ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1, The Meaning and Structure of Japji Sahib

ੴ ਸਤਿਗੁਰ ਪ੍ਰਸਾਦਿ ॥

ਜਪੁ ਜੀ ਦਾ ਭਾਵ

ਪਉੜੀ-ਵਾਰ ਭਾਵ-

(ੳ) 1 ਤੋਂ 3-

"ਕੂੜ" (ਮਾਇਆ) ਦੇ ਕਾਰਨ ਜੀਵ ਦੀ ਜੋ ਵਿੱਥ ਪਰਮਾਤਮਾ ਨਾਲੋਂ ਪੈ ਰਹੀ ਹੈ ਉਹ ਪਰਮਾਤਮਾ ਦੇ 'ਹੁਕਮ' ਵਿਚ ਤੁਰਿਆਂ ਹੀ ਮਿਟ ਸਕਦੀ ਹੈ। ਜਦ ਤੋਂ ਜਗਤ ਬਣਿਆ ਹੈ ਤਦ ਤੋਂ ਹੀ ਇਹ ਅਸੂਲ ਚਲਿਆ ਆ ਰਿਹਾ ਹੈ।1।

ਪ੍ਰਭੂ ਦਾ 'ਹੁਕਮ' ਇਕ ਐਸੀ ਸੱਤਿਆ ਹੈ, ਜਿਸ ਦੇ ਅਧੀਨ ਸਾਰਾ ਹੀ ਜਗਤ ਹੈ। ਉਸ ਹੁਕਮ-ਸੱਤਿਆ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ, ਪਰ ਜੋ ਮਨੁੱਖ ਉਸ ਹੁਕਮ ਵਿਚ ਤੁਰਨਾ ਸਿੱਖ ਲੈਂਦਾ ਹੈ, ਉਸ ਦਾ ਆਪਾ-ਭਾਵ ਮਿਟ ਜਾਂਦਾ ਹੈ।2।

ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ-ਸੱਤਿਆ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਕ੍ਰੋੜਾਂ ਨੇ ਹੀ ਜਤਨ ਕੀਤਾ ਹੈ, ਪਰ ਕਿਸੇ ਪਾਸੋਂ ਅੰਦਾਜ਼ਾ ਨਹੀਂ ਲੱਗ ਸਕਿਆ। ਬੇਅੰਤ ਦਾਤਾਂ ਉਸ ਦੇ ਹੁਕਮ ਵਿਚ ਬੇਅੰਤ ਜੀਵਾਂ ਨੂੰ ਮਿਲ ਰਹੀਆਂ ਹਨ। ਪ੍ਰਭੂ ਦੀ ਹੁਕਮ-ਸੱਤਿਆ ਐਸੀ ਖ਼ੂਬੀ ਨਾਲ ਜਗਤ ਦਾ ਪਰਬੰਧ ਕਰ ਰਹੀ ਹੈ ਕਿ ਬੇਅੰਤ ਖਲਜਗਣ ਹੁੰਦਿਆਂ ਭੀ ਉਸ ਪ੍ਰਭੂ ਨੂੰ ਕੋਈ ਅਕੇਵਾਂ ਜਾਂ ਖਿੱਝ ਨਹੀਂ ਹੈ।3।

(ਅ) 4 ਤੋਂ 7-

ਦਾਨ ਪੁੰਨ ਕਰਨ ਵਾਲੇ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ, ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪਰਮਾਤਮਾ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ 'ਪ੍ਰੇਮ'। ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜਦਾ ਹੈ ਉਸ ਨੂੰ 'ਪ੍ਰੇਮ ਪਟੋਲਾ' ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲੱਗ ਪੈਂਦਾ ਹੈ।4।

ਪ੍ਰੇਮ ਨੂੰ ਮਨ ਵਿਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਹਿਰਦੇ ਵਿਚ ਸਦਾ ਸੁਖ ਤੇ ਸ਼ਾਂਤੀ ਦਾ ਨਿਵਾਸ ਰਹਿੰਦਾ ਹੈ। ਪਰ ਇਹ ਯਾਦ, ਇਹ ਬੰਦਗੀ, ਗੁਰੂ ਪਾਸੋਂ ਮਿਲਦੀ ਹੈ, ਗੁਰੂ ਹੀ ਇਹ ਦ੍ਰਿੜ੍ਹ ਕਰਾਂਦਾ ਹੈ ਕਿ ਪ੍ਰਭੂ ਹਰ ਥਾਂ ਵੱਸ ਰਿਹਾ ਹੈ, ਗੁਰੂ ਦੀ ਰਾਹੀਂ ਹੀ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਹੁੰਦੀ ਹੈ। ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤਿ ਮੰਗੀਏ।5।

ਤੀਰਥਾਂ ਦਾ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ 'ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ। ਬੱਸ! ਉਸ ਮਨੁੱਖ ਦੀ ਮਤ ਵਿਚ ਉੱਚਾ ਹੁਲਾਰਾ ਆਉਂਦਾ ਹੈ।6।

ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ-ਆਦਰ ਬਣ ਜਾਏ, ਪਰ ਜੇ ਉਹ ਬੰਦਗੀ ਦੇ ਗੁਣ ਤੋਂ ਸੱਖਣਾ ਹੈ ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ। ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ। ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ।7।

(ੲ) 8 ਤੋਂ 11:

ਸੋ, ਪ੍ਰਭੂ ਦੀ ਯਾਦ ਵਿਚ ਚਿੱਤ ਜੋੜਨਾ ਹੈ। ਜਿਨ੍ਹਾਂ ਨੇ ਜੋੜਿਆ ਹੈ ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ। ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਣ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉੱਤੇ ਜਾ ਅੱਪੜਦੇ ਹਨ, ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ ਤੇ ਧਰਤੀ-ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।8।

ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ, ਜੋ ਮਨੁੱਖ ਪਹਿਲਾਂ ਵਿਕਾਰੀ ਸੀ ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾ ਲੈਂਦਾ ਹੈ। ਇਸੇ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ। ਨਾਮ ਵਿਚ ਸੁਰਤ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ।9।

ਨਾਮ ਵਿਚ ਸੁਰਤਿ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ; ਮਨ ਸਹਿਜ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।10।

ਜਿਉਂ ਜਿਉਂ ਸੁਰਤਿ ਨਾਮ ਵਿਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿਚ ਚੁੱਭੀ ਲਾਂਦਾ ਹੈ। ਸੰਸਾਰ ਇਕ ਅਥਾਹ ਸਮੁੰਦਰ ਹੈ, ਜਿਥੇ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ; ਪਰ ਨਾਮ ਵਿਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ।11।

(ਸ) 12 ਤੋਂ 15-

ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤਿ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।

ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾ ਕੋਈ ਬਿਆਨ ਕਰ ਸਕਦਾ ਹੈ ਨਾ ਲਿਖ ਸਕਦਾ ਹੈ।12।

ਪ੍ਰਭੂ ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13।

ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ-ਰੂਪ 'ਧਰਮ' ਨਾਲ ਉਸ ਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸ ਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ, ਹੋਰ ਲਾਂਭ ਦੀਆਂ ਪਗ-ਡੰਡੀਆਂ ਉਸ ਨੂੰ ਕੁਰਾਹੇ ਨਹੀਂ ਪਾ ਸਕਦੀਆਂ।14।

ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ; ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ-ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ, ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।

(ਹ) 16 ਤੋਂ 19-

ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ 'ਨਾਮ' ਵਿਚ ਸੁਰਤਿ ਜੋੜੀ ਹੈ ਤੇ ਜਿਨ੍ਹਾਂ ਪ੍ਰਭੂ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ 'ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਹੀ ਉਹਨਾਂ ਨੂੰ ਭਾਉਂਦਾ ਹੈ। ਇਹ ਨਾਮ-ਸਿਮਰਨ ਦਾ 'ਧਰਮ' ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਉਂਦੇ ਹਨ।

