ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 600

ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ {ਪੰਨਾ 600}

ਪਦਅਰਥ: ਕਉ = ਨੂੰ। ਸਚੁ = ਸਦਾ ਕਾਇਮ ਰਹਿਣ ਵਾਲਾ। ਅਖੁਟੁ = ਨਾਹ ਮੁੱਕਣ ਵਾਲਾ। ਕਿਨੈ = ਕਿਸੇ ਪਾਸੋਂ ਭੀ। ਧਨਿ = ਧਨ ਨਾਲ।੧।

ਸਬਦੀ = ਸ਼ਬਦ ਦੀ ਰਾਹੀਂ। ਸਜਾਇ = ਦੰਡ।ਰਹਾਉ।

ਦੇਹੀ = ਸਰੀਰ। ਵਸਹਿ = ਵੱਸਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਗੁਬਾਰਾ = ਹਨੇਰਾ।੨।

ਵਿਗੁਤੇ = ਖ਼ੁਆਰ ਹੁੰਦੇ ਹਨ। ਕਿਹੁ = ਕੁਝ ਭੀ। ਸਮਾਲਿ = ਸਾਂਭ ਕੇ। ਗੁਰਮੁਖਿ = ਗੁਰੂ ਦੇ ਸਨਮੁਖ। ਨਿਹਾਲਿ = ਪ੍ਰਸੰਨ, ਸੁਖੀ।੪।

ਗਿਆਨੁ = ਆਤਮਕ ਜੀਵਨ ਦੀ ਸੂਝ। ਘਟਿ = ਹਿਰਦੇ ਵਿਚ। ਅਮਰੁ = ਹੁਕਮ। ਸਿਰਿ = ਸਿਰ ਉਤੇ। ਅਨਦਿਨੁ = ਹਰ ਰੋਜ਼। ਸਚੁ = ਸਦਾ ਕਾਇਮ ਰਹਿਣ ਵਾਲਾ। ਲਾਹਾ = ਲਾਭ। ਨਾਮਿ = ਨਾਮ ਦੀ ਰਾਹੀਂ। ਪਾਹਾ = ਪਾਸ, ਨੇੜੇ।੪।

ਅਰਥ: ਹੇ ਮੇਰੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ।ਰਹਾਉ।

(ਹੇ ਭਾਈ! ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ। ਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ) ਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।੧।

ਹੇ ਭਾਈ! ਇਸ ਸਰੀਰ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੋਰ ਵੱਸਦੇ ਹਨ, (ਇਹ ਮਨੁੱਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ) ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨਿ੍ਹਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ।੨।

'ਮੈਂ ਵੱਡਾ ਹਾਂ', 'ਇਹ ਧਨ ਪਦਾਰਥ ਮੇਰਾ ਹੈ'-ਇਹ ਆਖ ਆਖ ਕੇ (ਮਾਇਆ-ਵੇੜ੍ਹੇ ਮਨੁੱਖ) ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜਗਤ ਤੋਂ ਤੁਰਨ ਵੇਲੇ ਕੋਈ ਚੀਜ਼ ਭੀ ਕਿਸੇ ਦੇ ਨਾਲ ਨਹੀਂ ਤੁਰਦੀ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ।੩।

ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਬਖ਼ਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ (ਦੁਨੀਆ ਦੇ) ਬਾਦਸ਼ਾਹਾਂ ਦੇ ਸਿਰ ਉਤੇ (ਭੀ) ਚੱਲਦਾ ਹੈ, ਉਹ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਹ ਹਰਿ-ਨਾਮ ਦਾ ਲਾਭ ਖੱਟਦੇ ਹਨ ਜੋ ਸਦਾ ਕਾਇਮ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਸੰਸਾਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ।੪।੨।

ਸੋਰਠਿ ਮਃ ੩ ॥ ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ ਹਰਿ ਜੀਉ ਸਾਚੀ ਨਦਰਿ ਤੁਮਾਰੀ ॥ ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ {ਪੰਨਾ 600}

ਪਦਅਰਥ: ਦਾਸਨਿ ਦਾਸੁ = ਦਾਸਾਂ ਦਾ ਦਾਸ, ਬਹੁਤ ਹੀ ਗਰੀਬੀ ਸੁਭਾਉ ਵਾਲਾ। ਆਪੁ = ਆਪਾ = ਭਾਵ। ਗਵਾਈ = ਗਵਾਇ, ਦੂਰ ਕਰ ਕੇ। ਹਰਿ ਅਨੰਦੁ = ਹਰੀ (ਦੇ ਮਿਲਾਪ) ਦਾ ਆਨੰਦ। ਕਾਰਜੁ = ਮੁਖ ਕੰਮ। ਗਾਈ = ਗਾਇ, ਗਾ ਕੇ। ਇਕ ਰੰਗੀ = ਇਕ-ਰਸ।੧।

