇ ਉਹਨਾਂ ਆਪਣੇ ਪੱਲੇ ਕਾਠ ਦੀ ਰੋਟੀ ਬੱਧੀ ਹੋਈ ਸੀ = ਇਹਨਾਂ ਵਿਦਵਾਨਾਂ ਦਾ ਅਜਿਹੀਆਂ ਗੱਲਾਂ ਲਿਖ ਦੇਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਪੂਰਨ ਅਭੁੱਲ ਤੇ ਉਕਾਈ-ਰਹਿਤ ਗੁਰੂ ਮੰਨਣ ਵਾਲੇ ਸਿੱਖਾਂ ਦੀ ਸ਼ਰਧਾ ਨੂੰ ਇਹਨਾਂ ਵਿਦਵਾਨਾਂ ਨੇ ਤੋੜ ਕੇ ਰੱਖ ਦਿੱਤਾ। ਇੱਥੇ ਹੀ ਬੱਸ ਨਹੀਂ ਕੀਤੀ ਗਈ। ਭਗਤਾਂ ਦੇ ਕਈ ਸ਼ਬਦਾਂ ਦੇ ਨਾਲ ਐਸੀਆਂ ਐਸੀਆਂ ਸਾਖੀਆਂ ਜੋੜੀਆਂ ਗਈਆਂ ਹਨ, ਜੋ ਮਨੁੱਖਾ ਜੀਵਨ ਦੇ ਪੰਧ ਵਿਚ ਕੋਈ ਸੁਚੱਜਾ ਰਾਹ ਨਹੀਂ ਵਿਖਾ ਸਕਦੀਆਂ। ਇਹਨਾਂ ਵਿਦਵਾਨਾਂ ਨੇ ਐਸੀ ਲੀਹ ਪਾ ਦਿੱਤੀ ਹੈ ਕਿ ਇਹਨਾਂ ਸਾਖੀਆਂ ਤੋਂ ਸੁਤੰਤਰ ਹੋ ਕੇ ਪਾਠਕ ਸੱਜਣ ਇਹਨਾਂ ਸ਼ਬਦਾਂ ਨੂੰ ਪੜ੍ਹਨਾ-ਵਿਚਾਰਨਾ ਭੁਲਾ ਹੀ ਬੈਠੇ ਹਨ। ਸੋ, ਪੜ੍ਹਦੇ ਭੀ ਹਨ ਤੇ ਡੋਲਦੇ ਭੀ ਹਨ। ਕਬੀਰ ਜੀ ਦਾ ਆਪਣੀ ਵਹੁਟੀ ਨਾਲ ਗੁੱਸੇ ਹੋ ਜਾਣਾ, ਨਾਮਦੇਵ ਜੀ ਦਾ ਵਿਗਾਰੇ ਫੜਿਆ ਜਾਣਾ = ਇਹ ਦੋ ਉਹਨਾਂ ਵਿਚੋਂ ਪ੍ਰਸਿੱਧ ਸਾਖੀਆਂ ਹਨ।

ਇਹਨਾਂ ਦਾ ਅਸਰ:

ਇਹ ਅਸ਼ਰਧਾ-ਜਨਕ ਖ਼ਿਆਲ ਤੇ ਜੀਵਨ ਨਾਲ ਅਢੁਕਵੀਆਂ ਇਹ ਸਾਖੀਆਂ ਆਖ਼ਰ ਆਪਣਾ ਫਲ ਦੇਣ ਲੱਗ ਪਈਆਂ। ਪਹਿਲਾਂ ਭਗਤ-ਬਾਣੀ ਦੇ ਵਿਰੁੱਧ ਅੰਦਰੋ-ਅੰਦਰ ਘੁਸਰ-ਮੁਸਰ ਹੁੰਦੀ ਰਹੀ, ਤੇ ਹੁਣ ਖੁੱਲ੍ਹਮ-ਖੁੱਲ੍ਹਾ ਇਸ ਦੇ ਵਿਰੁੱਧ ਅਵਾਜ਼ ਉਠਾਈ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਸੀ। ਅਜਿਹੇ ਸੱਜਣਾਂ ਦੀ ਨੀਅਤ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਪਾਤਿਸ਼ਾਹ ਦੇ ਜੋ ਨਾਮ-ਲੇਵਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸੱਚ-ਮੁੱਚ ਆਪਣਾ ਗੁਰੂ ਮੰਨਦੇ ਹਨ, ਉਹਨਾਂ ਦੀ ਇਹ ਸ਼ਰਧਾ ਹੈ, ਤੇ, ਹੋਣੀ ਭੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਸਾਡੇ ਜੀਵਨ-ਪੰਧ ਵਿਚ ਚਾਨਣ ਦਾ ਕੰਮ ਦੇਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪ ਭੀ ਫ਼ੁਰਮਾਇਆ ਹੈ:

'ਗੁਰ ਵਾਕੁ ਨਿਰਮਲੁ ਸਦਾ ਚਾਨਣੁ, ਨਿਤ ਸਾਚੁ ਤੀਰਥ ਮਜਨਾ ॥' {ਧਨਾਸਰੀ ਛੰਤ ਮ: 1

ਪਰ ਜੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਐਸਾ ਸ਼ਬਦ ਭੀ ਮੌਜੂਦ ਹੈ ਜੋ ਮੂਰਤੀ-ਪੂਜਾ, ਪ੍ਰਾਣਾਯਾਮ, ਜੋਗ-ਅੱਭਿਆਸ ਦੀ ਪਰਸੰਸਾ ਕਰਦਾ ਹੈ, ਤਾਂ ਕੀ ਅਸਾਂ ਭੀ ਇਹ ਸਾਰੇ ਕੰਮ ਕਰਨੇ ਹਨ? ਜੇ ਨਹੀਂ ਕਰਨੇ, ਤਾਂ ਇਹ ਸ਼ਬਦ ਇਥੇ ਦਰਜ ਕਿਉਂ ਹੋਏ? ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹ ਸ਼ਬਦ ਮੂਰਤੀ-ਪੂਜਾ ਆਦਿਕ ਦੇ ਹੱਕ ਵਿਚ ਹਨ, ਤੇ ਜੇ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਸੀ, ਤਾਂ ਦਰਜ ਕਰਨ ਵੇਲੇ ਉਹਨਾਂ ਸਿੱਖਾਂ ਨੂੰ ਸੁਚੇਤ ਕਰਨ ਵਾਸਤੇ ਇਹ ਕਿਉਂ ਨਾ ਲਿਖ ਦਿੱਤਾ ਕਿ ਇਹ ਸ਼ਬਦ ਸਿੱਖਾਂ ਵਾਸਤੇ ਨਹੀਂ ਹਨ। ਅਢੁਕਵੀਆਂ ਸਾਖੀਆਂ ਬਾਰੇ ਭੀ ਉਹੀ ਔਕੜ ਹੈ। ਘਰ ਵਿਚ ਕਿਸੇ ਗੱਲੋਂ ਕਬੀਰ ਜੀ ਆਪਣੀ ਵਹੁਟੀ ਤੇ ਗੁੱਸੇ ਹੋ ਗਏ, ਵਹੁਟੀ ਨੇ ਮਨਾਣ ਲਈ ਬੜੇ ਤਰਲੇ ਲਏ। ਕਬੀਰ ਜੀ ਨੇ ਫਿਰ ਭੀ ਇਹੀ ਉੱਤਰ ਦਿੱਤਾ:

'ਕਹਤ ਕਬੀਰ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤ ਨ ਹੋਈ ॥' {ਆਸਾ

ਕਿਹੜਾ ਘਰ ਹੈ ਜਿਥੇ ਕਦੇ ਨ ਕਦੇ ਵਹੁਟੀ ਖਸਮ ਵਿਚ ਮਾੜੀ-ਮੋਟੀ ਫਿੱਕ ਤੇ ਨਰਾਜ਼ਗੀ ਨਹੀਂ ਬਣ ਜਾਂਦੀ? ਪੰਜਾਬੀ ਅਖਾਣ ਹੈ ਕਿ ਘਰ ਵਿਚ ਭਾਂਡੇ ਭੀ ਠਹਿਕ ਪੈਂਦੇ ਹਨ। ਪਰ ਕੀ ਕਬੀਰ ਜੀ ਦੇ ਸ਼ਬਦ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਕਦੇ ਵਹੁਟੀ ਨਾਲ ਕਿਸੇ ਗੱਲੋਂ ਮਾੜੀ ਜਿਹੀ ਅਣ-ਬਣ ਹੋ ਜਾਏ, ਤਾਂ ਉਸ ਨੂੰ ਇਹੀ ਆਖਣਾ ਹੈ, 'ਅਬ ਤੁਮਰੀ ਪਰਤੀਤ ਨ ਹੋਈ'? ਜੇ ਨਹੀਂ, ਤਾਂ ਕੀ ਇਹ ਸ਼ਬਦ ਨਿਰਾ ਪੜ੍ਹਨ ਵਾਸਤੇ ਹੀ ਹੈ?

ਨਵਾਂ ਧ੍ਰੁਵਾ:

ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਵਿਚ ਪੂਰੀ ਸ਼ਰਧਾ ਰੱਖਣ ਦੇ ਚਾਹਵਾਨ ਸਿੱਖਾਂ ਦੇ ਸਾਹਮਣੇ ਅਜਿਹੀਆਂ ਕਈ ਔਕੜਾਂ ਖੜੀਆਂ ਹੁੰਦੀਆਂ ਗਈਆਂ। ਠੇਡੇ ਵੱਜਣ ਲੱਗ ਪਏ। ਤੇ, ਆਖ਼ਰ ਕਈ ਸੱਜਣ ਇਸ ਟਿਕਾਣੇ ਉਤੇ ਆ ਅੱਪੜੇ ਕਿ ਭਗਤ-ਬਾਣੀ ਗੁਰੂ ਅਰਜਨ ਸਾਹਿਬ ਤੋਂ ਪਿੱਛੋਂ ਦਰਜ ਹੋਈ ਸੀ। ਇਸ ਟੇਕ ਨਾਲ ਉਹਨਾਂ ਸੱਜਣਾਂ ਨੂੰ ਇਹ ਢਾਰਸ ਤਾਂ ਹੋ ਗਈ ਕਿ ਹੁਣ ਉਹ ਜਿਸ ਬਾਣੀ ਨੂੰ ਗੁਰੂ ਮੰਨ ਰਹੇ ਹਨ ਉਹ ਅਭੁੱਲ ਹੈ, ਉਸ ਵਿਚ ਕੋਈ ਉਕਾਈ ਨਹੀਂ, ਉਸ ਵਿਚ ਕਿਤੇ ਕੋਈ ਵਿਰੋਧਤਾ ਨਹੀਂ, ਉਸ ਦਾ ਹਰੇਕ ਸ਼ਬਦ ਮਨੁੱਖਾ ਜੀਵਨ ਲਈ ਚਾਨਣ-ਮੁਨਾਰੇ ਦਾ ਕੰਮ ਕਰਦਾ ਹੈ ਤੇ ਕਰ ਸਕਦਾ ਹੈ।

ਨਵੀਂ ਸਾਖੀ:

ਪਰ ਇਸ ਟੇਕ ਉਤੇ ਟਿਕਾਣਾ ਭੀ ਕੋਈ ਸੌਖੀ ਖੇਡ ਨਹੀਂ ਸੀ। ਇਕ ਹੋਰ ਔਕੜ ਸਾਹਮਣੇ ਆ ਖਲੋਤੀ। ਗੁਰੂ ਅਰਜਨ ਸਾਹਿਬ ਤੋਂ ਪਿਛੋਂ ਭਗਤ-ਬਾਣੀ ਕਿਸ ਨੇ ਦਰਜ ਕਰ ਲਈ? ਕਿਵੇਂ ਦਰਜ ਕਰ ਲਈ? ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਕਿਵੇਂ ਲਾਂਭੇ ਕੀਤੀ ਗਈ? ਕਿਸੇ ਇਤਿਹਾਸਕ ਸਾਖੀ ਦੀ ਲੋੜ ਸੀ। ਤੇ, ਇਉਂ ਜਾਪਦਾ ਹੈ ਕਿ ਇਹ ਘਾਟ ਭੀ ਇਕ ਨਵੀਂ ਘੜੀ ਸਾਖੀ ਦੀ ਰਾਹੀਂ ਪੂਰੀ ਕਰ ਲਈ ਗਈ ਹੈ। ਭਗਤ ਬਾਣੀ ਦੇ ਵਿਰੋਧੀ ਇਕ ਸੱਜਣ ਲਿਖਦੇ ਹਨ:

"ਪੰਚਮ ਗੁਰੂ ਜੀ ਸ਼ਹਾਦਤ ਪਾ ਗਏ ਅਤੇ 'ਪੋਥੀ ਸਾਹਿਬ' ਨੂੰ ਸ਼ਾਹੀ ਹੁਕਮ-ਅਨੁਸਾਰ ਜ਼ਬਤ (ਕਾਨੂੰਨ ਵਿਰੁੱਧ) ਕਰਾਰ ਦਿੱਤਾ ਗਿਆ, ਪੋਥੀ ਸਾਹਿਬ ਦਾ ਪੜ੍ਹਨਾ (ਪਾਠ) ਅਤੇ ਪਰਚਾਰ ਕਰਨਾ ਮਮਨੂਹ ਠਹਿਰਾ ਦਿੱਤਾ। ਪ੍ਰਿਥੀ ਚੰਦ ਅਤੇ ਇਸ ਦੇ ਸਾਥੀ ਅਥਵਾ ਗੁਰੂ-ਘਰ ਤੋਂ ਛੇਕੇ ਹੋਏ ਚਾਹੁੰਦੇ ਭੀ ਇਹੋ ਸਨ। ਚੁਨਾਂਚਿ ਉਹ ਮੌਕਾ ਚੰਗਾ ਜਾਣ ਕੇ ਬਾਦਸ਼ਾਹ ਜਗਾਂਗੀਰ ਪਾਸ ਕਸ਼ਮੀਰ ਗਏ, ਜਾ ਕੇ ਸਾਰੀ ਪੋਜ਼ੀਸ਼ਨ ਜ਼ਾਹਰ ਕਰ ਦਿੱਤੀ ਕਿ ਗੁਰੂ ਅਰਜਨ ਸਾਹਿਬ ਦਾ ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਆਪਣੇ ਬਾਪ ਦੇ ਕਤਲ ਦਾ ਬਦਲਾ ਲੈਣ ਦਾ ਜ਼ਰੂਰ ਯਤਨ ਕਰੇਗਾ। ਇਹ ਭੀ ਦੱਸਿਆ ਕਿ ਉਹ ਬੜਾ ਜੋਧਾ ਹੈ। ਆਪਣੇ ਪਿਉ ਦੀ ਤਰ੍ਹਾਂ ਸ਼ਾਂਤੀ ਦਾ ਉਪਾਸ਼ਕ ਨਹੀਂ, ਸਗੋਂ ਮੁਕਾਬਲਾ ਕਰਨ ਵਾਲਾ ਹੈ। ਗੁਰੂ ਦੇ ਸਿੱਖਾਂ ਅੰਦਰ ਬੜਾ ਜੋਸ਼ ਹੈ, ਉਹ ਬਗ਼ਾਵਤ ਕਰ ਕੇ ਤੇਰੇ ਤਖ਼ਤ ਤੇ ਹਮਲਾ ਕਰਨ ਤਕ ਕੋਸ਼ਸ਼ ਕਰਨਗੇ। ਅਸੀਂ ਤੇਰੇ ਪਾਸ ਇਸ ਵਾਸਤੇ ਆਏ ਹਾਂ ਕਿ ਤੂੰ ਉਹ ਪੋਥੀ ਸਾਨੂੰ ਦੇ ਦੇ, ਅਸੀਂ ਉਸ ਵਿਚ ਇਸਲਾਮੀ ਸ਼ਰਾ ਅਤੇ ਹਿੰਦੂ-ਮਤ-ਮੰਡਣ ਦੇ ਸ਼ਬਦ ਪਾ ਦਿੰਦੇ ਹਾਂ, ਤੇ ਸਿੱਖਾਂ ਵਿਚ ਇਹ ਪ੍ਰਾਪੇਗੰਡਾ ਕਰਦੇ ਹਾਂ ਕਿ ਬਾਦਸ਼ਾਹ ਨੇ 'ਪੋਥੀ ਸਾਹਿਬ' ਤੋਂ ਪਾਬੰਦੀ ਹਟਾ ਦਿੱਤੀ ਹੈ, ਅਤੇ ਸ਼ਹਾਦਤ ਦਾ ਕਾਰਨ ਚੰਦੂ ਵਾਲੇ ਘੜੇ ਕਿੱਸੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਵੇਗੀ।

"ਉਕਤ ਪੈਕਟ ਜਹਾਂਗੀਰ ਅਤੇ ਪ੍ਰਿਥੀਏ ਦੀ ਪਾਰਟੀ ਨਾਲ ਹੋਇਆ। ਇਹ ਸਮਾਂ ਖ਼ਾਲਸੇ ਵਾਸਤੇ ਜ਼ਿੰਦਗੀ ਮੌਤ ਦਾ ਸੀ। ਜਦ ਨਿਰੋਲ ਬਾਣੀ ਅੰਦਰ ਹਿੰਦੂ ਮੁਸਲਮਾਨ ਭਗਤਾਂ, ਭੱਟਾਂ ਅਤੇ ਡੂਮਾਂ ਦੀ ਰਚਨਾ ਮਿਲਾ ਕੇ 'ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ' ਦੀ ਉਲੰਘਣਾ ਕਰ ਕੇ ਹਮੇਸ਼ਾ ਵਾਸਤੇ ਗੁਰਬਾਣੀ ਨੂੰ ਮਿਲਗੋਭਾ ਬਾਣੀ ਬਣਾ ਦਿੱਤਾ।

"ਇਹ ਕੌਤਕ 1662-64 ਬਿ: ਅੰਦਰ ਵਰਤਿਆ। ਇਹ ਸਭ ਕੁਝ ਪ੍ਰਿਥੀਏ ਨੇ ਆਪਣੀ ਦੁਕਾਨ-ਰੂਪੀ ਸਿੱਖੀ ਨੂੰ ਚਮਕਾਉਣ ਵਾਸਤੇ ਅਤੇ ਖ਼ਾਲਸੇ ਦੇ ਪਰਚਾਰ ਨੂੰ ਹਮੇਸ਼ਾ ਵਾਸਤੇ ਖ਼ਤਮ ਕਰਨ ਦੀ ਖ਼ਾਤਰ ਕੀਤਾ ਤੇ ਹੋਇਆ ਬਾਦਸ਼ਾਹ ਦੇ ਸਾਲਾਹ-ਮਸ਼ਵਰੇ ਨਾਲ। ਇਹੀ ਕਾਰਨ ਸੀ ਕਿ ਪ੍ਰਿਥੀਏ ਦੀ ਪਾਰਟੀ ਨੂੰ ਹਕੂਮਤ ਵਲੋਂ ਕੋਈ ਤਕਲਫ਼ਿ ਨਹੀਂ ਦਿੱਤੀ ਗਈ, ਸਭ ਕਸਟ ਗੁਰੂ ਕੇ ਸਿੱਖ ਹੀ ਭੁਗਤਦੇ ਰਹੇ। ਪ੍ਰਿਥੀ ਚੰਦ ਵਲੋਂ ਪਾਈ ਗਈ ਗੜਬੜ ਨੂੰ ਦੂਰ ਕਰਨ ਲਈ ਹੀ ਸ੍ਰੀ ਗੁਰੂ ਦਸਮੇਸ਼ ਜੀ ਨੂੰ ਭਾਈ ਮਨੀ ਸਿੰਘ ਜੀ ਪਾਸੋਂ ਦੋਬਾਰਾ ਨਿਰੋਲ ਗੁਰਬਾਣੀ ਪੂਰਤ ਬੀੜ ਲਿਖਵਾਣੀ ਪਈ ਸੀ। "

ਨਵੀਂ ਵਾਕਫ਼ੀਅਤ:

ਇਸ ਉਪਰ-ਲਿਖੀ ਨਵੀਂ ਸਾਖੀ ਵਿਚ ਸਾਨੂੰ ਹੇਠ-ਲਿਖੀਆਂ ਗੱਲਾਂ ਦੱਸੀਆਂ ਗਈਆਂ ਹਨ:

(1) ਗੁਰੂ ਗ੍ਰੰਥ ਸਾਹਿਬ ਦੀ ਬੀੜ ਜਹਾਂਗੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਚੁਕਵਾ ਕੇ ਆਪਣੇ ਕਬਜ਼ੇ ਵਿਚ ਕਰ ਲਈ ਸੀ।

(2) ਬਾਬਾ ਪ੍ਰਿਥੀ ਚੰਦ ਜੀ ਨੇ ਇਹ ਬੀੜ ਜਹਾਂਗੀਰ ਤੋਂ ਵਾਪਸ ਲੈ ਕੇ ਇਸ ਵਿਚ ਭਗਤਾਂ ਦੀ ਬਾਣੀ ਦਰਜ ਕਰ ਦਿੱਤੀ ਸੀ।

(3) ਪ੍ਰਿਥੀ ਚੰਦ ਜੀ ਨੇ ਫਿਰ ਸਿੱਖ ਕੌਮ ਵਿਚ ਪ੍ਰਾਪੇਗੰਡਾ ਕੀਤਾ ਕਿ ਬਾਦਸ਼ਾਹ ਨੇ 'ਪੋਥੀ ਸਾਹਿਬ' ਤੋਂ ਪਾਬੰਦੀ ਹਟਾ ਦਿੱਤੀ ਹੈ।

ਸਾਖੀ ਅਧੂਰੀ:

ਪਰ ਇਹ ਨਵੀਂ ਸਾਖੀ ਤੋੜ ਤਕ ਨਿਭ ਨਹੀਂ ਸਕੀ। ਆਓ, ਵਿਚਾਰੀਏ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਵਿਚ ਅਸਥਾਪਨ ਕਰਾ ਦਿੱਤੀ ਸੀ। ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥ ਨੀਅਤ ਹੋਏ ਸਨ। ਇਸ ਨਵੀਂ ਸਾਖੀ ਅਨੁਸਾਰ ਸਤਿਗੁਰੁ ਪਾਤਿਸ਼ਾਹ ਜੀ ਦੀ ਸ਼ਹੀਦੀ ਪਿਛੋਂ 'ਬੀੜ' ਸ੍ਰੀ ਹਰਿਮੰਦਰ ਸਾਹਿਬ ਵਿਚੋਂ ਚੁਕਾ ਲਈ ਗਈ ਸੀ। ਬਾਬਾ ਪ੍ਰਿਥੀ ਚੰਦ ਨੂੰ ਸਿੱਖ ਧਰਮ ਦੇ ਕਮਜ਼ੋਰ ਕਰਨ ਦਾ ਮੌਕਾ ਮਿਲਿਆ। ਜਹਾਂਗੀਰ ਪਾਸੋਂ 'ਬੀੜ' ਲੈ ਕੇ ਉਹਨਾਂ ਇਸ ਵਿਚ ਹਿੰਦੂ ਮਤ ਤੇ ਇਸਲਾਮ ਦੇ ਖ਼ਿਆਲਾਂ ਦੇ ਸ਼ਬਦ ਦਰਜ ਕਰਾ ਦਿੱਤੇ, ਅਤੇ ਸਿੱਖ ਕੌਮ ਵਿਚ ਪ੍ਰਾਪੇਗੰਡਾ ਕੀਤਾ ਕਿ 'ਪੋਥੀ ਸਾਹਿਬ' ਤੋਂ ਬਾਦਸ਼ਾਹ ਨੇ ਪਾਬੰਦੀ ਹਟਾ ਲਈ। ਪਰ ਇਸ ਪ੍ਰਾਪੇਗੰਡਾ ਦਾ ਸਭ ਤੋਂ ਛੇਤੀ ਤੇ ਵਧੀਆ ਅਸਰ ਪੈਦਾ ਕਰਨ ਦਾ ਇਹੀ ਤਰੀਕਾ ਹੋ ਸਕਦਾ ਸੀ ਕਿ 'ਬੀੜ' ਜਿਥੋਂ ਉਠਾਈ ਗਈ ਸੀ, ਮੁੜ ਉਥੇ ਹੀ ਲਿਆ ਕੇ ਰੱਖ ਦਿੱਤੀ ਜਾਏ। ਸੋ, ਇਸ ਸਾਖੀ ਅਨੁਸਾਰ ਇਹ ਅੰਦਾਜ਼ਾ ਪਾਠਕ ਨੂੰ ਆਪ ਹੀ ਲਾਣਾ ਪਏਗਾ ਕਿ 'ਬੀੜ' ਮੁੜ ਸ੍ਰੀ ਹਰਿਮੰਦਰ ਸਾਹਿਬ ਵਿਚ ਰੱਖ ਦਿੱਤੀ ਗਈ ਸੀ। ਜੇ ਨਹੀਂ, ਤਾਂ ਜ਼ਬਾਨੀ ਪ੍ਰਾਪੇਗੰਡੇ ਦਾ ਕੀਹ ਲਾਭ? ਬਾਬਾ ਬੁੱਢਾ ਜੀ ਗ੍ਰੰਥੀ ਤਾਂ ਮੌਜੂਦ ਹੀ ਸਨ, ਮੁੜ ਪਹਿਲੇ ਵਾਂਗ ਹੀ ਇਸ 'ਬੀੜ' ਤੋਂ (ਜੋ ਇਸ ਨਵੀਂ ਸਾਖੀ ਅਨੁਸਾਰ ਮਿਲਗੋਭਾ ਹੋ ਚੁਕੀ ਸੀ) ਬਾਣੀ ਦਾ ਪਰਚਾਰ ਸ਼ੁਰੂ ਹੋ ਗਿਆ। ਇਹ ਅਜਬ ਖੇਡ ਹੈ ਕਿ ਹਰ ਰੋਜ਼ ਇਸ 'ਬੀੜ' ਦਾ ਆਪ ਦਰਸ਼ਨ ਕਰਨ ਅਤੇ ਹੋਰਨਾਂ ਨੂੰ ਕਰਾਣ ਵਾਲੇ ਬਾਬਾ ਬੁੱਢਾ ਜੀ ਨੂੰ ਇਹ ਪਤਾ ਨਾ ਲੱਗ ਸਕਿਆ ਕਿ 'ਬੀੜ' ਵਿਚ ਵਾਧੂ ਲਿਖਤ ਪਾ ਦਿੱਤੀ ਗਈ ਹੈ। ਇਸ 'ਬੀੜ' ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ ਭੀ ਅਜੇ ਜੀਊਂਦੇ ਸਨ, ਤੇ, ਇਥੇ ਅੰਮ੍ਰਿਤਸਰ ਵਿਚ ਹੀ ਰਹਿੰਦੇ ਸਨ, ਇਹਨਾਂ ਨੂੰ ਭੀ ਪਤਾ ਨਾ ਲੱਗ ਸਕਿਆ। ਦੱਸੋ, ਇਹ ਗੱਲ ਕਿਵੇਂ ਮੰਨੀ ਜਾ ਸਕੇ?

ਜੇ ਇਸ ਨਵੀਂ ਸਾਖੀ ਦੇ ਘੜਨਹਾਰ ਸੱਜਣ ਜੀ ਇਹ ਆਖਣ ਕਿ 'ਬੀੜ' ਨੂੰ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਚ ਨਹੀਂ ਲਿਆਂਦਾ ਗਿਆ, ਤਾਂ ਬਾਬਾ ਪ੍ਰਿਥੀ ਚੰਦ ਨੇ ਹੋਰ ਕਿਹੜਾ ਪ੍ਰਾਪੇਗੰਡਾ ਕੀਤਾ? ਕੀ ਸ੍ਰੀ ਹਰਿਮੰਦਰ ਸਾਹਿਬ ਵਿਚ ਫਿਰ ਹੋਰ ਕੋਈ 'ਬੀੜ' ਨਹੀਂ ਲਿਆਂਦੀ ਗਈ? ਕਦੇ ਸਿੱਖ-ਇਤਿਹਾਸ ਨੇ ਕਿਤੇ ਐਸਾ ਜ਼ਿਕਰ ਨਹੀਂ ਕੀਤਾ। ਜਹਾਂਗੀਰ ਨੇ ਤੋਜ਼ਕ-ਜਹਾਂਗੀਰੀ ਵਿਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਮਰਵਾਣ ਦਾ ਜ਼ਿਕਰ ਤਾਂ ਕਰ ਦਿੱਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਜ਼ਬਤ ਕਰਨ ਦੀ ਉਸ ਨੇ ਕੋਈ ਗੱਲ ਨਹੀਂ ਲਿਖੀ।

ਇਸ ਨਵੀਂ ਸਾਖੀ ਦੇ ਲਿਖਾਰੀ ਜੀ ਇਕ ਹੋਰ ਉਕਾਈ ਖਾ ਗਏ ਹਨ। ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਸ਼ਹੀਦ ਹੋਣ ਤੋਂ ਇਕ ਸਾਲ ਪਹਿਲਾਂ ਹੀ ਚੜ੍ਹਾਈ ਕਰ ਚੁਕੇ ਸਨ।

ਇਕ ਹੋਰ ਔਕੜ:

ਇਸ ਸਾਖੀ ਉਤੇ ਸ਼ਰਧਾ ਬਣਾਣ ਦੇ ਰਾਹ ਵਿਚ ਅਜੇ ਇਕ ਹੋਰ ਔਕੜ ਹੈ। ਗੁਰੂ ਅਰਜਨ ਸਾਹਿਬ ਦੀ ਸਰੀਰਕ ਮੌਜੂਦਗੀ ਵਿਚ ਹੀ 'ਬੀੜ' ਦੇ ਕਈ ਉਤਾਰੇ ਹੋ ਚੁਕੇ ਸਨ। ਇਹ ਗੱਲ ਸਾਡੇ ਇਹ ਨਵੇਂ ਇਤਿਹਾਸਕਾਰ ਵੀਰ ਭੀ ਮੰਨਦੇ ਹਨ ਤੇ ਲਿਖਦੇ ਹਨ– 'ਜਹਾਂਗੀਰ ਕੱਟਰ ਮੁਤਅੱਸਬ ਮੁਸਲਮਾਨ ਸੀ। ਉਹ ਚਾਹੁੰਦਾ ਸੀ ਕਿ ਅਕਬਰ ਵਾਲਾ 'ਦੀਨ ਇਲਾਹੀ' ਦਾ ਢੌਂਗ ਛੱਡ ਕੇ ਤਲਵਾਰ ਨਾਲ ਇਸਲਾਮ ਫੈਲਾਇਆ ਜਾਏ। ਗੁਰੂ ਅਰਜਨ ਸਾਹਿਬ ਜੀ ਤ੍ਰਿਲੋਕੀ ਦੇ ਸਿਆਸਤਦਾਨ ਅਤੇ ਹਰ ਤਰ੍ਹਾਂ ਨਾਲ ਜਾਣੀ-ਜਾਣ ਸਨ। ਉਹਨਾਂ ਨੇ ਜਾਣਿਆ ਕਿ ਅਗੋਂ ਸਮਾਂ ਬੜਾ ਭਿਆਨਕ ਜੰਗਾਂ ਜੁੱਧਾਂ ਦਾ ਆ ਰਿਹਾ ਹੈ, ਖ਼ਾਲਸਾ ਧਰਮ ਵਿਸਥਾਰਨ ਵਾਸਤੇ ਬੜੇ ਜੰਗ ਲੜਨੇ ਪੈਣਗੇ, ਉਸ ਵੇਲੇ ਬਾਣੀ ਦੀ ਸੰਭਾਲ ਮੁਸ਼ਕਲ ਹੋ ਜਾਵੇਗੀ। ਇਸ ਖ਼ਿਆਲ ਨੂੰ ਮੁਖ ਰੱਖ ਕੇ ਮਹਾਰਾਜ ਨੇ ਪਹਿਲੇ ਹੀ ਚਾਰ ਗੁਰੂ ਸਾਹਿਬਾਨ ਅਤੇ ਆਪਣੀ ਬਾਣੀ ਨੂੰ ਇਕ ਥਾਂ 'ਕੱਠਾ ਕਰ ਕੇ ਪੋਥੀ ਸਾਹਿਬ ਤਿਆਰ ਕੀਤੀ। ਇਸੇ ਪੋਥੀ ਦਾ ਪਰਚਾਰ ਕਰਨ ਵਾਸਤੇ ਦੂਰ ਦੁਰਾਡੇ ਉਤਾਰੇ ਕਰ ਕੇ ਭੇਜੇ ਗਏ ਸਨ।

ਇਥੇ ਇਹ ਸ਼ੱਕ ਉਠਦਾ ਹੈ ਕਿ ਜਹਾਂਗੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਹੀ ਜ਼ਬਤ ਕੀਤੀ ਸੀ, ਜਾਂ ਸਾਰੇ ਉਤਾਰੇ ਭੀ ਜ਼ਬਤ ਕਰ ਲਏ ਸਨ। ਸਿੱਖ-ਧਰਮ ਦੇ ਪਰਚਾਰ ਨੂੰ ਮੁਕਾਣ ਲਈ ਅਸਲੀ ਕਾਰੀ ਸੱਟ ਇਹੀ ਹੋ ਸਕਦੀ ਸੀ ਕਿ ਸਾਰੀਆਂ 'ਬੀੜਾਂ' ਨੂੰ ਜ਼ਬਤ ਕੀਤਾ ਹੋਵੇ। ਸਿਰਫ਼ ਇਕੱਲੀ 'ਬੀੜ' ਦੇ ਜ਼ਬਤ ਹੋਇਆਂ ਬਾਕੀ ਹੋਰ ਥਾਵਾਂ ਤੋਂ ਪਰਚਾਰ ਕਿਵੇਂ ਬੰਦ ਹੋ ਸਕਦਾ ਸੀ? ਤੇ, ਸਾਰੀਆਂ 'ਬੀੜਾਂ' ਦਾ ਜ਼ਬਤ ਹੋਣਾ ਸਿੱਖ-ਕੌਮ ਵਾਸਤੇ ਤਾਂ ਮਹਾਨ ਪਰਲੌ ਦੇ ਸਮਾਨ ਸੀ। ਸਾਡਾ ਇਤਿਹਾਸ ਇਤਨੇ ਵੱਡੇ ਭਿਆਨਕ ਭਾਣੇ ਦਾ ਕਿਤੇ ਜ਼ਿਕਰ ਕਿਉਂ ਨਾ ਕਰ ਸਕਿਆ?

ਵਿਚਾਰ ਦਾ ਦੂਜਾ ਪੱਖ:

ਹੱਛਾ, ਹੁਣ ਇਸ ਵਿਚਾਰ ਦਾ ਦੂਜਾ ਪੱਖ ਲਈਏ। ਫ਼ਰਜ਼ ਕਰ ਲਉ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਪਿਛੋਂ ਭੀ ਅਜੇ ਜੀਊਂਦੇ ਸਨ। ਤੇ, ਇਹ ਭੀ ਮੰਨ ਲਉ ਕਿ ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਜ਼ਬਤ ਕਰ ਲਈ ਸੀ। ਇਹ ਭੀ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਨੇ ਜਗਾਂਗੀਰ ਪਾਸੋਂ ਬੀੜ ਵਾਪਸ ਲੈ ਕੇ ਇਸ ਵਿਚ ਭਗਤਾਂ ਆਦਿਕ ਦੀ ਬਾਣੀ ਦਰਜ ਕਰ ਦਿੱਤੀ ਸੀ। ਪਰ, ਜੇ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਹੀ ਜ਼ਬਤ ਹੋਈ ਸੀ ਤਾਂ ਬਾਬਾ ਪ੍ਰਿਥੀ ਚੰਦ ਭਗਤਾਂ ਦੀ ਬਾਣੀ ਸਿਰਫ਼ ਇਸੇ 'ਬੀੜ' ਵਿਚ ਦਰਜ ਕਰ ਸਕੇ ਹੋਣਗੇ। ਬਾਕੀ ਉਤਾਰਿਆਂ ਵਿਚ ਭਗਤ-ਬਾਣੀ ਆਦਿਕ ਕਿਵੇਂ ਜਾ ਪਹੁੰਚੀ? ਚਲੋ, ਨਵੀਂ ਸਾਖੀ ਵਾਲੇ ਵੀਰ ਨੂੰ ਇਸ ਔਕੜ ਵਿਚੋਂ ਕੱਢਣ ਲਈ ਇਹ ਭੀ ਮੰਨ ਲਈਏ ਕਿ ਸਾਰੀਆਂ 'ਬੀੜਾਂ' ਹੀ ਜ਼ਬਤ ਹੋ ਗਈਆਂ ਸਨ, ਪ੍ਰਿਥੀ ਚੰਦ ਨੇ ਸਭਨਾਂ ਵਿਚ ਹੀ ਭਗਤ ਬਾਣੀ ਦਰਜ ਕਰ ਦਿੱਤੀ ਸੀ। ਜਹਾਂਗੀਰ ਦੇ ਹੱਕ ਵਿਚ ਪ੍ਰਾਪੇਗੰਡਾ ਕਰਨ ਵਾਸਤੇ ਪ੍ਰਿਥੀ ਚੰਦ ਜੀ ਨੇ ਇਹ ਸਭ 'ਬੀੜਾਂ' ਅਸਲ ਟਿਕਾਣਿਆਂ ਤੇ ਵਾਪਸ ਭੀ ਕਰ ਦਿੱਤੀਆਂ ਹੋਣਗੀਆਂ, ਕਿਉਂਕਿ ਇਕ ਪਾਸੇ ਸਿੱਖਾਂ ਦਾ ਜੋਸ਼ ਮੱਠਾ ਕਰਨਾ ਸੀ, ਦੂਜੇ ਪਾਸੇ, ਸਿੱਖ-ਕੌਮ ਵਿਚ ਹਿੰਦੂ-ਮਤ ਤੇ ਇਸਲਾਮ ਫੈਲਾਣਾ ਸੀ। ਕੇਹਾ ਅਜਬ ਕੌਤਕ ਹੈ ਕਿ ਕਿਸੇ ਸਿੱਖ ਨੂੰ ਪਤਾ ਨਾ ਲੱਗ ਸਕਿਆ ਕਿ ਗੁਰਬਾਣੀ ਵਿਚ ਮਿਲਾਵਟ ਕਰ ਦਿੱਤੀ ਗਈ ਹੈ। ਸ਼ਾਇਦ ਬਾਦਸ਼ਾਹ ਵਲੋਂ ਸਿਰਫ਼ ਮੱਥੇ ਟੇਕਣ ਦੀ ਹੀ ਆਗਿਆ ਮਿਲੀ ਹੋਵੇ, ਪਾਠ ਕਰਨ ਵਲੋਂ ਅਜੇ ਭੀ ਵਰਜਿਆ ਹੋਇਆ ਹੀ ਹੋਵੇ।

ਸੁਖ! ਇਹ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਜੀ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਵਿਚ ਅਤੇ ਸਾਰੇ ਉਤਾਰਿਆਂ ਵਿਚ ਕਾਮਯਾਬੀ ਨਾਲ ਭਗਤ-ਬਾਣੀ ਆਦਿਕ ਦਰਜ ਕਰਾ ਸਕੇ। ਫਿਰ ਇਨ੍ਹਾਂ ਨੂੰ ਉਹ ਅਸਲ ਟਿਕਾਣਿਆਂ ਤੇ ਭੀ ਭੇਜ ਸਕੇ। ਕਿਸੇ ਨੂੰ ਇਹ ਪਤਾ ਭੀ ਨਾਹ ਲੱਗ ਸਕਿਆ ਕਿ ਬਾਣੀ ਵਿਚ ਕੋਈ ਮਿਲਾਵਟ ਹੋ ਗਈ ਹੈ।

ਮਿਲਾਵਟ ਕਿਵੇਂ ਕੀਤੀ ਗਈ?:

ਹੁਣ ਅਖ਼ੀਰ ਤੇ ਇਕ ਗੱਲ ਵਿਚਾਰਨ ਵਾਲੀ ਰਹਿ ਗਈ ਹੈ ਕਿ ਪ੍ਰਿਥੀ ਚੰਦ ਜੀ ਨੇ ਭਗਤ-ਬਾਣੀ ਕਿਸ ਤਰੀਕੇ ਨਾਲ ਕਿੱਥੇ ਦਰਜ ਕੀਤੀ। ਇਸ ਬਾਰੇ ਸਾਖੀ-ਕਾਰ ਜੀ ਆਪ ਹੀ ਲਿਖਦੇ ਹਨ– "ਛਾਪੇ ਦੀਆਂ ਬੀੜਾਂ ਵਿਚ ਭਗਤ ਬਾਣੀ ਗੁਰੂ ਮਹਾਰਾਜ ਦੀ ਬਾਣੀ ਤੋਂ ਬਾਅਦ ਵਿਚ ਦਰਜ ਹੈ। ਉਸ ਦੇ ਅੰਗਾਂ ਦੀ ਗਿਣਤੀ ਭੀ ਵੱਖਰੀ ਹੈ। ਕਿਸੇ ਗੁਰੂ ਸਾਹਿਬ ਵਲੋਂ 'ਸੁਧ ਕੀਚੇ' ਦੀ ਸੰਗਿਆ ਨਹੀਂ ਦਿੱਤੀ ਹੈ। "

ਸੋ ਸਾਡੇ ਵੀਰ ਦੀ ਖੋਜ ਅਨੁਸਾਰ ਸਾਰੀ ਭਗਤ-ਬਾਣੀ ਸਤਿਗੁਰੂ ਜੀ ਦੀ ਬਾਣੀ ਤੋਂ ਪਿਛੋਂ ਦਰਜ ਕੀਤੀ ਗਈ ਹੈ। ਠੀਕ ਹੈ, ਅਖ਼ੀਰ ਤੇ ਹੀ ਹੋ ਸਕਦੀ ਸੀ। ਕਈ ਪਾਠਕਾਂ ਨੂੰ ਸ਼ਾਇਦ ਲਫ਼ਜ਼ 'ਸੁਧ ਕੀਚੇ' ਦੀ ਵਿਆਖਿਆ ਦੀ ਲੋੜ ਹੋਵੇ। ਉਹਨਾਂ ਦੀ ਸਹੂਲਤ ਵਾਸਤੇ ਇਸ ਬਾਰੇ ਥੋੜ੍ਹੀ ਕੁ ਵਿਚਾਰ ਪੇਸ਼ ਕਰਨੀ ਜ਼ਰੂਰੀ ਜਾਪਦੀ ਹੈ। ਸਾਰੀ ਬਾਣੀ ਰਾਗਾਂ ਅਨੁਸਾਰ ਵੰਡੀ ਹੋਈ ਹੈ। ਹਰੇਕ ਰਾਗ ਵਿਚ ਪਹਿਲਾਂ 'ਸ਼ਬਦ', ਫਿਰ 'ਅਸ਼ਟਪਦੀਆਂ' ਫਿਰ 'ਛੰਤ' ਅਤੇ ਫਿਰ 'ਵਾਰ' ਹੈ। 'ਸ਼ਬਦ', 'ਅਸ਼ਟਪਦੀਆਂ' ਆਦਿਕ ਦੀ ਤਰਤੀਬ ਭੀ ਨੇਮ-ਅਨੁਸਾਰ ਹੈ, ਪਹਿਲਾਂ ਮਹਲਾ ਪਹਿਲਾ, ਫਿਰ ਤੀਜਾ, ਚੌਥਾ ਅਤੇ ਪੰਜਵਾਂ ਹੈ। ਕਈ 'ਵਾਰਾਂ' ਦੇ ਖ਼ਤਮ ਹੋਣ ਤੇ ਲਫ਼ਜ਼ 'ਸੁਧੁ' ਜਾਂ 'ਸੁਧ ਕੀਚੇ' ਆਉਂਦਾ ਹੈ। ਸਾਖੀ-ਕਾਰ ਜੀ ਦਾ ਭਾਵ ਇਹ ਹੈ ਕਿ ਭਗਤ-ਬਾਣੀ 'ਵਾਰਾਂ' ਦੇ ਅਖ਼ੀਰ ਤੇ ਦਰਜ ਕੀਤੀ ਗਈ ਹੈ। ਆਖਦੇ ਭੀ ਠੀਕ ਹਨ। ਸਤਿਗੁਰੂ ਜੀ ਦੇ ਸ਼ਬਦਾਂ ਦੇ ਵਿਚਕਾਰ ਤਾਂ ਭਗਤਾਂ ਦੇ ਸ਼ਬਦ ਦਰਜ ਹੋ ਹੀ ਨਹੀਂ ਸਕਦੇ ਸਨ, ਕਿਉਂਕਿ ਗੁਰੂ ਸਾਹਿਬ ਨੇ ਸਭ ਸ਼ਬਦਾਂ ਦੀ ਗਿਣਤੀ ਭੀ ਨਾਲੋ ਨਾਲ ਲਿਖੀ ਹੋਈ ਹੈ। ਗਿਣਤੀ ਵਿਚ ਫ਼ਰਕ ਪਿਆਂ, ਜਾਂ, ਹਿੰਦਸੇ ਕੱਟਿਆਂ ਪ੍ਰਿਥੀ ਚੰਦ ਜੀ ਦਾ ਸਾਰਾ ਪਾਜ ਉੱਘੜ ਜਾਣਾ ਸੀ। ਇਸੇ ਤਰ੍ਹਾਂ 'ਵਾਰਾਂ' ਦੇ ਅੰਦਰ ਭੀ ਭਗਤਾਂ ਦੇ ਸ਼ਬਦ ਲੁਕਾਏ ਨਹੀਂ ਜਾ ਸਕਦੇ ਸਨ, ਕਿਉਂਕਿ 'ਵਾਰਾਂ' ਤਾਂ ਹਨ ਹੀ ਨਿਰੇ ਸਲੋਕ ਅਤੇ ਪਉੜੀਆਂ। ਸੋ, ਪ੍ਰਿਥੀ ਚੰਦ ਜੀ ਨੇ ਸਿਆਣਪ ਤੋਂ ਕੰਮ ਲਿਆ ਕਿ ਭਗਤਾਂ ਦੇ ਸਾਰੇ ਸ਼ਬਦ ਤੇ ਸ਼ਲੋਕ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅਖ਼ੀਰ ਤੇ ਦਰਜ ਕੀਤੇ। ਕੋਈ ਅਜਬ ਗੱਲ ਨਹੀਂ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸੱਜਣਾਂ ਨੇ, ਜਿਨ੍ਹਾਂ ਪਾਸ ਬੀੜ ਦੇ ਉਤਾਰੇ ਸਨ, 'ਵਾਰਾਂ' ਤੋਂ ਅਗਾਂਹ ਬਾਕੀ ਦੇ ਪੱਤਰੇ ਫੋਲ ਕੇ ਹੀ ਨਾਹ ਵੇਖੇ ਹੋਣ, ਤੇ ਇਸ ਵਾਸਤੇ ਇਹ ਮਿਲਾਵਟ ਲੁਕੀ ਰਹੀ।

ਨਵੀਆਂ ਉਲਝਣਾਂ:

ਪਰ ਇਤਨਾ ਕੁਝ ਮੰਨ ਲਿਆਂ ਭੀ ਸਾਡੇ ਵੀਰ ਦੀ ਸਾਖੀ ਸਿਰੇ ਨਹੀਂ ਚੜ੍ਹ ਸਕਦੀ। ਕਈ ਉਲਝਣਾਂ ਪੈ ਗਈਆਂ ਹਨ। ਆਓ, ਇਕ ਇਕ ਕਰ ਕੇ ਦੇਖੀਏ।

ਸਾਖੀ-ਕਾਰ ਸੱਜਣ ਜੀ ਲਿਖਦੇ ਹਨ– "ਇਤਿਹਾਸ ਦੇ ਜਾਣੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਈ ਗੁਰਦਾਸ ਜੀ ਦੇ ਕਾਂਸ਼ੀ ਆਉਣ ਤੋਂ ਪਹਿਲਾਂ ਭਗਤ-ਰਚਨਾ ਪੰਜਾਬ ਅੰਦਰ ਆ ਗਈ ਸੀ, ਤੀਜੇ ਪਾਤਿਸ਼ਾਹ ਦੇ ਨੋਟ ਜ਼ਾਹਰ ਕਰਦੇ ਹਨ ਕਿ ਭਗਤ-ਰਚਨਾ ਉਤੇ ਤੀਜੇ ਗੁਰੂ ਜੀ ਨੇ ਟੀਕਾ-ਟਿਪਣੀ ਕਰ ਕੇ ਨੋਟ ਦਿੱਤੇ। ......ਇਹ ਨੋਟ ਹੁਣ ਭੀ ਮ: 3 ਦੇ ਸਿਰਲੇਖ ਹੇਠਾਂ ਮਿਲਦੇ ਹਨ। " ਫ਼ਰੀਦ ਜੀ ਦੇ ਸ਼ਲੋਕਾਂ ਦਾ ਜ਼ਿਕਰ ਕਰਦਿਆਂ ਇਹ ਵੀਰ ਲਿਖਦਾ ਹੈ– "ਮੌਜੂਦਾ ਬੀੜ ਵਿਚ ਆਪ ਜੀ ਦੇ ਚਾਰ ਸ਼ਬਦ ਅਤੇ 130 ਸ਼ਲੋਕ ਹਨ। ਕਈਆਂ ਸ਼ਲੋਕਾਂ ਪਰ ਤੀਜੇ ਅਤੇ ਪੰਜਵੇਂ ਗੁਰੂ ਜੀ ਵਲੋਂ ਨੋਟ ਭੀ ਦਿੱਤੇ ਗਏ ਹਨ। "

"ਅਤੇ, ਕਈ ਥਾਂ ਗੁਰੂ ਸਾਹਿਬਾਨ ਵਲੋਂ ਨੋਟ ਹੋਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਭਗਤਾਂ ਦਾ ਸਿੱਧਾਂਤ ਕਮਜ਼ੋਰ ਤੇ ਊਣਾ ਸਮਝਿਆ ਹੈ। "

ਲਉ, ਹੁਣ ਇਸ ਉਪਰਲੀ ਲਿਖਤ ਨੂੰ ਕਸਵੱਟੀ ਤੇ ਪਰਖ ਵੇਖੀਏ। ਸਤਿਗੁਰੂ ਜੀ ਦੇ ਜਿਨ੍ਹਾਂ ਸ਼ਲੋਕਾਂ ਬਾਰੇ ਸਾਡਾ ਵੀਰ ਜ਼ਿਕਰ ਕਰਦਾ ਹੈ, ਉਹ ਤਿੰਨ ਕਿਸਮ ਦੇ ਹਨ– ਇਕ ਉਹ ਜਿਨ੍ਹਾਂ ਵਿਚ ਲਫ਼ਜ਼ 'ਨਾਨਕ' ਆਉਂਦਾ ਹੈ, ਦੂਜੇ ਉਹ ਜਿਨ੍ਹਾਂ ਵਿਚ ਲਫ਼ਜ਼ 'ਫ਼ਰੀਦ' ਮਿਲਦਾ ਹੈ, ਤੇ, ਤੀਜੇ ਉਹ ਜਿਨ੍ਹਾਂ ਵਿਚ ਕੋਈ ਭੀ ਨਾਮ ਨਹੀਂ, ਜਿਵੇਂ ਕਿ "ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥" ਇਹ ਤੀਜੀ ਕਿਸਮ ਦੇ ਸ਼ਲੋਕ 'ਵਾਰਾਂ' ਵਿਚ ਭੀ ਦਰਜ ਹਨ, ਉੱਥੇ ਸਿਰ-ਲੇਖ ਵਿਚ ਇਹਨਾਂ ਦੇ 'ਮਹਲੇ' ਦਾ ਅੰਕ ਭੀ ਦਿੱਤਾ ਹੋਇਆ ਹੈ। ਅਸਾਂ ਪਹਿਲੀਆਂ ਦੋ ਕਿਸਮਾਂ ਦੇ ਸ਼ਲੋਕਾਂ ਉੱਤੇ ਹੀ ਵਿਚਾਰ ਕਰਨੀ ਹੈ। ਇਹ ਸ਼ਲੋਕ ਸਿਰਫ਼ ਕਬੀਰ ਜੀ ਅਤੇ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਹੀ ਦਰਜ ਹਨ, ਗੁਰੂ ਗ੍ਰੰਥ ਸਾਹਿਬ ਵਿਚ ਹੋਰ ਕਿਤੇ ਨਹੀਂ ਹਨ। ਇਹਨਾਂ ਵਿਚੋਂ ਦੂਜੀ ਕਿਸਮ ਦੇ ਸ਼ਲੋਕਾਂ ਵਿਚੋਂ ਨਮੂਨੇ ਵਜੋਂ ਪੜ੍ਹੋ ਹੇਠ ਲਿਖਿਆ ਸ਼ਲੋਕ:

(1) ਕਾਇ ਪਟੋਲਾ ਪਾੜਤੀ, ਕੰਮਲੜੀ ਪਹਿਰੇਇ ॥
. . ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥104॥

(ੳ) ਹੁਣ ਸਾਖੀ-ਕਾਰ ਵੀਰ ਦੀ ਸਾਖੀ ਮੰਨਣ ਦੇ ਰਾਹ ਵਿਚ ਔਕੜ ਆ ਪਈ ਹੈ ਕਿ ਇਹ ਸ਼ਲੋਕ ਸਿਰਫ਼ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਹੀ ਦਰਜ ਹੈ, ਹੋਰ ਕਿਤੇ ਨਹੀਂ। ਤੇ, ਇਹ ਹੈ ਭੀ ਫ਼ਰੀਦ ਜੀ ਦੇ ਸ਼ਲੋਕਾਂ ਦੇ ਸੰਬੰਧ ਵਿਚ ਹੀ। ਜਦੋਂ ਬਾਬਾ ਪ੍ਰਿਥੀ ਚੰਦ ਨੇ ਭਗਤ ਬਾਣੀ 'ਬੀੜਾਂ' ਦੇ ਅਖ਼ੀਰ ਤੇ ਦਰਜ ਕਰਾਈ, ਤਾਂ ਇਹ ਸ਼ਲੋਕ ਉਹਨਾਂ 'ਬੀੜਾਂ' ਦੇ ਕਿਸੇ ਹਿੱਸੇ ਵਿਚੋਂ ਲਿਆ? ਉਸ ਥਾਂ ਤੋਂ ਮਿਟਾ ਕੇ ਭਗਤਾਂ ਦੇ ਸ਼ਲੋਕਾਂ ਵਿਚ ਕਿਵੇਂ ਲਿਆਂਦਾ ਗਿਆ? ਜਿਥੋਂ ਮਿਟਾਇਆ ਗਿਆ ਹੈ, ਕੀ ਉਥੇ ਹੜਤਾਲ ਫਿਰੀ ਹੋਈ ਹੈ ਜਾਂ ਸਿਆਹੀ ਨਾਲ ਮੁੰਦਿਆ ਗਿਆ ਹੈ? ਪਰ ਉਸ ਅਸਲ ਥਾਂ ਤੋਂ ਮਿਟਾਣ ਦੀ ਕੀਹ ਲੋੜ ਪਈ? ਜੇ ਇਹ ਸ਼ਲੋਕ ਫ਼ਰੀਦ ਜੀ ਦੇ ਕਿਸੇ ਖ਼ਿਆਲ ਦੇ ਖੰਡਣ ਵਾਸਤੇ ਹੈ, ਤਾਂ ਬਾਬਾ ਪ੍ਰਿਥੀ ਚੰਦ ਨੇ ਖੰਡਣ ਕਿਉਂ ਕਰਨਾ ਸੀ? ਉਸ ਨੇ ਤਾਂ ਸਗੋਂ ਭੁਲੇਖੇ ਵਧਾਣੇ ਸਨ, ਕਿਉਂਕਿ ਭੁਲੇਖੇ ਵਧਾਣ ਵਾਸਤੇ ਹੀ ਇਹ ਸਾਰਾ ਉੱਦਮ ਕੀਤਾ ਗਿਆ ਸੀ। ਅਜੇ ਤਕ ਕੋਈ ਭੀ ਐਸੀ ਲਿਖਤੀ ਬੀੜ ਵੇਖਣ ਵਿਚ ਨਹੀਂ ਆਈ, ਜਿਸ ਵਿਚ ਇਹ ਸ਼ਲੋਕ ਸਤਿਗੁਰੂ ਜੀ ਦੀ ਆਪਣੀ ਬਾਣੀ ਵਿਚ ਭੀ ਦਰਜ ਹੋਵੇ।

ਇਹੀ ਹਾਲ ਪਹਿਲੀ ਕਿਸਮ ਦੇ ਸ਼ਲੋਕਾਂ ਬਾਰੇ ਹੈ। ਇਹ ਸ਼ਲੋਕ ਤਾਂ ਸਗੋਂ ਇਹ ਸਾਬਤ ਕਰ ਰਹੇ ਹਨ ਕਿ ਭਗਤਾਂ ਦੀ ਬਾਣੀ ਗੁਰੂ ਅਮਰ ਦਾਸ ਜੀ ਪਾਸ ਮੌਜੂਦ ਸੀ, ਕਿਉਂਕਿ ਉਹ ਪ੍ਰਤੱਖ ਤੌਰ ਤੇ ਫ਼ਰੀਦ ਜੀ ਦਾ ਨਾਮ ਵਰਤ ਰਹੇ ਹਨ।

(ਅ) ਹੁਣ ਪਾਠਕਾਂ ਦੇ ਸਾਹਮਣੇ ਭੈਰਉ ਰਾਗ ਦੇ ਸ਼ਬਦਾਂ ਦੀ ਗਿਣਤੀ ਤੇ ਤਰਤੀਬ ਰੱਖਣ ਦੀ ਲੋੜ ਪਈ ਹੈ। ਇਸ ਗਿਣਤੀ ਤੋਂ ਪਾਠਕ ਆਪੇ ਵੇਖ ਲੈਣਗੇ ਕਿ ਸਾਡਾ ਵੀਰ ਇਸ ਨਵੀਂ ਸਾਖੀ ਦੇ ਘੜਨ ਵਿਚ ਰਤਾ ਭੀ ਕਾਮਯਾਬ ਨਹੀਂ ਹੋ ਸਕਿਆ। 1430 ਪੰਨੇ ਵਾਲੀ 'ਬੀੜ' ਦੇ ਪੰਨਾ 1125 ਤੋਂ ਸ਼ੁਰੂ ਕਰੋ। ਪੰਨਾ ਨੰ: 1127 ਦੇ ਅਖ਼ੀਰ ਵਿਚ ਅਖ਼ੀਰਲਾ ਅੰਕ ਹੈ 8। ਭੈਰਉ ਰਾਗ ਵਿਚ 8 ਸ਼ਬਦ ਗੁਰੂ ਨਾਨਕ ਸਾਹਿਬ ਦੇ ਹਨ। ਪੰਨਾ 1133 ਦੇ ਅਖ਼ੀਰ ਵਿਚ ਹੈ ਅੰਕ 21। ਇਹ 21 ਸ਼ਬਦ ਗੁਰੂ ਅਮਰ ਦਾਸ ਜੀ ਦੇ ਹਨ। ਪਾਠਕ ਆਪਣੀ ਤਸੱਲੀ ਕਰ ਲੈਣ। ਪੰਨਾ 1136 ਦੀ ਤੀਜੀ ਪੰਕਤੀ ਦੇ ਅਖ਼ੀਰ ਵਿਚ 7 ਹੈ। ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਹਨ। ਪੰਨਾ 1153 ਦੀ ਅਠਵੀਂ ਪੰਕਤੀ ਵਿਚ ਅੰਕ ਹੈ 57। ਇਹ 57 ਸ਼ਬਦ ਗੁਰੂ ਅਰਜਨ ਸਾਹਿਬ ਦੇ ਹਨ, ਜਿਨ੍ਹਾਂ ਦੀ ਵੰਡ ਇਉਂ ਹੈ: ਘਰੁ 1 = 13। ਘਰੁ 2 = 43। ਘਰੁ 3 = 1। ਜੋੜ = 57। ਇਸ ਅੰਕ ਨੰ: 57 ਤੋਂ ਅਗਾਂਹ ਸਾਰੇ ਗੁਰ-ਵਿਅਕਤੀਆਂ ਦੇ ਸ਼ਬਦਾਂ ਦਾ ਜੋੜ ਫਿਰ ਦੁਹਰਾਇਆ ਗਿਆ ਹੈ:

ਮਹਲਾ 1 . . . . . . 8
ਮਹਲਾ 3 . . . . . 21
ਮਹਲਾ 4 . . . . . .7
ਮਹਲਾ 5 . . . . . 57
ਕੁੱਲ ਜੋੜ . . . . . 93

ਹੁਣ ਪੰਨਾ 1136 ਉੱਤੇ ਸਿਰ-ਲੇਖ 'ਮਹਲਾ 5 ਘਰੁ 1' ਦੇ ਹੇਠ ਤੀਜਾ ਸ਼ਬਦ ਗਹੁ ਨਾਲ ਵੇਖੋ। ਇਸ ਦਾ ਭੀ ਸਿਰ-ਲੇਖ ਇਹੀ 'ਮਹਲਾ 5' ਹੈ। ਪਰ ਇਸ ਦੀਆਂ ਅਖ਼ੀਰਲੀਆਂ ਤੁਕਾਂ ਇਉਂ ਹਨ:

"ਕਉ ਕਬੀਰ ਇਹੁ ਕੀਆ ਵਖਾਨਾ ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਣਾ ॥"

ਸਾਡੇ ਵਾਸਤੇ ਤਾਂ ਸ਼ਰਧਾ ਦਾ ਪੱਧਰਾ ਰਸਤਾ ਹੈ ਕਿ ਚੂੰਕਿ ਇਸ ਸ਼ਬਦ ਦਾ ਸਿਰ-ਲੇਖ ਹੈ, 'ਭੈਰਉ ਮਹਲਾ 5', ਇਸ ਵਾਸਤੇ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਅਗਾਂਹ ਇਹ ਵੱਖਰਾ ਸਵਾਲ ਹੈ ਕਿ ਗੁਰੂ ਅਰਜਨ ਸਾਹਿਬ ਨੇ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਕਿਉਂ ਵਰਤਿਆ? ਇਸ ਦਾ ਉੱਤਰ ਅਸਾਂ ਭਗਤ ਕਬੀਰ ਜੀ ਦੀ ਬਾਣੀ ਦੇ ਟੀਕੇ ਵਿਚ ਦਿੱਤਾ ਹੈ। ਇਥੇ ਅਸਾਂ ਸਿਰਫ਼ ਇਹ ਦੱਸਣਾ ਹੈ ਕਿ ਸਾਖੀਕਾਰ ਵੀਰ ਵਾਸਤੇ ਉਸ ਦੀ ਨਵੀਂ ਸਾਖੀ ਦੇ ਰਾਹ ਵਿਚ ਭਾਰੀ ਔਕੜ ਆ ਪਈ ਹੈ। ਕੀ ਤੁਸੀ ਇਸ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਦਾ ਨਹੀਂ ਮੰਨਦੇ? ਇਸ ਦਾ ਸਿਰ-ਲੇਖ ਭੀ ਹੈ "ਮਹਲਾ 5", ਤੇ, ਇਹ ਦਰਜ ਭੀ ਹੈ "ਮਹਲਾ 5" ਦੇ ਸ਼ਬਦਾਂ ਵਿਚ। ਲਫ਼ਜ਼ 'ਨਾਨਕ' ਦੇ ਥਾਂ ਲਫ਼ਜ਼ 'ਕਬੀਰ' ਵਰਤਿਆ ਜਾਣਾ ਦੱਸਦਾ ਹੈ ਕਿ ਗੁਰੂ ਅਰਜਨ ਸਾਹਿਬ ਕਬੀਰ ਜੀ ਦੇ ਸੰਬੰਧ ਵਿਚ ਕੁਝ ਆਖ ਰਹੇ ਹਨ, ਤੇ, ਇਹ ਗੱਲ ਤਦੋਂ ਹੀ ਹੋ ਸਕਦੀ ਹੈ ਜੇ ਉਹਨਾਂ ਕਬੀਰ ਜੀ ਦੀ ਬਾਣੀ ਸ੍ਵੀਕਾਰ ਕੀਤੀ ਹੋਈ ਹੋਵੇ। ਪਰ ਜੇ ਤੁਸੀ ਅਜੇ ਭੀ ਇਸ ਸ਼ਬਦ ਨੂੰ ਕਬੀਰ ਦੀ ਹੀ ਰਚਨਾ ਮੰਨਦੇ ਹੋ, ਤੇ ਇਹ ਭੀ ਆਖਦੇ ਹੋ ਕਿ ਭਗਤ-ਬਾਣੀ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤੀ ਸੀ, ਤਾਂ ਦੱਸੋ, ਕਬੀਰ ਜੀ ਦਾ ਇਹ ਸ਼ਬਦ ਇਥੇ ਗੁਰੂ ਸਾਹਿਬ ਦੇ ਸ਼ਬਦਾਂ ਵਿਚ ਕਿਵੇਂ ਦਰਜ ਹੋ ਸਕਿਆ? ਗਿਣਤੀ ਦਾ ਅਖ਼ੀਰਲਾ ਅੰਕ 93 ਕਿਵੇਂ ਭੰਨੋਗੇ? ਨਿਰਾ ਇਹ ਇਕੱਲਾ ਅੰਕ ਨਹੀਂ, ਇਸ ਸ਼ਬਦ ਤੋਂ ਲੈ ਕੇ ਅਖ਼ੀਰ ਤਕ ਸਾਰੇ ਅੰਕ ਹੀ ਤੋੜਨੇ ਪੈਣਗੇ। ਤੇ, ਸਾਰੀਆਂ ਪੁਰਾਣੀਆਂ "ਬੀੜਾਂ" ਵੇਖੋ, ਜੇ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤਾ ਹੁੰਦਾ, ਤਾਂ ਅੰਕ 93 ਦੇ ਥਾਂ ਪਹਿਲਾ ਅੰਕ 92 ਹੁੰਦਾ, ਇਸੇ ਤਰ੍ਹਾਂ ਇਸ ਤੋਂ ਪਹਿਲੇ ਸਾਰੇ ਅੰਕ ਭੀ ਭੰਨੇ ਹੋਏ ਹੁੰਦੇ। ਪਰ ਕਿਸੇ ਭੀ 'ਬੀੜ' ਵਿਚ ਇਹ ਗੱਲ ਨਹੀਂ ਮਿਲਦੀ। ਸਿੱਧੀ ਗੱਲ ਹੈ ਕਿ ਭਗਤ-ਬਾਣੀ ਬਾਬਾ ਆਦਿਕ ਪ੍ਰਿਥੀ ਚੰਦ ਨੇ ਜਾਂ ਕਿਸੇ ਹੋਰ ਨੇ ਗੁਰੂ ਅਰਜਨ ਸਾਹਿਬ ਤੋਂ ਪਿਛੋਂ ਦਰਜ ਨਹੀਂ ਕੀਤੀ। ਸਤਿਗੁਰੂ ਜੀ ਆਪ ਹੀ ਦਰਜ ਕਰ ਗਏ ਸਨ।

(ੲ) ਅਸਾਂ ਪਾਠਕਾਂ ਦੇ ਸਾਹਮਣੇ ਅਜੇ ਇਕ ਹੋਰ ਪ੍ਰਮਾਣ ਪੇਸ਼ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿਚ 22 'ਵਾਰਾਂ' ਹਨ, ਜਿਨ੍ਹਾਂ ਵਿਚੋਂ ਦੋ ਐਸੀਆਂ ਹਨ ਜਿਨ੍ਹਾਂ ਦੀਆਂ ਪਉੜੀਆਂ ਦੇ ਨਾਲ ਕੋਈ ਭੀ ਸ਼ਲੋਕ ਨਹੀਂ: ਸੱਤੇ ਬਲਵੰਡ ਦੀ ਵਾਰ ਅਤੇ ਬਸੰਤ ਦੀ ਵਾਰ ਮ: 5। ਬਾਕੀ 20 'ਵਾਰਾਂ' ਦੀ ਹਰੇਕ ਪਉੜੀ ਦੇ ਨਾਲ ਘਟ ਤੋਂ ਘਟ ਦੋ ਸ਼ਲੋਕ ਦਰਜ ਹਨ। ਕਿਤੇ ਇਕ ਥਾਂ ਭੀ ਇਸ ਨੇਮ ਦਾ ਉਲੰਘਣ ਨਹੀਂ ਹੈ। ਹੁਣ ਪਾਠਕ ਸੱਜਣ ਹੇਠ-ਲਿਖੀਆਂ ਤਿੰਨ 'ਵਾਰਾਂ' ਨੂੰ ਗਹੁ ਨਾਲ ਪੜ੍ਹਨ– ਗੂਜਰੀ ਕੀ ਵਾਰ ਮ: 3, ਬਿਹਾਗੜੇ ਕੀ ਵਾਰ ਮ: 4 ਅਤੇ ਰਾਮਕਲੀ ਕੀ ਵਾਰ ਮ: 3। ਇਹਨਾਂ 'ਵਾਰਾਂ' ਦੇ ਅਖ਼ੀਰ ਤੇ ਲਫ਼ਜ਼ 'ਸੁਧੁ' ਦਰਜ ਹੈ, ਜਿਸ ਤੋਂ ਸਾਡਾ ਸਾਖੀ-ਕਾਰ ਵੀਰ ਭੀ ਇਹ ਨਤੀਜਾ ਕੱਢਦਾ ਹੈ ਕਿ ਇਥੋਂ ਤਕ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਈ ਹੈ। ਹੁਣ ਲਉ ਗੂਜਰੀ ਕੀ ਵਾਰ ਮ: 3। ਇਸ ਦੀਆਂ 22 ਪਉੜੀਆਂ ਹਨ; ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ, ਤੇ ਸਭ ਤੁਕਾਂ ਦਾ ਆਕਾਰ ਭੀ ਇਕੋ ਜਿਹਾ ਹੈ। ਸਾਰੀ 'ਵਾਰ' ਵਿਚ ਬੜੀ ਸੁੰਦਰ ਸਮਾਨਤਾ ਹੈ। ਹਰੇਕ ਪਉੜੀ ਦੇ ਨਾਲ ਦੋ ਦੋ ਸ਼ਲੋਕ ਹਨ, ਤੇ ਸ਼ਲੋਕ ਭੀ ਸਾਰੇ ਹੀ ਮ: 3 ਦੇ ਹਨ। ਪਰ ਹੁਣ ਵੇਖੋ ਪਉੜੀ ਨੰ: 4। ਇਸ ਦੇ ਨਾਲ ਪਹਿਲਾ ਸ਼ਲੋਕ ਕਬੀਰ ਜੀ ਦਾ ਹੈ, ਤੇ ਦੂਜਾ ਗੁਰੂ ਅਮਰਦਾਸ ਜੀ ਦਾ। 'ਵਾਰ' ਦੀ ਇਕ-ਸੁਰਤਾ ਨੂੰ ਮੁਖ ਰੱਖਦਿਆਂ ਇਹ ਨਹੀਂ ਸੀ ਹੋ ਸਕਦਾ ਕਿ ਸਤਿਗੁਰੂ ਜੀ ਇਸ ਪਉੜੀ ਦੇ ਨਾਲ ਸਿਰਫ਼ ਇਕ ਸ਼ਲੋਕ ਦਰਜ ਕਰਦੇ। ਕਿਸੇ ਭੀ 'ਵਾਰ' ਵਿਚ ਐਸੀ ਗੱਲ ਨਹੀਂ ਮਿਲਦੀ। ਤੇ, ਦੂਜੀ ਗੱਲ ਇਹ ਹੈ ਕਿ ਜੇ ਨਵੀਂ ਸਾਖੀ ਅਨੁਸਾਰ ਭਗਤਾਂ ਦੀ ਬਾਣੀ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤੀ, ਤਾਂ ਇਹ ਸਲੋਕ ਇਥੇ ਕਿਵੇਂ ਦਰਜ ਕਰ ਲਿਆ? ਖ਼ਾਲੀ ਥਾਂ ਕੋਈ ਨਹੀਂ, ਜਿਥੇ ਦਰਜ ਕੀਤਾ ਜਾ ਸਕਦਾ। ਬਾਹਰ ਹਾਸ਼ੀਏ ਉੱਤੇ ਭੀ ਦਰਜ ਨਹੀਂ ਹੈ, ਜੇ ਹਾਸ਼ੀਏ ਉੱਤੇ ਦਰਜ ਕਰਦੇ ਤਾਂ ਮਿਲਾਵਟ ਦਾ ਭੇਤ ਖੁਲ੍ਹ ਜਾਣਾ ਸੀ। ਬਾਕੀ ਸ਼ਲੋਕਾਂ ਵਾਂਗ, ਪਹਿਲਾਂ ਹੀ ਥਾਂ-ਸਿਰ ਦਰਜ ਹੈ। ਇਥੋਂ ਇਹ ਗੱਲ ਸਾਫ਼ ਸਿੱਧ ਹੋ ਗਈ ਹੈ ਕਿ ਇਹ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਸੀ। ਇਸੇ ਤਰ੍ਹਾਂ ਵੇਖੋ ਬਿਹਾਗੜੇ ਕੀ ਵਾਰ ਮ: 4 ਦੀ ਪਉੜੀ ਨੰ: 17 ਦੇ ਨਾਲ ਪਹਿਲਾ ਸਲੋਕ ਕਬੀਰ ਜੀ ਦਾ ਹੈ। ਤੇ, ਇਹ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਹੈ। ਰਾਮਕਾਲੀ ਕੀ ਵਾਰ ਮ: 3 ਦੀ ਪਉੜੀ ਨੰ: 2 ਭੀ ਇਸੇ ਨਤੀਜੇ ਤੇ ਅਪੜਾਂਦੀ ਹੈ। ਇਸ ਦੇ ਨਾਲ ਦਾ ਪਹਿਲਾ ਸ਼ਲੋਕ ਭੀ ਕਬੀਰ ਜੀ ਦਾ ਹੀ ਹੈ।

ਸਾਰੀ ਵਿਚਾਰ ਦਾ ਸਿੱਟਾ:

ਹੁਣ ਤਕ ਦੀ ਇਸ ਲੰਮੀ ਵਿਚਾਰ ਵਿਚ ਅਸੀਂ ਦੋ ਗੱਲਾਂ ਵੇਖ ਚੁਕੇ ਹਾਂ:

(1) ਇਹ ਸਾਖੀ ਮਨ-ਘੜਤ ਤੇ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਭੱਟਾਂ ਦੇ ਸਵਈਏ ਤੇ ਸੱਤੇ ਬਲਵੰਡ ਦੀ ਵਾਰ ਬਾਬਾ ਪ੍ਰਿਥੀ ਚੰਦ ਨੇ ਜਾਂ ਕਿਸੇ ਹੋਰ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਦਰਜ ਕੀਤੀ ਸੀ।

(2) ਭੈਰਉ ਰਾਗ ਵਿਚ "ਮਹਲਾ 5 ਘਰੁ 1" ਦਾ ਤੀਜਾ ਸ਼ਬਦ ਜਿਸ ਵਿਚ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਆਖਿਆ ਹੈ, ਗੁਰੂ ਅਰਜਨ ਸਾਹਿਬ ਨੇ ਆਪ ਹੀ ਲਿਖਿਆ ਤੇ ਦਰਜ ਕੀਤਾ ਹੈ। ਗੂਜਰੀ ਕੀ ਵਾਰ ਮ: 3, ਬਿਹਾਗੜੇ ਕੀ ਵਾਰ ਮ: 4 ਅਤੇ ਰਾਮਕਲੀ ਕੀ ਵਾਰ ਮ: 3 ਵਿਚ ਕਬੀਰ ਜੀ ਦੇ ਤਿੰਨ ਸਲੋਕ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤੇ ਹਨ।

ਫਿਰ, ਸਾਰੀ ਭਗਤ-ਬਾਣੀ ਨੂੰ ਗੁਰੂ ਅਰਜਨ ਸਾਹਿਬ ਦੇ ਆਪਣੇ ਹੱਥੀਂ ਦਰਜ ਕੀਤੀ ਕਿਉਂ ਨਾਹ ਮੰਨਿਆ ਜਾਏ!

ਇਥੇ ਪਾਠਕਾਂ ਨੂੰ ਮੁੜ ਚੇਤਾ ਕਰਾ ਦੇਣਾ ਜ਼ਰੂਰੀ ਹੈ ਕਿ:

(ੳ) ਭਗਤ-ਬਾਣੀ ਤੇ ਗੁਰਬਾਣੀ ਦਾ ਆਸ਼ਾ ਪੂਰਨ ਤੌਰ ਤੇ ਮਿਲਦਾ ਹੈ;

(ਅ) ਵਿਦਵਾਨ ਟੀਕਾਕਾਰਾਂ ਦੀਆਂ ਦੱਸੀਆਂ ਅਢੁਕਵੀਆਂ ਸਾਖੀਆਂ ਮਨਘੜਤ ਹਨ;

(ੲ) ਭਗਤਾਂ ਦਾ ਕੋਈ ਭੀ ਸ਼ਬਦ ਮੂਰਤੀ-ਪੂਜਾ, ਅਵਤਾਰ-ਪੂਜਾ, ਪ੍ਰਾਣਾਯਾਮ, ਜੋਗ-ਅਭਿਆਸ ਦੇ ਹੱਕ ਵਿਚ ਨਹੀਂ ਹੈ;

(ਸ) ਕਿਸੇ ਭੀ ਭਗਤ ਨੇ ਇਹ ਨਹੀਂ ਲਿਖਿਆ ਕਿ ਉਸ ਨੇ ਠਾਕੁਰ-ਪੂਜਾ ਬੀਠੁਲ-ਪੂਜਾ ਆਦਿਕ ਤੋਂ ਪਰਮਾਤਮਾ ਦੀ ਪ੍ਰਾਪਤੀ ਕੀਤੀ।

ਜਿਨ੍ਹਾਂ ਸ਼ਬਦਾਂ ਬਾਰੇ ਵਿਦਵਾਨ ਟੀਕਾਕਾਰਾਂ ਨੇ ਭੁਲੇਖੇ ਪਾਏ ਹੋਏ ਹਨ, ਅਸਾਂ ਭਗਤ-ਬਾਣੀ ਦੇ ਟੀਕੇ ਵਿਚ ਉਹਨਾਂ ਸ਼ਬਦਾਂ ਦੀ ਵਿਆਖਿਆ ਖੋਹਲ ਕੇ ਕਰ ਦਿੱਤੀ ਹੋਈ ਹੈ।

ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਆਪ ਇਕੱਠੀ ਕੀਤੀ ਸੀ

ਤਵਾਰੀਖ਼ ਗੁਰੂ ਖ਼ਾਲਸਾ ਦੀ ਗਵਾਹੀ:

ਗਿਆਨੀ ਗਿਆਨ ਸਿੰਘ ਜੀ ਆਪਣੀ ਪੁਸਤਕ "ਤਵਾਰੀਖ਼ ਗੁਰੂ ਖ਼ਾਲਸਾ" ਦੇ ਪਹਿਲੇ ਹਿੱਸੇ ਦੇ ਦੂਜੇ ਨੰਬਰ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ-ਬ੍ਰਿਤਾਂਤ ਲਿਖਦੇ ਹੋਏ ਲਿਖਦੇ ਹਨ, "ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤੀ ਕਿ............ਮਜ਼ਹਬ ਕੌਮ ਧਰਮ-ਪੁਸਤਕ ਦੇ ਆਸਰੇ ਫੈਲਦਾ...ਸਿੱਖ ਕੌਮ ਦੀ ਸਦਾ ਇਸਥਿਤੀ ਵਾਸਤੇ.....ਈਸ਼੍ਵਰੀ ਬਾਣੀ ਸੰਗ੍ਰਹਿ ਕਰ ਕੇ ਇਕ ਧਰਮ-ਪੁਸਤਕ ਗ੍ਰੰਥ ਸਾਹਿਬ ਨਾਮ ਕਰੀਏ। ਇਹ ਵਿਚਾਰ ਕੇ ਗੁਰੂ ਸਾਹਿਬ ਨੇ ਸਭ ਦੇਸ ਦੇਸਾਂਤਰ ਦੇ ਸਿੱਖਾਂ ਨੂੰ ਹੁਕਮਨਾਮੇ ਲਿਖੇ ਕਿ ਜਿਸ ਕਿਸੇ ਪਾਸ ਕੋਈ ਗੁਰੂ ਕਾ ਸ਼ਬਦ ਹੈ ਸੋ ਸਭ ਲੈ ਆਵੇ। ਹੁਕਮ ਸੁਣ ਕੇ ਜੋ ਗੁਰੂ ਨਾਨਕ ਦੇਵ ਜੀ ਦੇ ਸਮੇ ਦੇ ਸ਼ਬਦ ਸਿੱਖਾਂ ਨੇ ਕੰਠ ਕਰ ਰੱਖੇ ਸੇ ਯਾ ਲਿਖ ਰੱਖੇ ਸੇ, ਉਹ ਸਭ ਲੈ ਆਏ ਤੇ ਗੁਰੂ ਜੀ ਪਾਸ ਲਿਖਾ ਦਿੱਤੇ। ਇਸ ਪ੍ਰਕਾਰ ਬਹੁਤ ਬਾਣੀ ਗੁਰੂ ਜੀ ਦੀ 'ਕੱਠੀ ਹੋ ਗਈ। ਬਾਕੀ ਕੁਝ ਥੋੜੀ ਜਿਹੀ ਬਾਣੀ ਦੀਆਂ ਦੋ ਪੋਥੀਆਂ ਮੋਹਨ ਜੀ ਪਾਸ ਗੋਇੰਦਵਾਲ ਸਨ, ਉਹ ਗੁਰੂ ਜੀ ਆਪ ਜਾ ਕੇ ਲੈ ਆਏ.......ਜਦ ਇਸ ਤਰ੍ਹਾਂ ਕਈ ਬਰਸ ਵਿਚ ਚੌਹਾਂ ਗੁਰੂਆਂ ਦੀ ਤੇ ਆਪਣੀ ਬਾਣੀ ਸਿਲਸਿਲੇ-ਵਾਰ ਕਾਇਮ ਕਰ ਲਈ ਤਾਂ...........।

"ਪ੍ਰਤੇਕ ਰਾਗ ਦੇ ਅੰਤ ਵਿਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ, ਇਸ ਦੇ ਦੋ ਮਤ ਹਨ: ਕੋਈ ਆਖਦੇ ਹਨ, ਭਗਤ ਆਪ ਬੈਕੁੰਠ ਵਿਚੋਂ ਆ ਕੇ ਲਿਖਾਉਂਦੇ ਸੇ ਤੇ ਉਹਨਾਂ ਦਾ ਦਰਸ਼ਨ ਭੀ ਭਾਈ ਗੁਰਦਾਸ ਨੂੰ ਉਸ ਦੇ ਸੰਸੇ ਦੂਰ ਕਰਨ ਵਾਸਤੇ ਕਰਾਇਆ ਗਿਆ ਸੀ। ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜਿਹੜੀ ਜਿਹੜੀ ਗੁਰੂ ਜੀ ਨੂੰ ਪਸੰਦ ਆਈ, ਉਹਨਾਂ ਦੀਆਂ ਪੋਥੀਆਂ ਉੱਤੋਂ ਲਿਖਾਈ ਹੈ। ਸੋ, ਇਹ ਬਾਤ ਉਨ੍ਹਾਂ ਪੋਥੀਆਂ ਤੋਂ ਭੀ ਸਾਬਤ ਹੈ ਜੋ ਗੁਰੂ ਜੀ ਮੋਹਨ ਪਾਸੋਂ ਲਿਆਏ ਸੇ ਕਿਉਂਕਿ ਉਨ੍ਹਾਂ ਵਿਚ ਭੀ ਭਗਤ-ਬਾਣੀ ਹੈ। "

ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਘੱਲੇ ਸਨ ਤਾਂ, ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ "ਭਾਈ ਬਖ਼ਤਾ ਅਰੋੜਾ ਗੁਰੂ ਕਾ ਸਿੱਖ ਜਲਾਲਪੁਰੀ ਪਰਗਨੇ ਹਸਨ-ਅਬਦਾਲ ਵਾਲਾ ਇਕ ਵੱਡਾ ਸਾਰਾ ਪੁਸਤਕ, ਜੋ ਉਸਨੇ ਆਦਿ ਗੁਰੂ ਥੀਂ ਲੈ ਕੇ ਚੌਹਾਂ ਗੁਰੂਆਂ ਪਾਸ ਰਹਿ ਕੇ ਲਿਖਿਆ ਸੀ, ਸੋ ਹੁਣ ਪੰਜਵੇਂ ਗੁਰੂ ਜੀ ਪਾਸ ਲੈ ਆਇਆ। ਉਸ ਵਿਚੋਂ ਜੋ ਬਾਣੀ ਗੁਰੂ ਜੀ ਦੀ ਇੱਛਿਆ ਹੋਈ, ਉਹ ਲਿਖ ਲਈ ਤੇ ਪੁਸਤਕ ਉਸ ਨੂੰ ਮੋੜ ਦਿੱਤਾ। ਹੁਣ ਉਹ ਪੁਸਤਕ ਉਸ ਦੀ ਔਲਾਦ ਵਿਚ ਬੂਟਾ ਸਿੰਘ ਪਸਾਰੀ ਪਾਸ ਰਾਵਲਪਿੰਡੀ ਹੈ.....। "

ਇਸ ਤੋਂ ਨਤੀਜੇ:

ਇਸ ਉੱਪਰ-ਲਿਖੀ ਵਾਰਤਾ ਨੂੰ ਗਹੁ ਨਾਲ ਪੜ੍ਹਿਆਂ ਹੇਠ ਲਿਖੇ ਨਤੀਜੇ ਨਿਕਲਦੇ ਹਨ:

1. ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕਿਸੇ ਸਤਿਗੁਰੂ ਜੀ ਨੂੰ ਗੁਰਬਾਣੀ ਇਕੱਠੀ ਕਰਨ ਦਾ ਖ਼ਿਆਲ ਨਹੀਂ ਆਇਆ ਸੀ, ਨਾ ਹੀ ਉਨ੍ਹਾਂ ਆਪਣੀ ਬਾਣੀ ਆਪ ਲਿਖ ਕੇ ਰੱਖੀ।

2. ਗੁਰੂ ਅਰਜਨ ਸਾਹਿਬ ਜੀ ਪਾਸ ਆਪਣੇ ਤੋਂ ਪਹਿਲੇ ਸਤਿਗੁਰੂ ਸਾਹਿਬਾਨ ਦੀ ਬਾਣੀ ਮੌਜੂਦ ਨਹੀਂ ਸੀ।

3. ਜਿਸ ਜਿਸ ਥਾਂ ਜਿਹੜਾ ਜਿਹੜਾ ਸ਼ਬਦ ਕਿਸੇ ਸਤਿਗੁਰੂ ਜੀ ਨੇ ਉਚਾਰਿਆ ਸੀ, ਉਸ ਉਸ ਥਾਂ ਦੇ ਕਿਸੇ ਪ੍ਰੇਮੀ ਸਿੱਖ ਨੇ ਲਿਖ ਰੱਖਿਆ ਸੀ; ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਹੁਕਮਨਾਮੇ ਭੇਜੇ, ਤਦੋਂ ਇਹ ਸਿੱਖ ਉਨ੍ਹਾਂ ਨੂੰ ਇਹ ਸ਼ਬਦ ਲਿਖਾ ਆਏ।

4. ਭਗਤਾਂ ਦੀ ਬਾਣੀ ਬਾਰੇ ਦੱਸੇ ਹੋਏ ਦੋ ਮਤਾਂ ਵਿਚੋਂ ਜਿਸ ਮਤ ਨਾਲ ਗਿਆਨੀ ਗਿਆਨ ਸਿੰਘ ਜੀ ਆਪ ਸਹਿਮਤ ਹਨ, ਉਸ ਨੂੰ ਚੰਗੀ ਤਰ੍ਹਾਂ ਨਿਤਾਰ ਕੇ ਉਨ੍ਹਾਂ ਨਹੀਂ ਲਿਖਿਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿਹੜੀਆਂ ਪੋਥੀਆਂ ਉੱਤੋਂ ਪਸੰਦ ਕਰ ਕੇ ਭਾਈ ਗੁਰਦਾਸ ਜੀ ਨੂੰ ਲਿਖਾਈ ਸੀ।

ਪਰ, ਇਸ ਸੰਬੰਧੀ ਇੱਕ ਗੱਲ ਸਾਫ਼ ਹੈ ਕਿ ਜਿਨ੍ਹਾਂ ਸਤਿਗੁਰੂ ਸਾਹਿਬਾਨ ਨੇ ਆਪਣੀ ਹੀ ਉਚਾਰੀ ਹੋਈ ਬਾਣੀ ਨੂੰ ਆਪ ਲਿਖ ਕੇ ਸਾਂਭ ਰੱਖਣ ਦੀ ਲੋੜ ਨਹੀਂ ਸੀ ਸਮਝੀ, ਉਨ੍ਹਾਂ ਨੇ ਕਿਸੇ ਭਗਤ ਦੀ ਬਾਣੀ ਆਪਣੇ ਪਾਸ ਲਿਖ ਕੇ ਨਹੀਂ ਸੀ ਰੱਖੀ ਹੋਈ।

ਅਨੇਕਾਂ ਸ਼ੰਕੇ:

ਗਿਆਨੀ ਗਿਆਨ ਸਿੰਘ ਜੀ ਦੇ ਇਸ ਦਿੱਤੇ ਖ਼ਿਆਲ ਨੂੰ ਜਿਉਂ ਜਿਉਂ ਗਹੁ ਨਾਲ ਵਿਚਾਰੀਏ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਮਹਾਨ ਮਹਾਨ ਸ਼ੁਕਰ ਹੈ ਸਤਿਗੁਰੂ ਅਰਜਨ ਦੇਵ ਜੀ ਦਾ, ਜਿਨ੍ਹਾਂ ਨੇ ਸਾਨੂੰ ਸਦਾ ਜੀਵਨ ਦਾ ਸਹੀ ਰਾਹ ਦੱਸਣ ਲਈ ਇਹ ਰੱਬੀ ਬਾਣੀ ਇਕੱਠੀ ਕਰ ਕੇ ਵੇਲੇ-ਸਿਰ ਸਾਂਭ ਲਈ। ਪਰ ਜੇ ਕੋਈ ਭੀ ਸਿੱਖ ਸਤਿਗੁਰੂ ਜੀ ਦੇ ਉਚਾਰੇ ਹੋਏ ਸ਼ਬਦਾਂ ਨੂੰ ਤੁਰਤ ਉਸੇ ਵੇਲੇ ਨਾਹ ਲਿਖ ਲੈਂਦਾ, ਤਾਂ ਕੀਹ ਬਣਦਾ? ਗੁਰੂ ਕੇ ਪ੍ਰੇਮੀ ਸਿੱਖ ਕਿਵੇਂ ਲਿਖਦੇ ਹੋਣਗੇ? ਕੀ ਜਦੋਂ ਸਤਿਗੁਰੂ ਜੀ ਕੋਈ ਨਵਾਂ ਸ਼ਬਦ ਗਾਉਂਦੇ ਸਨ ਤਾਂ ਕੋਈ ਪ੍ਰੇਮੀ ਸਿੱਖ ਉਸੇ ਵੇਲੇ ਛੇਤੀ-ਛੇਤੀ ਲਿਖ ਲੈਂਦਾ ਸੀ? ਜੇ ਭਲਾ ਉਸ ਕਾਹਲੀ ਵਿਚ ਸ਼ਬਦ ਵਿਚੋਂ ਕੋਈ ਲਫ਼ਜ਼ ਜਾਂ ਕੋਈ ਤੁਕ ਰਹਿ ਜਾਂਦੀ ਸੀ ਤਾਂ ਕੀ ਉਹ ਸਿੱਖ ਸਤਿਗੁਰੂ ਜੀ ਪਾਸੋਂ ਕੀਰਤਨ ਸਮਾਪਤ ਹੋਣ ਤੇ ਪੁੱਛ ਕੇ ਠੀਕ ਕਰ ਲੈਂਦਾ ਸੀ? ਕੀ ਸਤਿਗੁਰੂ ਜੀ ਸਦਾ ਗਾ ਕੇ ਹੀ ਸ਼ਬਦ ਉਚਾਰਦੇ ਸਨ? ਜੇ ਸਾਧਾਰਨ ਤੌਰ ਤੇ ਭੀ ਉਚਾਰਦੇ ਸਨ ਤਾਂ ਇਤਨੀ ਛੇਤੀ ਕੋਈ ਪ੍ਰੇਮੀ ਸਿੱਖ ਕਿਵੇਂ ਨਾਲੋ-ਨਾਲ ਲਿਖੀ ਜਾਂਦਾ ਹੋਵੇਗਾ? ਕੀ ਗੁਰੂ ਅਮਰਦਾਸ ਜੀ ਭੀ ਸਦਾ ਗਾਉਂ ਕੇ ਹੀ ਸ਼ਬਦ ਤੇ ਅਸ਼ਟਪਦੀਆਂ ਉਚਾਰਦੇ ਸਨ? ਤੇ ਕੋਈ ਨਾ ਕੋਈ ਪ੍ਰੇਮੀ ਸਿੱਖ ਨਾਲੋ-ਨਾਲ ਲਿਖੀ ਜਾਂਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀਆਂ ਕਾਫ਼ੀ ਲੰਮੀਆਂ ਲੰਮੀਆਂ ਬਾਣੀਆਂ ਭੀ ਹਨ, ਕੀ ਇਹ ਭੀ ਗਾਉਂ ਕੇ ਤੇ ਕਾਫ਼ੀ ਸਮਾਂ ਲੈ ਕੇ ਉਚਾਈਆਂ ਗਈਆਂ ਸਨ? ਜੇ ਨਹੀਂ, ਤਾਂ ਕਿਸੇ ਪ੍ਰੇਮੀ ਸਿੱਖ ਨੇ ਇਹ ਕਿਵੇਂ ਛੇਤੀ ਛੇਤੀ ਲਿਖੀਆਂ ਹੋਣਗੀਆਂ? ਕੀ ਸਤਿਗੁਰੂ ਜੀ ਨੇ ਆਪ ਹੀ ਇਹ ਬਾਣੀਆਂ ਕਿਸੇ ਪ੍ਰੇਮੀ ਸਿੱਖ ਨੂੰ ਲਿਖਾ ਦਿੱਤੀਆਂ ਹੋਣਗੀਆਂ? 'ਪਟੀ' ਰਾਗ ਆਸਾ ਵਿਚ, 'ਓਅੰਕਾਰ' ਅਤੇ 'ਸਿਧ ਗੋਸਟਿ' ਰਾਗ ਰਾਮਕਲੀ ਵਿਚ, 'ਬਾਰਾ ਮਾਹ' ਰਾਗ ਤੁਖਾਰੀ ਵਿਚ, ਤੇ ਸ਼ੁਰੂ ਵਿਚ ਹੀ 'ਜਪੁਜੀ' = ਇਹ ਬਾਣੀਆਂ ਖ਼ਾਸ ਉਚੇਚ ਨਾਲ ਹੀ ਕਿਸੇ ਪ੍ਰੇਮੀ ਨੇ ਲਿਖੀਆਂ ਹੋਣਗੀਆਂ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀ 'ਪਟੀ' ਤੇ 'ਅਨੰਦ' ਲੰਮੀਆਂ ਬਾਣੀਆਂ ਹਨ। ਇਕ ਗੱਲ ਹੋਰ ਭੀ ਹੈਰਾਨੀ ਵਾਲੀ ਹੈ। ਕੀ ਕੋਈ ਇੱਕੋ ਹੀ ਪ੍ਰੇਮੀ ਸਿੱਖ ਸਤਿਗੁਰੂ ਜੀ ਦੇ ਸਦਾ ਨਾਲ ਰਹਿੰਦਾ ਸੀ, ਜੋ ਉਚਾਰਿਆ ਹੋਇਆ ਸ਼ਬਦ ਉਸੇ ਵੇਲੇ ਲਿਖ ਲੈਂਦਾ ਸੀ ਜਾਂ ਜਿੱਥੇ ਸਤਿਗੁਰੂ ਜੀ ਜਾਂਦੇ ਸਨ ਓਥੋਂ ਦਾ ਕੋਈ ਪ੍ਰੇਮੀ ਸਿੱਖ ਲਿਖਦਾ ਸੀ? ਕੀ ਹਰ ਵੇਲੇ ਸਿੱਖ ਕਲਮ ਦਵਾਤ ਆਪਣੇ ਨਾਲ ਹੀ ਰੱਖਦੇ ਸਨ ਕਿ ਜਦੋਂ ਸਤਿਗੁਰੂ ਜੀ ਸ਼ਬਦ ਉਚਾਰਨ ਉਸੇ ਵੇਲੇ ਲਿਖਿਆ ਜਾ ਸਕੇ? ਜੇ ਕੋਈ ਇੱਕੋ ਸਿੱਖ ਲਿਖਣ ਵਾਲਾ ਹੁੰਦਾ ਤਾਂ ਓਹ ਸਿੱਖ-ਇਤਿਹਾਸ ਵਿਚ ਉੱਘਾ ਹੋ ਗਿਆ ਹੁੰਦਾ; ਤੇ ਇਹ ਗੱਲ ਭੀ ਅਨੋਖੀ ਹੀ ਲੱਗਦੀ ਹੈ ਕਿ ਹਰ ਥਾਂ ਪ੍ਰੇਮੀ ਸਿੱਖ ਕਲਮ ਦਵਾਤ ਸਦਾ ਨਾਲ ਹੀ ਰੱਖਦੇ ਹੋਣ।

ਭਾਈ ਬਖ਼ਤੇ ਵਾਲੀ ਬੀੜ ਬਾਰੇ ਸ਼ੰਕੇ:

ਇਹ ਭਾਈ ਬਖ਼ਤੇ ਵਾਲੀ ਸਾਖੀ ਹੋਰ ਭੀ ਵਧੀਕ ਹੈਰਾਨ ਕਰਨ ਵਾਲੀ ਹੈ। ਗੁਰੂ ਨਾਨਕ ਦੇਵ ਜੀ ਪਾਸ ਬਖ਼ਤਾ ਕਦੋਂ ਕੁ ਆਇਆ ਹੋਵੇਗਾ? ਜੇ 'ਉਦਾਸੀਆਂ' ਵੇਲੇ ਭਾਈ ਬਖ਼ਤਾ ਸਤਿਗੁਰੂ ਜੀ ਦੇ ਨਾਲ ਹੁੰਦਾ ਤਾਂ ਕਿਤੇ ਨਾ ਕਿਤੇ ਉਸ ਦਾ ਜ਼ਿਕਰ ਆ ਹੀ ਜਾਂਦਾ। ਸ਼ਾਇਦ ਇਹ ਤਦੋਂ ਆਇਆ ਹੋਵੇ ਜਦੋਂ ਸਤਿਗੁਰੂ ਜੀ ਕਰਤਾਰਪੁਰ ਆ ਕੇ ਟਿਕ ਗਏ ਹੋਣ। ਇਹ ਸੰਨ 1521 ਈਸਵੀ ਬਣਦਾ ਹੈ, ਜਦੋਂ 'ਤੀਸਰੀ ਉਦਾਸੀ' ਖ਼ਤਮ ਹੋਈ। ਜਿਹੜੇ ਸ਼ਬਦ ਸਤਿਗੁਰੂ ਜੀ ਆਪਣੀਆਂ ਉਦਾਸੀਆਂ ਸਮੇ ਉਚਾਰ ਆਏ ਸਨ, ਭਾਈ ਬਖ਼ਤੇ ਨੇ ਓਹ ਕਿੱਥੋਂ ਲਿਖੇ ਹੋਣਗੇ? ਕੀ ਸਤਿਗੁਰੂ ਜੀ ਨੇ ਓਹ ਸਾਰੇ ਜ਼ਬਾਨੀ ਯਾਦ ਰੱਖੇ ਹੋਏ ਸਨ?

