ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1402

ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ ॥ ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ ॥ {ਪੰਨਾ 1402}

ਪਦ ਅਰਥ: ਗੁਰੂ ਮੁਖਿ = ਗੁਰੂ ਦੀ ਰਾਹੀਂ। ਜਗਿ = ਜਗਤ ਵਿਚ। ਭਗਾ = ਨਾਸ ਹੋ ਗਿਆ, ਮੁੱਕ ਗਿਆ। ਹੀਐ = ਹਿਰਦੇ ਵਿਚ। ਪਰਤੀਤਿ = ਯਕੀਨ।

ਅਰਥ: ਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ ਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।

ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍ਹ੍ਹ ਕਉ ਪਦਵੀ ਉਚ ਭਈ ॥ ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ ॥ {ਪੰਨਾ 1402}

ਪਦ ਅਰਥ: ਤਜਿ = ਛੱਡ ਕੇ। ਬ੍ਰਿਥਾ = (व्यथा) ਪੀੜ, ਕਲੇਸ਼। ਗਈ = ਮੁੱਕ ਗਈ।

ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ; ਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।

ਅਵਲੋਕ੍ਯ੍ਯਾ ਬ੍ਰਹਮੁ ਭਰਮੁ ਸਭੁ ਛੁਟਕ੍ਯ੍ਯਾ ਦਿਬ੍ਯ੍ਯ ਦ੍ਰਿਸ੍ਟਿ ਕਾਰਣ ਕਰਣੰ ॥ ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥ {ਪੰਨਾ 1402}

ਪਦ ਅਰਥ: ਅਵਲੋਕ੍ਯ੍ਯਾ = ਵੇਖਿਆ। ਬ੍ਰਹਮੁ = ਹਰੀ (ਰੂਪ ਗੁਰੂ ਰਾਮਦਾਸ ਜੀ) ਨੂੰ। ਛੁਟਕ੍ਯ੍ਯਾ = ਦੂਰ ਹੋ ਗਿਆ। ਦਿਬ੍ਯ੍ਯ ਦ੍ਰਿਸ੍ਟਿ = (ਜਿਸ ਗੁਰੂ ਦੀ) ਨਜ਼ਰ ਰੱਬੀ ਜੋਤਿ ਵਾਲੀ (ਹੈ) । ਕਾਰਣ ਕਰਣੰ = ਜੋ ਸ੍ਰਿਸ਼ਟੀ ਦਾ ਮੂਲ ਹੈ।

ਅਰਥ: ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ। (ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ।3।

ਪਰਤਾਪੁ ਸਦਾ ਗੁਰ ਕਾ ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ ॥ ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ ॥ {ਪੰਨਾ 1402}

ਪਦ ਅਰਥ: ਘਟਿ ਘਟਿ = ਹਰੇਕ ਹਿਰਦੇ ਵਿਚ। ਜਨ ਕੈ = ਦਾਸਾਂ ਦੇ ਹਿਰਦੇ ਵਿਚ। ਜਸੁ = ਸੋਭਾ। ਪਰਭਾਤਿਹਿ = ਅੰਮ੍ਰਿਤ ਵੇਲੇ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) । ਪੜਹਿ = ਪੜ੍ਹਦੇ ਹਨ।

ਅਰਥ: ਸਤਿਗੁਰੂ ਦਾ ਪ੍ਰਤਾਪ ਸਦਾ ਹਰੇਕ ਘਟ ਵਿਚ, ਤੇ ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿਚ ਪਰਗਟ ਹੋ ਰਿਹਾ ਹੈ। ਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ 'ਜਸ'-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।

ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ ॥ ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ ॥ {ਪੰਨਾ 1402}

ਪਦ ਅਰਥ: ਸੁਧ ਮਨਿ = ਸੁਅੱਛ ਮਨ ਨਾਲ। ਬਿਧਿ ਸਹਿਤ = ਮਰਿਆਦਾ ਨਾਲ। ਪਰਸਿ = ਛੁਹ ਕੇ। ਕਰੰ = ਕਰਦੇ ਹਨ। ਧਰੰ = ਧਰਦੇ ਹਨ। ਗੁਰ ਪੂਜਾ = ਗੁਰੂ ਦੀ ਦੱਸੀ ਸੇਵਾ।

ਅਰਥ: (ਕਈ ਮਨੁੱਖ ਗੁਰੂ ਦੇ ਜਸ-ਰੂਪ ਜਲ ਵਿਚ) ਅੰਮ੍ਰਿਤ ਵੇਲੇ ਚੁੱਭੀ ਲਾਂਦੇ ਹਨ, ਤੇ ਸੁੱਧ ਹਿਰਦੇ ਨਾਲ ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ, ਜੋਤਿ-ਰੂਪ ਗੁਰੂ ਦਾ ਧਿਆਨ ਧਰਦੇ ਹਨ, ਅਤੇ ਪਾਰਸ-ਗੁਰੂ ਨੂੰ ਛੁਹ ਕੇ ਉਹਨਾਂ ਦਾ ਸਰੀਰ ਕੰਚਨ (ਵਤ ਸੁੱਧ) ਹੋ ਜਾਂਦਾ ਹੈ।

ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨੰ ॥ ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥ {ਪੰਨਾ 1402}

ਪਦ ਅਰਥ: ਰਹਿਆ ਪੂਰਿ = ਵਿਆਪਕ ਹੈ। ਬਹੁ ਬਿਧਿ ਬਰਨੰ = ਕਈ ਰੰਗਾਂ ਵਿਚ। ਜਗੰਨਾਥੁ = ਜਗਤ-ਨਾਥ, ਜਗਤ ਦਾ ਖਸਮ।

ਅਰਥ: ਸਤਿਗੁਰੂ ਰਾਮਦਾਸ ਜੀ ਦੀ ਸੇਵਾ ਕਰੋ, (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ, ਜੋ (ਗੁਰੂ) ਉਸ 'ਜਗਤ ਦੇ ਜੀਵਨ' ਤੇ 'ਜਗਤ ਦੇ ਨਾਥ' ਹਰੀ ਦਾ ਰੂਪ ਹੈ ਜੋ (ਹਰੀ) ਕਈ ਰੰਗਾਂ ਵਿਚ ਜਲਾਂ ਥਲਾਂ ਵਿਚ ਵਿਆਪਕ ਹੈ।4।

ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥ ਤਿਨ੍ਹ੍ਹ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ ॥ {ਪੰਨਾ 1402}

ਪਦ ਅਰਥ: ਨਿਸ੍ਚਲ = ਦ੍ਰਿੜ੍ਹ ਕਰ ਕੇ। ਬਾਤ = (ਗੁਰੂ ਦੇ) ਬਚਨ। ਰੁਦ੍ਰੁ = ਡਰਾਉਣਾ। ਜਲਹਰ = ਜਲਧਰ, ਬੱਦਲ। ਬਿੰਬ = ਛਾਇਆ। ਜਲਹਰ ਬਿੰਬ = ਬੱਦਲਾਂ ਦੀ ਛਾਂ। ਰਚਾ = ਬਣਿਆ ਹੋਇਆ ਹੈ।

ਅਰਥ: ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ। ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ) ।

ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥ ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥ {ਪੰਨਾ 1402}

ਪਦ ਅਰਥ: ਕੁੰਡਲਨੀ = ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ। ਸੁਰਝੀ = ਸੁਲਝੀ, ਖੁਲ੍ਹ ਗਈ। ਗੁਰੂ ਮੁਖਿ = ਗੁਰੂ ਦੀ ਰਾਹੀਂ। ਮਚਾ = ਮਚੇ ਹਨ, ਚਮਕੇ ਹਨ, ਪਰਗਟ ਹੁੰਦੇ ਹਨ।

ਅਰਥ: ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ। (ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ।5।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ {ਪੰਨਾ 1402}

ਪਦ ਅਰਥ: ਵਾਹਿ ਗੁਰੂ = ਹੇ ਗੁਰੂ! ਤੂੰ ਅਚਰਜ ਹੈਂ। ਨੈਨ = ਨੇਤ੍ਰ। ਮਧੁਰ = ਮਿੱਠੇ। ਬੈਨ = ਬਚਨ। ਕੋਟਿ ਸੈਨ = ਕਰੋੜਾਂ ਸੈਨਾਂ, ਕਰੋੜਾਂ ਜੀਵ। ਸੰਗ = (ਤੇਰੇ) ਨਾਲ। ਸੋਭ = ਸੋਹਣੇ ਲੱਗਦੇ ਹਨ। ਜਿਸਹਿ = ਜਿਸ ਨੂੰ, (ਹੇ ਗੁਰੂ!) ਭਾਵ, ਤੈਨੂੰ, (ਹੇ ਗੁਰੂ!) । ਕਹਤ = ਆਖਦੀ ਸੀ। ਮਾ ਜਸੋਦ = ਮਾਂ ਜਸੋਧਾ। ਭਾਤੁ = ਚਉਲ। ਜੀਉ = ਹੇ ਪਿਆਰੇ! ਦੇਖਿ = ਵੇਖ ਕੇ। ਅਤਿ ਅਨੂਪੁ = ਬੜਾ ਸੋਹਣਾ। ਮਹਾ ਮਗ ਭਈ = ਬਹੁਤ ਮਗਨ ਹੋ ਜਾਂਦੀ ਸੀ। ਕਿੰਕਨੀ = ਤੜਾਗੀ। ਸਬਦ = ਆਵਾਜ਼। ਝਨਤਕਾਰ = ਛਣਕਾਰ। ਖੇਲੁ ਪਾਹਿ ਜੀਉ = ਜਦੋਂ ਤੂੰ ਖੇਡ ਮਚਾਉਂਦਾ ਸੈਂ।