ਸਾਚੀ = ਸਦਾ ਕਾਇਮ ਰਹਿਣ ਵਾਲੀ। ਪੈਜ = ਲਾਜ।ਰਹਾਉ।

ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ। ਹਉ = ਮੈਂ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਰਹਾਂ। ਸੁਆਲਿਉ = ਸੋਹਣਾ, ਸੁੰਦਰਤਾ ਦਾ ਘਰ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਸੁਚੇਤ।੨।

ਗੰਭੀਰੁ = ਵੱਡੇ ਜਿਗਰੇ ਵਾਲਾ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਅਚਿੰਤੁ = ਜਿਸ ਨੂੰ ਕੋਈ ਚਿੰਤਾ ਨਹੀਂ ਪੋਹ ਸਕਦੀ। ਮੰਨਿ = ਮਨਿ, ਮਨ ਵਿਚ। ਅੰਤਰਿ = ਹਿਰਦੇ ਵਿਚ।੩।

ਮਾਰਗੁ ਪੰਥੁ = ਰਸਤਾ। ਕੋ = ਕੋਈ ਵਿਰਲਾ। ਕੈ ਰੰਗਿ = ਦੇ ਪ੍ਰੇਮ = ਰੰਗ ਵਿਚ। ਮਾਤਾ = ਮਸਤ। ਨਾਮਿ = ਨਾਮ ਵਿਚ। ਸਵਾਰਣਹਾਰਾ = ਸਵਾਰਣ = ਜੋਗ।੪।

ਅਰਥ: ਹੇ ਪ੍ਰਭ ਜੀ! ਤੇਰੀ ਮੇਹਰ ਦੀ ਨਿਗਾਹ (ਆਪਣੇ ਸੇਵਕਾਂ ਉਤੇ) ਸਦਾ ਟਿਕੀ ਰਹਿੰਦੀ ਹੈ। ਹੇ ਪਿਆਰੇ! ਤੂੰ ਆਪਣੇ ਦਾਸਾਂ ਉਤੇ ਕਿਰਪਾ ਕਰਦਾ ਰਹਿੰਦਾ ਹੈਂ। ਮੇਰੀ ਭੀ ਇੱਜ਼ਤ ਰੱਖ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਬਹੁਤ ਗਰੀਬੀ ਸੁਭਾਵ ਵਾਲਾ ਬਣਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਪਰਮਾਤਮਾ ਦੇ ਭਗਤਾਂ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਉਹ (ਆਪਾ-ਭਾਵ ਗਵਾ ਕੇ) ਹਰ ਵੇਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦੇ ਹਨ। ਭਗਤ ਜਨ ਗੁਰੂ ਦੇ ਸ਼ਬਦ ਵਿਚ ਸਦਾ ਇਕ-ਰਸ ਰੰਗੇ ਰਹਿ ਕੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ।੧।

(ਹੇ ਪ੍ਰਭੂ! ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇ, ਸਦਾ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ। ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ ਉਸ ਦਾ ਡਰ ਦੂਰ ਹੋ ਜਾਂਦਾ ਹੈ। (ਹੇ ਭਾਈ!) ਮੇਰਾ ਪ੍ਰਭੂ ਸੋਹਣਾ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਚਿੱਤ (ਉਸ ਸੋਹਣੇ ਪ੍ਰਭੂ ਵਿਚ) ਮਗਨ ਰਹਿੰਦਾ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ, ਸਿਫ਼ਤਿ-ਸਾਲਾਹ ਦੀ ਬਾਣੀ (ਵੱਸਦੀ ਹੈ) ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਵਿਚ) ਸੁਚੇਤ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਵੱਡੇ ਡੂੰਘੇ ਜਿਗਰੇ ਵਾਲਾ ਹੈ, ਸਦਾ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜੇਹੜਾ ਮਨੁੱਖ ਪੂਰੇ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਸੁਖ ਹੀ ਸੁਖ ਹੈ, ਉਹ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ।੩।

ਹੇ ਭਾਈ! ਪਰਮਾਤਮਾ ਦੇ ਮਿਲਾਪ ਦਾ ਰਸਤਾ ਬੜਾ ਕਠਨ ਹੈ, ਕੋਈ ਉਹ ਵਿਰਲਾ ਮਨੁੱਖ ਉਹ ਰਸਤਾ ਲੱਭਦਾ ਹੈ ਜੇਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਦੂਰ ਕਰ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਦੇ ਨਾਮ ਵਿਚ ਇਕ-ਰਸ ਰੱਤਾ ਰਹਿੰਦਾ ਹੈ, ਜੋ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸਵਾਰ ਦੇਂਦਾ ਹੈ।੪।੩।

TOP OF PAGE

Sri Guru Granth Darpan, by Professor Sahib Singh