ਇਤਿਹਾਸਕਾਰ ਲਿਖਦੇ ਹਨ ਕਿ ਬਾਣੀ 'ਓਅੰਕਾਰ' ਪਹਿਲੀ ਉਦਾਸੀ ਸਮੇ ਉਚਾਰੀ ਸੀ। ਕੀ ਸਤਿਗੁਰੂ ਜੀ ਨੇ ਭਾਈ ਬਖ਼ਤੇ ਨੂੰ ਇਹ ਬਾਣੀ ਭੀ ਜ਼ਬਾਨੀ ਹੀ ਲਿਖਾਈ ਹੋਵੇਗੀ?

ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭਾਈ ਬਖ਼ਤਾ ਚੌਹਾਂ ਗੁਰੂ ਸਾਹਿਬਾਨ ਪਾਸ ਰਹਿ ਕੇ ਬਾਣੀ ਲਿਖਦਾ ਰਿਹਾ। ਸਾਰੇ ਕਿਤਨੇ ਸਾਲ ਬਣੇ? ਗੁਰੂ ਰਾਮਦਾਸ ਜੀ 1581 ਵਿਚ ਜੋਤੀ ਜੋਤ ਸਮਾਏ। ਸੋ 1521 ਤੋਂ ਲੈ ਕੇ 1581 ਤਕ 60 ਸਾਲ ਭਾਈ ਬਖ਼ਤਾ ਗੁਰੂ-ਚਰਨਾਂ ਵਿਚ ਰਿਹਾ। ਕਿਤਨਾ ਹੀ ਭਾਗਾਂ ਵਾਲਾ ਬੰਦਾ ਸੀ! ਪਤਾ ਨਹੀਂ ਇਤਿਹਾਸਕਾਰਾਂ ਨੂੰ ਇਸ ਗੁਰਸਿੱਖ ਤੇ ਇਸ ਦੀ ਮਿਹਨਤ ਦਾ ਕਿਉਂ ਪਤਾ ਨਾ ਲਗ ਸਕਿਆ। ਪਰ ਅਚਰਜ ਗੱਲ ਇਹ ਹੈ ਕਿ ਚਾਰ ਗੁਰ-ਵਿਅਕਤੀਆਂ ਪਾਸ ਰਹਿ ਕੇ ਬਾਣੀ ਇਕੱਠੀ ਕਰ ਕੇ ਭਾਈ ਬਖ਼ਤਾ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਆਪਣੇ ਵਤਨ ਕਿਉਂ ਤੁਰ ਗਿਆ। ਹਰੇਕ ਸਤਿਗੁਰੂ ਪਾਸੋਂ ਭਾਈ ਬਖ਼ਤਾ ਦਸਖ਼ਤ ਕਿਉਂ ਕਰਾਉਂਦਾ ਰਿਹਾ? ਕੀ ਇਸ ਸਬੂਤ ਵਾਸਤੇ ਕਿ ਜੋ ਇਕੱਠਾ ਕੀਤਾ ਹੈ, ਇਹ ਗੁਰਬਾਣੀ ਹੈ? ਪਰ ਗਿਆਨੀ ਜੀ ਲਿਖਦੇ ਹਨ ਕਿ ਭਾਈ ਬਖ਼ਤੇ ਵਾਲੀ ਬੀੜ ਵਿਚ 'ਬਾਣੀ ਐਤਨੀ ਹੈ ਜਾਣੋ ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਖ਼ਜ਼ਾਨਾ ਹੈ'। ਅਜਬ ਹੀ ਗੱਲ ਹੈ! ਜੇ ਭਾਈ ਬਖ਼ਤਾ ਹਰੇਕ ਗੁਰੂ ਜੀ ਪਾਸ ਰਹਿ ਕੇ ਲਿਖਦਾ ਰਿਹਾ ਤੇ ਫਿਰ ਗੁਰੂ ਜੀ ਦੇ ਦਸਖ਼ਤ ਭੀ ਕਰਾ ਲੈਂਦਾ ਰਿਹਾ, ਤਾਂ ਇਤਨਾ ਵੱਡਾ ਖ਼ਜ਼ਾਨਾ ਕਿਵੇਂ ਬਣ ਗਿਆ? ਕੀ ਇਹ ਸਾਰੀ ਬਾਣੀ 'ਗੁਰ-ਬਾਣੀ' ਨਹੀਂ ਹੈ? ਜੇ ਨਹੀਂ, ਤਾਂ ਭਾਈ ਬਖ਼ਤਾ ਗੁਰੂ-ਦਰ ਤੇ ਰਹਿ ਕੇ ਹੋਰ ਕਿਥੋਂ ਲਿਖਦਾ ਰਿਹਾ? ਜੇ ਇਹ ਗੁਰਬਾਣੀ ਹੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਇਹ ਸਾਰੀ ਦੀ ਸਾਰੀ ਕਿਉਂ ਨਾ ਲਿਖੀ? ਵਿੱਚੋਂ ਕੁਝ ਛੱਡ ਕਿਉਂ ਦਿੱਤੀ? ਫਿਰ ਇਸ ਭਾਈ ਬਖ਼ਤੇ ਦੇ ਪੁੱਤਰ-ਪੋਤਰੇ ਹਸਨ-ਅਬਦਾਲ ਵਲੋਂ ਉਚੇਚੇ ਤੁਰ ਕੇ ਅੰਮ੍ਰਿਤਸਰ, ਕੀਰਤਪੁਰ ਤੇ ਆਨੰਦਪੁਰ ਸਿਰਫ਼ ਦਸਖ਼ਤ ਕਰਾਉਣ ਲਈ ਇਸ ਇਤਨੀ ਵੱਡੀ ਬੀੜ ਨੂੰ ਕਿਉਂ ਲਿਆਉਂਦੇ ਰਹੇ, ਜਿਸ ਨੂੰ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਅਨੁਸਾਰ 'ਇਕ ਆਦਮੀ ਮਸਾਂ ਚੁੱਕ ਸਕਦਾ ਹੈ'?

ਇਸ ਬੀੜ ਬਾਰੇ ਨਵੇਂ ਸ਼ੰਕੇ:

ਅੱਜ-ਕਲ੍ਹ ਇਸ ਬੀੜ ਬਾਰੇ ਜੋ ਲੇਖ ਨਿਕਲੇ ਹਨ, ਉਹ ਗਿਆਨੀ ਜੀ ਦੀ ਲਿਖਤ ਨਾਲੋਂ ਰਤਾ ਫ਼ਰਕ ਰੱਖਦੇ ਹਨ। ਹੁਣ ਭਾਈ ਬਖ਼ਤਾ ਤੀਜੇ ਪਾਤਿਸ਼ਾਹ ਜੀ ਦਾ ਸਿੱਖ ਦੱਸਿਆ ਜਾ ਰਿਹਾ ਹੈ, ਤੇ ਇਹ ਬੀੜ ਭਾਈ ਪੈਂਧਾ ਸਾਹਿਬ ਵਾਲੀ ਦੱਸੀ ਜਾ ਰਹੀ ਹੈ। ਸੱਤੇ ਬਲਵੰਡ ਦੀ ਵਾਰ ਵਿਚ ਇਸ ਬੀੜ ਦੇ ਅੰਦਰ ਦਸ ਪਉੜੀਆਂ ਦਰਜ ਹਨ। ਅਖ਼ੀਰੀਲੀਆਂ ਦੋ ਪਉੜੀਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਸਤਤ ਵਿਚ ਹਨ। ਪਰ ਇੱਥੇ ਇਕ ਹੋਰ ਉਲਝਣ ਆ ਪਈ। ਗੁਰੂ ਅਰਜਨ ਸਾਹਿਬ ਜੀ ਤੋਂ ਪਿੱਛੋਂ ਬੀੜ ਵਿਚ ਨਵੀਂ ਬਾਣੀ ਦਰਜ ਹੋਣੀ ਬੰਦ ਤਾਂ ਹੋਈ ਹੀ ਨਹੀਂ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ। ਸੱਤੇ ਬਲਵੰਡ ਵਾਲੀਆਂ ਦੋ ਪਉੜੀਆਂ ਕਿਉਂ ਦਰਜ ਨਾ ਹੋਈਆਂ? ਜੇ ਗੁਰੂ ਕਾ ਸਿੱਖ ਭਾਈ ਬਖ਼ਤਾ ਕੀਰਤਪੁਰ ਜਾ ਕੇ ਗੁਰੂ ਹਰਿ ਰਾਇ ਸਾਹਿਬ ਜੀ ਪਾਸੋਂ ਇਹ ਦੋ ਪਉੜੀਆਂ ਲਿਆ ਸਕਦਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੀ ਮਿਲ ਸਕਦੀਆਂ ਸਨ। ਜੇ ਪਹਿਲੇ ਪੰਜ ਗੁਰੂ-ਵਿਅਕਤੀਆਂ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣੀ ਗੁਰ-ਆਸ਼ੇ ਅਨੁਸਾਰ ਹੈ ਤਾਂ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਪਮਾ ਭੀ ਗੁਰ-ਆਸ਼ੇ ਅਨੁਸਾਰ ਹੀ ਸੀ।

ਸਭ ਤੋਂ ਵਧੀਕ ਕਦਰ ਕਿਸ ਨੂੰ:

ਭਾਈ ਬਖ਼ਤੇ ਨੇ ਇਹ ਸਾਰੀ ਮਿਹਨਤ ਕਿਉਂ ਕੀਤੀ? ਇਸ ਦਾ ਉੱਤਰ ਸਾਫ਼ ਹੈ ਕਿ ਬਾਣੀ ਨਾਲ ਪ੍ਰੇਮ ਸੀ ਤੇ ਗੁਰਸਿੱਖਾਂ ਦੇ ਭਲੇ ਵਾਸਤੇ ਇਹ ਘਾਲ ਘਾਲੀ ਗਈ। ਪਰ, ਜੋ ਪਾਤਿਸ਼ਾਹ ਆਪਣੇ ਸੁਖ ਵਾਰ ਕੇ, ਤੜਪਦੇ ਜੀਵਾਂ ਨੂੰ ਢਾਰਸ ਦੇਣ ਵਾਸਤੇ ਪਰਦੇਸਾਂ ਵਿਚ ਲੰਮੇ ਸਫ਼ਰ ਝਾਗਦਾ ਰਿਹਾ, ਕੀ ਉਸ ਸੁਹਣੇ ਪ੍ਰੀਤਮ ਨੂੰ ਕਦੇ ਖ਼ਿਆਲ ਨਹੀਂ ਸੀ ਆਇਆ ਕਿ ਧਰਤੀ ਉੱਤੇ ਮਾਇਆ ਵਿਚ ਜੀਵ ਸਦਾ ਵਿਲਕਦੇ ਹੀ ਰਹਿਣੇ ਹਨ, ਇਹਨਾਂ ਲਈ 'ਖੁਨਕੁ ਨਾਮੁ ਖੁਦਾਇਆ' ਦਾ ਕੋਈ ਚਸ਼ਮਾ ਹਮੇਸ਼ਾ ਲਈ ਜਾਰੀ ਕਰ ਜਾਣ ਦੀ ਲੋੜ ਹੈ? ਹਰੇਕ ਪਿਤਾ ਆਪਣੇ ਪੁੱਤਰਾਂ ਵਾਸਤੇ ਆਜੀਵਕਾ ਲਈ, ਆਪਣੇ ਵਿੱਤ ਅਨੁਸਾਰ ਕੁਝ ਨਾ ਕੁਝ ਜਮ੍ਹਾ ਕਰ ਕੇ ਦੇ ਜਾਂਦਾ ਹੈ। ਕੀ ਅਸਾਡੇ ਦੀਨ-ਦੁਨੀਆ ਦੇ ਮਾਲਕ ਗੁਰੂ ਨਾਨਕ ਪਿਤਾ ਜੀ ਅਸਾਡੇ ਵਾਸਤੇ ਆਪਣੀ ਹੱਥੀਂ ਕੋਈ ਜਾਇਦਾਦ ਨਹੀਂ ਸਨ ਰੱਖ ਗਏ? ਆਪਣੇ ਵੱਲ ਤੇ ਆਪਣੇ ਆਂਢ-ਗੁਆਂਢ ਧਿਆਨ ਨਾਲ ਵੇਖੀਏ, ਸਾਧਾਰਨ ਲਿਖਾਰੀ ਜਾਂ ਕਵੀ ਭੀ ਆਪਣੇ ਲਿਖੇ ਲੇਖ ਜਾਂ ਕਵਿਤਾ ਬੜਾ ਸਾਂਭ ਸਾਂਭ ਕੇ ਰੱਖਦਾ ਹੈ। ਕੀ ਸਾਡੇ ਦੀਨ-ਦੁਨੀਆ ਦੇ ਵਾਲੀ ਨੇ ਇਹ ਅਰਸ਼ੀ-ਦਾਤ, ਇਹ ਸੁੱਚੇ ਹੀਰੇ ਮੋਤੀ, ਸਾਰੀ ਧਰਤੀ ਉੱਤੇ ਏਵੇਂ ਹੀ ਖਿਲਾਰ ਦਿੱਤੇ ਸਨ? ਬਨਾਰਸ, ਗਇਆ, ਜਗੰਨਾਥ ਪੁਰੀ, ਸੰਗਲਾਦੀਪ, ਮਥਰਾ, ਕੁਰਛੇਤ੍ਰ, ਪਾਕਪਟਨ, ਐਮਨਾਬਾਦ, ਲਾਹੌਰ, ਹੋਰ ਅਨੇਕਾਂ ਸ਼ਹਿਰ ਤੇ ਪਿੰਡ, ਵਸਤੀਆਂ ਤੇ ਉਜਾੜ? ਜੀ ਮੰਨਦਾ ਨਹੀਂ। ਇਸ ਅਰਸ਼ੀ-ਦਾਤ ਦੀ ਕਦਰ ਸਭ ਤੋਂ ਵਧੀਕ ਸੁਹਣੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਨੂੰ ਹੀ ਹੋ ਸਕਦੀ ਸੀ।

(2) ਸਾਖੀਆਂ ਦੀ ਪੜਚੋਲ

ਕੋਹੜੀ ਫ਼ਕੀਰ ਦੀ ਸਾਖੀ:

ਪੁਸਤਕ "ਪੁਰਾਤਨ ਜਨਮ ਸਾਖੀ" ਦੀ ਪਹਿਲੀ ਐਡੀਸ਼ਨ ਦੇ ਪੰਨਾ 95 ਉਤੇ ਗੁਰੂ ਨਾਨਕ ਸਾਹਿਬ ਜੀ ਦੀ ਇਕ ਸਾਖੀ ਲਿਖੀ ਹੋਈ ਹੈ ਕਿ "ਦਿਪਾਲਪੁਰ ਪਾਸ ਦੋ, ਕੰਙਣਪੁਰ ਵਿਚ ਦੋ, ਕਸੂਰ ਵਿਚ ਦੋ, ਪਟੀ ਵਿਚ ਦੋ, ਗੋਇੰਦਵਾਲ ਆਇ ਰਹਿਣ ਲੱਗਾ, ਤਾਂ ਕੋਈ ਰਹਿਣ ਦੇਵੈ ਨਾਹੀ। ਤਬ ਇਕ ਫ਼ਕੀਰ ਥਾ, ਤਿਸ ਕੀ ਝੁੱਗੀ ਵਿਚ ਜਾਇ ਰਹਿਆ, ਉਹ ਫ਼ਕੀਰ ਕੋਹੜੀ ਥਾ। ਤਾਂ ਬਾਬਾ ਜਾਇ ਖੜਾ ਹੋਆ। ਆਖਿਓਸੁ, 'ਏ ਫ਼ਕੀਰ, ਰਾਤ ਰਹਿਣ ਦੇ' ਤਬ ਫ਼ਕੀਰ ਅਰਜ਼ ਕੀਤਾ, ਆਖਿਓਸੁ, 'ਜੀ ਮੇਰਅਹੁ ਪਾਸਹੁ ਜਾਨਵਰ ਨੱਸਦੇ ਹਨ, ਪਰ ਖ਼ੁਦਾਇ ਕਾ ਕਰਮ ਹੋਆ ਹੈ ਜੋ ਆਦਮੀ ਦੀ ਸੂਰਤ ਨਦਰਿ ਆਈ ਹੈ'। ਤਾਂ ਓਥੇ ਰਹਿਆ........ਫ਼ਕੀਰ ਲਗਾ ਵਿਰਲਾਪ ਕਰਨ, ਤਬ ਬਾਬਾ ਬੋਲਿਆ; ਸ਼ਬਦ ਰਾਗ ਧਨਾਸਰੀ ਵਿਚ ਮ: 1:

ਜੀਉ ਤਪਤ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥1॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥ਰਹਾਉ॥............ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੇ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰੁ ॥4॥3॥5॥

"ਤਬ ਦਰਸਨ ਕਾ ਸਦਕਾ ਕੋਹੜ ਦੂਰ ਹੋਇ ਗਇਆ, ਦੇਹੀ ਹੱਛੀ ਹੋ ਗਈ, ਆਇ ਪੈਰੀਂ ਪਇਆ, ਨਾਉ-ਧਾਰੀਕ ਹੋਆ, ਗੁਰੂ ਗੁਰੂ ਲੱਗਾ ਜਪਣ। ਤਬ ਬਾਬਾ ਓਥਹੁ ਰਵਦਾ ਰਹਿਆ। "

ਇਸ ਝੁੱਗੀ ਵਿਚ ਸਿਰਫ਼ ਤਿੰਨ ਜਣੇ ਸਨ = ਸਤਿਗੁਰ ਨਾਨਕ ਸਾਹਿਬ ਜੀ, ਭਾਈ ਮਰਦਾਨਾ ਅਤੇ ਕੋਹੜੀ ਫ਼ਕੀਰ। ਕੀ ਜਦੋਂ ਸਤਿਗੁਰੂ ਜੀ ਸ਼ਬਦ ਗਾਉਂ ਰਹੇ ਸਨ, ਤਾਂ ਕੋਹੜੀ ਫ਼ਕੀਰ ਲਿਖੀ ਜਾ ਰਿਹਾ ਸੀ? ਉਹ ਤਾਂ ਪੀੜ ਨਾਲ ਵਿਲਕ ਰਿਹਾ ਸੀ। ਪਰ ਕੀ ਉਹ ਫ਼ਕੀਰ ਲਿਖਿਆ-ਪੜ੍ਹਿਆ ਆਦਮੀ ਸੀ, ਕਿ ਸ਼ਬਦ ਭੀ ਲਿਖ ਸਕਦਾ? ਗੱਲ ਮੰਨਣ ਵਿਚ ਨਹੀਂ ਆ ਸਕਦੀ। ਕੀ ਭਾਈ ਮਰਦਾਨਾ ਇਸ ਸ਼ਬਦ ਨੂੰ ਲਿਖੀ ਜਾਂਦਾ ਸੀ? ਪਰ, ਉਹ ਤਾਂ ਰਬਾਬ ਵਜਾਉਂਦਾ ਸੀ। ਫਿਰ ਹੋਰ ਕਿਸ ਨੇ ਲਿਖਿਆ?

ਕਲਿਜੁਗ ਵਾਲੀ ਸਾਖੀ:

ਕਲਿਜੁਗ ਵਾਲੀ ਸਾਖੀ ਵਿਚ 'ਪੁਰਾਤਨ ਜਨਮ ਸਾਖੀ' ਵਾਲਾ ਲਿਖਦਾ ਹੈ ਕਿ = "ਪਰਮੇਸ਼ਰ ਦੀ ਆਗਿਆ ਨਾਲ ਕਲਿਜੁਗ ਛਲਣ ਕਉ ਆਇਆ। ਉਸ ਨੇ ਪਹਿਲਾਂ ਕਈ ਭਿਆਨਕ ਰੂਪ ਧਾਰੇ। ਭਾਈ ਮਰਦਾਨਾ ਵੇਖ ਕੇ ਡਰ ਗਿਆ। ਕਲਿਜੁਗ ਨੇ ਫਿਰ ਲਾਲਚ ਦੇਣੇ ਸ਼ੁਰੂ ਕੀਤੇ ਤੇ ਆਖਿਆ, 'ਮੇਰੇ ਪਾਸ ਸਭ ਕੁਛ ਹੈ, ਜੇ ਆਖਹੁ ਤਾਂ ਮੋਤੀਆਂ ਦੇ ਮੰਦਰ ਉਸਾਰਹਿ......। ' ਤਾਂ ਸਤਿਗੁਰੂ ਜੀ ਨੇ ਸਿਰੀ ਰਾਗ ਦਾ ਸ਼ਬਦ ਉਚਾਰਿਆ:

ਮੋਤੀ ਤ ਮੰਦਰ ਊਸਰਹਿ, ਰਤਨੀ ਤਾਂ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ, ਲੀਪਿ ਆਵੈ ਚਾਉ ॥ ਮਤ ਦੇਖਿ ਭੂਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ ॥1॥ ... ... ... ... ... ... ... ...ਸੁਲਤਾਨੁ ਹੋਵਾ ਮੇਲਿ ਲਸਕਰੁ, ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ, ਨਾਨਕ ਸਭੁ ਵਾਉ ॥ ਮਤੁ ਦੇਖਿ ਭੂਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ ॥4॥1॥

ਇੱਥੇ ਫਿਰ ਉਹੀ ਸਵਾਲ ਉੱਠਦਾ ਹੈ। ਕੀ ਇਹ ਸ਼ਬਦ ਕਲਿਜੁਗ ਨੇ ਲਿਖ ਲਿਆ ਸੀ? ਭਾਈ ਮਰਦਾਨਾ ਤਾਂ ਡਰ ਨਾਲ ਸਹਿਮਿਆ ਪਿਆ ਸੀ। ਫਿਰ, ਹੋਰ ਕੌਣ ਲਿਖਣ ਵਾਲਾ ਸੀ?

ਸਾਖੀ ਵੇਈਂ ਨਦੀ:

ਵੇਈਂ ਨਦੀ ਵਾਲੀ ਸਾਖੀ ਵਿਚ ਤਾਂ ਕੋਈ ਭੁਲੇਖਾ ਰਹਿ ਹੀ ਨਹੀਂ ਜਾਂਦਾ। ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਨਾਨਕ ਜੀ ਪਰਮੇਸ਼ਰ ਦੀ ਹਜ਼ੂਰੀ ਵਿਚ ਅੱਪੜੇ, ਤੇ ਉਸ ਦੀ ਆਗਿਆ ਪਾ ਕੇ ਉਸ ਦੇ ਨਾਮ ਦੀ ਮਹਿਮਾ ਇਉਂ ਉਚਾਰਨ ਲਗੇ:

ਸਿਰੀ ਰਾਗ ਮਹਲਾ 1 ॥

ਕੋਟਿ ਕੋਟੀ ਮੇਰੀ ਆਰਜਾ, ਪਵਣੁ ਪੀਅਣੁ ਅਪਿਆਉ ॥ ਚੰਦੁ ਸੂਰਜੁ ਦੋਇ ਗੁਫੈ ਨਾ ਦੇਖਾ, ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨ ਪਵੈ, ਹਉ ਕੇਵਡੁ ਆਖਾ ਨਾਉ ॥1॥ ... ... ... ... ... ... ... ... ..ਨਾਨਕ ਕਾਗਦ ਲਖ ਮਣਾ, ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ, ਹਉ ਕੇਵਡੁ ਆਖਾ ਨਾਉ ॥4॥2॥

ਇਕ ਪਰਮੇਸ਼ਰ ਤੇ ਦੂਜੇ ਉਸ ਦੀ ਹਜ਼ੂਰੀ ਵਿਚ ਸਤਿਗੁਰੂ ਨਾਨਕ ਦੇਵ ਜੀ। ਇਹਨਾਂ ਵਿਚੋਂ ਕਿਸ ਨੇ ਇਹ ਸ਼ਬਦ ਲਿਖ ਕੇ ਸਾਂਭਿਆ ਹੋਵੇਗਾ?

ਇੱਕੋ ਹੀ ਨਤੀਜਾ:

ਸਤਿਗੁਰੂ ਜੀ ਸਾਰੇ ਭਾਰਤ ਵਿਚ ਅਰਬ, ਈਰਾਨ ਤੇ ਅਫ਼ਗ਼ਾਨਿਸਤਾਨ ਵਿਚ ਭੀ ਗਏ; ਅਨ-ਮਤੀ ਮਨੁੱਖਾਂ ਨੂੰ ਉਪਦੇਸ਼ ਕਰਨ ਵੇਲੇ ਭੀ ਉਹਨਾਂ ਕਈ ਸ਼ਬਦ ਉਚਾਰੇ। ਓਥੇ ਨਾਲ ਤਾਂ ਕੇਵਲ ਭਾਈ ਮਰਦਾਨਾ ਹੀ ਸੀ। ਇੱਕੋ ਹੀ ਨਤੀਜਾ ਨਿਕਲ ਸਕਦਾ ਹੈ ਕਿ ਜਾਂ ਤਾਂ ਸਤਿਗੁਰੂ ਜੀ ਆਪ ਲਿਖਦੇ ਹੋਣਗੇ ਜਾਂ ਉਹਨਾਂ ਦੀ ਆਗਿਆ ਅਨੁਸਾਰ ਭਾਈ ਮਰਦਾਨਾ। ਪਰ, ਭਾਈ ਮਰਦਾਨਾ ਕਿਤੇ ਪੜ੍ਹਿਆ-ਲਿਖਿਆ ਨਹੀਂ ਦੱਸਿਆ ਗਿਆ।

ਅੱਚਲ ਵਟਾਲੇ:

ਜਦੋਂ ਸਤਿਗੁਰੂ ਜੀ 'ਉਦਾਸੀਆਂ' ਤੋਂ ਪਿਛੋਂ ਕਰਤਾਰਪੁਰ ਆ ਰਹੇ ਤਾਂ ਉਮਰ ਦੇ ਅਖ਼ੀਰਲੇ ਸਾਲ ਸੰਨ 1539 ਦੇ ਸ਼ੁਰੂ ਵਿਚ ਜੋਗੀਆਂ ਦੇ ਮੇਲੇ ਤੇ ਅੱਚਲ ਆਏ। ਇਹ ਥਾਂ ਵਟਾਲੇ ਤੋਂ 3 ਮੀਲ ਦੱਖਣ ਵਲ ਹੈ। ਜੋਗੀਆਂ ਸਿੱਧਾਂ ਨਾਲ ਬੜੀ ਬਹਿਸ ਹੋਈ, ਜਿਸ ਵਿਚ ਜੋਗੀਆਂ ਦਾ ਪੱਖ ਹੌਲਾ ਰਹਿ ਗਿਆ। ਇਸ ਬਹਿਸ ਨੂੰ ਸੁਣਨ ਲਈ ਮੇਲੇ ਵਿਚ ਆਏ ਹੋਏ ਹਜ਼ਾਰਾਂ ਬੰਦੇ ਇਕੱਠੇ ਹੋਏ ਸਨ। ਲੋਕਾਂ ਦੇ ਦਿਲਾਂ ਵਿਚ ਜੋਗੀਆਂ ਦਾ ਦਬੱਾ ਮੁੱਕ ਗਿਆ। ਮੇਲਾ ਖ਼ਤਮ ਹੋਇਆ, ਲੋਕ ਘਰੋ-ਘਰੀ ਚਲੇ ਗਏ, ਗੱਲ ਮੁੱਕ ਗਈ। ਸਤਿਗੁਰ ਜੀ ਇਥੋਂ ਅਗਾਂਹ ਮੁਲਤਾਨ ਨੂੰ ਚਲੇ ਗਏ। ਪਰ, ਇਸ ਸਾਰੀ ਬਹਿਸ ਨੂੰ ਕਵਿਤਾ ਦੇ ਰੂਪ ਵਿਚ ਪਿਛੋਂ ਕਿਸ ਨੇ ਲਿਖ ਦਿੱਤਾ ਤੇ ਕਿਉਂ ਲਿਖ ਦਿੱਤਾ? ਬਾਣੀ ਵਿਚ ਲਫ਼ਜ਼ 'ਨਾਨਕ' ਤੇ ਸਿਰਲੇਖ 'ਮਹਲਾ 1' ਦੱਸਦਾ ਹੈ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਨੇ ਲਿਖੀ ਸੀ। ਪਰ ਬਹਿਸ ਤਾਂ ਮੁੱਕ ਗਈ ਸੀ, ਉਸ ਤੋਂ ਪਿਛੋਂ ਇਹ ਇਤਨੀ ਲੰਮੀ ਤੇ ਔਖੀ ਬਾਣੀ ਕਿਉਂ ਲਿਖੀ? ਇਸ ਦਾ ਉੱਤਰ ਬੜਾ ਸਾਫ਼ ਹੈ। ਉਨ੍ਹਾਂ ਲਿਖੀ ਸਿੱਖਾਂ ਵਾਸਤੇ, ਆਉਣ ਵਾਲੀਆਂ ਨਸਲਾਂ ਵਾਸਤੇ। ਜੇ ਇਹ ਬਾਣੀ ਗੁਰੂ ਜੀ ਨੇ ਆਪਣੇ ਸਿੱਖਾਂ ਤੇ ਆਉਣ ਵਾਲੀਆਂ ਹੋਰ ਸਿੱਖ-ਸੰਗਤਾਂ ਵਾਸਤੇ ਲਿਖੀ, ਤਾਂ ਇਹ ਭੀ ਇਕ ਸਿੱਧੀ ਗੱਲ ਹੈ ਕਿ ਉਹ ਆਪਣੀ ਸਾਰੀ ਹੀ ਬਾਣੀ ਸਾਂਭ ਕੇ ਲਿਖਦੇ ਗਏ ਸਨ। ਨਹੀਂ ਤਾਂ ਜੇ ਉਹਨਾਂ ਦੀ ਹੋਰ ਸਾਰੀ ਬਾਣੀ ਥਾਂ ਥਾਂ ਤੇ ਖਿਲਰੀ ਪਈ ਸੀ, ਉਹਨਾਂ ਆਪ ਸਾਂਭ ਨਹੀਂ ਰੱਖੀ, ਤਾਂ ਅਖ਼ੀਰਲੀ ਉਮਰੇ ਇਸ ਇਕ ਬਾਣੀ ਨੂੰ ਲਿਖਣ ਦਾ ਕੀਹ ਲਾਭ ਹੋ ਸਕਦਾ ਸੀ?

ਅਸਲ ਗੱਲ:

ਅਸਲ ਗੱਲ ਇਹ ਹੈ ਕਿ ਇਹੀ ਬਸਤਾ ਸੀ, ਇਹੀ ਕਿਤਾਬ ਸੀ, ਜੋ ਹਰ ਵੇਲੇ ਉਹਨਾਂ ਦੇ ਗਾਤਰੇ ਵਿਚ ਸੀ। ਅਸਾਂ ਇਹ ਗੱਲ ਵੇਲੇ-ਸਿਰ ਨਾਹ ਸਮਝੀ, ਅਸਾਡੇ ਗੁਆਂਢੀ ਭਰਾ ਆਖਣ ਗੱਲ ਪਏ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਬਸਤੇ ਵਿਚ ਕੁਰਾਨ-ਸ਼ਰਫ਼ਿ ਰੱਖਿਆ ਹੋਇਆ ਸੀ। 'ਪੋਥੀ ਸਾਹਿਬ' ਦੇ ਦਰਸ਼ਨ ਭੀ ਕਰਾਏ ਜਾਣ ਲੱਗ ਪਏ, ਜਿਸ ਵਿਚੋਂ ਮੁਸਲਮਾਨ ਨੂੰ ਕੁਰਾਨ-ਸ਼ਰਫ਼ਿ ਦਿੱਸਿਆ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਜ਼ਰੀ ਆਇਆ; ਜਿਵੇਂ ਕਿ ਸ: ਜੀ. ਬੀ. ਸਿੰਘ ਨੇ ਆਪਣੀ ਪੁਸਤਕ 'ਪ੍ਰਾਚੀਨ ਬੀੜਾਂ' ਵਿਚ ਲਿਖਿਆ ਹੈ। ਪਰ ਉਹ ਬਸਤਾ ਕੀਹ ਸੀ? ਕੁਦਰਤੀ ਤੌਰ ਤੇ ਕੀਹ ਹੋ ਸਕਦਾ ਸੀ? ਸਤਿਗੁਰੂ ਨਾਨਕ ਦੇਵ ਜੀ ਦੀ ਆਪਣੀ ਰਚੀ ਹੋਈ ਬਾਣੀ, ਜੋ ਉਹ ਸਮੇ ਸਮੇ ਉਚਾਰਦੇ ਰਹੇ ਤੇ ਨਾਲੋ-ਨਾਲ ਲਿਖਦੇ ਗਏ।

ਜਦੋਂ ਹਜ਼ੂਰ ਮੱਕੇ ਗਏ ਤਦੋਂ ਭੀ ਉਹਨਾਂ ਦੇ ਪਾਸ ਇਹੀ ਬਸਤਾ ਸੀ, ਇਹੀ ਕਿਤਾਬ ਸੀ; ਤਾਹੀਏਂ ਹਾਜੀਆਂ ਨੇ ਪੁੱਛਿਆ ਸੀ 'ਆਪਣੀ ਕਿਤਾਬ ਨੂੰ ਖੋਹਲ ਕੇ ਦੱਸ, ਹੇ ਨਾਨਕ! ਤੇਰੇ ਮਤ ਅਨੁਸਾਰ ਹਿੰਦੂ ਅਤੇ ਮੁਸਲਮਾਨ ਵਿਚੋਂ ਕੌਣ ਵਡਾ ਹੈ। '

ਪੁੱਛਨਿ ਗੱਲ ਈਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਈ ॥ ਵਡਾ ਸਾਂਗੁ ਵਰਤਾ ਇਹੀ, ਲਖਿ ਨ ਸੱਕੈ ਕੁਦਰਤਿ ਕੋਈ। ਪੁਛਨਿ, ਖੋਲ੍ਹ ਕਿਤਾਬ ਨੂੰ, ਹਿੰਦੂ ਵਡਾ ਕਿ ਮੁਸਲਮਾਨੋਈ। ਬਾਬਾ ਆਖੈ ਹਾਜੀਆਂ, ਸੁਭ ਅਮਲਾਂ ਬਾਝੋਂ ਦੋਵੈ ਰੋਈ। 33।1।

ਹੁਣ ਤਕ ਦੀ ਵਿਚਾਰ ਵਿਚ ਇਹ ਗੱਲ ਪਰਤੱਖ ਹੋ ਗਈ ਹੈ ਕਿ ਆਪਣੇ ਸਿੱਖਾਂ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਆਪ ਹੀ ਲਿਖ ਕੇ ਸਾਂਭਦੇ ਗਏ ਸਨ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਠਾ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਲਿਆਉਣਾ = ਇਹ ਖ਼ਿਆਲ ਸਤਿਗੁਰੂ ਨਾਨਕ ਦੇਵ ਜੀ ਦੇ ਮਨ ਵਿਚੋਂ ਹੀ ਪੈਦਾ ਹੋਇਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਕਿਸ ਨੂੰ ਦਿੱਤੀ?

ਅੰਦਾਜ਼

ਪਿਛਲੇ ਲੇਖ ਵਿਚ ਇਹ ਗੱਲ ਸਾਫ਼ ਹੋ ਚੁਕੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਆਪਣੀ ਉਚਾਰੀ ਹੋਈ ਬਾਣੀ ਸਦਾ ਆਪ ਹੀ ਲਿਖ ਕੇ ਸਾਂਭਦੇ ਰਹੇ। ਕੁਦਰਤੀ ਤੌਰ ਤੇ ਮਨ ਵਿਚ ਸਵਾਲ ਉੱਠਦਾ ਹੈ ਕਿ ਇਸ ਬਾਣੀ ਦਾ ਸੰਗ੍ਰਹਿ ਕਿਸ ਨੂੰ ਦਿੱਤਾ ਹੋਵੇਗਾ? ਇਸ ਦਾ ਉੱਤਰ ਭੀ ਸਾਦਾ ਜਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਰਚੀ ਹੋਈ ਸਾਰੀ ਬਾਣੀ ਉਸੇ ਮਹਾਂ ਪੁਰਖ ਨੂੰ ਦਿੱਤੀ ਹੋਵੇਗੀ, ਜਿਸ ਵਿਚ ਉਹਨਾਂ ਆਪਣੇ ਵਾਲੀ ਜੋਤ ਜਗਾਈ ਸੀ; ਭਾਵ, ਉਹਨਾਂ ਨੇ ਆਪਣੀ ਬਾਣੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੋਵੇਗੀ, ਗੁਰੂ ਅੰਗਦ ਸਾਹਿਬ ਨੇ ਆਪਣੀ ਵਾਰੀ ਉਚਾਰੀ ਹੋਈ ਬਾਣੀ ਸਮੇਤ ਇਹ ਸਾਰਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੂੰ ਦਿੱਤਾ ਹੋਵੇਗਾ।

ਬਾਣੀ ਦੀ ਅੰਦਰਲੀ ਪੜਤਾਲ:

ਪਰ ਜੋ ਸੱਜਣ ਹੁਣ ਤਕ ਇਹ ਸੁਣਦੇ ਪੜ੍ਹਦੇ ਚਲੇ ਆ ਰਹੇ ਹਨ ਕਿ ਗੁਰੂ ਅਰਜਨ ਸਾਹਿਬ ਨੇ
'ਬੀੜ' ਤਿਆਰ ਕਰਨ ਵੇਲੇ ਹੁਕਮਨਾਮੇ ਭੇਜ ਕੇ ਸਿੱਖਾਂ ਪਾਸੋਂ ਬਾਣੀ ਇਕੱਠੀ ਕੀਤੀ ਸੀ, ਉਨ੍ਹਾਂ ਦੀ ਤਸੱਲੀ ਇਸ ਨਵੀਂ ਮਿਥੀ ਹੋਈ ਗੱਲ ਨਾਲ ਨਹੀਂ ਹੋ ਸਕਦੀ। ਸੋ, ਗੁਰਬਾਣੀ ਦੀ ਅੰਦਰਲੀ ਪੜਤਾਲ ਹੀ ਕਿਸੇ ਨਿਰਨੇ ਤੇ ਅਪੜਾ ਸਕੇਗੀ।

ਗੁਰੂ ਅੰਗਦ ਸਾਹਿਬ ਦੀ ਉਚਾਰੀ ਹੋਈ ਬਾਣੀ ਬਹੁਤ ਹੀ ਥੋੜੀ ਹੈ, ਉਹ ਭੀ 'ਸਲੋਕ' ਹੀ ਹਨ, ਸ਼ਬਦ ਜਾਂ ਅਸ਼ਟਪਦੀਆਂ ਕੋਈ ਨਹੀਂ ਹਨ। ਇਸ ਵਾਸਤੇ ਇਹ ਵੇਖਣ ਲਈ ਕਿ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਤਕ ਅੱਪੜ ਗਈ ਸੀ, ਸਾਨੂੰ ਗੁਰੂ ਅਮਰਦਾਸ ਜੀ ਦੀ ਬਾਣੀ ਬੜੇ ਗਹੁ ਨਾਲ ਵੇਖਣੀ ਪਏਗੀ।

ਗੁਰੂ ਅੰਗਦ ਦੇਵ ਜੀ ਦੀ ਬਾਣੀ:

ਗੁਰੂ ਅੰਗਦ ਸਾਹਿਬ ਦੇ ਉਚਾਰੇ ਹੋਏ ਸ਼ਲੋਕ ਗੁਰੂ ਅਰਜਨ ਸਾਹਿਬ ਨੇ 'ਵਾਰਾਂ' ਦੀਆਂ ਪਉੜੀਆਂ ਦੇ ਨਾਲ ਦਰਜ ਕਰ ਦਿੱਤੇ ਹੋਏ ਹਨ। ਜੇ ਇਹਨਾਂ ਸ਼ਲੋਕਾਂ ਨੂੰ 'ਬੋਲੀ' ਦੇ ਦ੍ਰਿਸ਼ਟੀਕੋਣ ਤੋਂ ਗਹੁ ਨਾਲ ਪੜ੍ਹ ਕੇ ਵੇਖੀਏ, ਤਾਂ ਕਈ ਐਸੇ ਸ਼ਲੋਕ ਮਿਲਦੇ ਹਨ ਜਿਨ੍ਹਾਂ ਤੋਂ ਪਰਤੱਖ ਜਾਪਦਾ ਹੈ ਕਿ ਇਹ ਸ਼ਲੋਕ ਸਤਿਗੁਰ ਨਾਨਕ ਦੇਵ ਜੀ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਉਚਾਰੇ ਹੋਏ ਹਨ।

ਨਮੂਨੇ ਮਾਤਰ ਕੁਝ ਪਰਮਾਣ ਹੇਠਾਂ ਦਿੱਤੇ ਜਾਂਦੇ ਹਨ:

(1) ੳ. ਮਹਲਾ 1, ਆਸਾ ਦੀ ਵਾਰ, ਪਉੜੀ ॥

ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ, ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥22॥

ਅ. ਸਲੋਕੁ ਮਹਲਾ 2 ॥

ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਨੇਰੀਆ, ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ, ਤਾ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ, ਲਗਾ ਸੋ ਪਰਵਾਨੁ ॥1॥22॥
... ... ... ... ... ... ... ..
ਸਾਹਿਬ ਸੇਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ ॥3॥22॥

ਨੋਟ: ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਪਉੜੀ ਨੰ: 22 ਅਤੇ ਗੁਰੂ ਅੰਗਦ ਸਾਹਿਬ ਦੇ ਉਚਾਰੇ ਹੋਏ ਇਹਨਾਂ ਸ਼ਲੋਕਾਂ ਵਿਚ ਨਿਰੇ ਖ਼ਿਆਲ ਦੀ ਹੀ ਸਾਂਝ ਨਹੀਂ ਹੈ, ਲਫ਼ਜ਼ ਭੀ ਸਾਂਝੇ ਹਨ। ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਇਹ ਸ਼ਲੋਕ ਉਚਾਰਨ ਵੇਲੇ ਗੁਰੂ ਅੰਗਦ ਸਾਹਿਬ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਇਹ ਪਉੜੀ ਮੌਜੂਦ ਸੀ।

(2) ੳ. ਸਲੋਕ ਮਹਲਾ 1, ਮਾਝ ਕੀ ਵਾਰ

ਸਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ ॥ ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ ਨ ਨਿਕਲਹਿ ॥ ਤੀਜੈ ਮੁਹੀ ਗਿਰਾਹ, ਭੁਖ ਤਿਖਾ ਦੁਇ ਭਉਕੀਆ ॥ ਖਾਧਾ ਹੋਇ ਸੁਆਹ, ਭੀ ਖਾਣੇ ਸਿਉ ਦੋਸਤੀ ॥ ਚਉਥੈ ਆਈ ਊਂਘ, ਅਖੀ ਮੀਟਿ ਪਵਾਰਿ ਗਾਇਆ ॥ ਭੀ ਉਠਿ ਰਚਿਓਨੁ ਵਾਦੁ, ਸੈ ਵਰ੍ਹ੍ਹਿਆ ਕੀ ਪਿੜ ਬਧੀ ॥ ਸਭੇ ਵੇਲਾ ਵਖਤ ਸਭਿ, ਜੇ ਅਠੀ ਭਉ ਹੋਇ ॥ ਨਾਨਕ ਸਾਹਿਬੁ ਮਨਿ ਵਸੈ, ਸਚਾ ਨਾਵਣੁ ਹੋਇ ॥1॥17॥

ਅ. ਮਹਲਾ 2, ਮਾਝ ਕੀ ਵਾਰ

ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ, ਰਹਨਿ ਇਕਤੈ ਰੰਗਿ ॥ ਦਰਸਨਿ ਰੂਪਿ ਅਥਾਹ, ਵਿਰਲੇ ਪਾਈਅਹਿ ॥ ਕਰਮਿ ਪੂਰੈ ਪੂਰਾ ਗੁਰੂ, ਪੂਰਾ ਜਾ ਕਾ ਬੋਲੁ ॥ ਨਾਨਕ ਪੂਰਾ ਜੇ ਕਰੇ, ਘਟੈ ਨਾਹੀ ਤੋਲੁ ॥2॥17॥

ਸਲੋਕੁ ਮ: 2, ਮਾਝ ਕੀ ਵਾਰ

ਅਠੀ ਪਹਿਰੀ ਅਠ ਖੰਡ, ਨਾਵਾ ਖੰਡੁ ਸਰੀਰੁ ॥ ਤਿਸੁ ਵਿਚਿ ਨਉਨਿਧਿ ਨਾਮੁ ਏਕੁ, ਭਾਲਹਿ ਗੁਣੀ ਗਹੀਰੁ ॥ ਕਰਮਵੰਤੀ ਸਾਲਾਹਿਆ, ਨਾਨਕ ਕਰਿ ਗੁਰੁ ਪੀਰੁ ॥ ਚਉਥੈ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ ॥ ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ ॥

ਓਥੈ ਖੋਟੇ ਸਟੀਅਹਿ, ਖਰੇ ਕੀਚਹਿ ਸਾਬਾਸਿ ॥ ਬੋਲਣੁ ਫਾਦਲੁ ਨਾਨਕਾ, ਦੁਖੁ ਸੁਖੁ ਖਸਮੈ ਪਾਸਿ ॥1॥18॥

ਨੋਟ: ਇਨ੍ਹਾਂ ਸ਼ਲੋਕਾਂ ਨੂੰ ਚੰਗੀ ਤਰ੍ਹਾਂ ਗਹੁ ਨਾਲ ਪੜ੍ਹ ਕੇ; ਕਈ ਲਫ਼ਜ਼, ਤੁਕਾਂ ਤੇ ਖ਼ਿਆਲ ਸਾਂਝੇ ਹਨ। ਲਫ਼ਜ਼ਾਂ ਤੇ ਤੁਕਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਪਰਤੱਖ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਦੇ ਪਾਸ ਗੁਰੂ ਨਾਨਕ ਦੇਵ ਜੀ ਦਾ ਉੱਪਰਲਾ ਸ਼ਲੋਕ ਮੌਜੂਦ ਸੀ ਜਦੋਂ ਉਨ੍ਹਾਂ ਆਪਣੇ ਇਹ ਸ਼ਲੋਕ ਉਚਾਰੇ।

ਗੁਰੂ ਅਮਰਦਾਸ ਜੀ ਦੀ ਬਾਣੀ:

(1) ਰਾਗਾਂ ਦੀ ਸਾਂਝ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ 31 ਰਾਗ ਵਰਤੇ ਗਏ ਹਨ। ਇਹਨਾਂ ਵਿਚੋਂ ਸਿਰਫ਼ 19 ਰਾਗ ਐਸੇ ਹਨ ਜਿਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ। ਉਹ ਰਾਗ ਇਹ ਹਨ:

ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ।

ਗੁਰੂ ਅਮਰਦਾਸ ਜੀ ਨੇ ਸਿਰਫ਼ 17 ਰਾਗਾਂ ਵਿਚ ਬਾਣੀ ਉਚਾਰੀ ਹੈ। ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰੂ ਅਮਰਦਾਸ ਜੀ ਨੇ ਕੋਈ ਇੱਕ ਭੀ ਐਸਾ ਰਾਗ ਨਹੀਂ ਵਰਤਿਆ, ਜੋ ਗੁਰੂ ਨਾਨਕ ਦੇਵ ਜੀ ਨੇ ਨਾਹ ਵਰਤਿਆ ਹੋਵੇ। ਉੱਪਰ ਦਿੱਤੇ ਹੋਏ 19 ਰਾਗਾਂ ਵਿਚੋਂ ਰਾਗ ਤਿਲੰਗ ਤੇ ਤੁਖਾਰੀ ਛੱਡ ਦਿਉ, ਬਾਕੀ 17 ਰਾਗਾਂ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ ਮਿਲਦੀ ਹੈ।

ਪਾਠਕ ਸੱਜਣ ਪੁਰਾਣੇ ਬਣੇ ਖ਼ਿਆਲਾਂ ਨੂੰ ਰਤਾ ਲਾਂਭੇ ਰੱਖ ਕੇ ਗਹੁ ਨਾਲ ਵਿਚਾਰਨ। ਗੁਰੂ ਅਮਰਦਾਸ ਜੀ ਦਾ ਸਿਰਫ਼ ਉਹੀ ਰਾਗ ਵਰਤਣਾ ਜੋ ਗੁਰੂ ਨਾਨਕ ਸਾਹਿਬ ਨੇ ਵਰਤੇ ਹਨ, ਕੋਈ ਸਬੱਬ ਜਿਹਾ ਨਹੀਂ ਬਣ ਗਿਆ, ਇਹੀ ਗੱਲ ਕੋਈ ਸਹਿਜ-ਸੁਭਾਇ ਨਹੀਂ ਹੋ ਗਈ। ਇਸ ਦਾ ਸਪੱਸ਼ਟ ਕਾਰਨ ਸਿਰਫ਼ ਇਹੀ ਹੈ ਕਿ ਉਹਨਾਂ ਦੇ ਸਾਹਮਣੇ ਸਿਰਫ਼ 19 ਰਾਗ ਪਏ ਹਨ ਜਿਨ੍ਹਾਂ ਵਿਚ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਲਿਖ ਗਏ ਹਨ। ਇਹ ਬਾਣੀ ਸਾਰੀ ਦੀ ਸਾਰੀ ਉਹਨਾਂ ਪਾਸ ਮੌਜੂਦ ਹੈ, ਤੇ ਗੁਰੂ ਅਮਰਦਾਸ ਜੀ ਭੀ ਸਿਰਫ਼ ਇਹਨਾਂ 19 ਰਾਗਾਂ ਵਿਚੋਂ 17 ਆਪਣੀ ਬਾਣੀ ਲਈ ਵਰਤਦੇ ਹਨ।

ਹੋਰ ਨੇੜੇ ਦੀ ਸਾਂਝ:

ਇਸ ਤੋਂ ਭੀ ਨੇੜੇ ਦੀ ਸਾਂਝ ਵਾਸਤੇ ਹੋਰ ਵਧੀਕ ਸੁਆਦਲੇ ਸਬੂਤ ਮਿਲ ਰਹੇ ਹਨ:

ਰਾਗ ਆਸਾ ਬਾਣੀ 'ਪਟੀ':

ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਇਕ ਬਾਣੀ ਹੈ, ਜਿਸ ਦਾ ਨਾਮ ਹੈ 'ਪਟੀ'। ਇਸੇ ਹੀ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਉਚਾਰੀ ਹੋਈ 'ਪਟੀ' ਭੀ ਹੈ। ਇਹ ਗੱਲ ਸਹਿਜ-ਸੁਭਾਇ ਨਹੀਂ ਹੋ ਗਈ ਕਿ ਇਕੋ ਹੀ ਰਾਗ ਵਿਚ ਦੋਹਾਂ ਸਤਿਗੁਰੂ ਸਹਿਬਾਨ ਦੀ ਇੱਕੋ ਹੀ ਨਾਮ ਦੀ ਬਾਣੀ ਮਿਲਦੀ ਹੈ। ਗੁਰੂ ਅਮਰਦਾਸ ਜੀ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਬਾਣੀ 'ਪਟੀ' ਮੌਜੂਦ ਹੈ। ਇਸ ਬਾਣੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਭੀ ਇਸੇ ਨਾਮ ਦੀ ਬਾਣੀ ਲਿਖੀ ਹੈ।

ਇਹਨਾਂ ਦੋਹਾਂ 'ਪੱਟੀਆਂ' ਦੀਆਂ ਉਹ ਤੁਕਾਂ ਗਹੁ ਨਾਲ ਪੜ੍ਹੋ, ਜਿਨ੍ਹਾਂ ਦੇ ਅਖ਼ੀਰ ਤੇ ਲਫ਼ਜ਼ 'ਰਹਾਉ' ਲਿਖਿਆ ਪਿਆ ਹੈ:

ਆਸਾ ਮਹਲਾ 1, ਪਟੀ:

ਮਨ ਕਾਹੇ ਭੂਲੇ ਮੂੜ ਮਨਾ ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥1॥ਰਹਾਉ॥
ਆਸਾ ਮਹਲਾ 3, ਪਟੀ:
ਮਨ ਐਸਾ ਲੇਖਾ ਤੂੰ ਕੀ ਪੜਿਆ ॥
ਲੇਖਾ ਦੇਣਾ ਤੇਰੈ ਸਿਰਿ ਰਹਿਆ ॥1॥ਰਹਾਉ॥

ਦੋਹਾਂ ਵਿਚ 'ਮਨ' ਨੂੰ ਸੰਬੋਧਨ ਕੀਤਾ ਗਿਆ ਹੈ, ਲਫ਼ਜ਼ 'ਪੜਿਆ', 'ਲੇਖਾ ਦੇਵਹਿ' ਗੁਰੂ ਨਾਨਕ ਦੇਵ ਜੀ ਦੀ 'ਪਟੀ' ਵਿਚ ਮਿਲਦੇ ਹਨ। ਲ਼ਫ਼ਜ਼ 'ਪੜਿਆ', 'ਲੇਖਾ ਦੇਣਾ' ਗੁਰੂ ਅਮਰਦਾਸ ਜੀ ਦੀ 'ਪਟੀ' ਵਿਚ ਲਿਖੇ ਹਨ। ਦੋਹਾਂ ਵਿਚ ਕਾਫ਼ੀ ਡੂੰਘੀ ਸਾਂਝ ਹੈ, ਤੇ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ।

(3) ਅਲਾਹਣੀਆ ਰਾਗ ਵਡਹੰਸ:

ਰਾਗ ਵਡਹੰਸ ਵਿਚ ਗੁਰੂ ਨਾਨਕ ਸਾਹਿਬ ਨੇ 'ਅਲਾਹਣੀਆ' ਦੇ ਪੰਜ ਸ਼ਬਦ ਲਿਖੇ ਹਨ। ਇਸੇ ਹੀ ਰਾਗ ਵਿਚ ਇਸੇ ਹੀ ਮਜ਼ਮੂਨ ਤੇ ਇਸੇ ਹੀ ਸਿਰ-ਲੇਖ ਹੇਠ ਗੁਰੂ ਅਮਰਦਾਸ ਜੀ ਨੇ ਚਾਰ ਸ਼ਬਦ ਲਿਖੇ ਹਨ। ਸਾਫ਼ ਸਿੱਧ ਹੈ ਕਿ ਗੁਰੂ ਨਾਨਕ ਦੇਵ ਜੀ ਦੀ 'ਆਲਾਹਣੀਆ' ਦੀ ਬਾਣੀ ਵੇਖ ਕੇ ਗੁਰੂ ਅਮਰਦਾਸ ਜੀ ਨੇ ਭੀ ਉਹੀ ਬਾਣੀ ਲਿਖੀ ਹੈ।

(4) ਮਾਰੂ ਸੋਲਹੇ:

ਮਾਰੂ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਇਕ ਬਾਣੀ ਹੈ, ਜਿਸ ਦਾ ਸਿਰ-ਲੇਖ ਹੈ, 'ਸੋਲਹੇ'। ਇਸ ਨਾਮ ਦੀ ਬਾਣੀ ਕਿਸੇ ਭੀ ਹੋਰ ਰਾਗ ਵਿਚ ਨਹੀਂ। ਇਸ ਸਿਰ-ਲੇਖ ਹੇਠ ਗੁਰੂ ਨਾਨਕ ਦੇਵ ਜੀ ਦੇ 22 ਸ਼ਬਦ ਹਨ। ਇਸੇ ਹੀ ਰਾਗ ਵਿਚ ਗੁਰੂ ਅਮਰਦਾਸ ਜੀ ਦੇ ਭੀ 24 'ਸੋਲਹੇ' ਹਨ। ਇਹ ਕੋਈ ਸਬੱਬ ਦੀ ਗੱਲ ਨਹੀਂ ਹੈ।

(5) ਰਾਮਕਲੀ ਵਿਚ ਲੰਮੀਆਂ ਬਾਣੀਆਂ:

ਰਾਗ ਰਾਮਕਲੀ ਵਿਚ ਸ਼ਬਦਾਂ ਤੇ ਅਸਟਪਦੀਆਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੀਆਂ ਦੋ ਵੱਡੀਆਂ ਤੇ ਲੰਮੀਆਂ ਬਾਣੀਆਂ ਹਨ– 'ਓਅੰਕਾਰ' ਤੇ 'ਸਿਧ ਗੋਸਟਿ'। ਇਸੇ ਤਰ੍ਹਾਂ ਸ਼ਬਦ ਤੇ ਅਸ਼ਟਪਦੀਆਂ ਤੋਂ ਛੁਟ ਗੁਰੂ ਅਮਰਦਾਸ ਜੀ ਦੀ ਭੀ ਇਕ ਵੱਡੀ ਬਾਣੀ ਹੈ, ਜਿਸ ਦਾ ਨਾਮ ਹੈ 'ਅਨੰਦ'।

(6) ਥਿੱਤਾਂ ਤੇ ਵਾਰ ਬਿਲਾਵਲ:

ਬਿਲਾਵਲ ਰਾਗ ਵਿਚ ਸ਼ਬਦਾਂ ਤੇ ਅਸ਼ਟਪਦੀਆਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ 'ਥਿੱਤਾਂ' ਉੱਤੇ ਇਕ ਬਾਣੀ ਲਿਖੀ ਹੈ, ਜਿਸ ਦਾ ਸਿਰ-ਲੇਖ ਹੈ, 'ਥਿੱਤੀ ਮ: 1'। ਇਸੇ ਹੀ ਰਾਗ ਵਿਚ ਗੁਰੂ ਅਮਰਦਾਸ ਜੀ ਨੇ 'ਥਿੱਤਾਂ' ਦੇ ਟਾਕਰੇ ਤੇ 'ਸੱਤ ਵਾਰਾਂ' ਤੇ ਬਾਣੀ ਲਿਖੀ ਹੈ ਇਸ ਦਾ ਸਿਰ-ਲੇਖ ਹੈ 'ਵਾਰ ਸੱਤ ਮ: 3'।

(7) ਸਲੋਕ ਵਾਰਾਂ ਤੇ ਵਧੀਕ:

ਹਰੇਕ ਸਤਿਗੁਰੂ ਜੀ ਨੇ ਸ਼ਬਦਾਂ, ਅਸ਼ਟਪਦੀਆਂ ਆਦਿਕ ਤੋਂ ਇਲਾਵਾ 'ਸਲੋਕ' ਭੀ ਬਹੁਤ ਸਾਰੇ ਉਚਾਰੇ ਹਨ। ਗੁਰੂ ਅਰਜਨ ਸਾਹਿਬ ਨੇ ਇਹਨਾਂ ਵਿਚੋਂ ਕੁਝ ਸਲੋਕ 'ਵਾਰਾਂ' ਦੀਆਂ ਪਉੜੀਆਂ ਨਾਲ ਰਲਾ ਦਿੱਤੇ। ਜੋ ਸ਼ਲੋਕ ਬਾਕੀ ਵਧ ਗਏ ਸਨ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਤੇ ਹਰੇਕ ਗੁਰੂ ਦੇ ਵੱਖਰੇ ਲਿਖ ਦਿੱਤੇ। ਪਰ, ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੰ: 27 ਦੇ ਨਾਲ ਅਗਲਾ ਸ਼ਲੋਕ ਨੰ: 28 ਗੁਰੂ ਅਮਰਦਾਸ ਜੀ ਦਾ ਲਿਖ ਦਿੱਤਾ ਗਿਆ। ਇਹ ਸ਼ਲੋਕ ਗੁਰੂ ਅਮਰਦਾਸ ਜੀ ਦੇ ਸ਼ਲੋਕਾਂ ਨਾਲ ਕਿਉਂ ਦਰਜ ਨਹੀਂ ਕੀਤਾ?

ਦੋਹਾਂ ਨੂੰ ਪੜ੍ਹ ਕੇ ਵੇਖੋ, ਗੁੰਝਲ ਹੱਲ ਹੋ ਜਾਇਗੀ:

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥27॥
ਮਹਲਾ 3 ॥ ਲਾਹੌਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ ॥28॥

ਇਹ ਸ਼ਲੋਕ ਦੋਵੇਂ ਇਕੱਠੇ ਇਸ ਵਾਸਤੇ ਲਿਖੇ ਗਏ ਹਨ ਕਿ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ ਹੀ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਦੇ ਪਰਥਾਇ। ਜੇ ਗੁਰੂ ਨਾਨਕ ਸਾਹਿਬ ਲਾਹੌਰ ਸ਼ਹਿਰ ਦੀ ਇਹ ਹਾਲਤ ਨਾ ਦੱਸਦੇ, ਗੁਰੂ ਅਮਰਦਾਸ ਜੀ ਨੂੰ ਆਪਣਾ ਸ਼ਲੋਕ ਉਚਾਰਨ ਦੀ ਲੋੜ ਹੀ ਨਾਹ ਪੈਂਦੀ।

ਇਹ ਦੋਵੇਂ ਸਲੋਕ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਗੁਰੂ ਅਮਰਦਾਸ ਜੀ ਪਾਸ ਬਾਣੀ ਮੌਜੂਦ ਸੀ, ਅਤੇ ਉਨ੍ਹਾਂ ਬੜੇ ਗਹੁ ਨਾਲ ਇਸ ਦਾ ਇਕ ਇਕ ਲਫ਼ਜ਼ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਸੀ, ਇਥੋਂ ਤਕ ਕਿ ਇਹ ਛੇ ਲਫ਼ਜ਼ ਵਾਲੀ ਨਿੱਕੀ ਜਿਹੀ ਤੁਕ ਭੀ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋ ਸਕੀ।

(8) ਪ੍ਰਸ਼ਨ ਦਾ ਉੱਤਰ:

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇ ਲੋਕਾਂ ਦਾ ਨੀਵਾਂ ਧਾਰਮਿਕ ਜੀਵਨ ਇਸ ਸ਼ਲੋਕ ਵਿਚ ਬਿਆਨ ਕੀਤਾ, ਜੋ ਇਉਂ ਹੈ:

ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥1॥

ਇਸ ਸਲੋਕ ਨੂੰ ਗਹੁ ਨਾਲ ਪੜ੍ਹ ਕੇ ਵੇਖੋ। ਅਖ਼ੀਰ ਤੇ ਸਤਿਗੁਰੂ ਜੀ ਨੇ ਸਿਰਫ਼ ਪ੍ਰਸ਼ਨ ਹੀ ਕਰ ਦਿੱਤਾ ਹੈ ਕਿ ਹਨੇਰੇ ਵਿਚੋਂ ਚਾਨਣ ਕਿਵੇਂ ਮਿਲੇ। ਉਹਨਾਂ ਨੇ ਆਪ ਇਸ ਦਾ ਕੋਈ ਇਲਾਜ ਖੋਲ੍ਹ ਕੇ ਨਹੀਂ ਦੱਸਿਆ, ਇਸ਼ਾਰੇ-ਮਾਤ੍ਰ ਕਹਿ ਦਿੱਤਾ ਹੈ 'ਸਚੁ ਚੰਦ੍ਰਮਾ'।

ਇਸ ਇਸ਼ਾਰੇ-ਮਾਤ੍ਰ ਦੱਸੇ ਇਲਾਜ ਨੂੰ ਗੁਰੂ ਅਮਰਦਾਸ ਜੀ ਨੇ ਇਉਂ ਸਮਝਾਇਆ ਹੈ:

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥ {ਮ: 3

ਗੁਰੂ ਅਰਜਨ ਸਾਹਿਬ ਨੇ ਇਹ ਦੋਵੇਂ ਸ਼ਲੋਕ ਇਕੱਠੇ ਮਾਝ ਰਾਗ ਦੀ ਵਾਰ ਦੀ 16ਵੀਂ ਪਉੜੀ ਨਾਲ ਦਰਜ ਕਰ ਦਿੱਤੇ ਹਨ। ਦੋਹਾਂ ਸ਼ਲੋਕਾਂ ਉੱਤੇ ਗਹੁ ਨਾਲ ਥੋੜ੍ਹਾ ਜਿਹਾ ਦਿੱਤਾ ਹੋਇਆ ਭੀ ਧਿਆਨ ਇਹ ਗੱਲ ਸਾਫ਼ ਕਰ ਦੇਂਦਾ ਹੈ ਕਿ ਗੁਰੂ ਅਮਰਦਾਸ ਜੀ ਆਪਣੇ ਸ਼ਲੋਕ ਦੀ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਵਿਚ ਕੀਤੇ ਹੋਏ ਪ੍ਰਸ਼ਨ ਨੂੰ ਖੋਲ੍ਹ ਕੇ ਬਿਆਨ ਕਰ ਰਹੇ ਹਨ। ਇਹ ਗੱਲ ਤਾਂ ਹੀ ਹੋ ਸਕੀ ਜੋ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਸਾਹਿਬ ਦੀ ਬਾਣੀ ਮੌਜੂਦ ਸੀ।

(9) ਬਸੰਤ ਰਾਗ ਵਿਚ ਸ਼ਬਦਾਂ ਦੀ ਤਰਤੀਬ:

ਹਰੇਕ ਰਾਗ ਵਿਚ ਸ਼ਬਦਾਂ ਦੀ ਤਰਤੀਬ ਗੁਰ-ਵਿਅਕਤੀ ਅਨੁਸਾਰ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ ਜੀ ਅਤੇ ਫਿਰ ਗੁਰੂ ਅਰਜਨ ਸਾਹਿਬ ਜੀ ਦੇ। ਰਾਗ ਬਸੰਤ ਵਿਚ ਇਕ ਹੋਰ ਅਨੋਖੀ ਗੱਲ ਵੇਖਣ ਵਿਚ ਆ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 3 ਨਾਲ ਅਗਲਾ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ, ਅਤੇ ਫਿਰ ਸ਼ਬਦ ਨੰ: 7 ਦੇ ਨਾਲ ਅਗਲਾ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ।

ਕਿਉਂ?

ਗਹੁ ਨਾਲ ਇਹ ਚਾਰੇ ਸ਼ਬਦ ਪੜ੍ਹ ਕੇ ਵੇਖੋ। ਦੋਹਾਂ ਜੋੜੀਆਂ ਦੇ ਭਾਵ ਮਿਲਦੇ ਹਨ। ਮਲੂਮ ਇਉਂ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਦੋਵੇਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਪਰਥਾਇ ਉਚਾਰੇ ਹਨ, ਅਤੇ ਆਪ ਹੀ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਨਾਲ ਹੀ ਲਿਖ ਦਿੱਤੇ ਹਨ। 'ਬੀੜ' ਤਿਆਰ ਕਰਨ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਭੀ ਉੱਥੋਂ ਵੱਖ ਨਹੀਂ ਕੀਤੇ, ਹਾਲਾਂ ਕਿ ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੇ ਆਪਣੇ ਹੋਰ 18 ਸ਼ਬਦ ਮੌਜੂਦ ਹਨ। ਉਹ ਸ਼ਬਦ ਇਹ ਹਨ:

ੳ. ਬਸੰਤੁ ਮਹਲਾ 1

ਸੁਇਨੇ ਕਾ ਚਉਕਾ ਕੰਚਨ ਕੁਆਰ ॥ ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥ ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥ ਗਰੁੜਾ ਖਾਣਾ ਦੁਧ ਸਿਉ ਗਾਡਿ ॥1॥ …ਜੇਤੇ ਜੀਅ ਲਿਖੀ ਸਿਰਿ ਕਾਰ ॥ ਕਰਣੀ ਉਪਰਿ ਹੋਵਗਿ ਸਾਰ ॥ ਹੁਕਮੁ ਕਰਹਿ ਮੂਰਖ ਗਾਵਾਰ ॥ ਨਾਨਕ ਸਾਚੇ ਕੇ ਸਿਫਤਿ ਭੰਡਾਰ ॥4॥3॥

ਇਸ ਸ਼ਬਦ ਦੇ ਨਾਲ ਦਰਜ ਹੈ- ਬਸੰਤੁ ਮ: 3 ਤੀਜਾ:

ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ ਜਟਾ ਧਾਰਿ ਕਿਆ ਕਮਾਵੈ ਜੋਗੁ ॥ ਮਨੁ ਨਿਰਮਲੁ ਨਹੀ ਦਸਵੈ ਦੁਆਰ ॥ ਭ੍ਰਮਿ ਭ੍ਰਮਿ ਆਵੈ ਮੂੜਾ ਵਾਰੋ ਵਾਰ ॥1॥... ... ... ... ... ... ... ਜਿਸੁ ਜੀਉ ਅੰਤਰੁ ਮੈਲਾ ਹੋਇ ॥ ਤੀਰਥ ਭਵੈ ਦਿਸੰਤਰ ਲੋਇ ॥ ਨਾਨਕ ਮਿਲੀਐ ਸਤਿਗੁਰ ਸੰਗ ॥ ਤਉ ਭਵਜਲ ਕੇ ਤੂਟਸਿ ਬੰਧ ॥5॥4॥

ਅ. ਬਸੰਤੁ ਮਹਲਾ 1

ਆਪੇ ਕੁਦਰਤਿ ਕਰੇ ਸਾਜਿ ॥ ਸਚੁ ਆਪਿ ਨਿਬੇੜੇ ਰਾਜੁ ਰਾਜਿ ॥ ਗੁਰਮਤਿ ਊਤਮ ਸੰਗਿ ਸਾਥਿ ॥ ਹਰਿ ਨਾਮੁ ਰਸਾਇਣੁ ਸਹਜਿ ਆਥਿ ॥1॥ ਮਤ ਬਿਸਰਸਿ ਰੇ ਮਨ ਰਾਮ ਬੋਲਿ ॥ ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥1॥ਰਹਾਉ॥

ਬਸੰਤੁ ਮ: 3

ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥ ਤਉ ਸਰਣਾਗਤਿ ਰਹਉ ਪਇਆ ॥3॥ ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥ ਗੁਰਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥4॥8॥

(10) ਬੋਲੀ ਦੀ ਸਾਂਝ:

ਜੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਲਫ਼ਜ਼ਾਂ ਨੂੰ ਆਪੋ ਵਿਚ ਟਾਕਰਾ ਕਰ ਕੇ ਵੇਖੀਏ, ਤਾਂ ਕਈ ਥਾਈਂ ਲਫ਼ਜ਼ਾਂ ਤੇ ਪਦਾਂ ਦੀ ਐਸੀ ਸਾਂਝ ਮਿਲੇਗੀ, ਜਿਸ ਤੋਂ ਇਹੀ ਸਿੱਟਾ ਨਿਕਲੇਗਾ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ; ਜਿਵੇਂ:

ਆਸਾ ਮ: 1 ਛੰਤ

ਆਪਣਾ ਮਨੁ ਦੀਆ, ਹਰਿ ਵਰੁ ਲੀਆ, ਜਿਉ ਭਾਵੈ ਤਿਉ ਰਾਵਏ ॥ ਤਨੁ ਮਨੁ ਪਿਰ ਆਗੈ ਸਬਦਿ ਸਭਾਗੈ, ਘਰਿ ਅੰਮ੍ਰਿਤ ਫਲੁ ਪਾਵਏ ॥

ਇੱਥੇ ਗੁਰੂ ਨਾਨਕ ਦੇਵ ਜੀ ਲਫ਼ਜ਼ 'ਸਭਾਗੈ ਘਰਿ' ਵਰਤਦੇ ਹਨ, ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ' ਵਿਚ ਇਹੀ ਲਫ਼ਜ਼ ਲਿਖਦੇ ਹਨ:

'ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥ ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥'

ਅਜਿਹੇ ਸੈਂਕੜੇ ਪ੍ਰਮਾਣ ਹੋਰ ਮਿਲ ਸਕਦੇ ਹਨ, ਜਿੱਥੇ 'ਬੋਲੀ' ਦੀ ਸਾਂਝ ਦਿੱਸਦੀ ਹੈ, ਇਹ ਸਾਂਝ ਕਿਸੇ ਸਬੱਬ ਨਾਲ ਨਹੀਂ ਬਣ ਗਈ।

ਡੂੰਘੀ ਸਾਂਝ ਦੀਆਂ ਇਹ ਵੰਨਗੀ-ਮਾਤ੍ਰ ਮਿਸਾਲਾਂ ਵੇਖ ਕੇ ਸੁਤੰਤਰ ਰਾਇ ਰੱਖਣ ਵਾਲੇ ਖੋਜੀ ਸੱਜਣ ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਮੌਜੂਦ ਸੀ। ਇਸ ਦੇ ਮਿਲਣ ਦਾ ਇੱਕੋ ਹੀ ਵਸੀਲਾ ਸੀ, ਉਹ ਸੀ ਗੁਰੂ ਅੰਗਦ ਸਾਹਿਬ ਜੀ, ਜਿਨ੍ਹਾਂ ਨੂੰ ਇਹ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਜ਼ਰੂਰ ਦਿੱਤੀ ਹੋਵੇਗੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ

ਗੁਰੂ ਅਰਜਨ ਸਾਹਿਬ ਨੇ ਬਾਣੀ ਕਿਥੋਂ ਲਈ ਸੀ?

ਪਿਛਲੇ ਲੇਖ ਦਾ ਨਚੋੜ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਕਈ ਪ੍ਰਮਾਣ ਲੈ ਕੇ ਹੁਣ ਤੀਕ ਅਸੀਂ ਇਸ ਨਤੀਜੇ ਤੇ ਅੱਪੜ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਆਪਣੀ ਸਾਰੀ ਬਾਣੀ ਆਪ ਹੀ ਨਾਲ ਲਿਖ ਕੇ ਸਾਂਭਦੇ ਰਹੇ। ਜਦੋਂ ਉਨ੍ਹਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਸਾਹਿਬ ਨੂੰ ਸੌਂਪੀ, ਤਾਂ ਇਹ ਸਾਰੀ 'ਬਾਣੀ' ਭੀ ਉਨ੍ਹਾਂ ਦੇ ਹਵਾਲੇ ਕੀਤੀ। ਜਦੋਂ ਗੁਰੂ ਅੰਗਦ ਸਾਹਿਬ ਨੇ ਆਪਣੇ ਥਾਂ ਗੁਰੂ ਅਮਰਦਾਸ ਜੀ ਨੂੰ ਥਾਪਿਆ, ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਤੇ ਆਪਣੀ ਬਾਣੀ ਵੀ ਸਤਿਗੁਰੂ ਅਮਰਦਾਸ ਜੀ ਦੇ ਸਪੁਰਦ ਕੀਤੀ।

ਇਸ ਤੋਂ ਸੁਭਾਵਕ ਸਿੱਟਾ:

ਹੁਣ ਇਹ ਗੱਲ ਸਮਝਣੀ ਬਹੁਤੀ ਔਖੀ ਨਹੀਂ ਹੈ ਕਿ ਗੁਰੂ ਅਮਰਦਾਸ ਜੀ ਨੇ ਇਹ ਰੱਬੀ ਖ਼ਜ਼ਾਨਾ, ਜੋ ਉਨ੍ਹਾਂ ਨੂੰ ਜਗਤ ਦੀ ਭਲਾਈ ਵਾਸਤੇ ਮਿਲਿਆ ਸੀ, ਗੁਰੂ ਰਾਮਦਾਸ ਜੀ ਨੂੰ ਸੌਂਪਿਆ ਤੇ ਗੁਰੂ ਰਾਮਦਾਸ ਜੀ ਨੇ ਆਪਣੀ ਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤਾ। ਅੱਗੇ ਤਾਂ ਹਰੇਕ ਗੁਰ-ਵਿਅਕਤੀ ਦੀ ਬਾਣੀ ਵੱਖੋ-ਵੱਖਰੀ ਪਈ ਸੀ, ਗੁਰੂ ਅਰਜਨ ਸਾਹਿਬ ਨੇ ਇਸ ਸਾਰੀ ਨੂੰ ਰਾਗ-ਤਰਤੀਬ ਦੇ ਕੇ ਇਕੱਠਾ ਕਰ ਦਿੱਤਾ ਤੇ ਇਕ ਬੀੜ ਵਿਚ ਲੈ ਆਂਦਾ।

ਸਿਰੀ ਰਾਗ ਵਿਚੋਂ ਪ੍ਰਮਾਣ (ਸ਼ਬਦ) :

ਹਰੇਕ ਸਤਿਗੁਰੂ ਪਾਸ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਮੌਜੂਦ ਸੀ ਤੇ ਉਨ੍ਹਾਂ ਨੇ ਗਹੁ ਨਾਲ ਹਿਰਦੇ ਵਿਚ ਵਸਾਈ ਸੀ = ਇਸ ਖ਼ਿਆਲ ਨੂੰ ਹੋਰ ਵਧੀਕ ਸਪੱਸ਼ਟ ਕਰਨ ਲਈ ਮਿਸਾਲ ਦੇ ਤੌਰ ਤੇ ਸਿਰਫ਼ 'ਸਿਰੀ ਰਾਗੁ' ਪੇਸ਼ ਕੀਤਾ ਜਾਂਦਾ ਹੈ। ਗਹੁ ਨਾਲ ਚਹੁੰਆਂ ਹੀ ਗੁਰ-ਵਿਅੱਕਤੀਆਂ ਦੇ 'ਸ਼ਬਦ' ਪੜ੍ਹ ਕੇ ਵੇਖੋ।

ਗੁਰੂ ਨਾਨਕ ਦੇਵ ਜੀ:

ਇਸ 'ਰਾਗ' ਵਿਚ ਗੁਰੂ ਨਾਨਕ ਦੇਵ ਜੀ ਦੇ 33 'ਸ਼ਬਦ' ਹਨ। ਜਿਨ੍ਹਾਂ ਵਿਚੋਂ 6 'ਸ਼ਬਦ' ਐਸੇ ਹਨ ਜਿਨ੍ਹਾਂ ਦੀ 'ਰਹਾਉ' ਦੀ ਤੁਕ ਵਿਚ ਸਤਿਗੁਰੂ ਜੀ 'ਮਨ' ਨੂੰ ਸੰਬੋਧਨ ਕਰਦੇ ਹਨ। 'ਮਨ ਰੇ'......' ਅਤੇ 'ਮੇਰੇ ਮਨ......' ਲਫ਼ਜ਼ ਵਰਤਦੇ ਹਨ। 3 ਸ਼ਬਦ ਐਸੇ ਹਨ ਜਿਨ੍ਹਾਂ ਦੀ 'ਰਹਾਉ' ਦੀ ਤੁਕ ਵਿਚ 'ਭਾਈ ਰੇ........' ਲਫ਼ਜ਼ ਵਰਤਦੇ ਹਨ। 1 'ਸ਼ਬਦ' ਐਸਾ ਹੈ ਜਿੱਥੇ 'ਰਹਾਉ' ਵਿਚ ਲਫ਼ਜ਼ 'ਮੁੰਧੇ' ਵਰਤਿਆ ਹੈ ਜਿਵੇਂ = ਮਨ ਰੇ.........ਮੇਰੇ ਮਨ......

(1) ਮਨ ਰੇ ਸਚੁ ਮਿਲੈ ਭਉ ਜਾਇ। ਸ਼ਬਦ ਨੰ: 11।
(2) ਮਨ ਰੇ ਸਬਦਿ ਤਰਹੁ ਚਿਤੁ ਲਾਇ। ਸ਼ਬਦ ਨੰ: 15।
(3) ਮੇਰੇ ਮਨ ਲੈ ਲਾਹਾ ਘਰਿ ਜਾਹਿ। ਸ਼ਬਦ ਨੰ: 17।
(4) ਮਨ ਰੇ ਹਉਮੈ ਛੋਡਿ ਗੁਮਾਨੁ। ਸ਼ਬਦ ਨੰ: 19।
(5) ਮਨ ਰੇ ਅਹਿਨਿਸਿ ਹਰਿ ਗੁਣ ਸਾਰਿ। ਸ਼ਬਦ ਨੰ: 20।
(6) ਮਨ ਰੇ ਗੁਰਮੁਖਿ ਅਗਨਿ ਨਿਵਾਰਿ। ਸ਼ਬਦ ਨੰ: 22।

ਭਾਈ ਰੇ......

(1) ਭਾਈ ਰੇ ਸੰਤ ਜਨਾ ਕੀ ਰੇਣੁ। ਸ਼ਬਦ ਨੰ 12।
(2) ਭਾਈ ਰੇ ਹਰਿ ਹੀਰਾ ਗੁਰ ਮਾਹਿ। ਸ਼ਬਦ ਨੰ: 21।
(3) ਭਾਈ ਰੇ ਰਾਮੁ ਕਹਹੁ ਚਿਤੁ ਲਾਇ। ਸ਼ਬਦ ਨੰ: 23।

ਮੁੰਧੇ.........

(1) ਮੁੰਧੇ ਪਿਰ ਬਿਨੁ ਕਿਆ ਸੀਗਾਰੁ। ਸ਼ਬਦ ਨੰ: 13।

ਗੁਰੂ ਅਮਰਦਾਸ ਜੀ:

ਗੁਰੂ ਅਮਰਦਾਸ ਜੀ ਦੇ ਇਸ 'ਰਾਗ' ਵਿਚ 31 ਸ਼ਬਦ ਹਨ। ਇਨ੍ਹਾਂ ਵਿਚੋਂ 17 'ਸ਼ਬਦ' ਐਸੇ ਹਨ ਜਿਨ੍ਹਾਂ ਦੀ 'ਰਹਾਉ' ਦੀ ਤੁਕ ਵਿਚ 'ਮਨ ਰੇ........' ਜਾਂ 'ਮੇਰੇ ਮਨ...' ਲਫ਼ਜ਼ ਵਰਤਦੇ ਹਨ। 8 ਸ਼ਬਦਾਂ ਵਿਚ ਲਫ਼ਜ਼ 'ਭਾਈ ਰੇ......' ਵਰਤੇ ਗਏ ਹਨ। 2 'ਸ਼ਬਦ' ਐਸੇ ਹਨ ਜਿਥੇ 'ਰਹਾਉ' ਦੀ ਤੁਕ ਨੂੰ ਲਫ਼ਜ਼ 'ਮੁੰਧੇ' ਨਾਲ ਸ਼ੁਰੂ ਕੀਤਾ ਗਿਆ ਹੈ; ਜਿਵੇਂ:

ਮਨ......ਮੇਰੇ ਮਨ......

(1) ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ। ਸ਼ਬਦ ਨੰ: 1।
(2) ਮਨ ਰੇ ਗ੍ਰਿਹਿ ਹੀ ਮਾਹਿ ਉਦਾਸ। ਸ਼ਬਦ ਨੰ: 2।
(3) ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ। ਸ਼ਬਦ ਨੰ: 8।
(4) ਮਨ ਰੇ ਸਦਾ ਭਜਹੁ ਹਰਿ ਸਰਣਾਈ। ਸ਼ਬਦ ਨੰ: 12।
(5) ਮਨ ਰੇ ਦੂਜਾ ਭਾਉ ਚੁਕਾਇ। ਸ਼ਬਦ ਨੰ: 19।

ਨੋਟ: ਬਾਕੀ ਪ੍ਰਮਾਣ ਪਾਠਕ ਸੱਜਣ ਆਪ ਵੇਖ ਲੈਣ।

ਭਾਈ ਰੇ.......

(1) ਭਾਈ ਰੇ ਗੁਰਮੁਖਿ ਸਦਾ ਪਤਿ ਹੋਇ। ਸ਼ਬਦ ਨੰ: 5।
(2) ਭਾਈ ਰੇ ਇਸੁ ਮਨ ਕਉ ਸਮਝਾਇ। ਸ਼ਬਦ ਨੰ: 6।
(3) ਭਾਈ ਰੇ ਜਗੁ ਦੁਖੀਆ ਦੂਜੈ ਭਾਇ। ਸ਼ਬਦ ਨੰ: 7।
(4) ਭਾਈ ਰੇ ਗੁਰਮਤਿ ਹਰਿ ਨਾਮੁ ਧਿਆਇ। ਸ਼ਬਦ ਨੰ: 10।
(5) ਭਾਈ ਰੇ ਗੁਰਮਤਿ ਸਾਚਿ ਰਹਾਉ। ਸ਼ਬਦ ਨੰ: 11।

ਨੋਟ: ਇਸੇ ਤਰ੍ਹਾਂ ਹੋਰ ਪ੍ਰਮਾਣ ਵੇਖੇ ਜਾ ਸਕਦੇ ਹਨ।

ਮੁੰਧੇ.......

