ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 471

ਸਲੋਕੁ ਮਃ ੧ ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ {ਪੰਨਾ 471}

ਪਦ ਅਰਥ: ਦਇਆ = ਪਿਆਰ, ਤਰਸ। ਜਤੁ = (ਆਪਣੇ ਆਪ ਨੂੰ) ਵੱਸ ਵਿਚ ਰੱਖਣਾ। ਗੰਢੀ = ਗੰਢਾਂ (ਗੰਢਿ ਇਕ-ਵਚਨ Singular) ਤੋਂ ਗੰਢੀ ਬਹੁ-ਵਚਨ ਹੈ, ਜਿਵੇਂ 'ਲਹਰਿ' ਇਕ-ਵਚਨ ਤੋਂ 'ਲਹਰੀ' ਬਹੁ-ਵਚਨ ਹੈ। ਸਤੁ = ਸੁੱਚਾ ਆਚਰਨ। ਜੀਅ ਕਾ = ਆਤਮਾ ਦੇ ਵਾਸਤੇ। ਹਈ = ਜੇ ਤੇਰੇ ਪਾਸ ਹੈ। ਤ = ਤਾਂ। ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ। ਚਲੇ ਪਾਇ = ਪਾ ਚੱਲੇ ਹਨ, ਜਿਨ੍ਹਾਂ ਨੇ ਪਾ ਲਿਆ ਹੈ। ਚਉਕੜਿ = ਚਾਰ ਕੌਡੀਆਂ ਤੋਂ। ਅਣਾਇਆ = ਮੰਗਵਾਇਆ। ਸਿਖਾ = ਸਿਖਿਆ, ਉਪਦੇਸ਼। ਚੜਾਈਆ = ਦਿੱਤੀ, ਚਾੜ੍ਹੀ। ਥਿਆ = ਹੋ ਗਿਆ।1।

ਅਰਥ: ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ = ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।

(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ।1।

ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471}

ਪਦ ਅਰਥ: ਕੂੜੀਆ = ਝੂਠ। ਪਹਿਨਾਮੀਆ = ਪਹਿਨਾਮੀਆਂ, ਅਮਾਨਤ ਵਿਚ ਖ਼ਿਆਨਤ ਕਰਨੀ। ਜੀਅ ਨਾਲਿ = ਆਪਣੇ ਮਨ ਨਾਲ, ਲੁਕ ਲੁਕ ਕੇ, ਲੋਕਾਂ ਤੋਂ ਲੁਕਾ ਲੁਕਾ ਕੇ, ਚੋਰੀ ਚੋਰੀ। ਤਗੁ = ਤਾਗਾ। ਵਟੇ ਆਇ = ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ ਦੇਂਦਾ ਹੈ) । ਕੁਹਿ = ਵੱਢ ਕੇ। ਰਿੰਨ੍ਹ੍ਹਿ = ਰਿੰਨ੍ਹ ਕੇ। {ਕੁਹਿ ਬਕਰਾ ਰਿੰਨ੍ਹ = ਇਹਨਾਂ ਸ਼ਬਦਾਂ ਦਾ ਪਦ-ਛੇਦ ਕਿਸੇ ਹੋਰ ਤਰ੍ਹਾਂ ਨਹੀਂ ਹੋ ਸਕਦਾ। ਜੋ ਸੱਜਣ ਕਰਦੇ ਹਨ, ਉਹ ਪਰਤੱਖ ਤੌਰ ਤੇ ਗੁਰਬਾਣੀ ਦੇ ਵਿਆਕਰਣ ਤੋਂ ਆਪਣੀ ਨਾਵਾਕਫ਼ੀਅਤ ਪਰਗਟ ਕਰਦੇ ਹਨ। 'ਕੁਹਿਬ ਕਰਾਰਿ ਨ' ਆਖਣ ਵਾਲੇ ਸੱਜਣ ਇਹ ਚੇਤਾ ਨਹੀਂ ਰੱਖਦੇ ਕਿ 'ਰਿ' ਦੀ (ੰ) 'ਨ' ਦੀ (ਿ) ਅਤੇ (੍ਹ) ਨਾਲ ਨਹੀਂ ਰਹੇ। ਖੋਜੀ ਸੱਜਣ ਜਿਉਂ ਜਿਉਂ ਗੁਰਬਾਣੀ ਦੇ ਵਿਆਕਰਣ ਵਲ ਧਿਆਨ ਮਾਰਨਗੇ, ਉਹਨਾਂ ਨੂੰ ਪਤਾ ਲਗੇਗਾ ਕਿ ਬਾਣੀ ਦੀ ਇੱਕ ਭੀ ਲਗ ਮਾਤਰ ਅਗਾਂਹ ਪਿਛਾਂਹ ਕਰਨ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ}।

