ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 945

ਰੰਗਿ ਨ ਰਾਤਾ ਰਸਿ ਨਹੀ ਮਾਤਾ ॥ ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥ ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥ ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥ ਅਕਥ ਕਥਾ ਲੇ ਸਮ ਕਰਿ ਰਹੈ ॥ ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥ {ਪੰਨਾ 945}

ਪਦ ਅਰਥ: ਰੰਗਿ = ਰੰਗ ਵਿਚ, ਪਿਆਰ ਵਿਚ। ਰਸਿ = ਰਸ ਵਿਚ। ਮਾਤਾ = ਮਸਤ, ਖੀਵਾ। ਤਾਤਾ = ਸੜਦਾ, ਖਿੱਝਦਾ। ਬਿੰਦੁ = ਵੀਰਜ। ਬਿੰਦੁ ਨ ਰਾਖਿਆ = ਉਸ ਮਨੁੱਖ ਨੇ ਵੀਰ੍ਯ ਨਹੀਂ ਸਾਂਭਿਆ, (ਭਾਵ) ਉਹ ਕਾਹਦਾ ਜਤੀ? ਪਵਨੁ ਨ ਸਾਧਿਆ = (ਪ੍ਰਾਣਾਯਾਮ ਦੀ ਰਾਹੀਂ) ਪ੍ਰਾਣ ਵੱਸ ਵਿਚ ਨਹੀਂ ਕੀਤੇ।

ਅਰਥ: ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ, (ਇਸ ਵਾਸਤੇ ਉਸ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।

ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ। ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?

ਹੇ ਨਾਨਕ! ਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ, ਤਾਂ ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ। 62।

ਗੁਰ ਪਰਸਾਦੀ ਰੰਗੇ ਰਾਤਾ ॥ ਅੰਮ੍ਰਿਤੁ ਪੀਆ ਸਾਚੇ ਮਾਤਾ ॥ ਗੁਰ ਵੀਚਾਰੀ ਅਗਨਿ ਨਿਵਾਰੀ ॥ ਅਪਿਉ ਪੀਓ ਆਤਮ ਸੁਖੁ ਧਾਰੀ ॥ ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥ ਨਾਨਕ ਬੂਝੈ ਕੋ ਵੀਚਾਰੀ ॥੬੩॥ {ਪੰਨਾ 945}

ਪਦ ਅਰਥ: ਰੰਗੇ = (ਪ੍ਰਭੂ ਦੇ) ਪਿਆਰ ਵਿਚ। ਪੀਆ = ਪੀਤਾ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਪੀਓ = ਪੀਤਾ। ਧਾਰੀ = ਧਾਰਿਆ, ਲੱਭਾ। ਵੀਚਾਰੀ = ਵਿਚਾਰ-ਵਾਨ। ਤਰੁ ਤਾਰੀ = ਤਾਰੀ ਤਰੁ, ਪਾਰ ਲੰਘ। ਕੋ = ਕੋਈ ਵਿਰਲਾ।

ਅਰਥ: ਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ, ਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।

ਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ, ਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ। (ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ ('ਦੁਤਰ ਸਾਗਰ' ਤੋਂ) ਪਾਰ ਲੰਘ। (ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ। 63।

ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥ ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥ ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥ ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥ ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥ {ਪੰਨਾ 945}

ਪਦ ਅਰਥ: ਮੈਗਲੁ = (ਸੰ: ਮਦਕਲ; mdkl) ਮਸਤ ਹਾਥੀ। ਭਵਨਾ = ਭਟਕਣਾ। ਆਪੈ ਆਪੁ = ਆਪਣੇ ਆਪ ਨੂੰ। ਧਾਵਤੁ = (ਵਿਕਾਰਾਂ ਵਲ) ਦੌੜਦਾ। ਵਰਜਿ = ਰੋਕ ਕੇ। ਸਸਿ = ਚੰਦ੍ਰਮਾ। ਹਉਮੈ = ਹਉ ਮੈਂ, ਮੈਂ ਮੈਂ, ਮੈਂ ਦਾ ਹਰ ਵੇਲੇ ਧਿਆਨ, ਹਰ ਵੇਲੇ ਆਪਣੇ ਆਪ ਦਾ ਖ਼ਿਆਲ, ਵੱਖਰਾ-ਪਨ, ਖ਼ੁਦਗ਼ਰਜ਼ੀ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ।

ਅਰਥ: (ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ? ਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?

