ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 488

Read the extra text associated with this page

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥ ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥ ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥ ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥ {ਪੰਨਾ 488}

ਪਦ ਅਰਥ: ਚੇਤਸਿ ਕੀ ਨ = ਤੂੰ ਕਿਉਂ ਚੇਤੇ ਨਹੀਂ ਕਰਦਾ? ਦਮੋਦਰ = {Skt. dwmodr: as epithet of Krishna} ਪਰਮਾਤਮਾ। ਬਿਬਹਿ = ਹੋਰ। ਨ ਜਾਨਸਿ = ਤੂ ਨਾਹ ਜਾਣੀਂ। ਧਾਵਹਿ = ਤੂੰ ਦੌੜੇਂਗਾ। ਬ੍ਰਹਮੰਡ ਖੰਡ ਕਉ = ਸਾਰੀ ਸ੍ਰਿਸ਼ਟੀ ਦੇ ਵੱਖ ਵੱਖ ਦੇਸ਼ਾਂ ਵਿਚ।1। ਰਹਾਉ।

ਜਨਨੀ = ਮਾਂ। ਕੇਰੇ = ਦੇ। ਉਦਰ = ਪੇਟ। ਉਦਕ = ਪਾਣੀ। ਪਿੰਡੁ = ਸਰੀਰ। ਦਸ ਦੁਆਰਾ = ਦਸ ਦਰਵਾਜ਼ਿਆਂ ਵਾਲਾ {2 ਕੰਨ, 2 ਅੱਖਾਂ, 2 ਨਾਸਾਂ, 1 ਮੂੰਹ, 1 ਗੁਦਾ, 1 ਲਿੰਗ, 1 ਤਾਲੂ}। ਦੇਇ = ਦੇ ਕੇ। ਅਹਾਰੁ = ਖ਼ੁਰਾਕ।1।

ਕੁੰਮੀ = ਕੱਛੂ ਕੁੰਮੀ। ਮਾਹਿ = ਵਿਚ। ਤਿਸੁ ਤਨ = ਉਸ ਦੇ ਬੱਚੇ। ਪੰਖ = ਖੰਭ। ਖੀਰੁ = ਦੁੱਧ (ਵਾਲੇ ਥਣ)। ਤਿਨ੍ਹ੍ਹ = ਉਹਨਾਂ ਨੂੰ। ਮਨੋਹਰ = ਸੁੰਦਰ। ਸਮਝਿ = ਸਮਝ ਕੇ।2।

ਪਾਖਣਿ = ਪੱਥਰ ਵਿਚ, ਪਾਖਣ ਵਿਚ। ਕੀਟੁ = ਕੀੜਾ। ਗੁਪਤੁ = ਲੁਕਿਆ। ਤਾ ਚੋ = ਉਸ ਦਾ। ਮਾਰਗੁ = (ਨਿਕਲਣ ਦਾ) ਰਾਹ। ਤਾਹੂ ਕੋ = ਉਸ ਕੀੜੇ ਦਾ ਭੀ। ਰੇ ਜੀਅ = ਹੇ ਜਿੰਦੇ!।3।

ਅਰਥ: ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ। ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ।1। ਰਹਾਉ।

ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ; ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ।1।

ਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ) , ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ) , ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ) , ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ) ; (ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ)।

ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ– ਹੇ ਜਿੰਦੇ! ਤੂੰ ਭੀ ਨਾਹ ਡਰ।3। 3।

ਨੋਟ: ਇਹ ਤਿੰਨੇ ਸ਼ਬਦ ਰਾਗ ਆਸਾ ਵਿਚ ਹਨ। ਪਹਿਲਾ ਤੇ ਤੀਜਾ ਸ਼ਬਦ ਧੰਨਾ ਜੀ ਦੇ ਹਨ। ਇਥੇ ਕੋਈ ਭੀ ਸਿਧਾਂਤ ਗੁਰਮਤਿ ਦੇ ਵਿਰੁੱਧ ਨਹੀਂ ਦਿੱਸ ਰਹੇ।

ਆਸਾ ਸੇਖ ਫਰੀਦ ਜੀਉ ਕੀ ਬਾਣੀ ੴ ਸਤਿਗੁਰ ਪ੍ਰਸਾਦਿ ॥ ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ {ਪੰਨਾ 488}

