ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1353, The extra text associated with this page

ਗੁਰਮਤਿ ਅੰਗ ਸੰਗ੍ਰਹਿ

1. ਪਰਮਾਤਮਾ

(ਓ) ਸਰਬ-ਵਿਆਪਕ

1. ਸਿਰੀ ਰਾਗੁ ਮ: 1 = ਆਪੇ ਰਸੀਆ ਆਪਿ ਰਸੁ (ਪੰਨਾ 23

2. ਸਿਰੀ ਰਾਗੁ ਮ: 1 = ਤੂ ਦਰੀਆਉ ਦਾਨਾ ਬੀਨਾ (ਪੰਨਾ 25

3. ਸਲੋਕ ਮ: 3 (ਵਾਰਾਂ ਤੇ ਵਧੀਕ) = ਹਰਹਟ ਭੀ ਤੂੰ ਤੂੰ ਕਰਹਿ (ਪੰਨਾ 1420

4. ਪਉੜੀ ਮ: 4 (ਸਿਰੀ ਰਾਗ ਕੀ 'ਵਾਰ') = ਸਪਤ ਦੀਪ ਸਪਤ ਸਾਗਰਾ (ਪੰਨਾ 84

5. ਪਉੜੀ ਮ: 4 (ਸਿਰੀ ਰਾਗ ਕੀ 'ਵਾਰ') = ਤੂੰ ਆਪੇ ਜਲੁ ਮੀਨਾ ਹੈ ਆਪੇ (ਪੰਨਾ 85

6. ਮਾਝ ਮ: 4 = ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ (ਪੰਨਾ 601

7. ਗਉੜੀ ਮਾਝ ਮ: 4 = ਚੋਜੀ ਮੇਰੇ ਗੋਵਿੰਦਾ, ਚੋਗੀ ਮੇਰੇ ਪਿਆਰਿਆ (ਪੰਨਾ 174-75

8. ਬਿਹਾਗੜਾ ਮ: 4 ਛੰਤ = ਸਭਿ ਜੀਅ ਤੇਰੇ, ਤੂੰ ਵਰਤਦਾ (ਪੰਨਾ 541

9. ਸੋਰਠਿ ਮ: 4 = ਆਪੇ ਸੇਵਾ ਲਾਇਦਾ ਪਿਆਰਾ (ਪੰਨਾ 606

10. ਸੋਰਠਿ ਮ: 4 = ਆਪੇ ਅੰਡਜ ਜੇਰਜ ਸੇਤਜ ਉਤਭੁਜ (ਪੰਨਾ 605

11. ਸੋਰਠਿ ਮ: 4 = ਆਪੇ ਕੰਡਾ ਆਪਿ ਤਰਾਜੀ (ਪੰਨਾ 605

12. ਤਿਲੰਗ ਮ: 4 = ਸਭਿ ਆਏ ਹੁਕਮਿ ਖਸਮਾਹੁ (ਪੰਨਾ 723

13. ਬਸੰਤ ਮ: 4 = ਜਿਉ ਪਸਰੀ ਸੂਰਜਿ ਕਿਰਣਿ ਜੋਤਿ (ਪੰਨਾ 1177

14. ਗਉੜੀ ਮ: 5 = ਓਹੁ ਅਬਿਨਾਸੀ ਰਾਇਆ (ਪੰਨਾ 206

15. ਗਉੜੀ ਸੁਖਮਨੀ ਮ: 5 = ਸੋ ਅੰਤਰਿ ਸੋ ਬਾਹਰਿ ਅਨੰਤ (ਪੰਨਾ 293

16. ਗਉੜੀ ਸੁਖਮਨੀ ਮ: 5 = ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ (ਪੰਨਾ 294

17. ਗਉੜੀ ਸੁਖਮਨੀ ਮ: 5 = ਸਰਬ ਭੂਤ ਆਪਿ ਵਰਤਾਰਾ (ਪੰਨਾ 294

18. ਆਸਾ ਮ: 5 = ਆਪੇ ਪੇਡ ਬਿਸਥਾਰੀ ਸਾਖ (ਪੰਨਾ 387

19. ਆਸਾ ਮ: 5 = ਆਠ ਪਹਰ ਉਦਕ ਇਸਨਾਨੀ (ਪੰਨਾ 393

20. ਪਉੜੀ ਮ: 5 = (ਗੂਜਰੀ ਕੀ ਵਾਰ ਮ: 5) = ਜਿਉ ਜਿਉ ਤੇਰਾ ਹੁਕਮੁ (ਪੰਨਾ 523

21. ਸੋਰਠਿ ਮ: 5 = ਸਗਲ ਬਨਸਪਤਿ ਮਹਿ ਬੈਸੰਤਰੁ (ਪੰਨਾ 617

22. ਧਨਾਸਰੀ ਮ: 5 = ਕਰਿ ਕਿਰਪਾ ਦੀਓ ਮੋਹਿ ਨਾਮਾ (ਪੰਨਾ 54

23. ਜੈਤਸਰੀ ਮ: 5 = ਦੇਹੁ ਸੰਦੇਸਰੇ ਕਹੀਅਉ ਪ੍ਰਿਅ ਕਹੀਅਉ (ਪੰਨਾ 700

24. ਸਲੋਕ ਮ: 5 (ਮਾਰੂ ਕੀ ਵਾਰ) = ਡੂੰਗਰਿ ਜਲਾ ਥਲਾ (ਪੰਨਾ 1101

25. ਭੈਰਉ ਮ: 5 = ਨਿਕਟਿ ਬੂਝੈ ਸੋ ਬੁਰਾ ਕਿਉ ਕਰੈ (ਪੰਨਾ 1139

26. ਧਨਾਸਰੀ ਮ: 9 = ਕਾਹੇ ਰੇ ਬਨ ਖੋਜਨ ਜਾਈ (ਪੰਨਾ 684

27. ਸੋਰਠਿ ਕਬੀਰ ਜੀ = ਦੁਇ ਦੁਇ ਲੋਚਨ ਪੇਖਾ (ਪੰਨਾ 655

28. ਬਸੰਤ ਕਬੀਰ ਜੀ = ਮਉਲੀ ਧਰਤੀ ਮਉਲਿਆ ਆਕਾਸੁ (ਪੰਨਾ 1193

29. ਪ੍ਰਭਾਤੀ ਕਬੀਰ ਜੀ = ਅਵਲਿ ਅਲਹ ਨੂਰੁ ਉਪਾਇਆ (ਪੰਨਾ 1349

30. ਆਸਾ ਨਾਮਦੇਉ ਜੀ = ਏਕ ਅਨੇਕ ਬਿਆਪਕ ਪੂਰਕ (ਪੰਨਾ 485

31. ਆਸਾ ਨਾਮਦੇਉ ਜੀ = ਆਨੀਲੇ ਕੁੰਭ ਭਰਾਈਅਲੇ ਊਦਕ (ਪੰਨਾ 485

32. ਮਾਲੀ ਗਉੜਾ ਨਾਮਦੇਵ ਜੀ = ਸਭੈ ਘਟ ਰਾਮੁ ਬੋਲੈ (ਪੰਨਾ 988

33. ਕਾਨੜਾ ਨਾਮਦੇਵ ਜੀ = ਐਸੋ ਰਾਮ ਰਾਇ ਅੰਤਰਜਾਮੀ (ਪੰਨਾ 1318

34. ਸੋਰਠਿ ਰਵਿਦਾਸ ਜੀ = ਜਬ ਹਮ ਹੋਤੇ ਤਬ ਤੂੰ ਨਾਹੀ (ਪੰਨਾ 657

35. ਸਲੋਕ ਫਰੀਦ ਜੀ ਕੇ = ਇਕੁ ਫਿਕਾ ਨਾ ਗਾਲਾਇ (ਪੰਨਾ 1384

ਭਾਵ:

1. ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ। ਉਹ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ ਉਸ ਵਿਚ ਰਸ ਹੈ, ਤੇ ਆਪ ਹੀ ਉਸ ਦਾ ਸੁਆਦ ਮਾਣਦਾ ਹੈ। ਆਪ ਹੀ ਮੱਛੀ ਹੈ, ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਜਾਲ ਹੈ। ਆਪ ਹੀ ਸੁਖ ਦੁੱਖ ਦੇਣ ਵਾਲਾ ਹੈ, ਆਪ ਹੀ ਸੁਖ ਦੁੱਖ ਭੋਗ ਰਿਹਾ ਹੈ।

2. ਪਰਮਾਤਮਾ ਆਪ ਹੀ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਸਾਰੇ ਜਗਤ ਵਿਚ ਮੌਜੂਦ ਹੈ। ਸਰਬ-ਵਿਆਪਕ ਹੁੰਦਿਆਂ ਨਿਰਲੇਪ ਭੀ ਹੈ। ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ। ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ।

3. ਮਾਇਆ ਦੀ ਨੀਂਦ ਵਿਚੋਂ ਜਿਨ੍ਹਾਂ ਦੀ ਜਾਗ ਖੁਲ੍ਹ ਜਾਂਦੀ ਹੈ, ਉਹਨਾਂ ਦੀਆਂ ਅੱਖਾਂ ਹਰ ਪਾਸੇ ਸਿਰਜਣਹਾਰ ਦਾ ਹੀ ਦੀਦਾਰ ਕਰਦੀਆਂ ਹਨ, ਉਹਨਾਂ ਦੇ ਕੰਨ ਇਉਂ ਅਨੁਭਵ ਕਰਦੇ ਹਨ ਕਿ ਪਸ਼ੂ ਪੰਛੀਆਂ ਬੰਦਿਆਂ ਹਰੇਕ ਕਿਸਮ ਦੇ ਜੀਅ ਜੰਤਾਂ ਵਿਚ ਪ੍ਰਭੂ ਆਪ ਹੀ ਬੋਲ ਰਿਹਾ ਹੈ। ਸਾਰੀ ਕੁਦਰਤਿ ਦਾ ਇਕ ਇਕ ਅੰਗ ਉਹਨਾਂ ਨੂੰ ਸਿਰਜਣਹਾਰ ਵਲੋਂ ਮਿਲੀ ਕਾਰ ਕਰਦਾ ਦਿੱਸਦਾ ਹੈ। ਜਗਤ ਵਿਚ ਹੋ ਰਹੀ ਹਰੇਕ ਕਿਸਮ ਦੀ ਅਵਾਜ਼ ਵਿਚੋਂ ਉਹਨਾਂ ਨੂੰ 'ਤੂੰ ਹੈ ਤੂੰ' ਸੁਣਾਈ ਦੇ ਰਿਹਾ ਹੈ।

4. ਇਹ ਜਗਤ, ਜਗਤ ਵਿਚ ਅਨੇਕਾਂ ਕਿਸਮਾਂ ਦੇ ਚੋਜ-ਤਮਾਸ਼ੇ, ਹਰੇਕ ਕਿਸਮ ਦੀ ਰਚਨਾ = ਸਭ ਵਿਚ ਪ੍ਰਭੂ ਦਾ ਆਪਣਾ ਹੀ ਹੱਥ ਹੈ।

5. ਸਾਰੇ ਹੀ ਜਗਤ ਵਿਚ ਕੋਈ ਇਕ ਭੀ ਸ਼ੈ ਐਸੀ ਨਹੀਂ, ਜਿਸਨੂੰ ਸਿਰਜਣਹਾਰ ਤੋਂ ਵੱਖਰੀ ਕਿਹਾ ਜਾ ਸਕੇ।

ਪਾਣੀ ਭੀ ਆਪ, ਪਾਣੀ ਵਿਚ ਤਰਨ ਵਾਲੀ ਮੱਛੀ ਭੀ ਆਪ ਹੀ ਹੈ। ਮੱਛੀ ਨੂੰ ਫੜਨ ਵਾਸਤੇ ਬਣਾਇਆ ਜਾਲ ਭੀ ਆਪ, ਤੇ ਜਾਲ ਲਾਣ ਵਾਲਾ ਭੀ ਆਪ ਹੈ।

ਸੁਖ ਦੁੱਖ ਦੇਣ ਵਾਲਾ ਭੀ ਆਪ ਹੈ, ਤੇ ਸਹਿਣ ਵਾਲਾ ਭੀ ਆਪ ਹੈ।

6. ਸਾਰੇ ਜਗਤ ਵਿਚ ਹਰ ਥਾਂ ਪ੍ਰਭੂ ਦੀ ਜੋਤਿ ਹੀ ਵਿਆਪਕ ਹੈ।

7. ਇਹ ਜਗਤ-ਤਮਾਸ਼ਾ ਸਿਰਜਣਹਾਰ ਨੇ ਆਪ ਰਚਿਆ ਹੋਇਆ ਹੈ। ਆਪ ਹੀ ਤਮਾਸ਼ਾ ਕਰ ਰਿਹਾ ਹੈ, ਆਪ ਹੀ ਵੇਖ ਰਿਹਾ ਹੈ। ਆਪ ਹੀ ਵਾਜਾ ਹੈ, ਆਪ ਹੀ ਵਜਾਉਣ ਵਾਲਾ ਹੈ, ਆਪ ਹੀ ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ।

8. ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਦਿੱਸਦੇ ਸੰਸਾਰ ਵਿਚ ਹਰ ਥਾਂ ਹੈ।

9. ਇਸ ਜਗਤ-ਅਖਾੜੇ ਵਿਚ ਅਨੇਕਾਂ ਜੀਵ ਆਏ ਤੇ ਚਲੇ ਗਏ, ਆ ਰਹੇ ਹਨ ਤੇ ਤੁਰੇ ਜਾ ਰਹੇ ਹਨ। ਹਰੇਕ ਦੇ ਗਲ ਵਿਚ ਸਿਰਜਣਹਾਰ ਨੇ ਜੀਵਨ-ਜੁਗਤਿ ਦੀ, ਮਾਨੋ, ਰੱਸੀ ਪਾਈ ਹੋਈ ਹੈ; ਜਿਵੇਂ ਤੋਰਦਾ ਹੈ ਤਿਵੇਂ ਜੀਵ ਤੁਰਦੇ ਹਨ। ਹਰੇਕ ਜੀਵ ਵਿਚ ਆਪ ਹੀ ਬੈਠਾ ਪ੍ਰੇਰਨਾ ਕਰਦਾ ਜਾਂਦਾ ਹੈ। ਆਪ ਹੀ ਸੇਵਾ ਕਰਨ ਵਾਲਾ, ਆਪ ਹੀ ਕਰਾਉਣ ਵਾਲਾ। ਆਪ ਹੀ ਗੋਪੀਆਂ; ਆਪ ਹੀ ਕਾਨ੍ਹ, ਆਪ ਹੀ ਗਊਆਂ ਚਾਰਨ ਵਾਲਾ।

ਹਰੇਕ ਥਾਂ, ਹਰੇਕ ਜੀਵ ਵਿਚ ਕਰਤਾਰ ਆਪ ਹੀ ਵਿਆਪਕ ਹੈ।

10. ਅੰਡੇ, ਜਿਉਰ, ਮੁੜ੍ਹਕਾ, ਧਰਤੀ = ਇਹਨਾਂ ਦੀ ਰਾਹੀਂ ਸ੍ਰਿਸ਼ਟੀ ਵਿਚ ਅਨੇਕਾਂ ਕਿਸਮਾਂ ਦੇ ਜੀਵ ਤੇ ਫੁੱਲ ਫਲ ਬੂਟੀਆਂ ਆਦਿਕ ਪੈਦਾ ਹੋਏ ਹਨ। ਜਿਵੇਂ ਮਨਿਆਰ ਸੂਤਰ ਦੇ ਧਾਗੇ ਵਿਚ ਰੰਗਾ ਰੰਗ ਦੇ ਮਣਕੇ ਪ੍ਰੋ ਕੇ ਸੋਹਣੀ ਮਾਲਾ ਬਣਾ ਦੇਂਦਾ ਹੈ, ਪਰਮਾਤਮਾ ਨੇ ਆਪਣੇ ਆਪ ਤੋਂ ਇਹ ਰੰਗ ਬਰੰਗੀ ਰਚਨਾ ਰਚ ਕੇ ਆਪਣੀ ਸੱਤਿਆ ਦੇ ਧਾਗੇ ਵਿਚ ਪ੍ਰੋਤੀ ਹੋਈ ਹੈ। ਜੀਵਾਂ ਨੂੰ ਰਿਜ਼ਕ ਦੇਣ ਵਾਲਾ ਭੀ ਆਪ ਤੇ ਖੇਡਾਂ ਵਿਚ ਪਰਚਾਣ ਵਾਲਾ ਭੀ ਆਪ ਹੀ ਹੈ।

11. ਬੇਅੰਤ ਹੈ ਇਹ ਕੁਦਰਤਿ। ਕੋਈ ਜੀਵ ਇਸ ਦਾ ਅੰਦਾਜ਼ਾ ਨਹੀਂ ਲਾ ਸਕਦਾ। ਪਰ ਸਿਰਜਣਹਾਰ ਕਰਤਾਰ ਦੀ ਇਹ ਖੱਬੇ ਹੱਥ ਦੀ ਖੇਡ ਸਮਝੋ। ਵਿਰੋਧੀ ਤੱਤ ਇਕੱਠੇ ਕਰ ਦਿੱਤੇ ਹਨ। ਕੀਹ ਮਜਾਲ, ਕੋਈ ਇਕ ਤੱਤ ਦੂਜੇ ਨੂੰ ਤਬਾਹ ਕਰ ਸਕੇ। ਜੀਵਾਲਦਾ ਭੀ ਆਪ ਤੇ ਮਾਰਦਾ ਭੀ ਆਪ। ਸਾਰੇ ਜੀਵ ਉਸ ਦੇ ਬਣਾਏ ਹੋਏ ਵਾਜੇ ਹਨ। ਵਾਜਿਆਂ ਵਿਚ ਭੀ ਆਪ ਹੈ, ਵਜਾਣ ਵਾਲਾ ਭੀ ਆਪ ਹੀ ਹੈ।

12. ਹਵਾ ਪਾਣੀ ਧਰਤੀ ਆਕਾਸ਼ ਆਦਿਕ ਜੋ ਕੁਝ ਭੀ ਦਿੱਸ ਰਿਹਾ ਹੈ ਇਹ ਸਭ ਕਰਤਾਰ ਦੇ ਹੁਕਮ ਵਿਚ ਪੈਦਾ ਹੋਇਆ ਹੈ। ਸਭ ਉਸਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ। ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ। ਸਭ ਦੇ ਅੰਦਰ ਉਹ ਆਪ ਹਰ ਥਾਂ ਮੌਜੂਦ ਹੈ ਇਸ ਵਿਚ ਰਤਾ ਭਰ ਭੀ ਸ਼ਕ ਨਹੀਂ।

13. ਸੂਰਜ ਦੀਆਂ ਕਿਰਨਾਂ ਹਰ ਪਾਸੇ ਹਰ ਥਾਂ ਪਹੁੰਚ ਕੇ ਚਾਨਣ ਪੈਦਾ ਕਰਦੀਆਂ ਹਨ। ਤਿਵੇਂ ਪ੍ਰਭੂ ਦੀ ਜੋਤਿ ਕਿਣਕੇ ਕਿਣਕੇ ਵਿਚ ਰੁਮਕ ਰਹੀ ਹੈ।

14. ਪੁਤਲੀਆਂ ਦਾ ਤਮਾਸ਼ਾ ਬੱਚੇ ਬੜੇ ਚਾਉ ਨਾਲ ਵੇਖਦੇ ਹਨ। ਕਾਠ ਦੀਆਂ ਪੁਤਲੀਆਂ ਦੀ ਡੋਰ ਪੁਤਲੀਗਰ ਦੇ ਆਪਣੇ ਹੱਥ ਵਿਚ ਹੁੰਦੀ ਹੈ। ਜਿਸ ਜਿਸ ਪੁਤਲੀ ਨੂੰ ਜਿਵੇਂ ਜਿਵੇਂ ਉਹ ਚਾਹੁੰਦਾ ਹੈ ਡੋਰ ਖਿੱਚ ਕੇ ਨਚਾਂਦਾ ਹੈ।

ਸਾਰੇ ਜੀਅ ਜੰਤ ਨਟ-ਪ੍ਰਭੂ ਦੀਆਂ ਪੁਤਲੀਆਂ ਹਨ। ਗਰੀਬ ਵਿਚ, ਅਮੀਰ ਵਿਚ; ਮੂਰਖ ਵਿਚ, ਵਿਦਵਾਨ ਵਿਚ; ਹਰੇਕ ਦੇ ਅੰਦਰ ਆਪ ਬੈਠਾ ਪ੍ਰੇਰਨਾ ਕਰਦਾ ਜਾ ਰਿਹਾ ਹੈ।

15. ਅੱਗ ਪਾਣੀ ਹਵਾ ਧਰਤੀ ਆਕਾਸ਼ ਬਨਸਪਤੀ ਹਰੇਕ ਸ਼ੈ ਵਿਚ ਪਰਮਾਤਮਾ ਦੀ ਜੋਤਿ ਹੈ। ਕੋਈ ਥਾਂ ਐਸਾ ਨਹੀਂ ਜਿਥੇ ਪ੍ਰਭੂ ਦੀ ਜੋਤਿ ਨਾਹ ਹੋਵੇ।

16. ਜਿਵੇਂ ਤਾਣੇ ਤੇ ਪੇਟੇ ਦੇ ਧਾਗੇ ਆਪੋ ਵਿਚ ਉਣੇ ਪ੍ਰੋਤੇ ਹੋਏ ਹੁੰਦੇ ਹਨ, ਤਿਵੇਂ ਪਰਮਾਤਮਾ ਦੀ ਜੋਤਿ ਹਰੇਕ ਥਾਂ ਹੈ। ਹਰੇਕ ਜੀਵ ਦੇ ਅੰਦਰ ਪ੍ਰਭੂ ਆਪ ਹੀ ਬੋਲ ਰਿਹਾ ਹੈ।

17. ਇਹ ਸਾਰਾ ਦਿੱਸਦਾ ਆਕਾਰ ਪ੍ਰਭੂ ਦਾ ਸਰੀਰ ਸਮਝੋ। ਬੇਅੰਤ ਜੀਆਂ-ਜੰਤਾਂ ਦੀਆਂ ਅੱਖਾਂ ਵਿਚੋਂ ਦੀ ਅਕਾਲ ਪੁਰਖ ਆਪ ਹੀ ਇਹ ਸਾਰਾ ਖੇਲ ਵੇਖ ਰਿਹਾ ਹੈ। ਜੀਵਾਂ ਵਿਚ ਬੈਠਾ ਆਪ ਹੀ ਆਪਣੀ ਸੋਭਾ ਕਰ ਰਿਹਾ ਹੈ, ਤੇ ਆਪ ਹੀ ਸੁਣ ਰਿਹਾ ਹੈ।

18. ਅਣਦਿੱਸਦੇ ਤੇ ਦਿੱਸਦੇ ਜਗਤ ਦੇ ਕਿਣਕੇ ਕਿਣਕੇ ਵਿਚ ਪਰਮਾਤਮਾ ਆਪ ਮੌਜੂਦ ਹੈ।

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਭਰਮ ਦੇ ਛੌੜ ਕੱਟੇ ਜਾਂਦੇ ਹਨ, ਉਹਨਾਂ ਨੂੰ ਹਰ ਥਾਂ ਵੱਸਦਾ ਪ੍ਰਭੂ ਪਰਤੱਖ ਦਿੱਸਦਾ ਹੈ।

19. ਮੱਛੀਆਂ ਆਦਿਕ ਜੀਵ ਸਦਾ ਪਾਣੀ ਵਿਚ ਰਹਿੰਦੇ ਹਨ, ਇਹਨਾਂ ਜੀਵਾਂ ਵਿਚ ਪ੍ਰਭੂ ਆਪ ਮੌਜੂਦ ਹੈ। ਇਸ ਤਰ੍ਹਾਂ ਪ੍ਰਭੂ-ਦੇਵ ਅੱਠੇ ਪਹਰ ਜਲ ਵਿਚ ਇਸ਼ਨਾਨ ਕਰ ਰਿਹਾ ਹੈ। ਬਨਸਪਤੀ ਦੇ ਫੁੱਲ ਹਰ ਵੇਲੇ ਸੁਗੰਧੀ ਦੇ ਰਹੇ ਹਨ। ਫੁੱਲਾਂ ਵਿਚ ਬੈਠਾ ਪ੍ਰਭੂ ਹਰ ਵੇਲੇ ਸੁਗੰਧੀ ਲੈ ਰਿਹਾ ਹੈ। ਹਰੇਕ ਜੀਵ ਅੰਦਰ ਪ੍ਰਭੂ ਆਪ ਵਿਆਪਕ ਹੈ। ਸਭ ਜੀਵਾਂ ਦੇ ਸਰੀਰ ਪ੍ਰਭੂ-ਦੇਵ ਦੇ ਸੰਪੁਟ (ਡੱਬੇ) ਹਨ।

20. ਜਿਨ੍ਹਾਂ ਸੁਭਾਗ ਬੰਦਿਆਂ ਨੂੰ ਪ੍ਰਭੂ ਅਸਲੀਅਤ ਵੇਖ ਸਕਣ ਵਾਲੀਆਂ ਅੱਖਾਂ ਬਖ਼ਸ਼ਦਾ ਹੈ, ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਇਸ ਜਗਤ ਦੇ ਅੰਦਰ ਬਾਹਰ ਹਰ ਥਾਂ ਇਸ ਦਾ ਰਚਨਹਾਰ ਕਰਤਾਰ ਆਪ ਵੱਸ ਰਿਹਾ ਹੈ, ਤੇ ਉਸੇ ਦਾ ਹੁਕਮ ਚੱਲ ਰਿਹਾ ਹੈ।

21. ਗਾਂ ਮਹੀਂ ਬੱਕਰੀ ਭੇਡ ਆਦਿਕ ਹਰੇਕ ਦਾ ਦੁੱਧ ਸਫ਼ੇਦ ਰੰਗ ਦਾ ਹੈ, ਹਰੇਕ ਵਿਚੋਂ ਹੀ ਰਿੜਕਿਆਂ ਮੱਖਣ ਨਿਕਲ ਆਉਂਦਾ ਹੈ। ਪਸ਼ੂ ਵੱਖ-ਵੱਖ ਸ਼੍ਰੇਣੀਆਂ ਦੇ ਹਨ, ਪਰ ਮੱਖਣ ਸਭ ਦੇ ਦੁੱਧ ਵਿਚ ਹੈ।

ਧਰਤੀ ਉਤੇ ਅਨੇਕਾਂ ਕਿਸਮਾਂ ਦੇ ਰੁੱਖ ਹਨ, ਵੇਖਣ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਹਨ। ਅੱਗ ਹਰੇਕ ਰੁੱਖ ਵਿਚ ਮੌਜੂਦ ਹੈ।

ਇਸ ਬਹੁ-ਰੰਗੇ ਜਗਤ ਵਿਚ ਪਰਮਾਤਮਾ ਦੀ ਜੋਤਿ ਹਰ ਥਾਂ ਮੌਜੂਦ ਹੈ।

22. ਜਲ ਥਲ ਧਰਤੀ ਆਕਾਸ਼ ਹਰ ਥਾਂ ਪ੍ਰਭੂ ਵਿਆਪਕ ਹੈ। ਇਹ ਯਕੀਨ ਉਹਨਾਂ ਨੂੰ ਬਣਦਾ ਹੈ ਜੋ ਸਤਸੰਗ ਵਿਚ ਜਾਣ ਦੇ ਅਭਿਆਸੀ ਹੁੰਦੇ ਹਨ। ਉਹਨਾਂ ਨੂੰ ਸਾਰਾ ਜਗਤ ਆਪਣਾ ਮਿੱਤ੍ਰ ਹੀ ਦਿੱਸਦਾ ਹੈ।

23. ਸਿਰਜਣਹਾਰ ਸਭ ਥਾਂ ਵਿਆਪਕ ਹੈ। ਪਰ ਇਹ ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

24. ਜਲ, ਥਲ, ਪਰਬਤ, ਬਨਸਪਤੀ, ਆਕਾਸ਼, ਪਾਤਾਲ = ਸਾਰੀ ਹੀ ਸ੍ਰਿਸ਼ਟੀ ਦਾ ਕਿਣਕਾ ਕਿਣਕਾ ਮਾਲਾ ਦੇ ਮਣਕਿਆਂ ਵਾਂਗ ਪ੍ਰਭੂ ਦੀ ਜੋਤਿ ਦੇ ਧਾਗੇ ਵਿਚ ਪ੍ਰੋਤੇ ਹੋਏ ਹਨ।

25. ਮਾਇਆ-ਗ੍ਰਸੇ ਮਨੁੱਖ ਨੂੰ ਹੀ ਜਗਤ ਵਿਚ ਮੇਰ-ਤੇਰ ਦਿੱਸਦੀ ਹੈ। ਪਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦੀਆਂ ਅੱਖਾਂ ਖੁਲ੍ਹ ਪਈਆਂ ਹਨ, ਉਸ ਨੂੰ ਸਿਰਜਣਹਾਰ ਹਰ ਥਾਂ ਦਿੱਸਦਾ ਹੈ, ਇਸ ਵਾਸਤੇ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਿਤਵਦਾ।

26. ਫੁੱਲ ਵਿਚ ਸੁਗੰਧੀ ਵੱਸਦੀ ਹੈ, ਪਰ ਅਸੀਂ ਉਸ ਸੁਗੰਧੀ ਨੂੰ ਵੇਖ ਨਹੀਂ ਸਕਦੇ। ਸ਼ੀਸ਼ੇ ਵਿਚ ਮਨੁੱਖ ਆਪਣਾ ਪ੍ਰਤੀਬਿੰਬ ਵੇਖਦਾ ਹੈ, ਪਰੰਤੂ ਸ਼ੀਸ਼ੇ ਨੂੰ ਵੇਖਣ ਵਾਲਾ ਉਸ ਸ਼ੀਸ਼ੇ ਦੇ ਵਿਚ ਜਕੜਿਆ ਨਹੀਂ ਗਿਆ। ਸਿਰਜਣਹਾਰ ਪ੍ਰਭੂ ਇਸ ਸਾਰੀ ਕੁਦਰਤਿ ਦੇ ਅੰਦਰ ਭੀ ਵੱਸਦਾ ਹੈ, ਤੇ ਇਸ ਤੋਂ ਨਿਰਲੇਪ ਭੀ ਹੈ।

27. ਜਦੋਂ ਬਾਜ਼ੀਗਰ ਕਿਸੇ ਪਿੰਡ ਨਗਰ ਜਾ ਕੇ ਤਮਾਸ਼ੇ ਦਾ ਢੋਲ ਵਜਾਂਦੇ ਹਨ, ਤਾਂ ਪਿੰਡ ਦੇ ਲੋਕ ਤਮਾਸ਼ਾ ਵੇਖਣ ਆ ਜਾਂਦੇ ਹਨ। ਕੁਝ ਸਮਾ ਖ਼ੂਬ ਰੌਣਕ ਬਣੀ ਰਹਿੰਦੀ ਹੈ। ਬਾਜ਼ੀਗਰ ਖੇਡ ਸਮੇਟ ਲੈਂਦੇ ਹਨ, ਤਾਂ ਮੇਲਾ ਉੱਜੜ ਜਾਂਦਾ ਹੈ।

ਪ੍ਰਭੂ ਨੇ ਇਹ ਸਾਰੀ ਖੇਡ ਰਚਾਈ ਹੈ। ਹਰੇਕ ਸੁਆਂਗ ਵਿਚ ਉਹ ਆਪ ਮੌਜੂਦ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿਚ ਪ੍ਰਭੂ-ਪਿਆਰ ਦੀ ਝਲਕ ਪੈਦਾ ਹੁੰਦੀ ਹੈ; ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਦੀਦਾਰ ਹੁੰਦਾ ਹੈ।

28. ਬਸੰਤ ਰੁੱਤ ਆਉਂਦੀ ਹੈ, ਤਾਂ ਸਾਰੀ ਧਰਤੀ ਦੀ ਬਨਸਪਤੀ ਖਿੜ ਪੈਂਦੀ ਹੈ। ਜਗਤ ਦੀ ਇਹ ਸਾਰੀ ਰਚਨਾ ਪ੍ਰਭੂ ਦੀ ਆਪਣੀ ਹੀ ਹਸਤੀ ਦਾ ਪ੍ਰਕਾਸ਼ ਹੈ।

29. ਗਰੀਬ ਅਮੀਰ, ਉੱਚੀ ਜਾਤਿ ਦੇ ਨੀਵੀਂ ਜਾਤਿ ਦੇ = ਸਾਰੇ ਹੀ ਜੀਵ ਪਰਮਾਤਮਾ ਦੀ ਜੋਤਿ ਤੋਂ ਪੈਦਾ ਹੋਏ ਹਨ। ਸਾਰੀ ਹੀ ਖ਼ਲਕਤ ਵਿਚ ਉਹ ਆਪ ਮੌਜੂਦ ਹੈ। ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਦੇਂਦਾ ਹੈ।

30. ਰੰਗ ਰੰਗ ਦੀ ਰਚਨਾ ਵੇਖ ਕੇ ਮਨੁੱਖ ਭੁਲੇਖਾ ਖਾ ਜਾਂਦਾ ਹੈ ਪਰ ਅਸਲ ਵਿਚ ਸਿਰਜਣਹਾਰ ਆਪ ਅਨੇਕ ਰੰਗਾਂ ਰੂਪਾਂ ਵਿਚ ਆਪਣਾ ਪਰਕਾਸ਼ ਕਰ ਰਿਹਾ ਹੈ। ਹਜ਼ਾਰਾਂ ਲੱਖਾਂ ਮਣਕੇ ਧਾਗੇ ਵਿਚ ਪ੍ਰੋ ਲਈਦੇ ਹਨ। ਪ੍ਰਭੂ ਦੀ ਸੱਤਿਆ ਦੇ ਧਾਗੇ ਵਿਚ ਇਹ ਰੰਗ ਬਰੰਗੀ ਰਚਨਾ ਪ੍ਰੋਤੀ ਪਈ ਹੈ। ਲਹਿਰਾਂ, ਝੱਗ, ਬੁਲਬੁਲੇ ਪਾਣੀ ਨਾਲੋਂ ਵੱਖ ਨਹੀਂ ਹਨ। ਇਹ ਸਾਰਾ ਜਗਤ ਉਸ ਅਥਾਹ ਸਮੁੰਦਰ ਪ੍ਰਭੂ ਦਾ ਅਨੇਕ ਕਿਸਮਾਂ ਦਾ ਪ੍ਰਗਟਾਵ ਹੈ।

31. ਸਮੁੰਦਰ ਦੇ ਅਸਗਾਹ ਪਾਣੀਆਂ ਵਿਚ ਬੇਅੰਤ ਜੂਨੀਆਂ ਦੇ ਜੀਵ ਵੱਸਦੇ ਹਨ, ਹਰੇਕ ਜੀਵ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ। ਫੁੱਲ ਵਿਚ ਆਪ ਹੈ, ਭੌਰੇ ਵਿਚ ਭੀ ਆਪ ਹੈ। ਦੁੱਧ ਵਿਚ ਆਪ ਹੈ, ਵੱਛੇ ਵਿਚ ਭੀ ਆਪ ਹੈ। ਜਿਧਰ ਤੱਕੋ, ਪ੍ਰਭੂ ਆਪ ਹੀ ਆਪ ਹੈ। ਕੋਈ ਥਾਂ ਐਸਾ ਨਹੀਂ, ਜਿਥੇ ਪ੍ਰਭੂ ਮੌਜੂਦ ਨਹੀਂ ਹੈ।

ਸਾਰੇ ਜਗਤ ਵਿਚ ਵਿਆਪਕ ਹੋ ਕੇ ਤਮਾਸ਼ਾ ਕਰ ਰਿਹਾ ਹੈ ਤੇ ਵੇਖ ਰਿਹਾ ਹੈ।

32. ਸ੍ਰਿਸ਼ਟੀ ਦੇ ਸਭ ਜੀਵਾਂ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ। ਹਾਥੀ ਤੋਂ ਲੈ ਕੇ ਕੀੜੀ ਤਕ ਸਭ ਜੀਵ-ਭਾਂਡੇ ਪਰਮਾਤਮਾ ਨੇ ਆਪ ਹੀ ਘੜੇ ਹਨ, ਅਤੇ ਸਭ ਵਿਚ ਆਪ ਮੌਜੂਦ ਹੈ।

33. ਟਿਕਵੇਂ ਨਿੱਤਰੇ ਪਾਣੀ ਵਿਚ ਵੇਖੀਏ, ਤਾਂ ਆਪਣਾ ਮੂੰਹ ਦਿੱਸ ਆਉਂਦਾ ਹੈ। ਸ਼ੀਸ਼ੇ ਵਿਚ ਵੇਖਣ ਵਾਲੇ ਨੂੰ ਆਪਣਾ ਪ੍ਰਤੀਬਿੰਬ ਦਿੱਸਦਾ ਹੈ। ਪਰ ਸਾਡਾ ਪ੍ਰਥੀਬਿੰਬ ਨਾਹ ਪਾਣੀ ਵਿਚ ਜਕੜਿਆ ਪਿਆ ਹੈ, ਨਾਹ ਹੀ ਸ਼ੀਸ਼ੇ ਵਿਚ।

ਸਿਰਜਣਹਾਰ ਪ੍ਰਭੂ ਸਾਰੀ ਰਚਨਾ ਵਿਚ ਮੌਜੂਦ ਹੈ, ਪਰ ਉਸ ਉਤੇ ਇਸ ਰਚਨਾ ਦਾ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।

34. ਤੇਜ਼ ਹਵਾ ਦੇ ਚੱਲਣ ਨਾਲ ਦਰਿਆ ਵਿਚ ਸਮੁੰਦਰ ਵਿਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਹਨ, ਫਿਰ ਉਸ ਸਮੁੰਦਰ ਵਿਚ ਹੀ ਮਿਲ ਜਾਂਦੀਆਂ ਹਨ। ਸਮੁੰਦਰ ਨਾਲੋਂ ਇਹ ਲਹਿਰਾਂ ਵੱਖ ਨਹੀਂ ਹਨ। ਮਾਇਆ ਦੇ ਮੋਹ ਵਿਚ ਫਸ ਕੇ ਜੀਵ ਇਸ ਜਗਤ ਨੂੰ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਸਮਝ ਲੈਂਦਾ ਹੈ।

35. ਗ਼ਰੀਬ ਹੈ ਚਾਹੇ ਧਨਾਢ ਹੈ, ਪ੍ਰਭੂ ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।

ਹਰੇਕ ਪ੍ਰਾਣੀ ਨੂੰ ਪ੍ਰਭੂ ਦੀ ਅੰਸ਼ ਸਮਝੋ। ਕਿਸੇ ਦਾ ਦਿਲ ਨਾ ਦੁਖਾਓ। ਕਿਸੇ ਬੰਦੇ ਦਾ ਦਿਲ ਦੁਖਾਉਣਾ ਪ੍ਰਭੂ ਦੀ ਨਰਾਦਰੀ ਕਰਨ ਦੇ ਬਰਾਬਰ ਹੈ।

ਪਰਮਾਤਮਾ

(ਅ) ਰਾਜ਼ਕ

1. (ਮਾਝ ਕੀ ਵਾਰ) ਮ: 1 = ਨ ਰਿਜਕੁ ਦਸਤ ਆਂ ਕਸੇ (ਪੰਨਾ 143

2. (ਵਾਰ ਰਾਮਕਲੀ) ਸਲੋਕ ਮ: 2 = ਨਾਨਕ ਚਿੰਤਾ ਮਤ ਕਰਹੁ (ਪੰਨਾ 955

3. ਗਉੜੀ ਸੁਖਮਨੀ ਮ: 5 = ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ (ਪੰਨਾ 281

4. ਗੂਜਰੀ ਮ: 5 = ਕਾਹੇ ਰੇ ਮਨ ਚਿਤਵਹਿ (ਪੰਨਾ 495

5. ਗੂਜਰੀ ਮ: 5 = ਜਿਸੁ ਮਾਨੁਖ ਪਹਿ ਕਰਉ (ਪੰਨਾ 497

6. ਸੋਰਠਿ ਮ: 5 = ਕਿਸੁ ਹਉ ਜਾਚੀ (ਪੰਨਾ 608

7. ਧਨਾਸਰੀ ਮ: 5 = ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ (ਪੰਨਾ 671

8. ਧਨਾਸਰੀ ਮ: 5 = ਅਪਨੀ ਉਕਤਿ ਖਲਾਵੈ ਭੋਜਨ (ਪੰਨਾ 680

9. ਧਨਾਸਰੀ ਮ: 5 = ਮਾਂਗਉ ਰਾਮ ਤੇ ਸਭਿ ਥੋਕ (ਪੰਨਾ 682

10. ਤਿਲੰਗ ਮ: 5 = ਮਿਹਰਵਾਨੁ ਸਾਹਿਬੁ ਮਿਹਰਵਾਨੁ (ਪੰਨਾ 724

11. ਪਉੜੀ ਮ: 5 (ਰਾਮਕਲੀ ਕੀ ਵਾਰ) = ਦੇਣਹਾਰ ਦਾਤਾਰੁ (ਪੰਨਾ 957

12. ਮਲਾਰ ਮ: 5 = ਖੀਰ ਅਧਾਰਿ (ਪੰਨਾ 1266

13. ਗੂਜਰੀ ਕਬੀਰ ਜੀ = ਮੁਸਿ ਮੁਸਿ ਰੋਵੈ ਕਬੀਰ ਕੀ ਮਾਈ (ਪੰਨਾ 524

14. ਸੋਰਠਿ ਕਬੀਰ ਜੀ = ਭੂਖੇ ਭਗਤਿ ਨ ਕੀਜੈ (ਪੰਨਾ 656

15. ਆਸਾ ਧੰਨਾ ਜੀ = ਰੇ ਚਿਤ ਚੇਤਸਿ ਕੀ ਨ (ਪੰਨਾ 488

16. ਧਨਾਸਰੀ ਧੰਨਾ ਜੀ = ਗੋਪਾਲ ਤੇਰਾ ਆਰਤਾ (ਪੰਨਾ 695

17. ਸਲੋਕ ਕਬੀਰ ਜੀ = ਕਬੀਰ ਥੋਰੈ ਜਲਿ ਮਾਛੁਲੀ (ਪੰਨਾ 1367

18. ਸਲੋਕ ਫਰੀਦ ਜੀ = ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਕਉ (ਪੰਨਾ 1383

ਭਾਵ:

(1) ਜੀਵਾਂ ਦਾ ਰਿਜ਼ਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ। ਵੇਖੋ! ਪੰਛੀਆਂ ਦੇ ਪੱਲੇ ਧਨ ਨਹੀਂ ਹੈ, ਉਹ ਪ੍ਰਭੂ ਦੇ ਬਣਾਏ ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ। ਉਹਨਾਂ ਨੂੰ ਰੋਜ਼ੀ ਦੇਣ ਵਾਲਾ ਪਰਮਾਤਮਾ ਹੀ ਹੈ। ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਹੀ ਆਸ ਹੈ।

(2) ਸਮੁੰਦਰਾਂ ਦੇ ਡੂੰਘੇ ਪਾਣੀਆਂ ਵਿਚ ਸਿਰਜਣਹਾਰ ਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ। ਉਥੇ ਕੋਈ ਹੱਟ ਨਹੀਂ ਹਨ, ਕੋਈ ਕਿਰਤ ਨਹੀਂ ਹੋ ਰਹੀ, ਕੋਈ ਵਪਾਰ ਨਹੀਂ ਚੱਲ ਰਹੇ। ਫਿਰ ਭੀ, ਸਭ ਜੀਵਾਂ ਦੀ ਰੋਜ਼ੀ ਦਾ ਪ੍ਰਬੰਧ ਕਰਤਾਰ ਨੇ ਕਰ ਦਿੱਤਾ ਹੈ। ਉਥੇ ਨਿੱਕੇ ਜੀਵਾਂ ਨੂੰ ਵੱਡੇ ਜੀਵ ਖਾ ਜਾਂਦੇ ਹਨ।

ਇਤਨੀ ਬੇਅੰਤ ਰਚਨਾ ਵਿਚ ਕਰਤਾਰ ਨੇ ਸਭ ਦੇ ਰਿਜ਼ਕ ਦਾ ਪ੍ਰਬੰਧ ਭੀ ਕੀਤਾ ਹੋਇਆ ਹੈ।

(3) ਸਿਰਜਣਹਾਰ ਆਪ ਹੀ ਰਾਜ਼ਕ ਹੈ। ਉਹੀ ਮਾਰਦਾ, ਉਹੀ ਜੀਵਲਦਾ ਹੈ। ਉਹੀ ਰਿਜ਼ਕ ਦੇਣ ਦੇ ਸਮਰੱਥ ਹੈ।

ਰਿਜ਼ਕ ਦੀ ਖ਼ਾਤਰ ਧਿਰ ਧਿਰ ਦੀ ਮੁਥਾਜੀ ਛੱਡੋ। ਪ੍ਰਭੂ ਨੂੰ ਰਾਜ਼ਕ ਮੰਨ ਕੇ ਉੱਦਮ ਕਰੋ।

(4) ਪੱਥਰ ਵਿਚ ਕੀੜਾ ਜੰਮ ਪੈਂਦਾ ਹੈ। ਬਾਹਰੋਂ ਕਿਸੇ ਵਲੋਂ ਉਸ ਨੂੰ ਖ਼ੁਰਾਕ ਨਹੀਂ ਪਹੁੰਚ ਸਕਦੀ। ਪੱਥਰ ਦੇ ਅੰਦਰ ਹੀ ਉਸ ਨੂੰ ਜਿਊਂਦਾ ਰੱਖਣ ਲਈ ਪ੍ਰਬੰਧ ਹੈ।

ਕੂੰਜਾਂ ਅੰਡੇ ਦੇ ਕੇ ਸੈਂਕੜੇ ਕੋਹਾਂ ਤੇ ਦੂਰ ਉੱਡ ਆਉਂਦੀਆਂ ਹਨ। ਕੂੰਜਾਂ ਦੇ ਬੱਚਿਆਂ ਨੂੰ ਉਥੇ ਕੋਈ ਚੋਗਾ ਚੁਗਾਣ ਵਾਲਾ ਨਹੀਂ ਹੁੰਦਾ। ਫਿਰ ਭੀ, ਉਹ ਪਲ ਪੈਂਦੇ ਹਨ।

ਰਾਜ਼ਕ-ਪ੍ਰਭੂ ਨੇ ਹਰੇਕ ਜੀਵ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ ਹੈ।

(5) ਕਿਸੇ ਭੀ ਨਾਲ ਗੱਲ ਕਰ ਵੇਖੋ, ਹਰ ਕੋਈ ਆਪਣੇ ਆਪਣੇ ਦੁੱਖ ਫੋਲ ਦੇਂਦਾ ਹੈ।

ਇਕ ਪਰਮਾਤਮਾ ਤੇ ਡੋਰੀ ਰੱਖ ਕੇ ਉੱਦਮ ਕਰੋ। ਸਭਨਾਂ ਦਾ ਰਾਜ਼ਕ ਪ੍ਰਭੂ ਆਪ ਹੈ।

(6) ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨਾਲ ਹੀ ਮਨੁੱਖ ਰੱਜ ਸਕਦਾ ਹੈ, ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਨੂੰ ਵਿਸਾਰ ਕੇ ਉਸ ਦੇ ਪੈਦਾ ਕੀਤੇ ਬੰਦਿਆਂ ਦੀ ਮੁਥਾਜੀ ਕਰਦੇ ਫਿਰਨਾ ਜੀਵਨ ਦਾ ਸਹੀ ਰਸਤਾ ਨਹੀਂ। ਸਾਰੇ ਸੁਖ ਪਰਮਾਤਮਾ ਹੀ ਦੇਣ ਵਾਲਾ ਹੈ।

(7) ਜਿਸ ਪ੍ਰਭੂ ਨੇ ਇਹ ਸਰੀਰ ਦਿੱਤਾ ਹੈ, ਇਹ ਜਿੰਦ ਦਿੱਤੀ ਹੈ, ਰੋਜ਼ੀ ਦਾ ਪ੍ਰਬੰਧ ਭੀ ਉਹੀ ਕਰਦਾ ਹੈ।

(8) ਮਾਂ ਆਪਣੇ ਬੱਚੇ ਨੂੰ ਖਿਡਾਉਂਦੀ ਭੀ ਹੈ, ਤੇ ਵੇਲੇ-ਸਿਰ ਦੁੱਧ ਭੀ ਪਿਲਾਂਦੀ ਹੈ। ਉਸ ਨੂੰ ਬੱਚੇ ਦਾ ਹਰ ਵੇਲੇ ਫ਼ਿਕਰ ਰਹਿੰਦਾ ਹੈ।

ਰਾਜ਼ਕ-ਪ੍ਰਭੂ ਸਭ ਜੀਵਾਂ ਦੀ ਮਾਂ ਹੈ।

(9) ਮਨੁੱਖਾਂ ਪਾਸੋਂ ਮੰਗ ਕੇ ਹੌਲੇ ਪੈ ਜਾਈਦਾ ਹੈ। ਆਪਣੀਆਂ ਲੋੜਾਂ ਰਾਜ਼ਕ-ਪ੍ਰਭੂ ਦੇ ਦਰ ਤੇ ਪੇਸ਼ ਕੀਤਿਆਂ ਲੋੜਾਂ ਭੀ ਪੂਰੀਆਂ ਹੁੰਦੀਆਂ ਹਨ, ਸ਼ਰਮ-ਸਾਰ ਭੀ ਨਹੀਂ ਹੋਈਦਾ, ਤੇ ਮਾਇਕ ਦੀ ਖ਼ਾਤਰ ਭਟਕਣਾ ਭੀ ਨਹੀਂ ਰਹਿੰਦੀ।

(10) ਪਰਮਾਤਮਾ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਉਹੀ ਸਭ ਦੀ ਰੱਖਿਆ ਕਰਦਾ ਹੈ, ਉਹੀ ਸਭ ਦੀ ਸੰਭਾਲ ਕਰਦਾ ਹੈ ਪਾਲਣਾ ਕਰਦਾ ਹੈ। ਸਭ ਜੀਵਾਂ ਨੂੰ ਸਰੀਰ ਤੇ ਜਿੰਦ ਦੇਣ ਵਾਲਾ ਪਰਮਾਤਮਾ ਆਸਰਾ ਭੀ ਸਭ ਦਾ ਆਪ ਹੀ ਹੈ।

(11) ਮਾਪੇ ਆਪਣੇ ਬੱਚਿਆਂ ਨੂੰ ਬੜੇ ਗਹੁ ਨਾਲ ਬੜੇ ਪਿਆਰ ਨਾਲ ਪਾਲਦੇ ਹਨ।

ਸਿਰਜਣਹਾਰ ਸਭ ਜੀਵਾਂ ਦਾ ਮਾਂ ਪਿਉ ਹੈ।

(12) ਜਿਤਨਾ ਚਿਰ ਬੱਚਾ ਸਿਰਫ਼ ਦੁੱਧ ਤੇ ਪਲਦਾ ਹੈ, ਮਾਂ ਬੜੇ ਧਿਆਨ ਨਾਲ ਉਸ ਨੂੰ ਆਪਣੇ ਥਣਾਂ ਦਾ ਦੁੱਧ ਪਿਲਾਂਦੀ ਹੈ। ਰਤਾ ਕੁ ਸਿਆਣਾ ਹੋ ਕੇ ਬੱਚਾ ਕਦੇ ਬਲਦੀ ਅੱਗ ਨੂੰ ਆਪਣੇ ਹੱਥ ਵਿਚ ਫੜਨ ਦਾ ਜਤਨ ਕਰਦਾ ਹੈ, ਕਦੇ ਕੋਈ ਸੋਹਣਾ ਸੱਪ ਵੇਖ ਕੇ ਉਸ ਨੂੰ ਫੜਨ ਪੈਂਦਾ ਹੈ, ਮਾਪੇ ਉਸ ਨੂੰ ਇਹਨਾਂ ਖ਼ਤਰਿਆਂ ਤੋਂ ਸਦਾ ਬਚਾਂਦੇ ਹਨ।

ਅਸੀਂ ਬੱਚੇ ਹਾਂ। ਪਰਮਾਤਮਾ ਸਾਡੀ ਮਾਂ ਹੈ, ਸਾਡਾ ਪਿਉ ਹੈ।

(13) ਰਾਜ਼ਕ-ਪ੍ਰਭੂ ਨੇ ਮਾਪੇ ਬੱਚਿਆਂ ਦੀ ਪਾਲਣਾ ਵਾਸਤੇ ਬਹਾਨਾ ਬਣਾਏ ਹੋਏ ਹਨ।

ਉਸ ਨੂੰ ਹਰੇਕ ਦੀ ਪਾਲਣਾ ਦਾ ਫ਼ਿਕਰ ਹੈ।

(14) ਤ੍ਰਿਸ਼ਨਾ ਦਾ ਹੜ੍ਹ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਰੋੜ੍ਹ ਕੇ ਲੈ ਜਾਂਦਾ ਹੈ। ਨਹੀਂ ਤਾਂ, ਰੋਜ਼ਾਨਾ ਸਰੀਰਕ ਲੋੜਾਂ ਉਸ ਰਾਜ਼ਕ-ਪ੍ਰਭੂ ਦੇ ਦਰ ਤੋਂ ਹਰੇਕ ਨੂੰ ਮਿਲਦੀਆਂ ਤੇ ਮਿਲ ਸਕਦੀਆਂ ਹਨ।

(15) ਮਾਂ ਦੇ ਪੇਟ ਵਿਚ ਪਰਮਾਤਮਾ ਬੱਚੇ ਦਾ ਸਰੀਰ ਬਣਾਂਦਾ ਹੈ, ਮਾਂ ਦੇ ਪੇਟ ਦੀ ਅੱਗ ਵਿਚ ਉਸ ਦੀ ਰੱਖਿਆ ਭੀ ਕਰਦਾ ਹੈ।

ਕੱਛੂ-ਕੰਮੀ ਪਾਣੀ ਵਿਚ ਰਹਿੰਦੀ ਹੈ, ਉਸ ਦੇ ਬੱਚੇ ਬਾਹਰ ਰੇਤੇ ਉਤੇ ਰਹਿੰਦੇ ਹਨ। ਨਾਹ ਬੱਚਿਆਂ ਨੂੰ ਖੰਭ ਹਨ ਕਿ ਉੱਡ ਕੇ ਕੁਝ ਖਾ ਲੈਣ, ਨਾਹ ਕੱਛੂ-ਕੁੰਮੀ ਨੂੰ ਥਣ ਹਨ ਕਿ ਬੱਚਿਆਂ ਨੂੰ ਦੁੱਧ ਪਿਆਏ।

ਪੱਥਰ ਵਿਚ ਕੀੜਾ ਲੁਕਿਆ ਰਹਿੰਦਾ ਹੈ। ਪੱਥਰ ਵਿਚੋਂ ਬਾਹਰ ਜਾਣ ਲਈ ਕੋਈ ਰਸਤਾ ਨਹੀਂ। ਪੱਥਰਾਂ ਵਿਚ ਹੀ ਪਰਮਾਤਮਾ ਉਸ ਨੂੰ ਪਾਲਦਾ ਹੈ।

ਇਹੋ ਜਿਹਾ ਹੈ ਰਾਜ਼ਕ ਪਰਮਾਤਮਾ।

(16) ਹਰ ਰੋਜ਼ ਦੀਆਂ ਸਰੀਰਕ ਲੋੜਾਂ ਵਾਸਤੇ ਰਾਜ਼ਕ-ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰੋ।

ਆਪਣੇ ਸੇਵਕ ਨੂੰ ਪ੍ਰਭੂ ਵਿਰਵਾ ਨਹੀਂ ਰਹਿਣ ਦੇਂਦਾ।

(17) ਛੱਪੜਾਂ ਦੇ ਛੋਟੇ ਪਾਣੀਆਂ ਵਿਚ ਰਹਿੰਦੀ ਮੱਛੀ ਬੜੀ ਛੇਤੀ ਝੀਊਰ ਦੇ ਜਾਲ ਵਿਚ ਫਸ ਜਾਂਦੀ ਹੈ। ਸਮੁੰਦਰਾਂ ਵਿਚ ਤਾਰੀਆਂ ਭੀ ਖੁਲ੍ਹੀਆਂ, ਤੇ ਮਾਛੀ ਦੇ ਜਾਲ ਵਲੋਂ ਭੀ ਖ਼ਤਰਾ ਘੱਟ।

ਰਾਜ਼ਕ-ਪ੍ਰਭੂ ਦੇ ਦਰ ਤੇ ਆਸ ਰੱਖਿਆਂ ਹੋਰਨਾਂ ਦੀ ਮੁਥਾਜੀ ਨਹੀਂ ਰਹਿੰਦੀ।

(18) ਵੇਖੋ ਸਿਦਕ ਪੰਛੀਆਂ ਦਾ! ਜੰਗਲ ਦੇ ਰੁੱਖਾਂ ਉਤੇ ਵਸੇਰਾ ਹੈ, ਉਥੋਂ ਹੀ ਭੁੰਞੇ ਡਿੱਗੇ ਦਾਣੇ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ।

ਮਨੁੱਖ ਨੂੰ ਤ੍ਰਿਸ਼ਨਾ ਮਾਰਦੀ ਹੈ।

ਪਰਮਾਤਮਾ

(ੲ) ਸਿਰਜਣਹਾਰ

1. ਪਉੜੀ ਮ: 3 (ਗੂਜਰੀ ਕੀ ਵਾਰ) = ਆਪਣਾ ਆਪੁ ਉਪਾਇਓਨੁ (ਪੰਨਾ 509

2. ਪਉੜੀ ਮ: 3 (ਗੂਜਰੀ ਕੀ ਵਾਰ) = ਆਪੇ ਜਗਤੁ ਉਪਾਇਓਨੁ (ਪੰਨਾ 517

3. ਪਉੜੀ ਮ: 3 (ਵਾਰ ਰਾਮਕਲੀ) = ਸਚੈ ਤਖਤੁ ਰਚਾਇਆ (ਪੰਨਾ 947

4. ਪਉੜੀ ਮ: 4 (ਵਾਰ ਸਿਰੀ ਰਾਗ) = ਤੁਧੁ ਆਪੇ ਧਰਤੀ ਸਾਜੀਐ (ਪੰਨਾ 83

5. ਪਉੜੀ ਮ: 4 (ਵਾਰ ਬਿਹਾਗੜਾ) = ਜਦਹੁ ਆਪੇ ਥਾਟੁ ਕੀਆ ਬਹਿ ਕਰਤੈ (ਪੰਨਾ 551

6. ਪਉੜੀ ਮ: 4 (ਵਾਰ ਬਿਹਾਗੜਾ) = ਆਪੇ ਸਭ ਘਟ ਅੰਦਰੇ (ਪੰਨਾ 555

7. ਪਉੜੀ ਮ: 4 (ਵਾਰ ਸੋਰਠਿ) = ਤੁਧੁ ਆਪੇ ਜਗਤੁ ਉਪਾਇ ਕੈ (ਪੰਨਾ 643

8. ਪਉੜੀ ਮ: 4 (ਵਾਰ ਸਾਰੰਗ) = ਆਪੇ ਆਪਿ ਨਿਰੰਜਨਾ (ਪੰਨਾ 1237

9. ਸੂਹੀ ਮ: 5 = ਬਾਜੀਗਰਿ ਜੈਸੇ ਬਾਜੀ ਪਾਈ (ਪੰਨਾ 736

10. ਆਸਾ ਕਬੀਰ ਜੀ = ਕੋਰੀ ਕੋ ਕਾਹੂ ਮਰਮੁ ਨ ਜਾਨਾਂ (ਪੰਨਾ 484

11. ਪ੍ਰਭਾਤੀ ਕਬੀਰ ਜੀ = ਅਵਲਿ ਅਲਹ ਨੂਰੁ ਉਪਾਇਆ (ਪੰਨਾ 1349

ਭਾਵ:

(1) ਜਦੋਂ ਪਰਮਾਤਮਾ ਨੇ ਆਪਣੇ ਆਪ ਨੂੰ ਕੁਦਰਤਿ ਦੇ ਰੂਪ ਵਿਚ ਪਰਗਟ ਕੀਤਾ, ਤਦੋਂ ਹੋਰ ਕੋਈ ਹਸਤੀ ਮੌਜੂਦ ਨਹੀਂ ਸੀ। ਕੋਈ ਉਸ ਦਾ ਸਲਾਹਕਾਰ ਨਹੀਂ ਸੀ। ਇਸ ਸ੍ਰਿਸ਼ਟੀ ਦੇ ਪਰੱਤਖ ਰੂਪ ਵਿਚ ਆਉਣ ਤੋਂ ਪਹਿਲਾਂ ਪਰਮਾਤਮਾ ਆਪ ਹੀ ਆਪ ਮੌਜੂਦ ਸੀ।

(2) ਵੱਡੇ ਵੱਡੇ ਸ਼ਾਹ ਵਪਾਰੀ ਦੂਰ ਦੂਰ ਦੇਸਾਂ ਵਿਚ ਵਣਜ ਵਪਾਰ ਕਰਨ ਜਾਂਦੇ ਹਨ। ਸਮੁੰਦਰਾਂ ਨੂੰ ਪਾਰ ਕਰਨ ਲਈ ਜਹਾਜ਼ ਤਿਆਰ ਕੀਤੇ ਹੋਏ ਹਨ, ਤੇ ਜਹਾਜ਼ਾਂ ਨੂੰ ਚਲਾਣ ਲਈ ਮਲਾਹ ਹਨ, ਕਪਤਾਨ ਹਨ।

ਇਹ ਜਗਤ-ਰਚਨਾ ਪ੍ਰਭੂ ਨੇ ਆਪ ਕੀਤੀ ਹੈ, ਪੂਰੀ ਗਿਣੀ-ਮਿਥੀ ਵਿਓਂਤ ਨਾਲ। ਉਹ ਆਪ, ਮਾਨੋ, ਵੱਡਾ ਸ਼ਾਹ ਹੈ; ਜਗਤ ਵਪਾਰ ਦੀ ਮੰਡੀ ਹੈ। ਜੀਵ-ਵਣਜਾਰੇ ਇਥੇ ਭਲੇ ਗੁਣਾਂ ਦਾ ਵਪਾਰ ਕਰਨ ਲਈ ਆਏ ਹਨ। ਸਾਰੀ ਰਚਨਾ ਉਸ ਦੇ ਆਪਣੇ ਆਪੇ ਦਾ ਪਰਕਾਸ਼ ਹੈ। ਸੋ, ਉਹ ਆਪ ਹੀ ਸ਼ਾਹ, ਆਪ ਹੀ ਵਪਾਰੀ, ਆਪ ਹੀ ਸਮੁੰਦਰ, ਆਪ ਹੀ ਜਹਾਜ਼ ਤੇ ਆਪ ਹੀ ਮਲਾਹ ਹੈ।

(3) ਸਿਰਜਣਹਾਰ ਕਰਤਾਰ ਇਸ ਰਚੀ ਕੁਦਰਤਿ ਦਾ, ਮਾਨੋ, ਬਾਦਸ਼ਾਹ ਹੈ। ਇਹ ਕੁਦਰਤਿ, ਮਾਨੋ, ਤਖ਼ਤ ਹੈ ਜੋ ਉਸ ਨੇ ਆਪਣੇ ਬੈਠਣ ਲਈ ਬਣਾਇਆ ਹੈ। ਚੰਦ ਤੇ ਸੂਰਜ ਇਸ ਤਖ਼ਤ ਨੂੰ ਚਾਨਣ ਦੇ ਰਹੇ ਹਨ।

(4) ਕਰਤਾਰ ਨੇ ਇਹ ਧਰਤੀ ਇਹ ਸੂਰਜ ਚੰਦ ਆਕਾਸ਼ ਪਾਤਾਲ ਆਦਿਕ ਸਭ ਆਪ ਹੀ ਪੈਦਾ ਕੀਤੇ ਹਨ। ਮਨੁੱਖ-ਵਣਜਾਰੇ ਨੂੰ ਇਥੇ ਸ਼ੁਭ ਗੁਣਾਂ ਦਾ ਵਣਜ ਕਰਨ ਲਈ ਉਸ ਨੇ ਪੈਦਾ ਕੀਤਾ ਹੈ।

(5) ਜਦੋਂ ਸਿਰਜਣਹਾਰ ਨੇ ਸ੍ਰਿਸ਼ਟੀ ਰਚੀ ਤਾਂ ਉਸ ਨੇ ਕਿਸੇ ਪਾਸੋਂ ਕੋਈ ਸਲਾਹ ਨਹੀਂ ਲਈ। ਕੋਈ ਹੋਰ ਹਸਤੀ ਹੈ ਹੀ ਨਹੀਂ ਸੀ। ਸਲਾਹ ਕਿਸ ਤੋਂ ਲੈਂਦਾ? ਉਸ ਨੇ ਆਪ ਹੀ ਜਗਤ ਰਚਿਆ, ਆਪ ਹੀ ਜੀਵ ਪੈਦਾ ਕੀਤੇ, ਤੇ ਆਪ ਹੀ ਕਾਰੇ ਲਾਏ।

(6) ਜਗਤ ਦੀ ਰਚਨਾ ਤੋਂ ਪਹਿਲਾਂ ਸਿਰਜਣਹਾਰ ਕਰਤਾਰ ਆਪ ਹੀ ਆਪ ਸੀ। ਉਸ ਵੇਲੇ ਉਸ ਦੀ ਹੋਂਦ ਦਾ ਕੀਹ ਰੂਪ ਰੰਗ ਸੀ = ਇਸ ਵਿਚਾਰ ਉਤੇ ਕੋਈ ਜੀਵ ਚਾਨਣ ਨਹੀਂ ਪਾ ਸਕਦਾ। ਕਿਤਨਾ ਚਿਰ ਉਹ ਆਪ ਹੀ ਆਪ ਟਿਕਿਆ ਰਿਹਾ = ਜੀਵ ਦੀ ਸਮਝ ਇਹ ਅੰਤ ਨਹੀਂ ਪਾ ਸਕਦੀ। ਜਗਤ ਬਣਾ ਕੇ ਹੁਣ ਉਹ ਪ੍ਰਭੂ ਇਸ ਦਿੱਸਦੇ ਆਕਾਰ ਵਿਚ ਆਪ ਹੀ ਆਪ ਹੈ, ਤੇ ਗੁਪਤ ਭੀ ਆਪ ਹੀ ਆਪ ਹੈ।

(7) ਜਗਤ ਦੀ ਖੇਡ ਕਰਤਾਰ ਨੇ ਆਪ ਹੀ ਬਣਾਈ ਹੈ। ਮਾਇਆ ਦਾ ਮੋਹ ਭੀ ਉਹ ਆਪ ਹੀ ਬਣਾਉਣ ਵਾਲਾ ਹੈ। ਇਸ ਮੋਹ ਵਿਚ ਉਸ ਦੇ ਪੈਦਾ ਕੀਤੇ ਜੀਵ ਫਸਦੇ ਜਾਂਦੇ ਹਨ। ਹਉਮੈ ਵਿਚ ਦੁਖੀ ਹੁੰਦੇ ਹਨ, ਤੇ ਜਨਮ ਮਰਨ ਦੇ ਚੱਕਰ ਵਿਚ ਪੈ ਜਾਂਦੇ ਹਨ।

ਜਿਨ੍ਹਾਂ ਉਤੇ ਮੇਹਰ ਕਰਦਾ ਹੈ, ਉਹਨਾਂ ਨੂੰ ਉਸ ਦਾ ਭੇਜਿਆ ਗੁਰੂ ਮਿਲਦਾ ਹੈ। ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਮੋਹ ਦੀ ਖੇਡ ਦੀ ਸਮਝ ਪੈ ਜਾਂਦੀ ਹੈ।

(8) ਅਦ੍ਰਿਸ਼ਟ ਪਰਮਾਤਮਾ ਨੇ ਆਪਣੇ ਆਪ ਨੂੰ ਇਸ ਦਿੱਸਦੇ ਜਗਤ ਦੇ ਰੂਪ ਵਿਚ ਪਰਗਟ ਕੀਤਾ ਹੈ। ਉਸ ਦੀ ਰਚੀ ਮਾਇਆ ਕਈ ਤਰੀਕਿਆਂ ਨਾਲ ਜਗਤ ਦੇ ਜੀਵਾਂ ਨੂੰ ਮੋਹ ਰਹੀ ਹੈ, ਪਰ ਇਸ ਮਾਇਆ ਦਾ ਜ਼ੋਰ ਰਚਣਹਾਰ ਕਰਤਾਰ ਉਤੇ ਨਹੀਂ ਪੈ ਸਕਦਾ।

(9) ਨਟ ਬਾਜੀ ਪਾਣ ਵੇਲੇ ਕਈ ਵੇਸ ਵਟਾਂਦਾ ਹੈ। ਪਾਣੀ ਵਿਚੋਂ ਅਨੇਕਾਂ ਲਹਿਰਾਂ ਉੱਠਦੀਆਂ ਹਨ। ਪਾਣੀ ਨਾਲ ਭਰੇ ਹਜ਼ਾਰਾਂ ਘੜਿਆਂ ਵਿਚ ਇਕੋ ਹੀ ਆਕਾਸ਼ ਦਾ ਪ੍ਰਤੀਬਿੰਬ ਦਿੱਸਦਾ ਹੈ। ਵੇਸ ਉਤਾਰ ਕੇ ਬਾਜੀਗਰ ਆਪਣੇ ਅਸਲ ਰੂਪ ਵਿਚ ਦਿੱਸ ਪੈਂਦਾ ਹੈ। ਲਹਿਰਾਂ ਪਾਣੀ ਵਿਚ ਹੀ ਮਿਲ ਕੇ ਪਾਣੀ ਹੋ ਜਾਂਦੀਆਂ ਹਨ। ਘੜੇ ਟੁੱਟ ਜਾਣ ਤੇ ਆਕਾਸ਼ ਦੇ ਵੱਖ-ਵੱਖ ਪ੍ਰਤੀਬਿੰਬ ਮੁੱਕ ਜਾਂਦੇ ਹਨ।

ਇਹ ਬਹੁ-ਰੰਗੀ ਕੁਦਰਤਿ ਕਰਤਾਰ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।

(10) ਜੁਲਾਹ ਕੱਪੜਾ ਉਣਨ ਵਾਸਤੇ ਪਹਿਲਾਂ ਤਾਣਾ ਤਣਦਾ ਹੈ। ਤਾਣੇ ਦੀਆਂ ਤੰਦਾਂ ਕੰਘੀ ਵਿਚੋਂ ਦੀ ਲੰਘਾਂਦਾ ਹੈ। ਤਾਣੇ ਵਿਚ ਪੇਚਾ ਉਣਨ ਲਈ ਨਾਲਾਂ ਵਰਤਦਾ ਹੈ। ਖੱਡੀ ਦੀ ਥੜੀ ਉਪਰ ਬੈਠ ਕੇ, ਪੈਰ ਖੱਡੀ ਵਿਚ ਲਮਕਾ ਕੇ, ਦੋ ਖੜਾਵਾਂ ਨੂੰ ਵਾਰੋ ਵਾਰੀ ਇਕ ਇਕ ਪੈਰ ਨਾਲ ਦਬਾਉਂਦਾ ਹੈ, ਤੇ ਇਸ ਤਰ੍ਹਾਂ ਤਾਣੇ ਵਿਚ ਬਣੀ ਵਿਰਲ ਵਿਚੋਂ ਪੇਟੇ ਵਾਲੀ ਨਾਲ ਲੰਘਾ ਲੰਘਾ ਕੇ, ਨਾਲੋ ਨਾਲ ਕੰਘੀ ਨੂੰ ਅਗਾਂਹ ਪਿਛਾਂਹ ਖਿੱਚ ਕੇ, ਕੱਪੜਾ ਤਿਆਰ ਕਰਦਾ ਜਾਂਦਾ ਹੈ।

ਕਰਤਾਰ ਨੇ ਭੀ ਜਗਤ ਦਾ ਇਹ ਤਾਣਾ ਤਣਿਆ ਹੋਇਆ ਹੈ। ਧਰਤੀ ਆਕਾਸ਼ ਉਸ ਦੀ ਕੰਘੀ ਸਮਝੋ, ਚੰਦ ਤੇ ਸੂਰਜ ਦੋ ਨਾਲਾਂ ਹਨ। ਉਸ ਦੇ ਹੁਕਮ ਦੀ ਤਾਕਤ ਜੁਲਾਹੇ ਦੀਆਂ ਖੜਾਵਾਂ ਹਨ।

(11) ਘੁਮਿਆਰ ਇਕੋ ਮਿੱਟੀ ਤੋਂ ਕਈ ਸ਼ਕਲਾਂ ਦੇ ਭਾਂਡੇ ਬਣਾ ਦੇਂਦਾ ਹੈ। ਪਰਮਾਤਮਾ ਆਪ ਜੋਤਿ-ਸਰੂਪ ਹੈ, ਨੂਰ ਹੀ ਨੂਰ ਹੈ। ਆਪਣੇ ਨੂਰ ਤੋਂ ਉਸ ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਤੇ ਖ਼ਲਕਤ ਪੈਦਾ ਕੀਤੀ ਹੈ। ਸਾਰੀ ਰਚਨਾ ਵਿਚ ਸਾਰੀ ਖ਼ਲਕਤ ਵਿਚ ਉਹ ਜੋਤਿ-ਰੂਪ ਪ੍ਰਭੂ ਆਪ ਮੌਜੂਦ ਹੈ।

ਫਿਰ ਕਿਸੇ ਤੋਂ ਕੋਈ ਨਫ਼ਰਤ ਕਿਉਂ ਕਰੇ?

