ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 472

ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥ {ਪੰਨਾ 472}

ਪਦ ਅਰਥ: ਚਿਤੈ ਅੰਦਰਿ = (ਪ੍ਰਭੂ ਦੇ) ਚਿੱਤ ਵਿਚ, ਧਿਆਨ ਵਿਚ। ਸਭੁ ਕੋ = ਹਰੇਕ ਜੀਵ। ਵੇਖਿ = ਵੇਖ ਕੇ, ਭਾਵ, ਗਹੁ ਨਾਲ। ਚਲਾਇਦਾ = ਤੋਰਦਾ ਹੈ, ਕਾਰੇ ਲਾਈ ਰੱਖਦਾ ਹੈ। ਵਡਹੁ ਵਡਾ = ਵੱਡਿਆਂ ਤੋਂ ਵੱਡਾ। ਮੇਦਨੀ = ਸ੍ਰਿਸ਼ਟੀ, ਧਰਤੀ। ਵਡ ਮੇਦਨੀ = ਵੱਡੀ ਹੈ ਸ੍ਰਿਸ਼ਟੀ ਉਸ ਦੀ। ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉੱਤੇ, ਥਾਉਂ ਥਾਈਂ। ਉਪਠੀ = ਉਲਟੀ। ਘਾਹੁ ਕਰਾਇਦਾ = ਕੱਖੋਂ ਹੌਲੇ ਕਰ ਦੇਂਦਾ ਹੈ, ਭਾਵ, ਕੋਈ ਉਹਨਾਂ ਵਲ ਤੱਕਦਾ ਭੀ ਨਹੀਂ। ਦਰਿ = (ਲੋਕਾਂ ਦੇ) ਦਰ ਉੱਤੇ। ਮੰਗਨਿ = (ਉਹ ਸੁਲਤਾਨ) ਮੰਗਦੇ ਹਨ। ਭਿਖ = ਭਿੱਖਿਆ, ਖ਼ੈਰ। 16।

ਅਰਥ: ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ। ਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ। ਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ) , (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ। ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ; (ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ। 16।

ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

ਪਦ ਅਰਥ: ਮੋਹਾਕਾ = ਠੱਗ, ਚੋਰ। ਜਿਵੇਂ ਸੰਸਕ੍ਰਿਤ ਸ਼ਬਦ 'ਕਟਕ' ਦਾ ਅਖ਼ੀਰਲਾ 'ਕ' ਪ੍ਰਾਕ੍ਰਿਤ ਵਿਚ 'ਅ' ਬਣ ਕੇ ਪੰਜਾਬੀ ਵਿਚ ਰੂਪ 'ਕੜਾ' ਬਣ ਗਿਆ ਹੈ, ਤਿਵੇਂ 'ਮੋਸ਼ਕ' (mo = k) ਤੋਂ (=) ਦਾ 'ਹ' ਹੋ ਕੇ 'ਮੋਹਾ' ਬਣ ਗਿਆ। ਸ਼ਬਦ 'ਮੋਹਕਾ' ਦਾ ਅਰਥ ਹੈ "ਭੈੜਾ ਜਿਹਾ ਚੋਰ, ਚੰਦਰਾ ਚੋਰ"। ਘਰੁ ਮੁਹੈ– (ਕਿਸੇ ਦਾ) ਘਰ ਠੱਗੇ। ਘਰੁ ਮੁਹਿ = (ਪਰਾਇਆ) ਘਰ ਠੱਗ ਕੇ। ਪਿਤਰ = ਪਿਉ ਦਾਦਾ ਆਦਿਕ ਵੱਡੇ ਜੋ ਮਰ ਚੁਕੇ ਹੋਣ। ਵਸਤੁ = ਚੀਜ਼। ਪਿਤਰੀ ਚੋਰ ਕਰੇਇ = (ਇਸ ਤਰ੍ਹਾਂ ਉਹ ਮਨੁੱਖ ਆਪਣੇ) ਪਿਤਰਾਂ ਨੂੰ ਚੋਰ ਬਣਾਂਦਾ ਹੈ। ਵਢੀਅਹਿ = ਵੱਢੇ ਜਾਂਦੇ ਹਨ। ਹਥ ਦਲਾਲ ਕੇ = ਉਸ ਬ੍ਰਾਹਮਣ ਦੇ ਹੱਥ ਜੋ ਲੋਕਾਂ ਦੇ ਪਿਤਰਾਂ ਨੂੰ ਪਦਾਰਥ ਅਪੜਾਣ ਲਈ ਦਲਾਲ (ਵਿਚੋਲਾ) ਬਣਦਾ ਹੈ। ਮੁਸਫੀ ਏਹ ਕਰੇਇ = (ਪ੍ਰਭੂ) ਇਹ ਨਿਆਉਂ ਕਰਦਾ ਹੈ। ਖਟੇ ਘਾਲੇ ਦੇਇ = (ਮਨੁੱਖ) ਖੱਟਦਾ ਹੈ, ਕਮਾਂਦਾ ਹੈ ਤੇ ਹੱਥੋਂ ਦੇਂਦਾ ਹੈ।1।