(1) ਮੁੰਧੇ ਕੂੜਿ ਮੁਠੀ ਕੂੜਿਆਰਿ। ਸ਼ਬਦ ਨੰ: 28।
(2) ਮੁੰਧੇ ਤੂ ਚਲੁ ਗੁਰ ਕੈ ਭਾਇ। ਸ਼ਬਦ ਨੰ: 29।

ਗੁਰੂ ਰਾਮਦਾਸ ਜੀ:

'ਸਿਰੀ ਰਾਗ' ਵਿਚ ਗੁਰੂ ਰਾਮਦਾਸ ਜੀ ਦੇ 6 'ਸ਼ਬਦ' ਹਨ। ਇਨ੍ਹਾਂ ਸ਼ਬਦਾਂ ਨੂੰ ਇਹੀ ਭੀ 'ਭਾਈ ਰੇ' ਨਾਲ ਸ਼ੁਰੂ ਕਰਦੇ ਹਨ; ਜਿਵੇਂ:

(1) ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ। ਸ਼ਬਦ ਨੰ: 5।
(2) ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ। ਸ਼ਬਦ ਨੰ: 6।

ਗੁਰੂ ਅਰਜਨ ਸਾਹਿਬ:

ਗੁਰੂ ਅਰਜਨ ਸਾਹਿਬ ਜੀ ਦੇ 30 ਸ਼ਬਦ ਹਨ। 'ਰਹਾਉ' ਦੀਆਂ ਤੁਕਾਂ ਨੂੰ ਇਹ ਭੀ ਲਫ਼ਜ਼ 'ਮਨ ਰੇ' ਜਾਂ 'ਮੇਰੇ ਮਨ' ਅਤੇ ਲਫ਼ਜ਼ 'ਭਾਈ ਰੇ' ਨਾਲ ਹੀ ਸ਼ੁਰੂ ਕਰਦੇ ਹਨ; ਵੇਖੋ:

ਮਨ ਰੇ......ਮੇਰੇ ਮਨ.......

(1) ਮੇਰੇ ਮਨ ਸੁਖ ਦਾਤਾ ਹਰਿ ਸੋਇ। ਸ਼ਬਦ ਨੰ: 1।
(2) ਮਨ ਮੇਰੇ ਕਰਤੇ ਨੋ ਸਾਲਾਹਿ। ਸ਼ਬਦ ਨੰ: 5।
(3) ਮੇਰੇ ਮਨ ਏਕਸ ਸਿਉ ਚਿਤੁ ਲਾਇ। ਸ਼ਬਦ ਨੰ: 6।

ਭਾਈ ਰੇ.......

(1) ਭਾਈ ਰੇ ਸੁਖੁ ਸਾਧ ਸੰਗਿ ਪਾਇਆ। ਸ਼ਬਦ ਨੰ: 2।
(2) ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ। ਸ਼ਬਦ ਨੰ: 13।
(3) ਭਾਈ ਰੇ ਸਾਚੀ ਸਤਿਗੁਰ ਸੇਵ। ਸ਼ਬਦ ਨੰ: 30।

ਅਸ਼ਟਪਦੀਆਂ:

ਇਸ 'ਰਾਗ' ਦੀਆਂ 'ਅਸ਼ਟਪਦੀਆਂ' ਭੀ ਵੇਖੋ। ਉਨ੍ਹਾਂ ਵਿਚ ਭੀ ਲਫ਼ਜ਼ 'ਭਾਈ ਰੇ' ਮਿਲਦਾ ਹੈ। 17 ਅਸ਼ਟਪਦੀਆਂ ਵਿਚ ਗੁਰੂ ਨਾਨਕ ਦੇਵ ਜੀ ਨੇ 6 ਵਾਰੀ ਇਹ ਪਦ ਵਰਤਿਆ ਹੈ ਤੇ ਦੋ ਵਾਰੀ 'ਮੁੰਧੇ' ਗੁਰੂ ਅਮਰਦਾਸ ਜੀ ਦੀਆਂ 8 ਅਸ਼ਟਪਦੀਆਂ ਹਨ, ਇਨ੍ਹਾਂ ਵਿਚ ਤਿੰਨ ਵਾਰੀ 'ਭਾਈ ਰੇ' ਵਰਤਦੇ ਹਨ।

ਇਕ ਅਨੋਖੀ ਸਾਂਝ:

ਇਕ ਵੱਡੀ ਸੁਆਦਲੀ ਗੱਲ ਇਹ ਹੈ ਕਿ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ 29 ਸ਼ਬਦ (ਅਸ਼ਟਪਦੀਆਂ ਸਮੇਤ) ਐਸੇ ਹਨ ਜਿਨ੍ਹਾਂ ਦੀ 'ਰਹਾਉ' ਦੀ ਤੁਕ ਦੇ ਸ਼ੁਰੂ ਵਿਚ ਲਫ਼ਜ਼ 'ਭਾਈ ਰੇ' ਹਨ; ਇਨ੍ਹਾਂ ਵਿਚੋਂ 25 'ਸਿਰੀ ਰਾਗ' ਵਿਚ ਹੀ ਦਰਜ ਹਨ। ਬਾਕੀ ਚਾਰ ਸ਼ਬਦਾਂ ਵਿਚੋਂ ਭੀ 2 ਗੁਰੂ ਨਾਨਕ ਦੇਵ ਜੀ ਦੇ ਹਨ, 1 ਗੁਰੂ ਅਮਰਦਾਸ ਜੀ ਦਾ, ਅਤੇ 1

ਗੁਰੂ ਰਾਮਦਾਸ ਜੀ ਦਾ।

ਬੋਲੀ ਦੇ ਦ੍ਰਿਸ਼ਟੀ-ਕੋਣ ਤੋਂ:

ਜੋ ਸੱਜਣ 'ਬੋਲੀ' ਦੇ ਦ੍ਰਿਸ਼ਟੀ-ਕੋਣ ਤੋਂ ਇਸ ਗੱਲ ਨੂੰ ਵਿਚਾਰਨਗੇ ਉਨ੍ਹਾਂ ਨੂੰ ਸਾਫ਼ ਸਮਝ ਪੈ ਜਾਇਗੀ ਕਿ ਲਫ਼ਜ਼ 'ਭਾਈ ਰੇ...' ਦੀ ਸਾਂਝ ਸਬੱਬ ਨਾਲ ਨਹੀਂ ਹੋ ਗਈ। ਜਿਉਂ ਜਿਉਂ 'ਸਿਰੀ ਰਾਗ' ਦੇ ਇਨ੍ਹਾਂ 100 ਸ਼ਬਦਾਂ ਨੂੰ ਗਹੁ ਨਾਲ ਪੜ੍ਹੋਗੇ, ਇਨ੍ਹਾਂ ਵਿਚ ਹੋਰ ਹੋਰ ਵਧੀਕ ਡੂੰਘੀ ਸਾਂਝ ਦਿੱਸੇਗੀ, ਤੇ ਇਹ ਗੱਲ ਮੰਨਣੋਂ ਬਿਨਾ ਰਿਹਾ ਨਹੀਂ ਜਾ ਸਕੇਗਾ ਕਿ ਹਰੇਕ ਗੁਰ-ਵਿਅੱਕਤੀ ਪਾਸ ਆਪਣੇ ਤੋਂ ਪਹਿਲ਼ੇ ਸਾਰੇ ਗੁਰ-ਵਿਅੱਕਤੀਆਂ ਦੀ ਸਾਰੀ ਬਾਣੀ ਮੌਜੂਦ ਸੀ।

ਪੀਊ ਦਾਦੇ ਦਾ ਖ਼ਜ਼ਾਨਾ:

ਗਉੜੀ ਰਾਗ ਵਿਚ ਗੁਰੂ ਅਰਜਨ ਸਾਹਿਬ ਲਿਖਦੇ ਹਨ:

ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥2॥31॥100॥

ਇਹ ਸ਼ਬਦ ਉਸੇ ਬਖ਼ਸ਼ਸ਼ ਦੇ ਜ਼ਿਕਰ ਵਿਚ ਜਾਪਦਾ ਹੈ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰੂ ਰਾਮਦਾਸ ਜੀ ਤੋਂ ਪਿਛਲੀ ਸਾਰੀ ਹੀ ਬਾਣੀ ਦਾ ਸੰਗ੍ਰਹਿ ਮਿਲਿਆ ਸੀ।

ਬਾਬਾ ਮੋਹਨ ਜੀ ਵਾਲੀ ਸਾਖੀ:

ਗੁਰਬਾਣੀ ਦੀ ਅੰਦਰਲੀ ਇਸ ਵੰਨਗੀ-ਮਾਤ੍ਰ ਗਵਾਹੀ ਨੇ ਇਹ ਗੱਲ ਰੌਸ਼ਨ ਕਰ ਦਿੱਤੀ ਹੈ ਕਿ ਜਦੋਂ ਸਤਿਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲੱਗੇ ਸਨ, ਤਾਂ ਉਨ੍ਹਾਂ ਪਾਸ ਸਾਰੀ ਹੀ ਬਾਣੀ ਮੌਜੂਦ ਸੀ। ਬਾਣੀ ਇਕੱਠੀ ਕਰਨ ਲਈ ਉਨ੍ਹਾਂ ਨੂੰ ਕਿਤੇ ਭੀ ਕੋਈ ਹੁਕਮਨਾਮੇ ਭੇਜਣ ਦੀ ਲੋੜ ਨਹੀਂ ਸੀ ਪੈ ਸਕਦੀ। ਇਸ ਸੰਬੰਧ ਵਿਚ ਬਾਬਾ ਮੋਹਨ ਜੀ ਵਾਲੀ ਸਾਖੀ ਬੜੀ ਪ੍ਰਸਿੱਧ ਹੈ, ਤੇ ਪ੍ਰਸਿੱਧ ਹੈ ਭੀ ਅਜੀਬ ਰੰਗ ਵਿਚ। ਲਿਖਦੇ ਹਨ ਕਿ ਬਾਬਾ ਮੋਹਨ ਜੀ ਆਪਣੇ ਚੌਬਾਰੇ ਵਿਚ ਸਮਾਧੀ ਲਗਾਈ ਬੈਠੇ ਸਨ, ਸਤਿਗੁਰੂ ਜੀ ਉਸ ਗਲੀ ਵਿਚ ਜਾ ਕੇ ਚੌਬਾਰੇ ਹੇਠ ਬੈਠ ਗਏ ਤੇ ਬਾਬਾ ਜੀ ਦੀ ਉਸਤਤਿ ਵਿਚ ਇਕ ਸ਼ਬਦ ਗਾਵਿਓਂ ਨੇ। ਕਾਹਦੇ ਲਈ? ਬਾਬਾ ਜੀ ਪਾਸੋਂ ਗੁਰਬਾਣੀ ਦੀਆਂ ਸੰਚੀਆਂ ਲੈਣ ਲਈ।

ਪਾਠਕ ਸੱਜਣ! ਰਤਾ ਸਿਦਕ ਵਿਚ ਆ ਕੇ ਗਹੁ ਨਾਲ ਵਿਚਾਰੋ! ਕੀ ਸਾਡੇ ਦੀਨ ਦੁਨੀਆ ਦੇ ਰਾਹਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਮਨੁੱਖ ਦੀ ਵਡਿਆਈ ਭੀ ਦਰਜ ਹੋ ਸਕਦੀ ਸੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਮੋਹਨ ਜੀ ਪਾਤਿਸ਼ਾਹਾਂ ਦੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਾਹਿਬਜ਼ਾਦੇ ਸਨ ਤੇ ਮੇਰੇ ਵਰਗੇ ਨਾਚੀਜ਼ ਨਿਮਾਣੇ ਨੂੰ ਬਾਬਾ ਜੀ ਦੇ ਕੂਚੇ ਦੀ ਧੂੜ ਮੱਥੇ ਉੱਤੇ ਲਾਉਣ ਲਈ ਮਿਲਣੀ ਭੀ ਇਕ ਵੱਡੀ ਬਰਕਤਿ ਹੈ। ਪਰ, ਪਾਤਿਸ਼ਾਹ ਪਾਤਿਸ਼ਾਹ ਹੀ ਹੈ, ਉਹ ਬੜੀ ਉੱਚੀ ਸ਼ਾਨ ਵਾਲਾ ਹੈ, ਉਹ ਆਪ ਹੀ ਬਾਣੀ ਦਾ ਸਮੁੰਦਰ ਸੀ, ਉਹ ਤਾਂ 'ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਓ'।

ਸਿਰਫ਼ ਗੁਰੂ ਅਕਾਲ ਪੁਰਖ ਦੀ ਉਸਤਤਿ:

ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਤੁਕ, ਗੁਰੂ-ਰੂਪ ਹੈ; ਇਸ ਵਿਚ ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਵਿਚ ਰਤਾ ਭੀ ਫ਼ਰਕ ਨਹੀਂ ਹੈ। ਕੀ ਬਾਬਾ ਮੋਹਨ ਜੀ ਦੀ ਉਸਤਤਿ ਤੇ ਗੁਰੂ ਨਾਨਕ ਪਾਤਿਸ਼ਾਹ ਦੀ ਉਸਤਤਿ ਗੁਰਸਿੱਖ ਵਾਸਤੇ ਇੱਕੋ ਦਰਜਾ ਰੱਖ ਸਕਦੀ ਹੈ? ਪਤਿਬ੍ਰਤਾ ਇਸਤ੍ਰੀ ਦੇ ਹਿਰਦੇ ਵਿਚ ਆਪਣੇ ਪਤੀ ਦਾ ਪਿਆਰ ਹੀ ਟਿਕ ਸਕਦਾ ਹੈ, ਪਤੀ ਦੇ ਕਿਸੇ ਅਜ਼ੀਜ਼ ਤੋਂ ਅਜ਼ੀਜ਼ ਸਨਬੰਧੀ ਨੂੰ ਭੀ ਉਹੋ ਪਿਆਰ ਨਹੀਂ ਮਿਲ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਹਰੇਕ ਅੰਗ ਸੋਹਣਾ ਹੈ, ਤੇ ਸਿੱਖ ਦੇ ਜੀਵਨ ਲਈ ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ। ਇਸ ਵਿਚ ਉਸਤਤਿ ਸਿਰਫ਼ ਅਕਾਲ ਪੁਰਖ ਦੀ ਹੀ ਹੋ ਸਕਦੀ ਹੈ।

ਗੁਰਬਾਣੀ ਵਿਚ ਲਫ਼ਜ਼ ਮੋਹਨ:

ਗਉੜੀ, ਗੂਜਰੀ, ਬਿਲਾਵਲ, ਬਸੰਤ, ਮਾਰੂ, ਤੁਖਾਰੀ ਆਦਿਕ ਰਾਗਾਂ ਵਿਚ ਕਈ ਸ਼ਬਦ ਐਸੇ ਮਿਲਦੇ ਹਨ ਜੋ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਉਚਾਰੇ ਹੋਏ ਹਨ ਤੇ ਜਿਨ੍ਹਾਂ ਵਿਚ ਅਕਾਲ ਪੁਰਖ ਨੂੰ 'ਮੋਹਨ' ਆਖ ਕੇ ਯਾਦ ਕੀਤਾ ਹੈ। ਮਜ਼ਮੂਨ ਦੇ ਬਹੁਤ ਲੰਮਾ ਹੋ ਜਾਣ ਦੇ ਡਰ ਤੋਂ ਉਹ ਸ਼ਬਦ ਏਥੇ ਦਿੱਤੇ ਨਹੀਂ ਜਾ ਸਕਦੇ। ਪਾਠਕ ਸੱਜਣ ਇਨ੍ਹਾਂ ਰਾਗਾਂ ਵਿਚੋਂ ਆਪ ਉਹ ਸ਼ਬਦ ਵੇਖ ਲੈਣ। ਅਸਾਂ ਹੁਣ ਉਸ ਸ਼ਬਦ ਤੇ ਵਿਚਾਰ ਕਰਨੀ ਹੈ ਜਿਸ ਵਿਚ ਸਾਖੀ-ਅਨੁਸਾਰ ਬਾਬਾ ਮੋਹਨ ਜੀ ਦੀ ਉਸਤਤਿ ਦੱਸੀ ਜਾ ਰਹੀ ਹੈ। ਗਉੜੀ ਰਾਗ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਇਹ ਦੂਜਾ 'ਛੰਤ' ਹੈ।

ਸੁਆਦਲੀ ਸਾਂਝ:

ਇਸ ਛੰਤ ਲਿਖਣ ਤੋਂ ਪਹਿਲਾਂ ਪਾਠਕ ਸੱਜਣਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ 'ਛੰਤ' ਗੁਰੂ ਅਮਰਦਾਸ ਜੀ ਦੇ 'ਛੰਤ' ਅਤੇ ਗੁਰੂ ਅਰਜਨ ਸਾਹਿਬ ਜੀ ਦੇ 'ਛੰਤ' ਰਤਾ ਖ਼ਾਸ ਧਿਆਨ ਦੇ ਕੇ ਪੜ੍ਹੋ = ਸਾਂਝੇ ਲਫ਼ਜ਼, ਕਈ ਸਾਂਝੀਆਂ ਤੁਕਾਂ, ਕਈ ਸਾਂਝੇ ਖ਼ਿਆਲ ਤੇ ਇੱਕੋ ਹੀ ਵਲਵਲਾ, ਇਉਂ ਜਾਪਦਾ ਹੈ ਜਿਵੇਂ 'ਛੰਤ' ਇੱਕੋ ਹੀ ਸਾਂਚੇ ਵਿਚ ਢਲੇ ਹੋਏ ਹਨ। ਜਿਸ ਵਲਵਲੇ, ਜਿਸ ਬਿਰਹੋਂ ਦੀ ਨੈਂ ਗੁਰੂ ਨਾਨਕ ਸਾਹਿਬ ਨੇ ਵਗਾਈ ਹੈ ਉਸੇ ਵਿਚ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਤਾਰੀਆਂ ਲਾਈ ਜਾ ਰਹੇ ਹਨ। ਇੱਥੋਂ ਸਾਫ਼ ਦਿੱਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਇਹ 'ਛੰਤ' ਗੁਰੂ ਅਮਰਦਾਸ ਜੀ ਪਾਸ ਮੌਜੂਦ ਸਨ ਤੇ ਉਨ੍ਹਾਂ ਵਾਲੇ ਰੰਗ ਵਿਚ ਗੁਰੂ ਅਰਜਨ ਸਾਹਿਬ ਜੀ ਨੇ ਭੀ ਆਪਣੇ 'ਛੰਤ' ਉਚਾਰੇ ਸਨ। ਹਾਂ, ਆਵੀਏ ਆਪਣੇ ਮਜ਼ਮੂਨ ਵਲ।

ਗਉੜੀ ਮਹਲਾ 5 ਛੰਤ ॥

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ ॥ ਧਰਮਸਾਲ ਅਪਾਰ ਦੈਆਰ ਠਾਕੁਰ, ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ, ਤਹਾ ਤੁਝਹਿ ਧਿਆਵਹੇ ॥ ਕਰਿ ਦਇਆ ਮਇਆ ਦਇਆਲ ਸੁਆਮੀ, ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥1॥ ਮੋਹਨ, ਤੇਰੇ ਬਚਨ ਅਨੂਪ, ਚਾਲ ਨਿਰਾਲੀ ॥ ਮੋਹਨ, ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ ॥ ਮਾਨਹਿ ਤ ਏਕੁ, ਅਲੇਖੁ ਠਾਕੁਰੁ, ਜਿਨਹਿ ਸਭ ਕਲ ਧਾਰੀਆ ॥ ਤੁਧੁ ਬਚਨਿ ਗੁਰ ਕੈ ਵਸਿ ਕੀਆ, ਆਦਿ ਪੁਰਖੁ ਬਨਵਾਰੀਆ ॥ ਤੂੰ ਆਪਿ ਚਲਿਆ, ਆਪਿ ਰਹਿਆ, ਆਪਿ ਸਭ ਕਲ ਧਾਰੀਆ ॥ ਬਿਨਵੰਤਿ ਨਾਨਕ ਪੈਜ ਰਾਖਹੁ, ਸਭ ਸੇਵਕ ਸਰਨਿ ਤੁਮਾਰੀਆ ॥2॥ ਮੋਹਨ, ਤੁਧੁ ਸਤਸੰਗਤਿ ਧਿਆਵੈ, ਦਰਸ ਧਿਆਨਾ ॥ ਮੋਹਨ, ਜਮੁ ਨੇੜਿ ਨ ਆਵੈ, ਤੁਧੁ ਜਪਹਿ ਨਿਦਾਨਾ ॥ ਜਮਕਾਲੁ ਤਿਨ ਕਉ ਲਗੈ ਨਾਹੀ, ਜੋ ਇਕ ਮਨਿ ਧਿਆਵਹੇ ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥ ਮਲ ਮੂਤ ਮੂੜ ਜਿ ਮੁਗਧ ਹੋਤੇ, ਸਿ ਦੇਖਿ ਦਰਸੁ ਸੁਗਿਆਨਾ ॥ ਬਿਨਵੰਤਿ ਨਾਨਕ ਰਾਜੁ ਨਿਹਚਲੁ, ਪੂਰਨ ਪੁਰਖ ਭਗਵਾਨਾ ॥3॥ ਮੋਹਨ, ਤੂੰ ਸੁਫਲੁ ਫਲਿਆ, ਸਣੁ ਪਰਵਾਰੇ ॥ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥ ਤਾਰਿਆ ਜਹਾਨੁ ਲਹਿਆ, ਅਭਿਮਾਨੁ, ਜਿਨੀ ਦਰਸਨੁ ਪਾਇਆ ॥ ਜਿਨੀ ਤੁਧ ਨੋ ਧੰਨ ਕਹਿਆ, ਤਿਨ ਜਮੁ ਨੇੜਿ ਨ ਆਇਆ ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ ॥ ਬਿਨਵੰਤਿ ਨਾਨਕ ਟੇਕ ਰਾਖੀ, ਜਿਤੁ ਲਗਿ ਤਰਿਆ ਸੰਸਾਰੇ ॥4॥2॥

ਲਿਖੀ ਹੋਈ ਸਾਖੀ ਭਾਵੇਂ ਪਾਠਕ-ਸੱਜਣਾਂ ਦੇ ਮਨ ਦੀ ਵਾਗ ਨੂੰ ਬਾਬਾ ਮੋਹਨ ਜੀ ਵਲ ਪਰਤਾਈ ਰੱਖੇ, ਨਹੀਂ ਤਾਂ ਉਂਞ ਬਾਬਾ ਜੀ ਦੀ ਉਸਤਤਿ ਵਾਸਤੇ ਇੱਥੇ ਗੁੰਜਾਇਸ਼ ਨਹੀਂ ਦਿੱਸਦੀ। ਪਹਿਲੇ ਅੰਕ ਦੀ ਚੌਥੀ ਤੁਕ ਗਹੁ ਨਾਲ ਪੜ੍ਹੋ। ਕੀ ਸਾਧ ਸੰਤ ਧਰਮਸਾਲਾ ਵਿਚ ਇਕੱਠੇ ਹੋ ਕੇ ਬਾਬਾ ਮੋਹਨ ਜੀ ਨੂੰ ਧਿਆਉਂਦੇ ਹਨ ਜਾਂ ਮੋਹਨ-ਪ੍ਰਭੂ ਨੂੰ? ਤੀਜੇ ਬੰਦ ਨੂੰ ਭੀ ਗਹੁ ਨਾਲ ਪੜ੍ਹ ਕੇ ਵੇਖੋ! ਕਿਤੇ ਕੋਈ ਤੁਕ ਬਾਬਾ ਮੋਹਨ ਜੀ ਨਾਲ ਮੇਲ ਨਹੀਂ ਖਾਂਦੀ। ਹੁਣ ਚੌਥਾ ਬੰਦ ਪੜ੍ਹੋ, ਤੀਜੀ ਤੁਕ 'ਤਾਰਿਆ ਜਹਾਨੁ, ਲਹਿਆ ਅਭਿਮਾਨ, ਜਿਨੀ ਦਰਸਨੁ ਪਾਇਆ' ਕੀ ਇਹ ਸਿਫ਼ਤ ਗੁਰੂ ਪਰਮੇਸ਼ਰ ਦੀ ਹੋ ਸਕਦੀ ਹੈ ਜਾਂ ਕਿਸੇ ਮਨੁੱਖ ਦੀ? ਦੇਖੋ ਪੰਜਵੀਂ ਤੁਕ ਵਿਚ, ਜਿਸ ਦਾ ਦਰਸ਼ਨ ਜਹਾਨ ਨੂੰ ਤਾਰਨ ਦੇ ਸਮਰੱਥ ਹੈ ਉਸ ਨੂੰ ਕਿਵੇਂ ਬੁਲਾਉਂਦੇ ਹਨ? ਆਖਦੇ ਹਨ, ਹੇ 'ਸਤਿਗੁਰ ਪੁਰਖ ਮੁਰਾਰੇ! ਬੇਅੰਤ ਗੁਣ ਤੇਰੇ ਕਥੇ ਨ ਜਾਹੀ'।

ਦੂਜੇ ਬੰਦ ਨੂੰ ਸਮਝਣ ਵਿਚ ਉਕਾਈ:

ਹੁਣ ਗਹੁ ਨਾਲ ਪੜ੍ਹੋ ਦੂਜਾ ਬੰਦ। ਇਸ ਦੀ ਭੀ ਪੰਜਵੀਂ ਤੁਕ ਕੋਈ ਸ਼ੱਕ ਤੇ ਕੋਈ ਭੁਲੇਖਾ ਨਹੀਂ ਰਹਿਣ ਦੇਂਦੀ, 'ਤੂੰ ਆਪਿ ਚਲਿਆ ਆਪਿ ਰਹਿਆ, ਆਪਿ ਸਭ ਕਲ ਧਾਰੀਆ'। ਇਹ 'ਆਪਿ ਸਭ ਕਲ ਧਾਰੀਆ' ਵਾਲਾ ਅਕਾਲ ਪੁਰਖ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ? ਹਾਂ, ਇਸ ਬੰਦ ਦੀ ਦੂਜੀ ਤੁਕ ਵਿਚ ਬੇਪਰਵਾਹੀ ਨਾਲ ਕੁਝ ਰਲਾ ਜਿਹਾ ਪੈਂਦਾ ਰਿਹਾ ਹੈ। ਕਿਵੇਂ? ਲਫ਼ਜ਼ 'ਤੂੰ' ਦੇ ਅਰਥ ਨੂੰ ਗ਼ਲਤ ਸਮਝ ਕੇ। ਇਹ ਤੁਕ ਹੈ 'ਮੋਹਨ ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ'।

ਲਫ਼ਜ਼ 'ਤੂੰ' ਦੇ ਅਰਥ ਦਾ ਨਿਰਨਾ:

ਜਦੋਂ ਕਿਸੇ ਸ਼ਬਦ ਦੇ ਕਿਸੇ ਲਫ਼ਜ਼ ਆਦਿਕ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਹੱਲ ਕਰਨ ਦਾ ਇੱਕੋ ਹੀ ਰਸਤਾ ਹੈ ਕਿ ਉਸ ਲਫ਼ਜ਼ ਆਦਿਕ ਦੀ ਵਰਤੋਂ ਗੁਰਬਾਣੀ ਵਿਚ ਕਿਸੇ ਹੋਰ ਥਾਂ ਵੇਖੀਏ। ਸੋ ਲਫ਼ਜ਼ 'ਤੂੰ' ਦਾ ਅਰਥ ਵੇਖਣ ਲਈ ਹੋਰ ਪ੍ਰਮਾਣ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ:

1. ਸੰਚਿ ਹਰਿ ਧਨੁ, ਪੂਜਿ ਸਤਿਗੁਰੁ, ਛੋਡਿ ਸਗਲ ਵਿਕਾਰ ॥

ਜਿਨਿ 'ਤੂੰ' ਸਾਜਿ ਸਵਾਰਿਆ, ਹਰਿ ਸਿਮਰਿ ਹੋਇ ਉਧਾਰ ॥1॥25॥95॥ {ਸਿਰੀਰਾਗੁ ਮ: 5

ਤੂੰ=ਤੈਨੂੰ।

2. ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥

ਜਿਨ 'ਤੂੰ' ਜਾਤਾ ਜੋ ਤੁਧੁ ਮਨਿ ਭਾਨੇ ॥4॥13॥20॥ {ਮਾਝ ਮ: 5

ਤੂੰ=ਤੈਨੂੰ।

3. ਤਿਸੁ ਕੁਰਬਾਣੀ ਜਿਨਿ 'ਤੂੰ' ਸੁਣਿਆ ॥

ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥1॥20॥27॥ {ਮਾਝ ਮ: 5

ਤੂੰ=ਤੈਨੂੰ।

4. ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥ ਤੁਧੁ ਸਲਾਹੀ ਪ੍ਰੀਤਮ ਮੇਰੇ ॥

ਤੁਧੁ ਬਿਨੁ ਅਵਰੁ ਨ ਕੋਈ ਜਾਚਾ, ਗੁਰ ਪਰਸਾਦੀ 'ਤੂੰ' ਪਾਵਣਿਆ ॥4॥1॥34॥ {ਮਾਝ ਮ: 5

ਤੂੰ=ਤੈਨੂੰ।

5. ਜਿਨਿ 'ਤੂੰ' ਸਾਜਿ ਸਵਾਰਿ ਸੀਗਾਰਿਆ ॥

ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥1॥4॥ {ਗਉੜੀ

ਸੁਖਮਨੀ ਮ: 5

ਤੂੰ=ਤੈਨੂੰ।

ਹੋਰ ਗੁਰ-ਵਿਅੱਕਤੀਆਂ ਦੀ ਬਾਣੀ ਵਿਚੋਂ ਭੀ ਪ੍ਰਮਾਣ ਦਿੱਤੇ ਜਾ ਸਕਦੇ ਹਨ। ਪਰ ਇੱਥੇ ਜਿਸ ਸ਼ਬਦ ਤੇ ਵਿਚਾਰ ਹੋ ਰਹੀ ਹੈ ਉਹ ਗੁਰੂ ਅਰਜਨ ਸਾਹਿਬ ਦਾ ਹੈ, ਇਸ ਲਈ ਪ੍ਰਮਾਣ ਸਿਰਫ਼ ਉਨ੍ਹਾਂ ਦੀ ਬਾਣੀ ਵਿਚੋਂ ਹੀ ਲਏ ਹਨ।

ਹੁਣ ਅਰਥ ਕਰੋ:

ਹੇ ਮੋਹਨ! ਤੈਨੂੰ ਇੱਕ ਨੂੰ (ਲੋਕ ਅਸਥਿਰ) ਮੰਨਦੇ ਹਨ, ਹੇ ਮੋਹਨ ਜੀ! ਬਾਕੀ ਸਾਰੀ ਸ੍ਰਿਸ਼ਟੀ ਨਾਸਵੰਤ ਹੈ। ਹੇ ਮੋਹਨ! ਤੈਨੂੰ ਇੱਕ ਅਲੇਖ ਠਾਕੁਰ ਨੂੰ (ਲੋਕ ਅਸਥਿਰ) ਮੰਨਦੇ ਹਨ, ਜਿਸ ਨੇ (ਜਗਤ ਵਿਚ) ਸਾਰੀ ਸੱਤਿਆ ਪਾਈ ਹੋਈ ਹੈ। (ਤੇਰੇ ਸੇਵਕਾਂ ਨੇ) ਤੈਨੂੰ (ਤੁਧੁ) ਆਦਿ ਪੁਰਖ ਬਨਵਾਰੀ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਵੱਸ ਕੀਤਾ ਹੈ।

ਸਾਰੀ ਵਿਚਾਰ ਦਾ ਸਿੱਟਾ:

ਹੁਣ ਤਕ ਦੀ ਵਿਚਾਰ ਨਾਲ ਅਸੀਂ ਇਸ ਨਤੀਜੇ ਤੇ ਅੱਪੜੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਗੁਰੂ ਅਰਜਨ ਸਾਹਿਬ ਪਾਸ ਪਹਿਲੇ ਚਹੁੰਆਂ ਹੀ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਮੌਜੂਦ ਸੀ। ਉਨ੍ਹਾਂ ਨੂੰ ਕਿਤੇ ਭੀ ਹੁਕਮਨਾਮੇ ਭੇਜਣ ਦੀ ਲੋੜ ਨਹੀਂ ਸੀ ਪੈ ਸਕਦੀ। ਬਾਹਰੋਂ ਕਿਸੇ ਹੋਰ ਸੰਚੀ ਜਾਂ ਸੰਚੀਆਂ ਦੀ ਭੀ ਲੋੜ ਨਹੀਂ ਸੀ। ਜਿਸ ਸ਼ਬਦ ਵਿਚ ਬਾਬਾ ਮੋਹਨ ਜੀ ਦੀ ਉਸਤਤਿ ਸਮਝੀ ਜਾ ਰਹੀ ਹੈ, ਉਹ ਸ਼ਬਦ ਨਿਰੋਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੈ।

{ਵਧੀਕ ਵਾਕਫ਼ੀਅਤ ਵਾਸਤੇ ਪੜ੍ਹੋ ਮੇਰੇ ਲਿਖੇ ਪੁਸਤਕ = 'ਗੁਰਬਾਣੀ ਤੇ ਇਤਿਹਾਸ ਬਾਰੇ', 'ਸਿੱਖ ਸਿਦਕੁ ਨ ਹਾਰੇ', 'ਧਰਮ ਤੇ ਸਦਾਚਾਰ', 'ਸਰਬੱਤ ਦਾ ਭਲਾ', 'ਬੁਰਾਈ ਦਾ ਟਾਕਰਾ' = 'ਸਿੰਘ ਬ੍ਰਦਰਜ਼', ਮਾਈ ਸੇਵਾਂ, ਅੰਮ੍ਰਿਤਸਰ ਤੋਂ ਮਿਲਦੇ ਹਨ}

ਗੁਰਬਾਣੀ ਅਤੇ ਇਸ ਦਾ ਵਿਆਕਰਣ

ਅਨੋਖਾ ਸੁਭਾਗ ਅਵਸਰ:

ਅਪ੍ਰੈਲ, 1909 ਵਿਚ ਮੈਟਰਿਕ ਪਾਸ ਕਰ ਕੇ ਮੈਂ ਸਤੰਬਰ 1909 ਵਿਚ ਖਾਲਸਾ ਮਿਡਲ ਸਕੂਲ, ਸਾਂਗਲੇ ਸੈਕੰਡ ਮਾਸਟਰ ਬਣ ਕੇ ਚਲਾ ਗਿਆ। ਗੁਰੂ ਨਾਨਕ ਸਾਹਿਬ ਦਾ ਜਨਮ-ਪੁਰਬ ਉਥੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। (ਜ਼ਿਲਾ ਸਿਆਲਕੋਟ) ਦੇ ਭਾਈ ਗਿਆਨ ਸਿੰਘ ਜੀ ਨਾਮਧਾਰੀ ਉਸ ਪੁਰਬ ਸਮੇ ਸਾਂਗਲੇ ਆਏ। ਨਗਰ-ਕੀਰਤਨ ਵਿਚ ਉਨ੍ਹਾਂ ਸ਼ਬਦ ਪੜ੍ਹੇ, ਹੱਲੇ ਦੀਆਂ ਧਾਰਨਾਂ ਤੇ। ਸ਼ਬਦ ਪੜ੍ਹਨ ਦਾ ਤਾਂ ਮੈਨੂੰ ਭੀ ਸ਼ੌਕ ਸੀ, ਪਰ ਮੈਂ ਜੋਟੀਆਂ ਦੀਆਂ ਧਾਰਨਾਂ ਹੀ ਸਿੱਖੀਆਂ ਹੋਈਆਂ ਸਨ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਹੱਲੇ ਦੀਆਂ ਧਾਰਨਾਂ ਦੇ ਸ਼ਬਦ ਸੁਣੇ। ਤੇ ਮੈਂ ਨਾਮਧਾਰੀ ਵੀਰਾਂ ਦੇ ਇਸ ਪ੍ਰਚਾਰ-ਢੰਗ ਉਤੇ ਮੋਹਿਤ ਹੋ ਗਿਆ। ਭਾਈ ਗਿਆਨ ਸਿੰਘ ਜੀ ਬਹੁਤੇ ਸ਼ਬਦ ਭਗਤਾਂ ਦੀ ਬਾਣੀ ਵਿਚੋਂ ਹੀ ਪੜ੍ਹਦੇ ਰਹੇ। ਧਾਰਨ ਹੱਲੇ ਦੀ, ਉਸ ਨਾਲੋਂ ਢੋਲਕੀ ਛੈਣਿਆਂ ਦੀ ਮਿਲਵੀਂ ਸੁਰ, ਸਿੰਘਾਂ ਦਾ ਰਲ ਕੇ ਉਤਸ਼ਾਹ ਨਾਲ ਉਸ ਧਾਰਨ ਨੂੰ ਗਾਉਣਾ ਸ੍ਰੋਤਿਆਂ ਉਤੇ ਵਜਦ ਦੀ ਹਾਲਤ ਪੈਦਾ ਕਰ ਰਿਹਾ ਸੀ। ਵਿਚ ਵਿਚ ਭਾਈ ਗਿਆਨ ਸਿੰਘ ਜੀ ਆਪਣੇ ਸੁਰੀਲੇ ਗਲੇ ਨਾਲ ਸ਼ਬਦ ਦੀ ਵਿਆਖਿਆ ਕਰਦੇ ਸਨ। ਤੁਕਾਂ ਦੇ ਅਰਥ ਕਰਨ ਵੇਲੇ ਉਹ ਤੁਕਾਂ ਦੇ ਤਿੰਨ ਤਿੰਨ ਚਾਰ ਚਾਰ ਅਰਥ ਕਰਦੇ ਸਨ। ਇਹ ਵਿਦਵਤਾ-ਭਰੀ ਵਿਆਖਿਆ ਸੁਣਨ ਦਾ ਭੀ ਮੇਰੇ ਵਾਸਤੇ ਪਹਿਲਾ ਮੌਕਾ ਸੀ। ਮੈਂ ਭਾਈ ਗਿਆਨ ਸਿੰਘ ਜੀ ਤੋਂ ਸਦਕੇ ਹੁੰਦਾ ਜਾ ਰਿਹਾ ਸਾਂ। ਉਨ੍ਹਾਂ ਦਾ ਸਰੂਰ-ਭਰਿਆ ਚਿਹਰਾ ਅੱਜ ਤਕ ਕਈ ਵੇਰੀ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਰਿਹਾ ਹੈ।

ਲਗਨ:

ਗੁਰਪੁਰਬ ਲੰਘ ਗਿਆ। ਭਾਈ ਗਿਆਨ ਸਿੰਘ ਜੀ ਸਾਂਘਲੇ ਪੰਜ ਸੱਤ ਦਿਨ ਹੋਰ ਠਹਿਰੇ। ਦੀਵਾਨ ਸਜਦੇ ਰਹੇ, ਜਿੱਥੇ ਉਹ ਹੱਲੇ ਦੀਆਂ ਧਾਰਨਾਂ ਤੇ ਸ਼ਬਦ ਸੁਣਾਂਦੇ ਰਹੇ। ਸ਼ਬਦ ਆਮ ਤੌਰ ਤੇ ਭਗਤ-ਬਾਣੀ ਵਿਚੋਂ ਹੀ ਸਨ। ਉਨ੍ਹਾਂ ਨਾਲ ਪੰਜ ਸੱਤ ਦਿਨਾਂ ਦੀ ਸੰਗਤ ਦਾ ਸਦਕਾ ਮੈਨੂੰ ਭੀ ਇਹ ਲਗਨ ਲੱਗ ਗਈ। ਮੈਂ ਪੰਡਿਤ ਤਾਰਾ ਸਿੰਘ ਜੀ ਅਤੇ ਭਾਈ ਭਗਵਾਨ ਸਿੰਘ ਜੀ ਦੇ ਭਗਤ-ਬਾਣੀ ਦੇ ਟੀਕੇ ਮੰਗਵਾ ਲਏ। ਸ਼ਬਦ ਜ਼ਬਾਨੀ ਯਾਦ ਕਰਨੇ ਸ਼ੁਰੂ ਕਰ ਦਿੱਤੇ, ਤੇ ਹੱਲੇ ਦੀਆਂ ਧਾਰਨਾਂ ਤੇ ਦੀਵਾਨਾਂ ਵਿਚ ਗਾਣੇ ਭੀ ਸ਼ੁਰੂ ਕਰ ਦਿੱਤੇ। ਸ਼ਬਦ ਯਾਦ ਭੀ ਆਮ ਤੌਰ ਤੇ ਉਹੀ ਕਰਨੇ ਜੋ ਬਹੁ-ਅਰਥਕ ਹੋਣ। ਸਾਂਗਲਾ ਤਾਂ ਮੈਂ 1910 ਵਿਚ ਹੀ ਛੱਡ ਆਇਆ, ਪਰ ਭਾਈ ਗਿਆਨ ਸਿੰਘ ਜੀ ਦੀ ਛੁਹ ਤੋਂ ਹਾਸਲ ਕੀਤੀ ਲਗਨ ਮੇਰਾ ਪੱਕਾ ਸਾਥੀ ਬਣ ਗਈ। 1911 ਵਿਚ ਮੈਂ ਦਿਆਲ ਸਿੰਘ ਕਾਲਜ ਲਾਹੌਰ ਵਿਚ ਪੜ੍ਹਨ ਲਈ ਜਾ ਦਾਖ਼ਲ ਹੋਇਆ। ਉਥੇ ਭੀ ਗੁਰਪੁਰਬਾਂ ਸਮੇ ਸਿੰਘ-ਸਭਾ ਵਲੋਂ ਹੁੰਦੇ ਨਗਰ-ਕੀਰਤਨਾਂ ਵਿਚ ਮੈਂ ਕਿਸੇ ਨਾ ਕਿਸੇ ਜੱਥੇ ਦੇ ਨਾਲ ਸ਼ਾਮਲ ਹੋ ਕੇ ਹੱਲੇ ਦੇ ਸ਼ਬਦ ਪੜ੍ਹਨ ਅਤੇ ਉਨ੍ਹਾਂ ਦੀ ਬਹੁ-ਅਰਥਕ ਵਿਆਖਿਆ ਕਰਨ ਦਾ ਸ਼ੌਕ ਪੂਰਾ ਕਰ ਹੀ ਲੈਂਦਾ ਸਾਂ।

ਜਾਗ:

ਸੰਨ 1913 ਦੀਆਂ ਗਰਮੀਆਂ ਦੇ ਦਿਨ ਸਨ। ਐਫ. ਏ. ਦਾ ਇਮਤਿਹਾਨ ਦੇ ਕੇ ਮੈਂ ਆਪਣੇ ਪਿੰਡ (ਥਰਪਾਲ) ਗਿਆ ਹੋਇਆ ਸਾਂ ਸਾਡੇ ਪਿੰਡ ਤੋਂ ਅੱਧ ਕੁ ਮੀਲ ਤੇ ਸੀ (ਰਈਆ ਤਸੀਲ ਜ਼ਿਲਾ ਸਿਆਲ ਕੋਟ)। ਉਥੇ ਇਕ ਗੁਰਦੁਆਰਾ ਸੀ। ਆਮ ਤੌਰ ਤੇ ਰੋਜ਼ਾਨਾ ਕੁਝ ਸਮਾਂ ਮੈਂ ਉਥੇ ਗੁਜ਼ਾਰਿਆ ਕਰਦਾ ਸਾਂ। ਇਕ ਦਿਨ ਇਕ ਜੰਞ ਦੁਪਹਿਰ ਕੱਟਣ ਵਾਸਤੇ ਗੁਰਦੁਆਰੇ ਵਿਚ ਆ ਟਿਕੀ। ਇਹ ਜੰਞ ਸੀ ਆਰੀਆ ਸਮਾਜੀ ਵੀਰਾਂ ਦੀ। ਇਕ ਪ੍ਰਚਾਰਕ ਭੀ ਉਨ੍ਹਾਂ ਦੇ ਨਾਲ ਸੀ। ਉਹ ਸੱਜਣ ਮੇਰੇ ਪਾਸ ਆ ਬੈਠਾ। ਗੱਲਾਂ-ਬਾਤਾਂ ਛੇੜ ਕੇ ਮੈਨੂੰ ਕਹਿਣ ਲੱਗਾ = ਜੇ ਕਿਸੇ ਮਨੁੱਖ ਪਾਸੋਂ ਉਸ ਦੇ ਪਿਉ ਦਾ ਨਾਮ ਪੁੱਛੀਏ, ਉਹ ਅੱਗੋਂ ਉੱਤਰ ਦੇਵੇ, ਕਿ ਮੇਰੇ ਪਿਉ ਦਾ ਨਾਮ ਅਹਿ ਸੀ, ਜਾਂ ਅਹਿ ਸੀ, ਜਾਂ ਅਹਿ ਸੀ। ਇਸੇ ਤਰ੍ਹਾਂ 'ਜਾਂ, ਜਾਂ' ਵਿਚ ਉਹ ਅੱਠ ਨੌ ਨਾਮ ਦੱਸ ਦੇਵੇ। ਉਸ ਦਾ ਇਹ ਉੱਤਰ ਸੁਣ ਕੇ ਇਹੀ ਅੰਦਾਜ਼ਾ ਲਾਣਾ ਪਏਗਾ ਕਿ ਉਸ ਮਨੁੱਖ ਨੂੰ ਜਾਂ ਤਾਂ ਆਪਣੇ ਪਿਉ ਦਾ ਨਾਮ ਹੀ ਨਹੀਂ ਆਉਂਦਾ, ਜਾਂ ਇਹ ਆਪ ਹੀ ਪਾਗਲ ਹੈ।

ਗੱਲ ਬਾਤ ਦਾ ਇਹ ਪੈਂਤੜਾ ਬੰਨ੍ਹ ਕੇ ਉਹ ਪ੍ਰਚਾਰਕ ਸੱਜਣ ਫਿਰ ਮੈਨੂੰ ਕਹਿਣ ਲੱਗਾ = ਤੁਸੀਂ ਸਿੱਖ ਲੋਕ ਫ਼ਖ਼ਰ ਨਾਲ ਇਹ ਆਖਦੇ ਹੋ ਕਿ ਸਿਰਫ਼ ਤੁਹਾਡਾ ਹੀ ਧਾਰਮਿਕ ਗ੍ਰੰਥ ਐਸਾ ਹੈ ਜੋ ਤੁਹਾਡੀ ਆਪਣੀ ਬੋਲੀ ਵਿਚ ਹੈ। ਪਰ ਹਾਲ ਤੁਹਾਡਾ ਇਹ ਹੈ ਕਿ ਇਕ ਇਕ ਤੁਕ ਦੇ ਦਸ ਦਸ ਅਰਥ ਕਰਨ ਨੂੰ ਤੁਸੀਂ ਵਿਦਵਤਾ ਸਮਝਦੇ ਹੋ। ਕੀ ਇਹ ਵਿਦਵਤਾ ਹੈ ਜਾਂ ਨਾ-ਵਾਕਫ਼ੀਅਤ?

ਬੱਸ! ਉਹ ਸੱਜਣ ਦੀ ਇਹ ਟੋਕ ਮੇਰੇ ਅੰਦਰ ਕਾਟ ਕਰ ਗਈ। ਮੈਂ ਬਹੁ-ਅਰਥਕ ਵਿਦਵਤਾ ਦੀ ਨੀਂਦਰ ਵਿਚੋਂ ਜਾਗ ਪਿਆ। ਮੈਨੂੰ ਸਮਝ ਆ ਗਈ ਕਿ ਪੰਜ ਸੌ ਸਾਲਾਂ ਤੋਂ ਪਹਿਲਾਂ ਦੀ ਪੁਰਾਣੀ ਬੋਲੀ ਨੂੰ ਨ ਸਮਝਣ ਕਰਕੇ 'ਜਾਂ, ਜਾਂ' ਵਾਲੇ ਅੰਦਾਜ਼ੇ ਵਿਦਵਤਾ ਦੀ ਨਿਸ਼ਾਨੀ ਨਹੀਂ ਹਨ। ਉਸ ਦਿਨ ਤੋਂ ਮੈਨੂੰ ਉਸ ਬਹੁ-ਅਰਥਕਤਾ ਦੀ ਵਿੱਦਿਆ ਦਾ ਹੁਲਾਰਾ ਆਉਣਾ ਮੁੱਕ ਗਿਆ।

ਬੋਲੀ ਬਦਲਦੀ ਰਹਿੰਦੀ ਹੈ:

ਇਹ ਇੱਕ ਸਿੱਧੀ-ਪਧਰੀ ਗੱਲ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ਉਤੇ ਬਹੁਤ ਥੋੜ੍ਹੀ ਵੱਸੋਂ ਸੀ। ਇਹ ਵਸੋਂ ਹੁੰਦੀ ਭੀ ਧਰਤੀ ਦੇ ਉਨ੍ਹਾਂ ਹਿੱਸਿਆਂ ਵਿਚ ਹੀ ਸੀ, ਜਿਹੜੇ ਕੁਦਰਤੀ ਤੌਰ ਤੇ ਅੰਨ-ਉਪਜਾਊ ਹੁੰਦੇ ਸਨ। ਕਿਸੇ ਇੱਕੋ ਇਲਾਕੇ ਵਿਚ ਵੱਸਦੇ ਲੋਕਾਂ ਦੀ ਬੋਲੀ ਭੀ, ਕੁਝ ਕੁਝ ਫ਼ਰਕ ਨਾਲ, ਤਕਰੀਬਨ ਇਕੋ ਜਿਹੀ ਹੋਣੀ ਭੀ ਕੁਦਰਤੀ ਗੱਲ ਹੈ।

ਪਰ ਮੁੱਢ-ਕਦੀਮਾਂ ਤੋਂ ਹੀ ਅਜਿਹੀਆਂ ਘਟਨਾਵਾਂ ਭੀ ਹੁੰਦੀਆਂ ਚਲੀਆਂ ਆਈਆਂ ਹਨ, ਜਿਨ੍ਹਾਂ ਦੇ ਕਾਰਨ ਵੱਸਦੇ ਦੇਸ਼ ਉਜੜਦੇ ਰਹੇ, ਤੇ ਉਜੜੇ ਦੇਸ਼ ਵੱਸਦੇ ਰਹੇ ਹਨ। ਟਿੱਡੀ-ਦਲ ਨੇ ਪੁਰਾਣੇ ਸਮੇ ਵਿਚ ਅਨੇਕਾਂ ਵੱਸਦੇ ਦੇਸ ਉਜਾੜੇ। ਲੰਮੀ ਔੜ ਭੀ ਵੱਸਦਿਆਂ ਨੂੰ ਉਜਾੜਦੀ ਰਹੀ ਹੈ। ਇਹੋ ਜਿਹੀਆਂ ਘਟਨਾਵਾਂ ਦੇ ਕਾਰਨ ਸੈਂਕੜੇ ਹਜ਼ਾਰਾਂ ਇਕੱਠੇ-ਵੱਸਦੇ ਘਰਾਣੇ ਸਦਾ ਲਈ ਵਿਛੜ ਜਾਂਦੇ ਹਨ। ਨਵੇਂ ਵਾਯੂ-ਮੰਡਲ ਵਿਚ ਜਾ ਕੇ ਸਦੀਆਂ ਪਿਛੋਂ ਉਨ੍ਹਾਂ ਦੀ ਬੋਲੀ ਬਦਲ ਜਾਂਦੀ ਹੈ ਇਉਂ ਜਾਪਦਾ ਹੈ ਕਿ ਉਨ੍ਹਾਂ ਬੋਲੀਆਂ ਵਿਚ ਕਿਤੇ ਕੋਈ ਸੰਬੰਧ ਹੀ ਨਹੀਂ ਸੀ। ਖ਼ਾਸ ਖੋਜ ਕੀਤਿਆਂ ਹੀ ਕੋਈ ਕੋਈ ਸਾਂਝੇ ਲਫ਼ਜ਼ ਲੱਭਦੇ ਹਨ, ਜਿਹੜੇ ਸਦੀਆਂ ਪਹਿਲਾਂ ਦੀ ਕੋਈ ਪੁਰਾਣੀ ਸਾਂਝ ਦਰਸਾਂਦੇ ਹਨ।

ਵੰਨਗੀ ਵਜੋਂ ਰੂਸੀ ਬੋਲੀ ਅਤੇ ਸੰਸਕ੍ਰਿਤ ਵਿਚੋਂ ਕੁਝ ਲਫ਼ਜ਼ ਹੇਠਾਂ ਦਿੱਤੇ ਜਾਂਦੇ ਹਨ:

(1) ਕੁੱਤਾ ਮਨੁੱਖ ਦਾ ਬੜਾ ਪੁਰਾਣਾ ਸਾਥੀ ਤੁਰਿਆ ਆ ਰਿਹਾ ਜਾਪਦਾ ਹੈ। ਕੁੱਤੇ ਵਾਸਤੇ ਰੂਸੀ ਲਫ਼ਜ਼ 'ਸੁਬਾਹਕਾ' ਅਤੇ ਸੰਸਕ੍ਰਿਤ ਦਾ ਲਫ਼ਜ਼ ਹੈ 'ਸ੍ਵਕ' (Óvk:)। ਕੈਸੀ ਅਜਬ ਸਾਂਝ ਦਿੱਸਦੀ ਹੈ! ਪਰ ਰੂਸ ਵਿਚ ਤਾਂ ਇਹ ਲਫ਼ਜ਼ ਕਾਇਮ ਹੈ। ਸਾਡੇ ਦੇਸ ਵਿਚ ਸਿਰਫ਼ ਕਿਤਾਬਾਂ ਵਿਚ ਹੀ ਰਹਿ ਗਿਆ।

(2) 'ਰੁੱਖ' ਵਾਸਤੇ ਰੂਸੀ ਲਫ਼ਜ਼ 'ਦੇਰ੍ਹ੍ਹਵ' (ਦੇਹਰਵ) ਹੈ। ਸੰਸਕ੍ਰਿਤ ਵਿਚ 'ਦ੍ਰੁਮ' (dRum)।

(3) ਬਹੁਤ ਠੰਢੇ ਦੇਸ਼ਾਂ ਵਿਚ ਸਿਰ ਨੂੰ ਸਰਦੀ ਤੋਂ ਬਚਾਣ ਦੀ ਆਮ ਤੌਰ ਤੇ ਲੋੜ ਪੈਂਦੀ ਆਈ ਹੈ। ਸੰਸਕ੍ਰਿਤ ਲਫ਼ਜ਼ ਹੈ 'ਸ਼ਿਰਸਪ' (i_rÔp) = ਭਾਵ ਸਿਰ ਦੀ ਹਿਫ਼ਾਜ਼ਤ ਕਰਨ ਵਾਲਾ (ਟੋਪ ਆਦਿਕ)। ਰੂਸੀ ਲਫ਼ਜ਼ ਹੈ 'ਸ਼ਲਾਹਪਾ' 'ਸ਼ਲਾਪਾ'। ਸੰਸਕ੍ਰਿਤ ਦਾ ਲਫ਼ਜ਼ ਆਮ ਬੋਲੀ ਵਿਚੋਂ ਮੁੱਕ ਗਿਆ।

(4) ਘਰ ਬਣਾਣਾ ਤੇ ਘਰਾਂ ਨੂੰ ਦਰਵਾਜ਼ੇ ਲਾਣ ਦੀ ਲੋੜ ਮਨੁੱਖ ਨੂੰ ਹਜ਼ਾਰਾਂ ਸਾਲ ਪਹਿਲਾਂ ਤੋਂ ਪੈਂਦੀ ਆ ਰਹੀ ਹੈ। ਸੰਸਕ੍ਰਿਤ ਲਫ਼ਜ਼ 'ਦ੍ਵਾਰ' (wr) , ਰੂਸੀ ਲਫ਼ਜ਼ 'ਦ੍ਵ'।

(5) 'ਹਥ' ਵਾਸਤੇ ਸੰਸਕ੍ਰਿਤ ਦਾ ਲਫ਼ਜ਼ ਹੈ 'ਕਰ' (kr) ਰੂਸੀ ਲਫ਼ਜ਼ ਹੈ 'ਰੁਕਾ'='ਰੁਕਾਹ'। ਦੋਵੇਂ ਅੱਖਰ ਉਲਟ ਗਏ ਹਨ।

(6) ਗਿਣਤੀ ਦੇ ਹਿੰਦਸੇ ਵੇਖੋ:

ਦੋ = ਸੰਸਕ੍ਰਿਤ 'ਦ੍ਵਿ' (i) , ਰੂਸੀ 'ਦ੍ਵ'।
ਤਿੰਨ = ਸੰਸਕ੍ਰਿਤ 'ਤ੍ਰਿ' (i>) , ਰੂਸੀ 'ਤ੍ਰਿ'।
ਚਾਰ = ਸੰਸਕ੍ਰਿਤ 'ਚਤੁਰ' (cqur) , ਰੂਸੀ 'ਚਿਤਿਰ'।
ਦੋਵੇਂ = ਸੰਸਕ੍ਰਿਤ ਉਭਯ (aBX) , ਰੂਸੀ 'ਓਬਾ'।

(7) ਪੜਨਾਂਵ

ਸਾਨੂੰ = ਸੰਸਕ੍ਰਿਤ 'ਨਹ' (n:) ਰੂਸੀ 'ਨਸ'।
ਤੁਹਾਨੂੰ = ਸੰਸਕ੍ਰਿਤ 'ਵਹ' (v:) , ਰੂਸੀ 'ਵਸ'।

ਨੋਟ: ਸੰਸਕ੍ਰਿਤ ਦਾ ':' (s`) ਹੈ।

(8) ਸ੍ਰੀ ਰਾਮ ਚੰਦਰ ਜੀ ਦੀ ਜੀਵਨ-ਕਥਾ ਜਿਸ ਸਭ ਤੋਂ ਪੁਰਾਣੀ ਪੁਸਤਕ ਵਿਚ ਲਿਖੀ ਹੋਈ ਹੈ, ਉਸ ਦਾ ਆਮ ਪਰਸਿੱਧ ਨਾਮ 'ਰਾਮਾਇਣ' ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਰੂਸੀ ਬੋਲੀ ਵਿਚ 'ਕਹਾਣੀ, ਕਥਾ' ਵਾਸਤੇ ਲਫ਼ਜ਼ ਹੈ 'ਰਮਾਹਣ'।

(9) ਕ੍ਰਿਆ ਵਿਸ਼ੇਸ਼ਣ

ਤਦੋਂ = ਸੰਸਕ੍ਰਿਤ 'ਤਦਾ' (qdw) , ਰੂਸੀ 'ਤਗਦਾ'।
ਕਦੋਂ = ਸੰਸਕ੍ਰਿਤ 'ਕਦਾ' (kdw) , 'ਕਗਦਾ'।
'ਨ ਕਦਾ' (n kdw) =ਰੂਸੀ 'ਨਿ-ਕਗਦਾ'।
ਸਦਾ = ਸੰਸਕ੍ਰਿਤ 'ਸਦਾ' (sdw) , ਰੂਸੀ 'ਵਸਿਗਦਾ'।

(10) ਸੰਸਕ੍ਰਿਤ ਵਿਚ ਕਿਸੇ ਵਿਸ਼ੇਸ਼ਣ ਤੋਂ 'ਭਾਵ-ਵਾਚਕ ਨਾਮ' ਬਣਾਣ ਲਈ 'ਵਿਸ਼ੇਸ਼ਣ' ਦੇ ਅੰਤ ਵਿਚ 'ਤਾ' (qw) ਲਾਈਦਾ ਹੈ, ਰੂਸੀ ਵਿਚ 'ਦਾ'।

ਸੰਸਕ੍ਰਿਤ 'ਪ੍ਰਭੂ' (pRBu) , ਰੂਸੀ 'ਪ੍ਰਵ' ਇਨ੍ਹਾਂ ਤੋਂ ਭਾਵ-ਵਾਚਕ ਨਾਮ'।
ਸੰਸਕ੍ਰਿਤ 'ਪ੍ਰਭੂਤਾ' (pRBuqw) ਰੂਸੀ 'ਪ੍ਰਵਦਾ'

(11) ਕ੍ਰਿਆ

ਦੇਣਾ = ਸੰਸਕ੍ਰਿਤ 'ਦਾ' (dw) , ਰੂਸੀ 'ਦਤ'।
ਡਿੱਗਣਾ = ਸੰਸਕ੍ਰਿਤ (pq`) , ਰੂਸੀ 'ਪੋਦਤ'।
ਵੇਚਣਾ = ਸੰਸਕ੍ਰਿਤ 'ਪ੍ਰਦਾ' (pRdw) ਰੂਸੀ 'ਪ੍ਰਦਤ'।

(12) ਕੁਝ ਕੁ ਹੋਰ ਲਫ਼ਜ਼:

ਪਾਣੀ = ਸੰ: 'ਉਦਕ' (adk) ਰੂਸੀ 'ਵਦਾ'।
ਹਵਾ = ਸੰ: 'ਵਾਤ' (vwq) ਰੂਸੀ 'ਵੇਤਰ'।
ਸੱਕਰ = ਸੰ: 'ਸ਼ਰਕਰਾ' (_kLrw) , ਰੂਸੀ 'ਸਾਖਰ'।
ਆਕਾਸ = ਸੰ: 'ਨਭਸ' (pRBs`) , ਰੂਸੀ 'ਨੇਬੋ'।

ਅਨੇਕਾਂ ਹੀ ਅਜੇਹੇ ਲਫ਼ਜ਼ ਮਿਲਦੇ ਹਨ, ਜੋ ਸਾਡੇ ਦੇਸ਼ ਵਿਚ ਤਾਂ ਸੰਸਕ੍ਰਿਤ ਦੀਆਂ ਕਿਤਾਬਾਂ ਵਿਚ ਹੀ ਰਹਿ ਗਏ ਹਨ, ਪਰ ਰੂਸ ਵਿਚ ਅਜੇ ਤਕ ਬੋਲੇ ਜਾ ਰਹੇ ਹਨ।

ਇਉਂ ਜਾਪਦਾ ਹੈ ਕਿ ਕਿਸੇ ਲੰਮੀ ਔੜ, ਭਿਆਨਕ ਮਰੀ ਜਾਂ ਟਿੱਡੀਦਲ ਆਦਿਕ ਦੀ ਬਿਪਤਾ ਨੇ ਇਕੱਠੇ ਵੱਸਦਿਆਂ ਵਿਚੋਂ ਸੈਂਕੜੇ ਹਜ਼ਾਰਾਂ ਘਰਾਣਿਆਂ ਨੂੰ ਉਥੋਂ ਦੱਖਣ ਵਲ ਆਉਣ ਤੇ ਮਜਬੂਰ ਕੀਤਾ। ਇਥੇ, ਕੁਝ ਤਾਂ ਬਦਲੇ ਹੋਏ ਹਵਾ-ਪਾਣੀ ਦਾ ਅਸਰ ਪਿਆ, ਕੁਝ ਇਥੋਂ ਦੇ ਪਹਿਲੇ ਵਸਨੀਕਾਂ ਨਾਲ ਮੇਲ-ਜੋਲ ਦਾ ਅਸਰ ਹੋਇਆ।

ਬੋਲੀ ਕਿਉਂ ਬਦਲਦੀ ਹੈ?

ਸੰਨ 1935 ਦਾ ਜ਼ਿਕਰ ਹੈ। ਮੇਰਾ ਛੋਟਾ ਕਾਕਾ ਜਦੋਂ ਗੱਲਾਂ ਸਿੱਖਣ-ਜੋਗਾ ਹੋਇਆ, ਅਸੀਂ ਉਸ ਨੂੰ ਸਿਖਾਂਦੇ ਸਾਂ, ਕਾਕਾ! ਆਖ– 'ਭਾਪਾ ਜੀ'। ਅਗੋਂ ਉਹ ਆਖਦਾ ਸੀ = 'ਭਾਪਾ ਗਾ'। ਅਸੀਂ ਆਖੀਏ, ਆਖ– 'ਭਾਬੋ ਜੀ'। ਉਹ ਆਖੇ = 'ਭਬਕਾ'। ਉਸ ਦੀ ਇਸ ਅਸਚਰਜ ਬੋਲੀ ਉਤੇ ਅਸੀਂ ਸਾਰੇ ਬੜੇ ਹੀ ਹੈਰਾਨ ਸਾਂ। ਕੁਝ ਚਿਰ ਅਸੀਂ ਇਹ ਸਮਝਦੇ ਰਹੇ, ਕਿ ਇਹ ਜਾਣ-ਬੁੱਝ ਕੇ 'ਭਾਪਾ ਗਾ' ਅਤੇ 'ਭਬਕਾ' ਹੀ ਆਖਦਾ ਹੈ। ਪਰ ਉਹ ਤਾਂ ਕਈ ਮਹੀਨੇ ਹੀ 'ਭਾਪਾ ਗਾ' ਅਤੇ 'ਭਬਕਾ' ਹੀ ਆਖਦਾ ਰਿਹਾ।

ਉਸ ਦੀ ਇਸ ਅਸਚਰਜ ਬੋਲੀ ਦਾ ਕਾਰਨ ਆਖ਼ਰ ਸਾਡੀ ਸਮਝ ਵਿਚ ਆ ਹੀ ਗਿਆ। ਜਦੋਂ ਉਹ ਅਜੇ ਛੋਟਾ ਜਿਹਾ ਸੀ, ਉਹ ਆਪਣੀ ਜੀਭ ਬੁੱਲ੍ਹਾਂ ਤੋਂ ਬਾਹਰ ਨਹੀਂ ਕੱਢ ਸਕਦਾ ਸੀ। ਦੁੱਧ ਭੀ ਚੰਗੀ ਤਰ੍ਹਾਂ ਨਹੀਂ ਚੁੰਘ ਸਕਦਾ ਸੀ। ਡਾਕਟਰ ਨੂੰ ਵਿਖਾਇਆ। ਉਸ ਨੇ ਦੱਸਿਆ ਕਿ ਜੀਭ-ਹੇਠਲਾ ਤੰਦੂਆ ਬਹੁਤ ਵਧਿਆ ਹੋਇਆ ਹੈ, ਇਹ ਕੱਟਣਾ ਪਏਗਾ। ਪਰ, ਉਹ ਵਧੀਕ ਕੱਟਿਆ ਗਿਆ। ਇਹ ਤੰਦੂਆ ਜੀਭ ਦੇ ਹੇਠ ਥੰਮ੍ਹੀ ਦਾ ਕੰਮ ਕਰਦਾ ਹੈ। ਜੀਭ ਨੂੰ ਚੁੱਕ ਕੇ ਤਾਲੂ ਨਾਲ ਇਹੀ ਜੋੜਦਾ ਹੈ। ਬੱਚੇ ਦਾ ਤੰਦੂਆ, ਵਧੀਕ ਕੱਟਿਆ ਜਾਣ ਕਰਕੇ, ਕਮਜ਼ੋਰ ਹੋ ਚੁਕਾ ਸੀ। ਉਹ ਉਸ ਦੀ ਜੀਭ ਨੂੰ ਚੁੱਕ ਕੇ ਤਾਲੂ ਨਾਲ ਜੋੜ ਨਹੀਂ ਸੀ ਸਕਦਾ। ਤੇ ਜਿਹੜੇ (ਚ, ਛ, ਜ, ਝ, ਞ, ੲ, ਯ, ਸ਼) ਅੱਖਰ ਜੀਭ ਦੇ ਤਾਲੂ ਨਾਲ ਜੁੜਿਆਂ ਹੀ ਉਚਾਰੇ ਜਾ ਸਕਦੇ ਸਨ, ਉਸ ਪਾਸੋਂ ਉਚਾਰੇ ਨਹੀਂ ਸਨ ਜਾਂਦੇ। ਉਸ ਦਾ ਸੰਘ ਖੁਲ੍ਹਾ ਰਹਿਣ ਕਰਕੇ ਅੱਖਰ 'ਜ' ਦੇ ਥਾਂ ਉਸ ਦੇ ਸੰਘ ਵਿਚੋਂ ਵਿਚੋਂ ਅੱਖਰ 'ਗ' ਨਿਕਲਦਾ ਸੀ। 'ਜ' ਦੀ ' ੀ ' ਦੇ ਥਾਂ ਉਸ ਦੇ ਮੂੰਹੋਂ 'ਆ' ਨਿਕਲਦਾ ਸੀ। ਸੋ, ਲਫ਼ਜ਼ 'ਜੀ' ਦੇ ਥਾਂ ਉਹ 'ਗਾ' ਆਖਦਾ ਸੀ। ਲਫ਼ਜ਼ 'ਭਾਬੋ ਜੀ' ਉਚਾਰਨ ਦੇ ਰਾਹ ਵਿਚ ਉਸ ਨੂੰ ਇਕ ਹੋਰ ਔਖਿਆਈ ਆ ਪੈਂਦੀ ਸੀ। ਅੱਖਰ 'ਬ' ਅਤੇ ਅੱਖਰ 'ਜ' ਦੋਵੇਂ ਹੀ ਆਪੋ ਆਪਣੇ ਵਰਗ ਦਾ ਤੀਜਾ ਅੱਖਰ ਹਨ। ਇਹ ਦੋਵੇਂ ਇਕੱਠੇ ਭੀ ਉਸ ਜੀਭ ਦਾ ਕਮਜ਼ੋਰ ਤੰਦੂਆ ਉਸ ਪਾਸੋਂ ਉਚਾਰਨ ਕਰਾਣ ਲਈ ਅਸਮਰਥ ਸੀ। ਇਸ ਵਾਸਤੇ 'ਭਾਪਾ ਜੀ' ਦੀ ਥਾਂ 'ਭਾਪਾ ਗਾ' ਆਖ ਸਕਣ ਵਾਲਾ ਬੱਚਾ 'ਭਾਬੋ ਜੀ' ਦੇ ਲਫ਼ਜ਼ 'ਜੀ' ਦੇ ਥਾਂ 'ਕਾ' ਹੀ ਆਖ ਸਕਦਾ ਸੀ।

ਅੱਖਰਾਂ ਦੇ ਉਚਾਰਣ-ਅਸਥਾਨ:

ਅੱਖਰਾਂ ਦੇ ਉਚਾਰਨ-ਸਥਾਨਾਂ ਦਾ ਜਾਣਨਾ ਪਾਠਕਾਂ ਵਾਸਤੇ ਦਿਲਚਸਪ ਹੋਵੇਗਾ:

(1) ਅਕੂਹ ਵਿਸਰਜਨੀਯਾਨਾਂ ਕੰਠ: ਭਾਵ ਮਨੁੱਖ ਆਪਣੇ ਸੰਘ (ਗਲੇ) ਤੋਂ ਹੇਠ-ਲਿਖੇ ਅੱਖਰ ਉਚਾਰਦਾ ਹੈ: ਅ, ਹ, ਕ, ਖ, ਗ, ਘ, ਙ।

(2) ਇਚੂ ਯਸ਼ਾਨਾਂ ਤਾਲੂ: ਜਦੋਂ ਜੀਭ ਤਾਲੂ ਨਾਲ ਜੁੜੇ, ਤਾਂ ਹੇਠ-ਲਿਖੇ ਅੱਖਰ ਉਚਾਰੇ ਜਾ ਸਕਦੇ ਹਨ: ਈ, ਯ, ਸ਼, ਚ, ਛ, ਜ, ਝ, ਞ।

(3) ਲ੍ਰਿਤੂ ਲਸਾਨਾਂ ਦੰਤਾ: ਜੀਭ ਦਾ ਅਗਲਾ ਸਿਰਾ ਦੰਦਾਂ ਨਾਲ ਜੋੜਿਆਂ ਹੇਠ ਲਿਖੇ ਅੱਖਰ ਉਚਾਰ ਸਕੀਦੇ ਹਨ: ਲ੍ਰਿ, ਲ; ਸ, ਤ; ਦ, ਧ, ਨ।

(4) ਰਿਟੂ ਰਖ਼ਾਣਾਂ ਮੂਰਧਾ: ਜਦੋਂ ਜੀਭ ਦਾ ਅਗਲਾ ਸਿਰਾ ਤਾਲੂ ਨਾਲ ਜੋੜਿਆ ਜਾਏ, ਤਦੋਂ ਹੇਠ-ਲਿਖੇ ਅੱਖਰ ਉਚਾਰੇ ਜਾ ਸਕਦੇ ਹਨ– ਰਿ (¢) ਰ, ਖ, ਟ, ਠ, ਡ, ਢ, ਣ।

(5) ਉਪੂਪਦਮਾਨੀਯਾਨਾਂ ਓਸ਼ਠਊ = ਦੋਹਾਂ ਬੁਲ੍ਹਾਂ ਨੂੰ ਮੀਟਿਆਂ ਹੇਠ-ਲਿਖੇ ਅੱਖਰ ਉਚਾਰ ਸਕੀਦੇ ਹਨ– ੳ, ਵ, ਪ, ਫ, ਬ, ਭ, ਮ।

ਕਿਸੇ ਇਕ ਵਾਯੂ-ਮੰਡਲ ਵਿਚੋਂ ਰਿਹਾਇਸ਼ ਛੱਡ ਕੇ ਜੇ ਮਨੁੱਖ ਹਜ਼ਾਰਾਂ ਮੀਲਾਂ ਦੀ ਵਿੱਥ ਤੇ ਕਿਸੇ ਨਵੇਂ ਵਾਯੂ-ਮੰਡਲ ਵਿਚ ਜਾ ਵੱਸੇ, ਤਾਂ ਸਹਜੇ ਸਹਜੇ ਉਸ ਦੇ ਗਲੇ ਦੀਆਂ ਆਵਾਜ਼ ਪੈਦਾ ਕਰਨ ਵਾਲੀਆਂ ਨਾੜੀਆਂ ਉਤੇ ਅਸਰ ਪੈਂਦਾ ਜਾਂਦਾ ਹੈ। ਛੱਡ-ਚੁਕੇ ਵਾਯੂ ਮੰਡਲ ਦੀ ਬੋਲੀ ਦੇ ਕਈ ਅੱਖਰ ਉਚਾਰਨੇ ਉਸ ਵਾਸਤੇ ਔਖੇ ਹੁੰਦੇ ਜਾਂਦੇ ਹਨ, ਤੇ ਨਵੇਂ ਵਾਯੂ-ਮੰਡਲ ਦੀ ਬੋਲੀ ਦੇ ਕਈ ਨਵੇਂ ਅੱਖਰ ਉਸ ਲਈ ਉਚਾਰਨੇ ਸੌਖੇ ਹੁੰਦੇ ਜਾਂਦੇ ਹਨ। ਨਵੀਂ ਬੋਲੀ ਵਾਲੇ ਲੋਕਾਂ ਨਾਲ ਮੇਲ-ਮਿਲਾਪ ਭੀ ਇਸ ਤਬਦੀਲੀ ਵਿਚ ਬਹੁਤ ਸਹਾਈ ਹੋ ਜਾਂਦਾ ਹੈ।

ਪੜ੍ਹੇ ਹੋਏ ਅਤੇ ਅਨਪੜ੍ਹ ਮਨੁੱਖ ਦੀ ਬੋਲੀ ਵਿਚ ਭੀ ਬੜਾ ਫ਼ਰਕ ਪੈ ਜਾਂਦਾ ਹੈ। ਪੜ੍ਹੇ ਹੋਏ ਬੰਦੇ ਦੀਆਂ ਨਾਦ-ਤੰਤੀਆਂ ਨੂੰ ਜਿਹੜਾ ਰੋਜ਼ਾਨਾ ਅਭਿਆਸ ਮਿਲਦਾ ਹੈ, ਅਨਪੜ੍ਹ ਉਸ ਅਭਿਆਸ ਤੋਂ ਖ਼ਾਲੀ ਰਹਿ ਜਾਂਦਾ ਹੈ। ਤਾਂਹੀਏਂ ਅਨਪੜ੍ਹ ਮਨੁੱਖ ਕਈ ਐਸੇ ਅੱਖਰ ਆਸਾਨੀ ਨਾਲ ਨਹੀਂ ਉਚਾਰ ਸਕਦੇ, ਜਿਨ੍ਹਾਂ ਦੇ ਵਾਸਤੇ ਪੜ੍ਹੇ ਹੋਏ ਮਨੁੱਖ ਨੂੰ ਕੋਈ ਔਖਿਆਈ ਨਹੀਂ ਹੁੰਦੀ।

ਬੋਲੀ ਦੀ ਇਸ ਤਰ੍ਹਾਂ ਪੈਦਾ ਹੋ ਰਹੀ ਤਬਦੀਲੀ ਦਾ ਅਸਰ ਬੋਲੀ ਦੇ ਵਿਆਕਰਣ ਉਤੇ ਭੀ ਪੈ ਜਾਂਦਾ ਹੈ, ਕਿਉਂਕਿ 'ਵਿਆਕਰਣ' ਕੀਹ ਹੈ? ਵਿਆਕਰਣ ਹੈ ਕਿਸੇ ਬੋਲੀ ਦੇ ਪਰਸਪਰ ਸੰਬੰਧ ਦੇ ਨਿਯਮਾਂ ਦਾ ਸੰਗ੍ਰਹਿ। ਜਦੋਂ ਲਫ਼ਜ਼ਾਂ ਦੀ ਸ਼ਕਲ ਬਦਲਦੀ ਹੈ, ਤਾਂ ਉਨ੍ਹਾਂ ਦਾ ਆਪੋ ਵਿਚ ਸੰਬੰਧ ਪੈਦਾ ਕਰਨ ਵਾਲੇ ਲਫ਼ਜ਼ਾਂ ਦੀ ਸ਼ਕਲ ਵਿਚ ਭੀ ਫ਼ਰਕ ਪੈਦਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਤਬਦੀਲ ਹੋਈ ਬੋਲੀ ਦੇ ਵਿਆਕਰਣ ਦੀ ਸ਼ਕਲ ਭੀ ਬਦਲ ਕੇ ਹੋਰ ਹੋ ਜਾਂਦੀ ਹੈ।

ਗੁਰਬਾਣੀ ਦੇ ਵਿਆਕਰਣ ਸੰਬੰਧੀ ਇਤਰਾਜ਼:

ਜਦੋਂ 1932 ਤੋਂ ਪਿਛੋਂ ਕੁਝ ਕੁ ਪੰਜਾਬੀ ਮਾਸਕ ਪੱਤਰਾਂ ਵਿਚ ਮੈਂ ਗੁਰਬਾਣੀ ਵਿਆਕਰਣ ਬਾਰੇ ਮਜ਼ਮੂਨ ਲਿਖਣੇ ਸ਼ੁਰੂ ਕੀਤੇ, ਤਾਂ ਕਈ ਸੱਜਣਾਂ ਨੇ ਬੜੀ ਵਿਰੋਧਤਾ ਕੀਤੀ। ਮੇਰੇ ਉਤੇ ਇਹ ਦੂਸ਼ਣ ਲੱਗਣ ਪਏ, ਕਿ ਇਹ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦੇ ਜਤਨ ਕਰ ਰਿਹਾ ਹੈ।

ਸਾਨੂੰ ਇਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਉਹ ਇਹ ਕਿ ਕਿਸੇ ਬੋਲੀ ਨੂੰ ਕਿਸੇ ਖ਼ਾਸ ਵਿਆਕਰਣ ਦੇ ਪਿਛੇ ਤੋਰਿਆ ਨਹੀਂ ਜਾ ਸਕਦਾ। ਵਿਆਕਰਣ ਤਾਂ ਬੋਲੀ ਵਿਚੋਂ ਲੱਭੀਦਾ ਹੈ। ਮੁੱਢਲੀ ਚੀਜ਼ ਹੈ ਬੋਲੀ। ਉਸ ਬੋਲੀ ਦੇ ਲਫ਼ਜ਼ਾਂ ਦੇ ਪਰਸਪਰ ਮੇਲ ਦੇ ਨਿਯਮਾਂ ਨੂੰ ਲੱਭ ਕੇ ਵਿਆਕਰਣ ਬਣਾਈਦਾ ਹੈ।

ਬੋਲੀ ਸੁਤੇ ਹੀ ਵਿਆਕਰਣ ਅਨੁਸਾਰ:

ਕੋਈ ਮਨੁੱਖ ਪੜ੍ਹਿਆ ਹੋਇਆ ਹੋਵੇ, ਚਾਹੇ ਅਨਪੜ੍ਹ ਹੋਵੇ, ਉਮਰੋਂ ਕੋਈ ਸਿਆਣਾ ਹੋਵੇ ਚਾਹੇ ਅੰਞਾਣਾ, ਸੁਤੇ ਹੀ ਹਰੇਕ ਪ੍ਰਾਣੀ ਜੋ ਕੁਝ ਬੋਲਦਾ ਹੈ, ਉਹ ਉਸ ਦੇ ਦੇਸ ਦੀ ਬੋਲੀ ਦੇ ਵਿਆਕਰਣ ਅਨੁਸਾਰ ਹੀ ਹੁੰਦਾ ਹੈ। ਮੁੰਡਾ ਜਾਂਦੀ ਹੈ, ਕੁੜੀ ਜਾਂਦਾ ਹੈ– ਅਜੇਹੇ ਵਾਕ ਕੋਈ ਭੀ ਨਹੀਂ ਬੋਲੇਗਾ।

1929 ਦਾ ਜ਼ਿਕਰ ਹੈ। ਮੈਂ ਗੁਰੂ ਨਾਨਕ ਖ਼ਾਲਸਾ ਕਾਲਜ, ਗੁਜਰਾਂਵਾਲੇ ਵਿਚ ਪੜ੍ਹਾਂਦਾ ਸਾਂ। ਮੇਰਾ ਘਰ ਕਾਲਜ ਦੇ ਸਾਹਮਣੇ ਹੀ ਕੋਈ ਅੱਧੇ ਫ਼ਰਲਾਂਗ ਦੀ ਵਿੱਥ ਤੇ ਸੀ। ਸਵੇਰੇ ਕਾਲਜ ਜਾਣ ਲੱਗਾ। ਉਸ ਵੇਲੇ ਮੇਰਾ ਇਕ ਛੋਟਾ ਲੜਕਾ ਅਤੇ ਉਸ ਦੀ ਭੈਣ ਘਰ ਦੇ ਬੂਹੇ ਤੋਂ ਬਾਹਰ ਬੈਠੇ ਖੇਡ ਰਹੇ ਸਨ। ਕੋਲੋਂ ਲੰਘਦਿਆਂ ਸੁਭਾਵਕ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕੀ ਕਰ ਰਹੇ ਹਨ। ਪਰ ਪੁੱਛਣ ਵੇਲੇ ਮੇਰੇ ਮੂੰਹ ਲਫ਼ਜ਼ ਨਿਕਲੇ 'ਕੀਹ ਕਰ ਰਹੀਆਂ ਹੋ?' ਲੜਕੇ ਦੀ ਉਮਰ ਉਸ ਵੇਲੇ ਢਾਈ ਸਾਲਾਂ ਦੀ ਸੀ, ਅਤੇ ਲੜਕੀ ਦੀ ਉਮਰ ਅੱਠ ਸਾਲਾਂ ਦੀ। ਮੇਰੇ ਇਹ ਲਫ਼ਜ਼ ਸੁਣ ਕੇ ਮੇਰਾ ਲੜਕਾ ਖਿੜ ਖਿੜ ਹੱਸ ਪਿਆ। ਆਪਣੀ ਗ਼ਲਤੀ ਦਾ ਤਾਂ ਮੈਨੂੰ ਉਸੇ ਵੇਲੇ ਪਤਾ ਲੱਗ ਗਿਆ ਸੀ, ਜਦੋਂ ਉਹ ਲਫ਼ਜ਼ ਮੇਰੇ ਮੂੰਹੋਂ ਨਿਕਲੇ ਸਨ। ਪਰ ਮੈਂ ਹੁਣ ਵੇਖਣਾ ਚਾਹੁੰਦਾ ਸਾਂ ਕਿ ਕੀ ਇਹ ਛੋਟਾ ਜਿਹਾ ਬੱਚਾ ਭੀ ਮੇਰੀ ਗ਼ਲਤੀ ਨੂੰ ਤਾੜ ਗਿਆ ਹੈ? ਮੈਂ ਉਸ ਨੂੰ ਪੁੱਛਿਆ = ਕੁਲਵੰਤ! ਕਿਉਂ ਹੱਸਿਆ ਹੈਂ? ਅੱਗੋਂ ਉਸ ਨੇ ਉੱਤਰ ਦਿੱਤਾ = ਅਸੀਂ ਦੋਵੇਂ ਕੁੜੀਆਂ ਤਾਂ ਨਹੀਂ। ਮੈਂ ਆਖਿਆ ਕੀਹ ਆਖਣਾ ਚਾਹੀਦਾ ਸੀ? ਉਸ ਨੇ ਜਵਾਬ ਦਿੱਤਾ = ਤੁਸਾਂ ਆਖਣਾ ਸੀ = 'ਕੀਹ ਕਰ ਰਹੇ ਹੋ?' ਢਾਈ ਸਾਲਾਂ ਦੇ ਬੱਚੇ ਨੂੰ ਅਜੇ ਵਿਆਕਰਣ ਨਹੀਂ ਪੜ੍ਹਾਇਆ ਜਾ ਸਕਦਾ ਸੀ। ਪਰ ਜਿਤਨਾ ਕੁਝ ਉਸ ਨੇ ਬੋਲਣ ਦੀ ਜਾਚ ਸੁਤੇ ਹੀ ਸਿੱਖੀ ਸੀ ਉਹ ਵਿਆਕਰਣ ਅਨੁਸਾਰ ਹੀ ਸੀ। ਸੋ, ਬੋਲੀ ਨੂੰ ਵਿਆਕਰਣ ਅਨੁਸਾਰ ਘੜਨ ਦੇ ਜਤਨ ਨਹੀਂ ਹੋ ਸਕਦੇ। ਬੋਲੀ ਕੁਦਰਤੀ ਤੌਰ ਤੇ ਹੀ ਵਧਦੀ-ਫੁਲਦੀ ਹੈ। ਬੋਲੀ ਵਿਚੋਂ ਮਿਹਨਤ ਨਾਲ ਨਿਯਮ ਲੱਭ ਕੇ ਵਿਆਕਰਣ ਤਿਆਰ ਕਰਨਾ ਪੈਂਦਾ ਹੈ।

ਬੋਲੀ ਨੇ ਤਾਂ ਬਦਲਦੇ ਰਹਿਣਾ ਹੈ। ਜਿਸ ਬੋਲੀ ਦਾ ਵਿਆਕਰਣ ਤੇ ਕੋਸ਼ ਕਲਮ-ਬੰਦ ਨਹੀਂ ਹੋ ਜਾਂਦੇ, ਉਸ ਬੋਲੀ ਦਾ ਉਹ ਪੁਰਾਤਨ ਸਰੂਪ ਸਮਝ-ਗੋਚਰਾ ਨਹੀਂ ਰਹਿ ਜਾਂਦਾ। ਵੇਦਾਂ ਵਾਲੀ ਸੰਸਕ੍ਰਿਤ ਅੱਜ ਕਿਤੇ ਭੀ ਬੋਲੀ ਨਹੀਂ ਜਾ ਰਹੀ। ਪਰ ਉਸ ਦੇ ਉਸ ਵੇਲੇ ਦੇ ਬਣੇ ਹੋਏ ਵਿਆਕਰਣ ਅਤੇ ਕੋਸ਼ ਦੀ ਸਹਾਇਤਾ ਨਾਲ ਵੇਦਾਂ ਨੂੰ ਵਿਦਵਾਨ ਲੋਕ ਹੁਣ ਭੀ ਬਹੁਤ ਹੱਦ ਤਕ ਸਮਝ ਲੈਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਦਾ ਵਿਆਕਰਣ ਭੀ ਇਸੇ ਭਾਵਨਾ ਨਾਲ ਹੀ ਤਿਆਰ ਕੀਤਾ ਗਿਆ। ਇਸ ਦੀ ਸਹਾਇਤਾ ਨਾਲ ਬਹੁ-ਅਰਥਕਤਾ ਤਕਰੀਬਨ ਖ਼ਤਮ ਹੋ ਸਕਦੀ ਹੈ। ਬਹੁ-ਅਰਥਕਤਾ ਦਾ ਮੂਲ਼-ਕਾਰਨ ਹੀ ਇਹ ਸੀ, ਕਿ ਬਾਣੀ ਵਿਚ ਦੇ ਲਫ਼ਜ਼ ਦੇ ਅਰਥਾਂ ਅਤੇ ਉਨ੍ਹਾਂ ਲਫ਼ਜ਼ਾਂ ਦੇ ਵਿਆਕਰਣ ਦੇ ਸੰਬੰਧ ਬਾਰੇ ਪੂਰੀ ਦ੍ਰਿੜਤਾ ਨਹੀਂ ਸੀ। ਹੋ ਸਕਦੀ ਭੀ ਨਹੀਂ ਸੀ। ਬੋਲੀ ਪੰਜ ਸੌ ਸਾਲ ਪਹਿਲਾਂ ਦੀ ਹੈ।

ਗੁਰਬਾਣੀ ਦੇ ਵਿਆਕਰਣ ਦੀ ਪਹਿਲੀ ਝਲਕ:

ਗੁਰੂ ਨਾਨਕ ਖ਼ਾਲਸਾ ਕਾਲਜ, ਗੁਜਰਾਂਵਾਲਾ ਮਈ 1917 ਵਿਚ ਖੁਲ੍ਹਾ ਸੀ। ਸੰਸਕ੍ਰਿਤ ਅਤੇ ਗੁਰਬਾਣੀ ਪੜ੍ਹਾਣ ਵਾਸਤੇ ਤਦੋਂ ਹੀ ਮੈਨੂੰ ਭੀ ਉਥੇ ਮੁਲਾਜ਼ਮਤ ਮਿਲ ਗਈ। ਫ਼ਰਵਰੀ 1920 ਵਿਚ ਸ: ਜੋਧ ਸਿੰਘ ਜੀ ਉਥੋਂ ਦੇ ਪ੍ਰਿਸੀਪਲ ਬਣ ਕੇ ਆਏ। ਉਨ੍ਹਾਂ ਦੀ ਅਗਵਾਈ ਅਤੇ ਪ੍ਰੇਰਨਾ ਸਦਕਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖ਼ਾਸ ਗਹੁ ਨਾਲ ਪੜ੍ਹਨਾ ਵਿਚਾਰਨਾ ਸ਼ੁਰੂ ਕੀਤਾ। ਪਰ ਲਫ਼ਜ਼ਾਂ ਦੀ ਵਿਆਕਰਣਿਕ ਬਨਾਵਟ ਵਲੋਂ ਅਜੇ ਮੁਕੰਮਲ ਹਨੇਰਾ ਸੀ।

ਦਸੰਬਰ ਦੇ ਮਹੀਨੇ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦਿਨ ਆਉਂਦਾ ਹੈ। ਉਥੋਂ ਦੇ ਖ਼ਾਲਸਾ ਹਾਈ ਸਕੂਲ ਦੇ ਆਲੀਸ਼ਾਨ ਗੁਰਦੁਆਰੇ ਵਿਚ ਹਰ ਸਾਲ ਅਖੰਡ ਪਾਠ ਰੱਖਿਆ ਜਾਂਦਾ ਸੀ। ਸੰਨ 1920 ਵਿਚ ਭੀ ਅਖੰਡ ਪਾਠ ਰੱਖਿਆ ਗਿਆ। ਮੇਰੇ ਚੰਗੇ ਭਾਗਾਂ ਨੂੰ ਮੈਨੂੰ ਭੀ ਉਸ ਪਾਠ ਵਿਚ ਸ਼ਾਮਲ ਹੋਣ ਲਈ ਆਗਿਆ ਹੋਈ। ਸ਼ਾਮ ਵੇਲੇ ਮੈ ਇਕੱਲਾ ਬੈਠਾ ਪਾਠ ਕਰ ਰਿਹਾ ਸਾਂ। ਸਕੂਲ ਦੇ ਵਿਦਿਆਰਥੀ ਸਭ ਲੰਗਰ ਵਿਚ ਗਏ ਹੋਏ ਸਨ। ਸਿਰਫ਼ ਇੱਕ ਵਿਦਿਆਰਥੀ ਚੌਰ ਫੜੀ ਖਲੋਤਾ ਸੀ। ਉਂਝ ਤਾਂ ਕਈ ਵਾਰ ਪਾਠ ਕੀਤਾ ਹੋਇਆ ਸੀ, ਪਰ ਭਾਗ ਜੁ ਜਾਗਣੇ ਸਨ। ਦੋ ਨਾਲ ਨਾਲ ਦੀਆਂ ਤੁਕਾਂ ਵਿਚ ਲਫ਼ਜ਼ 'ਸ਼ਬਦ' ਤਿੰਨ ਵਾਰੀ ਆ ਗਿਆ। ਸ਼ਕਲਾਂ ਤਿੰਨੇ ਹੀ ਵੱਖ ਵੱਖ = 'ਸਬਦੁ, ਸਬਦ, ਸਬਦਿ'। ਧਿਆਨ ਇਸ ਪਾਸੇ ਜਾ ਪਿਆ ਕਿ ਇਕੋ ਲਫ਼ਜ਼ ਦੀਆਂ ਤਿੰਨੇ ਸ਼ਕਲਾਂ ਕਿਉਂ? ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਵਿਆਕਰਣ ਦਾ ਪਿਛੋਕੜ ਕਾਫ਼ੀ ਪ੍ਰਬਲ ਸੀ। ਗੁਰੂ ਪਾਤਿਸ਼ਾਹ ਦੀ ਮਿਹਰ ਹੋਈ। ਡੇਢ ਘੰਟੇ ਦੇ ਉਸ ਸਮੇ ਇਉਂ ਜਾਪਿਆ, ਕਿ ਰਤਾ ਕੁ ਝਲਕ ਪਈ ਹੈ। ਕੋਈ ਇੱਕ ਨਿੱਕਾ ਜਿਹਾ ਨਿਯਮ ਲੱਭ ਪਿਆ ਹੈ। ਪਾਠ ਤੋਂ ਵਿਹਲੇ ਹੋ ਕੇ ਘਰ ਜਾ ਕੇ ਉਸ ਨਵੀਂ ਝਲਕ ਦੀ ਪੜਚੋਲ ਸ਼ੁਰੂ ਕਰ ਦਿੱਤੀ। ਉਸ ਲੱਭੇ ਨਿਯਮ ਨੂੰ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਨਿਯਮਾਂ ਨਾਲ ਟਕਰਾਇਆ। ਗੱਲ ਬਣ ਗਈ। ਰਾਹ ਖੁਲ੍ਹ ਪਿਆ।

ਉਤਾਵਲਾ-ਪਨ, ਸਫਲਤਾ:

ਹੁਣ ਜੀ ਕਾਹਲਾ ਪਏ, ਕਿ ਕੋਈ ਵਿਦਵਾਨ ਮਿਲੇ, ਜੋ ਛੇਤੀ ਛੇਤੀ ਉਨ੍ਹਾਂ ਲੁਕੇ ਹੋਏ ਨਿਯਮਾਂ ਦੀ ਸੂਝ ਪਾ ਦੇਵੇ। ਪਰ ਕਿਤੋਂ ਭੀ ਆਸ ਪੂਰੀ ਹੁੰਦੀ ਨਾਹ ਦਿੱਸੀ।

ਸੰਨ 1921 ਵਿਚ ਉਹ ਕਾਲਜ ਬੰਦ ਹੋ ਗਿਆ। ਜੁਲਾਈ 1921 ਵਿਚ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਿਚ ਮੀਤ-ਸਕੱਤਰ ਦੀ ਡਿਊਟੀ ਤੇ ਆ ਲੱਗਾ। ਝਬਦੇ ਹੀ ਸਰਕਾਰ ਨਾਲ ਟੱਕਰ ਹੋ ਗਈ। ਮੋਰਚੇ ਲੱਗ ਗਏ। ਮੈਨੂੰ ਭੀ ਵੱਡੇ ਘਰ ਜਾਣਾ ਪਿਆ, ਜੋ ਇਕ ਲੁਕਵੀਂ ਰਹਿਮਤ ਸਾਬਤ ਹੋਈ। ਉਥੇ ਨਿਰੀ ਵਿਹਲ ਹੀ ਵਿਹਲ, ਤੇ ਉਸ ਵਿਹਲ ਨੂੰ ਮੈਂ ਵਰਤਿਆ ਗੁਰਬਾਣੀ ਦੇ ਵਿਆਕਰਣ ਦੀ ਭਾਲ ਵਾਸਤੇ। ਖ਼ਜ਼ਾਨੇ ਹੀ ਲੱਭਦੇ ਗਏ।

1927 ਵਿਚ ਮੈਂ ਮੁੜ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲੇ ਆਪਣੀ ਪਹਿਲੀ ਨੌਕਰੀ ਤੇ ਚਲਾ ਗਿਆ। ਇਕ ਹੋਰ ਢੋ ਢੁਕ ਪਿਆ। ਸਾਡੇ ਗੁਆਂਢ ਹੀ ਸੀ, 'ਖਾਲਸਾ ਯਤੀਮ ਖਾਨਾ' ਉਥੇ ਇਕ ਨਿੱਕਾ ਜਿਹਾ ਸਤਸੰਗ ਜਾਰੀ ਹੋ ਗਿਆ, ਜਿਸ ਦਾ ਮਨੋਰਥ ਇਹ ਸੀ, ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵਿਚਾਰੇ ਜਾਣ। ਉਸ ਵਕਤ ਤਕ ਦੇ ਲੱਭੇ ਹੋਏ ਵਿਆਕਰਣਿਕ ਨਿਯਮਾਂ ਨੂੰ ਉਸ ਸਤਸੰਗ ਵਿਚ ਵਰਤਣ ਦਾ ਤਕਰੀਬਨ ਦੋ ਸਾਲ ਤਕ ਮੌਕਾ ਮਿਲਦਾ ਰਿਹਾ, ਜਿਸ ਦੀ ਬਰਕਤਿ ਨਾਲ ਉਹ ਵਿਆਕਰਣ ਪੱਲਰ ਪੱਲਰ ਕੇ ਚੰਗਾ ਗੱਭਰੂ ਹੋ ਗਿਆ।

ਨਵੰਬਰ 1929 ਵਿਚ ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਆ ਗਿਆ। 1931 ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ, ਕਿ ਕੋਈ ਧਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਕਰਣ ਤਿਆਰ ਕਰੇ। ਵਧੀਆ ਮਿਹਨਤ ਨੂੰ ਇਕ ਹਜ਼ਾਰ ਰੁਪਏ ਦੇ ਇਨਾਮ ਦਾ ਬਚਨ ਕੀਤੋ ਨੇ। ਇਕ ਸਾਲ ਦੀ ਮਿਆਦ ਮਿਲੀ ਤੇ 1932 ਤੇ ਅਖ਼ੀਰ ਤਕ ਮੈਂ ਉਨ੍ਹਾਂ ਇਕੱਠੇ ਕੀਤੇ ਨਿਯਮਾਂ ਨੂੰ ਇਕ ਪੁਸਤਕ ਦੀ ਸ਼ਕਲ ਵਿਚ ਤਿਆਰ ਕਰ ਲਿਆ। 1938-39 ਵਿਚ ਉਹ ਪੁਸਤਕ ਛਪਵਾ ਦਿੱਤੀ ਗਈ। ਸਤੰਬਰ 1939 ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਬਚਨ ਪੂਰਾ ਕਰ ਦਿੱਤਾ।

ਗੁਰਬਾਣੀ ਵਿਚੋਂ ਕੁਝ ਕੁ ਵਿਆਕਰਣਿਕ ਵੰਨਗੀਆਂ:

ਨੋਟ: ਪਾਠਕ ਸੱਜਣ ਵੇਖ ਲੈਣਗੇ, ਕਿ ਇਕੋ ਲਫ਼ਜ਼ ਦੀ ਵਿਆਕਰਣਿਕ ਸ਼ਕਲ ਬਦਲ ਜਾਣ ਤੇ ਉਸ ਲਫ਼ਜ਼ ਦਾ ਦੂਜੇ ਲਫ਼ਜ਼ਾਂ ਨਾਲ ਸੰਬੰਧ ਭੀ ਬਦਲ ਜਾਂਦਾ ਹੈ।

(1) ਸਬਦੁ, ਸਬਦ, ਸਬਦਿ

ਗੁਰ ਕਾ 'ਸਬਦੁ' ਰਤੰਨ ਹੈ, ਹੀਰੇ ਜਿਤੁ ਜੜਾਉ ॥

. . . . . .