ਪਰ ਇਸ ਬੰਦਗੀ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿਚ ਜਾਉਗੇ ਇਹ ਸ੍ਰਿਸ਼ਟੀ ਹੋਰ ਬੇਅੰਤ, ਹੋਰ ਬੇਅੰਤ ਜਾਪੇਗੀ। ਅਸਲ ਵਿਚ ਇਸ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁਕਿਆ ਹੋਇਆ ਹੈ। ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ।16।

ਨਹੀਂ ਤਾਂ, ਜਗਤ ਵਿਚ ਜੇ ਤੁਸੀਂ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੋ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ-ਸਮਾਧੀ ਆਦਿਕ ਭਲੇ ਕੰਮ ਕਰਦੇ ਚਲੇ ਆ ਰਹੇ ਹਨ ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ।17।

ਦੂਜੇ ਪਾਸੇ, ਜੇ ਤੁਸੀ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹਿਸਾਬ ਲਾਣ ਲੱਗੋ ਤਾਂ ਏਧਰ ਭੀ ਕੋਈ ਲੇਖਾ ਹੀ ਨਹੀਂ, ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।18।

ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ 'ਬੋਲੀ' ਵਿਚ ਕੋਈ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ।

'ਬੋਲੀ' ਭੀ ਪ੍ਰਭੂ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤ, ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਮੌਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ? 19।

(ਕ) 20 ਤੋਂ 27-

ਮਾਇਆ ਦੇ ਪ੍ਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੇਲ ਇਸ ਨੂੰ ਸ਼ੁੱਧ-ਸਰੂਪ ਪਰਮਾਤਮਾ ਤੋਂ ਵਿਛੋੜੀ ਰੱਖਦੀ ਹੈ ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਇਹ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ; ਪ੍ਰਭੂ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ) । 20।

ਜਿਸ ਮਨੁੱਖ ਨੇ ਨਾਮ ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ।

ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾ ਪੰਡਿਤ, ਨਾ ਕਾਜ਼ੀ, ਨਾ ਜੋਗੀ, ਕੋਈ ਭੀ ਇਹ ਭੇਦ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ, ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ। 21।

ਪ੍ਰਭੂ ਦੀ ਕੁਦਰਤ ਦਾ ਹਿਸਾਬ ਕਰਨ ਲੱਗਿਆਂ 'ਹਜ਼ਾਰਾਂ' ਜਾਂ 'ਲੱਖਾਂ' ਦੇ ਹਿੰਦਸੇ ਭੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲੱਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। 22।

ਸੋ, ਬੰਦਗੀ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ ਬੰਦਗੀ ਦਾ ਕੋਈ ਲਾਭ ਨਹੀਂ। ਬੰਦਗੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ ਪਾਤਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, 'ਨਾਮ' ਦੇ ਸਾਹਮਣੇ ਬੇਅੰਤ ਧਨ ਭੀ ਉਸ ਨੂੰ ਤੁੱਛ ਜਾਪਦਾ ਹੈ। 23।

ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਇਹ ਆਖੀਏ ਕਿ ਉਹ ਵੱਡਾ ਹੈ ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਤੇ ਇਸ ਵਾਸਤੇ ਨਾ ਕੋਈ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ। 24।

ਪ੍ਰਭੂ ਦੀ ਵਡਿਆਈ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ ਇਹ ਸਭ ਉਸ ਪ੍ਰਭੂ ਦੇ ਦਰ ਤੋਂ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋਂ ਬਿਨਾ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ।

ਜੀਵ ਦੀ ਮੂਰਖਤਾ ਵੇਖੋ, ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ ਕਲੇਸ਼ ਸਹੇੜ ਲੈਂਦਾ ਹੈ। ਪਰ ਇਹ ਦੁੱਖ ਕਲੇਸ਼ ਭੀ ਪ੍ਰਭੂ ਦੀ ਦਾਤ ਹੀ ਹੈ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ। 25।

ਜਗਤ ਵਿਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ। ਪਰ, ਨਾ ਅਜੇ ਤਕ ਕੋਈ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿਚ ਕਿਤਨੀਆਂ ਵਡਿਆਈਆਂ ਹਨ, ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਉਹ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ, ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ। ਉਸ ਮਨੁੱਖ ਨੂੰ ਹੋਛਾ ਜਾਣੋ ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ। 26।

ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਆਪ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜਿਸ ਦਾ ਪਰਤਾਪ ਭੀ ਸਦਾ ਟਿਕਿਆ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦੱਸਣ ਦਾ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ 'ਤੇ ਬੈਠ ਕੇ ਉਹ ਸਿਰਜਨ-ਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ ਇਕੋ ਗੱਲ ਫੱਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਨੂੰ ਕਰੀ ਜਾ ਰਹੇ ਹਨ। 27।

(ਖ) 28 ਤੋਂ 33-

ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਜੀਵਨ-ਮਨੋਰਥ ਹੈ। ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ।

ਜੋਗ-ਮਤ ਦੀ ਖਿੰਥਾ, ਮੁੰਦਰਾ, ਝੋਲੀ ਆਦਿਕ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟਾਣ ਜੋਗੇ ਹਨ। ਜਿਉਂ ਜਿਉਂ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਹੱਕ ਦੀ ਮਿਹਨਤ ਕਰਨ ਦੀ ਜਾਚ ਆਵੇਗੀ; ਮੋਤ ਸਿਰ 'ਤੇ ਚੇਤੇ ਰਹੇਗੀ ਤੇ ਵਿਕਾਰਾਂ ਵਲੋਂ ਬਚੇ ਰਹੋਗੇ; ਪ੍ਰਭੂ ਦੀ ਹਸਤੀ ਵਿਚ ਯਕੀਨ ਬਣੇਗਾ ਤੇ ਸਾਰੀ ਖ਼ਲਕਤ ਵਿਚ ਉਹ ਵੱਸਦਾ ਦਿੱਸੇਗਾ। 28।

ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇੱਕਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਤੁਰ ਪੈਂਦੇ ਹਨ; ਇਸ ਤਰ੍ਹਾਂ ਖ਼ਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ,ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ) । 29।

ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੀ ਹੁਕਮ-ਸੱਤਾ ਨਾਲ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। 30।

ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ ਫਿਰ ਭੀ ਉਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੇ ਮੁੱਕ ਨਹੀਂ ਸਕਦੇ; ਉਸ ਦੇ ਇਸ ਪ੍ਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ। 31।

("ਕੂੜ ਦੀ ਪਾਲਿ" ਵਿਚ ਘਿਰਿਆ ਜੀਵ ਦੁਨੀਆਂ ਦੇ ਚਿੰਤਾ-ਫ਼ਿਕਰ, ਦੁੱਖ, ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ ਅਸਥਾਨ, ਮਾਨੋ ਇਕ ਐਸਾ ਉੱਚਾ ਟਿਕਾਣਾ ਹੈ ਜਿੱਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ) । ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ 'ਤੇ ਮਨੁੱਖ ਤਦੋਂ ਹੀ ਅਪੜ ਸਕਦਾ ਹੈ, ਜੇ 'ਸਿਮਰਨ' ਦੀ ਪਉੜੀ ਦਾ ਆਸਰਾ ਲਏ, 'ਤੂੰ ਤੂੰ ' ਕਰਦਾ ' ਤੂੰ ' ਵਿਚ ਆਪਾ ਲੀਨ ਕਰ ਦੇਵੇ। ਇਸ 'ਆਪਾ' ਵਾਰਨ ਤੋਂ ਬਿਨਾ ਇਹ 'ਯਾਦ' ਵਾਲਾ ਉੱਦਮ ਇਉਂ ਹੀ ਹੈ ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੌਕ ਪੈਦਾ ਹੋ ਜਾਏ, ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੋਵੇ। 32।

ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ,ਜਿਸ ਪ੍ਰਭੂ ਨੇ ਪੈਦਾ ਕੀਤੇ ਹਨ, ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ ਤੇ ਫਿਰ ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮੱਤਾ ਪਿਆ ਹੈ, ਇਹ ਭੀ ਰਜ਼ਾ ਪ੍ਰਭੂ ਦੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਤੇ ਜੀਵਨ-ਜੁਗਤ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। 33।

(ਗ) 34 ਤੋਂ 38

ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ, ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ 'ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ; ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਖੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ; ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ; ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਂਟਾ ਅਖਵਾਉਣਾ ਕਿਸੇ ਅਰਥ ਨਹੀਂ। 34।

ਮਨੁੱਖਾ ਜਨਮ ਦੇ 'ਧਰਮ' (ਫ਼ਰਜ਼) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜੀਵ ਬਹੁਤ ਤੰਗ-ਦਿਲ ਸੀ; ਹੁਣ ਇਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇਕ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ, ਬੇਅੰਤ ਧੂ੍ਰਅ ਭਗਤ, ਬੇਅੰਤ ਇੰਦਰ, ਬੇਅੰਤ ਚੰਦ੍ਰਮਾ, ਬੇਅੰਤ ਸੂਰਜ ਆਦਿਕ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸ ਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿਂਦੀ ਹੈ। 35।

ਹੁਣ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖ਼ਲਕਤ ਦੀ ਸੇਵਾ ਦੀ ਮਿਹਨਤ ਸਿਰ 'ਤੇ ਚੁੱਕਦਾ ਹੈ। ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਨਵੇਂ ਸਿਰੇ ਮਨ ਸੋਹਣਾ ਘੜਿਆ ਜਾਂਦਾ ਹੈ। ਮਨ ਵਿਚ ਇਕ ਨਵੀਂ ਜਾਗ੍ਰਤ ਆਉਂਦੀ ਹੈ, ਸੁਰਤ ਉੱਚੀ ਹੋਣ ਲੱਗ ਪੈਂਦੀ ਹੈ। 36।

ਇਸ ਆਤਮਕ ਅਵਸਥਾ ਵਿਚ ਅੱਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜੀ ਰਹਿੰਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦਾ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉੱਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। 37।

ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ, ਸੇਵਾ ਦੀ ਘਾਲ ਘਾਲੇ, ਖ਼ਾਲਕ ਤੇ ਖ਼ਲਕਤ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ, ਜਿਸ ਵਿਚ ਗੁਰਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਅਵਸਥਾ ਵਿਚ ਸਤਿਗੁਰੂ ਨੇ ਬਾਣੀ ਉਚਾਰੀ ਹੈ, ਉਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਬਾਣੀ ਉਸੇ ਅਵਸਥਾ ਵਿਚ ਲੈ ਅੱਪੜਦੀ ਹੈ) । 38।

ਸਿੱਧਾਂਤ (ਜੋ ਅਖ਼ੀਰਲੇ ਸ਼ਲੋਕ ਵਿਚ ਹੈ) -

ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ-ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ ਹਰੇਕ। ਜੀਵ ਦੀ ਖੇਡ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲ ਕਰ ਗਏ, ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਂਦੇ ਹੋਏ ਆਪ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।1।

'ਜਪੁ' ਜੀ ਦਾ ਸਮੁੱਚਾ ਭਾਵ

(ਪ੍ਰ:) ਮਨੁੱਖ ਦੀ ਰੱਬ ਨਾਲੋਂ ਜੋ ਵਿੱਥ ਪੈ ਰਹੀ ਹੈ, ਇਹ ਕਿਵੇਂ ਹਟ ਸਕਦੀ ਹੈ?

(ਉ:) ਰੱਬ ਦਾ ਹੁਕਮ ਮੰਨਿਆਂ, ਉਸ ਦੇ ਸੁਭਾਵ ਨਾਲ ਆਪਣਾ ਸੁਭਾਵ ਰਲਾਇਆਂ (ਜਿਵੇਂ, ਜੇ ਪੁੱਤਰ ਪਿਉ ਦਾ ਹੁਕਮ ਮੰਨਦਾ ਰਹੇ ਤਾਂ ਪਿਉ ਪੁੱਤਰ ਵਿਚ ਵਿੱਥ ਨਹੀਂ ਪੈਂਦੀ) ।

ਦਾਨ ਕੀਤਿਆਂ, ਤੀਰਥਾਂ 'ਤੇ ਇਸ਼ਨਾਨ ਕੀਤਿਆਂ ਜਾਂ ਪ੍ਰਾਣਾਯਾਮ ਦੀ ਰਾਹੀਂ ਉਮਰ ਵਧਾਇਆਂ ਇਹ ਵਿੱਥ ਦੂਰ ਨਹੀਂ ਹੋ ਸਕਦੀ। (ਪਉੜੀ 1 ਤੋਂ 7)

(ਪ੍ਰ:) ਹੁਕਮ ਮੰਨਣ ਦਾ ਤਰੀਕਾ ਕੀ ਹੈ?

(ਉ:) ਜਿਉਂ ਜਿਉਂ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ 'ਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਦਾ ਹੈ, ਤਿਉਂ ਤਿਉਂ ਇਸ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ। ਸੋ, ਰਜ਼ਾ ਵਿਚ, ਹੁਕਮ ਵਿਚ ਤੁਰਨ ਲਈ ਜੀਵ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਸੁਰਤ ਜੋੜਨੀ ਹੈ; ਸੁਰਤ ਭੀ ਇਤਨੀ ਜੋੜਨੀ ਹੈ ਕਿ ਮਨ ਪ੍ਰਭੂ ਵਿਚ ਪਤੀਜ ਜਾਏ, ਸਿਫ਼ਤਿ-ਸਾਲਾਹ ਵਿਚੋਂ ਨਿਕਲਣ ਨੂੰ ਚਿੱਤ ਨਾ ਕਰੋ। (8 ਤੋਂ 15)

ਸੁਰਤ ਜੋੜਨ ਦਾ ਇਹ ਸਿੱਟਾ ਕਦੇ ਭੀ ਨਹੀਂ ਨਿਕਲ ਸਕੇਗਾ ਕਿ ਜੀਵ ਪਰਮਾਤਮਾ ਦਾ ਜਾਂ ਉਸ ਦੀ ਰਚਨਾ ਦਾ ਅੰਤ ਪਾ ਸਕੇ; ਉਹ ਆਪ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ। ਸਿਫ਼ਤਿ-ਸਾਲਾਹ ਵਿਚ ਸੁਰਤ ਜੋੜਨ ਦਾ ਸਿੱਟਾ ਇੱਕੋ ਹੀ ਹੋਵੇਗਾ ਕਿ ਉਸ ਦੀ ਰਜ਼ਾ ਵਿਚ ਰਹਿਣ ਦਾ ਸੁਭਾਉ ਪੱਕ ਸਕੇਗਾ। (16 ਤੋਂ 27)

