ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 683

ਧਨਾਸਰੀ ਮਃ ੫ ॥ ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥ ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥ ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥ {ਪੰਨਾ 683}

ਪਦਅਰਥ: ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾਰ = ਸੰਭਾਲ। ਟਿਕਨੁ ਨ ਪਾਵਨਿ = (ਸੇਵਕ ਦੇ ਟਾਕਰੇ ਤੇ) ਟਿਕਾਉ ਹਾਸਲ ਨਹੀਂ ਕਰ ਸਕਦੇ, ਅੜ ਨਹੀਂ ਸਕਦੇ। ਮੂਲੇ = ਉੱਕਾ ਹੀ। ਬੇਕਾਰ = ਨਕਾਰਾ (ਹੋ ਕੇ) ੧।ਰਹਾਉ।

ਜਹ ਜਹ = ਜਿੱਥੇ ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਪਹੁਚਨਹਾਰ = ਬਰਾਬਰੀ ਕਰ ਸਕਣ ਜੋਗਾ। ਜੋ ਜੋ = ਜੇਹੜਾ ਜੇਹੜਾ ਮਨੁੱਖ। ਅਵਗਿਆ = ਨਿਰਾਦਰੀ। ਤਤ = ਤੁਰਤ। ਛਾਰ = ਸੁਆਹ।੧।

ਜਾ ਕਾ = ਜਿਸ (ਕਰਨਹਾਰ ਪ੍ਰਭੂ) ਦਾ। ਪ੍ਰਭਿ = ਪ੍ਰਭੂ ਨੇ। ਮਾਰਿ = ਮਾਰ ਕੇ, ਆਤਮਕ ਮੌਤੇ ਮਾਰ ਕੇ।੨।

ਅਰਥ: ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ। (ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ।੧।ਰਹਾਉ।

ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ, ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ।੧।

ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ। ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ।੨।੨੧।੫੨।

ਧਨਾਸਰੀ ਮਹਲਾ ੫ ਘਰੁ ੯ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ {ਪੰਨਾ 683}

ਪਦਅਰਥ: ਹਰਿ = ਹੇ ਹਰੀ! ਗੋਬਿੰਦ = ਹੇ ਗੋਬਿੰਦ! ਦੁਖ ਭੰਜਨਾ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਕਉ = ਨੂੰ। ਦ੍ਰਿਸਟਿ = ਨਜ਼ਰ। ਪ੍ਰਭ = ਹੇ ਪ੍ਰਭੂ। ਕਰਿ = ਕਰ ਕੇ। ਤਾਰਹੁ = ਪਾਰ ਲੰਘਾ ਲੈ। ਭੁਜਾ = ਬਾਂਹ। ਗਹਿ = ਫੜ ਕੇ। ਕੂਪ ਤੇ = ਖੂਹ ਵਿਚੋਂ।ਰਹਾਉ।

ਕਰਿ = ਦੇ ਕਾਰਨ। ਅੰਧ = {ਬਹੁ-ਵਚਨ} ਅੰਨ੍ਹੇ ਹੋਏ ਹੋਏ। ਬੰਧ = ਬੰਧਨਾਂ ਵਿਚ। ਦੋਖਾ = ਪਾਪ। ਤਨਿ = ਸਰੀਰ ਵਿਚ। ਛਾਇ = ਛਾਏ ਹੋਏ। ਪੂਰੇ = ਪੂਰੀ ਤਰ੍ਹਾਂ। ਆਨ = {अन्य} ਕੋਈ ਹੋਰ। ਸਰਨਿ ਸੂਰੇ = ਹੇ ਸ਼ਰਨ ਦੇ ਸੂਰਮੇ! ਹੇ ਸ਼ਰਨ ਆਇਆਂ ਦੀ ਸਹਾਇਤਾ ਕਰ ਸਕਣ ਵਾਲੇ।੧।

ਪਤਿਤ ਉਧਾਰਣਾ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਬੇਦ ਉਚਾਰ = ਵੇਦਾਂ ਦਾ ਪਾਠ ਕਰਨ ਵਾਲਿਆਂ ਨੇ। ਗੁਣਹ ਸਾਗਰਾ = ਹੇ ਗੁਣਾਂ ਦੇ ਸਮੁੰਦਰ! ਰਤਨਾਗਰਾ = ਹੇ ਰਤਨਾਂ ਦੀ ਖਾਣ! ਵਛਲੁ = ਪਿਆਰ ਕਰਨ ਵਾਲਾ {वत्सल}ਨਾਨਕ = ਹੇ ਨਾਨਕ!੨।