'ਸਬਦ' ਸੇਤੀ ਮਨ ਮਿਲਿਆ, ਸਚੈ ਲਾਇਆ ਭਾਉ ॥25॥ ਪੰਨਾ 920
ਗੁਰਮੁਖਿ ਚੋਰੁ ਨ ਲਾਗਿ, ਹਰਿ ਨਾਮਿ ਜਗਾਈਐ ॥
'ਸਬਦਿ' ਨਿਵਾਰੀ ਆਗਿ ਜੋਤਿ ਦੀਪਾਈਐ ॥6॥ ਪੰਨਾ 752 ॥

(2) ਗੁਰ, ਗੁਰੁ, ਗੁਰਿ

'ਗੁਰ' ਬਿਨੁ ਅਵਰੁ ਨਾਹੀ ਮੈ ਥਾਉ ॥
ਅਨਦਿਨੁ ਜਪਉ ਗੁਰੂ 'ਗੁਰ' ਨਾਉ ॥1॥ਰਹਾਉ॥
'ਗੁਰੁ' ਮੇਰਾ ਗਿਆਨੁ, 'ਗੁਰੁ' ਰਿਦੈ ਧਿਆਨੁ ॥
. . . . . .
'ਗੁਰੁ' ਬੋਹਿਥੁ, ਤਾਰੇ ਭਵ ਪਾਰਿ ॥3॥7॥9॥ ਪੰਨਾ 864
ਭੂਲੇ ਕਉ 'ਗੁਰਿ' ਮਾਰਗਿ ਪਾਇਆ ॥
ਅਵਰ ਤਿਆਗਿ ਹਰਿ ਭਗਤੀ ਲਾਇਆ ॥2॥5॥7॥ ਪੰਨਾ 864

(3) ਨਾਨਕ, ਨਾਨਕੁ, ਨਾਨਕਿ

ਕ੍ਰਿਪਾਨਿਧਾਨਿ 'ਨਾਨਕ' ਕਉ ਕਰਹੁ ਦਾਤਿ ॥
ਨਾਮ ਤੇਰਾ ਜਪੀ ਦਿਨੁ ਰਾਤਿ ॥4॥8॥14॥ ਪੰਨਾ 740
ਅਗਮ ਅਗੋਚਰੁ ਅਲਖ ਅਪਾਰੇ।
'ਨਾਨਕੁ' ਸਿਮਰੈ ਦਿਨੁ ਰੈਨਾ ਰੇ ॥3॥9॥15॥ ਪੰਨਾ 740
. . . . . .
'ਨਾਨਕਿ' ਰਾਜੁ ਚਲਾਇਆ, ਸਚੁ ਕੋਟੁ, ਸਤਾਣੀ ਨੀਵ ਦੈ ॥1॥ (ਸਤੇ ਬਲਵੰਡ ਦੀ ਵਾਰ, ਪੰਨਾ 966)

(4) ਧਨ, ਧਨੁ, ਧਨਿ

'ਧਨਿ' ਗਇਐ ਗਹਿ ਝੂਰੀਐ, 'ਧਨ' ਮਹਿ ਚੀਤੁ ਗਵਾਰ ॥…
'ਧਨੁ' ਗਇਆ ਤਾ ਜਾਣਿ ਦੇਹਿ, ਜੇ ਰਾਚਹਿ ਰੰਗਿ ਏਕ ॥36॥ ਪੰਨਾ 934

(5) ਤਰਵਰੁ, ਤਰਵਰਿ

'ਤਰਵਰੁ' ਕਾਇਆ, ਪੰਖਿ ਮਨੁ, 'ਤਰਵਰਿ' ਪੰਖੀ ਪੰਚ ॥
ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨਾ ਰੰਚ ॥33॥ ਪੰਨਾ 934

(6) ਆਪਿ, ਆਪੁ

ਗੁਰ ਪਰਸਾਦੀ ਛੂਟੀਐ, ਕਿਰਪਾ 'ਆਪਿ' ਕਰੇਇ ॥
ਅਪਣੈ ਹਾਥਿ ਵਡਾਈਆ, ਜੈ ਭਾਵੈ ਤੈ ਦੇਇ ॥33॥ ਪੰਨਾ 934
ਪਰਹਰਿ ਪਾਪੁ ਪਛਾਣੈ 'ਆਪੁ' ॥ ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥38॥ ਪੰਨਾ 935

(7) ਨਾਮ, ਨਾਮੁ, ਨਾਮਿ

ਜਿ 'ਨਾਮਿ' ਲਾਗੈ ਸੋ ਮੁਕਤਿ ਹੋਵੈ,
ਗੁਰ ਬਿਨੁ 'ਨਾਮੁ' ਨ ਪਾਵੈ ਕੋਈ ॥1॥ਰਹਾਉ॥ ਪੰਨਾ 880
'ਨਾਮ' ਬਿਨਾ ਨਾਹੀ ਦਰਿ ਢੋਈ,

ਝੂਠਾ ਆਵਣ ਜਾਣੁ ॥3॥10॥ ਪੰਨਾ 992

ਅਨੇਕਾਂ ਉਲਝਣਾਂ ਸੁਲਝ ਗਈਆਂ ਹਨ

ਦਸੰਬਰ 1920 ਤੋਂ ਪਹਿਲਾਂ ਜਦੋਂ ਕਦੇ ਭੀ ਮੈਂ ਕੋਈ ਸ਼ਬਦ ਆਪਣੀ ਕਾਪੀ ਵਿਚ ਉਤਾਰਦਾ ਸਾਂ, ਉਸ ਦੇ ਜੋੜਾਂ ਦਾ ਕਦੇ ਕੋਈ ਧਿਆਨ ਨਹੀਂ ਸੀ ਰੱਖਿਆ। ਅੱਖਰਾਂ ਦੀਆਂ ਲਗਾਂ-ਮਾਤ੍ਰਾਂ, ਮੈਨੂੰ ਬੇ-ਲੋੜਵੀਆਂ ਜਾਪਿਆ ਕਰਦੀਆਂ ਸਨ। ਪਰ ਜਦੋਂ ਉਹ ਪਹਿਲੀ ਝਲਕ ਵੱਜੀ, ਮੇਰੀਆਂ ਅੱਖਾਂ ਉਘੜ ਆਈਆਂ। ਮੈਨੂੰ ਇਉਂ ਦਿੱਸਿਆ, ਕਿ ਹੁਣ ਤਕ ਹਨੇਰੇ ਵਿਚ ਹੀ ਟਟੌਲੇ ਮਾਰਦਾ ਰਿਹਾ ਹਾਂ। (ਨੋਟ: ਮੈਂ ਬਾਣੀ ਦੀ ਬੋਲੀ ਦੇ ਲਫ਼ਜ਼ਾਂ ਦੀ ਬਣਤਰ ਦੀ ਗੱਲ ਕਰ ਰਿਹਾ ਹਾਂ)। ਜਦੋਂ ਅਸੀਂ ਕਿਸੇ ਡੂੰਘੇ ਭਾਵ ਨੂੰ ਪਰਗਟ ਕਰਨ ਵਾਲੇ ਸ਼ਬਦ ਦੇ ਬਾਹਰਲੇ ਰੂਪ ਨੂੰ ਸਹੀ ਤੌਰ ਤੇ ਨਹੀਂ ਸਮਝਦੇ, ਤਾਂ ਇਹ ਨਹੀਂ ਹੋ ਸਕਦਾ, ਕਿ ਅਸੀਂ ਉਸ ਸ਼ਬਦ ਦੀ ਡੂੰਘੀ ਆਤਮਕ ਰਮਜ਼ ਨੂੰ ਸਮਝ ਸਕੀਏ।

ਮੈਂ ਥੋੜੀਆਂ ਕੁ ਮਿਸਾਲਾਂ ਦੇ ਕੇ ਹੀ ਇਹ ਲੇਖ ਮੁਕਾਂਦਾ ਹਾਂ।

(ੳ) 1939 ਤੋਂ ਪਹਿਲਾਂ ਦੀ ਗੱਲ ਹੈ। ਅਜੇ ਮੇਰਾ 'ਗੁਰਬਾਣੀ ਵਿਆਕਰਣ' ਛਪਿਆ ਨਹੀਂ ਸੀ। ਪੰਜਾਬ ਤੋਂ ਬਾਹਰ ਰਹਿਣ ਵਾਲੇ ਇਕ ਉੱਘੇ ਵਿਦਵਾਨ ਸੰਤ ਜੀ ਮੈਨੂੰ ਖਾਲਸਾ ਕਾਲਜ ਵਿਚ ਮਿਲੇ। ਮੇਰਾ ਇਕ ਮਿੱਤਰ ਉਨ੍ਹਾਂ ਦੇ ਨਾਲ ਸੀ। ਮੇਰੇ ਮਿੱਤਰ ਜੀ ਨੇ ਸੰਤ ਜੀ ਨੂੰ ਆਖਿਆ ਕਿ ਸਾਹਿਬ ਸਿੰਘ ਨੇ ਗੁਰਬਾਣੀ ਦਾ ਵਿਆਕਰਣ ਲਿਖਿਆ ਹੈ। ਸੰਤ ਜੀ ਇਹ ਸੁਣ ਕੇ ਖ਼ੂਬ ਹੱਸੇ। ਬਹੁਤ ਮਖ਼ੌਲ ਉਡਾਇਓ ਨੇ:

ਮੈਂ ਉਨ੍ਹਾਂ ਅੱਗੇ ਭੱਟਾਂ ਦੇ ਸਵੱਈਆਂ ਵਿਚੋਂ ਹੇਠ-ਲਿਖੀਆਂ ਪੰਕਤੀਆਂ ਅਰਥ ਕਰਨ ਵਾਸਤੇ ਰੱਖੀਆਂ:

'ਇਕੁ ਬਿੰਨ੍ਹ੍ਹਿ ਦੁਗਣ ਜੁ ਤਉ ਰਹੈ, ਜਾ ਸੁਮੰਤ੍ਰਿ ਮਾਨਵਹਿ ਲਹਿ ॥

ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸਿ ਡਿਠੈ ਮਿਲਹਿ ॥ {ਪੰਨਾ 1395

ਸੰਤ ਜੀ ਨੇ 'ਇਕੁ ਬਿੰਨ੍ਹ੍ਹਿ' ਦਾ ਅਰਥ 'ਇਕ ਤੋਂ ਬਿਨਾ' ਕਰ ਦਿੱਤਾ। ਆਮ ਤੌਰ ਤੇ ਇਹੀ ਅਰਥ ਕੀਤਾ ਚਲਿਆ ਆ ਰਿਹਾ ਸੀ। ਪਰ ਇਹ ਉੱਕਾ ਹੀ ਗ਼ਲਤ ਸੀ। ਸੰਬੰਧਕ ਲਫ਼ਜ਼ 'ਬਿਨੁ' ਸਦਾ ਹੀ ਅਖ਼ੀਰ ਤੇ ਔਂਕੜ (ੁ) ਵਾਲਾ ਹੁੰਦਾ ਹੈ। ਫਿਰ, ਜਿਸ ਲਫ਼ਜ਼ ਨਾਲ ਸੰਬੰਧਕ ਦਾ ਸੰਬੰਧ ਪਏ ਉਸ ਦੇ ਅਖ਼ੀਰ ਤੇ ਔਂਕੜ ਨਹੀਂ ਰਹਿ ਜਾਂਦਾ (ਪਰ ਲਫ਼ਜ਼ ਪੁਲਿੰਗ ਇਕ-ਵਚਨ ਹੋਵੇ) , ਜਿਵੇਂ 'ਗੁਰ ਬਿਨੁ ਘੋਰੁ ਅੰਧਾਰੁ' ਵਿਚ ਲਫ਼ਜ਼ 'ਗੁਰ'।

ਇਹ ਲਫ਼ਜ਼ 'ਬਿੰਨ੍ਹ੍ਹਿ' ਕ੍ਰਿਆ 'ਬੀਨਣਾ' ਤੋਂ ਹੈ। 'ਇਕੁ ਬਿੰਨ੍ਹ੍ਹਿ' ਦਾ ਅਰਥ ਹੈ 'ਇੱਕ (ਪ੍ਰਭੂ) ਨੂੰ ਪਛਾਣ ਕੇ'। ਮੈਂ ਸੰਤ ਜੀ ਨੂੰ ਹੋਰ ਭੀ ਕਈ ਵੰਨਗੀਆਂ ਵਿਖਾਈਆਂ। ਉਨ੍ਹਾਂ ਦੀ ਕਾਫ਼ੀ ਹੱਦ ਤਕ ਤਸੱਲੀ ਹੋ ਗਈ। ਪਰ ਜਾਂਦਿਆਂ ਪਰਸੰਸਾ-ਪੱਤਰ ਦੇ ਗਏ ਕਿ ਇਸ ਕਾਢ ਵਿਚ ਕਿਸੇ ਅਕਲ-ਲਿਆਕਤ ਦੀ ਕੋਈ ਲੋੜ ਨਹੀਂ।

(ਅ) ਭੈਰਉ ਰਾਗ ਵਿਚ ਕਬੀਰ ਜੀ ਲਿਖਦੇ ਹਨ:

ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
ਭਿਸਤੁ ਨਜੀਕਿ ਰਾਖੁ ਰਹਮਾਨਾ ॥4॥7॥15॥ {ਪੰਨਾ 1161

ਲਫ਼ਜ਼ 'ਭਿਸਤੁ' ਦੇ ਅੱਖਰ 'ਤ' ਦੇ ਹੇਠ ਔਂਕੜ ਹੈ। ਜੇ ਇਹ ਨਾਹ ਹੁੰਦਾ, ਤਾਂ ਸੰਬੰਧਕ 'ਨਜੀਕਿ' ਦਾ ਸਿੱਧਾ ਸੰਬੰਧ ਲਫ਼ਜ਼ 'ਭਿਸਤ' ਨਾਲ ਬਣ ਜਾਂਦਾ ਹੈ। ਤੇ ਇਸ ਤੁਕ ਦਾ ਅਰਥ ਇਉਂ ਬਣ ਜਾਂਦਾ 'ਹੇ ਰਹਮਾਨ! ਮੈਨੂੰ ਭਿਸਤ ਦੇ ਨੇੜੇ ਰੱਖ। '

ਪਰ ਇਹ ਤਾਂ ਇਸਲਾਮੀ ਖ਼ਿਆਲ ਬਣ ਗਿਆ। ਸਿੱਖ ਧਰਮ ਅਗਲੇ ਜਹਾਨ ਦੇ ਕਿਸੇ 'ਬਹਿਸ਼ਤ' ਦਾ ਇਕਰਾਰ ਨਹੀਂ ਕਰਦਾ।

ਲਫ਼ਜ਼ 'ਭਿਸਤੁ' ਦਾ ਅਖ਼ੀਰਲਾ ਔਂਕੜ ਦੱਸਦਾ ਹੈ, ਕਿ ਇਹ ਲਫ਼ਜ਼ ਸੰਬੰਧਕ 'ਨਜੀਕਿ' ਦੇ ਅਧੀਨ ਨਹੀਂ ਹੈ। ਸੋ, ਪਾਠ ਕਰਨ ਵੇਲੇ ਸਾਨੂੰ ਲਫ਼ਜ਼ 'ਭਿਸਤੁ' ਤੇ ਅਟਕਣਾ ਪਵੇਗਾ, ਜਿਵੇਂ ਕਿ ਇਸ ਦੇ ਅਗਾਂਹ ਵਿਸ੍ਰਾਮ-ਚਿੰਨ੍ਹ ਹੈ।

'ਭਿਸਤੁ, ਨਜੀਕਿ ਰਾਖੁ ਰਹਮਾਨਾ' ॥

ਹੇ ਰਹਮਾਨ! (ਮੈਨੂੰ ਆਪਣੇ) ਨੇੜੇ ਰੱਖ, (ਇਹੀ ਮੇਰੇ ਵਾਸਤੇ) ਭਿਸ਼ਤ ਹੈ। ਤੇ, ਇਹੀ ਹੈ ਸਹੀ ਗੁਰਮਤਿ।

(ੲ) ਇਸੇ ਤਰ੍ਹਾਂ, ਵੇਖੋ ਮਾਰੂ ਮਹਲਾ 1, ਪੰਨਾ 990

'ਕਾਇਆ ਆਰਣੁ ਮਨੁ ਵਿਚਿ ਲੋਹਾ, ਪੰਚ ਅਗਨਿ ਤਿਤੁ ਲਾਗਿ ਰਹੀ ॥

ਕੋਇਲੇ ਪਾਪ ਪੜੇ ਤਿਸੁ ਊਪਰਿ, ਮਨੁ ਜਲਿਆ ਸੰਨ੍ਹੀ ਚਿੰਤ ਭਈ ॥3॥'

ਇਸੇ ਸੰਬੰਧਕ 'ਵਿਚਿ' ਦਾ ਲਫ਼ਜ਼ 'ਮਨੁ' ਨਾਲ ਕੋਈ ਸੰਬੰਧ ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮਨੁ' ਦੇ ਅਖ਼ੀਰ ਤੇ ਔਂਕੜ ਹੈ। ਇਸ ਦਾ ਅਰਥ ਇਉਂ ਹੋਵੇਗਾ:

ਸਰੀਰ ਆਰਣ ਹੈ, ਅਤੇ ਇਸ ਸਰੀਰ-ਆਰਣ ਵਿਚ ਮਨ ਲੋਹਾ ਹੈ।

(ਸ) ਰਾਮਕਲੀ ਰਾਗ ਦੀ ਬਾਣੀ 'ਸਦੁ' ਨੂੰ ਵਿਆਕਰਣ ਦੇ ਚਾਣਨ ਵਿਚ ਨਾ ਪੜ੍ਹ ਸਕਣ ਕਰ ਕੇ ਸਦਾ ਹੀ ਇਹ ਘਬਰਾਹਟ ਬਣੀ ਰਹੀ, ਕਿ ਗੁਰੂ ਅਮਰਦਾਸ ਜੀ ਨੇ ਅੰਤ ਵੇਲੇ ਆਪਣੀ 'ਕਿਰਿਆ' ਕਰਾਣ ਦੀ ਕਿਉਂ ਹਿਦਾਇਤ ਕੀਤੀ।

ਪਰ, ਪੜ੍ਹੋ ਮੇਰਾ 'ਸਦੁ ਸਟੀਕ'।

(ਹ) ਗੁਰਬਾਣੀ ਦੇ ਵਿਆਕਰਣ ਤੋਂ ਨਾਵਾਕਿਫ਼ ਹੋਣ ਕਰ ਕੇ ਹੀ ਹੁਣ ਤਕ ਅਨੇਕਾਂ ਸਿੱਖ ਸੱਜਣ ਇਹ ਖ਼ਿਆਲ ਬਣਾਈ ਬੈਠੇ ਹਨ, ਕਿ ਭਗਤਾਂ ਦੇ ਕਈ ਸ਼ਬਦਾਂ ਦਾ ਆਸ਼ਾ ਗੁਰਮਤਿ ਨਾਲ ਨਹੀਂ ਮਿਲਦਾ। ਕੈਸੀ ਅਨੋਖੀ ਮਿਥ ਹੈ। ਪਰ, ਪੜ੍ਹੋ ਮੇਰਾ 'ਭਗਤ-ਬਾਣੀ ਸਟੀਕ' ਤੇ ਇਹ ਭਰਮ ਆਪੇ ਦੂਰ ਹੋ ਜਾਣਗੇ।

ਹੁਣ ਤਕ ਇਸ ਵਿਆਕਰਣ ਦੇ ਆਧਾਰ ਤੇ ਮੈਂ ਕਈ ਬਾਣੀਆਂ ਦੇ ਟੀਕੇ ਛਾਪ ਚੁਕਾ ਹਾਂ। ਇਸ ਵੇਲੇ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵਿਆਕਰਣ ਦੇ ਆਧਾਰ ਤੇ ਲਿਖਿਆ ਜਾ ਚੁੱਕਾ ਹੈ। ਤਿੰਨ ਪੋਥੀਆਂ ਛਪ ਭੀ ਚੁਕੀਆਂ ਹਨ। ਜਿਵੇਂ ਮੇਰੇ ਰਾਹ ਵਿਚੋਂ ਉਲਝਣਾਂ ਸੁਲਝ ਰਹੀਆਂ ਹਨ। ਮੈਨੂੰ ਯਕੀਨ ਹੈ ਕਿ ਇਹ ਵਿਆਕਰਣ ਅਤੇ ਇਹ ਟੀਕੇ ਹੋਰ ਸੱਜਣਾਂ ਦੀ ਭੀ ਸਹਾਇਤਾ ਕਰਨਗੇ।

ਸ੍ਰੀ ਗੁਰੂ ਅਰਜਨ ਸਾਹਿਬ ਨੇ ਭਗਤਾਂ ਦੀ ਬਾਣੀ ਕਿਥੋਂ ਹਾਸਲ ਕੀਤੀ?

'ਤਵਾਰੀਖ ਗੁਰੂ ਖਾਲਸਾ' ਦੀ ਗਵਾਹੀ:

'ਤਵਾਰੀਖ ਗੁਰੂ ਖਾਲਸਾ' ਦੇ ਕਰਤਾ ਗਿਆਨ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਲਿਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਤਿਆਰ ਹੋਣ ਦਾ ਭੀ ਜ਼ਿਕਰ ਕਰਦੇ ਹਨ, ਤੇ ਭਗਤਾਂ ਦੀ ਬਾਣੀ ਬਾਰੇ ਇਉਂ ਲਿਖਦੇ ਹਨ:

'ਪ੍ਰਤੇਕ ਰਾਗ ਦੇ ਅੰਤ ਵਿਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ, ਇਸ ਵਿਚ ਦੋ ਮਤ ਹਨ; ਕੋਈ ਆਖਦੇ ਹਨ ਕਿ ਭਗਤ ਆਪ ਬੈਕੁੰਠ ਵਿਚੋਂ ਆ ਕੇ ਲਿਖਾਉਂਦੇ ਸੇ, ਤੇ ਉਹਨਾਂ ਦਾ ਦਰਸ਼ਨ ਭੀ ਭਾਈ ਗੁਰਦਾਸ ਨੂੰ ਉਸ ਦੇ ਸੰਸੇ ਦੂਰ ਕਰਨ ਵਾਸਤੇ ਕਰਾਇਆ ਗਿਆ ਸੀ। ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜੇਹੜੀ ਗੁਰੂ ਜੀ ਨੂੰ ਪਸੰਦ ਆਈ ਉਹਨਾਂ ਦੀਆਂ ਪੋਥੀਆਂ ਤੋਂ ਲਿਖਾਈ ਹੈ। ਸੋ ਇਹ ਬਾਤ ਉਹਨਾਂ ਪੋਥੀਆਂ ਤੋਂ ਭੀ ਸਾਬਤ ਹੈ ਜੋ ਗੁਰੂ ਜੀ ਮੋਹਨ ਪਾਸੋਂ ਲਿਆਏ ਸੇ, ਕਿਉਂਕਿ ਉਹਨਾਂ ਵਿਚ ਭੀ ਭਗਤ ਬਾਣੀ ਹੈ। '

ਮੈਕਾਲਿਫ਼ ਦੀ ਰਾਇ:

ਮੈਕਾਲਿਫ਼ ਦੀ ਇਸ ਬਾਰੇ ਹੋਰ ਰਾਇ ਹੈ। ਉਸ ਦੀ ਲਿਖੀ ਪੁਸਤਕ 'ਸਿੱਖ ਰਿਲਿਜਨ' ਦੇ ਪੰਜਾਬੀ ਤਰਜਮੇ 'ਸਿਖ ਇਤਿਹਾਸ' ਵਿਚ ਇਉਂ ਲਿਖਿਆ ਮਿਲਦਾ ਹੈ:

ਗੁਰੂ (ਅਰਜਨ ਸਾਹਿਬ) ਜੀ ਨੇ ਭਗਤ ਜੈ ਦੇਵ ਜੀ ਦੇ ਸਮੇ ਤੋਂ ਲੈ ਕੇ ਹਿੰਦੁਸਤਾਨ ਦੇ ਵੱਡੇ ਵੱਡੇ ਸੰਤਾਂ ਭਗਤਾਂ ਦੇ ਉਪਾਸ਼ਕਾਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬੁਲਾਇਆ ਕਿ ਉਹ ਆ ਕੇ ਪਵਿਤ੍ਰ ਬੀੜ ਵਿਚ ਚੜ੍ਹਾਉਣ ਲਈ ਯੋਗ ਬਾਣੀ ਦੱਸਣ। ਉਹਨਾਂ ਨੇ ਆਪੋ ਆਪਣੇ ਮਤ ਦੀ ਬਾਣੀ ਨੂੰ ਪੜ੍ਹਿਆ ਅਤੇ ਅਜੇਹੀ ਬਾਣੀ, ਜਿਹੜੀ ਉਸ ਸਮੇ ਦੇ ਪ੍ਰਚਲਤ ਸੁਧਾਰ ਦੇ ਆਸ਼ੇ ਦੇ ਅਨੁਕੂਲ ਸੀ ਯਾ ਜੋ ਗੁਰੂ ਜੀ ਦੀ ਸਿੱਖਿਆ ਦੇ ਉੱਕੀ ਉਲਟ ਨਹੀਂ ਸੀ, ਪ੍ਰਵਾਣ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹਾਈ।

ਇਹ ਇਥੇ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿਚ ਭਗਤਾਂ ਕੋਲੋਂ ਉਹਨਾਂ ਦੇ ਉਪਾਸ਼ਕਾਂ ਪਾਸ ਆਉਣ ਦੇ ਅਮਲ ਕਰ ਕੇ (ਜੇਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ) ਕੁਝ ਅਦਲਾ-ਬਦਲੀ ਭੀ ਆ ਗਈ ਅਤੇ ਇਹ ਗੱਲ ਦੱਸਦੀ ਹੈ ਕਿ ਭਗਤ-ਬਾਣੀ ਵਿਚ ਇਤਨੇ ਕਿਉਂ ਪੰਜਾਬੀ ਪਦ ਮਿਲਦੇ ਹਨ, ਅਤੇ ਇਸ ਬਾਣੀ ਤੇ ਭਗਤਾਂ ਦੀਆਂ ਹੋਰ ਰਚਨਾ ਵਿਚ, ਜੇਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਹਨ, ਕਿਉਂ ਫ਼ਰਕ ਹੈ।

ਇਹਨਾਂ ਦੋਹਾਂ ਅਨੁਸਾਰ ਹੇਠ-ਲਿਖੇ ਨਤੀਜੇ:

ਗਿਆਨੀ ਗਿਆਨ ਸਿੰਘ ਜੀ ਅਤੇ ਮੈਕਾਲਿਫ਼ ਸਾਹਿਬ ਦੇ ਉੱਤਰ-ਦਿੱਤੇ ਹਵਾਲੇ ਤੋਂ ਹੇਠ-ਲਿਖੇ ਨਤੀਜੇ ਨਿਕਲ ਸਕਦੇ ਹਨ:

(1) ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਇਹ ਬਾਣੀ ਭਗਤਾਂ ਦੇ ਉਹਨਾਂ ਸ਼ਰਧਾਲੂਆਂ ਪਾਸੋਂ ਲਈ ਗਈ ਸੀ ਜੋ ਗੁਰੂ ਅਰਜਨ ਸਾਹਿਬ ਦੇ ਵੇਲੇ ਪੰਜਾਬ ਵਿਚ ਮੌਜੂਦ ਸਨ।

(2) ਇਹਨਾਂ ਸੇਵਕਾਂ ਸ਼ਰਧਾਲੂਆਂ ਤੋਂ ਕਈ ਸ਼ਬਦਾਂ ਵਿਚ ਸੁਤੇ ਹੀ ਅਦਲਾ-ਬਦਲੀ ਭੀ ਹੋ ਗਈ ਸੀ, ਤਾਹੀਏਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਨਾਲੋਂ ਭਾਰਤ ਦੇ ਹੋਰ ਹਿੱਸਿਆਂ ਵਿਚ ਭਗਤਾਂ ਦੇ ਸੰਭਾਲੇ ਸ਼ਬਦਾਂ ਦਾ ਕੁਝ ਕੁਝ ਫ਼ਰਕ ਹੈ, ਤੇ ਇਹਨਾਂ ਵਿਚ ਕਈ ਪੰਜਾਬੀ ਪਦ ਮਿਲਦੇ ਹਨ। ਭਾਰਤ ਦੇ ਹੋਰ ਹਿੱਸਿਆਂ ਵਿਚ ਇਹ ਬਾਣੀਆਂ ਸਾਂਭ ਕੇ ਰੱਖੀਆਂ ਹੋਈਆਂ ਸਨ, ਪੰਜਾਬ ਵਿਚ ਸ਼ਰਧਾਲੂਆਂ ਨੇ ਬੇ-ਪਰਵਾਹੀ ਜਿਹੀ ਕੀਤੀ ਹੋਈ ਸੀ।

(3) ਗੁਰੂ ਅਰਜਨ ਸਾਹਿਬ ਤੋਂ ਗੁਰ-ਵਿਅਕਤੀਆਂ ਨੂੰ ਭਗਤਾਂ ਦੀ ਬਾਣੀ ਨਾਲ ਵਾਹ ਨਹੀਂ ਪਿਆ, ਜਾਂ ਉਹਨਾਂ ਨੂੰ ਭਗਤਾਂ ਦੀ ਬਾਣੀ ਦੇ ਪੜ੍ਹਨ ਵਿਚਾਰਨ ਦੀ ਲੋੜ ਨਹੀਂ ਪਈ।

ਖ਼ਤਰਨਾਕ ਟਪਲਾ:

ਮੈਕਾਲਿਫ਼ ਸਾਹਿਬ ਦੇ ਸਲਾਹਕਾਰਾਂ ਨੇ ਉਸ ਨੂੰ ਇਕ ਅਜੀਬ ਕੁਰਾਹੇ ਪਾਇਆ ਜਾਪਦਾ ਹੈ। ਕੀ ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਭਗਤਾਂ ਦੀ ਬਾਣੀ ਵਿਚ ਬਹੁਤੇ ਸ਼ਬਦ ਐਸੇ ਹਨ ਜੋ ਬਦਲਾਏ ਹੋਏ ਹਨ? ਕੀ ਇਸ ਤਰ੍ਹਾਂ ਅਵੇਸਲੇਪਨ ਵਿਚ ਗੁਰੂ ਅਰਜਨ ਸਾਹਿਬ ਉਤੇ ਇਹ ਦੋਸ ਨਹੀਂ ਲਾਇਆ ਗਿਆ ਕਿ ਉਹਨਾਂ ਭਗਤਾਂ ਦੀ ਅਸਲੀ ਬਾਣੀ ਦਰਜ ਨਹੀਂ ਕੀਤੀ? ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚਤਾ ਤੇ ਪਵਿਤ੍ਰਤਾ ਉਤੇ ਹਰਫ਼ ਨਹੀਂ ਲਿਆਂਦਾ ਗਿਆ? ਕੀ ਅੱਜ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਪ੍ਰੇਮੀਆਂ ਨੇ ਭਗਤਾਂ ਦੀ ਬਾਣੀ ਦੇ ਗੁਰ-ਬਾਣੀ ਨਾਹ ਹੋਣ ਦੀ ਆਵਾਜ਼ ਉਠਾਈ ਸੀ, ਉਹਨਾਂ ਨੂੰ ਇਹੀ ਚੋਭ ਦੁਖਦਾਈ ਹੋ ਰਹੀ ਸੀ?

ਇਹ ਮਨੌਤ ਕਿਉਂ?

ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਮੈਕਾਲਿਫ਼ ਦੇ ਸਾਲਾਹਕਾਰ ਸੱਜਣਾਂ ਨੇ ਇਹ ਕਿਵੇਂ ਮੰਨ ਲਿਆ ਕਿ ਪੰਜਾਬ ਤੋਂ ਬਾਹਰ ਤਾਂ ਭਗਤਾਂ ਦੀ ਬਾਣੀ ਠੀਕ ਰੂਪ ਵਿਚ ਸਾਂਭ ਕੇ ਰੱਖੀ ਹੋਈ ਸੀ ਤੇ ਪੰਜਾਬ ਵਿਚ ਦੇ ਸ਼ਰਧਾਲੂਆਂ ਤੋਂ ਇਸ ਵਿਚ ਅਦਲਾ-ਬਦਲੀ ਹੋ ਗਈ। ਕੀ ਭਗਤਾਂ ਤੋਂ ਦੂਰ ਪਹਿਲਾਂ ਦੀਆਂ ਲਿਖੀਆਂ ਹੋਈਆਂ ਰਾਮਾਇਣ ਮਹਾਭਾਰਤ ਆਦਿਕ ਪੁਸਤਕਾਂ ਵਿਚ ਪੰਜਾਬ ਦੇ ਸ਼ਰਧਾਲੂ ਹਿੰਦੂ ਸੱਜਣਾਂ ਨੇ ਅਦਲਾ-ਬਦਲੀ ਕਰ ਲਈ ਹੋਈ ਹੈ, ਤੇ ਪੰਜਾਬੋਂ ਬਾਹਰ ਉਹ ਚੀਜ਼ਾਂ ਅਸਲੀ ਰੂਪ ਵਿਚ ਹਨ? ਕੀ ਰਾਮਾਇਣ ਵਿਚ ਕੋਈ ਲਫ਼ਜ਼ ਐਸੇ ਨਹੀਂ ਮਿਲਦੇ ਜੋ ਪੰਜਾਬ ਵਿਚ ਭੀ ਵਰਤੇ ਜਾਂਦੇ ਹੋਣ? ਕੀ ਹਿੰਦੀ ਅਤੇ ਪੰਜਾਬੀ ਬੋਲੀ ਵਿਚ ਕੋਈ ਲਫ਼ਜ਼ ਜਾਂ ਪਦ ਸਾਂਝੇ ਨਹੀਂ ਹਨ? ਜੇ ਪੰਜਾਬ ਵਿਚ ਆ ਕੇ ਹਿੰਦੀ ਬੋਲੀ ਦੀ ਰਾਮਾਇਣ ਠੀਕ ਆਪਣੇ ਰੂਪ ਵਿਚ ਰਹਿ ਸਕਦੀ ਹੈ, ਜੇ ਰਾਮਾਇਣ ਵਿਚ ਕਈ ਪੰਜਾਬੀ ਲਫ਼ਜ਼ ਹੁੰਦਿਆਂ ਭੀ ਰਾਮਾਇਣ ਵਿਚ ਕਿਸੇ ਅਦਲਾ-ਬਦਲੀ ਦਾ ਸ਼ੱਕ ਨਹੀਂ ਪੈ ਸਕਿਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਭਗਤਾਂ ਦੇ ਸ਼ਬਦਾਂ ਬਾਰੇ ਇਹ ਸ਼ੱਕ ਕਿਉਂ ਪਿਆ ਹੈ ਕਿ ਅਸਲ ਚੀਜ਼ ਤਾਂ ਬਨਾਰਸ ਆਦਿਕ ਵਿਚ ਹੈ ਤੇ ਪੰਜਾਬ ਵਿਚ ਵਟਾਈ ਹੋਈ ਚੀਜ਼ ਆ ਗਈ ਹੈ? ਕੀ ਇਹ ਕਿਤੇ ਉਹਨਾਂ ਸੱਜਣਾਂ ਦੀ ਕ੍ਰਿਪਾ ਤਾਂ ਨਹੀਂ ਹੈ ਜਿਨ੍ਹਾਂ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਦੇ ਗਲ ਵਿਚ ਜਨੇਊ ਪੁਆ ਦਿੱਤਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦੇਵੀ ਦਾ ਉਪਾਸ਼ਕ ਲਿਖ ਦਿੱਤਾ?

ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਭਗਤ ਕਬੀਰ ਜੀ ਤੋਂ ਪਿੱਛੋਂ ਕਬੀਰ-ਪੰਥੀਆਂ ਵਿਚ ਇਕ ਸਾਧੂ 'ਕਬੀਰ ਦਾਸ' ਹੋਇਆ, ਇਸ ਨੇ ਭੀ ਬਹੁਤ ਕਵਿਤਾ ਲਿਖੀ ਹੈ। ਇਥੋਂ ਤਾਂ ਸਗੋਂ ਇਹ ਸਿੱਧ ਹੁੰਦਾ ਹੈ ਕਿ ਕਬੀਰ ਜੀ ਦੇ ਆਪਣੇ ਵਤਨ ਵਿਚ ਉਹਨਾਂ ਦੀ ਬਾਣੀ ਵਿਚ ਰਲਾ ਪਾਣ ਦੇ ਯਤਨ ਕੀਤੇ ਗਏ ਸਨ; ਪੰਜਾਬੀ ਸ਼ਰਧਾਲੂਆਂ ਦੀ ਕੋਈ ਖ਼ਾਸ ਵੱਖਰੀ ਉਕਾਈ ਨਹੀਂ ਸੀ।

ਅਦਲਾ-ਬਦਲੀ ਪੰਜਾਬ ਵਿਚ ਨਹੀਂ ਹੋ ਸਕੀ:

ਅਦਲਾ-ਬਦਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਸੇਵਕਾਂ ਸ਼ਰਧਾਲੂਆਂ ਨੇ ਕਬੀਰ ਜੀ ਦੀ ਬਾਣੀ ਜ਼ਬਾਨੀ ਯਾਦ ਕਰ ਰੱਖੀ ਹੋਵੇ, ਲਿਖ ਕੇ ਰੱਖਣ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਹੋਵੇ। ਪਰ, ਇਹ ਉਹ ਜ਼ਮਾਨਾ ਨਹੀਂ ਸੀ ਜਦੋਂ ਕਾਗ਼ਜ਼ ਕਲਮ ਦਵਾਤ ਨਾਹ ਮਿਲ ਸਕਦੇ ਹੋਣ; ਇਹ ਅਣਹੋਂਦ ਵੇਦਾਂ ਦੇ ਜ਼ਮਾਨੇ ਵਿਚ ਸੀ, ਜਦੋਂ ਕਵੀ-ਰਿਸ਼ੀ ਆਪਣੀ ਤੇ ਆਪਣੇ ਬਜ਼ੁਰਗਾਂ ਦੀ ਰਚੀ ਹੋਈ ਕਵਿਤਾ ਜ਼ਬਾਨੀ ਯਾਦ ਰੱਖਦੇ ਸਨ। ਮੁਸਲਮਾਨਾਂ ਦੇ ਰਾਜ ਵਿਚ ਤਾਂ ਕਾਗ਼ਜ਼ ਕਲਮ ਦਵਾਤ ਦੀ ਕੋਈ ਥੁੜ ਨਹੀਂ ਸੀ। ਸੋ, ਪੰਜਾਬ-ਵਾਸੀ ਜਿਸ ਸੇਵਕ ਸ਼ਰਧਾਲੂ ਨੇ ਕਿਸੇ ਭਗਤ ਦੀ ਬਾਣੀ ਲਿਆਂਦੀ ਹੋਵੇਗੀ, ਲਿਖ ਕੇ ਲਿਆਂਦੀ ਹੋਵੇਗੀ, ਤੇ ਨੀਅਤ ਸਾਫ਼ ਹੁੰਦਿਆਂ ਲਿਖ ਕੇ ਰੱਖੀ ਹੋਈ ਕਿਸੇ ਬਾਣੀ ਵਿਚ ਆਪਣੇ-ਆਪ ਅਦਲਾ-ਬਦਲੀ ਨਹੀਂ ਹੋ ਸਕਦੀ।

ਅਦਲਾ-ਬਦਲੀ ਦੀ ਸੰਭਾਵਨਾ ਕਿੱਥੇ?

ਰਤਾ ਹੋਰ ਗਹੁ ਨਾਲ ਵਿਚਾਰੋ। ਭਗਤਾਂ ਦੀ ਬਾਣੀ ਵਿਚ ਰਲਾ ਪਾਣ ਵਾਲੇ ਜਾਂ ਅਦਲਾ-ਬਦਲੀ ਕਰਨ ਵਾਲੇ ਕਿਥੋਂ ਦੇ ਲੋਕ ਹੋ ਸਕਦੇ ਸਨ? ਉੱਤਰ ਬਿਲਕੁਲ ਸਪਸ਼ਟ ਹੈ। ਸਿਰਫ਼ ਉਥੋਂ ਦੇ ਲੋਕ ਜਿੱਥੇ ਕਿਸੇ ਭਗਤ ਦੀ ਬਹੁਤ ਮਸ਼ਹੂਰੀ ਹੋ ਚੁੱਕੀ ਹੋਵੇ, ਜਿੱਥੇ ਉਸ ਦੇ ਖ਼ਿਆਲਾਂ ਦਾ ਆਮ ਪ੍ਰਚਾਰ ਹੋ ਗਿਆ ਹੋਵੇ। ਫਿਰ, ਕੌਣ ਲੋਕ ਰਲਾ ਪਾਂਦੇ ਹਨ, ਜਾਂ ਅਦਲਾ-ਬਦਲੀ ਕਰਦੇ ਹਨ? ਅਜੇਹੇ ਆਦਮੀ ਦੋ ਕਿਸਮ ਦੇ ਹੋ ਸਕਦੇ ਹਨ; ਇੱਕ, ਉਹ ਜੋ ਇਹ ਚਾਹੁੰਦੇ ਹੋਣ ਕਿ ਪ੍ਰਸਿੱਧ ਹੋ ਚੁਕੇ ਭਗਤ ਦੀ ਬਾਣੀ ਦੇ ਨਾਲ ਲੋਕ ਅਸਾਡੀ ਕਵਿਤਾ ਭੀ ਆਦਰ ਸਨਮਾਨ ਨਾਲ ਪੜ੍ਹਨ; ਐਸੇ ਆਦਮੀ ਉਸ ਭਗਤ ਦਾ ਨਾਮ ਵਰਤ ਕੇ ਕਵਿਤਾ ਲਿਖਣ ਲੱਗ ਪੈਂਦੇ ਹਨ। ਦੂਜੇ, ਉਹ ਲੋਕ ਜੋ ਭਗਤ ਦੇ ਪਰਚਾਰ ਵਿਚ ਗੜ-ਬੜ ਚਾਹੁੰਦੇ ਹੋਣ। ਅਜੇਹੇ ਦੋਹਾਂ ਹੀ ਕਿਸਮਾਂ ਦੇ ਲੋਕ ਗੁਆਂਢੀ ਜਾਂ ਸ਼ਰੀਕ ਹੀ ਹੋ ਸਕਦੇ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਿਨ੍ਹਾਂ ਲੋਕਾਂ ਨੇ ਕਵਿਤਾ ਰਚਣੀ ਸ਼ੁਰੂ ਕੀਤੀ? ਸਤਿਗੁਰੂ ਜੀ ਦੇ ਵਤਨੀਆਂ ਗੁਆਂਢੀਆਂ ਤੇ ਸ਼ਰੀਕਾਂ। ਸੋ, ਭਗਤਾਂ ਦੀ ਬਾਣੀ ਬਦਲਣ ਦਾ ਦੂਸ਼ਨ ਪੰਜਾਬ ਉਤੇ ਨਹੀਂ ਆ ਸਕਦਾ। ਜੇ ਕੋਈ ਅਦਲਾ-ਬਦਲੀ ਹੋਈ ਹੈ, ਤਾਂ ਉਹ ਭਗਤਾਂ ਦੇ ਆਪਣੇ ਹੀ ਵਤਨ ਵਿਚ ਹੈ; ਜੋ ਚੀਜ਼ ਭਗਤ ਜੀ ਦੇ ਵੇਲੇ ਦੀ ਜਾਂ ਨੇੜੇ ਦੇ ਸਮੇ ਦੀ ਪੰਜਾਬ ਵਿਚ ਲਿਖਤੀ ਸ਼ਕਲ ਵਿਚ ਅੱਪੜ ਚੁਕੀ ਹੈ ਉਹ ਸਹੀ ਰੂਪ ਵਿਚ ਹੀ ਰਹੀ ਹੈ।

ਭਗਤ-ਬਾਣੀ ਦੀ ਬੋਲੀ:

ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਭਗਤ-ਬਾਣੀ ਗਹੁ ਨਾਲ ਪੜ੍ਹਦੇ ਹਾਂ, ਤਾਂ ਇੱਕ ਗੱਲ ਸਪੱਸ਼ਟ ਦਿੱਸ ਰਹੀ ਹੈ। ਤਕਰੀਬਨ ਸਾਰੇ ਹੀ ਭਗਤਾਂ ਨੇ ਤਕਰੀਬਨ ਉਹੀ 'ਬੋਲੀ' ਵਰਤੀ ਹੈ ਜੋ ਲਗ-ਪਗ ਸਾਰੇ ਭਾਰਤ ਵਿਚ ਸਮਝੀ ਜਾ ਸਕੇ। ਕਿਉਂ? ਇਸ ਦਾ ਕਾਰਨ ਇਹੀ ਹੋ ਸਕਦਾ ਹੈ ਕਿ ਉਹ ਆਪਣੇ ਖ਼ਿਆਲਾਂ ਦਾ ਪ੍ਰਚਾਰ ਸਾਰੇ ਭਾਰਤ ਵਿਚ ਕਰਨਾ ਚਾਹੁੰਦੇ ਸਨ। ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ, ਪਰ ਉਹਨਾਂ ਭੀ ਆਪਣੀ ਬਾਣੀ ਭਾਰਤ ਦੀ ਸਾਂਝੀ ਜਿਹੀ ਬੋਲੀ ਵਿਚ ਲਿਖੀ ਹੈ। ਭਲਾ, ਗੁਰੂ ਸਾਹਿਬਾਨ ਦੀ ਆਪਣੀ ਬਾਣੀ ਰਤਾ ਗਹੁ ਨਾਲ ਪੜ੍ਹ ਕੇ ਵੇਖੋ ਖਾਂ! ਇਹ ਜ਼ਿਆਦਾਤਰ ਕਿਸ ਬੋਲੀ ਵਿਚ ਹੈ? ਪੰਜਾਬੀ ਬੋਲੀ ਨਹੀਂ ਹੈ। ਬਹੁਤੀ ਤਕਰੀਬਨ ਹਿੰਦੀ ਹੀ ਹੈ। ਕਿਉਂ? ਇਸ ਵਾਸਤੇ ਕਿ ਉਹ ਆਪਣੇ ਖ਼ਿਆਲਾਂ ਨੂੰ ਸਾਰੇ ਭਾਰਤ ਵਿਚ ਅਪੜਾਉਣਾ ਚਾਹੁੰਦੇ ਸਨ।

ਅਸਲ ਭਗਤ-ਬਾਣੀ ਗੁਰੂ ਗ੍ਰੰਥ ਸਾਹਿਬ ਵਿਚ:

ਅਸੀਂ ਹੁਣ ਤਕ ਵਿਚਾਰ ਚੁਕੇ ਹਾਂ ਕਿ ਜੋ ਭਗਤ-ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਭਗਤਾਂ ਦੀ ਉਚਾਰੀ ਹੋਈ ਅਸਲੀ ਬਾਣੀ ਉਹੀ ਹੈ। ਭਗਤਾਂ ਦੇ ਆਪਣੇ ਵਤਨ ਵਿਚ ਅਦਲਾ-ਬਦਲੀ ਹੋਣੀ ਸੰਭਵ ਹੋ ਸਕਦੀ ਸੀ ਤੇ ਸ਼ਾਇਦ ਹੋਈ ਹੋਵੇਗੀ। ਹੁਣ ਅਸਾਂ ਇਹ ਵੇਖਣਾ ਹੈ ਕਿ ਸਤਿਗੁਰੂ ਜੀ ਨੇ ਕਿਨ੍ਹਾਂ ਹਾਲਾਤ ਵਿਚ ਇਹ ਬਾਣੀ ਇਕੱਠੀ ਕੀਤੀ ਸੀ। 'ਤਵਾਰੀਖ ਗੁਰੂ ਖਾਲਸਾ' ਤੇ ਮੈਕਾਲਿਫ਼ ਨੇ ਤਾਂ ਇਹੀ ਲਿਖਿਆ ਹੈ ਕਿ ਇਹ ਕੰਮ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ; ਪਰ ਗੁਰਬਾਣੀ ਦੀ ਅੰਦਰਲੀ ਗਵਾਹੀ ਇਸ ਖ਼ਿਆਲ ਨਾਲ ਮੇਲ ਨਹੀਂ ਖਾਂਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦਾ ਹੈ ਤੇ ਇਤਿਹਾਸ-ਕਾਰਾਂ ਦੀ ਮੇਹਨਤ ਸਦਾ ਆਦਰ-ਸਤਕਾਰ ਦੀ ਹੱਕਦਾਰ ਹੁੰਦੀ ਹੈ। ਪਰ, ਇਹ ਗੱਲ ਭੀ ਅੱਖਾਂ ਤੋਂ ਉਹਲੇ ਨਹੀਂ ਕੀਤੀ ਜਾ ਸਕਦੀ ਕਿ ਸਿੱਖ ਧਰਮ ਦਾ ਅਸਲ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ; ਇਤਿਹਾਸ ਦੇ ਜਿਹੜੇ ਵਰਕੇ ਇਸ ਦੇ ਨਾਲ ਮੇਲ ਨਹੀਂ ਖਾਂਦੇ, ਉਹਨਾਂ ਨੂੰ ਗੁਰਬਾਣੀ ਦੀ ਗਵਾਹੀ ਦੇ ਟਾਕਰੇ ਤੇ ਬਰਾਬਰ ਦੀ ਥਾਂ ਨਹੀਂ ਦਿੱਤੀ ਜਾ ਸਕੇਗੀ। ਪਰ, ਇਸ ਦਾ ਇਹ ਭਾਵ ਨਹੀਂ ਕਿ ਇਤਿਹਾਸ ਜਾਂ ਇਤਿਹਾਸ-ਕਾਰ ਦੀ ਕੋਈ ਨਿਰਾਦਰੀ ਕੀਤੀ ਗਈ ਹੈ।

ਬਾਬਾ ਫ਼ਰੀਦ ਜੀ ਅਤੇ ਗੁਰੂ ਨਾਨਕ ਦੇਵ ਜੀ

ਸਾਖੀ ਅਨੁਸਾਰ ਪਾਕਪਟਨ:

ਭਗਤ-ਬਾਣੀ ਦਾ ਸੰਬੰਧ ਗੁਰ-ਬਾਣੀ ਨਾਲ ਕਦੋਂ ਤੋਂ ਬਣਿਆ ਹੈ– ਇਹ ਗੱਲ ਲੱਭਣ ਲਈ ਹਰੇਕ ਭਗਤ ਦੀ ਬਾਣੀ ਤੇ ਵੱਖੋ ਵੱਖ ਵਿਚਾਰ ਕਰਨੀ ਪਏਗੀ। ਸੋ, ਸਭ ਤੋਂ ਪਹਿਲਾਂ ਅਸੀਂ ਸਤਿਗੁਰੂ ਜੀ ਦੀ ਬਾਣੀ ਆਪਣੀ ਹੀ ਜੰਮਣ-ਭੁਇਂ ਦੇ ਵਸਨੀਕ ਬਾਬਾ ਫ਼ਰੀਦ ਜੀ ਦੀ ਬਾਣੀ ਵੇਖੀਏ। ਜੇ ਸਾਖੀ ਵਲ ਭੀ ਜਾਈਏ, ਤਾਂ 'ਪੁਰਾਤਨ ਜਨਮ-ਸਾਖੀ' ਵਾਲੇ ਨੇ ਸਾਫ਼ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਪਾਕਪਟਨ ਗਏ, ਬਾਬਾ ਫ਼ਰੀਦ ਜੀ ਦੀ ਗੱਦੀ ਉੱਤੇ ਗਿਆਰਵੇਂ ਥਾਂ ਬੈਠੇ ਸੇਖ਼ ਬਿਰਾਹਮ ਨੂੰ ਮਿਲੇ ਤੇ ਉਸ ਪਾਸੋਂ ਸੇਖ਼ ਫ਼ਰੀਦ ਜੀ ਦੀ ਬਾਣੀ ਸੁਣੀ। ਨਿਰੀ ਸੁਣੀ ਹੀ ਨਹੀਂ, ਫ਼ਰੀਦ ਜੀ ਦੇ ਕਈ ਬਚਨਾਂ ਬਾਰੇ ਆਪਣੇ ਖ਼ਿਆਲ ਭੀ ਪਰਗਟ ਕੀਤੇ। ਪਹਿਲੇ ਲੇਖ ਵਿਚ ਅਸੀਂ ਦੱਸ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਚਾਰੀ ਹੋਈ ਬਾਣੀ ਸਦਾ ਆਪ ਹੀ ਲਿਖ ਕੇ ਆਪਣੇ ਪਾਸ ਸਾਂਭ ਕੇ ਰੱਖਦੇ ਰਹੇ ਸਨ। ਪਾਕਪਟਨ ਵਿਚ ਉਚਾਰੀ ਬਾਣੀ ਵਾਸਤੇ ਇਸ ਨਿਯਮ ਦੇ ਉਲੰਘਣ ਦੀ ਕੋਈ ਲੋੜ ਨਹੀਂ ਸੀ ਹੋ ਸਕਦੀ; ਭਾਵ, ਪਾਕਪਟਨ ਵਿਚ ਉਚਾਰੀ ਹੋਈ ਬਾਣੀ ਭੀ ਸਤਿਗੁਰੂ ਜੀ ਨੇ ਆਪ ਹੀ ਲਿਖ ਕੇ ਆਪਣੇ ਪਾਸ ਰੱਖੀ ਹੋਵੇਗੀ। ਪਰ, ਜੋ ਬਾਣੀ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਵਿਚ ਉਚਾਰੀ, ਉਸ ਵਿਚ ਤੇ ਬਾਬਾ ਫ਼ਰੀਦ ਜੀ ਦੀ ਕੁਝ ਬਾਣੀ ਵਿਚ ਬੜੀ ਡੂੰਘੀ ਤੇ ਨੇੜੇ ਦੀ ਸਾਂਝ ਹੈ। ਇਹ ਮੰਨਣਾ ਹੀ ਪਏਗਾ ਕਿ ਬਾਬਾ ਫ਼ਰੀਦ ਜੀ ਦੇ ਜਿਨ੍ਹਾਂ ਬਚਨਾਂ ਦੇ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਉਚਾਰੀ ਸੀ ਤੇ ਲਿਖ ਕੇ ਆਪਣੇ ਪਾਸ ਰੱਖ ਲਈ ਸੀ, ਉਹ ਬਚਨ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਕੇ ਰੱਖ ਲਏ ਹੋਣਗੇ, ਕਿਉਂਕਿ ਜੋ ਸੁੰਦਰਤਾ ਦਾ ਝਲਕਾਰਾ ਉਹਨਾਂ ਨੂੰ ਇਕੱਠੇ ਰਲਾ ਕੇ ਪੜ੍ਹਿਆਂ ਵੱਜਦਾ ਹੈ, ਉਹ ਵਖੋ-ਵਖ ਪੜ੍ਹਿਆਂ ਨਹੀਂ ਵੱਜਦਾ।

ਸ਼ਲੋਕਾਂ ਦਾ ਪਰਸਪਰ ਟਾਕਰਾ

ਇਸ ਗੱਲ ਨੂੰ ਪ੍ਰਤੱਖ ਵੇਖਣ ਅਤੇ ਸਮਝਣ ਲਈ ਦੋਹਾਂ ਮਹਾਂ ਉੱਤਮ ਵਿਅਕਤੀਆਂ ਦੇ ਸ਼ਲੋਕ ਰਲਾ ਕੇ ਪੜ੍ਹ ਵੇਖੀਏ:

(1) ਫ਼ਰੀਦ ਜੀ:

ਪਹਿਲੈ ਪਹਿਰੈ ਫੁਲੜਾ, ਫਲੁ ਭੀ ਪਛਾ ਰਾਤਿ ॥ ਜੋ ਜਾਗੰਨ੍ਹ੍ਹਿ ਲਹੰਨਿ ਸੇ, ਸਾਈ ਕੰਨੋ ਦਾਤਿ ॥112॥

ਇਥੇ ਫ਼ਰੀਦ ਜੀ ਨੇ ਲਫ਼ਜ਼ 'ਦਾਤਿ' ਵਰਤ ਕੇ ਸਿਰਫ਼ ਇਸ਼ਾਰੇ ਮਾਤਰ ਦੱਸਿਆ ਹੈ ਕਿ ਜੋ ਮਨੁੱਖ ਅੰਮ੍ਰਿਤ ਵੇਲੇ ਜਾਗ ਕੇ ਬੰਦਗੀ ਕਰਦੇ ਹਨ ਉਹਨਾਂ ਉਤੇ ਰੱਬ ਮੇਹਰ ਕਰਦਾ ਹੈ ਤੇ ਆਪਣਾ ਨਾਮ ਬਖ਼ਸ਼ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਰ ਕੇ ਇਹ ਕਹਿ ਦਿੱਤਾ ਹੈ ਕਿ ਇਹ ਤਾਂ 'ਦਾਤਿ' ਹੈ 'ਦਾਤਿ', ਕੋਈ 'ਹੱਕ' ਨਹੀਂ ਬਣ ਜਾਂਦਾ, ਮਤਾਂ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੀ ਕਰਨ ਲੱਗ ਪਏ। ਸੋ, ਬਾਬਾ ਫ਼ਰੀਦ ਜੀ ਦੇ ਉੱਪਰ-ਲਿਖੇ ਸ਼ਲੋਕ ਦੀ ਵਿਆਖਿਆ ਵਿਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ:

ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਾਹਨ੍ਹ੍ਹਿ, ਇਕਨਾ ਸੁਤਿਆ ਦੇਇ ਉਠਾਲਿ ॥113॥

(2) ਸਲੋਕ ਫ਼ਰੀਦ ਜੀ:

ਸਰਵਰ ਪੰਖੀ ਹੇਕੜੋ, ਫਾਹੀ ਵਾਲ ਪਚਾਸ ॥ ਇਹੁ ਤਨੁ ਲਹਰੀ ਗਡਿ ਥਿਆ, ਸਚੇ ਤੇਰੀ ਆਸ ॥125॥

ਇਸ ਸ਼ਲੋਕ ਵਿਚ ਫ਼ਰੀਦ ਜੀ ਨੇ ਦੱਸਿਆ ਹੈ ਕਿ ਜਗਤ ਦੇ ਵਿਕਾਰਾਂ ਤੋਂ ਬਚਣ ਦਾ ਇੱਕੋ ਹੀ ਉਪਾਉ ਹੈ– ਪਰਮਾਤਮਾ ਦੀ ਓਟ। ਇਹ ਓਟ ਕਿਸੇ ਭੀ ਭਾਅ ਮਿਲੇ ਤਾਂ ਭੀ ਸੌਦਾ ਸਸਤਾ ਹੈ, ਇਸ ਖ਼ਿਆਲ ਨੂੰ ਆਪ ਇਉਂ ਬਿਆਨ ਕਰਦੇ ਹਨ:

ਤਨੁ ਤਪੈ ਤਨੂਰ ਜਿਉ ਬਾਲਣੁ, ਹਡ ਬਲੰਨ੍ਹ੍ਹਿ ॥ ਪੈਰੀ ਥਕਾਂ ਸਿਰਿ ਜੁਲਾਂ, ਜੇ ਮੂੰ ਪਿਰੀ ਮਿਲੰਨ੍ਹ੍ਹਿ ॥119॥

ਪਰ, ਮਤਾਂ ਕੋਈ ਮਨੁੱਖ ਅੰਞਾਣ-ਪੁਣੇ ਵਿਚ ਇਹ ਸਮਝ ਲਏ ਕਿ ਫ਼ਰੀਦ ਜੀ ਧੂਣੀਆਂ ਤਪਾਣ ਦੀ ਹਿਦੈਤ ਕਰਦੇ ਹਨ, ਇਸ ਭੁਲੇਖੇ ਤੋਂ ਬਣਾਉਣ ਲਈ ਸਤਿਗੁਰੂ ਨਾਨਕ ਦੇਵ ਜੀ ਫ਼ਰੀਦ ਜੀ ਦੇ ਇਸ ਸਲੋਕ ਦੇ ਨਾਲ ਆਪਣਾ ਸਲੋਕ ਲਿਖ ਕੇ ਦੱਸਦੇ ਹਨ ਕਿ ਫ਼ਰੀਦ ਜੀ ਧੂਣੀਆਂ ਤਪਾਣ ਦੇ ਹੱਕ ਵਿਚ ਨਹੀਂ ਹਨ:

ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ ॥120॥

(3) ਫ਼ਰੀਦ ਜੀ:

ਸਾਹੁਰੈ ਢੋਈ ਨਾ ਲਹੈ, ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ ॥31॥

ਫ਼ਰੀਦ ਜੀ ਨੇ ਇੱਥੇ ਦੱਸਿਆ ਹੈ ਕਿ ਜੇ 'ਖਸਮ' ਕਦੇ ਖ਼ਬਰ ਹੀ ਨਾ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣਿ' ਰੱਖ ਲੈਣਾ ਕਿਸੇ ਕੰਮ ਨਹੀਂ। ਸਤਿਗੁਰੂ ਨਾਨਕ ਦੇਵ ਜੀ ਨੇ ਅਗਲੇ ਸ਼ਲੋਕ ਵਿਚ 'ਸੋਹਾਗਣਿ' ਦੇ ਅਸਲ ਲੱਛਣ ਭੀ ਦੱਸ ਕੇ ਬਾਬਾ ਫ਼ਰੀਦ ਜੀ ਦੇ ਖ਼ਿਆਲ ਦੀ ਹੋਰ ਵਿਆਖਿਆ ਕਰ ਦਿੱਤੀ ਹੈ:

ਸਾਹੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ ॥ ਨਾਨਕ ਸੋ ਸੋਹਾਗਣੀ, ਜੁ ਭਾਵੈ ਬੇਪਰਵਾਹ ॥32॥

ਬਾਬਾ ਫ਼ਰੀਦ ਜੀ ਦੇ ਉੱਪਰ ਦਿੱਤੇ ਜਿਨ੍ਹਾਂ ਸਲੋਕਾਂ ਦੀ ਵਿਆਖਿਆ ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਲੋਕਾਂ ਵਿਚ ਕੀਤੀ ਹੈ, ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਸ਼ਲੋਕਾਂ ਦੇ ਨਾਲ ਲਿਖ ਕੇ ਨਾਹ ਰੱਖਿਆ ਹੋਵੇ। ਇਥੋਂ ਇਹ ਨਤੀਜਾ ਭੀ ਸਾਫ਼ ਨਿਕਲਦਾ ਹੈ ਕਿ ਬਾਬਾ ਫ਼ਰੀਦ ਜੀ ਦੇ ਬਾਕੀ ਦੇ ਸ਼ਲੋਕ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਲਏ ਹੋਣਗੇ; ਨਹੀਂ ਤਾਂ, ਬਾਬਾ ਫ਼ਰੀਦ ਜੀ ਦੇ ਕਿਸੇ ਇੱਕ ਦੋ ਬਚਨਾਂ ਬਾਰੇ ਪੈਂਦੇ ਕਿਸੇ ਭੁਲੇਖੇ ਦੀ ਵਿਆਖਿਆ ਕਰਨ ਦੀ ਲੋੜ ਹੀ ਪੈਦਾ ਨਹੀਂ ਸੀ ਹੁੰਦੀ।

ਗੁਰੂ ਅਮਰਦਾਸ ਜੀ ਅਤੇ ਫ਼ਰੀਦ ਜੀ:

ਅਸੀਂ ਸਾਬਤ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਹੀ ਬਾਣੀ ਉਹਨਾਂ ਦੇ ਆਪਣੇ ਹੀ ਹੱਥਾਂ ਦੀ ਲਿਖੀ ਹੋਈ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਨੂੰ ਪਹੁੰਚੀ ਸੀ। ਫ਼ਰੀਦ ਜੀ ਦੇ ਇਹ ਸਾਰੇ ਸ਼ਲੋਕ ਭੀ ਇਸ ਖ਼ਜ਼ਾਨੇ ਵਿਚ ਉਹਨਾਂ ਨੂੰ ਮਿਲੇ ਸਨ, ਤਾਹੀਏਂ ਗੁਰੂ ਅਮਰਦਾਸ ਜੀ ਨੇ ਭੀ ਬਾਬਾ ਫ਼ਰੀਦ ਜੀ ਦੇ ਕੁਝ ਖ਼ਿਆਲਾਂ ਦੀ ਵਿਆਖਿਆ ਵਿਚ ਆਪਣੇ ਸ਼ਲੋਕ ਲਿਖੇ:

(1) ਬਾਬਾ ਫ਼ਰੀਦ ਜੀ:

ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ, ਤਿਨ ਤਨਿ ਰਤੁ ਨ ਹੋਇ ॥51॥

ਫ਼ਰੀਦ ਜੀ ਨੇ ਜਿਸ 'ਰਤੁ' ਦਾ ਜ਼ਿਕਰ ਇਸ ਸ਼ਲੋਕ ਵਿਚ ਕੀਤਾ ਹੈ, ਉਸ ਨੂੰ ਆਪਣੇ ਪਹਿਲੇ ਸ਼ਲੋਕ ਨੰ: 50 ਵਿਚ ਸਮਝਾ ਤਾਂ ਦਿੱਤਾ ਹੈ, ਪਰ ਇਸ਼ਾਰੇ-ਮਾਤ੍ਰ ਹੀ ਲਫ਼ਜ਼ 'ਦਿਲਿ ਕਾਤੀ' ਦੀ ਰਾਹੀਂ ਆਪ ਲਿਖਦੇ ਹਨ:

ਫਰੀਦਾ ਕੰਨਿ ਮੁਸਲਾ, ਸੂਫੁ ਗਲਿ, ਦਿਲਿ ਕਾਤੀ ਗੁੜੁ ਵਾਤਿ ॥ ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ ॥50॥

ਗੁਰੂ ਅਮਰਦਾਸ ਜੀ ਨੇ ਇਹ ਖ਼ਿਆਲ ਵਧੀਕ ਖੁਲ੍ਹਾ ਕਰ ਕੇ ਆਪਣੇ ਸ਼ਲੋਕ ਵਿਚ ਬਿਆਨ ਕਰ ਦਿੱਤਾ ਹੈ।

ਮ: 3 ॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ ॥52॥

(2) ਫ਼ਰੀਦ ਜੀ:

ਫਰੀਦਾ ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ ॥ ਜਿਨ੍ਹ੍ਹੀ ਵੇਸੀ ਸਹੁ ਮਿਲੈ, ਸੇਈ ਵੇਸ ਕਰੇਉ ॥130॥

ਫ਼ਰੀਦ ਜੀ ਦਾ ਇੱਥੇ ਭਾਵ ਉਹੀ ਹੈ ਜੋ ਉਹਨਾਂ ਨੇ ਸ਼ਲੋਕ ਨੰ: 119 ਵਿਚ ਦੱਸਿਆ ਹੈ। ਪਰ, ਮਤਾਂ ਕੋਈ ਮਨੁੱਖ ਇਹ ਸਮਝ ਲਏ ਕਿ ਫ਼ਰੀਦ ਜੀ ਰੱਬ ਦੇ ਮਿਲਣ ਲਈ ਫ਼ਕੀਰੀ ਪਹਿਰਾਵਾ ਜ਼ਰੂਰੀ ਖ਼ਿਆਲ ਕਰਦੇ ਹਨ, ਗੁਰੂ ਅਮਰਦਾਸ ਜੀ ਨੇ ਇਹ ਭੁਲੇਖਾ ਦੂਰ ਕਰਨ ਲਈ ਇਸ ਦੇ ਨਾਲ ਆਪਣਾ ਸ਼ਲੋਕ ਦਰਜ ਕਰ ਦਿੱਤਾ ਹੈ:

ਮ: 3: ॥ ਕਾਇ ਪਟੋਲਾ ਪਾਤੜੀ, ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥104॥

(3) ਫ਼ਰੀਦ ਜੀ:

ਫਰੀਦਾ ਕਾਲੀ ਜਿਨੀ ਨ ਰਾਵਿਆ, ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ, ਰੰਗੁ ਨਵੇਲਾ ਹੋਇ ॥12॥

ਇੱਥੇ ਫ਼ਰੀਦ ਜੀ ਇਕ ਕੁਦਰਤੀ ਨਿਯਮ ਦੱਸਦੇ ਹਨ ਕਿ ਜੁਆਨੀ ਵਿਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿਚ ਬੰਦਗੀ ਵਲ ਪਰਤਣਾ ਆਮ ਤੌਰ ਤੇ ਔਖਾ ਹੋ ਜਾਂਦਾ ਹੈ।

ਗੁਰੂ ਅਮਰਦਾਸ ਜੀ ਇਸ ਖ਼ਿਆਲ ਦੇ ਨਾਲ-ਲਗਵੀਂ ਇਕ ਹੋਰ ਗੱਲ ਦੱਸਦੇ ਹਨ ਕਿ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ' ਸਦਾ ਹੈ ਹੀ ਰੱਬੀ ਬਖ਼ਸ਼ਸ਼:

ਮ: 3 ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ, ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ, ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ ॥13॥

ਜੇ ਭਗਤਾਂ ਦੀ ਬਾਣੀ ਤੇ ਉਸ ਵਿਚ ਫ਼ਰੀਦ ਜੀ ਦੇ ਸ਼ਲੋਕ ਗੁਰੂ ਅਰਜਨ ਸਾਹਿਬ ਦੇ ਇਕੱਠੇ ਕੀਤੇ ਹੁੰਦੇ, ਤਾਂ ਗੁਰੂ ਅਮਰਦਾਸ ਜੀ ਦੇ ਉੱਪਰ-ਲਿਖੇ ਸ਼ਲੋਕਾਂ ਦੇ ਉਚਾਰੇ ਜਾਣ ਦੀ ਕੋਈ ਗੁੰਜੈਸ਼ ਨਾਹ ਹੁੰਦੀ। ਸ਼ਲੋਕ ਨੰ: 13 ਵਾਸਤੇ ਤਾਂ ਹੋਰ ਕੋਈ ਵੀ ਦਲੀਲ ਘੜੀ ਨਹੀਂ ਜਾ ਸਕਦੀ, ਕਿਉਂਕਿ ਇਸ ਵਿਚ ਤਾਂ ਗੁਰੂ ਅਮਰਦਾਸ ਜੀ ਬਾਬਾ ਫ਼ਰੀਦ ਜੀ ਦਾ ਨਾਮ ਭੀ ਵਰਤਦੇ ਹਨ। ਬੜੀ ਸਾਫ਼ ਤੇ ਪ੍ਰਤੱਖ ਗੱਲ ਹੈ ਕਿ ਇਹ ਇਹ ਸਾਰੇ ਸ਼ਲੋਕ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਜਾ ਕੇ ਸ਼ੇਖ ਬਿਰਾਹਮ ਪਾਸੋਂ ਲਏ, ਆਪਣੇ ਪਾਸ ਲਿਖ ਕੇ ਰੱਖ ਲਏ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ-ਵਿਚਾਰਿਆ, ਜਿਥੇ ਲੋੜ ਜਾਪੀ, ਫ਼ਰੀਦ ਜੀ ਦੇ ਖਿਆਲ ਦੀ ਹੋਰ ਵਿਆਖਿਆ ਕਰ ਦਿੱਤੀ; ਆਪਣੀ ਬਾਣੀ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਤੱਕ ਅਪੜਾਏ; ਗੁਰੂ ਅਮਰਦਾਸ ਜੀ ਨੇ ਭੀ ਫ਼ਰੀਦ ਜੀ ਦੇ ਕਈ ਇਸ਼ਾਰੇ ਮਾਤ੍ਰ ਦੱਸੇ ਖ਼ਿਆਲਾਂ ਨੂੰ ਹੋਰ ਸਾਫ਼ ਕਰ ਦਿੱਤਾ। ਸੋ ਜਿੱਥੋਂ ਤਕ ਫ਼ਰੀਦ ਜੀ ਦੀ ਬਾਣੀ ਦਾ ਸੰਬੰਧ ਹੈ, ਇਹ ਗੁਰੂ ਅਰਜਨ ਸਾਹਿਬ ਨੇ ਇਕੱਠੀ ਨਹੀਂ ਕਰਾਈ, ਇਹ ਸਾਰੀ ਦੀ ਸਾਰੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਵਿਰਸੇ ਵਿਚ ਮਿਲੀ ਸੀ। ਜਦੋਂ ਅਸੀਂ ਇਹ ਵੇਖਦੇ ਹਾਂ ਕਿ 130 ਸਲੋਕਾਂ ਵਿਚ ਸਲੋਕ ਨੰ: 13, 32, 52, 104, 113, 120, 122, 123 ਅਤੇ 124 ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੇ ਹਨ, ਤਾਂ ਕੁਦਰਤੀ ਨਤੀਜਾ ਇਹੀ ਕੱਢ ਸਕੀਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਕੋਈ ਪੰਜ-ਸੱਤ ਟਾਂਵੇਂ ਟਾਂਵੇਂ ਸ਼ਲੋਕ ਫ਼ਰੀਦ ਜੀ ਦੇ ਨਹੀਂ ਲਿਆਂਦੇ ਸਨ ਸਗੋਂ ਸਾਰੇ ਹੀ ਲਿਖ ਲਏ ਸਨ।

ਸੂਹੀ ਰਾਗ ਦੇ ਦੋਵੇਂ ਸ਼ਬਦ

ਇਸ ਨਤੀਜੇ ਨੂੰ ਹੋਰ ਪੱਕਾ ਕਰਨ ਲਈ ਪਾਠਕਾਂ ਦੀ ਸੇਵਾ ਵਿਚ ਸੂਹੀ ਰਾਗ ਦੇ ਦੋ ਸ਼ਬਦ ਪੇਸ਼ ਕੀਤੇ ਜਾਂਦੇ ਹਨ, ਇਕ ਫ਼ਰੀਦ ਜੀ ਦਾ ਅਤੇ ਦੂਜਾ ਗੁਰੂ ਨਾਨਕ ਦੇਵ ਜੀ ਦਾ। ਫ਼ਰੀਦ ਜੀ ਹਿਦਾਇਤ ਕਰਦੇ ਹਨ ਕਿ ਮਾਇਆ ਵਿਚ ਮਨ ਨਾਹ ਫਸਾਓ, ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸਦੇ ਹਨ, ਇਸ ਸ਼ਬਦ ਦੀ ਰਾਹੀਂ ਫ਼ਰੀਦ ਜੀ ਉਹਨਾਂ ਦੀ ਮੰਦੀ ਹੋ ਚੁੱਕੀ ਹਾਲਤ ਬਿਆਨ ਕਰਦੇ ਹਨ। ਸਤਿਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਪ੍ਰਭੂ ਦੇ ਨਾਮ ਵਿਚ ਮਨ ਨੂੰ ਰੰਗੋ, ਜਿਨ੍ਹਾਂ ਦਾ ਮਨ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਚੰਗੀ ਆਤਮਕ ਹਾਲਤ ਸਤਿਗੁਰੂ ਜੀ ਨੇ ਸ਼ਬਦ ਵਿਚ ਦੱਸੀ ਹੈ। ਫ਼ਰੀਦ ਜੀ ਨੇ ਮਾਇਆ-ਵੇੜ੍ਹੀ ਮਨੁੱਖੀ ਤਸਵੀਰ ਖਿੱਚੀ ਹੈ। ਗੁਰੂ ਨਾਨਕ ਦੇਵ ਜੀ ਨੇ ਨਾਮ-ਰੰਗ ਵਿਚ ਰੰਗੀ ਹੋਈ ਤਸਵੀਰ। ਦੋਹਾਂ ਸ਼ਬਦਾਂ ਦੀਆਂ ਪਹਿਲਾਂ 'ਰਹਾਉ' ਦੀਆਂ ਤੁਕਾਂ ਰਲਾ ਕੇ ਪੜ੍ਹੋ ਫਿਰ ਸਾਰੇ 'ਬੰਦਾਂ' ਨੂੰ ਇਕ ਦੂਜੇ ਸ਼ਬਦ ਵਿਚੋਂ ਲੈ ਕੇ। ਕਿਤਨੇ ਹੀ ਲਫ਼ਜ਼ ਸਾਂਝੇ ਹਨ! ਇਹਨਾਂ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਬਾਬਾ ਫ਼ਰੀਦ ਜੀ ਦੀ ਇਕ-ਪਾਸੀ ਤਸਵੀਰ ਦਾ ਦੂਜਾ ਪਾਸਾ ਤਿਆਰ ਕਰ ਕੇ ਤਸਵੀਰ ਨੂੰ ਮੁਕੰਮਲ ਕਰ ਦਿੱਤਾ ਹੈ। ਜੇ ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਨਾਲ ਸਾਂਭ ਕੇ ਨਾਹ ਰੱਖਦੇ, ਤਾਂ ਇਹ ਜ਼ਰੂਰੀ ਨਹੀਂ ਸੀ ਕਿ ਇਹ ਦੋਵੇਂ ਸ਼ਬਦ ਮੁੜ ਆਪੋ ਵਿਚ ਮਿਲ ਸਕਦੇ। ਦੋਵੇਂ ਸ਼ਬਦ ਇਉਂ ਹਨ:

ਸੂਹੀ ਫ਼ਰੀਦ ਜੀ:

ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ ॥1॥ ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ ॥1॥ਰਹਾਉ॥ ਇਕ ਆਪੀਨ੍ਹ੍ਹੈ ਪਤਲੀ, ਸਹ ਕਰੇ ਬੋਲਾ ॥ ਦੁਧਾਥਣੀ ਨ ਆਵਈ, ਫਿਰਿ ਹੋਇ ਨ ਮੇਲਾ ॥2॥ ਕਹੈ ਫਰੀਦੁ ਸਹੇਲੀਹੋ, ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ, ਅਹਿ ਤਨੁ ਢੇਰੀ ਥੀਸੀ ॥3॥2॥

ਸੂਹੀ ਮਹਲਾ 1:

ਜਪ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ, ਐਸਾ ਪੰਥੁ ਸੁਹੇਲਾ ॥1॥ ਤੇਰਾ ਏਕੋ ਨਾਮੁ ਮੰਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥ਰਹਾਉ॥ ਸਾਜਨ ਚਲੇ ਪਿਆਰਿਆ, ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਢੜੀਐ, ਮੇਲੇਗਾ ਸੋਈ ॥2॥ ਮਿਲਿਆ ਹੋਇ ਨ ਵੀਛੁੜੈ, ਜੇ ਮਿਲਿਆ ਹੋਈ ॥ ਆਵਾਗਉਣੁ ਨਿਵਾਰਿਆ, ਹੈ ਸਾਚਾ ਸੋਈ ॥3॥ ਹਉਮੈ ਮਾਰਿ ਨਿਵਾਰਿਆ, ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ, ਸਹ ਕੇ ਅੰਮ੍ਰਿਤ ਬੋਲਾ ॥4॥ ਨਾਨਕੁ ਕਹੈ ਸਹੇਲੀਹੋ, ਸਹੁ ਖਰਾ ਪਿਆਰਾ। ਹਮ ਸਹ ਕੇਰੀਆ ਦਾਸੀਆ, ਸਾਚਾ ਖਸਮੁ ਹਮਾਰਾ ॥5॥2॥4॥

ਇਤਰਾਜ਼ਾਂ ਬਾਰੇ ਵਿਚਾਰ:

ਭਗਤ ਬਾਣੀ ਦੇ ਵਿਰੋਧੀ ਸੱਜਣ ਜੀ ਬਾਬਾ ਫ਼ਰੀਦ ਜੀ ਦੇ ਸੰਬੰਧ ਵਿਚ ਇਉਂ ਲਿਖਦੇ ਹਨ– 'ਸੇਖ ਫ਼ਰੀਦ ਜੀ ਦੇ ਪਰਚਾਰ ਨੇ ਬਹੁਤ ਸੇ ਹਿੰਦੂ ਜੱਟਾਂ ਰਾਜਪੂਤਾਂ ਨੂੰ ਮੁਸਲਮਾਨ ਬਣਾਇਆ, ਕਈ ਜੋਗੀ ਸਿੱਧ ਹਿੰਦੂ-ਰਾਜਵਾੜੇ ਇਸਲਾਮ ਵਿਚ ਸ਼ਾਮਲ ਕੀਤੇ। '

ਪਤਾ ਨਹੀਂ ਵਿਰੋਧੀ ਸੱਜਣ ਜੀ ਨੇ ਇਹ ਜਜ਼ਬਾਤੀ ਪ੍ਰੇਰਨਾ ਕਰ ਕੇ ਕਿਉਂ ਫ਼ਰੀਦ ਜੀ ਦੇ ਵਿਰੁੱਧ ਇਹ ਭੜਕਾਹਟ ਪੈਦਾ ਕਰਨ ਦਾ ਜਤਨ ਕੀਤਾ। ਜੇ ਕਿਸੇ ਮਹਾਂ ਪੁਰਖ ਦੇ ਉੱਚੇ ਆਚਰਨ ਅਤੇ ਮਿੱਠੇ ਬੋਲਾਂ ਦੀ ਤਾਕਤ ਨੇ ਵਿਤਕਰੇ-ਭਰੇ ਭਾਈਚਾਰੇ ਵਿਚ ਦਲੀਦੇ ਲੋਕਾਂ ਨੂੰ ਉਥੋਂ ਖਿੱਚ ਲਿਆ, ਤਾਂ ਇਸ ਵਿਚ ਬਾਬਾ ਫ਼ਰੀਦ ਜੀ ਦਾ ਕੀਹ ਦੋਸ਼!