ਜਿਵੇਂ ਨਾ ਦਾਨ, ਨਾ ਤੀਰਥ-ਇਸ਼ਨਾਨ, ਨਾ ਪ੍ਰਾਣਾਯਾਮ ਤੇ ਨਾ ਰਚਨਾ ਬਾਰੇ ਉਪਨਿਸ਼ਦਾਂ ਦੀ ਫ਼ਿਲਾਸਫ਼ੀ ਜੀਵ ਦੀ ਰੱਬ ਨਾਲੋਂ ਵਿੱਥ ਦੂਰ ਕਰਨ ਦੇ ਸਮਰੱਥ ਹੈ, ਤਿਵੇਂ ਜੋਗੀਆਂ ਦੇ ਮੁੰਦ੍ਰਾ ਖਿੰਬਾ ਆਦਿਕ ਭੀ ਇਹ ਵਿੱਥ ਦੂਰ ਨਹੀਂ ਕਰ ਸਕਦੇ; ਸਿਮਰਨ ਤੇ ਯਾਦ ਹੀ ਇਕੋ ਵਸੀਲਾ ਹੈ। (ਜਿਸ ਨੂੰ ਯਾਦ ਕਰਦੇ ਰਹੀਏ, ਉਸ ਨਾਲ ਪਿਆਰ ਵਧਦਾ ਜਾਂਦਾ ਹੈ। ਪਿਆਰ ਦੀ ਸਹਾਇਤਾ ਨਾਲ ਸੁਭਾਉ ਭੀ ਮਿਲ ਜਾਂਦਾ ਹੈ।) ਜਦੋਂ ਪ੍ਰਭੂ ਦੀ ਮਿਹਰ ਹੋਵੇ, ਜੀਵ 'ਆਪਾ' ਮਿਟਾ ਕੇ ਸਿਮਰਨ ਕਰਦਾ ਹੈ, ਵਿੱਥ ਮਿਟਾਉਣ ਦਾ, ਬੱਸ! ਇਹੀ ਇਕ ਵਸੀਲਾ ਹੈ। (ਪਉੜੀ 28 ਤੋਂ 33)

ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਣ ਹਾਲਤ ਤੋਂ ਉੱਚਾ ਹੋ ਕੇ ਪਹਿਲਾਂ ਇਹ ਸੂਝ ਹਾਸਲ ਕਰਦਾ ਹੈ ਕਿ ਜਗਤ ਵਿਚ ਉਸ ਦੇ ਆਉਣ ਦਾ ਮਨੋਰਥ ਕੀ ਹੈ, ਕਿਸ ਫ਼ਰਜ਼ ਦੇ ਅਦਾ ਕਰਨ ਲਈ ਇਹ ਭੇਜਿਆ ਗਿਆ ਹੈ; ਇਹ ਸੂਝ ਆਇਆਂ ਜੀਵ ਆਪਣੇ ਨਿੱਕੇ ਜਿਹੇ ਟੱਬਰ ਦੇ ਮੋਹ ਦੀ ਤੰਗ ਦਿਲੀ ਵਿਚੋਂ ਨਿਕਲਦਾ ਹੈ, ਸਾਰਾ ਜਗਤ ਉਸ ਨੂੰ ਪਰਮਾਤਮਾ-ਪਿਤਾ ਦਾ ਇੱਕ ਵੱਡਾ ਟੱਬਰ ਦਿੱਸ ਪੈਂਦਾ ਹੈ; ਫਿਰ ਉਹ ਇਸ ਵੱਡੇ ਪਰਵਾਰ ਦੀ ਸੇਵਾ ਲਈ ਘਾਲ-ਕਮਾਈ ਕਰਦਾ ਹੈ, ਮਾਲਕ ਦੀ ਯਾਦ ਵਿਚ ਜੁੜਦਾ ਹੈ, ਖ਼ਾਲਕ ਦੀ ਯਾਦ ਤੇ ਖ਼ਲਕਤ ਦੀ ਸੇਵਾ ਨਾਲ ਜਿਉਂ ਜਿਉਂ ਜੀਵ ਦਾ ਮਨ ਸੁਆਰਥ ਦੀਆਂ ਹੱਦਾਂ ਟੱਪ ਕੇ ਬੇਅੰਤ ਵਿਸ਼ਾਲ ਹੁੰਦਾ ਹੈ, ਤਿਉਂ ਤਿਉਂ ਪ੍ਰਭੂ ਦੀ ਬਖ਼ਸ਼ਸ਼ ਦਾ ਦਰਵਾਜ਼ਾ ਇਸ ਉੱਤੇ ਖੁਲ੍ਹਦਾ ਹੈ, ਪ੍ਰਭੂ ਨਾਲ ਇਕ ਰੂਪ ਹੋ ਜਾਂਦਾ ਹੈ। ਪਰ, ਜਿਵੇਂ ਸੁਨਿਆਰੇ ਦੀ ਕੁਠਾਲੀ ਵਿਚ ਸੋਨਾ ਤਾਉ ਸਹਾਰਦਾ ਹੈ, ਅਹਿਰਣ 'ਤੇ ਸੱਟਾਂ ਖਾਂਦਾ ਹੈ, ਤਿਵੇਂ ਜੀਵ ਨੇ ਭੀ ਸਿਮਰਨ ਦੀ ਸੱਚੀ ਟਕਸਾਲ ਵਿਚ ਮਨ ਨੂੰ ਘੜਨਾ ਹੈ। ਉਹ ਟਕਸਾਲ ਕੀ ਹੈ?-ਜਤ, ਧੀਰਜ, ਮਤ, ਗਿਆਨ, ਭਉ, ਘਾਲ ਤੇ ਪ੍ਰੇਮ (ਭਾਵ, ਸਭ ਤੋਂ ਪਹਿਲਾਂ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਨੂੰ ਸਹਾਰਨ-ਜੋਗਾ ਹੋਵੇ, ਸਮਝ ਉੱਚੀ ਹੋਵੇ ਤੇ ਵਿਸ਼ਾਲ ਹੋਵੇ, ਰੱਬ ਦਾ ਡਰ ਹਿਰਦੇ ਵਿਚ ਟਿਕਿਆ ਰਹੇ, ਸੇਵਾ ਦੀ ਘਾਲ ਘਾਲੇ ਤੇ ਖਲਕਤ ਦਾ ਪਿਆਰ ਦਿਲ ਵਿਚ ਹੋਵੇ) । (34 ਤੋਂ 38)

(ਪ੍ਰ:) ਇਸ ਬਾਣੀ ਦਾ ਨਾਮ 'ਜਪੁ' ਕਿਉਂ ਰੱਖਿਆ ਗਿਆ? ਗੁਰੂ ਅਰਜਨ ਸਾਹਿਬ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਕਿਉਂ ਦਰਜ ਕੀਤਾ? ਇਸ ਦਾ ਪਾਠ ਕਿਉਂ ਹਰ ਰੋਜ਼ ਕਰਨਾ ਹੈ?

(ਉ:) (1) ਇਸ ਬਾਣੀ ਦੀ ਪਹਿਲੀ ਹੀ ਪਉੜੀ ਵਿਚ ਪ੍ਰਸ਼ਨ ਹੈ ਕਿ ਜੀਵ ਦੀ ਪਰਮਾਤਮਾ ਨਾਲੋਂ ਵਿੱਥ ਕਿਵੇਂ ਦੂਰ ਹੋ ਸਕਦੀ ਹੈ। ਇਸ ਦਾ ਉੱਤਰ ਇਹ ਦਿੱਤਾ ਗਿਆ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਤੁਰਿਆਂ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ। ਪ੍ਰਭੂ ਦੀ ਰਜ਼ਾ ਕਿਵੇਂ ਮਿੱਠੀ ਲੱਗੇ? ਪ੍ਰਭੂ ਦਾ ਸਿਮਰਨ ਕਰਨ ਨਾਲ; ਜਿਉਂ ਜਿਉਂ ਜੀਵ ਪ੍ਰਭੂ ਨੂੰ ਯਾਦ ਕਰਦਾ ਹੈ ਤਿਉਂ ਤਿਉਂ ਉਸ ਨਾਲ ਜੀਵ ਦਾ ਪਿਆਰ ਬਣਦਾ ਹੈ ਤੇ ਪਿਆਰ ਦੀ ਬਰਕਤਿ ਨਾਲ ਉਸ ਦੇ ਕੀਤੇ ਕੰਮ ਚੰਗੇ ਲੱਗਣ ਲੱਗ ਪੈਂਦੇ ਹਨ, ਉਸ ਦੀ ਰਜ਼ਾ ਮਿੱਠੀ ਲੱਗਦੀ ਹੈ। ਸੋ, 'ਸਿਮਰਨ' ਜਾਂ 'ਜਪੁ' ਹੀ ਇਕ ਐਸਾ ਵਸੀਲਾ ਹੈ ਜੋ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟਾ ਸਕਦਾ ਹੈ। ਇਸ ਸਾਰੀ ਬਾਣੀ ਵਿਚ ਸਿਰਫ਼ ਇਹੀ ਵਿਚਾਰ ਹੈ ਕਿ ਦਾਨ ਪੁੰਨ, ਤੀਰਥ ਯਾਤਰਾ, ਪ੍ਰਾਣਾਯਾਮ, ਜਗਤ-ਰਚਨਾ ਬਾਰੇ ਵਿਚਾਰ, ਜੋਗ ਦੇ ਖਿੰਥਾ ਮੁੰਦ੍ਰਾ ਆਦਿਕ ਚਿੰਨ-ਇਹਨਾਂ ਵਿਚੋਂ ਕੋਈ ਭੀ ਪ੍ਰਭੂ ਨਾਲੋਂ ਵਿਛੜੇ ਜੀਵ ਨੂੰ ਪ੍ਰਭੂ ਨਾਲ ਮਿਲਾ ਨਹੀਂ ਸਕਦਾ। ਪ੍ਰਭੂ ਦਾ 'ਸਿਮਰਨ' ਹੀ ਇੱਕੋ ਇੱਕ ਵਸੀਲਾ ਹੈ, 'ਸਿਮਰਨ' ਦੀ ਹੀ ਇਸ ਬਾਣੀ ਵਿਚ ਵਿਆਖਿਆ ਹੈ। ਇਸ ਵਾਸਤੇ ਇਸ ਦਾ ਨਾਮ ਭੀ 'ਜਪੁ' ਹੀ ਰੱਖਿਆ ਗਿਆ ਹੈ। 'ਜਪੁ' ਦਾ ਅਰਥ ਹੈ ਸਿਮਰਨ, ਬੰਦਗੀ, ਭਜਨ।