ਪਰਮਾਤਮਾ

(ਸ) ਰਾਖਾ

1. ਸਲੋਕ ਮ: 2 (ਵਾਰ ਸੋਰਠਿ ਕੀ) = ਨਕਿ ਨਥ, ਖਸਮ ਹਥਿ (ਪੰਨਾ 653

2. ਸੂਹੀ ਮ: 4 = ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ (ਪੰਨਾ 734

3. ਬਿਲਾਵਲ ਮ: 4 = ਉਦਮ ਮਤਿ ਪ੍ਰਭ ਅੰਤਰਜਾਮੀ (ਪੰਨਾ 798

4. ਮਾਲੀਗਉੜਾ ਮ: 4 = ਮੇਰੇ ਮਨ, ਭਜੁ ਹਰਿ ਹਰਿ ਨਾਮੁ ਗੁਪਾਲਾ (ਪੰਨਾ 985

5. ਕਲਿਆਨ ਮ: 4 = ਰਾਮਾ ਰਮ ਰਾਮੈ ਅੰਤੁ ਨ ਪਾਇਆ (ਪੰਨਾ 1319

6. ਕਲਿਆਨ ਮ: 4 = ਪ੍ਰਭ ਕੀਜੈ ਕ੍ਰਿਪਾ ਨਿਧਾਨ, ਹਮ ਹਰਿ ਗੁਣ ਗਾਵਹਗੇ (ਪੰਨਾ 1321

7. ਸਿਰੀ ਰਾਗ ਮ: 5 = ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ (ਪੰਨਾ 51

8. ਗਉੜੀ ਮ: 5 ਛੰਤ = ਮੋਹਨ ਤੇਰੇ ਊਚੇ ਮੰਦਰ, ਮਹਲ ਅਪਾਰਾ (ਪੰਨਾ 247

9. ਪਉੜੀ ਮ: 5 (ਵਾਰ ਗਉੜੀ) = ਤਿਸੈ ਸਰੇਵਹੁ ਪ੍ਰਾਣੀਹੋ (ਪੰਨਾ 320

10. ਸਲੋਕ ਮ: 5 (ਵਾਰ ਗੂਜਰੀ) = ਜਿਮੀ ਵਸੰਦੀ ਪਾਣੀਐ (ਪੰਨਾ 520

11. ਬਿਹਾਗੜਾ ਮ: 5 ਛੰਤ = ਸੁਨਹੁ ਬੇਨੰਤੀਆ, ਸੁਆਮੀ ਮੇਰੇ ਰਾਮ (ਪੰਨਾ 547

12. ਸੋਰਠਿ ਮ: 5 = ਹਮਰੀ ਗਣਤ ਨ ਗਣੀਆ ਕਾਈ (ਪੰਨਾ 619

13. ਮਲਾਰ ਮ: 5 = ਖੀਰ ਅਧਾਰਿ ਬਾਰਿਕੁ ਜਬ ਹੋਤਾ (ਪੰਨਾ 1266

ਭਾਵ:

(1) ਜਵਾਨੀ ਮਸਤਾਨੀ ਹੁੰਦੀ ਹੀ ਹੈ। ਜਵਾਨ ਵੱਛਿਆਂ ਤੇ ਸੰਢਿਆਂ ਨੂੰ ਲੋਕ ਨੱਥ ਪਾ ਲੈਂਦੇ ਹਨ। ਉਹ ਨੱਥ ਮਾਲਕ ਦੇ ਹੱਥ ਵਿਚ ਹੁੰਦੀ ਹੈ। ਨੱਥਿਆ ਹੋਇਆ ਬਲਦ ਜਾਂ ਸੰਢਾ ਆਪਣੇ ਮਾਲਕ ਦੇ ਇਸ਼ਾਰੇ ਉਤੇ ਚੱਲਦਾ ਹੈ।

ਸਿਰਜਣਹਾਰ ਪ੍ਰਭੂ ਆਪ ਹੀ ਜੀਵਾਂ ਦਾ ਪ੍ਰੇਰਕ ਹੈ। ਉਸ ਦੀ ਰਜ਼ਾ ਦੀ ਨੱਥ ਹਰੇਕ ਦੇ ਨੱਕ ਵਿਚ ਹੈ।

(2) ਕੁਦਰਤਿ ਵਲ ਧਿਆਨ ਮਾਰ ਕੇ ਵੇਖੋ। ਅਸਗਾਹ ਸਮੁੰਦਰਾਂ ਦੇ ਵਿਚ ਧਰਤੀ ਟਿਕੀ ਹੋਈ ਹੈ, ਲੱਕੜ ਟਿਕੀ ਹੋਈ ਹੈ, ਲੱਕੜ ਦੇ ਵਿਚ ਅੱਗ ਲੁਕੀ ਪਈ ਹੈ। ਸਿਰਜਣਹਾਰ ਨੇ ਵਿਰੋਧੀ ਤੱਤ ਇਕ ਦੂਜੇ ਦੇ ਪਾਸ ਬਿਠਾ ਦਿੱਤੇ ਹਨ, ਜਿਵੇਂ ਸ਼ੇਰ ਤੇ ਬੱਕਰੀ।

ਸਿਰਜਣਹਾਰ ਆਪ ਹੀ ਸਭ ਦਾ ਰਾਖਾ ਹੈ।

(3) ਪ੍ਰਭੂ ਸਦਾ ਆਪਣੇ ਭਗਤਾਂ ਨੂੰ ਸੰਕਟ ਤੋਂ ਬਚਾਉਂਦਾ ਆਇਆ ਹੈ। ਪ੍ਰਹਿਲਾਦ ਤੇ ਹਰਣਾਖਸ ਦੀ ਕਥਾ ਜਗਤ-ਪ੍ਰਸਿੱਧ ਹੈ।

ਲੋਕ ਨੀਵੀਂ ਜਾਤਿ ਵਾਲਿਆਂ ਨੂੰ ਦੁਰਕਾਰਦੇ ਆਏ। ਪਰ ਨੀਵੀਂ ਜਾਤਿ ਵਿਚੋਂ ਭੀ ਜਿਸ ਨੇ ਪ੍ਰਭੂ ਦਾ ਆਸਰਾ ਲਿਆ, ਉੱਚ-ਜਾਤੀਏ ਭੀ ਉਸ ਦੇ ਚਰਨੀਂ ਲੱਗਣ ਲੱਗ ਪਏ।

(4) ਮਾਇਆ ਦੀ ਤ੍ਰਿਸ਼ਨਾ ਨਿਰੀ ਅੱਗ ਹੈ, ਆਤਮਕ ਜੀਵਨ ਨੂੰ ਸਾੜ ਕੇ ਰੱਖ ਦੇਂਦੀ ਹੈ। ਜੀਵ ਸਦਾ ਇਸ ਅੱਗ ਵਲ ਹੀ ਭੱਜਦਾ ਹੈ।

ਪ੍ਰਭੂ ਆਪ ਤ੍ਰਿਸ਼ਨਾ-ਅੱਗ ਤੋਂ ਬਚਾਉਂਦਾ ਹੈ ਤੇ ਬਚਾਣ ਦੇ ਸਮਰੱਥ ਹੈ।

(5) ਪ੍ਰਭੂ-ਪਿਤਾ ਅੰਞਾਣ ਜੀਵ-ਬੱਚਿਆਂ ਨੂੰ ਆਪਣਾ ਪੱਲਾ ਫੜਾ ਕੇ ਵਿਕਾਰਾਂ ਦੀ ਔਝੜ ਤੋਂ ਸਦਾ ਬਚਾਉਂਦਾ ਹੀ ਰਹਿੰਦਾ ਹੈ।

(6) ਪੁੱਤਰ ਮੁੜ ਮੁੜ ਭੁੱਲਦਾ ਹੈ, ਪਿਤਾ ਮੁੜ ਮੁੜ ਬਖ਼ਸ਼ਦਾ ਹੈ, ਤੇ ਅਗਾਂਹ ਨੂੰ ਸਮੱਤ ਦੇਂਦਾ ਹੈ।

ਪ੍ਰਭੂ-ਪਿਤਾ ਸਾਡੀਆਂ ਭੁੱਲਾਂ ਪੱਲੇ ਨਹੀਂ ਬੰਨ੍ਹਦਾ।

(7) ਬੱਚੇ ਭੁੱਲਾਂ ਕਰਦੇ ਹੀ ਰਹਿੰਦੇ ਹਨ, ਪਰ ਮਾਪੇ ਕੁਮਾਪੇ ਨਹੀਂ ਬਣਦੇ।

ਅਸੀਂ ਮੁੜ ਮੁੜ ਭੁੱਲਦੇ ਹਾਂ, ਪ੍ਰਭੂ-ਪਿਤਾ ਮੁੜ ਮੁੜ ਪਿਆਰ ਨਾਲ ਵਰਜਦਾ ਹੈ।

(8) ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਣ ਲਈ ਪ੍ਰਭੂ ਦਾ ਆਸਰਾ ਹੀ ਸਮਰੱਥ ਹੈ।

(9) ਵੱਡੇ ਛੱਤਾਂ ਦੇ ਸ਼ਤੀਰਾਂ ਨੂੰ ਸਹਾਰਾ ਦੇਣ ਲਈ ਉਹਨਾਂ ਦੇ ਹੇਠ ਥੰਮ੍ਹ ਖੜੇ ਕਰਨੇ ਪੈਂਦੇ ਹਨ, ਨਹੀਂ ਤਾਂ ਛੱਤ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ।

ਉੱਚ ਜੀਵਨ ਦੇ ਮਹਲ ਨੂੰ ਵਿਕਾਰਾਂ ਦੇ ਭਾਰ ਹੇਠ ਡਿੱਗਣ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਧਰਮ ਦਾ ਥੰਮ੍ਹ ਖੜਾ ਕੀਤਾ ਜਾਏ।

ਪ੍ਰਭੂ ਦਾ ਨਾਮ ਪੱਕਾ ਥੰਮ੍ਹ ਹੈ, ਪੱਕਾ ਸਹਾਰਾ ਹੈ।

(10) ਧਰਤੀ ਇਕ ਹਿੱਸਾ ਹੈ, ਪਾਣੀ ਤਿੰਨ ਹਿੱਸੇ ਵਧੀਕ ਹੈ। ਫਿਰ ਭੀ ਧਰਤੀ ਪਾਣੀ ਵਿਚ ਬਚੀ ਹੋਈ ਹੈ। ਹਰੇਕ ਲੱਕੜ ਦੇ ਅੰਦਰ ਅੱਗ ਹੈ, ਪਰ ਲੱਕੜ ਸੁਰੱਖਿਅਤ ਹੈ।

ਪ੍ਰਭੂ ਦਾ ਆਸਰਾ ਲਵੋ। ਵਿਕਾਰ ਨੇੜੇ ਨਹੀਂ ਢੁਕਣਗੇ।

(11) ਜਿਸ ਸਿਰਜਣਹਾਰ ਨੇ ਜਗਤ-ਰਚਨਾ ਕੀਤੀ ਹੈ ਉਸੇ ਨੇ ਮਾਇਆ ਪੈਦਾ ਕੀਤੀ ਹੈ। ਉਸੇ ਦੇ ਹੁਕਮ ਅਨੁਸਾਰ ਮਾਇਆ ਆਪਣਾ ਹੁਕਮ ਜੀਵਾਂ ਉਤੇ ਚਲਾ ਰਹੀ ਹੈ।

ਜੋ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਮਾਇਆ ਦੇ ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ।

(12) ਪ੍ਰਭੂ ਸਦਾ ਬਖ਼ਸ਼ਿੰਦ ਹੈ। ਆਪਣੇ ਸੇਵਕਾਂ ਨੂੰ ਵਿਕਾਰਾਂ ਵਲੋਂ ਆਪ ਹੱਥ ਦੇ ਕੇ ਬਚਾਉਂਦਾ ਹੈ।

(13) ਪੁਤ੍ਰ ਅਨੇਕਾਂ ਭੁੱਲਾਂ ਕਰਦਾ ਹੈ, ਪਿਉ ਕਈ ਵਾਰੀ ਝਿੜਕਦਾ ਹੈ। ਫਿਰ ਭੀ, ਭੁੱਲਾਂ ਨੂੰ ਭੁਲਾ ਕੇ ਪਿਉ ਸਦਾ ਆਪਣੇ ਪੁਤ੍ਰ ਨੂੰ ਗਲ ਲਾਉਂਦਾ ਹੈ।

ਪਿਤਾ-ਪ੍ਰਭੂ ਸਦਾ ਬਖ਼ਸ਼ਿੰਦ ਹੈ, ਤੇ ਜੀਵਾਂ ਨੂੰ ਮੰਦੇ ਪਾਸੇ ਵਲੋਂ ਬਚਾਉਂਦਾ ਹੈ।

(14) ਜਿਤਨਾ ਚਿਰ ਬੱਚਾ ਅੰਞਾਣ ਹੈ ਤੇ ਨਿਰੇ ਦੁੱਧ ਦੇ ਆਸਰੇ ਹੈ, ਮਾਂ ਪੂਰਾ ਧਿਆਨ ਰੱਖਦੀ ਹੈ, ਤੇ ਉਸ ਨੂੰ ਆਪਣੇ ਥਣਾਂ ਦਾ ਦੁੱਧ ਚੁੰਘਾਂਦੀ ਹੈ।

ਅੰਞਾਣਾ ਬਾਲ ਬਲਦੀ ਚਮਕਦੀ ਅੱਗ ਵੇਖ ਕੇ ਉਸ ਵਲ ਆਪਣਾ ਹੱਥ ਅਗਾਂਹ ਕਰਦਾ ਹੈ; ਸੋਹਣੇ ਕੌਡੀਆਂ ਵਾਲੇ ਸੱਪ ਨੂੰ ਵੇਖ ਕੇ ਉਸ ਨੂੰ ਹੱਥ ਪਾਣ ਦਾ ਜਤਨ ਕਰਦਾ ਹੈ। ਬਾਲ ਬੇ-ਸਮਝ ਹੈ, ਉਸ ਨੂੰ ਖ਼ਤਰੇ ਦੀ ਸੂਝ ਨਹੀਂ। ਮਾਪੇ ਬਚਾ ਲੈਂਦੇ ਹਨ।

ਪ੍ਰਭੂ ਸਾਡਾ ਪਿਤਾ ਹੈ, ਸਾਨੂੰ ਅੰਞਾਣਾਂ ਨੂੰ ਵਿਕਾਰਾਂ ਵਲੋਂ ਆਪ ਹੱਥ ਦੇ ਕੇ ਬਚਾਉਂਦਾ ਹੈ।

ਪਰਮਾਤਮਾ

(ਹ) ਬੇਅੰਤ ਗੁਣਾਂ ਦਾ ਮਾਲਕ

1. ਸਿਰੀ ਰਾਗੁ ਮ: 1 = ਕੋਟਿ ਕੋਟੀ ਮੇਰੀ ਆਰਜਾ (ਪੰਨਾ 14

2. ਆਸਾ ਮ: 1 = ਪਉਣੁ ਉਪਾਇ ਧਰੀ ਸਭ (ਪੰਨਾ 350

3. ਬਿਲਾਵਲ ਮ: 1 = ਤੂੰ ਸੁਲਤਾਨੁ, ਕਹਾ ਹਉ ਮੀਆ (ਪੰਨਾ 795

4. ਸੂਹੀ ਮ: 4 = ਤੇਰੇ ਕਵਨ ਕਵਨ ਗੁਣ (ਪੰਨਾ 734

5. ਗਉੜੀ ਮ: 5 = ਮੋਹਨ ਤੇਰੇ ਊਚੇ ਮੰਦਰ (ਪੰਨਾ 247

6. ਧਨਾਸਰੀ ਮ: 5 = ਤੁਮ ਦਾਤੇ ਠਾਕੁਰ ਪ੍ਰਤਿਪਾਲਕ (ਪੰਨਾ 674

7. ਸੂਹੀ ਮ: 5 = ਕਿਆ ਗੁਣ ਤੇਰੇ ਸਾਰਿ (ਪੰਨਾ 738

8. ਬਸੰਤ ਮ: 5 = ਤੇਰੀ ਕੁਦਰਤਿ ਤੂੰ ਹੈ ਜਾਣਹਿ (ਪੰਨਾ 1185

ਭਾਵ:

(1) ਜੇ ਕ੍ਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ, ਬੜੇ ਬੜੇ ਤਪ ਸਹਾਰ ਸਹਾਰ ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ; ਜੇ ਉੱਡਣ ਦੀ ਸਮਰਥਾ ਪ੍ਰਾਪਤ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖ਼ੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਵੀਏ; ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣਾਂ ਕਾਗ਼ਜ਼ਾਂ ਉਤੇ ਪਰਮਾਤਮਾ ਦੀ ਵਡਿਆਈ ਦਾ ਲੇਖਾ ਇਕ-ਸਾਰ ਲਿਖਦੇ ਜਾਈਏ, ਤਾਂ ਭੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਪਰਮਾਤਮਾ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ।

(2) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤਿ ਪਰਮਾਤਮਾ ਨੇ ਆਪਣੇ ਹੱਥ ਵਿਚ ਰੱਖੀ ਹੋਈ ਹੈ, ਉਸ ਨੇ ਸਭਨਾਂ ਨੂੰ ਨੱਥਿਆ ਹੋਇਆ ਹੈ।

ਕੋਈ ਵੱਡੇ ਤੋਂ ਵੱਡਾ ਮੰਨਿਆ ਹੋਇਆ ਦੇਵਤਾ ਭੀ ਪਰਮਾਤਮਾ ਦੀ ਬਜ਼ੁਰਗੀ ਦਾ ਅੰਤ ਨਹੀਂ ਪਾ ਸਕਿਆ।

ਪਰਮਾਤਮਾ ਦੀਆਂ ਵਡਿਆਈਆਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ-ਥਾਂ ਦਿੱਸ ਰਹੀਆਂ ਹਨ। ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ। ਪਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ।

ਵੱਡੇ ਤੋਂ ਵੱਡੇ ਮੰਨੇ ਹੋਏ ਦੇਵਤਿਆਂ ਦੇ ਅਵਤਾਰਾਂ ਦੇ ਵੱਡੇ ਤੋਂ ਵੱਡੇ ਮਿਥੇ ਹੋਏ ਕਾਰਨਾਮੇ ਭੀ ਉਸ ਪਰਮਾਤਮਾ ਦੇ ਵਾਸਤੇ ਸਾਧਾਰਨ ਜਿਹੀ ਹੀ ਖੇਡ ਹਨ।

(3) ਕੋਈ ਭੀ ਜੀਵ ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕਰ ਸਕਦਾ। ਇਹ ਉੱਦਮ ਕਰਨਾ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਆਪਣੇ ਵਲੋਂ ਕਿਸੇ ਬਾਦਸ਼ਾਹ ਦੀ ਸਿਫ਼ਤਿ ਕਰਨ ਵਾਸਤੇ ਉਸ ਨੂੰ 'ਮੀਆਂ ਜੀ' ਆਖੇ।

(4) ਪਰਮਾਤਮਾ ਬੇਅੰਤ ਗੁਣਾਂ ਦਾ ਖ਼ਜ਼ਾਨਾ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਪਰਮਾਤਮਾ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ ਸਹਾਰਾ ਨਹੀਂ ਹੈ। ਵੇਖੋ ਉਸ ਦੀ ਅਸਚਰਜ ਕੁਦਰਤਿ! ਪਾਣੀ ਦੇ ਵਿਚ ਹੀ ਧਰਤੀ ਹੈ, ਧਰਤੀ ਦੇ ਵਿਚ ਹੀ ਪਾਣੀ ਹੈ; ਲੱਕੜ ਵਿਚ ਉਸ ਨੇ ਅੱਗ ਸਾਂਭ ਕੇ ਰੱਖੀ ਹੋਈ ਹੈ। ਉਸ ਨੇ, ਮਾਨੋ, ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਵੇਖੋ ਉਸ ਦੀ ਤਾਕਤ ਦੇ ਕ੍ਰਿਸ਼ਮੇ! ਉਹ ਉਹਨਾਂ ਨੂੰ ਭੀ ਆਦਰ ਦਿਵਾਂਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।

(5) ਪਰਮਾਤਮਾ ਦੇ ਮੰਦਰ ਮਹਲ ਐਸੇ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਸਿਰਫ਼ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਹੋਰ ਸਾਰੀ ਸ੍ਰਿਸ਼ਟੀ ਨਾਸਵੰਤ ਹੈ। ਜਿਹੜੇ ਮਨੁੱਖ ਪਰਮਾਤਮਾ ਨੂੰ ਸਦਾ ਚੇਤੇ ਰੱਖਦੇ ਹਨ, ਆਤਮਕ ਮੌਤ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦੀ।

(6) ਮਨੁੱਖ ਦੀ ਇਕ ਜੀਭ, ਤੇ ਪਰਮਾਤਮਾ ਦੇ ਬੇਅੰਤ ਗੁਣ! ਕਿੱਥੇ ਹੈ ਇਸ ਦੀ ਤਾਕਤ ਕਿ ਇਹ ਸਾਰੇ ਗੁਣ ਬਿਆਨ ਕਰ ਸਕੇ? ਪਰਮਾਤਮਾ ਇਕ ਇਕ ਛਿਨ ਆਪਣੇ ਪੈਦਾ ਕੀਤੇ ਬੇਅੰਤ ਜੀਵਾਂ ਦੀ ਪਾਲਣਾ ਕਰਦਾ ਹੈ, ਅਨੇਕਾਂ ਹੀ ਤਰੀਕਿਆਂ ਨਾਲ ਜੀਵਾਂ ਨੂੰ ਜੀਵਨ-ਜੁਗਤਿ ਸਮਝਾਂਦਾ ਹੈ। ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਫਿਰ ਭੀ ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈ।

(7) ਪਰਮਾਤਮਾ ਦੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਕੁਰਾਹੇ ਜਾ ਰਹੇ ਮਨੁੱਖ ਨੂੰ ਉਹ ਆਪ ਹੀ ਗੁਰੂ ਮਿਲਾਂਦਾ ਹੈ, ਤੇ, ਇਸ ਤਰ੍ਹਾਂ ਉਸ ਦੇ ਸਿਰ ਉਤੇ ਹੱਥ ਰੱਖ ਕੇ ਉਸ ਨੂੰ ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

(8) ਪਰਮਾਤਮਾ ਕਿਤਨੀ ਕੁ ਤਾਕਤ ਦਾ ਮਾਲਕ ਹੈ– ਇਹ ਗੱਲ ਉਹ ਆਪ ਹੀ ਜਾਣਦਾ ਹੈ। ਉਹੀ ਮਨੁੱਖ ਉਸ ਨਾਲ ਜਾਣ-ਪਛਾਣ ਪਾਂਦਾ ਹੈ ਜਿਸ ਉਤੇ ਉਹ ਆਪ ਮਿਹਰ ਕਰੇ। ਬੇਅੰਤ ਹਨ ਕੌਤਕ ਉਸ ਦੇ! ਮਨੁੱਖ ਨੂੰ ਆਪਣੇ ਨਾਮ ਦਾ ਪਿਆਰ ਉਹ ਆਪ ਹੀ ਬਖ਼ਸ਼ਦਾ ਹੈ। ਜੀਵਾਂ ਨੂੰ ਉਹ ਅਨੇਕਾਂ ਦਾਤਾਂ ਬਖ਼ਸ਼ਦਾ ਰਹਿੰਦਾ ਹੈ, ਹਰੇਕ ਦੇ ਦਿਲ ਦੀ ਲੋੜ ਉਹ ਸਦਾ ਜਾਣਦਾ ਹੈ। ਬੱਸ! ਉਸ ਦੇ ਦਰ ਤੇ ਸਦਾ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।

2. ਜਗਤ

(ੳ) ਸਮੁੰਦਰ

1. ਬਿਹਾਗੜਾ ਮ: 4 ਛੰਤ = ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ (ਪੰਨਾ 538

2. ਸਲੋਕ ਮ: 4 (ਵਾਰ ਮਾਰੂ) = ਸਾਗਰੁ ਦੇਖਉ ਡਰਿ ਮਰਉ (ਪੰਨਾ 1087

3. ਕਾਨੜਾ ਮ: 4 = ਜਪਿ ਮਨ ਰਾਮ ਨਾਮ ਜਗੰਨਾਥ (ਪੰਨਾ 1296

4. ਸਿਰੀ ਰਾਗੁ ਮ: 5 ਛੰਤ = ਮਨ ਪਿਆਰਿਆ ਜੀਉ ਮਿਤ੍ਰਾ, ਗੋਬਿੰਦ ਨਾਮੁ ਸਮਾਲੇ (ਪੰਨਾ 78

5. ਗਉੜੀ ਮ: 5 = ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ (ਪੰਨਾ 203

6. ਗਉੜੀ ਮ: 5 = ਅਉਧ ਘਟੈ ਦਿਨਸੁ ਰੈਨਾਰੇ। ਮਨ, ਗੁਰ ਮਿਲਿ, ਕਾਜ ਸਵਾਰੇ (ਪੰਨਾ 205

7. ਸਲੋਕ ਮ: 5 (ਵਾਰ ਗਉੜੀ) = ਚੇਤਾ ਈ ਤਾਂ ਚੇਤਿ (ਪੰਨਾ 318

8. ਆਸਾ ਮ: 5 = ਤੁਝ ਬਿਨੁ ਅਵਰੁ ਨਾਹੀ ਮੈ ਦੂਜਾ (ਪੰਨਾ 378

9. ਆਸਾ ਮ: 5 = ਕਿਆ ਸੋਵਹਿ ਨਾਮੁ ਵਿਸਾਰਿ (ਪੰਨਾ 398

10. ਸਲੋਕ ਮ: 5 (ਵਾਰ ਗੂਜਰੀ) = ਲਗੜੀ ਸੁ ਥਾਨਿ ਜੋੜਨਹਾਰੈ ਜੋੜੀਆ (ਪੰਨਾ 519

11. ਸਲੋਕ ਮ: 5 (ਵਾਰ ਗੂਜਰੀ) = ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ (ਪੰਨਾ 520

12. ਦੇਵਗੰਧਾਰੀ ਮ: 5 = ਅਪੁਨੇ ਹਰਿ ਪਹਿ ਬਿਨਤੀ ਕਹੀਐ (ਪੰਨਾ 531

13. ਦੇਵਗੰਧਾਰੀ ਮ: 5 = ਕਰਤ ਫਿਰੇ ਬਨ ਭੇਖ, ਮੋਹਨ ਰਹਤ ਨਿਰਾਰ (ਪੰਨਾ 538

14. ਮਾਰੂ ਮ: 5 = ਫੂਟੋ ਆਂਡਾ ਭਰਮ ਕਾ (ਪੰਨਾ 1002

15. ਮਾਰੂ ਮ: 5 = ਜਿਨੀ ਨਾਮੁ ਵਿਸਾਰਿਆ (ਪੰਨਾ 1006

16. ਸਵਈਏ ਮਹਲੇ ਪੰਜਵੇ ਕੇ = ਭਵਜਲੁ ਸਾਇਰੁ = (ਭੱਟ ਕਲ੍ਯ੍ਯ) (ਪੰਨਾ 1408

17. ਬਸੰਤੁ ਨਾਮਦੇਵ ਜੀ = ਲੋਭ ਲਹਰਿ ਅਤਿ ਨੀਝਰ ਬਾਜੈ (ਪੰਨਾ 1195

ਭਾਵ:

(1) ਕਬੂਤਰ ਬੜਾ ਭੋਲਾ ਪੰਛੀ ਹੈ। ਬਿੱਲੀ ਆਵੇ ਤਾਂ ਉਸ ਤੋਂ ਬਚਣ ਲਈ ਉੱਡਣ ਦੇ ਥਾਂ ਅੱਖਾਂ ਮੀਟ ਲੈਂਦਾ ਹੈ।

ਮੂਰਖ ਮਨੁੱਖ ਵਿਕਾਰਾਂ ਦੇ ਹੱਲੇ ਤੋਂ ਬਚਣ ਦਾ ਉੱਦਮ ਕਰਨ ਦੇ ਥਾਂ ਇਹਨਾਂ ਦੇ ਅੱਗੇ ਹਥਿਆਰ ਸੁੱਟ ਦੇਂਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ ਸਮੁੰਦਰ-ਸੰਸਾਰ ਵਿਚ ਗੋਤੇ ਖਾਣ ਲੱਗ ਪੈਂਦਾ ਹੈ।

ਪਰਮਾਤਮਾ ਦਾ ਨਾਮ ਜਹਾਜ਼ ਹੈ। ਗੁਰੂ ਮਲਾਹ ਆਪਣੇ ਸ਼ਬਦ ਦਾ ਚੱਪੂ ਲਾ ਕੇ ਪਾਰ ਲੰਘਾਉਂਦਾ ਹੈ।

(2) ਕੋਈ ਮਨੁੱਖ ਪਹਿਲਾਂ ਪਹਿਲ ਸਮੁੰਦਰ ਦੇ ਕੰਢੇ ਚਲਾ ਜਾਏ, ਬੇਅੰਤ ਪਾਣੀ ਹੀ ਪਾਣੀ ਵੇਖ ਕੇ ਉਸ ਦੀ ਹੈਰਤ ਗੁੰਮ ਹੋ ਜਾਂਦੀ ਹੈ। ਸਮੁੰਦਰ ਵਿਚ ਬੜੀਆਂ ਭਾਰੀਆਂ ਠਿੱਲਾਂ ਭੀ ਪੈਂਦੀਆਂ ਹਨ। ਇਹਨਾਂ ਠਿੱਲਾਂ ਵਿਚੋਂ ਦੀ ਜਹਾਜ਼ ਲੰਘਦੇ ਵੇਖ ਕੇ ਇਹ ਘਾਬਰਦਾ ਹੈ ਕਿ ਜਹਾਜ਼ ਕਿਤੇ ਡੁੱਬ ਨ ਜਾਏ। ਜਦੋਂ ਉਸ ਨੂੰ ਜਹਾਜ਼ ਦੀ ਮਜ਼ਬੂਤੀ ਤੇ ਕਪਤਾਨ ਦੀ ਹੁਸ਼ਿਆਰੀ ਦਾ ਪਤਾ-ਥਹੁ ਲੱਗਦਾ ਹੈ, ਤਾਂ ਉਸ ਨੂੰ ਧਰਵਾਸ ਬੱਝਦਾ ਹੈ।

ਸੰਸਾਰ ਇਕ ਸਮੁੰਦਰ ਸਮਾਨ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਇਨਸਾਨੀ ਜ਼ਿੰਦਗੀ ਦੀ ਨਿੱਕੀ ਜੇਹੀ ਬੇੜੀ ਦੇ ਡੁੱਬਣ ਦਾ ਭਾਰੀ ਖ਼ਤਰਾ ਰਹਿੰਦਾ ਹੈ। ਜੋ ਮਨੁੱਖ ਗੁਰੂ-ਮਲਾਹ ਦੇ ਨਾਮ-ਸਤਸੰਗ-ਜਹਾਜ਼ ਵਿਚ ਸਵਾਰ ਹੋ ਜਾਂਦਾ ਹੈ, ਉਸ ਦੇ ਆਤਮਾ ਨੂੰ ਇਹ ਵਿਕਾਰ ਡੋਬ ਨਹੀਂ ਸਕਦੇ।

(3) ਦਰਿਆ ਵਿਚ ਹੜ੍ਹ ਆਇਆ ਹੋਇਆ ਹੋਵੇ, ਘੁੰਮਣ ਘੇਰੀਆਂ ਤੇ ਲਹਿਰਾਂ ਪੈਂਦੀਆਂ ਹੋਣ, ਵੱਡੇ ਵੱਡੇ ਤਾਰੂ ਭੀ ਉਧਰ ਮੂੰਹ ਕਰਨ ਦਾ ਹੀਆ ਨਹੀਂ ਕਰਦੇ। ਪਰ ਸਿਆਣਾ ਮਲਾਹ ਮੁਸਾਫ਼ਿਰਾਂ ਨੂੰ ਆਪਣੀ ਬੇੜੀ ਵਿਚ ਬਿਠਾ ਕੇ, ਉਹਨਾਂ ਘੁੰਮਣ ਘੇਰੀਆਂ ਤੋਂ ਠਿੱਲਾਂ ਤੋਂ ਬਚਾ ਕੇ ਬੇੜੀ ਨੂੰ ਪਾਰ ਲੈ ਜਾਂਦਾ ਹੈ। ਲੋਹਾ ਭੀ ਬੇੜੀ ਦੇ ਸੰਗ ਪਾਰ ਹੋ ਜਾਂਦਾ ਹੈ।

ਸੰਸਾਰ-ਨਦੀ ਵਿਚ ਮਾਇਆ ਦੀਆਂ ਘੁੰਮਣ ਘੇਰੀਆਂ ਵਿਚੋਂ ਪ੍ਰਭੂ ਦੀ ਯਾਦ ਦਾ ਆਸਰਾ ਸਹੀ ਸਲਾਮਤ ਪਾਰ ਲੰਘਾ ਦੇਂਦਾ ਹੈ।

(4) ਸੰਸਾਰ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਪੈ ਰਹੀਆਂ ਹਨ। ਪ੍ਰਭੂ ਦੀ ਯਾਦ ਨੂੰ ਇਸ ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਬਣਾਵੋ। ਡੁੱਬਣ ਦਾ ਖ਼ਤਰਾ ਨਹੀਂ ਰਹੇਗਾ।

(5) ਸੰਸਾਰ ਵਿਕਾਰਾਂ ਦੇ ਜ਼ਹਰੀਲੇ ਪਾਣੀਆਂ ਨਾਲ ਭਰਿਆ ਹੋਇਆ ਸਮੁੰਦਰ ਹੈ। ਪ੍ਰਭੂ ਦੇ ਦਰ ਤੇ ਅਰਦਾਸ ਕਰੋ ਕਿ ਸਾਡਾ ਹੱਥ ਫੜ ਲੈ। ਬੱਸ! ਡੁੱਬਣ ਦਾ ਡਰ ਨਹੀਂ ਰਹੇਗਾ।

(6) ਸਮੁੰਦਰ ਵਿਚ ਤੂਫ਼ਾਨ ਲਹਿਰਾਂ ਉੱਠ ਰਹੀਆਂ ਹੋਣ, ਤੇ ਉਸ ਵਿਚ ਮਲਾਹ-ਹੀਣ ਜਹਾਜ਼ ਹੋਵੇ। ਜਹਾਜ਼ ਦੀਆਂ ਸਵਾਰੀਆਂ ਨੂੰ ਹਰ ਵੇਲੇ ਹੀ ਇਹ ਸਹਿਮ ਰਹੇਗਾ ਕਿ ਹੁਣ ਭੀ ਡੁੱਬੇ, ਹੁਣ ਭੀ ਡੁੱਬੇ।

ਸੰਸਾਰ ਵਿਚ ਵਿਕਾਰਾਂ ਦੇ ਝੱਖੜ ਝੁੱਲ ਰਹੇ ਹਨ। ਗੁਰੂ ਤੋਂ ਖੁੰਝੇ ਹੋਏ ਮਨੁੱਖ ਗੋਤੇ ਖਾਂਦੇ ਹਨ, ਹਰ ਵੇਲੇ ਚਿੰਤਾ ਫ਼ਿਕਰ ਸਹਿਮ ਉਹਨਾਂ ਨੂੰ ਚੰਬੜੇ ਰਹਿੰਦੇ ਹਨ।

ਜਿਸ ਭਾਗਾਂ ਵਾਲੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਉਹ ਇਸ ਸਮੁੰਦਰ ਵਿਚੋਂ ਬਚ ਕੇ ਪਾਰ ਲੰਘ ਗਿਆ।

(7) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਗੁਰੂ ਦੀ ਦੱਸੀ ਹੋਈ ਜੀਵਨ ਜੁਗਤੀ ਜਹਾਜ਼ ਦਾ ਕੰਮ ਦੇਂਦੀ ਹੈ।

(8) ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚੋਂ ਆਤਮਕ ਜੀਵਨ ਨੂੰ ਸੜਨ ਤੋਂ ਬਚਾਵਣ ਲਈ ਪ੍ਰਭੂ ਦੀ ਓਟ ਆਸਰਾ ਹੀ ਸਮਰੱਥ ਹੈ।

(9) ਇਸ ਭਿਆਨਕ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਨਦੀਆਂ ਪੈ ਰਹੀਆਂ ਹਨ। ਗ਼ਾਫ਼ਲ ਡੁੱਬਦੇ ਹਨ। ਜੋ ਪ੍ਰਭੂ ਦੀ ਯਾਦ ਦੇ ਜਹਾਜ਼ ਵਿਚ ਬੈਠ ਗਏ, ਉਹ ਸਹੀ ਸਲਾਮਤ ਪਾਰ ਲੰਘ ਗਏ।

(10) ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਪੈ ਰਹੀਆਂ ਹਨ। ਜਿਸ ਦੀ ਸੁਰਤਿ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਨੂੰ ਡੁੱਬਣ ਨਹੀਂ ਦੇਂਦਾ।

(11) ਦਰਿਆਵਾਂ ਦੇ ਕੰਢੇ ਕਈ ਥਾਈਂ ਜਿਲ੍ਹਣ ਹੁੰਦਾ ਹੈ। ਰਾਹੀ ਮੁਸਾਫ਼ਿਰ ਵਾਸਤੇ ਬੜੀ ਖ਼ਤਰਨਾਕ ਥਾਂ ਹੁੰਦੀ ਹੈ। ਜੇ ਉਸ ਵਿਚ ਮਨੁੱਖ ਖੁੱਭ ਜਾਏ, ਤਾਂ ਜਿਉਂ ਜਿਉਂ ਨਿਕਲਣ ਦਾ ਜਤਨ ਕਰੇ, ਤਿਉਂ ਤਿਉਂ ਹੋਰ ਵਧੀਕ ਖੁੱਭਦਾ ਜਾਂਦਾ ਹੈ।

ਦੁਨੀਆ ਦੇ ਵਿਕਾਰ ਇਕ ਐਸੀ ਜਿਲ੍ਹਣ ਹੈ, ਜਿਸ ਵਿਚੋਂ ਮਨੁੱਖ ਆਪਣੇ ਉੱਦਮ ਅਕਲ ਦਾ ਆਸਰਾ ਰੱਖ ਕੇ ਸਗੋਂ ਵਧੀਕ ਫਸਦਾ ਹੈ। ਪ੍ਰਭੂ-ਚਰਨਾਂ ਦਾ ਪਿਆਰ ਸਹਜੇ ਹੀ ਬਚਾ ਲੈਂਦਾ ਹੈ।

(12) ਇਸ ਧਰਤੀ ਉਤੇ ਪੁਰਾਣੇ ਸਮਿਆਂ ਵਿਚ ਜਾਦੂ ਦਾ ਬਹੁਤ ਜ਼ੋਰ ਸੀ। ਸਾਡੇ ਦੇਸ ਵਿਚ ਭੀ ਇਹੀ ਹਾਲ ਸੀ। ਜੋਗੀ ਲੋਕ ਭੀ ਕਈ ਕਰਾਮਾਤਾਂ ਵਿਖਾਂਦੇ ਸਨ। ਅੱਗ ਨੂੰ ਬੰਨ੍ਹ ਲੈਣਾ ਇਕ ਸਾਧਾਰਣ ਜਿਹਾ ਕਰਤੱਬ ਹੋ ਗਿਆ ਸੀ। ਅੱਗ ਨੂੰ ਬੰਨ੍ਹਿਆਂ ਅੱਗ ਵਿਚ ਸੇਕ ਨਹੀਂ ਸੀ ਰਹਿੰਦਾ। ਲੱਕੜਾਂ ਪਾਈ ਚੱਲੋ, ਉਹ ਬਲਦੀਆਂ ਜਾਣਗੀਆਂ। ਪਰ ਉਸ ਵਿਚ ਆਪਣਾ ਹੱਥ ਰੱਖ ਦਿਉ, ਹੱਥ ਨੂੰ ਸੇਕ ਨਹੀਂ ਲੱਗੇਗਾ। ਕਈ ਆਦਮੀ ਤਾਂ ਭਖਦਿਆਂ ਕੋਲਿਆਂ ਦੇ ਉਤੋਂ ਦੀ ਨੰਗੇ ਪੈਰੀਂ ਲੰਘ ਜਾਂਦੇ ਸਨ। ਹੁਣ ਇਹ ਗੱਲਾਂ ਕਿਤੇ ਟਾਵੀਆਂ ਟਾਵੀਆਂ ਰਹਿ ਗਈਆਂ ਹਨ।

ਸੰਸਾਰ-ਸਮੁੰਦਰ ਹੈ ਅੱਗ ਦਾ। ਵਿਕਾਰਾਂ ਦੀ ਜੁਆਲਾ ਭੜ ਭੜ ਕਰ ਰਹੀ ਹੈ। ਜੀਵ ਦੇ ਆਤਮਕ ਜੀਵਨ ਇਸ ਵਿਚ ਸੜ ਕੇ ਸੁਆਹ ਹੋ ਰਹੇ ਹਨ। ਪਰ ਜਿਸ ਮਨੁੱਖ ਨੇ ਇਹਨਾਂ ਵਿਕਾਰਾਂ ਨੂੰ ਕੀਲ ਲਿਆ ਹੈ, ਉਸ ਦੇ ਆਤਮਕ ਜੀਵਨ ਨੂੰ ਇਹਨਾਂ ਦਾ ਰਤਾ ਭੀ ਸੇਕ ਨਹੀਂ ਲੱਗਦਾ।

(13) ਸੰਸਾਰ-ਸਮੁੰਦਰ ਵਿਚੋਂ ਆਪਣੀ ਅਕਲ ਵਿੱਦਿਆ ਦੇ ਬਲ ਨਾਲ ਪਾਰ ਨਹੀਂ ਲੰਘ ਸਕੀਦਾ। ਅਹੰਕਾਰ ਮੋਹ ਮੇਰ-ਤੇਰ ਤਿਆਗਣਾ = ਇਸ ਔਖੇ ਖੰਡੇ ਦੀ ਧਾਰ ਨਾਲੋਂ ਪਤਲੇ ਰਸਤੇ ਹੀ ਲੰਘ ਸਕੀਦਾ ਹੈ। ਪ੍ਰਭੂ ਦੀ ਕਿਰਪਾ ਹੋਇਆਂ ਸਤਸੰਗ ਦੀ ਬਰਕਤਿ ਨਾਲ ਪਾਰ ਲੰਘਿਆ ਜਾ ਸਕਦਾ ਹੈ।

(14) ਕੜਾਹੇ ਵਿਚ ਤੇਲ ਪਾ ਕੇ ਉਸ ਦੇ ਹੇਠ ਅੱਗ ਦਾ ਭਾਂਬੜ ਮਚਾ ਦਿਉ, ਤੇਲ ਤਪ ਕੇ ਅੱਗ ਵਰਗਾ ਲਾਲ ਹੋ ਜਾਇਗਾ। ਉਸ ਤਪਦੇ ਕੜਾਹੇ ਵਿਚ ਕਿਸੇ ਨੂੰ ਹੱਥ ਪੈਰ ਬੰਨ੍ਹ ਕੇ ਸੁੱਟ ਦਿਉ, ਵਿਚਾਰਾ ਪਲ ਵਿਚ ਹੀ ਸੜ ਕੇ ਸੁਆਹ ਹੋ ਜਾਇਗਾ।

ਅੱਗ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੈ। ਮੋਹ ਵਿਚ ਜਕੜੇ ਹੋਏ ਜੀਵ ਵਿਕਾਰਾਂ ਦੀ ਅੱਗ ਵਿਚ ਸੜ ਰਹੇ ਹਨ। ਪਰ ਗੁਰੂ-ਮਲਾਹ ਅੱਗ ਨੂੰ ਕੀਲ ਕੇ, ਸੜਦਿਆਂ ਦੀ ਤਪਸ਼-ਮਿਟਾ ਕੇ ਪਾਰ ਲੰਘਾ ਦੇਂਦਾ ਹੈ।

(15) ਰੁੱਖ ਦੀ ਛਾਂ ਦਾ ਕੀਹ ਭਰਵਾਸਾ? ਕਦੇ ਵਧਦੀ, ਕਦੇ ਘਟਦੀ। ਬੱਦਲਾਂ ਦੀ ਛਾਂ ਭੀ ਕਾਹਦੀ ਛਾਂ? ਹਵਾ ਦਾ ਬੁੱਲਾ ਆਇਆ ਤੇ ਉਡਾ ਲੈ ਗਿਆ।

ਮਾਇਕ ਪਦਾਰਥਾਂ ਦੀ ਭੀ ਇਤਨੀ ਕੁ ਹੀ ਪਾਂਇਆਂ ਹੈ। ਫਿਰ ਭੀ ਤ੍ਰਿਸ਼ਨਾ ਦੀ ਅੱਗ ਵਿਚ ਜਗਤ ਸੜ ਰਿਹਾ ਹੈ।

ਪ੍ਰਭੂ ਦੀ ਯਾਦ ਹੀ ਇਸ ਅੱਗ ਤੋਂ ਬਚਾਉਂਦੀ ਹੈ।

(16) ਵੱਡੇ ਵੱਡੇ ਦਰੀਆਵਾਂ ਵਿਚੋਂ ਦੀ ਤਰ ਕੇ ਲੰਘਣਾ ਕਿਸੇ ਵਿਰਲੇ ਵਿਰਲੇ ਸੂਰਮੇ ਤਾਰੂ ਦਾ ਕੰਮ ਹੁੰਦਾ ਹੈ। ਪਰ ਜੇ ਦਰੀਆ ਉਤੇ ਪੱਕਾ ਪੁਲ ਬੱਝ ਜਾਏ, ਤਾਂ ਹਰ ਕੋਈ ਸੌਖਾ ਹੀ ਪਾਰ ਲੰਘ ਸਕਦਾ ਹੈ। ਜਹਾਜ਼ ਭੀ ਪਾਰ ਲੰਘਾ ਦੇਂਦੇ ਹਨ।

ਸੰਸਾਰ ਦਰੀਆ ਹੈ। ਪ੍ਰਭੂ ਦੀ ਯਾਦ ਇਸ ਉਤੇ ਪੁਲ ਹੈ, ਦਰੀਆ ਵਿਚ ਜਹਾਜ਼ ਹੈ।

(17) ਝੱਖੜ ਝੁੱਲ ਪਏ, ਤੂਫ਼ਾਨ ਆ ਜਾਏ, ਤਾਂ ਸਮੁੰਦਰ ਵਿਚ ਬੜੀਆਂ ਉੱਚੀਆਂ ਲਹਿਰਾਂ ਉਠਦੀਆਂ ਹਨ। ਉਹਨਾਂ ਲਹਿਰਾਂ ਵਿਚੋਂ ਦੀ ਕੋਈ ਵਿਰਲਾ ਸਿਆਣਾ ਕਪਤਾਨ ਹੀ ਆਪਣੇ ਜਹਾਜ਼ ਨੂੰ ਸਹੀ ਸਲਾਮਤ ਲੰਘਾ ਸਕਦਾ ਹੈ।

ਸੰਸਾਰ-ਸਮੁੰਦਰ ਵਿਚ ਮਾਇਆ ਦੇ ਮੋਹ ਦਾ ਤੂਫ਼ਾਨ ਆਇਆ ਹੋਇਆ ਹੈ, ਲੋਭ ਦੀਆਂ ਲਹਿਰਾਂ ਉੱਠ ਰਹੀਆਂ ਹਨ। ਗੁਰੂ ਪਰਮਾਤਮਾ ਦਾ ਆਸਰਾ ਲਿਆਂ ਹੀ ਮਨੁੱਖ ਦੇ ਗਿਆਨ-ਇੰਦ੍ਰੇ ਡੁੱਬਣੋਂ ਬਚ ਸਕਦੇ ਹਨ।

ਜਗਤ

(ਅ) ਜੰਗਲ

1. ਮਲਾਰ ਮ: 3 = ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ (ਪੰਨਾ 1260

2. ਸਲੋਕ ਮ: 5 (ਵਾਰ ਗੂਜਰੀ) = ਬਨਿ ਭੀਹਾਵਲੇ ਹਿਕੁ ਸਾਥੀ ਲਧਮੁ (ਪੰਨਾ 519

3. ਸਲੋਕ ਮ: 5 (ਵਾਰ ਗੂਜਰੀ) = ਬਾਰਿ ਵਿਡਾਨੜੈ ਹੁੰਮਸ ਧੁੰਮਸ (ਪੰਨਾ 520

4. ਬਿਲਾਵਲੁ ਮ: 5 = ਨਦਰੀ ਆਵੈ ਤਿਸੁ ਸਿਉ ਮੋਹੁ (ਪੰਨਾ 801

5. ਭੈਰਉ ਮ: 5 = ਦਸ ਮਿਰਗੀ ਸਹਜੇ ਬੰਧਿ ਆਨੀ (ਪੰਨਾ 1136

ਭਾਵ:

(1) ਕੋਈ ਓਪਰਾ ਪਰਦੇਸੀ ਕਿਸੇ ਸੰਘਣੇ ਜੰਗਲ ਵਿਚ ਰਾਹੋਂ ਖੁੰਝ ਜਾਏ, ਤੇ ਜੰਗਲ ਵਿਚ ਉਸ ਨੂੰ ਕੋਈ ਵੱਡਾ ਭਾਰਾ ਅਯਦਹਾ ਟੱਕਰ ਪਏ, ਅਯਦਹਾ ਨੂੰ ਵੇਖ ਕੇ ਉਸ ਨੂੰ ਸੱਤੇ ਸੁਧਾਂ ਭੁੱਲ ਜਾਂਦੀਆਂ ਹਨ। ਅਯਦਹਾ ਨਿਹੱਥੇ ਮਨੁੱਖ ਨੂੰ ਆਪਣੇ ਵੱਡੇ ਮੂੰਹ ਵਿਚ ਹੜੱਪ ਕਰ ਜਾਂਦਾ ਹੈ। ਪਰ ਜਿਸ ਮਨੁੱਖ ਨੂੰ ਗਾਰੁੜ ਮੰਤ੍ਰ ਆਉਂਦਾ ਹੋਵੇ, ਕੋਈ ਭੀ ਸੱਪ ਉਸ ਉਤੇ ਵਾਰ ਨਹੀਂ ਕਰ ਸਕਦਾ।

ਸੰਸਾਰ-ਜੰਗਲ ਵਿਚ ਹਉਮੈ ਦਾ ਅਯਦਹਾ ਮੂੰਹ ਅੱਡੀ ਖੜ੍ਹਾ ਹੈ। ਜਿਸ ਮਨੁੱਖ ਨੇ ਗੁਰ-ਸ਼ਬਦ ਦਾ ਗਾਰੁੜ ਮੰਤ੍ਰ ਆਪਣੇ ਹਿਰਦੇ ਵਿਚ ਟਿਕਾਇਆ ਹੋਇਆ ਹੈ, ਉਸ ਨੂੰ ਹਉਮੈ-ਅਯਦਹਾ ਨਿਗਲ ਨਹੀਂ ਸਕਦਾ।

(ਗਾਰੁੜ ਮੰਤ੍ਰ = ਸੱਪ ਨੂੰ ਵੱਸ ਵਿਚ ਕਰਨ ਵਾਲਾ ਇਕ ਮੰਤ੍ਰ)

(2) ਜੰਗਲ ਵਿਚ ਕੋਈ ਓਪਰਾ ਮੁਸਾਫ਼ਿਰ ਰਾਹ ਭੁੱਲ ਜਾਏ। ਉਸ ਦੀ ਘਬਰਾਹਟ ਉਹੀ ਜਾਣਦਾ ਹੈ। ਕਦਮ ਕਦਮ ਤੇ ਉਸ ਨੂੰ ਡਰ ਲੱਗਦਾ ਹੈ ਕਿ ਕਿਤੇ ਕੋਈ ਜਿੰਦ ਦਾ ਵੈਰੀ ਨ ਟੱਕਰ ਜਾਏ।

ਸੰਸਾਰ ਇਕ ਭਿਆਨਕ ਜੰਗਲ ਹੈ। ਕਾਮਾਦਿਕ ਇਥੇ ਆਤਮਕ ਜੀਵਨ ਦੇ ਅਨੇਕਾਂ ਹੀ ਲਾਗੂ ਹਨ। ਜਿਸ ਨੂੰ ਹਰਿ-ਨਾਮ ਸਾਥੀ ਮਿਲ ਗਿਆ, ਉਹ ਸਹੀ ਸਲਾਮਤ ਲੰਘ ਗਿਆ।

(3) ਓਪਰੇ ਜੰਗਲ ਵਿਚ ਰਾਹੀ ਰਾਹ ਭੁੱਲ ਜਾਏ, ਭਾਦਰੋਂ ਦੀ ਕੜਕਦੀ ਧੁੱਪੇ ਦੁਪਹਿਰ ਵੇਲੇ ਹਵਾ ਬੰਦ ਹੋਵੇ, ਹੁੰਮ ਲੱਗਾ ਹੋਵੇ, ਰਾਹੀ ਦਾ ਦਮ ਘੁਟਦਾ ਹੈ। ਸਹਿਮ ਭੀ ਹੈ ਕਿ ਕੋਈ ਜੰਗਲੀ ਜਾਨਵਰ ਨ ਆ ਪਏ।

ਸੰਸਾਰ-ਜੰਗਲ ਵਿਚ ਵਿਕਾਰਾਂ ਦੀ ਤਪਸ਼ ਹੈ। ਜੇ ਕਿਸੇ ਪਾਸੇ ਵਲੋਂ ਭੀ ਸ਼ਾਂਤੀ ਠੰਢ ਦਾ ਝੋਂਕਾ ਨ ਆਵੇ, ਤਾਂ ਇਸ ਹੁੰਮ ਵਿਚ ਆਤਮਕ ਜੀਵਨ ਘੁੱਟਿਆ ਜਾਂਦਾ ਹੈ। ਜਿਨ੍ਹਾਂ ਨੇ ਕਰਤਾਰ ਦਾ ਪੱਲਾ ਫੜਿਆ, ਉਹ ਇਥੇ ਸੌਖਾ ਜੀਵਨ ਗੁਜ਼ਾਰ ਗਏ।

(4) ਕੋਈ ਪਰਦੇਸੀ ਮੁਸਾਫ਼ਿਰ ਕਿਸੇ ਜੰਗਲ ਵਿਚ ਕਿਸੇ ਵੱਡੇ ਨਾਗ ਦੇ ਕਾਬੂ ਆ ਜਾਏ, ਨਾਗ ਉਸ ਦੇ ਪੈਰਾਂ ਤੋਂ ਵਲੇਵੇਂ ਮਾਰਦਾ ਸਿਰ ਤਕ ਪਹੁੰਚ ਕੇ ਮੱਥੇ ਉਥੇ ਆ ਡੰਗ ਮਾਰਦਾ ਹੈ। ਵਲਾਂ ਵਿਚ ਜਕੜੇ ਮਨੁੱਖ ਦੀ ਕੋਈ ਪੇਸ਼ ਨਹੀਂ ਜਾਂਦੀ।

ਸ਼ਾਮ ਵੇਲੇ ਦੀਵੇ ਜਗਦੇ ਹਨ, ਵਰਖਾ ਰੁੱਤੇ ਪਤੰਗੇ ਧਰਤੀ ਵਿਚੋਂ ਨਿਕਲ ਕੇ ਦੀਵਿਆਂ ਦੀ ਲਾਟ ਉਤੇ ਆ ਸੜਦੇ ਹਨ।

(5) ਤ੍ਰਿਸ਼ਨਾ ਦੀ ਅੱਗ ਉਤੇ ਮਨੁੱਖ ਆਪਣਾ ਆਤਮਕ ਜੀਵਨ ਸਾੜ ਰਹੇ ਹਨ। ਮਾਇਆ ਨਾਗਣੀ ਵਲ ਪਾ ਕੇ ਆਤਮਕ ਜੀਵਨ ਦੀ ਸੰਘੀ ਘੁੱਟਦੀ ਜਾ ਰਹੀ ਹੈ।

ਮੋਹ ਦਾ ਸਮੁੰਦਰ ਹੈ ਇਹ ਜਗਤ। ਮਾਇਆ ਦੇ ਤੇਜ਼ ਝੱਖੜ ਨਾਲ ਵਿਕਾਰ ਦੀਆਂ ਲਹਿਰਾਂ ਉਠ ਰਹੀਆਂ ਹਨ, ਤੇ ਜੀਵਾਂ ਦੇ ਆਤਮਕ ਜੀਵਨ ਗੋਤੇ ਖਾ ਰਹੇ ਹਨ।

ਜਗਤ

(ੲ) ਰਣਭੂਮੀ

1. ਸਲੋਕ ਮ: 3 (ਸਿਰੀ ਰਾਗ ਕੀ ਵਾਰ) = ਨਾਨਕ ਸੋ ਸੂਰਾ ਵਰੀਆਮੁ (ਪੰਨਾ 86

2. ਸਲੋਕ ਮ: 3 (ਵਾਰ ਸੋਰਠਿ) = ਹਸਤੀ ਸਿਰਿ ਜਿਉ ਅੰਕਸੁ ਹੈ (ਪੰਨਾ 647

3. ਪਉੜੀ ਮ: 3 (ਵਾਰ ਮਾਰੂ) = ਜੋ ਜਨ ਲੂਝਹਿ ਮਨੈ ਸਿਉ (ਪੰਨਾ 1088

4. ਪਉੜੀ ਮ: 3 (ਮਾਰੂ ਕੀ ਵਾਰ) = ਸੂਰੇ ਏਹਿ ਨ ਆਖੀਅਹਿ (ਪੰਨਾ 1089

5. ਸਲੋਕ ਮ: 3 (ਵਾਰਾਂ ਤੇ ਵਧੀਕ) = ਮਾਇਆ ਮੋਹਿ ਜਗੁ ਭਰਮਿਆ (ਪੰਨਾ 1414

6. ਪਉੜੀ ਮ: 4 (ਸੋਰਠਿ ਕੀ ਵਾਰ) = ਗੁਰਿ ਸਚੈ ਬਧਾ ਥੇਹੁ (ਪੰਨਾ 653

7. ਕਾਨੜਾ ਮ: 4 = ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ (ਪੰਨਾ 1295

8. ਗਉੜੀ ਬਾਵਨ ਅਖਰੀ ਮ: 5 = ਣਾਣਾ ਰਣ ਤੇ ਸੀਝੀਐ, ਆਤਮ ਜੀਤੈ ਕੋਇ (ਪੰਨਾ 256

9. ਪਉੜੀ ਮ: 5 (ਵਾਰ ਗਉੜੀ ਮ: 5) = ਰਸਨਾ ਉਚਰੈ, ਹਰਿ ਸ੍ਰਵਨੀ ਸੁਣੈ, ਸੋ ਉਧਰੈ ਮਿਤਾ (ਪੰਨਾ 322

10. ਆਸਾ ਮ: 5 = ਚਾਰਿ ਬਰਨ, ਚਉਹਾ ਕੇ ਮਰਦਨ (ਪੰਨਾ 404

11. ਆਸਾ ਮ: 5 ਛੰਤ = ਵੰਞੁ ਮੇਰੇ ਆਲਸਾ, ਹਰਿ ਪਾਸਿ ਬੇਨੰਤੀ (ਪੰਨਾ 460

12. ਸਲੋਕ ਮ: 5 (ਵਾਰ ਗੂਜਰੀ) = ਪਾਪੜਿਆ ਪਛਾੜਿ, ਬਾਣੁ ਸਚਾਵਾ ਸੰਨ੍ਹ੍ਹਿ ਕੈ (ਪੰਨਾ 521

13. ਪਉੜੀ ਮ: 5 (ਗੂਜਰੀ ਕੀ ਵਾਰ) = ਸੂਰ ਬੀਰ ਵਰੀਆਮ, ਕਿਨੈ ਨ ਹੋੜੀਐ (ਪੰਨਾ 522

14. ਸੋਰਠਿ ਮ: 5 = ਗਰੀਬੀ ਗਦਾ ਹਮਾਰੀ (ਪੰਨਾ 628

15. ਧਨਾਸਰੀ ਮ: 5 = ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ (ਪੰਨਾ 680

16. ਸਾਰਗ ਮ: 5 = ਹਰਿ ਕਾਟੀ ਕੁਟਿਲਤਾ ਕੁਠਾਰਿ (ਪੰਨਾ 1225

17. ਫੁਨਹੇ ਮ: 5 = ਧਾਵਉ ਦਸਾ ਅਨੇਕ, ਪ੍ਰੇਮ ਪ੍ਰਭ ਕਾਰਣੇ (ਪੰਨਾ 1363

18. ਗਉੜੀ ਬਾਵਨ ਆਖਰੀ, ਕਬੀਰ ਜੀ = ਯਯਾ ਜਉ ਜਾਨਹਿ ਤਉ ਦੁਰਮਤਿ ਹਨਿ (ਪੰਨਾ 342

19. ਸਲੋਕ ਕਬੀਰ ਜੀ (ਮਾਰੂ) = ਗਗਨ ਦਮਾਮਾ ਬਾਜਿਓ (ਪੰਨਾ 1105

20. ਭੈਰਉ ਕਬੀਰ ਜੀ = ਕਿਉ ਲੀਜੈ ਗਢੁ ਬੰਕਾ ਭਾਈ (ਪੰਨਾ 1161

21. ਰਾਮਕਲੀ ਕੀ ਵਾਰ (ਰਾਇ ਬਲਵੰਡਿ) = ਨਾਉ ਕਰਤਾ ਕਾਦਰੁ ਕਰੇ (ਪੰਨਾ 966

22. ਰਾਮਕਲੀ ਵਾਰ (ਸੱਤਾ ਡੂੰਮ) = ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ (ਪੰਨਾ 967

23. ਸਵਈਏ ਮਹਲੇ ਤੀਜੇ ਕੇ = ਪਹਿਰਿ ਸਮਾਧਿ ਸਨਾਹੁ = (1॥21॥) (ਭੱਟ ਸਲ੍ਯ੍ਯ) ਪੰਨਾ 1396

24. ਸਵਈਏ ਮਹਲੇ ਚਉਥੇ ਕੇ = ਮੋਹੁ ਮਲਿ ਬਿਵਸਿ ਕੀਅਉ = (1॥59॥) (ਭੱਟ ਸਲ੍ਯ੍ਯ) ਪੰਨਾ 1406

ਭਾਵ:

(1) ਅਹੰਕਾਰ ਮਨੁੱਖ ਦਾ ਬੜਾ ਡਾਢਾ ਵੈਰੀ ਹੈ। ਜਿਸ ਨੇ ਅਹੰਕਾਰ ਨੂੰ ਮਾਰ ਲਿਆ, ਉਹ ਸੂਰਮਾ ਹੈ ਉਹ ਵਰੀਆਮ ਹੈ। ਉਸੇ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ।

(2) ਰਾਜਸੀ ਤਾਕਤ ਹਾਸਲ ਕਰਨ ਲਈ ਇਸ ਧਰਤੀ ਉਤੇ ਢੇਰ ਪੁਰਾਣੇ ਸਮਿਆਂ ਤੋਂ ਰਜਵਾੜਿਆਂ ਦੇ ਪਰਸਪਰ ਜੰਗ ਹੁੰਦੇ ਚਲੇ ਆ ਰਹੇ ਹਨ। ਜਿਉਂ ਜਿਉਂ ਸਾਇੰਸ ਉੱਨਤੀ ਕਰ ਰਹੀ ਹੈ ਤਿਉਂ ਤਿਉਂ ਵਧੀਕ ਵਧੀਕ ਮਾਰੂ ਹਥਿਆਰ ਬਣਨ ਦੇ ਕਾਰਨ ਜੰਗਾਂ ਵਿਚ ਵਧੀਕ ਆਹੂ ਲਹਿ ਰਹੇ ਹਨ।

ਆਤਮਕ ਜਗਤ ਵਿਚ ਭੀ ਸਦਾ ਜੰਗ ਹੋ ਰਿਹਾ ਹੈ। ਕਾਮਾਦਿਕ ਮਨੁੱਖ ਦੇ ਆਤਮਾ ਉਤੇ ਰਾਜ ਕਾਇਮ ਕਰਨ ਦਾ ਜਤਨ ਕਰਦੇ ਰਹਿੰਦੇ ਹਨ।

ਹਾਥੀ ਨੂੰ ਮਹਾਵਤ ਕੁੰਡੇ ਹੇਠ ਰੱਖਦਾ ਹੈ। ਅਹਿਰਣ ਲੋਹਾਰ ਦੇ ਵਦਾਨ ਦੀਆਂ ਸੱਟਾਂ ਸਹਾਰਦੀ ਹੈ। ਜੋ ਮਨੁੱਖ ਇਸੇ ਤਰ੍ਹਾਂ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਂਦਾ ਹੈ, ਉਹ ਆਤਮਕ ਜਗਤ ਵਿਚ ਕਾਮਾਦਿਕਾਂ ਉਤੇ ਬਲੀ ਹੋ ਜਾਂਦਾ ਹੈ।

(3) ਅਸਲ ਸੂਰਮੇ ਉਹ ਹਨ ਜੋ ਆਪਣੇ ਮਨ ਨਾਲ ਜੰਗ ਕਰਦੇ ਹਨ। ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਉਹਨਾਂ, ਮਾਨੋ, ਜਗਤ ਜਿੱਤ ਲਿਆ। ਜਗਤ ਦਾ ਕੋਈ ਪਦਾਰਥ ਉਹਨਾਂ ਨੂੰ ਮੋਹ ਨਹੀਂ ਸਕਦਾ।