ਫ਼ਰੀਦ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਪਾਸ:

ਵਿਰੋਧੀ ਸੱਜਣ ਜੀ ਲਿਖਦੇ ਹਨ– 'ਮੌਜੂਦਾ ਬੀੜ ਵਿਚ ਚਾਰ ਸ਼ਬਦ ਅਤੇ 130 ਸ਼ਲੋਕ ਹਨ। ਕਈਆਂ ਸ਼ਲੋਕਾਂ ਪਰ ਤੀਜੇ ਅਤੇ ਪੰਜਵੇਂ ਗੁਰੂ ਜੀ ਵਲੋਂ ਨੋਟ ਭੀ ਦਿੱਤੇ ਗਏ ਹਨ।

ਸਤਿਗੁਰੂ ਜੀ ਦੇ ਦਿੱਤੇ ਨੋਟ ਹੀ ਇਹ ਸਾਬਤ ਕਰ ਰਹੇ ਹਨ ਕਿ ਫ਼ਰੀਦ ਜੀ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਆਪ ਹੀ 'ਮੌਜੂਦਾ ਬੀੜ' ਵਿਚ ਦਰਜ ਕੀਤਾ ਸੀ।

ਇਸਲਾਮੀ ਸ਼ਰਹ:

ਵਿਰੋਧੀ ਸੱਜਣ ਲਿਖਦਾ ਹੈ– ਨਿਹਾਇਤ ਖ਼ੂਬੀ ਦੀ ਗੱਲ ਇਹ ਹੈ ਕਿ ਫ਼ਰੀਦ ਜੀ ਦੀ ਰਚਨਾ ਵਿਚ ਕਿਤੇ ਭੀ ਰਾਮ ਕ੍ਰਿਸ਼ਨ ਭਗਵਾਨ ਦਾ ਨਾਮ ਤਕ ਨਹੀਂ ਆਇਆ। ਇਸਲਾਮੀ ਤਰਜ਼ ਦੇ ਨਾਮਾਂ ਤੋਂ ਇਲਾਵਾ ਸਾਰੀ ਰਚਨਾ ਵਿਚ ਇਸਲਾਮੀ ਸ਼ਰਹ ਨੂੰ ਕੁੱਟ ਕੁੱਟ ਕੇ ਭਰਿਆ ਹੋਇਆ ਹੈ; ਜਿਵੇਂ ਕਿ ਕਬਰ ਦਾ ਦੁੱਖ, ਕਿਆਮਤ, ਪੁਰਸਲਾਤ, ਨਿਮਾਜ਼ਾਂ, ਰੋਜ਼ੇ, ਵੁਜ਼ੂ ਆਦਿ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ।

ਗੱਲ ਤਾਂ ਸਿੱਧੀ ਸਾਫ਼ ਹੈ। ਬਾਬਾ ਫ਼ਰੀਦ ਜੀ ਮੁਸਲਮਾਨ-ਘਰ ਦੇ ਜੰਮ-ਪਲ ਸਨ। ਉਹਨਾਂ ਦੇ ਮਾਪੇ ਪੰਜਾਬੀ ਨਹੀਂ ਸਨ। ਹਿੰਦੂ ਭੀ ਨਹੀਂ ਸਨ। ਕੁਦਰਤੀ ਤੌਰ ਤੇ ਉਹਨਾਂ ਦੀ ਬੋਲੀ ਵਿਚ ਇਸਲਾਮੀ ਲਫ਼ਜ਼ ਹੀ ਆਉਣੇ ਸਨ। ਪਰ

'ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ ॥'

ਚਾਲਾਕ ਭਾਈ:

ਵਿਰੋਧੀ ਸੱਜਣ ਜੀ ਲਿਖਦੇ ਹਨ– 'ਕਈ ਚਾਲਾਕ ਭਾਈ ਨਿਮਾਜ਼ ਦਾ ਅਰਥ 'ਅਰਜ਼, ਬੰਦਗੀ' ਆਦਿਕ ਕੱਢ ਕੇ ਪਰਚਾਣਾ ਚਾਹੁੰਦੇ ਹਨ। ਪਰ ਜਿਥੇ ਸ਼ੇਖ਼ ਸਾਹਿਬ ਫ਼ੁਰਮਾਂਦੇ ਹਨ ਕਿ 'ਉਠੁ ਫ਼ਰੀਦਾ ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ', ਇਸ ਦਾ ਭਾਵ ਇਹ ਕਦੇ ਨਹੀਂ ਹੋ ਸਕਦਾ ਕਿ ਫ਼ਰੀਦ ਜੀ ਕਹਿੰਦੇ ਹਨ ਕਿ ਸਿੱਖਾ! ਉੱਠ, ਅਸ਼ਨਾਨ ਕਰ ਕੇ ਜਪ, ਜਾਪ ਸਵਈਏ ਪੜ੍ਹ। ਅਰਥ ਸਾਫ਼ ਇਸਲਾਮੀ ਨਿਮਾਜ਼ ਹੈ ਜੋ ਸਿੱਖਾਂ ਨੇ ਕਦੇ ਨਹੀਂ ਪੜ੍ਹੀ।

ਗੱਲ ਸਿੱਧੀ ਸਾਫ਼ ਹੈ। ਬਾਬਾ ਫ਼ਰੀਦ ਜੀ ਦਾ ਦੇਹਾਂਤ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪੂਰੇ 203 ਸਾਲ ਪਹਿਲਾਂ ਹੋ ਚੁਕਾ ਸੀ। ਜਪ, ਜਾਪ ਆਦਿਕ ਬਾਣੀਆਂ ਅਜੇ ਉਸ ਵੇਲੇ ਬਾਣੀ-ਰੂਪ ਵਿਚ ਆਈਆਂ ਹੀ ਨਹੀਂ ਸਨ।

ਲਫ਼ਜ਼ 'ਮਹਲਾ' ਦੀ ਸੁਰਖੀ (ਸਿਰਲੇਖ) :

ਅਗਾਂਹ ਵਿਰੋਧੀ ਸੱਜਣ ਜੀ ਕਿਸੇ ਵਿਦਵਾਨ ਦਾ ਹਵਾਲਾ ਦੇ ਕੇ ਇਉਂ ਲਿਖਦੇ ਹਨ– 1927 ਈ: ਵਿਚ ਪੀਰ ਮੁਹੰਮਦ ਹੁਸੈਨ ਨੇ 'ਅਰਸ਼ਾਦਾਤਿ ਫ਼ਰੀਦੀ' ਨਾਮ ਦੀ ਪੁਸਤਕ ਲਿਖੀ, ਜੋ ਕੇਵਲ ਸ਼ੇਖ਼ ਫ਼ਰੀਦ ਜੀ ਦੇ ਸ਼ਲੋਕਾਂ ਦਾ ਟੀਕਾ ਸੀ। ਉਸ ਅੰਦਰ ਆਪ ਜੀ ਨੇ 'ਮਹਲਾ' ਦੀ ਸੁਰਖੀ ਨੂੰ ਬਿਲਕੁਲ ਹੀ ਉਡਾ ਦਿੱਤਾ ਸੀ। ਉਹਨਾਂ ਦਾ ਖ਼ਿਆਲ ਸੀ ਕਿ 'ਮਹਲਾ' ਲਿਖਣਾ ਸ਼ੇਖ ਸਾਹਿਬ ਦੇ ਮਤ ਨੂੰ ਕਮਜ਼ੋਰ ਸਾਬਤ ਕਰਨਾ ਹੈ। ਪੀਰ ਜੀ ਦਾ ਖ਼ਿਆਲ ਹੈ ਕਿ ਫ਼ਰੀਦ ਜੀ ਦੀ ਰਚਨਾ ਮੁਕੰਮਲ ਇਸਲਾਮੀ ਕਲਾਮ ਹੈ।

ਵਿਰੋਧੀ ਸੱਜਣ ਜੀ ਨੇ ਗੱਲ ਗੁੰਝਲੀ ਹੀ ਰੱਖੀ ਹੈ। ਕੀ ਪੀਰ ਜੀ ਨੇ ਸਿਰਫ਼ ਲਫ਼ਜ਼ 'ਮਹਲਾ' ਹੀ ਉਡਾਇਆ, ਜਾਂ, ਲਫ਼ਜ਼ 'ਮਹਲਾ' ਨਾਲ ਸੰਬੰਧ ਰੱਖਣ ਵਾਲੇ ਸ਼ਲੋਕ ਭੀ ਉਡਾ ਦਿੱਤੇ?

ਜੇ ਸਿਰਫ਼ ਲਫ਼ਜ਼ 'ਮਹਲਾ' ਹੀ ਉਡਾਇਆ ਤੇ ਸ਼ਲੋਕ ਦਰਜ ਰਹਿਣ ਦਿੱਤੇ ਤਾਂ ਪੀਰ ਜੀ ਦੀ ਨਿਗਾਹ ਵਿਚ ਫ਼ਰੀਦ ਜੀ ਅਤੇ ਗੁਰੂ ਸਾਹਿਬ ਹਮ-ਖ਼ਿਆਲ ਸਨ। ਅਸੀਂ ਭੀ ਇਹੀ ਆਖਦੇ ਹਾਂ।

ਜੇ ਪੀਰ ਜੀ ਨੇ ਗੁਰੂ ਸਾਹਿਬ ਵਾਲੇ ਸ਼ਲੋਕ ਭੀ ਉਡਾ ਦਿੱਤੇ ਤੇ, ਨਿਰੋਲ ਫ਼ਰੀਦ ਜੀ ਦੇ ਸ਼ਲੋਕਾਂ ਨੂੰ ਹੀ ਉਹ 'ਮੁਕੰਮਲ ਇਸਲਾਮੀ ਕਲਾਮ' ਸਮਝਦੇ ਸਨ, ਤਾਂ ਭੀ ਇਥੇ ਕੋਈ ਭਰਮ-ਭੁਲੇਖਾ ਨਹੀਂ ਪੈ ਸਕਦਾ। 'ਲਫ਼ਜ਼' ਇਸਲਾਮੀ ਹੀ ਹਨ, ਹੇਂਦਕੇ ਨਹੀਂ। ਹਾਂ, ਇਹਨਾਂ ਦਾ 'ਆਸ਼ਾ' ਉਹੀ ਹੈ ਜੋ ਗੁਰੂ ਸਾਹਿਬ ਦਾ ਹੈ। ਜਿਥੇ ਜਿਥੇ ਫ਼ਰੀਦ ਜੀ ਦੇ 'ਆਸ਼ੇ' ਬਾਰੇ ਸ਼ੱਕ ਪੈ ਸਕਦਾ ਸੀ, ਉਥੇ ਉਥੇ ਸਤਿਗੁਰੂ ਜੀ ਨੇ ਵਿਆਖਿਆ ਕਰ ਦਿੱਤੀ ਹੋਈ ਹੈ।

ਕਰਾਮਾਤ:

ਇਸ ਸਿਰ-ਲੇਖ ਹੇਠ ਵਿਰੋਧੀ ਸੱਜਣ ਨੇ ਲਿਖਿਆ ਹੈ– ਸ਼ੇਖ਼ ਸਾਹਿਬ ਜੀ ਕਰਾਮਾਤਾਂ ਦੇ ਬਹੁਤ ਸ਼ਰਧਾਲੂ ਸਨ; ਜੈਸਾ ਕਿ (1) ਅੱਗ ਲੈਣ ਜਾਣਾ, ਅੱਗ ਨ ਮਿਲਣੀ। ਅਖ਼ੀਰ ਇਕ ਵੇਸਵਾ ਨੇ ਅੱਖ ਦੇ ਆਨੇ ਦੇ ਵੱਟੇ ਅੱਗ ਦੇਣੀ। ਫ਼ਰੀਦ ਜੀ ਨੇ ਅੱਖ ਬੰਨ੍ਹ ਲੈਣੀ ਕਿ ਅੱਖ ਆਈ ਹੋਈ (ਦੁੱਖਦੀ) ਹੈ, ਪਰ ਖੋਲ੍ਹੀ ਤਾਂ ਚੰਗੀ ਭਲੀ। (2) ਬਾਰਾਂ ਸਾਲ ਕਾਠ ਦੀ ਰੋਟੀ ਰੱਖਣੀ, ਤੇ ਉਸ ਦੇ ਆਸਰੇ ਹੀ ਗੁਜ਼ਾਰਾ ਕਰਨਾ। (3) ਫ਼ਰੀਦ ਜੀ ਤਪ ਕਰਦੇ ਕਰਦੇ ਸਿਉਂਕ ਦੀ ਵਰਮੀ ਬਣ ਗਏ। ਲੁਹਾਰ ਨੇ ਸੁੱਕੀ ਲੱਕੜ ਸਮਝ ਕੇ ਕੁਹਾੜਾ ਮਾਰਿਆ। (4) ਅਟਕ ਦਰਿਆ ਪਾਰ ਕਰਨ ਵੇਲੇ ਪਾਣੀ ਪਰ ਮੁਸੱਲਾ ਵਿਛਾ ਕੇ ਲੇਟ ਜਾਣਾ ਆਦਿਕ......।

ਆਪ ਜੀ ਦੀ ਰਚਨਾ ਤੋਂ ਭੀ ਸਾਬਤ ਹੁੰਦਾ ਹੈ; ਜੈਸਾ ਕਿ

(ੳ) 'ਫਰੀਦਾ ਜਿਨ ਲੋਇਣ......।14।

ਵੇਸਵਾ ਦੇ ਸੁਰਮੇ ਵਲ ਇਸ਼ਾਰਾ।

(ਅ) ਫਰੀਦਾ ਰੋਟੀ ਮੇਰੀ......। 29।

ਇਸ ਸ਼ਲੋਕ ਵਿਚ ਕਾਠ ਦੀ ਰੋਟੀ ਦਾ ਜ਼ਿਕਰ ਹੈ, ਜਿਸ ਦੇ ਸਹਾਰੇ ਬਾਰਾਂ ਸਾਲ ਕੱਟੇ।

(ੲ) 'ਫਰੀਦਾ ਤਨੁ ਸੁਕਾ......। 90।

ਇਸ ਸ਼ਲੋਕ ਵਿਚ ਫਰੀਦ ਜੀ ਦੇ ਤਪ ਦਾ ਜ਼ਿਕਰ ਹੈ, ਕਾਂ ਤਲੀਆਂ ਨੂੰ ਚੂੰਡਦੇ ਹਨ।

(ਸ) 'ਕੰਧਿ ਕੁਹਾੜਾ......'। 43।

ਇਹ ਲੁਹਾਰ ਵਲ ਇਸ਼ਾਰਾ ਹੈ, ਜਿਸ ਨੇ ਕੁਹਾੜਾ ਮਾਰਿਆ ਸੀ।

ਨੋਟ: ਸਿੱਖ ਵਿਦਵਾਨ ਟੀਕਾਕਾਰਾਂ ਨੇ ਲਗ ਪਗ ਉਕਤ ਆਸ਼ੇ ਅਨੁਸਾਰ ਅਰਥ ਕੀਤੇ ਹਨ।

(ਹ) 'ਫਰੀਦਾ ਰਤੀ ਰਤੁ.......'। 52।

ਫ਼ਰੀਦ ਜੀ ਦਾ ਹਠ-ਜੋਗ ਨਜ਼ਰ ਆਉਂਦਾ ਹੈ।

ਵਿਰੋਧੀ ਸੱਜਣ ਜੀ ਅਰਥਾਂ ਵਲੋਂ ਟਪਲਾ ਖਾ ਗਏ ਹਨ। ਪਾਠਕ ਸੱਜਣ ਮੇਰਾ ਟੀਕਾ ਗਹੁ ਨਾਲ ਪੜ੍ਹਨ। ਜੇ ਲੋਕ ਫ਼ਰੀਦ ਜੀ ਬਾਰੇ ਬੇ-ਥਵੀਆਂ ਕਰਾਮਾਤਾਂ ਘੜ ਲੈਣ, ਤਾਂ ਉਸ ਵਿਚ ਫ਼ਰੀਦ ਜੀ ਦਾ ਕੀਹ ਦੋਸ ਹੈ? ਇਹ ਕਰਾਮਾਤਾਂ ਨਾ ਮੰਨੋ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਬਾਣੀ ਵਲੋਂ ਕਿਉਂ ਮੂੰਹ ਮੁੜੇ?

ਇਸਤ੍ਰੀ ਨਿੰਦਿਆ:

ਇਸ ਸਿਰਲੇਖ ਹੇਠ ਵਿਰੋਧੀ ਸੱਜਣ ਲਿਖਦਾ ਹੈ– ਫ਼ਰੀਦ ਜੀ ਨੇ ਆਪਣੀ ਰਚਨਾ ਅੰਦਰ ਇਸਤ੍ਰੀ-ਨਿੰਦਿਆ ਵਲ ਕਦਮ ਚੁੱਕਿਆ। ਆਪ ਫ਼ੁਰਮਾਂਦੇ ਹਨ:

ਫਰੀਦਾ ਇਹ ਵਿਸ ਗੰਦਲਾ......। 37।

ਉਕਤ ਸ਼ਲੋਕ ਅੰਦਰ ਇਸਤ੍ਰੀ ਨੂੰ ਵਿਸ ਦੀਆਂ ਗੰਦਲਾਂ ਨਾਲ ਤ੍ਰਿਸਕਾਰਿਆ ਹੈ।

ਇਥੇ ਭੀ ਵਿਰੋਧੀ ਸੱਜਣ ਨੇ ਅਰਥਾਂ ਵਿਚ ਟਪਲਾ ਖਾਧਾ ਹੈ। ਪੜ੍ਹੋ ਮੇਰਾ ਟੀਕਾ।

ਕਬਰੀਂ ਵਾਸਾ:

ਇਸ ਸਿਰਲੇਖ ਹੇਠ ਵਿਰੋਧੀ ਸੱਜਣ ਨੇ ਸ਼ਲੋਕ ਨੰ: 17, 67, 93 ਅਤੇ 97 ਦਾ ਹਵਾਲਾ ਦੇ ਕੇ ਲਿਖਿਆ ਹੈ– 'ਉਕਤ ਸ਼ਲੋਕਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ੇਖ਼ ਫ਼ਰੀਦ ਜੀ ਕਬਰ ਦੇ ਦੁੱਖ, ਕਬਰ ਦੀ ਮਰਯਾਦਾ, ਆਖ਼ਰ ਕਬਰ ਅੰਦਰ ਨਿਵਾਸ ਕਰਨ ਨੂੰ ਇਸਲਾਮੀ ਨੁਕਤੇ ਅਨੁਸਾਰ ਪਰਚਾਰਦੇ ਹਨ। ਪਰ ਗੁਰਮਤਿ ਦਾ ਸਿੱਧਾਂਤ ਇਸ ਤੋਂ ਉਲਟ ਹੈ। '

ਪਾਠਕ ਸੱਜਣ ਟੀਕਾ ਪੜ੍ਹ ਕੇ ਵੇਖਣ। ਮੁੜ ਮੁੜ ਬੰਦਗੀ ਦੀ ਪ੍ਰੇਰਨਾ ਕੀਤੀ ਹੈ, ਜਗਤ ਦੀ ਅਸਾਰਤਾ ਦੱਸ ਕੇ। ਜਿਵੇਂ ਕਬੀਰ ਜੀ ਇਸ ਅਸਾਰਤਾ ਦਾ ਜ਼ਿਕਰ ਕਰਦੇ ਹੋਏ ਮਸਾਣਾਂ ਦਾ ਜ਼ਿਕਰ ਕਰਦੇ ਹਨ, ਤਿਵੇਂ ਫ਼ਰੀਦ ਜੀ ਗੋਰਾਂ ਦਾ (ਕਬਰਾਂ ਦਾ)। ਫ਼ਰੀਦ ਜੀ ਮੁਸਲਮਾਨ ਸਨ, ਕਬੀਰ ਜੀ ਹਿੰਦੂ। ਆਪੋ ਆਪਣੇ ਭਾਈਚਾਰਕ ਰਿਵਾਜ ਦਾ ਹੀ ਹਵਾਲਾ ਦਿੱਤਾ ਜਾ ਸਕਦਾ ਸੀ। ਇਥੇ ਕਿਤੇ ਭੀ ਗੁਰਮਤਿ ਦੇ ਕਿਸੇ ਸਿੱਧਾਂਤ ਦਾ ਉਲੰਘਣ ਨਹੀਂ ਹੈ।

ਪੁਰਸਲਾਤ:

ਇਥੇ ਫ਼ਰੀਦ ਜੀ ਦੇ ਪਹਿਲੇ ਸ਼ਲੋਕ ਦੀਆਂ ਅਖ਼ੀਰਲੀਆਂ ਦੋ ਤੁਕਾਂ ਦੇ ਕੇ ਵਿਰੋਧੀ ਸੱਜਣ ਲਿਖਦਾ ਹੈ– ਇਹ ਭੀ ਇਸਲਾਮੀ ਖ਼ਿਆਲ ਹੈ ਕਿ ਮਰਨ ਤੋਂ ਪਿੱਛੋਂ 'ਪੁਰਸਲਾਤ' ਨਾਮੀ ਰਸਤੇ ਤੋਂ ਲੰਘਣਾ ਪੈਂਦਾ ਹੈ ਜੋ ਬਹੁਤ ਕਠਨ ਹੈ। ਪਰ ਗੁਰਮਤਿ ਦਾ ਸਿੱਧਾਂਤ ਇਸ ਨਾਲ ਮੇਲ ਨਹੀਂ ਖਾਂਦਾ।

ਫ਼ਰੀਦ ਜੀ ਮੁਸਲਮਾਨ-ਘਰ ਦੇ ਜੰਮ-ਪਲ ਸਨ। ਉਹਨਾਂ ਲਫ਼ਜ਼ ਭੀ ਮੁਸਲਮਾਨੀ ਤੇ ਜ਼ਿੰਦਗੀ ਬਾਰੇ ਮੁਹਾਵਰੇ ਭੀ ਮੁਸਲਮਾਨੀ ਵਰਤਣੇ ਸਨ। ਇਹ ਗੱਲ ਕੁਦਰਤੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:

'ਗਲਿ ਸੰਗਲੁ ਘਤਿ ਚਲਾਇਆ' ॥

ਵਖ-ਵਖ ਭਾਈਚਾਰੇ ਦੇ ਕਾਰਨ ਲਫ਼ਜ਼ ਵਖ-ਵਖ ਹਨ। ਸਿੱਧਾਂਤ ਵਿਚ ਕੋਈ ਫ਼ਰਕ ਨਹੀਂ:

'ਖੜਾ ਨ ਆਪੁ ਮੁਹਾਇ ॥ ਖੜਾ ਨ ਆਪੁ ਮੁਹਾਇ ॥'

ਵੁਜ਼ੂ ਅਤੇ ਨਮਾਜ਼:

ਇਥੇ ਵਿਰੋਧੀ ਸੱਜਣ ਸ਼ਲੋਕ ਨੰ: 70, 71, 72 ਦਾ ਹਵਾਲਾ ਦੇ ਕੇ ਲਿਖਦੇ ਹਨ– ਉਕਤ ਸ਼ਲੋਕਾਂ ਵਿਚ ਫ਼ਰੀਦ ਜੀ ਇਸਲਾਮੀ ਨਮਾਜ਼ਾਂ ਪੜ੍ਹਨ ਦਾ ਉਪਦੇਸ਼ ਦੇਂਦੇ ਹਨ। ਬੇ-ਨਮਾਜ਼ਾਂ ਨੂੰ ਕੁੱਤੇ ਦੇ ਬਰਾਬਰ ਦੱਸਿਆ ਹੈ। ......

ਗੁਰੂ ਸਾਹਿਬ ਨੇ ਇਸਲਾਮੀ ਨਮਾਜ਼ਾਂ ਦਾ ਖੰਡਣ ਕਰ ਕੇ ਅਸਲ ਨਮਾਜ਼ਾਂ ਦਾ ਉਪਦੇਸ਼ ਦੇ ਕੇ ਆਪਣੇ ਖ਼ਾਲਸੇ ਵਾਸਤੇ ਇਹ ਪ੍ਰੋਗ੍ਰਾਮ ਬਣਾਇਆ ਹੈ:

'ਗੁਰ ਸਤਿਗੁਰ ਕਾ ਜੋ ਸਿਖੁ...... ॥' ਮ: 4।

ਤਾਂ ਤੇ ਸਾਬਤ ਹੋਇਆ ਕਿ ਗੁਰਮਤਿ ਫ਼ਰੀਦ ਜੀ ਦੀਆਂ ਇਸਲਾਮੀ ਨਮਾਜ਼ਾਂ ਦਾ ਖੰਡਨ ਕਰ ਕੇ ਸਿੱਖ ਵਾਸਤੇ ਨਵਾਂ ਪ੍ਰੋਗ੍ਰਾਮ ਪੇਸ਼ ਕਰ ਕੇ ਉਸ ਪਰ ਅਮਲ ਕਰਨ ਦਾ ਉਪਦੇਸ਼ ਦੇਂਦੀ ਹੈ।

ਬੱਸ! ਅਸਲ ਗੱਲ ਇਹੀ ਹੈ ਜੋ ਵਿਰੋਧੀ ਸੱਜਣ ਜੀ ਨੇ ਅਖ਼ੀਰ ਤੇ ਲਿਖੀ ਹੈ 'ਅਮਲ ਕਰਨ ਦਾ ਉਪਦੇਸ਼'। ਫ਼ਰੀਦ ਜੀ ਦੇ ਲਫ਼ਜ਼ ਮੁਸਲਮਾਨੀ ਹਨ, ਗੁਰੂ ਸਾਹਿਬ ਦੇ ਲਫ਼ਜ਼ ਮੁਸਲਮਾਨੀ ਨਹੀਂ। ਪ੍ਰੋਗ੍ਰਾਮ ਦੋਹਾਂ ਦਾ ਇੱਕੋ ਹੀ ਹੈ। ਖੰਡਣ 'ਨਮਾਜ਼ਾਂ' ਦਾ ਨਹੀਂ, ਖੰਡਣ 'ਨਿਰੀਆਂ ਨਮਾਜ਼ਾਂ' ਦਾ ਹੈ, 'ਅਮਲ-ਵਿਹੂਣੀਆਂ ਨਮਾਜ਼ਾਂ' ਦਾ ਹੈ। ਫ਼ਰੀਦ ਜੀ ਨੇ ਭੀ ਇਹੀ ਆਖਿਆ:

'ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਸੇ ਦਰਗਹ ਆਏ ਕੰਮਿ ॥'

ਦੋਜ਼ਖ਼:

ਇਸ ਸਿਰ-ਲੇਖ ਹੇਠ ਵਿਰੋਧੀ ਸੱਜਣ ਨੇ ਫ਼ਰੀਦ ਜੀ ਦੇ ਸ਼ਲੋਕ ਨੰ: 74 ਅਤੇ 98 ਦਾ ਹਵਾਲਾ ਦੇ ਕੇ ਲਿਖਿਆ ਹੈ– ਉਕਤ ਸ਼ਲੋਕਾਂ ਅੰਦਰ ਫ਼ਰੀਦ ਜੀ ਨੇ ਬੰਦੇ ਨੂੰ ਇਸਲਾਮੀ ਸ਼ਰਹ ਦੇ ਦੋਜ਼ਖ਼ ਦਾ ਭੈ ਦਿਖਾਇਆ ਹੈ। ਇਸਲਾਮ ਜੰਨਤ ਦੋਜ਼ਖ਼ ਦਾ ਕਾਇਲ ਹੈ, ਪਰ ਗੁਰਮਤਿ ਜੰਨਤ ਦੋਜ਼ਖ਼ ਦਾ ਖੰਡਣ ਕਰ ਕੇ ਆਵਾਗਵਨ ਦੀ ਥੀਊਰੀ ਦਾ ਉਪਦੇਸ਼ ਦੇਂਦੀ ਹੈ।

ਭਗਤ-ਬਾਣੀ ਦੀ ਵਿਰੋਧਤਾ ਦੀ ਖ਼ਾਤਰ ਐਵੇਂ ਲਫ਼ਜ਼ੀ ਹੜੋਟੇ ਭਿੜੇ ਜਾ ਰਹੇ ਹਨ, ਨਹੀਂ ਤਾਂ ਲਫ਼ਜ਼ 'ਦੋਜ਼ਖ਼' ਸਤਿਗੁਰੂ ਜੀ ਨੇ ਭੀ ਵਰਤਿਆ ਹੈ:

'ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ ॥' {ਆਸਾ ਦੀ ਵਾਰ ਮ: 1

'ਦੋਜਿਕ ਪਉਦਾ ਕਿਉ ਰਹੈ, ਜਾ ਚਿਤਿ ਨਾ ਹੋਇ ਰਸੂਲਿ ॥' {ਗਉੜੀ ਕੀ ਵਾਰ ਮ: 5

'ਦੋਜਕਿ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆ ॥' {ਮਾਰੂ ਅੰਜੁਲੀਆ ਮ: 5

ਇਸਲਾਮੀ ਲਿਬਾਸ:

ਇਸ ਸਿਰਲੇਖ ਹੇਠ ਫ਼ਰੀਦ ਜੀ ਦੇ ਸ਼ਲੋਕ ਨੰ: 50, ਅਤੇ 103 ਦਾ ਹਵਾਲਾ ਦੇ ਕੇ ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਲਿਖਦੇ ਹਨ– ਇਹਨਾਂ ਸ਼ਲੋਕਾਂ ਅੰਦਰ ਸ਼ੇਖ਼ ਸਾਹਿਬ ਇਸਲਾਮੀ ਲਿਬਾਸ ਮੁਸੱਲਾ (ਜਿਸ ਤੇ ਬੈਠ ਕੇ ਨਮਾਜ਼ ਪੜ੍ਹਦੇ ਹਨ) ਸੂਫ (ਫਤੂਹੀ) ਆਦਿ ਦਾ ਜ਼ਿਕਰ ਕਰਦੇ ਹਨ। ਪਰ ਸਿੱਖੀ ਮੰਡਲ ਅੰਦਰ ਇਸ ਲਿਬਾਸ ਦਾ ਖੰਡਣ ਹੈ। ਖਾਲਸੇ ਦਾ ਲਿਬਾਸ ਦਸਤਾਰ, ਕਛਹਰਾ, ਗਾਤਰੇ ਕਿਰਪਾਨ ਆਦਿ ਦਾ ਬੰਧਾਨ ਹੈ। ਇਸ ਕਰਕੇ ਫ਼ਰੀਦ ਜੀ ਦਾ ਲਿਬਾਸ ਉਸ ਪਦਵੀ ਤੇ ਨਹੀਂ ਪਹੁੰਚ ਸਕਦਾ, ਜਿੱਥੇ ਖਾਲਸਾ ਯੂਨਫ਼ਿਾਰਮ (ਰਹਿਤ) ਅਪੜੀ ਹੋਈ ਹੈ।

ਵਿਰੋਧੀ ਸੱਜਣ ਜੀ ਅਜੀਬ ਰਾਹੇ ਪੈ ਗਏ ਹਨ। ਸਵਾਲ ਤਾਂ ਇਹ ਹੈ ਕਿ ਕੀ ਇਹ ਸ਼ਲੋਕ ਨੰ: 103 ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜਾਂ ਨਹੀਂ। ਜੇ ਨਹੀਂ, ਤਾਂ ਇਸ ਦੇ ਨਾਲ ਦਾ ਗੁਰੂ ਅਮਰਦਾਸ ਜੀ ਦਾ ਸ਼ਲੋਕ ਨੰ: 104 ਇਸ ਦੇ ਪਰਥਾਏ ਕਿਵੇਂ ਆ ਗਿਆ? ਅਤੇ, ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਦਰਜ ਹੈ?

ਵਿਰੋਧੀ ਸੱਜਣ ਜੀ 'ਯੂਨਫ਼ਿਾਰਮ' ਦਾ ਮਾਮਲਾ ਲੈ ਬੈਠੇ ਹਨ। ਸ਼ਲੋਕ ਦੇ ਭਾਵ ਨੂੰ ਸਮਝਣ ਦਾ ਜਤਨ ਨਹੀਂ ਕਰਦੇ। ਉਂਝ 'ਖਾਲਸਾ ਯੂਨਫ਼ਿਾਰਮ' ਦਾ ਜ਼ਿਕਰ ਭੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ, ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹ 'ਯੂਨਫ਼ਿਾਰਮ' ਨਹੀਂ ਸੀ। ਪਤਾ ਨਹੀਂ, ਵਿਰੋਧੀ ਸੱਜਣ ਜੀ ਇਸ ਦਾ ਕੀਹ ਭਾਵ ਲੈਣਗੇ।

ਦਲੀਲ-ਬਾਜ਼ੀ:

ਵਿਰੋਧੀ ਸੱਜਣ ਜੀ ਨੇ ਭਗਤ-ਬਾਣੀ ਤੋਂ ਸਿਰ ਫੇਰਦਿਆਂ ਇਸ ਦੇ ਵਿਰੁੱਧ ਕਈ ਦਲੀਲਾਂ ਦਿੱਤੀਆਂ ਹਨ। 'ਭਗਤ-ਬਾਣੀ ਸਟੀਕ' ਵਿਚ ਉਹਨਾਂ ਦਲੀਲਾਂ ਨੂੰ ਗ਼ਲਤ ਸਾਬਤ ਕਰਨ ਦੇ ਜਤਨ ਕੀਤੇ ਗਏ ਹਨ। ਪਰ ਦਲੀਲ-ਬਾਜ਼ੀ ਦਾ ਇਹ ਸਿਲਸਲਾ ਤਾਂ ਅਮੁੱਕ ਹੋ ਸਕਦਾ ਹੈ। ਅਸਲ ਵਿਚਾਰ-ਜੋਗ ਗੱਲ ਇਹ ਹੈ ਕਿ ਜਿਨ੍ਹਾਂ ਬਾਣੀਆਂ ਦੇ ਵਿਰੁੱਧ ਇਹ ਸੱਜਣ ਪਰਚਾਰ ਕਰ ਰਹੇ ਹਨ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਨੇ ਆਪ ਦਰਜ ਕੀਤਾ ਸੀ ਜਾਂ ਨਹੀਂ। ਇਸ ਬਾਰੇ ਵਿਚਾਰ ਉਪਰ ਦਿੱਤੇ ਜਾ ਚੁਕੇ ਹਨ।

ਕਾਠ ਦੀ ਰੋਟੀ

ਹਾਸੋ-ਹੀਣੀ ਸਰਧਾ: ਜੇ ਬਾਬਾ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੁੰਦੀ, ਤਾਂ ਅਸਾਨੂੰ ਇਸ ਗੱਲ ਦੀ ਪੜਚੋਲ ਕਰਨ ਦੀ ਲੋੜ ਨਹੀਂ ਸੀ। ਹਰੇਕ ਮਨੁੱਖ ਨੂੰ ਹੱਕ ਹੈ ਕਿ ਉਹ ਆਪਣੇ ਇਸ਼ਟ ਨੂੰ ਜਿਸ ਰੂਪ ਵਿਚ ਚਾਹੇ ਵੇਖੇ। ਪਰ ਇਸ ਸਾਖੀ ਦੀ ਪ੍ਰੋੜ੍ਹਤਾ ਲਈ ਚੂੰਕਿ ਉਸ ਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਹਰੇਕ ਸਿੱਖ ਦਾ ਫ਼ਰਜ਼ ਹੈ ਕਿ ਇਹਨਾਂ ਨੂੰ ਰਤਾ ਗੰਭੀਰਤਾ ਨਾਲ ਵਿਚਾਰੇ। ਜਿਸ 'ਬੀੜ' ਨੂੰ ਅਸੀਂ 'ਗੁਰੂ' ਵਾਂਗ ਸਨਮਾਨਦੇ ਹਾਂ, ਉਸ ਦਾ ਹਰੇਕ ਸ਼ਬਦ ਗੁਰੂ-ਰੂਪ ਹੈ। ਜੇ ਅਸੀਂ ਕਿਸੇ ਭੱਟ ਜਾਂ ਭਗਤ ਦਾ ਕੋਈ ਸ਼ਬਦ ਗੁਰ-ਆਸ਼ੇ ਦੇ ਉਲਟ ਸਮਝਦੇ ਹਾਂ, ਤਾਂ ਉਹ ਬੀੜ ਜਿਸ ਵਿਚ ਗੁਰੂ-ਆਸ਼ੇ ਤੋਂ ਵੱਖਰੇ ਭਾਵ ਵਾਲੇ ਸ਼ਬਦ ਦਰਜ ਹਨ ਸਮੁਚੇ ਤੌਰ ਤੇ 'ਗੁਰੂ' ਦਾ ਦਰਜਾ ਨਹੀਂ ਰੱਖ ਸਕਦੀ। ਇਹ ਇਕ ਹਾਸੋ-ਹੀਣਾ ਨਿਸ਼ਚਾ ਹੈ ਕਿ ਭਗਤਾਂ ਦੇ ਕਈ ਸ਼ਬਦਾਂ ਨੂੰ ਅਸੀਂ ਗੁਰਮਤਿ ਅਨੁਸਾਰ ਮੰਨੀਏ ਤੇ ਕਈ ਸ਼ਬਦਾਂ ਨੂੰ ਗੁਰ-ਆਸ਼ੇ ਦੇ ਵਿਰੁੱਧ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਫਲਾਣੇ ਫਲਾਣੇ ਸ਼ਬਦ ਗੁਰਮਤਿ ਅਨੁਸਾਰ ਨਹੀਂ ਹਨ।

ਰੋਟੀ ਖਾਣੀ ਮਾੜਾ ਕੰਮ ਨਹੀਂ:

ਇਹ 'ਬੀੜ' ਸਿੱਖ ਦਾ 'ਗੁਰੂ' ਹੈ, ਇਸ ਦੇ ਕਿਸੇ ਭੀ ਅੰਗ ਵਿਚ ਉਕਾਈ ਨਹੀਂ ਹੈ ਇਸੇ ਹੀ ਨਿਸ਼ਚੇ ਨਾਲ ਅਸਾਂ ਬਾਬਾ ਫ਼ਰੀਦ ਜੀ ਦੇ ਸ਼ਲੋਕ ਪੜ੍ਹਨੇ ਹਨ। ਪਰ ਇਹ ਨਿਰੇ ਪੜ੍ਹਨ ਲਈ ਨਹੀਂ। ਹੋਰ ਬਾਣੀ ਵਾਂਗ ਇਹ ਭੀ ਜੀਊਣ ਦੀ ਜਾਚ ਸਿਖਾਂਦੇ ਹਨ। ਜੀਵਨ ਦਾ ਆਸਰਾ ਹਨ। ਇਸ ਧੁਰੇ ਤੋਂ 'ਫਰੀਦਾ ਰੋਟੀ ਮੇਰੀ ਕਾਠ ਕੀ' ਵਾਲੇ ਸ਼ਲੋਕ ਪੜ੍ਹ ਕੇ ਸਾਧਾਰਨ ਤੌਰ ਤੇ ਕਈ ਪ੍ਰਸ਼ਨ ਉੱਠਦੇ ਹਨ– ਕੀ ਰੋਟੀ ਖਾਣੀ ਮਾੜਾ ਕੰਮ ਹੈ? ਜੇ ਇਹ ਮਾੜਾ ਕੰਮ ਹੈ, ਤਾਂ ਕਾਠ ਦੀ ਰੋਟੀ ਨਾਲ ਮਨ ਪਰਚਾਣਾ ਕਿਵੇਂ ਚੰਗਾ ਕੰਮ ਹੋ ਸਕਦਾ ਹੈ? ਪਰ, ਕੀ ਕਾਠ ਦੀ ਰੋਟੀ ਨਾਲ ਮਨ ਪਰਚ ਭੀ ਸਕਦਾ ਹੈ? ਕੀ ਇਹ ਸ਼ਲੋਕ ਹਰੇਕ ਪ੍ਰਾਣੀ ਮਾਤਰ ਵਾਸਤੇ ਸਾਂਝਾ ਉਪਦੇਸ਼ ਹੈ? ਤਾਂ ਫਿਰ, ਕੀ ਕਦੇ ਕੋਈ ਐਸੀ ਅਵਸਥਾ ਭੀ ਆਉਣੀ ਚਾਹੀਦੀ ਹੈ ਜਦੋਂ ਇਸ ਬਾਣੀ ਦੇ ਪੜ੍ਹਨ ਵਾਲੇ ਕਾਠ ਦੀ ਰੋਟੀ ਪੱਲੇ ਬੰਨ੍ਹ ਫਿਰਨ? ਜੇ ਇਹ ਸਮਾ ਨਹੀਂ ਆਉਣਾ ਚਾਹੀਦਾ, ਤਾਂ ਇਸ ਦੇ ਪੜ੍ਹਨ ਤੋਂ ਕੀਹ ਲਾਭ?

ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ ਤੇ ਪੁੱਠੇ ਲਟਕਣਾ ਆਦਿਕ ਕਰਮ ਗੁਰਮਤਿ ਅਨੁਸਾਰ ਬੇ-ਲੋੜਵੇਂ ਹਨ, ਤੇ ਨਾ ਹੀ ਫਰੀਦ ਜੀ ਦੀ ਬਾਣੀ ਵਿਚ ਕਿਤੇ ਭੀ ਇਹਨਾਂ ਨੂੰ ਜ਼ਰੂਰੀ ਦੱਸਿਆ ਗਿਆ ਹੈ।

ਕੋਈ ਨ ਕੋਈ ਜ਼ਿੰਮੇਵਾਰੀ:

ਜਗਤ ਵਿਚ ਜੋ ਭੀ ਪੈਗ਼ੰਬਰ ਅਵਤਾਰ ਗੁਰੂ ਜਾਂ ਕੋਈ ਹੋਰ ਮਹਾਂ ਪੁਰਖ ਆਉਂਦਾ ਹੈ, ਉਹ ਕੋਈ ਨਾ ਕੋਈ ਖ਼ਾਸ ਜ਼ਿੰਮੇਵਾਰੀ ਲੈ ਕੇ ਆਉਂਦਾ ਹੈ। ਆਮ ਤੌਰ ਤੇ ਉਹ ਜ਼ਿੰਮੇਵਾਰੀ ਕੀਹ ਹੁੰਦੀ ਹੈ? ਇਸ ਦਾ ਉੱਤਰ ਗੁਰੂ ਸਾਹਿਬ ਦੀ ਬਾਣੀ ਵਿਚੋਂ ਇਉਂ ਮਿਲਦਾ ਹੈ:

ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ ॥ {ਸੂਹੀ ਮਹਲਾ 5

ਭਾਵ: ਪਰਮਾਤਮਾ ਦੇ ਪਿਆਰੇ ਜਗਤ ਵਿਚ ਆਮ ਬੰਦਿਆਂ ਦੀ ਭਲਾਈ ਦੀ ਖ਼ਾਤਰ ਆਉਂਦੇ ਹਨ। ਦੁਨੀਆ ਦੇ ਵਿਕਾਰਾਂ ਵਿਚ ਪੈ ਕੇ ਜਿਨ੍ਹਾਂ ਦੇ ਅੰਦਰੋਂ ਰੂਹਾਨੀ ਜ਼ਿੰਦਗੀ ਮੁੱਕ ਜਾਂਦੀ ਹੈ ਉਹਨਾਂ ਨੂੰ ਮੁੜ ਰੱਬੀ ਜੀਵਨ ਦੇਂਦੇ ਹਨ ਤੇ ਰੱਬ ਨਾਲ ਜੋੜ ਦੇਂਦੇ ਹਨ।

ਭਗਵਤ ਗੀਤਾ ਵਿਚ ਭੀ ਮਹਾਂ ਪੁਰਖਾਂ ਦੇ ਜਗਤ ਵਿਚ ਆਉਣ ਦਾ ਮਨੋਰਥ ਇਉਂ ਲਿਖਿਆ ਹੈ:

ਯਦਾ ਯਦਾ ਹਿ ਧਰਮਸ੍ਯ ਗਲਾਨਿਰ ਰਵਤਿ, ਭਾਰਤ! ਅਭ੍ਯੁੱਥਾਨ ਮਧਰਮਸ੍ਯ, ਤਦਾਤਮਾਨੰ ਸ੍ਰਿਜਾਮ੍ਯਹੰ ॥

ਭਾਵ: ਹੇ ਅਰਜਨ! ਜਦੋਂ ਜਦੋਂ ਲੋਕਾਂ ਨੂੰ 'ਧਰਮ' ਵਲੋਂ ਨਫ਼ਰਤ ਹੋ ਜਾਂਦੀ ਹੈ, ਮੈਂ 'ਅਧਰਮ' ਨੂੰ ਮੁਕਾਉਣ ਲਈ ਆਪਣੇ ਆਪ ਨੂੰ ਪਰਗਟ ਕਰਦਾ ਹਾਂ।

ਕੁਰਾਨ ਸ਼ਰਫ਼ਿ ਵਿਚ ਭੀ ਜ਼ਿਕਰ ਆਉਂਦਾ ਹੈ:

ਵ ਮਾ ਅਰਸਲਨਾ ਮਿੱਰਰਸੂਲਿਨ, ਇੱਲਾ ਬਿਲਿਸਾਨਿ ਕੌਮਿ ਹੀ ਲਿਯੁ ਬੁੱਯਿਨਾ ਲ-ਹੁਮ।

ਭਾਵ: ਮੈਂ ਆਪਣੇ ਪੈਗ਼ੰਬਰ ਨੂੰ ਭੇਜਦਾ ਹਾਂ, ਉਹ ਉਹਨਾਂ ਲੋਕਾਂ ਦੀ ਆਪਣੀ ਜ਼ਬਾਨ ਵਿਚ ਉਹਨਾਂ ਨੂੰ ਸਮਝਾਉਂਦਾ ਹੈ (ਕਿ ਜ਼ਿੰਦਗੀ ਦਾ ਸਹੀ ਰਸਤਾ ਕੇਹੜਾ ਹੈ)।

ਗੁਰੂ ਗੋਬਿੰਦ ਸਿੰਘ ਜੀ 'ਬਚਿਤ੍ਰ ਨਾਟਕ' ਵਿਚ ਲਿਖਦੇ ਹਨ ਕਿ ਅਕਾਲ ਪੁਰਖ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਜਗਤ ਵਿਚ ਜਾਓ ਤੇ ਜਾ ਕੇ ਲੋਕਾਂ ਨੂੰ ਮੰਦੇ ਕੰਮ ਕਰਨ ਤੋਂ ਹਟਾਓ। ਆਪ ਲਿਖਦੇ ਹਨ, ਪ੍ਰਭੂ ਨੇ ਹੁਕਮ ਦਿੱਤਾ:

ਜਾਹਿ ਤਹਾਂ ਤੈਂ ਧਰਮੁ ਚਲਾਇ ॥ ਕੁਬੁਧਿ ਕਰਨ ਤੇ ਲੋਕ ਹਟਾਇ ॥

ਸੋ, ਮਹਾਂ ਪੁਰਖ ਜਗਤ ਵਿਚ ਆ ਕੇ ਉਹ ਪੂਰਨੇ ਪਾਂਦੇ ਹਨ, ਜਿਨ੍ਹਾਂ ਉੱਤੇ ਤੁਰ ਕੇ ਦੁਨੀਆ ਦੇ ਲੋਕ ਜੀਵਨ ਦੀ ਸਹੀ ਜਾਚ ਸਿੱਖਦੇ ਹਨ। 'ਧਰਮ' ਕੀਹ ਹੈ? ਜੀਵਨ ਦੀ ਸਹੀ ਜਾਚ। ਮਹਾਂ ਪੁਰਖਾਂ ਦਾ ਹਰੇਕ ਕਰਤੱਬ ਇਕ ਐਸਾ ਪੂਰਨਾ ਹੁੰਦਾ ਹੈ ਜੋ 'ਸਹੀ ਜੀਵਨ' ਲਈ ਚਾਨਣ-ਮੁਨਾਰਾ ਹੁੰਦਾ ਹੈ।

ਭੁੱਖ ਇਕ ਕੁਦਰਤੀ ਲੋੜ:

ਬਾਬਾ ਫ਼ਰੀਦ ਜੀ ਇਕ ਮੰਨੇ-ਪ੍ਰਮੰਨੇ ਮਹਾਂ ਪੁਰਖ ਸਨ। ਉਹਨਾਂ ਦਾ ਹਰੇਕ ਕੰਮ ਤੇ ਬਚਨ ਇਨਸਾਨੀ ਜੀਵਨ ਲਈ ਰੋਸ਼ਨੀ ਦੇਣ ਵਾਲਾ ਸੀ। ਮਨੁੱਖ ਨਾ ਨਿਰਾ ਜਿਸਮ ਹੈ ਤੇ ਨਾ ਨਿਰੀ ਰੂਹ, ਦੋਹਾਂ ਦਾ ਮੇਲ ਹੈ। ਜੀਵਨ ਦਾ ਸਹੀ ਰਾਹ ਉਹੀ ਹੋ ਸਕਦਾ ਹੈ ਜੋ ਜਿਸਮ ਤੇ ਰੂਹ ਦੋਹਾਂ ਨੂੰ ਠੀਕ ਟਿਕਾਣੇ ਤੇ ਰੱਖੇ। ਭੁੱਖ ਇਨਸਾਨੀ ਜਿਸਮ ਦਾ ਇਕ ਕੁਦਰਤੀ ਕੰਮ ਹੈ, ਜੇ ਭੁੱਖ ਨਾ ਲੱਗੇ, ਤਾਂ ਸਿਆਣੇ ਲੋਕ ਅੰਦਾਜ਼ਾ ਲਾਉਂਦੇ ਹਨ ਕਿ ਇਸ ਜਿਸਮ ਵਿਚ ਕੋਈ ਨੁਕਸ ਹੈ, ਕੋਈ ਰੋਗ ਹੈ। ਇਹ ਕੁਦਰਤੀ ਲੋੜ ਪੂਰੀ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਹਾਂ ਪੇਟੂ ਨਹੀਂ ਬਣਨਾ, ਨਿਰੇ ਸਰੀਰਕ ਭੋਗਾਂ ਨੂੰ ਜੀਵਨ ਦਾ ਨਿਸ਼ਾਨਾ ਨਹੀਂ ਬਣਾਉਣਾ। ਗੁਰੂ ਨਾਨਕ ਦੇਵ ਜੀ ਰੋਟੀ ਖਾਣ ਬਾਰੇ ਇਉਂ ਹਿਦਾਇਤ ਕਰਦੇ ਹਨ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ ॥ {ਸਿਰੀ ਰਾਗ ਮਹਲਾ 1

ਭਾਵ: ਉਹ ਖਾਣਾ ਖ਼ੁਆਰੀ ਪੈਦਾ ਕਰਦਾ ਹੈ ਜਿਸ ਦੇ ਖਾਧਿਆਂ ਸਰੀਰ ਦੁੱਖੀ ਹੋਵੇ; ਸਰੀਰ ਵਿਚ ਕੋਈ ਰੋਗ ਪੈਦਾ ਹੋਵੇ, ਜਾਂ ਮਨ ਵਿਚ ਮੰਦੇ ਖ਼ਿਆਲ ਪੈਦਾ ਹੋਣ।

ਕਾਠ ਦੀ ਰੋਟੀ ਗ਼ੈਰ-ਕੁਦਰਤੀ:

ਬਾਬਾ ਫ਼ਰੀਦ ਜੀ ਗ੍ਰਿਹਸਤੀ ਸਨ, ਸੁਚੱਜੇ ਗ੍ਰਿਹਸਤੀ ਸਨ, ਦਰਵੇਸ਼-ਗ੍ਰਿਹਸਤੀ ਸਨ, ਗ੍ਰਿਹਸਤ ਵਿਚ ਰਹਿੰਦੇ ਹੋਏ ਦਰਵੇਸ਼ ਸਨ, ਰਾਜ-ਜੋਗੀ ਸਨ, ਜੋਗੀ-ਰਾਜ ਸਨ। ਉਹਨਾਂ ਦੇ ਬਚਨ ਤੇ ਕੰਮ ਦੁਨੀਆ-ਦਾਰਾਂ ਨੂੰ ਸਹੀ ਰਾਹ ਤੇ ਪਾਣ ਵਾਲੇ ਸਨ। ਜਗਤ ਦੇ ਕਿਸੇ ਭੀ ਰਾਹਬਰ ਨੇ ਰੋਟੀ ਛੱਡਣ ਦਾ ਉਪਦੇਸ਼ ਨਹੀਂ ਕੀਤਾ। ਕੁਝ ਚਿਰ ਲਈ ਰੋਜ਼ੇ ਵਰਤ ਰੱਖਣੇ, ਭੁਖ ਰੱਖ ਕੇ ਰੋਟੀ ਖਾਣੀ ਅਜੇਹੀ ਹਿਦਾਇਤ ਤਾਂ ਸ਼ਾਇਦ ਹਰੇਕ ਮਜ਼ਹਬ ਵਿਚ ਮਿਲਦੀ ਹੈ; ਪਰ ਅੰਨ ਛੱਡ ਕੇ ਲੱਕੜ ਦੀ ਰੋਟੀ ਬੰਨ੍ਹ ਲੈਣੀ ਇਕ ਗ਼ੈਰ-ਕੁਦਰਤੀ ਗੱਲ ਹੈ ਜਿਸ ਬਾਰੇ ਕਿਸੇ ਮਹਾਂ ਪੁਰਖ ਨੇ ਕਦੇ ਕੋਈ ਆਗਿਆ ਨਹੀਂ ਕੀਤੀ। ਇਕ ਗੱਲ ਹੋਰ ਹੈਰਾਨੀ ਪੈਦਾ ਕਰਨ ਵਾਲੀ ਹੈ– ਬਾਬਾ ਫ਼ਰੀਦ ਦੇ ਜੀਵਨ-ਉਪਦੇਸ਼ ਵਿਚ ਸਿਦਕ-ਸਰਧਾ ਰੱਖਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਹਨ, ਜੇ ਦਰਵੇਸ਼-ਗ੍ਰਿਹਸਤੀ ਬਾਬਾ ਜੀ ਨੇ ਕਦੇ ਆਪਣੇ ਪੱਲੇ ਲੱਕੜ ਦੀ ਰੋਟੀ ਬੱਧੀ ਹੁੰਦੀ ਤੇ ਇਸ ਵਿਚ ਕੋਈ ਸਵਾਬ ਹੁੰਦਾ, ਤਾਂ ਬਾਬਾ ਜੀ ਦੇ ਇਹਨਾਂ ਪੂਰਨਿਆਂ ਉੱਤੇ ਤੁਰਨਾ ਹੋਰਨਾਂ ਦੀ ਭਲਾਈ ਦਾ ਸਬੱਬ ਬਣਦਾ। ਪਰ ਕਦੇ ਕੋਈ ਐਸਾ ਮਨੁੱਖ ਸੁਣਿਆ ਵੇਖਿਆ ਨਹੀਂ ਗਿਆ, ਜੋ ਕੁਦਰਤੀ ਭੁੱਖ ਲਗਣ ਤੇ ਕਿਸੇ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਹੋਵੇ।

ਸਮਝਣ ਵਿਚ ਉਕਾਈ:

ਅਸਲ ਗੱਲ ਇਹ ਹੈ ਕਿ ਬਾਬਾ ਜੀ ਦੀ ਬਾਣੀ ਨੂੰ ਗ਼ਲਤ ਸਮਝ ਕੇ ਇਹ ਕਹਾਣੀ ਚੱਲ ਪਈ ਹੈ ਕਿ ਸ਼ੇਖ਼ ਫ਼ਰੀਦ ਜੀ ਨੇ ਕੋਈ ਲੱਕੜ ਦੀ ਰੋਟੀ ਆਪਣੇ ਪੱਲੇ ਬੱਧੀ ਹੋਈ ਸੀ। ਜਿਨ੍ਹਾਂ ਸ਼ਲੋਕਾਂ (ਨੰਬਰ 28, 29) ਵਿਚ ਕਾਠ ਦੀ ਰੋਟੀ ਦਾ ਜ਼ਿਕਰ ਆਉਂਦਾ ਹੈ, ਉਹ ਬਾਬਾ ਜੀ ਦੇ ਸ਼ਲੋਕਾਂ ਦੀ ਲੜੀ ਨੰ: 2 ਵਿਚ ਹਨ, ਇਹ ਲੜੀ ਸ਼ਲੋਕ ਨੰ: 16 ਤੋਂ ਚੱਲ ਕੇ ਸ਼ਲੋਕ ਨੰ: 36 ਤਕ ਅੱਪੜਦੀ ਹੈ। ਇਸ ਵਿਚ ਦਰਵੇਸ਼ ਗ੍ਰਿਹਸਤੀ ਦੇ ਲੱਛਣ ਦਿੱਤੇ ਗਏ ਹਨ ਜੋ ਇਉਂ ਹਨ– ਸਹਨਸ਼ੀਲਤਾ, ਦੁਨਿਆਵੀ ਲਾਲਚ ਤੋਂ ਨਜਾਤ; ਇਕ ਰੱਬ ਦੀ ਆਸ, ਖ਼ਲਕਤਿ ਦੀ ਸੇਵਾ, ਹੱਕ ਦੀ ਕਮਾਈ; ਤੇ ਰੱਬ ਦੀ ਯਾਦ। ਉਹ ਦੋਵੇਂ ਸ਼ਲੋਕ ਇਉਂ ਹਨ:

ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ, ਘੜੇ ਸਹਿਣਗੇ ਦੁਖ ॥28॥

ਰੁਖੀ ਸੁਖੀ ਖਾਇ ਕੈ, ਠੰਡਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ, ਨ ਤਰਸਾਏ ਜੀਉ ॥29॥

ਇਹਨਾਂ ਦੋਹਾਂ ਸ਼ਲੋਕਾਂ ਦੇ ਲਫ਼ਜ਼ਾਂ ਨੂੰ ਗਹੁ ਨਾਲ ਵੇਖੋ। 'ਮੇਰੀ ਕਾਠ ਕੀ ਰੋਟੀ' 'ਮੇਰੀ ਭੁਖ ਲਾਵਣੁ' 'ਰੁਖੀ ਸੁਖੀ' ਅਤੇ 'ਪਰਾਈ ਚੋਪੜੀ'। ਜਿਸ ਰੋਟੀ ਨੂੰ ਨੰ: 28 ਵਿਚ 'ਕਾਠ ਕੀ' ਕਿਹਾ ਹੈ, ਉਸ ਨੂੰ ਨੰ: 29 ਵਿਚ 'ਰੁਖੀ ਸੁਖੀ' ਆਖਦੇ ਹਨ, ਇਸ ਰੋਟੀ ਨੂੰ 'ਪਰਾਈ ਚੋਪੜੀ' ਨਾਲੋਂ ਚੰਗਾ ਦੱਸ ਰਹੇ ਹਨ। ਚੋਪੜੀ ਪਰਾਈ ਨਾਲੋਂ ਆਪਣੀ ਕਮਾਈ ਹੋਈ ਰੁਖੀ-ਸੁਖੀ ਚੰਗੀ ਕਹਿੰਦੇ ਹਨ। ਮਸਾਲੇ ਆਦਿਕ ਵਰਤ ਕੇ 'ਭੁਖ' ਤਿੱਖੀ ਕਰਨ ਨਾਲੋਂ ਕਿਰਤ-ਕਾਰ ਕਰਨ ਪਿਛੋਂ ਪੈਦਾ ਹੋਈ ਕੁਦਰਤੀ ਭੁੱਖ ਲੱਗੇ ਤੇ ਇਸ ਭੁੱਖ ਨਾਲ ਆਪਣੀ ਹੱਕ ਦੀ ਕਮਾਈ ਹੋਈ 'ਕਾਠ ਕੀ ਰੋਟੀ' ਕਾਠ ਵਾਂਗ, ਸੁੱਖੀ ਹੋਈ 'ਰੁਖੀ ਸੁਖੀ' ਰੋਟੀ ਭੀ ਸੁਆਦਲੀ ਲੱਗਦੀ ਹੈ।

ਪੁੱਠੇ ਲਟਕ ਕੇ ਤਪ

ਲੋਕਾਂ ਦੀਆਂ ਕਹਾਣੀਆਂ ਤੇ ਨਾਹ ਵਿਛੋ

ਇਕ ਪਾਸੇ ਸ਼ੇਖ਼ ਫ਼ਰੀਦ ਜੀ ਬਾਰੇ ਲੋਕਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਹਨ, ਤੇ ਦੂਜੇ ਪਾਸੇ ਫ਼ਰੀਦ ਜੀ ਦੇ ਆਪਣੇ ਬਚਨ। ਜੇ ਕਿਤੇ ਇਹਨਾਂ ਦੋਹਾਂ ਵਿਚ ਵਿਰੋਧਤਾ ਦਿੱਸੇ, ਤਾਂ ਸਿੱਧੀ ਸਾਫ਼ ਗੱਲ ਹੈ ਕਿ ਬਾਬਾ ਜੀ ਦੇ ਆਪਣੇ ਬਚਨਾਂ ਉਤੇ ਯਕੀਨ ਲਿਆਉਣਾ ਠੀਕ ਰਸਤਾ ਹੈ।

ਪੁੱਠੇ ਲਟਕਣਾ ਤਾਂ ਕਿਤੇ ਰਿਹਾ; ਸਾਧਾਰਨ ਤੌਰ ਤੇ ਹੀ ਜੰਗਲ ਵਿਚ ਜਾ ਕੇ ਰੱਬ ਦੀ ਤਲਾਸ਼ ਕਰਨ ਬਾਰੇ ਫ਼ਰੀਦ ਜੀ ਇਉਂ ਫ਼ੁਰਮਾਉਂਦੇ ਹਨ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ ॥19॥

ਇਸ ਬਚਨ ਦੀ ਮੌਜਦੂਗੀ ਵਿਚ, ਇਹ ਆਖੀ ਜਾਣਾ ਕਿ ਫ਼ਰੀਦ ਜੀ ਜੰਗਲ ਵਿਚ ਕਿਤੇ ਪੁੱਠੇ ਲਟਕ ਕੇ ਬੰਦਗੀ ਕਰਦੇ ਸਨ, ਜਾਣ-ਬੁੱਝ ਕੇ ਉਹਨਾਂ ਦੇ ਖ਼ਿਆਲਾਂ ਨੂੰ ਉਲਟਾ ਸਮਝਣ ਵਾਲੀ ਗੱਲ ਹੈ। ਉਹ ਤਾਂ ਆਖਦੇ ਹਨ ਕਿ ਰੱਬ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਉਸ ਨੂੰ ਜੰਗਲ ਵਿਚ ਕਿਉਂ ਲੱਭਦੇ ਫਿਰਦੇ ਹੋ।

ਰੱਬ ਨੂੰ ਮਿਲਣ ਦਾ ਰਸਤਾ:

ਫਿਰ, ਹਿਰਦੇ-ਵਿਚ-ਵੱਸਦੇ ਰੱਬ ਨੂੰ ਕਿਵੇਂ ਮਿਲਣਾ ਹੈ? ਬੱਸ! ਫ਼ਰੀਦ ਜੀ ਦੇ ਸਾਰੇ ਹੀ ਸ਼ਲੋਕਾਂ ਵਿਚ ਇਸੇ ਗੱਲ ਦਾ ਨਿਰਨਾ ਹੈ– ਕਿਸੇ ਦੀ ਨਿੰਦਾ ਨਾਹ ਕਰੋ; ਕਿਸੇ ਨਾਲ ਵੈਰ ਨਾਹ ਕਮਾਓ; ਪਰਾਈ ਆਸ ਨਾਹ ਰੱਖੋ; ਪਰਦੇਸੀ ਦੀ ਸੇਵਾ ਤੋਂ ਚਿੱਤ ਨਾਹ ਚਰਾਓ; ਦੁਨੀਆ ਦਾ ਕੋਈ ਲਾਲਚ ਬੰਦਗੀ ਦੇ ਰਾਹ ਤੋਂ ਲਾਂਭੇ ਨਾਹ ਲੈ ਜਾਏ; ਸਰੀਰ ਦੇ ਨਿਰਬਾਹ ਲਈ ਪਰਾਈ ਚੋਪੜੀ ਨਾਲੋਂ ਆਪਣੀ ਕਮਾਈ ਹੋਈ ਰੁੱਖੀ-ਮਿੱਸੀ ਚੰਗੀ ਹੈ; ਇਕ ਪਲ-ਭਰ ਭੀ ਰੱਬ ਦੀ ਯਾਦ ਨਾ ਭੁਲਾਓ, ਕਿਉਂਕਿ ਦੁਨੀਆ ਦੀਆਂ 'ਵਿਸ-ਗੰਦਲਾਂ' ਦੇ ਲਾਲਚ ਤੋਂ ਇਹ ਯਾਦ ਹੀ ਬਚਾ ਸਕਦੀ ਹੈ; ਅੰਮ੍ਰਿਤ-ਵੇਲੇ ਉਠ ਕੇ ਮਾਲਕ ਨੂੰ ਯਾਦ ਕਰੋ; ਨਿਮ੍ਰਤਾ-ਸੁੱਭਾ ਬਣਾਓ; ਮਿੱਠਾ ਬੋਲੋ; ਕਿਸੇ ਦਾ ਦਿਲ ਨਾਹ ਦੁਖਾਓ।

ਇਹ ਰਸਤਾ ਸੌਖਾ ਨਹੀਂ:

ਰੱਬ ਨੂੰ ਮਿਲਣ ਦਾ ਜੋ ਇਹ ਰਸਤਾ ਫ਼ਰੀਦ ਜੀ ਨੇ ਦੱਸਿਆ ਹੈ, ਕਿ ਇਹ ਕੋਈ ਸੌਖਾ ਰਸਤਾ ਹੈ? ਕੀ ਪੁੱਠੇ ਲਟਕੇ ਰਹਿਣਾ ਇਸ ਨਾਲੋਂ ਔਖਾ ਹੈ?

ਫ਼ਰੀਦ ਜੀ ਦਾ ਜੀਵਨ-ਉੱਦੇਸ਼:

ਫਿਰ ਜੋ ਮਹਾਂ ਪੁਰਖ ਆਪ ਕਿਤੇ ਜੰਗਲ ਵਿਚ ਪੁੱਠਾ ਲਟਕਿਆ ਪਿਆ ਹੋਵੇ ਤੇ ਆਪਣੀ ਹੀ ਰੋਟੀ ਵੱਲੋਂ ਪਰ-ਅਧੀਨ ਹੋ ਗਿਆ ਹੋਵੇ, ਉਸ ਦੇ ਪਾਸ ਕਿਸੇ ਪਰਦੇਸੀ ਨੇ ਕਿਉਂ ਜਾਣਾ ਹੈ? ਤੇ ਉਸ ਨੇ ਪਰਦੇਸੀ ਦੀ ਕੀਹ ਸੇਵਾ ਕਰਨੀ ਹੈ? ਪਰ, ਫ਼ਰੀਦ ਜੀ ਦਾ ਜੀਵਨ-ਉਦੇਸ਼ ਤਾਂ ਇਉਂ ਹੈ:

ਫਰੀਦਾ ਜੇ ਮੈ ਹੋਦਾ ਵਾਰਿਆ, ਮਿਤਾ ਆਇਅੜਿਆ ॥ ਹੇੜਾ ਜਲੈ ਮਜੀਠ ਜਿਉ, ਉਪਰਿ ਅੰਗਾਰਾ ॥22॥

ਇਹ ਨਹੀਂ ਹੋ ਸਕਦਾ ਕਿ ਫ਼ਰੀਦ ਜੀ ਅਸਾਨੂੰ ਗ੍ਰਿਹਸਤੀਆਂ ਨੂੰ, ਹੱਕ ਦੀ ਕਮਾਈ, ਰੱਬ ਦੀ ਯਾਦ ਤੇ ਖ਼ਲਕਤਿ ਦੀ ਸੇਵਾ ਦਾ ਉਪਦੇਸ਼ ਕਰਨ; ਤੇ ਆਪ ਗ੍ਰਿਹਸਤੀ ਹੁੰਦਿਆਂ ਕਿਰਤ-ਕਾਰ ਛੱਡ ਕੇ ਜੰਗਲ ਵਿਚ ਕਈ ਵਰ੍ਹੇ ਪੁੱਠੇ ਲਟਕ ਕੇ ਗੁਜ਼ਾਰ ਦੇਣ।

ਪੁੱਠੇ ਲਟਕਣ ਦੀ ਗੱਲ ਚੱਲੀ ਕਿਵੇਂ?

ਪਰ, ਇਹ ਪੁੱਠੇ ਲਟਕਣ ਦੀ ਵਾਰਤਾ ਚੱਲ ਕਿਵੇਂ ਪਈ?

ਇਹਨਾਂ ਸਾਰੇ ਸਲੋਕਾਂ ਵਿਚ ਫ਼ਰੀਦ ਜੀ ਦੇ ਤਿੰਨ ਸ਼ਲੋਕ ਐਸੇ ਹਨ, ਜਿਨ੍ਹਾਂ ਤੋਂ ਸ਼ਾਇਦ ਇਹ ਨਤੀਜਾ ਕੱਢਿਆ ਗਿਆ ਹੈ ਕਿ ਬਾਬਾ ਜੀ ਕਿਤੇ ਪੁੱਠੇ ਲਟਕ ਕੇ ਇਤਨਾ ਤਪ ਕਰਦੇ ਰਹੇ ਕਿ ਸਰੀਰ ਸੁੱਕ ਗਿਆ, ਕਾਵਾਂ ਨੇ ਆ ਕੇ ਪੈਰਾਂ ਦੀਆਂ ਤਲੀਆਂ ਵਿਚ ਚੁੰਝਾਂ ਮਾਰੀਆਂ ਤਾਂ ਫ਼ਰੀਦ ਜੀ ਨੇ ਉਹਨਾਂ ਕਾਵਾਂ ਨੂੰ ਵਰਜਿਆ। ਉਹ ਸ਼ਲੋਕ ਇਹ ਹਨ:

ਫਰੀਦਾ ਤਨੁ ਸੁਕਾ, ਪਿੰਜਰੁ ਥੀਆ, ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਬਾਹੁੜਿਓ, ਦੇਖੁ ਬੰਦੇ ਕੇ ਭਾਗ ॥90॥ ਕਾਗਾ ਕਰੰਗ ਢਢੋਲਿਆ, ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ, ਪਿਰ ਦੇਖਨ ਕੀ ਆਸ ॥91॥ ਕਾਗਾ ਚੂੰਡਿ ਨ ਪਿੰਜਰਾ, ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ, ਮਾਸੁ ਨ ਤਿਦੁ ਖਾਹਿ ॥92॥

ਗ਼ਲਤ ਅੰਦਾਜ਼ੇ:

ਇਹਨਾਂ ਸ਼ਲੋਕਾਂ ਵਿਚ ਸਰੀਰ ਦੇ ਲਿੱਸੇ ਪੈ ਜਾਣ ਦਾ ਜ਼ਿਕਰ ਹੈ, ਕਾਵਾਂ ਦਾ ਭੀ ਜ਼ਿਕਰ ਹੈ ਕਿ ਚੁੰਝਾਂ ਮਾਰਦੇ ਹਨ, ਪਰ ਕਿਤੇ ਪੁੱਠੇ ਲਟਕਣ ਦਾ ਤਾਂ ਕੋਈ ਜ਼ਿਕਰ ਨਹੀਂ ਹੈ। ਲਫ਼ਜ਼ 'ਤਲੀਆਂ' ਲਿਖਿਆ ਹੈ ਪਰ ਇਹ ਅੰਦਾਜ਼ਾ ਕਿਵੇਂ ਲਗ ਗਿਆ ਹੈ ਕਿ ਇੱਥੇ ਪੈਰਾਂ ਦੀਆਂ ਤਲੀਆਂ ਵਲ ਇਸ਼ਾਰਾ ਹੈ? ਹੱਥਾਂ ਦੀਆਂ ਕਿਉਂ ਨਹੀਂ? ਭਲਾ, ਜੇ ਪੈਰਾਂ ਦੀਆਂ ਹਨ ਤਾਂ ਇਹ ਕਿਵੇਂ ਅਨੁਮਾਨ ਲੱਗ ਗਿਆ ਕਿ ਪੁੱਠੇ ਲਟਕਣ ਦੀ ਹਾਲਤ ਬਿਆਨ ਕੀਤੀ ਗਈ ਹੈ? ਸਾਧਾਰਨ ਤੌਰ ਤੇ ਲੰਮੇ ਪਏ ਲਿੱਸੇ ਬੰਦੇ ਦੀਆਂ ਤਲੀਆਂ ਵਿਚ ਵੀ ਕਾਂ ਠੂੰਗੇ ਮਾਰ ਸਕਦੇ ਹਨ।

ਖੰਭਾਂ ਵਾਲੇ ਕਾਵਾਂ ਦਾ ਜ਼ਿਕਰ ਨਹੀਂ:

ਪਰ ਇੱਥੇ ਤਾਂ ਇਹਨਾਂ ਖੰਭਾਂ ਵਾਲੇ ਕਾਵਾਂ ਦਾ ਜ਼ਿਕਰ ਹੈ ਹੀ ਨਹੀਂ। ਸ਼ਲੋਕ ਨੰ: 88 ਤੋਂ 92 ਤੱਕ ਗਹੁ ਨਾਲ ਪੜ੍ਹੋ, ਦੁਨੀਆ ਦੇ ਵਿਸ਼ੇ-ਵਿਕਾਰਾਂ ਨੂੰ 'ਕਾਂ' ਆਖਿਆ ਗਿਆ ਹੈ। ਇਹਨਾਂ ਸਾਰੇ ਹੀ ਸ਼ਲੋਕਾਂ ਵਿਚ ਮਿਲਵਾਂ ਸਾਂਝਾ ਖ਼ਿਆਲ ਹੈ– ਜਗਤ ਵਿਚ ਚਾਰ-ਚੁਫੇਰੇ ਸੁਆਦਲੇ ਤੇ ਮਨ-ਮੋਹਣੇ ਪਦਾਰਥ ਮਨੁੱਖ ਦੇ ਮਨ ਨੂੰ ਖਿੱਚ ਪਾਂਦੇ ਹਨ, ਇਹਨਾਂ ਦੇ ਚਸਕਿਆਂ ਵਿਚ ਪੈ ਕੇ ਸਰੀਰ ਦਾ ਸੱਤਿਆਨਾਸ ਹੋ ਜਾਂਦਾ ਹੈ, ਫਿਰ ਭੀ ਇਹਨਾਂ ਦੀ ਝਾਕ ਨਹੀਂ ਮਿਟਦੀ। ਹਾਂ, ਜਿਸ ਹਿਰਦੇ ਵਿਚ ਖਸਮ-ਪ੍ਰਭੂ ਦਾ ਪਿਆਰ ਵੱਸਦਾ ਹੈ, ਉਸ ਨੂੰ ਕੋਈ ਵਿਕਾਰ ਵਿਸ਼ੇ-ਭੋਗਾਂ ਵਲ ਪ੍ਰੇਰ ਨਹੀਂ ਸਕਦਾ।

ਵਿਕਾਰੀ ਮਨ ਕਊਆ ਹੈ:

ਸਤਿਗੁਰੂ ਜੀ ਆਪ ਭੀ 'ਵਿਕਾਰੀ ਮਨ' ਵਾਸਤੇ ਲਫ਼ਜ਼ 'ਕਊਆ' ਵਰਤਦੇ ਹਨ:

ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨ੍ਹਾਤੈ ਕਊਆ ਹੰਸੁ ਹੋਵੈ ॥ {ਗੂਜਰੀ ਮ: 4

ਭਗਤ ਰਵਿਦਾਸ ਜੀ ਅਤੇ ਗੁਰੂ ਨਾਨਕ ਸਾਹਿਬ

ਭਾਈਚਾਰਕ ਜਾਣ-ਪਛਾਣ (ਉਹਨਾਂ ਦੀ ਬਾਣੀ ਵਿਚੋਂ)

ਰਵਿਦਾਸ ਜੀ ਦੇ ਜੀਵਨ ਬਾਰੇ ਕੋਈ ਇਤਿਹਾਸਕ ਲਿਖਤਾਂ ਨਹੀਂ ਮਿਲਦੀਆਂ। ਪਰ ਉਹਨਾਂ ਦੀ ਆਪਣੀ ਬਾਣੀ ਵਿਚੋਂ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕੁਝ ਕੁ ਥਹੁ-ਪਤਾ ਮਿਲ ਹੀ ਜਾਂਦਾ ਹੈ। ਭਗਤ ਜੀ ਬਨਾਰਸ ਦੇ ਰਹਿਣ ਵਾਲੇ ਸਨ ਤੇ ਜਾਤੀ ਦੇ ਚਮਾਰ ਸਨ। ਇਹ ਗੱਲ ਉਹ ਆਪ ਹੀ ਮਲਾਰ ਰਾਗ ਦੇ ਸ਼ਬਦਾਂ ਵਿਚ ਇਉਂ ਲਿਖਦੇ ਹਨ:

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥3॥1॥

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ ਆਸ ਪਾਸਾ ॥ ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥3॥2॥

ਰਵਿਦਾਸ ਜੀ ਨੇ ਆਪਣੇ ਨਾਮ ਦੇ ਨਾਲ ਲਫ਼ਜ਼ 'ਚਮਾਰ' ਪਰਤੱਖ ਭੀ ਕਈ ਥਾਈਂ ਵਰਤਿਆ ਹੈ; ਜਿਵੇਂ: 'ਕਹਿ ਰਵਿਦਾਸ ਚਮਾਰਾ'।

ਕਿਸ ਸਮੇਂ ਹੋਏ?

ਭਗਤ ਰਵਿਦਾਸ ਜੀ ਕਿਸ ਸਮੇਂ ਹੋਏ ਹਨ, ਇਹ ਗੱਲ ਭੀ ਉਹਨਾਂ ਦੀ ਆਪਣੀ ਹੀ ਬਾਣੀ ਵਿਚੋਂ ਸਿੱਧ ਹੋ ਜਾਂਦੀ ਹੈ। ਮਾਰੂ ਰਾਗ ਦੇ ਇਕ ਸ਼ਬਦ ਵਿਚ ਰਵਿਦਾਸ ਜੀ ਭਗਤ ਨਾਮਦੇਵ, ਤ੍ਰਿਲੋਚਨ, ਕਬੀਰ, ਸਧਨਾ ਅਤੇ ਸੈਨ ਜੀ ਦਾ ਜ਼ਿਕਰ ਕਰਦੇ ਹਨ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ ॥1॥ਰਹਾਉ॥...

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ, ਹਰਿ ਜੀਉ ਤੇ ਸਭੈ ਸਰੈ ॥2॥

(2) ਹਰਿ ਕੇ ਨਾਮ ਕਬੀਰ ਉਜਾਗਰ ॥ ਜਨਮ ਜਨਮ ਕੇ ਕਾਟੇ ਕਾਗਰ ॥1॥5॥ {ਆਸਾ ਰਵਿਦਾਸ ਜੀ

ਰਵਿਦਾਸ ਜੀ ਦੇ ਭਗਤ ਕਬੀਰ ਜੀ ਦਾ ਜ਼ਿਕਰ ਕਰਨ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਕਬੀਰ ਜੀ ਰਵਿਦਾਸ ਤੋਂ ਪਹਿਲਾਂ ਹੋਏ ਹਨ। ਪਰ ਕਬੀਰ ਜੀ ਭੀ ਸ਼ਲੋਕ ਨੰ: 242 ਵਿਚ ਭਗਤ ਰਵਿਦਾਸ ਜੀ ਦਾ ਜ਼ਿਕਰ ਕਰਦੇ ਹਨ:

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ ॥242॥

ਕਬੀਰ ਤੇ ਰਵਿਦਾਸ ਸਮਕਾਲੀ

ਸੋ, ਦੋਹਾਂ ਪ੍ਰਮਾਣਾਂ ਨੂੰ ਸਾਹਮਣੇ ਰੱਖਿਆਂ ਸਹਜ-ਸੁਭਇ ਇਸ ਨਤੀਜੇ ਤੇ ਅੱਪੜ ਜਾਈਦਾ ਹੈ ਕਿ ਭਗਤ ਰਵਿਦਾਸ ਅਤੇ ਕਬੀਰ ਜੀ ਸਮ-ਕਾਲੀ ਸਨ, ਤੇ ਦੋਵੇਂ ਹੀ ਬਨਾਰਸ ਦੇ ਰਹਿਣ ਵਾਲੇ ਸਨ, ਕਿਉਂਕਿ ਕਬੀਰ ਜੀ ਭੀ ਆਪਣੇ ਬਨਾਰਸ ਦੇ ਵਸਨੀਕ ਹੋਣ ਦਾ ਜ਼ਿਕਰ ਕਰਦੇ ਹਨ:

ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥1॥ਰਹਾਉ॥ {ਰਾਗ ਗਉੜੀ

ਗੁਰੂ ਨਾਨਕ ਦੇਵ ਜੀ ਰਵਿਦਾਸ ਜੀ ਦੇ ਵਤਨ:

ਸਾਹਿਬ ਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਵਿਚ ਹਿੰਦੂ ਤੀਰਥਾਂ ਤੇ ਗਏ। ਇਹ 'ਉਦਾਸੀ' ਨਵੰਬਰ ਸੰ: 1507 ਵਿਚ ਸ਼ੁਰੂ ਹੋਈ। ਬੜਾ ਚਿਰ ਲੱਗਾ ਹੋਵੇ ਤਾਂ ਭੀ ਆਸਾਨੀ ਨਾਲ ਇਹ ਮੰਨਿਆ ਜਾ ਸਕਦਾ ਹੈ ਕਿ ਸੰ: 1508 ਦੇ ਅਖ਼ੀਰ ਵਿਚ ਸਤਿਗੁਰੂ ਜੀ ਬਨਾਰਸ ਅੱਪੜ ਗਏ ਹੋਣਗੇ।

ਜਿਸ ਦਲੇਰੀ ਤੇ ਨਿਰਭੈਤਾ ਨਾਲ ਨੀਵੀਂ ਜਾਤਿ ਤੋਂ ਪੈਦਾ ਹੋਏ ਭਗਤ ਰਵਿਦਾਸ ਤੇ ਕਬੀਰ ਜੀ ਨੇ ਮਾਣ-ਮੱਤੇ ਉੱਚੀ ਜਾਤਿ ਵਾਲੇ ਬ੍ਰਾਹਮਣਾਂ ਦਾ ਟਾਕਰਾ ਕੀਤਾ ਹੈ, ਉਹ ਉਹਨਾਂ ਦੀ ਬਾਣੀ ਵਿਚੋਂ ਪਰਤੱਖ ਦਿੱਸਦਾ ਹੈ। ਉਧਰੋਂ ਭੀ

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ....." {ਸਿਰੀ ਰਾਗੁ ਮ: 1

ਇਹ ਕਿਵੇਂ ਹੋ ਸਕਦਾ ਸੀ ਕਿ ਆਪਣੇ ਹਮ-ਖ਼ਿਆਲ ਇਹ ਮਹਾਂਪੁਰਖ ਸਤਿਗੁਰੂ ਨਾਨਕ ਦੇਵ ਜੀ ਨੂੰ ਪਿਆਰੇ ਨਾਹ ਲੱਗੇ ਹੋਣ? ਸੋ, ਸਤਿਗੁਰੂ ਜੀ ਨੇ ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦ ਆਪ ਹੀ ਲੈ ਕੇ ਆਪਣੀ ਬਾਣੀ ਦੇ ਨਾਲ ਸਾਂਭ ਕੇ ਰੱਖ ਲਏ; ਕਿਉਂਕਿ ਭਗਤ ਰਵਿਦਾਸ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਕਈ ਸ਼ਬਦਾਂ ਵਿਚ ਕਈ ਤਰ੍ਹਾਂ ਦੀ ਐਸੀ ਸਾਂਝ ਮਿਲਦੀ ਹੈ ਜੋ ਅਸਾਨੂੰ ਇਸੇ ਹੀ ਨਤੀਜੇ ਤੇ ਅਪੜਾਂਦੀ ਹੈ।

ਧਨਾਸਰੀ ਵਿਚ 'ਆਰਤੀ' ਵਾਲਾ ਸ਼ਬਦ:

ਸ਼ੇਖ ਫ਼ਰੀਦ ਜੀ ਦੀ ਬਾਣੀ ਤੇ ਵਿਚਾਰ ਕਰਨ ਵੇਲੇ ਅਸੀਂ ਵੇਖ ਆਏ ਹਾਂ ਕਿ ਫ਼ਰੀਦ ਜੀ ਦੇ ਜਿਸ ਸ਼ਬਦ ਨਾਲ ਰਲਵਾਂ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਉਹ ਉਸੇ ਹੀ ਰਾਗ ਵਿਚ ਹੈ ਜਿਸ ਵਿਚ ਫ਼ਰੀਦ ਜੀ ਦਾ। ਇਸੇ ਤਰ੍ਹਾਂ ਦੀ ਸਾਂਝ, ਭਗਤ ਰਵਿਦਾਸ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਭੀ ਮਿਲਦੀ ਹੈ। 'ਆਰਤੀ' ਦੇ ਸੰਬੰਧ ਵਿਚ ਸਤਿਗੁਰੂ ਜੀ ਦਾ ਇਕ ਪ੍ਰਸਿੱਧ ਧਨਾਸਰੀ ਰਾਗ ਵਿਚ ਦਰਜ ਹੈ। ਭਗਤ ਰਵਿਦਾਸ ਜੀ ਦਾ ਭੀ 'ਆਰਤੀ' ਬਾਰੇ ਇਕ ਸ਼ਬਦ ਹੈ, ਅਤੇ ਇਹ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਧਨਾਸਰੀ ਰਾਗ ਵਿਚ ਹੀ ਦਰਜ ਹੈ। ਇਹ ਸਾਂਝ ਕਿਸੇ ਸਬੱਬ ਨਾਲ ਹੀ ਨਹੀਂ ਬਣ ਗਈ। ਇਹ ਠੀਕ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ 'ਆਰਤੀ' ਵਾਲਾ ਸ਼ਬਦ ਜਗਨ ਨਾਥ ਪੁਰੀ ਜਾ ਕੇ ਉਚਾਰਿਆ; ਪਰ ਪਹਿਲੀ 'ਉਦਾਸੀ' ਵਿਚ ਬਨਾਰਸ ਤੋਂ ਲੰਘਦਿਆਂ ਰਵਿਦਾਸ ਜੀ ਦਾ 'ਆਰਤੀ' ਵਾਲਾ ਸ਼ਬਦ ਸਤਿਗੁਰੂ ਜੀ ਨੂੰ ਮਿਲ ਜ਼ਰੂਰ ਗਿਆ ਹੈ। ਰਵਿਦਾਸ ਜੀ ਲਿਖਦੇ ਹਨ:

'ਨਾਮ ਤੇਰੇ ਕੀ ਜੋਤਿ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ' ॥

ਗੁਰੂ ਨਾਨਕ ਦੇਵ ਜੀ ਫ਼ੁਰਮਾਂਦੇ ਹਨ:

'ਸਭਿ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ' ॥

ਰਵਿਦਾਸ ਜੀ 'ਜੋਤਿ' ਦਾ 'ਉਜਿਆਰਾ' ਸਾਰੇ ਭਵਨਾਂ ਵਿਚ ਦੱਸ ਰਹੇ ਹਨ, ਗੁਰੂ ਨਾਨਕ ਦੇਵ ਜੀ, 'ਜੋਤਿ' ਦਾ 'ਚਾਨਣ ਸਭ ਵਿਚ' ਕਹਿ ਰਹੇ ਹਨ।

ਰਵਿਦਾਸ ਜੀ ਆਖਦੇ ਹਨ– ਹੇ ਪ੍ਰਭੂ!