(2) ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੀ ਲਿਖਤੀ ਤਰਤੀਬ ਜੇ ਗਹੁ ਨਾਲ ਵੇਖੀਏ ਤਾਂ ਹਰੇਕ 'ਰਾਗ' ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਮਿਲਦੀ ਹੈ, ਇਸ ਤੋਂ ਪਿਛੋਂ ਗੁਰੂ ਅਮਰਦਾਸ ਜੀ ਦੀ, ਫਿਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਹੈ। ਹਰੇਕ 'ਰਾਗ' ਵਿਚ ਪਹਿਲਾਂ 'ਸ਼ਬਦ', ਫਿਰ ਅਸ਼ਟਪਦੀਆਂ, ਫਿਰ ਛੰਤ ਆਦਿਕ ਇਸ ਉਪਰ-ਦੱਸੀ ਤਰਤੀਬ ਅਨੁਸਾਰ ਹੀ ਦਰਜ ਹਨ। ਸੋ, ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਗੁਰੂ ਨਾਨਕ ਦੇਵ ਜੀ ਦੀ ਹੀ ਬਾਣੀ ਹੋ ਸਕਦੀ ਸੀ।

ਸਿੱਖ ਧਰਮ ਦਾ ਮੁੱਖ ਨਿਸ਼ਾਨਾ ਹੈ 'ਸਿਮਰਨ'। 'ਸਿਮਰਨ', ਮਾਨੋ, ਇਕ ਐਸੀ ਕੇਂਦਰੀ ਨੀਂਹ ਹੈ ਜਿਸ ਦੇ ਉਪਰ 'ਧਰਮ' ਦੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਸੋ, ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਭੀ ਉਸੇ ਹੀ ਬਾਣੀ ਦਾ ਦਰਜ ਕੀਤਾ ਜਾਣਾ ਫਬਦਾ ਸੀ ਜੋ ਇਸ ਕੇਂਦਰੀ ਅਸੂਲ 'ਤੇ ਖੁਲ੍ਹੀ ਵਿਆਖਿਆ ਹੋਵੇ। ਤੇ, ਇਸ ਮਜ਼ਮੂਨ ਉੱਤੇ ਸਭ ਤੋਂ ਵਧੀਕ ਢੁੱਕਵੀਂ ਬਾਣੀ ਹੈ, 'ਜਪੁ'। ਸੋ, ਗੁਰੂ ਅਰਜਨ ਸਾਹਿਬ ਨੇ ਇਸੇ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਦਰਜ ਕੀਤਾ।

(3) ਪ੍ਰਭੂ ਦੀਆਂ ਬੇਅੰਤ ਦਾਤਾਂ ਮਿਲਿਆਂ ਭੀ ਜੀਵ ਦੁਖੀ ਹੈ, ਕਿਉਂਕਿ ਇਹ ਸੁਖ-ਦੇ-ਸੋਮੇ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ। ਇਹ ਵਿੱਥ ਕਿਵੇਂ ਮਿਟੇ? ਪ੍ਰਭੂ ਦੀ ਰਜ਼ਾ ਵਿਚ ਤੁਰਿਆਂ, ਪ੍ਰਭੂ ਦੇ ਸੁਭਾਅ ਨਾਲ ਆਪਣਾ ਸੁਭਾਉ ਮਿਲਾਇਆਂ। ਸੁਭਾਉ ਤਦੋਂ ਹੀ ਮਿਲ ਸਕਦਾ ਹੈ ਜੇ ਜੀਵ ਪ੍ਰਭ ਨੂੰ ਸਦਾ ਯਾਦ ਕਰ ਕੇ ਉਸ ਨਾਲ ਪਿਆਰ ਦਾ ਰਿਸ਼ਤਾ ਗੰਢ ਲਏ। ਇਹ ਇਕ ਐਸਾ ਜ਼ਰੂਰੀ ਸਵਾਲ ਹੈ ਜਿਸ ਦੀ ਹਰੇਕ ਪ੍ਰਾਣੀ ਮਾਤਰ ਨੂੰ ਆਪਣੇ ਦੁੱਖ ਕਲੇਸ਼ ਤ੍ਰਿਸ਼ਨਾ ਆਦਿਕ ਮਿਟਾਣ ਲਈ ਵਿਚਾਰਨ ਦੀ ਸਦਾ ਲੋੜ ਹੈ। ਇਹ ਸਵਾਲ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ 'ਜਪੁ' ਵਿਚ ਖ਼ਾਸ ਤੌਰ 'ਤੇ ਵਿਸਥਾਰ ਨਾਲ ਵਿਚਾਰਿਆ ਗਿਆ ਹੈ; ਤਾਈਏਂ ਇਸ ਬਾਣੀ ਦਾ ਹਰ ਰੋਜ਼ ਪਾਠ ਕਰਨ ਦੀ ਸਤਿਗੁਰੂ ਵੱਲੋਂ ਹਿਦਾਇਤ ਹੈ, ਤਾਂ ਜੁ ਸਿੱਖ ਨੂੰ ਮਿਟਾਣ ਦਾ ਇਕੋ ਚੇਤਾ ਆਉਂਦਾ ਰਹੇ ਕਿ ਪ੍ਰਭੂ ਨਾਲੋਂ ਪਈ ਵਿੱਥ ਨੂੰ ਮਿਟਾਣ ਦਾ ਇੱਕੋ ਵਸੀਲਾ ਹੈ ਤੇ ਉਹ ਹੈ ਪਰਮਾਤਮਾ ਦਾ ਸਿਮਰਨ, ਉਸ ਦੇ ਨਾਮ ਦੀ ਯਾਦ; ਉਸ ਦੇ ਗੁਣਾਂ ਦਾ 'ਜਪੁ'। >

