ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1033

ਮਾਰੂ ਮਹਲਾ ੧ ਦਖਣੀ ॥ ਕਾਇਆ ਨਗਰੁ ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ ਗਗਨੰਦਰਿ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥ ਅੰਦਰਿ ਕੋਟ ਛਜੇ ਹਟਨਾਲੇ ॥ ਆਪੇ ਲੇਵੈ ਵਸਤੁ ਸਮਾਲੇ ॥ ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥ ਭੀਤਰਿ ਕੋਟ ਗੁਫਾ ਘਰ ਜਾਈ ॥ ਨਉ ਘਰ ਥਾਪੇ ਹੁਕਮਿ ਰਜਾਈ ॥ ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥ ਪਉਣ ਪਾਣੀ ਅਗਨੀ ਇਕ ਵਾਸਾ ॥ ਆਪੇ ਕੀਤੋ ਖੇਲੁ ਤਮਾਸਾ ॥ ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥ ਧਰਤਿ ਉਪਾਇ ਧਰੀ ਧਰਮ ਸਾਲਾ ॥ ਉਤਪਤਿ ਪਰਲਉ ਆਪਿ ਨਿਰਾਲਾ ॥ ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥ ਭਾਰ ਅਠਾਰਹ ਮਾਲਣਿ ਤੇਰੀ ॥ ਚਉਰੁ ਢੁਲੈ ਪਵਣੈ ਲੈ ਫੇਰੀ ॥ ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥ ਪੰਖੀ ਪੰਚ ਉਡਰਿ ਨਹੀ ਧਾਵਹਿ ॥ ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥ ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥ ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥ ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥ ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥ ਪਸਰੀ ਕਿਰਣਿ ਜੋਤਿ ਉਜਿਆਲਾ ॥ ਕਰਿ ਕਰਿ ਦੇਖੈ ਆਪਿ ਦਇਆਲਾ ॥ ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥ ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥ ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥ ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥ ਆਦਿ ਨਿਰੰਜਨੁ ਨਿਰਮਲੁ ਸੋਈ ॥ ਅਵਰੁ ਨ ਜਾਣਾ ਦੂਜਾ ਕੋਈ ॥ ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥ ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥ ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥ ਕੋਇ ਨ ਜਾਣੈ ਤੇਰਾ ਚੀਰਾ ॥ ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥ ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥ ਵੇਪਰਵਾਹ ਅਖੁਟ ਭੰਡਾਰੈ ॥ ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥ ਆਪੇ ਦੇਖਿ ਦਿਖਾਵੈ ਆਪੇ ॥ ਆਪੇ ਥਾਪਿ ਉਥਾਪੇ ਆਪੇ ॥ ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥ ਜੇਤੀ ਹੈ ਤੇਤੀ ਤੁਧੁ ਅੰਦਰਿ ॥ ਦੇਖਹਿ ਆਪਿ ਬੈਸਿ ਬਿਜ ਮੰਦਰਿ ॥ ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥ {ਪੰਨਾ 1033-1034}

ਨੋਟ: ਮਾਰੂ ਦਖਣੀ = ਦਖਣੀ ਕਿਸਮ ਦੀ ਮਾਰੂ ਰਾਗਣੀ।

ਪਦ ਅਰਥ: ਕਾਇਆ = ਸਰੀਰ। ਗੜ = ਗੜ੍ਹ, ਕਿਲ੍ਹੇ। ਸਾਚਾ = ਸਦਾ-ਥਿਰ ਰਹਿਣ ਵਾਲਾ। ਪੁਰਿ = ਪੁਰ ਵਿਚ, ਸ਼ਹਿਰ ਵਿਚ। ਗਗਨੰਦਰਿ = ਗਗਨ ਅੰਦਰਿ, ਗਗਨ ਵਿਚ, ਆਕਾਸ਼ ਵਿਚ, ਚਿਤ-ਆਕਾਸ਼ ਵਿਚ, ਦਿਮਾਗ਼ ਵਿਚ। ਨਿਰਮਾਇਲੁ = ਨਿਰਮਲ, ਪਵਿਤ੍ਰ। ਆਪੁ = ਆਪਣੇ ਆਪ ਨੂੰ। ਉਪਾਇਦਾ = ਪਰਗਟ ਕਰਦਾ ਹੈ, ਟਿਕਾਂਦਾ ਹੈ।1।

ਹਟਨਾਲੇ = ਬਾਜ਼ਾਰ (ਜਿਥੇ ਨਾਲੋ ਨਾਲ ਹੱਟ ਹਨ) । ਛਜੇ = ਛੱਜੇ।

ਲੇਵੈ = ਲੈਂਦਾ ਹੈ, ਖ਼ਰੀਦਦਾ ਹੈ। ਬਜਰ ਕਪਾਟ = ਕਰੜੇ ਦਰਵਾਜ਼ੇ। ਜੜਿ ਜਾਣੈ = ਬੰਦ ਕਰਨੇ ਜਾਣਦਾ ਹੈ।2।

ਘਰ ਜਾਈ = ਘਰ ਦੀ ਥਾਂ। ਨਉ ਘਰ = ਨੌ ਗੋਲਕਾਂ, ਨੌ ਇੰਦ੍ਰੇ। ਦਸਵੈ = ਦਸਵੇਂ ਘਰ ਵਿਚ।3।

ਇਕ ਵਾਸਾ = ਇਕੱਠੇ ਵਸਾਏ ਹਨ। ਜਲਿ = ਪਾਣੀ ਨਾਲ। ਨਿਵਰੈ = ਬੁੱਝ ਜਾਂਦੀ ਹੈ। ਜਲ ਨਿਧਿ = ਸਮੁੰਦਰ (ਵਿਚ) ।4।

