ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 767 ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥ {ਪੰਨਾ 767} ਪਦਅਰਥ: ਅੰਧਾ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ। ਥੀਐ = ਬਣ ਜਾਏ। ਪਾਧਰੁ = ਸਿੱਧਾ ਰਸਤਾ। ਮੁਸੈ = ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਮਤਿ ਹੋਛਿਐ = ਹੋਛੀ ਅਕਲ ਦੇ ਕਾਰਨ। ਰਾਹਿ = (ਸਹੀ) ਰਸਤੇ ਉਤੇ। ਮਹਲ = ਪਰਮਾਤਮਾ ਦਾ ਟਿਕਾਣਾ। ਅੰਧਲੀ = ਅੰਨ੍ਹੀ। ਅੰਧ = ਅੰਨ੍ਹਾ ਮਨੁੱਖ। ਧੰਧਲੀ = ਮਾਇਆ ਦੀ ਦੌੜ = ਭੱਜ ਵਿਚ। ਮਨਿ = ਮਨ ਵਿਚ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਕਰਿ = ਕਰ, ਕਰਦਾ ਹੈ। ਰਾਹੁ ਪਾਧਰੁ = ਪੱਧਰਾ ਰਸਤਾ, ਸਿੱਧਾ ਰਾਹ।੬। ਅਰਥ: ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ। ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ।੬। ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥ ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥ {ਪੰਨਾ 767} ਪਦਅਰਥ: ਪਰਦੇਸੀ = ਆਪਣੇ ਦੇਸ ਤੋਂ ਵਿਛੁੜਿਆ ਹੋਇਆ, ਪ੍ਰਭੂ = ਚਰਨਾਂ ਤੋਂ ਵਿਛੁੜਿਆ ਹੋਇਆ। ਪਰਾਇਆ = ਬਿਗਾਨਾ, ਓਪਰਾ। ਖੋਲ੍ਹ੍ਹਉ = ਮੈਂ ਖੋਹਲਾਂ। ਪਹਿ = ਪਾਸ, ਕੋਲ। ਗੰਠੜੀ = ਦੁੱਖਾਂ ਦੀ ਗੰਢ। ਦੂਖੀ = ਦੁੱਖਾਂ ਨਾਲ। ਸਬਾਇਆ = ਸਾਰਾ। ਬਿਧਿ = ਹਾਲਤ, ਦਸ਼ਾ। ਆਵਣੇ ਜਾਵਣੇ = ਜਨਮ ਮਰਨ ਦੇ ਗੇੜ। ਖਰੇ = ਬਹੁਤ। ਫੇਰਿਆ = ਜਨਮ ਮਰਨ ਦੀਆਂ ਫੇਰੀਆਂ। ਊਣੇ = ਖ਼ਾਲੀ। ਝੂਣੇ = ਉਦਾਸ। ਊਣੇ ਝੂਣੇ = ਨਿਮੋ = ਝੂਣੇ। ਗੁਰਿ = ਗੁਰੂ ਨੇ।੭। ਅਰਥ: ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ) , ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ। (ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ। ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ।੭। ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥ ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥ ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥ {ਪੰਨਾ 767} ਪਦਅਰਥ: ਮਹਲੁ = ਟਿਕਾਣਾ। ਮਹਲੀ = ਟਿਕਾਣੇ ਵਾਲਾ। ਗੁਰ ਮਹਲੀ = ਉੱਚੇ ਟਿਕਾਣੇ ਦਾ ਮਾਲਕ = ਪ੍ਰਭੂ। ਘਰਿ ਆਪਣੈ = (ਜਿਸ ਮਨੁੱਖ ਦੀ) ਆਪਣੇ ਹਿਰਦੇ = ਘਰ ਵਿਚ। ਸੋ = ਉਹ ਮਨੁੱਖ। ਭਰਪੁਰਿ = ਭਰਪੂਰ ਵਿਚ, ਸਰਬ = ਵਿਆਪਕ ਪ੍ਰਭੂ ਵਿਚ। ਤਾਂ = ਤਦੋਂ। ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਪਤੀਣਾ = ਗਿੱਝ ਜਾਂਦਾ ਹੈ, ਮਗਨ ਰਹਿੰਦਾ ਹੈ। ਅੰਕੁ = ਹਿਰਦਾ। ਸੁ ਮਹਲੁ = (ਪ੍ਰਭੂ ਦਾ) ਉਹ ਟਿਕਾਣਾ। ਮਹਲਾ ਅੰਤਰੇ = ਹਰੇਕ ਸਰੀਰ ਵਿਚ। ਅੰਤਿ = ਅੰਤਰਿ, ਅੰਦਰ, ਹਰੇਕ ਦੇ ਅੰਦਰ। ਨਿਰੰਤਰੇ = ਨਿਰੰਤਰਿ {ਨਿਰ = ਅੰਤਰ। ਅੰਤਰ = ਵਿੱਥ} ਬਿਨਾ ਵਿੱਥ, ਇਕ-ਰਸ। ਸੁਹੇਲਾ = ਸੁਖੀ। ਬੀਣਾ = ਬੰਸਰੀ। ਅਨਹਦ = {अन = हत ਬਿਨਾ ਵਜਾਏ} ਇਕ-ਰਸ, ਸਦਾ ਹੀ।੮। ਅਰਥ: ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ। ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ, (ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ। ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ।੮। ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥ ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥ {ਪੰਨਾ 767} ਪਦਅਰਥ: ਕੀਤਾ = ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜੀਵ। ਕਿਆ ਸਾਲਾਹੀਐ = ਸਿਫ਼ਤਾਂ ਕਰਨ ਦਾ ਕੀਹ ਲਾਭ? ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸੋਈ = ਉਹ ਪ੍ਰਭੂ ਹੀ। ਤਾ ਕੀ = ਉਸ (ਪਰਮਾਤਮਾ) ਦੀ। ਨ ਭੁਲਏ = ਨ ਭੁਲੈ, ਭੁੱਲ ਨਹੀਂ ਕਰਦਾ। ਕਰਹਿ = (ਜੀਵ) ਕਰਦੇ ਹਨ। ਤੁਧੁ = ਤੈਨੂੰ। ਸਬਦਿ ਅਮੁਲਏ = ਅਮੁਲੈ ਸਬਦਿ, ਅਮੋਲਕ ਸ਼ਬਦ ਦੀ ਰਾਹੀਂ। ਹੀਣਉ = ਹੀਣਾ, ਤੁੱਛ। ਕਰਉ = ਮੈਂ ਕਰਦਾ ਹਾਂ। ਸਾਚੁ = ਸਦਾ-ਥਿਰ ਪ੍ਰਭੂ। ਭਾਈ = ਹੇ ਭਾਈ! ਜਿਨਿ = ਜਿਸ ਪਰਮਾਤਮਾ ਨੇ। ਸਾਈ = ਸੋਈ, ਉਹੀ।੯। ਅਰਥ: ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ। (ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) । ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ। ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ। (ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਨਾਨਕ! ਆਖ-) ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ। (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ) , ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ।੯।੨।੫। ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਪੰਨਾ 767} ਪਦਅਰਥ: ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਵਾਰੇ = ਦੂਰ ਕਰਦਾ ਹੈ। ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ। ਜਾਪਹੁ = ਜਪਿਆ ਕਰੋ। ਨਾਨਕੁ ਕਹੈ– ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ!।੧। ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧। ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ ਧਿਆਏ ॥ ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ {ਪੰਨਾ 767-768} ਪਦਅਰਥ: ਭੀਨੇ = ਭਿੱਜ ਜਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਧਿਆਏ = ਧਿਆਇ, ਸਿਮਰ ਕੇ। ਧੁਰਿ = ਧੁਰ ਦਰਗਾਹ ਤੋਂ। ਤਿਨ੍ਹ੍ਹ = ਉਹਨਾਂ ਨੂੰ। ਤਿਨ ਭਉ = ਉਹਨਾਂ ਦਾ ਡਰ। ਅੰਦਰਹੁ = ਹਿਰਦੇ ਵਿਚੋਂ। ਦੁਰਮਤਿ ਦੂਜੀ = ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ। ਖੋਈ = ਦੂਰ ਕਰ ਲਈ। ਲਿਵ = ਲਗਨ। ਮੇਰੈ ਸੁਆਮੀ = ਮੇਰੇ ਮਾਲਕ ਨੇ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ।੨। ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ। ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ। ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।੨। |
![]() |
![]() |
![]() |
![]() |
Sri Guru Granth Darpan, by Professor Sahib Singh |