ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ  | 
![]()  | 
![]()  | 
![]()  | 
![]()  | 
![]()  | 
Page 1317 ਮਃ ੪ ॥ ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥ ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥ {ਪੰਨਾ 1317} ਪਦ ਅਰਥ: ਲੋੜਿ ਲਹੁ = ਲੱਭ ਲਵੋ। ਭਾਗਿ = ਕਿਸਮਤ ਨਾਲ। ਵਡਭਾਗਿ = ਵੱਡੀ ਕਿਸਮਤ ਨਾਲ। ਗੁਰਿ ਪੂਰੈ = ਪੂਰੇ ਗੁਰੂ ਨੇ। ਲਿਵ = ਲਗਨ, ਸੁਰਤਿ। ਅਰਥ: (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਮਿੱਤਰ ਪ੍ਰਭੂ ਨੂੰ ਲੱਭ ਲੈ, (ਉਹ ਮਿੱਤਰ-ਪ੍ਰਭੂ) ਕਿਸਮਤ ਨਾਲ ਵੱਡੀ ਕਿਸਮਤ ਨਾਲ (ਹਿਰਦੇ ਵਿਚ ਆ) ਵੱਸਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਉਸ ਦਾ) ਦਰਸਨ ਕਰਾ ਦਿੱਤਾ, ਉਸ ਦੀ ਸੁਰਤਿ (ਹਰ ਵੇਲੇ) ਹਰੀ-ਪ੍ਰਭੂ ਵਿਚ ਲੱਗੀ ਰਹਿੰਦੀ ਹੈ।2। ਪਉੜੀ ॥ ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥ ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥ ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥ ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥ ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥ {ਪੰਨਾ 1317} ਪਦ ਅਰਥ: ਧਨੁ ਧਨੁ = ਭਾਗਾਂ ਵਾਲੀ। ਸੁਹਾਵੀ = ਸੁਖਾਵੀਂ, ਸੁਲੱਖਣੀ, ਸੋਹਣੀ। ਜਿਤੁ = ਜਿਸ (ਘੜੀ) ਵਿਚ। ਮਨਿ = ਮਨ ਵਿਚ। ਭਾਣੀ = ਪਿਆਰੀ ਲੱਗੀ। ਪ੍ਰਭ ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ। ਪਾਇਐ = ਮਿਲਦਾ ਹੈ। ਕਿਉ = ਕਿਵੇਂ? ਸੁਘੜੁ = ਸੋਹਣੀ ਘਾੜਤ ਵਾਲਾ। ਨਾਮਿ = ਨਾਮ ਵਿਚ। ਵਿਟਹੁ = ਤੋਂ। ਵਾਰਿਆ = ਕੁਰਬਾਨ। ਨਿਰਬਾਣੀ = ਵਾਸਨਾ-ਰਹਿਤ, ਨਿਰਲੇਪ। ਅਰਥ: (ਹੇ ਭਾਈ! ਮਨੁੱਖ ਵਾਸਤੇ ਉਹ) ਘੜੀ ਭਾਗਾਂ ਵਾਲੀ ਹੁੰਦੀ ਹੈ ਸੋਹਣੀ ਹੁੰਦੀ ਹੈ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲੀ ਹੁੰਦੀ ਹੈ। ਜਿਸ ਵਿਚ (ਮਨੁੱਖ ਨੂੰ ਆਪਣੇ) ਮਨ ਵਿਚ ਪਰਮਾਤਮਾ ਦੀ ਸੇਵਾ-ਭਗਤੀ ਚੰਗੀ ਲੱਗਦੀ ਹੈ। ਹੇ ਮੇਰੇ ਗੁਰੂ ਦੇ ਸਿੱਖੋ! ਤੁਸੀ ਮੈਨੂੰ ਭੀ ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਵੋ (ਤੇ ਦੱਸੋ ਕਿ) ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਕਿਵੇਂ ਉਸ ਦਾ ਦਰਸਨ ਹੋ ਸਕਦਾ ਹੈ। ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤਿ ਪਰਮਾਤਮਾ ਦੇ ਨਾਮ ਵਿਚ ਲੀਨ ਹੁੰਦੀ ਹੈ ਉਹਨਾਂ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਜੋੜ ਕੇ ਆਪਣਾ ਦਰਸਨ ਕਰਾਂਦਾ ਹੈ। ਹੇ ਭਾਈ! ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਨਿਰਲੇਪ ਪਰਮਾਤਮਾ (ਦਾ ਨਾਮ ਹਰ ਵੇਲੇ) ਜਪਦੇ ਹਨ।10। ਸਲੋਕ ਮਃ ੪ ॥ ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥ ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥ {ਪੰਨਾ 1317} ਪਦ ਅਰਥ: ਰਤੇ = ਰੰਗੇ ਹੋਏ। ਲੋਇਣਾ = ਅੱਖਾਂ। ਗਿਆਨ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ। ਦੇਇ = ਦੇਂਦਾ ਹੈ। ਮੈ ਪ੍ਰਭੁ = ਮੇਰਾ ਪ੍ਰਭੂ, ਪਿਆਰਾ ਪ੍ਰਭੂ। ਸਹਜਿ = ਆਤਮਕ ਅਡੋਲਤਾ ਵਿਚ। ਅਰਥ: ਹੇ ਨਾਨਕ! (ਆਖ– ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਦੇਂਦਾ ਹੈ, ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ, ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।1। ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥ {ਪੰਨਾ 1317} ਪਦ ਅਰਥ: ਗੁਰਮੁਖਿ = ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਅੰਤਰਿ = ਅੰਦਰ। ਮਨਿ ਤਨਿ = ਮਨ ਦੀ ਰਾਹੀਂ ਤਨ ਦੀ ਰਾਹੀਂ; ਮਨੋਂ ਤਨੋਂ। ਨਾਮਿ = ਨਾਮ ਵਿਚ। ਚਿਤਵੈ = ਚੇਤੇ ਕਰਦਾ ਹੈ। ਲਿਵ = ਲਗਨ। ਲਾਇ = ਲਾ ਕੇ। ਪਾਈਐ = ਮਿਲਦਾ ਹੈ। ਗਈ ਬਿਲਾਇ = ਦੂਰ ਹੋ ਜਾਂਦੀ ਹੈ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਨਾਮੇ = ਨਾਮ ਵਿਚ ਹੀ। ਨਾਮੋ = ਨਾਮ ਹੀ। ਪਲੈ ਪਾਇ = ਮਿਲਦਾ ਹੈ। ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਸ ਦੇ ਅੰਦਰ ਸ਼ਾਂਤੀ ਰਹਿੰਦੀ ਹੈ ਉਹ ਮਨੋਂ ਤਨੋਂ (ਹਰ ਵੇਲੇ ਪਰਮਾਤਮਾ ਦੇ) ਨਾਮ ਵਿਚ ਲੀਨ ਰਹਿੰਦਾ ਹੈ, ਉਹ (ਸਦਾ) ਨਾਮ ਚੇਤੇ ਕਰਦਾ ਹੈ ਉਹ ਸਦਾ ਨਾਮ ਹੀ ਪੜ੍ਹਦਾ ਹੈ, ਉਹ ਹਰਿ-ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ। (ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ) ਕੀਮਤੀ ਨਾਮ ਹਾਸਲ ਹੋ ਜਾਂਦਾ ਹੈ (ਜਿਸ ਨੂੰ ਹਾਸਲ ਹੁੰਦਾ ਹੈ ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ। ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰ) ਨਾਮ (ਦਾ ਬੂਟਾ) ਉੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ ਮਾਇਆ ਦੀ) ਤ੍ਰੇਹ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ! ਜੇ ਪਰਮਾਤਮਾ ਦੇ ਨਾਮ ਵਿਚ ਰੰਗੇ ਰਹੀਏ ਤਾਂ ਨਾਮ ਹੀ ਮਿਲਦਾ ਹੈ।2। ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥ ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥ ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥ ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥ ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥ {ਪੰਨਾ 1317} ਪਦ ਅਰਥ: ਉਪਾਇ ਕੈ = ਪੈਦਾ ਕਰ ਕੇ। ਵਸਗਤਿ = ਵੱਸ ਵਿਚ। ਇਕਿ = ਕਈ ਜੀਵ। ਮਨਮੁਖ = (ਆਪਣੇ) ਮਨ ਦੇ ਮੁਰੀਦ। ਕਰਿ = ਕਰ ਕੇ। ਹਾਰਾਇਅਨੁ = ਉਸ ਨੇ (ਜੀਵਨ-ਬਾਜ਼ੀ ਵਿਚ) ਹਰਾ ਦਿੱਤੇ। ਮੇਲਿ = ਮਿਲਾ ਕੇ। ਊਤਮੁ = (ਜੀਵਨ ਨੂੰ) ਉੱਚਾ ਕਰਨ ਵਾਲਾ। ਗੁਰਬਚਨਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਸਭਾਗੈ = ਭਾਗਾਂ ਵਾਲੇ (ਮਨੁੱਖ) ਨੇ। ਸਭਿ = ਸਾਰੈ। ਜਿਨਿ = ਜਿਸ (ਪ੍ਰਭੂ) ਨੇ। ਵਸਿ = (ਆਪਣੇ) ਵੱਸ ਵਿਚ। ਅਰਥ: ਹੇ ਪ੍ਰਭੂ! ਤੂੰ ਆਪ ਹੀ ਜਗਤ ਪੈਦਾ ਕਰ ਕੇ (ਇਸ ਨੂੰ) ਤੂੰ ਆਪ ਹੀ (ਆਪਣੇ) ਵੱਸ ਵਿਚ ਰੱਖਿਆ ਹੋਇਆ ਹੈ। ਹੇ ਭਾਈ! ਕਈ ਜੀਵਾਂ ਨੂੰ ਮਨ ਦੇ ਮੁਰੀਦ ਬਣਾ ਕੇ ਉਸ (ਪਰਮਾਤਮਾ) ਨੇ (ਜੀਵਨ-ਖੇਡ ਵਿਚ) ਹਾਰ ਦੇ ਦਿੱਤੀ ਹੈ, ਪਰ ਕਈਆਂ ਨੂੰ ਗੁਰੂ ਮਿਲਾ ਕੇ (ਉਸ ਨੇ ਇਹੋ ਜਿਹਾ ਬਣਾ ਦਿੱਤਾ ਹੈ ਕਿ) ਉਹਨਾਂ ਨੇ (ਜੀਵਨ ਦੀ ਬਾਜ਼ੀ) ਜਿੱਤ ਲਈ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ ਕਰਨ ਵਾਲਾ ਹੈ, ਪਰ ਕਿਸੇ ਭਾਗਾਂ ਵਾਲੇ ਨੇ (ਹੀ) ਗੁਰੂ ਦੇ ਉਪਦੇਸ਼ ਦੀ ਰਾਹੀਂ (ਇਹ ਨਾਮ) ਸਿਮਰਿਆ ਹੈ। ਜਦੋਂ ਗੁਰੂ ਨੇ ਪਰਮਾਤਮਾ ਦਾ ਨਾਮ (ਕਿਸੇ ਭਾਗਾਂ ਵਾਲੇ ਨੂੰ) ਦਿੱਤਾ, ਤਾਂ ਉਸ ਦਾ ਸਾਰਾ ਦੁੱਖ ਸਾਰਾ ਦਰਿੱਦ੍ਰ ਦੂਰ ਹੋ ਗਿਆ। ਹੇ ਭਾਈ! ਤੁਸੀ ਸਾਰੇ ਉਸ ਮੋਹਨ ਪ੍ਰਭੂ ਦਾ ਮਨ-ਮੋਹਨ ਪ੍ਰਭੂ ਦਾ ਜਗ-ਮੋਹਨ ਪ੍ਰਭੂ ਦਾ ਨਾਮ ਸਿਮਰਿਆ ਕਰੋ, ਜਿਸ ਨੇ ਜਗਤ ਪੈਦਾ ਕਰ ਕੇ ਇਹ ਸਾਰਾ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ।11। ਸਲੋਕ ਮਃ ੪ ॥ ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ ਮਃ ੪ ॥ ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥ ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥ {ਪੰਨਾ 1317} ਪਦ ਅਰਥ: ਭ੍ਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਵਞਾਇ = ਦੂਰ ਕਰ। ਮਿਲਿ = ਮਿਲ ਕੇ।