(ਇਸੇ ਨਾਵਾਕਫ਼ੀਅਤ ਦੇ ਕਾਰਨ ਸਭ ਟੀਕਾਕਾਰ ਹੇਠ-ਲਿਖੀ ਤੁਕ ਦੇ ਅਸ਼ੁੱਧ ਅਰਥ ਕਰਦੇ ਚਲੇ ਆਏ ਹਨ:

ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥5। 14॥ {ਸਵਈਏ ਮਹਲੇ ਤੀਜੇ ਕੇ

'ਇਕੁ ਬਿੰਨਿ' ਦਾ ਅਰਥ ਹੁਣ ਤਾਈਂ 'ਇਕ ਤੋਂ ਬਿਨਾ' ਹੀ ਹੁੰਦਾ ਆਇਆ ਹੈ। ਇਸ ਗੱਲ ਵੱਲ ਕਦੇ ਧਿਆਨ ਨਹੀਂ ਕੀਤਾ ਗਿਆ ਕਿ 'ਬਿਨੁ' ਅਤੇ 'ਬਿੰਨਿ' ਵਖੋ ਵਖਰੇ ਸ਼ਬਦ ਹਨ। ਸ਼ਬਦ 'ਬਿਨੁ' ਦਾ ਪ੍ਰਾਕਿਤ ਰੂਪ 'ਵਿਣੁ' ਹੈ, ਜੋ ਸੰਸਕ੍ਰਿਤ ਦੇ ਸ਼ਬਦ 'ਵਿਨਾ' ਦਾ ਵਿਗਾੜ ਹੈ। ਓਪਰੀ ਓਪਰੀ ਨਜ਼ਰ ਮਾਰਿਆਂ ਹੀ ਦਿੱਸ ਪੈਂਦਾ ਹੈ ਕਿ 'ਬਿਨੁ' ਅਤੇ 'ਬਿੰਨਿ' ਵਿਚ ਬਹੁਤ ਫ਼ਰਕ ਹੈ। ਇਸੇ ਤਰ੍ਹਾਂ 'ਕੁਹਿ ਬਕਰਾ ਰਿੰਨ੍ਹ੍ਹ ਖਾਇਆ' ਨੂੰ 'ਕੁਹਿਬ ਕਰਾਰਿ ਨ ਖਾਇਆ' ਪੜ੍ਹਨ ਵਾਲੇ ਸੱਜਣ ਆਪ ਹੀ ਵੇਖ ਲੈਣ ਕਿ ਉਹ ਕੇਡੀ ਭਾਰੀ ਭੁੱਲ ਕਰ ਰਹੇ ਹਨ। } ਸਭੁ ਕੋ = ਹਰੇਕ ਜੀਵ, (ਪਰਵਾਰ ਦਾ) ਹਰੇਕ ਪ੍ਰਾਣੀ। ਪਾਇ = (ਜਨੇਊ) ਪਾ ਲਿਆ। ਤਗਿ = ਤਗ ਵਿਚ, ਧਾਗੇ ਵਿਚ, ਜਨੇਊ ਵਿਚ।