ਕਾਵਯ ਬਣਤਰ

ਪੁਰਾਤਨ ਸਮੇਂ ਤੋਂ ਇਹ ਆਮ ਰਿਵਾਜ ਤੁਰਿਆ ਆ ਰਿਹਾ ਹੈ ਕਿ ਕੋਈ ਲਿਖਾਰੀ ਜਾਂ ਕਵੀ ਕੋਈ ਕਾਵਯ ਰਚਨਾ ਕਰਨ ਵੇਲੇ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੀ ਉਸਤਤਿ ਕਰਦਾ ਹੈ। ਇਸ ਨੂੰ 'ਮੰਗਲਾਚਰਨ' ਆਖਦੇ ਹਨ। ਪੁਸਤਕ ਦੇ ਅਖੀਰ ਵਿਚ ਲਿਖਾਰੀ ਆਪਣੇ ਇਸ਼ਟ ਦਾ ਧੰਨਵਾਦ ਕਰਦਾ ਹੈ, ਜਾਂ, ਉਸ ਤੋਂ ਕੋਈ ਵਰ ਮੰਗਦਾ ਹੈ, ਜਾਂ, ਆਪਣੀ ਸਾਰੀ ਲਿਖੀ ਰਚਨਾ ਦਾ 'ਸਿੱਧਾਂਤ' ਇਕ ਦੋ ਬੰਦਾਂ ਵਿਚ ਲਿਖ ਦੇਂਦਾ ਹੈ।

ਗੁਰੂ ਨਾਨਕ ਦੇਵ ਜੀ ਨੇ 'ਜਪੁ' ਜੀ ਦੇ ਅਰੰਭ ਵਿਚ ਤੇ ਅਖ਼ੀਰ ਵਿਚ ਉਹੀ ਪੁਰਾਤਨ ਤਰੀਕਾ ਵਰਤਿਆ ਹੈ। ਇਸ ਬਾਣੀ ਦੇ ਅਸਲ ਮਜ਼ਮੂਨ ਦੀਆਂ 38 ਪਉੜੀਆਂ ਹਨ। ਪਹਿਲੀ ਪਉੜੀ ਵਿਚ ਮਨੁੱਖਾ ਜੀਵਨ ਦੇ ਇਕ ਜ਼ਰੂਰੀ ਪਹਿਲੂ ਬਾਰੇ ਜੋ ਸਵਾਲ ਛੇੜਿਆ ਹੈ ਕਿ ਜੀਵ ਦੀ ਪ੍ਰਭੂ ਨਾਲੋਂ ਪਈ ਵਿੱਥ ਕਿਵੇਂ ਦੂਰ ਹੋ ਸਕਦੀ ਹੈ, ਉਸ ਦੇ ਕਈ ਅੰਗ ਉਪਾਂਗ ਲੈ ਕੇ ਇਹਨਾਂ ਸਾਰੀਆਂ ਪਉੜੀਆਂ ਵਿਚ ਖੁਲ੍ਹੀ ਵਿਚਾਰ ਕੀਤੀ ਹੈ। ਇਹ 38 ਪਉੜੀਆਂ ਜਪੁ ਜੀ ਦੇ ਮਜ਼ਮੂਨ ਦਾ ਮੁਕਮੰਲ ਆਕਾਰ ਹਨ। ਪਰ, ਇਹਨਾਂ ਤੋਂ ਛੁਟ ਦੋ ਸਲੋਕ ਭੀ ਹਨ, ਇਕ ਅਰੰਭ ਵਿਚ ਤੇ ਇਕ ਅਖ਼ੀਰ ਵਿਚ। ਮੁਢੱਲੇ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਆਪਣੇ ਇਸ਼ਟ ਅਕਾਲ ਪੁਰਖ ਦਾ ਸਰੂਪ ਬਿਆਨ ਕਰਦੇ ਹਨ ਕਿ ਉਹ ਸਦਾ ਹੀ ਹੌਦ ਵਾਲਾ ਹੈ, ਸਦਾ ਹੀ ਕਾਇਮ ਹੈ। ਅਖ਼ੀਰਲੇ ਸਲੋਕ ਵਿਚ ਸਤਿਗੁਰੂ ਜੀ ਨੇ ਉਸ ਸਾਰੇ ਮਜ਼ਮੂਨ ਦਾ 'ਨਿਚੋੜ' ਦਿੱਤਾ ਹੈ, ਜਿਸ ਉੱਤੇ 38 ਪਉੜੀਆਂ ਵਿਚ ਖੁਲ੍ਹੀ ਵਿਚਾਰ ਕੀਤੀ ਗਈ ਹੈ।

ਲਫ਼ਜ਼ 'ਜਪੁ' ਤੋਂ ਪਹਿਲਾਂ 'ੴ , ਤੋਂ ਲੈ 'ਗੁਰ ਪ੍ਰਸਾਦਿ' ਤਕ ਮੂਲ-ਮੰਤਰ ਹੈ। 'ਜਪੁ' ਜੀ ਦੀ ਬਾਣੀ ਦੇ ਵਜੂਦ ਨਾਲ ਇਸ ਮੂਲ-ਮੰਤਰ ਦਾ ਕੋਈ ਸੰਬੰਧ ਨਹੀਂ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਉਸੇ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਹਰੇਕ 'ਰਾਗ' ਦੇ ਸ਼ੁਰੂ ਵਿਚ ਦਰਜ ਕੀਤਾ ਹੈ।

(ਪ੍ਰ:) ਜਪੁ ਜੀ ਕਦੋਂ ਲਿਖੀ ਗਈ ਸੀ?

(ਉ:) (1) ਪੁਸਤਕ 'ਪੁਰਾਤਨ ਜਨਮ ਸਾਖੀ' ਦੀ ਸਾਖੀ ਨੰ: 10 'ਵੇਈਂ ਪ੍ਰਵੇਸ਼' ਅਨੁਸਾਰ ਜਪੁ ਜੀ ਪਰਮਾਤਮਾ ਦੀ ਹਜ਼ੂਰੀ ਵਿਚ ਉਚਾਰੀ ਗਈ, ਜਦੋਂ ਅਜੇ 'ਉਦਾਸੀਆਂ' ਸ਼ੁਰੂ ਨਹੀਂ ਹੋਈਆਂ ਸਨ, ਤੇ ਸਤਿਗੁਰੂ ਜੀ ਅਜੇ ਸੁਲਤਾਨਪੁਰ ਹੀ ਰਹਿੰਦੇ ਸਨ। ਵੇਈਂ ਨਦੀ ਵਾਲੀ ਸਾਖੀ 1507 (ਸੰਮਤ 1564) ਵਿਚ ਹੋਈ ਸੀ।

ਸਾਖੀ ਵਾਲਾ ਲਿਖਦਾ ਹੈ ਕਿ ਜਦੋਂ ਪਰਮੇਸ਼ਰ ਦੇ ਸੇਵਕ ਵੇਈਂ ਨਦੀ ਵਿਚ ਇਸ਼ਨਾਨ ਕਰ ਰਹੇ ਸਤਿਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਦੀ ਦਰਗਾਹ ਵਿਚ ਲੈ ਗਏ 'ਤਬਿ ਅਵਾਜੁ ਹੋਆ-ਨਾਨਕ! ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮੁ ਕੀ ਸਿਫ਼ਤਿ ਕਰੁ। ਤਬਿ ਬਾਬਾ ਬੋਲਿਆ। ਧੁਨਿ ਉਠੀ: ਰਾਗੁ ਆਸਾ ਜਪੁ ਮ:1। ਸਲੋਕ। ਆਦਿ ਸਚੁ ਜੁਗਾਦਿ ਸਚੁ। ਹੈ ਭੀ ਸਚੁ। ਨਾਨਕ ਹੋਸੀ ਭੀ ਸਚੁ।1। ਜਪੁ ਸੰਪੂਰਣੂ ਕੀਤਾ।