(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ। (ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।

(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?

(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ 'ਹਉਮੈ' ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ। 64।

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥ ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥ ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥ ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥ ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥ {ਪੰਨਾ 945}

ਪਦ ਅਰਥ: ਨਿਹਚਲੁ = ਅਡੋਲ ਹੋ ਕੇ (ਭਾਵ, ਭਟਕਣੋਂ ਹਟ ਕੇ) । ਹਿਰਦੈ = ਹਿਰਦੇ ਵਿਚ। ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ। ਨਿਜ ਘਰਿ = ਆਪਣੇ ਅਸਲ ਘਰ ਵਿਚ। ਆਛੈ = ਹੈ। ਅਰਥਾਵੈ = ਅਰਥ ਸਮਝਦਾ ਹੈ, ਅਸਲੀਅਤ ਸਮਝਦਾ ਹੈ। ਸਚਿ = ਸੱਚ ਵਿਚ। ਰਪੈ = ਰੰਗਿਆ ਜਾਂਦਾ ਹੈ।

ਅਰਥ: ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ) , ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ। ਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ) , ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ। ਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ, (ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।

ਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ। ਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ। 65।

ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥ ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥ ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥ ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥ ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥ ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥ {ਪੰਨਾ 945}

ਪਦ ਅਰਥ: ਦੇਹ = ਸਰੀਰ। ਮਨੁ = ਚੇਤਨ ਸੱਤਾ। ਕੈਠੈ = ਕਿਹ ਠਾਂ? ਕਿਸ ਥਾਂ ਤੇ? ਅਸਥੰਭੁ = ਥੰਮ੍ਹੀ, ਸਹਾਰਾ {ÔqMB}। ਪਵਨੁ = ਪ੍ਰਾਣ, ਸੁਆਸ। ਸਹਤਾ = ਆਸਰਾ ਲੈਂਦਾ ਸੀ। ਸਬਦਿ = ਸ਼ਬਦ ਨੇ। ਰਕਤੁ = ਰੁੱਤ। ਬਿੰਦੁ = ਬੀਰਜ। ਮੜੀ = ਸਰੀਰ। ਮਿਤਿ = ਅੰਦਾਜ਼ਾ। ਅਸਰੂਪੁ = ਸ੍ਵਰੂਪੁ, ਸਰੂਪ। ਇਬ = ਹੁਣ ਜਦੋਂ ਸਰੀਰ ਮੌਜੂਦ ਹੈ। ਤਬ = ਤਦੋਂ ਜਦੋਂ ਸਰੀਰ ਨਹੀਂ ਸੀ।

ਅਰਥ: (ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ? ਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ? ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ? ਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ? ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?

(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ। 66।

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥ ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥ ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥ ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥ {ਪੰਨਾ 945}

ਪਦ ਅਰਥ: ਅਉਧੂ = ਹੇ ਜੋਗੀ! ਸੁੰਨਿ = ਅਫੁਰ ਪ੍ਰਭੂ ਵਿਚ। ਅਨਰਾਗੀ = ਪ੍ਰੇਮੀ ਹੋ ਕੇ। ਜਾਤਿ = ਹੋਂਦ, ਉਤਪੱਤੀ। ਅਕੁਲੀਣਿ = ਅਕੁਲੀਣ ਵਿਚ, ਕੁਲ-ਰਹਿਤ ਪ੍ਰਭੂ ਵਿਚ। ਗਉਨੁ = ਗਵਨੁ, ਗਮਨ, ਚਾਲ, ਜਗਤ ਦੀ ਚਾਲ, ਜਗਤ ਦੀ ਹੋਂਦ। ਗਗਨੁ = ਅਕਾਸ਼। ਵਿਡਾਣੀ = ਅਸਚਰਜ।

ਅਰਥ: (ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ। ਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ। ਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ; ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ। ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।

ਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ। 67।

TOP OF PAGE

Sri Guru Granth Darpan, by Professor Sahib Singh