ਅਰਥ: (ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ। ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ ਕਰਦਾ ਹੈ। (ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ। (ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ 'ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ'। ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ। ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ। ਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ।2।

ਮਃ ੧ ॥ ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥ {ਪੰਨਾ 471}

ਪਦ ਅਰਥ: ਨਾਇ ਮੰਨਿਐ = ਜੇ (ਪ੍ਰਭੂ ਦਾ) ਨਾਉਂ ਮੰਨ ਲਈਏ, ਜੇ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ। ਪਤਿ = ਇੱਜ਼ਤ, ਆਦਰ। ਸਾਲਾਹੀ = ਸਾਲਾਹ ਹੀ, ਪ੍ਰਭੂ ਦੀ ਵਡਿਆਈ ਕਰਨੀ ਹੀ। ਸਚੁ = ਸਦਾ ਕਾਇਮ ਰਹਿਣ ਵਾਲਾ। ਪੂਤ = ਪਵਿੱਤਰ, ਸੁੱਚਾ (ਤਗੁ) । ਨ ਤੂਟਸਿ = ਨਹੀਂ ਟੁੱਟੇਗਾ।3।

ਅਰਥ: (ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ, ਰੱਬ ਦੀ ਦਰਗਾਹ ਵਿਚ ਤਦੋਂ ਹੀ) ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ, (ਕਿਉਂਕਿ) ਰੱਬ ਦੀ ਸਿਫ਼ਤਿ-ਸਾਲਾਹ ਹੀ ਸੁੱਚਾ ਜਨੇਊ ਹੈ; (ਇਹ ਸੁੱਚਾ ਜਨੇਊ ਧਾਰਨ ਕੀਤਿਆਂ) ਦਰਗਾਹ ਵਿਚ ਮਾਣ ਮਿਲਦਾ ਹੈ ਅਤੇ ਇਹ (ਕਦੇ) ਟੁੱਟਦਾ ਭੀ ਨਹੀਂ।3।

ਮਃ ੧ ॥ ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥ ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥ ਵੇਤਗਾ ਆਪੇ ਵਤੈ ॥ ਵਟਿ ਧਾਗੇ ਅਵਰਾ ਘਤੈ ॥ ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥ ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ ਮਨਿ ਅੰਧਾ ਨਾਉ ਸੁਜਾਣੁ ॥੪॥ {ਪੰਨਾ 471}

ਪਦ ਅਰਥ: ਇੰਦ੍ਰੀ = ਸਰੀਰਕ ਇੰਦਰਿਆਂ ਨੂੰ। ਨਾਰੀ = ਨਾੜੀਆਂ। ਭਲਕੇ = ਨਿੱਤ, ਹਰ ਰੋਜ਼। ਦਾੜੀ ਥੁਕ ਪਵੈ = ਬੇਇੱਜ਼ਤੀ ਹੁੰਦੀ ਹੈ। ਵਤੈ = ਭੌਂਦਾ ਫਿਰਦਾ ਹੈ। ਭਾੜਿ = ਭਾੜਾ, ਮਜੂਰੀ, ਲਾਗ, ਦੱਛਣਾ। ਕਾਗਲੁ = ਕਾਗਦ, ਪੱਤ੍ਰੀ। ਏਹੁ ਵਿਡਾਣੁ = ਇਹ ਅਚਰਜ ਕੌਤਕ। ਸੁਜਾਣੁ = ਸਿਆਣਾ, ਪੰਡਤ।4।

ਅਰਥ: (ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ) ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ; ਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ) , ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ) ; ਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ) , ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ) । ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ, ਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ, ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ ਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ। ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ! (ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ) , (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) 'ਸਿਆਣਾ'।4।

ਪਉੜੀ ॥ ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥ ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥ ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥੧੫॥ {ਪੰਨਾ 471}