ਅਰਥ: ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ! ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ = 'ਹੇ ਲਾਲ (ਆ) , ਦਹੀਂ ਚਾਉਲ ਖਾ। ' ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ।

ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥ {ਪੰਨਾ 1402}

ਪਦ ਅਰਥ: ਕਾਲ ਕਲਮ = ਕਾਲ ਦੀ ਕਲਮ। ਹਾਥਿ = (ਤੇਰੇ) ਹੱਥ ਵਿਚ। ਕਹਹੁ = ਦੱਸੋ। ਈਸੁ = ਸ਼ਿਵ। ਥੰਮ੍ਯ੍ਯ = ਬ੍ਰਹਮਾ। ਗ੍ਯ੍ਯਾਨੁ ਧ੍ਯ੍ਯਾਨੁ = ਤੇਰੇ ਗਿਆਨ ਤੇ ਧਿਆਨ ਨੂੰ। ਧਰਤ ਹੀਐ ਚਾਹਿ ਜੀਉ = ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ। ਸ੍ਰੀ ਨਿਵਾਸੁ = ਲੱਛਮੀ ਦਾ ਟਿਕਾਣਾ।

ਅਰਥ: (ਹੇ ਭਾਈ!) ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ। ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ।1।6।

ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ {ਪੰਨਾ 1402}

ਪਦ ਅਰਥ: ਰਾਮ ਨਾਮ = ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ 'ਰਾਮ' ਹੈ। ਪਰਮ ਧਾਮ = ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ = ਹੇ ਸੁੱਧ ਗਿਆਨ ਵਾਲੇ! ਨਿਰੀਕਾਰ = ਹੇ ਆਕਾਰ ਰਹਿਤ! ਬੇਸੁਮਾਰ = ਹੇ ਬੇਅੰਤ! ਸਰਬਰ ਕਉ = ਬਰਾਬਰ ਦਾ, ਤੇਰੇ ਜੇਡਾ। ਕਾਹਿ = ਕੌਣ ਹੈ? ਸੁਥਰ = ਅਡੋਲ। ਭਗਤ ਹਿਤ = ਭਗਤ ਦੀ ਖ਼ਾਤਰ। ਧਰਿਓ = ਧਰਿਆ ਹੈ। ਹਰਿਓ = ਮਾਰਿਆ ਹੈ। ਨਖ ਬਿਦਾਰਿ = ਨਹੁੰਆਂ ਨਾਲ ਚੀਰ ਕੇ। ਬਿਦਾਰਿ = ਚੀਰ ਕੇ।

ਅਰਥ: ਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ। (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ।

ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥ {ਪੰਨਾ 1402}

ਪਦ ਅਰਥ: ਸੰਖ ਚਕ੍ਰ ਗਦਾ ਪਦਮ = ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ। ਛਦਮ = ਛਲ (ਭਾਵ, ਬਾਵਨ ਅਵਤਾਰ) । ਆਪੁ = ਆਪਣੇ ਆਪ ਨੂੰ। ਅਪਰੰਪਰ = ਬੇਅੰਤ। ਲਖੈ = ਪਛਾਣੇ।

ਅਰਥ: ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ) ; (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ। ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ।2।7।

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ {ਪੰਨਾ 1402-1403}

ਪਦ ਅਰਥ: ਪੀਤ = ਪੀਲੇ। ਬਸਨ = ਬਸਤ੍ਰ। ਕੁੰਦ = ਇਕ ਕਿਸਮ ਦੀ ਚੰਬੇਲੀ ਦਾ ਫੁੱਲ, ਜੋ ਚਿੱਟਾ ਤੇ ਕੋਮਲ ਹੁੰਦਾ ਹੈ। ਦਸਨ = ਦੰਦ। ਪ੍ਰਿਆ = ਪਿਆਰੀ (ਰਾਧਕਾ) । ਸਹਿਤ = ਨਾਲ। ਕੰਠ = ਗਲ। ਮਾਲ = ਮਾਲਾ। ਸੀਸਿ = ਸਿਰ ਉੱਤੇ। ਮੋਰ ਪੰਖ = ਮੋਰ ਦੇ ਖੰਭਾਂ ਦਾ। ਚਾਹਿ = ਚਾਹ ਨਾਲ (ਪਹਿਨਦਾ ਹੈਂ) । ਵਜੀਰ = ਸਲਾਹਕਾਰ। ਧੀਰ = ਧੀਰਜ ਵਾਲਾ। ਧਰਮ ਅੰਗ = ਧਰਮ-ਸਰੂਪ। ਉਛਾਹਿ = ਚਾਉ ਨਾਲ।

ਅਰਥ: ਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ) । ਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ।

TOP OF PAGE

Sri Guru Granth Darpan, by Professor Sahib Singh