(2) ਡਾਕਟਰ ਮੋਹਨ ਸਿੰਘ ਜੀ ਨੇ (ਜੋ ਕਿ ਪੰਜਾਬ ਯੂਨੀਵਰਸਿਟੀ ਦੇ ਓਰੀ-ਅੰਟਲ ਕਾਲਜ ਦੇ ਪੰਜਾਬੀ ਦੇ ਮਹਿਕਮੇ ਦੇ ਮੁੱਖ ਅਧਿਆਪਕ ਹਨ ਅਤੇ ਪੰਜਾਬੀ ਦੇ ਪਰਸਿੱਧ ਵਿਦਵਾਨ ਲਿਖਾਰੀ ਹਨ) ਆਪਣੀ ਪੁਸਤਕ 'ਪੰਜਾਬੀ ਭਾਖਾ ਤੇ ਛੰਦਾ-ਬੰਦੀ' ਵਿਚ ਇਕ ਹੱਥ-ਲਿਖੀ ਦਾ ਹਵਾਲਾ ਦਿੱਤਾ ਹੈ, ਜਿਸ ਨੂੰ ਉਹ ਬੋਲੀ ਦੇ ਆਧਾਰ 'ਤੇ ਸਤਾਰ੍ਹਵੀਂ ਸਦੀ ਦੇ ਅੱਧ ਦੀ ਲਿਖੀ ਮੰਨਦੇ ਹਨ। ਉਹ ਹੱਥ-ਲਿਖੀ ਹੁਣ ਪੱਛਮੀ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਹੈ। ਉਸ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਟਿਕੇ ਹੋਏ ਸਨ, ਤਾਂ 'ਦਰਗਾਹ ਪਰਮੇਸਰ ਕੀ ਬੁਲਾਇਆ। ' ਵਾਪਸ ਆ ਕੇ ਆਪਣੇ ਸਿੱਖ ਅੰਗਦ ਨੂੰ ਆਖਣ ਲੱਗੇ, 'ਪੁਰਖਾ! ਪਾਰਬ੍ਰਹਮ ਕਾ ਹੁਕਮ ਹੈ ਕਿ ਸਿਫ਼ਤਿ ਮੇਰੀ ਕਰਣੀ। 'ਗੁਰੂ ਨਾਨਕ ਦੇਵ ਜੀ ਨੇ 'ਆਪਣਾ ਖ਼ਜ਼ਾਨਾ ਅੰਗਦ ਸਿੱਖ ਕੇ ਹਵਾਲੇ ਕੀਤਾ। ਕਹਿਓਸੁ-ਪੁਰਖਾ! ਹੁਣ ਤੂੰ ਜਪੁ ਰਚ। ਤਬ ਗੁਰੂ ਬਾਬੇ ਨਾਨਕ ਦੇ ਹਜ਼ੂਰਿ ਗੁਰੂ ਅੰਗਦ ਬਾਬੇ ਦੀ ਬਾਣੀ ਦਾ ਜੋੜੁ ਬੰਧਿਆ। ਜਪੁ ਕਾ। ਅਠਤੀਸ ਪਉੜੀਆਂ ਸਾਰੀ ਬਾਣੀ ਵਿਚਹੁ ਮਥਿ ਕਰਿ ਕਢੀ ਹੈ। '

ਇਸ ਹੱਥ-ਲਿਖੀ ਅਨੁਸਾਰ ਜਪੁ ਜੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਰਚਨਾ ਨਹੀਂ ਹੈ, ਸਗੋਂ ਉਹਨਾਂ ਦੀ ਸਾਰੀ ਬਾਣੀ ਦਾ ਤੱਤ ਹੈ। ਤੇ, ਇਹ ਤਦੋਂ ਰਚੀ ਗਈ ਜਦੋਂ ਬਾਬਾ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ ਆ ਚੁੱਕੇ ਸਨ ਉਂਞ ਇਸ ਸਾਖੀਕਾਰ ਨੂੰ ਇਹ ਪਤਾ ਨਹੀਂ ਹੈ ਕਿ ਕਰਤਾਰਪੁਰ ਕਿੱਥੇ ਹੈ, ਉਹ ਬਿਆਸਾ ਨਦੀ ਦੇ ਕੰਢੇ ਸਮਝਦਾ ਹੈ। ਲਿਖਦਾ ਹੈ, 'ਤਬ ਬਿਆਸ ਨਦੀ ਕੇ ਕਿਨਾਰੇ ਕਰਤਾਰਪੁਰਿ ਏਹੁ ਉਪਦੇਸੁ ਗੁਰੂ ਬਾਬੇ ਅੰਗਦ ਸਿਖ ਕੇ ਤਾਈ ਕਹਿਆ। ' ਬਾਬਾ ਲਹਿਣਾ ਜੀ ਦਾ ਜਨਮ ਸੰਨ 1504 ਵਿਚ ਹੋਇਆ ਸੀ, ਤੇ 28 ਸਾਲਾਂ ਦੀ ਉਮਰੇ ਉਹ ਗੁਰੂ ਨਾਨਕ ਜੀ ਦੇ ਪਾਸ ਸੰਨ 1532 ਵਿਚ ਕਰਤਾਰਪੁਰ ਆਏ ਸਨ। ਸਾਖੀ ਤੋ ਇਹ ਗੱਲ ਭੀ ਸਾਫ਼ ਦਿੱਸਦੀ ਹੈ ਕਿ ਬਾਬਾ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨਿਕਟੀ ਹੋ ਚੁੱਕੇ ਸਨ। ਉਹਨਾਂ ਨੂੰ ਅੰਗਦ ਨਾਮ ਭੀ ਮਿਲ ਚੁਕਾ ਹੋਇਆ ਸੀ। ਇੱਥੋਂ ਇਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਜਪੁ ਜੀ ਗੁਰੂ ਨਾਨਕ ਦੇਵ ਜੀ ਦੀ ਪਿਛਲੀ ਉਮਰੇ ਲਿਖੀ ਗਈ ਸੀ। ਤਦੋਂ ਸਾਰੀਆਂ 'ਉਦਾਸੀਆਂ' ਨੂੰ ਮੁੱਕਿਆਂ ਚੋਖਾ ਚਿਰ ਹੋ ਚੁਕਿਆ ਸੀ।

ਨੋਟ-ਇੱਥੇ ਇਸ ਹੱਥ-ਲਿਖੀ ਦਾ ਇਹ ਇਸ਼ਾਰਾ ਭੀ ਪਾਠਕ ਚੇਤੇ ਰੱਖਣ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਜੋ ਉਹਨਾਂ ਆਪ ਹੀ ਲਿਖ ਰੱਖੀ ਹੋਈ ਸੀ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ-'ਆਪਣਾ ਖਜ਼ਾਨਾ ਅੰਗਦ ਸਿੱਖ ਕੇ ਹਵਾਲੇ ਕੀਤਾ। '

ਡਾਕਟਰ ਮੋਹਨ ਸਿੰਘ ਜੀ ਭੀ ਇਸ ਹੱਥ-ਲਿਖੀ ਦਾ ਹਵਾਲਾ ਦੇ ਕੇ ਅਖ਼ੀਰ 'ਤੇ ਭਾਈ ਗੁਰਦਾਸ ਜੀ ਦੀ ਵਾਰ ਦੇ ਆਸਰੇ ਲਿਖਦੇ ਹਨ-'ਮੱਕੇ ਬਗ਼ਦਾਦ ਮਦੀਨੇ ਤੋਂ ਮੁੜ ਕੇ ਬਾਬੇ ਜੀ ਨੇ ਉਦਾਸੀ ਭੇਖ ਉਤਾਰ ਕੇ ਕਰਤਾਰਪੁਰ ਵਿਚ ਟਿਕਾਣਾ ਕੀਤਾ। ਤੇ, 'ਇਸ ਤੋਂ ਸਪਸ਼ਟ ਹੈ ਕਿ ਜਪੁ ਜੀ, ਰਹਿਰਾਸ, ਗੋਸਟਿ, ਸੋਦਰ, ਆਰਤੀ ਬਾਣੀ ਕਰਤਾਰਪੁਰ ਵਿਚ ਉਚਾਰੀ ਗਈ, ਜਿੱਥੇ ਬਾਣੀ ਰੂਪ ਗੰਗਾ ਨੂੰ ਧਾਰਨ ਕਰਨ ਵਾਲੇ ਅੰਗਦ ਜੀ ਮੌਜੂਦ ਸਨ। '