ਪਦ ਅਰਥ: ਸਾਈ ਕਾਰ = ਉਹੀ ਕੰਮ (ਜੋ ਉਸ ਨੂੰ ਭਾਉਂਦਾ ਹੈ) । ਹੁਕਮਿ ਮੰਨਿਐ = ਜੇ ਮਾਲਕ ਦੀ ਆਗਿਆ ਵਿਚ ਤੁਰੀਏ, ਜੇ ਰਜ਼ਾ ਵਿਚ ਰਾਜ਼ੀ ਰਹੀਏ, ਰਜ਼ਾ ਵਿਚ ਰਾਜ਼ੀ ਰਹਿਣ ਨਾਲ। ਪਰਵਾਣੁ = (ਦਰਗਾਹ ਵਿਚ) ਕਬੂਲ, ਸੁਰਖ਼ਰੂ। ਖਸਮੈ ਕਾ ਮਹਲੁ = ਖਸਮ ਦਾ ਘਰ, ਉਹ ਟਿਕਾਣਾ ਜਿੱਥੇ ਪ੍ਰਭੂ-ਪਤੀ ਸਾਖਿਆਤ ਪਰਗਟ ਹੁੰਦਾ ਹੈ। ਮਨਹੁ ਚਿੰਦਿਆ = ਮਨ-ਭਾਉਂਦਾ, ਮਨ-ਇੱਛਤ। ਪੈਧਾ = ਸਿਰੋਪਾਉ ਲੈ ਕੇ, ਇੱਜ਼ਤ ਨਾਲ।15।

ਅਰਥ: (ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ) ; ਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ; ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ। ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ, ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।15।

ਸਲੋਕ ਮਃ ੧ ॥ ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥ {ਪੰਨਾ 471}

ਪਦ ਅਰਥ: ਕਰੁ = ਮਸੂਲ। ਲਾਵਹੁ = ਤੁਸੀ ਲਾਂਦੇ ਹਉ। ਗੋਬਰਿ = ਗੋਬਰ ਨਾਲ, ਗੋਹੇ ਨਾਲ ਪੋਚਾ ਫੇਰਿਆਂ। ਤੈ = ਅਤੇ। ਜਪਮਾਲੀ = ਮਾਲੀ। ਧਾਨੁ = ਪਦਾਰਥ, ਭੋਜਨ ਮਲੇਛਾਂ ਦਾ, ਮੁਸਲਮਾਨਾਂ ਦਾ। ਖਾਈ = ਖਾਂਦਾ ਹੈ। ਅੰਤਰਿ = ਅੰਦਰ, ਲੁਕ ਕੇ। ਸੰਜਮੁ = ਰਹਿਤ, ਰਹਿਣੀ। ਤੁਰਕਾ = ਤੁਰਕਾਂ ਵਾਲੀ, ਮੁਸਲਮਾਨਾਂ ਵਾਲੀ। ਭਾਈ = ਹੇ ਭਾਈ! ਛੋਡੀਲੇ = ਛੱਡ ਦੇਹ। ਨਾਮਿ ਲਇਐ = ਜੇ ਨਾਮ ਲਏਂਗਾ। ਜਾਹਿ ਤਰੰਦਾ = ਤਰ ਜਾਹਿਂਗਾ।1।

ਅਰਥ: ਹੇ ਭਾਈ! (ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ) , (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ। ਧੋਤੀ (ਪਹਿਨਦਾ ਹੈਂ) , ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ) , ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ) । ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।