(4) ਤਾਕਤ ਹਕੂਮਤ ਦੇ ਮਾਣ ਵਿਚ ਮੱਤੇ ਜਰਵਾਣੇ ਫ਼ੌਜਾਂ ਇਕੱਠੀਆਂ ਕਰ ਕੇ ਦੂਜਿਆਂ ਉਤੇ ਜਾ ਹੱਲੇ ਕਰਦੇ ਹਨ। ਉਹਨਾਂ ਨੂੰ ਸੂਰਮੇ ਨਹੀਂ ਕਹੀਦਾ। ਪਰਮਾਤਮਾ ਨੂੰ ਇਹ ਅਹੰਕਾਰ ਆਕੜ ਪਸੰਦ ਨਹੀਂ।

(5) ਮਾਇਆ ਦੇ ਮੋਹ ਵਿਚ ਦੁਨੀਆ ਸੁੱਤੀ ਪਈ ਹੈ। ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟੀ ਜਾ ਰਹੇ ਹਨ।

ਜਿਸ ਵਿਰਲੇ ਨੇ ਗਿਆਨ ਦੀ ਤਲਵਾਰ ਨਾਲ ਇਹਨਾਂ ਪੰਜਾਂ ਦਾ ਸਿਰ ਲਾਹ ਦਿੱਤਾ, ਉਹ ਜਾਗ ਪਿਆ ਸਮਝੋ।

(6) ਕਾਮਾਦਿਕ ਮਾਇਆ ਦੇ ਅਨੇਕਾਂ ਸੂਰਮੇ ਮਨੁੱਖ ਉਤੇ ਹੱਲੇ ਕਰਦੇ ਰਹਿੰਦੇ ਹਨ।

ਗੁਰੂ ਨੇ ਸਤਸੰਗ-ਰੂਪ ਇਕ ਕਿਲ੍ਹਾ ਤਿਆਰ ਕਰ ਦਿੱਤਾ ਹੈ। ਸਤਸੰਗੀ ਇਸ ਕਿਲ੍ਹੇ ਦੇ ਰਾਖੇ ਹਨ। ਇਸ ਕਿਲ੍ਹੇ ਦੀ ਓਟ ਲੈਣ ਵਾਲਾ ਮਨੁੱਖ ਮਾਇਆ ਦੇ ਸੂਰਮਿਆਂ ਦੀ ਮਾਰ ਤੋਂ ਬਚ ਜਾਂਦਾ ਹੈ।

(7) ਇਸ ਸਰੀਰ ਦੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਰੁੱਖ ਦੀ ਛਾਂ ਦੀ। ਪਰ ਮਾਇਆ ਨੇ ਇਸ ਨੂੰ ਪੱਕਾ ਕਿਲ੍ਹਾ ਬਣਾ ਕੇ ਇਸ ਵਿਚ ਹਰਿ ਨਾਮ ਧਨ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।

ਇਹ ਕਿਲ੍ਹਾ ਉਹੀ ਵਡਭਾਗੀ ਸਰ ਕਰ ਸਕਦਾ ਹੈ ਜੋ ਗੁਰੂ ਦੇ ਸ਼ਬਦ ਦਾ ਆਸਰਾ ਲੈਂਦਾ ਹੈ।

(8) ਸੰਸਾਰ-ਰਣ-ਭੂਮੀ ਵਿਚ ਉਹੀ ਮਨੁੱਖ ਸੂਰਮਾ ਸਮਝੋ ਜਿਸ ਨੇ ਮਨ ਨੂੰ ਜਿੱਤ ਲਿਆ, ਜਿਸ ਨੇ ਹਉਮੈ ਨੂੰ ਪਛਾੜ ਦਿੱਤਾ।

(9) ਇਸ ਸਰੀਰ-ਕਿਲ੍ਹੇ ਨੂੰ ਸਰ ਕਰਨਾ ਬੜਾ ਕਠਨ ਕੰਮ ਹੈ। ਜਿਸ ਨੇ ਸਰ ਕਰ ਲਿਆ, ਉਸ ਦਾ ਆਉਣਾ ਸਫਲ ਹੋ ਗਿਆ ਹੈ।

(10) ਮਨੁੱਖ ਕਿਸੇ ਭੀ ਜਾਤਿ ਵਰਣ ਦਾ ਹੋਵੇ, ਕਿਸੇ ਭੀ ਭੇਖ ਦਾ ਹੋਵੇ, ਮਾਇਆ ਦੇ ਇਹ ਪੰਜੇ ਕਾਮਾਦਿਕ ਸੂਰਮੇ ਸਭ ਨੂੰ ਆਪਣੀਆਂ ਤਲੀਆਂ ਉਤੇ ਪਏ ਨਚਾਂਦੇ ਹਨ। ਇਹਨਾਂ ਦੀ ਇਸ ਫ਼ੌਜ ਤੋਂ ਬਚਣ ਲਈ ਸਾਧ ਸੰਗਤਿ ਹੀ ਇਕੋ ਇਕ ਟਿਕਾਣਾ ਹੈ।

(11) ਜਿਸ ਹਿਰਦੇ ਵਿਚ ਰੱਬ ਦੀ ਯਾਦ ਆ ਵੱਸੇ, ਉਥੋਂ ਪਾਪ ਵਿਕਾਰ ਨੱਸ ਜਾਂਦੇ ਹਨ। ਉਹ ਮਨੁੱਖ ਇਸ ਮਾਨਸਕ ਆਤਮਕ ਜੰਗ ਨੂੰ ਜਿੱਤ ਲੈਂਦਾ ਹੈ।

(12) ਕਾਮਾਦਿਕ ਵਿਕਾਰ ਮਨੁੱਖ ਦੇ ਮਨ ਉਤੇ ਮੁੜ ਮੁੜ ਹੱਲਾ ਕਰਦੇ ਹਨ। ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਤੀਰ ਚਲਾਏ, ਉਸ ਦੇ ਨੇੜੇ ਨਹੀਂ ਢੁਕਦੇ।

(13) ਪਿਛਲੇ ਸਮਿਆਂ ਵਿਚ ਰਾਜੇ ਬਾਦਸ਼ਾਹ ਆਪਣੀ ਰਾਜਧਾਨੀ ਦੀ ਰਾਖੀ ਵਾਸਤੇ ਕਿਲ੍ਹੇ ਉਸਰਾਉਂਦੇ ਸਨ, ਕਿਲ੍ਹਿਆਂ ਦੇ ਦੁਆਲੇ ਚੌੜੀ ਤੇ ਡੂੰਘੀ ਖਾਈ ਬਣਾਈ ਜਾਂਦੀ ਸੀ, ਜੋ ਸਦਾ ਪਾਣੀ ਨਾਲ ਭਰੀ ਰੱਖੀਦੀ ਸੀ, ਤਾਕਿ ਵੈਰੀ-ਦਲ ਕਿਸੇ ਪਾਸੇ ਵਲੋਂ ਕਿਲ੍ਹੇ ਦੀ ਫਸੀਲ ਦੇ ਨੇੜੇ ਨ ਢੁਕ ਸਕੇ।

ਮਨੁੱਖ ਦਾ ਮਾਇਆ-ਵੇੜ੍ਹਿਆ ਮਨ ਸਰੀਰ-ਨਗਰ ਵਿਚ ਆਕੀ ਹੋ ਬੈਠਦਾ ਹੈ, ਭਰਮ ਦੇ ਕਿਲ੍ਹੇ ਵਿਚ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਂਦਾ ਹੈ, ਮਾਇਆ ਦਾ ਮੋਹ ਉਸ ਕਿਲ੍ਹੇ ਦੇ ਦੁਆਲੇ ਖਾਈ ਹੈ। ਕਾਮਾਦਿਕ ਸੂਰਮੇ ਇਸ ਦੀ ਮਦਦ ਕਰਦੇ ਹਨ। ਬੜੇ ਬੜੇ ਤਪੀਆਂ ਨੂੰ ਭੀ ਇਹ ਜ਼ੇਰ ਕਰ ਲੈਂਦੇ ਹਨ।

ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਪਿਆਂ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ।

(14) ਪੁਰਾਣੇ ਸਮਿਆਂ ਵਿਚ ਦੁਨੀਆਵੀ ਤਾਕਤ ਹਾਸਲ ਕਰਨ ਹਿਤ ਕੀਤੇ ਜੰਗ ਵਿਚ ਗੁਰਜ, ਤਲਵਾਰਾਂ, ਖੰਡੇ, ਤੀਰ ਆਦਿਕ ਸ਼ਸਤ੍ਰ ਵਰਤੇ ਜਾਂਦੇ ਹਨ।

ਜਿਥੇ ਭੀ ਲੱਤਾਂ ਮੱਲਣ ਦੀ ਤਾਂਘ ਹੈ, ਉਥੇ ਹੀ ਖਹਿ-ਖਹਿ ਹੁੰਦੀ ਹੀ ਰਹਿੰਦੀ ਹੈ, ਤੇ ਹੁੰਦੀ ਹੀ ਰਹੇਗੀ। ਮੱਲਾਂ ਦੀ ਖ਼ਾਤਰ ਜਿਤਨੇ ਹੀ ਦਿਲ ਸਖ਼ਤ ਤੇ ਦਇਆ-ਹੀਨ ਹੋਣਗੇ, ਉਤਨੇ ਹੀ ਝਗੜੇ ਵਧਣਗੇ।

ਜੋ ਮਨੁੱਖ ਗ਼ਰੀਬੀ ਸੁਭਾਉ ਵਾਲਾ ਹੈ, ਜੋ ਕਿਸੇ ਨਾਲ ਆਕੜ ਨਹੀਂ ਵਰਤਦਾ, ਉਸ ਦੇ ਸਿਰ ਉਤੇ ਕੋਈ ਸਵਾਰ ਨਹੀਂ ਹੋ ਸਕਦਾ।

(15) ਸੰਸਾਰ ਇਕ ਰਣ-ਭੂਮੀ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਅਨੇਕਾਂ ਵਿਕਾਰ ਜਗਤ ਦੇ ਸੁੰਦਰ ਮਨ-ਮੋਹਣੇ ਪਦਾਰਥਾਂ ਦੀ ਰਾਹੀਂ ਮਨੁੱਖ ਦੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਜੰਗ ਸਦਾ ਹੀ ਲੱਗਾ ਰਹਿੰਦਾ ਹੈ।

ਗੁਰੂ ਦੀ ਸਹਾਇਤਾ ਨਾਲ ਜੋ ਮਨੁੱਖ ਪ੍ਰਭੂ-ਪਿਆਰ ਆਪਣੇ ਅੰਦਰ ਵਸਾਉਂਦਾ ਹੈ, ਉਸ ਦਾ ਮਨ ਟਿਕਾਣੇ-ਸਿਰ ਰਹਿੰਦਾ ਹੈ, ਤੇ ਇਸ ਆਤਮਕ ਜੰਗ ਵਿਚ ਹਾਰ ਨਹੀਂ ਖਾਂਦਾ।

(16) ਪ੍ਰਭੂ ਦੀ ਯਾਦ ਇਕ ਐਸਾ ਕੁਹਾੜਾ ਹੈ ਜਿਸ ਨਾਲ ਸੰਸਾਰਕ ਜੀਵਨ ਵਿਚੋਂ ਕੁਟਲਤਾ ਕੱਟੀ ਜਾ ਸਕਦੀ ਹੈ। ਪਰਮਾਤਮਾ ਦੇ ਨਾਮ ਦੀ ਚੋਟ ਨਾਲ ਮਨ ਦੀ ਭਟਕਣਾ ਕਾਮ ਕ੍ਰੋਧ ਨਿੰਦਾ ਨੂੰ ਦੂਰ ਕੀਤਾ ਜਾ ਸਕਦਾ ਹੈ।

(17) ਪ੍ਰਭੂ ਦੀ ਭਗਤੀ ਦੇ ਤ੍ਰਿੱਖੇ ਤੀਰ ਚਲਾਵੋ, ਪੰਜੇ ਵੈਰੀ ਫੁੜਕ ਕੇ ਜਾ ਪੈਂਦੇ ਹਨ।

(18) ਸੂਰਮਾ ਉਹੀ ਸਦਾਉਂਦਾ ਹੈ ਜੋ ਮੈਦਾਨ ਨਾਹ ਛੱਡੇ।

ਇਸ ਸੰਸਾਰ-ਰਣਭੂਮੀ ਵਿਚ ਉਹੀ ਮਨੁੱਖ ਸਮਝੋ, ਜੋ ਇਸ ਸਰੀਰ ਨਗਰ ਨੂੰ ਜਿੱਤ ਲਏ।

(19) ਜਦੋਂ ਰਣ-ਜੀਤ ਨਗਾਰੇ ਉਤੇ ਚੋਟ ਵੱਜੇ, ਰਣਭੂਮੀ ਵਿਚ ਖਲੋਤਾ ਸੂਰਮਾ ਪੈਰ ਪਿਛਾਂਹ ਨਹੀਂ ਸੁੱਟਦਾ। ਉਹ ਅਗਾਂਹ ਵਧ ਕੇ ਜਾਂ ਜਿੱਤਦਾ ਹੈ ਜਾਂ ਲੜ ਕੇ ਸ਼ਹੀਦ ਹੁੰਦਾ ਹੈ। ਦੁਨੀਆ ਉਸ ਨੂੰ ਸੂਰਮਾ ਆਖਦੀ ਹੈ।

ਗ਼ਰੀਬਾਂ ਦੀਨਾਂ ਦੀ ਬਾਂਹ ਫੜਨੀ ਭੀ ਕਿਸੇ ਵਿਰਲੇ ਸੂਰਮੇ ਦਾ ਹੀ ਕੰਮ ਹੁੰਦਾ ਹੈ। ਅਜੇਹਾ ਸੂਰਮਾ ਭੀ ਬਾਂਹ ਫੜੀ ਦੀ ਲਾਜ ਰੱਖਦਾ ਹੈ।

(20) ਪੱਕਾ ਕਿਲ੍ਹਾ ਹੋਵੇ, ਦੁਆਲੇ ਦੋਹਰੀਆਂ ਫ਼ਸਲਾਂ ਅਤੇ ਤੇਹਰੀਆਂ ਖਾਈਆਂ ਹੋਣ। ਕਿਲ੍ਹੇ ਦਾ ਦਰਵਾਜ਼ਾ ਬਹੁਤ ਕਰੜਾ ਤੇ ਮਜ਼ਬੂਤ ਹੋਵੇ, ਉਸ ਉਤੇ ਰਾਖੇ ਭੀ ਬੜੇ ਲੜਾਕੇ ਸੂਰਮੇ ਬਿਠਾਏ ਹੋਣ। ਅਜਿਹੇ ਕਿਲ੍ਹੇ ਵਿਚ ਬੈਠੇ ਆਕੀ ਵੈਰੀ ਨੂੰ ਜਿੱਤਣਾ ਸੌਖੀ ਖੇਡ ਨਹੀਂ ਹੈ।

ਇਹ ਸਰੀਰ ਕਿਲ੍ਹਾ ਹੈ। ਦ੍ਵੈਤ (ਮੇਰ ਤੇਰ) ਦੀਆਂ ਫ਼ਸੀਲਾਂ, ਮਾਇਆ ਦੇ ਤਿੰਨ ਗੁਣਾਂ ਦੀਆਂ ਖਾਈਆਂ ਹਨ। ਕਾਮ ਤੇ ਕ੍ਰੋਧ ਦਰਬਾਨ ਹਨ। ਕਿਲ੍ਹੇ-ਸਰੀਰ ਦੇ ਅੰਦਰ ਮਨ ਆਕੀ ਹੋ ਬੈਠਦਾ ਹੈ। ਮਮਤਾ ਦਾ ਟੋਪ ਪਾਈ ਬੈਠਾ ਹੈ। ਕੁਬੁਧਿ ਦੀ ਉਸ ਨੇ ਕਮਾਣ ਕੱਸੀ ਹੋਈ ਹੈ, ਅੰਦਰੋਂ ਬੈਠਾ ਤ੍ਰਿਸ਼ਨਾ ਦੇ ਤੀਰ ਚਲਾ ਰਿਹਾ ਹੈ।

ਜਿਸ ਨੇ ਗੁਰੂ ਦੀ ਸਹਾਇਤਾ ਨਾਲ ਗਿਆਨ ਦਾ ਗੋਲਾ ਚਲਾਇਆ, ਪ੍ਰੇਮ ਦਾ ਪਲੀਤਾ ਲਾਇਆ, ਸੁਰਤਿ ਦੀ ਹਵਾਈ ਚਾੜ੍ਹੀ, ਸਤ ਸੰਤੋਖ ਸ਼ਸਤ੍ਰ ਫੜੇ, ਸਾਧ ਸੰਗਤਿ ਦੀ ਫ਼ੌਜ ਦਾ ਆਸਰਾ ਲਿਆ, ਉਸ ਨੇ ਇਸ ਗੜ੍ਹ-ਸਰੀਰ ਦੇ ਰਾਜੇ ਮਨ ਨੂੰ ਜਿੱਤ ਲਿਆ।

(21) ਬਲਵੰਡ ਰਬਾਬੀ ਆਖਦਾ ਹੈ– ਗੁਰੂ ਨਾਨਕ ਨੇ ਰੱਬੀ ਰਾਜ ਕਾਇਮ ਕੀਤਾ। ਉਸ ਰਾਜ ਵਿਚ ਗੁਰੂ ਅੰਗਦ ਨੇ ਗੁਰਮਤਿ ਦਾ ਖੰਡਾ ਫੜ ਕੇ ਵਿਕਾਰਾਂ ਦਾ ਨਾਸ ਕਰ ਕੇ ਲੋਕਾਂ ਨੂੰ ਆਤਮਕ ਜੀਵਨ ਬਖ਼ਸ਼ਿਆ।

(22) ਸੱਤਾ ਰਬਾਬੀ ਆਖਦਾ ਹੈ– ਧਰਤੀ ਉਤੇ ਅਨਿਆਇ ਦਾ ਜ਼ੋਰ ਸੀ। ਗੁਰੂ ਅਮਰਦਾਸ ਜੀ ਸਹਿਜ-ਅਵਸਥਾ ਦੇ ਘੋੜੇ ਉਤੇ ਸਵਾਰ ਹੋਏ, ਉਸ ਉਤੇ ਜਤ ਦੀ ਕਾਠੀ ਪਾਈਓ ਨੇ, ਹੱਥ ਵਿਚ ਉੱਚੇ ਆਚਰਣ ਦੀ ਕਮਾਣ ਲੈ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਤੀਰ ਕੱਸ ਲਿਓ ਨੇ। ਇਸ ਤਰ੍ਹਾਂ ਜਗਤ ਦੇ ਵਿਚੋਂ ਘੁੱਪ ਹਨੇਰੇ ਨੂੰ ਦੂਰ ਕਰ ਦਿਤੋ ਨੇ।

(23) ਭੱਟ ਸਲ੍ਹ ਆਖਦਾ ਹੈ ਕਿ ਗੁਰੂ ਅਮਰਦਾਸ ਨੇ ਸੰਸਾਰ ਰਣ ਭੂਮੀ ਵਿਚ ਕਾਮਾਦਿਕ ਵੈਰੀਆਂ ਦੇ ਦਲ ਨੂੰ ਜਿੱਤ ਲਿਆ। ਗੁਰੂ ਅਮਰਦਾਸ ਨੇ ਸਮਾਧੀ ਦੀ ਸੰਜੋਅ ਪਹਿਨ ਲਈ, ਗਿਆਨ ਦੇ ਘੋੜੇ ਉਤੇ ਅਸਵਾਰ ਹੋਇਆ, ਧਰਮ ਦਾ ਧਨੁੱਖ ਹੱਥ ਵਿਚ ਫੜ ਲਿਆ, ਮਿੱਠੇ ਸੁਭਾਵ ਦਾ ਤੀਰ ਮਾਰਿਆ, ਗੁਰੂ-ਸ਼ਬਦ ਦਾ ਨੇਜ਼ਾ ਵੈਰੀਆਂ ਉਤੇ ਚਲਾਇਆ। ਇਸ ਤਰ੍ਹਾਂ ਪੰਜੇ ਹੀ ਵੈਰੀ ਟੋਟੇ ਟੋਟੇ ਹੋ ਗਏ।

(24) ਭੱਟ ਸਲ੍ਹ ਦੀਆਂ ਨਜ਼ਰਾਂ ਵਿਚ ਗੁਰੂ ਰਾਮਦਾਸ ਇਕ ਬਲੀ ਸੂਰਮਾ ਹੈ, ਜਿਸ ਨੇ ਮੋਹ ਨੂੰ ਵੱਸ ਵਿਚ ਕਰ ਲਿਆ, ਜਿਸ ਨੇ ਕਾਮ ਨੂੰ ਭੁੰਝੇ ਪਟਕਾਇਆ, ਜਿਸ ਨੇ ਕ੍ਰੋਧ ਦੇ ਟੋਟੇ ਕਰ ਦਿੱਤੇ ਅਤੇ ਜਿਸ ਨੇ ਲੋਭ ਨੂੰ ਝਿੜਕ ਕੇ ਪਰੇ ਦੁਰਕਾਰ ਦਿੱਤਾ।

ਜਗਤ

(ਸ) ਫੁਲਵਾੜੀ

1. ਮਾਝ ਮ: 3 = ਸਤਿਗੁਰ ਸਾਚੀ ਸਿਖ ਸੁਣਾਈ (ਪੰਨਾ 117

2. ਸਲੋਕ ਮ: 5 (ਵਾਰ ਰਾਮਕਲੀ) = ਫਰੀਦਾ ਭੂਮਿ ਰੰਗਾਵਲੀ (ਪੰਨਾ 966

3. ਸਲੋਕ ਮ: 5 (ਵਾਰ ਮਾਰੂ) = ਕਿਆ ਗਾਲਾਇਓ ਭੂਛ (ਪੰਨਾ 1095

ਭਾਵ:

(1) ਜੰਗਲ ਵਿਚ ਅਨੇਕਾਂ ਕਿਸਮਾਂ ਦੇ ਰੁੱਖ ਆਪੇ ਉੱਗ ਪੈਂਦੇ ਹਨ, ਅਤੇ ਵਰਖਾ ਦੇ ਸਿਰ ਤੇ ਆਪੇ ਪਲ ਪੈਂਦੇ ਹਨ। ਪਰ ਫੁਲਵਾੜੀਆਂ ਤੇ ਬਗੀਚੀਆਂ ਦੇ ਬੂਟੇ ਬਹੁਤ ਕੋਮਲ ਹੁੰਦੇ ਹਨ। ਉਹਨਾਂ ਦੀ ਪਾਲਣਾ ਕਰਨ ਲਈ ਮਾਲਕ ਨੂੰ ਖ਼ਾਸ ਧਿਆਨ ਦੇਣਾ ਪੈਂਦਾ ਹੈ, ਮਾਲੀ ਰੱਖਣਾ ਪੈਂਦਾ ਹੈ ਜੋ ਉਹਨਾਂ ਦੀ ਗੋਡੀ ਆਦਿਕ ਹਰੇਕ ਕਿਸਮ ਦੀ ਸੰਭਾਲ ਕਰਦਾ ਹੈ। ਫ਼ਾਲਤੂ ਹਾਨੀਕਾਰਕ ਘਾਹ ਬੂਟ ਪੁੱਟਣਾ ਹੁੰਦਾ ਹੈ, ਅਤੇ ਬੂਟਿਆਂ ਨੂੰ ਕਈ ਰੋਗਾਂ ਤੋਂ ਬਚਾਣਾ ਹੁੰਦਾ ਹੈ। ਵੇਲੇ ਸਿਰ ਪਾਣੀ ਦੇਣ ਦੀ ਲੋੜ ਹੁੰਦੀ ਹੈ।

ਇਹ ਜਗਤ ਫੁਲਵਾੜੀ ਹੈ। ਸਿਰਜਣਹਾਰ ਆਪ ਇਸ ਦਾ ਮਾਲੀ ਹੈ। ਸਭ ਦੀ ਸੰਭਾਲ ਕਰਦਾ ਹੈ। ਫੁੱਲਾਂ ਦੀਆਂ ਵਖ ਵਖ ਸੁਗੰਧੀਆਂ, ਜੀਆਂ ਦੇ ਵਖ ਵਖ ਸੁਭਾਵ।

(2) ਇਸ ਸੋਹਣੀ ਧਰਤੀ ਉਤੇ ਵਿਕਾਰਾਂ ਦਾ ਵਿਹੁਲਾ ਬਗੀਚਾ ਭੀ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹਨਾਂ ਨੂੰ ਇਹ ਵਿਕਾਰ ਪੋਹ ਨਹੀਂ ਸਕਦੇ।

(3) ਸ਼ਹਿਰਾਂ ਦੀ ਸੰਘਣੀ ਵੱਸੋਂ ਵਿਚ ਸ਼ਹਿਰੀਆਂ ਨੂੰ ਨਾਹ ਕਿਤੇ ਖੁਲ੍ਹੀ ਹਵਾ ਅਤੇ ਨਾਹ ਹੀ ਕਿਤੇ ਸੈਰ ਨੂੰ ਥਾਂ। ਸੁਹਿਰੀਆਂ ਦੀ ਇਹ ਔਖਿਆਈ ਦੂਰ ਕਰਨ ਲਈ ਮਿਊਂਸਿਪਲ ਕਮੇਟੀ ਵਲੋਂ ਸ਼ਹਿਰ ਦੇ ਦੁਆਲੇ ਫੁੱਲਾਂ ਦੇ ਬਗੀਚਿਆਂ ਅਤੇ ਫੁਲਵਾੜੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਰ ਇਹ ਫੁੱਲ ਤੋੜਨ ਦੀ ਮਨਾਹੀ ਹੁੰਦੀ ਹੈ, ਨਹੀਂ ਤਾਂ ਫੁਲਵਾੜੀਆਂ ਵਿਚ ਕਿਤੇ ਇਕ ਫੁੱਲ ਭੀ ਨ ਰਹਿ ਜਾਏ। ਸਾਊ ਸ਼ਹਿਰੀ ਦਾ ਇਹ ਫ਼ਰਜ਼ ਹੁੰਦਾ ਹੈ ਕਿ ਕਿਸੇ ਫੁੱਲ ਵਲ ਕੈਰੀ ਅੱਖੇ ਨ ਵੇਖੇ।

ਜਗਤ ਫੁਲਵਾੜੀ ਹੈ। ਇਸਤ੍ਰੀ ਇਸ ਫੁਲਵਾੜੀ ਦਾ ਸੁੰਦਰ ਫੁੱਲ ਹੈ। ਮਨੁੱਖ ਨੇ ਪਰਾਏ ਫੁੱਲ ਵਲ ਭੈੜੀ ਨਿਗਾਹ ਨਾਲ ਨਹੀਂ ਤੱਕਣਾ।

ਜਗਤ

(ਹ) ਅਖਾੜਾ

1. ਸਿਰੀ ਰਾਗ ਮ: 5 = ਪੈ ਪਾਇ ਮਨਾਈ ਸੋਇ ਜੀਉ (ਪੰਨਾ 73

2. ਮਾਝ ਮ: 5 = ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਪੰਨਾ 103

ਭਾਵ:

(1) ਛਿੰਝ ਦਾ ਢੋਲ ਕਈ ਦਿਨ ਪਹਿਲਾਂ ਹੀ ਵੱਜਣ ਲੱਗ ਪੈਂਦਾ ਹੈ ਖ਼ਲਕਤ ਵੇਖਣ ਨੂੰ ਆ ਇਕੱਠੀ ਹੁੰਦੀ ਹੈ। ਪਿੜ ਬੱਝਣ ਤੇ ਆਪੋ ਆਪਣੇ ਧੜੇ ਦੇ ਪਹਿਲਵਾਨ ਰਲ ਕੇ ਫੇਰੀ ਲੈਂਦੇ ਹਨ। ਉਹਨਾਂ ਦੇ ਸੁਡੌਲ ਜੁੱਸੇ ਵੇਖ ਵੇਖ ਕੇ ਲੋਕ ਵਾਹ ਵਾਹ ਪਏ ਕਰਦੇ ਹਨ। ਜਿੱਤਣ ਵਾਲਿਆਂ ਨੂੰ ਸਾਥੀ ਥਾਪੀ ਦੇਂਦੇ ਹਨ; ਅਖਾੜੇ ਦੇ ਚੌਧਰੀਆਂ ਪਾਸੋਂ ਮਾਲੀ ਮਿਲਦੀ ਹੈ।

ਸੰਸਾਰ-ਅਖਾੜੇ ਵਿਚ ਜਿਸ ਨੇ ਪੰਜ ਕਾਮਾਦਿਕਾਂ ਦੀ ਪਿੱਠ ਲਾ ਦਿੱਤੀ, ਉਸ ਨੂੰ ਗੁਰੂ ਥਾਪੀ ਦੇਂਦਾ ਹੈ।

(2) ਤੁਰਨੇ-ਸਿਰ ਚੌਧਰੀ ਪਿੰਡ ਵਿਚ ਛਿੰਝਾਂ ਪਵਾਉਂਦੇ ਹਨ। ਆਸ ਪਾਸ ਦੇ ਘੁਲਾਟੀਏ ਪਹਿਲਵਾਨ ਕੁਸ਼ਤੀਆਂ ਲੜਨ ਆਉਂਦੇ ਹਨ। ਪਿੜ ਬੱਝਦਾ ਹੈ। ਪਹਿਲਵਾਨ ਘੁਲਦੇ ਹਨ। ਜਿੱਤਣ ਵਾਲੇ ਨੂੰ ਮਾਲੀ ਮਿਲਦੀ ਹੈ।

ਇਹ ਜਗਤ ਅਖਾੜਾ ਹੈ, ਪ੍ਰਭੂ ਦਾ ਰਚਿਆ ਹੋਇਆ। ਸਭ ਜੀਵ ਇਸ ਅਖਾੜੇ ਦੇ ਪਹਿਲਵਾਨ ਹਨ। ਕਾਮਾਦਿਕਾਂ ਨਾਲ ਕੁਸ਼ਤੀਆਂ ਹੋ ਰਹੀਆਂ ਹਨ। ਜੇਹੜਾ ਬੰਦਾ ਇਹਨਾਂ ਨੂੰ ਪਛਾੜ ਲੈਂਦਾ ਹੈ, ਉਸ ਨੂੰ ਅਖਾੜੇ ਦੇ ਮਾਲਕ ਪਾਸੋਂ ਆਦਰ ਮਿਲਦਾ ਹੈ।

ਜਗਤ

(ਕ) ਚਉਪੜ

1. ਬਸੰਤੁ ਮ: 5 = ਹੋਇ ਇਕਤ੍ਰ ਮਿਲਹੁ ਮੇਰੇ ਭਾਈ (ਪੰਨਾ 1185

2. ਸੂਹੀ ਕਬੀਰ ਜੀ = ਥਾਕੈ ਨੈਨ, ਸ੍ਰਵਨ ਸੁਨਿ ਥਾਕੇ (ਪੰਨਾ 793

ਭਾਵ:

(1) ਚਉਪੜ ਦੀ ਖੇਡ ਸਾਡੇ ਦੇਸ ਵਿਚ ਬੜੀ ਪ੍ਰਸਿੱਧ ਹੈ। ਆਮ ਤੌਰ ਤੇ ਬਿਰਧ ਮਨੁੱਖ ਖੇਡਦੇ ਹਨ, ਜੋ ਦੁਨੀਆ ਦੇ ਹੋਰ ਕੰਮ ਕਰਨ ਤੋਂ ਰਹਿ ਜਾਂਦੇ ਹਨ। ਕੱਪੜੇ ਦੇ ਚਾਰ ਪੜ (ਪਟ) ਜੋੜੇ ਹੁੰਦੇ ਹਨ। ਹਰੇਕ ਪੜ ਉਤੇ ਇਕੋ ਜਿਤਨੇ ਚੌਰਸ ਖ਼ਾਨੇ ਹੁੰਦੇ ਹਨ। ਆਮ੍ਹੋ ਸਾਹਮਣੇ ਚਾਰ ਮਨੁੱਖ ਬੈਠ ਕੇ ਖੇਡ ਸਕਦੇ ਹਨ। ਚੌਹਾਂ ਪੜਾਂ ਦੇ ਵਿਚਕਾਰ ਇਕ ਵੱਡਾ ਚੌਰਸ ਖ਼ਾਨਾ ਹੁੰਦਾ ਹੈ। ਪੁੱਗੀਆਂ ਹੋਈਆਂ ਨਰਦਾਂ (ਮੋਹਰੇ) ਉਸ ਖ਼ਾਨੇ ਵਿਚ ਜਾ ਪਹੁੰਚਦੀਆਂ ਹਨ। ਇਸ ਖ਼ਾਨੇ ਵਿਚ ਅਪੜਨ ਤੋਂ ਪਹਿਲਾਂ ਇਕ ਦੀ ਨਰਦ ਨੂੰ ਦੂਜੇ ਦੀ ਨਰਦ ਮਾਰ ਸਕਦੀ ਹੈ। ਪਰ ਜੇ ਇਕ ਧਿਰ ਦੀਆਂ ਦੋ ਨਰਦਾਂ ਇਕੱਠੀਆਂ ਇਕੋ ਖ਼ਾਨੇ ਵਿਚ ਪਹੁੰਚ ਜਾਣ, ਤਾਂ ਜਦ ਤਕ ਉਹ ਇਕੱਠੀਆਂ ਹਨ ਵਿਰੋਧੀ ਦੀ ਨਰਦ ਦੀ ਮਾਰ ਤੋਂ ਬਚ ਜਾਂਦੀਆਂ ਹਨ।

ਇਹ ਜਗਤ ਚੌਪੜ ਦੀ ਖੇਡ ਹੈ। ਅਨੇਕਾਂ ਵਿਕਾਰ ਮਨੁੱਖ ਦੇ ਮਨ ਉਤੇ ਚੋਟਾਂ ਮਾਰਦੇ ਰਹਿੰਦੇ ਹਨ। ਸਤਸੰਗ ਵਿਚ ਅਪੜਿਆਂ ਮਨੁੱਖ ਇਹਨਾਂ ਦੀ ਮਾਰ ਤੋਂ ਬਚ ਜਾਂਦਾ ਹੈ।

(2) ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ, ਜਿਸ ਨੇ ਚਉਪੜ ਦੀ ਇਹ ਖੇਡ ਖੇਡੀ, ਉਸ ਦਾ ਮਨ ਆਪਣੇ ਵੱਸ ਵਿਚ ਆ ਗਿਆ। ਉਹ ਕਾਮਾਦਿਕਾਂ ਦੀ ਮਾਰ ਤੋਂ ਬਚ ਨਿਕਲਿਆ।

ਜਗਤ

(ਖ) ਰੰਗ-ਭੂਮੀ

1. ਆਸਾ ਮ: 5 ਛੰਤੁ = ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ (ਪੰਨਾ 452

2. ਬਿਹਾਗੜਾ ਮ: 5 ਛੰਤ = ਹਰਿ ਕਾ ਏਕੁ ਅਚੰਭਉ ਦੇਖਿਉ ਦੇਖਿਆ (ਪੰਨਾ 541

ਭਾਵ:

(1) ਜੰਮਣ ਤੋਂ ਮਰਨ ਤਕ ਮਨੁੱਖ ਦੇ ਜੀਵਨ-ਨਾਟ ਵਿਚ ਕਈ ਝਾਕੀਆਂ ਆਉਂਦੀਆਂ ਹਨ– ਬਾਲ ਅਵਸਥਾ ਦੀਆਂ ਖੇਡਾਂ, ਰਤਾ ਸਿਆਣੀ ਉਮਰੇ ਵਿੱਦਿਆ ਅਤੇ ਕਿਰਤਕਾਰ ਦੀ ਸਿਖਲਾਈ, ਜਵਾਨੀ ਵੇਲੇ ਵਿਆਹ, ਬੁਢੇਪਾ ਆਦਿਕ। ਵਿਆਹ ਦੀ ਝਾਕੀ ਬਹੁਤ ਸੁਆਦਲੀ ਹੋਇਆ ਕਰਦੀ ਹੈ– ਮੇਲ ਇਕੱਠਾ ਹੋਣਾ, ਸੁਹਾਗ ਗਾਉਣੇ, ਜੰਞ ਢੁੱਕਣੀ, ਲਾਵਾਂ, ਲੜਕੀ ਦਾ ਸਹੁਰੇ ਘਰ ਜਾਣਾ ਆਦਿ।

ਇਸ ਸੰਸਾਰ-ਅਖਾੜੇ ਵਿਚ ਜੀਵ-ਇਸਤ੍ਰੀ ਤੇ ਪਤੀ-ਪਰਮਾਤਮਾ ਦੇ ਮਿਲਾਪ ਦੀ ਜੀਵਨ-ਝਾਕੀ ਇਕ ਅਦਭੁਤ ਝਾਕੀ ਹੈ। ਸਤਸੰਗੀ ਜਾਂਞੀ ਮਾਂਞੀਆਂ ਦੀ ਸਹਾਇਤਾ ਨਾਲ ਜੀਵ-ਇਸਤ੍ਰੀ ਪਤੀ ਪਰਮਾਤਮਾ ਨੂੰ ਮਿਲਦੀ ਹੈ। ਇਸ ਸਰੀਰ-ਘਰ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਕਰ ਲੈਂਦੀ ਹੈ, ਤੇ ਪੰਜੇ ਕਾਮਾਦਿਕ ਦੁਸ਼ਟ ਨੱਸ ਜਾਂਦੇ ਹਨ।

(2) ਨਾਟਕ ਦਾ ਇਤਿਹਾਸ ਇਸ ਧਰਤੀ ਉਤੇ ਬੜਾ ਪੁਰਾਣਾ ਚਲਿਆ ਆ ਰਿਹਾ ਹੈ। ਕਲਾਕਾਰ ਲੋਕ ਕਿਸੇ ਪ੍ਰਸਿੱਧ ਵਿਅਕਤੀ ਦੇ ਜੀਵਨ ਵਿਚੋਂ ਕੋਈ ਇਕ ਝਾਕੀ ਲੈ ਕੇ ਸੰਬੰਧਤ ਵਿਅਕਤੀਆਂ ਦੇ ਸੁਆਂਗ ਧਾਰ ਕੇ ਦਰਸ਼ਕਾਂ ਨੂੰ ਵਿਖਾਇਆ ਕਰਦੇ ਸਨ। ਉਸ ਪ੍ਰਸਿੱਧ ਵਿਅਕਤੀ ਦਾ ਜੀਵਨ ਨਾਟ ਵਿਖਾਲਣ ਲਈ ਇਕ ਉਚੇਚੀ ਰੰਗ-ਭੂਮੀ ਤਿਆਰ ਕੀਤੀ ਜਾਂਦੀ ਸੀ। ਸੂਤਰਧਾਰ ਆਪ ਆ ਕੇ ਨਾਟਕ ਦਾ ਆਰੰਭ ਕਰਾਉਂਦਾ ਸੀ। ਫਿਰ ਨਟ ਆ ਆ ਕੇ ਆਪਣੇ ਹਿੱਸੇ ਦਾ ਖੇਲ ਖੇਲਦੇ ਸਨ। ਜੇਹੜਾ ਨਟ ਸੁਚੱਜਾ ਖੇਲ ਖੇਲਦਾ ਸੀ, ਉਸ ਨੂੰ ਦਰਸ਼ਕ ਵਾਹ ਵਾਹ ਆਖਦੇ ਸਨ, ਉਸ ਨੂੰ ਸੂਤਰਧਾਰ ਤੋਂ ਭੀ ਆਦਰ-ਮਾਨ ਮਿਲਦਾ ਸੀ।

ਇਹ ਜਗਤ ਇਕ ਰੰਗ-ਭੂਮੀ ਹੈ। ਸਭ ਜੀਵ ਆਪਣੇ ਹਿੱਸੇ ਦਾ ਜੀਵਨ-ਨਾਟ ਕਰ ਰਹੇ ਹਨ। ਸੁਚੱਜੇ ਜੀਵ-ਨਟ ਨੂੰ ਇਥੇ ਭੀ ਸੋਭਾ ਅਤੇ ਪ੍ਰਭੂ ਦੇ ਦਰ ਤੇ ਭੀ ਆਦਰ।

3. ਮਾਇਆ

(ੳ) ਹਉਮੈ

1. ਗਉੜੀ ਪੂਰਬੀ ਮ: 4 = ਕਾਮਿ ਕਰੋਧਿ ਨਗਰੁ ਬਹੁ ਭਰਿਆ (ਪੰਨਾ 171

2. ਸੂਹੀ ਮ: 4 = ਮਾਰੇਹਿ ਸੁ ਵੇ ਜਨ ਹਉਮੈ ਬਿਖਿਆ (ਪੰਨਾ 776

3. ਗਉੜੀ ਗੁਆਰੇਰੀ ਮ: 5 = ਅਗਲੇ ਮੁਏ ਸਿ ਪਾਛੈ ਪਰੇ (ਪੰਨਾ 178

4. ਗਉੜੀ ਮ: 5 = ਜਨ ਕੀ ਧੂਰਿ ਮਨ ਮੀਠ ਖਟਾਨੀ (ਪੰਨਾ 199

5. ਗਉੜੀ ਮ: 5 = ਹੈ ਕੋਈ ਐਸਾ ਹਉਮੈ ਤੋਰੈ (ਪੰਨਾ 212

6. ਗਉੜੀ ਬਾਵਨ ਅਖਰੀ ਮ: 5 = ਜਜਾ ਜਾਨੈ ਹਉ ਕਛੁ ਹੂਆ (ਪੰਨਾ 254

7. ਗਉੜੀ ਬਾਵਨ ਅਖਰੀ ਮ: 5 = ਢਢਾ ਢੂਢਤ ਕਹ ਫਿਰਹੁ (ਪੰਨਾ 256

8. ਆਸਾ ਮ: 5 = ਹਰਿ ਬਿਸਰਤ ਸੋ ਮੂਆ (ਪੰਨਾ 407

9. ਮਾਰੂ ਮ: 5 = ਵਿਤ ਨਵਿਤ ਭ੍ਰਮਿਓ ਬਹੁ ਭਾਤੀ (ਪੰਨਾ 999

10. ਮਾਰੂ ਮ: 5 = ਕਵਨ ਥਾਨ ਧੀਰਿਓ ਹੈ ਨਾਮਾ (ਪੰਨਾ 999

11. ਭੈਰਉ ਮ: 5 = ਹਉਮੈ ਰੋਗੁ ਮਾਨੁਖ ਕਉ ਦੀਨਾ (ਪੰਨਾ 1140

12. ਸਲੋਕ ਕਬੀਰ ਜੀ (ਵਾਰ ਗੂਜਰੀ) = ਕਬੀਰ ਮੁਕਤਿ ਦੁਆਰਾ ਸੰਕੁੜਾ (ਪੰਨਾ 509

ਭਾਵ:

(1) ਪੈਰ ਵਿਚ ਕੰਡਾ ਚੁੱਭ ਜਾਏ, ਤੁਰਿਆਂ ਪੀੜ ਹੋਵੇਗੀ। ਪੈਰੀਂ ਮਖ਼ਮਲੀ ਜੁੱਤੀ ਭੀ ਪਾ ਲਵੋ, ਫਿਰ ਭੀ ਤੁਰਿਆਂ ਕੰਡਾ ਦਰਦ ਹੀ ਕਰੇਗਾ।

ਹਉਮੈ ਭੀ ਇਕ ਕੰਡਾ ਹੀ ਹੈ। ਜਿਸ ਮਨੁੱਖ ਦੇ ਮਨ ਵਿਚ ਚੁਭਿਆ ਹੋਵੇ, ਉਹ ਗੱਲੇ ਗੱਲੇ ਦੁਖੀ ਹੁੰਦਾ ਰਹੇਗਾ। ਫਲਾਣੇ ਨੇ ਮੈਨੂੰ ਸਲਾਮ ਨਹੀਂ ਕੀਤੀ, ਫਲਾਣੇ ਨੇ ਮੈਨੂੰ 'ਜੀ' ਆਖ ਕੇ ਨਹੀਂ ਬੁਲਾਇਆ। ਕਦਮ ਕਦਮ ਤੇ ਅਜੇਹੀਆਂ ਚੋਭਾਂ ਉਸ ਦੇ ਅਹੰਕਾਰੀ ਮਨ ਨੂੰ ਲੱਗਦੀਆਂ ਰਹਿੰਦੀਆਂ ਹਨ।

(2) ਅਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰੋ। ਇਹੀ ਵਿੱਥ ਪਾਂਦਾ ਹੈ ਰੱਬ ਨਾਲੋਂ ਤੇ ਖ਼ਲਕਤ ਨਾਲੋਂ।

(3) 'ਕੋਈ ਸਾਡੀ ਭੁਇਂ ਤੇ ਪੈਰ ਤਾਂ ਧਰੇ, ਮੈਂ ਉਸ ਨੂੰ ਕੈਦ ਕਰਾ ਦਿਆਂਗਾ। ਮੈਂ ਬੜਾ ਵਿਦਵਾਨ ਹਾਂ, ਕੌਣ ਮੇਰੀ ਬਰਾਬਰੀ ਕਰ ਸਕਦਾ ਹੈ?' = ਮਾਇਆ ਦੇ ਪ੍ਰਭਾਵ ਵਿਚ ਮਨੁੱਖ ਕਈ ਅਜੇਹੀਆਂ ਹਉਮੈ ਦੀਆਂ ਊਲ ਜਲੂਲ ਗੱਲਾਂ ਕਰਦਾ ਤੇ ਹਾਸੋ-ਹੀਨਾ ਹੁੰਦਾ ਹੈ। ਇਸ ਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਅਜੇਹੀ ਆਕੜ ਵਿਖਾਲਣ ਵਾਲੇ ਇਥੇ ਧਰਤੀ ਉਤੇ ਅਨੇਕਾਂ ਆਏ ਤੇ ਚਲੇ ਗਏ, ਕਿਤੇ ਉਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿ ਗਿਆ।

ਪ੍ਰਭੂ ਦੀ ਯਾਦ ਹੀ ਸਭ ਤੋਂ ਸ੍ਰੇਸ਼ਟ ਵਸਤ ਹੈ।

(4) ਭਾਂਡਾ ਤੇਲ ਘਿਉ ਆਦਿਕ ਨਾਲ ਥਿੰਧਾ ਹੋ ਜਾਏ, ਤਾਂ ਤਿਲ੍ਹਕਣਾ ਹੋ ਜਾਂਦਾ ਹੈ, ਹੱਥਾਂ ਵਿਚੋਂ ਛੇਤੀ ਤਿਲ੍ਹਕ ਜਾਂਦਾ ਹੈ ਤੇ ਚਿਪ ਚਿਪ ਕਰਨ ਲੱਗ ਪੈਂਦਾ ਹੈ। ਇਹ ਥਿੰਧਾਈ ਪਾਣੀ ਨਾਲ ਨਹੀਂ ਲਹਿ ਸਕਦੀ। ਭਾਂਡੇ ਨੂੰ ਸੁਆਹ ਨਾਲ ਮਾਂਜਣਾ ਪੈਂਦਾ ਹੈ।

ਜਿਤਨਾ ਚਿਰ ਮਨੁੱਖ ਦੇ ਮਨ ਉਤੇ ਹਉਮੈ ਦੀ ਥਿੰਧਾਈ ਟਿਕੀ ਰਹੇ, ਕਿਸੇ ਹੋਰ ਦੀ ਸੇਵਾ ਭਲਾਈ ਦਾ ਖ਼ਿਆਲ ਮਨ ਵਿਚ ਅਸਰ ਹੀ ਨਹੀਂ ਕਰ ਸਕਦਾ। ਸਾਧ ਸੰਗਤਿ ਵਿਚ ਮਨ ਨੂੰ ਮਾਂਜੋ।

(5) ਹਨੇਰਾ ਹੋਵੇ ਸਵੇਰਾ ਹੋਵੇ, ਜਰਨੈਲੀ ਸੜਕੇ ਜਾ ਰਹੇ ਮੁਸਾਫ਼ਿਰ ਨੂੰ ਰਾਹ ਭੁੱਲਣ ਦਾ ਡਰ ਨਹੀਂ ਹੁੰਦਾ। ਪਰ ਰਾਤ ਹੋਵੇ ਹਨੇਰੀ ਕਾਲੀ ਬੋਲੀ, ਕਿਸੇ ਖੁੱਲ੍ਹੀ ਜੂਹ ਵਿਚ ਪਗਡੰਡੀ ਤੇ ਜਾ ਰਿਹਾ ਰਾਹੀ ਸਹਿਜੇ ਹੀ ਰਾਹੋਂ ਖੁੰਝ ਜਾਂਦਾ ਹੈ। ਔਝੜੇ ਪਿਆ ਹੋਇਆ ਵਿਚਾਰਾ ਉਸ ਜੂਹ ਵਿਚ ਹੀ ਟੱਕਰਾਂ ਮਾਰਦਾ ਫਿਰਦਾ ਹੈ; ਪੈਂਡਾ ਮੁੱਕਣ ਵਿਚ ਨਹੀਂ ਆਉਂਦਾ, ਕਿਤੇ ਨੇੜੇ ਕੋਈ ਵੱਸੋਂ ਨਜ਼ਰੇ ਨਹੀਂ ਪੈਂਦੀ। ਉਸ ਵੇਲੇ ਉਸ ਦਾ ਤਰਲਾ ਇਹੀ ਹੁੰਦਾ ਹੈ ਕਿ ਦਿਨ ਚੜ੍ਹੇ ਤੇ ਇਹ ਬਿਪਤਾ ਮੁੱਕੇ।

ਹਉਮੈ ਦੀ ਕਾਲੀ ਹਨੇਰੀ ਰਾਤ ਵਿਚ ਭਟਕਦੇ ਮਨੁੱਖ ਨੂੰ ਸਤਸੰਗ ਵਿਚ ਅੱਪੜ ਕੇ ਹੀ ਆਤਮਕ ਜੀਵਨ ਦਾ ਰਾਹ ਦਿੱਸਦਾ ਹੈ।

(6) ਤੋਤਿਆਂ ਨੂੰ ਫੜਨ ਵਾਲੇ ਮਨੁੱਖ ਇਕ ਛੋਟਾ ਜਿਹਾ ਯੰਤ੍ਰ ਬਣਾ ਲੈਂਦੇ ਹਨ, ਜਿਸ ਨੂੰ ਨਲਿਨੀ ਆਖੀਦਾ ਹੈ। ਦੋ ਡੰਡਿਆਂ ਦੇ ਸਹਾਰੇ ਇਕ ਛੋਟੀ ਚਰਖੜੀ ਖੜੀ ਕੀਤੀ ਜਾਂਦੀ ਹੈ। ਉਸ ਦੇ ਹੇਠ ਵਾਰ ਖੁਲ੍ਹੇ ਮੂੰਹ ਵਾਲਾ ਇਕ ਬਰਤਨ ਪਾਣੀ ਨਾਲ ਭਰ ਕੇ ਰੱਖ ਦੇਂਦੇ ਹਨ। ਚਰਖੜੀ ਉਤੇ ਤੋਤੇ ਵਾਸਤੇ ਚੋਗਾ ਪਾ ਦੇਂਦੇ ਹਨ। ਤੋਤਾ ਚੋਗੇ ਦੀ ਖ਼ਾਤਰ ਚਰਖੜੀ ਉਤੇ ਆ ਬੈਠਦਾ ਹੈ। ਤੋਤੇ ਦੇ ਭਾਰ ਨਾਲ ਚਰਖੜੀ ਉਲਟ ਜਾਂਦੀ ਹੈ। ਤੋਤਾ ਚਰਖੜੀ ਦੇ ਨਾਲ ਹੀ ਹੇਠਲੇ ਪਾਸੇ ਉਲਟ ਜਾਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਡਰਦਾ ਹੈ ਕਿ ਪਾਣੀ ਵਿਚ ਨਾ ਡਿੱਗ ਪਵਾਂ। ਚਰਖੜੀ ਨੂੰ ਘੁੱਟ ਕੇ ਫੜੀ ਰੱਖਦਾ ਹੈ। ਫਾਹੀ ਲਾਵਣ ਵਾਲਾ ਆ ਕੇ ਤੋਤੇ ਨੂੰ ਸਹਿਜੇ ਹੀ ਫੜ ਲੈਂਦਾ ਹੈ।

ਹਉਮੈ ਦੀ ਫਾਹੀ ਵਿਚ ਫਸਿਆ ਮਨੁੱਖ ਭੀ ਸਦਾ ਖ਼ੁਆਰ ਹੁੰਦਾ ਹੈ। ਹਉਮੈ ਚਾਹੇ ਧਨ ਪਦਾਰਥ ਦੀ ਹੋਵੇ, ਚਾਹੇ ਵਿੱਦਿਆ ਦੀ, ਕੋਈ ਫ਼ਰਕ ਨਹੀਂ ਪੈਂਦਾ। ਫਾਹੀ ਫਾਹੀ ਹੀ ਹੈ, ਚਾਹੇ ਉਹ ਸਣੀ ਦੀ ਹੈ ਚਾਹੇ ਪੱਟ ਦੀ।

(7) ਮੈਂ ਵੱਡਾ ਬਣ ਜਾਵਾਂ = ਇਹ ਬੜੀ ਭਿਆਨਕ ਮਾਨਸਿਕ ਦਸ਼ਾ ਹੈ। ਮਨੁੱਖ ਆਪਣੀ ਇਸ 'ਹਉਂ', 'ਹਉਂ' ਤੋਂ ਬੜੇ ਬੜੇ ਅਜ਼ੀਜ਼ ਪਿਆਰਿਆਂ ਨੂੰ ਭੀ ਕੁਰਬਾਨ ਕਰ ਦੇਂਦਾ ਹੈ। ਰਹਿੰਦਾ ਆਪ ਭੀ ਸਦਾ ਦੁਖੀ ਹੈ।

ਚੰਗੇ ਭਾਗ ਹੋਣ, ਮਨੁੱਖ ਨੂੰ ਸਤਸੰਗ ਨਸੀਬ ਹੋਵੇ, ਤਾਂ ਇਸ ਬਲਾ ਤੋਂ ਖ਼ਲਾਸੀ ਮਿਲਦੀ ਹੈ।

(8) ਤੋਤਾ ਨਲਿਨੀ ਦੀ ਚਰਖੜੀ ਨੂੰ ਛੱਡਦਾ ਨਹੀਂ ਕਿ ਮਤਾਂ ਕਿਤੇ ਚਰਖੜੀ ਦੇ ਹੇਠ ਰੱਖੇ ਪਾਣੀ ਵਿਚ ਨਾ ਡਿੱਗ ਪਵਾਂ। ਇਸ ਲਈ ਜਿੰਦ ਬਚਾਉਣ ਦੇ ਭੁਲੇਖੇ ਵਿਚ ਸਦਾ ਲਈ ਪਿੰਜਰੇ ਵਿਚ ਕੈਦ ਹੋ ਜਾਂਦਾ ਹੈ।

ਹਕੂਮਤ ਦੇ ਨਸ਼ੇ ਵਿਚ ਮਨੁੱਖ ਹਉਮੈ ਅਹੰਕਾਰ ਦੇ ਕੰਮ ਕਰਦਾ ਹੈ। ਇਸ ਮੌਜ ਬਹਾਰ ਨੂੰ ਛੱਡਣ ਤੇ ਜੀ ਨਹੀਂ ਕਰਦਾ। ਆਤਮਕ ਜੀਵਨ ਦੀ ਮੌਤ ਹੁੰਦੀ ਜਾਂਦੀ ਹੈ।

(9) ਚੰਗਾ ਭਲਾ ਮਨੁੱਖ ਸ਼ਰਾਬ ਆਦਿਕ ਨਸ਼ਾ ਵਰਤ ਕੇ ਬਰਲਿਆ ਜਾਂਦਾ ਹੈ, ਤੇ ਮੂੰਹੋਂ ਊਲ-ਜਲੂਲ ਪਿਆ ਬੋਲਦਾ ਹੈ। ਉਸ ਦੀਆਂ ਸਭ ਹਰਕਤਾਂ ਹਾਸੋ-ਹੀਣੀਆਂ ਦਿੱਸਦੀਆਂ ਹਨ।

ਮਾਇਆ ਇਕ ਨਸ਼ਾ ਹੈ। ਕੋਈ ਵਿਰਲਾ ਹੁੰਦਾ ਹੈ, ਜਿਸ ਦੀ, ਧਨਵਾਨ ਹੋ ਕੇ, ਧੌਣ ਕਿਰਲੇ ਵਾਂਗ ਨਹੀਂ ਆਕੜਦੀ। ਧਨ ਦੀ ਖ਼ਾਤਰ ਹੀ ਦਿਨ ਰਾਤ ਦੌੜ ਭੱਜ ਕਰ ਕੇ ਉਹ ਸਾਰੀ ਉਮਰ ਗੁਜ਼ਾਰ ਜਾਂਦਾ ਹੈ।

(10) ਖਰ੍ਹਵਾ ਬੋਲ ਤਲਵਾਰ ਨਾਲੋਂ ਭੀ ਤ੍ਰਿੱਖਾ ਡੂੰਘਾ ਜ਼ਖ਼ਮ ਕਰ ਜਾਂਦਾ ਹੈ। ਇਕ ਖਰ੍ਹਵੇ ਬੋਲ ਤੋਂ ਤਲਵਾਰਾਂ ਚੱਲ ਜਾਂਦੀਆਂ, ਜੰਗ ਛਿੜ ਪੈਂਦੇ, ਕੌਮਾਂ ਤਬਾਹ ਹੋ ਜਾਂਦੀਆਂ। ਕੋਈ ਵਿਰਲਾ ਹੀ ਧੀਰਜਵਾਨ ਸੋਚਦਾ ਹੈ ਕਿ ਗਾਲ ਨਾਲ ਸੱਚ ਮੁੱਚ ਕੋਈ ਸਰੀਰਕ ਜ਼ਖ਼ਮ ਤਾਂ ਨਹੀਂ ਹੋ ਜਾਂਦਾ।

ਪਰ ਹਉਮੈ ਤੇ ਧੀਰਜ ਦੋਹਾਂ ਦਾ ਇਕ ਥਾਂ ਟਿਕਾਣਾ ਨਹੀਂ ਹੋ ਸਕਦਾ। ਹਉਮੈ ਨਾਲ ਆਕੜਿਆ ਹੋਇਆ ਮਨ ਰਤਾ ਜਿਤਨਾ ਭੀ ਖਰ੍ਹਵਾ ਬੋਲ ਸਹਾਰ ਨਹੀਂ ਸਕਦਾ।

ਹਉਮੈ ਮਨੁੱਖ ਦੀ ਮੱਤ ਉਤੇ ਪਰਦਾ ਪਾ ਦੇਂਦੀ ਹੈ।

(11) ਰੋਗ ਕੋਈ ਭੀ ਚੰਗਾ ਨਹੀਂ। ਕਾਮ-ਵਾਸਨਾ ਦਾ ਰੋਗ ਇਤਨੇ ਵੱਡੇ ਜਾਨਵਰ ਹਾਥੀ ਨੂੰ ਮਨੁੱਖ ਦਾ ਗ਼ੁਲਾਮ ਬਣਾ ਦੇਂਦਾ ਹੈ। ਦੀਵੇ ਦੀ ਲਾਟ ਵੇਖਣ ਦਾ ਇਸ਼ਕ ਪਤੰਗੇ ਨੂੰ ਸਾੜ ਕੇ ਸੁਆਹ ਕਰਦਾ ਹੈ। ਨਾਦ ਸੁਣਨ ਦੀ ਲਾਲਸਾ ਹਰਨ ਨੂੰ ਕੈਦ ਕਰਾ ਦੇਂਦੀ ਹੈ। ਜੀਭ ਦਾ ਚਸਕਾ ਮੱਛੀ ਦੀ ਮੌਤ ਦਾ ਕਾਰਨ ਬਣਦਾ ਹੈ। ਸੁਗੰਧੀ ਲੈਣ ਦਾ ਚਸਕਾ ਭੌਰੇ ਦਾ ਮਾਰੂ ਬਣਦਾ ਹੈ।

ਇਹੀ ਹਾਲ ਹੈ ਇਨਸਾਨ ਦਾ। ਹਉਮੈ ਦਾ ਰੋਗ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਉਂਦਾ ਹੈ।

(12) ਕਿਥੇ ਹਾਥੀ ਤੇ ਕਿਥੇ ਸੂਈ ਦਾ ਨੱਕਾ। ਹਾਥੀ ਸੂਈ ਦੇ ਨੱਕੇ ਵਿਚੋਂ ਦੀ ਕਿਵੇਂ ਲੰਘ ਸਕੇ?

ਮਾਇਆ ਦੇ ਬੰਧਨਾਂ ਤੋਂ ਮੁਕਤ ਹੋਇਆ ਮਨ ਨਿਮ੍ਰਤਾ ਸੁਭਾਉ ਧਾਰਨ ਕਰਦਾ ਹੈ, ਸਭ ਦੇ ਚਰਨਾਂ ਦੀ ਖ਼ਾਕ ਬਣਦਾ ਹੈ, ਬੜਾ ਹੌਲਾ ਫੁੱਲ ਰਹਿੰਦਾ ਹੈ, ਇਤਨਾ ਸੂਖਮ ਹੋ ਜਾਂਦਾ ਹੈ ਕਿ, ਮਾਨੋ, ਸੂਈ ਦੇ ਨੱਕੇ ਵਿਚੋਂ ਦੀ ਭੀ ਲੰਘ ਜਾਂਦਾ ਹੈ।

ਪਰ ਹਉਮੈ ਨਾਲ ਆਫਰਿਆ ਹੋਇਆ ਮਨ ਹਾਥੀ ਸਮਾਨ ਹੋ ਜਾਂਦਾ ਹੈ। ਉਹ ਕਿਵੇਂ ਲੰਘੇ ਸੂਈ ਦੇ ਨੱਕੇ ਵਿਚੋਂ ਦੀ? ਉਥੇ ਨਿਮ੍ਰਤਾ ਕਿਥੋਂ?