(3) ਕਈ ਸੱਜਣ ਆਖਦੇ ਹਨ ਕਿ ਸਤਿਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਦੀ ਰਾਹੀਂ ਸਿੱਖਾਂ ਨੂੰ ਉਪਦੇਸ਼ ਕੀਤਾ ਸੀ। ਕਈ ਵਿਦਵਾਨ ਇਸ ਖ਼ਿਆਲ ਦੇ ਹਨ ਕਿ ਬਾਬਾ ਲਹਿਣਾ ਜੀ ਨੂੰ ਉਪਦੇਸ਼ ਕਰਨ ਵਾਸਤੇ ਇਹ ਬਾਣੀ ਉਚਾਰੀ ਸੀ। ਕਈ ਸੱਜਣ ਇਸ ਬਾਣੀ ਦਾ ਟੀਕਾ ਕਰਨ ਵੇਲੇ ਇਹ ਮਿਥ ਲੈਂਦੇ ਹਨ ਕਿ ਕੋਈ ਜਗਿ ਆਸੂ ਸਿੱਖ ਸਤਿਗੁਰੂ ਜੀ ਤੋਂ ਪ੍ਰਸ਼ਨ ਪੁੱਛਦਾ ਜਾ ਰਿਹਾ ਹੈ ਤੇ ਸਤਿਗੁਰੂ ਜੀ ਇਹਨਾਂ ਪਉੜੀਆਂ ਦੀ ਰਾਹੀਂ ਤਰਤੀਬਵਾਰ ਉੱਤਰ ਦੇਈ ਜਾ ਰਹੇ ਹਨ।

ਇਹ ਸਾਰੇ ਹੀ ਖ਼ਿਆਲ ਅਨਹੋਣੇ ਜਿਹੇ ਜਾਪਦੇ ਹਨ। ਜਿਉਂ ਜਿਉਂ ਪਾਠਕ ਸੱਜਣ ਗਹੁ ਨਾਲ ਇਸ ਬਾਣੀ ਵਿਚ ਜੁੜਨਗੇ, ਇਹ ਗੱਲ ਸਾਫ਼ ਦਿੱਸਣ ਲੱਗ ਪਏਗੀ ਕਿ ਇਹ ਸਾਰੀ ਵਿਚਾਰ ਇਕੋ ਹੀ ਤੁਕ ਦੇ ਦੁਆਲੇ ਹੈ, 'ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ। ' ਬੜੀ ਉੱਚੀ ਆਤਮਕ ਉਡਾਰੀ ਹੈ, ਮਨੁੱਖਾ ਜੀਵਨ ਦੇ ਇਕ ਅੱਤ ਜ਼ਰੂਰੀ ਪਹਿਲੂ ਤੇ ਡੂੰਘੀ ਵਿਚਾਰ ਹੈ। ਇਸ ਬਾਣੀ ਦਾ ਸਾਰਾ ਮਿਲਵਾਂ ਮਜ਼ਮੂਨ ਇਉਂ ਦੱਸ ਰਿਹਾ ਹੈ ਕਿ ਕਿਸੇ ਇਕਾਂਤ ਸਮੇਂ, ਇਕਾਂਤ ਥਾਂ ਤੇ ਇਕਾਂਤ-ਚਿੱਤ ਹੋ ਕੇ ਲਿਖੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀਆਂ ਤਿੰਨ 'ਵਾਰਾਂ' ਹਨ, ਜੋ ਮਾਝ, ਆਸਾ ਅਤੇ ਮਲਾਰ ਰਾਗ ਵਿਚ ਦਰਜ ਹਨ। ਇਨ੍ਹਾਂ ਦੀਆਂ ਸਿਰਫ਼ ਪਉੜੀਆਂ ਨੂੰ ਗਹੁ ਨਾਲ ਪੜ੍ਹ ਕੇ ਵੇਖੋ। ਤਿੰਨ੍ਹਾਂ ਦੇ ਵੱਖੋ ਵੱਖ ਮਜ਼ਮੂਨ ਹੀ ਸਾਫ਼ ਦੱਸਦੇ ਹਨ ਕਿ 'ਆਸਾ ਦੀ ਵਾਰ' ਉਮਰ ਦੇ ਦੂਰ ਅਖ਼ੀਰਲੇ ਹਿੱਸੇ ਵਿਚ ਕਿਤੇ ਇਕਾਂਤ ਥਾਂ ਬੈਠ ਕੇ ਲਿਖੀ ਗਈ ਹੈ। ਇਸ ਵਾਰ ਦਾ ਮੁੱਖ ਮਜ਼ਮੂਨ ਹੈ 'ਮਨੁੱਖਾ ਜੀਵਨ ਦਾ ਮਨੋਰਥ'। ਆਸਾ ਦੀ ਵਾਰ ਵਾਂਗ 'ਜਪੁ' ਜੀ ਵਿਚ ਭੀ ਮਨੁੱਖਾ ਜੀਵਨ ਦੇ ਇਕ ਅੱਤ ਜ਼ਰੂਰੀ ਪਹਿਲੂ ਤੇ ਡੂੰਘੀ ਵਿਚਾਰ ਹੈ ਕਿ ਮਨੁੱਖ ਦੀ ਪਰਮਾਤਮਾ ਨਾਲੋਂ ਪਈ ਵਿੱਥ ਕਿਵੇਂ ਦੂਰ ਹੋ ਸਕਦੀ ਹੈ। ਆਸਾ ਦੀ ਵਾਰ ਵਾਂਗ ਇਹ ਭੀ ਉਮਰ ਦੇ ਪਿਛਲੇਰੇ ਹਿੱਸੇ ਵਿਚ ਕਿਤੇ ਇਕਾਂਤ ਥਾਂ ਤੇ ਬੈਠ ਕੇ ਹੀ ਲਿਖੀ ਗਈ ਹੈ, ਕਿਸੇ ਜਗਿਆਸੂ ਆਦਿਕ ਦੇ ਪ੍ਰਸ਼ਨਾਂ ਉੱਤਰਾਂ ਦਾ ਸਿੱਟਾ ਨਹੀਂ ਹੈ। ਪ੍ਰਸ਼ਨਾਂ ਉੱਤਰਾਂ ਨੂੰ ਛੱਡ ਕੇ ਜਿਉਂ ਜਿਉਂ ਇਸ ਬਾਣੀ ਦੀ ਡੂੰਘਾਈ ਵਿਚ ਚੁੱਭੀ ਲਾਵਾਂਗੇ, ਤਿਉਂ ਤਿਉਂ ਇਹ ਸੁਆਦਲੀ ਸਮਝ ਆਵੇਗੀ ਕਿ ਇਹ ਸਾਰੀ ਵਿਚਾਰ 'ਕਿਵ ਕੂੜੈ ਤੁਟੈ ਪਾਲਿ' ਦੇ ਧੁਰੇ ਦੁਆਲੇ ਘੁੰਮ ਰਹੀ ਹੈ, ਜੋ ਕਿਸੇ ਜੁੜੇ ਮਨ ਦੀ ਉੱਚੀ ਆਤਮਕ ਉਡਾਰੀ ਦਾ ਹੀ ਨਤੀਜਾ ਹੋ ਸਕਦਾ ਹੈ, ਪ੍ਰਸ਼ਨਾਂ ਉੱਤਰਾਂ ਦਾ ਨਹੀਂ ਹੋ ਸਕਦਾ।


TOP OF PAGE

Sri Guru Granth Darpan, by Professor Sahib Singh