1। ਨੋਟ: ਵਾਰਾਂ ਤੇ ਵਧੀਕ ਸਲੋਕ ਮ: 4 ਵਿਚ ਨੰ: 29 ਤੇ ਇਹ ਸਲੋਕ ਮਿਲਦਾ ਹੈ, ਥੋੜ੍ਹਾ ਜਿਹਾ ਫ਼ਰਕ ਹੈ। ਮ: 4 ॥ ਤਾਮਿ = ਤਦੋਂ ਹੀ। ਸਗਾਰਵਾ = ਗੌਰਾ, ਆਦਰ-ਜੋਗ। ਦੇਖਾ = ਦੇਖਾਂ, ਮੈਂ ਵੇਖ ਸਕਾਂ। ਨੈਣੇ = ਅੱਖਾਂ ਨਾਲ। ਮੈ = ਮੈਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸਦੁ = (ਉਸ ਦੀ) ਆਵਾਜ਼, ਸਿਫ਼ਤਿ-ਸਾਲਾਹ ਦੀ ਗੱਲ। ਸੁਣੇ = ਸੁਣਿ, ਸੁਣ ਕੇ।2। ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਦੁਰਾਚਾਰੀ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ (ਕਿਉਂਕਿ ਉਹਨਾਂ ਦੇ) ਮਨ ਵਿਚ ਹਉਮੈ (ਦਾ) ਰੋਗ (ਟਿਕਿਆ ਰਹਿੰਦਾ) ਹੈ। ਹੇ ਨਾਨਕ! (ਆਖ– ਹੇ ਭਾਈ! ਸਾਧੂ ਸੱਜਣ ਗੁਰੂ ਨੂੰ ਮਿਲ ਕੇ (ਹੀ ਇਹ) ਰੋਗ ਦੂਰ ਕਰ (ਦੂਰ ਕੀਤਾ ਜਾ ਸਕਦਾ ਹੈ) ।1। ਮ: 4। ਹੇ ਭਾਈ! (ਮੇਰਾ ਇਹ) ਮਨ ਅਤੇ ਸਰੀਰ ਤਦੋਂ ਹੀ ਆਦਰ ਜੋਗ ਹੋ ਸਕਦਾ ਹੈ, ਜਦੋਂ ਮੈਂ (ਆਪਣੀਆਂ) ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰ ਸਕਾਂ। ਹੇ ਨਾਨਕ! (ਆਖ– ਹੇ ਭਾਈ! ਜਦੋਂ) ਉਹ ਪ੍ਰਭੂ ਮੈਨੂੰ ਮਿਲਦਾ ਹੈ, ਤਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।2। ਪਉੜੀ ॥ ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥ ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥ ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥ ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥ ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥ {ਪੰਨਾ 1317} ਪਦ ਅਰਥ: ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸਰ = ਹੇ ਜਗਤ ਦੇ ਈਸ਼ਰ! ਕਰਤੇ = ਹੇ ਕਰਤਾਰ! ਅਪਰੰਪਰ = ਹੇ ਬੇਅੰਤ! ਪੁਰਖੁ = ਸਰਬ-ਵਿਆਪਕ। ਅਤੋਲੁ = ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲੱਗ ਸਕੇ। ਊਤਮੁ = ਜੀਵਨ ਨੂੰ ਉੱਚਾ ਬਨਾਣ ਵਾਲਾ। ਅਮੋਲੁ = ਜੋ ਕਿਸੇ (ਮਾਇਕ) ਕੀਮਤ ਤੋਂ ਨਾਹ ਮਿਲ ਸਕੇ। ਹਿਰਦੈ = ਹਿਰਦੇ ਵਿਚ। ਰੋਲੁ = ਸ਼ੱਕ। ਮਿਲੈ = ਮਿਲਦਾ ਹੈ। ਪੂਰਾ ਬੋਲੁ = ਪੂਰਨ ਉਪਦੇਸ਼। ਸਭਿ = ਸਾਰੇ। ਜਿਤੁ = ਜਿਸ (ਸਿਮਰਨ) ਦੀ ਰਾਹੀਂ। ਝਗੜੁ ਝਗੋਲੁ = ਝਗੜਾ ਰਗੜਾ। ਅਰਥ: ਹੇ ਜਗਤ ਦੇ ਨਾਥ! ਹੇ ਜਗਤ ਦੇ ਮਾਲਕ! ਹੇ ਬੇਅੰਤ ਕਰਤਾਰ! ਤੂੰ ਸਰਬ-ਵਿਆਪਕ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਹੇ ਮੇਰੇ ਗੁਰੂ ਦੇ ਸਿੱਖੋ! ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਪਰਮਾਤਮਾ ਦਾ ਨਾਮ ਜੀਵਨ ਨੂੰ ਉੱਚਾ ਕਰਨ ਵਾਲਾ ਹੈ (ਪਰ) ਉਹ ਨਾਮ ਕਿਸੇ ਮੁੱਲ ਤੋਂ ਨਹੀਂ ਮਿਲਦਾ। ਜਿਨ੍ਹਾਂ ਮਨੁੱਖਾਂ ਨੇ ਦਿਨ ਰਾਤ (ਹਰ ਵੇਲੇ) ਆਪਣੇ ਹਿਰਦੇ ਵਿਚ ਹਰਿ-ਨਾਮ ਸਿਮਰਿਆ, ਉਹ ਮਨੁੱਖ ਪਰਮਾਤਮਾ ਨਾਲ ਇੱਕ-ਰੂਪ ਹੋ ਗਏ, ਇਸ ਵਿਚ ਕੋਈ ਸ਼ੱਕ ਨਹੀਂ ਹੈ। (ਪਰ) ਵੱਡੇ ਭਾਗਾਂ ਨਾਲ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦਾ ਹੈ (ਤੇ ਸੰਗਤਿ ਵਿਚੋਂ ਉਸ ਨੂੰ) ਗੁਰੂ ਦਾ ਪੂਰਨ ਉਪਦੇਸ਼ ਮਿਲਦਾ ਹੈ (ਜਿਸ ਦੀ ਬਰਕਤਿ ਨਾਲ ਉਹ ਹਰਿ-ਨਾਮ ਸਿਮਰਦਾ ਹੈ) । (ਸੋ, ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ) ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਦੀ ਬਰਕਤਿ ਨਾਲ ਜਮ ਦਾ ਰਗੜਾ-ਝਗੜਾ ਮੁੱਕ ਜਾਂਦਾ ਹੈ।12। ਸਲੋਕ ਮਃ ੪ ॥ ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥ ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥ ਮਃ ੪ ॥ ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨ੍ਹ੍ਹਿ ॥ ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨ੍ਹ੍ਹਿ ॥੨॥ {ਪੰਨਾ 1317-1318} ਪਦ ਅਰਥ: ਚਉਦਿਆ = ਉਚਾਰਦਿਆਂ ਨੂੰ। ਸਰੁ = ਤੀਰ। ਸੰਧਿਆ = ਚਲਾਇਆ, ਨਿਸ਼ਾਨਾ ਬੰਨ੍ਹਿਆ। ਗਾਵਾਰ = ਮੂਰਖਾਂ ਨੇ। ਲਿਵ = ਸੁਰਤਿ। ਉਬਰੇ = ਬਚ ਗਏ। ਜਿਨਿ = ਜਿਸ (ਮੂਰਖ) ਨੇ। ਫਿਰਿ = ਪਰਤ ਕੇ। ਮਾਰ = ਮੌਤ, ਆਤਮਕ ਮੌਤ।1। ਮ: 4। ਪ੍ਰੇਮਿ = ਪ੍ਰੇਮ ਨੇ। ਕਸਾਈਆ = ਖਿੱਚ ਪਾਈ। ਪਿਖੰਨ੍ਹ੍ਹਿ = ਵੇਖਦੇ ਹਨ। ਦੂਜਾ = ਪ੍ਰਭੂ ਤੋਂ ਬਿਨਾ ਕੁਝ ਹੋਰ। ਕਢਿ ਦਿਚੰਨ੍ਹ੍ਹਿ = ਕੱਢ ਦਿੱਤੇ ਜਾਂਦੇ ਹਨ, ਰੱਦੇ ਜਾਂਦੇ ਹਨ।2। ਅਰਥ: ਹੇ ਨਾਨਕ! ਮੂਰਖ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਸੰਤ ਜਨਾਂ ਉਤੇ ਤੀਰ ਚਲਾਂਦੇ ਹਨ। ਪਰ ਉਹ ਸੰਤ ਜਨ ਤਾਂ ਪਰਮਾਤਮਾ ਵਿਚ ਸੁਰਤਿ ਜੋੜ ਕੇ ਬਚ ਨਿਕਲਦੇ ਹਨ; ਜਿਸ (ਮੂਰਖ) ਨੇ (ਤੀਰ) ਚਲਾਇਆ ਹੁੰਦਾ ਹੈ, ਉਸ ਨੂੰ ਹੀ ਪਰਤ ਕੇ ਮੌਤ ਆਉਂਦੀ ਹੈ (ਭਾਵ, ਸੰਤ ਨਾਲ ਵੈਰ ਕਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ) ।1। ਮ: 4। (ਹੇ ਭਾਈ! ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ। ਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ।2।  | 
![]()  | 
![]()  | 
![]()  | 
![]()  | 
Sri Guru Granth Darpan, by Professor Sahib Singh  |