ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1428

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥ ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥ ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥ {ਪੰਨਾ 1428}

ਪਦ ਅਰਥ: ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ। ਅੰਤਿ = ਅਖ਼ੀਰ ਵੇਲੇ (ਭੀ) । ਸਹਾਈ = ਮਦਦਗਾਰ।32।

ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ। ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ।33।

ਕੋ = ਦਾ। ਮਾਨੁ = ਅਹੰਕਾਰ। ਦੁਰਮਤਿ = ਖੋਟੀ ਮਤਿ। ਸਿਉ = ਨਾਲ। ਫਧਿਓ = ਫਸਿਆ ਰਹਿੰਦਾ ਹੈ। ਭਗਵਾਨ = ਹੇ ਭਗਵਾਨ!।34।

ਅਰਥ: ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ। (ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।32।

ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।33।

ਹੇ ਨਾਨਕ! (ਆਖ-) ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ, (ਇਹ ਮਨ) ਖੋਟੀ ਮਤਿ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ।34।

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥ ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥ ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥ ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥ {ਪੰਨਾ 1428}

ਪਦ ਅਰਥ: ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ। ਮਾਨ = ਮੰਨ।35।

ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ। ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ!।36।

ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ! ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ।37।

ਅਉਰੈ ਕੀ ਅਉਰੈ = ਹੋਰ ਦੀ ਹੋਰ। ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ।38।

ਅਰਥ: ਹੇ ਨਾਨਕ! ਆਖ– (ਹੇ ਭਾਈ!) ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ = (ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ) । (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ।35।

ਹੇ ਨਾਨਕ! (ਆਖ– ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ। (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ।36।

ਹੇ ਨਾਨਕ! (ਆਖ-) ਹੇ ਮਿੱਤਰ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ, ਤਿਵੇਂ ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ।37।

ਹੇ ਨਾਨਕ! (ਆਖ-) ਹੇ ਭਾਈ! (ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ। (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ।38।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥ ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥ {ਪੰਨਾ 1428}

ਪਦ ਅਰਥ: ਸੁਖ ਕੇ = ਸੰਸਾਰਕ ਸੁਖਾਂ ਦੀ ਪ੍ਰਾਪਤੀ ਦੇ। ਕੋ = ਦਾ। ਦੁਖ ਕੋ = ਦੁੱਖਾਂ ਦਾ। ਹਰਿ ਭਾਵੈ = ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ।39।

ਭਿਖਾਰੀ = ਮੰਗਤਾ। ਸਭ ਕੋ = ਸਭ ਜੀਵਾਂ ਦਾ। ਮਨ = ਹੇ ਮਨ! ਤਿਹ = ਉਸ (ਪਰਮਾਤਮਾ) ਨੂੰ। ਹੋਵਹਿ = ਹੋ ਜਾਣਗੇ। ਕਾਮ = ਸਾਰੇ ਕੰਮ।40।

ਝੂਠੈ = ਨਾਸਵੰਤ = (ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ। ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ) । ਬਖਾਨਿ = ਉਚਾਰ ਕੇ, ਸਮਝਾ ਕੇ।41।

ਅਰਥ: ਹੇ ਨਾਨਕ! ਆਖ– ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ (ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ) ।39।

ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ! ਆਖ– ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।40।

ਹੇ ਭਾਈ! (ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ। ਹੇ ਭਾਈ! ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ। ਹੇ ਨਾਨਕ! (ਆਖ– ਹੇ ਭਾਈ!) ਮੈਂ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ।41।

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥ ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥ ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥ ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥ ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥ {ਪੰਨਾ 1428}

ਪਦ ਅਰਥ: ਗਰਬੁ = (गर्व) ਅਹੰਕਾਰ। ਦੇਹ ਕੋ = (ਜਿਸ) ਸਰੀਰ ਦਾ। ਬਿਨਸੈ = ਨਾਸ ਹੋ ਜਾਂਦਾ ਹੈ। ਮੀਤ = ਹੇ ਮਿੱਤਰ! ਜਿਹਿ ਪ੍ਰਾਨੀ = ਜਿਸ ਮਨੁੱਖ ਨੇ। ਜਸੁ = ਸਿਫ਼ਤਿ-ਸਾਲਾਹ। ਤਿਹਿ = ਉਸ ਨੇ। ਜੀਤੁ = ਜਿੱਤ ਲਿਆ।42।

ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ। ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ।43।

ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ। ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ।44।

ਕੋ = ਦਾ। ਗ੍ਰਿਹੁ = ਘਰ। ਤਜਤ ਨਹੀ = ਨਹੀਂ ਛੱਡਦਾ। ਇਹ ਬਿਧਿ = ਇਸ ਤਰੀਕੇ ਨਾਲ। ਭਜਉ = ਭਜਨ ਕਰਿਆ ਕਰੋ। ਇਕ ਮਨਿ ਹੁਇ = ਇਕਾਗਰ ਹੋ ਕੇ। ਇਕ ਚਿਤਿ ਹੁਇ = ਇਕ-ਚਿੱਤ ਹੋ ਕੇ।45।

ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ। ਤਿਹ = ਉਸ ਦੇ (ਇਹ ਤੀਰਥ ਵਰਤ ਦਾਨ) । ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ।46।

ਅਰਥ: ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ) । ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ।42।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ। ਹੇ ਨਾਨਕ! (ਆਖ– ਹੇ ਭਾਈ!) ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ।43।

ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ।44।

ਹੇ ਨਾਨਕ! (ਆਖ– ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।45।

ਹੇ ਨਾਨਕ! (ਆਖ– ਹੇ ਭਾਈ! ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ, ਪਰ) ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ।46।

TOP OF PAGE

Sri Guru Granth Darpan, by Professor Sahib Singh