ਮਾਇਆ

(ਅ) ਤ੍ਰਿਸ਼ਨਾ

1. ਸਿਰੀ ਰਾਗੁ ਮ: 5 . . . . ਮਿਠਾ ਕਰਿ ਕੈ ਖਾਇਆ, ਕਉੜਾ ਉਪਜਿਆ ਸਾਦੁ (ਪੰਨਾ 50
2. ਗਉੜੀ ਗੁਆਰੇਰੀ ਮ: 5 . . . . ਪ੍ਰਾਣੀ ਜਾਣੈ ਇਹੁ ਤਨੁ ਮੇਰਾ (ਪੰਨਾ 179
3. ਗਉੜੀ ਮ: 5 . . . . ਤ੍ਰਿਸਨਾ ਬਿਰਲੇ ਕੀ ਹੀ ਬੁਝੀ ਹੇ (ਪੰਨਾ 213
4. ਧਨਾਸਰੀ ਮ: 5 . . . . ਵਡੇ ਵਡੇ ਰਾਜਨ ਅਰੁ ਭੂਮਨ, ਤਾ ਕੀ ਤ੍ਰਿਸ਼ਨ ਨ ਬੂਝੀ (ਪੰਨਾ 672
5. ਸਾਰਗ ਮ: 5 . . . . ਆਤੁਰੁ ਨਾਮ ਬਿਨੁ ਸੰਸਾਰ (ਪੰਨਾ 1224
6. ਬਸੰਤ ਕਬੀਰ ਜੀ . . . . ਸੁਰਹ ਕੀ ਜੈਸੀ ਤੇਰੀ ਚਾਲ (ਪੰਨਾ 1196
7. ਸਲੋਕ ਕਬੀਰ ਜੀ . . . . ਕਬੀਰ ਭਲੀ ਮਧੂਕਰੀ (ਪੰਨਾ 1373
8. ਸੂਹੀ ਲਲਿਤ ਫਰੀਦ ਜੀ . . . . ਬੇੜਾ ਬੰਧਿ ਨ ਸਕਿਓ (ਪੰਨਾ 794
9. ਸਲੋਕ ਫਰੀਦ ਜੀ . . . . ਫਰੀਦਾ ਏ ਵਿਸੁ ਗੰਦਲਾ (ਪੰਨਾ 1379ਨਾ

ਭਾਵ:

(1) ਹਲਕਾਇਆ ਕੁੱਤਾ ਬੇ-ਥਵ੍ਹਾ ਹੋ ਕੇ ਚੁਫੇਰੇ ਦੌੜਿਆ ਫਿਰਦਾ ਹੈ। ਚੋਗੇ ਦੇ ਲਾਲਚ ਵਿਚ ਫਸਿਆ ਤੋਤਾ ਸਾਰੀ ਉਮਰ ਪਿੰਜਰੇ ਵਿਚ ਹੀ ਗੁਜ਼ਾਰਦਾ ਹੈ।

ਮਾਇਆ ਦੀ ਤ੍ਰਿਸ਼ਨਾ ਬੁਰੀ! ਇਸ ਦੇ ਢਹੇ ਚੜ੍ਹਿਆ ਮਨੁੱਖ ਕਦੇ ਇਸ ਦੇ ਪੰਜੇ ਵਿਚੋਂ ਨਿਕਲਣ ਜੋਗਾ ਨਹੀਂ ਰਹਿੰਦਾ। ਤ੍ਰਿਸ਼ਨਾ ਦਾ ਅਜੇਹਾ ਹਲਕ ਕੁੱਦਦਾ ਹੈ ਕਿ ਦਿਨ ਰਾਤ ਮਾਇਆ ਦੀ ਖ਼ਾਤਰ ਇਕ ਕਰ ਦੇਂਦਾ ਹੈ।

(2) ਚਿੜੀਮਾਰ ਪੰਛੀਆਂ ਨੂੰ ਫੜਨ ਵਾਸਤੇ ਜਾਲ ਤਾਣਦਾ ਹੈ, ਤੇ ਉਸ ਉਤੇ ਚੋਗਾ ਖਿਲਾਰ ਦੇਂਦਾ ਹੈ। ਭੋਲੇ ਪੰਛੀ ਚੋਗਾ ਚੁਗਣ ਆ ਬੈਠਦੇ ਹਨ, ਜਾਲ ਵਲ ਉਹਨਾਂ ਦਾ ਧਿਆਨ ਹੀ ਨਹੀਂ ਪੈਂਦਾ। ਮੌਜ ਨਾਲ ਚੋਗਾ ਚੁਗਦੇ ਹਨ, ਤੇ ਖ਼ੁਸ਼ ਹੋ ਹੋ ਕੇ ਆਪੋ ਵਿਚ ਬੋਲੀਆਂ ਬੋਲਦੇ ਹਨ। ਚਿੜੀਮਾਰ ਅਚਨਚੇਤ ਜਾਲ ਖਿੱਚ ਲੈਂਦਾ ਹੈ, ਤੇ ਸਾਰੇ ਪੰਛੀ ਵਿਚੇ ਫਸ ਜਾਂਦੇ ਹਨ।

ਮਾਇਆ ਨੇ ਮੋਹ ਦਾ ਜਾਲ ਖਿਲਾਰਿਆ ਹੋਇਆ ਹੈ। ਸਭ ਜੀਵ-ਪੰਛੀ ਖ਼ੁਸ਼ੀ ਨਾਲ ਇਸ ਵਿਚ ਫਸਦੇ ਜਾ ਰਹੇ ਹਨ।

(3) ਤ੍ਰਿਸ਼ਨਾ ਬੁਰੀ ਬਲਾ! ਧਨ ਜੋੜਨ ਦਾ ਚਸਕਾ ਪੈ ਜਾਏ, ਤਾਂ ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕੀਤਿਆਂ ਭੀ ਮਨ ਨਹੀਂ ਰੱਜਦਾ। ਜੇ ਪਰਾਏ ਘਰ ਤੱਕਣ ਦੀ ਭੈੜੀ ਬਾਣ ਪੈ ਜਾਏ, ਤਾਂ ਕੋਈ ਸ਼ਰਮ ਹਯਾ ਨਹੀਂ ਰਹਿ ਜਾਂਦੀ, ਭਲੇ ਬੁਰੇ ਦੀ ਕੋਈ ਤਮੀਜ਼ ਨਹੀਂ ਰਹਿੰਦੀ।

ਜਿਸ ਉਤੇ ਪ੍ਰਭੂ ਦੀ ਮੇਹਰ ਹੋਵੇ, ਉਸ ਨੂੰ ਸਤਸੰਗ ਵਿਚ ਜਾ ਕੇ ਇਸ ਫਾਹੀ ਤੋਂ ਖ਼ਲਾਸੀ ਮਿਲਦੀ ਹੈ।

(4) ਬਲਦੀ ਅੱਗ ਵਿਚ ਲੱਕੜਾਂ ਪਾਈ ਚਲੋ, ਉਹ ਬਲਦੀਆਂ ਜਾਣਗੀਆਂ। ਅੱਗ ਨੇ ਕਦੇ ਭੀ ਲੱਕੜਾਂ ਸਾੜਨ ਤੋਂ ਨਾਹ ਨਹੀਂ ਕਰਨੀ।

ਇਹੀ ਹਾਲ ਤ੍ਰਿਸ਼ਨਾ ਦਾ ਹੈ, ਚਸਕਿਆਂ ਦਾ ਹੈ। ਮਨੁੱਖ ਨੂੰ ਚੰਗੇ ਖਾਣੇ ਖਾਣ ਦਾ ਚਸਕਾ ਪੈ ਜਾਏ, ਨਿੱਤ ਨਿੱਤ ਸੁਆਦਲੇ ਭੋਜਨ ਖਾਣ ਨਾਲ ਭੀ ਕਦੇ ਖਾਣ ਦੀ ਤ੍ਰਿਸ਼ਨਾ ਖ਼ਤਮ ਨਹੀਂ ਹੋਵੇਗੀ। ਮਨੁੱਖ ਕਾਮ-ਵਾਸਨਾ ਦਾ ਸ਼ਿਕਾਰ ਹੋ ਜਾਏ, ਪਰਾਏ ਘਰ ਤੱਕਦਾ ਫਿਰਦਾ ਹੈ, ਵਾਸਨਾ ਮੁੱਕਦੀ ਨਹੀਂ।

ਮਾਇਆ ਦੇ ਜਾਲ ਵਿਚ ਫਸਿਆ ਕਦੇ ਕੋਈ ਰੱਜਿਆ ਨਹੀਂ।

(5) ਤ੍ਰਿਸ਼ਨਾ ਕਦੇ ਮੁੱਕਦੀ ਨਹੀਂ, ਜਿਵੇਂ ਕੁੱਤੇ ਦੀ ਘਰ ਘਰ ਭਟਕਣਾ ਖ਼ਤਮ ਨਹੀਂ ਹੁੰਦੀ।

(6) ਰੋਟੀ ਦੇ ਟੁਕੜੇ ਦੀ ਖ਼ਾਤਰ ਕੁੱਤਾ ਘਰ ਘਰ ਜਾਂਦਾ ਹੈ। ਕਦੇ ਕਿਸੇ ਘਰ ਦਾ ਬੂਹਾ ਖੁੱਲ੍ਹਾ ਪਿਆ ਹੋਵੇ, ਮਾਲਕ ਘਰ ਨਾਹ ਹੋਵੇ, ਕੁੱਤਾ ਅੰਦਰ ਲੰਘ ਕੇ ਚੱਕੀ ਨੂੰ ਚੱਟਣ ਲੱਗ ਪੈਂਦਾ ਹੈ। ਆਟਾ ਚੱਟ ਕੇ ਭੀ ਕੁੱਤੇ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਜਾਂਦਾ ਹੋਇਆ ਚੱਕੀ ਦਾ ਪਰੋਲਾ ਭੀ ਮੂੰਹ ਵਿਚ ਫੜ ਕੇ ਲੈ ਦੌੜਦਾ ਹੈ।

ਇਹੀ ਹਾਲ ਤ੍ਰਿਸ਼ਨਾ-ਮਾਰੇ ਮਨੁੱਖ ਦਾ ਹੁੰਦਾ ਹੈ। ਵੇਖਣ ਨੂੰ ਭਾਵੇਂ ਬੜਾ ਸਾਊ ਪਿਆ ਜਾਪੇ, ਪਰ ਮਨ ਦੀ ਦਸ਼ਾ ਕੁੱਤੇ ਵਰਗੇ ਹੀ ਹੁੰਦੀ ਹੈ। ਤ੍ਰਿਸ਼ਨਾ ਕਦੇ ਰੱਜਦੀ ਨਹੀਂ।

(7) ਕਚਹਿਰੀਆਂ ਵਿਚ ਜਾ ਕੇ ਵੇਖੋ, ਮੁਕੱਦਮੇ ਕਰਨ ਵਾਲਿਆਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ; ਕਿਤੇ ਦੀਵਾਨੀ ਦਾਹਵੇ, ਕਿਤੇ ਫ਼ੌਜਦਾਰੀ ਝਗੜੇ। ਇਹੀ ਸਭ ਝਗੜੇ ਜਾਇਦਾਦਾਂ ਤੇ ਮਲਕੀਅਤਾਂ ਦੇ ਕਾਰਨ ਹੀ ਹੁੰਦੇ ਹਨ। ਨਿੱਤ ਕਈ ਖੂਨ ਖ਼ਰਾਬੇ ਹੁੰਦੇ ਰਹਿੰਦੇ ਹਨ। ਮੁਕੱਦਮਿਆਂ ਵਿਚ ਫਸੇ ਘਰਾਂ ਦਾ ਕੋਈ ਜੀਊਣ ਦਾ ਹੱਜ ਨਹੀਂ ਰਹਿ ਜਾਂਦਾ।

ਅਜੇਹੀ ਮਲਕੀਅਤ ਨਾਲੋਂ ਤਾਂ ਮੰਗ ਖਾਣਾ ਚੰਗਾ। ਨਾਹ ਕਿਸੇ ਨਾਲ ਵੈਰ-ਵਿਰੋਧ, ਨਾਹ ਕਿਸੇ ਨਾਲ ਸਾੜਾ-ਈਰਖਾ। ਮਨ ਸਦਾ ਨਿਸਚਿੰਤ ਤੇ ਬੇ-ਫ਼ਿਕਰ।

(8) ਸਿਆਲ ਦੀ ਬਹਾਰੇ ਦਰਿਆਵਾਂ ਵਿਚ ਪਾਣੀ ਥੋੜ੍ਹਾ ਹੁੰਦਾ ਹੈ। ਕਈ ਥਾਵਾਂ ਤੋਂ ਲੋਕ ਦਰਿਆ ਵਿਚੋਂ ਗਾਹਣ ਹੀ ਲੰਘ ਜਾਂਦੇ ਹਨ। ਪਰ ਵਰਖਾ ਰੁੱਤੇ ਜਦੋਂ ਹੜ੍ਹਾਂ ਦਾ ਪਾਣੀ ਕੰਢਿਆਂ ਤੋਂ ਬਾਹਰ ਪਿਆ ਉਛਲਦਾ ਹੈ, ਕਦੇ ਵੱਡੇ ਤਾਰੂ ਨੂੰ ਭੀ ਪਾਰ ਲੰਘਣ ਦਾ ਹੌਸਲਾ ਨਹੀਂ ਪੈ ਸਕਦਾ।

ਕਸੁੰਭੇ ਦੇ ਫੁੱਲ ਵਰਗੀ ਸ਼ੋਖ਼-ਰੰਗ ਮਾਇਆ ਨੂੰ ਮਨੁੱਖ ਜਿਉਂ ਜਿਉਂ ਹੱਥ ਪਾਉਂਦਾ ਹੈ, ਤਿਉਂ ਤਿਉਂ ਇਸ ਦੇ ਮਨ ਵਿਚ ਮਾਇਆ ਦੇ ਮੋਹ ਦੀਆਂ ਲਹਿਰਾਂ ਵਧੀਕ ਵਧੀਕ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੈਂਕੜੇ, ਹਜ਼ਾਰਾਂ, ਲੱਖਾਂ ਤੇ ਫਿਰ ਕ੍ਰੋੜਾਂ ਰੁਪਏ ਜੋੜਨ ਦੀ ਲਾਲਸਾ ਬਣਦੀ ਜਾਂਦੀ ਹੈ। ਮੋਹ ਦਾ ਹੜ੍ਹ ਸਿਰੋਂ ਪਰੇ ਚੜ੍ਹ ਜਾਂਦਾ ਹੈ।

ਤ੍ਰਿਸ਼ਨਾ ਦੇ ਹੜ੍ਹ ਵਿਚੋਂ ਇਨਸਾਨੀ ਜ਼ਿੰਦਗੀ ਦੀ ਕੋਈ ਵਿਰਲੀ ਬੇੜੀ ਸਹੀ-ਸਲਾਮਤਿ ਪਾਰ ਲੰਘਦੀ ਹੈ।

(9) ਸਿਆਲ ਦੀ ਰੁੱਤੇ ਕਿਸਾਨ ਆਪਣੀਆਂ ਪੈਲੀਆਂ ਵਿਚ ਸਰ੍ਹੋਂ ਬੀਜਦੇ ਹਨ। ਸਰ੍ਹੋਂ ਦਾ ਸਾਗ ਇਸ ਬਹਾਰ ਦੀ ਖ਼ਾਸ ਵਧੀਆ ਸਬਜ਼ੀ ਹੈ। ਪੱਤਰਾਂ ਨੂੰ ਇਤਨਾ ਪਸੰਦ ਨਹੀਂ ਕੀਤਾ ਜਾਂਦਾ, ਜਿਤਨਾ ਗੰਦਲਾਂ ਨੂੰ। ਪੈਲੀਆਂ ਵਿਚ ਉੱਗੀਆਂ ਹੋਈਆਂ ਲੰਮੀਆਂ ਨਰਮ ਸੁਡੌਲ ਗੰਦਲਾਂ ਰਾਹ ਜਾਂਦਿਆਂ ਦੇ ਮਨ ਨੂੰ ਖਿੱਚ ਪਾਂਦੀਆਂ ਹਨ।

ਮਾਇਕ ਪਦਾਰਥ ਇਹਨਾਂ ਗੰਦਲਾਂ ਵਾਂਗ ਮਨੁੱਖ ਦੇ ਮਨ ਨੂੰ ਭਰਮਾਉਂਦੇ ਹਨ। ਦਿਨ ਰਾਤ ਮਨੁੱਖ ਇਹਨਾਂ ਦੀ ਖ਼ਾਤਰ ਭੱਜ ਦੌੜ ਕਰਦਾ ਹੈ, ਤੇ ਆਤਮਕ ਜੀਵਨ ਦਾ ਚੇਤਾ ਹੀ ਭੁਲਾ ਦੇਂਦਾ ਹੈ। ਜਿਉਂ ਜਿਉਂ ਇਹਨਾਂ ਪਦਾਰਥਾਂ ਲਈ ਤ੍ਰਿਸ਼ਨਾ ਵਧਦੀ ਹੈ, ਕਈ ਤਰ੍ਹਾਂ ਦੇ ਸਹਿਮ-ਦੁੱਖ ਕਲੇਸ਼ਾਂ ਦੀਆਂ ਚੋਟਾਂ ਮਨੁੱਖ ਦੇ ਮਨ ਉਤੇ ਤਿਉਂ ਵੱਜਦੀਆਂ ਰਹਿੰਦੀਆਂ ਹਨ ਜਿਵੇਂ ਕਿਸੇ ਲਖ-ਪਤੀ ਦੇ ਦਰਵਾਜ਼ੇ ਉਤੇ ਖੜਾ ਪਹਿਰੇਦਾਰ ਘੜਿਆਲ ਨੂੰ ਇਕ ਇਕ ਘੰਟੇ ਪਿਛੋਂ ਚੋਟ ਮਾਰਦਾ ਹੈ।

ਮਾਇਆ

(ੲ) ਪ੍ਰਬਲ

1. ਗਉੜੀ ਮ: 3 . . . . ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ (ਪੰਨਾ 203
2. ਗਉੜੀ ਮ: 3 ਛੰਤ . . . . ਮਾਇਆ ਸਰੁ ਸਬਲੁ ਵਰਤੈ ਜੀਉ . . . . ਪੰਨੇ 245-46
3. ਸਲੋਕ ਮ: 3 (ਵਾਰ ਗੂਜਰੀ) . . . . ਮਾਇਆ ਹੋਈ ਨਾਗਨੀ (ਪੰਨਾ 510
4. ਸਲੋਕੁ ਮ: 3 (ਵਾਰ ਸੋਰਠਿ) ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ (ਪੰਨਾ 650
5. ਸਲੋਕੁ ਮ: 3 (ਵਾਰਾਂ ਤੇ ਵਧੀਕ) . . . . ਮਾਇਆ ਭੁਇਅੰਗਮੁ ਸਰਪੁ ਹੈ (ਪੰਨਾ 1415
6. ਗਉੜੀ ਗੁਆਰੇਰੀ ਮ: 5 . . . . ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ (ਪੰਨਾ 182
7. ਗਉੜੀ ਮ: 5 . . . . ਜੀਵਤ ਛਾਡਿ ਜਾਹਿ ਦੇਵਾਨੇ (ਪੰਨਾ 199
8. ਗਉੜੀ ਮਾਲਾ ਮ: 5 . . . . ਪਾਇਓ ਬਾਲ ਬੁਧਿ ਸੁਖੁ ਰੇ (ਪੰਨਾ 214
9. ਗਉੜੀ ਮਾਲਾ ਮ: 5 . . . . ਉਬਰਤ ਰਾਜਾ ਰਾਮ ਕੀ ਸਰਣੀ (ਪੰਨਾ 215
10. ਗਉੜੀ ਮਾਝ ਮ: 5 . . . . ਖੋਜਤ ਫਿਰੇ ਅਸੰਖ, ਅੰਤੁ ਨ ਪਾਰੀਆ (ਪੰਨਾ 240
11. ਗਉੜੀ ਬਾਵਨ ਅਖਰੀ ਮ: 5 . . . . ਠਠਾ ਮਨੂਆ ਠਾਹਹਿ ਨਾਹੀ (ਪੰਨਾ 255
12. ਗਉੜੀ ਬਾਵਨ ਅਖਰੀ ਮ: 5 . . . . ਏਊ ਜੀਅ ਬਹੁਤੁ ਗ੍ਰਭ ਵਾਸੇ (ਪੰਨਾ 251
13. ਆਸਾ ਮ: 5 . . . . ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ (ਪੰਨਾ 370
14. ਆਸਾ ਮ: 5 . . . . ਅਨਦਿਨੁ ਮੂਸਾ ਲਾਜੁ ਟੁਕਾਈ (ਪੰਨਾ 390
15. ਆਸਾ ਮ: 5 . . . . ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ (ਪੰਨਾ 392
16. ਆਸਾ ਮ: 5 . . . . ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ (ਪੰਨਾ 394
17. ਗੂਜਰੀ ਮ: 5 . . . . ਬ੍ਰਹਮ ਲੋਕ ਅਰੁ ਰੁਦ੍ਰ ਲੋਕ, ਆਈ ਇੰਦ੍ਰ ਲੋਕ ਤੇ ਧਾਇ (ਪੰਨਾ 500
18. ਧਨਾਸਰੀ ਮ: 5 . . . . ਜਿਹ ਕਰਣੀ ਹੋਵਹਿ ਸਰਮਿੰਦਾ (ਪੰਨਾ 673
19. ਧਨਾਸਰੀ ਮ: 5 . . . . ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ (ਪੰਨਾ 673
20. ਰਾਮਕਲੀ ਮ: 5 . . . . ਗਹੁ ਕਰਿ ਪਕਰੀ ਨ ਆਈ ਹਾਥਿ (ਪੰਨਾ 891
21. ਸਲੋਕ ਮ: 5 (ਵਾਰ ਰਾਮਕਲੀ) . . . . ਮਿਤ੍ਰ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ (ਪੰਨਾ 963
22. ਮਾਰੂ ਮ: 5 . . . . ਮੋਹਨੀ ਮੋਹਿ ਲੀਏ ਤ੍ਰੈ ਗੁਨੀਆ (ਪੰਨਾ 1008
23. ਮਾਰੂ ਮ: 5 . . . . ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ (ਪੰਨਾ 1019
24. ਡਖਣੇ ਮ: 5 (ਵਾਰ ਮਾਰੂ) . . . . ਕੁਰੀਏ ਕੁਰੀਏ ਵੈਦਿਆ (ਪੰਨਾ 1095
25. ਸਲੋਕ ਮ: 5 (ਮਾਰੂ ਕੀ ਵਾਰ) . . . . ਢਹਦੀ ਜਾਇ ਕਰਾਰਿ (ਪੰਨਾ 1097
26. ਸਾਰਗ ਮ: 5 (ਵਾਰ ਮਾਰੂ) . . . . ਗਿਲੀ ਗਿਲੀ ਰੋਡੜੀ (ਪੰਨਾ 1097
27. ਸਾਰਗ ਮ: 5 . . . . ਮਾਖੀ ਰਾਮ ਕੀ ਤੂ ਮਾਖੀ (ਪੰਨਾ 1227
28. ਸਲੋਕ ਮ: 5 (ਵਾਰਾਂ ਤੇ ਵਧੀਕ) . . . . ਖੁਭੜੀ ਕੁਥਾਇ (ਪੰਨਾ 1425
29. ਸਲੋਕ ਮ: 5 (ਵਾਰਾਂ ਤੇ ਵਧੀਕ) ਮ੍ਰਿਗ ਤ੍ਰਿਸਨਾ ਪੇਖਿ ਭੁਲਣੇ (ਪੰਨਾ 1425
30. ਸਲੋਕ ਮ: 5 (ਵਾਰਾਂ ਤੇ ਵਧੀਕ) . . . . ਦੂਜੀ ਛੋਡਿ ਕੁਵਾਟੜੀ (ਪੰਨਾ 1426
31. ਗਉੜੀ ਕਬੀਰ ਜੀ . . . . ਕਾਲਬੂਤ ਕੀ ਹਸਤਨੀ . . . . ਪੰਨੇ 335-36
32. ਗਉੜੀ ਬਾਵਨ ਅਖਰੀ ਕਬੀਰ ਜੀ . . . . ਠਠਾ ਇਹੈ ਦੂਰਿ ਠਗਨੀਰਾ (ਪੰਨਾ 341
33. ਆਸਾ ਕਬੀਰ ਜੀ . . . . ਸਰਪਨੀ ਤੇ ਊਪਰਿ ਨਹੀ ਬਲੀਆ (ਪੰਨਾ 480
34. ਆਸਾ ਕਬੀਰ ਜੀ . . . . ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ (ਪੰਨਾ 482
35. ਆਸਾ ਕਬੀਰ ਜੀ . . . . ਜਗਿ ਜੀਵਨੁ ਐਸਾ ਸੁਪਨੇ ਜੈਸਾ (ਪੰਨਾ 482
36. ਰਾਮਕਲੀ ਕਬੀਰ ਜੀ . . . . ਦੁਨੀਆ ਹੁਸੀਆਰ ਬੇਦਾਰ (ਪੰਨਾ 912
37. ਸਲੋਕ ਕਬੀਰ ਜੀ . . . . ਕਬੀਰ ਮਾਇਆ ਡੋਲਨੀ (ਪੰਨਾ 1365
38. ਸਲੋਕ ਕਬੀਰ ਜੀ . . . . ਕਬੀਰ ਮਾਇਆ ਚੋਰਟੀ (ਪੰਨਾ 1365
39. ਸਲੋਕ ਕਬੀਰ ਜੀ . . . . ਕਬੀਰ ਚੁਗੈ ਚਿਤਾਰੈ ਭੀ ਚੁਗੈ (ਪੰਨਾ 1371
40. ਸਾਰੰਗ ਨਾਮਦੇਵ ਜੀ . . . . ਕਾਏਂ ਰੇ ਮਨ ਬਿਖਿਆ ਬਨ ਜਾਇ (ਪੰਨਾ 1252
41. ਗਉੜੀ ਰਵਿਦਾਸ ਜੀ . . . . ਕੂਪੁ ਭਰਿਓ ਜੈਸੇ ਦਾਦਿਰਾ (ਪੰਨਾ 346
42. ਸੂਹੀ ਫਰੀਦ ਜੀ . . . . ਤਪਿ ਤਪਿ ਲੁਹਿ ਲੁਹਿ ਹਾਥੁ ਮਰੋਰਉ (ਪੰਨਾ 794
43. ਸਲੋਕ ਫਰੀਦ ਜੀ . . . . ਫਰੀਦਾ ਦਰ ਦਰਵੇਸੀ ਗਾਖੜੀ (ਪੰਨਾ 1377

ਭਾਵ:

(1) ਆਮ ਤੌਰ ਤੇ ਪੰਜਾਬ ਦੇ ਹਰੇਕ ਪਿੰਡ ਦੇ ਬਾਹਰਵਾਰ ਨਾਲ ਹੀ ਬੋਹੜ ਆਦਿਕ ਦਾ ਛਾਂ ਵਾਲਾ ਕੋਈ ਵੱਡਾ ਰੁੱਖ ਹੁੰਦਾ ਹੈ। ਕਿਸਾਨ ਹਲਾਂ ਦੇ ਜੋਤ੍ਰੇ ਲਾ ਕੇ ਮਾਲ ਡੰਗਰ ਲਈ ਪੱਠਿਆਂ ਦਾ ਪ੍ਰਬੰਧ ਕਰ ਕੇ ਦੁਪਹਿਰ ਦੀ ਰੋਟੀ ਖਾ ਕੇ ਗਰਮੀ ਦੀ ਬਹਾਰੇ ਬੋਹੜ ਹੇਠ ਆ ਇਕੱਠੇ ਹੁੰਦੇ ਹਨ। ਇਸ ਖੁਲ੍ਹੀ ਬਹਾਰੇ ਕਦੇ ਕਦੇ ਬਾਜ਼ੀਗਰ ਭੀ ਆ ਪਹੁੰਚਦੇ ਹਨ। ਬਾਜ਼ੀ ਦਾ ਢੋਲ ਵੱਜਦਿਆਂ ਪਿੰਡ ਦੇ ਹੋਰ ਬਾਲਕ ਜਵਾਨ ਬੁੱਢੇ ਸਭ ਇਕੱਠੇ ਹੋ ਜਾਂਦੇ ਹਨ। ਨਟ ਕਈ ਕਿਸਮਾਂ ਦੇ ਕਰਤਬ ਵਿਖਾਂਦੇ ਹਨ। ਕਈ ਘੰਟੇ ਸਾਰੇ ਪਿੰਡ ਵਾਲਿਆਂ ਦਾ ਜੀ ਚੰਗਾ ਪਰਚਿਆ ਰਹਿੰਦਾ ਹੈ। ਬਾਜ਼ੀਗਰ ਨੂੰ ਚੋਖਾ ਦਾਣਾ-ਫੱਕਾ ਮਿਲ ਜਾਂਦਾ ਹੈ।

ਮਾਇਆ ਦੇ ਨਟ ਮੋਹ ਨੇ ਜਗਤ ਵਿਚ ਬਾਜ਼ੀ ਰਚਾਈ ਹੋਈ ਹੈ। ਸਭ ਜੀਵ ਇਸ ਬਾਜ਼ੀ ਵਿਚ ਪਰਚ ਰਹੇ ਹਨ ਤੇ ਜੀਵਨ-ਸਮਾ ਐਵੇਂ ਹਾਸੇ ਵਿਚ ਹੀ ਗਵਾ ਰਹੇ ਹਨ।

(2) ਮਾਇਆ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਮੋਹ ਦੀਆਂ ਲਹਿਰਾਂ ਬੜੇ ਜ਼ੋਰਾਂ ਵਿਚ ਪੈ ਰਹੀਆਂ ਹਨ। ਆਤਮਕ ਜੀਵਨ ਦੀ ਬੇੜੀ ਇਸ ਵਿਚ ਬੜੀ ਡੋਲਦੀ ਹੈ, ਬੜਾ ਖ਼ਤਰਾ ਹੁੰਦਾ ਹੈ ਡੁੱਬਣ ਦਾ। ਪ੍ਰਭੂ ਦਾ ਭਜਨ ਜਹਾਜ਼ ਹੈ, ਅਤੇ ਗੁਰੂ ਦਾ ਸ਼ਬਦ ਇਸ ਜਹਾਜ਼ ਦਾ ਮਲਾਹ ਹੈ।

(3) ਜੰਗਲਾਂ ਪਹਾੜਾਂ ਵਿਚ ਕਈ ਥਾਂ ਵੱਡੇ ਵੱਡੇ ਅਯਦਹਾ ਤੇ ਨਾਗ ਰਹਿੰਦੇ ਹਨ। ਕੋਈ ਓਭੜ ਮਨੁੱਖ ਰਾਹੋਂ ਖੁੰਝ ਕੇ ਕਿਤੇ ਕਿਸੇ ਨਾਗ ਦੇ ਟੇਟੇ ਚੜ੍ਹ ਜਾਏ, ਤਾਂ ਨਾਗ ਤੁਰਤ ਉਸ ਦੇ ਪੈਰਾਂ ਤੋਂ ਵਲ ਮਾਰਦਾ ਮਾਰਦਾ ਉਸ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਇਸ ਲਪੇਟ ਵਿਚੋਂ ਅਭਾਗੇ ਨੂੰ ਸਿਰਫ਼ ਮੌਤ ਹੀ ਛੁਡਾਉਂਦੀ ਹੈ।

ਮਾਇਆ ਬੜੀ ਭਿਆਨਕ ਨਾਗਨੀ! ਨਿੰਦਿਆ ਈਰਖਾ ਤ੍ਰਿਸ਼ਨਾ ਕਾਮ ਕ੍ਰੋਧ ਆਦਿਕ ਇਸ ਮਾਇਆ ਦੇ ਅਨੇਕਾਂ ਹੀ ਵਲ ਹਨ। ਇਹਨਾਂ ਦੀ ਲਪੇਟ ਵਿਚੋਂ ਆਤਮਕ ਜੀਵਨ ਨੂੰ ਬਚਾਉਣਾ ਬਹੁਤ ਔਖਾ ਹੈ।

ਸੱਪ ਡਰਦਾ ਹੈ ਗਰੁੜ-ਮੰਤ੍ਰ ਤੋਂ, ਮਾਇਆ ਵੱਸ ਆਉਂਦੀ ਹੈ ਸਾਧ ਸੰਗਤਿ ਦੀ ਸਰਨ ਪਿਆਂ।

(4) ਤੇਲੀ ਦਾ ਕਮਾਮ ਹੈ ਕੋਲ੍ਹੂ ਵਿਚ ਤਿਲ ਪੀੜ ਕੇ ਤੇਲ ਕੱਢਣਾ ਤੇ ਵੇਚਣਾ। ਉਹ ਸਾਰਾ ਦਿਨ ਇਹੀ ਕੰਮ ਕਰਦਾ ਹੈ। ਉਸ ਦੇ ਹੱਥ ਪੈਰ ਉਸ ਦੀਆਂ ਲੱਤਾਂ ਬਾਹਾਂ ਹਰ ਵੇਲੇ ਤੇਲ ਨਾਲ ਥਿੰਧੀਆਂ ਹੋਈਆਂ ਰਹਿੰਦੀਆਂ ਹਨ। ਕੱਪੜੇ ਦੀ ਇਕ ਟਾਕੀ ਨਾਲ ਉਹ ਦਿਨ ਵਿਚ ਕਈ ਵਾਰ ਆਪਣੇ ਪਿੰਡੇ ਤੋਂ ਥਿੰਧਿਆਈ ਪੂੰਝਦਾ ਰਹਿੰਦਾ ਹੈ। ਉਸ ਦੇ ਭਾਂਡੇ ਭੀ ਤੇਲ ਨਾਲ ਲਿਬੜਦੇ ਰਹਿੰਦੇ ਹਨ, ਉਹਨਾਂ ਨੂੰ ਭੀ ਤੇਲੀ ਉਸ ਟਾਕੀ ਨਾਲ ਪੂੰਝ ਲੈਂਦਾ ਹੈ, ਤੇ ਉਸ ਟਾਕੀ ਨੂੰ ਕੋਲ੍ਹੂ ਉਤੇ ਰੱਖ ਦੇਂਦਾ ਹੈ। ਤੇਲੀ ਦੀ ਇਹ ਟਾਕੀ ਖੁੰਭ ਚਾੜ੍ਹਿਆਂ ਭੀ ਨਹੀਂ ਨਿਖਰਦੀ। ਹਰ ਵੇਲੇ ਜੁ ਤੇਲ ਨਾਲ ਥਿੰਧੀ ਹੁੰਦੇ ਰਹਿਣਾ ਹੋਇਆ।

ਮਨੁੱਖ ਦੇ ਮਨ ਨੂੰ ਜਨਮਾਂ ਜਨਮਾਂਤਰਾਂ ਤੋਂ ਮਾਇਆ ਦੀ ਮੈਲ ਲਗਦੀ ਆਉਂਦੀ ਹੈ। ਇਹ ਮੈਲ ਧੁਪਣੀ ਕੋਈ ਸੌਖੀ ਖੇਡ ਨਹੀਂ। ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਸੁਭਾਗੇ ਦਾ ਮਨ ਪਰਤਦਾ ਹੈ।

(5) ਸੱਪ ਇਨਸਾਨ ਦਾ ਬੜਾ ਖ਼ਤਰਨਾਕ ਵੈਰੀ ਹੈ। ਇਸ ਧਰਤੀ ਉਤੇ ਹਰ ਸਾਲ ਸੱਪਾਂ ਦੇ ਡੰਗੇ ਹੋਏ ਹਜ਼ਾਰਾਂ ਹੀ ਮਰ ਜਾਂਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਸੱਪ ਦੇ ਡੰਗੇ ਦਾ ਇਲਾਜ ਮੰਤ੍ਰਾਂ ਨਾਲ ਹੀ ਕਰਦੇ ਸਨ।

ਮਾਇਆ ਦਾ ਮੋਹ ਮਨੁੱਖ ਦੇ ਆਤਮਕ ਜੀਵਨ ਵਾਸਤੇ ਬੜਾ ਖ਼ਤਰਨਾਕ ਜ਼ਹਿਰ ਹੈ। ਜਿਸ ਕਿਸੇ ਨੂੰ ਭੀ ਇਹ ਮੋਹ ਡੰਗ ਮਾਰਦਾ ਹੈ, ਉਸ ਦੇ ਅੰਦਰੋਂ ਮਨੁੱਖਤਾ ਫੁੜਕ ਪੈਂਦੀ ਹੈ। ਗੁਰੂ ਦਾ ਸ਼ਬਦ ਇਸ ਦੀ ਵਿੱਸ ਤੋਂ ਬਚਾ ਲੈਂਦਾ ਹੈ।

(6) ਗ਼ਾਫ਼ਲ ਹੋ ਕੇ ਸੌਣ ਵਾਲਿਆਂ ਦੀ ਘਰੀਂ ਚੋਰਾਂ ਦਾ ਭੀ ਚੰਗਾ ਦਾਉ ਲੱਗ ਜਾਂਦਾ ਹੈ। ਚੋਰ ਕੋਈ ਨ ਕੋਈ ਰਾਹ ਲੱਭ ਹੀ ਲੈਂਦੇ ਹਨ। ਤੇ, ਜੇ ਬੂਹੇ ਹੀ ਖੁਲ੍ਹੇ ਰਹਿ ਜਾਣ, ਤਾਂ ਚੋਰਾਂ ਦੇ ਪੌਂ ਬਾਰਾਂ।

ਇਸ ਸਰੀਰ-ਘਰ ਦਾ ਮਾਲਕ ਮਾਇਆ ਦੀ ਨੀਂਦ ਵਿਚ ਸੁੱਤਾ ਰਹੇ, ਤਾਂ ਘਰ ਦੇ ਬੂਹੇ ਗਿਆਨ-ਇੰਦ੍ਰੇ ਚੌੜ-ਚੁਪੱਟ ਖੁਲ੍ਹੇ ਰਹਿ ਜਾਂਦੇ ਹਨ, ਕਾਮਾਦਿਕ ਚੋਰ ਇਹਨੀਂ ਰਾਹੀਂ ਆਪਣਾ ਦਾਉ ਲਗਾ ਜਾਂਦੇ ਹਨ।

(7) ਕੋਈ ਗੁਰਗੁਰੀ ਸਾਮੀ ਤਾੜ ਕੇ ਠੱਗ ਉਸ ਨੂੰ ਮਿਠਿਆਈ ਆਦਿਕ ਵਿਚ ਧਤੂਰਾ ਜਾਂ ਕੋਈ ਹੋਰ ਨਸ਼ੀਲੀ ਚੀਜ਼ ਖਵਾ ਦੇਂਦੇ ਹਨ। ਜਦੋਂ ਉਹ ਬੇ-ਸੁਰਤਿ ਹੋ ਜਾਂਦਾ ਹੈ, ਤਾਂ ਉਸ ਦਾ ਸਾਰਾ ਧਨ ਮਾਲ ਲੁੱਟ ਲੈ ਜਾਂਦੇ ਹਨ।

ਮਾਇਆ ਜੀਵਾਂ ਨੂੰ ਮੋਹ ਦੀ ਠਗ-ਬੂਟੀ ਖਵਾ ਕੇ ਸਭ ਦਾ ਆਤਮਕ ਧਨ ਲੁਟਦੀ ਜਾ ਰਹੀ ਹੈ।

(8) ਮਨੁੱਖ ਦਾ ਦਿਮਾਗ਼ ਹਿੱਲ ਜਾਏ, ਤਾਂ ਉਹ ਕਈ ਹਾਸੋ ਹੀਣੀਆਂ ਹਰਕਤਾਂ ਕਰਦਾ ਹੈ। ਕੋਈ ਕੋਈ ਪਾਗਲ ਐਸਾ ਵੇਖਣ ਵਿਚ ਆਉਂਦਾ ਹੈ ਕਿ ਉਹ ਗਲੀਆਂ ਬਜ਼ਾਰਾਂ ਵਿਚੋਂ ਗੰਦੀਆਂ-ਮੰਦੀਆਂ ਲੀਰਾਂ ਇਕੱਠੀਆਂ ਕਰੀ ਜਾਂਦਾ ਹੈ, ਤੇ ਇਕ ਛੋਟੀ ਜਿਹੀ ਗੰਢੜੀ ਬੰਨ੍ਹ ਕੇ ਸਿਰ ਉਤੇ ਚੁੱਕੀ ਫਿਰਦਾ ਹੈ। ਗਲੀ ਮਹੱਲੇ ਦੇ ਬਾਲ ਛੇੜਖ਼ਾਨੀ ਵਾਸਤੇ ਜੇ ਉਸ ਗੰਢੜੀ ਨੂੰ ਹੱਥ ਲਾ ਦੇਣ, ਤਾਂ ਉਹ ਸਾਰਾ ਸਾਰਾ ਦਿਨ ਗਾਲ੍ਹਾਂ ਕੱਢਦਾ ਰਹਿੰਦਾ ਹੈ।

ਮੋਹ ਦੀ ਪੋਟਲੀ ਮਨੁੱਖ ਦੇ ਸਿਰ ਉਤੇ ਸਰੇਸ਼ ਵਾਂਗ ਚੰਬੜ ਜਾਂਦੀ ਹੈ। 'ਮੈਂ' ਤੇ 'ਮਮਤਾ' ਦਾ ਬੱਧਾ ਮਨੁੱਖ ਗੱਲੇ ਗੱਲੇ ਹਰੇਕ ਨਾਲ ਖਹਿ ਪੈਂਦਾ ਹੈ। ਸੁਖ ਮਿਲੇ ਚਾਹੇ ਦੁਖ, 'ਮਮਤਾ' ਦੀ ਪੋਟਲੀ ਸੁੱਟਣ ਨੂੰ ਤਿਆਰ ਨਹੀਂ ਹੁੰਦਾ।

(9) ਗਰਮੀ ਦੀ ਰੁੱਤੇ ਕਈ ਵਾਰੀ ਵਾ-ਵਰੋਲੇ ਉਠਦੇ ਹਨ। ਕੱਪੜਾ ਕਾਗ਼ਜ਼ ਆਦਿਕ ਕੋਈ ਹੌਲੀ ਸ਼ੈ ਉਸ ਵਾ-ਵਰੋਲੇ ਵਿਚ ਫਸ ਕੇ ਦੂਰ ਉੱਚੀ ਉੱਡ ਜਾਂਦੀ ਹੈ, ਤੇ ਵਾ-ਵਰੋਲੇ ਦੇ ਵਿਚ ਹੀ ਫਸੀ ਰਹਿੰਦੀ ਹੈ। ਦਰੀਆਵਾਂ ਵਿਚ ਕਈ ਥਾਈਂ ਘੁੰਮਣ-ਘੇਰੀਆਂ ਪੈਂਦੀਆਂ ਹਨ। ਕੋਈ ਲਕੜੀ ਸ਼ਤੀਰੀ ਆਦਿਕ ਉਸ ਵਿਚ ਫਸ ਕੇ ਉਥੇ ਹੀ ਚੱਕਰ ਲਾਂਦੀ ਰਹਿੰਦੀ ਹੈ, ਉਸ ਗੇੜ ਵਿਚੋਂ ਬਾਹਰ ਨਹੀਂ ਨਿਕਲ ਸਕਦੀ। ਮੇਹਦੇ ਵਿਚ ਕਿਸੇ ਨੁਕਸ ਦੇ ਕਾਰਨ ਕਈ ਬੰਦਿਆਂ ਨੂੰ ਚੱਕਰ ਆਉਣ ਲਗ ਪੈਂਦੇ ਹਨ। ਜਦੋਂ ਭੀ ਉਹ ਤੁਰਨ ਫਿਰਨ ਦਾ ਜਤਨ ਕਰਨ, ਚੱਕਰਾਂ ਦੇ ਕਾਰਨ ਭੁੰਞੇ ਡਿਗ ਪੈਂਦੇ ਹਨ।

ਮਾਇਆ ਦਾ ਚੱਕਰ ਬੜਾ ਡਾਢਾ! ਧਨ ਦਾ ਜੋੜਨਾ, ਵਿਸ਼ਿਆਂ ਦਾ ਭੋਗਣਾ, ਇਹ ਐਸੇ ਗੇੜ ਹਨ ਕਿ ਇਹਨਾਂ ਵਿਚ ਫਸਿਆ ਮਨੁੱਖ ਬਾਹਰ ਨਹੀਂ ਨਿਕਲ ਸਕਦਾ। ਮੁੜ ਮੁੜ ਉਥੇ ਹੀ ਭੁਆਟਣੀਆਂ ਲੈਂਦਾ ਹੈ ਤੇ ਡਿਗਦਾ ਹੈ। ਦੁਖੀ ਵੀ ਹੁੰਦਾ ਹੈ, ਪਰ ਗੇੜ ਦੇ ਵਿਚ ਹੀ ਰਹਿੰਦਾ ਹੈ।

(10) ਕਈ ਇਲਾਕਿਆਂ ਵਿਚ ਪਾਣੀ ਦੀ ਬਹੁਤ ਘਾਟ ਹੁੰਦੀ ਹੈ, ਖੂਹ ਬਹੁਤ ਹੀ ਡੂੰਘੇ ਪੁੱਟਣੇ ਪੈਂਦੇ ਹਨ। ਪਿੰਡ ਦੇ ਖੂਹ ਉਤੇ ਹਰ ਅੰਞਾਣਾ ਸਿਆਣਾ ਜਾਂਦਾ ਰਹਿੰਦਾ ਹੈ, ਕਦੇ ਨ ਕਦੇ ਕਿਸੇ ਨ ਕਿਸੇ ਦੇ ਖੂਹ ਵਿਚ ਡਿੱਗਣ ਦੀ ਘਟਨਾ ਹੁੰਦੀ ਹੀ ਰਹਿੰਦੀ ਹੈ। ਨੇੜੇ ਦੇ ਪਾਣੀ ਵਾਲੇ ਸਾਧਾਰਨ ਖੂਹਾਂ ਵਿਚੋਂ ਡਿੱਗੇ ਨੂੰ ਕੱਢਣਾ ਕੋਈ ਔਖਾ ਕੰਮ ਨਹੀਂ ਹੁੰਦਾ। ਅਜੇਹੇ ਖੂਹ ਹੁੰਦੇ ਭੀ ਹਨ ਚੌੜੇ। ਪਰ ਡੂੰਘੇ ਖੂਹ ਆਮ ਤੌਰ ਤੇ ਸੌੜੇ ਭੀ ਹੁੰਦੇ ਹਨ। ਅਜੇਹੇ ਖੂਹ ਵਿਚ ਡਿੱਗੇ ਨੂੰ ਬਚਾਉਣਾ ਸੌਖਾ ਨਹੀਂ ਹੁੰਦਾ।

ਮਾਇਆ ਦਾ ਮੋਹ ਇਕ ਡੂੰਘਾ ਸੌੜਾ ਖੂਹ ਹੈ। ਇਸ ਵਿਚ ਅਨੇਕਾਂ ਆਤਮਕ ਜੀਵਨ ਗੋਤੇ ਖਾ ਖਾ ਕੇ ਮੁੱਕ ਜਾਂਦੇ ਹਨ। ਜਿਸ ਦੀ ਬਾਂਹ ਗੁਰੂ ਫੜ ਲਏ, ਉਹ ਬਚ ਨਿਕਲਦਾ ਹੈ।

(11) ਸਿਆਣਾ ਘੁਮਿਆਰ ਮਿੱਟੀ ਦੇ ਭਾਂਡੇ ਬਣਾ ਕੇ ਬੜੀ ਜੁਗਤਿ ਨਾਲ ਇਕ ਇਕ ਕਤਾਰ ਵਿਚ ਰੱਖਦਾ ਹੈ, ਤੇ ਇਕ ਦੂਜੇ ਦੇ ਉਪਰ ਟੀਨਾਂ ਲਾ ਲਾ ਕੇ ਸਾਂਭਦਾ ਹੈ। ਬੇ-ਜੁਗਤ ਰੱਖੇ ਭਾਂਡੇ ਦਿਨ ਵਿਚ ਕਈ ਵਾਰੀ ਠਹਕਣ, ਟੁੱਟ ਜਾਣ ਤੇ ਘੁਮਿਆਰ ਦੀ ਕੀਤੀ ਮੇਹਨਤ ਅਜਾਈਂ ਜਾਏ।

ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦਾ ਮਨ ਬੇ-ਜੁਗਤਾ ਹੋ ਜਾਂਦਾ ਹੈ, ਦੂਜਿਆਂ ਨਾਲ ਝਗੜਦਾ ਹੈ, ਠਹਕਦਾ ਹੈ, ਤੇ ਕਈਆਂ ਦੇ ਦਿਲ ਦੁਖਾਉਂਦਾ ਹੈ। ਆਪ ਭੀ ਦੁਖੀ ਤੇ ਹੋਰ ਭੀ ਦੁਖੀ।

(12) ਮਾਇਆ ਦਾ ਮੋਹ ਇਕ ਪੱਕੀ ਫਾਹੀ ਹੈ। ਪਰ ਇਹ ਫਾਹੀ ਹੈ ਬੜੀ ਹੀ ਮਿੱਠੀ ਸੁਆਦਲੀ। ਜਗਤ ਦੇ ਸਾਰੇ ਜੀਵ ਇਸ ਫਾਹੀ ਵਿਚ ਫਸੇ ਪਏ ਹਨ।

(13) ਸਾਰੀ ਸ੍ਰਿਸ਼ਟੀ ਉਤੇ ਮਾਇਆ ਦਾ ਹੀ ਬੋਲ-ਬਾਲਾ ਹੈ। ਗ੍ਰਿਹਸਤੀ ਤਾਂ ਪਰਤੱਖ ਹੀ ਮਾਇਆ ਦੀ ਖ਼ਾਤਰ ਆਪੋ ਵਿਚ ਡਾਂਗ-ਸੋਟਾ ਹੁੰਦੇ ਰਹਿੰਦੇ ਹਨ। ਭਰਾ ਭਰਾ ਦਾ ਮਾਰੂ ਬਣ ਜਾਂਦਾ ਹੈ। ਪਰ ਜੇਹੜੇ ਆਪਣੇ ਵਲੋਂ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਂਦੇ ਹਨ, ਉਹਨਾਂ ਨੂੰ ਕਾਮ-ਵਾਸਨਾ ਦੀ ਰਾਹੀਂ ਹੀ ਜਾ ਤੜਪਾਂਦੀ ਹੈ। ਨਿੱਤ ਧਰਮ-ਗ੍ਰੰਥ ਪੜ੍ਹਨ ਵਾਲੇ ਵਿਦਵਾਨਾਂ ਨੂੰ ਲੋਭ ਦੀ ਸ਼ਕਲ ਵਿਚ ਆ ਗ੍ਰਸਦੀ ਹੈ।

ਮਾਇਆ ਦੇ ਅਸਰ ਤੋਂ ਕੇਵਲ ਉਹੀ ਬਚਦਾ ਹੈ ਜੋ ਪਰਮਾਤਮਾ ਨਾਲ ਜਾਣ-ਪਛਾਣ ਬਣਾਉਂਦਾ ਹੈ।

(14) ਦਰਿਆ ਦੇ ਦੁਆਲੇ ਕਾਹੀ ਪਿਲਛੀ ਕਾਨਿਆਂ ਦਾ ਸੰਘਣਾ ਬੇਲਾ ਹੁੰਦਾ ਹੈ, ਪਰ ਦਰੀਆ ਦਾ ਕੰਢਾ ਆਮ ਤੌਰ ਤੇ ਸਾਫ਼ ਤੇ ਪੱਧਰਾ ਹੈ, ਰੇਤ ਤੇ ਮਿੱਟੀ ਮਿਲੀ ਹੋਈ। ਫਿਰ ਭੀ ਕੋਈ ਮਨੁੱਖ ਇਹ ਦਲੇਰੀ ਨਹੀਂ ਕਰ ਸਕਦਾ ਕਿ ਆਰਾਮ ਕਰਨ ਲਈ, ਘੜੀ ਭਰ ਸੌਣ ਲਈ ਉਸ ਕੰਢੇ ਉਤੇ ਲੇਟ ਜਾਏ। ਕੀਹ ਪਤਾ, ਦਰੀਆ ਦਾ ਪਾਣੀ ਕੇਹੜੇ ਵੇਲੇ ਹੇਠੋਂ ਹੇਠੋਂ ਮਿਟੀ ਕੇਰ ਕੇ ਸਾਰੀ ਢਿੱਗ ਆਪਣੇ ਵਿਚ ਡੇਗ ਲਏ।

ਜਿਨ੍ਹਾਂ ਖੂਹਾਂ ਵਿਚੋਂ ਪੀਣ ਲਈ ਪਾਣੀ ਭਰੀਦਾ ਹੈ, ਉਹਨਾਂ ਉਤੇ ਚਰਖੜੀ ਦੇ ਨਾਲ ਲੱਜ ਵਹਾਈ ਹੁੰਦੀ ਹੈ। ਜੇ ਕਦੇ ਖੂਹ ਵਿਚ ਕਿਸੇ ਮਨੁੱਖ ਦੇ ਵੜਨ ਦੀ ਲੋੜ ਪਏ, ਤਾਂ ਖ਼ਾਸ ਪੱਕੀਆਂ ਲੱਜਾਂ ਲੈ ਕੇ ਦੋ ਚਾਰ ਮਨੁੱਖ ਮਦਦ ਕਰਦੇ ਹਨ। ਅਜੇਹਾ ਕੋਈ ਮੂਰਖ ਨਹੀਂ ਹੋ ਸਕਦਾ, ਕਿ ਚਰਖੜੀ ਦੀ ਲੱਜ ਰਸਤੇ ਖੂਹ ਵਿਚ ਉਤਰ ਜਾਏ, ਲੱਜ ਨੂੰ ਚਰਖੜੀ ਵਾਲੇ ਸਿਰੇ ਤੋਂ ਚੂਹਾ ਕੁਤਰ ਰਿਹਾ ਹੋਵੇ, ਪਰ ਉਹ ਮਨੁੱਖ ਬੇ-ਫ਼ਿਕਰ ਹੋ ਕੇ ਉਸ ਲੱਜ ਦਾ ਆਸਰਾ ਫੜੀ ਮਿਠਿਆਈ ਖਾਂਦਾ ਰਹੇ।

ਮਨੁੱਖ ਦੀ ਉਮਰ ਦੀ ਲੱਜ ਨੂੰ ਜਮ-ਚੂਹਾ ਕੁਤਰਦਾ ਜਾ ਰਿਹਾ ਹੈ, ਜ਼ਿੰਦਗੀ ਦੇ ਦਿਨ ਤੇਜ਼ੀ ਨਾਲ ਗੁਜ਼ਰਦੇ ਜਾ ਰਹੇ ਹਨ, ਪਰ ਇਹ ਮਜ਼ੇ ਨਾਲ ਮੋਹ ਦੀ ਖੂਹੀ ਵਿਚ ਪੈ ਕੇ ਵਿਸ਼ੇ ਵਿਕਾਰਾਂ ਵਿਚ ਮਸਤ ਹੈ। ਉਮਰ ਨੂੰ ਢਾਹ ਲਗੀ ਹੋਈ ਹੈ, ਪਰ ਮਨੁੱਖ ਮੋਹ ਦੀ ਨੀਂਦ ਵਿਚ ਸੁੱਤਾ ਪਿਆ ਹੈ।

(15) ਜੰਗਲਾਂ ਵਿਚ ਭੱਜ ਜਾਵੋ ਚਾਹੇ ਘਰਾਂ ਵਿਚ ਰਹੋ, ਮਾਇਆ ਮਨੁੱਖ ਨੂੰ ਐਸੀ ਚੁੜੇਲ ਹੋ ਕੇ ਚੰਬੜਦੀ ਹੈ ਕਿ ਖ਼ਲਾਸੀ ਕਰਦੀ ਹੀ ਨਹੀਂ। ਕਾਮਾਦਿਕ ਇਸ ਦੇ ਸਰਦਾਰ ਐਸੇ ਠੱਗ ਹਨ ਕਿ ਜਿਸ ਨਾਲ ਯਾਰੀ ਪਾ ਲੈਂਦੇ ਹਨ ਉਸੇ ਦੀਆਂ ਮੁਸ਼ਕਾਂ ਬੰਨ੍ਹ ਲੈਂਦੇ ਹਨ।

ਗੁਰੂ ਹੀ ਬਚਾਉਂਦਾ ਹੈ ਇਸ ਦੀ ਮਾਰ ਤੋਂ।

(16) ਧਤੂਰਾ ਆਦਿਕ ਨਸ਼ੀਲੀ ਬੂਟੀ ਮਿਠਿਆਈ ਵਿਚ ਖਵਾ ਕੇ ਠੱਗ ਭੋਲੇ ਭਾਲੇ ਰਾਹੀ ਮੁਸਾਫ਼ਿਰਾਂ ਦਾ ਮਾਲ ਲੁੱਟ ਕੇ ਪੱਤਰਾ ਵਾਚ ਜਾਂਦੇ ਹਨ।

ਮਾਇਆ ਬੜੀ ਮੋਮੋਠਗਣੀ ਹੈ। ਮੋਹ ਦੀ ਠਗਬੂਟੀ ਖਵਾ ਕੇ ਸਭ ਦਾ ਆਤਮਕ ਧਨ ਲੁੱਟਦੀ ਜਾਂਦੀ ਹੈ। ਇਸ ਦੀ ਮਾਰ ਤੋਂ ਕੇਵਲ ਉਹੀ ਬਚਦਾ ਹੈ ਜੋ ਗੁਰੂ ਦੀ ਸਰਨ ਪਏ।

(17) ਅੱਗ ਨਾਲ ਮਕਾਨਾਂ ਤੇ ਕਾਰਖ਼ਾਨਿਆਂ ਦੇ ਸੜਨ ਦੀਆਂ ਘਟਨਾਵਾਂ ਨਿੱਤ ਹੁੰਦੀਆਂ ਰਹਿੰਦੀਆਂ ਹਨ। ਕਿਸੇ ਦੀ ਅਨਗਹਿਲੀ ਨਾਲ ਕਿਤੇ ਰਤਾ ਕੁ ਜਿਤਨੀ ਚਿਣਗ ਲੱਕੜ ਕਾਠ ਆਦਿਕ ਵਿਚ ਪੈ ਜਾਂਦੀ ਹੈ। ਉਹ ਸਹਜੇ ਸਹਜੇ ਬੇ-ਮਲੂਮੇ ਅਸਰ ਕਰਦੀ ਜਾਂਦੀ ਹੈ। ਘਰ ਦੇ ਲੋਕ ਰਾਤ ਨੂੰ ਸੌਂ ਜਾਂਦੇ ਹਨ, ਉਤਨੇ ਚਿਰ ਨੂੰ ਉਹ ਅੱਗ ਕਾਫ਼ੀ ਮਘ ਉਠਦੀ ਹੈ। ਪਤਾ ਤਦੋਂ ਹੀ ਲੱਗਦਾ ਹੈ ਜਦੋਂ ਸਾਰਾ ਘਰ ਭੜਕ ਉਠਦਾ ਹੈ।

ਤ੍ਰਿਸ਼ਨਾ ਦੀ ਅੱਗ ਅੰਦਰੇ ਅੰਦਰ ਮਾਰ ਕਰਦੀ ਹੈ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਆਸਨ ਸਾੜ ਕੇ ਸੁਆਹ ਕਰ ਦੇਂਦੀ ਹੈ। ਇਹ ਲੁਕਵੀਂ ਅੱਗ ਬੁਰੀ ਜ਼ਾਲਮ!

(18) ਘੁਮਿਆਰ ਜਦੋਂ ਖੋਤੇ ਉਤੋਂ ਭਾਰੀ ਛੱਟ ਲਾਹ ਲੈਂਦਾ ਹੈ, ਤਾਂ ਥਕੇਵਾਂ ਲਾਹਣ ਲਈ ਖੋਤਾ ਘੱਟੇ ਵਿਚ ਸੁਆਹ ਵਿਚ ਚੰਗੀ ਤਰ੍ਹਾਂ ਲੇਟਦਾ ਹੈ। ਮਿੱਟੀ ਘੱਟੇ ਵਿਚ ਲੇਟਣਾ ਖੋਤੇ ਦੀ ਬੜੀ ਮਨ-ਭਾਉਂਦੀ ਹਰਕਤ ਹੈ। ਰੂੜੀਆਂ ਉਤੇ ਚੁੱਗਣਾ ਤੇ ਸੁਆਹ ਵਿਚ ਲੇਟਣਾ = ਖੋਤੇ ਦੀ ਸਭ ਤੋਂ ਚੰਗੀ ਰੁਚੀ ਇਹੀ ਹੈ। ਮਨੁੱਖ ਚੰਦਨ ਰੁੱਖ ਦੀ ਬੜੀ ਕਦਰ ਕਰਦਾ ਹੈ। ਇਸ ਦਾ ਲੇਪ ਸੁਗੰਧੀ ਦੇਂਦਾ ਹੈ, ਤਪਸ਼ ਹਟਾਂਦਾ ਹੈ। ਪਰ ਖੋਤੇ ਨੂੰ ਚੰਦਨ ਦੇ ਲੇਪ ਦੀ ਕੀਹ ਸਾਰ? ਖੋਤਾ ਘੱਟੇ ਵਿਚ ਹੀ ਲੇਟੇਗਾ।

ਮਾਇਆ ਦੇ ਪ੍ਰਭਾਵ ਵਿਚ ਫਸ ਕੇ ਮਨੁੱਖ ਉਹੀ ਹਰਕਤਾਂ ਕਰਦਾ ਹੈ ਜਿਨ੍ਹਾਂ ਕਰਕੇ ਇਥੇ ਭੀ ਹਾਸੋ-ਹੀਣਾ ਹੋਵੇ ਤੇ ਪਰਲੋਕ ਵਿਚ ਭੀ ਸ਼ਰਮਿੰਦਾ ਹੋਵੇ।

(19) ਠੱਗ ਧਤੂਰਾ ਆਦਿਕ ਨਸ਼ੀਲੀ ਚੀਜ਼ ਮਿਠਿਆਈ ਵਿਚ ਖੁਆ ਕੇ ਭੋਲੇ ਰਾਹੀ ਮੁਸਾਫ਼ਿਰ ਨੂੰ ਲੁੱਟ ਲੈਂਦਾ ਹੈ।

ਮਾਇਆ ਮਨੁੱਖ ਨੂੰ ਧਨ ਜੋੜਨ ਦੀ ਇਤਨੀ ਚੇਟਕ ਲਾਂਦੀ ਹੈ ਕਿ ਮਾਂ ਪਿਉ ਪੁਤ੍ਰ ਭਰਾ ਸਾਕ ਅੰਗ ਸਭਨਾਂ ਵਿਚ ਦੁਫੇੜ ਪਵਾ ਦੇਂਦੀ ਹੈ। ਘਰ ਘਰ ਇਹੀ ਹਾਲ ਹੋ ਰਿਹਾ ਹੈ। ਜਪ ਤਪ ਤੀਰਥ-ਇਸ਼ਨਾਨ ਕੁਝ ਭੀ ਪਏ ਕਰੋ, ਮਾਇਆ ਅਗੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਅੰਦਰੇ ਅੰਦਰ ਗੁੱਝੀ ਮਾਰ ਮਾਰਦੀ ਹੈ। ਬਚਦਾ ਕੇਵਲ ਉਹ ਹੈ ਜੋ ਗੁਰੂ ਦੀ ਸਰਨ ਆ ਕੇ ਪ੍ਰਭੂ ਦਾ ਨਾਮ ਚੇਤੇ ਰੱਖਦਾ ਹੈ।

(20) ਸੂਰਜ ਵਲ ਪਿੱਠ ਕਰ ਕੇ ਖਲੋ ਜਾਉ, ਆਪਣਾ ਪਰਛਾਵਾਂ ਸਾਹਮਣੇ ਦਿੱਸੇਗਾ। ਮਨੁੱਖ ਜਿਉਂ ਜਿਉਂ ਇਸ ਪਰਛਾਵੇਂ ਨੂੰ ਫੜਨ ਲਈ ਦੌੜੇਗਾ, ਪਰਛਾਵਾਂ ਅਗਾਂਹ ਅਗਾਂਹ ਦੌੜਿਆ ਜਾਇਗਾ। ਪਰ ਹੁਣ ਪਰਛਾਵੇਂ ਵਲ ਪਿੱਠ ਕਰ ਕੇ ਦੌੜੋ, ਪਰਛਾਵਾਂ ਭੀ ਪਿਛੇ ਪਿਛੇ ਦੌੜਿਆ ਆਵੇਗਾ।

ਮਾਇਆ ਭੀ ਜੀਵਾਂ ਨਾਲ ਕੁਝ ਇਹੋ ਜੇਹੀ ਹੀ ਖੇਡ ਕਰਦੀ ਰਹਿੰਦੀ ਹੈ। ਮਨੁੱਖ ਸਾਰੀ ਉਮਰ ਇਸ ਮਾਇਆ ਦੇ ਪਿੱਛੇ ਹੀ ਦੌੜ-ਭੱਜ ਕਰਦਾ ਹੈ। ਜੋੜਦਾ ਹੈ, ਰੱਜਦਾ ਨਹੀਂ। ਚਿੰਤਾ ਤੇ ਹਾਹੁਕੇ ਬਣੇ ਹੀ ਰਹਿੰਦੇ ਹਨ। ਵਿਸਾਹ ਭੀ ਕੋਈ ਨਹੀਂ। ਕਦੇ ਲੱਖ ਤੇ ਕਦੇ ਕੱਖ।

ਜੇਹੜਾ ਕੋਈ ਭਾਗਵਾਨ ਮਾਇਆ ਵਲੋਂ ਬੇ-ਪਰਵਾਹ ਹੋ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਤੇ ਖ਼ਲਕਤ ਦੀ ਸੇਵਾ ਕਰਦਾ ਹੈ, ਉਸ ਦੀ ਇਹ ਸੇਵਕਾ ਬਣਦੀ ਹੈ।

(21) ਚਾਲਾਕ ਲੋਕ ਮੁਲੰਮੇ ਨੂੰ ਅਸਲ ਨਾਲੋਂ ਵਧੀਕ ਚਮਕੀਲਾ ਬਣਾ ਦੇਂਦੇ ਹਨ। ਗਾਹਕ ਨੂੰ ਦੋ ਚਾਰ ਦਿਨਾਂ ਪਿੱਛੋਂ ਹੀ ਪਤਾ ਲਗਦਾ ਹੈ ਕਿ ਲੁੱਟਿਆ ਗਿਆ। ਸ਼ੋਖ ਰੰਗਾਂ ਵਾਲੇ ਸਦਾ-ਗੁਲਾਬ ਫੁੱਲ ਸੁੱਚੇ ਗੁਲਾਬ ਨੂੰ ਮਾਤ ਕਰ ਦੇਂਦੇ ਹਨ। ਕਸੁੰਭੇ ਦੇ ਫੁੱਲਾਂ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਬੜਾ ਸ਼ੋਖ਼ ਹੁੰਦਾ ਸੀ, ਪਰ ਦੋ ਚਾਰ ਦਿਨਾਂ ਵਿਚ ਹੀ ਖ਼ਰਾਬ ਹੋ ਜਾਂਦਾ ਸੀ।

ਮਾਇਆ ਦੀ ਸ਼ੋਖ਼ੀ ਮਨੁੱਖ ਦਾ ਮਨ ਭਰਮਾ ਲੈਂਦੀ ਹੈ, ਪਰ ਆਤਮਕ ਜੀਵਨ ਗਵਾਚ ਜਾਂਦਾ ਹੈ।

(22) ਕਾਂ ਬੜਾ ਸਿਆਣਾ ਪੰਛੀ ਹੈ। ਕਦੇ ਇਸ ਨੂੰ ਮਿਠਿਆਈ ਦਾ ਮੋਟਾ ਦਾਣਾ ਮਿਲ ਜਾਏ, ਤੇ ਉਸ ਵੇਲੇ ਇਸ ਨੂੰ ਭੁੱਖ ਨ ਹੋਵੇ, ਤਾਂ ਉਸ ਦਾਣੇ ਨੂੰ ਲੁਕਾਉਂਦਾ ਫਿਰਦਾ ਹੈ। ਉਸ ਵੇਲੇ ਇਹ ਕਿਸੇ ਦਾ ਵਿਸਾਹ ਨਹੀਂ ਖਾਂਦਾ। ਜੇ ਉਸ ਨੂੰ ਸ਼ੱਕ ਪਏ ਕਿ ਕੋਈ ਵੇਖਦਾ ਹੈ, ਤਾਂ ਉਸ ਦਾਣੇ ਨੂੰ ਕਿਸੇ ਹੋਰ ਥਾਂ ਲੈ ਜਾਂਦਾ ਹੈ, ਤੇ ਲੁਕਾ ਦੇਂਦਾ ਹੈ। ਪਰ ਵੇਖੋ ਤਮਾਸ਼ਾ! ਇਤਨਾ ਸਿਆਣਾ ਪੰਛੀ, ਲੁਕਾਉਣ ਵੇਲੇ ਭੀ ਇਤਨੀ ਇਹਤਿਆਤ! ਫਿਰ ਭੀ ਲੁਕਾਈ ਚੀਜ਼ ਨੂੰ ਕਾਂ ਕਦੇ ਲੱਭ ਨਹੀਂ ਸਕਦਾ।

ਮਾਇਆ ਦੀ ਖਿੱਚ ਬੁਰੀ! ਭੈਣ ਭਰਾ ਮਾਂ ਪਿਉ ਸਭ ਪਾਸੋਂ ਲੁਕਾ ਲੁਕਾ ਕੇ ਸਾਂਭਦਾ ਹੈ, ਕੋਈ ਬੈਂਕਾਂ ਵਿਚ ਜਮ੍ਹਾ ਕਰਾਉਂਦਾ ਹੈ, ਕੋਈ ਮੂਰਖ ਅੰਞਾਣ ਘਰ ਵਿਚ ਹੀ ਦੱਬ ਰੱਖਦਾ ਹੈ। ਪਰ ਦੱਬੀ ਹੀ ਰਹਿ ਜਾਂਦੀ ਹੈ, ਤੇ ਆਪ ਖ਼ਾਲੀ-ਹੱਥ ਉਠ ਤੁਰਦਾ ਹੈ।

(23) ਛੋਟੀ ਹੋਵੇ, ਵੱਡੀ ਹੋਵੇ, ਹਰੇਕ ਮੱਛੀ ਪਾਣੀ ਤੋਂ ਵਿਛੁੜ ਕੇ ਤੜਫਦੀ ਹੈ। ਪਾਣੀ ਉਸ ਦੀ ਜਿੰਦ ਦਾ ਆਸਰਾ ਜੁ ਹੋਇਆ।

ਰੱਬ ਦੀ ਯਾਦ ਭੁਲਾ ਕੇ ਜਿਸ ਨੇ ਭੀ ਮਾਇਆ ਨੂੰ ਜਿੰਦ ਦਾ ਆਸਰਾ ਬਣਾਇਆ, ਉਸੇ ਨੂੰ ਮਾਇਆ ਦੀ ਤੜਫਨੀ ਲੱਗ ਗਈ। ਅਤੀਤ ਹੋਵੇ ਚਾਹੇ ਗ੍ਰਿਹਸਤੀ, ਗਰੀਬ ਹੋਵੇ ਚਾਹੇ ਧਨਾਢ, ਸਭ ਦਾ ਹਾਲ ਇਹੋ ਜਿਹਾ ਹੁੰਦਾ ਹੈ। ਗਰੀਬ ਵਲ ਤੱਕੋ, ਉਸ ਨੂੰ ਹਰ ਵੇਲੇ ਰੋਟੀ ਦਾ ਸਹਸਾ। ਧਨਾਢ ਨੂੰ ਜੋੜੀ ਹੋਈ ਦੀ ਹਰ ਵੇਲੇ ਰਾਖੀ ਦੀ ਚਿੰਤਾ। ਗ੍ਰਿਹਸਤ ਛੱਡ ਕੇ ਤੀਰਥਾਂ ਕੰਢੇ ਬੈਠੇ ਹੋਏ ਭੀ ਸਿਲਾਂ ਦੀ ਮਾਲਕੀ ਤੋਂ ਹੀ ਲੜ ਪੈਂਦੇ ਹਨ। ਗ੍ਰਿਹਸਤੀ ਨੂੰ ਚਿੰਤਾ ਖਾਂਦੀ ਹੈ, ਸਾਧੂ ਨੂੰ ਕ੍ਰੋਧ ਨਚਾਂਦਾ ਹੈ। ਜਿਸ ਨੇ ਭੀ ਪ੍ਰਭੂ ਦਾ ਪੱਲਾ ਛੱਡਿਆ, ਮਾਇਆ ਉਸ ਨੂੰ ਆਪਣੇ ਲੜ ਲਾ ਕੇ ਖ਼ੁਆਰ ਕਰਦੀ ਹੈ।

(24) ਵਰਖਾ ਦੀ ਰੁੱਤੇ ਨਦੀਆਂ ਨਾਲੇ ਛੱਪੜ ਟੋਭੇ ਸਭ ਪਾਣੀ ਨਾਲ ਭਰ ਜਾਂਦੇ ਹਨ। ਰਾਹੀਆਂ ਦੇ ਰਾਹ ਰੁਕ ਜਾਂਦੇ ਹਨ, ਹਰ ਪਾਸੇ ਚਿੱਕੜ ਤੇ ਪਾਣੀ ਹੀ ਪਾਣੀ। ਮੀਂਹ ਥੰਮ੍ਹਣ, ਧੁੱਪਾਂ ਲੱਗਣ, ਤਾਂ ਰਾਹੀਆਂ ਦੇ ਪੈਰਾਂ ਦੀ ਪੈਛੜ ਨਾਲ ਰਸਤਿਆਂ ਵਿਚ ਛੋਟੀ ਜਿਹੀ ਪਗ-ਡੰਡੀ ਬਣਦੀ ਹੈ। ਉਸ ਪਗਡੰਡੀ ਤੇ ਭੀ ਮੁਸਾਫ਼ਿਰ ਨੂੰ ਇਹੀ ਡਰ ਰਹਿੰਦਾ ਹੈ ਕਿ ਜੇ ਕਿਤੇ ਰਤਾ ਭੀ ਅਨਗਹਿਲੀ ਨਾਲ ਪੈਰ ਤਿਲ੍ਹਕ ਗਿਆ, ਤਾਂ ਦੁਵੱਲੀ ਦੇ ਚਿੱਕੜ ਖੋਭੇ ਵਿਚ ਡਿੱਗ ਕੇ ਕੱਪੜੇ ਲੀੜੇ ਚੌੜ ਹੋ ਜਾਣਗੇ।

ਮਾਇਆ ਦੇ ਹੜ੍ਹਾਂ ਵਿਚ ਭੀ ਆਤਮਕ ਪੈਂਡੇ ਦੇ ਰਾਹੀਆਂ ਦਾ ਇਹੀ ਹਾਲ ਹੁੰਦਾ ਹੈ। ਚੁਫੇਰੇ ਮੋਹ ਦੀ ਤਿਲ੍ਹਕਣ, ਵਿਕਾਰਾਂ ਦਾ ਚਿੱਕੜ।

(25) ਦਰਿਆਵਾਂ ਦੇ ਨਾਲ ਨਾਲ ਕਾਹੀ ਪਿਲਛੀ ਤੇ ਕਾਨੇ ਬਹੁਤ ਉੱਗਦੇ ਹਨ। ਇਸ ਵਾਸਤੇ ਰਾਹੀ ਮੁਸਾਫ਼ਿਰ ਕਾਹੀ ਪਿਲਛੀ ਆਦਿਕ ਦੀ ਰੁਕਾਵਟ ਤੋਂ ਬਚਣ ਲਈ ਆਮ ਤੌਰ ਤੇ ਦਰੀਆ ਦੇ ਕੰਢੇ ਦੇ ਸਿਰੇ ਉਤੇ ਪਗਡੰਡੀ ਬਣਾ ਲੈਂਦੇ ਹਨ। ਕੰਢਾ ਪੱਧਰਾ ਹੁੰਦਾ ਹੈ, ਤੇ ਵੇਖਣ ਨੂੰ ਪੱਕਾ ਭੀ ਜਾਪਦਾ ਹੈ।

ਪਰ ਇਹ ਕੰਢਾ ਕਈ ਵਾਰੀ ਬਹੁਤ ਖ਼ਤਰਨਾਕ ਸਾਬਤ ਹੋ ਜਾਂਦਾ ਹੈ। ਉਪਰੋਂ ਤਾਂ ਇਹ ਪੱਕਾ ਦਿੱਸਦਾ ਹੈ, ਉਂਞ ਦਰੀਆ ਦਾ ਪਾਣੀ ਕੰਢੇ ਨੂੰ ਹੇਠੋਂ ਹੇਠੋਂ ਖੋਰਦਾ ਜਾਂਦਾ ਹੈ ਤੇ ਵੱਡੀਆਂ ਵੱਡੀਆਂ ਢਿੱਗਾਂ ਢਾਹ ਲੈਂਦਾ ਹੈ। ਕਈ ਅੰਞਾਣ ਮੁਸਾਫ਼ਿਰ ਡਿੱਗਦੀ ਢਿੱਗ ਤੇ ਨਾਲ ਹੀ ਦਰੀਆਂ ਦੇ ਡੂੰਘੇ ਵਹਿਣ ਵਿਚ ਡਿਗ ਪੈਂਦੇ ਹਨ ਤੇ ਜਾਨ ਗਵਾ ਲੈਂਦੇ ਹਨ।

