ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 664

ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥ {ਪੰਨਾ 664}

ਪਦਅਰਥ: ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ। ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ) ਜਾਣੁ = ਸਮਝ। ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ।੧।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ। ਭਾਗਿ = ਕਿਸਮਤ ਨਾਲ।ਰਹਾਉ।

ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ। ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ।੨।

ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ। ਹਰਖੁ = ਖ਼ੁਸ਼ੀ। ਸੋਗੁ = ਗ਼ਮ। ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ। ਤੇ = ਤੋਂ, ਪਾਸੋਂ।੩।

ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ। ਸਭ = ਸਾਰੀ। ਨਾਮਿ = ਨਾਮ ਵਿਚ (ਜੁੜ ਕੇ) ੪।

ਅਰਥ: ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ। ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ।੧।

ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ। ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ। ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ। ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ। (ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ।੪।੨।

ਧਨਾਸਰੀ ਮਹਲਾ ੩ ॥ ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ ਮੂਲਹੁ ਭੁਲਾ ਜਨਮੁ ਗਵਾਏ ॥੨॥ ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ ਸੇਵਾ ਸਾਚੀ ਨਾਮਿ ਸਮਾਣੀ ॥ ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ ਸਾਚ ਨਾਮਿ ਵਡਿਆਈ ਪਾਏ ॥੩॥ ਆਪੇ ਕਰਤਾ ਜੁਗਿ ਜੁਗਿ ਸੋਇ ॥ ਨਦਰਿ ਕਰੇ ਮੇਲਾਵਾ ਹੋਇ ॥ ਗੁਰਬਾਣੀ ਤੇ ਹਰਿ ਮੰਨਿ ਵਸਾਏ ॥ ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥ {ਪੰਨਾ 664}

ਪਦਅਰਥ: ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ। ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ। ਲਾਏ = ਲਾਇ, ਲਾ ਕੇ।੧।

ਤੇ = ਤੋਂ। ਪ੍ਰਗਾਸੁ = ਚਾਨਣ, ਸੂਝ।ਰਹਾਉ।

ਹਰਿ ਪਿਰ ਰੰਗੁ = ਪ੍ਰਭੂ = ਪਤੀ ਦਾ ਪ੍ਰੇਮ = ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ) ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ = ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।੨।

ਤੇ = ਤੋਂ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਮਿ = ਨਾਮ ਵਿਚ। ਸਬਦਿ = ਸ਼ਬਦ ਵਿਚ। ਨਾਮਿ = ਨਾਮ ਦੀ ਰਾਹੀਂ।੩।

ਆਪੇ = ਆਪ ਹੀ। ਜੁਗਿ ਜੁਗਿ = ਹਰੇਕ ਜੁਗ ਵਿਚ। ਮੇਲਾਵਾ = ਮਿਲਾਪ। ਮੰਨਿ = ਮਨਿ, ਮਨ ਵਿਚ। ਤੇ = ਦੀ ਰਾਹੀਂ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਪ੍ਰਭਿ = ਪ੍ਰਭੂ ਨੇ।੪।

ਅਰਥ: ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ, ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ, ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ।੧।

ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।੨।

ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ। (ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ।੩।

ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ, ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ।੪।੩।

ਧਨਾਸਰੀ ਮਹਲਾ ੩ ਤੀਜਾ ॥ ਜਗੁ ਮੈਲਾ ਮੈਲੋ ਹੋਇ ਜਾਇ ॥ ਆਵੈ ਜਾਇ ਦੂਜੈ ਲੋਭਾਇ ॥ ਦੂਜੈ ਭਾਇ ਸਭ ਪਰਜ ਵਿਗੋਈ ॥ ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥ ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥ ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥ ਗੁਰਮੁਖਿ ਉਬਰੇ ਹਰਿ ਸਰਣਾਈ ॥ ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥ ਭਗਤਿ ਕਰੇ ਜਨੁ ਵਡਿਆਈ ਪਾਏ ॥ ਸਾਚਿ ਰਤੇ ਸੁਖ ਸਹਜਿ ਸਮਾਏ ॥੨॥ ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥ ਗੁਰ ਕੈ ਸਬਦਿ ਆਪੁ ਪਛਾਣੁ ॥ ਸਾਚੀ ਰਾਸਿ ਸਾਚਾ ਵਾਪਾਰੁ ॥ ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥ ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥ ਊਤਮ ਬਾਣੀ ਸਬਦੁ ਸੁਣਾਏ ॥ ਪ੍ਰਭ ਸਾਚੇ ਕੀ ਸਾਚੀ ਕਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੪॥ {ਪੰਨਾ 664}

ਨੋਟ: ਲਫ਼ਜ਼ 'ਮਹਲਾ' ਦੇ ਨਾਲ ਵਰਤੇ ਅੰਕ ੧, ੨, ੩, ੪, ੫, ੯ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।

ਪਦਅਰਥ: ਮੈਲੋ = ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ = ਹੁੰਦਾ ਜਾਂਦਾ ਹੈ। ਆਵੈ ਜਾਇ = ਜੰਮਦਾ ਹੈ ਮਰਦਾ ਹੈ। ਦੂਜੈ = ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ = ਲੋਭ ਕਰ ਕੇ, ਫਸ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਪਰਜ = ਪਰਜਾ, ਲੁਕਾਈ। ਵਿਗੋਈ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।੧।

ਤੇ = ਤੋਂ, ਦੀ ਰਾਹੀਂ। ਜਨੁ = ਸੇਵਕ। ਪਤਿ = ਇੱਜ਼ਤ।ਰਹਾਉ।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਉਬਰੇ = ਬਚ ਗਏ। ਨਾਮਿ = ਨਾਮ ਵਿਚ। ਰਾਤੇ = ਮਗਨ। ਦ੍ਰਿੜਾਈ = ਹਿਰਦੇ ਵਿਚ ਪੱਕੀ ਟਿਕਾ ਲਈ। ਸਾਚੀ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ।੨।

ਗਾਹਕੁ = ਮਿਲਣ ਦਾ ਚਾਹਵਾਨ। ਜਾਣੁ = ਸਮਝੋ। ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੁ = ਪਛਾਣੂ, ਪਛਾਣਨ ਵਾਲਾ। ਰਾਸਿ = ਸਰਮਾਇਆ। ਧੰਨੁ = ਭਾਗਾਂ ਵਾਲਾ। ਜਿਸੁ ਪਿਆਰੁ = ਜਿਸ ਦਾ ਪਿਆਰ।੩।

ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈਆਂ ਨੂੰ। ਸਚਿ = ਸਦਾ-ਥਿਰ ਨਾਮ ਵਿਚ। ਊਤਮ = ਸ੍ਰੇਸ਼ਟ (ਜੀਵਨ ਵਾਲੇ) ਸਾਚੀ ਕਾਰ = ਅਟੱਲ ਮਰਯਾਦਾ। ਸਵਾਰਣਹਾਰ = ਜੀਵਨ ਸੋਹਣਾ ਬਣਾ ਸਕਣ ਵਾਲਾ।੪।

ਅਰਥ: ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ।ਰਹਾਉ।

ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ।੧।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ, ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।੨।

(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ। (ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ। ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ) , ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ। ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ।੩।

ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ। ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ ਅਟੱਲ ਮਰਯਾਦਾ ਹੈ ਕਿ ਉਹ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾ ਦੇਣ ਵਾਲਾ ਹੈ।੪।੪।

TOP OF PAGE

Sri Guru Granth Darpan, by Professor Sahib Singh