(ਇਹ) ਪਾਖੰਡ ਤੂੰ ਛੱਡ ਦੇਹ। ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ।1।

ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥੨॥ {ਪੰਨਾ 471-472}

ਪਦ ਅਰਥ: ਮਾਣਸ ਖਾਣੇ = ਮਨੁੱਖਾਂ ਨੂੰ ਖਾਣ ਵਾਲੇ, ਵੱਢੀਖ਼ੋਰ। ਕਰਹਿ ਨਿਵਾਜ = ਨਮਾਜ਼ ਪੜ੍ਹਦੇ ਹਨ। ਛੁਰੀ ਵਗਾਇਨਿ = (ਜੋ ਲੋਕ) ਛੁਰੀ ਚਲਾਂਦੇ ਹਨ, ਭਾਵ, ਜ਼ੁਲਮ ਕਰਦੇ ਹਨ। ਤਾਗ = ਜੰਞੂ, ਜਨੇਊ। ਤਿਨ ਘਰਿ = ਉਹਨਾਂ (ਖੱਤ੍ਰੀਆਂ) ਦੇ ਘਰਾਂ ਵਿਚ। ਪੂਰਹਿ ਨਾਦ = ਨਾਦ ਪੂਰਦੇ ਹਨ, ਸੰਖ ਵਜਾਂਦੇ ਹਨ। ਉਨ੍ਹ੍ਹਾ ਭਿ = ਉਹਨਾਂ ਬ੍ਰਾਹਮਣਾਂ ਨੂੰ ਭੀ। ਆਵਹਿ ਓਈ ਸਾਦ = ਉਹੀ ਸੁਆਦ ਆਉਂਦੇ ਹਨ, (ਭਾਵ, ਜੋ ਕੁਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸੁਆਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ) । ਕਰਹਿ ਆਹਾਰੁ = ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜ਼ੀ ਕਮਾਂਦੇ ਹਨ। ਸਰਮ = ਲੱਜਾ, ਹਯਾ। ਕਖਾਈ = ਗੇਰੀ ਰੰਗ ਵਾਲੀ। ਜਗਤ ਕਾਸਾਈ = ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ। ਹੋਵਹਿ ਪਰਵਾਣੁ = ਕਬੂਲ ਹੁੰਦੇ ਹਨ, ਭਾਵ, ਮੁਲਾਜ਼ਮਤ ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ, (ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ) । ਲੈ = ਲੈ ਕੇ (ਭਾਵ, ਰੋਜ਼ੀ ਉਹਨਾਂ ਪਾਸੋਂ ਲੈਂਦੇ ਹਨ ਜਿਨ੍ਹਾਂ ਨੂੰ ਮਲੇਛ ਆਖਦੇ ਹਨ) । ਪੂਜਹਿ ਪੁਰਾਣੁ = ਪੁਰਾਣ ਨੂੰ ਪੂਜਦੇ ਹਨ, ਪੜ੍ਹਦੇ ਹਨ। ਅਭਾਖਿਆ = ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਭਾਵ, ਕਲਮਾ ਪੜ੍ਹ ਕੇ। ਕੁਠਾ = ਹਲਾਲ ਕੀਤਾ ਹੋਇਆ। ਖਾਣਾ = ਖ਼ੁਰਾਕ। ਮਤੁ ਭਿਟੈ = ਮਤਾਂ ਭਿੱਟਿਆ ਜਾਏ। ਫਿਟੈ = ਖ਼ਰਾਬ ਹੋ ਜਾਏ। ਤਨਿ ਫਿਟੈ = ਫਿਟੇ ਹੋਏ ਸਰੀਰ ਨਾਲ, ਗੰਦੇ ਸਰੀਰ ਨਾਲ। ਸੁਚਿ = ਪਵਿੱਤਰਤਾ। ਹੋਵੈ ਤਾ = ਤਦੋਂ ਹੁੰਦੀ ਹੈ।2।

ਅਰਥ: (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ) , ਪਰ ਉਹਨਾਂ ਦੇ ਗਲ ਵਿਚ ਜਨੇਊ ਹਨ। ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ) । (ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ) । ਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।

(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ। (ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ) । (ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ। ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। (ਹੋਰਨਾਂ ਨੂੰ ਆਖਦੇ ਹਨ– ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ; (ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।

ਹੇ ਨਾਨਕ! ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ।2।

TOP OF PAGE

Sri Guru Granth Darpan, by Professor Sahib Singh