ਅਰਥ: ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼। ਹੇ ਪ੍ਰਭੂ! ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ।ਰਹਾਉ।

ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ।੧।

ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ। ਹੇ ਨਾਨਕ! ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ।੨।੧।੫੩।

ਧਨਾਸਰੀ ਮਹਲਾ ੫ ॥ ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥ {ਪੰਨਾ 683}

ਪਦਅਰਥ: ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਨਿਤ = ਸਦਾ ਹੀ। ਸਿਮਰਨੋ = ਸਿਮਰਨੁ। ਲੀਜੈ = ਲੈਣਾ ਚਾਹੀਦਾ ਹੈ। ਮਿਟਹਿ = ਮਿਟ ਜਾਂਦੇ ਹਨ। ਕਮਾਣੇ ਚਿਰਾਣੇ = ਚਿਰ ਦੇ ਕਮਾਏ ਹੋਏ। ਮਿਲਿ = ਮਿਲ ਕੇ। ਮੁਆ = ਆਤਮਕ ਮੌਤੇ ਮਰਿਆ ਹੋਇਆ। ਜੀਜੈ = ਜੀਊਂ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੧।ਰਹਾਉ।

ਬਿਸਰੰਤ = ਭੁਲਾ ਦੇਂਦੇ ਹਨ। ਮਹਾ = ਵੱਡਾ। ਏਹੁ = ਇਹ (ਬਚਨ) ਮਹਾਂਤ = ਵੱਡੀ ਆਤਮਾ ਵਾਲੇ। ਕਹੈ– ਕਹੈਂ। ਪਿਆਸ = ਤਾਂਘ। ਰਮਣ = ਸਿਮਰਨ। ਕੀਰਤਨ = ਸਿਫ਼ਤਿ-ਸਾਲਾਹ। ਭਾਗਵੰਤੁ = ਕਿਸਮਤ ਵਾਲਾ ਮਨੁੱਖ। ਲਹੈ– ਪ੍ਰਾਪਤ ਕਰਦਾ ਹੈ।੧।

ਸਰਣਿ ਸਮਰਥ = ਹੇ ਸ਼ਰਨ ਆਏ ਦੀ ਸਹਾਇਤਾ ਕਰ ਸਕਣ ਵਾਲੇ! ਅਕਥ = ਹੇ ਐਸੇ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅਗੋਚਰਾ = ਹੇ ਅਗੋਚਰ! {ਅ = ਗੋ = ਚਰ। ਗੋ = ਗਿਆਨ = ਇੰਦ੍ਰੇ। ਚਰ = ਪਹੁੰਚ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਸਰਬਤ = {सर्वत्र} ਹਰ ਥਾਂ, ਸਭ ਥਾਈਂ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ (ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੧।ਰਹਾਉ।

ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ। ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।੧।

ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ। ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ।੨।੨।੫੮।

ਧਨਾਸਰੀ ਮਹਲਾ ੫ ਘਰੁ ੧੨    ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥ {ਪੰਨਾ 683-684}

ਪਦਅਰਥ: ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ।ਰਹਾਉ।

ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ। ਕੋਟਿ = ਕ੍ਰੋੜਾਂ। ਸੇਵਾ = ਭਗਤੀ।੪।

ਜਾ ਕਾ = ਜਿਸ (ਮਨੁੱਖ) ਦਾ। ਰਾਪੈ = ਰੰਗਿਆ ਜਾਂਦਾ ਹੈ। ਸੋਗ = ਚਿੰਤਾ। ਬਿਆਪੈ = ਜ਼ੋਰ ਪਾਂਦੀ।੨।

ਸਾਗਰੁ = ਸਮੁੰਦਰ। ਸਾਧੂ = ਗੁਰੂ। ਰੰਗੇ = ਰੰਗਿ, ਪ੍ਰੇਮ ਨਾਲ।੩।

ਪਰ ਧਨ = ਪਰਾਇਆ ਧਨ। ਦੋਖ = ਐਬ। ਫੇੜੇ = ਮੰਦੇ ਕਰਮ। ਜੰਦਾਰੁ = {ਜੰਦਾਲ} ਅਵੈੜਾ।੪।

ਪ੍ਰਭਿ = ਪ੍ਰਭੂ ਨੇ। ਉਧਰੇ = (ਵਿਕਾਰਾਂ ਤੋਂ) ਬਚ ਗਏ।੫।

ਅਰਥ: ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧।

ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ।੨।

ਹੇ ਭਾਈ! ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ। ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੩।

ਹੇ ਭਾਈ! ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ੪।

ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ।੫।੧।੫੫।

TOP OF PAGE

Sri Guru Granth Darpan, by Professor Sahib Singh