'ਤੇਰੋ ਕੀਆ ਤੁਝਹਿ ਕਿਆ ਅਰਪਉ? ਨਾਮ ਤੇਰਾ ਤੁਹੀ ਚਵਰ ਢੋਲਾਰੇ ॥3॥

… … … … … …

ਕਹੈ ਰਵਿਦਾਸੁ ਨਾਮੁ ਤੇਰੋ ਆਰਤੀ, ਸਤਿ ਨਾਮੁ ਹੈ ਹਰਿ ਭੋਗ ਤੁਹਾਰੇ' ॥4॥

ਗੁਰੂ ਨਾਨਕ ਦੇਵ ਜੀ ਭੀ ਸ਼ਬਦ ਦੇ ਅਖ਼ੀਰ ਤੇ ਇਹੀ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ! ਤੇਰੇ ਨਾਮ ਵਿਚ ਹੀ ਟਿਕਿਆ ਰਹਾਂ:

'ਹਰਿ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨਦਿਨੋੁ ਮੋਹਿ ਆਹੀ ਪਿਆਸਾ ॥ ਕਿਰਪਾ ਜਲੁ ਦੇਹਿ ਨਾਨਕ ਸਾਰੰਗ ਕਉ, ਹੋਇ ਜਾ ਤੇ ਤੇਰੈ ਨਾਇ ਵਾਸਾ' ॥

ਇਹ ਦੋਵੇਂ ਸ਼ਬਦ ਇਕੋ ਹੀ ਰਾਗ ਵਿਚ ਹੋਣੇ, ਅਤੇ ਖ਼ਿਆਲ ਦੀ ਸਾਂਝ, ਇਹ ਗੱਲਾਂ ਇਸੇ ਅਨੁਮਾਨ ਵਲ ਲੈ ਜਾਂਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਬਨਾਰਸ ਤੋਂ ਅਗਾਂਹ ਲੰਘਦਿਆਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਲੈ ਕੇ ਆਪਣੇ ਪਾਸ ਲਿਖ ਰੱਖਿਆ ਸੀ।

ਮੂਰਤੀ ਦੀ ਪੂਜਾ ਵਰਜਿਆ:

ਮੂਰਤੀ ਦੀ ਪੂਜਨ ਕਰਨ ਵਾਲੇ ਲੋਕ-ਮੂਰਤੀ ਅਗੇ ਦੁੱਧ, ਫੁੱਲ, ਜਲ, ਚੰਦਨ, ਧੂਪ ਆਦਿਕ ਭੇਟ ਕਰਦੇ ਹਨ, ਪਰ ਰਵਿਦਾਸ ਜੀ ਆਖਦੇ ਹਨ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੇਟ ਕਰਨ ਤੋਂ ਪਹਿਲਾਂ ਹੀ ਵੱਛਾ, ਭੌਰਾ, ਮੱਛੀ, ਸੱਪ ਆਦਿਕ ਜੂਠਾ ਕਰ ਦੇਂਦੇ ਹਨ। ਜੂਠੀਆਂ ਸ਼ੈਆਂ ਦੀ ਭੇਟ ਨਾਲ ਠਾਕੁਰ ਕਿਵੇਂ ਪ੍ਰਸੰਨ ਹੋਵੇ? ਗੂਜਰੀ ਰਾਗ ਵਿਚ ਭਗਤ ਜੀ ਇਉਂ ਲਿਖਦੇ ਹਨ:

ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥1॥ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥

ਰਵਿਦਾਸ ਜੀ ਆਖਦੇ ਹਨ ਕਿ ਆਪਣੀ ਹੱਥੀਂ ਘੜੀ ਮੂਰਤੀ ਦੇ ਅੱਗੇ ਇਹ ਦੁੱਧ ਆਦਿਕ ਭੇਟ ਧਰਨ ਦੇ ਥਾਂ ਮਾਇਆ ਤੋਂ ਰਹਿਤ (ਨਿਰੰਜਨ) ਗੋਬਿੰਦ ਦੇ ਅੱਗੇ 'ਆਪਾ' ਭੇਟ ਕਰਨਾ ਅਸਲ ਪੂਜਾ ਹੈ। ਇਸੇ ਹੀ ਰਾਗ ਦੇ ਸ਼ੁਰੂ ਵਿਚ ਸਤਿਗੁਰੂ ਨਾਨਕ ਦੇਵ ਜੀ ਭੀ ਮੂਰਤੀ-ਪੂਜਾ ਦੇ ਥਾਂ, ਮੂਰਤੀ ਨੂੰ ਇਸ਼ਨਾਨ ਕਰਾਣ ਦੇ ਥਾਂ ਨਾਮ ਸਿਮਰਨ ਦੀ ਹਿਦਾਇਤ ਕਰਦੇ ਹਨ, ਮਨ ਨੂੰ ਧੋਣ ਦੀ ਸਲਾਹ ਦੇਂਦੇ ਹਨ; ਫ਼ੁਰਮਾਉਂਦੇ ਹਨ:

ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ ॥1॥ ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ ॥1॥ਰਹਾਉ॥ ਬਾਹਰਿ ਦੇਵ ਪਖਾਲੀਅਹਿ, ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ, ਮੋਖ ਪਇਆਣਾ ਹੋਇ ॥2॥ ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮੁ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥3॥ ਨੇੜਾ ਹੈ ਦੂਰਿ ਨ ਜਾਣਿਅਹੁ, ਨਿਤ ਸਾਰੇ ਸੰਮ੍ਹਾਲੇ ॥ ਜੋ ਦੇਵੇ ਸੋ ਖਾਵਣਾ, ਕਹੁ ਨਾਨਕ ਸਾਚਾ ਹੇ ॥4॥1॥

ਇਹਨਾਂ ਦੋਹਾਂ ਸ਼ਬਦਾਂ ਵਿਚ ਸਾਂਝ:

ਦੋਹਾਂ ਸ਼ਬਦਾਂ ਦਾ ਮਜ਼ਮੂਨ ਇਕੋ ਹੀ ਹੈ, ਇੱਕੋ ਹੀ ਰਾਗ ਵਿੱਚ ਹਨ, ਖ਼ਿਆਲਾਂ ਦੀ ਭੀ ਕਾਫ਼ੀ ਸਾਂਝ ਹੈ। ਫਿਰ, ਇਕ ਹੋਰ ਭੀ ਸੁਆਦਲੀ ਗੱਲ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਫ਼ਜ਼ 'ਉਰਸਾ' ਦੋ ਵਾਰੀ ਵਰਤਿਆ ਮਿਲਦਾ ਹੈ। ਇੱਕ ਵਾਰੀ ਰਵਿਦਾਸ ਜੀ ਨੇ ਵਰਤਿਆ ਹੈ, ਤੇ ਇੱਕ ਵਾਰੀ ਸਤਿਗੁਰੂ ਨਾਨਕ ਦੇਵ ਜੀ ਨੇ। ਧਨਾਧਰੀ ਰਾਗ ਵਿਚ ਰਵਿਦਾਸ ਜੀ ਦਾ ਜੋ ਸ਼ਬਦ 'ਆਰਤੀ' ਦੇ ਸੰਬੰਧ ਵਿਚ ਹੈ, ਉਥੇ ਭਗਤ ਜੀ ਕਹਿੰਦੇ ਹਨ:

ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥

ਇਸ ਉਪਰ-ਲਿਖੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਭੀ ਲਫ਼ਜ਼ 'ਉਰਸਾ' ਵਰਤਿਆ ਹੈ। 'ਉਰਸਾ' ਪੰਜਾਬੀ ਬੋਲੀ ਦਾ ਲਫ਼ਜ਼ ਨਹੀਂ ਹੈ; ਪੰਜਾਬ ਵਿਚ ਕਵੀ ਲੋਕਾਂ ਦੀ ਆਮ ਵਰਤੋਂ ਵਿਚ ਆਇਆ ਇਹ ਲਫ਼ਜ਼ ਨਹੀਂ ਮਿਲਦਾ। ਇਸੇ ਨਤੀਜੇ ਤੇ ਹੀ ਅੱਪੜ ਸਕੀਦਾ ਹੈ ਕਿ ਇਹ ਲਫ਼ਜ਼ ਸਤਿਗੁਰੂ ਜੀ ਨੇ ਰਵਿਦਾਸ ਜੀ ਦੀ ਬਾਣੀ ਵਿਚੋਂ ਲਿਆ ਹੈ। ਰਵਿਦਾਸ ਜੀ ਦੇ ਰਾਗ ਧਨਾਸਰੀ ਅਤੇ ਰਾਗ ਗੂਜਰੀ ਵਾਲੇ ਦੋਵੇਂ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸਨ, ਜਦੋਂ ਉਹਨਾਂ ਦੋਹਾਂ ਹੀ ਰਾਗਾਂ ਵਿਚ ਆਪਣੇ ਦੋਵੇਂ ਸ਼ਬਦ 'ਆਰਤੀ' ਅਤੇ 'ਮੂਰਤੀ-ਪੂਜਾ' ਬਾਰੇ ਉਚਾਰੇ ਸਨ।

ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦ:

ਭਗਤ ਰਵਿਦਾਸ ਜੀ ਦੇ ਕੁੱਲ 40 ਸ਼ਬਦ ਹਨ। ਅਸਾਂ ਵੇਖ ਲਿਆ ਹੈ ਕਿ 'ਆਰਤੀ' ਅਤੇ 'ਦੇਵ-ਪੂਜਾ' ਬਾਰੇ ਭਗਤ ਜੀ ਦੇ ਦੋਵੇਂ ਸ਼ਬਦ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸਨ। ਇਹ ਨਹੀਂ ਹੋ ਸਕਦਾ ਕਿ ਸਤਿਗੁਰੂ ਜੀ ਨੇ ਰਵਿਦਾਸ ਜੀ ਦੇ ਸਿਰਫ਼ ਦੋਵੇਂ ਸ਼ਬਦ ਲਿਆਂਦੇ ਹੋਣ, ਤੇ ਬਾਕੀ ਦੇ ਸ਼ਬਦ ਛੱਡ ਆਏ ਹੋਣ, ਭਾਵੇਂ ਉਹਨਾਂ ਦੇ ਆਪਣੇ ਹੀ ਖ਼ਿਆਲਾਂ ਨਾਲ ਮਿਲਦੇ ਹੋਣ। ਇਹ ਯਕੀਨੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਭਗਤ ਰਵਿਦਾਸ ਜੀ ਦੀ ਸਾਰੀ ਹੀ ਬਾਣੀ ਲਿਆਏ ਤੇ ਆਪਣੀ ਬਾਣੀ ਨਾਲ ਸਾਂਭ ਕੇ ਉਹਨਾਂ ਰੱਖ ਲਈ।

ਭਗਤ ਰਵਿਦਾਸ ਅਤੇ ਗੁਰੂ ਅਮਰਦਾਸ ਜੀ:

ਸਤਿਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਆਪੋ ਵਿਚ ਟਾਕਰਾ ਕਰ ਕੇ ਅਸੀਂ ਨਿਰ-ਸੰਦੇਹ ਸਾਬਤ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਰਵਿਦਾਸ ਜੀ ਦੇ ਸ਼ਬਦਾਂ ਨਾਲ ਮਿਲਵੇਂ ਖ਼ਿਆਲਾਂ ਵਾਲੇ ਸ਼ਬਦ ਉਚਾਰਨ ਤੋਂ ਸਾਫ਼ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਨਾਲ ਰਵਿਦਾਸ ਜੀ ਬਾਣੀ ਭੀ ਸਾਂਭੀ ਹੋਈ ਸੀ; ਇਹ ਭੀ ਗੁਰੂ ਅੰਗਦ ਸਾਹਿਬ ਦੇ ਹਵਾਲੇ ਕੀਤੀ ਗਈ ਤੇ ਉਹਨਾਂ ਤੋਂ ਗੁਰੂ ਅਮਰਦਾਸ ਜੀ ਤਕ ਅੱਪੜੀ। ਇਸ ਗੱਲ ਦਾ ਪ੍ਰਤੱਖ ਸਬੂਤ ਰਵਿਦਾਸ ਜੀ ਦੇ ਇਕ ਸ਼ਬਦ ਤੋਂ ਮਿਲਦਾ ਹੈ। ਭੈਰਉ ਰਾਗ ਵਿਚ ਭਗਤ ਜੀ ਦਾ ਇਕ ਸ਼ਬਦ ਇਉਂ ਹੈ:

ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥1॥ ਪਰਚੈ, ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥1॥ਰਹਾਉ॥ ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥2॥ ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥3॥ ਘ੍ਰਿਤ ਕਾਰਨ ਦਧਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ ਨ ਜਪਸਿ ਅਭਾਗ ॥4॥1॥

ਇਸੇ ਹੀ ਰਾਗ ਵਿਚ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਬਦ ਧਿਆਨ ਨਾਲ ਪੜ੍ਹ ਕੇ ਵੇਖੋ। ਭਗਤ ਰਵਿਦਾਸ ਜੀ ਦੇ ਉੱਪਰ-ਦਿੱਤੇ ਸ਼ਬਦ ਨਾਲ ਕਾਫ਼ੀ ਸਾਂਝ ਮਿਲੇਗੀ, ਅਤੇ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ।

ਭੈਰਉ ਮ: 3 ॥ ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥1॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤੁ ਨਾਮੁ ਨਉਨਿਧਿ ਪਾਈ ॥1॥ਰਹਾਉ॥ ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭੋੁਲਾਇਆ ॥2॥ ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥3॥ ਕਰਮੁ ਹੋਵੈ ਗੁਰ ਕਿਰਪਾ ਕਰੈ ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥4॥ ਮਨ ਕਾ ਸੁਭਾਉ ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ ॥5॥ ਕਹਤ ਨਾਨਕ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥6॥5॥

ਦੋਹਾਂ ਸਬਦਾਂ ਦਾ ਟਾਕਰਾ:

ਰਵਿਦਾਸ ਜੀ ਦੇ ਸ਼ਬਦ ਦੀ 'ਰਹਾਉ' ਦੀ ਤੁਕ ਗਹੁ ਨਾਲ ਪੜ੍ਹੋ। ਕਹਿੰਦੇ ਹਨ– ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦਾ ਮਨ ਭਟਕਣੋਂ ਹਟ ਜਾਂਦਾ ਹੈ; ਉਸ ਦੀ ਮੇਰ-ਤੇਰ ਮਿਟ ਜਾਂਦੀ ਹੈ। ਸ਼ਬਦ ਦੇ ਚਾਰ 'ਬੰਦਾਂ' ਵਿਚ ਇਸ ਖ਼ਿਆਲ ਦੀ ਵਿਆਖਿਆ ਕੀਤੀ ਗਈ ਹੈ। ਆਖਦੇ ਹਨ– ਜਿਸ ਦਾ ਮਨ ਪਰਚ ਗਿਆ ਉਹ ਅਸਲ ਜੋਗੀ ਹੈ; ਜਿਸ ਦੀ ਦੁਬਿਧਾ ਮਿਟ ਗਈ ਉਹ ਅਸਲ ਮੁਨੀ ਹੈ; ਦੁਨੀਆ ਦੇ ਧੰਧਿਆਂ ਦਾ ਉਸ ਨੂੰ ਮੋਹ ਨਹੀਂ ਰਹਿੰਦਾ, ਉਹ ਕਾਰ-ਵਿਹਾਰ ਕਰਦਾ ਹੋਇਆ ਭੀ ਕਾਰ-ਵਿਹਾਰ ਦੇ ਮੋਹ ਤੋਂ ਮੁਕਤ ਹੈ। ਇਹ ਸਾਰੀ ਬਰਕਤਿ 'ਨਾਮ' ਦੀ ਹੈ, ਜੋ ਨਾਮ ਨਹੀਂ ਜਪਦਾ ਹੈ, ਉਹ ਅਭਾਗਾ ਹੈ।

ਪਰ ਭਗਤ ਜੀ ਨੇ ਇਹ ਗੱਲ ਇੱਥੇ ਨਹੀਂ ਦੱਸੀ ਕਿ ਇਹ 'ਨਾਮ' ਮਿਲਦਾ ਕਿਥੋਂ ਹੈ। ਹੁਣ ਪੜ੍ਹੋ ਗੁਰੂ ਅਮਰਦਾਸ ਜੀ ਦਾ ਸ਼ਬਦ। ਇਹ ਭੀ ਉਸੇ ਤਬਦੀਲੀ ਦਾ ਜ਼ਿਕਰ ਕਰਦੇ ਹਨ ਜੋ ਪ੍ਰਭੂ ਦਾ ਨਾਮ ਸਿਮਰਿਆਂ ਮਨੁੱਖ ਦੇ ਮਨ ਵਿਚ ਪੈਦਾ ਹੁੰਦੀ ਹੈ। ਕਹਿੰਦੇ ਹਨ– ਜਿਸ ਮਨੁੱਖ ਨੂੰ 'ਨਉਨਿਧਿ ਨਾਮ' ਦੀ ਪ੍ਰਾਪਤੀ ਹੋ ਜਾਏ ਉਹੀ ਅਸਲ ਮੁਨੀ ਹੈ, ਉਸ ਦੀ ਮੇਰ-ਤੇਰ ਮਿਟ ਜਾਂਦੀ ਹੈ; ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ। ਪਰ, ਮਨੁੱਖ ਦਾ ਮਨ ਮੋਹ ਵਿਚੋਂ, ਮਮਤਾ ਵਿਚੋਂ ਕਦੋਂ ਜਾਗਦਾ ਹੈ? ਜਦੋਂ ਪ੍ਰਭੂ ਦੀ ਮੇਹਰ ਹੋਵੇ ਤੇ ਗੁਰੂ ਮਿਲੇ।

ਸਾਂਝ ਦਾ ਵੇਰਵਾ:

ਦੋਹਾ ਸ਼ਬਦਾਂ ਦਾ ਨਿਰਾ ਮਜ਼ਮੂਨ ਹੀ ਇੱਕ ਨਹੀ; ਤੁਕਾਂ ਤੇ ਪਦ ਭੀ ਸਾਂਝੇ ਹਨ।

ਰਵਿਦਾਸ ਜੀ ਲਿਖਦੇ ਹਨ:

'ਸੋ ਮੁਨਿ ਮਨ ਕੀ ਦੁਬਿਧਾ ਖਾਇ' ॥

ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ:

'ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ' ॥

ਇਸ 'ਦੁਬਿਧਾ' ਦੇ ਮਾਰਨ ਜਾਂ ਖਾਣ ਦਾ ਤਰੀਕਾ ਦੋਹਾਂ ਮਹਾਂਪੁਰਖਾਂ ਨੇ 'ਰਹਾਉ' ਦੀ ਤੁਕ ਵਿਚ ਇੱਕੋ ਹੀ ਦੱਸਿਆ ਹੈ:

'ਰਾਮੁ ਰਵੈ ਜਉ ਕੋਈ' ਅਤੇ 'ਪਾਰਸੁ ਪਰਸੈ' = ਰਵਿਦਾਸ ਜੀ

'ਨਾਮੁ ਨਉਨਿਧਿ ਪਾਈ' = ਗੁਰੂ ਅਰਮਦਾਸ ਜੀ

ਰਵਿਦਾਸ ਜੀ ਆਖਦੇ ਹਨ ਕਿ 'ਸੋ ਮੁਨਿ' ਦੁਬਿਧਾ ਨੂੰ ਖਾ ਕੇ 'ਤ੍ਰੈਲੋਕ ਸਮਾਇ' ਗੁਰੂ ਅਮਰਦਾਸ ਜੀ ਲਿਖਦੇ ਹਨ ਕਿ 'ਸੋ ਮਨੁ' ਦੁਬਿਧਾ ਨੂੰ ਮਾਰ ਕੇ 'ਬ੍ਰਹਮੁ ਬੀਚਾਰੈ' ਅਤੇ 'ਹੁਕਮਿ ਬੁਝਿ ਸਮਾਣਾ। '

ਇਸ ਤੋਂ ਕੁਦਰਤੀ ਸਿੱਟਾ:

ਜਿਉਂ ਜਿਉਂ ਵਧੀਕ ਗਹੁ ਨਾਲ ਇਹਨਾਂ ਦੋਹਾਂ ਸ਼ਬਦਾਂ ਨੂੰ ਇਕੱਠਿਆਂ ਸਾਹਮਣੇ ਰੱਖ ਕੇ ਟਾਕਰਾ ਕਰੋਗੇ, ਇਹਨਾਂ ਵਿਚ ਹੋਰ ਹੋਰ ਸਾਂਝ ਪ੍ਰਤੱਖ ਦਿੱਸਣ ਲੱਗ ਪਏਗੀ। ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਕੇਵਲ ਇੱਕੋ ਨਤੀਜਾ ਨਿਕਲ ਸਕਦਾ ਹੈ ਕਿ ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਬਨਾਰਸ ਤੋਂ ਲਿਖ ਲਏ ਸਨ। ਆਪਣੀ ਸਾਰੀ ਬਾਣੀ ਸਮੇਤ ਭਗਤ ਜੀ ਦੀ ਬਾਣੀ ਭੀ ਸਤਿਗੁਰੂ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ, ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਨੂੰ ਮਿਲੀ। ਸੋ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਭੈਰਉ ਰਾਗ ਵਾਲਾ ਉੱਪਰ-ਦਿੱਤਾ ਸ਼ਬਦ ਲਿਖਿਆ ਸੀ, ਉਹਨਾਂ ਪਾਸ ਭਗਤ ਰਵਿਦਾਸ ਜੀ ਦਾ ਸ਼ਬਦ ਮੌਜੂਦ ਸੀ।

ਸਹਜੇ ਹੋਇ ਸੁ ਹੋਈ:

ਸੋਰਠਿ ਰਾਗ ਦੇ ਇਕ ਸ਼ਬਦ ਵਿਚ ਰਵਿਦਾਸ ਜੀ ਇਉਂ ਲਿਖਦੇ ਹਨ:

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਇ ਸੁ ਹੋਈ ॥4॥1॥

ਰਾਗ ਆਸਾ ਦੇ ਇਕ ਛੰਤ ਵਿਚ ਗੁਰੂ ਨਾਨਕ ਸਾਹਿਬ ਫ਼ੁਰਮਾਂਦੇ ਹਨ:

ਆਦਿ ਪੁਰਖਿ ਇਕੁ ਚਲਤੁ ਦਿਖਾਇਆ, ਜਹ ਦੇਖਾ ਤਹ ਸੋਈ ॥ ਨਾਨਕ ਹਰਿ ਕੀ ਭਗਤਿ ਨ ਛੋਡਉ, ਸਹਜੇ ਹੋਇ ਸੁ ਹੋਈ ॥2॥3॥

ਇਥੇ ਰਵਿਦਾਸ ਜੀ ਦੀ ਪਹਿਲੀ ਤੁਕ ਦੇ ਖ਼ਿਆਲ ਨੂੰ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਤੁਕ ਦੇ ਖ਼ਿਆਲ ਨਾਲ ਰਲਾ ਕੇ ਵੇਖਣਾ। ਭਲਾ, ਖ਼ਿਆਲ ਤਾਂ ਸਾਂਝੇ ਹੋਣੇ ਜ਼ਰੂਰੀ ਹੀ ਸਨ। ਜੇ ਖ਼ਿਆਲਾਂ ਦੀ ਪੂਰੀ ਸਾਂਝ ਸੀ, ਤਾਂ ਹੀ ਭਗਤਾਂ ਦੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਨੂੰ ਪਿਆਰੀ ਲੱਗੀ ਤੇ ਉਹਨਾਂ ਇਕੱਠੀ ਭੀ ਕਰ ਲਈ। ਪਰ, ਰਤਾ ਲਫ਼ਜ਼ਾਂ ਦੀ ਸਾਂਝ ਵੇਖੋ, ਦੂਜੀ ਤੁਕ ਦਾ ਅਖ਼ੀਰਲਾ ਅੱਧਾ ਹਿੱਸਾ। ਦੋਵੇਂ ਮਹਾਂਪੁਰਖ ਲਿਖਦੇ ਹਨ:

'...ਸਹਜੇ ਹੋਇ ਸੁ ਹੋਈ' ॥

ਇਹ ਨਹੀਂ ਹੋ ਸਕਦਾ ਕਿ ਬਨਾਰਸ ਬੈਠੇ ਮਹਾਂ ਪੁਰਖ ਅਤੇ ਪੰਜਾਬ ਵਿਚ ਰਹਿੰਦੇ ਸਤਿਗੁਰੂ ਜੀ ਦੀ ਬਾਣੀ ਦੀਆਂ ਤੁਕਾਂ ਭੀ ਇਉਂ ਹੂ-ਬ-ਹੂ ਰਲ ਜਾਂਦੀਆਂ। ਇਸ ਸਾਂਝ ਦਾ ਕਾਰਨ ਸਿਰਫ਼ ਇਹੀ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਪਾਸ ਸੀ, ਸਤਿਗੁਰੂ ਜੀ ਉਸ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਭੀ ਸਨ, ਇਸ ਤਰ੍ਹਾਂ ਸਹਜ-ਸੁਭਾਇ ਦੋਹਾਂ ਮਹਾਂਪੁਰਖਾਂ ਦੀ ਬਾਣੀ ਵਿਚ ਲਫ਼ਜ਼ ਸਾਂਝੇ ਹੋ ਗਏ।

ਭਗਤ ਜੈਦੇਵ ਜੀ ਅਤੇ ਸਤਿਗੁਰੂ ਨਾਨਕ ਸਾਹਿਬ

ਮੈਕਾਲਿਫ਼ ਅਨੁਸਾਰ

ਬੰਗਾਲ ਦੇ ਜ਼ਿਲਾ ਬੀਰਭੂਮ ਵਿਚ ਇਕ ਨਗਰ 'ਸੂਰੀ' ਨਾਮ ਦਾ ਹੈ, ਇਹ ਰੇਲਵੇ ਸਟੇਸ਼ਨ ਭੀ ਹੈ, ਇਸ ਤੋਂ ਤਕਰੀਬਨ ਵੀਹ ਮੀਲ ਦੀ ਵਿੱਥ ਤੇ ਇਕ ਪਿੰਡ ਕੇਂਦੂਲੀ ਨਾਮ ਦਾ ਹੈ। ਮੈਕਾਲਿਫ਼ ਲਿਖਦਾ ਹੈ ਕਿ ਜੈਦੇਵ ਜੀ ਇਸ ਪਿੰਡ ਵਿਚ ਜਨਮੇ ਸਨ। ਜਾਤਿ ਦੇ ਬ੍ਰਾਹਮਣ ਸਨ। ਇਹਨਾਂ ਦਾ ਪਿਤਾ ਭੋਇਦੇਵ ਪਹਿਲਾਂ ਕਨੌਜ ਦਾ ਰਹਿਣ ਵਾਲਾ ਸੀ।

ਜੈਦੇਵ ਜੀ ਦੇ ਜੀਵਨ ਬਾਰੇ ਕਿਸੇ ਇਤਿਹਾਸ ਵਿਚੋਂ ਕੋਈ ਖ਼ਾਸ ਵਾਕਫ਼ੀ ਨਹੀਂ ਮਿਲ ਸਕੀ। ਇਤਨਾ ਪਤਾ ਚੱਲਦਾ ਹੈ ਕਿ ਇਹ ਸੰਸਕ੍ਰਿਤ ਦੇ ਬਹੁਤ ਉੱਘੇ ਵਿਦਵਾਨ ਸਨ; ਬੰਗਾਲ ਦੇ ਰਾਜਾ ਲਛਮਨ ਸੇਨ ਦੇ ਦਰਬਾਰ ਵਿਚ ਪੰਜ ਆਦਮੀਆਂ ਨੂੰ ਆਪਣੀ ਵਿਦਵਤਾ ਦੇ ਕਾਰਨ ਖ਼ਾਸ ਆਦਰ-ਮਾਨ ਮਿਲਿਆ ਹੋਇਆ ਸੀ, ਰਾਜੇ ਦੇ 'ਪੰਜ ਰਤਨ' ਮੰਨੇ ਜਾਂਦੇ ਸਨ, ਉਹਨਾਂ ਵਿਚੋਂ ਇਕ ਜੈਦੇਵ ਸੀ। ਇਹ ਰਾਜਾ ਲਛਮਨ ਸੇਨ ਈਸਵੀ ਸੰਨ 1170 ਵਿਚ ਬੰਗਾਲ ਵਿਚ ਰਾਜ ਕਰਦਾ ਸੀ।

'ਭਗਤ ਮਾਲ' ਅਨੁਸਾਰ

ਪੁਸਤਕ 'ਭਗਤ ਮਾਲ' ਦਾ ਕਰਤਾ ਲਿਖਦਾ ਹੈ ਕਿ ਜੈਦੇਵ ਪਹਿਲਾਂ ਤਿਆਗੀ ਹੋ ਕੇ ਦੇਸਾਂ ਦਾ ਰਟਨ ਕਰਦਾ ਰਿਹਾ, ਤਿਆਗੀ ਇਤਨਾ ਸੀ ਕਿ ਇੱਕ ਰੁੱਖ ਹੇਠ ਕਦੇ ਦੋ ਰਾਤਾਂ ਨਹੀਂ ਸੀ ਗੁਜ਼ਾਰਦਾ, ਜੂ ਮਤਾਂ ਕਿਤੇ ਮੋਹ ਨਾਹ ਬਣ ਜਾਏ। ਪਰ ਕੁਝ ਸਮਾਂ ਪਾ ਕੇ ਜਗਨ ਨਾਥ ਦੇ ਇਕ ਬ੍ਰਾਹਮਣ ਨੇ ਆਪਣੀ ਲੜਕੀ ਪਦਮਾਵਤੀ ਨਾਲ ਸ਼ਾਦੀ ਕਰਨ ਲਈ ਜੈਦੇਵ ਨੂੰ ਮਜਬੂਰ ਕੀਤਾ।

ਪੁਸਤਕ 'ਗੀਤ ਗੋਵਿੰਦ':

ਸ਼ਾਦੀ ਕਰਨ ਤੋਂ ਪਹਿਲਾਂ ਜੈਦੇਵ ਨੇ ਸੰਸਕ੍ਰਿਤ ਕਵਿਤਾ ਵਿਚ ਇਕ ਕਿਤਾਬ ਲਿਖੀ ਜਿਸ ਦਾ ਨਾਮ 'ਗੀਤ ਗੋਵਿੰਦ' ਹੈ। ਪ੍ਰੇਮ-ਮਾਰਗ ਵਿਚ ਇਹ ਇਤਨੀ ਦਿਲ-ਖਿਚਵੀਂ ਪੁਸਤਕ ਹੈ ਕਿ ਇਸ ਨੇ ਜੈਦੇਵ ਨੂੰ ਬੜਾ ਨਾਮਣਾ ਖੱਟ ਦਿੱਤਾ। ਕਰਨਾਟਕ ਅਤੇ ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਜੈਦੇਵ ਦੇ ਇਹਨਾਂ ਪ੍ਰੀਤ ਦੇ ਗੀਤਾਂ ਨੂੰ ਲੋਕ ਬੜੇ ਪਿਆਰ ਨਾਲ ਜ਼ਬਾਨੀ ਯਾਦ ਕਰਦੇ ਅਤੇ ਗਾਉਂਦੇ ਹਨ। ਅੰਗਰੇਜ਼ੀ ਜ਼ਬਾਨ ਵਿਚ ਇਸ ਦਾ ਉਲਥਾ ਹੋ ਚੁਕਾ ਹੈ, ਕਵਿਤਾ ਅਤੇ ਵਾਰਤਕ ਦੋਹਾਂ ਵਿਚ ਹੀ। ਇਹ ਪੁਸਤਕ ਇਤਨੀ ਪਿਆਰ ਤੇ ਸਤਕਾਰ ਨਾਲ ਪੜ੍ਹੀ ਗਈ ਹੈ ਕਿ ਕਈ ਕਰਾਮਾਤੀ ਕਹਾਣੀਆਂ ਇਸ ਨਾਲ ਹੁਣ ਤਕ ਜੁੜ ਚੁਕੀਆਂ ਹਨ। ਵੇਖਣ ਨੂੰ ਤਾਂ ਇਹ ਕਿਤਾਬ ਰਾਧਕਾਂ ਤੇ ਕ੍ਰਿਸ਼ਨ ਜੀ ਦੀ ਪ੍ਰੇਮ-ਕਹਾਣੀ ਹੈ, ਪਰ ਜੈਦੇਵ ਜੀ ਨੇ ਅਸਲ ਵਿਚ ਜੀਵ-ਇਸਤ੍ਰੀ ਤੇ ਪ੍ਰਭੂ-ਪਤੀ ਦੇ ਪ੍ਰੇਮ ਨੂੰ ਇਸ ਕਹਾਣੀ ਦੀ ਸ਼ਕਲ ਵਿਚ ਬਿਆਨ ਕੀਤਾ ਹੈ। ਰਾਧਕਾਂ 'ਸ੍ਵੱਛ-ਬੁੱਧੀ' ਹੈ, ਗੋਪੀਆਂ ਗਿਆਨ-ਇੰਦ੍ਰੀਆਂ ਹਨ ਤੇ ਕ੍ਰਿਸ਼ਨ ਜੀਵਾਤਮਾ ਹੈ।

ਦੇਸ-ਰਟਨ:

ਇਹ ਪੁਸਤਕ ਮੁਕੰਮਲ ਕਰ ਕੇ ਜੈਦੇਵ ਜੀ ਬਿੰਦ੍ਰਾਬਨ ਤੇ ਜੈਪੁਰ ਵਲ ਗਏ। ਜੈਪੁਰ ਦੇ ਰਾਜ-ਦਰਬਾਰ ਵਿਚ ਇਹਨਾਂ ਨੂੰ ਬੜਾ ਆਦਰ ਮਿਲਿਆ। ਕੁਝ ਚਿਰ ਉਥੇ ਠਹਿਰ ਕੇ ਮੁੜ ਆਪਣੇ ਪਿੰਡ ਕੇਂਦੂਲੀ ਆ ਗਏ। ਜੈਦੇਵ ਜੀ ਦੇ ਜਨਮ-ਦਿਨ ਤੇ ਹਰ ਸਾਲ ਇਥੇ ਮੇਲਾ ਲਗਦਾ ਹੈ, ਹਜ਼ਾਰਾਂ ਵੈਸ਼ਨਵ ਸਾਧੂ ਇਕੱਠੇ ਹੁੰਦੇ ਹਨ।

ਦੋ ਸ਼ਬਦ:

ਜੇਦੇਵ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹਨਾਂ ਦੀ ਬੋਲੀ ਸੰਸਕ੍ਰਿਤ ਤਾਂ ਨਹੀਂ ਹੈ, ਪਰ ਸੰਸਕ੍ਰਿਤ ਦੇ ਲਫ਼ਜ਼ ਬਥੇਰੇ ਮਿਲਦੇ ਹਨ; ਕੁਝ ਅਜੇਹੀ ਬੋਲੀ ਵਰਤਣ ਦਾ ਜਤਨ ਜਾਪਦਾ ਹੈ ਜੋ ਤਕਰੀਬਨ ਸਾਰੇ ਭਾਰਤ ਵਿਚ ਸਮਝੀ ਜਾ ਸਕੇ।

ਇਕ ਸ਼ਬਦ ਗੂਜਰੀ ਰਾਗ ਵਿਚ ਹੈ ਤੇ ਦੂਜਾ ਮਾਰੂ ਵਿਚ। ਜੈਦੇਵ ਜੀ ਇਹਨਾਂ ਸ਼ਬਦਾਂ ਵਿਚ ਹਿੰਦੂ ਕਰਮ ਕਾਂਡ ਤੇ ਜੋਗ-ਅੱਭਿਆਸ ਨੂੰ ਨਿਸਫਲ ਉੱਦਮ ਦੱਸਦੇ ਹੋਏ ਪਰਮਾਤਮਾ ਦੇ ਸਿਮਰਨ ਨੂੰ ਵਡਿਆਉਂਦੇ ਹਨ।

ਸੁਆਦਲੀ ਸਾਂਝ:

ਜੈ ਦੇਵ ਜੀ ਦੇ ਇਹਨਾਂ ਸ਼ਬਦਾਂ ਵਿਚੋਂ ਇਕ ਅਜੀਬ ਸੁਆਦਲੀ ਇਤਿਹਾਸਕ ਗਵਾਹੀ ਮਿਲਦੀ ਹੈ। ਸਿੱਖ ਇਤਿਹਾਸ ਵਿਚ ਤਾਂ ਇਹ ਖ਼ਿਆਲ ਦਿੱਤਾ ਹੋਇਆ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਹੈ; ਪਰ ਗੂਜਰੀ ਰਾਗ ਅਤੇ ਮਾਰੂ ਰਾਗ ਵਿਚ ਸਤਿਗੁਰੂ ਨਾਨਕ ਦੇਵ ਜੀ ਦੇ ਭੀ ਦੋ ਸ਼ਬਦ ਹਨ ਇਹਨਾਂ ਨੂੰ ਜੈ ਦੇਵ ਜੀ ਦੇ ਸ਼ਬਦਾਂ ਦੇ ਸਾਹਮਣੇ ਰੱਖ ਕੇ ਪੜ੍ਹੋ, ਐਸੀ ਸੋਹਣੀ ਸੁਆਦਲੀ ਸਾਂਝ ਮਿਲਦੀ ਹੈ ਜਿਸ ਤੋਂ ਇਹੀ ਨਤੀਜਾ ਨਿਕਲ ਸਕਦਾ ਹੈ ਕਿ ਜੈ ਦੇਵ ਜੀ ਦੇ ਇਹ ਦੋਵੇਂ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਹੀ ਪਹਿਲੀ 'ਉਦਾਸੀ' ਸਮੇ ਜੈ ਦੇਵ ਦੀ ਜਨਮ-ਭੂਮੀ ਤੋਂ ਲਿਆਂਦੇ ਸਨ। ਉਹ ਚਾਰੇ ਹੀ ਸ਼ਬਦ ਹੇਠ ਦਿੱਤੇ ਜਾਂਦੇ ਹਨ, ਤਾਂ ਕਿ ਪਾਠਕ ਸੱਜਣ ਆਪ ਪੜ੍ਹ ਵਿਚਾਰ ਕੇ ਫ਼ੈਸਲਾ ਕਰ ਸਕਣ।

ਰਾਗ ਗੂਜਰੀ ਦੇ ਸ਼ਬਦ:

ਗੂਜਰੀ ਜੈ ਦੇਵ ਜੀ, ਘਰੁ 4।

ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦ ਭੁਤੰ ਪਰ ਕ੍ਰਿਤਿ ਪਰੰ, ਜਦਿ ਚਿੰਤਿ ਸਰਬ ਗਤੰ ॥1॥ ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ, ਜਨਮ ਜਰਾਧਿ ਮਰਣ ਭਇਅੰ ॥1॥ਰਹਾਉ॥ ਇਛਸਿ ਜਮਾਦਿ ਪਰਾਭਯੰ, ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਸਮਬ੍ਹਿਅੰ, ਪਰਮੰ ਪ੍ਰਸੰਨਮਿਦੰ ॥2॥ ਲੋਭਾਇ ਦ੍ਰਿਸਟਿ ਪਰ ਗ੍ਰਿਹੰ, ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥3॥ ਹਰਿ ਭਗਤ ਨਿਜ ਨਿਹਕੇਵਲਾ, ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥4॥ ਗੋਬਿੰਦ ਗੋਬਿੰਦੇਤਿ ਜਪਿ, ਨਰ ਸਕਲ ਸਿਧਿ ਪਦੰ ॥ ਜੈ ਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥5॥1॥

ਗੂਜਰੀ ਮਹਲਾ 1 ਘਰੁ 4 ॥

ਭਗਤਿ ਪ੍ਰੇਮ ਆਰਾਧਿਤੰ, ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸੁਖ ਭਾਇ ਚਿਤ ਹਿਤੰ ॥1॥ ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥1॥ਰਹਾਉ॥ ਏ ਮਨ ਮਿਰਤ ਸੁਭ ਚਿੰਤੰ, ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥2॥ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥ ਥਿਰੁ ਨਾਮੁ ਭਗਤ ਦ੍ਰਿੜੰ ਮਤੀ, ਗੁਰ ਵਾਕ ਸਬਦ ਰਤੰ ॥4॥ ਭਰਮਾਤਿ ਭਗਮੁ ਨਾ ਚੂਕਈ, ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਰਕੇਵਲੰ, ਸਤਿ ਮਤੀ ਨਾਮ ਤਪੰ ॥4॥ ਇਹੁ ਜਗੁ ਮੋਹ ਹੇਤ ਬਿਆਪਤਿੰ, ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ, ਹਰਿ ਨਾਮੁ ਰਿਦ ਰਮਣੰ ॥5॥...

ਭੈ ਭਾਇ ਭਗਤਿ ਤਰੁ ਭਵਜਲੁ ਮਨਾ, ਚਿਤੁ ਲਾਇ ਹਰਿ ਚਰਣੀ ॥...7॥

ਲਬ ਲੋਭ ਲਹਰਿ ਨਿਵਾਰਣੰ, ਹਰਿ ਨਾਮ ਰਾਸਿ ਮਨੰ ॥ ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥8॥1॥5॥

ਕਈ ਗੱਲਾਂ ਮਿਲਦੀਆਂ:

ਕਈ ਗੱਲਾਂ ਵਿਚ ਇਹ ਦੋਵੇਂ ਸ਼ਬਦ ਆਪੋ ਵਿਚ ਮਿਲਦੇ ਹਨ:

(1) ਦੋਵੇਂ ਸ਼ਬਦ 'ਘਰੁ 4' ਵਿਚ ਹਨ;

(2) ਸੁਰ ਨਾਲ ਦੋਹਾਂ ਨੂੰ ਪੜ੍ਹ ਕੇ ਵੇਖੋ, ਛੰਦ ਦੀ ਚਾਲ ਇੱਕੋ ਜਿਹੀ ਹੈ;

(3) ਦੋਹਾਂ ਦੀ ਬੋਲੀ ਤਕਰੀਬਨ ਇਕੋ ਜਿਹੀ ਹੈ;

(4) ਕਈ ਲਫ਼ਜ਼ ਦੋਹਾਂ ਵਿਚ ਸਾਂਝੇ ਹਨ;

(5) ਦੋਹਾਂ ਦਾ ਮਜ਼ਮੂਨ ਇੱਕੋ ਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਲਈ ਪ੍ਰੇਰਨਾ ਕੀਤੀ ਗਈ ਹੈ।

ਦੋਹਾਂ ਸ਼ਬਦਾਂ ਦੀ ਇਸ ਡੂੰਘੀ ਸਾਂਝ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ 'ਉਦਾਸੀ' ਸਮੇ (1507 ਤੋਂ 1515) ਸਾਰੇ ਹਿੰਦੂ ਤੀਰਥਾਂ ਤੇ ਗਏ ਤਾਂ ਬੰਗਾਲ ਵਿਚ ਭਗਤ ਜੈ ਦੇਵ ਜੀ ਦੇ ਜਨਮ-ਨਗਰ ਭੀ ਪਹੁੰਚੇ, ਉਥੋਂ ਭਗਤ ਜੀ ਦਾ ਇਹ ਸ਼ਬਦ ਮਿਲਿਆ। ਇਸ ਨੂੰ ਆਪਣੇ ਆਸ਼ੇ-ਅਨੁਸਾਰ ਵੇਖ ਕੇ ਇਸ ਦਾ ਉਤਾਰਾ ਆਪਣੇ ਪਾਸ ਰੱਖ ਲਿਆ, ਤੇ ਇਸੇ ਹੀ ਰੰਗ-ਢੰਗ ਦਾ ਸ਼ਬਦ ਆਪਣੇ ਵਲੋਂ ਉਚਾਰ ਕੇ ਇਸ ਸ਼ਬਦ ਨਾਲ ਪੱਕੀ ਡੂੰਘੀ ਸਾਂਝ ਪਾ ਲਈ।

ਮਾਰੂ ਰਾਗ ਦੇ ਸ਼ਬਦ:

ਮਾਰੂ ਜੈ ਦੇਵ ਜੀ:

ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤੁ ਕੀਆ ॥ ਅਬਲ ਬਲੁ ਤੋੜਿਆ, ਅਚਲ ਚਲੁ ਥਪਿਆ, ਅਘੜੁ ਘੜਿਆ ਤਹਾ ਅਪਿਉ ਪੀਆ ॥1॥ ਮਨ ਆਦਿ ਗੁਣ ਆਦਿ ਵਖਾਣਿਆ ॥ ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥1॥ਰਹਾਉ॥ ਅਰਧਿ ਕਉ ਅਰਧਿਆ, ਸਰਧਿ ਕਉ ਸਰਧਿਆ, ਸਲਲ ਕਉ ਸਲਿਲ ਸੰਮਾਨਿ ਆਇਆ ॥ ਬਦਤਿ ਜੈਦੇਉ ਜੈਦੇਵ ਕਉ ਰੰਮਿਆ, ਬ੍ਰਹਮੁ ਨਿਰਬਾਣੁ ਲਿਵਲੀਣੁ ਪਾਇਆ ॥2॥1॥

ਹੇਠ-ਲਿਖਿਆ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਸ ਸ਼ਬਦ ਨਾਲ ਰਲਾ ਕੇ ਪੜ੍ਹੋ, ਉਹ ਭੀ ਮਾਰੂ ਰਾਗ ਵਿਚ ਹੀ ਹੈ:

ਮਾਰੂ ਮਹਲਾ 1:

ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ, ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ ਨਹ ਕੰਧੁ ਛੀਜੈ ॥1॥ ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈਰਾਗੀ ॥1॥ਰਹਾਉ॥ ਅਜਰੁ ਗਹੁ ਜਾਰਿ ਲੈ, ਅਮਰੁ ਗਹੁ ਮਾਰਿ ਲੈ, ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ ਨਹ ਕੰਧੁ ਛੀਜੈ ॥2॥ ਭਣਤਿ ਨਾਨਕੁ ਜਨੋ, ਰਵੈ ਜੇ ਹਰਿ ਮਨੋ, ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ ਨਹ ਕੰਧੁ ਛੀਜੈ ॥3॥9॥

ਦੋਵੇਂ ਸ਼ਬਦ ਮਾਰੂ ਰਾਗ ਵਿਚ ਹਨ; ਦੋਹਾਂ ਦੇ ਛੰਦ ਦੀ ਚਾਲ ਇਕੋ ਜਿਹੀ ਹੈ, ਤੇ ਕਈ ਲਫ਼ਜ਼ ਸਾਂਝੇ ਹਨ। ਜੈਦੇਵ ਜੀ ਦੇ ਸ਼ਬਦ ਵਿਚ ਸਿਫ਼ਤਿ-ਸਾਲਾਹ ਕਰਨ ਦੇ ਲਾਭ ਦੱਸੇ ਹਨ, ਗੁਰੂ ਨਾਨਕ ਦੇਵ ਜੀ ਨੇ ਸਿਫ਼ਤਿ-ਸਾਲਾਹ ਕਰਨ ਦੀ 'ਜੁਗਤਿ' ਭੀ ਦੱਸੀ ਹੈ। ਜੈਦੇਵ ਜੀ ਮਨ ਨੂੰ ਸੰਬੋਧਨ ਕਰ ਕੇ ਆਖਦੇ ਹਨ ਕਿ ਜੇ ਤੂੰ ਸਿਫ਼ਤਿ-ਸਾਲਾਹ ਕਰੇਂ ਤਾਂ ਤੇਰੀ ਚੰਚਲਤਾ ਦੂਰ ਹੋ ਜਾਏਗੀ; ਸਤਿਗੁਰੂ ਜੀ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਸਿਫ਼ਤਿ-ਸਾਲਾਹ ਦੀ ਜੁਗਤਿ ਵਰਤਿਆਂ ਮਨ ਦੀ ਚੰਚਲਤਾ ਮਿਟ ਜਾਂਦੀ ਹੈ।

ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਗਹੁ ਨਾਲ ਰਲਾ ਕੇ ਪੜ੍ਹੀਏ, ਡੂੰਘੀ ਸਾਂਝ ਦਿੱਸਦੀ ਹੈ; ਤੇ ਇਸ ਨਤੀਜੇ ਉਤੇ ਅਪੜਨੋਂ ਰਹਿ ਨਹੀਂ ਸਕੀਦਾ ਕਿ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਭਗਤ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਇਹ ਇਤਨੀ ਡੂੰਘੀ ਸਾਂਝ ਸਬੱਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਵਿਚ ਹਿੰਦੂ ਤੀਰਥਾਂ ਤੇ ਹੁੰਦੇ ਹੋਏ ਬੰਗਾਲ ਵਿਚ ਭੀ ਅੱਪੜੇ ਸਨ, ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ ਸਨ, ਸਤਿਗੁਰੂ ਜੀ ਨੇ ਇਹ ਸ਼ਬਦ ਉਸ ਦੀ ਸੰਤਾਨ ਪਾਸੋਂ ਜਾਂ ਸ਼ਰਧਾਲੂਆਂ ਪਾਸੋਂ ਲਏ ਹੋਣਗੇ।

ਭਗਤ ਰਵਿਦਾਸ ਜੀ ਦਾ ਇਸ਼ਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਵਿਦਾਸ ਜੀ ਦੇ 40 ਸ਼ਬਦ ਹਨ। ਇਹਨਾਂ ਨੂੰ ਰਤਾ ਧਿਆਨ ਨਾਲ ਪੜ੍ਹਿਆ ਇਨਸਾਨੀ ਜੀਵਨ ਬਾਰੇ ਭਗਤ ਜੀ ਦੇ ਖ਼ਿਆਲ ਸਮਝਣ ਵਿਚ ਕੋਈ ਔਖਿਆਈ ਨਹੀਂ ਪੈਂਦੀ, ਬੜਾ ਪ੍ਰਤੱਖ ਦਿੱਸਦਾ ਹੈ ਕਿ ਰਵਿਦਾਸ ਜੀ ਦੇ ਧਾਰਮਿਕ ਖ਼ਿਆਲ ਨਿਰੋਲ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਅਨੁਸਾਰ ਹਨ। ਪਰ ਪੁਸਤਕ 'ਗੁਰ ਭਗਤ-ਮਾਲ' ਅਤੇ 'ਸਿੱਖ ਰਿਲਿਜਨ' ਵਿਚ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਕੁਝ ਐਸੀਆਂ ਗੱਲਾਂ ਮਿਲਦੀਆਂ ਹਨ ਜੋ ਭਗਤ ਜੀ ਦੀ ਆਪਣੀ ਬਾਣੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦੀਆਂ। 'ਗੁਰ ਭਗਤ ਮਾਲ' ਇਕ ਨਿਰਮਲੇ ਸੰਤ ਜੀ ਦੀ ਲਿਖੀ ਹੋਈ ਹੈ, ਅਤੇ ਸੰਪ੍ਰਦਾਈ ਸਿੱਖ ਸੰਗਤਾਂ ਵਿਚ ਆਦਰ-ਮਾਣ ਨਾਲ ਪੜ੍ਹੀ ਜਾਂਦੀ ਹੈ। ਪੁਸਤਕ 'ਸਿੱਖ ਰਿਲਿਜਨ' ਮਿਸਟਰ ਮੈਕਾਲਿਫ਼ ਨੇ ਅੰਗਰੇਜ਼ੀ ਵਿਚ ਲਿਖੀ ਹੈ, ਇਸ ਕਿਤਾਬ ਨੂੰ ਅੰਗਰੇਜ਼ੀ ਪੜ੍ਹੇ-ਲਿਖੇ ਸਿੱਖ ਤਕਰੀਬਨ ਸ਼ਰਧਾ ਨਾਲ ਪੜ੍ਹਦੇ ਹਨ। ਇਸ ਵਾਸਤੇ ਜ਼ਰੂਰੀ ਜਾਪਿਆ ਹੈ ਕਿ ਭਗਤ ਰਵਿਦਾਸ ਜੀ ਬਾਰੇ ਇਹਨਾਂ ਕਿਤਾਬਾਂ ਵਿਚ ਲਿਖੇ ਖ਼ਿਆਲਾਂ ਉੱਤੇ ਉਚੇਚੀ ਵਿਚਾਰ ਕੀਤੀ ਜਾਏ।

ਮੈਕਾਲਿਫ਼ ਅਨੁਸਾਰ:

ਮੈਕਾਲਿਫ਼ ਨੇ ਰਵਿਦਾਸ ਜੀ ਦਾ ਜੀਵਨ-ਇਤਿਹਾਸ ਲਿਖਦਿਆਂ ਜ਼ਿਕਰ ਕੀਤਾ ਹੈ ਕਿ:

(1) ਰਵਿਦਾਸ ਜੀ ਨੇ ਚਮੜੇ ਦੀ ਇਕ ਮੂਰਤੀ ਬਣਾ ਕੇ ਆਪਣੇ ਘਰ ਰੱਖੀ ਹੋਈ ਸੀ। ਇਸ ਮੂਰਤੀ ਦੀ ਇਹ ਪੂਜਾ ਕਰਿਆ ਕਰਦੇ ਸਨ। ਮੈਕਾਲਿਫ਼ ਨੇ ਇਹ ਨਿਰਨਾ ਨਹੀਂ ਕੀਤਾ ਕਿ ਇਹ ਮੂਰਤੀ ਕਿਸ ਅਵਤਾਰ ਆਦਿਕ ਦੀ ਸੀ।

(2) ਉਸ ਮੂਰਤੀ ਦੀ ਪੂਜਾ ਵਿਚ ਮਸਤ ਹੋ ਕੇ ਰਵਿਦਾਸ ਨੇ ਕਿਰਤ-ਕਾਰ ਛੱਡ ਦਿੱਤੀ, ਇਸ ਵਾਸਤੇ ਉਸ ਦੀ ਮਾਲੀ ਹਾਲਤ ਬਹੁਤ ਹੀ ਪਤਲੀ ਪੈ ਗਈ। ਇਸ ਤੰਗੀ ਦੇ ਦਿਨੀਂ ਹੀ ਇਕ ਮਹਾਤਮਾ ਨੇ ਆ ਕੇ ਭਗਤ ਜੀ ਦੀ ਮਾਇਕ ਸਹਾਇਤਾ ਕਰਨ ਲਈ ਇਹਨਾਂ ਨੂੰ ਪਾਰਸ ਦਿੱਤਾ। ਪਹਿਲਾਂ ਤਾਂ ਰਵਿਦਾਸ ਜੀ ਲੈਣ ਤੋਂ ਇਨਕਾਰੀ ਰਹੇ, ਪਰ ਉਸ ਦੇ ਹਠ ਕਰਨ ਤੇ ਉਸੇ ਨੂੰ ਹੀ ਕਹਿ ਦਿੱਤਾ ਕਿ ਵਿਹੜੇ ਦੀ ਇਕ ਗੁੱਠੇ ਨੱਪ ਦਿਉ। 13 ਮਹੀਨੇ ਬੀਤ ਗਏ, ਉਹ ਸਾਧੂ ਮੁੜ ਦੂਜੀ ਵਾਰੀ ਆਇਆ, ਆਪਣਾ ਪਾਰਸ ਅਣ-ਵਰਤਿਆ ਹੀ ਵੇਖ ਕੇ ਲੈ ਗਿਆ।

(3) ਜਿਸ ਟੋਕਰੀ ਵਿਚ ਰਵਿਦਾਸ ਜੀ ਨੇ ਮੂਰਤੀ-ਪੂਜਾ ਦਾ ਸਾਮਾਨ ਰੱਖਿਆ ਹੋਇਆ ਸੀ, ਉਸ ਵਿਚੋਂ ਇਕ ਦਿਨ ਪੰਜ ਮੋਹਰਾਂ ਨਿਕਲ ਪਈਆਂ। ਰਵਿਦਾਸ ਨੇ ਉਹ ਮੋਹਰਾਂ ਉਥੇ ਹੀ ਰਹਿਣ ਦਿੱਤੀਆਂ, ਤੇ, ਅਗਾਂਹ ਨੂੰ ਉਸ ਟੋਕਰੀ ਨੂੰ ਹੱਥ ਲਾਣਾ ਹੀ ਬੰਦ ਕਰ ਦਿੱਤਾ। ਤਾਂ ਪਰਮਾਤਮਾ ਨੇ ਰਵਿਦਾਸ ਨੂੰ ਅਕਾਸ਼-ਬਾਣੀ ਦੀ ਰਾਹੀਂ ਆਖਿਆ ਰਵਿਦਾਸ! ਤੈਨੂੰ ਤਾਂ ਮਾਇਆ ਦੀ ਚਾਹ ਨਹੀਂ, ਪਰ ਹੁਣ ਮੈਂ ਜੋ ਕੁਝ ਭੀ ਤੈਨੂੰ ਭੇਜਾਂ ਉਹ ਮੋੜਨਾ ਨਹੀਂ। ਰਵਿਦਾਸ ਨੇ ਇਹ ਬਚਨ ਮੰਨ ਲਿਆ।

(4) ਇਕ ਸ਼ਰਧਾਲੂ ਧਨੀ ਨੇ ਰਵਿਦਾਸ ਨੂੰ ਬਹੁਤ ਸਾਰਾ ਧਨ ਦਿੱਤਾ, ਜਿਸ ਨਾਲ ਭਗਤ ਨੇ ਇਕ ਸਰਾਂ ਬਣਵਾਈ, ਮੁਸਾਫ਼ਰ-ਖ਼ਾਨਾ ਬਣਵਾਇਆ, ਆਏ-ਗਏ ਸੰਤ ਸਾਧ ਦੀ ਸੇਵਾ ਹੋਣ ਲੱਗ ਪਈ। ਆਪਣੇ ਇਸ਼ਟ-ਦੇਵ ਲਈ ਇਕ ਬੜਾ ਸੁੰਦਰ ਮੰਦਰ ਤਿਆਰ ਕਰਾਇਆ, ਤੇ, ਆਪਣੇ ਰਹਿਣ ਲਈ ਭੀ ਦੁ-ਛੱਤਾ ਮਕਾਨ ਬਣਵਾਇਆ।

(5) ਰਵਿਦਾਸ ਦੀ ਇਸ ਸੌਖੀ ਮਾਇਕ ਹਾਲਤ ਨੂੰ ਵੇਖ ਕੇ ਬ੍ਰਾਹਮਣ ਦੁੱਖੀ ਹੋਏ। ਉਹਨਾਂ ਬਨਾਰਸ ਦੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ ਸ਼ਾਸ਼ਤ੍ਰ ਆਗਿਆ ਨਹੀਂ ਦੇਂਦੇ ਜੁ ਇਕ ਨੀਚ ਜਾਤੀ ਦਾ ਮਨੁੱਖ ਪਰਮਾਤਮਾ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰੇ।

(6) ਰਵਿਦਾਸ ਵੇਦ-ਸ਼ਾਸ਼ਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ।

ਗੁਰ ਭਗਤ ਮਾਲ ਅਨੁਸਾਰ:

ਪੁਸਤਕ 'ਗੁਰ ਭਗਤ ਮਾਲ' ਵਿਚ ਰਵਿਦਾਸ ਜੀ ਦੇ ਜੀਵਨ ਬਾਰੇ 6 ਸਾਖੀਆਂ ਲਿਖੀਆਂ ਹੋਈਆਂ ਹਨ, ਉਹਨਾਂ ਅਨੁਸਾਰ:

(1) 'ਏਕ ਬ੍ਰਹਮਚਾਰੀ ਰਾਮਾਨੰਦ ਜੀ ਕਾ ਸਿੱਖ ਹੂਆ। ਸੋ ਕਾਂਸੀ ਮੇਂ ਭਿਖਿਆ ਮਾਂਗ ਕਰ ਰਸੋਈ ਸਿੱਧ ਕਰ ਕੇ ਰਾਮਾਨੰਦ ਜੀ ਕਉ ਖਵਾਇਆ ਕਰੇ। ਉਸੀ ਸ਼ਿਵਪੁਰੀ ਮੈਂ ਏਕ ਬਾਣੀਆ ਭੀ ਨਿੱਤ ਹੀ ਬ੍ਰਹਮਚਾਰੀ ਕਉ ਕਹੇ ਕਿ ਮੇਰੇ ਸੇ ਸੀਧਾ ਲੇ ਕਰ ਏਕ ਦਿਨ ਰਾਮਾਨੰਦ ਜੀ ਕਉ ਮੇਰਾ ਭੀ ਭੋਗ ਲਗਾਵੋ। ....ਏਕ ਦਿਨ....ਬ੍ਰਹਮਚਾਰੀ ਤਿਸ ਤੇ ਸੀਧਾ ਲਿਆਇਆ, ਰਸੋਈ ਰਾਮਾਨੰਦ ਜੀ ਕੀ ਰਸਨਾ ਗ੍ਰਹਣ ਕਰਵਾਈ। ਜਬ ਰਾਮਾਨੰਦ ਜੀ ਰਾਤ੍ਰ ਕਉ ਭਗਵੰਤ ਕੇ ਚਰਨੋਂ ਮੈਂ ਬ੍ਰਿਤੀ ਇਸਥਿਤ ਕਰੈ, ਕਿਸੀ ਪ੍ਰਕਾਰ ਭੀ ਨਾਹ ਹੋਵੇ। ...ਬ੍ਰਹਮਚਾਰੀ ਕਉ ਬਲਾਇ ਕਰ ਪੂਛਤ ਭਏ ਕਿ, ਤੂੰ ਸੀਧਾ ਕਿਸ ਕੇ ਘਰ ਕਾ ਲਿਆਇਆ ਸੀ। ....ਬ੍ਰਹਮਚਾਰੀ ਵਾਰਤਾ ਪ੍ਰਗਟ ਕਰਤਾ ਭਇਆ। ....ਰਾਮਾਨੰਦ ਜੀ ਕੀ ਆਗਿਆ ਪਾ ਕਰ ਬ੍ਰਹਮਚਾਰੀ ਤਿਸ (ਬਾਣੀਏ) ਕੇ ਪਾਸ ਜਾਇ ਕਰ ਪੂਛਤ ਭਇਆ। ਬਾਣੀਏ ਨੇ ਕਹਾ = ਮੇਰਾ ਸ਼ਾਹ ਤਉ ਚਮਾਰ ਹੈ, ਤਿਸ ਹੀ ਕਾ ਪੈਸਾ ਲੇ ਕਰ ਵਰਤਤਾ ਹੌਂ, ਅਰ ਵੋਹ ਸਦਾ ਹੀ ਦੁਸ਼ਟ ਕਰਮ ਕਰਤਾ ਹੈ।

'ਜਬ ਰਾਮਾਨੰਦ ਜੀ ਨੇ ਐਸਾ ਸੁਣਾ, ਤਬ ਕੋਪ ਹੋਇ ਕਰ (ਬ੍ਰਹਮਚਾਰੀ ਕਉ) ਕਹਾ = ਅਰੇ ਦੁਸ਼ਟ! ਤੁਮ ਨੀਚ ਕੇ ਗ੍ਰਹ ਮੈ ਜਨਮ ਧਾਰਨ ਕਰੋ। '

ਰਾਮਾਨੰਦ ਜੀ ਦੇ ਇਸ ਸ੍ਰਾਪ ਦੇ ਕਾਰਨ ਉਹ ਬ੍ਰਾਹਮਣ ਬ੍ਰ੍ਰਹਮਚਾਰੀ ਇਕ ਚਮਾਰ ਦੇ ਘਰ ਜਨਮਿਆ ਤੇ ਉਸ ਦਾ ਨਾਮ ਰਵਿਦਾਸ ਰੱਖਿਆ ਗਿਆ।

(2) ਕੁਝ ਸੰਤ ਸਾਧ ਹਰਿਦੁਆਰ ਗੰਗਾ ਦੇ ਦਰਸ਼ਨ ਨੂੰ ਚਲੇ। ਇਕ ਬ੍ਰਾਹਮਣ ਰਵਿਦਾਸ ਤੋਂ ਜੁੱਤੀ ਗੰਢਾ ਕੇ ਇਕ ਦਮੜੀ ਦੇ ਕੇ ਉਹਨਾਂ ਸੰਤਾਂ ਦੇ ਨਾਲ ਗੰਗਾ ਦੇ ਦਰਸ਼ਨ ਨੂੰ ਚਲਿਆ ਸੀ। ਰਵਿਦਾਸ ਨੇ ਉਹੋ ਦਮੜੀ ਉਸ ਬ੍ਰਾਹਮਣ ਨੂੰ ਦੇ ਕੇ ਆਖਿਆ ਕਿ ਗੰਗਾ ਮਾਈ ਨੂੰ ਮੇਰੇ ਵਲੋਂ ਭੇਟ ਦੇ ਦੇਣੀ, ਪਰ ਆਖਣਾ ਹੱਥ ਕੱਢ ਕੇ ਦਮੜੀ ਫੜੇ। ਉਹੀ ਗੱਲ ਹੋਈ।

(3) ਪਰਮਾਤਮਾ ਇਕ ਸਾਧ ਦਾ ਵੇਸ ਧਾਰ ਕੇ ਰਵਿਦਾਸ ਦੇ ਘਰ ਆਇਆ। ਭਗਤ ਨੇ ਬੜੀ ਸੇਵਾ ਕੀਤੀ। ਸਾਧ-ਰੂਪ ਪ੍ਰਭੂ ਨੇ ਤੁਰਨ ਵੇਲੇ ਇਕ ਪਾਰਸ ਰਵਿਦਾਸ ਨੂੰ ਦੇ ਦਿੱਤਾ ਤੇ ਆਖਿਆ ਕਿ ਅਸੀਂ ਤੀਰਥਾਂ ਤੋਂ ਇਕ ਸਾਲ ਪਿੱਛੋਂ ਆ ਕੇ ਲੈ ਲਵਾਂਗੇ। ਭਗਤ ਦੀ ਰੰਬੀ ਨੂੰ ਪਾਰਸ ਛੁਹਾ ਕੇ ਭੀ ਸੋਨਾ ਕਰ ਵਿਖਾਇਆ। ਰਵਿਦਾਸ ਨੂੰ ਫਿਰ ਭੀ ਉਸ ਪਾਰਸ ਦਾ ਲਾਲਚ ਨਾਹ ਫੁਰਿਆ। ਸਾਧੂ ਦੇ ਹਠ ਕਰਨ ਤੇ ਆਪਣੇ ਘਰ ਦੀ ਇਕ ਗੁੱਠੇ ਰਖਾ ਲਿਆ, ਪਰ ਵਰਤਿਆ ਨਾਹ। ਸਾਲ ਪਿਛੋਂ ਉਹ ਸਾਧੂ ਆਇਆ ਤੇ ਜਿਥੇ ਰਖ ਗਿਆ ਸੀ, ਉਥੋਂ ਅਣ-ਵਰਤਿਆ ਪਾਰਸ ਮੋੜ ਕੇ ਲੈ ਗਿਆ।

(4) 'ਜਿਸ ਜਗਾ ਠਾਕਰ ਜੀ ਕੀ ਪੂਜਾ ਭਗਤ ਜੀ ਕਰਤੇ ਸੇ, ਤਹਾਂ ਠਾਕਰ ਜੀ ਕੇ ਆਸਨ ਨੇ ਨੀਚੇ ਪਾਂਚ ਅਸ਼ਰਫੀ ਗੁਪਤ ਹੀ ਵਾਸਦੇਵ ਜੀ ਧਰ ਗਏ। .......ਜਬ...ਪਾਂਚ ਅਸ਼ਰਫੀ ਪੜੀ ਹੂਈ ਦੇਖੀ ਤਬ ਮਨ ਮੈਂ ਵੀਚਾਰ ਕੀਆ ਕਿ ਅਬ ਠਾਕੁਰ ਜੀ ਕੀ ਸੇਵਾ ਭੀ ਤਜੋ...ਇਹ ਭੀ ਮਨ ਕਉ ਲਾਲਚ ਦੇ ਕਰ ਭਗਤੀ ਮੈਂ ਵਿਵਧਾਨ ਡਾਲਤੀ ਹੈ। '

ਰਾਤ ਨੂੰ ਸੁਪਨੇ ਵਿਚ 'ਪ੍ਰਭੂ ਜਗਤ ਬੰਦਨ ਨੇ ਭਗਤ ਜੀ ਕਉ ਕਹਿਆ = ਜਬ ਮੈਂ ਪਾਰਸ ਲੇ ਕਰ ਆਇਆ ਤਬ ਤੈ ਨੇ ਪਾਰਸ ਭੀ ਨ ਲੀਆ। ਅਬ ਮੈਂ ਪਾਂਚ ਅਸ਼ਰਫ਼ੀ ਰਾਖੀ, ਤਬ ਤੈ ਨੇ ਧਨ ਕੇ ਦੁਖ ਕਰ ਮੇਰੀ ਸੇਵਾ ਕਾ ਹੀ ਤਿਆਗ ਕਰ ਦੀਆ....(ਤੂ) ਮੁਝ ਕਉ ਲਜਾ ਲਵਾਵਤਾ ਹੈ.......ਤਾਂ ਤੇ ਤੁਮ ਧਨ ਕੋਉ ਗ੍ਰਹਣ ਕਰੋ। ......ਸੋ ਤਿਸੀ ਦਿਨ ਤੇ ਲੇ ਕਰ ਪਾਂਚ ਅਸ਼ਰਫ਼ੀ ਰੋਜ਼ ਹੀ ਹਰੀ ਭਗਵਾਨ ਠਾਕਰੋਂ ਕੇ ਆਸਣ ਕੇ ਨੀਚੇ ਧਰ ਜਾਵੈਂ, ਤਦ ਹੀ ਤੇ ਰਵਿਦਾਸ ਜੀ ਲਾਗੇ ਭੰਡਾਰੇ ਕਰਨੇ। '

(5) ਰਵਿਦਾਸ ਜੀ ਦੀ ਚੜ੍ਹਦੀ ਕਲਾ ਵੇਖ ਕੇ ਕਾਂਸ਼ੀ ਦੇ ਬ੍ਰਾਹਮਣਾਂ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ 'ਜਾਤੀ ਕਾ ਨੀਚ...ਚਮਾਰ...ਨਿਸਦਿਨ ਹੀ ਠਾਕੁਰ ਕੀ ਪੂਜਾ ਕੀਆ ਕਰਤਾ ਹੈ। ਇਹ ਪੂਜਾ ਤਿਸ ਕਾ ਅਧਿਕਾਰ ਨਹੀਂ। ਠਾਕੁਰ ਦੀ ਪੂਜਾ ਹਮਾਰਾ ਅਧਿਕਾਰ ਹੈ।

ਰਾਜੇ ਨੇ ਕ੍ਰੋਧ ਵਿਚ ਆ ਕੇ ਰਵਿਦਾਸ ਨੂੰ ਸੱਦ ਭੇਜਿਆ, ਉਸ ਨੂੰ ਪੁੱਛਿਆ = 'ਇਹ ਸਾਲਗ੍ਰਾਮ ਕੇ ਪੂਜਾ ਕੀ ਦੀਖਿਆ ਤੁਝ ਕਉ ਕਿਸ ਨੇ ਦਈ? ਰਵਿਦਾਸ ਨੇ ਉੱਤਰ ਦਿੱਤਾ ਕਿ 'ਊਚ ਨੀਚ ਸਰਬ ਮੇ ਏਕ ਹਰੀ ਭਗਵਾਨ ਹੀ ਵਿਆਪਕ ਹੈ। ਤਾਂ ਤੇ ਸਰਬ ਜਨ ਪੂਜਾ ਕੇ ਅਧਿਕਾਰੀ ਹੈਂ। '

ਕੋਲੋਂ ਮੰਤ੍ਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਇਹਨਾਂ ਸਰਿਆਂ ਨੂੰ ਆਖੋ ਕਿ ਆਪਣੇ ਠਾਕੁਰਾਂ ਨੂੰ ਇਥੇ ਲਿਆ ਕੇ ਨਦੀ ਵਿਚ ਸੁੱਟਣ ਤੇ ਫਿਰ ਬੁਲਾਉਣ, ਜਿਨ੍ਹਾਂ ਦੇ ਠਾਕੁਰ ਨਾਹ ਤਰਨ ਉਹ ਜਾਣੋ ਪੱਥਰ ਹੀ ਹਨ, ਦੇਵ ਨਹੀਂ ਹਨ। ਇਹ ਪਰਖ ਹੋਣ ਤੇ 'ਰਵਿਦਾਸ ਜੀ ਦੇ ਠਾਕੁਰ ਜਲ ਕੇ ਊਪਰ ਐਸੇ ਤਰੈਂ ਜੈਸੇ ਮੁਰਗਾਈ...। ਦੋ ਘੜੀ ਪ੍ਰਯੰਤ ਠਾਕੁਰ ਜੀ ਜਲ ਕੇ ਊਪਰ ਕ੍ਰੀੜਾ ਕਰਤੇ ਰਹੇ'। ਜਦੋਂ ਰਵਿਦਾਸ ਜੀ ਨੇ ਸੱਦਿਆ ਕਿ ਆਓ ਘਰ ਚੱਲੀਏ, ਤਾਂ 'ਐਸੇ ਸੁਣਤੇ ਹੀ ਠਾਕੁਰ ਜੀ ਦਉਰ ਕਰ ਨਦੀ ਕੇ ਕਨਾਰੇ ਆਇ ਲਾਗੇ। ਤਬ ਭਗਤ ਜੀ ਨੇ ਤੁਲਸੀਦਲ ਧੂਪ ਦੀਪਾਦਿ ਲੇ ਕਰ ਠਾਕੁਰ ਜੀ ਕਾ ਪੂਜਨ ਕਰਾ'।

(6) ਰਵਿਦਾਸ ਜੀ ਦੀ ਇਹ ਸੋਭਾ ਸੁਣ ਕੇ ਚਿਤੌਰ ਦੀ ਰਾਣੀ ਝਾਲੀ ਭਗਤ ਜੀ ਦੀ ਸ਼ਰਧਾਲੂ ਬਣੀ। ਚਿਤੌਰ ਦੇ ਰਾਜੇ ਨੇ ਇਹਨਾਂ ਨੂੰ ਆਪਣੇ ਸ਼ਹਿਰ ਸਦਵਾਇਆ। ਉਥੋਂ ਦੇ ਬ੍ਰਾਹਮਣਾਂ ਦੀ ਚੁੱਕ ਤੇ ਉਥੇ ਭੀ ਪਰਖ ਕੀਤੀ ਗਈ। ਰਾਜੇ ਨੇ ਆਖਿਆ ਕਿ ਅਸਾਂ ਇਕ ਆਸਣ ਤਿਆਰ ਕਰਾਇਆ ਹੈ 'ਜੈਸੇ ਨਦੀ ਤੇ ਨਿਕਸ ਕਰ ਪ੍ਰਭੂ ਤੁਮਾਰੇ ਹਾਥ ਪਰ ਆਦਿ ਇਸਥਿਤ ਭਏ ਹੈਂ, ਤੈਸੇ ਯਹਾਂ ਸਿੰਘਾਸਨ ਪਰ ਮੰਦਰ ਤੇ ਨਿਕਸ ਕਰ ਠਾਕੁਰ ਜੂ ਆਇ ਬਿਰਾਜਮਾਨ ਹੋਵੈਂ'। ਬ੍ਰਾਹਮਣਾਂ ਨੂੰ ਭੀ ਇਹੀ ਗੱਲ ਆਖੀ ਗਈ। ਬ੍ਰਾਹਮਣਾਂ ਦੇ ਆਖੇ ਤਾਂ ਠਾਕੁਰ ਨਾਹ ਆਏ, ਪਰ ਜਦੋਂ ਰਵਿਦਾਸ ਉੱਚੀ ਸੁਰ ਵਿਚ ਪ੍ਰੇਮ ਨਾਲ ਸ਼ਬਦ ਅਲਾਪਿਆ, ਤਾਂ ਠਾਕੁਰ ਜੀ ਰਾਜੇ ਦੇ ਮਹਲਾਂ ਵਿਚੋਂ ਦੌੜ ਕੇ ਭਗਤ ਜੀ ਦੀ ਗੋਦ ਵਿਚ ਆ ਬੈਠੇ।

ਇਸੇ ਤਰ੍ਹਾਂ ਰਵਿਦਾਸ ਦੀ ਇਕ ਹੋਰ ਪਰਖ ਭੀ ਕੀਤੀ ਗਈ, ਤਾਂ ਉਹਨਾਂ ਵਿਪ੍ਰਾਂ ਨੇ ਪ੍ਰਾਰਥਨਾ ਕੀਤੀ ਕਿ 'ਹੇ ਭਗਵਾਨ, ਆਪ ਨੇ ਯਗਿਓਪਵੀਤ ਕਿਉਂ ਨਹੀਂ ਧਾਰਨ ਕਰਾ ਹੂਆ। ' ਰਵਿਦਾਸ ਜੀ ਆਪਣੇ ਨਹੁਆਂ ਨਾਲ ਆਪਣੇ ਪਿੰਡੇ ਦਾ ਮਾਸ ਉਚੇੜ ਕੇ 'ਭੀਤਰ ਤੇ ਸੁਅਰਨ ਕਾ ਯਗਿਓਪਵੀਤ ਪਰਾ ਹੂਆ ਤਿਨ ਕਉਂ ਦਿਖਾਵਤੇ ਭਏ। '

ਨੋਟ: ਪਹਿਲੀ ਸਾਖੀ ਵਿਚ ਇਹ ਭੀ ਜ਼ਿਕਰ ਹੈ ਜਦੋਂ ਬ੍ਰਹਮਚਾਰੀ ਚਮਾਰ ਦੇ ਘਰ ਜਾ ਜਨਮਿਆ, ਉਸ ਬਾਲਕ ਨੂੰ ਆਪਣੇ ਪਹਿਲੇ ਜਨਮ ਦੀ ਸੁਰਤਿ ਸੀ, ਅਫਸੋਸ ਵਿਚ ਉਹ ਮਾਂ ਦੇ ਥਣਾਂ ਦਾ ਦੁੱਧ ਨਹੀਂ ਸੀ ਪੀਂਦਾ। ਰਾਮਾਨੰਦ ਜੀ ਨੂੰ ਸੁਪਨੇ ਵਿਚ ਪਰਮਾਤਮਾ ਨੇ ਪ੍ਰੇਰਨਾ ਕੀਤੀ। ਐਸੇ ਸੁਣ ਕਰ ਰਾਮਾਨੰਦ ਜੀ ਆਪਣਾ ਚਰਨ ਧੋਇ ਕਰ ਤਿਸ ਕੇ ਮੁਖ ਵਿਖੇ ਪਾਵਤ ਭਏ। ਬਹੁੜੋ ਤਾਰਕ ਮੰਤ੍ਰ ਦੇ ਕਰ ਤਿਸ ਕੇ ਕਾਨ ਮੈ ਆਪਣਾ ਸਿੱਖ ਕਰਤੋ ਭਏ। ਔਰ ਐਸੋ ਵਚਨ ਕੀਆ = 'ਹੇ ਪੁਤ੍ਰ! ਦੂਧ ਕਉ ਪਾਨ ਕਰੋ, ਅਬ ਸਰਬ ਪਾਪ ਤੇਰੇ ਭਾਗ ਗਏ ਹੈਂ। ਅਬ ਤੂੰ ਨਿਰਮਲ ਹੂਆ ਹੈਂ, ਔਰ ਆਜ ਤੇਰਾ ਨਾਮ ਸੰਸਾਰ ਮੈ ਰਵਿਦਾਸ ਕਰਕੇ ਪ੍ਰਸਿੱਧ ਹੂਆ'।

ਇਹਨਾਂ ਦੋਹਾਂ ਲਿਖਾਰੀਆਂ ਦੀਆਂ ਕਹਾਣੀਆਂ ਅਨੁਸਾਰ:

(1) ਰਵਿਦਾਸ ਆਪਣੇ ਪਹਿਲੇ ਜਨਮ ਵਿਚ ਇਕ ਬ੍ਰਹਮਚਾਰੀ ਬ੍ਰਾਹਮਣ ਸੀ; ਭਗਤ ਰਾਮਾਨੰਦ ਜੀ (ਬ੍ਰਾਹਮਣ) ਦੇ ਸ੍ਰਾਪ ਕਰਕੇ ਇਸ ਨੂੰ ਇਕ ਚਮਾਰ ਦੇ ਘਰ ਜਨਮ ਲੈਣਾ ਪਿਆ।

(2) ਚਮਾਰ ਦੇ ਘਰ ਜੰਮਦੇ ਹੀ ਰਾਮਾਨੰਦ ਜੀ (ਬ੍ਰਾਹਮਣ) ਰਵਿਦਾਸ ਦੇ ਗੁਰੂ ਬਣੇ।

(3) ਆਪਣੇ ਘਰ ਵਿਚ ਚੰਮ ਦੀ ਮੂਰਤੀ ਬਣਾ ਕੇ ਰਵਿਦਾਸ ਜੀ ਇਸ ਦੀ ਪੂਜਾ ਕਰਦਾ ਸੀ। ਪੂਜਾ ਵਿਚ ਮਸਤ ਹੋ ਕੇ ਭਗਤ ਨੇ ਕਿਰਤ-ਕਾਰ ਛੱਡ ਦਿੱਤੀ ਤੇ ਮਾਇਆ ਵਲੋਂ ਬਹੁਤ ਤੰਗੀ ਹੋ ਗਈ।

(4) ਪਰਮਾਤਮਾ ਨੇ ਇਕ ਸਾਧੂ ਦੇ ਵੇਸ ਵਿਚ ਆ ਕੇ ਰਵਿਦਾਸ ਨੂੰ ਇਕ ਪਾਰਸ ਦਿੱਤਾ, ਪਰ ਇਸ ਨੇ ਉਸ ਨੂੰ ਨਾਹ ਵਰਤਿਆ। ਤਾਂ ਫਿਰ, ਜਿਸ ਟੋਕਰੀ ਵਿਚ ਠਾਕੁਰ ਜੀ ਦੀ ਪੂਜਾ ਦਾ ਸਾਮਾਨ ਸੀ ਉਸ ਵਿਚੋਂ, ਜਾਂ ਠਾਕੁਰ ਜੀ ਦੇ ਆਸਣ ਹੇਠੋਂ ਪੰਜ ਮੋਹਰਾਂ ਮਿਲੀਆਂ, ਉਹ ਭੀ ਨਾਹ ਲਈਆਂ। ਮਾਇਆ ਤੋਂ ਡਰਦੇ ਨੇ ਠਾਕੁਰ ਜੀ ਦੀ ਪੂਜਾ ਭੀ ਛੱਡ ਦਿੱਤੀ।

(5) ਪਰਮਾਤਮਾ ਨੇ ਸੁਪਨੇ ਵਿਚ ਆਖਿਆ ਕਿ ਮੇਰੀ ਪੂਜਾ ਨਾਹ ਛੱਡ, ਤੇ, ਮਾਇਆ ਲੈਣੋਂ ਇਨਕਾਰ ਨਾਹ ਕਰ। ਤਾਂ ਫਿਰ, ਪ੍ਰਭੂ ਦੀ ਭੇਜੀ ਉਸ ਮਾਇਆ ਨਾਲ ਰਵਿਦਾਸ ਨੇ ਇਕ ਮੰਦਰ ਬਣਾਇਆ, ਆਪਣੇ ਦੁਛੱਤੇ ਘਰ ਭੀ ਬਣਾਏ, ਭੰਡਾਰੇ ਭੀ ਚਲਣ ਲੱਗ ਪਏ। ਬ੍ਰਾਹਮਣ ਨੇ ਈਰਖਾ ਵਿਚ ਆ ਕੇ ਕਾਂਸ਼ੀ ਦੇ ਰਾਜੇ ਪਾਸ ਸ਼ਿਕਾਇਤ ਕੀਤੀ। ਪਰਖ ਹੋਣ ਤੇ ਰਵਿਦਾਸ ਜੀ ਦੇ ਠਾਕੁਰ ਜੀ ਨਦੀ ਉਤੇ ਤਰੇ। ਰਵਿਦਾਸ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਪੂਜਾ ਕੀਤੀ।

(6) ਰਵਿਦਾਸ ਵੇਦ-ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ।

(7) ਰਵਿਦਾਸ ਨੇ ਜਨੇਊ ਭੀ ਪਾਇਆ ਹੋਇਆ ਸੀ; ਪਰ ਇਹ ਜਨੇਊ ਸੋਨੇ ਦਾ ਸੀ ਅਤੇ ਪਿੰਡੇ ਦੇ ਅੰਦਰਲੇ ਪਾਸੇ ਸੀ।

ਠਾਕੁਰ-ਪੂਜਾ:

ਜੇ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾਹ ਹੁੰਦੀ ਤਾਂ ਅਸਾਨੂੰ ਇਹਨਾਂ ਉਪਰ-ਲਿਖੀਆਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਾਹ ਪੈਂਦੀ। ਸਿੱਖ-ਧਰਮ ਦੇ ਨਿਸ਼ਚੇ ਅਨੁਸਾਰ ਠਾਕੁਰ-ਪੂਜਾ ਜਾਂ ਮੂਰਤੀ-ਪੂਜਾ ਇਕ ਗ਼ਲਤ ਰਸਤਾ ਹੈ, ਗੁਰੂ ਅਰਜਨ ਸਾਹਿਬ ਨੇ ਸਾਫ਼ ਫ਼ੁਰਮਾਇਆ ਹੈ:

'ਘਰਿ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥1॥ ਭਰਮੇ ਭੂਲਾ ਸਾਕੁਤ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ਰਹਾਉ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥2॥ ਗੁਨਹਗਾਰੁ ਲੂਣਹਰਾਮੀ ॥ ਪਾਹਨ ਨਾਵ ਨ ਪਾਰ ਗਰਾਮੀ ॥3॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥ {ਸੂਹੀ ਮਹਲਾ 5

ਮਲੂਮ ਹੁੰਦਾ ਹੈ ਕਿ ਰਵਿਦਾਸ ਜੀ ਬਾਰੇ ਠਾਕੁਰ-ਪੂਜਾ ਦੀਆਂ ਇਹ ਕਹਾਣੀਆਂ ਗੁਰੂ ਅਰਜਨ ਸਾਹਿਬ ਤੋਂ ਪਿਛੋਂ ਘੜੀਆਂ ਗਈਆਂ; ਨਹੀਂ ਤਾਂ, ਜਿਵੇਂ ਉਹਨਾਂ ਧੰਨਾ ਜੀ ਬਾਰੇ ਬਣੀ ਕਹਾਣੀ ਦੀ ਤਰਦੀਦ ਕੀਤੀ ਸੀ ਤਿਵੇਂ ਰਵਿਦਾਸ ਜੀ ਦੀ ਠਾਕੁਰ-ਪੂਜਾ ਦੀ ਨਿਖੇਧੀ ਕਰ ਜਾਂਦੇ।

ਸੋ, ਹੁਣ ਅਸਾਂ ਇਸ ਵਿਚਾਰ ਵਿਚ ਸਿਰਫ਼ ਰਵਿਦਾਸ ਜੀ ਦੀ ਬਾਣੀ ਦਾ ਹੀ ਆਸਰਾ ਲੈਣਾ ਹੈ।

ਰਾਮਾਨੰਦ ਜੀ ਦਾ ਸ੍ਰਾਪ:

ਜੇ ਰਾਮਾਨੰਦ ਜੀ ਦੇ ਸ੍ਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ, ਤੇ, ਫਿਰ ਰਾਮਾਨੰਦ ਜੀ ਇਸ ਰਵਿਦਾਸ ਦੇ ਗੁਰੂ ਭੀ ਬਣੇ ਸਨ, ਤਾਂ ਜਦੋਂ ਰਵਿਦਾਸ ਰਤਾ ਸਿਆਣੀ ਉਮਰ ਦਾ ਹੋਇਆ ਹੋਵੇਗਾ, ਇਸ ਨੂੰ ਭੀ ਉਹਨਾਂ ਉਹ ਸਾਰੀ ਵਾਰਤਾ ਜ਼ਰੂਰ ਸੁਣਾਈ ਹੋਵੇਗੀ। ਪਰ ਇਹ ਅਚਰਜ ਗੱਲ ਹੈ ਕਿ ਰਵਿਦਾਸ ਜੀ ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਸਮਝਦੇ ਰਹੇ, ਆਪਣੀ ਬਾਣੀ ਵਿਚ ਆਪਣੇ ਆਪ ਨੂੰ ਚਮਾਰ ਹੀ ਆਖਦੇ ਰਹੇ। ਕਈ ਸ਼ਬਦਾਂ ਵਿਚ ਪਰਮਾਤਮਾ ਦੇ ਦਰ ਤੇ ਰਵਿਦਾਸ ਜੀ ਅਰਦਾਸ ਕਰਦੇ ਹਨ, ਤੇ, ਆਖਦੇ ਹਨ ਕਿ ਹੇ ਪ੍ਰਭੂ! ਮੇਰੇ ਮਨ ਦੇ ਵਿਕਾਰ ਦੂਰ ਕਰ, ਪਰ ਕਿਤੇ ਭੀ ਉਹਨਾਂ ਆਪਣੀ ਇਸ ਪਿਛਲੇ ਜਨਮ ਦੀ ਹੱਡ-ਬੀਤੀ ਦਾ ਹਵਾਲਾ ਦੇ ਕੇ ਨਹੀਂ ਆਖਿਆ ਕਿ ਭੁੱਲਾਂ ਦੇ ਕਾਰਨ ਹੀ ਮੈਂ ਬ੍ਰਾਹਮਣ-ਜਨਮ ਤੋਂ ਡਿੱਗ ਕੇ ਚਮਾਰ-ਜਾਤੀ ਵਿਚ ਆ ਅੱਪੜਿਆ। ਸ੍ਰਾਪ ਦੀ ਖ਼ਬਰ ਸਿਰਫ਼ ਦੋ ਜਣਿਆਂ ਨੂੰ ਹੀ ਸੀ, ਰਾਮਾਨੰਦ ਨੂੰ ਅਤੇ ਉਸ ਬ੍ਰਹਮਚਾਰੀ ਨੂੰ। ਚਮਾਰ ਦੇ ਘਰ ਜੰਮ ਕੇ ਪਹਿਲਾਂ ਪਹਿਲਾਂ ਅਜੇ ਉਸ ਬਾਲ ਨੂੰ ਚੇਤਾ ਭੀ ਸੀ ਕਿ ਮੈਂ ਬ੍ਰਾਹਮਣ ਤੋਂ ਚਮਾਰ ਬਣਿਆ ਹਾਂ। ਜੇ ਰਾਮਾਨੰਦ ਜੀ ਨੇ ਸ੍ਰਾਪ ਵਾਲੀ ਵਾਰਤਾ ਕਿਸੇ ਨੂੰ ਭੀ ਨਹੀਂ ਸੁਣਾਈ, ਤਾਂ "ਗੁਰ ਭਗਤ ਮਾਲ" ਦੇ ਲਿਖਾਰੀ ਨੂੰ ਕਿਥੋਂ ਸੂਹ ਲੱਗ ਗਈ? ਇਹ ਗੱਲ ਐਸੀ ਅਨੋਖੀ ਸੀ ਕਿ ਕਿਸੇ ਇਕ ਧਿਰ ਨੂੰ ਭੀ ਜੇ ਰਾਮਾਨੰਦ ਜੀ ਦੱਸ ਦੇਂਦੇ ਤਾਂ ਸਾਰੇ ਸ਼ਹਿਰ ਵਿਚ ਕਾਂਵਾਂ-ਰੌਲੀ ਪੈ ਜਾਂਦੀ, ਤੇ, ਲੋਕ ਹੁੰਮ-ਹੁਮਾ ਕੇ ਉਸ ਅਨੋਖੇ ਬਾਲ ਨੂੰ ਵੇਖਣ ਤੁਰ ਪੈਂਦੇ, ਤੇ, ਰਵਿਦਾਸ ਨੂੰ ਸਾਰੀ ਉਮਰ ਲੋਕ ਉਸ ਦੀ ਇਹ ਹੱਡ-ਬੀਤੀ ਚੇਤੇ ਕਰਾਂਦੇ ਰਹਿੰਦੇ। ਪਰ ਰਵਿਦਾਸ ਜੀ ਸਦਾ ਇਹੀ ਆਖਦੇ ਰਹੇ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥...