ਮਾਇਆ ਦੇ ਮੋਹ ਦਾ ਤੇਜ਼ ਪ੍ਰਵਾਹ ਭੀ ਅੰਦਰੋਂ ਅੰਦਰ ਢਾਹ ਲਾ ਕੇ ਮਨੁੱਖ ਦੇ ਆਤਮਕ ਜੀਵਨ ਨੂੰ ਆਪਣੇ ਅੰਦਰ ਗ਼ਰਕ ਕਰ ਲੈਂਦਾ ਹੈ।

(26) ਸਾਵਨ ਭਾਦਰੋਂ ਵਿਚ ਵਰਖਾ ਦੇ ਕਾਰਨ ਹਰੇਕ ਖੁਲ੍ਹੀ ਪਈ ਚੀਜ਼ ਸਿੱਲ੍ਹ ਜਾਂਦੀ ਹੈ, ਅੰਦਰ ਬਾਹਰ ਹਰ ਪਾਸੇ ਸਿੱਲ੍ਹ ਹੀ ਸਿੱਲ੍ਹ ਹੁੰਦੀ ਹੈ। ਘਰ ਵਿਚ ਕਿਤੇ ਗੁੜ ਦੀ ਰੋੜੀ ਨੰਗੀ ਪਈ ਰਹਿ ਜਾਏ, ਤਾਂ ਉਹ ਸਿੱਲ੍ਹ ਕੇ ਚਿੱਪ ਚਿੱਪ ਕਰਨ ਲੱਗ ਪੈਂਦੀ ਹੈ।

ਉਹਨਾਂ ਦਿਨਾਂ ਵਿਚ ਘਰੇਲੂ ਮੱਖੀ ਦਾ ਭੀ ਬਹੁਤ ਜ਼ੋਰ ਹੁੰਦਾ ਹੈ। ਜਿਤਨਾ ਹੀ ਘਰਾਂ ਦੇ ਨੇੜੇ ਗੰਦ ਹੋਵੇਗਾ, ਉਤਨਾ ਹੀ ਮੱਖੀ ਮੱਛਰ ਵਧੇਗਾ। ਮੱਖੀ ਦਾ ਨੱਕ ਬੜਾ ਤੇਜ਼। ਨੰਗੀ ਪਈ ਸਿੱਲ੍ਹੀ ਹੋਈ ਗੁੜ ਦੀ ਰੋੜੀ ਉਤੇ ਮੱਖੀਆਂ ਭਿਣ ਭਿਣ ਕਰਦੀਆਂ ਆ ਬੈਠਦੀਆਂ ਹਨ, ਤੇ ਚਿੱਪ ਚਿੱਪ ਕਰਦੇ ਗੁੜ ਨਾਲ ਉਹਨਾਂ ਦੇ ਖੰਭ ਚੰਬੜ ਜਾਂਦੇ ਹਨ। ਉਥੇ ਹੀ ਮਰ ਜਾਂਦੀਆਂ ਹਨ।

ਮਾਇਆ ਚਿਪਚਿਪੇ ਗੁੜ ਦੀ ਰੋੜੀ ਸਮਾਨ ਹੀ ਸਮਝੋ। ਤ੍ਰਿਸ਼ਨਾ-ਮਾਰੇ ਆਉਂਦੇ ਹਨ, ਫਸਦੇ ਜਾਂਦੇ ਹਨ, ਤੇ ਆਤਮਕ ਮੌਤੇ ਮਰਦੇ ਜਾਂਦੇ ਹਨ।

(27) ਘਰ ਵਿਚ ਜਿਥੇ ਕਿਤੇ ਭੀ ਟੱਟੀ ਆਦਿਕ ਦਾ ਗੰਦ ਹੋਵੇ, ਘਰੇਲੂ ਮੱਖੀ ਤੁਰਤ ਉੱਡ ਕੇ ਉਸ ਗੰਦ ਉਤੇ ਜਾ ਬੈਠਦੀ ਹੈ। ਗੰਦ ਵਲ ਇਸ ਮੱਖੀ ਨੂੰ ਬੜੀ ਖਿੱਚ ਹੁੰਦੀ ਹੈ। ਉਸ ਗੰਦ ਤੋਂ ਇਸ ਦੇ ਨਿੱਕੇ ਨਿੱਕੇ ਪੈਰਾਂ ਨਾਲ ਅਨੇਕਾਂ ਬੀਮਾਰੀਆਂ ਦੇ ਸੂਖਮ ਜਿਰਮ ਚੰਬੜ ਜਾਂਦੇ ਹਨ। ਉਥੋਂ ਉੱਡ ਕੇ ਇਹ ਰਸੋਈ ਵਿਚ ਭੀ ਜਾ ਪਹੁੰਚਦੀ ਹੈ, ਤੇ ਰੋਟੀ ਆਦਿਕ ਉਤੇ ਬੈਠ ਕੇ ਖਾਣ ਵਾਲਿਆਂ ਲਈ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ।

ਮਾਇਆ ਨੂੰ ਮੱਖੀ ਸਮਾਨ ਸਮਝੋ। ਜਿਥੇ ਕੋਈ ਮਨ ਰਤਾ ਕੁ ਭੀ ਮਲੀਨ ਹੋ ਜਾਏ, ਤੁਰਤ ਉਸ ਉਤੇ ਜਾ ਪ੍ਰਭਾਵ ਪਾਂਦੀ ਹੈ। ਉਸ ਮਨ ਨੂੰ ਹੋਰ ਡੇਗਦੀ ਹੈ, ਹੋਰ ਡੇਗਦੀ ਹੈ, ਤੇ ਉਸ ਦੀ ਗਿਰਾਵਟ ਦਾ ਅਸਰ ਅਨੇਕਾਂ ਹੋਰ ਮਨੁੱਖਾਂ ਦੇ ਮਨਾਂ ਉੱਤੇ ਪਾ ਦੇਂਦੀ ਹੈ।

ਕੋਈ ਵਿਰਲੇ ਗੁਰਮੁਖ ਇਸ ਤੋਂ ਬਚਦੇ ਹਨ।

(28) ਵਰਖਾ-ਰੁੱਤੇ ਦਰਿਆਵਾਂ ਵਿਚ ਹੜ੍ਹਾਂ ਨਾਲ ਰੁੜ੍ਹ ਕੇ ਆਈ ਚੀਕਨੀ ਮਿੱਟੀ ਤੇ ਰੇਤ ਕਿਤੇ ਕਿਤੇ ਕੰਢਿਆਂ ਦੇ ਨੇੜੇ ਥਲ ਦੀ ਥਲ ਇਕੱਠੀ ਹੋ ਜਾਂਦੀ ਹੈ, ਤੇ ਜਿਲ੍ਹਣ ਬਣ ਜਾਂਦੀ ਹੈ। ਇਹ ਜਿਲ੍ਹਣ ਉਤੋਂ ਵੇਖਿਆਂ ਤਾਂ ਸਾਧਾਰਨ ਆਠਰਿਆ ਹੋਇਆ ਰੇਤਲਾ ਥਾਂ ਹੀ ਜਾਪਦਾ ਹੈ, ਪਰ ਅੰਦਰੋਂ ਇਹ ਬਹੁਤ ਨਰਮ ਹੁੰਦੀ ਹੈ। ਓਭੜ ਰਾਹੀ ਮੁਸਾਫ਼ਿਰ ਇਸ ਦੇ ਉਪਰ ਪੈਰ ਧਰਦਾ ਹੈ। ਪਹਿਲਾਂ ਇਹ ਸੁਆਦਲੀ ਨਰਮ ਰੇਤਲੀ ਧਰਤੀ ਲੱਗਦੀ ਹੈ। ਪਰ ਸਹਜੇ ਸਹਜੇ ਪੈਰ ਖੁੱਭਣ ਲੱਗ ਪੈਂਦਾ ਹੈ। ਫਿਰ ਜਿਉਂ ਜਿਉਂ ਰਾਹੀ ਪੈਰ ਕੱਢਣ ਦਾ ਜਤਨ ਕਰਦਾ ਹੈ, ਤਿਉਂ ਤਿਉਂ ਹੋਰ ਵਧੀਕ ਖੁੱਭਦਾ ਜਾਂਦਾ ਹੈ। ਪਸ਼ੂ ਤਾਂ ਕਈ ਵਾਰੀ ਇਤਨੇ ਖੁੱਭ ਜਾਂਦੇ ਹਨ ਕਿ ਫਸ ਕੇ ਵਿਚੇ ਹੀ ਮਰ ਜਾਂਦੇ ਹਨ।

ਮਾਇਆ-ਮੋਹ ਦੀ ਜਿਲ੍ਹਣ ਬੜੀ ਭਿਆਨਕ! ਸਹਜੇ ਸਹਜੇ ਮਨੁੱਖ ਦਾ ਮਨ ਅਭੋਲ ਹੀ ਖੁੱਭਦਾ ਜਾਂਦਾ ਹੈ। ਇਤਨਾ ਖੁੱਭਦਾ ਹੈ ਕਿ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ।

(29) ਗਰਮੀ ਦੀ ਬਹਾਰੇ ਤਿਹਾਇਆ ਹਰਨ ਗੁਆਂਢ ਕਿਸੇ ਦਰੀਆ ਤੋਂ ਪਾਣੀ ਪੀਣ ਚੱਲ ਪੈਂਦਾ ਹੈ। ਦਰੀਆ ਦੇ ਕੰਢਿਆਂ ਦੀ ਰੇਤ ਸੂਰਜ ਦੀਆਂ ਕਿਰਨਾਂ ਨਾਲ ਚਮਕਦੀ ਹੈ। ਦੂਰੋਂ ਹਰਨ ਨੂੰ ਇਉਂ ਜਾਪਦਾ ਹੈ ਜਿਵੇਂ ਨਿਤਰਿਆ ਹੋਇਆ ਬੇਅੰਤ ਪਾਣੀ ਠਾਠਾਂ ਮਾਰ ਰਿਹਾ ਹੈ। ਤ੍ਰੇਹ ਨਾਲ ਘਾਬਰਿਆ ਹੋਇਆ ਹਰਨ ਉਸ ਦਿੱਸਦੇ ਲਿਸ਼ਕਦੇ ਪਾਣੀ ਵਲ ਦੌੜਦਾ ਹੈ। ਨੇੜੇ ਪੈਰਾਂ ਹੇਠਲੀ ਰੇਤ ਤਾਂ ਰੇਤ ਹੀ ਦਿੱਸਦੀ ਹੈ, ਭੁਲੇਖਾ ਪਾਂਦੀ ਹੈ ਦੂਰ ਦੀ ਲਿਸ਼ਕਦੀ ਰੇਤ। ਸੋ, ਉਹ ਉਸ ਠਗ-ਨੀਰੇ ਵਲ ਦੌੜਦਾ ਹੈ, ਤੇ ਠਗ-ਨੀਰਾ ਭੀ ਅਗਾਂਹ ਅਗਾਂਹ ਤੁਰਿਆ ਜਾਂਦਾ ਹੈ। ਹਰਨ ਵਿਚਾਰਾ ਤਪਦੀ ਰੇਤ ਵਿਚ ਦੌੜ ਦੌੜ ਕੇ ਜਿੰਦ ਗਵਾ ਲੈਂਦਾ ਹੈ।

ਮਾਇਆ ਦੀ ਲਿਸ਼ਕ ਬੁਰੀ! ਆਤਮਕ ਜੀਵਨ ਨੂੰ ਇਉਂ ਸਾੜਦੀ ਹੈ ਜਿਵੇਂ ਫੱਗਣ ਦੇ ਬੱਦਲਾਂ ਦੀ ਲਿਸ਼ਕ ਛੋਲਿਆਂ ਦੇ ਫ਼ਸਲ ਨੂੰ ਸੁਆਹ ਕਰ ਦੇਂਦੀ ਹੈ।

(30) ਸਿਆਲ ਦੀ ਰੁੱਤੇ ਜਦੋਂ ਦਰੀਆਵਾਂ ਦਾ ਪਾਣੀ ਘਟਣ ਕਰ ਕੇ ਦਰੀਆ ਗਾਹਣ ਹੋ ਜਾਂਦੇ ਹਨ, ਤਾਂ ਰਾਹੀ ਮੁਸਾਫ਼ਿਰ ਬੇੜੀ ਵਿਚ ਚੜ੍ਹਨ ਦੇ ਥਾਂ ਆਪ ਹੀ ਵਿਚੋਂ ਦੀ ਲੰਘ ਜਾਂਦੇ ਹਨ। ਪਰ ਤਦੋਂ ਭੀ ਖ਼ਾਸ ਖ਼ਾਸ ਟਿਕਾਣੇ ਵਰਤੀਦੇ ਹਨ, ਜਿਥੇ ਰਾਹੀਆਂ ਦੇ ਲੰਘਣ ਨਾਲ ਰਸਤਾ ਰਤਾ ਪੱਕਾ ਹੋ ਜਾਂਦਾ ਹੈ। ਲਾਂਭਾਂ ਤੋਂ ਲੰਘਿਆਂ ਡਰ ਹੁੰਦਾ ਹੈ ਕਿ ਮਨੁੱਖ ਕਿਤੇ ਡੁੰਮ੍ਹ ਵਿਚ ਨ ਪੈ ਜਾਏ, ਕਿਤੇ ਖੋਭੇ ਵਿਚ ਨ ਫਸ ਜਾਏ।

ਬਰਸਾਤੀ ਨਾਲਿਆਂ ਵਿਚੋਂ ਲੰਘਣ ਵੇਲੇ ਤਾਂ ਇਸ ਗੱਲ ਵਲ ਖ਼ਾਸ ਧਿਆਨ ਦੇਣਾ ਪੈਂਦਾ ਹੈ।

ਮਾਇਆ ਦੇ ਮੋਹ ਦੀ ਨਦੀ ਵਿਚੋਂ ਉਸੇ ਰਸਤੇ ਲੰਘੋ, ਜਿਥੋਂ ਦੀ ਇਸ ਨਦੀ ਦੇ ਜਾਣੂ ਤੇ ਤਾਰੂ ਲੰਘੇ ਹਨ; ਨਹੀਂ ਤਾਂ ਫਸਣ ਦਾ ਬਹੁਤ ਖ਼ਤਰਾ ਹੈ।

(31) ਕਾਮ-ਵਾਸਨਾ ਦੇ ਅਧੀਨ ਹਾਥੀ ਕਾਗਜ਼ਾਂ ਦੀ ਬਣੀ ਹਥਨੀ ਉਤੇ ਮੋਹਿਤ ਹੋ ਕੇ ਸਦਾ ਲਈ ਪਰ-ਅਧੀਨ ਹੋ ਜਾਂਦਾ ਹੈ। ਛੋਲਿਆਂ ਦੀ ਇਕ ਮੁੱਠ ਕੁੱਜੀ ਵਿਚੋਂ ਕੱਢਣ ਦਾ ਜਤਨ ਕਰਦਾ ਬਾਂਦਰ ਪਰ-ਅਧੀਨ ਹੋ ਕੇ ਘਰ ਘਰ ਨੱਚਦਾ ਫਿਰਦਾ ਹੈ। ਚੋਗੇ ਦੇ ਲਾਲਚ ਪਿੱਛੇ ਤੋਤਾ ਨਲਿਨੀ ਵਿਚ ਫਸ ਕੇ ਸਦਾ ਲਈ ਪਿੰਜਰੇ ਵਿਚ ਕੈਦ ਹੋ ਜਾਂਦਾ ਹੈ।

ਕਾਮਾਦਿਕ ਵਿਕਾਰਾਂ ਦੇ ਢਹੇ ਚੜ੍ਹੇ ਹੋਏ ਮਨੁੱਖ ਦਾ ਆਤਮਕ ਜੀਵਨ ਸਦਾ ਦਬਿਆ ਰਹਿੰਦਾ ਹੈ।

(32) ਪਿਆਸ ਨਾਲ ਘਬਰਾਏ ਹੋਏ ਹਰਨ ਨੂੰ ਸੂਰਜ ਦੀ ਤਪਸ਼ ਵਿਚ ਚਮਕਦੀ ਰੇਤ ਪਾਣੀ ਨਾਲ ਭਰਿਆ ਹੋਇਆ ਸਰੋਵਰ ਜਾਪਦੀ ਹੈ। ਇਸ ਠਗਨੀਰੇ ਦੇ ਪਿੱਛੇ ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ।

ਵਿਸ਼ਿਆਂ ਦੀ ਤ੍ਰਿਸ਼ਨਾ ਮਾਇਆ-ਵੇੜ੍ਹੇ ਮਨੁੱਖ ਨੂੰ ਭਟਕਾ ਭਟਕਾ ਕੇ ਉਸ ਦੇ ਆਤਮਕ ਜੀਵਨ ਨੂੰ ਮੁਕਾ ਦੇਂਦੀ ਹੈ।

(33) ਅਜਾਇਬ-ਘਰਾਂ ਵਿਚ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਬੰਦ ਰੱਖੇ ਹੋਏ ਸੱਪ ਵੇਖੋ, ਕਈ ਰੰਗਾਂ ਦੇ, ਕਈ ਕਿਸਮਾਂ ਦੇ। ਬੜੇ ਹੀ ਸੋਹਣੇ ਹੁੰਦੇ ਹਨ। ਸੱਪ ਦੀ ਸੁੰਦਰਤਾ ਜਗਤ-ਪ੍ਰਸਿੱਧ ਹੈ। ਪਰ ਸੱਪ ਮਨੁੱਖ ਦਾ ਬੜਾ ਹੀ ਖ਼ਤਰਨਾਕ ਵੈਰੀ ਹੈ। ਕਲਰਾਠੀ ਧਰਤੀ ਦਾ ਸੱਪ ਇਤਨਾ ਜ਼ਹਿਰੀਲਾ ਹੁੰਦਾ ਹੈ ਕਿ ਉਸ ਦਾ ਡੰਗਿਆ ਹੋਇਆ ਬੰਦਾ ਉਥੇ ਹੀ ਢੇਰੀ ਹੋ ਜਾਂਦਾ ਹੈ।

ਮਾਇਆ ਵੇਖਣ ਨੂੰ ਬੜੀ ਸੋਹਣੀ! ਇਸ ਦੇ ਅਨੇਕਾਂ ਸਰੂਪ, ਧਨ, ਇਸਤ੍ਰੀ, ਪੁਤ੍ਰ, ਐਸ਼੍ਵਰਜ ਆਦਿਕ। ਪਰ ਮੋਹ ਦਾ ਐਸਾ ਤੇਜ਼ ਡੰਗ ਮਾਰਦੀ ਹੈ ਕਿ ਆਤਮਕ ਜੀਵਨ ਉਥੇ ਹੀ ਫੁੜਕ ਪੈਂਦਾ ਹੈ।

(34) ਮੁਟਿਆਰ ਵਿਆਹੀ ਜਾ ਕੇ ਸਹੁਰੇ ਘਰ ਪਹੁੰਚਦੀ ਹੈ। ਉਥੇ ਸੱਸ ਸਹੁਰਾ, ਜੇਠ, ਦਿਓਰ, ਜਿਠਾਣੀਆਂ, ਦਿਰਾਣੀਆਂ, ਨਨਾਣਾਂ ਆਦਿਕ ਕਈ ਨਵੇਂ ਸਾਕਾਂ ਸਨਬੰਧੀਆਂ ਨਾਲ ਉਸ ਨੂੰ ਵਾਹ ਪੈਂਦਾ ਹੈ। ਇਹ ਸਾਰੇ ਨਵੇਂ ਸਾਕ ਉਸ ਦਾ ਤਦੋਂ ਹੀ ਆਦਰ ਸਤਕਾਰ ਕਰਦੇ ਹਨ, ਜੇ ਉਹ ਆਪਣੇ ਪਤੀ ਦੀ ਪ੍ਰਸੰਨਤਾ ਦੀ ਪਾਤਰ ਬਣ ਸਕੇ, ਨਹੀਂ ਤਾਂ ਸਾਰੇ ਸਾਕ ਲਾਗੂ ਹੋ ਜਾਂਦੇ ਹਨ।

ਜਿਸ ਜਿੰਦ-ਵਹੁਟੀ ਨੇ ਪਤੀ-ਪ੍ਰਭੂ ਨੂੰ ਵਿਸਾਰ ਦਿੱਤਾ, ਉਸ ਦਾ ਆਪਣਾ ਸਰੀਰ ਹੀ ਹਰ ਵੇਲੇ ਵਢੂੰ ਵਢੂੰ ਪਿਆ ਕਰਦਾ ਹੈ, ਹਰ ਵੇਲੇ ਨਵੇਂ ਨਵੇਂ ਭੋਗ ਮੰਗਦਾ ਰਹਿੰਦਾ ਹੈ, ਉਸ ਦੀ ਸਾਰੀ ਉਮਰ ਪੰਜਾਂ ਨਾਲ ਝਗੜਦਿਆਂ ਹੀ ਗੁਜ਼ਰਦੀ ਹੈ। ਮਾਇਆ ਦਾ ਦਬਾਉ ਸਦਾ ਉਸ ਉਤੇ ਟਿਕਿਆ ਰਹਿੰਦਾ ਹੈ।

(35) ਪਤੰਗੇ ਨੂੰ ਦੀਵੇ ਦੀ ਲਾਟ ਵੇਖਣ ਦਾ ਚਸਕਾ ਹੈ। ਸਾਵਣ ਦੇ ਮਹੀਨੇ ਪਤੰਗੇ ਧਰਤੀ ਵਿਚੋਂ ਨਿਕਲਦੇ ਹਨ। ਸ਼ਾਮ ਵੇਲੇ ਦੀਵੇ ਜਗਦਿਆਂ ਹੀ ਅਨੇਕਾਂ ਪਤੰਗੇ ਉੱਡ ਉੱਡ ਕੇ ਦੀਵੇ ਦੀ ਲਾਟ ਨੂੰ ਨੇੜੇ ਹੋ ਹੋ ਕੇ ਵੇਖਦੇ ਹਨ। ਮੂਰਖ ਪਤੰਗੇ ਨੂੰ ਇਹ ਸਮਝ ਨਹੀਂ ਕਿ ਅੱਗ ਦੇ ਨੇੜੇ ਗਿਆਂ ਅੱਗ ਸਾੜ ਦੇਵੇਗੀ। ਅੱਖਾਂ ਦੇ ਵਿਸ਼ੇ ਵਿਚ ਫਸਿਆ ਪਤੰਗਾ ਜਾਨ ਗਵਾ ਲੈਂਦਾ ਹੈ।

ਮਨੁੱਖ ਧਨ ਤੇ ਇਸਤ੍ਰੀ ਦੇ ਮੋਹ ਵਿਚ ਗ਼ਲਤਾਨ ਹੋ ਜਾਂਦਾ ਹੈ। ਮੂਰਖ ਨੂੰ ਇਹ ਸੋਚ ਨਹੀਂ ਫੁਰਦੀ ਕਿ ਇਸ ਰਸ ਦੇ ਕਾਰਨ ਆਤਮਕ ਜੀਵਨ ਦੀ ਮੌਤ ਹੁੰਦੀ ਜਾ ਰਹੀ ਹੈ। ਮਾਇਆ ਦਾ ਪ੍ਰਭਾਵ ਬੜਾ ਪ੍ਰਬਲ!

(36) ਚੋਰੀ ਦਾ ਇਤਿਹਾਸ ਸ਼ਾਇਦ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋਇਆ ਹੋਇਆ ਹੈ। ਜਿਉਂ ਜਿਉਂ ਮਨੁੱਖ ਹੁਸ਼ਿਆਰ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਚੋਰੀ ਠੱਗੀ ਭੀ ਕਮਾਲ ਦੀ ਹੁਸ਼ਿਆਰੀ ਨਾਲ ਹੋਣ ਲੱਗ ਪਈ ਹੈ। ਰਾਤ ਨੂੰ ਸੁੱਤੇ ਪਏ ਲੋਕਾਂ ਦੇ ਘਰੀਂ ਸੰਨ੍ਹ ਲੱਗ ਜਾਣੀ ਤਾਂ ਸਾਧਾਰਨ ਜਿਹੀ ਗੱਲ ਹੈ। ਹੁਸ਼ਿਆਰ ਠੱਗ ਚੁਸਤ ਚਾਲਾਕ ਬੰਦਿਆਂ ਤੋਂ ਭੀ ਦਿਨ-ਦਿਹਾੜੇ ਉਹਨਾਂ ਦੇ ਹੱਥੋਂ ਹੀ ਮਾਲ ਲੈ ਜਾਂਦੇ ਹਨ। ਕਿਤੇ ਪਿੱਤਲ ਨੂੰ ਸੋਨਾ ਬਣਾ ਕੇ ਵਿਖਾਇਆ ਜਾਂਦਾ ਹੈ, ਕਿਤੇ ਰੁਪਏ ਦੂਣੇ ਕਰਨ ਦੀ ਲਾਲਸਾ ਦਿੱਤੀ ਜਾਂਦੀ ਹੈ, ਕਿਤੇ ਕੋਰੇ ਕਾਗ਼ਜ਼ਾਂ ਤੋਂ ਨੋਟ ਬਨਾਉਣ ਦਾ ਚਕਮਾ ਦਿੱਤਾ ਜਾਂਦਾ ਹੈ।

ਧਰਮ-ਪੁਸਤਕਾਂ ਪੜ੍ਹ ਕੇ ਮਨੁੱਖ ਆਪਣੇ ਵਲੋਂ ਪੰਡਿਤ ਗਿਆਨੀ ਬਣ ਜਾਂਦਾ ਹੈ, ਹੋਰਨਾਂ ਨੂੰ ਧਰਮ ਦਾ ਰਸਤਾ ਵਿਖਾਂਦਾ ਹੈ। ਪਰ ਉਸ ਦਾ ਆਪਣਾ ਮਨ ਵਿੱਦਿਆ ਦੇ ਮਾਣ ਵਿਚ ਹਾਥੀ ਸਮਾਨ ਹੋ ਜਾਂਦਾ ਹੈ। ਰੱਬ ਨੂੰ ਮਿਲਣਾ ਸੀ ਨਿਮ੍ਰਤਾ ਧਾਰ ਕੇ, ਉਹ ਕਿਤੇ ਨੇੜੇ ਨਹੀਂ ਢੁਕਦੀ। ਆਪਣੇ ਵਲੋਂ ਜਾਗਦਾ ਹੀ ਆਤਮਕ ਰਾਸ ਪੂੰਜੀ ਲੁਟਾ ਲੈਂਦਾ ਹੈ।

(37) ਸਰਦੇ-ਪੁਜਦੇ ਲੋਕ ਆਪਣੇ ਘਰਾਂ ਵਿਚ ਲਵੇਰਾ ਰੱਖਦੇ ਹਨ। ਸਵਾਣੀਆਂ ਸਵੇਰੇ ਉੱਠ ਕੇ ਰਾਤ ਦਾ ਜਮਾਇਆ ਦਹੀਂ ਚਾਟੀਆਂ ਵਿਚ ਪਾ ਕੇ ਮਧਾਣੀਆਂ ਨਾਲ ਰਿੜਕਦੀਆਂ ਹਨ ਤੇ ਮੱਖਣ ਕੱਢ ਕੇ ਟੱਬਰ ਵਿਚ ਵਰਤਦੀਆਂ ਹਨ। ਆਂਢ ਗੁਆਂਢ ਦੇ ਗਰੀਬ ਲੋਕ ਉਹਨਾਂ ਦੇ ਘਰਾਂ ਤੋਂ ਲੱਸੀ ਮੰਗ ਕੇ ਲੈ ਜਾਂਦੇ ਹਨ। ਵਿਚਾਰੇ ਗਰੀਬ ਲੱਸੀ ਲੈ ਕੇ ਭੀ ਸੌ ਸੌ ਸ਼ੁਕਰ ਕਰਦੇ ਹਨ। ਜਿਨ੍ਹਾਂ ਦਹੀਂ ਰਿੜਕਿਆਂ ਉਹਨਾਂ ਨੂੰ ਮੱਖਣ ਭੀ ਮਿਲਿਆ ਤੇ ਲੱਸੀ ਭੀ। ਪਰ ਪਾਣੀ ਨੂੰ ਰਿੜਕਿਆਂ ਕੀਹ, ਮਿਲੇ?

ਜਿਨ੍ਹਾਂ ਸੁਭਾਗਿਆਂ ਨੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਸੁਆਸ ਸੁਆਸ ਸਿਰਜਣਹਾਰ ਪ੍ਰਭੂ ਨੂੰ ਚੇਤੇ ਰੱਖਿਆ, ਉਹਨਾਂ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਹਾਸਲ ਕਰ ਲਿਆ।

(38) ਦੁਨੀਆਦਾਰਾਂ ਨੂੰ ਠੱਗਣ ਲਈ ਠੱਗ ਲੋਕ ਐਸੇ ਐਸੇ ਢੰਗ ਵਰਤਦੇ ਹਨ ਕਿ ਕਮਾਲ ਕਰ ਦੇਂਦੇ ਹਨ, ਬੜੇ ਬੜੇ ਸਿਆਣੇ ਤੇ ਚਾਲਾਕ ਬੰਦਿਆਂ ਦੇ ਕੰਨ ਕਤਰ ਲੈਂਦੇ ਹਨ। ਪਰ ਉਹੀ ਬੰਦੇ ਇਹਨਾਂ ਦੇ ਢਹੇ ਚੜ੍ਹਦੇ ਹਨ ਜਿਨ੍ਹਾਂ ਦੇ ਅੰਦਰ ਛੇਤੀ ਹੀ ਬਿਨਾ-ਮੇਹਨਤ ਦੇ ਅਮੀਰ ਬਣਨ ਦੀ ਅੱਗ ਲੱਗੀ ਹੁੰਦੀ ਹੈ।

ਮਾਇਆ ਇਨਸਾਨ ਨੂੰ ਠੱਗਣ ਵਾਸਤੇ ਕਈ ਭੇਸ ਧਾਰਦੀ ਹੈ। ਇਸ ਤੋਂ ਉਹੀ ਬਚਦਾ ਹੈ ਜਿਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ।

(39) ਕੂੰਜਾਂ ਸੈਲਾਨੀ ਪੰਛੀ ਹਨ। ਫਬਵੀਂ ਰੁੱਤ ਅਨੁਸਾਰ ਦੇਸ ਦੇਸਾਂਤਰਾਂ ਵਿਚ ਉੱਡ ਕੇ ਚਲੀਆਂ ਜਾਂਦੀਆਂ ਹਨ, ਆਪਣੇ ਅਸਲ ਵਤਨ ਤੋਂ ਸੈਂਕੜੇ ਹਜ਼ਾਰਾਂ ਮੀਲ ਦੂਰ। ਦੂਰ ਦੁਰੇਡੇ ਦੇਸਾਂ ਵਿਚ ਚੋਗਾ ਚੁਗਦੀਆਂ ਹਨ, ਉਡਾਰੀਆਂ ਲਾਂਦੀਆਂ ਹਨ, ਪਰ ਆਪਣੀ ਸੁਰਤਿ ਸਦਾ ਆਪਣੇ ਪਿੱਛੇ ਵਤਨ ਵਿਚ ਰਹਿ ਗਏ ਬੱਚਿਆਂ ਵਿਚ ਰੱਖਦੀਆਂ ਹਨ।

ਸਾਵਣ ਦੇ ਮਹੀਨੇ ਕਾਲੀਆਂ ਘਟਾਂ ਚੜ੍ਹਦੀਆਂ ਹਨ, ਵਰ੍ਹ ਕੇ ਜਲ ਥਲ ਕਰ ਦੇਂਦੀਆਂ ਹਨ, ਛੱਪੜ ਟੋਭੇ ਤਾਲਾਬ ਸਭ ਨਕਾ ਨਕ ਭਰ ਜਾਂਦੇ ਹਨ। ਪਰ ਵੇਖੋ ਭਾਗ ਪਪੀਹੇ ਦੇ! ਉਹ ਵਿਚਾਰਾ ਪਾਣੀ ਨੂੰ ਤਰਸਦਾ ਹੀ ਰਹਿੰਦਾ ਹੈ।

ਭਾਗ-ਹੀਣ ਮਨੁੱਖ! ਸਿਰਜਣਹਾਰ ਕਰਤਾਰ ਹਰ ਥਾਂ ਵਿਆਪਕ ਹੈ, ਪਰ ਮਾਇਆ-ਮੋਹਿਆ ਮਨੁੱਖ ਵਿਛੁੜ ਕੇ ਸਦਾ ਦੁਖੀ ਰਹਿੰਦਾ ਹੈ। ਇਸ ਦੀ ਸੁਰਤਿ ਸਦਾ ਮਾਇਆ ਵਿਚ ਹੀ ਰਹਿੰਦੀ ਹੈ।

(40) ਸ਼ਹਿਦ ਦੀਆਂ ਮੱਖੀਆਂ ਸਾਰਾ ਦਿਨ ਫੁੱਲਾਂ ਦੇ ਰਸ ਵਿਚੋਂ ਸ਼ਹਿਦ ਲੈ ਲੈ ਕੇ ਆਪਣੇ ਛੱਤੇ ਵਿਚ ਇਕੱਠਾ ਕਰਦੀਆਂ ਹਨ। ਪਰ ਮਨੁੱਖ ਛੱਤੇ ਵਿਚੋਂ ਸਾਰਾ ਸ਼ਹਿਦ ਨਿਚੋੜ ਲੈਂਦਾ ਹੈ, ਉਹ ਵਿਚਾਰੀਆਂ ਤੱਕਦੀਆਂ ਰਹਿ ਜਾਂਦੀਆਂ ਹਨ। ਗਾਂ ਆਪਣੇ ਵੱਛੇ ਵਾਸਤੇ ਦੁੱਧ ਆਪਣੇ ਥਣਾਂ ਵਿਚ ਇਕੱਠਾ ਕਰਦੀ ਹੈ, ਗੁੱਜਰ ਉਹ ਸਾਰਾ ਦੁੱਧ ਚੋ ਲੈਂਦਾ ਹੈ।

ਕੈਸੀ ਮੌਜ ਨਾਲ ਮੱਛੀ ਖੁਲ੍ਹੇ ਪਾਣੀਆਂ ਵਿਚ ਤਾਰੀਆਂ ਲਾਂਦੀ ਰਹਿੰਦੀ ਹੈ, ਪਰ ਜੀਭ ਦਾ ਚਸਕਾ ਬੁਰਾ! ਕੁੰਡੀ ਵਿਚ ਫਸ ਕੇ ਜਾਨ ਗਵਾ ਲੈਂਦੀ ਹੈ।

ਤ੍ਰਿਸ਼ਨਾ ਅਧੀਨ ਹੋ ਕੇ ਮਨੁੱਖ ਦਿਨ ਰਾਤ ਧਨ ਜੋੜਦਾ ਰਹਿੰਦਾ ਹੈ। ਆਖ਼ਰ ਧਨ ਧਰਤੀ ਵਿਚ ਦੱਬਿਆ ਹੀ ਪਿਆ ਰਹਿ ਜਾਂਦਾ ਹੈ, ਤੇ ਮਨੁੱਖ ਦਾ ਸਰੀਰ ਮਿੱਟੀ ਵਿਚ ਮਿਲ ਜਾਂਦਾ ਹੈ।

(41) ਖੂਹ ਵਿਚ ਵੱਸਦੇ ਡੱਡੂਆਂ ਨੂੰ ਉਹ ਖੂਹ ਹੀ ਸਾਰੀ ਦੁਨੀਆ ਪ੍ਰਤੀਤ ਹੁੰਦਾ ਹੈ।

ਸੁਆਰਥ ਦੀ ਤੰਗਦਿਲੀ ਵਿਚ ਫਸਿਆ ਮਨੁੱਖ ਆਪਣੇ ਤੇ ਆਪਣੇ ਨਿੱਕੇ ਜਿਹੇ ਪਰਵਾਰ ਦੇ ਹਿੱਤਾਂ ਤੋਂ ਵਧੀਕ ਨਹੀਂ ਸੋਚ ਸਕਦਾ।

(42) ਕਿਸੇ ਨਦੀ ਦਾ ਪਾਣੀ ਕੰਢਿਆਂ ਤੋਂ ਉਛਲ ਕੇ ਕਿਸੇ ਟੋਏ ਵਿਚ ਪੈ ਜਾਏ, ਤੇ ਨਦੀ ਨਾਲੋਂ ਸੰਬੰਧ ਟੁੱਟ ਜਾਏ, ਤਾਂ ਕੁਝ ਦਿਨਾਂ ਪਿਛੋਂ ਉਹ ਪਾਣੀ ਗੰਦਾ ਹੋ ਜਾਂਦਾ ਹੈ, ਉਸ ਵਿਚ ਕੀੜੇ ਪੈ ਜਾਂਦੇ ਹਨ। ਭਖਦਾ ਕੋਲਾ ਅੱਗ ਵਿਚੋਂ ਬਾਹਰ ਕੱਢ ਦਿਉ, ਬੁੱਝ ਕੇ ਕਾਲਾ ਹੋ ਜਾਇਗਾ। ਬਸੰਤ ਰੁੱਤੇ ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ, ਕੋਇਲ ਆ ਕੇ ਅੰਬਾਂ ਉੱਤੇ ਬੈਠਦੀ ਹੈ ਤੇ 'ਕੂ ਕੂ' ਕਰਦੀ ਹੈ। ਉਸ ਦੀ ਸੁਰ ਬੜੀ ਵੈਰਾਗ-ਭਰੀ ਹੁੰਦੀ ਹੈ, ਇਉਂ ਜਾਪਦਾ ਹੈ ਜਿਵੇਂ ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਰੋ ਰਹੀ ਹੈ। ਕੋਇਲ ਦਾ ਰੰਗ ਭੀ ਕਾਲਾ ਹੈ। ਕਵੀਆਂ ਨੂੰ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਵਿਛੋੜੇ ਨੇ ਉਸ ਨੂੰ ਸਾੜ ਕੇ ਕਾਲੀ ਕਰ ਦਿੱਤਾ ਹੈ।

ਪ੍ਰਭੂ-ਚਰਨਾਂ ਤੋਂ ਵਿਛੁੜੇ ਪ੍ਰਾਣੀ ਦਾ ਹਿਰਦਾ ਵਿਕਾਰਾਂ ਨਾਲ, ਮਾਨੋ, ਕਾਲਾ ਹੋ ਜਾਂਦਾ ਹੈ। ਜ਼ਿੰਦਗੀ ਦਾ ਰਸਤਾ ਬੜਾ ਬਿਖੜਾ ਬਣ ਜਾਂਦਾ ਹੈ, ਕਦਮ ਕਦਮ ਤੇ ਠੋਕਰਾਂ, ਕਦਮ ਕਦਮ ਤੇ ਚਿੰਤਾ ਫ਼ਿਕਰ ਤੇ ਹਾਹੁਕੇ।

(43) ਕਿਸੇ ਮਕਾਨ ਨੂੰ ਅੱਗ ਲੱਗ ਜਾਏ, ਤਾਂ ਗੁਆਂਢੀ ਆ ਕੇ ਉੱਦਮ ਨਾਲ ਬੁਝਾ ਦੇਂਦੇ ਹਨ। ਪਰ ਜੇ ਘਰ ਦੇ ਮਾਲਕ ਨੂੰ ਅੱਗ ਦਾ ਪਤਾ ਹੀ ਨ ਲੱਗੇ, ਤੇ ਉਹ ਅੰਦਰ ਹੀ ਸੁੱਤਾ ਰਹੇ, ਤਾਂ ਗੁਆਂਢੀਆਂ ਨੂੰ ਤਦੋਂ ਹੀ ਪਤਾ ਲੱਗਦਾ ਹੈ ਜਦੋਂ ਸਾਰਾ ਘਰ ਬਲ ਉੱਠੇ। ਘਰ ਦਾ ਮਾਲਕ ਭੀ ਅੰਦਰ ਹੀ ਸੜ ਕੇ ਸੁਆਹ ਹੋ ਜਾਂਦਾ ਹੈ।

ਮਾਇਆ ਦਾ ਮੋਹ ਬੜੀ ਖ਼ਤਰਨਾਕ ਗੁੱਝੀ ਅੱਗ ਹੈ, ਇਸ ਦਾ ਪਤਾ ਹੀ ਨਹੀਂ ਲੱਗਦਾ। ਅੰਦਰੇ ਅੰਦਰ ਮਨੁੱਖ ਦੇ ਆਤਮਕ ਜੀਵਨ ਨੂੰ ਸਾੜ ਦੇਂਦੀ ਹੈ। ਫਿਰ ਇਹ ਮੋਹ ਇਤਨਾ ਮਿੱਠਾ ਭੀ ਲੱਗਦਾ ਹੈ ਕਿ ਇਸ ਦੀ ਪੋਟਲੀ ਸੁੱਟਣ ਨੂੰ ਭੀ ਜੀ ਨਹੀਂ ਕਰਦਾ। ਇਨਸਾਨ ਗਿਲੇ-ਗੁਜ਼ਾਰੀ ਭੀ ਕਰਦਾ ਹੈ ਤੇ ਪੰਡ ਸਿਰ ਉਤੇ ਚੁੱਕੀ ਭੀ ਰੱਖਦਾ ਹੈ।

ਮਾਇਆ

(ਸ) ਮਾਣ ਕੂੜਾ

1. ਸਲੋਕ ਮ: 2 (ਵਾਰ ਸੂਹੀ) . . . . ਰਾਤਿ ਕਾਰਣਿ ਧਨੁ ਸੰਚੀਐ (ਪੰਨਾ 787

2. ਸਿਰੀ ਰਾਗੁ ਮ: 4 . . . . ਦਿਨਸੁ ਚੜੈ ਫਿਰਿ ਆਥਵੈ (ਪੰਨਾ 41

3. ਪਉੜੀ ਮ: 4 (ਵਾਰ ਸੋਰਠਿ) . . . . ਏਹ ਭੂਪਤਿ ਰਾਣੇ ਰੰਗ, ਦਿਨ ਚਾਰਿ ਸੁਹਾਵਣਾ (ਪੰਨਾ 645

4. ਪਉੜੀ ਮ: 4 (ਸੋਰਠਿ ਕੀ ਵਾਰ) . . . . ਧਨੁ ਸੰਪੈ ਮਾਇਆ ਸੰਚੀਐ (ਪੰਨਾ 648

5. ਸਿਰੀ ਰਾਗੁ ਮ: 5 . . . . ਘੜੀ ਮੁਹਤ ਕਾ ਪਾਹੁਣਾ (ਪੰਨਾ 43

6. ਸਿਰੀ ਰਾਗ ਮ: 5 . . . . ਭਲਕੇ ਉਠਿ ਪਪੋਲੀਐ (ਪੰਨਾ 43

7. ਗਉੜੀ ਗੁਆਰੇਰੀ ਮ: 5 . . . . ਬਹੁਤੁ ਦਰਬੁ ਕਰਿ ਮਨੁ ਨ ਅਘਾਨਾ (ਪੰਨਾ 179

8. ਗਉੜੀ ਮ: 5 . . . . ਆਪਨ ਤਨੁ ਨਹੀ, ਜਾ ਕੋ ਗਰਬਾ (ਪੰਨਾ 187

9. ਗਉੜੀ ਮ: 5 . . . . ਗਰਬੁ ਬਡੋ, ਮੂਲੁ ਇਤਨੋ (ਪੰਨਾ 212

10. ਗਉੜੀ ਸੁਖਮਨੀ ਮ: 5 . . . . ਅਨਿਕ ਭਾਤਿ ਮਾਇਆ ਕੇ ਹੇਤ (ਪੰਨਾ 268

11. ਗਉੜੀ ਸੁਖਮਨੀ ਮ: 5 . . . . ਧਨਵੰਤਾ ਹੋਇ ਕਰਿ ਗਰਬਾਵੈ (ਪੰਨਾ 278

12. ਗਉੜੀ ਸੁਖਮਨੀ ਮ: 5 . . . . ਸੰਗਿ ਨ ਚਾਲਸਿ ਤੇਰੈ ਧਨਾ (ਪੰਨਾ 288

13. ਪਉੜੀ ਮ: 5 (ਵਾਰ ਗਉੜੀ ਮ: 4) . . . . ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ (ਪੰਨਾ 316

14. ਸਲੋਕ ਮ: 5 (ਗਉੜੀ ਕੀ ਵਾਰ) . . . . ਵਾਊ ਸੰਦੇ ਕਪੜੇ, ਪਹਿਰਹਿ ਗਰਬਿ ਗਵਾਰ (ਪੰਨਾ 318

15. ਆਸਾ ਮ: 5 . . . . ਰਾਜ ਮਿਲਕ ਜੋਬਨ ਗ੍ਰਿਹ ਸੋਭਾ (ਪੰਨਾ 379

16. ਆਸਾ ਮ: 5 . . . . ਭੂਪਤਿ ਹੋਇ ਕੈ ਰਾਜੁ ਕਮਾਇਆ (ਪੰਨਾ 391

17. ਆਸਾ ਮ: 5 . . . . ਉਠਿ ਵੰਞੁ ਵਟਾਊੜਿਆ, ਤੈ ਕਿਆ ਚਿਰੁ ਲਾਇਆ (ਪੰਨਾ 459

18. ਗੂਜਰੀ ਮ: 5 . . . . ਪ੍ਰਥਮੇ ਗਰਭਿ ਮਾਤਾ ਕੈ ਵਾਸਾ (ਪੰਨਾ 497

19. ਗੂਜਰੀ ਮ: 5 . . . . ਮਾਤ ਪਿਤਾ ਭਾਈ ਸੁਤ ਬੰਧਪ (ਪੰਨਾ 499

20. ਦੇਵਗੰਧਾਰੀ ਮ: 5 . . . . ਚੰਚਲੁ ਸੁਪਨੈ ਹੀ ਉਰਝਾਇਓ (ਪੰਨਾ 531

21. ਬਿਹਾਗੜਾ ਮ: 5 ਛੰਤ . . . . ਬੋਲਿ ਸੁਧਰਮੀੜਿਆ, ਮੋਨਿ ਕਤ ਧਾਰੀ ਰਾਮ (ਪੰਨਾ 547

22. ਸੋਰਠਿ ਮ: 5 . . . . ਰਤਨੁ ਛਾਡਿ ਕਉਡੀ ਸੰਗਿ ਲਾਗੇ (ਪੰਨਾ 615

23. ਜੈਤਸਰੀ ਮ: 5 ਛੰਤ . . . . ਪਾਧਾਣੂ ਸੰਸਾਰੁ, ਗਾਰਬਿ ਅਟਿਆ (ਪੰਨਾ 705

24. ਟੋਡੀ ਮ: 5 . . . . ਮਾਈ ਮਾਇਆ ਛਲੁ (ਪੰਨਾ 717

25. ਸੂਹੀ ਮ: 5 . . . . ਬੁਰੇ ਕਾਮ ਕਉ ਊਠਿ ਖਲੋਇਆ (ਪੰਨਾ 738

26. ਸੂਹੀ ਮ: 5 . . . . ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ (ਪੰਨਾ 743

27. ਸੂਹੀ ਮ: 5 ਛੰਤ . . . . ਸੁਣਿ ਬਾਵਰੇ, ਤੂ ਕਾਏ ਦੇਖਿ ਭੁਲਾਨਾ (ਪੰਨਾ 777

28. ਬਿਲਾਵਲੁ ਮ: 5 . . . . ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ (ਪੰਨਾ 802

29. ਬਿਲਾਵਲੁ ਮ: 5 . . . . ਮਿਰਤੁ ਹਸੈ ਸਿਰ ਊਪਰੇ (ਪੰਨਾ 809

30. ਬਿਲਾਵਲ ਮ: 5 . . . . ਬਿਨੁ ਹਰਿ ਕਾਮਿ ਨ ਆਵਤ ਹੇ (ਪੰਨਾ 821

31. ਰਾਮਕਲੀ ਮ: 5 . . . . ਸਿੰਚਹਿ ਦਰਬੁ ਦੇਹਿ ਦੁਖੁ ਲੋਗ (ਪੰਨਾ 889

32. ਮਾਰੂ ਮ: 5 ਅੰਜੁਲੀਆ . . . . ਬਿਰਖੈ ਹੇਠਿ ਸਭਿ ਜੰਤ ਇਕਠੇ (ਪੰਨਾ 1019

33. ਸਲੋਕ ਮ: 5 (ਵਾਰ ਮਾਰੂ) . . . . ਠਗਾ ਨੀਹੁ ਮਤ੍ਰੋੜਿ (ਪੰਨਾ 1099

34. ਸਲੋਕ ਮ: 5 (ਮਾਰੂ ਕੀ ਵਾਰ) . . . . ਗਹਡੜੜਾ ਤ੍ਰਿਣਿ ਛਾਇਆ (ਪੰਨਾ 1096

35. ਸਲੋਕ ਮ: 5 (ਵਾਰ ਮਾਰੂ) . . . . ਮੇਰੀ ਮੇਰੀ ਕਿਆ ਕਰਹਿ (ਪੰਨਾ 1101

36. ਕੇਦਾਰਾ ਮ: 5 . . . . ਹਰਿ ਬਿਨੁ ਜਨਮੁ ਅਕਾਰਥ ਜਾਤ (ਪੰਨਾ 1120

37. ਸਵਈਏ ਸ੍ਰੀ ਮੁਖ ਬਾਕ੍ਯ੍ਯ ਮ: 5 . . . . ਰੇ ਮਨ ਮੂਸ, ਬਿਲਾ ਮਹਿ ਗਰਬਤ (ਪੰਨਾ 1387

38. ਆਸਾ ਕਬੀਰ ਜੀ . . . . ਜਬ ਲਗੁ ਤੇਲੁ ਦੀਵੇ ਮੁਖਿ ਬਾਤੀ (ਪੰਨਾ 477

39. ਆਸਾ ਕਬੀਰ ਜੀ . . . . ਬਾਰਹ ਬਰਸ ਬਾਲਪਨ ਬੀਤੇ (ਪੰਨਾ 479

40. ਕਬੀਰ ਜੀ . . . . ਰਾਮ ਸਿਮਰੁ, ਪਛੁਤਾਹਿਗਾ ਮਨ (ਪੰਨਾ 1106

41. ਧਨਾਸਰੀ ਨਾਮਦੇਵ ਜੀ . . . . ਗਹਰੀ ਕਰਿ ਕੈ ਨੀਵ ਖੁਦਾਈ (ਪੰਨਾ 692

42. ਸੋਰਠਿ ਰਵਿਦਾਸ ਜੀ . . . . ਜਲ ਕੀ ਭੀਤਿ, ਪਵਨ ਕਾ ਥੰਭਾ (ਪੰਨਾ 659

43. ਬਸੰਤ ਰਵਿਦਾਸ ਜੀ . . . . ਤੁਝਹਿ ਸੁਝੰਤਾ ਕਛੂ ਨਾਹਿ (ਪੰਨਾ 1196

44. ਸਲੋਕ ਫਰੀਦ ਜੀ (ਮ: 5) . . . . ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ (ਪੰਨਾ 1383

45. ਸ੍ਰੀ ਰਾਗੁ ਬੇਣੀ ਜੀ . . . . ਰੇ ਨਰ ਗਰਭ ਕੁੰਡਲ ਜਬ ਆਛਤ (ਪੰਨਾ 93

ਭਾਵ:

(1) ਜਗਤ ਵਿਚ ਮਨੁੱਖ ਦੀ ਜ਼ਿੰਦਗੀ ਰੈਣ-ਬਸੇਰੇ ਵਾਂਗ ਹੀ ਹੈ। ਇਥੇ ਜੋੜਿਆ ਧਨ ਇਥੇ ਹੀ ਰਹਿ ਜਾਂਦਾ ਹੈ। ਫਿਰ ਭੀ ਉਹ ਮਨੁੱਖ ਇਹ ਮੂਰਖਤਾ ਕਰਦਾ ਚਲਾ ਆ ਰਿਹਾ ਹੈ।

(2) ਖੂਹ ਵਿਚ ਵਹਾਈ ਹੋਈ ਲੱਜ ਨੂੰ ਉਤੇ ਸਿਰ ਤੋਂ ਜੇ ਚੂਹਾ ਨਿੱਤ ਸਹਜੇ ਸਹਜੇ ਕੁਤਰਦਾ ਰਹੇ, ਤਾਂ ਉਸ ਲੱਜ ਦਾ ਕੀਹ ਭਰਵਾਸਾ? ਆਖ਼ਰ ਟੁੱਟ ਕੇ ਖੂਹ ਵਿਚ ਜਾ ਪਏਗੀ।

ਸਾਵਣ ਦੀ ਸਿਲ੍ਹ ਵਿਚ ਚਿਪਚਿਪ ਕਰਦੇ ਗੁੜ ਉਤੇ ਮੱਖੀ ਆ ਬੈਠਦੀ ਹੈ। ਉਸ ਦੇ ਪੈਰ ਦੇ ਖੰਭ ਗੁੜ ਦੇ ਨਾਲ ਹੀ ਚੰਬੜ ਜਾਂਦੇ ਹਨ। ਮੱਖੀ ਉਥੇ ਹੀ ਜਿੰਦ ਗਵਾ ਲੈਂਦੀ ਹੈ।

ਮਨੁੱਖ ਸਾਰੀ ਉਮਰ ਮਾਇਆ ਦੇ ਮਿੱਠੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ ਉਧਰੋਂ ਉਮਰ ਸਹਜੇ ਖ਼ਤਮ ਹੋ ਕੇ ਜੀਵਨ-ਬਾਜ਼ੀ ਹਰ ਜਾਂਦੀ ਹੈ।

(3) ਕਸੁੰਭੇ ਦੇ ਸ਼ੋਖ਼-ਰੰਗੇ ਫੁੱਲ ਮਨ ਨੂੰ ਖਿੱਚ ਪਾਂਦੇ ਹਨ, ਪਰ ਇਹਨਾਂ ਦੀ ਮੌਜ-ਬਹਾਰ ਦੋ ਦਿਨਾਂ ਦੀ ਹੀ ਹੁੰਦੀ ਹੈ।

ਮਾਇਕ ਪਦਾਰਥ ਬੜੇ ਸੁਆਦਲੇ ਹਨ, ਪਰ ਚਾਰ ਦਿਨਾਂ ਦੀ ਹੀ ਖੇਡ ਹੈ।

(4) ਧਨ ਪਦਾਰਥ, ਮਹਲ-ਮਾੜੀਆਂ, ਹਾਥੀ ਘੋੜੇ = ਇਹਨਾਂ ਨਾਲ ਸਾਥ ਚਾਰ ਦਿਨਾਂ ਦਾ ਹੀ ਹੁੰਦਾ ਹੈ। ਜਿੰਦ ਦਾ ਅਸਲੀ ਸਾਥੀ ਪ੍ਰਭੂ ਦਾ ਨਾਮ ਹੈ।

(5) ਕਿਸਾਨ ਆਪਣੇ ਖੇਤ ਵਿਚ ਕਣਕ ਆਦਿਕ ਬੀਜਦਾ ਹੈ। ਸਾਧਾਰਨ ਤੌਰ ਤੇ ਤਾਂ ਇਹੀ ਨਿਯਮ ਸਮਝਿਆ ਜਾਂਦਾ ਹੈ ਕਿ ਪੱਕਣ ਤੇ ਫ਼ਸਲ ਵੱਢਿਆ ਜਾਇਗਾ। ਪਰ ਕਈ ਵਾਰੀ ਲੋੜ ਅਨੁਸਾਰ ਕਿਸਾਨ ਹਰੀ ਖੇਤੀ ਹੀ ਵੱਢ ਲੈਂਦਾ ਹੈ। ਖੇਤੀ ਇਸ ਮਾਮਲੇ ਵਿਚ ਕੀਹ ਇਨਕਾਰ ਕਰ ਸਕਦੀ ਹੈ?

ਇਸ ਭੁਲੇਖੇ ਵਿਚ ਰਹਿਣਾ ਭੁੱਲ ਹੈ ਕਿ ਮੌਤ ਬਿਰਧ ਉਮਰੇ ਹੀ ਆਵੇਗੀ। ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਕਦੇ ਭੀ ਟਾਲ-ਮਟੋਲਾ ਨਹੀਂ ਕਰਨਾ ਚਾਹੀਦਾ।

(6) ਬੱਕਰੀਆਂ ਘੋੜੀਆਂ ਖੋਤੀਆਂ ਆਦਿਕ ਪਸ਼ੂਆਂ ਦੇ ਛੋਟੇ ਬੱਚੇ ਵੇਖੋ, ਟੱਪਦੇ ਕਲੋਲ ਕਰਦੇ ਕੈਸੇ ਸੋਹਣੇ ਲੱਗਦੇ ਹਨ! ਇਸੇ ਤਰ੍ਹਾਂ ਚਿੜੀਆਂ ਕਬੂਤਰ ਆਦਿਕ ਪੰਛੀ ਟਪੋਸਣੀਆਂ ਮਾਰਦੇ ਮਨ ਨੂੰ ਭਾਉਂਦੇ ਹਨ। ਕਦੇ ਕਿਸੇ ਨੂੰ ਮੌਤ ਚੇਤੇ ਨਹੀਂ ਹੁੰਦੀ।

ਮਾਇਆ ਦੇ ਮੋਹ ਵਿਚ ਫਸਿਆ ਮਨੁੱਖ ਭੀ ਟੱਪਦਾ ਫਿਰਦਾ ਹੈ। ਮੌਤ ਅਡੋਲ ਹੀ ਆ ਦਬੋਚਦੀ ਹੈ।

(7) ਸੁਪਨੇ ਵਿਚ ਕਈ ਵਾਰੀ ਬੜੇ ਰੰਗ ਤਮਾਸ਼ੇ ਵੇਖੀਦੇ ਹਨ। ਸਾਰਾ ਦਿਨ ਮੇਹਨਤ ਮਜੂਰੀ ਕਰ ਕੇ ਥੱਕੇ ਹੋਏ ਗ਼ਰੀਬ ਨੂੰ ਰਾਤ ਸੁੱਤਿਆਂ ਸੁਪਨੇ ਵਿਚ ਜੇ ਧਨ ਲੱਭ ਪਏ, ਰਾਜ ਮਿਲ ਜਾਏ, ਉਸ ਦੇ ਦਿਲ ਦੀ ਉਸ ਵੇਲੇ ਦੀ ਖ਼ੁਸ਼ੀ ਉਹੀ ਜਾਣਦਾ ਹੈ। ਪਰ ਸਵੇਰੇ ਜਦੋਂ ਉੱਠ ਕੇ ਆਪਣੇ ਚੁਫੇਰੇ ਉਹੀ ਪੁਰਾਣੀ ਭੁੱਖ ਨੰਗ ਵੇਖਦਾ ਹੈ, ਤਾਂ ਉਸ ਦਾ ਦਿਲ ਬਹਿ ਜਾਂਦਾ ਹੈ, ਉਸ ਦੇ ਅੰਦਰੋਂ ਹਾਹੁਕਾ ਨਿਕਲਦਾ ਹੈ।

ਵਿਗਾਰੇ ਫੜ ਕੇ ਗ਼ਰੀਬ ਦੇ ਸਿਰ ਉਤੇ ਰੁਪਇਆਂ ਦੀ ਥੈਲੀ ਚੁਕਾ ਦਿਉ, ਉਸ ਵਿਚਾਰੇ ਨੂੰ ਇਸ ਦਾ ਕੀਹ ਲਾਭ! ਖੇਤਾਂ ਦਾ ਮਾਲਕ ਕਿਸੇ ਕੰਮੀਂ ਨੂੰ ਰਾਖਾ ਬਿਠਾ ਦੇਵੇ ਤਾਂ ਉਸ ਰਾਖੇ ਨੂੰ ਉਹਨਾਂ ਲਹਿ ਲਹਿ ਕਰਦੇ ਖੇਤਾਂ ਦੀ ਕਾਹਦੀ ਖ਼ੁਸ਼ੀ?

ਮਾਇਆ ਦਾ ਮਾਣ ਝੂਠਾ। ਸੁਪਨੇ ਦੀ ਖੇਡ ਹੀ ਹੈ। ਖ਼ਾਲੀ-ਹੱਥ ਮਨੁੱਖ ਤੁਰ ਪੈਂਦਾ ਹੈ।

(8) ਪੁਤ੍ਰ ਇਸਤ੍ਰੀ ਸੋਨਾ ਚਾਂਦੀ ਘੋੜੇ ਮਹਲ-ਮਾੜੀਆਂ ਸਭਨਾਂ ਨਾਲੋਂ ਅੰਤ ਨੂੰ ਸਾਥ ਛੁੱਟ ਜਾਂਦਾ ਹੈ। ਹੋਰ ਤਾਂ ਕਿਤੇ ਰਹੇ, ਇਹ ਨਾਲ-ਜੰਮਿਆ ਸਰੀਰ ਭੀ ਇਥੇ ਹੀ ਰਹਿ ਜਾਂਦਾ ਹੈ।

ਮਾਇਆ ਦੀ ਮਮਤਾ ਝੂਠੀ!

(9) ਜੂਏ ਦੀ ਹਾਰ ਬੁਰੀ! ਜੁਆਰੀਆ ਜਿਉਂ ਜਿਉਂ ਜੂਏ ਦੇ ਦਾਅ ਹਾਰਦਾ ਹੈ ਤਿਉਂ ਤਿਉਂ ਉਸ ਦੇ ਅੰਦਰ ਜੂਆ ਖੇਡਣ ਦੀ ਹੋਰ ਅੱਗ ਮੱਚਦੀ ਹੈ।

ਇਹੀ ਹਾਲ ਹੈ ਤ੍ਰਿਸ਼ਨਾ ਦਾ। ਕਦੇ ਮੁਕਦੀ ਨਹੀਂ। ਉਧਰੋਂ ਸਰੀਰ ਜਵਾਬ ਦੇ ਜਾਂਦਾ ਹੈ।

(10) ਕਿਸੇ ਤੁਰੇ ਜਾਂਦੇ ਰਾਹੀ ਮੁਸਾਫ਼ਿਰ ਨਾਲ ਪਾਏ ਪਿਆਰ ਦੀ ਕੀਹ ਪਾਂਇਆਂ? ਰੁੱਖ ਦੀ ਛਾਂ ਸੂਰਜ ਦੇ ਆਸਰੇ ਹੀ ਹੈ।

ਮਾਇਆ ਦੀਆਂ ਮੌਜਾਂ ਨਿੱਤ ਨਹੀਂ ਰਹਿੰਦੀਆਂ।

(11) ਲੱਖਾਂ ਕ੍ਰੋੜਾਂ ਰੁਪਇਆਂ ਦਾ ਮਾਲਕ ਹੋਵੇ, ਮਰਨ ਵੇਲੇ ਇਕ ਤੀਲੇ ਜਿਤਨਾ ਧਨ ਭੀ ਨਾਲ ਨਹੀਂ ਜਾ ਸਕਦਾ। ਫ਼ੌਜਾਂ ਦੇ ਸਰਦਾਰ ਦਾ ਸਰੀਰ ਭੀ ਮੌਤ ਪਿਛੋਂ ਪਲ ਵਿਚ ਸੜ ਕੇ ਸੁਆਹ ਹੋ ਜਾਂਦਾ ਹੈ।

ਦੁਨੀਆ ਦਾ ਮਾਣ ਕੂੜਾ!