ਧਰਮਸਾਲਾ = ਧਰਮ ਕਮਾਣ ਦੀ ਥਾਂ। ਉਤਪਤਿ = ਪੈਦਾਇਸ਼। ਪਰਲਉ = ਨਾਸ। ਪਵਣੈ = ਸੁਆਸਾਂ ਦਾ।5।

ਭਾਰ ਅਠਾਰਹ = ਸਾਰੀ ਬਨਸਪਤੀ। ਢੁਲੈ = ਝੁਲਦਾ ਹੈ। ਪਵਣੈ = ਪਵਣ ਦਾ। ਸਸਿ = ਚੰਦ੍ਰਮਾ। ਸੂਰੁ = ਸੂਰਜ।6।

ਪੰਖੀ ਪੰਚ = (ਗੁਰਮੁਖ ਬਿਰਖ ਦੇ) ਪੰਜ ਗਿਆਨ-ਇੰਦ੍ਰੇ ਪੰਛੀ। ਉਡਰਿ = ਉੱਡ ਕੇ। ਰਵੈ = ਸਿਮਰਦਾ ਹੈ।7।

ਝਿਲਮਿਲ = ਬੜੀ ਚਮਕ ਨਾਲ। ਝਿਲਕੈ = ਲਿਸ਼ਕਦਾ ਹੈ। ਗੈਣਾਰਾ = ਆਕਾਸ਼। ਅਕਥੀ = ਉਹ ਅਵਸਥਾ ਜਿਸ ਦਾ ਬਿਆਨ ਨਾਹ ਹੋ ਸਕੇ। ਕਥਉ = ਮੈਂ ਦੱਸਦਾ ਹਾਂ।8।

ਰੁਣਝੁਣਕਾਰੁ = ਇਕ-ਰਸ ਮਿੱਠੀ ਮਿੱਠੀ ਆਵਾਜ਼। ਵਾਇਦਾ = ਵਜਾਂਦਾ ਹੈ।9।

ਅਨਹਦੁ = ਇਕ-ਰਸ, ਲਗਾਤਾਰ। ਛਾਜੈ = ਛਾ ਰਿਹਾ ਹੈ, ਪਸਰ ਰਿਹਾ ਹੈ, ਵਿਆਪਕ ਹੈ।10।

ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਏਕੰਕਾਰੁ = ਇਕ ਅਕਾਲ ਪੁਰਖ।11।

ਸਤਿਗੁਰਿ = ਗੁਰੂ ਨੇ। ਅਪਰ = ਜਿਸ ਤੋਂ ਪਰੇ ਕੋਈ ਨਹੀਂ। ਪਰੰਪਰ = ਪਰੇ ਤੋਂ ਪਰੇ।12।

ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ। ਚੀਰਾ = ਪੱਲਾ, ਪਾਟ, ਖਿਲਾਰਾ। ਜਾਚੈ = ਮੰਗਦੀ ਹੈ। ਕਰਮਿ = ਬਖ਼ਸ਼ਸ਼ ਦੀ ਰਾਹੀਂ।13।

ਸਚੁ = ਸਦਾ-ਥਿਰ ਰਹਿਣ ਵਾਲਾ। ਹਾਥਿ = ਹੱਥ ਵਿਚ। ਭੰਡਾਰੈ = ਖ਼ਜ਼ਾਨੇ ਵਿਚ।14।

ਉਥਾਪੇ = ਨਾਸ ਕਰਦਾ ਹੈ, ਉਖੇੜਦਾ ਹੈ।15।

ਤੇਤੀ = ਉਹ ਸਾਰੀ (ਲੁਕਾਈ) । ਬੈਸਿ = ਬੈਠ ਕੇ। ਬਿਜ ਮੰਦਰਿ = ਪੱਕੇ ਮੰਦਰ ਵਿਚ। 16।

ਅਰਥ: (ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ (ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ) , ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ। ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ।1।

ਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ। (ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ।2।

ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ। ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ) । ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ।3।

(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ। (ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ। ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ।4।

ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ । ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ। ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ) , ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ।5।

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ (ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ। (ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ।6।

ਗੁਰੂ (ਮਾਨੋ) ਫਲ ਦੇਣ ਵਾਲਾ ਰੁੱਖ ਹੈ (ਇਸ ਰੁੱਖ ਤੋਂ ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ, ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ। ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ।7।

('ਸਫਲ ਬਿਰਖ' ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ, ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ) । (ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ । (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ।8।

(ਜਿਸ ਗੁਰਮੁਖ ਦੇ ਅੰਦਰ 'ਸਫਲ ਬਿਰਖ' ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ। ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ। (ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ) । (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ।9।

(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤਿ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ (ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ।

ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ) = ('ਸਫਲ ਬਿਰਖ' ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ।10।

ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ।11।

ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ ਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ) । (ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ।12।

ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ। (ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ। ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ। ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ।13।

ਹੇ ਬੇ-ਪਰਵਾਹ ਪ੍ਰਭੂ! (ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ, ਤੇ ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ। ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤਿ ਦੇ ਕੇ) ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।14।

ਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ। ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ। ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ।15।

ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ। ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ। ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ। 16।1।13।

TOP OF PAGE

Sri Guru Granth Darpan, by Professor Sahib Singh