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸ ਦਾਸਾ ॥ {ਮਲਾਰ

ਇਕ ਹੋਰ ਗੱਲ ਭੀ ਬੜੀ ਅਣ-ਹੋਣੀ ਜਿਹੀ ਹੈ। "ਗੁਰ ਭਗਤ ਮਾਲ" ਦੇ ਲਿਖਾਰੀ ਦਾ ਪਰਮਾਤਮਾ ਭੀ ਕੋਈ ਅਨੋਖੀ ਹਸਤੀ ਹੈ। ਲਿਖਾਰੀ ਲਿਖਦਾ ਹੈ ਕਿ ਜਦੋਂ ਬ੍ਰਹਮਚਾਰੀ ਚਮਾਰਾਂ ਦੇ ਘਰ ਜੰਮ ਪਿਆ, ਤਾਂ ਉਹ ਆਪਣੇ ਪਿਛਲੇ ਉੱਤਮ ਜਨਮ ਦਾ ਚੇਤਾ ਕਰ ਕੇ ਆਪਣੀ ਚਮਾਰ-ਮਾਂ ਦੇ ਥਣਾਂ ਤੋਂ ਦੁੱਧ ਨਹੀਂ ਸੀ ਪੀਂਦਾ। ਪਰਮਾਤਮਾ ਨੇ ਰਾਮਾਨੰਦ ਨੂੰ ਸੁਪਨੇ ਵਿਚ ਝਾੜ ਪਾਈ ਕਿ ਇਕ ਨਿੱਕੀ ਜਿਹੀ ਗੱਲ ਪਿੱਛੇ ਤੂੰ ਉਸ ਗ਼ਰੀਬ ਬ੍ਰਹਮਚਾਰੀ ਨੂੰ ਸ੍ਰਾਪ ਦੇ ਕੇ ਕਿਉਂ ਇਹ ਕਸ਼ਟ ਦਿੱਤਾ। ਕੀ ਲਿਖਾਰੀ ਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਬਦੋ-ਬਦੀ ਰਾਮਾਨੰਦ ਨੇ ਬ੍ਰਾਹਮਣ ਨੂੰ ਚਮਾਰ ਦੇ ਘਰ ਜਾ ਜਨਮ ਦਿੱਤਾ? ਕੀ ਭਗਤੀ ਦਾ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ ਭਗਤ ਆਪ-ਹੁਦਰੀਆਂ ਭੀ ਕਰਨ ਲੱਗ ਪੈਣ? ਤੇ, ਕੀ ਜੋ ਜੋ ਅਨਰਥ ਅਜਿਹੇ ਭਗਤ ਜਗਤ ਵਿਚ ਕਰਨਾ ਕਰਾਣਾ ਚਾਹਣ, ਰੱਬ ਨੂੰ ਜ਼ਰੂਰ ਕਰਨੇ ਪੈਂਦੇ ਹਨ? ਇਹ ਤਾਂ ਠੀਕ ਹੈ ਕਿ

"ਭਗਤ ਜਨਾ ਕਾ ਕਰੇ ਕਰਾਇਆ"

ਪਰ ਭਗਤ ਭੀ ਉਹੀ ਹੋ ਸਕਦਾ ਹੈ ਜੋ ਪਰਮਾਤਮਾ ਦੀ ਪੂਰਨ ਰਜ਼ਾ ਵਿਚ ਰਹਿੰਦਾ ਹੈ। ਭਗਤ ਕੋਈ ਐਸੀ ਗੱਲ ਚਿਤਵਦਾ ਹੀ ਨਹੀਂ ਜੋ ਪਰਮਾਤਮਾ ਦੀ ਮਰਜ਼ੀ ਅਨੁਸਾਰ ਨਾਹ ਹੋਵੇ।

ਇਸ ਕਹਾਣੀ ਵਿਚੋਂ ਇਕ ਗੱਲ ਸਾਫ਼ ਦਿੱਸ ਰਹੀ ਹੈ ਕਿ ਇਸ ਦੇ ਘੜਨ ਵਾਲੇ ਨੂੰ ਚਮਾਰ ਆਦਿਕ ਨੀਵੀਂ ਜਾਤਿ ਵਾਲਿਆਂ ਤੋਂ ਨਫ਼ਰਤ ਹੈ, ਤੇ ਪਰਮਾਤਮਾ ਦੀ ਭਗਤੀ ਉਸ ਨੂੰ ਸਿਰਫ਼ ਬ੍ਰਾਹਮਣ ਦਾ ਹੀ ਹੱਕ ਦਿੱਸਦਾ ਹੈ।

ਲੁਕਵੇਂ ਢੰਗ ਨਾਲ ਬ੍ਰਾਹਮਣ ਦੀ ਪੂਜਾ:

ਰਵਿਦਾਸ ਜੀ ਦੇ ਠਾਕੁਰਾਂ ਦਾ ਜ਼ਿਕਰ ਕਰਨ ਵੇਲੇ ਤਾਂ "ਗੁਰ ਭਗਤ ਮਾਲ" ਵਾਲੇ ਨੇ ਰੱਜ ਕੇ ਰੀਝ ਲਾਹ ਲਈ ਹੈ। ਠਾਕੁਰ ਜੀ ਨਦੀ ਵਿਚ ਤਾਰੀਆਂ ਲਾਂਦੇ ਰਹੇ, ਠਾਕੁਰ ਜੀ ਚਿਤੌਰ ਦੇ ਰਾਜੇ ਦੇ ਮਹਲਾਂ ਵਿਚੋਂ ਤੁਰ ਕੇ ਰਾਜ-ਦਰਬਾਰ ਵਿਚ ਅੱਪੜ ਕੇ ਰਵਿਦਾਸ ਜੀ ਦੀ ਗੋਦ ਵਿਚ ਆ ਬੈਠੇ। ਜਦੋਂ ਕਾਂਸ਼ੀ ਦੀ ਨਦੀ ਵਿਚੋਂ ਤਾਰੀਆਂ ਲਾ ਕੇ ਠਾਕੁਰ ਜੀ ਆਪਣੇ ਭਗਤ ਰਵਿਦਾਸ ਦੇ ਕਹੇ ਬਾਹਰ ਆਏ ਤਾਂ ਰਵਿਦਾਸ ਜੀ ਨੇ ਤੁਲਸੀਦਲ ਤੇ ਧੂਪ ਦੀਪਾਦਿ ਨਾਲ ਠਾਕੁਰ ਜੀ ਦੀ ਪੂਜਾ ਕੀਤੀ। ਜਦੋਂ ਚਿਤੌਰ ਦੇ ਰਾਜ-ਦਰਬਾਰ ਵਿਚ ਰਵਿਦਾਸ ਦੇ ਠਾਕੁਰ ਜੀ ਰਵਿਦਾਸ ਦੀ ਗੋਦ ਵਿਚ ਆ ਬਿਰਾਜੇ ਤਾਂ ਬ੍ਰਾਹਮਣਾਂ ਨੂੰ ਭੰਡਾਰਿਆਂ ਲਈ ਰਸਦਾਂ ਭੇਜੀਆਂ ਗਈਆਂ; ਬ੍ਰਾਹਮਣਾਂ ਨੇ ਰਸਦ ਲੈਣ ਤੋਂ ਇਨਕਾਰ ਕੀਤਾ ਤਾਂ ਪਰਮਾਤਮਾ ਆਪ ਸੇਵਕ-ਰੂਪ ਧਾਰ ਕੇ ਆਇਆ ਤੇ ਬ੍ਰਾਹਮਣਾਂ ਦੇ ਘਰੀਂ ਰਸਦਾਂ ਅਪੜਾਣ ਗਿਆ। ਇਕ ਖੇਡ ਅਜਬ ਵਰਤਦੀ ਰਹੀ। ਬ੍ਰਾਹਮਣਾਂ ਦੇ ਠਾਕੁਰ ਜੀ ਨਦੀ ਵਿਚ ਭੀ ਡੁੱਬੇ ਹੀ ਰਹੇ, ਤੇ, ਚਿਤੌਰ ਦੇ ਰਾਜ-ਦਰਬਾਰ ਵਿਚ ਤੁਰ ਕੇ ਭੀ ਨਾਹ ਅੱਪੜ ਸਕੇ; ਪਰ ਜਦੋਂ ਵੇਲਾ ਆਇਆ ਖਾਣ ਪੀਣ ਦਾ, ਤਦੋਂ ਉਚੇਚੇ ਸੇਵਕ-ਰੂਪ ਧਾਰ ਕੇ ਬ੍ਰਾਹਮਣਾਂ ਦੇ ਘਰੀਂ ਰਸਦਾਂ ਅਪੜਾ ਆਏ। ਵੇਖ ਲਉ, ਇਸ ਨੂੰ ਆਖੀਦਾ ਹੈ "ਭਰਾ ਭਰਾਵਾਂ ਦੇ, ਤੇ ਕਾਂ ਕਾਂਵਾਂ ਦੇ"। ਕੋਈ ਭੀ ਗੱਲ ਹੋਵੇ, ਤੇ, ਕਿਤੇ ਭੀ ਪਈ ਹੋਵੇ, ਮੁੜ-ਘਿੜ ਬ੍ਰਾਹਮਣਾਂ ਦੀ ਪੂਜਾ ਤੇ ਬ੍ਰਾਹਮਣਾਂ ਨੂੰ ਭੰਡਾਰੇ। ਜਿਸ ਖਾਤੇ ਵਿਚ ਡਿੱਗਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਕੱਢਿਆ ਸੀ, ਪਤਾ ਨਹੀਂ 'ਗੁਰ ਭਗਤ ਮਾਲ' ਦੇ ਲਿਖਾਰੀ ਜੀ ਭੋਲੀ ਭਾਲੀ ਸਿੱਖ ਜਨਤਾ ਨੂੰ ਕਿਉਂ ਮੁੜ ਉਥੇ ਡੇਗਣ ਦੀ ਕੋਸ਼ਸ਼ ਕਰ ਗਏ ਹਨ।

ਗੁਰਮਤਿ ਅਤੇ ਠਾਕੁਰ ਪੂਜਾ:

'ਸਿੱਖ ਰਿਲਿਜਨ' ਅਤੇ 'ਗੁਰ ਭਗਤ ਮਾਲ' ਦੇ ਲਿਖਾਰੀਆਂ ਨੇ ਇਹਨਾਂ ਕਹਾਣੀਆਂ ਦੀ ਰਾਹੀਂ ਇਹ ਪਰਤੱਖ ਕਰ ਵਿਖਾਇਆ ਹੈ ਕਿ ਰਵਿਦਾਸ ਦੀ ਠਾਕੁਰ-ਮੂਰਤੀ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਸੀ। ਜਦੋਂ ਰਵਿਦਾਸ ਦੀ ਗ਼ਰੀਬੀ ਵੇਖ ਕੇ ਪਰਮਾਤਮਾ ਨੇ ਠਾਕੁਰ ਜੀ ਦੇ (ਭਾਵ, ਆਪਣੇ) ਆਸਣ ਹੇਠ ਪੰਜ ਮੋਹਰਾਂ ਰੱਖ ਦਿੱਤੀਆਂ ਤੇ ਰਵਿਦਾਸ ਨੇ ਠਾਕੁਰ-ਪੂਜਾ ਛੱਡ ਦਿੱਤੀ, ਤਾਂ ਰਾਤ ਨੂੰ ਸੁਪਨੇ ਵਿਚ ਪਰਮਾਤਮਾ ਨੇ ਰਵਿਦਾਸ ਨੂੰ ਆਖਿਆ ਕਿ ਤੂੰ ਮੇਰੀ ਪੂਜਾ ਕਿਉਂ ਤਰਕ ਕਰ ਦਿੱਤੀ ਹੈ। ਕੀ ਇਹੀ ਹੈ ਸਿੱਖ ਧਰਮ ਜਿਸ ਦਾ ਪਰਚਾਰ ਇਹਨਾਂ ਪੁਸਤਕਾਂ ਨੇ ਕੀਤਾ ਹੈ? ਪਰ ਗੁਰੂ ਅਰਜਨ ਸਾਹਿਬ ਦਾ ਠਾਕੁਰ ਤਾਂ ਉਹ ਹੈ ਜੋ ਹਰੇਕ ਹਿਰਦੇ-ਰੂਪ ਡੱਬੇ ਵਿਚ ਟਿਕਿਆ ਹੋਇਆ ਹੈ, ਤੇ, ਜੋ ਹਰ ਵੇਲੇ ਹੀ ਉਦਕ-ਇਸ਼ਨਾਨੀ ਹੈ; ਆਪ ਫ਼ੁਰਮਾਂਦੇ ਹਨ:

ਆਸਾ ਮਹਲਾ 5 ॥ ਆਠ ਪਹਰ ਉਦਕ ਇਸਨਾਨੀ ॥ ਸਦ ਹੀ ਭੋਗੁ ਲਗਾਇ ਸੁ ਗਿਆਨੀ ॥ ਬਿਰਥਾ ਕਾਹੂ ਛੋਡੈ ਨਾਹੀ ॥ ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥1॥ ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥1॥ਰਹਾਉ॥ ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ ਆਸਨੁ ਜਾ ਕਾ ਸਦਾ ਬੈਕੁੰਠ ॥ ਜਾ ਕਾ ਚਵਰੁ ਸਭ ਊਪਰਿ ਝੂਲੈ ॥ ਤਾ ਕਾ ਧੂਪੁ ਸਦਾ ਪਰਫੁਲੈ ॥2॥ ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ ਅਭਗ ਸਭਾ ਸੰਗਿ ਹੈ ਸਾਧਾ ॥ ਆਰਤੀ ਕੀਰਤਨੁ ਸਦਾ ਅਨੰਦ ॥ ਮਹਿਮਾ ਸੁੰਦਰ ਸਦਾ ਬੇਅੰਤ ॥3॥ ਜਿਸਹਿ ਪਰਾਪਤਿ ਤਿਸ ਹੀ ਲਹਨਾ ॥ ਸੰਤ ਚਰਨ ਓਹੁ ਆਇਓ ਸਰਨਾ ॥ ਹਾਥ ਚੜਿਓ ਹਰਿ ਸਾਲਗਿਰਾਮੁ ॥ ਕਹੁ ਨਾਨਕ ਗੁਰਿ ਕੀਨੋ ਦਾਨੁ ॥4॥36॥90॥

ਗੁਰੂ ਨਾਨਕ ਪਾਤਿਸ਼ਾਹ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਜਦੋਂ ਅਜਿਹੀਆਂ ਸਾਖੀਆਂ ਪੜ੍ਹਦੇ ਹਨ ਤਾਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਚਮੜੇ ਜਾਂ ਪੱਥਰ ਆਦਿਕ ਦੇ ਬਣੇ ਹੋਏ ਠਾਕੁਰ ਨੂੰ ਪੂਜਣ ਵਾਲੇ ਕਿਸੇ ਭੀ ਬੰਦੇ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂ ਪਵਿਤ੍ਰ ਬੀੜ ਵਿਚ ਥਾਂ ਨਹੀਂ ਸੀ ਮਿਲ ਸਕਦੀ।

ਦੋਵੇਂ ਹੀ ਲਿਖਾਰੀ ਇਹ ਲਿਖਦੇ ਹਨ ਕਿ ਰਾਮਾਨੰਦ ਜੀ ਰਵਿਦਾਸ ਜੀ ਦੇ ਗੁਰੂ ਸਨ। ਤਾਂ ਫਿਰ, ਜੇ ਰਵਿਦਾਸ ਜੀ ਠਾਕੁਰ-ਪੂਜ ਸਨ, ਇਹ ਠਾਕੁਰ-ਪੂਜਾ ਉਹਨਾਂ ਨੂੰ ਉਹਨਾਂ ਦੇ ਗੁਰੂ ਰਾਮਾਨੰਦ ਜੀ ਨੇ ਹੀ ਸਿਖਾਈ ਹੋਵੇਗੀ। ਪਰ ਰਾਮਾਨੰਦ ਜੀ ਤਾਂ ਪੱਥਰ ਆਦਿਕ ਦੇ ਬਣੇ ਹੋਏ ਠਾਕੁਰ ਦੀ ਪੂਜਾ ਕਰਨ ਦੇ ਵਿਰੁੱਧ ਸਨ। ਉਹ ਲਿਖਦੇ ਹਨ:

ਬਸੰਤੁ ਰਾਮਾਨੰਦ ਜੀ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥1॥ਰਹਾਉ॥ ਏਕ ਦਿਵਸ ਮਨਿ ਭਈ ਉਮੰਗ ॥ ਘਸਿ ਚੋਆ ਚੰਦਨ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰਿ ਮਨ ਹੀ ਮਾਹਿ ॥1॥ ਜਹ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥2॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥3॥1॥

ਜੋ ਰਾਮਾਨੰਦ ਜੀ ਆਪ ਅਜਿਹੀ ਠਾਕੁਰ-ਪੂਜਾ ਦੇ ਬਰਖ਼ਿਲਾਫ਼ ਸਨ, ਉਹ ਕਦੇ ਰਵਿਦਾਸ ਜੀ ਨੂੰ ਠਾਕੁਰ-ਪੂਜਾ ਦੀ ਸਿੱਖਿਆ ਨਹੀਂ ਦੇ ਸਕਦੇ ਸਨ। ਜਿਸ ਰਾਮਾਨੰਦ ਨੂੰ ਆਪਣਾ ਸੁਆਮੀ ਬ੍ਰਹਮ ਸਭ ਜੀਵਾਂ ਵਿਚ ਦਿੱਸ ਰਿਹਾ ਸੀ, ਉਹ ਕਿਸੇ ਉਤੇ ਗੁੱਸੇ ਹੋ ਕੇ ਕੋਈ ਸ੍ਰਾਪ ਭੀ ਨਹੀਂ ਦੇ ਸਕਦਾ ਸੀ। ਸੋ, ਇਹ ਬ੍ਰਹਮਚਾਰੀ ਚੇਲੇ ਵਾਲੀ ਕਹਾਣੀ ਮਨ-ਘੜਤ ਹੈ।

ਹੁਣ, ਆਉ, ਵੇਖੀਏ ਕਿ ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਕਿਸ ਰੂਪ ਵਿਚ ਦਿਖਾਈ ਦੇਂਦੇ ਹਨ।

ਭਗਤ ਰਵਿਦਾਸ ਜੀ ਅਤੇ ਠਾਕੁਰ ਪੂਜਾ:

'ਗੁਰ ਭਗਤ ਮਾਲ' ਵਾਲਾ ਲਿਖਦਾ ਹੈ ਕਿ ਜਦੋਂ ਠਾਕੁਰ ਜੀ ਨਦੀ ਵਿਚ ਤਾਰੀਆਂ ਲਾ ਕੇ ਕਿਨਾਰੇ ਤੇ ਆਏ ਤਾਂ ਰਵਿਦਾਸ ਜੀ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਠਾਕੁਰ ਜੀ ਦੀ ਪੂਜਾ ਕੀਤੀ। ਕੀ ਰਵਿਦਾਸ ਜੀ ਦੀ ਆਪਣੀ ਬਾਣੀ ਵਿਚੋਂ ਕੋਈ ਅਜਿਹੀ ਗਵਾਹੀ ਮਿਲਦੀ ਹੈ? ਉਹ ਤਾਂ ਸਗੋਂ ਇਸ ਦੇ ਉਲਟ ਲਿਖਦੇ ਹਨ:

ਗੂਜਰੀ ਰਵਿਦਾਸ ਜੀ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥

ਅਤੇ

ਧਨਾਸਰੀ ਰਵਿਦਾਸ ਜੀ ॥ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ਰਹਾਉ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੇ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥ ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ, ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮੁ ਤੇਰੇ ਕੀ ਜੋਤਿ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ ॥2॥ ਨਾਮੁ ਤੇਰਾ ਤਾਗਾ ਨਾਮੁ ਫੂਲ ਮਾਲਾ, ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ, ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥3॥ ਦਸਅਠਾ, ਅਠਸਠੇ, ਚਾਰੇ ਖਾਣੀ, ਇਹੈ ਵਰਤਨਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ, ਸਤਿ ਨਾਮੁ ਹੈ ਹਰਿ ਭੋਗ ਤੁਹਾਰੈ ॥4॥3॥

ਰਵਿਦਾਸ ਜੀ ਕਰਮ-ਕਾਂਡੀ:

ਮੈਕਾਲਿਫ਼ ਨੇ ਪੁਸਤਕ 'ਸਿੱਖ ਰਿਲਿਜਨ' ਵਿਚ ਲਿਖਿਆ ਹੈ ਕਿ ਰਵਿਦਾਸ ਵੇਦ-ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ; ਪਰ ਵੇਦਾਂ ਸ਼ਾਸਤ੍ਰਾਂ ਦੇ ਦੱਸੇ ਕਰਮ ਕਾਂਡ ਬਾਰੇ ਰਵਿਦਾਸ ਜੀ ਆਪ ਇਉਂ ਲਿਖਦੇ ਹਨ:

ਕੇਦਾਰਾ ਰਵਿਦਾਸ ਜੀ ॥ ਖਟੁ ਕਰਮ ਕੁਲ ਸੰਜੁਗਤੁ ਹੈ, ਹਰਿ ਭਗਤਿ ਹਿਰਦੈ ਨਾਹਿ ॥ ਚਰਨਾਰਬਿੰਦ ਨ ਕਥਾ ਭਾਵੈ, ਸਪੁਚ ਤੁਲਿ ਸਮਾਨਿ ॥1॥ ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ ਬਾਲਮੀਕਹਿ ਦੇਖ ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ, ਰਾਮ ਭਗਤਿ ਬਿਸੇਖ ॥1॥ਰਹਾਉ॥ ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥ ਲੋਗੁ ਬਪੁਰਾ ਕਿਆ ਸਰਾਹੈ, ਤੀਨਿ ਲੋਕ ਪ੍ਰਵੇਸ ॥2॥ ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥ ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥3॥

ਇੱਥੇ ਇਕ ਹੋਰ ਗੱਲ ਭੀ ਵਿਚਾਰਨ ਵਾਲੀ ਹੈ। ਰਵਿਦਾਸ ਜੀ ਕਿਹੜੇ ਕਿਸੇ ਉੱਚੀ ਕੁਲ ਦੇ ਬ੍ਰਾਹਮਣ ਸਨ ਕਿ ਉਹ ਕਿਸੇ ਕਰਮ-ਕਾਂਡ ਨਾਲ ਚੰਬੜੇ ਰਹਿੰਦੇ। ਨਾ ਜਨੇਊ ਪਾਣ ਦਾ ਹੱਕ, ਨਾਹ ਮੰਦਰ ਵਿਚ ਵੜਨ ਦੀ ਆਗਿਆ, ਨਾਹ ਕਿਸੇ ਸਰਾਧ ਸਮੇਂ ਬ੍ਰਾਹਮਣ ਨੇ ਉਹਨਾਂ ਦੇ ਘਰ ਦਾ ਖਾਣਾ, ਨਾਹ ਸੰਧਿਆ ਤਰਪਣ ਗਾਇਤ੍ਰੀ ਆਦਿਕ ਦਾ ਉਹਨਾਂ ਨੂੰ ਅਧਿਕਾਰ। ਫਿਰ, ਉਹ ਕੇਹੜਾ ਕਰਮ-ਕਾਂਡ ਸੀ ਜਿਸ ਦਾ ਸ਼ੌਕ ਰਵਿਦਾਸ ਜੀ ਨੂੰ ਹੋ ਸਕਦਾ ਸੀ?

ਹਾਂ, ਭੈਰਉ ਰਾਗੁ ਵਿਚ ਰਵਿਦਾਸ ਜੀ ਨੇ ਇਕ ਸ਼ਬਦ ਲਿਖਿਆ ਹੈ ਜਿਸ ਨੂੰ ਗ਼ਲਤ ਸਮਝ ਕੇ ਕਿਸੇ ਨੇ ਇਹ ਘਾੜਤ ਘੜ ਲਈ ਹੋਵੇਗੀ ਕਿ ਭਗਤ ਜੀ ਵੇਦ-ਸ਼ਾਸਤ੍ਰਾਂ ਦੇ ਦੱਸੇ ਪੁੰਨ-ਕਰਮ ਕਰਦੇ ਸਨ। ਉਹ ਸ਼ਬਦ ਇਉਂ ਹੈ:

ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥1॥ ਪਰਚੈ, ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥1॥ਰਹਾਉ॥ ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥2॥ ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸ ॥ ਗਿਆਨੁ ਭਇਆ ਤਹ ਕਰਮਹ ਨਾਸੁ ॥3॥ ਘ੍ਰਿਤ ਕਾਰਨ ਦਸਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ ਨ ਜਪਸਿ ਅਭਾਗ ॥4॥1॥

ਹਰੇਕ ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ 'ਬੰਦਾਂ' ਵਿਚ ਉਸ ਦੀ ਵਿਆਖਿਆ ਹੁੰਦੀ ਹੈ। ਇਸ ਸ਼ਬਦ ਦਾ ਮੁੱਖ-ਭਾਵ ਇਹ ਹੈ– 'ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ ਮਨੁੱਖ, ਮਾਨੋ, ਸੋਨਾ ਹੋ ਜਾਂਦਾ ਹੈ। ' ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਇਉਂ ਦਿੱਤੀ ਹੈ– (1) ਉਹ ਮਨੁੱਖ ਨਿਹਕਾਮ ਵਾਸ਼ਨਾ-ਰਹਿਤ ਹੋ ਜਾਂਦਾ ਹੈ, (2) ਉਸ ਮਨੁੱਖ ਦੀ ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ, (3) ਉਸ ਦਾ ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ, (4) ਮੁੱਕਦੀ ਗੱਲ ਇਹ ਹੈ ਕਿ ਉਹ ਮਨੁੱਖ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ। {ਇਸ ਸ਼ਬਦ ਦੇ ਅਰਥ ਪੜ੍ਹੋ ਟੀਕੇ ਵਿਚ}

'ਗੁਰ ਭਗਤ ਮਾਲ' ਵਾਲੇ ਦੀ ਇਹ ਲਿਖਤ ਭੀ ਹਾਸੋ-ਹੀਣੀ ਹੈ ਕਿ ਚਿਤੌਰ ਦੇ ਰਾਜੇ ਦੇ ਸਾਹਮਣੇ ਰਵਿਦਾਸ ਜੀ ਦੇ ਪਰਖ ਸਮੇ ਪੂਰਾ ਉਤਰਨ ਤੇ ਬ੍ਰਾਹਮਣਾਂ ਨੇ ਭਗਤ ਜੀ ਨੂੰ ਪੁੱਛਿਆ ਕਿ ਤੁਸੀ ਜਨੇਊ ਨਹੀਂ ਪਾਂਦੇ। ਧਰਮ-ਸ਼ਾਸਤ੍ਰ ਤਾਂ ਸ਼ੂਦਰ ਨੂੰ ਜਨੇਊ ਦੀ ਆਗਿਆ ਹੀ ਨਹੀਂ ਦੇਂਦਾ, ਬ੍ਰਾਹਮਣ ਇਹ ਪ੍ਰਸ਼ਨ ਪੁੱਛ ਹੀ ਨਹੀਂ ਸਕਦੇ ਸਨ। ਇਹ ਗੱਲਾਂ ਲਿਖਣ ਵਿਚ ਤਾਂ ਸਿਰਫ਼ ਇਹ ਜਤਨ ਜਾਪਦਾ ਹੈ ਕਿ ਰਵਿਦਾਸ ਨੂੰ ਪਿਛਲੇ ਜਨਮ ਦਾ ਬ੍ਰਾਹਮਣ ਸਾਬਤ ਕੀਤਾ ਜਾਏ। ਮੌਜੂਦਾ ਜੀਵਨ ਦੇ ਹੱਲ ਲੱਭਣ ਵੇਲੇ ਅਗਲੇ ਪਿਛਲੇ ਜਨਮਾਂ ਦਾ ਆਸਰਾ ਲੈਂਦੇ ਫਿਰਨਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਅਸੀਂ ਮੌਜੂਦਾ ਜ਼ਿੰਦਗੀ ਦਾ ਸਹੀ ਰਸਤਾ ਭਾਲ ਰਹੇ ਹਾਂ, ਅਸਾਂ ਭਗਤ ਰਵਿਦਾਸ ਜੀ ਦੇ ਉਸੇ ਜੀਵਨ ਨੂੰ ਪੜ੍ਹਨਾ ਵਿਚਾਰਨਾ ਹੈ ਜੋ ਉਹਨਾਂ ਰਵਿਦਾਸ ਦੇ ਨਾਮ ਹੇਠ ਜੀਵਿਆ। ਉਸ ਨਾਮ ਹੇਠ ਰਵਿਦਾਸ ਜੀ ਜਾਤੀ ਦੇ ਚਮਾਰ ਹੀ ਸਨ, ਹਿੰਦੂ ਧਰਮ-ਸ਼ਾਸਤ੍ਰ ਉਹਨਾਂ ਨੂੰ ਜਨੇਊ ਆਦਿਕ ਕਿਸੇ ਭੀ ਕਰਮ-ਕਾਂਡ ਦੀ ਆਗਿਆ ਨਹੀਂ ਦੇ ਸਕਦਾ ਸੀ। ਨਾਹ ਹੀ ਰਵਿਦਾਸ ਜੀ ਨੂੰ ਕਿਸੇ ਕਰਮ-ਕਾਂਡ ਦੀ ਲੋੜ ਸੀ। ਉਹ ਤਾਂ ਇਕ ਪਰਮਾਤਮਾ ਦੀ ਓਟ ਰੱਖਣ ਵਾਲੇ ਸਨ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਨ, ਪਰਮਾਤਮਾ ਪਾਸੋਂ ਉਸ ਦਾ ਨਾਮ ਅਤੇ ਉਸ ਦੀ ਸੰਗਤਿ ਦੀ ਬਖ਼ਸ਼ੀਸ਼ ਹੀ ਮੰਗਦੇ ਸਨ। ਆਪ ਲਿਖਦੇ ਹਨ:

ਆਸਾ ਰਵਿਦਾਸ ਜੀ ॥ ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥1॥ ਸੰਤ ਚੀ ਸੰਗਤਿ ਸੰਤ ਕਥਾ ਰਸੁ ॥ ਸੰਤ ਪ੍ਰੇੁਮ ਮਾਝੈ ਦੀਜੈ ਦੇਵਾ ਦੇਵ ॥1॥ਰਹਾਉ॥ ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥2॥ ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥ ਜਣੀ ਲਖਾਵਹੁ ਅਸੰਤ ਪਾਪੀ ਸਣਿ ॥3॥ ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ ਨਾਹੀ।4।2।

ਕਿਰਤ-ਕਾਰ ਦਾ ਤਿਆਗ:

ਮੈਕਾਲਿਫ਼ ਲਿਖਦਾ ਹੈ ਕਿ ਰਵਿਦਾਸ ਨੇ ਆਪਣੇ ਠਾਕੁਰ ਜੀ ਦੀ ਪੂਜਾ ਵਿਚ ਮਸਤ ਹੋ ਕੇ ਕਿਰਤ-ਕਾਰ ਛੱਡ ਦਿੱਤੀ, ਤੇ ਹੱਥ ਬਹੁਤ ਤੰਗ ਹੋ ਗਿਆ। ਸਾਡੇ ਦੇਸ ਦੇ ਧਰਮੀਆਂ ਨੇ ਇਹ ਭੀ ਇਕ ਅਜੀਬ ਖੇਡ ਰਚ ਰੱਖੀ ਹੈ। ਭਲਾ, ਭਗਤੀ ਕਰਨ ਵਾਲੇ ਨੂੰ ਆਪਣੀ ਰੋਟੀ ਕਮਾਣੀ ਕਿਉਂ ਔਖੀ ਹੋ ਜਾਂਦੀ ਹੈ? ਕੀ ਕਿਰਤ ਕਰਨੀ ਕੋਈ ਪਾਪ ਹੈ? ਜੇ ਇਹ ਪਾਪ ਹੈ, ਤਾਂ ਪਰਮਾਤਮਾ ਨੇ ਬੰਦਿਆਂ ਲਈ ਭੀ ਰੋਜ਼ੀ ਦਾ ਉਹੀ ਪ੍ਰਬੰਧ ਕਿਉਂ ਨਹੀਂ ਕਰ ਦਿੱਤਾ ਜੋ ਪੰਛੀ ਆਦਿਕਾਂ ਵਾਸਤੇ ਹੈ? ਪਰ ਅਸਲ ਗੱਲ ਇਹ ਹੈ ਕਿ ਅਸਾਡੇ ਦੇਸ ਵਿਚ ਸੰਨਿਆਸੀ ਆਦਿਕ ਜਮਾਤਾਂ ਦਾ ਇਤਨਾ ਅਸਰ ਬਣਿਆ ਹੋਇਆ ਹੈ ਕਿ ਲੋਕ ਇਹ ਸਮਝਣ ਲੱਗ ਪਏ ਹਨ ਜੁ ਅਸਲ ਭਗਤ ਉਹੀ ਹੈ ਜੋ ਸਾਰਾ ਦਿਨ ਮਾਲਾ ਫੇਰਦਾ ਰਹੇ, ਆਪਣੀ ਰੋਟੀ ਦਾ ਭਾਰ ਦੂਜਿਆਂ ਦੇ ਮੋਢੇ ਉਤੇ ਪਾਈ ਰੱਖੇ। ਅਜਿਹੇ ਖ਼ਿਆਲਾਂ ਦੇ ਅਸਰ ਹੇਠ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਕਿਸੇ ਸ਼ਬਦ ਵਿਚ ਕੋਈ ਰਤਾ ਮਾਤ੍ਰ ਇਸ਼ਾਰਾ ਭੀ ਪੜ੍ਹਦੇ ਹਨ ਤਾਂ ਤੁਰਤ ਨਤੀਜੇ ਕੱਢ ਲੈਂਦੇ ਹਨ ਕਿ ਬੰਦਗੀ ਅਤੇ ਕਿਰਤ-ਕਾਰ ਦਾ ਆਪੋ ਵਿਚ ਮੇਲ ਨਹੀਂ ਹੈ। ਸੋਰਠਿ ਰਾਗ ਵਾਲਾ ਗੁਰੂ ਨਾਨਕ ਦੇਵ ਜੀ ਦਾ ਸ਼ਬਦ ('ਮਨੁ ਹਾਲੀ ਕਿਰਸਾਣੀ ਕਰਣੀ') ਪੜ੍ਹ ਕੇ ਕਈ ਲਿਖਾਰੀਆਂ ਨੇ ਕਹਾਣੀ ਜੋੜ ਲਈ ਕਿ ਸਤਿਗੁਰੂ ਨਾਨਕ ਦੇਵ ਜੀ ਨਾਮ ਵਿਚ ਇਤਨੇ ਮਸਤ ਰਹਿੰਦੇ ਸਨ ਕਿ ਉਹਨਾਂ ਕੰਮ-ਕਾਰ ਕਰਨਾ ਭੀ ਛੱਡ ਦਿੱਤਾ। ਬਾਬਾ ਫ਼ਰੀਦ ਜੀ ਦਾ ਸ਼ਲੋਕ ('ਫ਼ਰੀਦਾ ਰੋਟੀ ਮੇਰੀ ਕਾਠ ਕੀ') ਪੜ੍ਹ ਕੇ ਲੋਕਾਂ ਇਹ ਖ਼ਿਆਲ ਬਣਾ ਲਿਆ ਕਿ ਫ਼ਰੀਦ ਜੀ ਨੇ ਰੋਟੀ ਖਾਣੀ ਛੱਡ ਦਿੱਤੀ ਸੀ, ਤੇ, ਜਦੋਂ ਭੁੱਖ ਬਹੁਤ ਸਤਾਂਦੀ ਸੀ ਤਾਂ ਪੱਲੇ ਬੱਧੀ ਹੋਈ ਇਕ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਝੱਟ ਲੰਘਾ ਲੈਂਦੇ ਸਨ। ਇਸੇ ਤਰ੍ਹਾਂ, ਮਲੂਮ ਹੁੰਦਾ ਹੈ ਕਿ, ਭਗਤ ਰਵਿਦਾਸ ਜੀ ਦੇ ਹੇਠ-ਲਿਖੇ ਸ਼ਬਦ ਨੂੰ ਨਾਹ ਸਮਝ ਕੇ ਇਹ ਕਹਾਣੀ ਬਣ ਗਈ ਕਿ ਰਵਿਦਾਸ ਜੀ ਠਾਕੁਰ ਜੀ ਦੀ ਪੂਜਾ ਵਿਚ ਮਸਤ ਹੋ ਕੇ ਕਿਰਤ-ਕਾਰ ਛੱਡ ਬੈਠੇ:

ਸੋਰਠਿ ਰਵਿਦਾਸ ਜੀ ॥ ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥1॥ਰਹਾਉ॥ ਅਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥1॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ ਗਾਂਠੇ ਜਾਇ ਪਹੂਚਾ ॥2॥ ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ ਨਾਹੀ ਕਾਮਾ ॥3॥7॥

ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ, ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿਚ ਇਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਹੈ। ਇੱਕ ਪਾਸੇ, ਉੱਚੀ ਜਾਤਿ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇਕ ਬੜੀ ਨੀਵੀਂ ਜਾਤਿ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ = ਇਹ ਇਕ ਅਜੀਬ ਜਿਹੀ ਖੇਡ ਬਨਾਰਸ ਵਿਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤਿ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੋਲ ਕਰਨੇ ਭੀ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ।

ਇਸ ਉੱਪਰ-ਦਿੱਤੇ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤਿ ਦਾ ਹੀ ਚਮਾਰ ਹਾਂ, ਪਰ ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਸ ਸਰੀਰ, ਮਾਨੋ, ਇਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹੋਣ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਲਗੇ ਰਹਿੰਦੇ ਹਨ, ਤੇ, ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ। ਜਿਵੇਂ ਚਮਾਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖ਼ੁਰਾਕਾਂ, ਪੁਸ਼ਾਕਾਂ ਅਤੇ ਦਵਾਈ ਆਦਿਕ ਦੇ ਕੇ ਗਾਂਢੇ-ਤੋਪੇ ਲਾਉਂਦਾ ਰਹਿੰਦਾ ਹੈ। ਸੋ, ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ। ਪਰ, ਰਵਿਦਾਸ ਜੀ ਆਖਦੇ ਹਨ, ਮੈਂ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ ਤੋਪੇ ਲਾਣੇ ਛੱਡ ਬੈਠਾ ਹਾਂ। ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿਚ ਹੀ ਨਹੀਂ ਰਹਿੰਦਾ; ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ ਧਰਮ ਬਣਾਇਆ ਹੈ। ਤਾਹੀਏਂ ਮੈਨੂੰ ਮੌਤ ਦਾ, ਸਰੀਰ ਦੇ ਨਾਸ ਹੋਣ ਦਾ, ਡਰ ਨਹੀਂ ਰਿਹਾ।

ਭਗਤ ਜੀ ਦੀ ਅਵਤਾਰ-ਪੂਜਾ:

ਭਗਤਾਂ ਦੀ ਬਾਣੀ ਵਿਚ ਕਿਸੇ ਅਵਤਾਰ ਆਦਿਕ ਦਾ ਨਾਮ ਵਰਤਿਆ ਵੇਖ ਕੇ ਇਹ ਨਤੀਜਾ ਕੱਢਣਾ ਭਾਰੀ ਭੁੱਲ ਹੋਵੇਗੀ ਕਿ ਫਲਾਣਾ ਭਗਤ ਫਲਾਣੇ ਅਵਤਾਰ ਦਾ ਉਪਾਸ਼ਕ ਸੀ। ਜੇ ਇਹੀ ਕਸਵੱਟੀ ਠੀਕ ਸਮਝੀ ਜਾਣੀ ਹੈ ਤਾਂ ਇਹੀ ਨਾਮ ਕਈ ਵਾਰੀ ਗੁਰੂ ਸਾਹਿਬਾਨ ਨੇ ਭੀ ਬਾਣੀ ਵਿਚ ਵਰਤੇ ਹਨ। ਆਸਾ ਦੀ ਵਾਰ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਅਸੀਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ, ਜਿੱਥੇ ਸਤਿਗੁਰੂ ਜੀ ਨੇ ਲਫ਼ਜ਼ 'ਕ੍ਰਿਸਨ' ਵਰਤਿਆ ਹੈ:

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਸਾਦੁ ਹੈ ਦਾਸੁ ਨਿਰੰਜਨ ਦੇਉ ॥ {ਪਉੜੀ 11

ਅਸਲ ਗੱਲ ਇਹ ਹੈ ਕਿ ਇਹ ਲਫ਼ਜ਼ ਰਾਮ, ਕ੍ਰਿਸ਼ਨ, ਮਾਧੋ, ਗੋਬਿੰਦ, ਹਰਿ, ਰਾਮਈਆ, ਦਮੋਦਰ, ਮੁਰਾਰਿ ਆਦਿਕ ਸਾਰੇ ਹੀ ਪਰਮਾਤਮਾ ਅਕਾਲ ਪੁਰਖ ਵਾਸਤੇ ਵਰਤੇ ਗਏ ਹਨ।

ਭਗਤ ਰਵਿਦਾਸ ਜੀ ਦੇ ਕੁੱਲ 40 ਸ਼ਬਦ ਹਨ, ਹੇਠ-ਲਿਖਿਆ ਸਿਰਫ਼ ਇੱਕ ਸ਼ਬਦ ਹੀ ਐਸਾ ਹੈ ਜਿਥੇ ਭਗਤ ਜੀ ਲਫ਼ਜ਼ 'ਰਾਜਾ ਰਾਮਚੰਦ' ਵਰਤਦੇ ਹਨ:

ਸੋਰਠਿ ॥ ਜਲ ਕੀ ਭੀਤਿ ਪਵਨ ਕਾ ਥੰਭਾ, ਰਕਤ ਬੁੰਦ ਕਾ ਗਾਰਾ ॥ ਹਾਡ ਮਾਸ ਨਾੜੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥1॥ ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ ਬਸੇਰਾ ॥1॥ਰਹਾਉ॥ ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ ਸੀਵਾਂ ॥2॥ ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥3॥ ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥4॥ ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ, ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥5॥6॥

ਇਸ ਸ਼ਬਦ ਵਿਚ ਸਾਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ ਜ਼ਿਕਰ ਹੈ ਕਿ ਇਹਨਾਂ ਨਾਸਵੰਤ ਪਦਾਰਥਾਂ ਵਿਚ ਮਮਤਾ ਬਣਾਣ ਦਾ ਕੋਈ ਲਾਭ ਨਹੀਂ। ਸਿਰਫ਼ ਅਖ਼ੀਰਲੀ ਤੁਕ ਵਿਚ ਅਰਦਾਸ ਹੈ ਕਿ ਇਸ ਮਮਤਾ ਤੋਂ ਬਚਣ ਲਈ, ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੇ ਰਵਿਦਾਸ ਜੀ ਅਵਤਾਰ ਸ੍ਰੀ ਰਾਮ ਚੰਦਰ ਦੇ ਉਪਾਸ਼ਕ ਹੁੰਦੇ, ਤਾਂ ਉਹ ਆਪਣੇ ਇਸ ਇਸ਼ਟ ਦਾ ਜ਼ਿਕਰ ਉਹਨਾਂ ਸ਼ਬਦਾਂ ਵਿਚ ਖ਼ਾਸ ਤੌਰ ਤੇ ਕਰਦੇ; ਜਿਨ੍ਹਾਂ ਵਿਚ ਉਹ ਨਿਰੋਲ ਅਰਦਾਸ ਹੀ ਕਰ ਰਹੇ ਹਨ, ਜਾਂ, ਜਿਨ੍ਹਾਂ ਵਿਚ ਆਪਣੇ ਇਸ਼ਟ ਦੇ ਗੁਣ ਗਾਏ ਹੋਏ ਹਨ। ਕਿਤੇ ਨਾ ਕਿਤੇ ਤਾਂ ਆਪਣੇ ਇਸ ਇਸ਼ਟ ਦੇ ਕਿਸੇ ਕਾਰਨਾਮੇ ਦਾ ਜ਼ਿਕਰ ਕਰਦੇ। ਪਰ, ਐਸਾ ਕੋਈ ਇੱਕ ਸ਼ਬਦ ਭੀ ਨਹੀਂ ਮਿਲਦਾ। ਭਗਤ ਰਵਿਦਾਸ ਜੀ ਨੇ ਇਥੇ ਲਫ਼ਜ਼ 'ਚੰਦ' ਉਸੇ ਤਰ੍ਹਾਂ ਵਰਤਿਆ ਹੈ ਜਿਵੇਂ ਭੱਟ ਨਲ੍ਯ੍ਯ ਨੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਵਿਚ ਸਵਈਏ ਉਚਾਰਨ ਵੇਲੇ। ਵੇਖੋ ਭੱਟ ਨਲ੍ਯ੍ਯ ਦਾ ਸਵਈਆ ਨੰ: 4:

'ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ' ॥

{ਇਸ ਦੀ ਵਿਆਖਿਆ ਵਾਸਤੇ ਪੜ੍ਹੋ ਭੱਟਾਂ ਦੇ ਸਵਈਆਂ ਦਾ ਟੀਕਾ। ਲਫ਼ਜ਼ 'ਚੰਦ' ਤੋਂ ਭਾਵ ਹੈ 'ਚੰਦ ਵਰਗਾ ਸੋਹਣਾ' ਚੰਦ ਵਾਂਗ ਠੰਡ ਦੇਣ ਵਾਲਾ, ਸੋਹਣਾ, ਸ਼ਾਂਤੀ ਦਾ ਪੁੰਜ}।

ਕਿਸੇ ਇੱਕ ਅਵਤਾਰ ਦਾ ਉਪਾਸ਼ਕ ਦੂਜੇ ਅਵਤਾਰ ਦੀ ਪੂਜਾ ਨਹੀਂ ਕਰ ਸਕਦਾ। ਪਰ ਰਵਿਦਾਸ ਜੀ ਨੇ ਤਾਂ ਲਫ਼ਜ਼ ਹਰਿ, ਰਾਜਾ ਰਾਮ, ਮਾਧੋ, ਮੁਰਾਰਿ ਆਦਿਕ ਵਰਤਣ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ। ਮਾਧੋ, ਮੁਰਾਰਿ ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਪ੍ਰਮਾਣ ਵਜੋਂ:

ਸੋਰਠਿ 1 ॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥
. . . . . . ਜੈਸਾ ਮਾਨੀਐ ਹੋਇ ਨ ਤੈਸਾ ॥1॥ਰਹਾਉ॥
ਸੋਰਠਿ 2 ॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥
. . . . . . ਅਬ ਕਹਾ ਕਰਹੁਗੇ ਐਸੀ ॥1॥ਰਹਾਉ॥
. . . .. … … …
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥
.. … … …
ਸੋਰਠਿ 3 ॥...ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥1॥
. . . . . . ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥
. . . . . . ਜਿਹ ਰਸ ਅਨਰਸ ਬੀਸਰਿ ਜਾਹੀ ॥1॥ਰਹਾਉ॥
ਸੋਰਠਿ 4 ॥ ਹਰਿ ਹਰਿ ਹਰਿ ਨ ਜਪਹਿ ਰਸਨਾ ॥
. . . . . ਅਵਰ ਸਭ ਤਿਆਗਿ ਬਚਨ ਰਚਨਾ ॥1॥ਰਹਾਉ॥
ਆਸਾ ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
. . . . . ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥1॥ਰਹਾਉ॥
ਧਨਾਸਰੀ 3 ॥ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
. . . . . . ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ ॥1॥ਰਹਾਉ॥
ਮਲਾਰ ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥
. . . . . . ਰਿਦੈ ਰਾਮ ਗੋਬਿੰਦ ਗੁਨ ਸਾਰੰ ॥1॥ਰਹਾਉ॥

ਮੁੱਕਦੀ ਗੱਲ, ਭਗਤ ਰਵਿਦਾਸ ਜੀ ਉਸ ਪ੍ਰਭੂ ਦੇ ਉਪਾਸ਼ਕ ਸਨ ਜਿਸ ਦੀ ਬਾਬਤ ਉਹ ਆਪ ਲਿਖਦੇ ਹਨ:

ਸੁਖ ਸਾਗਰੁ ਸੁਰ ਤਰ ਚਿੰਤਾ ਮਨਿ, ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ, ਨਵਨਿਧਿ ਕਰ ਤਲ ਤਾ ਕੇ ॥1॥ ਹਰਿ ਹਰਿ ਹਰਿ ਨਾ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥1॥ਰਹਾਉ॥ {ਸੋਰਠਿ 4

ਭਗਤ ਰਵਿਦਾਸ ਜੀ ਦੀ ਬਾਣੀ ਉਤੇ ਕੀਤੇ ਇਤਰਾਜ਼ਾਂ ਬਾਰੇ ਵਿਚਾਰ

(1) ਜਾਤਿ-ਪਾਤਿ ਦੇ ਪੱਕੇ ਸ਼ਰਧਾਲੂ:

ਭਗਤ-ਬਾਣੀ ਦੇ ਵਿਰੋਧੀ ਸੱਜਣ ਲਿਖਦੇ ਹਨ: "ਭਗਤ ਜੀ ਚਮਾਰ ਜਾਤੀ ਦੇ ਸਨ। ਭਗਤ ਜੀ ਦੀ ਬਾਣੀ ਤੋਂ ਭੀ ਇਹ ਸਾਬਤ ਹੁੰਦਾ ਹੈ। ਆਪ ਜੀ ਨੇ ਕਈ ਜਾਤਿ-ਅਭਿਮਾਨੀ ਪੰਡਿਤਾਂ ਨੂੰ ਨੀਚਾ ਦਿਖਾਇਆ, ਪਰ ਆਪ ਜ਼ਾਤ-ਪਾਤ ਤੋਂ ਅੱਡ ਨਾਹ ਹੋ ਸਕੇ। ਥਾਂ ਥਾਂ ਆਪਣੇ ਆਪ ਨੂੰ ਚਮਾਰ ਸੰਗਿਆ ਸੇ ਲਿਖਦੇ ਹਨ।

"ਆਪ ਜੀ ਦੀ ਰਚਨਾ ਦੇ 40 ਸ਼ਬਦ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਛਾਪੇ ਵਾਲੀ ਬੀੜ ਅੰਦਰ ਦੇਖੇ ਜਾਂਦੇ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਆਸ਼ਾ ਗੁਰਮਤਿ ਤੋਂ ਕਾਫ਼ੀ ਦੂਰ ਹੈ। ਸਿੱਧਾਂਤ ਦੀ ਪੁਸ਼ਟੀ ਵਾਸਤੇ ਕੁਝ-ਕੁ ਪ੍ਰਮਾਣ ਵਜੋਂ ਹਵਾਲੇ ਦਿੱਤੇ ਜਾਂਦੇ ਹਨ।

"ਭਗਤ ਜੀ ਜ਼ਾਤ-ਪਾਤ ਦੇ ਪੱਕੇ ਸ਼ਰਧਾਲੂ ਸਨ। ਥਾਂ ਥਾਂ ਆਪਣੇ ਆਪ ਨੂੰ ਚਮਾਰ ਸੰਗਿਆ ਦੁਆਰਾ ਲਿਖਦੇ ਹਨ ਅਤੇ ਆਪਣੀ ਜ਼ਾਤ ਨੂੰ ਬਹੁਤ ਨੀਵੀਂ (ਘਟੀਆ) ਕਰ ਕੇ ਪੁਕਾਰਦੇ ਹਨ। ਆਪ ਫ਼ੁਰਮਾਉਂਦੇ ਹਨ:

(ੳ) ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ, ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥ {ਸੋਰਠਿ

(ਅ) ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ ॥ {ਗਉੜੀ

(ੲ) ਪ੍ਰੇਮ ਭਗਤਿ ਕੇ ਕਾਰਣੈ ਕਹੁ ਰਵਿਦਾਸ ਚਮਾਰ ॥ {ਗਉੜੀ

(ਸ) ਮੇਰੀ ਜਾਤਿ ਕੁਟਬਾਂਡਲਾ ਢੋਰ ਢੋਵੰਤਾ ॥ {ਮਲਾਰ

"ਉਪ੍ਰੋਕਤ ਪ੍ਰਮਾਣਾਂ ਤੋਂ ਸਾਬਤ ਹੋਇਆ ਕਿ ਭਗਤ ਜੀ ਜਾਤ-ਪਾਤ ਦੇ ਪੂਰਨ ਕਾਇਲ ਸਨ। ਆਪਣੇ ਕਿੱਤੇ ਨੂੰ ਬਹੁਤ ਘਟੀਆ ਖ਼ਿਆਲ ਕਰਦੇ ਸਨ। ਪਰ ਗੁਰਮਤਿ ਅੰਦਰ ਜਾਤ-ਪਾਤ ਦਾ ਬਹੁਤ ਖੰਡਨ ਕੀਤਾ ਗਿਆ ਹੈ। ਕੁਝ ਪਰਮਾਣ ਦੇ ਕੇ ਸਿਧਾਂਤ ਦੀ ਸਿੱਧੀ ਕੀਤੀ ਜਾਂਦੀ ਹੈ।

(ੳ) ਅਗੈ ਜਾਤਿ ਨ ਪੂਛੀਐ, ਕਰਣੀ ਸਬਦੁ ਹੈ ਸਾਰੁ ॥

(ਅ) ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥ {ਆਸਾ ਮਹਲਾ 1

(ੲ) ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ ॥ {ਆਸਾ ਮਹਲਾ 3

ਸਾਫ਼ ਜ਼ਾਹਰ ਹੋਇਆ ਕਿ ਭਗਤ ਜੀ ਦੇ ਅਤੇ ਗੁਰੂ ਜੀ ਦੇ ਸਿੱਧਾਂਤ ਵਿਚ ਭਾਰੀ ਵਿਰੋਧ ਹੈ।

ਵਿਰੋਧੀ ਸੱਜਣ ਜੀ ਨੇ ਇਹੀ ਦੂਸ਼ਣ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਉੱਤੇ ਲਾਇਆ ਹੈ ਕਿ ਕਬੀਰ ਜੀ ਆਪਣੇ ਆਪ ਨੂੰ ਥਾਂ ਥਾਂ ਜੁਲਾਹਾ ਆਦਿ ਕਰ ਕੇ ਲਿਖਦੇ ਹਨ; ਅਤੇ ਨਾਮਦੇਵ ਜੀ ਆਪਣੀ ਜ਼ਾਤ ਨੂੰ ਨੀਵੀਂ ਜ਼ਾਤੀ ਸਮਝਦੇ ਸਨ।

ਵਾਹ! ਪੰਜਾਬੀ ਅਖਾਣ ਹੈ 'ਜਿਸ ਤਨ ਲੱਗੇ, ਸੋਈ ਜਾਣੇ'। ਜਿਹੜੇ ਬੰਦੇ ਸਦੀਆਂ ਤੋਂ ਜਾਤਿ-ਵਿਤਕਰੇ ਦੇ ਜ਼ੁਲਮ ਹੇਠ ਦੁੱਖ ਸਹਾਰਦੇ ਚਲੇ ਆ ਰਹੇ ਹਨ, ਉਹਨਾਂ ਨੂੰ ਪੁੱਛ ਕੇ ਵੇਖੋ ਜੁਲਾਹਾ ਛੀਂਬਾ ਚਮਾਰ ਆਦਿਕ ਅਖਵਾਣ ਵਿਚ ਜਾਂ ਆਪਣੇ ਆਪ ਨੂੰ ਆਖਣ ਵਿਚ ਉਹਨਾਂ ਨੂੰ ਕਿਤਨਾ ਕੁ ਹੁਲਾਰਾ ਆਉਂਦਾ ਹੈ। ਉੱਚੀ ਜਾਤਿ ਦਾ ਜ਼ਿਕਰ ਤਾਂ ਫ਼ਖ਼ਰ ਨਾਲ ਹੋ ਸਕਦਾ ਹੈ, ਨੀਚ ਜਾਤਿ ਦੇ ਜ਼ਿਕਰ ਵਿਚ ਕਾਹਦਾ ਮਾਣ? ਇਹ ਜ਼ਿਕਰ ਤਾਂ ਉੱਚੀ ਜਾਤਿ ਨੂੰ ਵੰਗਾਰਣ ਵਾਸਤੇ ਸੀ। ਵਿਰੋਧੀ ਸੱਜਣ ਜੀ ਨੇ ਮਲਾਰ ਰਾਗ ਵਿਚੋਂ ਜਿਹੜਾ ਪ੍ਰਮਾਣ (ਸ) ਦਿੱਤਾ ਹੈ, ਜੇ ਉਹ ਸਾਰਾ ਹੀ ਲਿਖ ਦੇਂਦੇ ਜਾਂ ਆਪ ਪੜ੍ਹ ਲੈਂਦੇ ਤਾਂ ਗੱਲ ਆਪੇ ਹੀ ਸਾਫ਼ ਹੋ ਜਾਂਦੀ।

ਅਗਾਂਹ ਚੱਲ ਕੇ ਵਿਰੋਧੀ ਸੱਜਣ ਜੀ ਜਾਤ-ਪਾਤ ਬਾਰੇ ਇਉਂ ਲਿਖਦੇ ਹਨ:

"ਅੰਮ੍ਰਿਤਧਾਰੀ ਖ਼ਾਲਸਾ ਜੋ ਜਾਤ-ਪਾਤ ਥੀਂ ਬਿਲਕੁਲ ਰਹਿਤ ਹੈ, ਉਹ ਤਾਂ ਖ਼ਾਲਸਾ ਦੀਵਾਨਾਂ ਵਿਚ ਕੀਰਤਨ ਦੁਆਰੇ ਪ੍ਰਚਾਰ ਕਰ ਕੇ ਨਸ਼ਰ ਹੋਵੇ ਕਿ:

'ਹੀਨੜੀ ਜਾਤਿ ਮੇਰੀ ਜਾਦਮਰਾਇਆ'
'ਕਹਿ ਰਵਿਦਾਸ ਚਮਾਰਾ'
'ਮੇਰੀ ਜਾਤਿ ਕਮੀਨੀ ਪਾਤਿ ਕਮੀਨੀ'
'ਮੈਂ ਕਾਸਿਕ ਜੁਲਹਾ'

ਕੀ ਅੰਮ੍ਰਿਤਧਾਰੀ ਜੁਲਾਹੇ ਚਮਾਰ ਹਨ?

ਵਿਰੋਧੀ ਸੱਜਣ ਜੀ ਦੇ ਅੰਦਰ ਜਾਤ-ਪਾਤ ਦੇ ਵਿਰੁੱਧ ਜੋ ਜਜ਼ਬਾ ਹੈ ਉਸ ਦੀ ਵਡਿਆਈ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ। ਪਰ ਇਹ ਜਜ਼ਬਾ ਇਕ-ਪਾਸੜ ਹੀ ਹੈ। ਨੀਵੀਂ ਜ਼ਾਤ ਤੋਂ ਹੀ ਨਫ਼ਰਤ ਹੈ ਤੇ ਇਸੇ ਨਫ਼ਰਤ ਦੇ ਵਿਰੁੱਧ ਕਬੀਰ ਜੀ, ਨਾਮਦੇਵ ਜੀ ਤੇ ਰਵਿਦਾਸ ਜੀ ਪੁਕਾਰ ਪੁਕਾਰ ਕੇ ਜਾਤਿ-ਅਭਿਮਾਨੀਆਂ ਨੂੰ ਵੰਗਾਰਦੇ ਗਏ ਹਨ।

ਸੱਜਣ ਜੀ! ਖ਼ਾਲਸੇ ਨੇ ਜੁਲਾਹ ਚਮਾਰ ਨਹੀਂ ਬਣਨਾ, ਪਰ ਦੇਸ ਵਿਚੋਂ ਇਹ ਜਾਤੀ-ਵਿਤਕਰਾ ਦੂਰ ਕਰਨਾ ਹੈ। ਭਗਤਾਂ ਦੀ ਰਾਹੀਂ ਖ਼ਾਲਸੇ ਅੱਗੇ ਇਹ ਕ੍ਰੋੜਾਂ ਬੰਦਿਆਂ ਦੀ ਅਪੀਲ ਹੈ, ਇਸ ਨੂੰ ਮੁੜ ਮੁੜ ਪੜ੍ਹੋ, ਉਹਨਾਂ ਦੇ ਦੁੱਖ ਦੇ ਭਾਈਵਾਲ ਬਣੋ, ਤੇ, ਭਾਈਚਾਰਕ ਜੀਵਨ ਵਿਚ ਉਹਨਾਂ ਨੂੰ ਉੱਚਾ ਕਰੋ। ਸਿੱਧਾਂ ਵਾਂਗ ਖ਼ਾਲਸਾ ਆਪ ਪਰਬਤਾਂ ਉਤੇ ਨਾਹ ਜਾ ਚੜ੍ਹੇ, ਉਹਨਾਂ ਦੁੱਖੀਆਂ ਦੀ ਭੀ ਸਾਰ ਰੱਖੇ।

(2) ਅਵਤਾਰ-ਭਗਤੀ:

ਵਿਰੋਧੀ ਸੱਜਣ ਜੀ ਲਿਖਦੇ ਹਨ– "ਭਗਤ ਜੀ ਇਕ ਅਕਾਲ ਪੁਰਖ ਨੂੰ ਛੱਡ ਕੇ ਰਾਜਾ ਰਾਮ ਚੰਦ ਆਦਿ ਦੇਹ-ਧਾਰੀ ਬੰਦਿਆਂ ਦੇ ਪੁਜਾਰੀ ਸਨ ਤੇ ਉਹਨਾਂ ਨੂੰ ਰੱਬ-ਰੂਪ ਸਮਝ ਕੇ ਪੂਜਦੇ ਸਨ। ਮਿਸਾਲ ਦੇ ਤੌਰ ਤੇ ਕੁਝ ਹਵਾਲੇ ਦਿੱਤੇ ਜਾਂਦੇ ਹਨ:

(ੳ) ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥ {ਆਸਾ

(ਅ) ਬਿਨੁ ਰਘੁਨਾਥ (ਰਾਜਾ ਰਾਮਚੰਦਰ) ਸਰਨ ਕਾ ਕੀ ਲੀਜੈ ॥ {ਜੈਤਸਰੀ

(ੲ) ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥ {ਸੋਰਠਿ

"ਉਤੇ ਆ ਚੁਕੇ ਸ਼ਬਦਾਂ ਤੋਂ ਸਾਬਤ ਹੈ ਕਿ ਭਗਤ ਜੀ ਅਕਾਲ ਪੁਰਖ ਦੇ ਅਸਲ ਰੂਪ ਨੂੰ ਛੱਡ ਕੇ ਰਾਜਾ ਰਾਮ ਚੰਦ ਦੇ ਪੁਜਾਰੀ ਸਨ। ਪਰ ਗੁਰਮਤਿ ਦੇ ਅੰਦਰ ਅਵਤਾਰ-ਪੂਜਾ ਦਾ ਸਖ਼ਤ ਖੰਡਨ ਹੈ।

"ਸਾਬਤ ਹੋਇਆ ਕਿ ਜਿੱਥੇ ਭਗਤ ਜੀ ਰਾਜਾ ਰਾਮ ਚੰਦਰ ਜੀ ਦੇ ਪੁਜਾਰੀ ਹਨ, ਓਥੇ ਗੁਰੂ ਸਾਹਿਬਾਨ ਅਵਤਾਰ-ਪ੍ਰਸਤੀ ਦੇ ਸਖ਼ਤ ਵਿਰੋਧੀ ਹਨ। ਭਾਵ, ਭਗਤ ਜੀ ਦਾ ਮਤ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। "

ਇਸ ਮਜ਼ਮੂਨ ਉੱਤੇ ਪਿਛਲੇ "ਭਗਤ ਰਵਿਦਾਸ ਜੀ ਦਾ ਇਸ਼ਟ" ਵਿਚ ਭੀ ਖੁਲ੍ਹੀ ਵਿਚਾਰ ਕੀਤੀ ਜਾ ਚੁਕੀ ਹੈ।

ਰਵਿਦਾਸ ਜੀ ਨੇ ਆਪਣੇ 40 ਸ਼ਬਦਾਂ ਵਿਚ ਅਵਤਾਰੀ ਨਾਮ ਹੇਠ-ਲਿਖੇ ਅਨੁਸਾਰ ਵਰਤੇ ਹਨ:

(1) ਰਾਮ, ਰਾਜਾ ਰਾਮ . . . . . . . 21 ਵਾਰੀ
. . ਰਾਜਾ ਰਾਮ ਚੰਦ . . . . . . . . . 1 ਵਾਰੀ
. . ਰਘੁਨਾਥ . . . . . . . . . . . . . . .1 ਵਾਰੀ

(2) ਹਰਿ . . . . . . . . . . . . . . . 24 ਵਾਰੀ

(ਨੋਟ: ਲਫ਼ਜ਼ 'ਹਰਿ' ਸੰਸਕ੍ਰਿਤ ਕੋਸ਼ਾਂ ਵਿਚ ਵਿਸ਼ਨੂੰ, ਇੰਦਰ, ਸ਼ਿਵ, ਬ੍ਰਹਮਾ ਅਤੇ ਜਮਰਾਜ ਵਾਸਤੇ ਵਰਤਿਆ ਹੋਇਆ ਹੈ)।

(3) ਮਾਧਵ . . . . . . . . . . . . . . .8 ਵਾਰੀ
. . ਮੁਰਾਰਿ . . . . . . . . . . . . . . .2 ਵਾਰੀ
. . ਮੁਕੰਦ . . . . . . . . . . . . . . .14 ਵਾਰੀ
. . ਗੋਬਿੰਦ . . . . . . . . . . . . . . .4 ਵਾਰੀ
. . ਜੋੜ . . . . . . . . . . . . . . . . . 28

ਨੋਟ: ਇਹ ਚਾਰੇ ਕ੍ਰਿਸ਼ਨ ਜੀ ਦੇ ਨਾਮ ਹਨ।

(4) ਦੇਵ . . . . . . . . . . . . . . .3 ਵਾਰੀ
. . ਅਨੰਤ . . . . . . . . . . . . . . . 1 ਵਾਰੀ
. . ਕਰਤਾ . . . . . . . . . . . . . . .1 ਵਾਰੀ
. . ਨਿਰੰਜਨ . . . . . . . . . . . . . 1 ਵਾਰੀ
. . ਜੋੜ . . . . . . . . . . . . . . . . 10
. . ਸਤਿਨਾਮੁ . . . . . . . . . . . . . 1 ਵਾਰੀ
. . ਪ੍ਰਭ . . . . . . . . . . . . . . . . .2 ਵਾਰੀ
. . ਨਾਰਾਇਨ . . . . . . . . . . . . . .1 ਵਾਰੀ

ਪਰ ਇਹ ਸਾਰੇ ਹੀ ਨਾਮ ਸਤਿਗੁਰੂ ਜੀ ਦੀ ਆਪਣੀ ਬਾਣੀ ਵਿਚ ਸੈਂਕੜੇ ਵਾਰੀ ਵਰਤੇ ਮਿਲਦੇ ਹਨ। ਲਫ਼ਜ਼ 'ਰਾਜਾ ਰਾਮ' ਤਾਂ ਬੜੇ ਅਨੋਖੇ ਢੰਗ ਵਿਚ ਲਿਖਿਆ ਮਿਲਦਾ ਹੈ। ਵੇਖੋ:

ਸੂਹੀ ਛੰਤ ਮਹਲਾ 4 ॥ ਸਾਧਨ ਆਸਾ ਚਿਤਿ ਕਰੇ ਰਾਮ ਰਾਜਿਆ, ਹਰਿ ਪ੍ਰਭ ਸੇਜੜੀਐ ਆਈ ॥ ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ, ਕਰਿ ਕਿਰਪਾ ਲੇਹੁ ਮਿਲਾਈ ॥ ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ, ਹਰਿ ਸਰਧਾ ਸੇਜ ਵਿਛਾਈ ॥ ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ, ਮਿਲਿਆ ਸਹਜਿ ਸੁਭਾਈ ॥3॥ {ਪੰਨਾ 776}

ਅਗਲਾ ਬੰਦ ਭੀ ਪੜ੍ਹੋ।

ਸਾਰੇ ਹੀ ਅਵਤਾਰੀ ਨਾਮ ਪਰਮਾਤਮਾ ਦੇ ਅਰਥ ਵਿਚ ਵਰਤੇ ਹੋਏ ਹਨ।

ਵਿਰੋਧੀ ਸੱਜਣ ਜੀ ਤਾਂ ਲਿਖਦੇ ਹਨ: 'ਭਗਤ ਜੀ ਦਾ ਮਤ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ'।

ਪਰ ਵੇਖੋ, ਸਤਿਗੁਰੂ ਜੀ ਦੀ ਆਪਣੀ ਰਾਇ ਕੀਹ ਹੈ:

ਸੂਹੀ ਮਹਲਾ 4 ਘਰੁ 6॥ ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ ॥1॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ, ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥1॥ਰਹਾਉ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ, ਚਾਰਿ ਵਰਨ ਪਏ ਪਗਿ ਆਇ ॥2॥ {ਪੰਨਾ 733}

ਗੁਰੂ ਰਾਮਦਾਸ ਸਾਹਿਬ ਦੀਆਂ ਨਜ਼ਰਾਂ ਵਿਚ ਤਾਂ ਭਗਤ ਰਵਿਦਾਸ ਪਰਮਾਤਮਾ ਦਾ ਭਗਤ ਸੀ।

ਪਰ ਇਥੇ ਤਾਂ ਸਤਿਗੁਰੂ ਜੀ ਨੇ ਭੀ ਲਫ਼ਜ਼ 'ਚਮਾਰ' ਵਰਤਿਆ ਹੈ। ਕੀ ਵਿਰੋਧੀ ਸੱਜਣ ਜੀ ਸਤਿਗੁਰੂ ਜੀ ਨੂੰ ਭੀ 'ਜਾਤਿ ਪਾਤਿ ਦੇ ਸ਼ਰਧਾਲੂ' ਸਮਝ ਲੈਣਗੇ? ਹੋਰ ਵੇਖੋ:

ਸਿਰੀ ਰਾਗੁ ਮ: 3 ਅਸਟਪਦੀਆ ॥ ਨਾਮਾ ਛੀਬਾ, ਕਬੀਰੁ ਜੋੁਲਾਹਾ, ਪੂਰੇ ਗੁਰ ਤੇ ਗਤਿ ਪਾਈ। ਬ੍ਰਹਮ ਕੇ ਬੇਤੇ ਸਬਦੁ ਪਛਾਣਹਿ, ਹਉਮੈ ਜਾਤਿ ਗਵਾਈ ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ ॥3॥5॥22॥ {ਪੰਨਾ 67}

ਪਰ, ਵਿਰੋਧੀ ਸੱਜਣ ਜੀ ਤਾਂ ਇਹਨਾਂ ਭਗਤਾਂ ਦੀ ਬਾਣੀ ਨੂੰ ਗੁਰਮਤਿ ਦੇ ਵਿਰੁੱਧ ਕਹਿ ਰਹੇ ਹਨ।

(3) (ੳ) "ਹੋਰ ਸਿੱਧਾਂਤਕ ਮਤ-ਭੇਦ" ਦੇ ਸਿਰ-ਲੇਖ ਹੇਠ ਵਿਰੋਧੀ ਸੱਜਣ ਜੀ ਭਗਤ ਰਵਿਦਾਸ ਜੀ ਦਾ ਆਸਾ ਰਾਗ ਦਾ ਪੰਜਵਾਂ ਸ਼ਬਦ ("ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ...") ਦੇ ਕੇ ਲਿਖਦੇ ਹਨ– "ਪੱਥਰ-ਪੂਜਾ ਦੀ ਪੁਸ਼ਟੀ ਕਰਨਾ ਗੁਰਮਤਿ ਵਿਰੁੱਧ ਹੈ। "

ਇਹ ਤਾਂ ਬਿਲਕੁਲ ਠੀਕ ਹੈ। ਪਰ ਸੱਜਣ ਜੀ! ਇਸ ਸ਼ਬਦ ਵਿਚ ਤੁਹਾਨੂੰ 'ਪੱਥਰ-ਪੂਜਾ ਦੀ ਪੁਸ਼ਟੀ' ਕਿੱਥੋਂ ਦਿੱਸ ਰਹੀ ਹੈ? 'ਰਹਾਉ' ਦੀਆਂ ਤੁਕਾਂ ਨੂੰ ਰਤਾ ਗਹੁ ਨਾਲ ਪੜ੍ਹੋ!

ਪਾਠਕ ਸੱਜਣ ਇਸ ਸ਼ਬਦ ਦੇ ਅਰਥ ਟੀਕੇ ਵਿਚ ਪੜ੍ਹਨ।

(ਅ) ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ ਸੀਵਾਂ ॥ {ਸੋਰਠਿ ਰਵਿਦਾਸ ਜੀ

ਇਹ ਤੁਕਾਂ ਦੇ ਕੇ ਵਿਰੋਧੀ ਸੱਜਣ ਜੀ ਲਿਖਦੇ ਹਨ– "ਇਸ ਤੋਂ ਕਬਰ ਦਾ ਸਿੱਧਾਂਤ ਸਾਬਤ ਹੁੰਦਾ ਹੈ। ਪਰ ਗੁਰਮਤਿ ਅੰਦਰ ਕਬਰਾਂ ਦਾ ਖੰਡਨ ਹੈ। ਗੁਰਮਤਿ ਵਿਖੇ ਦਬਾਉਣ ਜਾਂ ਸਾੜਨ ਦੇ ਵਹਿਮ ਹੀ ਨਹੀਂ ਹਨ। "

ਸੱਜਣ ਜੀ! ਜੇ ਗੁਰਮਤਿ ਵਿਚ ਸਾੜਨ ਦੱਬਣ ਵਾਲਾ ਵਹਿਮ ਹੀ ਨਹੀਂ ਹੈ, ਤਾਂ 'ਕਬਰਾਂ ਦਾ ਖੰਡਨ' ਕਿਵੇਂ ਹੋ ਗਿਆ? ਤੇ, ਉਪਰਲੀਆਂ ਤੁਕਾਂ ਵਿਚੋਂ 'ਕਬਰ ਦਾ ਸਿਧਾਂਤ' ਕਿਵੇਂ ਸਾਬਤ ਕਰ ਲਿਆ ਜੇ? ਅਗਲਾ ਬੰਦ ਭੀ ਰਤਾ ਪੜ੍ਹ ਵੇਖਣਾ ਸੀ:

ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥3॥

ਰਵਿਦਾਸ ਜੀ ਤਾਂ ਸਾਧਾਰਨ ਜਿਹੀ ਗੱਲ ਕਹਿ ਰਹੇ ਹਨ ਕਿ ਵੱਡੀਆਂ ਵੱਡੀਆਂ ਮਹਲ-ਮਾੜੀਆਂ ਵਾਲੇ ਭੀ ਹਰ ਰੋਜ਼ ਆਪਣੇ ਸਰੀਰ ਵਾਸਤੇ (ਸੌਣ ਵੇਲੇ) ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਵਰਤਦੇ ਹਨ।

ਵਿਰੋਧੀ ਸੱਜਣ ਜੀ ਫੁਟ-ਨੋਟ ਵਿਚ ਲਿਖਦੇ ਹਨ– 'ਚਮਾਰ ਮੁਸਲਮਾਨਾਂ ਦੀ ਤਰ੍ਹਾਂ ਤਰ੍ਹਾਂ ਆਪਣੇ ਮੁਰਦੇ ਧਰਤੀ ਵਿਚ ਦਬਾਉਂਦੇ ਹਨ'। ਇਹ ਉਹਨਾਂ ਨੂੰ ਗ਼ਲਤ ਖ਼ਬਰ ਮਿਲੀ ਹੈ। ਨਿਯਮਕ ਤੌਰ ਤੇ ਤਾਂ ਉਹ ਮੁਰਦੇ ਸਾੜਦੇ ਹੀ ਹਨ। ਪਰ ਜਿਹੜੇ ਗ਼ਰੀਬ ਰੋਟੀਓਂ ਭੀ ਆਤੁਰ ਹੋ ਜਾਣ, ਉਹ ਸਸਤਾ ਰਾਹ ਹੀ ਫੜਨਗੇ। ਤੇ, ਇਸ ਵਿਚ ਕੋਈ ਭੈੜ ਭੀ ਨਹੀਂ।

ਨੋਟ: ਪਾਠਕ ਸੱਜਣ ਇਸ ਸਾਰੇ ਸ਼ਬਦ ਦਾ ਅਰਥ ਟੀਕੇ ਵਿਚ ਪੜ੍ਹਨ। ਅਰਥ ਵਿਚ ਮਤ-ਭੇਦ ਹੋ ਸਕਦਾ ਹੈ। ਜੇ ਬੰਦ ਨੰ: 2 ਵਿਚ ਕਬਰ ਵਲ ਹੀ ਇਸ਼ਾਰਾ ਹੈ, ਤਾਂ ਬੰਦ ਨੰ: 3 ਵਿਚ ਮਸਾਣਾਂ ਵਲ ਹੈ, ਸੋ, ਹਿੰਦੂ ਮੁਸਲਮਾਨ ਦੋਹਾਂ ਨੂੰ ਹੀ ਉਪਦੇਸ਼ ਸਮਝ ਲਵੋ।

(ੲ) ਪੁਰਸਲਾਤ ਕਾ ਪੰਥੁ ਦੁਹੇਲਾ। {ਸੂਹੀ ਰਵਿਦਾਸ ਜੀ

ਇਹ ਤੁਕ ਦੇ ਕੇ ਵਿਰੋਧੀ ਸੱਜਣ ਜੀ ਲਿਖਦੇ ਹਨ– 'ਇਹ ਇਸਲਾਮੀ ਖ਼ਿਆਲ ਹੈ। ਮੁਸਲਮਾਨ ਮੰਨਦੇ ਹਨ ਕਿ ਪੁਰਸਲਾਤ ਇਕ ਸੜਕ ਹੈ, ਜਿਸ ਨੂੰ ਅਬੂਰ ਕਰਨਾ ਪੈਂਦਾ ਹੈ। ਪਰ ਗੁਰਮਤਿ ਅਨੁਸਾਰ ਆਵਾਗਵਨ ਦਾ ਮਸਲਾ ਪਰਵਾਨ ਹੈ। ਇਥੇ ਭੀ ਭਗਤ ਜੀ ਦਾ ਮਤ ਅਤੇ ਸਤਿਗੁਰੂ ਸਾਹਿਬਾਨ ਦਾ ਸਿਧਾਂਤ ਟੱਕਰ ਖਾਂਦਾ ਹੈ। ਇਸ ਤਰ੍ਹਾਂ ਰਵਿਦਾਸ-ਮਤ ਗੁਰਮਤਿ-ਕਸੌਟੀ ਲਾਉਣ ਪਰ ਪੂਰਨ ਨਹੀਂ ਉਤਰਦਾ। '

ਨਿਰੇ ਇਕ ਲਫ਼ਜ਼ ਨੂੰ ਲੈ ਕੇ ਨਤੀਜਾ ਕੱਢ ਲੈਣਾ ਗ਼ਲਤ ਰਸਤਾ ਹੈ। ਇਸ ਸਾਰੇ ਸ਼ਬਦ ਵਿਚ ਉਘੜਵਾਂ ਮੁਸਲਮਾਨੀ ਲਫ਼ਜ਼ ਸਿਰਫ਼ 'ਪੁਰਸਲਾਤ' ਹੀ ਹੈ। ਲਫ਼ਜ਼ 'ਜਬਾਬੁ' ਅਤੇ 'ਦਰਦਵੰਦੁ' ਸਾਧਾਰਨ ਜਿਹੇ ਹੀ ਹਨ। ਸ਼ਬਦ ਦੇ ਬਾਕੀ ਸਾਰੇ ਲਫ਼ਜ਼ ਹੇਂਦਕੇ ਹਨ। ਹੇਂਦਕੇ ਲਫ਼ਜ਼ਾਂ ਦੀ ਰਾਹੀਂ ਕਿਸੇ ਇਸਲਾਮੀ ਖ਼ਿਆਲ ਦਾ ਪਰਚਾਰ ਇਕ ਹਾਸੋ-ਹੀਣੀ ਮਿਥ ਹੈ। ਗਹੁ ਨਾਲ ਪੜ੍ਹ ਕੇ ਵੇਖੋ। ਇਸ ਸ਼ਬਦ ਵਿਚ 'ਸੁਹਾਗਣਿ' ਅਤੇ 'ਦੁਹਾਗਣਿ' ਦੇ ਜੀਵਨ ਦਾ ਟਾਕਰਾ ਕੀਤਾ ਹੋਇਆ ਹੈ। 'ਦੁਹਾਗਣਿ' ਦੇ ਜੀਵਨ-ਸਫ਼ਰ ਦਾ ਜ਼ਿਕਰ ਕਰਦਿਆਂ ਭਗਤ ਜੀ ਕਹਿੰਦੇ ਹਨ ਕਿ ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦਾ ਜੀਵਨ ਪੰਧ ਇਉਂ ਹੀ 'ਦੁਹੇਲਾ' ਤੇ ਔਖਾ ਹੈ ਜਿਵੇਂ ਮੁਸਲਮਾਨ 'ਪੁਰਸਲਾਤ' ਦੇ ਰਸਤੇ ਨੂੰ ਔਖਾ ਮੰਨਦੇ ਹਨ। ਬੱਸ! ਨਿਰੇ ਲਫ਼ਜ਼ਾਂ ਵਲ ਨਾਹ ਜਾਓ, ਭਾਰੀ ਗ਼ਲਤੀ ਲੱਗਣ ਦਾ ਡਰ ਹੈ। ਵੇਖੋ:

ਮਾਰੂ ਮਹਲਾ 5 ਘਰੁ 8 ਅੰਜੁਲੀਆ ॥ ਪਾਪ ਕਰੇਦੜ ਸਰਪਰ ਮੁਠੇ ॥ ਅਜਰਾਈਲਿ ਫੜੇ ਫੜਿ ਕੁਠੇ ॥ ਦੋਜਕਿ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆ ॥2॥2॥8॥ {ਪੰਨਾ 1019-20}

ਭਗਤ ਧੰਨਾ ਜੀ ਅਤੇ ਠਾਕੁਰ-ਪੂਜਾ

ਮੈਕਾਲਿਫ਼ ਅਨੁਸਾਰ:

ਮੈਕਾਲਿਫ਼ ਨੇ ਭਗਤ ਧੰਨਾ ਜੀ ਦੇ ਜੀਵਨ ਬਾਰੇ ਇਉਂ ਲਿਖਿਆ ਹੈ– ਰਾਜਪੂਤਾਨੇ ਵਿਚ ਦਿਉਲੀ ਛਾਵਣੀ ਤੋਂ 20 ਮੀਲ ਦੀ ਵਿੱਥ ਤੇ ਟਾਂਕ ਦੇ ਇਲਾਕੇ ਵਿਚ ਇਕ ਪਿੰਡ ਹੈ ਜਿਸ ਦਾ ਨਾਮ ਧੁਆਨ ਹੈ। ਇਥੇ ਇਕ ਜੱਟ ਘਰਾਣੇ ਵਿਚ ਧੰਨਾ ਜੀ ਸੰਨ 1415 ਵਿਚ ਪੈਦਾ ਹੋਏ। ਛੋਟੀ ਉਮਰ ਤੋਂ ਹੀ ਧੰਨਾ ਧਾਰਮਿਕ ਲਗਨ ਵਾਲਾ ਸੀ। ਇਕ ਦਿਨ ਧੰਨੇ ਦੇ ਘਰ ਦਾ ਪ੍ਰੋਹਿਤ ਪੂਜਾ ਕਰਨ ਲਈ ਇਹਨਾਂ ਦੇ ਘਰ ਆਇਆ। ਪੂਜਾ ਦੀ ਸਾਰੀ ਰਸਮ ਧੰਨੇ ਨੇ ਭੀ ਵੇਖੀ, ਤੇ ਆਖ਼ਰ ਪੰਡਿਤ ਪਾਸੋਂ ਉਸ ਨੇ ਇਕ ਠਾਕੁਰ ਮੰਗਿਆ। ਪਹਿਲਾਂ ਤਾਂ ਪੰਡਿਤ ਟਾਲਦਾ ਰਿਹਾ, ਪਰ ਧੰਨੇ ਦਾ ਹਠ ਵੇਖ ਕੇ ਉਸ ਨੇ ਅੰਤ ਇਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਉਸ ਨੂੰ ਪੂਜਣ ਲਈ ਦੇ ਦਿੱਤਾ। ਧੰਨੇ ਨੇ ਬੜੀ ਸਰਧਾ ਨਾਲ ਉਸ ਠਾਕੁਰ ਦੀ ਪੂਜਾ ਸ਼ੁਰੂ ਕੀਤੀ, ਉਸ ਦੀ ਦ੍ਰਿੜਤਾ ਸੁਣ ਕੇ ਪੰਡਿਤ ਕਦੇ ਕਦੇ ਆ ਕੇ ਪੂਜਾ ਭਗਤੀ ਦਾ ਰਾਹ ਦੱਸਦਾ ਰਿਹਾ, ਤੇ ਆਖ਼ਰ ਇਸ ਠਾਕੁਰ-ਪੂਜਾ ਵਿਚੋਂ ਧੰਨੇ ਨੂੰ ਰੱਬ ਲੱਭ ਪਿਆ। ਧੰਨੇ ਦੀ ਰਾਹੀਂ, ਫਿਰ ਉਸ ਪੰਡਿਤ ਦਾ ਭੀ ਲੋਕ ਪਰਲੋਕ ਸੰਵਰ ਗਿਆ।

ਕੁਝ ਚਿਰ ਪਿਛੋਂ ਧੰਨੇ ਨੂੰ ਅੰਦਰੋਂ ਆਕਾਸ਼-ਬਾਣੀ ਹੋਈ ਜਿਸ ਦੇ ਅਨੁਸਾਰ ਉਸ ਨੇ ਬਨਾਰਸ ਜਾ ਕੇ ਰਾਮਾਨੰਦ ਜੀ ਨੂੰ ਗੁਰੂ ਧਾਰਿਆ।

ਕਿਤਨੀ ਉਮਰ ਤੇ ਅੱਪੜ ਕੇ ਭਗਤ ਜੀ ਦਾ ਦੇਹਾਂਤ ਹੋਇਆ = ਇਸ ਸੰਬੰਧੀ ਕੋਈ ਜ਼ਿਕਰ ਨਹੀਂ ਮਿਲਦਾ। ਸਿਰਫ਼ ਇਕ ਦੋ ਕਰਾਮਾਤਾਂ ਦਾ ਹੀ ਹਾਲ ਦਿੱਤਾ ਗਿਆ ਹੈ।

ਭਗਤ ਜੀ ਦੇ ਤਿੰਨ ਸ਼ਬਦ

ਭਗਤ ਧੰਨਾ ਜੀ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ:

ਰਾਗ ਆਸਾ ਵਿਚ = ਦੋ ਸ਼ਬਦ, ਨੰ: 1 ਅਤੇ 3।

ਧਨਾਸਰੀ ਵਿਚ = ਇਕ ਸ਼ਬਦ।

ਪ੍ਰਚਲਤ ਹੋ ਚੁਕੀ ਕਹਾਣੀ ਅਨੁਸਾਰ

ਭਗਤ ਧੰਨਾ ਜੀ ਦੀ ਠਾਕੁਰ-ਪੂਜਾ ਬਾਰੇ ਉਸ ਵਕਤ ਤਕ ਪ੍ਰਚਲਤ ਹੋ ਚੁਕੀ ਕਹਾਣੀ ਅਨੁਸਾਰ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਵਿਚ ਇਉਂ ਲਿਖਿਆ ਹੈ:

ਬਾਮ੍ਹਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣਿ ਆਵੈ ॥ ਧੰਨੈ ਡਿਠਾ ਚਲਿਤੁ ਏਹੁ, ਪੂਛੈ, ਬਾਮ੍ਹਣੁ ਆਖਿ ਸੁਣਾਵੈ ॥ ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ ॥ ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇਕੁ, ਜੇ ਤੁਧੁ ਭਾਵੈ ॥ ਪਥਰੁ ਇਕੁ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ ॥ ਠਾਕੁਰ ਨੋ ਨ੍ਹਾਵਾਲਿ ਕੈ, ਛਾਹ ਰੋਟੀ ਲੈ ਭੋਗੁ ਚੜ੍ਹਾਵੈ ॥ ਹੱਥ ਜੋੜਿ ਮਿੰਨਤਿ ਕਰੈ ਪੈਰੀਂ ਪੈ ਪੈ ਬਹੁਤੁ ਮਨਾਵੈ ॥ ਹਉਂ ਭੀ ਮੁਹੁ ਨ ਜੁਠਾਲਸਾਂ, ਤੂੰ ਰੁਠਾ ਮੈਂ ਕਿਹੁ ਨਾ ਸੁਖਾਵੈ ॥ ਗੋਸਾਈਂ ਪਰਤੱਖਿ ਹੋਇ, ਰੋਟੀ ਖਾਇ ਛਾਹ ਮੁਹਿ ਲਾਵੈ ॥ ਭੋਲਾ ਭਾਉ ਗੋਬਿੰਦੁ ਮਿਲਾਵੈ ॥

ਇਸ ਤੋਂ ਗ਼ਲਤ ਨਤੀਜਾ:

ਇਸ ਤੋਂ ਇਹ ਨਤੀਜਾ ਕੱਢਿਆ ਜਾ ਰਿਹਾ ਹੈ ਕਿ ਧੰਨੇ 'ਭੋਲਾ ਭਾਉ' ਵਰਤ ਕੇ ਪੂਜਾ ਕੀਤੀ, ਤੇ ਇਸ ਠਾਕੁਰ ਪੂਜਾ ਦੀ ਬਰਕਤਿ ਨਾਲ ਭਗਤ ਜੀ ਨੂੰ ਸਾਖਿਆਤ ਗੋਸਾਈਂ ਗੋਬਿੰਦ ਮਿਲ ਪਿਆ।

ਕੁਦਰਤਿ ਦਾ ਜੋ ਨਿਯਮ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਠੀਕ ਸੀ, ਉਹ ਅੱਜ ਭੀ ਠੀਕ ਹੀ ਹੈ, ਤੇ ਜਦ ਤਕ ਦੁਨੀਆ ਕਾਇਮ ਹੈ ਇਹ ਨਿਯਮ ਸਦਾ ਠੀਕ ਰਹੇਗਾ। ਜਿਨ੍ਹਾਂ ਲੋਕਾਂ ਨੂੰ ਠਾਕੁਰ-ਪੂਜਾ ਵਿਚੋਂ ਨਹੀਂ ਮਿਲਿਆ, ਉਹਨਾਂ ਦਾ ਆਪਣਾ ਹੀ ਕਸੂਰ ਹੋਵੇਗਾ ਉਹਨਾਂ ਸ਼ਾਇਦ 'ਭੋਲਾ ਭਾਉ' ਪੂਰਨ ਮਰਯਾਦਾ ਨਾਲ ਨਹੀਂ ਵਰਤਿਆ ਹੋਵੇਗਾ। ਖ਼ਬਰੇ ਤਾਹੀਏਂ ਇਕ ਉੱਘੇ ਵਿਦਵਾਨ ਸਿੱਖ ਨੇ ਇਉਂ ਲਿਖਿਆ ਹੈ:

'ਮੂਰਤੀਆਂ ਦਵਾਰਾ ਧਿਆਨ ਪਕਾ ਕੇ ਫਿਰ ਨਿਰਾਕਾਰ ਵਿਚ ਜਾਣਾ ਇਹ ਗ਼ਲਤ ਤਰੀਕੇ ਨਹੀਂ। '

ਬਾਣੀ ਵਿਚ ਨਿਖੇਧੀ:

ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਗੁਰੂ ਜੀ ਵਲੋਂ ਕਿਤੇ ਭੀ ਅਜੇਹੀ ਹਿਦਾਇਤ ਨਹੀਂ ਮਿਲਦੀ, ਜਿਥੋਂ ਇਹ ਅੰਦਾਜ਼ਾ ਲਾਇਆ ਜਾ ਸਕੇ ਕਿ ਮੂਰਤੀ-ਪੂਜਾ ਨੂੰ ਸਤਿਗੁਰੂ ਜੀ ਠੀਕ ਰਸਤਾ ਮੰਨਦੇ ਹਨ, ਜਾਂ, ਘੱਟ ਤੋਂ ਘਟ 'ਗ਼ਲਤ ਤਰੀਕਾ' ਨਹੀਂ ਆਖਦੇ ਹਨ। ਪਾਹਨ-ਪੂਜ ਨੂੰ ਤਾਂ ਉਹ ਸਗੋਂ 'ਲੂਣ ਹਰਾਮੀ' ਤੇ 'ਗੁਨਹਗਾਰ' ਆਖਦੇ ਹਨ:

ਗੁਨਹਗਾਰ ਲੂਣ ਹਰਾਮੀ ॥ ਪਾਹਨ ਨਾਵ ਨਾ ਪਾਰ ਗਿਰਾਮੀ ॥ {ਸੂਹੀ ਮ: 5

ਸੁਭਾਵਿਕ ਉੱਠਦੇ ਸ਼ੰਕੇ:

ਪਰ, ਇੱਥੇ ਕੁਦਰਤੀ ਤੌਰ ਤੇ ਪ੍ਰਸ਼ਨ ਉੱਠਦੇ ਹਨ: (1) ਧੰਨਾ ਜੀ ਨੇ ਆਪ ਆਪਣੀ ਬਾਣੀ ਵਿਚ ਕਿਤੇ ਜ਼ਿਕਰ ਕੀਤਾ ਹੈ ਜਾਂ ਨਹੀਂ ਕਿ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਕਿੱਥੋਂ ਤੇ ਕਿਵੇਂ ਹੋਈ ਸੀ; (2) ਧੰਨਾ ਜੀ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਹੋ ਚੁਕੇ ਸਨ। ਕੀ ਗੁਰੂ ਅਰਜਨ ਸਾਹਿਬ ਦੇ ਵੇਲੇ ਲੋਕਾਂ ਵਿਚ ਇਹ ਖ਼ਿਆਲ ਪ੍ਰਚਲਤ ਸੀ ਕਿ ਧੰਨੇ ਨੂੰ ਠਾਕੁਰ-ਪੂਜਾ ਤੋਂ ਰੱਬ ਦੀ ਪ੍ਰਾਪਤੀ ਹੋਈ ਸੀ? (3) ਕੀ ਗੁਰੂ ਅਰਜਨ ਸਾਹਿਬ ਭੀ ਆਮ ਲੋਕਾਂ ਨਾਲ ਇਸ ਖ਼ਿਆਲ ਵਿਚ ਸਹਿਮਤ ਸਨ? (4) ਜੇ ਸਤਿਗੁਰੂ ਜੀ ਭੀ ਧੰਨੇ ਭਗਤ ਸੰਬੰਧੀ ਠਾਕੁਰ-ਪੂਜਾ ਦੀ ਇਸ ਕਹਾਣੀ ਨੂੰ ਠੀਕ ਮੰਨਦੇ ਸਨ, ਤਾਂ ਠਾਕੁਰ-ਪੂਜ ਲੋਕਾਂ ਨੂੰ ਉਹਨਾਂ ਨੇ 'ਗੁਨਹਗਾਰ' ਤੇ 'ਲੂਣ ਹਰਾਮੀ' ਕਿਉਂ ਆਖਿਆ ਹੈ?