(12) ਧਨ, ਕੁਟੰਬ, ਰਾਜ-ਭਾਗ, ਘੋੜੇ, ਹਾਥੀ = ਮੌਤ ਆਇਆਂ ਇਹਨਾਂ ਨਾਲੋਂ ਸਾਥ ਮੁੱਕ ਜਾਂਦਾ ਹੈ।

ਐਸ਼ਵਰਜ ਦੇ ਮਾਣ ਤੇ ਦੇਵਣਹਾਰ ਦਾਤਾਰ ਨੂੰ ਵਿਸਾਰ ਦੇਣਾ ਮੂਰਖਤਾ ਹੈ।

(13) ਹਰੇ ਫ਼ਸਲ ਦੀ ਤਾਂ ਕੁਝ ਦਿਨ ਖੇਤ ਵਿਚ ਟਿੱਕੇ ਰਹਿਣ ਦੀ ਆਸ ਹੋ ਸਕਦੀ ਹੈ; ਜਦੋਂ ਫ਼ਸਲ ਪੱਕ ਗਿਆ, ਅੱਜ ਭੀ ਕੱਟਿਆ ਭਲਕੇ ਭੀ ਕੱਟਿਆ ਸਮਝੋ।

ਬੁੱਢੇ ਹੋਇਆਂ ਭੀ ਮਾਇਆ ਦੀ ਹੀ ਲਗਨ ਯਕੀਨੀ ਆਤਮਕ ਮੌਤ ਦੀ ਨਿਸ਼ਾਨੀ ਹੈ।

(14) ਰਤਾ ਕੁ ਹਵਾ ਹਿੱਲਿਆਂ ਉੱਡ ਪੈਣ ਵਾਲੇ ਬੜੇ ਬਾਰੀਕ ਰੇਸ਼ਮੀ ਕੱਪੜੇ ਪਹਿਨ ਕੇ ਮਨੁੱਖ ਮਾਣ ਕਰਦਾ ਹੈ, ਆਪਣੀ ਜਵਾਨੀ ਤੇ ਅਮੀਰੀ ਦਾ।

ਮਾਣ ਕਾਹਦਾ? ਮੌਤ ਸਭ ਕੁਝ ਸਾੜ ਕੇ ਸੁਆਹ ਕਰ ਦੇਂਦੀ ਹੈ।

(15) ਹਕੂਮਤ ਦੇ ਨਸ਼ੇ ਵਿਚ ਮਨੁੱਖ ਕਈਆਂ ਨਾਲ ਵੈਰ ਸਹੇੜ ਲੈਂਦਾ ਹੈ। ਤਾਕਤ ਦੇ ਆਸਰੇ ਆਕੜ ਵਿਚ ਆ ਕੇ ਆਖਦਾ ਹੈ ਕਿ ਵੈਰੀਆਂ ਨੂੰ ਬੰਨ੍ਹ ਲਵਾਂਗਾ ਮਾਰ ਮੁਕਾਵਾਂਗਾ। ਪਰ ਇਹ ਅਡੰਬਰ ਕੂੜਾ ਹੀ ਹੈ। ਜਿਵੇਂ ਜਗਤ ਵਿਚ ਖ਼ਾਲੀ-ਹੱਥ ਆਉਂਦਾ ਹੈ, ਤਿਵੇਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ।

ਹਾਥੀ ਨੂੰ ਸਾਫ਼ ਸੁਥਰੇ ਪਾਣੀ ਵਿਚ ਇਸ਼ਨਾਨ ਕਰਾਈ ਜਾਵੋ; ਪਰ ਉਸ ਦੇ ਭਾਗਾਂ ਵਿਚ ਸੁਆਹ ਹੀ ਹੈ ਜੋ ਉਸ ਨੇ ਨ੍ਹਾਵਣ ਪਿਛੋਂ ਪਿੰਡੇ ਉਤੇ ਪਾ ਲੈਣੀ ਹੈ।

(16) ਕੱਚੇ ਘੜੇ ਉਤੇ ਘੁਮਿਆਰ ਕਿਤਨੀ ਹੀ ਚਿਤ੍ਰਕਾਰੀ ਕਰਦਾ ਜਾਏ, ਪਾਣੀ ਦੀਆਂ ਚਾਰ ਛਿੱਟਾਂ ਪਿਆਂ ਉਸ ਨੇ ਜ਼ਰੂਰ ਗਲ ਜਾਣਾ ਹੈ।

ਧਨ, ਹਕੂਮਤ, ਫ਼ੌਜਾਂ, ਮਹਲ-ਮਾੜੀਆਂ, ਵੱਡਾ ਪਰਵਾਰ = ਇਹ ਸਭ ਸੁਪਨੇ ਦੇ ਰੰਗ-ਤਮਾਸ਼ਿਆਂ ਵਾਂਗ ਹੀ ਹਨ।

(17) ਹਰਨਾਂ ਦੇ ਸ਼ਿਕਾਰੀ ਹਨੇਰੀ ਰਾਤੇ ਜੰਗਲ ਵਿਚ ਚਾਨਣ ਕਰਦੇ ਹਨ, ਹਰਨ ਉਸ ਰੌਸ਼ਨੀ ਵਲ ਦੌੜਿਆ ਆ ਕੇ ਕਾਬੂ ਆ ਜਾਂਦਾ ਹੈ। ਮੱਖੀ ਮਿੱਠੇ ਉਤੇ ਚੰਬੜ ਕੇ ਜਾਨ ਗਵਾਉਂਦੀ ਹੈ। ਡੂੰਘੇ ਟੋਏ ਵਿਚ ਕਾਗ਼ਜ਼ਾਂ ਦੀ ਬਣਾਈ ਹਥਨੀ ਨੂੰ ਵੇਖ ਕੇ ਕਾਮ-ਵੱਸ ਹਾਥੀ ਟੋਏ ਵਿਚ ਡਿਗਦਾ ਤੇ ਗ਼ੁਲਾਮ ਹੋ ਜਾਂਦਾ ਹੈ। ਮੁਸਾਫ਼ਿਰ ਰਸਤੇ ਦੇ ਰੰਗ-ਤਮਾਸ਼ੇ ਵੇਖਣ ਵਿਚ ਰੁੱਝ ਕੇ ਆਪਣਾ ਪੈਂਡਾ ਖੋਟਾ ਕਰ ਲੈਂਦਾ ਹੈ।

ਅੱਖਾਂ ਦੇ ਭੋਗ, ਜੀਭ ਦਾ ਚਸਕਾ, ਕਾਮ-ਵਾਸਨਾ = ਅਜੇਹੇ ਅਨੇਕਾਂ ਠੇਡੇ ਜੀਵ-ਮੁਸਾਫ਼ਿਰ ਨੂੰ ਮਨੁੱਖਤਾ ਦੇ ਰਸਤੇ ਤੋਂ ਉਖੇੜਦੇ ਰਹਿੰਦੇ ਹਨ। ਆਖ਼ਰ ਉਮਰ ਦੀ ਮੁਹਲਤ ਪੁੱਗ ਜਾਂਦੀ ਹੈ।

(18) ਮਜ਼ਦੂਰ ਦੇ ਸਿਰ ਉਤੇ ਹਜ਼ਾਰਾਂ ਰੁਪਇਆਂ ਦੀ ਥੈਲੀ ਹੋਵੇ, ਉਸ ਨੂੰ ਤਾਂ ਦੋ ਚਾਰ ਆਨੇ ਭਾੜਾ ਹੀ ਮਿਲਣਾ ਹੈ। ਥੈਲੀ ਮਾਲਕ ਦੇ ਘਰ।

ਧਨ ਜੋੜਿਆ, ਮਹਲ-ਮਾੜੀਆਂ ਉਸਾਰੇ, ਪੁਤ੍ਰ ਇਸਤ੍ਰੀ ਸਾਕ ਸਨਬੰਧੀ ਯਾਰ ਮਿਤ੍ਰ ਬਣਾਏ। ਜਦੋਂ ਲੰਮੇ ਸਫ਼ਰ ਦੀ ਤਿਆਰੀ ਹੋਈ, ਕੋਈ ਇਕ ਪੈਰ ਭੀ ਨਾਲ ਨਹੀਂ ਜਾ ਸਕਦਾ।

(19) ਸਾਕ ਸਨਬੰਧੀ, ਧਨ ਮਾਲ = ਮੌਤ ਆਇਆਂ ਸਭ ਸਾਥ ਮੁੱਕ ਜਾਂਦੇ ਹਨ।

(20) ਸੁਪਨੇ ਵਿਚ ਵੇਖੇ ਹੋਏ ਰੰਗ ਤਮਾਸ਼ੇ ਜਾਗਦਿਆਂ ਹੀ ਮੁੱਕ ਜਾਂਦੇ ਹਨ। ਕਸੁੰਭੇ ਦੇ ਫੁੱਲਾਂ ਦਾ ਰੰਗ ਸ਼ੋਖ਼ ਤਾਂ ਹੁੰਦਾ ਹੈ, ਪਰ ਕਾਇਮ ਦੋ ਚਾਰ ਦਿਨ ਹੀ ਰਹਿੰਦਾ ਹੈ।

ਮਾਇਆ ਦੇ ਸਾਥ ਦੀ ਪਾਂਇਆਂ ਭੀ ਇਤਨੀ ਕੁ ਹੀ ਹੈ।

(21) ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਮਨੁੱਖ ਪੁਤ੍ਰ ਇਸਤ੍ਰੀ ਧਨ ਰਾਜ-ਮਾਲ ਆਦਿਕ ਨੂੰ ਆਪਣੇ ਜਾਣ ਕੇ ਇਹਨਾਂ ਦੀ ਮਮਤਾ ਵਿਚ ਫਸਿਆ ਪਿਆ ਹੈ। ਪਰ ਇਹ ਸਾਰਾ ਸਾਥ ਕੱਚਾ ਹੈ।

ਚਾਨਣੀ ਰਾਤੇ ਆਕਾਸ਼ ਵਲ ਉੱਠਦਾ ਧੂੰਆਂ ਮਹਲ-ਮਾੜੀਆਂ ਜਾਪਣ ਲੱਗ ਪੈਂਦਾ ਹੈ। ਹਵਾ ਦਾ ਬੁੱਲਾ ਆਇਆ, ਤੇ ਉਹ ਘਰ-ਮਹਲ ਭੀ ਗ਼ਾਇਬ।

(22) ਸੁੱਤੇ ਪਿਆਂ ਸੁਪਨੇ ਵਿਚ ਕਈ ਵਾਰੀ ਪੈਸੇ ਰੁਪਏ ਦੁਆਨੀਆਂ ਚੁਆਨੀਆਂ ਦੇ ਢੇਰਾਂ ਦੇ ਢੇਰ ਲੱਭ ਕੇ ਇਕੱਠੇ ਕਰ ਲਈਦੇ ਹਨ। ਪਰ ਜਾਗ ਖੁਲ੍ਹਦਿਆਂ ਸਾਰ ਹੱਥ ਖ਼ਾਲੀ ਹੀ ਰਹਿ ਜਾਂਦੇ ਹਨ। ਸੁਪਨੇ ਵਿਚ ਇਕੱਠੇ ਕੀਤੇ ਰੁਪਇਆਂ ਦੇ ਵੱਟੇ ਕੋਈ ਇਕ ਕੌਡੀ ਭੀ ਦੇਣ ਨੂੰ ਤਿਆਰ ਨਹੀਂ ਹੁੰਦਾ।

ਤਿਹਾਇਆ ਹਰਨ ਠਗਨੀਰੇ ਪਿਛੇ ਦੌੜ ਦੌੜ ਕੇ ਜਿੰਦ ਗਵਾ ਲੈਂਦਾ ਹੈ।

ਜ਼ਿੰਦਗੀ ਚਾਰ ਦਿਨਾਂ ਦੀ ਖੇਡ। ਬੇਅੰਤ ਲੰਮੇ ਸਫ਼ਰ ਵਿਚ ਇਕ ਸੁਪਨਾ ਜਿਹਾ। ਕਿਤਨੀ ਅਭਾਗਤਾ ਹੈ ਕਿ ਮਨੁੱਖ ਇਸ ਸੁਪਨੇ ਦੀ ਮਾਇਆ ਖ਼ਾਤਰ ਆਤਮਕ ਗੁਣਾਂ ਦਾ ਵਣਜ ਭੁਲਾ ਬੈਠਦਾ ਹੈ! ਮਾਇਆ-ਠਗਨੀਰੇ ਪਿਛੇ ਦੌੜ ਦੌੜ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

(23) ਜੂਏ ਦੀ ਚੇਟਕ ਬੁਰੀ! ਜੁਆਰੀ ਜਿਉਂ ਜਿਉਂ ਬਾਜ਼ੀ ਹਾਰਦਾ ਹੈ, ਜੂਏ ਦਾ ਚਸਕਾ ਸਗੋਂ ਹੋਰ ਹੋਰ ਵਧਦਾ ਹੈ।

ਲੰਮੇ ਸਫ਼ਰ ਵਿਚ ਪਿਆ ਮੁਸਾਫ਼ਿਰ ਰਸਤੇ ਵਿਚ ਸਰਾਵਾਂ ਮੁਸਾਫ਼ਿਰ-ਖ਼ਾਨਿਆਂ ਵਿਚ ਰਾਤਾਂ ਗੁਜ਼ਾਰਦਾ ਹੈ। ਉਹਨਾਂ ਸਰਾਵਾਂ ਵਿਚ ਮਿਲਦੇ ਹੋਰ ਰਾਹੀਆਂ ਨਾਲ ਪ੍ਰੀਤ ਕਰ ਕੇ ਜੇ ਉਥੇ ਹੀ ਉਹ ਬੈਠ ਜਾਇਗਾ, ਤਾਂ ਉਸ ਦਾ ਪੈਂਡਾ ਖੋਟਾ ਹੋਵੇਗਾ।

ਮਨੁੱਖ ਇਕ ਮੁਸਾਫ਼ਿਰ ਹੈ। ਉੱਚਾ ਆਤਮਕ ਜੀਵਨ ਇਸ ਦੀ ਮੰਜ਼ਲ ਹੈ। ਪਰ ਰਸਤੇ ਵਿਚ ਇਸਤ੍ਰੀ ਪੁਤ੍ਰ ਸਾਕ ਅੰਗ ਮਿਲੇ ਸਾਥੀਆਂ ਨਾਲ ਪਰਚ ਕੇ ਇਹ ਜ਼ਿੰਦਗੀ ਦਾ ਨਿਸ਼ਾਨਾ ਭੁਲਾ ਬੈਠਦਾ ਹੈ। ਜੀਵਨ-ਬਾਜ਼ੀ ਹਰਦੀ ਜਾਂਦੀ ਹੈ। ਇਹ ਹਾਰ ਇਤਨੀ ਮਿੱਠੀ ਲਗਦੀ ਹੈ ਕਿ ਹਾਰਦੇ ਜਾਣਾ ਹੀ ਜੀਵਨ-ਮਨੋਰਥ ਬਣ ਜਾਂਦਾ ਹੈ।

(24) ਗੋਹਿਆਂ ਤੇ ਲਕੜ ਦੀ ਅੱਗ ਬਾਲੀਏ। ਕੁਝ ਚਿਰ ਪਿੱਛੋਂ ਜੇ ਹੋਰ ਲੱਕੜਾਂ ਗੋਹੇ ਪਾਣੇ ਬੰਦ ਕਰ ਦੇਈਏ, ਤਾਂ ਭੀ ਅੱਗ ਘੜੀ ਦੋ ਘੜੀਆਂ ਮਘਦੀ ਰਹੇਗੀ। ਪਰ ਕੱਖਾਂ ਦੀ ਅੱਗ ਵਿਚ ਕੱਖ ਪਾਣੇ ਬੰਦ ਕਰੋ, ਉਸੇ ਵੇਲੇ ਬੁੱਝ ਜਾਇਗੀ।

ਭਾਦਰੋਂ ਦੀ ਕੜਾਕੇ ਦੀ ਧੁੱਪ ਵਿਚ ਪੈਂਡੇ ਪਿਆ ਰਾਹੀ ਬੜਾ ਘਾਬਰਦਾ ਹੈ। ਕੋਈ ਨਿਕੀ ਜਿਹੀ ਬਦਲੀ ਸੂਰਜ ਦੇ ਅੱਗੇ ਆ ਕੇ ਰਤਾ ਛਾਂ ਕਰ ਦੇਵੇ, ਤਾਂ ਰਾਹੀ ਨੂੰ, ਮਾਨੋ, ਜਾਨ ਪੈ ਜਾਂਦੀ ਹੈ। ਪਰ ਇਸ ਛਾਂ ਦਾ ਕੀਹ ਭਰਵਾਸਾ? ਹਵਾ ਦਾ ਬੁੱਲਾ ਆਇਆ, ਤੇ ਬਦਲੀ ਉੱਡ ਗਈ।

ਹੜ੍ਹਾਂ ਦੇ ਪਾਣੀ ਸਦਾ ਨਹੀਂ ਟਿੱਕੇ ਰਹਿੰਦੇ। ਹਾਂ, ਲੰਘਦੇ ਲੰਘਦੇ ਲੋਕਾਂ ਦੇ ਫ਼ਸਲ ਡੰਗਰ-ਵੱਛੇ ਤੇ ਘਰ-ਘਾਟ ਬਰਬਾਦ ਕਰ ਜਾਂਦੇ ਹਨ।

ਮਾਇਆ ਇਕ ਨਿੱਕਾ ਜਿਹਾ ਝੂਟਾ ਹੀ ਦੇਂਦੀ ਹੈ, ਪਰ ਇਸ ਦੇ ਵੱਟੇ ਆਤਮਕ ਜੀਵਨ ਰੋੜ੍ਹ ਕੇ ਲੈ ਜਾਂਦੀ ਹੈ।

(25) ਹਰੇਕ ਇਨਸਾਨ ਆਪਣੇ ਰੋਜ਼ਾਨਾ ਜੀਵਨ ਵਿਚ ਵੇਖਦਾ ਹੈ ਕਿ ਉਸ ਦੇ ਕਈ ਅਜ਼ੀਜ਼ ਮਿਤ੍ਰ ਸਾਕ ਸਨਬੰਧੀ ਆਪੋ ਆਪਣੀ ਵਾਰੀ ਇਥੋਂ ਤੁਰੇ ਜਾ ਰਹੇ ਹਨ, ਤੇ ਜੋੜਿਆ ਕਮਾਇਆ ਇਥੇ ਹੀ ਛੱਡ ਜਾਂਦੇ ਹਨ। ਫਿਰ ਭੀ ਇਹ ਨਹੀਂ ਵਿਚਾਰਦਾ ਕਿ ਇਹ ਦਿਨ ਮੇਰੇ ਉਤੇ ਭੀ ਆਵੇਗਾ।

ਫਿਰ ਇਤਨਾ ਲਾਲਚ ਕਿਉਂ?

(26) ਨਦੀ ਦਾ ਪਾਣੀ ਸਹਜੇ ਸਹਜੇ ਆਪਣੇ ਵਹਿਣ ਵਹਿੰਦਾ ਚਲਾ ਜਾਂਦਾ ਹੈ। ਜੇਹੜੇ ਪਾਣੀ ਅੱਜ ਇਕ ਪੱਤਣ ਤੋਂ ਲੰਘ ਜਾਂਦੇ ਹਨ, ਉਹਨਾਂ ਮੁੜ ਕਦੇ ਉਥੇ ਨਹੀਂ ਆਉਣਾ।

ਜ਼ਿੰਦਗੀ ਦੇ ਗੁਜ਼ਰਦੇ ਦਿਨ ਮੁੜ ਵਾਪਸ ਕਦੇ ਨਹੀਂ ਮਿਲਣੇ। ਫਿਰ ਇਹ ਇਤਨੀ ਬੇ-ਪਰਵਾਹੀ ਨਾਲ ਉਸ ਮਾਇਆ ਦੀ ਖ਼ਾਤਰ ਹੀ ਕਿਉਂ ਗਵਾਏ ਜਾਣ, ਜਿਸ ਨੇ ਸਾਥ ਨਹੀਂ ਨਿਬਾਹੁਣਾ?

(27) ਦੋ ਚਾਰ ਦਿਨ ਹੀ ਸ਼ੋਖ਼ੀ ਵਿਖਾਲਣ ਵਾਲੇ ਕਸੁੰਭੇ ਦੇ ਫੁੱਲ ਉੱਤੇ ਮਸਤ ਹੋ ਜਾਣਾ = ਕਿਤਨਾ ਕਮਲਾ-ਪਨ ਹੈ ਇਨਸਾਨ ਦਾ!

ਮਾਇਆ ਦੀ ਸ਼ੋਖੀ ਕਸੁੰਭੇ ਸਮਾਨ ਹੀ ਹੈ।

(28) ਰਾਤ ਵੇਲੇ ਘਰਾਂ ਦਾ ਧੂੰਆਂ ਜਦੋਂ ਉਤਾਂਹ ਆਕਾਸ਼ ਵਲ ਉਠਦਾ ਹੈ, ਤਾਂ ਚਾਨਣੀ ਰਾਤੇ ਕਈ ਵਾਰੀ ਇਉਂ ਭੁਲੇਖਾ ਪੈਂਦਾ ਹੈ ਜਿਵੇਂ ਆਕਾਸ਼ ਵਿਚ ਮਕਾਨ ਬਣੇ ਹੋਏ ਹਨ। ਤਪਦੀ ਲਿਸ਼ਕਦੀ ਰੇਤ ਨੂੰ ਪਾਣੀ ਦਾ ਡਲ ਡਲ ਕਰਦਾ ਤਲਾਬ ਸਮਝ ਕੇ ਹੀ ਤਿਹਾਇਆ ਹਰਨ ਵਿਚਾਰਾ ਦੌੜ ਦੌੜ ਕੇ ਜਿੰਦ ਗਵਾ ਲੈਂਦਾ ਹੈ। ਰੁੱਖ ਦੀ ਛਾਂ ਕਦੇ ਇਕੋ ਥਾਂ ਟਿਕੀ ਨਹੀਂ ਰਹਿ ਸਕਦੀ। ਜਿਉਂ ਜਿਉਂ ਸੂਰਜ ਚੜ੍ਹਦਾ ਤੇ ਢਲਦਾ ਹੈ, ਤਿਉਂ ਤਿਉਂ ਛਾਂ ਆਪਣਾ ਟਿਕਾਣਾ ਛੱਡਦੀ ਜਾਂਦੀ ਹੈ।

ਮਾਇਆ ਦਾ ਸਾਥ ਕਦੇ ਤੋੜ ਨਹੀਂ ਨਿਭਦਾ। ਫਿਰ ਭੀ ਮਨੁੱਖ ਦੀ ਸਾਰੀ ਉਮਰ ਇਸੇ ਦੌੜ-ਭੱਜ ਵਿਚ ਵਿਅਰਥ ਲੰਘ ਜਾਂਦੀ ਹੈ।

(29) ਕਸੁੰਭੇ ਦੇ ਫੁੱਲਾਂ ਦਾ ਰੰਗ ਬੜਾ ਸ਼ੋਖ਼ ਹੁੰਦਾ ਹੈ। ਇਹਨਾਂ ਫੁੱਲਾਂ ਨਾਲ ਲੋਕ ਕੱਪੜੇ ਭੀ ਰੰਗਦੇ ਸਨ। ਗੂੜ੍ਹਾ ਰੰਗ ਮਨ ਨੂੰ ਬੜਾ ਭਾਉਂਦਾ ਸੀ। ਪਰ ਦੋ ਤਿੰਨ ਦਿਨਾਂ ਵਿਚ ਹੀ ਰੰਗ ਫਿਟ ਜਾਂਦਾ ਸੀ।

ਕਈ ਠੱਗੀਆਂ ਫ਼ਰੇਬ ਕਰ ਕੇ ਮਨੁੱਖ ਧਨ ਕਮਾਂਦਾ ਹੈ। ਇਸ ਦੀ ਮੂਰਖਤਾ ਨੂੰ ਵੇਖ ਵੇਖ ਕੇ ਮੌਤ ਸਿਰ ਉਤੇ ਹੱਸਦੀ ਹੈ। ਆਖ਼ਰ ਸਰੀਰ ਮਿੱਟੀ ਵਿਚ ਰਲ ਜਾਂਦਾ ਹੈ, ਤੇ ਠੱਗੀਆਂ ਫ਼ਰੇਬ ਕਰਨ ਵਾਲਾ ਜਗਤ ਤੋਂ ਖ਼ਾਲੀ-ਹੱਥ ਹੀ ਚਲਾ ਜਾਂਦਾ ਹੈ। ਕਿਤਨਾ ਅਭਾਗਾ ਹੈ ਇਨਸਾਨ।

(30) ਕੱਖਾਂ ਕਾਨਿਆਂ ਦਾ ਕੋਠਾ ਉਸਾਰ ਬਣਾ ਕੇ, ਉਸ ਵਿਚ ਅੱਗ ਬਾਲ ਕੇ ਬੇ-ਪਰਵਾਹੀ ਨਾਲ ਬੈਠਣਾ = ਕੋਈ ਕਮਲਾ ਹੀ ਇਹ ਮੂਰਖਤਾ ਕਰਦਾ ਹੈ।

ਇਹੀ ਪਾਂਇਆਂ ਹੈ ਇਸ ਸਰੀਰ ਦੀ। ਕਾਮਾਦਿਕ ਵਿਕਾਰਾਂ ਦੀ ਜਿਤਨੀ ਹੀ ਤੇਜ਼ ਅੱਗ ਇਸ ਵਿਚ ਬਲਦੀ ਰਹੇਗੀ, ਉਤਨਾ ਹੀ ਛੇਤੀ ਇਹ ਸੜ ਕੇ ਸੁਆਹ ਹੋ ਜਾਇਗਾ।

ਪਰ ਚੋਗਾ ਖਿਲਰਿਆ ਵੇਖ ਕੇ ਪੰਛੀ ਨੂੰ ਪਸਰੇ ਜਾਲ ਦੀ ਸੁੱਧ ਨਹੀਂ ਰਹਿੰਦੀ।

(31) ਕਿਤਨਾ ਔਖਾ ਹੋ ਹੋ ਕੇ, ਤੇ ਦੂਜਿਆਂ ਨੂੰ ਔਖਾ ਕਰ ਕਰ ਕੇ, ਮਨੁੱਖ ਦਿਨ ਰਾਤ ਮਾਇਆ ਜੋੜਦਾ ਰਹਿੰਦਾ ਹੈ! ਪਰ ਜਦੋਂ ਸਰੀਰ ਛੱਡਿਆ, ਮਾਇਆ ਇਥੇ ਹੀ ਕਿਸੇ ਹੋਰ ਦੇ ਕੰਮ ਆ ਗਈ। ਜੋੜਨ ਵਾਲਾ ਖ਼ਾਲੀ-ਹੱਥ ਹੀ ਗਿਆ।

ਇਕ ਅਜਬ ਮਿੱਠਾ ਸੁਪਨਾ ਹੈ ਇਹ!

(32) ਦਿਨ ਡੁੱਬਣ ਵੇਲੇ ਆਬਾਦੀ ਤੋਂ ਬਾਹਰ ਕਿਸੇ ਰੁੱਖਾਂ ਦੀ ਝੰਗੀ ਵਿਚ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ। ਕਾਂ; ਲਾਲ੍ਹੜੀਆਂ, ਘੁੱਘੀਆਂ, ਤੋਤੇ ਆਦਿਕ ਕਈ ਸ਼੍ਰੇਣੀਆਂ ਦੇ ਪੰਛੀ, ਜੋ ਸਾਰਾ ਦਿਨ ਚੋਗਾ ਚੁਗਣ ਵਾਸਤੇ ਆਲੇ ਦੁਆਲੇ ਦੂਰ ਦੂਰ ਤਕ ਨਿੱਕੀਆਂ ਨਿੱਕੀਆਂ ਉਡਾਰੀਆਂ ਮਾਰਦੇ ਰਹਿੰਦੇ ਹਨ, ਸ਼ਾਮ ਵੇਲੇ ਸੂਰਜ ਦੀ ਰੌਸ਼ਨੀ ਘਟਦੀ ਵੇਖ ਕੇ ਰੈਣ-ਬਸੇਰੇ ਲਈ ਉਸ ਝੰਗੀ ਦੇ ਰੁੱਖਾਂ ਦੀਆਂ ਟਹਣੀਆਂ ਉਤੇ ਆ ਬੈਠਦੇ ਹਨ। ਕੋਈ ਆਪਣਾ ਆਲ੍ਹਣਾ ਨਹੀਂ, ਝੰਗੀ ਵਿਚ ਕੋਈ ਥਾਂ ਐਸੀ ਨਹੀਂ ਜਿਸ ਨੂੰ ਕੋਈ ਪੰਛੀ ਆਪਣੀ ਕਹਿ ਸਕੇ। ਜਿਸ ਟਹਿਣੀ ਉਤੇ ਬੈਠ ਗਏ, ਉਹ ਘਰ ਹੋ ਗਿਆ ਸਾਰੀ ਰਾਤ ਉਸ ਟਹਿਣੀ ਨੂੰ ਪੋਂਹਚਿਆਂ ਨਾਲ ਘੁੱਟ ਕੇ ਫੜ ਰੱਖਦੇ ਹਨ। ਰਾਤ ਮੁੱਕਦੀ ਹੈ, ਸੂਰਜ ਦੀ ਲੋ ਲਗਦੀ ਹੈ। ਉਹ ਸਾਰੇ ਪੰਛੀ ਉਥੋਂ ਉੱਡ ਜਾਂਦੇ ਹਨ।

ਦੁਨੀਆ ਵਿਚ ਮਨੁੱਖ ਦਾ ਇਉਂ ਰੈਣ-ਬਸੇਰਾ ਹੀ ਹੈ। ਮਾਣ ਕਾਹਦਾ?

(33) ਧਰਤੀ ਤੋਂ ਆਕਾਸ਼ ਵਲ ਉੱਠਦੇ ਧੂੰਏਂ ਨੂੰ ਰਾਤ ਵੇਲੇ ਚੰਦ੍ਰਮਾ ਦੀ ਚਾਨਣੀ ਵਿਚ ਵੇਖ ਕੇ ਇਹ ਟਪਲਾ ਨਾਹ ਖਾਵੋ ਕਿ ਇਹ ਕੋਈ ਸੁੰਦਰ ਸ਼ਹਿਰ ਉਸਰਿਆ ਹੋਇਆ ਹੈ।

ਦੋ ਘੜੀਆਂ ਦੇ ਮਾਇਕ ਮੌਜ-ਮੇਲੇ ਜਿੰਦ ਨੂੰ ਆਖ਼ਰ ਬਹੁਤ ਖ਼ੁਆਰ ਕਰਦੇ ਹਨ।

(34) ਸੁੱਕੇ ਹੋਏ ਘਾਹ ਤੇ ਕਾਨਿਆਂ ਨਾਲ ਗੱਡਾ ਲੱਦ ਕੇ ਉਸ ਦੇ ਪਾਸ ਅੱਗ ਬਾਲ ਬਾਲ ਕੇ ਬੈਠਿਆਂ ਕਦੇ ਨ ਕਦੇ ਅੱਗ ਲੱਗ ਹੀ ਜਾਇਗੀ, ਤੇ ਸਭ ਕੁਝ ਸੜ ਕੇ ਸੁਆਹ ਹੋ ਜਾਇਗਾ।

ਵਿਕਾਰਾਂ ਦੀ ਅੱਗ ਨੇ ਆਤਮਕ ਜੀਵਨ ਦੀ ਕੋਮਲਤਾ ਨੂੰ ਸਾੜ ਕੇ ਸੁਆਹ ਕਰਨਾ ਹੀ ਹੈ।

(35) ਬੜੀਆਂ ਡੂੰਘੀਆਂ ਪੱਕੀਆਂ ਨੀਹਾਂ ਪੁੱਟ ਕੇ ਉਸਾਰੇ ਹੋਏ ਪੱਕੇ ਮਕਾਨ ਭੀ ਭੁਚਾਲ ਦੇ ਤਕੜੇ ਝੋਲੇ ਆਇਆਂ ਢਹਿ ਕੇ ਢੇਰੀ ਹੋ ਜਾਂਦੇ ਹਨ। ਪਰ ਜੇਹੜੇ ਕੋਠੇ ਪਹਿਲਾਂ ਹੀ ਰੇਤ ਉਤੇ ਉਸਾਰੇ ਹੋਏ ਹੋਣ, ਉਹਨਾਂ ਦਾ ਰੱਬ ਹੀ ਰਾਖਾ!

ਸਰੀਰ ਦਾ ਕੀਹ ਭਰਵਾਸਾ ਕੇਹੜੇ ਵੇਲੇ ਢਹਿ ਪਏ? ਤ੍ਰਿਸ਼ਨਾ ਤੇ ਮਮਤਾ ਦੇ ਹੜ੍ਹ ਤੋਂ ਇਸ ਨੂੰ ਬਚਾ ਕੇ ਰੱਖੋ।

(36) ਭੋਲਾ ਹਰਨ ਠਗਨੀਰੇ ਪਿੱਛੇ ਦੌੜ ਦੌੜ ਕੇ ਜਿੰਦ ਗਵਾ ਲੈਂਦਾ ਹੈ। ਰੁੱਖ ਦੀ ਛਾਂ ਕਦੇ ਇਕ ਟਿਕਾਣੇ ਤੇ ਨਹੀਂ ਰਹੀ।

ਧਨ ਤੇ ਜਵਾਨੀ ਦਾ ਮਾਣ ਭੀ ਕੂੜਾ।

(37) ਚੂਹਾ ਆਪਣੀ ਖੁੱਡ ਵਿਚ ਬੜੀ ਚੁਸਤੀ ਨਾਲ ਦੌੜਿਆ ਫਿਰਦਾ ਹੈ। ਬਾਹਰ ਖੁੱਡ ਦੇ ਮੂੰਹ ਪਾਸ ਬਿੱਲੀ ਤਾਕ ਲਾਈ ਬੈਠੀ ਰਹਿੰਦੀ ਹੈ। ਚੂਹਾ ਖੁੱਡ ਵਿਚੋਂ ਅਜੇ ਸਿਰ ਉੱਚਾ ਕਰਦਾ ਹੀ ਹੈ ਕਿ ਬਿੱਲੀ ਝੱਟ ਉਸ ਨੂੰ ਕਾਬੂ ਕਰ ਲੈਂਦੀ ਹੈ।

ਮੌਤ ਨੇ ਜਿੰਦ ਨੂੰ ਆ ਹੀ ਦਬੋਚਣਾ ਹੈ। ਧਨ ਸੰਪਤ ਦੇ ਮੋਹ ਦੇ ਹਨੇਰੇ ਵਿਚ ਹੀ ਉੱਲੂ ਵਾਂਗ ਤੁਰੇ ਫਿਰਨਾ ਮੂਰਖਤਾ ਹੈ।

(38) ਦੀਵਾ ਉਤਨਾ ਚਿਰ ਹੀ ਚਾਨਣ ਦੇਵੇਗਾ, ਜਿਤਨਾ ਚਿਰ ਉਸ ਵਿਚ ਤੇਲ ਤੇ ਵੱਟੀ ਹੈ। ਦੀਵਾ ਬੁੱਝਿਆਂ ਘਰ ਵਿਚ ਹਨੇਰਾ ਹੀ ਹਨੇਰਾ।

ਜਦ ਤਕ ਜਿੰਦ ਤੇ ਪ੍ਰਾਣ ਸਰੀਰ ਵਿਚ ਰੁਮਕਦੇ ਹਨ, ਸਰੀਰ ਤੁਰਿਆ ਫਿਰਦਾ ਹੈ। ਇਹ ਮੁੱਕਿਆਂ ਸਰੀਰ ਢਹਿ ਢੇਰੀ। ਫਿਰ ਇਸ ਨੂੰ ਕੋਈ ਪਲ ਵਧੀਕ ਭੀ ਘਰ ਵਿਚ ਨਹੀਂ ਰੱਖਦਾ।

(39) ਸੁੱਕੇ ਹੋਏ ਤਲਾਬ ਦਾ ਪਾਣੀ ਬਾਹਰ ਉਛਲਣ ਤੋਂ ਰੋਕਣ ਲਈ ਵੱਟਾਂ ਖੜੀਆਂ ਕਰਨ ਦਾ ਕੀਹ ਲਾਭ? ਉਸ ਵਿਚ ਪਾਣੀ ਹੀ ਨਹੀਂ। ਉਛਲੇਗਾ ਕੀਹ? ਜਿਸ ਖੇਤ ਵਿਚੋਂ ਫ਼ਸਲ ਵੱਢ ਲਿਆ ਹੋਵੇ, ਉਸ ਦੇ ਦੁਆਲੇ ਵਾੜ ਕਿਉਂ ਦੇਣੀ ਹੋਈ? ਕੋਈ ਮੂਰਖ ਹੀ ਅਜੇਹੇ ਉੱਦਮ ਕਰਦਾ ਫਿਰੇਗਾ।

ਪਰ ਵੇਖੋ ਮਨੁੱਖ ਦੀ ਮੂਰਖਤਾ! ਬਾਲਪਨ ਤੋਂ ਬਿਰਧ ਉਮਰ ਤਕ ਮਾਇਆ ਦੀ ਮਮਤਾ ਦੇ ਕੰਮ ਹੀ ਕਰਦਾ ਰਹਿੰਦਾ ਹੈ। ਮੌਤ ਆਉਣ ਤੇ ਉਹ ਮਾਇਆ ਮਹਲ-ਮਾੜੀਆਂ ਇਥੇ ਹੀ ਪਏ ਰਹਿ ਜਾਂਦੇ ਹਨ।

(40) ਕਿਤਨਾ ਹੀ ਸੁੰਦਰ, ਮੁਲਾਇਮ ਤੇ ਪੱਕਾ ਕਾਗ਼ਜ਼ ਹੋਵੇ, ਪਾਣੀ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।

ਧਨ ਤੇ ਜੁਆਨੀ ਦੀ ਪਾਂਇਆਂ ਕਾਗ਼ਜ਼ ਜਿਤਨੀ ਹੀ ਸਮਝੋ।

(41) ਦੁਰਜੋਧਨ ਤੇ ਰਾਵਣ ਵਰਗੇ ਰਾਜ ਭਾਗ ਦਾ ਮਾਣ ਕਰ ਕਰ ਕੇ ਆਖ਼ਰ ਖੱਟ ਕੇ ਕੀਹ ਲੈ ਗਏ?

ਮਾਇਆ ਦਾ ਸਾਥ ਕੱਚਾ ਹੈ। ਮਾਇਆ ਦੀਆਂ ਮੌਜਾਂ ਜੀਵਨ-ਆਦਰਸ਼ ਨਹੀਂ ਹਨ।

(42) ਪੰਛੀ ਨੂੰ ਜਿਥੇ ਰਾਤ ਆ ਜਾਏ, ਉਥੇ ਹੀ ਕਿਸੇ ਰੁੱਖ ਦੀ ਟਹਿਣੀ ਉੱਤੇ ਬੈਠ ਕੇ ਰਾਤ ਗੁਜ਼ਾਰ ਲੈਂਦਾ ਹੈ; ਕਿਤੇ ਮਲਕੀਅਤਾਂ ਨਹੀਂ ਬਣਾਉਂਦਾ, ਕਿਤੇ ਮੱਲਾਂ ਨਹੀਂ ਮੱਲਦਾ।

ਇਸ ਸਰੀਰ-ਪਿੰਜਰ ਵਿਚ ਜਿੰਦ ਦਾ ਬਸੇਰਾ ਭੀ ਪੰਛੀ ਵਾਂਗ ਹੀ ਘੜੀ-ਪਲ ਦਾ ਹੈ। ਸੌਣ ਵੇਲੇ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਮਨੁੱਖ ਮੱਲਦਾ ਹੈ, ਪਰ ਸਾਰੀ ਉਮਰ ਮਲਕੀਅਤਾਂ ਬਨਾਣ ਦੇ ਆਹਰ ਵਿਚ ਰਹਿ ਕੇ ਜੀਵਨ-ਬਾਜ਼ੀ ਹਾਰ ਜਾਂਦਾ ਹੈ। ਸਰੀਰ ਆਖ਼ਰ ਸੁਆਹ ਦੀ ਢੇਰੀ।

(43) ਭਾਦਰੋਂ ਦੇ ਮਹੀਨੇ ਰੇਤਲੇ ਜਿਹੇ ਥਾਵਾਂ ਤੇ ਘਾਹ-ਬੂਟ ਦੇ ਨੇੜੇ ਤੇੜੇ ਖੁੰਬਾਂ ਉੱਗਦੀਆਂ ਹਨ। ਜਿਸ ਥਾਂ ਸ਼ਾਮ ਵੇਲੇ ਕੁਝ ਭੀ ਨਹੀਂ ਹੁੰਦਾ, ਸਵੇਰ-ਸਾਰ ਜਾ ਕੇ ਵੇਖੋ, ਸੋਹਣੀ ਚਿੱਟੀ ਖੁੰਬ ਨਜ਼ਰੀਂ ਪਏਗੀ। ਲੋਕ ਸਵੇਰੇ ਸਵੇਰੇ ਜਾ ਕੇ ਖੁੰਬਾਂ ਪੁੱਟ ਲਿਆਉਂਦੇ ਹਨ ਤੇ ਭਾਜੀ ਰਿੰਨ੍ਹਦੇ ਹਨ। ਜੇਹੜੀ ਖੁੰਬ ਕਿਸੇ ਦੇ ਨਜ਼ਰੀਂ ਨਾਹ ਚੜ੍ਹੇ ਤੇ ਉਥੇ ਹੀ ਟਿਕੀ ਰਹੇ, ਉਹ ਦਿਨ ਦੀ ਗਰਮੀ ਵਿਚ ਸੁੱਕ ਜਾਂਦੀ ਹੈ। ਰਾਤੋ ਰਾਤ ਜੰਮ ਕੇ ਇਕੋ ਦਿਨ ਵਿਚ ਹੀ ਕੁਮਲਾ ਵੀ ਜਾਂਦੀ ਹੈ।

ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ।

(44) ਮੀਂਹ ਪੈਂਦਾ ਹੈ। ਨਦੀਆਂ ਨਾਲਿਆਂ ਵਿਚ ਹੜ੍ਹਾਂ ਦਾ ਪਾਣੀ ਠਾਠਾਂ ਮਾਰਦਾ ਹੈ। ਪਰ ਟਿੱਬੇ ਸੁੱਕੇ ਦੇ ਸੁੱਕੇ।

ਧਨ ਤੇ ਜਵਾਨੀ ਦੇ ਅਫਰਾ ਵਿਚ ਆਕੜਨਾ ਮੂਰਖਤਾ ਹੈ। ਧਨ ਇਥੇ ਰਹਿ ਜਾਂਦਾ ਹੈ, ਜਵਾਨੀ ਮੁੱਕ ਜਾਂਦੀ ਹੈ। ਆਕੜ ਦੇ ਕਾਰਨ ਜੀਵਨ-ਉੱਚਤਾ ਖੱਟਣ ਤੋਂ ਬਿਨਾ ਮਨੁੱਖ ਕੋਰੇ ਦਾ ਕੋਰਾ ਹੀ ਇੱਥੋਂ ਚੱਲ ਪੈਂਦਾ ਹੈ।

(45) ਬੁੱਢੀ ਉਮਰੇ ਧੌਲਿਆਂ ਨਾਲ ਸਿਰ ਚਿੱਟਾ ਹੋ ਜਾਂਦਾ ਹੈ, ਆਵਾਜ਼ ਕਮਜ਼ੋਰੀ ਕਰ ਕੇ ਪਤਲੀ ਪੈ ਜਾਂਦੀ ਹੈ, ਅੱਖਾਂ ਵਿਚੋਂ ਪਾਣੀ ਵਗਦਾ ਰਹਿੰਦਾ ਹੈ। ਫਿਰ ਭੀ ਮਨੁੱਖ ਨੂੰ ਆਪਣੀ ਮੌਤ ਨਹੀਂ ਸੁੱਝਦੀ, ਨਿੱਕੇ ਨਿੱਕੇ ਪੋਤਰੇ ਪੋਤਰੀਆਂ ਦੇ ਲਾਡਾਂ ਵਿਚ ਹੀ ਪਰਚਿਆ ਰਹਿੰਦਾ ਹੈ।

ਗੁਰੂ

1. ਸਲੋਕ ਮ: 1 (ਆਸਾ ਦੀ ਵਾਰ) . . . . ਨਾਨਕ ਗੁਰੂ ਨ ਚੇਤਨੀ (ਪੰਨਾ 463

2. ਪਉੜੀ ਮ: 1 (ਵਾਰ ਆਸਾ) . . . . ਨਦਰਿ ਕਰਹਿ ਜੇ ਆਪਣੀ (ਪੰਨਾ 465

3. ਪਉੜੀ ਮ: 1 (ਆਸਾ ਦੀ ਵਾਰ) . . . . ਬਿਨੁ ਸਤਿਗੁਰ ਕਿਨੈ ਨ ਪਾਇਓ (ਪੰਨਾ 466

4. ਪਉੜੀ ਮ: 1 (ਵਾਰ ਆਸਾ) . . . . ਸਤਿਗੁਰ ਵਿਟਹੁ ਵਾਰਿਆ (ਪੰਨਾ 470

5. ਸੋਰਠਿ ਮ: 1 . . . . ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ (ਪੰਨਾ 598

6. ਰਾਮਕਲੀ ਮ: 1 . . . . (ਸਿਧ ਗੋਸਟਿ) . . . . ਗੁਰਮੁਖਿ ਬਾਂਧਿਓ ਸੇਤੁ ਬਿਧਾਤੈ (ਪੰਨਾ 942

7. ਸਲੋਕ ਮ: 2 (ਵਾਰ ਆਸਾ) . . . . ਜੇ ਸਉ ਚੰਦਾ ਉਗਵਹਿ (ਪੰਨਾ 463

8. ਸਲੋਕ ਮ: 2 (ਵਾਰ ਸਾਰੰਗ) . . . . ਗੁਰੁ ਕੁੰਜੀ, ਪਾਹੂ ਨਿਵਲੁ (ਪੰਨਾ 1237

9. ਮਾਰੂ ਮ: 3 . . . . ਮਾਰੂ ਤੇ ਸੀਤਲੁ ਕਰੇ (ਪੰਨਾ 994

10. ਸਲੋਕ ਮ: 3 . . . . (ਵਾਰ ਮਲਾਰ) . . . . ਬਬੀਹਾ ਭਿੰਨੀ ਰੈਣਿ ਬੋਲਿਆ (ਪੰਨਾ 1283

11. ਸਲੋਕ ਮ: 3 . . . . (ਵਾਰਾਂ ਤੇ ਵਧੀਕ) . . . . ਧੁਰਹੁ ਖਸਮਿ ਭੇਜਿਆ (ਪੰਨਾ 1420

12. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਬਾਬੀਹਾ ਸਗਲੀ ਧਰਤੀ ਜੇ ਫਿਰਹਿ (ਪੰਨਾ 1420

13. ਪਉੜੀ ਮ: 4 . . . . (ਸਿਰੀ ਰਾਗ ਕੀ ਵਾਰ) . . . . ਹਰਿ ਕੇ ਸੰਤ ਸੁਣਹੁ ਜਨ ਭਾਈ (ਪੰਨਾ 87

14. ਧਨਾਸਰੀ ਮ: 4 . . . . ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ (ਪੰਨਾ 667

15. ਕਲਿਆਨ ਮ: 4 . . . . ਰਾਮ ਗੁਰੁ ਪਾਰਸੁ ਪਰਸੁ ਕਰੀਜੈ (ਪੰਨਾ 1324

16. ਗਉੜੀ ਮ: 5 . . . . ਸੂਕੇ ਹਰੇ ਕੀਏ ਖਿਨ ਮਾਹੇ (ਪੰਨਾ 191

17. ਗਉੜੀ ਬਾਵਨ ਅਖਰੀ ਮ: 5 . . . . ਲਲਾ ਲਾਵਉ ਅਉਖਧੁ ਜਾਹੂ (ਪੰਨਾ 259

18. ਸੋਰਠਿ ਮ: 5 . . . . ਜਨਮ ਜਨਮ ਕੇ ਦੂਖ ਨਿਵਾਰੈ (ਪੰਨਾ 618

19. ਸਲੋਕ ਮ: 5 (ਵਾਰ ਜੈਤਸਰੀ) . . . . ਭਉਜਲੁ ਬਿਖਮੁ ਅਸਗਾਹੁ (ਪੰਨਾ 710

20. ਬਿਲਾਵਲੁ ਮ: 5 . . . . ਭੂਲੇ ਮਾਰਗੁ ਜਿਨਹਿ ਬਤਾਇਆ (ਪੰਨਾ 803

21. ਬਿਲਾਵਲ ਮ: 5 . . . . ਤਾਤੀ ਵਾਉ ਨ ਲਗਈ (ਪੰਨਾ 819

22. ਗੌਂਡ ਮ: 5 . . . . ਗੁਰ ਕੀ ਮੂਰਤਿ ਮਨ ਮਹਿ ਧਿਆਨੁ (ਪੰਨਾ 864

23. ਸਲੋਕ ਮ: 5 . . . . (ਵਾਰ ਮਾਰੂ) . . . . ਜੋ ਡੁਬੰਦੋ ਆਪਿ (ਪੰਨਾ 1101

24. ਸੋਰਠਿ ਨਾਮਦੇਵ ਜੀ . . . . ਅਣਮੜਿਆ ਮੰਦਲੁ ਬਾਜੈ (ਪੰਨਾ 657

25. ਸਵਈਏ ਮਹਲੇ ਦੂਜੇ ਕੇ . . . . ਅਮਿਅ ਦ੍ਰਿਸਟਿ ਸੁਭ ਕਰੈ (ਪੰਨਾ 1392

26. ਸਵਈਏ ਮਹਲੇ ਚਉਥੇ ਕੇ . . . . ਕਚਹੁ ਕੰਚਨੁ ਭਇਅਉ (ਪੰਨਾ 1399

27. ਸਵਈਏ ਮਹਲੇ ਚਉਥੇ ਕੇ . . . . ਜਾਮਿ ਗੁਰੂ ਹੋਇ ਵਲਿ . . . . (ਨਲ੍ਯ੍ਯ ਭੱਟ) ਪੰਨਾ 1399

28. ਸਵਈਏ ਮਹਲੇ ਚਉਥੇ ਕੇ . . . . ਗੁਰ ਬਿਨੁ ਘੋਰੁ ਅੰਧਾਰੁ . . . . (ਨ੍ਯ੍ਯਲ ਭੱਟ) ਪੰਨਾ 1399

29. ਬਸੰਤੁ ਹਿੰਡੋਲ ਮ: 4 . . . . ਰਾਮ ਨਾਮੁ ਰਤਨ ਕੋਠੜੀ (ਪੰਨਾ 1178

30. ਸੂਹੀ ਲਲਿਤ ਕਬੀਰ ਜੀ . . . . ਏਕੁ ਕੋਟੁ, ਪੰਚ ਸਿਕਦਾਰਾ (ਪੰਨਾ 793

31. ਸਲੋਕ ਮ: 3 (ਵਾਰ ਰਾਮਕਲੀ) . . . . ਬਾਬਾਣੀਆ ਕਹਾਣੀਆ (ਪੰਨਾ 951

32. ਆਸਾ ਮ: 5 . . . . ਅਧਮ ਚੰਡਾਲੀ ਭਈ ਬ੍ਰਹਮਣੀ (ਪੰਨਾ 381

ਭਾਵ:

1. ਕਦੇ ਕਦੇ ਬੇ-ਰੁੱਤੀ ਵਰਖਾ ਤੇ ਬੱਦਲਾਂ ਦੀ ਲਿਸ਼ਕ ਦੇ ਕਾਰਨ ਛੋਲਿਆਂ ਦੇ ਫ਼ਸਲਾਂ ਦੇ ਫ਼ਸਲ ਸੜ ਜਾਂਦੇ ਹਨ। ਨਾਂਹ ਤਾਂ ਉਹਨਾਂ ਵਿਚ ਦਾਣੇ ਹੀ ਪੈਂਦੇ ਹਨ, ਅਤੇ ਨਾਲ ਹੀ ਉਹ ਪਸ਼ੂਆਂ ਦੇ ਖਾਣ ਦੇ ਕੰਮ ਆ ਸਕਦੇ ਹਨ। ਜ਼ਿਮੀਂਦਾਰਾਂ ਪਾਸ ਵਿਹਲ ਨਾਹ ਹੋਣ ਕਰ ਕੇ, ਉਹ ਫ਼ਸਲ ਨਿਖ਼ਸਮੇ ਹੀ ਖੇਤਾਂ ਵਿਚ ਪਏ ਰਹਿੰਦੇ ਹਨ। ਤਦੋਂ ਪਿੰਡਾਂ ਦੇ ਕਮੀਣ ਤੇ ਗ਼ਰੀਬ ਲੋੜਵੰਦੇ ਲੋਕ ਰੋਜ਼ ਜਾ ਕੇ ਬਾਲਣ ਵਾਸਤੇ ਭਰੀਆਂ ਦੀਆਂ ਭਰੀਆਂ ਬੰਨ੍ਹ ਕੇ ਲੈ ਆਉਂਦੇ ਹਨ। ਉਥੇ ਇਹ ਗੱਲ ਪਰਤੱਖ ਵੇਖੀਦੀ ਹੈ ਕਿ ਇਕ ਜ਼ਿਮੀਂਦਾਰ-ਖਸਮ ਦੇ ਨਾਹ ਹੋਣ ਕਰਕੇ ਕਮੀਣ ਆਦਿਕ ਕਈ ਉਹਨਾਂ ਦੇ ਖਸਮ ਆ ਬਣਦੇ ਹਨ।

ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਵਿਚ ਚਤੁਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੇ ਦੱਸੇ ਜੀਵਨ-ਰਾਹ ਨੂੰ ਜ਼ਰੂਰੀ ਨਹੀਂ ਸਮਝਦੇ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਦੋਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ, ਮਨ ਕਦੇ ਕਿਸੇ ਵਿਕਾਰ ਦਾ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਿਆ ਬਣਦਾ ਹੈ।

(2) ਜ਼ਿੰਦਗੀ ਦਾ ਸਹੀ ਰਸਤਾ ਦੱਸਣ ਵਾਲਾ ਗੁਰੂ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ। ਇਹ ਵਿਚਾਰਾ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਵਾਸ਼ਨਾ ਦਾ ਬੱਧਾ ਅਨੇਕਾਂ ਜਨਮਾਂ ਵਿਚ ਭਟਕਦਾ ਤੁਰਿਆ ਆਉਂਦਾ ਹੈ। ਪ੍ਰਭੂ ਦੀ ਮਿਹਰ ਨਾਲ ਹੀ ਮਿਲਿਆ ਗੁਰੂ ਇਸ ਨੂੰ ਜੀਵਨ-ਉਪਦੇਸ਼ ਸੁਣਾਂਦਾ ਹੈ।

ਜਿਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਮਿਲਣ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਦਾ ਸ਼ੌਕ ਬਣਦਾ ਹੈ, ਯਾਦ ਤੋਂ ਪਿਆਰ ਬਣਦਾ ਹੈ, ਤੇ ਇਸ ਤਰ੍ਹਾਂ ਉਸ ਦੇ ਅੰਦਰੋਂ ਪੁਰਾਣੇ ਨੀਵੇਂ ਮਾਇਕ ਸੰਸਕਾਰ ਮਿੱਟ ਕੇ ਪਰਮਾਤਮਾ ਵਿਚ ਉਸ ਦੀ ਲੀਨਤਾ ਹੋ ਜਾਂਦੀ ਹੈ।

(3) ਇਹ ਗੱਲ ਪੱਕੀ ਜਾਣੋ ਕਿ ਕਿਸੇ ਭੀ ਮਨੁੱਖ ਨੂੰ ਗੁਰੂ ਦੀ ਸਰਨ ਪੈਣ ਤੋਂ ਬਿਨਾ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਹਾਸਲ ਨਹੀਂ ਹੁੰਦਾ। ਕਿਉਂ? ਕਿਉਂਕਿ ਕੋਈ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਵਾਲੇ ਸੰਸਕਾਰ ਦੂਰ ਨਹੀਂ ਕਰ ਸਕਦਾ। ਇਕ ਗੁਰੂ ਹੀ ਹੈ ਜੋ ਹੋਰਨਾਂ ਨੂੰ ਭੀ ਇਸ ਮਾਇਆ ਦੇ ਪੰਜੇ ਵਿਚੋਂ ਛਡਾ ਸਕਦਾ ਹੈ।

(4) ਮਾਇਆ ਦੇ ਮੋਹ ਦੇ ਪ੍ਰਭਾਵ ਦੇ ਕਾਰਨ ਮਨੁੱਖ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਰਹਿੰਦਾ ਹੈ, ਆਤਮਕ ਜੀਵਨ ਵਲੋਂ ਬੇ-ਸਮਝ ਰਹਿੰਦਾ ਹੈ। ਇਹ ਬੇ-ਸਮਝੀ ਮਨੁੱਖ ਆਪਣੇ ਆਪ ਦੂਰ ਨਹੀਂ ਕਰ ਸਕਦਾ। ਇਹ ਜ਼ਰੂਰੀ ਹੈ ਕਿ ਕਰਤਾਰ ਦੀ ਮਿਹਰ ਨਾਲ ਮਿਲੇ ਗੁਰੂ ਦੇ ਸਾਹਮਣੇ ਮਨੁੱਖ ਆਪਣੀ ਅਕਲ ਦਾ ਆਸਰਾ ਛੱਡ ਦੇਵੇ। ਮਾਇਆ ਦੇ ਮੋਹ ਵਿਚ ਅੰਨ੍ਹੀਆਂ ਹੋ ਚੁਕੀਆਂ ਅੱਖਾਂ ਵਿਚ ਗੁਰੂ ਆਤਮਕ ਜੀਵਨ ਦੀ ਸੂਝ ਦਾ ਚਾਨਣ ਪਾਂਦਾ ਹੈ, ਤੇ, ਇਸ ਤਰ੍ਹਾਂ ਮਨੁੱਖ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਲੈਂਦਾ ਹੈ।

(5) ਖੱਟੀ-ਕਮਾਈ ਮਾਇਆ ਤਾਂ ਹਰੇਕ ਮਨੁੱਖ ਇਥੇ ਹੀ ਛੱਡ ਕੇ ਤੁਰ ਪੈਂਦਾ ਹੈ, ਜਗਤ ਵਿਚ ਇਸ ਦੇ ਆਉਣ ਦਾ ਇਹ ਮਨੋਰਥ ਨਹੀਂ। ਮਨੁੱਖ ਆਉਂਦਾ ਹੈ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਿਹਾਝਣ। ਇਹ ਨਾਮ-ਜਲ ਹੈ ਤਾਂ ਹਰੇਕ ਮਨੁੱਖ ਦੇ ਅੰਦਰ ਹੀ, ਪਰ ਇਹ ਸੂਝ ਮਿਲਦੀ ਹੈ ਸਿਰਫ਼ ਗੁਰੂ ਪਾਸੋਂ, ਸਿਰਫ਼ ਗੁਰੂ ਪਾਸੋਂ।

ਧਾਰਮਿਕ ਭੇਖ ਤੀਰਥ-ਇਸ਼ਨਾਨ ਆਦਿਕ ਉੱਦਮਾਂ ਨਾਲ ਇਹ ਚੀਜ਼ ਨਹੀਂ ਮਿਲ ਸਕਦੀ। ਅੰਦਰਲੀ ਆਤਮਕ ਅਵਸਥਾ ਤਦੋਂ ਹੀ ਉੱਚੀ ਬਣਦੀ ਹੈ ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਕਰੇ।

(6) ਰਾਵਣ ਸੀਤਾ ਜੀ ਨੂੰ ਸਮੁੰਦਰੋਂ ਪਾਰ ਲੰਕਾ ਵਿਚ ਲੈ ਗਿਆ ਸੀ। ਸ੍ਰੀ ਰਾਮਚੰਦ੍ਰ ਜੀ ਨੇ ਸਮੁੰਦਰ ਉਤੇ ਪੁਲ ਬੱਧਾ, ਦੈਂਤਾਂ ਨੂੰ ਮਾਰਿਆ, ਲੰਕਾ ਲੁੱਟੀ ਤੇ ਸੀਤਾ ਜੀ ਨੂੰ ਛਡਾ ਕੇ ਲਿਆਂਦਾ। ਘਰ ਦੇ ਭੇਤੀ ਭਭੀਖਣ ਦੇ ਦੱਸੇ ਹੋਏ ਭੇਤ ਨੇ ਇਸ ਸਾਰੀ ਮੁਹਿੰਮ ਵਿਚ ਬੜੀ ਸਹਾਇਤਾ ਦਿੱਤੀ।

ਮਾਇਆ-ਵੇੜ੍ਹੇ ਮਨ ਨੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜ ਦਿੱਤਾ ਹੋਇਆ ਹੈ। ਦੋਹਾਂ ਦੇ ਵਿਚਕਾਰ ਸੰਸਾਰ-ਸਮੁੰਦਰ ਦੀ ਵਿੱਥ ਬਣੀ ਪਈ ਹੈ। ਪਰਮਾਤਮਾ ਨੇ ਜਗਤ ਵਿਚ ਗੁਰੂ ਘੱਲਿਆ। ਗੁਰੂ, ਮਾਨੋ, ਪੁਲ ਬਣ ਗਿਆ। ਜਿਸ ਜੀਵ-ਇਸਤ੍ਰੀ ਨੂੰ ਗੁਰੂ ਮਿਲਿਆ, ਉਸ ਦੀ ਪ੍ਰਭੂ-ਪਤੀ ਨਾਲੋਂ ਵਿੱਥ ਮਿਟ ਗਈ। ਗੁਰੂ ਨੇ ਘਰ ਦਾ ਭੇਤ ਸਮਝਾਇਆ ਕਿ ਕਿਵੇਂ ਮਨ ਵਿਕਾਰਾਂ ਵਿਚ ਫਸਾਂਦਾ ਹੈ। ਸੋ, ਗੁਰੂ ਦੀ ਸਰਨ ਪੈ ਕੇ ਲੱਖਾਂ ਪੱਥਰ-ਦਿਲ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ।

(7) ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਗ਼ਲਤ ਜੀਵਨ-ਰਾਹ ਤੁਰ ਪੈਂਦਾ ਹੈ, ਆਤਮਕ ਜੀਵਨ ਦੀ ਇਸ ਨੂੰ ਸੂਝ ਨਹੀਂ ਰਹਿ ਜਾਂਦੀ। ਸਹੀ ਜੀਵਨ-ਤੋਰ ਵਲੋਂ ਬੇ-ਸਮਝੀ ਮਨੁੱਖ ਵਾਸਤੇ ਆਤਮਕ ਹਨੇਰਾ ਹੈ। ਇਸ ਹਨੇਰੇ ਵਿਚ ਵੈਰ-ਵਿਰੋਧ, ਨਿੰਦਾ, ਈਰਖਾ, ਕਾਮਾਦਿਕ ਅਨੇਕਾਂ ਹੀ ਠੇਡੇ ਹਨ ਜੋ ਜੀਵਨ-ਸਫ਼ਰ ਵਿਚ ਮਨੁੱਖ ਨੂੰ ਲੱਗਦੇ ਰਹਿੰਦੇ ਹਨ। ਇਹ ਠੇਡੇ ਹਨ ਮਨੁੱਖ ਦੇ ਅੰਦਰ ਮਨ ਵਿਚ।

ਹਨੇਰੀ ਰਾਤ ਵਿਚ ਸਫ਼ਰ ਪਿਆ ਮਨੁੱਖ ਰਸਤੇ ਵਿਚ ਕਈ ਠੇਡੇ ਖਾ ਸਕਦਾ ਹੈ। ਜੇ ਚੰਦ ਚੜ੍ਹ ਪਏ, ਤਾਂ ਉਹ ਠੇਡੇ ਮੁੱਕ ਜਾਂਦੇ ਹਨ। ਦਿਨੇ ਸੂਰਜ ਦੀ ਰੌਸ਼ਨੀ ਵਿਚ ਅੱਖਾਂ ਵਾਲੇ ਨੂੰ ਠੇਡੇ ਲੱਗਣੇ ਹੀ ਕਿਉਂ ਹੋਏ?

ਪਰ ਸੂਰਜ ਤੇ ਚੰਦ੍ਰਮਾ ਨੇ ਚਾਨਣ ਦੇਣਾ ਹੈ ਬਾਹਰਲੇ ਪਦਾਰਥਾਂ ਨੂੰ ਵੇਖਣ ਵਾਸਤੇ। ਮਨ ਦੇ ਵਿਕਾਰ ਆਦਿਕ ਠੇਡੇ ਦੂਰ ਕਰਨੇ ਇਹਨਾਂ ਦੀ ਤਾਕਤ ਤੋਂ ਬਾਹਰ ਦੀ ਗੱਲ ਹੈ।

ਆਤਮਕ ਹਨੇਰਾ ਸਿਰਫ਼ ਗੁਰੂ ਹੀ ਦੂਰ ਕਰ ਸਕਦਾ ਹੈ।

(8) ਕਿਸੇ ਘਰ ਦਾ ਮਾਲਕ ਆਪਣੇ ਘਰ ਨੂੰ ਤਕੜਾ ਪੱਕਾ ਜੰਦ੍ਰਾ ਮਾਰ ਕੇ ਕਿਤੇ ਬਾਹਰ ਚਲਾ ਜਾਏ, ਤੇ ਕੁੰਜੀ ਆਪਣੇ ਨਾਲ ਲੈ ਜਾਏ, ਤਾਂ ਉਸ ਦੀ ਗ਼ੈਰ-ਹਾਜ਼ਰੀ ਵਿਚ ਹੋਰ ਕੌਣ ਖੋਹਲੇ ਉਸ ਜੰਦ੍ਰੇ ਨੂੰ?

ਮਨੁੱਖ ਦਾ ਮਨ, ਸਮਝੋ, ਇਕ ਕੋਠਾ ਹੈ। ਇਸ ਕੋਠੇ ਨੂੰ ਮਾਇਆ ਦੇ ਮੋਹ ਦਾ ਤਕੜਾ ਪੱਕਾ ਜੰਦ੍ਰਾ ਵੱਜਾ ਪਿਆ ਹੈ। ਜੀਵ ਮਾਇਆ ਦੀ ਖ਼ਾਤਰ ਦਿਨ-ਰਾਤ ਬਾਹਰ ਭਟਕਦਾ ਫਿਰਦਾ ਹੈ। ਕੌਣ ਸਮਝਾਵੇ ਇਸ ਨੂੰ ਬਾਹਰਲੀ ਮਾਇਆ ਤਾਂ ਇਥੇ ਹੀ ਪਈ ਰਹਿ ਜਾਇਗੀ, ਤੂੰ ਆਪਣੇ ਘਰ ਦੀ ਭੀ ਸਾਰ ਲੈ? ਘਰ ਨੂੰ ਜੰਦ੍ਰਾ ਵੱਜਾ ਪਿਆ ਹੈ। ਇਹ ਜੰਦ੍ਰਾ ਸਿਰਫ਼ ਗੁਰੂ ਖੋਹਲ ਸਕਦਾ ਹੈ। ਮਾਇਆ ਦੇ ਪਿਆਰ ਦੇ ਜਕੜ ਵਿਚੋਂ ਸਿਰਫ਼ ਗੁਰੂ ਹੀ ਮਨੁੱਖ ਨੂੰ ਆਜ਼ਾਦ ਕਰ ਸਕਦਾ ਹੈ।

(9) ਭੈੜਾ ਜਿਹਾ ਲੋਹਾ ਭੀ ਪਾਰਸ ਨਾਲ ਲੱਗਦਿਆਂ ਹੀ ਸੋਨਾ ਬਣ ਜਾਂਦਾ ਹੈ। ਤਪਦਾ ਰੇਤ-ਥਲਾ ਵਰਖਾ ਦੀ ਬਰਕਤਿ ਨਾਲ ਠੰਢਾ-ਠਾਰ ਹੋ ਜਾਂਦਾ ਹੈ।

ਜੋ ਮਨੁੱਖ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ-ਨਾਮ ਜਪਦਾ ਹੈ, ਉਸ ਦਾ ਸੁਭਾਉ ਸੀਤਲ ਹੋ ਜਾਂਦਾ ਹੈ, ਉਸ ਦਾ ਆਚਰਨ ਉੱਚਾ ਬਣ ਜਾਂਦਾ ਹੈ।

(10) ਨਾਮ-ਅੰਮ੍ਰਿਤ ਮਨੁੱਖ ਦੇ ਆਤਮਕ ਜੀਵਨ ਦਾ ਸਹਾਰਾ ਹੈ। ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਦੇ ਨਾਮ-ਜਲ ਤੋਂ ਵਿਰਵੇ ਰਹਿ ਕੇ ਜੀਵਨ ਜੀਵਿਆ ਨਹੀਂ ਜਾ ਸਕਦਾ, ਉਹ ਪਪੀਹੇ ਵਾਂਗ ਅੰਮ੍ਰਿਤ ਵੇਲੇ ਉਠ ਕੇ ਪ੍ਰਭੂ ਦੇ ਦਰ ਤੇ ਆ ਕੂਕਦਾ ਹੈ।

(11) ਸਿਰਜਨਹਾਰ ਦੇ ਹੁਕਮ ਅਨੁਸਾਰ ਬੱਦਲ ਆਉਂਦੇ ਹਨ, ਝੜੀ ਲਾ ਕੇ ਵਰ੍ਹਦੇ ਹਨ, ਪਪੀਹੇ ਦੇ ਤਨ ਮਨ ਵਿਚ ਠੰਡ ਪੈਂਦੀ ਹੈ। ਸਾਰੀ ਧਰਤੀ ਹੀ ਹਰਿਆਵਲੀ ਹੋ ਜਾਂਦੀ ਹੈ ਤੇ ਅੰਨ ਧਨ ਬੇਅੰਤ ਪੈਦਾ ਹੁੰਦਾ ਹੈ।

ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਮਨ ਜੋੜ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਂਦਾ ਹੈ, ਉਸ ਦੇ ਹਿਰਦੇ ਵਿਚ ਸ਼ਾਂਤੀ ਠੰਡ ਵਰਤਦੀ ਹੈ।

(12) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਪੀਹੇ ਵਾਂਗ ਨਾਮ-ਅੰਮ੍ਰਿਤ ਦੀ ਬੂੰਦ ਲਈ ਤਾਂਘਦਾ ਹੈ, ਉਸ ਦੀ ਮਾਇਕ ਤ੍ਰਿਸ਼ਨਾ ਖ਼ਤਮ ਹੋ ਜਾਂਦੀ ਹੈ।

(13) ਸੂਰਜ ਚੜ੍ਹ ਪਏ, ਤਾਂ ਰਾਤ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ।

ਗੁਰੂ ਦੀ ਸਿੱਖਿਆ ਹਿਰਦੇ ਵਿਚ ਟਿਕਾਈਏ, ਤਾਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।

(14) ਮਾਇਆ ਦਾ ਮੋਹ ਮਨੁੱਖ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਹੈ, ਮਨੁੱਖ ਦੇ ਅੰਦਰੋਂ ਇਹ ਸ਼ੁਭ ਗੁਣਾਂ ਨੂੰ ਸਹਿਜੇ ਸਹਿਜੇ ਮਾਰਦਾ ਰਹਿੰਦਾ ਹੈ। ਇਹ ਮੋਹ ਮਨੁੱਖ ਦੇ ਆਤਮਕ ਜੀਵਨ ਵਾਸਤੇ ਘੁੱਪ ਹਨੇਰਾ ਹੈ। ਮਨੁੱਖ ਸਹੀ ਜੀਵਨ-ਤੋਰ ਨਹੀਂ ਤੁਰ ਸਕਦਾ, ਅਨੇਕਾਂ ਵਿਕਾਰਾਂ ਦੇ ਠੇਡੇ ਖਾਂਦਾ ਰਹਿੰਦਾ ਹੈ।

ਕਿਸੇ ਅੰਨ੍ਹੇ ਮਨੁੱਖ ਨੂੰ ਨਿਰਾ ਜ਼ਬਾਨੀ ਜ਼ਬਾਨੀ ਰਾਹ ਦੱਸਿਆਂ ਉਹ ਵਿਚਾਰਾ ਠੇਡੇ ਖਾਣੋਂ ਬਚ ਨਹੀਂ ਸਕਦਾ। ਕੋਈ ਦਇਆਵਾਨ ਉਸ ਦਾ ਹੱਥ ਫੜ ਕੇ ਉਸ ਨੂੰ ਸਿੱਧੀ ਸੜਕੇ ਪਾ ਦੇਵੇ, ਤਾਂ ਹੀ ਉਸ ਦਾ ਸਫ਼ਰ ਠੀਕ-ਠੀਕ ਸਿਰੇ ਚੜ੍ਹ ਸਕਣ ਦੀ ਆਸ ਹੋ ਸਕਦੀ ਹੈ।

ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਜਿਸ ਮਨੁੱਖ ਨੂੰ ਗੁਰੂ ਮਿਹਰ ਕਰ ਕੇ ਆਪਣਾ ਪੱਲਾ ਫੜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਦੀ ਸੜਕੇ ਚੜ੍ਹਦਾ ਹੈ, ਸਾਧ ਸੰਗਤਿ ਦੇ ਆਸਰੇ ਜੀਵਨ-ਪੈਂਡਾ ਤੈਅ ਕਰਦਾ ਹੈ।

(15) ਪਾਰਸ ਨਾਲ ਛੁਹ ਕੇ ਲੋਹਾ ਬਣ ਜਾਂਦਾ ਹੈ। ਲੱਕੜਾਂ ਦੇ ਢੇਰ ਨੂੰ ਅੱਗ ਦੀ ਇਕ ਚਿੰਗਾੜੀ ਸਾੜ ਕੇ ਸੁਆਹ ਕਰ ਦੇਂਦੀ ਹੈ; ਪਰਮਾਤਮਾ ਨਾਲੋਂ ਵਿੱਛੁੜ ਕੇ ਮਨੁੱਖ ਅਨੇਕਾਂ ਪਾਪ ਕਰਦਾ ਹੈ, ਪਰ ਗੁਰੂ ਨੂੰ ਮਿਲਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦੀ ਅਜਿਹੀ ਚਿੰਗਾੜੀ ਬਲਦੀ ਹੈ ਕਿ ਉਹ ਸਾਰੇ ਪਾਪ ਦਗਧ ਹੋ ਜਾਂਦੇ ਹਨ। ਜੀਵਨ ਪਲਟ ਜਾਂਦਾ ਹੈ। ਜਿਵੇਂ ਮੁਰਗਾਈ ਦੇ ਖੰਭ ਪਾਣੀ ਵਿਚ ਨਹੀਂ ਭਿੱਜਦੇ, ਤਿਵੇਂ ਗੁਰੂ ਦੀ ਸਰਨ ਪਏ ਮਨੁੱਖ ਦਾ ਮਨ ਮਾਇਆ ਦੇ ਮੋਹ ਵਿਚ ਨਹੀਂ ਫਸਦਾ।

(16) ਪਾਣੀ ਖੁਣੋਂ ਸੁੱਕ ਰਹੇ ਬੇਲ ਬੂਟਿਆਂ ਰੁੱਖਾਂ ਨੂੰ ਵਰਖਾ ਮੁੜ ਜਿਵਾਲ ਦੇਂਦੀ ਹੈ। ਹਰੇ-ਹਰੇ ਪੱਤਿਆਂ ਤੇ ਰੰਗ-ਬਰੰਗੇ ਫੁੱਲਾਂ ਨਾਲ ਸਾਰੀ ਬਨਸਪਤੀ ਸਜ ਜਾਂਦੀ ਹੈ।

ਮਾਇਆ ਆਸਾ ਤ੍ਰਿਸ਼ਨਾ ਚਿੰਤਾ ਫ਼ਿਕਰਾਂ ਨਾਲ ਸਹਿਮੇ ਹੋਏ ਮਨ ਵਿਚ ਜਦੋਂ ਪ੍ਰਭੂ ਦੇ ਨਾਮ-ਅੰਮ੍ਰਿਤ ਦਾ ਛੱਟਾ ਵੱਜਦਾ ਹੈ, ਤਾਂ ਮਨ ਟਹਿਕ ਆਉਂਦਾ ਹੈ।

ਇਹ ਮਿਹਰ ਹੈ ਪੂਰੇ ਗੁਰੂ ਦੀ!