ਪਦ ਅਰਥ: ਜਿਨ੍ਹ੍ਹ ਮੁਹਬਤਿ = ਜਿਨ੍ਹਾਂ ਦੀ ਮੁਹੱਬਤਿ। ਸਚਿਆ = ਸੱਚੇ ਆਸ਼ਕ, ਸੱਚੀ ਮੁਹੱਬਤਿ ਕਰਨ ਵਾਲੇ। ਸੇਈ = ਉਹੀ ਬੰਦੇ। ਜਿਨ੍ਹ੍ਹ ਮਨਿ = ਜਿਨ੍ਹਾਂ ਦੇ ਮਨ ਵਿਚ। ਮੁਖਿ = ਮੂੰਹ ਵਿਚ। ਕਾਂਢੇ = ਕਹੇ ਜਾਂਦੇ ਹਨ। ਕਚਿਆ = ਕੱਚੀ ਪ੍ਰੀਤ ਵਾਲੇ।1।

ਰਤੇ = ਰੱਤੇ, ਰੰਗੇ ਹੋਏ। ਇਸਕ = ਮੁਹੱਬਤਿ, ਪਿਆਰ। ਰੰਗਿ = ਰੰਗ ਵਿਚ। ਭੁਇ = ਧਰਤੀ ਉੱਤੇ। ਥੀਏ = ਹੋ ਗਏ ਹਨ।1। ਰਹਾਉ।

ਲੜਿ = ਲੜ ਨਾਲ, ਪੱਲੇ ਨਾਲ। ਦਰਿ = (ਪ੍ਰਭੂ ਦੇ) ਦਰ ਤੇ। ਸੇ = ਉਹੀ ਬੰਦੇ। ਜਣੇਦੀ = ਜੰਮਣ ਵਾਲੀ। ਧੰਨੁ = ਭਾਗਾਂ ਵਾਲੀ। ਮਾਉ = ਮਾਂ।2।

ਪਰਵਦਗਾਰ = ਹੇ ਪਾਲਣਹਾਰ! ਅਗਮ = ਹੇ ਅਪਹੁੰਚ! ਤੂ = ਤੈਨੂੰ। ਸਚੁ = ਸਦਾ-ਥਿਰ ਰਹਿਣ ਵਾਲੇ ਨੂੰ। ਮੂੰ = ਮੈਂ।3।

ਪਨਹ = ਓਟ, ਪਨਾਹ। ਖੁਦਾਇ = ਹੇ ਖ਼ੁਦਾ! ਹੇ ਪ੍ਰਭੂ! ਬਖਸੰਦਗੀ = ਬਖ਼ਸ਼ਣ ਵਾਲਾ। ਫਰੀਦੈ = ਫ਼ਰੀਦ ਨੂੰ।4।

ਅਰਥ: ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ) ; ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ।1। ਰਹਾਉ।

ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ; ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ।1।

ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ, ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ।2।

ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ।3।

ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ; ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ।4।1।

ਆਸਾ ॥ ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥ ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥ ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥ ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥ ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥ ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥ ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥ {ਪੰਨਾ 488}

ਪਦ ਅਰਥ: ਬੋਲੈ = ਆਖਦਾ ਹੈ। ਪਿਆਰੇ = ਹੇ ਪਿਆਰੇ! ਅਲਹ ਲਗੇ = ਅੱਲਹ ਨਾਲ ਲੱਗ, ਰੱਬ ਦੇ ਚਰਨਾਂ ਵਿਚ ਜੁੜ। ਹੋਸੀ = ਹੋ ਜਾਇਗਾ। ਗੋਰ = ਕਬਰ।1।

ਆਜੁ = ਅੱਜ, ਇਸ ਮਨੁੱਖਾ ਜਨਮ ਵਿਚ ਹੀ। ਫਰੀਦ = ਹੇ ਫ਼ਰੀਦ! ਟਾਕਿਮ = ਰੋਕ, ਕਾਬੂ ਕਰ। ਕੂੰਜੜੀਆ = (ਭਾਵ) ਇੰਦ੍ਰੀਆਂ ਨੂੰ। ਮਨਹੁ = ਮਚਿੰਦੜੀਆ = ਮਨ ਨੂੰ ਮਚਾਉਣ ਵਾਲੀਆਂ ਨੂੰ। ਰਹਾਉ।