ਅਰਥ: ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।1।

ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਪਦ ਅਰਥ: ਜੋਰੂ = ਇਸਤ੍ਰੀ। ਸਿਰਨਾਵਣੀ = ਨ੍ਹਾਉਣੀ, ਮਾਹਵਾਰੀ ਖ਼ੂਨ। ਵਾਰੋ ਵਾਰ = ਹਰ ਮਹੀਨੇ, ਸਦਾ। ਜੂਠੇ = ਝੂਠੇ ਮਨੁੱਖ ਦੇ। ਜੂਠਾ = ਝੂਠਾ। ਏਹਿ = ਅਜੇਹੇ ਮਨੁੱਖ। ਸੂਚੇ = ਸੁੱਚੇ, ਪਵਿੱਤਰ। ਆਖੀਅਹਿ = ਆਖੇ ਜਾਂਦੇ ਹਨ। ਜਿ = ਜੋ ਮਨੁੱਖ। ਸੋਈ = ਉਹੀ ਮਨੁੱਖ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਇ = ਉਹ ਪ੍ਰਭੂ।2।

ਅਰਥ: ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ) , ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ। ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ।2।

ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥੧੭॥

ਪਦ ਅਰਥ: ਤੁਰੇ = ਘੋੜੇ। ਪਲਾਣੇ = ਕਾਠੀਆਂ (ਸਮੇਤ) । ਵੇਗ = ਤ੍ਰਿਖੀ ਚਾਲ। ਹਰ ਰੰਗੀ = ਹਰੇਕ ਰੰਗ ਦੇ। ਹਰਮ = ਮਹਲ। ਸਵਾਰਿਆ = ਸਜਾਏ ਹੋਏ ਹੋਣ। ਮੰਡਪ = ਮਹਲ, ਸ਼ਾਮੀਆਨੇ। ਲਾਇ......ਪਾਸਾਰਿਆ = ਲਾਇ ਕਰਿ ਪਾਸਾਰਿਆ ਬੈਠੇ, ਪਸਾਰੇ ਲਾ ਕੇ ਬੈਠੇ ਹੋਣ, ਸਜਾਵਟਾਂ ਸਜਾ ਕੇ ਬੈਠੇ ਹੋਣ। ਚੀਜ = ਚੋਜ, ਕੌਤਕ, ਤਮਾਸ਼ੇ। ਮਨਿ ਭਾਵਦੇ ਚੀਜ = ਮਨ-ਭਾਉਂਦੇ ਕੌਤਕ, ਮਨ-ਮੰਨੀਆਂ ਰੰਗ-ਰਲੀਆਂ। ਹਾਰਿਆ = (ਉਹ ਮਨੁੱਖ ਆਪਣਾ ਜਨਮ) ਹਾਰ ਜਾਂਦੇ ਹਨ। ਫੁਰਮਾਇਸਿ = ਹੁਕਮ। ਜਰੁ = ਬੁਢੇਪਾ। ਜੋਬਨਿ ਹਾਰਿਆ = ਜੋਬਨ ਦੇ ਠੱਗੇ ਹੋਇਆਂ ਨੂੰ।1।

ਅਰਥ: ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ, ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ, ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ। ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ, ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ। 17।

ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472}

ਪਦ ਅਰਥ: ਸਭ ਤੈ = ਸਭ ਥਾਈਂ। ਜੀਆ ਬਾਝੁ = ਜੀਆਂ ਤੋਂ ਬਿਨਾ। ਪਹਿਲਾ ਪਾਣੀ = ਸਭ ਤੋਂ ਪਹਿਲਾਂ ਪਾਣੀ, ਪਾਣੀ ਆਪ ਭੀ। ਜਿਤੁ = ਜਿਸ ਨਾਲ। ਸਭੁ ਕੋਇ = ਹਰੇਕ ਜੀਵ। ਹਰਿਆ = ਹਰਾ, ਜਿੰਦ ਵਾਲਾ। ਏਵ = ਇਸ ਤਰ੍ਹਾਂ। ਉਤਾਰੈ ਧੋਇ = ਧੋ ਕੇ ਲਾਹ ਦੇਂਦਾ ਹੈ।1।

ਅਰਥ: ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ) ; ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ। ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ। ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ।1।

ਮਃ ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

ਪਦ ਅਰਥ: ਕੂੜੁ = ਝੂਠੁ (ਬੋਲਣਾ) । ਪਰ ਤ੍ਰਿਅ ਰੂਪੁ = ਪਰਾਈ ਇਸਤ੍ਰੀ ਦਾ ਰੂਪ। ਕੰਨਿ = ਕੰਨ ਨਾਲ। ਲਾਇਤਬਾਰੀ = ਚੁਗ਼ਲੀ। ਪੈ ਖਾਹਿ = ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ। ਹੰਸਾ ਆਦਮੀ = (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ। ਜਮਪੁਰਿ = ਜਮਰਾਜ ਦੀ ਪੁਰੀ ਵਿਚ, ਨਰਕ ਵਿਚ।2।

ਅਰਥ: ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ) ; ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ) ; (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ) ; (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ।2।

ਮਃ ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥ {ਪੰਨਾ 472}

ਪਦ ਅਰਥ: ਸਭੋ = ਉੱਕਾ ਕੀ, ਨਿਰਾ ਪੁਰਾ। ਦੂਜੈ = ਮਾਇਆ ਵਿਚ। ਦੂਜੈ ਜਾਇ = ਮਾਇਆ ਵਿਚ ਫਸਿਆਂ। ਦਿਤੋਨੁ = (ਪ੍ਰਭੂ ਨੇ ਜੀਵਾਂ ਨੂੰ) ਦਿੱਤਾ ਹੈ। ਸੰਬਾਹਿ = ਇਕੱਠਾ ਕਰ ਕੇ।3।

ਅਰਥ: ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ। (ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ। (ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ।3।

TOP OF PAGE

Sri Guru Granth Darpan, by Professor Sahib Singh