(17) ਰੋਗੀ ਨੂੰ ਰੋਗ ਦੀ ਬਿਪਤਾ ਤੋਂ ਬਚਾਉਣ ਲਈ ਨਿਰੀ ਦਵਾਈ ਕਾਫ਼ੀ ਨਹੀਂ ਹੈ। ਸਿਆਣਾ ਵੈਦ ਦਵਾਈ ਦੇ ਨਾਲ ਪਰਹੇਜ਼ ਸੰਜਮ ਤੇ ਅਨੁਪਾਨ ਭੀ ਦੱਸਦਾ ਹੈ।

ਪ੍ਰਭੂ ਦੀ ਯਾਦ ਮਨੁੱਖ ਦੇ ਸਾਰੇ ਮਾਨਸਕ ਰੋਗਾਂ ਦੀ ਦਵਾਈ ਹੈ। ਉਹ ਪ੍ਰਭੂ ਹਰੇਕ ਦੇ ਅੰਦਰ ਮੌਜੂਦ ਭੀ ਹੈ। ਫਿਰ ਭੀ ਪੂਰਾ ਗੁਰੂ-ਵੈਦ ਇਸ ਦਵਾਈ ਦੇ ਨਾਲ ਸ਼ੁਭ-ਆਚਰਨ ਦਾ ਅਨੁਪਾਨ ਦੱਸਦਾ ਹੈ, ਤੇ ਵਿਕਾਰਾਂ ਵਲੋਂ ਪਰਹੇਜ਼ ਸਿਖਾਂਦਾ ਹੈ।

(18) ਕਈ ਛੋਟੇ ਬੱਚਿਆਂ ਦੇ ਸਰੀਰ ਕਿਸੇ ਅੰਦਰਲੇ ਰੋਗ ਦੇ ਕਾਰਨ ਦਿਨੋ ਦਿਨ ਸੁੱਕਦੇ ਜਾਂਦੇ ਹਨ, ਸੁੱਕ ਕੇ ਤੀਲਾ ਹੋ ਜਾਂਦੇ ਹਨ। ਉਹਨਾਂ ਦੀਆਂ ਮਾਵਾਂ ਕਈ ਹਕੀਮਾਂ ਵੈਦਾਂ ਪਾਸ ਉਹਨਾਂ ਨੂੰ ਲੈ ਜਾਂਦੀਆਂ ਹਨ, ਕਈ ਟੋਭਿਆਂ ਸਰੋਵਰਾਂ ਤੇ ਨਵ੍ਹਾਂਦੀਆਂ ਹਨ। ਜਿਨ੍ਹਾਂ ਨੂੰ ਕਾਰੀ ਦਵਾਈ ਮਿਲ ਜਾਂਦੀ ਹੈ ਉਹ ਬਚ ਨਿਕਲਦੇ ਹਨ।

ਮਾਇਆ ਦਾ ਮੋਹ ਬੜਾ ਚੰਦਰਾ ਰੋਗ ਹੈ। ਜਿਸ ਨੂੰ ਚੰਬੜ ਜਾਏ, ਉਸ ਦਾ ਮਨ ਦਿਨੋ ਦਿਨ ਸੁੱਕਦਾ ਜਾਂਦਾ ਹੈ, ਸੁੰਗੜਦਾ ਜਾਂਦਾ ਹੈ, ਵਧੀਕ ਵਧੀਕ ਸੁਆਰਥੀ ਹੁੰਦਾ ਜਾਂਦਾ ਹੈ। ਪੂਰਾ ਗੁਰੂ ਸੁਚੱਜਾ ਵੈਦ ਪ੍ਰਭੂ ਦੇ ਨਾਮ ਦੀ ਦਵਾਈ ਦੇ ਕੇ ਸੁਆਰਥ ਵਿਚ ਸੁਕੇ ਹੋਏ ਮਨ ਨੂੰ ਹਰਾ ਕਰ ਦੇਂਦਾ ਹੈ।

(19) ਜਿਸ ਦੇ ਚੰਗੇ ਭਾਗ ਹੋਣ, ਉਸ ਨੂੰ ਗੁਰੂ ਨਾਮ-ਜਹਾਜ਼ ਵਿਚ ਬਿਠਾ ਕੇ ਇਸ ਅਥਾਹ ਸੰਸਾਰ-ਸਮੁੰਦਰ ਤੋਂ ਪਾਰ ਉਤਾਰ ਲੈਂਦਾ ਹੈ।

(20) ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ ਸੜ ਰਿਹਾ ਹੈ। ਮਨੁੱਖ ਦਾ ਮਨ ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਹਰ ਵੇਲੇ ਫਸਿਆ ਰਹਿੰਦਾ ਹੈ।

ਜਿਸ ਭਾਗਾਂ ਵਾਲੇ ਨੂੰ ਗੁਰੂ ਮਿਲਦਾ ਹੈ ਉਸ ਨੂੰ ਗੁਰੂ ਜ਼ਿੰਦਗੀ ਦਾ ਸਹੀ ਰਸਤਾ ਵਿਖਾਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇਂਦਾ ਹੈ, ਪਰਮਾਤਮਾ ਦੀ ਯਾਦ ਵਿਚ ਜੋੜਦਾ ਹੈ।

(21) ਪਿਤਾ ਦਸ਼ਰਥ ਵਲੋਂ ਮਿਲੇ ਬਨਵਾਸ ਸਮੇ ਪੰਚਬਟੀ ਜੰਗਲ ਵਿਚੋਂ ਜਦੋਂ ਲਛਮਨ ਨੇ ਸਰੂਪਨਖਾ ਦਾ ਨੱਕ ਵੱਢ ਦਿੱਤਾ ਸੀ, ਤਾਂ ਰਾਵਣ ਨੇ ਆਪਣੀ ਭੈਣ ਦੀ ਇਸ ਨਿਰਾਦਰੀ ਦਾ ਬਦਲਾ ਲੈਣ ਲਈ ਇਕ ਛਲ ਰਚਿਆ। ਇਕ ਦੈਂਤ ਸੁੰਦਰ ਹਰਨ ਦਾ ਰੂਪ ਧਾਰ ਕੇ ਸ੍ਰੀ ਰਾਮਚੰਦ੍ਰ ਜੀ ਦੀ ਕੁਟੀਆ ਦੇ ਅੱਗੋਂ ਲੰਘਿਆ। ਸੀਤਾ ਜੀ ਨੂੰ ਉਹ ਹਰਨ ਬਹੁਤ ਪਸੰਦ ਆਇਆ। ਹਰਨ ਨੂੰ ਪਕੜਨ ਲਈ ਹਠ ਕੀਤੋ ਨੇ। ਸ੍ਰੀ ਰਾਮ ਜੀ ਹਰਨ ਨੂੰ ਫੜਨ ਲਈ ਗਏ। ਜੰਗਲ ਵਿਚ ਇਉਂ ਆਵਾਜ਼ ਆਈ, ਜਿਵੇਂ ਉਹ ਜ਼ਖ਼ਮੀ ਹੋ ਕੇ 'ਹਾਏ ਲਛਮਨ, ਹਾਏ ਲਛਮਨ,' ਕਹਿ ਕੇ ਰਹੇ ਹਨ। ਸੀਤਾ ਜੀ ਨੇ ਲਛਮਨ ਨੂੰ ਭੀ ਭੇਜ ਦਿੱਤਾ। ਪਰ ਉਹ ਜਾਣ ਲੱਗਾ ਸੀਤਾ ਜੀ ਦੇ ਦੁਆਲੇ ਇਕ (ਕਾਰ=) ਲਕੀਰ ਪਾ ਕੇ ਕਹਿ ਗਿਆ ਕਿ ਇਹ 'ਰਾਮ-ਕਾਰ' ਹੈ, ਇਸ ਤੋਂ ਬਾਹਰ ਨ ਨਿਕਲਣਾ। ਰਾਵਣ ਸਾਧੂ-ਰੂਪ ਵਿਚ ਭਿਖਿਆ ਮੰਗਣ ਆ ਪਹੁੰਚਿਆ। ਸੀਤਾ ਜੀ ਲਕੀਰੋਂ ਬਾਹਰ ਹੋ ਕੇ ਆਟਾ ਪਾਣ ਲੱਗੇ, ਤਾਂ ਰਾਵਣ ਉਹਨਾਂ ਨੂੰ ਲੈ ਗਿਆ। ਲਕੀਰ ਦੇ ਅੰਦਰ ਉਸ ਦਾ ਜ਼ੋਰ ਨਹੀਂ ਪੈਂਦਾ ਸੀ।

ਪਰਮਾਤਮਾ ਦੀ ਯਾਦ ਮਨੁੱਖਾ ਸਰੀਰ ਦੇ ਦੁਆਲੇ, ਮਾਨੋ, 'ਰਾਮ-ਕਾਰ' ਹੈ। ਜਿਸ ਮਨੁੱਖ ਦੀ ਜਿੰਦ ਦੇ ਦੁਆਲੇ ਗੁਰੂ ਇਹ ਰਾਮ-ਕਾਰ ਖਿੱਚ ਦੇਂਦਾ ਹੈ ਉਸ ਦੇ ਮਨ ਉਤੇ ਕਾਮਾਦਿਕ ਵੈਰੀ ਹੱਲਾ ਨਹੀਂ ਕਰ ਸਕਦੇ।

(22) ਮਨੁੱਖ ਨੂੰ ਇਹ ਗੱਲ ਕਦੇ ਭੀ ਭੁੱਲਣੀ ਨਹੀਂ ਚਾਹੀਦੀ ਕਿ ਇਸ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣ ਤੋਂ ਸਿਰਫ਼ ਗੁਰੂ ਹੀ ਮਨੁੱਖ ਨੂੰ ਬਚਾ ਸਕਦਾ ਹੈ। ਗੁਰੂ ਪਰਮਾਤਮਾ ਦਾ ਰੂਪ ਹੈ। ਜਿਵੇਂ ਇਹ ਵਿਕਾਰ-ਲਹਿਰਾਂ ਪਰਮਾਤਮਾ ਉਤੇ ਆਪਣਾ ਅਸਰ ਨਹੀਂ ਪਾ ਸਕਦੀਆਂ, ਤਿਵੇਂ ਗੁਰੂ ਭੀ ਇਹਨਾਂ ਦੀ ਮਾਰ ਤੋਂ ਉਤਾਂਹ ਰਹਿੰਦਾ ਹੈ।

ਲੋਕ ਸੱਪ ਆਦਿਕ ਨੂੰ ਕੀਲਣ ਵਾਸਤੇ ਮੰਤਰ ਪੜ੍ਹਦੇ ਹਨ। ਗੁਰੂ ਦਾ ਸ਼ਬਦ ਸਭ ਮੰਤਰਾਂ ਤੋਂ ਸ੍ਰੇਸ਼ਟ ਮੰਤਰ ਹੈ, ਇਹ ਮੰਤਰ ਮਨੁੱਖ ਦੇ ਮਨ-ਸੱਪ ਨੂੰ ਕੀਲ ਸਕਦਾ ਹੈ। ਗੁਰੂ ਦਾ ਇਹ ਸ਼ਬਦ-ਮੰਤਰ ਹੀ ਗੁਰੂ ਦੀ ਮੂਰਤੀ ਹੈ ਗੁਰੂ ਦਾ ਅਸਲ ਸਰੂਪ ਹੈ। ਜੇ ਮਨੁੱਖ ਨੇ ਆਪਣੇ ਮਨ-ਸੱਪ ਨੂੰ ਕੀਲ ਕੇ ਰੱਖਣਾ ਹੈ, ਤਾਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣੀ ਸੁਰਤਿ ਸਦਾ ਟਿਕਾਈ ਰੱਖੇ। ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਹੀ ਸਦਾ ਜੀਵਨ ਦਾ ਸਹੀ ਰਸਤਾ ਵਿਖਾਂਦਾ ਹੈ। ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਹੀ ਉੱਚੇ ਆਤਮਕ ਜੀਵਨ ਦਾ ਚਾਨਣ ਮਿਲਦਾ ਹੈ।

(23) ਹੜ੍ਹ ਆਏ ਹੋਏ ਨਦੀ ਨਾਲੇ ਵਿਚੋਂ ਤਾਰੂ-ਬੰਦੇ ਹੀ ਸਹੀ ਮੁਸਾਫ਼ਿਰਾਂ ਨੂੰ ਪਾਰ ਲੰਘਾ ਸਕਦੇ ਹਨ। ਜੇਹੜਾ ਆਪ ਹੀ ਗੋਤੇ ਖਾਂਦਾ ਹੋਵੇ, ਉਹ ਕਿਸੇ ਹੋਰ ਨੂੰ ਕਿਵੇਂ ਪਾਰ ਲੰਘਾਵੇ?

ਜੇਹੜਾ ਮਨੁੱਖ ਆਪ ਹੀ ਵਿਕਾਰੀ ਹੋਵੇ, ਉਹ ਕਿਸੇ ਹੋਰ ਨੂੰ ਵਿਕਾਰਾਂ ਤੋਂ ਬਚਾਣ ਦਾ ਕੀਹ ਉਪਦੇਸ਼ ਕਰੇ? ਰੱਬ ਨਾਲ ਰੱਤਾ ਹੋਇਆ ਹੀ ਦੂਜਿਆਂ ਨੂੰ ਵਿਕਾਰਾਂ ਦੇ ਹੜ੍ਹ ਵਿਚੋਂ ਬਚਾ ਸਕਦਾ ਹੈ।

ਕੋਈ ਚਿੱਤਰਕਾਰ ਇਕ ਸੋਹਣੀ ਤਸਵੀਰ ਬਣਾ ਕੇ ਆਪਣੀ ਦੁਕਾਨ ਦੇ ਬਾਹਰ ਲਟਕਾ ਦੇਂਦਾ ਹੈ। ਲੰਘਦੇ ਬੰਦੇ ਉਸ ਤਸਵੀਰ ਨੂੰ ਵੇਖ ਕੇ ਮਸਤ ਹੋ ਜਾਂਦੇ ਹਨ ਤੇ ਵੇਖਣ ਲਈ ਅਟਕ ਜਾਂਦੇ ਹਨ। ਚਿੱਤਰਕਾਰ ਆਪਣੀ ਦੁਕਾਨ ਵਿਚੋਂ ਉੱਠ ਉੱਠ ਕੇ ਉਸ ਤਸਵੀਰ ਨੂੰ ਵੇਖਣ ਲਈ ਬਾਹਰ ਨਹੀਂ ਆਉਂਦਾ। ਇਹ ਤਸਵੀਰ ਉਸ ਨੇ ਆਪ ਬਣਾਈ ਹੈ, ਤੇ, ਇਹੋ ਜਿਹੀਆਂ ਕਈ ਹੋਰ ਬਣਾ ਸਕਦਾ ਹੈ।

ਪਰਮਾਤਮਾ ਚਿੱਤਰਕਾਰ ਆਪਣੇ ਬਣਾਏ ਜਗਤ ਦੀ ਸੁੰਦਰਤਾ ਉਤੇ ਮਸਤ ਹੋ ਕੇ ਕਿਸੇ ਵਿਕਾਰ ਆਦਿਕ ਦੇ ਕੁਰਾਹੇ ਨਹੀਂ ਪੈਂਦਾ। ਗੁਰੂ ਉਤੇ ਭੀ ਮਾਇਆ ਦੀ ਕੋਈ ਸੁੰਦਰਤਾ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਗੁਰੂ ਦੀ ਆਤਮਕ ਅਵਸਥਾ ਉਤਨੀ ਹੀ ਉੱਚੀ ਹੈ ਜਿਤਨੀ ਪਰਮਾਤਮਾ ਦੀ। ਗੁਰੂ ਪਰਮਾਤਮਾ ਦਾ ਰੂਪ ਹੈ। ਉੱਚੀ ਆਤਮਕ ਅਵਸਥਾ ਦੇ ਦ੍ਰਿਸ਼ਟੀ ਕੋਣ ਤੋਂ ਗੁਰੂ ਤੇ ਪਰਮਾਤਮਾ ਵਿਚ ਰਤਾ ਭਰ ਭੀ ਫ਼ਰਕ ਨਹੀਂ ਹੈ।

(24) ਸਾਵਣ ਦੇ ਮਹੀਨੇ ਬੱਦਲ ਵਰ੍ਹਿਆਂ ਜੇਠ-ਹਾੜ ਵਾਲੀ ਤਪਸ਼ ਮਿਟ ਜਾਂਦੀ ਹੈ। ਪਾਰਸ ਨਾਲ ਛੁਹਿਆਂ ਲੋਹਾ ਸੋਨਾ ਬਣ ਜਾਂਦਾ ਹੈ। ਢੋਲ ਵੱਜੇ, ਤਾਂ ਸੁਣਨ ਵਾਲੇ ਦਾ ਮਨ ਆਪ-ਮੁਹਾਰਾ ਖ਼ੁਸ਼ੀ ਨਾਲ ਨੱਚਦਾ ਹੈ।

ਗੁਰੂ ਨੂੰ ਮਿਲ ਕੇ ਜਿਸ ਹਿਰਦੇ ਵਿਚ ਪ੍ਰਭੂ-ਪਿਆਰ ਪੈਦਾ ਹੋ ਜਾਏ, ਉਥੇ ਸ਼ਾਂਤੀ ਉੱਚਤਾ ਤੇ ਸੁਖ ਦਾ ਰਾਜ ਹੋ ਜਾਂਦਾ ਹੈ।

(25) ਗੁਰੂ ਮੇਹਰ ਦੀ ਨਿਗਾਹ ਕਰ ਕੇ ਸਾਰੇ ਪਾਪ ਵਿਕਾਰ ਦੂਰ ਕਰ ਦੇਂਦਾ ਹੈ।

(26) ਪਾਰਸ ਨਾਲ ਛੁਹਿਆਂ ਤਾਂਬਾ ਲੋਹਾ ਆਦਿਕ ਧਾਤ ਸੋਨਾ ਬਣ ਜਾਂਦੀ ਹੈ। ਚੰਦਨ ਦੇ ਬੂਟੇ ਪਾਸ ਉੱਗੇ ਹੋਏ ਹੌਲੇ ਮੇਲ ਦੇ ਰੁੱਖ ਭੀ ਸੁਗੰਧੀ ਵਾਲੇ ਹੋ ਜਾਂਦੇ ਹਨ।

ਸਤਿਗੁਰੂ ਦੀ ਸੰਗਤਿ ਵਿਚ ਪਸ਼ੂ-ਸੁਭਾਵ ਮਨੁੱਖ ਦੇਵਤਾ-ਸੁਭਾਵ ਬਣ ਜਾਂਦਾ ਹੈ।

(27) ਮਾਇਆ ਦੀ ਚੋਟ ਬੁਰੀ! ਬਹੁਤਾ ਧਨ ਖੱਟ ਕੇ ਕੋਈ ਵਿਰਲਾ ਹੀ ਹੋਵੇਗਾ ਜੋ ਆਕੜ ਆਕੜ ਕੇ ਨਾਹ ਤੁਰਦਾ ਹੋਵੇ। ਜਿਸ ਮਨੁੱਖ ਦੇ ਪਿੱਛੇ ਤੁਰਨ ਵਾਲੇ ਬਹੁਤੇ ਸਾਥੀ ਬਣ ਜਾਣ, ਉਹ ਕੋਈ ਵਿਰਲਾ ਹੀ ਰਹਿ ਜਾਂਦਾ ਹੈ ਜਿਸ ਨੂੰ ਇਹਨਾਂ ਬਹੁਤੀਆਂ ਬਾਹਵਾਂ ਦਾ ਮਾਣ-ਅਫਰੇਵਾਂ ਨਾਹ ਹੋਵੇ।

ਪਰ ਜਿਸ ਮਨੁੱਖ ਦੇ ਸਿਰ ਉਤੇ ਗੁਰੂ ਆਪਣੀ ਮਿਹਰ ਦਾ ਹੱਥ ਰੱਖਦਾ ਹੈ ਉਸ ਨੂੰ ਨਾਹ ਧਨ ਦਾ ਨਾਹ ਬਹੁਤੀਆਂ ਬਾਹਾਂ ਆਦਿਕ ਦਾ ਮਾਣ ਕੁਰਾਹੇ ਪਾ ਸਕਦਾ ਹੈ।

(28) ਮਾਇਆ ਦੇ ਮੋਹ ਨੇ ਜਗਤ ਵਿਚ ਘੁੱਪ ਹਨੇਰਾ ਪਾਇਆ ਹੋਇਆ ਹੈ। ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਕਦਮ ਕਦਮ ਤੇ ਠੇਢੇ ਖਾ ਰਹੇ ਹਨ। ਮਨੁੱਖ ਦੀ ਸੁਰਤਿ ਰਹਿੰਦੀ ਹੀ ਹਰ ਵੇਲੇ ਹੈ ਮਾਇਆ ਦੀ ਨਿਵਾਣ ਵਿਚ। ਕਿਸੇ ਵੇਲੇ ਭੀ ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ ਮਨੁੱਖ ਨੂੰ ਖ਼ਲਾਸੀ ਨਹੀਂ ਮਿਲਦੀ।

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਆਸਰਾ ਲੈਂਦਾ ਹੈ ਉਸ ਦੇ ਪਿਛਲੇ ਸਾਰੇ ਕੀਤੇ ਪਾਪਾਂ ਦੇ ਸੰਸਕਾਰ ਮਿਟ ਜਾਂਦੇ ਹਨ ਉਸ ਦਾ ਜੀਵਨ ਨਵਾਂ-ਨਰੋਆ ਹੋ ਜਾਂਦਾ ਹੈ।

(29) ਮਨੁੱਖ ਦਾ ਸਰੀਰ ਇਕ ਨਗਰ ਹੈ, ਕਿਲ੍ਹਾ ਹੈ। ਇਸ ਵਿਚ ਪਰਮਾਤਮਾ ਦੇ ਨਾਮ ਅਤੇ ਭਲੇ ਗੁਣਾਂ ਦਾ ਖ਼ਜ਼ਾਨਾ ਲੁਕਿਆ ਪਿਆ ਹੈ। ਅੰਞਾਣ ਮਨੁੱਖ ਨੂੰ ਆਪਣੇ ਅੰਦਰ ਦੇ ਇਸ ਖ਼ਜ਼ਾਨੇ ਦਾ ਪਤਾ ਨਹੀਂ।

ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੇ ਚੋਰ ਮਨੁੱਖ ਦੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ, ਤੇ ਸ਼ੁਭ ਗੁਣਾਂ ਦੀ ਸਾਰੀ ਰਾਸ ਪੂੰਜੀ ਲੁੱਟ ਲੈ ਜਾਂਦੇ ਹਨ। ਗੁਰੂ ਮਿਲਿਆਂ ਸੂਝ ਪੈਂਦੀ ਹੈ।

(30) ਮਨੁੱਖ ਦਾ ਸਰੀਰ ਇਕ ਕਿਲ੍ਹਾ ਹੈ ਜਿਸ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੌਧਰੀ ਵੱਸਦੇ ਹਨ। ਸਰੀਰ ਦੇ ਮਾਲਕ ਮਨ ਤੋਂ ਇਹ ਸਦਾ ਮੁਆਮਲਾ ਮੰਗਦੇ ਰਹਿੰਦੇ ਹਨ, ਤੇ ਮੁਆਮਲਾ ਭੀ ਬਹੁਤ ਵਧੀਕ ਵਸੂਲ ਕਰਦੇ ਹਨ। ਇਸ ਤਰ੍ਹਾਂ ਇਸ ਕਿਲ੍ਹੇ ਦੀ ਸਾਰੀ ਜਾਇਦਾਦ ਉੱਜੜ ਜਾਂਦੀ ਹੈ। ਸ਼ੁਭ ਗੁਣਾਂ-ਰੂਪ ਪਰਜਾ ਇਸ ਵਿਚ ਵੱਸ ਹੀ ਨਹੀਂ ਸਕਦੀ।

ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਹ ਇਹਨਾਂ ਚੌਧਰੀਆਂ ਦੇ ਢਹੇ ਨਹੀਂ ਚੜ੍ਹਦਾ।

(31) ਜਗਤ ਵਿਚ ਆਉਣਾ ਉਹਨਾਂ ਮਨੁੱਖਾਂ ਦਾ ਸਫਲ ਹੈ, ਜੋ ਉੱਚ-ਜੀਵਨ ਬਜ਼ੁਰਗਾਂ ਦੇ ਜੀਵਨ ਦੀਆਂ ਸਾਖੀਆਂ ਅਤੇ ਉਹਨਾਂ ਦੇ ਉਪਦੇਸ਼ ਸੁਣ ਕੇ ਆਪਣਾ ਜੀਵਨ ਉੱਚਾ ਕਰਦੇ ਹਨ। ਅਜੇਹੇ ਬੰਦੇ ਆਪਣੇ ਖ਼ਾਨਦਾਨ ਵਾਸਤੇ ਆਦਰ-ਮਾਣ ਦਾ ਕਾਰਨ ਬਣਦੇ ਹਨ।

(32) ਜਿਵੇਂ ਬਿੱਲੀ ਚੂਹਿਆਂ ਨੂੰ ਭੱਜ ਕੇ ਖਾਣ ਪੈਂਦੀ ਹੈ, ਜਿਵੇਂ ਸ਼ੇਰ ਜੰਗਲ ਦੇ ਕਮਜ਼ੋਰ ਪਸ਼ੂਆਂ ਉੱਤੇ ਆ ਪੈਂਦਾ ਹੈ, ਤਿਵੇਂ ਤ੍ਰਿਸ਼ਨਾ-ਮਾਰਿਆ ਮਨੁੱਖ ਮਾਇਕ ਪਦਾਰਥਾਂ ਨੂੰ ਟੁੱਟ ਟੁੱਟ ਪੈਂਦਾ ਰਹਿੰਦਾ ਹੈ। ਅਜੇਹੇ ਮਨੁੱਖ ਦੀ ਆਤਮਕ ਪੱਧਰ ਬਹੁਤ ਨੀਵੀਂ ਹੋ ਜਾਂਦੀ ਹੈ। ਉਸ ਦੀ ਨੀਅਤ ਹਰ ਵੇਲੇ ਭੁੱਖੀ, ਹਰ ਵੇਲੇ ਭੁੱਖੀ। ਪਰ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦੀ ਯਾਦ ਦਾ ਅੰਮ੍ਰਿਤ ਪੀਂਦਾ ਹੈ, ਤਾਂ ਸੁਆਰਥ ਵਿਚ ਮਰੀ ਹੋਈ ਆਤਮਾ ਜੀਊ ਪੈਂਦੀ ਹੈ; ਵਿਕਾਰਾਂ ਵਲੋਂ ਇਸ ਨੂੰ ਘ੍ਰਿਣਾ ਹੋ ਜਾਂਦੀ ਹੈ, ਮਾਨੋ, ਬਿੱਲੀ ਚੂਹਿਆਂ ਤੋਂ ਡਰਨ ਲੱਗ ਪਈ ਹੈ, ਅਤੇ ਸ਼ੇਰ ਬੱਕਰੀ ਦੇ ਅਧੀਨ ਹੋ ਗਿਆ ਹੈ।

5. ਸੰਗਤਿ

ਸਾਧ ਸੰਗਤਿ, ਕੁਸੰਗ

ਸੰਗਤਿ:

1. ਸਲੋਕ ਮ: 2 (ਵਾਰ ਸੂਹੀ) . . . . ਤੁਰਦੇ ਕਉ ਤੁਰਦਾ ਮਿਲੈ (ਪੰਨਾ 788

2. ਸਿਰੀ ਰਾਗੁ ਮ: 3 . . . . ਪੰਖੀ ਬਿਰਖਿ ਸੁਹਾਵੜਾ (ਪੰਨਾ 66

3. ਸਲੋਕ ਮ: 3 (ਵਾਰ ਬਿਹਾਗੜਾ) . . . . ਨਾਨਕ ਤਰਵਰੁ ਏਕੁ ਫਲੁ (ਪੰਨਾ 550

ਸਾਧ ਸੰਗਤਿ:

4. ਬਿਲਾਵਲ ਮ: 4 . . . . ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ (ਪੰਨਾ 833

5. ਮਾਲੀ ਗਉੜਾ ਮ: 4 . . . . ਮੇਰਾ ਮਨੁ ਰਾਮਨਾਮਿ ਰਸਿ ਲਾਗਾ (ਪੰਨਾ 985

6. ਕਾਨੜਾ ਮ: 4 . . . . ਜਪਿ ਮਨ ਹਰਿ ਹਰਿ ਨਾਮੁ, ਤਰਾਵੈਗੋ (ਪੰਨਾ 1309

7. ਗਉੜੀ ਮ: 5 . . . . ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ (ਪੰਨਾ 182

8. ਗਉੜੀ ਮ: 5 . . . . ਰਾਖੁ ਪਿਤਾ ਪ੍ਰਭ ਮੇਰੇ . . . . ਪੰਨੇ 205-06

9. ਆਸਾ ਮ: 5 . . . . ਚਾਰਿ ਬਰਨ ਚੌਹਾ ਕੇ ਮਰਦਨ (ਪੰਨਾ 404

10. ਆਸਾ ਮ: 5 . . . . (ਧੰਨਾ ਜੀ) . . . . ਗੋਬਿੰਦ ਗੋਬਿੰਦ ਗੋਬਿੰਦ ਸੰਗਿ (ਪੰਨਾ 487

11. ਸੋਰਠਿ ਮ: 5 . . . . ਰਾਮ ਦਾਸ ਸਰੋਵਰਿ ਨਾਤੇ (ਪੰਨਾ 625

12. ਧਨਾਸਰੀ ਮ: 5 . . . . ਕਰਿ ਕਿਰਪਾ ਦੀਓ ਮੋਹਿ ਨਾਮਾ (ਪੰਨਾ 671

13. ਕਾਨੜਾ ਮ: 5 . . . . ਬਿਸਰਿ ਗਈ ਸਭ ਤਾਤਿ ਪਰਾਈ (ਪੰਨਾ 1299

14. ਭੈਰਉ ਕਬੀਰ ਜੀ . . . . ਕਿਉ ਲੀਜੈ ਗਢੁ ਬੰਕਾ ਭਾਈ (ਪੰਨਾ 1161

15. ਭੈਰਉ ਕਬੀਰ ਜੀ . . . . ਗੰਗਾ ਕੈ ਸੰਗਿ ਸਲਿਤਾ ਬਿਗਰੀ (ਪੰਨਾ 1158

16. ਸਲੋਕ ਕਬੀਰ ਜੀ . . . . ਕਬੀਰ ਚੰਦਨ ਕਾ ਬਿਰਵਾ ਭਲਾ (ਪੰਨਾ 1365

17. ਬਸੰਤ ਨਾਮਦੇਵ ਜੀ . . . . ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ (ਪੰਨਾ 1196

18. ਆਸਾ ਰਵਿਦਾਸ ਜੀ . . . . ਤੁਮ ਚੰਦਨ, ਹਮ ਇਰੰਡ ਬਾਪੁਰੈ (ਪੰਨਾ 486

19. ਧਨਾਸਰੀ ਰਵਿਦਾਸ ਜੀ . . . . ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ (ਪੰਨਾ 694

ਕੁਸੰਗ:

20. ਦੇਵ ਗੰਧਾਰੀ ਮ: 5 . . . . ਉਲਟੀ ਰੇ ਮਨ ਉਲਟੀ ਰੇ (ਪੰਨਾ 535

21. ਸਲੋਕ ਮ: 5 (ਵਾਰ ਰਾਮਕਲੀ) . . . . ਕਬੀਰ ਚਾਵਲ ਕਾਰਣੇ (ਪੰਨਾ 965

ਭਾਵ:

(1) ਹਾਣ ਨੂੰ ਹਾਣ ਪਿਆਰਾ। ਭਲੇ ਮਨੁੱਖ ਨੂੰ ਭਲਿਆਂ ਦਾ ਸੰਗ ਪਿਆਰਾ ਲੱਗਦਾ ਹੈ, ਤੇ, ਵਿਕਾਰੀ ਨੂੰ ਵਿਕਾਰੀ ਦਾ।

(2) ਜੇਹੇ ਰੁੱਖ ਉਤੇ ਪੰਛੀ ਬੈਠੇ, ਉਹੋ ਜਿਹਾ ਉਸ ਨੂੰ ਫਲ ਮਿਲੇਗਾ, ਜੋ ਜੀਵ-ਪੰਛੀ ਪ੍ਰਭੂ ਦੀ ਯਾਦ ਦਾ ਚੋਗਾ ਚੁਗਦਾ ਹੈ, ਉਹ ਸੁਖੀ ਜੀਵਨ ਗੁਜ਼ਾਰਦਾ ਹੈ।

(3) ਸੰਸਾਰ ਇਕ ਰੁੱਖ-ਸਮਾਨ ਹੈ। ਇਥੇ ਭਾਂਤ ਭਾਂਤ ਦੇ ਜੀਵ-ਪੰਛੀ ਆਉਂਦੇ ਹਨ। ਕੋਈ ਵਿਕਾਰਾਂ ਵਿਚ ਪਰਵਿਰਤ ਹੈ, ਕੋਈ ਨਾਮ-ਰਸ ਵਿਚ ਮਸਤ ਹੈ।

(4) ਇਰੰਡ ਤੇ ਪਲਾਹ ਦੇ ਬੂਟੇ ਚੰਦਨ ਦੀ ਸੰਗਤਿ ਵਿਚ ਰਹਿ ਕੇ ਚੰਦਨ ਦੀ ਸੁਗੰਧੀ ਲੈ ਲੈਂਦੇ ਹਨ।

(5) ਸੂਰਜ ਚੜ੍ਹੇ ਤਾਂ ਉਸ ਦੀਆਂ ਕਿਰਨਾਂ ਦੀ ਸੰਗਤਿ ਨਾਲ ਕੌਲ ਫੁੱਲ ਖਿੜ ਪੈਂਦਾ ਹੈ।

ਭਲੀ ਸੰਗਤਿ ਵਿਚ ਆ ਕੇ ਵਿਕਾਰੀਆਂ ਦੇ ਵਿਕਾਰ ਨਸ਼ਟ ਹੋ ਜਾਂਦੇ ਹਨ। ਵਿਕਾਰਾਂ ਵਿਚ ਸੁੱਤਾ ਮਨ ਜਾਗ ਪੈਂਦਾ ਹੈ।

(6) ਲੱਕੜੀ ਦੇ ਸੰਗ ਲੋਹਾ ਭੀ ਨਦੀ ਤੋਂ ਪਾਰ ਲੰਘ ਜਾਂਦਾ ਹੈ।

(7) ਹਰੇਕ ਜੀਵ ਨੂੰ ਪਰਮਾਤਮਾ ਨੇ ਉੱਚੇ ਆਤਮਕ ਜੀਵਨ ਦੀ ਰਾਸ-ਪੂੰਜੀ ਦਿੱਤੀ ਹੋਈ ਹੈ। ਪਰ ਇਸ ਵਲੋਂ ਅਵੇਸਲਾ ਹੋ ਕੇ ਜੀਵ ਦਾ ਮਨ ਪ੍ਰਭੂ-ਚਰਨਾਂ ਵਿਚ ਜੁੜਨ ਦੇ ਥਾਂ ਮਾਇਆ ਦੇ ਰੰਗ-ਤਮਾਸ਼ਿਆਂ ਵਿਚ ਮਗਨ ਰਹਿੰਦਾ ਹੈ। ਜਿਨ੍ਹਾਂ ਅੱਖਾਂ ਨੇ ਹਰ ਪਾਸੇ ਆਪਣੇ ਸਿਰਜਣਹਾਰ ਦਾ ਦਰਸਨ ਕਰਨਾ ਸੀ, ਉਹ ਅੱਖਾਂ ਪਰਾਇਆ ਰੂਪ ਤੱਕਣ ਵਿਚ ਮਸਤ ਰਹਿੰਦੀਆਂ ਹਨ। ਜਿਨ੍ਹਾਂ ਕੰਨਾਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨੀ ਸੀ, ਉਹ ਕੰਨ ਪਰਾਈ ਨਿੰਦਾ ਸੁਣਨ ਦੇ ਆਹਰੇ ਲੱਗੇ ਰਹਿੰਦੇ ਹਨ। ਜਿਸ ਜੀਭ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਨੀਆਂ ਸਨ, ਉਹ ਜੀਭ ਖਾਣ-ਪੀਣ ਦੇ ਚਸਕੇ ਵਿਚ ਰੁੱਝੀ ਰਹਿੰਦੀ ਹੈ।

ਵੇਖੋ ਜੀਵ ਦੇ ਭਾਗ! ਇਸ ਦੇ ਸਾਰੇ ਹੀ ਇੰਦ੍ਰੇ ਆਪੋ ਆਪਣੇ ਚਸਕੇ ਵਿਚ ਫਸੇ ਰਹਿੰਦੇ ਹਨ। ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਨਿਖਸਮੀ ਪਈ ਵੇਖ ਕੇ ਕਾਮਾਦਿਕ ਡਾਕੂ ਇਸ ਨੂੰ ਦਿਨ-ਰਾਤ ਲੁੱਟੀ ਜਾ ਰਹੇ ਹਨ। ਨਾਹ ਮਾਂ ਨਾਹ ਪਿਉ, ਨਾਹ ਮਿੱਤਰ ਨਾਹ ਭਰਾ = ਕੋਈ ਭੀ ਇਹਨਾਂ ਡਾਕੂਆਂ ਤੋਂ ਬਚਾ ਨਹੀਂ ਸਕਦਾ। ਨਾਹ ਇਹਨਾਂ ਨੂੰ ਧਨ ਦਾ ਲਾਲਚ ਦੇ ਕੇ ਹਟਾਇਆ ਜਾ ਸਕਦਾ ਹੈ, ਨਾਹ ਹੀ ਕਿਸੇ ਚਲਾਕੀ ਨਾਲ ਇਹ ਵੱਸ ਵਿਚ ਆ ਸਕਦੇ ਹਨ।

ਇਕੋ ਇਕ ਤਰੀਕਾ ਹੈ ਇਹਨਾਂ ਤੋਂ ਬਚਣ ਦਾ। ਜਿਸ ਵਿਰਲੇ ਭਾਗਾਂ ਵਾਲੇ ਨੂੰ ਸਾਧ-ਸੰਗਤਿ ਨਸੀਬ ਹੋ ਜਾਏ, ਉਸ ਉਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ।

ਇਸ ਵਾਸਤੇ ਪ੍ਰਭੂ-ਦਰ ਤੇ ਹੀ ਅਰਜ਼ੋਈ ਕਰਨੀ ਚਾਹੀਦੀ ਹੈ– ਹੇ ਪਾਤਿਸ਼ਾਹ! ਮੈਨੂੰ ਸਤ-ਸੰਗੀਆਂ ਦੇ ਚਰਨਾਂ ਦੀ ਧੂੜੀ ਬਖ਼ਸ਼ੀ ਰੱਖ।

ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਗਉੜੀ ਰਾਗ ਦੇ ਇਕ ਸ਼ਬਦ ਵਿਚ ਇਉਂ ਫ਼ੁਰਮਾਂਦੇ ਹਨ:

(8) ਕਾਮਾਦਿਕ ਪੰਜੇ ਵਿਕਾਰ ਬੜੇ ਬਲੀ ਹਨ। ਜੀਵ ਇਹਨਾਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ। ਇਹ ਹਰ ਵੇਲੇ ਜੀਵ ਨੂੰ ਤੰਗ ਕਰਦੇ ਰਹਿੰਦੇ ਹਨ। ਜੀਵ ਪਿਆ ਜਤਨ ਕਰੇ, ਇਹ ਉਸ ਦੀ ਪੇਸ਼ ਨਹੀਂ ਜਾਣ ਦੇਂਦੇ। ਇਹਨਾਂ ਤੋਂ ਬਚਣ ਦਾ ਇਕੋ ਇਕ ਹੀ ਵਸੀਲਾ ਹੈ– ਉਹ ਹੈ ਸਾਧ ਸੰਗਤਿ। ਸਾਧ ਸੰਗਤਿ ਵਿਚ ਸਤ-ਸੰਗੀਆਂ ਦੀ ਕਿਰਪਾ ਨਾਲ ਗੁਰੂ ਦੀ ਬਾਣੀ ਅਨੁਸਾਰ ਜੀਵਨ ਬਣਾਣ ਦਾ ਅਵਸਰ ਮਿਲਦਾ ਹੈ।

ਜਿਹੜਾ ਮਨੁੱਖ ਸਾਧ ਸੰਗਤਿ ਦਾ ਆਸਰਾ ਤੱਕਦਾ ਹੈ, ਉਹ ਇਹਨਾਂ ਬਲੀ ਝਗੜਾਲੂਆਂ ਉਤੇ ਕਾਬੂ ਪਾ ਲੈਂਦਾ ਹੈ। ਗੁਰੂ ਦੀ ਬਾਣੀ ਉਸ ਨੂੰ ਆਤਮਕ ਅਡੋਲਤਾ ਵਿਚ ਲੈ ਅੱਪੜਦੀ ਹੈ, ਉਸ ਦਾ ਜੀਵਨ ਸੁਖੀ ਬਣਾ ਦੇਂਦੀ ਹੈ। ਮਨੁੱਖ ਦੇ ਅੰਦਰ ਉੱਚੇ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।

ਸਾਧ ਸੰਗਤਿ ਵਿਚ ਟਿਕ ਕੇ ਹੀ ਮਨੁੱਖ ਪ੍ਰਭੂ-ਦਰ ਤੇ ਅਰਦਾਸ ਕਰਨੀ ਸਿੱਖਦਾ ਹੈ ਕਿ ਹੇ ਪ੍ਰਭੂ! ਮੈਨੂੰ ਗ਼ਰੀਬ ਨੂੰ ਇਹਨਾਂ ਪੰਜਾਂ ਦੀ ਮਾਰ ਤੋਂ ਬਚਾ ਲੈ।

ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਪ੍ਰਭੂ-ਦਰ ਤੇ ਇਉਂ ਅਰਜ਼ੋਈ ਕਰਦੇ ਹਨ:

(9) ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ, ਵੈਸ਼ ਹੋਵੇ ਕੋਈ ਸ਼ੂਦਰ ਹੋਵੇ, ਕੋਈ ਜੋਗੀ ਹੋਵੇ ਜੰਗਮ ਹੋਵੇ, ਕੋਈ ਸਰੇਵੜਾ ਹੋਵੇ ਕੋਈ ਸੰਨਿਆਸੀ ਹੋਵੇ = ਕਾਮਾਦਿਕ ਵਿਕਾਰ ਕਿਸੇ ਭੀ ਵਰਨ ਜਾਂ ਭੇਖ ਦਾ ਲਿਹਾਜ਼ ਨਹੀਂ ਕਰਦੇ, ਸਭਨਾਂ ਨੂੰ ਆਪਣੇ ਹੱਥਾਂ ਉਤੇ ਨਚਾਂਦੇ ਹਨ, ਸਭ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ।

ਦੁਨੀਆ ਵਿਚ ਉਸੇ ਮਨੁੱਖ ਨੂੰ ਪੂਰਨ ਸਮਝੋ, ਜਿਸ ਨੇ ਇਹਨਾਂ ਪੰਜਾਂ ਦਾ ਆਪਣੇ ਉਤੇ ਦਾਅ ਨਹੀਂ ਚਲਣ ਦਿੱਤਾ।

ਇਹਨਾਂ ਕਾਮਾਦਿਕਾਂ ਦੀ ਫ਼ੌਜ ਬੜੀ ਡਾਢੀ ਹੈ, ਨਾਹ ਇਹ ਈਨ ਮੰਨਦੀ ਹੈ ਤੇ ਨਾਹ ਹੀ ਇਹ ਕਿਸੇ ਪਾਸੋਂ ਡਰ ਕੇ ਭੱਜਦੀ ਹੈ। ਸਿਰਫ਼ ਉਸੇ ਮਨੁੱਖ ਨੇ ਇਹਨਾਂ ਨੂੰ ਜਿੱਤਿਆ ਹੈ ਜਿਸ ਨੇ ਸਾਧ-ਸੰਗਤਿ ਦਾ ਆਸਰਾ ਲਿਆ ਹੈ।

ਸਾਹਿਬ ਗੁਰੂ ਅਰਜਨ ਦੇਵ ਜੀ ਆਸਾ ਰਾਗ ਵਿਚ ਇਉਂ ਫ਼ੁਰਮਾਂਦੇ ਹਨ:

(10) ਧੰਨਾ ਜੀ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਜੀਵਨ ਦਾ ਸਹੀ ਰਸਤਾ ਲੱਭ ਪਿਆ।

(11) ਰਾਮ ਦੇ ਦਾਸਾਂ ਦਾ ਇਕੱਠ, ਸਾਧੂਆਂ ਦੀ ਸੰਗਤਿ, ਸਾਧ-ਸੰਗਤਿ ਇਕ ਐਸਾ ਸਰੋਵਰ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਅੰਮ੍ਰਿਤ-ਜਲ ਨਾਲ ਮਨ ਨੂੰ ਇਸ਼ਨਾਨ ਕਰਾਇਆਂ ਮਨ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਉਤਰ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਪਰ ਇਹ ਦਾਤਿ ਗੁਰੂ ਦੀ ਰਾਹੀਂ ਹੀ ਮਿਲਦੀ ਹੈ।

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਉੱਚੇ ਆਤਮਕ ਜੀਵਨ ਵਾਲੀ ਸਾਰੀ ਰਾਸ-ਪੂੰਜੀ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚ ਰਹਿੰਦੀ ਹੈ। ਪ੍ਰਭੂ ਦੀ ਕਿਰਪਾ ਨਾਲ ਉਸ ਦੇ ਅੰਦਰ ਸਦਾ ਆਤਮਕ ਅਡੋਲਤਾ ਦਾ ਆਨੰਦ ਬਣਿਆ ਰਹਿੰਦਾ ਹੈ।

ਇਹ ਯਕੀਨ ਜਾਣੋ ਕਿ ਸਾਧ-ਸੰਗਤਿ ਵਿਚ ਟਿਕੇ ਰਿਹਾਂ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਪਰਮਾਤਮਾ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸਦਾ ਹੈ। ਜਿਸ ਮਨੁੱਖ ਨੇ ਸਤਸੰਗ ਵਿਚ ਆ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਹੈ।

ਸਾਹਿਬ ਗੁਰੂ ਅਰਜੁਨ ਦੇਵ ਜੀ ਸੋਰਠਿ ਰਾਗ ਦੇ ਸ਼ਬਦ ਵਿਚ ਫ਼ੁਰਮਾਂਦੇ ਹਨ:

(12) ਜਿਸ ਮਨੁੱਖ ਨੂੰ ਪਰਮਾਤਮਾ ਸਾਧ ਸੰਗਤਿ ਵਿਚ ਬੈਠਣ ਦਾ ਅਵਸਰ ਬਖ਼ਸ਼ਦਾ ਹੈ, ਉਸ ਦੇ ਅੰਦਰੋਂ ਵਿਤਕਰਾ, ਅਹੰਕਾਰ, ਮੋਹ ਅਤੇ ਮਨ ਦੀਆਂ ਹੋਰ ਸਾਰੀਆਂ ਭੈੜੀਆਂ ਵਾਸ਼ਨਾਂ ਸਦਾ ਲਈ ਮਿਟ ਜਾਂਦੀਆਂ ਹਨ।

ਗੁਰੂ ਦੀ ਸਰਨ ਦੀ ਬਰਕਤਿ ਨਾਲ ਉਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਦਾਤਿ ਮਿਲਦੀ ਹੈ, ਫਿਰ ਉਸ ਨੂੰ ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਪ੍ਰਕਾਸ਼ ਦਿੱਸਦਾ ਹੈ, ਉਸ ਦੇ ਮਨ ਵਿਚ ਕਿਸੇ ਪ੍ਰਾਣੀ ਵਾਸਤੇ ਕੋਈ ਵੈਰ-ਵਿਰੋਧ ਨਹੀਂ ਰਹਿ ਜਾਂਦਾ।

ਮਨੁੱਖ ਦਾ ਮਨ ਜਨਮਾਂ ਜਨਮਾਂਤਰਾਂ ਦੀਆਂ ਬਣੀਆਂ ਹੋਈਆਂ ਵਾਦੀਆਂ ਦੇ ਕਾਰਨ ਅਮੋੜ ਜਿਹਾ ਹੋ ਜਾਂਦਾ ਹੈ, ਇਹ ਮੁੜ ਮੁੜ ਵਿਤਕਰਿਆਂ ਵਿਚ ਪੈਂਦਾ ਹੈ, ਇਹ ਮੁੜ ਮੁੜ ਝਗੜੇ-ਬਖੇੜੇ ਕਰਦਾ ਹੈ, ਪਰ ਸਾਧ ਸੰਗਤਿ ਦੀ ਬਰਕਤਿ ਨਾਲ ਜਦੋਂ ਇਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਜਾਗਦਾ ਹੈ, ਤਾਂ ਇਸ ਦਾ ਇਹ ਅਮੋੜ-ਪੁਣਾ ਦੂਰ ਹੋ ਜਾਂਦਾ ਹੈ, ਇਸ ਨੂੰ ਇਉਂ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਹਰ ਥਾਂ ਹਰੇਕ ਜੀਵ ਦੇ ਅੰਦਰ ਵੱਸ ਰਿਹਾ ਹੈ।

ਸਾਹਿਬ ਪੰਜਵੇਂ ਪਾਤਿਸ਼ਾਹ ਧਨਾਸਰੀ ਰਾਗ ਦੇ ਸ਼ਬਦ ਵਿਚ ਸਾਧ ਸੰਗਤਿ ਦੀ ਬਰਕਤਿ ਦਾ ਜ਼ਿਕਰ ਕਰਦੇ ਹੋਏ ਆਪਣੇ ਉਤੇ ਹੋਈ ਕਿਰਪਾ ਇਉਂ ਬਿਆਨ ਕਰਦੇ ਹਨ:

(13) ਚਾਹੇ ਕੋਈ ਗ੍ਰਿਹਸਤੀ ਹੈ ਚਾਹੇ ਤਿਆਗੀ, ਈਰਖਾ-ਸਾੜਾ ਇਕ ਐਸੀ ਅੱਗ ਹੈ ਜੋ ਤਕਰੀਬਨ ਹਰੇਕ ਪ੍ਰਾਣੀ ਦੇ ਅੰਦਰ ਬੇ-ਮਲੂਮੇ ਹੀ ਧੁੱਖਦੀ ਰਹਿੰਦੀ ਹੈ। ਅਨੇਕਾਂ ਬੰਦੇ ਜਗਤ-ਪਿਆਰ ਤੇ ਸਰਬ-ਵਿਆਪਕਤਾ ਬਾਰੇ ਵਖਿਆਨ ਕਰਦੇ ਰਹਿੰਦੇ ਹਨ। ਪਰ ਜੇ ਉਹਨਾਂ ਦੇ ਅੰਦਰ ਵੱਸਦੀ ਈਰਖਾ ਦਾ ਅੰਦਾਜ਼ਾ ਲਾਣਾ ਹੋਵੇ ਤਾਂ ਉਹਨਾਂ ਦੇ ਅੱਤ ਨੇੜੇ ਰਹਿੰਦੇ ਉਹਨਾਂ ਦੇ ਆਪਣੇ ਹੀ ਕਿੱਤੇ ਦੇ ਬੰਦਿਆਂ ਬਾਰੇ ਕਦੇ ਸੁਣੋ ਉਹਨਾਂ ਦੇ ਨਿਜੀ ਖ਼ਿਆਲ। ਆਪਣਾ ਅਜ਼ੀਜ਼ ਇਮਤਿਹਾਨ ਵਿਚ ਫੇਹਲ ਹੋ ਜਾਏ, ਤੇ ਗੁਆਂਢੀ ਦਾ ਪਾਸ ਹੋ ਜਾਏ, ਤਾਂ ਏਕਾਂਤ ਵਿਚ ਫੋਲ ਵੇਖੋ ਫੇਹਲ ਹੋਏ ਬੱਚੇ ਦੇ ਮਾਪਿਆਂ ਦੇ ਦਿਲ ਦਾ ਉਬਾਲ। ਤਿਆਗੀ ਸਾਧੂ ਨੂੰ, ਲੋਕਾਂ ਨੂੰ ਤਿਆਗ ਦਾ ਸਦਾ ਉਪਦੇਸ਼ ਕਰਦੇ ਸਾਧੂ ਨੂੰ ਨੇੜੇ ਹੋ ਕੇ ਵੇਖੋ ਤਾਂ ਆਪਣੇ ਨੇੜੇ ਵੱਸਦੇ ਕਿਸੇ ਹੋਰ ਸਾਧੂ ਦੇ ਵਿਰੁੱਧ ਗਿਲੇ-ਗੁਜ਼ਾਰੀਆਂ ਕਰਦਾ ਥੱਕਦਾ ਨਹੀਂ।

ਪਰ ਜਦੋਂ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਣ ਦਾ ਸੁਭਾਉ ਪਕਾਂਦਾ ਹੈ, ਤਾਂ ਉਸ ਦੇ ਅੰਦਰੋਂ ਇਹ ਧੁਰ ਅੰਦਰ ਲੁਕੀ ਹੋਈ ਧੁਖਦੀ ਅੱਗ ਭੀ ਬੁੱਝ ਜਾਂਦੀ ਹੈ। ਗੁਆਂਢੀਆਂ ਦੀ ਤਰੱਕੀ ਹੁੰਦੀ ਵੇਖ ਕੇ ਅੰਦਰ ਪੈਦਾ ਹੋਣ ਵਾਲਾ ਸਾੜਾ ਭੀ ਉਸ ਦੇ ਅੰਦਰੋਂ ਮੁੱਕ ਜਾਂਦਾ ਹੈ। ਪਰ ਇਹ ਸੁਚੱਜੀ ਅਕਲ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤਿ ਵਿਚ ਰਹਿਣ ਵਾਲੇ ਬੰਦੇ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ। ਸਭ ਵਿਚ ਪਰਮਾਤਮਾ ਨੂੰ ਵੱਸਦਾ ਵੇਖ ਕੇ ਉਹ ਮਨੁੱਖ ਦੂਜਿਆਂ ਦੇ ਸੌਰਦੇ ਕੰਮ ਵੇਖ ਕੇ ਭੀ ਖ਼ੁਸ਼ ਹੁੰਦਾ ਹੈ।

ਸਾਧ ਸੰਗਤਿ ਦੀ ਉਪਮਾ ਕਰਦੇ ਹੋਏ ਗੁਰੂ ਅਰਜਨ ਸਾਹਿਬ ਆਪਣੇ ਅੰਦਰ ਆਈ ਤਬਦੀਲੀ ਦਾ ਜ਼ਿਕਰ ਕਾਨੜਾ ਰਾਗ ਦੇ ਸ਼ਬਦ ਦੀ ਰਾਹੀਂ ਇਉਂ ਕਰਦੇ ਹਨ:

(14) ਰਾਜੇ ਲੋਕ ਪੁਰਾਣੇ ਸਮਿਆਂ ਵਿਚ ਗੁਆਂਢੀ ਦੋਖੀ ਰਾਜਿਆਂ ਤੋਂ ਬਚਣ ਲਈ ਕਿਲ੍ਹੇ ਬਣਵਾਇਆ ਕਰਦੇ ਸਨ। ਪੱਕਾ ਕਿਲ੍ਹਾ, ਉਸ ਦੇ ਦੁਆਲੇ ਦੋ ਦੋ ਉੱਚੀਆਂ ਪੱਕੀਆਂ ਫ਼ਸੀਲਾਂ, ਤੇ, ਤਿੰਨ ਤਿੰਨ ਡੂੰਘੀਆਂ ਖਾਈਆਂ। ਕਿਲ੍ਹੇ ਦੇ ਦਰਵਾਜ਼ੇ ਦੀ ਰਾਖੀ ਕਰਨ ਲਈ ਫ਼ੌਜੀ ਪਹਿਰੇਦਾਰ ਜਿਨ੍ਹਾਂ ਦੇ ਸਿਰਾਂ ਉਤੇ ਲੋਹੇ ਦੇ ਟੋਪ, ਹੱਥਾਂ ਵਿਚ ਤੀਰ ਕਮਾਨ ਬੰਦੂਕ ਆਦਿਕ ਹਥਿਆਰ।

ਇਹੋ ਜਿਹੇ ਕਿਲ੍ਹੇ ਵਿਚ ਤੇ ਹਿਫ਼ਾਜ਼ਤ ਵਿਚ ਆਕੀ ਹੋ ਕੇ ਬੈਠੇ ਕਿਸੇ ਰਾਜੇ ਨੂੰ ਬਾਹਰੋਂ ਆਏ ਵੈਰੀਆਂ ਦਾ ਸਰ ਕਰ ਲੈਣਾ ਕੋਈ ਸੌਖੀ ਖੇਡ ਨਹੀਂ ਸੀ ਹੁੰਦੀ।

ਮਨੁੱਖਾ ਸਰੀਰ ਭੀ ਇਕ ਕਿਲ੍ਹਾ ਸਮਝੋ। ਇਸ ਵਿਚ ਮਨ-ਰਾਜਾ ਆਕੀ ਹੋ ਕੇ ਬੈਠਾ ਰਹਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਇਸ ਕਿਲ੍ਹੇ ਦੇ ਪਹਿਰੇਦਾਰ ਬਣੇ ਰਹਿੰਦੇ ਹਨ।

ਸਾਧ ਸੰਗਤ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਅੰਦਰ ਪ੍ਰੇਮ ਸਤ ਸੰਤੋਖ ਆਦਿਕ ਗੁਣ ਪੈਦਾ ਹੁੰਦੇ ਹਨ, ਤੇ, ਉਸ ਮਨੁੱਖ ਦਾ ਮਨ ਵਿਕਾਰਾਂ ਦੀ ਕੈਦ ਵਿਚੋਂ ਬਚ ਨਿਕਲਦਾ ਹੈ।

ਇਹ ਦਾਤਿ ਮਿਲਦੀ ਹੈ ਗੁਰੂ ਦੀ ਮਿਹਰ ਨਾਲ।

(15) ਗੰਗਾ ਵਿਚ ਹੋਰ ਨਦੀਆਂ ਨਾਲੇ ਮਿਲ ਕੇ ਗੰਗਾ ਬਣ ਜਾਂਦੇ ਹਨ। ਚੰਦਨ ਦੇ ਨੇੜੇ ਉੱਗੇ ਹੋਏ ਰੁੱਖ ਚੰਦਨ ਦੀ ਸੁਗੰਧੀ ਲੈ ਲੈਂਦੇ ਹਨ। ਪਾਰਸ ਨਾਲ ਛੁਹ ਕੇ ਤਾਂਬਾ ਬਣ ਜਾਂਦਾ ਹੈ।

(16) ਢਾਕ ਤੇ ਪਲਾਹ ਦੇ ਬੂਟਿਆਂ ਵਿਚ ਘਿਰਿਆ ਹੋਇਆ ਚੰਦਨ ਦਾ ਬੂਟਾ ਆਪਣਾ ਸੁਭਾਉ ਨਹੀਂ ਛੱਡਦਾ, ਸਗੋਂ ਉਹਨਾਂ ਨੂੰ ਭੀ ਸੁਗੰਧਿਤ ਕਰ ਦੇਂਦਾ ਹੈ।

(17) ਧੋਬਣ ਮੈਲੇ ਕੱਪੜੇ ਲੱਦ ਕੇ ਘਾਟ ਤੇ ਲੈ ਜਾਂਦੀ ਹੈ, ਉਥੇ ਧੋਬੀ ਉਹਨਾਂ ਕੱਪੜਿਆਂ ਨੂੰ ਸਾਫ਼-ਸੁਥਰੇ ਕਰ ਦੇਂਦਾ ਹੈ।

ਸਤਸੰਗ ਇਕ ਐਸਾ ਘਾਟ ਹੈ ਜਿਥੇ ਵਿਕਾਰੀਆਂ ਦੇ ਮਨਾਂ ਦੀ ਮੈਲ ਧੁਪ ਜਾਂਦੀ ਹੈ।

(18) ਚੰਦਨ ਦੀ ਸੰਗਤ ਵਿਚ ਇਰੰਡ ਸੁਗੰਧਿਤ ਹੋ ਜਾਂਦਾ ਹੈ।

(19) ਪੁਰਾਣੀਆਂ ਮੰਦੀਆਂ ਵਾਦੀਆਂ ਛੱਡਣੀਆਂ ਕੋਈ ਸੌਖੀ ਖੇਡ ਨਹੀਂ। ਇਹ ਮੁੜ ਮੁੜ ਆ ਦਬਾਂਦੀਆਂ ਹਨ। ਬੜਾ ਹੀ ਚੌਕੰਨਾ ਰਹਿਣ ਦੀ ਲੋੜ ਹੁੰਦੀ ਹੈ।

ਇਹ ਵਾਦੀਆਂ ਛੱਡਣ ਤੋਂ ਬਿਨਾ ਪਰਮਾਤਮਾ ਦੇ ਚਰਨਾਂ ਦਾ ਪਿਆਰ ਮਿਲ ਭੀ ਨਹੀਂ ਸਕਦਾ। ਸੋ, ਆਪੋ ਆਪਣੇ ਅੰਦਰ ਧਿਆਨ ਮਾਰ ਕੇ ਵੇਖ ਲਵੋ। ਪ੍ਰਭੂ-ਪ੍ਰੀਤਿ ਦਾ ਸੌਦਾ ਬੜੇ ਹੀ ਮਹਿੰਗੇ ਮੁੱਲ ਮਿਲਦਾ ਹੈ।

ਤੇ, ਇਹ ਮਿਲਦਾ ਸਿਰਫ਼ ਸਾਧ-ਸੰਗਤਿ ਦੀ ਹੱਟੀ ਤੋਂ।

(20) ਕੋਲਿਆਂ ਦਾ ਤੋੱਲਾ ਸਿਰ ਤੋਂ ਪੈਰਾਂ ਤਕ ਕਾਲਖ ਨਾਲ ਹੀ ਭਰਿਆ ਹੁੰਦਾ ਹੈ। ਘਰ ਦੇ ਕਮਰੇ ਵਿਚ ਕੋਈ ਮਨੁੱਖ ਕੋਲੇ ਰਾਖ ਆਦਿਕ ਭਰ ਲਏ, ਉਥੇ ਹੀ ਆਪਣੀ ਰਿਹਾਇਸ਼ ਭੀ ਰੱਖੇ, ਤਾਂ ਇਹ ਨਹੀਂ ਹੋ ਸਕਦਾ ਕਿ ਉਸ ਦੇ ਕੱਪੜੇ ਕਾਲਖ ਤੋਂ ਬਚੇ ਰਹਿਣ।

ਰੱਬ ਨਾਲੋਂ ਟੁੱਟੇ ਕੁਕਰਮੀ ਬੰਦਿਆਂ ਦੀ ਸੰਗਤ ਵਿਚੋਂ ਕਦੇ ਭਲਾਈ ਦੀ ਆਸ ਨਹੀਂ ਹੋ ਸਕਦੀ।

(21) ਚਾਵਲ ਤਿਆਰ ਕਰਨ ਵਾਸਤੇ ਮੁੰਜੀ ਨੂੰ ਉਖਲੀ ਵਿਚ ਪਾ ਕੇ ਮੁਹਲਿਆਂ ਨਾਲ ਛੜੀਦਾ ਹੈ। ਮੁਹਲੇ ਦੀਆਂ ਸੱਟਾਂ ਨਾਲ ਤੋਹ ਫਿਸ ਫਿਸ ਕੇ ਵੱਖ ਹੋ ਜਾਂਦੇ ਹਨ। ਮਨੁੱਖ ਨੂੰ ਚਾਵਲਾਂ ਦੀ ਲੋੜ ਹੁੰਦੀ ਹੈ, ਪਰ ਤੋਹ ਮੁਫ਼ਤ ਵਿਚ ਹੀ ਆਪਣਾ ਸਿਰ ਕੁਟਾਂਦੇ ਹਨ।

ਕੁਸੰਗੀ ਦੇ ਬੈਹਣੇ ਬੈਠਿਆਂ ਵਿਕਾਰਾਂ ਦੀਆਂ ਚੋਟਾਂ ਸਹਾਰਨੀਆਂ ਹੀ ਪੈਂਦੀਆਂ ਹਨ।

6. ਜੀਵਨ-ਜੁਗਤਿ

1. ਸਲੋਕ ਫਰੀਦ ਜੀ . . . . ਜੋ ਸਿਰੁ ਸਾਈ ਨਾ ਨਿਵੈ (ਪੰਨਾ 1381

2. ਸਲੋਕ ਕਬੀਰ ਜੀ . . . . ਕਬੀਰ ਫਲ ਲਾਗੇ ਫਲਨਿ (ਪੰਨਾ 1371

3. ਸਲੋਕ ਫਰੀਦ ਜੀ . . . . ਫਰੀਦਾ ਪੰਖ ਪਰਾਹੁਣੀ (ਪੰਨਾ 1382

4. ਸਲੋਕ ਫਰੀਦ ਜੀ . . . . ਫਰੀਦਾ ਰਾਤੀ ਵਡੀਆਂ (ਪੰਨਾ 1378-79

5. ਸਲੋਕ ਫਰੀਦ ਜੀ . . . . ਫਰੀਦਾ ਬਾਰਿ ਪਰਾਇਐ ਬੈਸਣਾ (ਪੰਨਾ 1380

6. ਭੈਰਉ ਮ: 3 . . . . ਜਾਤਿ ਕਾ ਗਰਬੁ ਨ ਕਰੀਅਹੁ ਕੋਈ (ਪੰਨਾ 1127

7. ਸੂਹੀ ਮ: 4 ਛੰਤ . . . . ਮਾਰੇਹਿਸੁ ਵੇ ਜਨ ਹਉਮੈ ਬਿਖਿਆ (ਪੰਨਾ 776

8. ਗਉੜੀ ਮ: 5 ਛੰਤ . . . . ਸੁਣਿ ਸਖੀਏ ਮਿਲਿ ਉਦਮੁ ਕਰੇਹਾ (ਪੰਨਾ 249

9. ਸਲੋਕ ਫਰੀਦ ਜੀ . . . . ਫਰੀਦਾ ਮਨੁ ਮੈਦਾਨੁ ਕਰਿ (ਪੰਨਾ 1381

10. ਆਸਾ ਮ: 5 ਛੰਤ . . . . ਦਿਨੁ ਰਾਤਿ ਕਮਾਇਦੜੋ (ਪੰਨਾ 461

11. ਸਲੋਕ ਫਰੀਦ ਜੀ . . . . ਫਰੀਦਾ ਸਕਰ ਖੰਡੁ ਨਿਵਾਤ ਗੁੜੁ (ਪੰਨਾ 1379

12. ਬਿਲਾਵਲ ਮ: 5 . . . . ਕਵਨੁ ਕਵਨੁ ਨਹੀ ਪਤਰਿਆ (ਪੰਨਾ 815

ਭਾਵ:

(1) ਇਨਸਾਨ ਵਾਸਤੇ ਰੱਬ ਦੀ ਯਾਦ ਜ਼ਰੂਰੀ ਹੈ।

(2) ਡਾਲ ਨਾਲ ਲੱਗੇ ਰਹਿ ਕੇ ਪੱਕੇ ਅੰਬ ਹੀ ਮਾਲਕ ਪਾਸ ਪਰਵਾਨ ਹੁੰਦੇ ਹਨ।

ਜੋ ਸਿਦਕੋਂ ਡੋਲ ਗਿਆ, ਉਹ ਜੀਵਨ ਹਾਰ ਗਿਆ।

(3) ਇਥੇ ਪੰਛੀਆਂ ਵਾਲਾ ਰੈਣ-ਬਸੇਰਾ ਹੈ, ਚੱਲਣ ਲਈ ਲੋੜੀਂਦਾ ਪ੍ਰਬੰਧ ਕਰਨਾ ਹੀ ਚਾਹੀਦਾ ਹੈ। ਜਿਨ੍ਹਾਂ ਸਾਰੀ ਰਾਤ ਗ਼ਫ਼ਲਤ ਦੀ ਨੀਂਦ ਵਿਚ ਗੁਜ਼ਾਰ ਦਿੱਤੀ, ਉਹਨਾਂ ਦੀ ਉਮਰ ਅਜਾਈਂ ਹੀ ਗਈ।