ਜੇ ਜਾਣਾ = ਜਦੋਂ ਇਹ ਪਤਾ ਹੈ। ਘੁਮਿ = ਮੁੜ ਕੇ, ਫਿਰ। ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਨ ਵਞਾਈਐ = ਖ਼ੁਆਰ ਨਹੀਂ ਕਰਨਾ ਚਾਹੀਦਾ।2।

ਵਾਟ = ਰਸਤਾ। ਮੁਰੀਦਾ = ਮੁਰੀਦ ਬਣ ਕੇ, ਸਿੱਖ ਬਣ ਕੇ। ਜੋਲੀਐ = ਤੁਰਨਾ ਚਾਹੀਦਾ ਹੈ।3।

ਛੈਲ = ਬਾਂਕੇ ਜੁਆਨ, ਸੰਤ ਜਨ। ਗੋਰੀ ਮਨੁ = (ਕਮਜ਼ੋਰ) ਇਸਤ੍ਰੀ ਦਾ ਮਨ। ਧੀਰਿਆ = ਹੌਸਲਾ ਫੜਦਾ ਹੈ। ਕੰਚਨ ਵੰਨੇ ਪਾਸੇ = ਜੋ ਧਨ ਪਦਾਰਥ ਵਲ ਲੱਗ ਪਏ। ਕਲਵਤਿ = ਕਲਵੱਤ੍ਰ ਨਾਲ, ਆਰੇ ਨਾਲ।4।

ਸੇਖ = ਹੇ ਸ਼ੇਖ਼ ਫ਼ਰੀਦ! ਹੈਯਾਤੀ = ਉਮਰ। ਜਗਿ = ਜਗਤ ਵਿਚ। ਥਿਰੁ = ਸਦਾ ਕਾਇਮ। ਆਸਣਿ = ਥਾਂ ਤੇ। ਕੇਤੇ = ਕਈ। ਬੈਸਿ ਗਇਆ = ਬਹਿ ਕੇ ਚਲੇ ਗਏ ਹਨ।5।

ਚੇਤਿ = ਚੇਤਰ (ਦੇ ਮਹੀਨੇ) ਵਿਚ। ਡਉ = ਜੰਗਲ ਦੀ ਅੱਗ। ਸਾਵਣਿ = ਸਾਵਣ ਦੇ ਮਹੀਨੇ ਵਿਚ। ਸੋਹੰਦੀਆਂ-ਸੋਹਣੀਆਂ ਲੱਗਦੀਆਂ ਹਨ। ਪਿਰ ਗਲਿ = ਪਤੀ ਦੇ ਗਲ ਵਿਚ। ਬਾਹੜੀਆਂ = ਸੋਹਣੀਆਂ ਬਾਹਾਂ।6।

ਚਲੇ = ਤੁਰੇ ਜਾ ਰਹੇ ਹਨ। ਚਲਣਹਾਰ = ਨਾਸਵੰਤ ਜੀਵ। ਛਿਅ ਮਾਹ = ਛੇ ਮਹੀਨੇ। ਹਿਕੁ ਖਿਨੋ = ਇਕ ਪਲ।7।

ਖੇਵਟ = ਮੱਲਾਹ, ਵੱਡੇ ਵੱਡੇ ਆਗੂ। ਕਿੰਨਿ = ਕਿੰਨੇ, ਕਿਤਨੇ ਕੁ। ਗਏ = ਲੰਘ ਗਏ ਹਨ। ਜਾਲਣ = ਦੁੱਖ ਸਹਾਰਨੇ। ਗੋਰਾਂ ਨਾਲਿ = ਕਬਰਾਂ ਨਾਲ। ਜੀਅ = ਜਿੰਦ, ਜੀਵ।8।

ਅਰਥ: ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ।1। ਰਹਾਉ।

ਸ਼ੇਖ਼ ਫ਼ਰੀਦ ਆਖਦਾ ਹੈ– ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ; (ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ।1।

(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ, ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ; ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ। 2,3।

(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ)।4।

ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ (ਵੇਖ) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ।5।

ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ) ; ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ) , ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ) , ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ (ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ, ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ।6।7।

ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ।8।2।

*******************************************

TOP OF PAGE

Sri Guru Granth Darpan, by Professor Sahib Singh