ਇਹਨਾਂ ਪ੍ਰਸ਼ਨਾਂ ਨੂੰ ਇੱਕ ਇੱਕ ਕਰ ਕੇ ਵਿਚਾਰੀਏ।

(1) ਭਗਤ ਧੰਨਾ ਜੀ ਰਾਗ ਆਸਾ ਦੇ ਸ਼ਬਦ ਨੰ: 1 ਵਿਚ ਲਿਖਦੇ ਹਨ:

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ, ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ, ਤ੍ਰਿਪਤਿ ਅਘਾਨੇ ਮੁਕਤਿ ਭਏ ॥3॥ ਜੋਤਿ ਸਮਾਨੀ ਜਾ ਕੈ, ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ ॥4॥1॥

ਭਾਵ: ਜਿਸ ਮਨੁੱਖ ਨੂੰ ਗੁਰੂ ਨੇ 'ਗਿਆਨ ਦਾ ਪ੍ਰਵੇਸ਼'-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ, ਉਸ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ 'ਸੁਖ' ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ ਤੇ ਬੰਧਨਾਂ ਤੋਂ ਮੁਕਤ ਹੋ ਗਿਆ।3।

ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।

ਮੈਂ ਧੰਨੇ ਨੇ ਭੀ ਧਰਤੀ ਦੇ ਆਸਰੇ ਪ੍ਰਭੂ ਦਾ ਨਾਮ-ਧਨ ਲੱਭ ਲਿਆ ਹੈ। ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ।4।

ਇਥੇ ਧੰਨਾ ਜੀ ਪਹਿਲਾਂ ਤਾਂ ਇਕ ਸਰਬ-ਵਿਆਪਕ ਨਿਯਮ ਦੱਸਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਰਾਹੀਂ ਹੀ ਹੁੰਦੀ ਹੈ। ਫਿਰ, ਆਪਣੀ ਹੱਡ-ਬੀਤੀ ਸੁਣਾਂਦੇ ਹਨ ਕਿ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋਇਆ ਹਾਂ।

ਸੁਆਰਥੀਆਂ ਦੀ ਘੜੀ ਕਹਾਣੀ:

(2) ਆਸਾ ਰਾਗ ਵਿਚ ਜੋ ਤਿੰਨ ਸ਼ਬਦ ਭਗਤ ਧੰਨਾ ਜੀ ਦੇ ਨਾਮ ਹੇਠ ਦਿੱਤੇ ਹੋਏ ਹਨ, ਜੇ ਇਹਨਾਂ ਨੂੰ ਅਤੇ ਇਹਨਾਂ ਦੇ ਸਿਰ-ਲੇਖ ਨੂੰ ਗਹੁ ਨਾਲ ਪੜ੍ਹੀਏ, ਤਾਂ ਇਹ ਗੱਲ ਸਾਫ਼ ਦਿੱਸ ਰਹੀ ਹੈ ਕਿ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਸੁਆਰਥੀ ਲੋਕਾਂ ਵਲੋਂ ਇਹ ਮਸ਼ਹੂਰ ਕੀਤਾ ਜਾ ਚੁਕਾ ਸੀ ਕਿ ਧੰਨੇ ਨੇ ਇਕ ਬ੍ਰਾਹਮਣ ਤੋਂ ਦੀਖਿਆ ਲੈ ਕੇ ਠਾਕੁਰ-ਪੂਜਾ ਕੀਤੀ ਤੇ ਠਾਕੁਰ-ਪੂਜਾ ਤੋਂ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਸੀ। ਪਰ ਗੁਰੂ ਅਰਜਨ ਦੇਵ ਜੀ ਇਸ ਕਹਾਣੀ ਨੂੰ ਝੂਠ ਸਮਝਦੇ ਸਨ, ਉਹਨਾਂ ਨੇ ਧੰਨਾ ਜੀ ਦੇ ਆਪਣੇ ਲਫ਼ਜ਼ਾਂ ਨੂੰ ਠੀਕ ਮੰਨਿਆ, ਤੇ ਭਗਤ ਜੀ ਦੀ ਤਾਈਦ ਕਰ ਕੇ ਘੜੀ ਹੋਈ ਕਹਾਣੀ ਦਾ ਪਾਜ ਖੋਹਲਿਆ।

ਵਿਚਕਾਰਲਾ ਸ਼ਬਦ ਮ: 5 ਦਾ:

ਸ਼ਬਦ ਨੰ: 1 ਦੇ ਨਾਲ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ, ਕਿਉਂਕਿ ਉਸ ਦਾ ਸਿਰਲੇਖ ਹੈ 'ਮਹਲਾ 5'। ਇਹ ਸ਼ਬਦ ਧੰਨਾ ਜੀ ਦੇ ਸ਼ਬਦ ਦੀ ਆਖ਼ਰੀ ਅੱਧੀ ਤੁਕ 'ਮਿਲਿ ਜਨ ਸੰਤ ਸਮਾਨਿਆ' ਦੀ ਵਿਆਖਿਆ ਵਿਚ ਹੈ।

ਸਿਰਲੇਖ ਮ: 5 ਉਤੇ ਬੇ-ਇਤਬਾਰੀ:

ਪਰ, ਇਸ ਸਿਰ-ਲੇਖ 'ਮਹਲਾ 5' ਬਾਰੇ ਅਸਾਡੇ ਵਿਦਵਾਨ ਇਕ ਅਜਬ ਅਸਰਧਾ-ਭਰੀ ਵਿਚਾਰ ਪੇਸ਼ ਕਰ ਰਹੇ ਹਨ। ਮੈਕਾਲਿਫ਼ ਨੇ ਆਪਣੇ ਸਲਾਹਕਾਰਾਂ ਦੀ ਰਾਇ ਨਾਲ ਲਿਖਿਆ ਹੈ– ਸ਼ਬਦ 'ਗੋਬਿੰਦ ਗੋਬਿੰਦ ਗੋਬਿੰਦ ਸੰਗਿ' ਦਾ ਸਿਰ-ਲੇਖ ਤਾਂ 'ਮਹਲਾ 5' ਹੈ; ਆਮ ਤੌਰ ਤੇ ਜਿੱਥੇ ਲਫ਼ਜ਼ 'ਮਹਲਾ 5' ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਉਹਨਾਂ ਦਾ ਭਾਵ ਇਹੀ ਹੁੰਦਾ ਹੈ ਕਿ ਇਸ ਸਿਰ-ਲੇਖ ਦੇ ਹੇਠ ਲਿਖੇ ਹੋਏ ਸ਼ਬਦ ਗੁਰੂ ਅਰਜਨ ਸਾਹਿਬ ਦੇ ਹਨ; ਪਰ ਇਥੇ ਇਹ ਸ਼ਬਦ ਧੰਨੇ ਭਗਤ ਦਾ ਹੀ ਹੈ, ਇਸ ਵਿਚ ਕੋਈ ਸ਼ੱਕ ਨਹੀਂ।

ਪਤਾ ਨਹੀਂ, ਮੈਕਾਲਿਫ਼ ਦੇ ਸਿੱਖ ਸਾਲਾਹ-ਕਾਰਾਂ ਨੇ ਇਥੇ ਲਿਖੇ ਸਿਰ-ਲੇਖ 'ਮਹਲਾ 5' ਉੱਤੇ ਇਤਬਾਰ ਕਰਨੋਂ ਕਿਉਂ ਨਾਹ ਕਰ ਦਿੱਤੀ ਹੈ। ਇਸ ਸ਼ੱਕ ਦਾ ਇੱਕੋ ਹੀ ਕਾਰਨ ਹੋ ਸਕਦਾ ਹੈ; ਉਹ ਇਹ ਹੈ ਕਿ ਇਸ ਸ਼ਬਦ ਦੇ ਅਖ਼ੀਰ ਵਿਚ ਲਫ਼ਜ਼ 'ਨਾਨਕ' ਦੇ ਥਾਂ ਲਫ਼ਜ਼ 'ਧੰਨਾ' ਲਿਖਿਆ ਹੋਇਆ ਹੈ।

ਸਿੱਖ ਕੌਮ ਦੇ ਇਕ ਹੋਰ ਉੱਘੇ ਵਿਦਵਾਨ ਨੇ ਇਸ ਸਿਰ-ਲੇਖ 'ਮਹਲਾ 5' ਬਾਰੇ ਆਪਣੇ ਖ਼ਿਆਲ ਇਉਂ ਦੱਸੇ ਹਨ– ਇਹ ਸ਼ਬਦ ਹੈ ਤਾਂ ਧੰਨੇ ਭਗਤ ਦਾ, ਪਰ ਕਿਸੇ ਅਧੂਰੀ ਜਿਹੀ ਹਾਲਤ ਵਿਚ ਗੁਰੂ ਅਰਜਨ ਸਾਹਿਬ ਨੂੰ ਮਿਲਿਆ, ਕਈ ਤੁਕਾਂ ਸ਼ਬਦ ਵਿਚੋਂ ਗੁੰਮ ਸਨ। ਸਤਿਗੁਰੂ ਜੀ ਨੇ ਗੁੰਮ ਤੁਕਾਂ ਆਪ ਲਿਖ ਦਿੱਤੀਆਂ, ਤੇ ਇਸ ਦਾ ਸਿਰ-ਲੇਖ 'ਮਹਲਾ 5' ਲਿਖ ਦਿੱਤਾ।

ਅਜਬ ਸਰਧਾ:

ਇਸ ਤੋਂ ਸਾਫ਼ ਪਰਗਟ ਹੈ ਕਿ ਅਸਾਡੇ ਇਹ ਵਿਦਵਾਨ ਸੱਜਣ ਇਸ ਸ਼ਬਦ ਉੱਤੇ ਲਿਖੇ ਸਿਰ-ਲੇਖ 'ਮਹਲਾ 5' ਉੱਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਹਨ, ਇਸ ਸ਼ਬਦ ਨੂੰ ਭਗਤ ਧੰਨਾ ਜੀ ਦਾ ਹੀ ਉਚਾਰਿਆ ਮੰਨਦੇ ਹਨ। ਕਿਆ ਅਜਬ ਤਮਾਸ਼ਾ ਹੈ! ਗੁਰੂ ਆਖਦਾ ਹੈ ਕਿ ਇਸ ਸ਼ਬਦ ਦਾ ਉਚਾਰਨ ਵਾਲਾ 'ਮਹਲਾ 5' ਹੈ, ਸਿੱਖ ਆਖਦੇ ਹਨ, ਅਸੀਂ ਨਹੀਂ ਮੰਨਦੇ।

'ਸ਼ਬਦਾਰਥ' ਦੇ ਲਿਖਾਰੀ:

'ਸ਼ਬਦਾਰਥ' ਦੇ ਲਿਖਾਰੀਆਂ ਦੀ ਨਜ਼ਰੋਂ ਇਹ ਸਿਰ-ਲੇਖ ਖੁੰਝ ਗਿਆ ਜਾਪਦਾ ਹੈ ਕਿਉਂਕਿ ਉਹਨਾਂ ਇਸ ਸਿਰ-ਲੇਖ ਸੰਬੰਧੀ ਕੋਈ ਰਾਇ ਨਹੀਂ ਲਿਖੀ। ਹਾਂ, ਸਾਰੰਗ ਦੀ ਭਗਤ ਬਾਣੀ ਵਿਚ ਭੀ ਇਹੀ ਸਿਰਲੇਖ ਇਉਂ ਆਇਆ ਹੈ:

ਸਾਰੰਗ ਮ: 5 ਸੂਰਦਾਸ ॥ ਹਰਿ ਕੇ ਸੰਗਿ ਬਸੇ ਹਰਿ ਲੋਕ ॥
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ, ਅਨਦ ਸਹਜ ਧੁਨਿ ਝੋਕ ॥1॥ਰਹਾਉ॥......
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ, ਦੀਨੋ ਇਹੁ ਪਰਲੋਕ ॥2॥

ਇਸ ਸੂਰਦਾਸ ਸੰਬੰਧੀ 'ਸ਼ਬਦਾਰਥ' ਵਾਲੇ ਲਿਖਦੇ ਹਨ– ਇਹ ਉਹ ਮਸ਼ਹੂਰ ਨੇਤ੍ਰ-ਹੀਨ ਸੂਰਦਾਸ ਨਹੀਂ ਜੋ ਵੈਸ਼ਨਵਾਂ ਦਾ ਮਹਾਤਮਾ ਭਗਤ ਮਦਨ ਮੋਹਨ ਨਾਮ ਦਾ ਬ੍ਰਾਹਮਣ ਹੋਇਆ ਹੈ ਜੋ ਸੰਮਤ 1586 ਵਿਚ ਪੈਦਾ ਹੋਇਆ। ਇਹ ਸੰਸਕ੍ਰਿਤ, ਹਿੰਦੀ, ਫ਼ਾਰਸੀ ਦਾ ਪੂਰਨ ਵਿਦਵਾਨ ਅਤੇ ਅਕਬਰ ਦੇ ਵੇਲੇ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਮ ਸੀ। ਪਰ ਪਿਛੋਂ ਵੈਰਾਗਵਾਨ ਹੋ ਕੇ ਤਿਆਗੀ ਹੋ ਗਿਆ। ਇਸ ਦੀ ਸਮਾਧੀ ਕਾਂਸ਼ੀ ਵਿਚ ਹੈ।

ਇਸ ਨੋਟ ਤੋਂ ਇਕ ਗੱਲ ਪ੍ਰਤੱਖ ਹੈ ਕਿ 'ਸ਼ਬਦਾਰਥ' ਦੇ ਲਿਖਾਰੀਆਂ ਨੇ ਇਸ ਸ਼ਬਦ ਦੇ ਸਿਰ-ਲੇਖ 'ਮਹਲਾ 5' ਉੱਤੇ ਇਤਬਾਰ ਨਹੀਂ ਕੀਤਾ, ਕਿਉਂਕਿ ਉਹ ਇਸ ਸ਼ਬਦ ਦਾ ਕਰਤਾ ਸੂਰਦਾਸ ਉਹਨਾਂ ਦੇ ਖ਼ਿਆਲ ਅਨੁਸਾਰ ਕੋਈ ਹੋਰ ਹੈ ਜੋ ਨੇਤ੍ਰ-ਹੀਣ ਨਹੀਂ ਸੀ।

ਇਕ ਹੋਰ ਸੱਜਣ:

ਇਕ ਹੋਰ ਸੱਜਣ ਇਹ ਵਿਚਾਰ ਪੇਸ਼ ਕਰ ਰਹੇ ਹਨ ਕਿ ਇਹ ਲਫ਼ਜ਼ 'ਮਹਲਾ 5' ਕਿਸੇ ਨੇ ਆਪਣੇ ਵਲੋਂ ਲਿਖ ਦਿੱਤੇ ਹਨ।

ਸਿਰਲੇਖ ਮਹਲਾ 5 ਬਾਰੇ ਰਾਵਾਂ:

ਸੋ, ਜਿਥੋਂ ਤਕ ਭਗਤ ਧੰਨਾ ਜੀ ਅਤੇ ਸੂਰਦਾਸ ਜੀ ਦੇ ਸ਼ਬਦਾਂ ਦਾ ਸੰਬੰਧ ਹੈ, ਲਫ਼ਜ਼ 'ਮਹਲਾ 5' ਬਾਰੇ ਹੇਠ-ਲਿਖੀਆਂ ਰਾਵਾਂ ਅਸਾਡੇ ਸਾਹਮਣੇ ਹਨ:

(1) ਇਹ ਲਫ਼ਜ਼ 'ਮਹਲਾ 5' ਕਿਸੇ ਨੇ ਪਿਛੋਂ ਲਿਖ ਦਿੱਤੇ ਹਨ।

(2) ਇਸ ਸਿਰ-ਲੇਖ ਦੇ ਹੁੰਦਿਆਂ ਭੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਦੇ ਹਨ।

(3) ਧੰਨੇ ਭਗਤ ਦਾ ਸ਼ਬਦ ਗੁਰੂ ਅਰਜਨ ਸਾਹਿਬ ਨੂੰ ਅਧੂਰੀ ਸ਼ਕਲ ਵਿਚ ਮਿਲਿਆ, ਉਹਨਾਂ ਆਪਣੇ ਪਾਸੋਂ ਰਲਾ ਕੇ ਤੁਕਾਂ ਪੂਰੀਆਂ ਕਰ ਦਿੱਤੀਆਂ, ਇਸ ਵਾਸਤੇ ਲਫ਼ਜ਼ 'ਮਹਲਾ 5' ਲਿਖ ਦਿੱਤਾ।

ਇਹ ਸ਼ੱਕ ਕਿਉਂ?

ਹੁਣ ਅਸਾਂ ਵੇਖਣਾ ਹੈ ਕਿ ਇਸ ਸਿਰ-ਲੇਖ 'ਮਹਲਾ 5' ਦਾ ਕੀਹ ਭਾਵ ਹੋ ਸਕਦਾ ਹੈ। ਸਾਧਾਰਨ ਤੌਰ ਤੇ ਤਾਂ ਇਹ ਸਿਰ-ਲੇਖ ਗੁਰੂ ਗ੍ਰੰਥ ਸਾਹਿਬ ਵਿਚ ਸੈਂਕੜੇ ਹਜ਼ਾਰਾਂ ਵਾਰੀ ਆਇਆ ਹੈ। ਕਦੇ ਕਿਸੇ ਨੂੰ ਸ਼ੱਕ ਨਹੀਂ ਪਿਆ। ਇਹਨਾਂ ਉਪਰ-ਲਿਖੇ ਦੋ ਸ਼ਬਦਾਂ ਦੇ ਸਿਰ-ਲੇਖ 'ਮਹਲਾ 5' ਬਾਰੇ ਸ਼ੱਕ ਪੈਣ ਦੇ ਦੋ ਕਾਰਨ ਹਨ– (1) ਇਹ ਸਿਰ-ਲੇਖ ਭਗਤਾਂ ਦੀ ਬਾਣੀ ਵਿਚ ਆਇਆ ਹੈ, (2) ਜਿਸ ਸ਼ਬਦ ਦੇ ਨਾਲ ਇਹ ਵਰਤਿਆ ਗਿਆ ਹੈ, ਉਸ ਵਿਚ ਲਫ਼ਜ਼ 'ਨਾਨਕ' ਦੇ ਥਾਂ ਭਗਤ (ਧੰਨਾ, ਜਾਂ, ਸੂਰਦਾਸ) ਦਾ ਨਾਮ ਦਰਜ ਹੈ।

ਅਜਿਹਾ ਸਿਰਲੇਖ ਮਹਲਾ 5 ਹੋਰ ਥਾਵਾਂ ਤੇ ਭੀ ਹੈ:

ਪਰ ਜੇ ਤੁਸੀ ਗਹੁ ਨਾਲ ਵੇਖੋਗੇ, ਤਾਂ ਅਜਿਹੀ ਉਲਝਣ (ਜੇ ਇਸ ਸਾਦਾ ਜਿਹੀ ਗੱਲ ਨੂੰ ਭੀ ਉਲਝਣ ਸਮਝਿਆ ਜਾ ਸਕਦਾ ਹੈ) ਹੋਰ ਭੀ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਮਿਲਦੀ ਹੈ। ਜਿਵੇਂ:

(1) ਰਾਮਕਲੀ ਕੀ ਵਾਰ ਮ: 5, ਪਉੜੀ ਨੰ: 19 ॥

ਮਹਲਾ 5 ॥ ਕਬੀਰਾ ਹਮਰਾ ਕੋ ਨਹੀ, ਹਮ ਕਿਸਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ, ਤਿਸ ਹੀ ਮਾਹਿ ਸਮਾਹਿ ॥2॥

(2) ਰਾਮਕਲੀ ਕੀ ਵਾਰ ਮ: 5, ਪਉੜੀ ਨੰ: 20 ॥

ਸਲੋਕ ਮਹਲਾ 5 ॥ ਕਬੀਰ ਧਰਤੀ ਸਾਧ ਕੀ, ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ, ਉਨ ਕਉ ਲਾਹੂ ਲਾਹਿ ॥1।

ਮਹਲਾ 5 ॥ ਕਬੀਰ ਚਾਵਲ ਕਾਰਣੇ, ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ, ਤਬ ਪੂਛੇ ਧਰਮ ਰਾਇ ॥2॥

ਨੋਟ: ਕਬੀਰ ਦੇ ਸ਼ਲੋਕਾਂ ਵਿਚ ਭੀ ਵੇਖੋ, ਸ਼ਲੋਕ ਨੰ: 210, 211 ਅਤੇ 214।

(3) ਰਾਮਕਲੀ ਕੀ ਵਾਰ ਮ: 5, ਪਉੜੀ ਨੰ: 21 ॥

ਸਲੋਕ ਮਹਲਾ 5 ॥ ਫਰੀਦਾ ਭੂਮਿ ਰੰਗਾਵਲੀ, ਮੰਝਿ ਵਿਸੂਲਾ ਬਾਗੁ ॥ ਜੋ ਨਰ ਪੀਰਿ ਨਿਵਾਜਿਆ, ਤਿਨ੍ਹ੍ਹਾ ਅੰਚ ਨ ਲਾਗ ॥1॥

ਮਹਲਾ 5 ॥ ਫਰੀਦਾ ਉਮਰ ਸੁਹਾਵੜੀ, ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥2॥

ਨੋਟ: ਫ਼ਰੀਦ ਜੀ ਦੇ ਸ਼ਲੋਕਾਂ ਵਿਚ ਭੀ ਵੇਖੋ, ਸਲੋਕ ਨੰ: 82 ਅਤੇ 83।

(4) ਭੈਰਉ ਕਬੀਰ ਜੀ = ਸ਼ਬਦ ਨੰ: 11 ਤੋਂ ਅਗਾਂਹ।

ਮਹਲਾ 5 ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ਰਹਾਉ॥...

ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥4॥4॥12॥

(5) ਸਲੋਕ ਕਬੀਰ ਜੀ:

ਮਹਲਾ 5 ॥ ਕਬੀਰ ਕੂਕਰੁ ਭਉਕਨਾ, ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ, ਜਿਨਿ ਹਉ ਲੀਆ ਛਡਾਇ ॥209॥

ਮ: 5 ॥ ਕਬੀਰ ਰਾਮੁ ਨ ਚੇਤਿਓ, ਫਿਰਿਆ ਲਾਲਚ ਮਾਹਿ ॥ ਪਾਪ ਕਰੰਤਾ ਮਰਿ ਗਇਆ, ਅਉਧ ਪੁੰਨੀ ਖਿਨ ਮਾਹਿ ॥221॥

(6) ਸਲੋਕ ਫ਼ਰੀਦ ਜੀ:

ਮਹਲਾ 5 ॥ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ, ਜਾਂ ਤਿਸੁ ਬਿਨੁ ਕੋਈ ਨਾਹਿ ॥75॥

ਮ: 5 ॥ ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ, ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ, ਟਿਬੇ ਜਿਉ ਮੀਹਾਹੁ ॥105॥

ਮ: 5 ॥ ਫਰੀਦਾ ਕੰਤੁ ਰੰਗਾਵਲਾ, ਵਡਾ ਵੇ ਮੁਹਤਾਜੁ ॥ ਅਲਹ ਸੇਤੀ ਰਤਿਆ, ਏਹੁ ਸਚਾਵਾਂ ਸਾਜੁ ॥108॥

ਮ: 5 ॥ ਫਰੀਦਾ ਦੁਖੁ ਸੁਖੁ ਇਕੁ ਕਰਿ, ਦਿਲ ਤੇ ਲਾਹਿ ਵਿਕਾਰੁ ॥ ਅਲਹ ਭਾਵੈ ਸੋ ਭਲਾ, ਤਾਂ ਲਭੀ ਦਰਬਾਰੁ ॥109॥

ਮ: 5 ॥ ਫਰੀਦਾ ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲਿ ॥ ਸੋਈ ਜੀਉ ਨ ਵਜਦਾ, ਜਿਸੁ ਅਲਹੁ ਕਰਦਾ ਸਾਰ ॥110॥

ਮ: 5 ॥ ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ, ਦੁਨੀ ਨਾ ਕਿਤੈ ਕੰਮਿ ॥ ਮਿਸਲ ਫਕੀਰਾਂ ਗਾਖੜੀ, ਸੁ ਪਾਈਐ ਪੂਰ ਕਰੰਮਿ ॥111॥

ਸਿਰਲੇਖ ਮਹਲਾ 3 ਭੀ:

ਇਹ ਅਜਬ ਉਲਝਣ ਨਿਰੀ 'ਮਹਲਾ 5' ਬਾਰੇ ਹੀ ਨਹੀਂ ਹੈ; ਇਕ ਥਾਂ ਸਿਰ-ਲੇਖ ਵਜੋਂ ਲਫ਼ਜ਼ 'ਮਹਲਾ 3' ਭੀ ਮਿਲਦਾ ਹੈ।

(7) ਸਲੋਕ ਫਰੀਦ ਜੀ:

ਮ: 3 ॥ ਫਰੀਦਾ ਕਾਲੀ, ਧਉਲੀ, ਸਾਹਿਬੁ ਸਦਾ ਹੈ, ਜੇ ਕੋ ਚਿਤਿ ਕਰੇਇ ॥ ਆਪਣਾ ਲਾਇਆ ਪਿਰਮੁ ਨ ਲਗਈ, ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ ॥13॥

ਵਖੋ-ਵਖ ਗਿਣਿਆਂ ਇਹ ਸਾਰੇ 15 ਪ੍ਰਮਾਣ ਐਸੇ ਹਨ ਜਿੱਥੇ ਸਿਰ-ਲੇਖ 'ਮਹਲਾ 5' ਅਤੇ 'ਮ: 3' ਹਨ, ਪਰ ਮੂਲ-ਬਾਣੀ ਵਿਚ ਨਾਮ ਭਗਤ ਦਾ ਹੀ ਹੈ।

ਉਪਰ-ਦਿੱਤੀਆਂ ਰਾਵਾਂ ਅਨੁਸਾਰ:

(1) ਕੀ ਇੱਥੇ ਹਰ ਥਾਂ ਸਿਰ-ਲੇਖ 'ਮਹਲਾ 5' ਕਿਸੇ ਨੇ ਪਿਛੋਂ ਲਿਖ ਦਿੱਤਾ ਹੈ?

(2) ਕੀ ਗੁਰੂ ਅਰਜਨ ਸਾਹਿਬ ਤੇ ਗੁਰੂ ਅਮਰਦਾਸ ਜੀ ਨੂੰ ਇਹ ਸ਼ਬਦ ਤੇ ਸ਼ਲੋਕ ਅਧੂਰੇ ਮਿਲੇ ਸਨ, ਤੇ ਸਤਿਗੁਰੂ ਜੀ ਨੇ ਆਪਣੇ ਵੱਲੋਂ ਤੁਕਾਂ ਜਾਂ ਲਫ਼ਜ਼ ਰਲਾ ਕੇ ਮੁਕੰਮਲ ਕੀਤੇ?

(3) ਕੀ ਇਹਨਾਂ 15 ਹੀ ਥਾਵਾਂ ਤੇ ਇਸ ਸਿਰ-ਲੇਖ ਉਤੇ ਅਸਾਂ ਇਤਬਾਰ ਨਹੀਂ ਕਰਨਾ?

ਇਹਨਾਂ ਵਾਸਤੇ ਇਕ ਹੋਰ ਉਲਝਣ:

ਇਹਨਾਂ ਵਿਦਵਾਨ ਸੱਜਣਾਂ ਨੂੰ ਅਜੇ ਇਕ ਹੋਰ ਵਧੀਕ ਤਕੜੀ ਉਲਝਣ ਦਾ ਸਾਹਮਣਾ ਕਰਨਾ ਪਏਗਾ। ਵੇਖੋ, ਰਾਗ ਭੈਰਉ, ਮਹਲਾ 5, ਘਰੁ 1। ਇੱਥੇ ਸ਼ਬਦ ਨੰ: 3 ਦਾ ਸਿਰ-ਲੇਖ ਤੇ ਸਾਰਾ ਸ਼ਬਦ ਧਿਆਨ ਨਾਲ ਪੜ੍ਹਨ ਦੀ ਲੋੜ ਹੈ:

ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਰਖੈ ਨਿਦਾਨਾ ॥1॥...
ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥

ਇੱਥੇ ਸਾਰੇ ਸ਼ਬਦ ਗੁਰੂ ਅਰਜਨ ਸਾਹਿਬ ਦੇ ਹਨ, ਭਗਤਾਂ ਦੀ ਬਾਣੀ ਦੂਰ ਅਗਾਂਹ ਚੱਲ ਕੇ ਆਵੇਗੀ। ਇਸ ਦਾ ਸਿਰ-ਲੇਖ ਭੀ ਸਾਫ਼ ਦਰਜ ਹੈ 'ਭੈਰਉ ਮਹਲਾ 5'।

(1) ਕੀ ਇਹ ਸਿਰ-ਲੇਖ ਕਿਸੇ ਨੇ ਪਿਛੋਂ ਲਿਖ ਦਿੱਤਾ? ਪਰ ਭਗਤ-ਬਾਣੀ ਵਿਚੋਂ ਨਿਕਲ ਕੇ ਇਹ ਸ਼ਬਦ 'ਮਹਲਾ 5' ਦੇ ਸ਼ਬਦਾਂ ਵਿਚ ਕਿਵੇਂ ਆ ਅੱਪੜਿਆ? ਕੀ ਇਹ ਤਬਦੀਲੀ ਭੀ ਕਿਸੇ ਨੇ ਪਿੱਛੋਂ ਹੀ ਕਰ ਦਿੱਤੀ? ਭਲਾ ਜੇ ਕਿਸੇ ਨੇ ਸਤਿਗੁਰੂ ਜੀ ਤੋਂ ਪਿੱਛੋਂ ਹੀ ਕਬੀਰ ਦਾ ਇਹ ਸ਼ਬਦ 'ਮਹਲਾ 5' ਦੇ ਸ਼ਬਦਾਂ ਵਿਚ ਲਿਆ ਲਿਖਿਆ ਤਾਂ ਪਹਿਲੀ ਗਿਣਤੀ ਨਾਲੋਂ ਇਕ ਸ਼ਬਦ ਵਧ ਗਿਆ। ਭੈਰਉ ਵਿਚ 'ਮਹਲਾ 5' ਦੇ ਸ਼ਬਦਾਂ ਦਾ ਹੁਣ ਦਾ ਜੋੜ 57 ਹੈ। ਕੀ ਪਹਿਲਾਂ ਇਹ ਸ਼ਬਦ 56 ਸਨ? ਜਿਸ ਸੱਜਣ ਨੇ ਇਹ ਤਬਦੀਲੀ ਕੀਤੀ ਹੋਵੇਗੀ, ਉਸ ਨੂੰ ਕਾਫ਼ੀ ਔਖਿਆਈ ਕਰਨੀ ਪਈ ਹੋਵੇਗੀ, ਕਿਉਂਕਿ ਉਸ ਨੂੰ ਇੱਕ ਥਾਂ ਨਹੀਂ, 56 ਥਾਂ ਤੇ ਹੀ ਗਿਣਤੀ ਬਦਲਾਣੀ ਪਈ ਹੋਵੇਗੀ। ਸਿਰ-ਲੇਖ 'ਮਹਲਾ 5' ਪਿੱਛੋਂ ਲਿਖੇ ਜਾਣ ਦੀ ਰਾਇ ਦੇਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਸਰਧਾ ਘਟਾਣ ਦਾ ਉੱਦਮ ਕਰਨ ਵਾਲੇ ਸੱਜਣ ਜੀ ਨੇ ਕੀ ਕੋਈ ਐਸੀ 'ਬੀੜ' ਭੀ ਵੇਖੀ ਹੈ ਜਿੱਥੇ ਸ਼ੁਰੂ ਤੋਂ ਅਖ਼ੀਰ ਤਕ ਸ਼ਬਦਾਂ ਦੀ ਗਿਣਤੀ ਦਿੱਤੀ ਹੋਵੇ ਤੇ ਹੋਵੇ ਭੀ 56? ਤੇ ਇਹ ਉਪਰਲਾ ਸ਼ਬਦ ਕਬੀਰ ਜੀ ਦੀ ਬਾਣੀ ਵਿਚ ਦਰਜ ਹੋਵੇ? ਭਲਾ, ਉੱਥੇ ਉਹ ਕਿਸ ਨੰਬਰ ਤੇ ਦਰਜ ਹੈ?

(2) ਕੀ ਇਹ ਸ਼ਬਦ ਭੀ ਗੁਰੂ ਅਰਜਨ ਸਾਹਿਬ ਨੂੰ ਅਧੂਰਾ ਹੀ ਮਿਲਿਆ ਸੀ, ਜਿਵੇਂ ਧੰਨੇ ਭਗਤ ਦਾ? ਪਰ ਉਹਨਾਂ ਇਸ ਨੂੰ ਮੁਕੰਮਲ ਕਰ ਕੇ ਭਗਤ ਬਾਣੀ ਦੇ ਥਾਂ ਆਪਣੇ ਸ਼ਬਦਾਂ ਵਿਚ ਕਿਉਂ ਦਰਜ ਕਰ ਦਿੱਤਾ?

(3) ਕੀ ਮੈਕਾਲਿਫ਼ ਤੇ ਮੈਕਾਲਿਫ਼ ਦੇ ਸਲਾਹਕਾਰ ਸਿੱਖ ਵਿਦਵਾਨਾਂ ਵਾਂਗ ਅਸਾਂ ਇੱਥੇ ਭੀ ਅੜੇ ਰਹਿਣਾ ਹੈ ਕਿ ਸਿਰ-ਲੇਖ ਭਾਵੇਂ ਪਰਤੱਖ 'ਮਹਲਾ 5' ਹੈ, ਪਰ ਅਸਾਂ ਨਹੀਂ ਮੰਨਣਾ? ਪਰ ਫਿਰ, ਕਬੀਰ ਜੀ ਦਾ ਇਹ ਸ਼ਬਦ ਇੱਥੇ ਕਿਵੇਂ ਆ ਗਿਆ?

ਗੱਲ ਸਾਦਾ ਜਿਹੀ ਹੀ ਹੈ:

ਇਹ ਸਾਰੀਆਂ ਉਲਝਣਾਂ ਉਹਨਾਂ ਵਿਦਵਾਨਾਂ ਵਾਸਤੇ ਹਨ, ਜਿਨ੍ਹਾਂ ਨੇ ਆਪਣੇ ਸਤਿਗੁਰੂ ਦੇ ਸਿੱਧੇ ਸਾਦਾ ਲਫ਼ਜ਼ਾਂ ਉੱਤੇ ਇਤਬਾਰ ਕਰਨੋਂ ਨਾਂਹ ਕਰ ਦਿੱਤੀ ਹੈ। ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਸਿਰ-ਲੇਖ ਇੱਕ ਥਾਂ ਨਹੀਂ 16 ਥਾਂ ਲਿਖ ਦਿੱਤਾ ਤਾਂ ਅਸਾਨੂੰ ਹੁੱਜਤਿ ਕਰਨ ਦੀ ਲੋੜ ਹੀ ਕਿਉਂ ਪਈ? ਸੋ, ਇਸ ਵਿਚ ਕੋਈ ਸ਼ੱਕ ਹੀ ਨਹੀਂ ਕਿ ਇਹ ਬਾਣੀ ਗੁਰੂ ਅਰਜਨ ਸਾਹਿਬ ਦੀ ਉਚਾਰੀ ਹੋਈ ਹੈ। ਭਗਤ ਧੰਨਾ ਜੀ ਦੇ ਆਸਾ ਰਾਗ ਦੇ ਸ਼ਬਦ ਨੰ: 1 ਤੋਂ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ, ਕਿਉਂਕਿ ਇਸ ਦਾ ਸਿਰ-ਲੇਖ ਹੈ 'ਮਹਲਾ 5'। ਹਾਂ, ਅਸਾਂ ਇਹ ਜ਼ਰੂਰ ਲੱਭਣਾ ਹੈ ਕਿ 'ਮਹਲਾ 5' ਦੇ ਸਿਰਲੇਖ ਵਾਲੇ ਇਹ ਸ਼ਬਦ ਸਤਿਗੁਰੂ ਜੀ ਨੇ ਧੰਨੇ, ਸੂਰਦਾਸ, ਕਬੀਰ ਅਤੇ ਫ਼ਰੀਦ ਜੀ ਦੇ ਨਾਮ ਹੇਠ ਕਿਉਂ ਉਚਾਰੇ।

ਐਸ ਵੇਲੇ ਅਸੀਂ ਧੰਨੇ ਭਗਤ ਦੀ ਠਾਕੁਰ-ਪੂਜਾ ਤੇ ਵਿਚਾਰ ਕਰ ਰਹੇ ਹਾਂ, ਤੇ ਪਹਿਲਾਂ ਉਸ ਸ਼ਬਦ ਨੂੰ ਲਵਾਂਗੇ ਜਿਸ ਦਾ ਸਿਰ-ਲੇਖ ਹੈ 'ਮਹਲਾ 5', ਪਰ ਅਖ਼ੀਰ ਵਿਚ ਨਾਮ ਧੰਨੇ ਦਾ ਹੈ।

ਮਹਲਾ 5 ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ ॥1॥ਰਹਾਉ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨ੍ਹ੍ਹਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧ ਸੰਗਿ, ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ ॥4॥2॥

ਇਹ ਸ਼ਬਦ ਇਥੇ ਕਿਉਂ?

ਇਸ ਤੋਂ ਪਹਿਲੇ ਸ਼ਬਦ ਵਿਚ ਭਗਤ ਧੰਨਾ ਜੀ ਆਪਣੀ ਜ਼ਬਾਨੋਂ ਆਖਦੇ ਹਨ ਕਿ ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ, ਸੰਤਾਂ ਦੀ ਸੰਗਤਿ ਵਿਚ ਮੈਨੂੰ ਧਰਣੀਧਰ ਪ੍ਰਭੂ ਲੱਭਾ ਹੈ। ਪਰ ਸੁਆਰਥੀ ਲੋਕਾਂ ਨੇ ਆਪਣਾ ਧਾਰਮਿਕ ਜੂਲਾ ਅੰਞਾਣ ਲੋਕਾਂ ਦੇ ਮੋਢੇ ਤੇ ਪਾਈ ਰੱਖਣ ਵਾਸਤੇ ਇਹ ਕਹਾਣੀ ਚਲਾ ਦਿੱਤਾ ਕਿ ਧੰਨੇ ਨੇ ਇਕ ਬ੍ਰਾਹਮਣ ਤੋਂ ਇਕ ਠਾਕੁਰ ਲੈ ਕੇ ਉਸ ਦੀ ਪੂਜਾ ਕੀਤੀ; ਤਾਂ ਹੀ ਉਸ ਨੂੰ ਪਰਮਾਤਮਾ ਮਿਲਿਆ। ਇਸ ਭੁਲੇਖੇ ਨੂੰ ਦੂਰ ਕਰਨ ਲਈ ਤੇ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ ਤੁਕ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਨੇ ਅਗਲਾ ਸ਼ਬਦ ਉਚਾਰ ਕੇ ਦਰਜ ਕੀਤਾ। ਇਹ ਸ਼ਬਦ ਧੰਨੇ ਭਗਤ ਨਾਲ ਸੰਬੰਧ ਰੱਖਦਾ ਹੈ। ਸੋ, ਨਾਮ ਭੀ ਧੰਨੇ ਦਾ ਹੀ ਰੱਖਿਆ ਹੈ, ਜਿਵੇਂ ਅਸੀਂ ਪਿਛਲੇ 15 ਪ੍ਰਮਾਣਾਂ ਵਿਚ ਵੇਖ ਆਏ ਹਾਂ।

ਧੰਨਾ ਜੀ ਨਾਲ ਕੀਹ ਸੰਬੰਧ ਹੈ:

ਉਹ ਸੰਬੰਧ ਕੀਹ ਹੈ? = ਇਹ ਲੱਭਣ ਵਾਸਤੇ ਸ਼ਬਦ ਦੇ ਚੌਥੇ ਬੰਦ ਦੀ ਪਹਿਲੀ ਤੁਕ ਗਹੁ ਨਾਲ ਪੜ੍ਹੋ, 'ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ'। ਕੀਹ ਸੁਣ ਕੇ? ਇਸ ਪ੍ਰਸ਼ਨ ਦਾ ਉੱਤਰ ਪਾਠਕਾਂ ਨੂੰ ਸ਼ਬਦ ਦਾ ਹਰੇਕ ਬੰਦ ਪੜ੍ਹਨ ਤੇ ਮਿਲੇਗਾ। ਸੋ, ਹਰੇਕ ਬੰਦ ਪੜ੍ਹ ਕੇ 'ਇਹ ਬਿਧਿ' ਵਾਲੀ ਤੁਕ ਨਾਲ ਰਲਾਓ। ਧੰਨੇ ਨੇ ਨਾਮਦੇਵ ਦੀ ਸੋਭਾ ਸੁਣੀ, ਕਬੀਰ ਦਾ ਹਾਲ ਸੁਣਿਆ, ਰਵਿਦਾਸ ਦੀ ਚਰਚਾ ਸੁਣੀ, ਤੇ ਸੈਣ ਨਾਈ ਦਾ ਉੱਚਾ ਮਰਾਤਬਾ ਸੁਣਿਆ। ਇਹ ਸੁਣ ਕੇ ਉਸ ਦੇ ਮਨ ਵਿਚ ਭੀ ਭਗਤੀ ਕਰਨ ਦਾ ਚਾਉ ਪੈਦਾ ਹੋਇਆ। ਇਸ ਸ਼ਬਦ ਨੂੰ ਜਾਣ-ਬੁਝ ਕੇ ਧੰਨੇ ਭਗਤ ਦੀ ਬਾਣੀ ਵਿਚ ਦਰਜ ਕਰਨ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਉਸ ਵੇਲੇ ਤਕ ਧੰਨੇ ਭਗਤ ਦੀ ਭਗਤੀ ਬਾਰੇ ਅੰਞਾਣ ਲੋਕਾਂ ਵਿਚ ਸੁਆਰਥੀ ਮੂਰਤੀ-ਪੂਜ ਪੰਡਿਤ ਲੋਕਾਂ ਨੇ ਮਨ-ਘੜਤ ਕਹਾਣੀਆਂ ਉਡਾਈਆਂ ਹੋਈਆਂ ਸਨ, ਤੇ ਸਤਿਗੁਰੂ ਜੀ ਨੇ ਇਸ ਸ਼ਬਦ ਦੀ ਰਾਹੀਂ ਜ਼ੋਰਦਾਰ ਤਰਦੀਦ ਕੀਤੀ ਹੈ।

ਸੁਖੱਲਾ ਰਸਤਾ:

ਜੇ ਅਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਹੀ ਰਾਹ ਲੱਭਣਾ ਹੈ, ਤਾਂ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਰਲਾ ਕੇ ਸ਼ਬਦ ਦੇ ਅਰਥ ਕਰਨ ਦੇ ਥਾਂ ਸਿੱਧਾ ਸ਼ਬਦ ਦਾ ਹੀ ਆਸਰਾ ਲਿਆ ਕਰੀਏ, ਨਹੀਂ ਤਾਂ ਬਹੁਤ ਵਾਰੀ ਟਪਲਾ ਲੱਗ ਸਕਦਾ ਹੈ। ਜੇ ਧੰਨੇ ਭਗਤ ਨੇ ਪੱਥਰ ਪੂਜ ਕੇ ਰੱਬ ਲੱਭਾ ਹੁੰਦਾ, ਤਾਂ ਇਸ ਦਾ ਭਾਵ ਇਹ ਨਿਕਲਦਾ ਕਿ ਪੱਥਰ ਪੂਜ ਕੇ ਰੱਬ ਨੂੰ ਮਿਲਣ ਵਾਲੇ ਦੀ ਬਾਣੀ ਦਰਜ ਕਰ ਕੇ ਗੁਰੂ ਅਰਜਨ ਸਾਹਿਬ ਇਸ ਅਸੂਲ ਨੂੰ ਪਰਵਾਨ ਕਰ ਬੈਠੇ ਹਨ ਕਿ ਪੱਥਰ ਪੂਜਿਆਂ ਰੱਬ ਮਿਲ ਸਕਦਾ ਹੈ। ਪਰ, ਉਹਨਾਂ ਦਾ ਆਪਣਾ ਹੁਕਮ ਇਉਂ ਹੈ:

ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥ ਗੁਨਹਗਾਰ ਲੂਣਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3॥3॥9॥ ਸੂਹੀ ਮਹਲਾ 5 ॥

ਉੱਦਮ ਦੀ ਸਾਂਝ:

ਭਗਤ ਰਵਿਦਾਸ, ਜੈ ਦੇਵ, ਬੇਣੀ ਅਤੇ ਫ਼ਰੀਦ ਜੀ ਦੀ ਬਾਣੀ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਟਾਕਰਾ ਕਰ ਕੇ ਅਸੀਂ ਵੇਖ ਚੁਕੇ ਹਾਂ ਕਿ ਇਹਨਾਂ ਭਗਤਾਂ ਦੀ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਆਪ 'ਉਦਾਸੀਆਂ' ਸਮੇ ਲੈ ਕੇ ਆਏ ਸਨ। ਭਾਰਤ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਇਹ ਭਗਤ ਉਸ ਧਾਰਮਿਕ ਗ਼ੁਲਾਮੀ ਦਾ ਜੂਲਾ ਉਤਾਰਨ ਦੀ ਕੋਸ਼ਸ਼ ਕਰ ਰਹੇ ਸਨ ਜੋ ਸਦੀਆਂ ਤੋਂ ਬ੍ਰਾਹਮਣ ਨੇ ਸ਼ੂਦਰਾਂ ਦੇ ਮੋਢੇ ਉੱਤੇ ਪਾਇਆ ਹੋਇਆ ਸੀ। ਇਉਂ ਜਾਪਦਾ ਹੈ ਜਿਵੇਂ ਸਤਿਗੁਰੂ ਨਾਨਕ ਦੇਵ ਜੀ, ਇੱਕ ਤਾਂ, ਆਪਣੇ ਖ਼ਿਆਲਾਂ ਦਾ ਸਾਰੇ ਭਾਰਤ ਵਿਚ ਪਰਚਾਰ ਕਰਨ ਲਈ ਲੰਮੇ ਪੈਂਡੇ ਝਾਗਦੇ ਰਹੇ, ਦੂਜੇ, ਇਹਨਾਂ ਭਗਤਾਂ ਦੇ ਸ਼ਰਧਾਲੂਆਂ ਨਾਲ ਮਿਲ ਕੇ ਤੇ ਇਹਨਾਂ ਦੀ ਬਾਣੀ ਇਕੱਠੀ ਕਰ ਕੇ ਇਸ ਧਾਰਮਿਕ ਅੱਤਿਆਚਾਰ ਦੇ ਟਾਕਰੇ ਤੇ ਇਕ ਤਕੜਾ ਸਾਂਝਾ ਮੋਰਚਾ ਕਾਇਮ ਕਰਨ ਦੀ ਤਿਆਰੀ ਕਰ ਰਹੇ ਸਨ।

ਰਾਜਸਥਾਨ ਵਿੱਚੋਂ ਦੀ:

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ 'ਉਦਾਸੀ' ਤੋਂ ਮੁੜਦੀ ਵਾਰੀ ਸਤਿਗੁਰੂ ਜੀ ਧੁਰ ਦੱਖਣ ਤੋਂ ਪੱਛਮੀ ਸਮੁੰਦਰੀ ਕੰਢੇ ਦੇ ਨਾਲ ਨਾਲ ਸੋਮਨਾਥ ਦੁਆਰਕਾ ਤੋਂ ਹੁੰਦੇ ਹੋਏ ਰਾਜਪੂਤਾਨੇ ਦੇ ਵਿੱਚੋਂ ਦੀ ਲੰਘ ਕੇ ਮਥੁਰਾ ਕੁਰੂਛੇਤ੍ਰ ਵਲ ਆਏ ਸਨ। ਭਗਤ ਧੰਨਾ ਜੀ ਸੰਨ 1415 ਵਿਚ ਇਸੇ ਇਲਾਕੇ ਵਿਚ ਜੰਮੇ। ਸਤਿਗੁਰੂ ਜੀ ਇੱਥੋਂ 1513 ਦੇ ਕਰੀਬ ਲੰਘੇ। ਕੋਈ ਅਜਬ ਗੱਲ ਨਹੀਂ ਕਿ ਧੰਨਾ ਜੀ ਤਦੋਂ ਜਿਊਂਦੇ ਹੀ ਹੋਣ, ਤਦੋਂ ਉਹਨਾਂ ਦੀ ਉਮਰ 98 ਸਾਲ ਦੀ ਹੋ ਸਕਦੀ ਸੀ। ਜੇ ਸਰੀਰਕ ਤੌਰ ਤੇ ਮੇਲ ਨਾਹ ਭੀ ਹੋਇਆ ਹੋਵੇ, ਤਾਂ ਭੀ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਗਤ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਹੀ ਲਿਆਂਦੀ, ਕਿਉਂਕਿ ਇਹ ਕੰਮ ਉਹੀ ਕਰ ਰਹੇ ਸਨ।

ਧਾਰਮਿਕ ਉੱਚਤਾ ਕਾਇਮ ਰਖਣ ਦੇ ਜਤਨ:

ਇਹ ਇਕ ਅਜੀਬ ਸੁਆਦਲੀ ਗੱਲ ਹੈ ਕਿ ਭਗਤ ਜੀ ਬਾਰੇ ਠਾਕੁਰ-ਪੂਜਾ ਦੀ ਘੜੀ ਹੋਈ ਕਹਾਣੀ ਦੀ ਤਰਦੀਦ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਆਪਣੇ ਕਿਸੇ ਸ਼ਬਦ ਵਿਚ ਇਸ ਗੱਲ ਨੂੰ ਨਹੀਂ ਛੇੜਿਆ। ਪਰ ਇਹ ਕੋਈ ਗੁੰਝਲ ਦੀ ਗੱਲ ਨਹੀਂ ਹੈ। ਧੰਨੇ ਭਗਤ ਦੇ ਜੀਊਂਦਿਆਂ ਇਹ ਕਹਾਣੀ ਮਸ਼ਹੂਰ ਨਹੀਂ ਕੀਤੀ ਜਾ ਸਕਦੀ ਸੀ, ਇਸ ਦੀ ਤਰਦੀਦ ਕਰਨ ਲਈ ਭਗਤ ਆਪ ਮੌਜੂਦ ਸੀ, ਉਸ ਦੇ ਦੇਹਾਂਤ ਤੋਂ ਪਿਛੋਂ ਕਾਫ਼ੀ ਸਾਲ ਉਡੀਕਣ ਦੀ ਲੋੜ ਸੀ। ਸਾਰੇ ਭਾਰਤ ਵਿਚ ਬ੍ਰਾਹਮਣ ਦੇ ਧਾਰਮਿਕ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਜਾ ਰਹੀ ਸੀ, ਸਦੀਆਂ ਤੋਂ ਪੈਰਾਂ ਹੇਠ ਲਤਾੜੀਆਂ ਜਾਤੀਆਂ ਵਿਚੋਂ ਹੀ ਦਲੇਰ ਮਰਦ ਪੈਦਾ ਹੋ ਰਹੇ ਸਨ, ਕਿਤੇ ਕਿਤੇ ਸੱਚ ਦੇ ਆਸ਼ਿਕ ਬ੍ਰਾਹਮਣ ਭੀ ਇਹਨਾਂ ਦੀ ਹਾਮੀ ਭਰਨ ਲੱਗ ਪਏ ਸਨ। ਜਿਨ੍ਹਾਂ ਦਾ ਰਸੂਖ ਖ਼ਤਰੇ ਵਿਚ ਪੈ ਰਿਹਾ ਸੀ, ਉਹ ਅਵੇਸਲੇ ਨਹੀਂ ਸਨ; ਉਹ ਆਪਣਾ ਮੌਕਾ ਤਾੜ ਰਹੇ ਸਨ। ਸੋ, ਇਹਨਾਂ ਮਰਦ ਸੂਰਮਿਆਂ ਦੇ ਦੇਹਾਂਤ ਤੋਂ ਪਿੱਛੋਂ ਹਰੇਕ ਨੂੰ ਕਿਸੇ ਨਾ ਕਿਸੇ ਬ੍ਰਾਹਮਣ ਦਾ ਚੇਲਾ ਪਰਗਟ ਕੀਤਾ ਗਿਆ, ਤੇ ਕਿਸੇ ਨ ਕਿਸੇ ਮੂਰਤੀ ਦਾ ਪੁਜਾਰੀ ਦੱਸਿਆ ਗਿਆ। ਇਉਂ ਜਾਪਦਾ ਹੈ ਕਿ ਧੰਨੇ ਭਗਤ ਦੇ ਠਾਕੁਰ-ਪੂਜ ਹੋਣ ਦੀ ਕਹਾਣੀ ਗੁਰੂ ਅਰਜਨ ਸਾਹਿਬ ਦੇ ਸਮੇ ਮਸ਼ਹੂਰ ਕੀਤੀ ਗਈ, ਜਿਸ ਦੀ ਪੁਰਜ਼ੋਰ ਤਰਦੀਦ ਉਹਨਾਂ ਧੰਨੇ ਦੇ ਆਪਣੇ ਬਚਨਾਂ ਦੇ ਹਵਾਲਾ ਦੇ ਕੇ ਕਰ ਦਿੱਤੀ। ਪਰ ਅਜਬ ਰੰਗ ਹਨ ਕਰਤਾਰ ਦੇ! ਗੁਰੂ ਅਰਜਨ ਸਾਹਿਬ ਦੇ ਆਪਣੇ ਨਾਮ-ਲੇਵਾ ਸਿੱਖ ਉਹਨਾਂ ਦੇ ਸ਼ਬਦ ਤੋਂ ਇਨਕਾਰੀ ਹੋ ਰਹੇ ਹਨ, ਹਾਲਾਂ ਕਿ ਲਫ਼ਜ਼ 'ਮਹਲਾ 5' ਸਾਫ਼ ਲਿਖੇ ਪਏ ਹਨ। ਸਿੱਖ ਨੂੰ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਗੁਆਚਦੇ ਰਸੂਖ਼ ਨੂੰ ਮੁੜ ਕਾਇਮ ਕਰਨ ਦਾ ਜਤਨ ਕਰਨ ਵਾਲੇ ਦੀ ਹੀ ਇਹ ਚਾਲ ਸੀ ਕਿ ਜਿਸ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪੁਆਇਆ, ਜਿਸ ਨੇ ਸਤਿਗੁਰੂ ਜੀ ਦੀ ਮਾਪਿਆਂ ਦਾ ਸਰਾਧ ਕਰਾਇਆ, ਜਿਸ ਨੇ ਕੇਸ਼ੋ ਪੰਡਿਤ ਨੂੰ ਗੁਰੂ ਅਮਰਦਾਸ ਜੀ ਦਾ ਪਰੋਹਤ ਬਣਾ ਦਿੱਤਾ ਤੇ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜ ਲਿਖਵਾ ਦਿੱਤਾ। ਸਿੱਖ-ਇਤਿਹਾਸ ਵਿਚ ਹੋਰ ਭੀ ਗੁੱਝੀਆਂ ਚੋਟਾਂ ਲਵਾ ਦਿੱਤੀਆਂ, ਜਿਨ੍ਹਾਂ ਨੂੰ ਵਿਚਾਰਨ ਲਈ ਅਜੇ ਤਕ ਸਿੱਖ ਵਿਦਵਾਨਾਂ ਨੂੰ ਵੇਹਲ ਨਹੀਂ ਮਿਲੀ ਜਾਂ ਲੋੜ ਨਹੀਂ ਜਾਪੀ।

ਅਧੂਰਾ-ਪਨ ਦੀ ਦਲੀਲ ਬਾਰੇ:

ਜੋ ਸੱਜਣ ਇਹ ਆਖ ਰਹੇ ਹਨ ਕਿ ਧੰਨੇ ਭਗਤ ਵਾਲਾ ਸ਼ਬਦ ਗੁਰੂ ਅਰਜਨ ਸਾਹਿਬ ਨੂੰ ਅਧੂਰਾ ਮਿਲਿਆ ਸੀ, ਉਹਨਾਂ ਗੁੰਮ ਹੋਈਆਂ ਤੁਕਾਂ ਆਪ ਲਿਖ ਕੇ ਸਿਰ-ਲੇਖ ਵਜੋਂ 'ਮਹਲਾ 5' ਲਿਖ ਦਿੱਤਾ, ਉਹਨਾਂ ਲਈ ਕਬੀਰ ਜੀ ਦੇ ਗਉੜੀ ਰਾਗ ਦੇ ਸ਼ਬਦ ਨੰ: 14 ਦਾ ਸਿਰ-ਲੇਖ ਕਾਫੀ ਸਹਾਇਕ ਹੋਵੇਗਾ: "ਗਉੜੀ ਕਬੀਰ ਜੀ ਕੀ, ਨਾਲ ਰਲਾਇ ਲਿਖਿਆ ਮਹਲਾ 5"। ਇਸੇ ਤਰ੍ਹਾਂ ਜੇ ਧੰਨੇ ਭਗਤ ਦੇ ਸ਼ਬਦ ਵਿਚ ਭੀ ਕੋਈ ਤੁਕਾਂ ਗੁਰੂ ਅਰਜਨ ਸਾਹਿਬ ਦੀਆਂ ਹੁੰਦੀਆਂ, ਤਾਂ ਸਿਰ-ਲੇਖ ਨਿਰਾ 'ਮਹਲਾ 5' ਨਾਹ ਹੁੰਦਾ। ਸੋ, ਸ਼ਬਦ 'ਗੋਬਿੰਦ ਗੋਬਿੰਦ ਗੋਬਿੰਦ ਸੰਗਿ' ਨਿਰੋਲ ਗੁਰੂ ਅਰਜਨ ਸਾਹਿਬ ਦਾ ਹੈ।

ਨਾਲਿ ਰਲਾਇ ਲਿਖਿਆ 'ਮ: 5' ਦਾ ਨਵਾਂ ਭਾਵ:

ਜੋ ਸੱਜਣ ਇਸ ਖ਼ਿਆਲ ਦੇ ਹਨ ਕਿ ਧੰਨੇ ਜੀ ਦਾ ਇਹ ਸ਼ਬਦ ਅਧੂਰੀ ਸ਼ਕਲ ਵਿਚ ਸਤਿਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਸੀ, ਉਹ ਇਹ ਦਲੀਲ ਭੀ ਦੇਂਦੇ ਹਨ ਕਿ ਇੱਥੇ ਸਿਰ-ਲੇਖ 'ਮਹਲਾ 5' ਦਾ ਭਾਵ ਹੈ 'ਨਾਲਿ ਰਲਾਇ ਲਿਖਿਆ ਮਹਲਾ 5'। ਉਹ ਕਹਿੰਦੇ ਹਨ ਕਿ ਭਗਤਾਂ ਦੇ ਸ਼ਬਦਾਂ ਜਾਂ ਸ਼ਲੋਕਾਂ ਵਿਚ ਜਿੱਥੇ ਕਿਥੇ ਭੀ ਸਿਰ-ਲੇਖ 'ਮਹਲਾ 5' ਹੈ, ਉਥੇ ਹਰ ਥਾਂ ਇਹੀ ਭਾਵ ਲੈਣਾ ਹੈ 'ਨਾਲਿ ਰਲਾਇ ਲਿਖਿਆ ਮਹਲਾ 5'।

ਇਹ ਨਵਾਂ ਭਾਵ ਸਿਰੇ ਨਹੀਂ ਚੜ੍ਹ ਸਕਦਾ:

ਪਰ ਇੱਥੇ ਇਕ ਹੋਰ ਪ੍ਰਸ਼ਨ ਉਠਦਾ ਹੈ– ਕਬੀਰ ਜੀ ਦੇ ਗਉੜੀ ਰਾਗ ਵਾਲੇ ਜਿਸ ਸ਼ਬਦ ਨਾਲ 'ਨਾਲਿ ਰਲਾਇ ਲਿਖਿਆ ਮਹਲਾ 5' ਦਾ ਸਿਰਲੇਖ ਹੈ, ਕੀ ਉਹ ਸ਼ਬਦ ਅਧੂਰਾ ਸੀ? ਜੇ ਅਧੂਰਾ ਸੀ, ਤਾਂ ਕਿਸ ਥਾਂ ਤੋਂ ਅਧੂਰਾ ਸੀ? ਕੀ ਉਸ ਸ਼ਬਦ ਵਿਚੋਂ ਕੋਈ ਲਫ਼ਜ਼ ਰਹਿ ਗਏ ਹੋਏ ਸਨ, ਜਾਂ ਕੋਈ ਤੁਕਾਂ ਰਹਿ ਗਈਆਂ ਹੋਈਆਂ ਸਨ? ਉਹ ਕੇਹੜੇ ਲਫ਼ਜ਼ ਸਨ, ਉਹ ਕੇਹੜੀਆਂ ਤੁਕਾਂ ਸਨ ਜੋ ਗੁਰੂ ਅਰਜਨ ਸਾਹਿਬ ਨੇ ਆਪਣੇ ਵੱਲੋਂ ਦਰਜ ਕਰ ਦਿੱਤੇ ਸਨ? ਜੇਹੜੇ 15 ਸ਼ਲੋਕਾਂ ਦੇ ਪ੍ਰਮਾਣ ਉੱਪਰ ਦਿੱਤੇ ਗਏ ਹਨ, ਕੀ ਇਹਨਾਂ ਵਿਚੋਂ ਕੋਈ ਲਫ਼ਜ਼ਾਂ ਰਹਿ ਗਏ ਸਨ ਜੋ ਗੁਰੂ ਅਰਜਨ ਸਾਹਿਬ ਨੇ ਆਪਣੇ ਪਾਸੋਂ ਪਾ ਕੇ ਇਹਨਾਂ ਦਾ ਸਿਰ-ਲੇਖ 'ਮਹਲਾ 5' ਲਿਖ ਦਿੱਤਾ ਸੀ? ਉਹ ਕੇਹੜੇ ਕੇਹੜੇ ਲਫ਼ਜ਼ ਹਨ ਜੋ ਸਤਿਗੁਰੂ ਜੀ ਨੇ ਆਪਣੇ ਵੱਲੋਂ ਪਾਏ ਹਨ?

ਅਸਲ ਸ਼ਬਦ ਨੂੰ ਪੜ੍ਹੋ:

ਇਸ ਗੁੰਝਲ ਦਾ ਹੱਲ ਲਭਣ ਵਾਸਤੇ ਗਉੜੀ ਰਾਗ ਵਾਲੇ ਉਸ ਅਸਲ ਸ਼ਬਦ ਨੂੰ ਗਹੁ ਨਾਲ ਪੜ੍ਹੀਏ ਤੇ ਵਿਚਾਰੀਏ:

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ॥

ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥1॥ਰਹਾਉ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥1॥ ਮਾਤਾ ਭੈਸਾ ਅੰਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥2॥ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥3॥ ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥4॥1॥14॥

ਸਿਰਲੇਖ ਕੀਹ ਦੱਸਦਾ ਹੈ?

ਇਸ ਸ਼ਬਦ ਦਾ ਸਿਰ-ਲੇਖ ਦੱਸਦਾ ਹੈ ਕਿ ਇਹ ਇਕੱਲੇ ਕਬੀਰ ਜੀ ਦਾ ਨਹੀਂ ਹੈ। ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ। ਹੁਣ ਅਸਾਂ ਵੇਖਣਾ ਹੈ ਕਿ ਸਤਿਗੁਰੂ ਜੀ ਦਾ ਹਿੱਸਾ ਕੇਹੜਾ ਹੈ।

ਕਬੀਰ ਜੀ ਦਾ ਹਿੱਸਾ:

ਤੀਜੇ ਬੰਦ ਵਿਚ ('ਕਹੁ ਕਬੀਰ ਪਰਗਟ ਭਈ ਖੇਡ') ਕਬੀਰ ਜੀ ਦਾ ਨਾਮ ਆਉਂਦਾ ਹੈ, ਤੇ ਇੱਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ। ਸ਼ੁਰੂ ਵਿਚ ਲਿਖਦੇ ਹਨ ਕਿ ਜਗਤ ਵਿਚ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ– ਜੀਵ ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ, ਭਾਵ, ਵਿਅਰਥ ਤੇ ਉਲਟ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ। ਲਾਭ ਵਾਲਾ ਕੰਮ ਤਾਂ ਇਹ ਹੈ, ਜਿਵੇਂ ਸਿੱਖ ਰੋਜ਼ ਅਰਦਾਸ ਕਰਦਾ ਹੈ 'ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ', ਭਾਵ, ਵਾਹਿਗੁਰੂ ਦੇ ਸਿਮਰਨ ਵਿਚ ਜੁੜੀ ਰਹੇ ਬੁਧੀ, ਤੇ ਇਹੋ ਜਿਹੀ ਬੁੱਧੀ ਦੇ ਅਧੀਨ ਰਹੇ ਮਨ। ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿਚ ਉਲਟੀ ਖੇਡ ਹੋ ਰਹੀ ਹੈ, ਬੁੱਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਚਾਰੀ ਮਨ ਦੇ ਪਿਛੇ ਲਗੀ ਫਿਰਦੀ ਹੈ। ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ। ਕਬੀਰ ਜੀ ਨੇ ਇਹ ਤਮਾਸ਼ਾ ਸਮਝ ਲਿਆ ਹੈ।

ਗੁਰੂ ਅਰਜਨ ਸਾਹਿਬ ਦਾ ਹਿੱਸਾ:

ਪਰ, ਕਬੀਰ ਜੀ ਨੇ ਇਹ ਜਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਉਹਨਾਂ ਨੂੰ ਕਿਵੇਂ ਆਈ ਹੈ, ਤੇ ਹੋਰ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜਨ ਸਾਹਿਬ ਨੇ ਅਖ਼ੀਰਲਾ ਬੰਦ ਨੰ: 4 ਆਪਣੇ ਵਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ।

ਵਾਧੂ ਅੰਕ ਕਿਉਂ?

ਅੰਕ ਨੰ: 4 ਦੇ ਅੱਗੇ ਅੰਕ ਨੰ: 1 ਭੀ ਇਸ ਸ਼ਬਦ ਦਾ ਇਹ ਅਨੋਖਾਪਨ ਦੱਸਣ ਵਾਸਤੇ ਹੀ ਹੈ। ਕਬੀਰ ਜੀ ਦੇ ਇਹ ਸਾਰੇ 35 ਸ਼ਬਦ ਹਨ। ਹਰੇਕ ਦੀ ਅਖ਼ੀਰਲੀ ਗਿਣਤੀ ਗਹੁ ਨਾਲ ਵੇਖੋ। ਇਹਨਾਂ 35 ਸ਼ਬਦਾਂ ਵਿਚ ਇਹੀ ਸ਼ਬਦ ਹੈ ਜਿਸ ਵਿਚ ਇਹ ਵਾਧੂ ਅੰਕ ਆਇਆ ਹੈ।

ਰਲਾਇ ਲਿਖਣ ਦੀ ਲੋੜ:

ਅਸਾਂ ਵੇਖਿਆ ਹੈ ਕਿ ਗਉੜੀ ਰਾਗ ਵਾਲੇ ਕਬੀਰ ਦੇ ਸ਼ਬਦ ਵਿਚੋਂ ਕੋਈ ਲਫ਼ਜ਼ ਮਿਟੇ ਹੋਏ ਨਹੀਂ ਸਨ, ਜੇਹੜੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਵਲੋਂ ਰਲਾਣ ਦੀ ਲੋੜ ਪਈ। ਇਥੇ ਤਾਂ ਇਕ ਖ਼ਾਸ ਖ਼ਿਆਲ ਨੂੰ ਸਪਸ਼ਟ ਕਰਨਾ ਸੀ ਜੋ ਕਬੀਰ ਜੀ ਨੇ ਨਹੀਂ ਕੀਤਾ ਸੀ।

ਰਲਾਈ ਤੁਕ ਵਿਚ ਭੀ 'ਕਬੀਰ'

ਸਤਿਗੁਰੂ ਜੀ ਨੇ ਆਪਣੀ ਰਲਾਈ ਤੁਕ ਵਿਚ ਭੀ ਲਫ਼ਜ਼ 'ਕਬੀਰ' ਹੀ ਵਰਤਿਆ ਹੈ ਕਿਉਂਕਿ ਉਹ ਕਬੀਰ ਜੀ ਦੇ ਸ਼ਬਦ ਦੇ ਪਰਥਾਇ ਲਿਖ ਰਹੇ ਹਨ।

ਇਹੀ ਕਸਵੱਟੀ ਵਰਤੋ:

ਹੁਣ ਦਲੀਲ ਦੀ ਇਹੀ ਕਸਵੱਟੀ ਵਰਤੀਏ ਉਸ ਸ਼ਬਦ ਬਾਰੇ ਜਿਸ ਦਾ ਜ਼ਿਕਰ ਇਸ ਮਜ਼ਮੂਨ ਵਿਚ ਚੱਲ ਰਿਹਾ ਹੈ ਤੇ ਜਿਸ ਦੀ ਪਹਿਲੀ ਤੁਕ ਹੈ 'ਗੋਬਿੰਦ ਗੋਬਿੰਦ ਗੋਬਿੰਦ ਸੰਗਿ'।

ਇਹ ਸ਼ਬਦ ਵਿਚ ਉਹ ਕਿਹੜਾ ਖ਼ਿਆਲ ਹੈ ਜੋ ਧੰਨੇ ਜੀ ਨੇ ਗੁਪਤ ਰਹਿਣ ਦਿੱਤਾ ਸੀ, ਖੋਹਲ ਕੇ ਨਹੀਂ ਸਮਝਾਇਆ ਸੀ ਤੇ ਗੁਰੂ ਅਰਜਨ ਸਾਹਿਬ ਨੇ ਸਮਝਾ ਦਿੱਤਾ ਹੈ? ਕਬੀਰ ਜੀ ਵਾਲੇ ਸ਼ਬਦ ਵਿਚ ਵੇਖ ਆਏ ਹਾਂ ਕਿ ਸਤਿਗੁਰੂ ਅਰਜਨ ਦੇਵ ਜੀ ਦੀ ਰਲਾਈ ਹੋਈ ਤੁਕ ਕਬੀਰ ਜੀ ਦੇ ਸ਼ਬਦ ਦੇ ਅਖ਼ੀਰ ਤੇ ਹੈ। ਕੁਦਰਤੀ ਤੌਰ ਤੇ ਭੀ ਅਖ਼ੀਰ ਤੇ ਹੀ ਲਿਖ ਸਕਦੇ ਹਨ। ਹੁਣ ਦੱਸੋ ਕਿ ਧੰਨੇ ਜੀ ਦੇ ਸ਼ਬਦ ਦੀ ਕੇਹੜੀ ਅਖ਼ੀਰਲੀ ਤੁਕ ਸਤਿਗੁਰ ਜੀ ਦੀ ਹੈ ਤੇ ਉਹ ਕੇਹੜੇ ਗੁਪਤ ਰੱਖੇ ਗਏ ਖ਼ਿਆਲ ਦੀ ਵਿਆਖਿਆ ਵਿਚ ਹੈ। ਜੇਹੜੇ 15 ਸਲੋਕਾਂ ਦਾ ਹਵਾਲਾ ਇਸ ਮਜ਼ਮੂਨ ਵਿਚ ਅਸਾਂ ਦਿੱਤਾ ਹੈ, ਉਹਨਾਂ ਵਿਚ ਭੀ ਦੱਸੋ, ਕੇਹੜੀ ਅਖ਼ੀਰਲੀ ਤੁਕ ਗੁਰੂ ਅਰਜਨ ਸਾਹਿਬ ਦੀ ਹੈ, ਤੇ ਭਗਤ ਜੀ ਦੇ ਕਿਸ ਰਹੇ-ਖ਼ਿਆਲ ਦੀ ਵਿਆਖਿਆ ਵਿਚ ਹੈ। ਇਸ ਦਾ ਉੱਤਰ ਕੋਈ ਨਹੀਂ ਹੈ। ਤਾਂ ਤੇ ਇਹ ਖ਼ਿਆਲ ਗ਼ਲਤ ਹੈ ਕਿ ਧੰਨੇ ਜੀ ਦੇ ਇਸ ਸ਼ਬਦ ਵਿਚ ਗੁਰੂ ਅਰਜਨ ਸਾਹਿਬ ਨੇ ਆਪਣੇ ਵਲੋਂ ਕੋਈ ਤੁਕਾਂ ਪਾਈਆਂ ਹਨ।

ਸਿਰਲੇਖ ਦਾ ਭਾਵ ਸਾਫ਼ ਹੈ

ਉਹਨਾਂ ਦਾ ਸਿਰਲੇਖ 'ਮਹਲਾ 5' ਸਾਫ਼ ਤੇ ਸਾਦਾ ਹੈ। ਜਿਸ ਦਾ ਭਾਵ ਭੀ ਸਾਫ਼ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਹੈ। ਕਿਉਂ ਲਿਖਿਆ? ਧੰਨੇ ਜੀ ਦੇ ਪਹਿਲੇ ਲਿਖੇ ਸ਼ਬਦ ਦੀ ਅਖ਼ੀਰਲੀ ਤੁਕ ਦੀ ਵਿਆਖਿਆ ਵਿਚ ਕਿ:

ਧੰਨੈ ਧਨੁ ਪਾਇਆ ਧਰਣੀ ਧਰੁ ਮਿਲਿ ਜਨ ਸੰਤ ਸਮਾਨਿਆ ॥

ਰਾਗ ਭੈਰਉ ਵਾਲਾ ਸ਼ਬਦ:

ਹੁਣ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਉਹ ਸ਼ਬਦ ਲੈਂਦੇ ਹਾਂ ਜੋ ਉਹਨਾਂ ਰਾਗ ਭੈਰਉ ਵਿਚ ਲਿਖਿਆ ਹੈ ਤੇ ਆਪਣੇ ਹੀ ਸ਼ਬਦ ਦੇ ਸੰਗ੍ਰਹ ਵਿਚ ਦਰਜ ਕੀਤਾ ਹੈ, ਪਰ ਉਸ ਦੇ ਅਖ਼ੀਰ ਤੇ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਵਰਤਿਆ ਹੈ।

ਭੈਰਉ ਮਹਲਾ 5 ॥

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ਰਹਾਉ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥

ਅਨੋਖੀ ਗੱਲ

1430 ਸਫ਼ੇ ਵਾਲੀ 'ਬੀੜ' ਦੇ ਸਫ਼ਾ ਨੰ: 1136 ਤੋਂ ਲੈ ਕੇ ਸਫ਼ਾ 1153 ਤਕ ਕੁੱਲ 57 ਸ਼ਬਦ ਹਨ, ਜਿਨ੍ਹਾਂ ਵਿਚੋਂ ਹਰੇਕ ਦੇ ਸ਼ੁਰੂ ਵਿਚ ਸਿਰ-ਲੇਖ 'ਭੈਰਉ ਮਹਲਾ 5' ਹੈ। ਜਿਸ ਉੱਪਰ-ਲਿਖੇ ਸ਼ਬਦ ਉਤੇ ਅਸੀਂ ਵਿਚਾਰ ਕਰਨ ਲੱਗੇ ਹਾਂ ਇਹ ਇਸ 'ਸੰਗ੍ਰਹ' ਦਾ ਤੀਜਾ ਸ਼ਬਦ ਹੈ। ਹੋਰ ਸਭ ਸ਼ਬਦਾਂ ਦੇ ਅਖ਼ੀਰ ਵਿਚ ਕਰਤੇ ਦਾ ਨਾਮ 'ਨਾਨਕ' ਲਿਖਿਆ ਹੋਇਆ ਹੈ, ਪਰ ਇਹ ਤੀਜੇ ਸ਼ਬਦ ਵਿਚ ਨਾਮ 'ਕਬੀਰ' ਹੈ।

ਗੱਲ ਭੁਲੇਖੇ ਵਾਲੀ ਨਹੀਂ:

ਚੂੰਕਿ ਬਾਕੀ ਦੇ 56 ਸ਼ਬਦਾਂ ਵਾਂਗ ਇਸ ਤੀਜੇ ਸ਼ਬਦ ਦਾ ਸਿਰ-ਲੇਖ ਭੀ 'ਭੈਰਉ ਮਹਲਾ 5' ਹੈ, ਇਸ ਦਾ ਸਿੱਧਾ ਪੱਧਰਾ ਭਾਵ ਇਹੀ ਹੈ ਕਿ ਇਹ ਸ਼ਬਦ ਗੁਰੂ ਅਰਜਨ ਜੀ ਦਾ ਆਪਣਾ ਹੀ ਹੈ।

ਜੇ ਇਸ ਸਿਰ-ਲੇਖ ਦਾ ਭਾਵ ਇਹ ਮੰਨੀਏ ਕਿ ਅਸਲ ਵਿਚ ਇਹ ਹੈ 'ਨਾਲਿ ਰਲਾਇ ਲਿਖਿਆ ਮਹਲਾ 5', ਤਾਂ ਸਵਾਲ ਉੱਠਦਾ ਹੈ ਕਿ ਉਹ ਕੇਹੜੀਆਂ ਤੁਕਾਂ ਹਨ ਜੋ ਗੁਰੂ ਅਰਜਨ ਸਾਹਿਬ ਨੇ ਕਬੀਰ ਦੇ ਸ਼ਬਦ ਨਾਲ ਰਲਾਇ ਕੇ ਲਿਖੀਆਂ ਹਨ। ਫਿਰ, ਜੇ ਇਹ ਭਗਤ ਕਬੀਰ ਜੀ ਦਾ ਹੀ ਸ਼ਬਦ ਤੇ ਗੁਰੂ ਅਰਜਨ ਸਾਹਿਬ ਜੀ ਦੀਆਂ ਇਸ ਵਿਚ ਕੋਈ ਇਕ ਦੋ ਤੁਕਾਂ ਹੀ ਸਨ, ਤਾਂ ਇਹ ਸ਼ਬਦ ਭਗਤ ਜੀ ਦੀ ਬਾਣੀ ਵਿਚ ਆਉਂਦਾ ਤੇ ਇਸ ਦਾ ਸਿਰ-ਲੇਖ ਭੀ ਸਪਸ਼ਟ ਹੁੰਦਾ ਜਿਸ ਤੋਂ ਕਿਸੇ ਭੁਲੇਖੇ ਦੀ ਸੰਭਾਵਨਾ ਨਾਹ ਬਣਦੀ। ਕਬੀਰ ਜੀ ਦੇ ਗਉੜੀ ਰਾਗ ਵਾਲੇ ਸ਼ਬਦ ਨੰ: 14 ਵਿਚ ਤਾਂ ਅਸੀਂ ਵੇਖ ਆਏ ਹਾਂ ਕਿ ਸਿਰਫ਼ ਅਖ਼ੀਰਲਾ ਬੰਦ ਨੰ: 4 ਗੁਰੂ ਅਰਜਨ ਸਾਹਿਬ ਦਾ ਹੈ, ਅਸੀਂ ਇਹ ਭੀ ਸਮਝ ਚੁਕੇ ਹਾਂ ਕਿ ਇਹ ਬੰਦ ਸਤਿਗੁਰੂ ਜੀ ਨੇ ਕਿਉਂ ਆਪਣੇ ਵਲੋਂ ਲਿਖਿਆ ਪਰ ਭੈਰਉ ਰਾਗ ਦੇ ਮੌਜੂਦਾ ਤੀਜੇ ਸ਼ਬਦ ਵਿਚ ਇਹ ਨਿਰਣਾ ਅਸੰਭਵ ਹੈ। ਅਸੀਂ ਕੋਈ ਐਸੀ ਹੱਦ-ਬੰਦੀ ਨਹੀਂ ਕਰ ਸਕਦੇ, ਜਿੱਥੇ ਇਹ ਕਹਿ ਸਕੀਏ ਕਿ ਇੱਥੋਂ ਤਕ ਸ਼ਬਦ ਕਬੀਰ ਜੀ ਦਾ ਹੈ ਤੇ ਇਸ ਤੋਂ ਅਗਾਂਹ ਸਤਿਗੁਰੂ ਜੀ ਦਾ।

ਅਖ਼ੀਰ ਤੇ ਲਫ਼ਜ਼ 'ਕਬੀਰ' ਕਿਉਂ?:

ਪਰ ਫਿਰ ਇਸ ਦੇ ਅਖ਼ੀਰ ਤੇ ਲਫ਼ਜ਼ 'ਕਬੀਰ' ਕਿਉਂ ਹੈ? ਇਸ ਦਾ ਉੱਤਰ ਬਿਲਕੁਲ ਸਾਫ਼ ਤੇ ਸਾਦਾ ਹੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਇਹ ਸ਼ਬਦ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ ਲਿਖਿਆ ਹੈ, ਕਬੀਰ ਦੇ ਕਿਸੇ ਕੁਝ ਗੁੱਝੇ ਰਹੇ ਖ਼ਿਆਲ ਦੀ ਇਸ ਵਿਚ ਵਿਆਖਿਆ ਕੀਤੀ ਹੈ।

ਕਿਸ ਸ਼ਬਦ ਪਰਥਾਇ?

ਪਰ ਫਿਰ ਕਬੀਰ ਜੀ ਦਾ ਉਹ ਕਿਹੜਾ ਸ਼ਬਦ ਹੈ? ਤੇ ਉਸ ਸ਼ਬਦ ਦੇ ਨਾਲ ਹੀ ਇਸ ਸ਼ਬਦ ਨੂੰ ਕਿਉਂ ਦਰਜ ਨਾ ਕੀਤਾ ਗਿਆ?

ਇਸੇ ਹੀ ਭੈਰਉ ਰਾਗ ਵਿਚ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ, ਸ਼ਬਦ ਨੰ: 7:

ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥1॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ਰਹਾਉ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥2॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥ ਰਿਦੈ ਇਖਲਾਸੁ ਨਿਰਖ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥4॥7॥

ਇਸ ਸ਼ਬਦ ਦੀ ਵਿਆਖਿਆ ਵਿਚ:

ਇਸ ਸ਼ਬਦ ਦੀ 'ਰਹਾਉ' ਦੀ ਤੁਕ ਪੜ੍ਹਨ ਵੇਲੇ ਪਾਠਕ ਨੂੰ ਪਹਿਲਾਂ ਇਹ ਖ਼ਿਆਲ ਪੈਦਾ ਹੁੰਦਾ ਹੈ ਕਿ 'ਪੰਡਿਤ ਮੁਲਾਂ' ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਬੰਦ ਨੰ: 1 ਅਤੇ ਬੰਦ ਨੰ: 2 ਭੀ ਪਹਿਲਾਂ ਬਹੁਤੀ ਸਹੈਤਾ ਨਹੀਂ ਕਰਦੇ। ਪਰ ਬੰਦ ਨੰ: 3 ਵਿਚ ਜਾ ਕੇ ਇਹ ਗੁੰਝਲ ਕੁਝ ਕੁ ਹੱਲ ਹੋ ਜਾਂਦੀ ਹੈ ਕਿ ਪੰਡਿਤਾਂ ਦੇ ਦੱਸੇ ਕਰਮ ਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਕਬੀਰ ਜੀ ਜ਼ਿਕਰ ਕਰ ਰਹੇ ਹਨ। ਉਂਞ ਕੋਈ ਐਸੀ ਰਮਜ਼ ਦੀ ਗੱਲ ਇੱਥੇ ਨਹੀਂ, ਜਿਸ ਨੂੰ ਸਮਝਣ ਲੱਗਿਆਂ ਕੋਈ ਭੁਲੇਖਾ ਪੈ ਜਾਏ ਤੇ ਕੋਈ ਉਲਟ-ਪੁਲਟ ਗੱਲ ਸਮਝੀ ਜਾਏ। ਸੋ, ਇਸ ਦੀ ਵਿਆਖਿਆ ਵਾਸਤੇ ਗੁਰੂ ਅਰਜਨ ਸਾਹਿਬ ਨੇ ਇੱਥੇ ਇਸ ਸ਼ਬਦ ਦੇ ਨਾਲ ਹੀ ਕੋਈ ਆਪਣਾ ਸ਼ਬਦ ਦਰਜ ਕਰਨਾ ਜ਼ਰੂਰੀ ਨਹੀਂ ਸਮਝਿਆ। ਪਰ ਇਸ ਸ਼ਬਦ ਦੀ ਖੁਲ੍ਹੀ ਵਿਆਖਿਆ ਸਤਿਗੁਰੂ ਜੀ ਨੇ ਕਰ ਜ਼ਰੂਰ ਦਿੱਤੀ ਹੈ, ਅਤੇ ਉਹ ਸ਼ਬਦ ਭੈਰਉ ਰਾਗ ਵਿਚ ਹੀ ਆਪਣੇ ਸ਼ਬਦਾਂ ਦੇ ਸੰਗ੍ਰਹ ਵਿਚ ਨੰਬਰ 3 ਉਤੇ ਦਰਜ ਕਰ ਦਿੱਤਾ ਹੈ– 'ਵਰਤ ਨ ਰਹਉ ਨ ਮਹ ਰਮਦਾਨਾ'। ਚੂੰਕਿ ਉਹ ਸ਼ਬਦ ਨਿਰੋਲ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਵਾਸਤੇ ਹੈ, ਇਸ ਲਈ ਉਸ ਵਿਚ ਅਖ਼ੀਰ ਤੇ ਕਬੀਰ ਜੀ ਦਾ ਹੀ ਨਾਮ ਉਹਨਾਂ ਦਿੱਤਾ ਹੈ। ਪਾਠਕ ਸੱਜਣ ਇਹਨਾਂ ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹ ਵੇਖਣ।

ਭੈਰਉ ਵਿਚ ਹੀ ਇਕ ਹੋਰ ਸ਼ਬਦ:

ਇਸੇ ਹੀ ਰਾਗ ਭੈਰਉ ਵਿਚ ਕਬੀਰ ਦੇ ਸ਼ਬਦਾਂ ਦੇ ਸੰਗ੍ਰਹ ਦੇ ਨੰਬਰ 12 ਤੇ ਜੇਹੜਾ ਸ਼ਬਦ ਸਤਿਗੁਰੂ ਅਰਜਨ ਸਾਹਿਬ ਨੇ ਆਪਣੇ ਵੱਲੋਂ ਦਰਜ ਕੀਤਾ ਹੈ, ਉਹ ਤਾਂ ਅਸਾਡੇ ਖ਼ਿਆਲ ਨੂੰ ਬਿਲਕੁਲ ਸਾਫ਼ ਤੌਰ ਤੇ ਪੱਕਾ ਕਰ ਦੇਂਦਾ ਹੈ। ਇਹ ਸ਼ਬਦ ਹੂ-ਬ-ਹੂ ਉਸੇ ਤਰੀਕੇ ਨਾਲ ਦਰਜ ਕੀਤਾ ਗਿਆ ਹੈ, ਜਿਵੇਂ ਆਸਾ ਰਾਗ ਵਿਚ 'ਗੋਬਿੰਦ ਗੋਬਿੰਦ ਗੋਬਿੰਦ ਸੰਗਿ' ਹੈ। ਇਹ ਸ਼ਬਦ ਇਉਂ ਹੈ:

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਆਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ਰਹਾਉ॥......

ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥4॥4॥12॥

ਇੱਥੇ ਭੀ ਸਿਰ-ਲੇਖ 'ਮਹਲਾ 5' ਦੱਸਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਨਿਰੋਲ ਆਪਣਾ ਉਚਾਰਿਆ ਹੋਇਆ ਹੈ।

ਇਸ ਸ਼ਬਦ ਦੀ ਇਥੇ ਕੀ ਲੋੜ ਪਈ:

ਇਹ ਗੱਲ ਸਮਝਣ ਵਾਸਤੇ ਇਸ ਤੋਂ ਪਹਿਲਾਂ ਕਬੀਰ ਜੀ ਦਾ ਸ਼ਬਦ ਨੰ: 11 ਗਹੁ ਨਾਲ ਪੜ੍ਹ ਕੇ ਵੇਖੋ। ਆਪ ਲਿਖਦੇ ਹਨ:

ਸੋ ਮੁਲਾਂ ਜੋ ਮਨ ਸਿਉ ਲਰੈ ॥ ਗੁਰ ਉਪਦੇਸਿ ਕਾਲ ਸਿਉ ਜੁਰੈ ॥ ਕਾਲ ਪੁਰਖ ਕਾ ਮਰਦੈ ਮਾਨੁ ॥ ਤਿਸੁ ਮੁਲਾ ਕਉ ਸਦਾ ਸਲਾਮੁ ॥1॥ ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥1॥ਰਹਾਉ॥ ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ ਸੁਪਨੈ ਬਿੰਦ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥2॥ ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ ਬਾਹਰਿ ਜਾਤਾ ਭੀਤਰਿ ਆਨੈ ॥ ਗਗਨ ਮੰਡਲ ਮਹਿ ਲਸਕਰੁ ਕਰੈ ॥ ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥ ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥4॥3॥11॥

ਭੁਲੇਖੇ ਦੀ ਗੁੰਜੈਸ਼ ਦੂਰ ਕਰਨ ਲਈ:

ਇਸ ਸਾਰੇ ਸ਼ਬਦ ਵਿਚ ਮੁੱਲਾਂ ਕਾਜੀ ਆਦਿਕ ਦਾ ਜ਼ਿਕਰ ਹੈ। ਜਿਹੋ ਜਿਹਾ ਅਸਲ ਮੁੱਲਾਂ ਤੇ ਕਾਜ਼ੀ ਹੋਣਾ ਚਾਹੀਦਾ ਹੈ; ਉਸ ਦਾ ਧਿਆਨ ਆਪਣੇ ਖ਼ਿਆਲ ਅਨੁਸਾਰ ਕਰ ਰਹੇ ਹਨ। ਅਖ਼ੀਰਲੇ ਬੰਦ ਨੰ: 4 ਵਿਚ ਹਿੰਦੂ ਦਾ ਇਸ਼ਾਰੇ-ਮਾਤ੍ਰ ਜ਼ਿਕਰ ਹੈ, ਲਿਖਿਆ ਹੈ 'ਹਿੰਦੂ ਰਾਮ ਨਾਮੁ ਉਚਰੈ'। ਖ਼ਿਆਲ ਨੂੰ ਚੰਗੀ ਤਰ੍ਹਾਂ ਖੋਹਲਿਆ ਨਹੀਂ ਹੈ। ਭਾਵੇਂ ਕਬੀਰ ਜੀ ਨੇ ਅਖ਼ੀਰਲੀ ਤੁਕ ਵਿਚ ਆਪਣਾ ਆਸ਼ਾ ਪਰਗਟ ਕਰ ਦਿੱਤਾ ਹੈ 'ਕਬੀਰ ਕਾ ਸੁਆਮੀ, ਰਹਿਆ ਸਮਾਇ', ਪਰ ਅੰਞਾਣ ਪਾਠਕ ਨੂੰ ਭੁਲੇਖਾ ਪੈ ਸਕਦਾ ਹੈ। ਇਸ ਭੁਲੇਖੇ ਦੀ ਗੁੰਜੈਸ਼ ਨੂੰ ਦੂਰ ਕਰਨ ਲਈ ਸਤਿਗੁਰੂ ਅਰਜਨ ਦੇਵ ਜੀ ਨੇ ਅਗਲੇ ਆਪਣੇ ਸ਼ਬਦ ਵਿਚ ਸਾਫ਼ ਲਿਖ ਦਿੱਤਾ ਹੈ ਕਿ ਉਸ ਤੁਕ 'ਹਿੰਦੂ ਰਾਮ ਨਾਮੁ ਉਚਰੈ' ਵਿਚ ਕਬੀਰ ਜੀ ਦਾ ਭਾਵ 'ਰਾਮ ਚੰਦਰ ਜੀ ਦੀ ਮੂਰਤੀ' ਤੋਂ ਹੈ, ਤੇ ਕਿਸੇ ਇਕ ਮੂਰਤੀ ਵਿਚ ਰੱਬ ਨੂੰ ਬੈਠਾ ਮਿਥ ਲੈਣਾ ਭੁੱਲ ਹੈ।

ਗੁਰੂ ਅਰਜਨ ਸਾਹਿਬ ਨੇ ਭੀ ਆਪਣੇ ਸ਼ਬਦ ਦੇ ਅਖ਼ੀਰਲੇ ਬੰਦ ਵਿਚ ਲਫ਼ਜ਼ 'ਰਾਮ' ਹੀ ਵਰਤਿਆ ਹੈ 'ਰਾਮ ਭਗਤ ਹੈ ਸਦਾ ਸੁਖਾਲੇ'। ਕਬੀਰ ਜੀ ਨੇ ਭੀ 'ਹਿੰਦੂ ਰਾਮ ਨਾਮੁ ਉਚਰੈ' ਵਿਚ ਲਫ਼ਜ਼ ਰਾਮ ਹੀ ਵਰਤਿਆ ਹੈ। ਪਰ ਸਤਿਗੁਰੂ ਜੀ ਨੇ 'ਕਬੀਰ ਕਾ ਸੁਆਮੀ ਰਹਿਆ ਸਮਾਇ' ਵਿਚ ਇਸ਼ਾਰੇ-ਮਾਤ੍ਰ ਦੱਸੀ ਗੱਲ ਨੂੰ ਆਪਣੇ ਸ਼ਬਦ ਨੰ: 12 ਵਿਚ ਵਿਸਥਾਰ ਨਾਲ ਸਮਝਾ ਦਿੱਤਾ ਹੈ। ਕਬੀਰ ਜੀ ਦੇ ਸ਼ਬਦ ਨੰ: 11 ਦੇ ਅਖ਼ੀਰਲੇ ਬੰਦ ਦਾ ਅਰਥ ਹੈ– ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਆਖਦਾ ਹੈ। ਹਿੰਦੂ (ਸ੍ਰੀ ਰਾਮ ਚੰਦ੍ਰ ਜੀ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ। ਮੁਸਲਮਾਨ ਨੇ (ਸਤਵੇਂ ਆਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਲਿਆ ਹੈ। ਪਰ ਮੇਰਾ ਕਬੀਰ ਦਾ ਪ੍ਰਭੂ ਓਹ ਹੈ ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ)।

ਹੁਣ ਗੁਰੂ ਅਰਜਨ ਸਾਹਿਬ ਦੇ ਸ਼ਬਦ ਨੂੰ ਕਬੀਰ ਜੀ ਦੇ ਸ਼ਬਦ ਨੰ: 11 ਦੇ ਸਾਹਮਣੇ ਰੱਖ ਕੇ ਪੜ੍ਹ ਵੇਖੋ। ਸਤਿਗੁਰੂ ਜੀ ਨੇ ਆਪਣੇ ਸ਼ਬਦ ਵਿਚ ਲਫ਼ਜ਼ 'ਕਬੀਰ' ਵਰਤਿਆ ਹੈ, ਕਿਉਂਕਿ ਇਹ ਸ਼ਬਦ ਕਬੀਰ ਜੀ ਦੇ ਸ਼ਬਦ ਨੰ: 11 ਦੇ ਪਰਥਾਇ ਹੈ।

ਲਫ਼ਜ਼ 'ਨਾਨਕ' ਦੇ ਥਾਂ 'ਧੰਨਾ'

ਇਸੇ ਤਰ੍ਹਾਂ ਆਸਾ ਰਾਗ ਦਾ ਸ਼ਬਦ 'ਗੋਬਿੰਦ ਗੋਬਿੰਦ ਗੋਬਿੰਦ ਸੰਗਿ' ਸਤਿਗੁਰੂ ਅਰਜਨ ਸਾਹਿਬ ਦਾ ਨਿਰੋਲ ਆਪਣਾ ਹੈ। ਚੂੰਕਿ ਇਹ ਧੰਨਾ ਭਗਤ ਜੀ ਦੇ ਪਹਿਲੇ ਸ਼ਬਦ ਦੇ ਪਰਥਾਇ ਹੈ, 'ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ' ਦੀ ਵਿਆਖਿਆ ਵਿਚ ਹੈ, ਇਸ ਲਈ ਸਤਿਗੁਰੂ ਜੀ ਆਪਣੇ ਸ਼ਬਦ ਵਿਚ ਲਫ਼ਜ਼ 'ਨਾਨਕ' ਦੇ ਥਾਂ ਲਫ਼ਜ਼ 'ਧੰਨਾ' ਵਰਤਦੇ ਹਨ।

*********************************************

TOP OF PAGE

Sri Guru Granth Darpan, by Professor Sahib Singh