(4) ਬਿਗਾਨੇ ਬੂਹੇ ਤੇ ਮੁਥਾਜ ਨ ਬਣਦੇ ਫਿਰੋ। ਇਸ ਵਿਚ ਦੁਖ ਹੀ ਦੁਖ ਹੈ।

ਮੁਥਾਜੀ ਵਾਲਾ ਸਮਾਂ ਮੁੱਕਣ ਵਿਚ ਨਹੀਂ ਆਉਂਦਾ ਜਿਵੇਂ ਸਿਆਲੀ ਰਾਤਾਂ।

(5) ਇਕ ਰੱਬ ਦਾ ਤਕੀਆ ਰੱਖੋ। ਧਿਰ ਧਿਰ ਦੇ ਮੁਥਾਜ ਨ ਬਣਦੇ ਫਿਰੋ।

(6) ਉੱਚੀ ਜਾਤਿ ਦਾ ਮਾਣ ਨਾ ਕਰੋ। ਉੱਚਾ ਉਹੀ ਜਿਸ ਨੇ ਉੱਚੇ ਰੱਬ ਨੂੰ ਚੇਤੇ ਰੱਖਿਆ ਹੈ। ਸਾਰੀ ਖ਼ਲਕਤ ਰੱਬ ਨੇ ਹੀ ਪੈਦਾ ਕੀਤੀ ਹੈ।

(7) ਅਹੰਕਾਰ ਨੂੰ ਅੰਦਰੋਂ ਦੂਰ ਕਰੋ, ਇਹੀ ਵਿੱਥ ਪਾਂਦਾ ਹੈ ਰੱਬ ਵਲੋਂ ਤੇ ਖ਼ਲਕਤ ਵਲੋਂ।

(8) ਗੁਰੂ ਦੇ ਉਪਦੇਸ਼ ਤੇ ਤੁਰ ਕੇ ਅਹੰਕਾਰ ਛੱਡੋ, ਤੇ ਰੱਬ ਨੂੰ ਯਾਦ ਕਰੋ। ਇਹੀ ਹੈ ਜੀਵਨ ਦਾ ਸਹੀ ਰਸਤਾ।

(9) ਜਗਤ ਵਿਚ ਉੱਚੇ ਨੀਵੇਂ ਦਾ ਵਿਤਕਰਾ ਬਣਾ ਕੇ ਦੁੱਖ-ਕਲੇਸ਼ ਪੈਦਾ ਨ ਕਰੋ। ਸਾਰੀ ਹੀ ਖ਼ਲਕਤ ਵਿਚ ਰੱਬ ਵੱਸਦਾ ਹੈ।

(10) ਠੱਗੀ ਫਰੇਬ ਛੱਡੋ, ਪਰਮਾਤਮਾ ਪਾਸੋਂ ਸਾਡੇ ਇਹ ਵਿਕਾਰ ਲੁਕਾਏ ਨਹੀਂ ਜਾ ਸਕਦੇ।

(11) ਆਪਣੀ ਹੱਕ ਦੀ ਕਮਾਈ ਹੋਈ ਰੋਟੀ ਵਿਚ ਹੀ ਸੁਖ ਹੈ, ਬਿਗਾਨੇ ਧਨ ਪਦਾਰਥ ਵਲ ਨਾਹ ਤੱਕੋ।

(12) ਮਨ ਸਦਾ ਕੁਰਾਹੇ ਪਾਂਦਾ ਹੈ। ਜੋ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਖ਼ੁਆਰ ਹੁੰਦਾ ਹੈ। ਮਨ ਨੂੰ ਸਦਾ ਕਾਬੂ ਵਿਚ ਰੱਖੋ।

7. ਮਨੁੱਖ

ਵਣਜਾਰਾ, ਵਪਾਰੀ

1. ਗਉੜੀ ਗੁਆਰੇਰੀ ਮ: 4 . . . . ਕਿਰਸਾਣੀ ਕਿਰਸਾਣੁ ਕਰੇ (ਪੰਨਾ 166

2. ਰਾਮਕਲੀ ਮ: 4 . . . . ਜੇ ਵਡਭਾਗ ਹੋਵਹਿ ਵਡਭਾਗੀ (ਪੰਨਾ 880

3. ਆਸਾ ਮ: 5 . . . . ਪਰਦੇਸੁ ਝਾਗਿ ਸਉਦੇ ਕਉ ਆਇਆ (ਪੰਨਾ 372

4. ਸਲੋਕ ਮ: 5 (ਵਾਰ ਮਾਰੂ) . . . . ਮਾਣਿਕੂ ਮੋਹਿ ਮਾਉ (ਪੰਨਾ 1098

5. ਸਲੋਕ ਮ: 5 (ਵਾਰਾਂ ਤੇ ਵਧੀਕ) . . . . ਤਿਹਟੜੇ ਬਾਜਾਰ (ਪੰਨਾ 1426

6. ਸੂਹੀ ਕਬੀਰ ਜੀ . . . . ਅਮਲੁ ਸਿਰਾਨੋ ਲੇਖਾ ਦੇਨਾ (ਪੰਨਾ 792

7. ਭੈਰਉ ਕਬੀਰ ਜੀ . . . . ਨਿਰਧਨ ਆਦਰੁ ਕੋਈ ਨ ਦੇਇ (ਪੰਨਾ 1136

8. ਗਉੜੀ ਰਵਿਦਾਸ ਜੀ . . . . ਘਟ ਅਵਘਟ ਡੂਗਰ ਘਣਾ (ਪੰਨਾ 345

ਭਾਵ:

(1) ਕਿਸਾਨ ਮਿਹਨਤ ਨਾਲ ਵਾਹੀ ਦਾ ਕੰਮ ਕਰਦਾ ਹੈ। ਵਪਾਰੀ ਵਪਾਰ ਕਰਦਾ ਹੈ, ਤੇ ਧਨ ਖੱਟਦਾ ਹੈ। ਹਟਵਾਣੀਆ ਸਾਰਾ ਦਿਨ ਹੱਟੀ ਤੇ ਬੈਠਦਾ ਹੈ।

ਜੀਵ ਇਸ ਜਗਤ ਵਿਚ ਵਣਜ ਕਰਨ ਆਇਆ ਹੈ। ਉਸੇ ਦਾ ਆਉਣਾ ਸਫਲਾ ਹੈ ਜਿਸ ਨੇ ਕਿਸਾਨ ਵਪਾਰੀ ਹਟਵਾਣੀਏ ਵਾਂਗ ਚਿੱਤ ਲਾ ਕੇ ਨਾਮ-ਵਣਜ ਕੀਤਾ।

(2) ਇਹ ਸੰਸਾਰ ਇਕ ਐਸਾ ਸਮੁੰਦਰ ਹੈ, ਜੋ ਉੱਚੇ ਆਤਮਕ ਗੁਣਾਂ ਦੇ ਹੀਰਿਆਂ ਜਵਾਹਰਾਂ ਨਾਲ ਭਰਪੂਰ ਹੈ। ਜੋ ਮਨੁੱਖ ਆਪਣੇ ਹੀ ਮਨ ਦੇ ਪਿਛੇ ਤੁਰਦਾ ਹੈ, ਉਸ ਦੀ ਆਤਮਕ-ਨਜ਼ਰ ਇਤਨੀ ਕਮਜ਼ੋਰ ਤੇ ਸੌੜੀ ਹੋ ਜਾਂਦੀ ਹੈ ਕਿ ਉਸ ਨੂੰ ਇਹ ਹੀਰੇ ਮਾਣਕ ਜਹਾਵਰ ਨਹੀਂ ਦਿੱਸਦੇ। ਭਾਗਾਂ ਦੀ ਗੱਲ ਵੇਖੋ! ਗੱਲ ਨਿਕੀ ਜੇਹੀ ਹੀ ਹੈ ਕਿ ਕੋਲਿਆਂ ਦੇ ਵਪਾਰੀ ਮਨ ਦੀ ਅਗਵਾਈ ਵਿਚ ਤੁਰਨਾ ਛੱਡ ਕੇ ਰਤਨਾਂ ਦੇ ਵਪਾਰੀ ਗੁਰੂ ਦਾ ਪੱਲਾ ਫੜ ਲਏ, ਤਾਂ ਇਸ ਨੂੰ ਕੱਖ ਦੇ ਉਹਲੇ ਲੁਕਿਆ ਹੋਇਆ ਲੱਖਾਂ ਦਾ ਖ਼ਜ਼ਾਨਾ ਮਿਲ ਪਏ। ਬਸ! ਫਿਰ ਇਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ।

(3) ਮਨੁੱਖ-ਵਪਾਰੀ ਨੂੰ ਪਰਮਾਤਮਾ-ਸ਼ਾਹ ਨੇ ਇਸ ਜਗਤ-ਪਰਦੇਸ ਵਿਚ ਵਪਾਰ ਕਰਨ ਭੇਜਿਆ ਹੈ। ਚੰਗੇ ਗੁਣਾਂ ਦੀ ਰਾਸ-ਪੂੰਜੀ ਇਸ ਨੂੰ ਸੌਂਪੀ ਗਈ ਹੈ। ਪਰ ਇਸ ਪਰਦੇਸ ਵਿਚ ਵਿਕਾਰ-ਚੋਰਾਂ ਦਾ ਖ਼ਤਰਾ ਹੈ, ਲੋਭ ਦੀਆਂ ਠਾਠਾਂ ਵਿਚ ਜਹਾਜ਼ ਦੇ ਡੁੱਬਣ ਦਾ ਡਰ ਹੈ। ਗੁਣਾਂ ਦੇ ਸੌਦੇ ਵਿਚ ਨਿਪੁੰਨ ਗੁਰੂ ਜਿਸ ਮਨੁੱਖ-ਵਪਾਰੀ ਨੂੰ ਚੰਗੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਆਪਣਾ ਸਾਰਾ ਖੱਟਿਆ-ਕਮਾਇਆ ਉੱਚਾ ਆਚਰਨ ਸਹੀ ਸਲਾਮਤਿ ਲੈ ਕੇ ਸ਼ਾਹ ਦੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ। ਪਰ ਅਜੇਹੇ ਵਪਾਰੀ ਹੁੰਦੇ ਹਨ ਵਿਰਲੇ ਹੀ, ਤੇ ਉਹੀ ਹਨ ਅਸਲੀ ਮਨੁੱਖ।

(4) ਪਰਮਾਤਮਾ ਦੀ ਯਾਦ ਇਕ ਅਮੋਲਕ ਮੋਤੀ ਹੈ। ਮਨੁੱਖ ਨੇ ਇਥੇ ਇਹੀ ਮੋਤੀ ਵਿਹਾਝਣਾ ਹੈ। ਜਿਸ ਨੂੰ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਸਦਾ ਠੰਢ-ਸ਼ਾਂਤੀ ਟਿਕੀ ਰਹਿੰਦੀ ਹੈ।

(5) ਸੱਚੇ ਵਣਜਾਰੇ ਉਹ ਹਨ, ਜਿਨ੍ਹਾਂ ਦੁਨੀਆ ਦੀ ਕਿਰਤ-ਕਾਰ ਦੇ ਨਾਲ ਨਾਲ ਨਾਮ-ਵਣਜ ਭੀ ਕੀਤਾ।

(6) ਹੁਣੇ ਹੀ ਸਮਾ ਹੈ ਨਾਮ-ਵਣਜ ਦਾ। ਜਦੋਂ ਮੌਤ ਸਿਰ ਤੇ ਆ ਗਈ, ਤਦੋਂ ਵਕਤ ਨਹੀਂ ਮਿਲੇਗਾ। ਇਥੋਂ ਖ਼ਾਲੀ-ਹੱਥ ਗਿਆਂ ਸ਼ਰਮਿੰਦਾ ਹੋਣਾ ਪਏਗਾ।

(7) ਅਸਲ ਧਨ ਪ੍ਰਭੂ ਦਾ ਨਾਮ ਹੀ ਹੈ।

(8) ਪਵਿਤ੍ਰ ਜੀਵਨ ਪਹਾੜੀ ਰਸਤੇ ਵਾਂਗ ਇਕ ਔਖਾ ਕੰਮ ਹੈ। ਸਤਸੰਗ ਦੀ ਬਰਕਤਿ ਨਾਲ ਇਹ ਵਣਜ ਸੌਖਾ ਹੀ ਹੋ ਸਕਦਾ ਹੈ।

8. ਮਨੁੱਖਾ ਸਰੀਰ

(ੳ) ਗੁਫਾ

1. ਸਲੋਕ ਮ: 2 (ਵਾਰ ਸਾਰੰਗ) . . . . ਗੁਰੁ ਕੁੰਜੀ, ਪਾਹੂ ਨਿਵਲੁ (ਪੰਨਾ 1237

2. ਮਾਝ ਮ: 3 . . . . ਇਸੁ ਗੁਫਾ ਮਹਿ ਅਖੁਟ ਭੰਡਾਰਾ (ਪੰਨਾ 124

3. ਸੂਹੀ ਮ: 5 . . . . ਗ੍ਰਿਹੁ ਵਸਿ ਗੁਰਿ ਕੀਨਾ (ਪੰਨਾ 737

ਭਾਵ:

(1) ਜਦ ਤਕ ਮਕਾਨ ਨੂੰ ਬਾਹਰੋਂ ਜੰਦ੍ਰਾ ਵੱਜਾ ਰਹੇ, ਮਕਾਨ ਦਾ ਮਾਲਕ ਭੀ ਉਸ ਦੇ ਅੰਦਰ ਨਹੀਂ ਜਾ ਸਕਦਾ, ਬਾਹਰ ਹੀ ਖ਼ੁਆਰ ਹੁੰਦਾ ਰਹਿੰਦਾ ਹੈ।

ਸੁਆਰਥੀ ਮਨੁੱਖ ਦਾ ਮਨ ਇਕ ਐਸਾ ਕੋਠਾ ਹੈ, ਜਿਸ ਦੇ ਬਾਹਰ ਮਾਇਆ ਦੀ ਤ੍ਰਿਸ਼ਨਾ ਦਾ ਜੰਦ੍ਰਾ ਵੱਜਾ ਹੋਇਆ ਹੈ। ਜੀਵਾਤਮਾ ਸਦਾ ਭਟਕਦਾ ਰਹਿੰਦਾ ਹੈ, ਕਿਸੇ ਵੇਲੇ ਇਸ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ। ਮਾਇਆ ਦੀ ਪਾਹ ਦਾ ਜੰਦ੍ਰਾ ਖੋਹਲਣ ਵਾਸਤੇ ਕੁੰਜੀ ਗੁਰੂ ਦਾ ਉਪਦੇਸ਼ ਹੀ ਹੈ।

(2) ਪੁਰਾਣੇ ਸਮਿਆਂ ਵਿਚ ਅਨੇਕਾਂ ਦੇਸਾਂ ਦੇ ਰਿਸ਼ੀ ਮੁਨੀ ਪਹਾੜਾਂ ਦੀਆਂ ਕੰਦਰਾਂ ਗੁਫ਼ਾਂ ਵਿਚ ਸਾਲਾਂ-ਬੱਧੀ ਬੈਠ ਕੇ ਪਰਮਾਤਮਾ ਦੀ ਭਾਲ ਕਰਦੇ ਰਹੇ। ਹੁਣ ਤਕ ਲੋਕ ਉਹਨਾਂ ਥਾਵਾਂ ਦਾ ਆਦਰ-ਸਤਕਾਰ ਕਰਦੇ ਚਲੇ ਆ ਰਹੇ ਹਨ।

ਮਨੁੱਖਾ ਸਰੀਰ ਅਸਲ ਗੁਫ਼ਾ ਹੈ ਜਿਸ ਵਿਚ ਹਰੀ ਵੱਸਦਾ ਹੈ। ਇਹ ਸਮਝ ਗੁਰੂ ਤੋਂ ਪੈਂਦੀ ਹੈ। ਮਾਇਆ-ਮੋਹ ਦੇ ਕਰੜੇ ਕਵਾੜ ਇਸ ਗੁਫ਼ਾ ਅੱਗੇ ਲੱਗੇ ਪਏ ਹਨ। ਕੁੰਜੀ ਗੁਰੂ ਦੇ ਹੱਥ ਵਿਚ ਹੈ। ਇਸ ਗੁਫ਼ਾ ਵਲੋਂ ਅਵੇਸਲੇ ਹੋ ਕੇ ਪਹਾੜਾਂ ਦੀਆਂ ਗੁਫ਼ਾਂ ਵਿਚ ਭਾਲਣ ਜਾਣਾ ਵਿਅਰਥ ਉੱਦਮ ਹੈ।

(3) ਸੱਜ-ਵਿਆਹੀ ਮੁਟਿਆਰ ਸਹੁਰੇ-ਘਰ ਜਾ ਕੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਹਾਰ-ਸ਼ਿੰਗਾਰ ਲਾਉਂਦੀ ਹੈ। ਸੱਸ, ਸਹੁਰਾ, ਜੇਠ, ਦਿਉਰ, ਜਿਠਾਣੀਆਂ, ਦਿਰਾਣੀਆਂ, ਨਨਾਣਾਂ = ਸਾਰੇ ਹੀ ਪਰਵਾਰ ਨਾਲ ਮਿੱਠਾ ਪਿਆਰ-ਭਰਿਆ ਵਰਤਾਰਾ ਕਰ ਕੇ ਸਭ ਦਾ ਮਨ ਮੋਹ ਲੈਂਦੀ ਹੈ। ਇਸ ਤਰ੍ਹਾਂ ਸਾਰੇ ਘਰ ਨੂੰ ਆਪਣੇ ਵੱਸ ਵਿਚ ਕਰ ਲੈਂਦੀ ਹੈ।

ਮਨੁੱਖਾ ਸਰੀਰ ਇਕ ਘਰ ਹੈ। ਜੇਹੜੀ ਜਿੰਦ-ਮੁਟਿਆਰ ਪ੍ਰਭੂ-ਪਤੀ ਦੀ ਯਾਦ ਤੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਦੀ ਹੈ, ਉਹ ਪ੍ਰਭੂ-ਪਤੀ ਨੂੰ ਭੀ ਪ੍ਰਸੰਨ ਕਰ ਲੈਂਦੀ ਹੈ, ਤੇ ਘਰ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਦੀ ਹੈ। ਇਸ ਘਰ ਦੀ ਮਾਲਕ ਬਣੀ ਰਹਿੰਦੀ ਹੈ।

ਮਨੁੱਖਾ ਸਰੀਰ

(ਅ) ਹੱਟ

1. ਮਾਝ ਮ: 3 . . . . ਕਰਮੁ ਹੋਵੈ ਸਤਿਗੁਰੂ ਮਿਲਾਏ (ਪੰਨਾ 110

2. ਪਉੜੀ ਮ: 4 (ਵਾਰ ਗਉੜੀ) . . . . ਕਾਇਆ ਕੋਟੁ ਅਪਾਰੁ ਹੈ (ਪੰਨਾ 309

3. ਆਸਾ ਮ: 4 ਛੰਤ . . . . ਜੀਵਨੋ ਮੈ ਜੀਵਨੁ ਪਾਇਆ (ਪੰਨਾ 442

4. ਸਲੋਕ ਮ: 5 (ਵਾਰ ਰਾਮਕਲੀ) . . . . ਹਠ ਮੰਝਾਹੂ ਮੈ ਮਾਣਕੁ ਲਧਾ (ਪੰਨਾ 964

ਭਾਵ:

(1) ਇਸ ਸਰੀਰ-ਨਗਰ ਵਿਚੋਂ ਸ਼ੁਭ ਗੁਣਾਂ ਦੇ ਸਾਰੇ ਕੀਮਤੀ ਪਦਾਰਥ ਮਿਲ ਸਕਦੇ ਹਨ, ਪਰ ਜਿਨ੍ਹਾਂ ਦੀ ਮਤਿ ਬੁਧਿ ਨੂੰ ਮਾਇਆ-ਮੋਹ ਦੇ ਕਰੜੇ ਕਵਾੜ ਲਗੇ ਪਏ ਹਨ, ਉਹਨਾਂ ਦੇ ਅੰਦਰ ਅਗਿਆਨਤਾ ਦਾ ਘੁੱਪ ਹਨੇਰਾ ਹੈ, ਉਹਨਾਂ ਨੂੰ ਆਪਣੇ ਅੰਦਰ ਇਹਨਾਂ ਕੀਮਤੀ ਪਦਾਰਥਾਂ ਦੀ ਹੋਂਦ ਦੀ ਸਾਰ ਨਹੀਂ। ਗੁਰੂ ਦੀ ਕਿਰਪਾ ਨਾਲ ਇਹ ਬੱਜਰ ਕਵਾੜ ਖੁਲ੍ਹਦੇ ਹਨ।

(2) ਪੁਰਾਣੇ ਸਮਿਆਂ ਵਿਚ ਵੱਡੇ ਵੱਡੇ ਨਗਰਾਂ ਤੇ ਸ਼ਹਿਰਾਂ ਦੀ ਹਿਫ਼ਾਜ਼ਤ ਵਾਸਤੇ ਦੁਆਲੇ ਉੱਚੀ ਵੱਡੀ ਫ਼ਸੀਲ ਹੋਇਆ ਕਰਦੀ ਸੀ। ਇਸ ਤਰ੍ਹਾਂ ਸ਼ਹਿਰ ਦੇ ਬਾਜ਼ਾਰਾਂ ਵਿਚ ਵਣਜ ਵਪਾਰ ਬੇ-ਫ਼ਿਕਰੀ ਨਾਲ ਹੁੰਦਾ ਸੀ।

ਮਨੁੱਖਾ ਸਰੀਰ ਇਕ ਨਗਰ ਹੈ, ਫ਼ਸੀਲ ਵਾਲਾ। ਗਿਆਨ-ਇੰਦ੍ਰੇ ਇਸ ਨਗਰ ਦੇ ਬਜ਼ਾਰ ਹਨ, ਜਿਨ੍ਹਾਂ ਵਿਚ ਸ਼ੁਭ ਗੁਣਾਂ ਦਾ ਵਣਜ ਵਪਾਰ ਹੋ ਸਕਦਾ ਹੈ। ਪਰਮਾਤਮਾ ਦੇ ਨਾਮ ਦਾ ਧਨ ਖੱਟਿਆ ਜਾ ਸਕਦਾ ਹੈ।

ਜੋ ਬੰਦੇ ਇਸ ਸਰੀਰ-ਨਗਰ ਤੋਂ ਬਾਹਰ ਇਸ ਸੌਦੇ ਦੀ ਭਾਲ ਕਰਦੇ ਹਨ, ਉਹ ਉਸ ਹਰਨ ਵਾਂਗ ਭਟਕਦੇ ਫਿਰਦੇ ਹਨ ਜੋ ਆਪਣੀ ਨਾਭੀ ਵਿਚ ਕਸਤੂਰੀ ਹੁੰਦਿਆਂ ਉਸ ਦੀ ਸੁਗੰਧੀ ਝਾੜੀਆਂ ਵਿਚੋਂ ਲੈਣ ਦਾ ਯਤਨ ਕਰਦਾ ਫਿਰਦਾ ਹੈ।

(3) ਘੁਮਿਆਰ ਚੀਕਨੀ ਮਿੱਟੀ ਗੋ ਕੇ ਚੱਕ ਉਤੇ ਉਸ ਤੋਂ ਭਾਂਡੇ ਬਣਾਉਂਦਾ ਹੈ। ਪੈਰਾਂ ਨਾਲ ਚੱਕ ਨੂੰ ਉਸ ਦੇ ਧੁਰੇ ਦੇ ਦੁਆਲੇ ਭੁਆਂਦਾ ਜਾਂਦਾ ਹੈ, ਤੇ ਹੱਥਾਂ ਨਾਲ ਕੰਮ ਕਰਦਾ ਹੈ, ਚੱਕ ਧੁਰੇ ਦੇ ਦੁਆਲੇ ਹੀ ਭੌਂਦਾ ਰਹਿੰਦਾ ਹੈ।

ਸੁਆਰਥੀ ਮਨੁੱਖ ਭੀ ਇਸੇ ਤਰ੍ਹਾਂ ਮਾਇਆ ਦੇ ਗੇੜ ਵਿਚ ਹੀ ਭਟਕਦਾ ਤੇ ਜੀਵਨ ਅਜਾਈਂ ਗੰਵਾ ਜਾਂਦਾ ਹੈ। ਪਰ ਇਹ ਸਰੀਰ-ਹੱਟ ਵਿਚ ਜੇਹੜੇ ਵਪਾਰੀ ਪਰਮਾਤਮਾ ਦੀ ਯਾਦ ਦਾ ਵਣਜ ਕਰਦੇ ਹਨ, ਉਹ ਇਸ ਜਗਤ-ਮੰਡੀ ਵਿਚੋਂ ਲਾਭ ਖੱਟ ਕੇ ਜਾਂਦੇ ਹਨ।

(4) ਮੋਤੀਆਂ ਲਾਲਾਂ ਹੀਰਿਆਂ ਦਾ ਵਪਾਰ ਬੜੇ ਧਨਾਢ ਜੌਹਰੀ ਹੀ ਕਰਦੇ ਹਨ। ਉਹਨਾਂ ਨੂੰ ਰੋਟੀ ਦੀ ਖ਼ਾਤਰ ਕਿਸੇ ਦੀ ਮੁਥਾਜੀ ਨਹੀਂ ਹੁੰਦੀ।

ਮਨੁੱਖਾ ਸਰੀਰ ਇਕ ਹੱਟ ਹੈ ਜਿਸ ਵਿਚ ਪਰਮਾਤਮਾ ਦੇ ਨਾਮ-ਮੋਤੀਆਂ ਦਾ ਵਣਜ ਵਪਾਰ ਹੋ ਸਕਦਾ ਹੈ। ਜੇਹੜੇ ਭਾਗਵਾਨ ਇਹ ਵਪਾਰ ਕਰਦੇ ਹਨ, ਉਹ ਦਰ ਦਰ ਤੇ ਨਹੀਂ ਭਟਕਦੇ। ਪਰ ਇਹ ਨਾਮ-ਮੋਤੀ ਦੁਨੀਆ ਦੇ ਧਨ-ਦੌਲਤ ਦੇ ਵਟਾਂਦਰੇ ਵਿਚ ਨਹੀਂ ਮਿਲਦਾ। ਗੁਰੂ ਦੇ ਦਰ ਤੇ ਆਪਾ ਕੁਰਬਾਨ ਕਰਨਾ ਪੈਂਦਾ ਹੈ।

ਮਨੁੱਖਾ ਸਰੀਰ

(ੲ) ਖੇਤ, ਨਗਰ, ਘੋੜੀ

1. ਸਿਰੀ ਰਾਗੁ ਮ: 3 . . . . ਕਿਸੁ ਹਉ ਸੇਵੀ, ਕਿਆ ਜਪੁ ਕਰੀ (ਪੰਨਾ 34

2. ਸਲੋਕ ਮ: 3 (ਵਾਰ ਰਾਮਕਲੀ ਮ: 3) . . . . ਮਨਮੁਖੁ ਦੁਖ ਕਾ ਖੇਤੁ ਹੈ (ਪੰਨਾ 947

3. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਧੁਰਿ ਹਰਿ ਪ੍ਰਭਿ ਕਰਤੈ ਲਿਖਿਆ (ਪੰਨਾ 1417

4. ਸਲੋਕ ਮ: 4 (ਵਾਰ ਗਉੜੀ) . . . . ਹਰਿ ਪ੍ਰਭ ਕਾ ਸਭੁ ਖੇਤੁ ਹੈ (ਪੰਨਾ 305

5. ਸਲੋਕ ਮ: 4 (ਵਾਰ ਗਉੜੀ) . . . . ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ (ਪੰਨਾ 309

6. ਆਸਾ ਮ: 4 . . . . ਹਥਿ ਕਰਿ ਤੰਤੁ ਵਜਾਵੈ ਜੋਗੀ (ਪੰਨਾ 368

7. ਆਸਾ ਮ: 4 ਛੰਤ . . . . ਜਿਨ੍ਹ੍ਹ ਮਸਤਕਿ ਧੁਰਿ ਹਰਿ ਲਿਖਿਆ (ਪੰਨਾ 450

8. ਮਾਰੂ ਮ: 4 . . . . ਹਰਿ ਭਾਉ ਲਗਾ ਬੈਰਾਗੀਆ (ਪੰਨਾ 997

9. ਪ੍ਰਭਾਤੀ ਮ: 4 . . . . ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ (ਪੰਨਾ 1336

10. ਸਲੋਕ ਮ: 5 (ਵਾਰ ਗਉੜੀ) . . . . ਵਤ ਲਗੀ ਸਚੇ ਨਾਮ ਕੀ (ਪੰਨਾ 321

11. ਮਾਰੂ ਮ: 5 . . . . ਜਿਸਹਿ ਸਾਜਿ ਨਿਵਾਜਿਆ (ਪੰਨਾ 1002

12. ਸਲੋਕ ਫਰੀਦ ਜੀ . . . . ਫਰੀਦਾ ਲੋੜੈ ਦਾਖ ਬਿਜਉਰੀਆਂ (ਪੰਨਾ 1379

13. ਆਸਾ ਮ: 5 ਅਸਟਪਦੀਆ . . . . ਪੰਚ ਮਨਾਏ, ਪੰਚ ਰੁਸਾਏ (ਪੰਨਾ 430

14. ਮਾਰੂ ਕਬੀਰ ਜੀ . . . . ਦੇਹੀ ਗਾਵਾ, ਜੀਉ ਧਰ ਮਹਤਉ (ਪੰਨਾ 1104

15. ਵਡਵੰਸ ਮ: 4 (ਘੋੜੀਆ) . . . . ਦੇਹ ਤੇਜਣਿ ਜੀ (ਪੰਨਾ 575

16. ਵਡਹੰਸ ਮ: 4 (ਘੋੜੀਆ) . . . . ਦੇਹ ਤੇਜਨੜੀ (ਪੰਨਾ 576

ਭਾਵ:

(1) ਕਿਸਾਨ ਬੜੀ ਮਿਹਨਤ ਕਰ ਕੇ ਹਲ ਵਾਹੁੰਦਾ ਹੈ, ਤੇ ਪੈਲੀ ਵਿਚੋਂ ਘਾਹ-ਬੂਟ ਕਢਦਾ ਹੈ। ਪੈਲੀ ਨੂੰ ਇਸ ਤਰ੍ਹਾਂ ਕਈ ਜੋਤ੍ਰੇ ਲਾ ਕੇ ਸੰਵਾਰ ਬਣਾ ਕੇ ਉਸ ਵਿਚ ਬੀ ਬੀਜਦਾ ਹੈ। ਪਰ ਜੇ ਬੀਜ ਬੀ ਕੇ ਉਸੇ ਵੇਲੇ ਉਪਰੋਂ ਸੁਹਾਗਾ ਨਾਹ ਫੇਰੇ, ਤਾਂ ਪੰਛੀ ਸਾਰੇ ਬੀ ਚੁਗ ਜਾਣਗੇ, ਤੇ ਕਿਸਾਨ ਦੀ ਸਾਰੀ ਮੇਹਨਤ ਅਜਾਈਂ ਚਲੀ ਜਾਇਗੀ।

ਜੇਹੜਾ ਮਨੁੱਖ ਜਵਾਨੀ ਦੇ ਵੇਲੇ ਪ੍ਰਭੂ ਦੀ ਯਾਦ ਦੀ ਬਰਕਤਿ ਨਾਲ ਆਪਣੇ ਅੰਦਰ ਮਨੁੱਖਤਾ ਦੇ ਵਧਣ ਫੁਲਣ ਲਈ ਉੱਦਮ ਨਹੀਂ ਕਰਦਾ, ਉਸ ਦੀ ਜਵਾਨੀ ਉਤੇ ਕੂੰਜ ਆ ਪੈਂਦੀ ਹੈ, ਬੁਢੇਪਾ ਆ ਦਬਾਉਂਦਾ ਹੈ। ਫਿਰ ਮਨੁੱਖਤਾ ਤੋਂ ਸੁੰਞੇ ਰਹੇ ਇਸ ਸਰੀਰ-ਘਰ ਵਿਚੋਂ ਇਹ ਪਰਦੇਸਣ ਜਿੰਦ ਖ਼ਾਲੀ ਹੀ ਚਲੀ ਜਾਂਦੀ ਹੈ।

(2) ਭੁਇਂ ਵਿਚ ਕਣਕ ਬੀਜਾਂਗੇ ਤਾਂ ਕਣਕ ਉਗੇਗੀ। ਪਰ ਜੇ ਲਾ-ਪਰਵਾਹੀ ਕਰ ਕੇ ਪੋਹਲੀ ਦਾ ਬੀਜ ਬੀਜਿਆ ਜਾਏ, ਤਾਂ ਉਹ ਥੋੜੀ ਬਹੁਤ ਉੱਗੀ ਕਣਕ ਦੇ ਬੂਟਿਆਂ ਨੂੰ ਭੀ ਨੱਪ ਲਏਗੀ, ਤੇ ਪੈਲੀ ਦੇ ਮਾਲਕ ਦੀਆਂ ਟੰਗਾਂ ਭੀ ਕੰਡਿਆਂ ਨਾਲ ਵਿੰਨ੍ਹ ਦੇਵੇਗੀ। ਪੋਹਲੀ ਦਾ ਇਲਾਜ ਬੱਸ ਇਹੀ ਹੈ ਕਿ ਉਸ ਨੂੰ ਖੇਤ ਦੇ ਵਿਚ ਹੀ ਅੱਗ ਲਾ ਕੇ ਸਾੜ ਦਿੱਤਾ ਜਾਏ।

ਸਰੀਰ-ਧਰਤੀ ਵਿਚ ਵਿਕਾਰਾਂ ਦੇ ਬੀਜ ਬੀਜਿਆਂ ਮਨੁੱਖ ਇਹਨਾਂ ਤੋਂ ਸੁਖ ਦੀ ਆਸ ਨਾਹ ਰੱਖੇ।

(3) ਜੱਟ ਆਪਣੇ ਖੇਤ ਵਿਚ ਕਿੱਕਰੀਆਂ ਬੀਜ ਦੇਵੇ, ਤੇ ਆਸ ਇਹ ਲਾ ਬੈਠੇ ਕਿ ਇਹਨਾਂ ਨੂੰ ਬਿਜੌਰੀ ਦਾਖ ਲਗੇਗੀ-ਇਹ ਮੂਰਖ-ਪੁਣਾ ਹੀ ਹੈ। ਜੇਹੜਾ ਬੀਜ ਬੀਜੀਏ, ਉਸ ਦਾ ਹੀ ਫਲ ਮਿਲ ਸਕੇਗਾ।

ਸਰੀਰ-ਖੇਤ ਵਿਚ ਨਿੰਦਾ ਆਦਿਕ ਬੀਜ ਬੀਜਿਆਂ ਨਿੰਦਾ ਹੀ ਪਲਰੇਗੀ।

(4) ਜੱਟ ਦੀ ਮੇਹਨਤ ਨੂੰ ਸੌ ਬਲਾਈਂ ਪੈਣ ਵਾਲੀਆਂ। ਕਦੇ ਔੜ, ਕਦੇ ਗੜੇਮਾਰ, ਕਦੇ ਹੜ੍ਹ। ਕਿਧਰੇ ਡੰਗਰਾਂ ਦਾ ਉਜਾੜਾ, ਕਿਧਰੇ ਰਾਹੀਆਂ ਦੇ ਫ਼ਸਲ ਮਿੱਧਣ ਦਾ ਪਵਾੜਾ। ਪਰ ਇਕ ਬਲਾ ਇਸ ਨੂੰ ਖੇਤ ਦੇ ਅੰਦਰੋਂ ਹੀ ਪੈ ਜਾਂਦੀ ਹੈ। ਉਹ ਹਨ ਚੂਹੇ। ਕੁਤਰ ਕੁਤਰ ਕੇ ਫ਼ਸਲ ਦਾ ਕੱਖ ਨਹੀਂ ਛੱਡਦੇ।

ਮਨੁੱਖਾ ਸਰੀਰ ਦੀ ਖੇਤੀ ਉਜਾੜਨ ਵਾਸਤੇ ਜਮਰਾਜ ਨੇ ਕਾਮਾਦਿਕ ਚੂਹੇ ਛੱਡੇ ਹੋਏ ਹਨ। ਇਹ ਅੰਦਰੋਂ ਅੰਦਰ ਹੀ ਸ਼ੁਭ ਗੁਣਾਂ ਦੀ ਫ਼ਸਲ ਉਜਾੜ ਕੇ ਰੱਖ ਦੇਂਦੇ ਹਨ। ਜਿਨ੍ਹਾਂ ਰੱਬ ਦਾ ਤਕੀਆ ਫੜਿਆ, ਉਹ ਇਹਨਾਂ ਚੂਹਿਆਂ ਦੀ ਮਾਰ ਤੋਂ ਬਚ ਗਏ।

(5) ਤੇਲੀ ਦੇ ਕੋਲ੍ਹੂ ਅਗੇ ਜੋਇਆ ਹੋਇਆ ਬਲਦ ਨਿੱਤ ਹੀ ਉਸ ਕੋਲ੍ਹੂ ਦੇ ਦੁਆਲੇ ਹੀ ਗੇੜੇ ਲਾਂਦਾ ਰਹਿੰਦਾ ਹੈ। ਉਸ ਬਲਦ ਦੀ ਦੁਨੀਆ ਸਿਰਫ਼ ਉਸ ਕੋਲ੍ਹੂ ਦਾ ਚੁਗਿਰਦਾ ਹੀ ਹੈ।

ਨਿੰਦਿਆ ਦਾ ਚਸਕਾ ਬੁਰਾ। ਇਹ ਇਕ ਐਸੀ ਭੈੜੀ ਵਾਦੀ ਹੈ ਕਿ ਇਸ ਦੇ ਗੇੜ ਵਿਚੋਂ ਨਿਕਲਣਾ ਕੋਈ ਸੌਖੀ ਖੇਡ ਨਹੀਂ। ਮਨੁੱਖ ਜਿਉਂ ਜਿਉਂ ਨਿੰਦਿਆ ਦਾ ਬੀਜ ਬੀਜਦਾ ਹੈ, ਤਿਉਂ ਤਿਉਂ ਫਲ ਵਜੋਂ ਹੋਰ ਨਿੰਦਿਆ ਹੋਰ ਨਿੰਦਿਆ ਕਰਨ ਦੀ ਪ੍ਰੇਰਨਾ ਵਧਦੀ ਜਾਂਦੀ ਹੈ।

(6) ਔੜ ਦੇ ਦਿਨੀਂ ਜੱਟਾਂ ਨੂੰ ਬੜੀ ਮੇਹਨਤ ਕਰਨੀ ਪੈਂਦੀ ਹੈ। ਫ਼ਸਲ ਸਿੰਜਣ ਲਈ ਦਿਨ ਰਾਤ ਖੂਹ ਜੋਣੇ ਪੈਂਦੇ ਹਨ। ਇਤਨੀ ਮੇਹਨਤ ਨਾਲ ਤਿਆਰ ਕੀਤੇ ਫ਼ਸਲ ਨੂੰ ਜੇ ਕਦੇ ਕਿਸੇ ਦਾ ਡੰਗਰ ਵੱਛਾ ਖਾ ਜਾਏ, ਤਾਂ ਜੱਟ ਨੂੰ ਬੜਾ ਦੁੱਖ ਹੁੰਦਾ ਹੈ। ਉਸ ਨੇ ਲਹੂ ਪਾਣੀ ਇਕ ਕਰ ਕੇ ਇਹ ਮੇਹਨਤ ਕੀਤੀ ਹੁੰਦੀ ਹੈ।

ਮਨੁੱਖ ਸਰੀਰ ਦੇ ਖੇਤ ਵਿਚ ਸ਼ੁਭ ਗੁਣਾਂ ਦਾ ਫ਼ਸਲ ਤਿਆਰ ਕਰਨਾ ਹੈ। ਖੂਹ ਜੋਣ ਲਈ ਮਨ ਨੂੰ ਬੈਲ ਬਨਾਉਣਾ ਹੈ। ਇਸ ਮਨ ਨੂੰ ਪ੍ਰਭੂ ਦੀ ਯਾਦ ਨਾਲ ਇਤਨਾ ਤਕੜਾ ਕਰੋ ਕਿ ਕਾਮਾਦਿਕ ਕੋਈ ਡੰਗਰ ਵੱਛਾ ਸ਼ੁਭ ਗੁਣਾਂ ਦੀ ਖੇਤੀ ਨੂੰ ਖਾ ਜਾਏ।

(7) ਹੁਨਰ ਕੋਈ ਭੀ ਹੋਵੇ, ਨੇਪਰੇ ਚੜ੍ਹਨ ਲਈ ਖ਼ਾਸ ਸੂਝ ਲੋੜਦਾ ਹੈ। ਖੇਤੀ ਭੀ ਇਕ ਹੁਨਰ ਹੈ। ਹਰ ਵੇਲੇ ਦੇ ਬੀਜੇ ਹੋਏ ਦਾਣੇ ਨਹੀਂ ਉਗ ਸਕਦੇ। ਹਰੇਕ ਫ਼ਸਲ ਦੀ ਆਪੋ ਆਪਣੀ ਰੁੱਤ ਹੁੰਦੀ ਹੈ। ਫਬਵੀਂ ਰੁੱਤ ਭੀ ਕਾਫ਼ੀ ਨਹੀਂ ਹੈ। ਭੁਇਂ ਨੂੰ ਵਾਹਣਾ ਤੇ ਸੁਹਾਗਣਾ ਅੱਤ ਜ਼ਰੂਰੀ ਹੈ। ਫਿਰ ਇਹ ਵੇਖਣਾ ਹੁੰਦਾ ਹੈ ਕਿ ਜ਼ਮੀਨ ਵੱਤਰ ਹੋਵੇ, ਜ਼ਮੀਨ ਵਿਚ ਨਮੀ ਦਾ-ਮੇਚ ਦੀ ਹੋਵੇ।

ਜੀਵ ਪ੍ਰਭੂ ਤੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕਦਾ ਚਲਿਆ ਆਉਂਦਾ ਹੈ। ਮਨੁੱਖਾ ਸਰੀਰ ਵੱਤਰ-ਆਈ ਧਰਤੀ ਸਮਾਨ ਹੈ। ਬੱਸ! ਇਹੀ ਵੇਲਾ ਹੈ ਜਦੋਂ ਪ੍ਰਭੂ ਦੀ ਯਾਦ ਦਾ ਬੀਜ ਬੀਜਿਆ ਜਾ ਸਕਦਾ ਹੈ।

(8) ਖੇਤੀ ਬੀਜ ਕੇ ਜੇ ਕਿਸਾਨ ਰਾਖੀ ਨਾਹ ਕਰੇ, ਤਾਂ ਲੋਕਾਂ ਦੇ ਡੰਗਰ ਵੱਛੇ ਹੀ ਫ਼ਸਲ ਉਜਾੜ ਜਾਣ, ਰਾਹੀ ਮੁਸਾਫ਼ਿਰ ਖੇਤਾਂ ਵਿਚੋਂ ਦੀ ਪਗ-ਡੰਡੀਆਂ ਪਾ ਕੇ ਸਾਰੀ ਖੇਤੀ ਮਿੱਧ ਦੇਣ। ਪੈਲੀ-ਬੰਨੇ ਫੇਰਾ-ਤੋਰਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਸਰੀਰ-ਧਰਤੀ ਵਿਚ ਪਰਮਾਤਮਾ ਦੀ ਯਾਦ ਦਾ ਬੀਜ ਬੀਜ ਕੇ ਇਸ ਦੀ ਭੀ ਰਾਖੀ ਕਰਨ ਦੀ ਲੋੜ ਹੈ, ਨਹੀਂ ਤਾਂ ਕਾਮਾਦਿਕ ਪਸ਼ੂ ਸ਼ੁਭ ਗੁਣਾਂ ਦੀ ਸਾਰੀ ਫ਼ਸਲ ਉਜਾੜ ਦੇਣ। ਇਸ ਫ਼ਸਲ ਦੀ ਰਾਖੀ ਸਤਸੰਗ ਵਿਚ ਹੋਇਆ ਕਰਦੀ ਹੈ।

(9) ਹਰਣ ਦੀ ਨਾਭੀ ਵਿਚ ਕਸਤੂਰੀ ਦਾ ਨਾਫਾ ਹੁੰਦਾ ਹੈ। ਪਰ ਭਾਗਾਂ ਦੀ ਗੱਲ! ਉਹ ਵਿਚਾਰਾ ਇਸ ਭੇਤ ਨੂੰ ਜਾਣਦਾ ਨਹੀਂ, ਤੇ ਕਸਤੂਰੀ ਦੀ ਸੁਗੰਧੀ ਵਾਸਤੇ ਜੰਗਲ ਵਿਚ ਝਾੜੀਆਂ ਸੁੰਘਦਾ ਫਿਰਦਾ ਹੈ।

ਮਨੁੱਖਾ ਸਰੀਰ ਇਕ ਨਗਰ ਹੈ ਜਿਸ ਵਿਚ ਪਰਮਾਤਮਾ ਵੱਸਦਾ ਹੈ, ਇਕ ਸਰੋਵਰ ਹੈ ਜਿਸ ਵਿਚ ਪ੍ਰਭੂ ਦੇ ਨਾਮ ਤੇ ਸ਼ੁਭ ਗੁਣਾਂ ਦਾ ਅੰਮ੍ਰਿਤ ਭਰਿਆ ਪਿਆ ਹੈ। ਪਰ ਭਾਗਹੀਣ ਸਾਕਤ ਮਨੁੱਖ ਉਸ ਪ੍ਰਭੂ ਨੂੰ ਜੰਗਲਾਂ ਵਿਚ ਢੂੰਢਦਾ ਹੈ।

(10) ਜਿਸ ਜੱਟ ਨੂੰ ਪੈਲੀ ਦਾ ਵੱਤਰ ਸਾਂਭਣ ਦੀ ਸੂਝ ਨਾਹ ਹੋਵੇ, ਉਸ ਨੇ ਕੀਹ ਬੀਜਣਾ, ਤੇ ਕੀਹ ਵੱਢਣਾ! ਸਿਆਣਾ ਕਿਰਸਾਨ ਵੱਤਰ ਖੁੰਝਣ ਨਹੀਂ ਦੇਂਦਾ, ਪੱਕਾ ਫ਼ਸਲ ਵੱਢਣ ਦੀ ਮੌਜ-ਬਹਾਰ ਭੀ ਉਹੀ ਲੈਂਦਾ ਹੈ।

ਮਨੁੱਖਾ ਸਰੀਰ ਹੈ ਖੇਤ, ਜਵਾਨੀ ਹੈ ਵੱਤਰ ਦਾ ਵੇਲਾ। ਜਿਸ ਦੇ ਭਾਗ ਚੰਗੇ ਹੋਣ, ਉਹ ਇਸ ਵੱਤਰ-ਆਈ ਪੈਲੀ ਵਿਚ ਪ੍ਰਭੂ ਦੇ ਨਾਮ ਦਾ ਬੀਜ ਬੀਜਦਾ ਹੈ, ਤੇ ਸ਼ੁਭ ਗੁਣਾਂ ਦਾ ਪੱਕਾ ਫ਼ਸਲ ਵੱਢਦਾ ਹੈ।

(11) ਹਰੇਕ ਫ਼ਸਲ ਦੀ ਆਪੋ ਆਪਣੀ ਰੁੱਤ ਹੁੰਦੀ ਹੈ। ਕੁਰੁੱਤਾ ਬੀਜਿਆ ਬੀਜ ਫਲ ਨਹੀਂ ਦੇਵੇਗਾ। ਰੁੱਤ-ਸਿਰ ਬੀਜਿਆ ਭੀ ਉਹੀ ਬੀਜ ਫਲ ਦੇਵੇਗਾ, ਜੋ ਵੱਤਰ ਵੇਲੇ ਬੀਜਿਆ ਜਾਏ। ਜੇ ਧਰਤੀ ਵਿਚੋਂ ਵੱਤਰ ਸੁੱਕ ਜਾਏ, ਨਮੀ ਖ਼ਤਮ ਹੋ ਜਾਏ, ਤਾਂ ਬੀਜਿਆ ਹੋਇਆ ਬੀਜ ਉੱਗੇਗਾ ਨਹੀਂ।

ਜੀਵ ਵਾਸਤੇ ਮਨੁੱਖਾ-ਸਰੀਰ ਹੀ ਭਲੀ ਰੁੱਤ ਹੈ, ਜਦੋਂ ਇਹ ਸ਼ੁਭ ਗੁਣਾਂ ਦੀ ਫ਼ਸਲ ਪਕਾ ਸਕਦਾ ਹੈ। ਇਸ ਰੁੱਤ ਵਿਚ ਵੱਤਰ ਦਾ ਵੇਲਾ ਹੈ ਜਵਾਨੀ ਦਾ ਸਮਾ। ਜਵਾਨੀ ਵੇਲੇ ਮਨ ਪ੍ਰਭੂ ਦੀ ਯਾਦ ਵਿਚ ਜੋੜੋ।

(12) ਖੇਤ ਵਿਚ ਕਿਕਰੀਆਂ ਬੀਜਿਆਂ ਉਹਨਾਂ ਤੋਂ ਬਿਜੌਰੀ ਦਾਖ ਨਹੀਂ ਮਿਲ ਸਕਦੀ। ਸਾਰੀ ਉਮਰ ਉੱਨ ਕੱਤਦੇ ਰਹੀਏ, ਤਾਂ ਉਸ ਉੱਨ ਤੋਂ ਰੇਸ਼ਮੀ ਕੱਪੜੇ ਨਹੀਂ ਬਣ ਜਾਣੇ।

ਸਰੀਰ-ਖੇਤ ਵਿਚ ਮੰਦ ਕਰਮਾਂ ਦੇ ਬੀਜ ਦੇ ਬੀਜਿਆਂ ਮੰਦੇ ਕਰਮਾਂ ਵਲ ਹੀ ਹੋਰ ਹੋਰ ਪ੍ਰੇਰਨਾ ਹੋਵੇਗੀ। ਮਨ ਭਲੇ ਪਾਸੇ ਨਹੀਂ ਜਾ ਸਕੇਗਾ।

(13) ਵੱਡੇ ਵੱਡੇ ਨਗਰਾਂ ਤੇ ਸ਼ਹਿਰਾਂ ਦੇ ਬਾਹਰ ਚੁੰਗੀ-ਘਰ ਬਣੇ ਹੁੰਦੇ ਹਨ। ਬਾਹਰੋਂ ਸ਼ਹਿਰ ਵਿਚ ਜੋ ਅੰਨ ਦਾਣਾ ਆਦਿਕ ਆਉਂਦਾ ਹੈ, ਉਸ ਤੇ ਨਗਰ-ਸਭਾ ਵਲੋਂ ਮਸੂਲ ਲਿਆ ਜਾਂਦਾ ਹੈ। ਉਹ ਮਸੂਲ ਅੰਤ ਨੂੰ ਸ਼ਹਿਰ-ਵਾਸੀਆਂ ਉਤੇ ਹੀ ਪੈਂਦਾ ਹੈ, ਕਿਉਂਕਿ ਵਪਾਰੀ ਆਪਣਾ ਮਾਲ ਉਤਨਾ ਹੀ ਮਹਿੰਗਾ ਵੇਚਦੇ ਹਨ।

ਮਨੁੱਖਾ-ਸਰੀਰ ਇਕ ਨਗਰ ਹੈ। ਗਿਆਨ-ਇੰਦ੍ਰੇ ਇਸ ਨਗਰ ਦੇ ਵੱਡੇ ਦਰਵਾਜ਼ੇ ਹਨ। ਇਹਨਾਂ ਦੀ ਰਾਹੀਂ ਹੀ ਸਰੀਰ ਦੇ ਅੰਦਰ ਵੱਸਦੇ ਆਤਮਾ ਦੀ ਸਾਂਝ ਬਾਹਰਲੀ ਦੁਨੀਆ ਨਾਲ ਬਣਦੀ ਹੈ। ਪਰ ਜਦ ਤਕ ਗਿਆਨ-ਇੰਦ੍ਰੇ ਕਾਮਾਦਿਕ ਵਿਕਾਰਾਂ ਦੇ ਅਸਰ ਹੇਠ ਹਨ, ਬਾਹਰੋਂ ਆਉਂਦੀ ਸ਼ੁਭ ਗੁਣਾਂ ਦੀ ਪ੍ਰੇਰਨਾ ਨੂੰ ਇਹ ਰਸਤੇ ਵਿਚ ਹੀ ਰੋਕ ਲੈਂਦੇ ਹਨ, ਮਾਨੋ, ਮਸੂਲ ਵਜੋਂ ਹੜੱਪ ਕਰ ਜਾਂਦੇ ਹਨ। ਪ੍ਰਭੂ-ਯਾਦ ਦੀ ਰਾਹੀਂ ਤਕੜਾਈ ਕੀਤਿਆਂ ਇਹ ਲੁੱਟ ਬੰਦ ਹੋ ਜਾਂਦੀ ਹੈ, ਸਰੀਰ-ਨਗਰ ਦੇ ਅੰਦਰ ਸ਼ੁਭ ਗੁਣਾਂ ਦੀ ਪੂੰਜੀ ਵਧਣ ਫੁਲਣ ਲੱਗ ਪੈਂਦੀ ਹੈ।

(14) ਜਿਸ ਪਿੰਡ ਵਿਚ ਚੋਰ ਉਚੱਕਿਆਂ ਦੀ ਮੰਨੀ ਜਾਏ, ਉਥੇ ਭਲੇਮਾਣਸਾਂ ਦੀ ਕੋਈ ਵਟਕ ਨਹੀਂ ਹੁੰਦੀ। ਚੋਰੀਆਂ ਤੇ ਵੈਲ ਲੁੱਚੇ ਬੰਦੇ ਕਰਦੇ ਹਨ, ਪੁਲਸ ਵਾਲਿਆਂ ਦਾ ਮੂੰਹ ਮਿੱਠਾ ਕਰਾਂਦੇ ਰਹਿੰਦੇ ਹਨ, ਤੇ ਫੜੀਦੇ ਹਨ ਗਰੀਬ ਤੇ ਭਲੇਮਾਣਸ।

ਉਸ ਸਰੀਰ-ਪਿੰਡ ਦੀ ਵੱਸੋਂ ਦਾ ਭੀ ਕੋਈ ਹੱਜ ਨਹੀਂ, ਜਿੱਥੇ ਕਾਮਾਦਿਕ ਚੋਰਾਂ ਨੇ ਗਿਆਨ-ਇੰਦ੍ਰਿਆਂ ਨੂੰ ਨੱਥਿਆ ਹੋਇਆ ਹੋਵੇ। ਆਖ਼ਰ ਫੜੀਦਾ ਹੈ ਜੀਵਾਤਮਾ, ਤੇ ਇਕੱਲਾ ਹੀ ਮਾਰ ਕੁੱਟ ਖਾਂਦਾ ਹੈ।

(15) ਵਿਆਹ ਸਮੇ ਲੜਕੀ ਵਾਲੇ ਘਰ ਜ਼ਨਾਨੀਆਂ ਰਲ ਕੇ 'ਸੁਹਾਗ' ਗਾਂਦੀਆਂ ਹਨ, ਤੇ ਲੜਕੇ ਵਾਲੇ ਘਰ 'ਘੋੜੀਆਂ'। ਜਦੋਂ ਜੰਞ ਚੜ੍ਹਦੀ ਹੈ, ਤਾਂ ਲੜਕਾ ਘੋੜੀ ਚੜ੍ਹਦਾ ਹੈ, ਭੈਣਾਂ ਵਾਗ ਫੜਦੀਆਂ ਹਨ, ਉਸ ਵੇਲੇ ਭੀ ਘੋੜੀਆਂ ਗਾਂਦੀਆਂ ਹਨ। ਲਾੜਾ ਘੋੜੀ ਚੜ੍ਹ ਕੇ ਸਹੁਰੇ-ਘਰ ਢੁੱਕਦਾ ਹੈ ਤੇ ਵਹੁਟੀ ਵਿਆਹ ਕੇ ਲਿਆਉਂਦਾ ਹੈ।

ਮਨੁੱਖਾ-ਦੇਹੀ ਇਕ ਬਾਂਕੀ ਘੋੜੀ ਹੈ। ਜਿਸ ਨੇ ਇਸ ਦੇ ਮੂੰਹ ਵਿਚ ਗੁਰੂ ਦੇ ਉਪਦੇਸ਼ ਦੀ ਲਗਾਮ ਪਾਈ ਹੈ, ਤੇ ਪ੍ਰਭੂ-ਪਿਆਰ ਦੀ ਚਾਬਕ ਵਰਤੀ ਹੈ, ਉਸ ਦਾ ਮੇਲ ਪਤੀ-ਪਰਮਾਤਮਾ ਨਾਲ ਹੋ ਜਾਂਦਾ ਹੈ।

(16) ਮਨੁੱਖਾ-ਦੇਹੀ ਬਾਂਕੀ ਘੋੜੀ ਹੈ। ਜਿਸ ਜਿੰਦ-ਵਹੁਟੀ ਨੇ ਇਸ ਦੇ ਮੂੰਹ ਵਿਚ ਗੁਰੂ ਦੇ ਗਿਆਨ ਦੀ ਲਗਾਮ ਪਾ ਕੇ ਮਨ ਨੂੰ ਜਿੱਤਿਆ ਹੈ, ਉਹ ਪ੍ਰਭੂ ਪਤੀ ਨੂੰ ਜਾ ਮਿਲਦੀ ਹੈ।

ਮਨੁੱਖਾ ਸਰੀਰ

(ਸ) ਮੰਦਰ ਘਰ ਕਿਲHਾ

1. ਪਉੜੀ ਮ: 3 (ਵਾਰ ਰਾਮਕਲੀ) . . . . ਹਰਿ ਕਾ ਮੰਦਰੁ ਆਖੀਐ, ਕਾਇਆ ਕੋਟੁ ਗੜੁ (ਪੰਨਾ 952

2. ਪਉੜੀ ਮ: 3 (ਵਾਰ ਰਾਮਕਲੀ) . . . . ਹਰਿ ਮੰਦਰੁ ਸੋਈ ਆਖੀਐ (ਪੰਨਾ 953

3. ਪ੍ਰਭਾਤੀ ਮ: 3 . . . . ਗੁਰ ਪਰਸਾਦੀ ਵੇਖੁ ਤੂ, ਹਰਿ ਮੰਦਰੁ ਤੇਰੈ ਨਾਲਿ (ਪੰਨਾ 1346

4. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਹਰਿ ਮੰਦਰੁ ਹਰਿ ਸਾਜਿਆ (ਪੰਨਾ 1418

5. ਪਉੜੀ ਮ: 3 (ਗੂਜਰੀ ਕੀ ਵਾਰ) . . . . ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ (ਪੰਨਾ 514

6. ਗਉੜੀ ਕਬੀਰ ਜੀ . . . . ਖਟ ਨੇਮ ਕਰਿ ਕੋਠੜੀ ਬਾਂਧੀ (ਪੰਨਾ 339

ਭਾਵ:

(1) ਉਹ ਮਨੁੱਖ ਭਾਗਵਾਨ ਜੌਹਰੀ ਹਨ, ਜੋ ਇਸ ਸਰੀਰ-ਹੱਟ ਵਿਚ ਪਰਮਾਤਮਾ ਦੇ ਨਾਮ ਅਤੇ ਸ਼ੁਭ ਗੁਣਾਂ ਦਾ ਵਪਾਰ ਕਰਦੇ ਹਨ। ਵਿਚਾਰੇ ਸੁਆਰਥੀ ਬੰਦੇ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਇਸ ਖ਼ਜ਼ਾਨੇ ਦੀ ਕਦਰ ਨਹੀਂ ਪਾਂਦੇ।

(2) ਮਨੁੱਖਾ ਸਰੀਰ ਹੀ ਹਰਿਮੰਦਰ ਹੈ। ਇਸ ਵਿਚੋਂ, ਗੁਰੂ ਦੇ ਉਪਦੇਸ਼ ਤੇ ਚੱਲ ਕੇ, ਹਰੀ ਮਿਲ ਪੈਂਦਾ ਹੈ। ਸਰੀਰੋਂ ਬਾਹਰ ਭਾਲਣ ਦੀ ਲੋੜ ਹੀ ਨਹੀਂ ਪੈਂਦੀ। ਹਰੇਕ ਸਰੀਰ ਵਿਚ ਉਸ ਨੂੰ ਵੱਸਦਾ ਵੇਖੋ।

(3) ਮਨੁੱਖਾ ਸਰੀਰ ਹਰਿ-ਮੰਦਰ ਹੈ, ਪਰਮਾਤਮਾ ਦਾ ਹੱਟ ਹੈ, ਇਹੀ ਅਸਲ ਥਾਂ ਹੈ ਜਿਥੇ ਪਰਮਾਤਮਾ ਦੇ ਨਾਮ-ਧਨ ਦਾ ਵਪਾਰ ਕਰ ਸਕੀਦਾ ਹੈ, ਇਸ ਮੰਦਰ ਵਿਚ ਹਰੀ ਆਪ ਵੱਸਦਾ ਹੈ, ਹਰੇਕ ਸਰੀਰ ਵਿਚ ਹਰੀ ਵੱਸਦਾ ਹੈ।

(4) ਈਸਾਈ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਹਿੰਦੂ, ਸਿੱਖ; ਧਰਤੀ ਦੇ ਸਾਰੇ ਧਰਮਾਂ ਦੇ ਅਵਲੰਬੀਆਂ ਨੇ ਆਪੋ ਆਪਣੇ ਧਰਮਾਂ ਦੇ ਮੰਦਰ ਬਣਾਏ ਹੋਏ ਹਨ, ਉਥੇ ਇਕੱਠੇ ਹੋ ਕੇ ਪਰਮਾਤਮਾ ਦੀ ਪੂਜਾ ਆਰਾਧਨਾ ਕਰਦੇ ਹਨ, ਤੇ ਉਹਨਾਂ ਧਰਮ-ਅਸਥਾਨਾਂ ਨੂੰ ਰੱਬ ਦਾ ਘਰ ਪਰਮਾਤਮਾ ਦਾ ਮੰਦਰ ਮੰਨਦੇ ਹਨ।

ਮਨੁੱਖਾ-ਸਰੀਰ ਇਕ ਮੰਦਰ ਹੈ, ਹਰੀ ਦਾ ਮੰਦਰ ਹੈ, ਪਰਮਾਤਮਾ ਨੇ ਆਪਣੇ ਰਹਿਣ ਲਈ ਮੰਦਰ ਬਣਾਇਆ ਹੋਇਆ ਹੈ। ਪਰਮਾਤਮਾ ਇਸ ਮੰਦਰ ਵਿਚ ਵੱਸਦਾ ਹੈ ਜੇਹੜਾ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦਾ ਪਰਦਾ ਦੂਰ ਕਰ ਲੈਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ।

(5) ਪਿਛਲੇ ਸਮਿਆਂ ਵਿਚ ਰਾਜੇ ਲੋਕ ਆਪੋ ਆਪਣੀ ਰਾਜਧਾਨੀ ਦੀ ਰਾਖੀ ਵਾਸਤੇ ਪੱਕੇ ਕਿਲ੍ਹੇ ਬਣਾ ਰੱਖਦੇ ਸਨ। ਜੇ ਕੋਈ ਇਕ ਰਾਜਾ ਕਿਸੇ ਦੂਜੇ ਦੇਸ ਉਤੇ ਹੱਲਾ ਬੋਲ ਦੇਂਦਾ ਸੀ, ਤੇ ਅੱਗੋਂ ਜੇ ਟਾਕਰੇ ਤੇ ਕਮਜ਼ੋਰ ਰਾਜਾ ਹੋਵੇ, ਤਾਂ ਉਹ ਆਪਣੇ ਕਿਲ੍ਹੇ ਵਿਚ ਆਕੀ ਹੋ ਬੈਠਦਾ ਸੀ। ਕਿਲ੍ਹਿਆਂ ਦੇ ਦਰਵਾਜ਼ੇ ਬੜੇ ਮਜ਼ਬੂਰ ਹੁੰਦੇ ਸਨ। ਉਹਨਾਂ ਨੂੰ ਸਰ ਕਰਨਾ ਸੌਖੀ ਖੇਡ ਨਹੀਂ ਸੀ ਹੁੰਦੀ।

ਸਰੀਰ ਇਕ ਕਿਲ੍ਹਾ ਹੈ। ਮਾਇਆ-ਵੇੜ੍ਹੇ ਜੀਵ ਦੇ ਇਸ ਸਰੀਰ-ਕਿਲ੍ਹੇ ਨੂੰ ਕੂੜ ਕੁਸੱਤ ਅਹੰਕਾਰ ਦੇ ਬੜੇ ਕਰੜੇ ਕਵਾੜ ਲੱਗੇ ਰਹਿੰਦੇ ਹਨ। ਕਿਲ੍ਹੇ ਦੇ ਅੰਦਰ ਬੈਠਾ ਮਨ ਆਕੀ ਟਿਕਿਆ ਰਹਿੰਦਾ ਹੈ। ਜਿਸ ਭਾਗਵਾਨ ਦੇ ਇਹ ਕਵਾੜ ਖੁਲ੍ਹ ਜਾਂਦੇ ਹਨ, ਉਸ ਨੂੰ ਆਪਣੇ ਅੰਦਰੋਂ ਪ੍ਰਭੂ ਦਾ ਨਾਮ-ਰਸ ਮਿਲਦਾ ਹੈ।

(6) ਮਨੁੱਖ ਆਪਣੇ ਰਹਿਣ ਲਈ ਘਰ ਬਣਾਉਂਦਾ ਹੈ। ਘਰ ਦਾ ਵਸਤ-ਵਲੇਵਾ ਸਾਂਭ ਕੇ ਰੱਖਣ ਲਈ ਜੰਦ੍ਰੇ ਭੀ ਵਰਤਦਾ ਹੈ, ਪਹਿਰੇਦਾਰ ਭੀ ਰੱਖਦਾ ਹੈ। ਪਰ ਜੇ ਪਹਿਰੇਦਾਰ ਹੀ ਚੋਰਾਂ ਨਾਲ ਮਿਲ ਜਾਣ, ਤਾਂ ਬੇ-ਫ਼ਿਕਰ ਹੋ ਕੇ ਸੁੱਤੇ ਪਏ ਦਾ ਘਰ ਲੁੱਟਿਆ ਜਾਂਦਾ ਹੈ।

ਮਨੁੱਖਾ ਸਰੀਰ ਇਕ ਘਰ ਹੈ। ਇਸ ਨੂੰ ਬੂਹਾ ਜੰਦ੍ਰਾ ਕੁੰਜੀ ਕੋਈ ਨਹੀਂ। ਇਸ ਘਰ ਦੇ ਪਹਿਰੇਦਾਰ ਗਿਆਨ-ਇੰਦ੍ਰੇ ਹਨ। ਪਰ ਇਹ ਕਾਮਾਦਿਕ ਚੋਰਾਂ ਨਾਲ ਮਿਲ ਜਾਂਦੇ ਹਨ, ਤੇ ਘਰ ਦੀ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਸਹਜੇ ਸਹਜੇ ਸਾਰੀ ਹੀ ਲੁੱਟੀ ਜਾਂਦੀ ਹੈ।

ਕਿਸੇ ਵਿਰਲੇ ਭਾਗਾਂ ਵਾਲੇ ਨੂੰ ਇਹ ਸੂਝ ਪੈਂਦੀ ਹੈ।

ਮਨੁੱਖਾ ਸਰੀਰ

(ਹ) ਅਸਾਰਤਾ

1. ਸਲੋਕੁ ਮ: 3 (ਵਾਰ ਗੂਜਰੀ) . . . . ਕਾਇਆ ਹੰਸ ਕਿਆ ਪ੍ਰੀਤਿ ਹੈ (ਪੰਨਾ 510

2. ਆਸਾ ਮ: 4 . . . . ਆਇਆ ਮਰਣੁ ਧੁਰਾਹੁ (ਪੰਨਾ 369

3. ਆਸਾ ਮ: 4 ਛੰਤ . . . . ਮਨਿ ਨਾਮੁ ਜਪਾਨਾ (ਪੰਨਾ 447

4. ਸਿਰੀ ਰਾਗੁ ਮ: 5 . . . . ਗੋਇਲਿ ਆਇਆ ਗੋਇਲੀ (ਪੰਨਾ 50

5. ਸਿਰੀ ਰਾਗੁ ਮ: 5 . . . . ਤਿਚਰੁ ਵਸਹਿ ਸੁਹੇਲੜੀ (ਪੰਨਾ 50

6. ਗਉੜੀ ਬਾਵਨ ਅਖਰੀ ਮ: 5 . . . . ਗਗਾ ਗੋਬਿਦ ਗੁਣ ਰਵਹੁ (ਪੰਨਾ 254

7. ਸਲੋਕ ਮ: 5 (ਵਾਰ ਗਉੜੀ) . . . . ਦਾਮਨੀ ਚਮਤਕਾਰ (ਪੰਨਾ 319

8. ਆਸਾ ਮ: 5 . . . . ਪੁਤਰੀ ਤੇਰੀ ਬਿਧਿ ਕਰਿ ਥਾਟੀ (ਪੰਨਾ 374

9. ਆਸਾ ਮ: 5 . . . . ਜੈਸੇ ਕਿਰਸਾਣੁ ਬੋਵੈ ਕਿਰਸਾਨੀ (ਪੰਨਾ 375

10. ਆਸਾ ਮ: 5 . . . . ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ (ਪੰਨਾ 401

11. ਸੋਰਠਿ ਮ: 5 . . . . ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ (ਪੰਨਾ 609

12. ਬਿਲਾਵਲੁ ਮ: 5 . . . . ਮ੍ਰਿਤ ਮੰਡਲ ਜਗੁ ਸਾਜਿਆ (ਪੰਨਾ 808

13. ਮਾਰੂ ਸੋਲਹੇ ਮ: 5 . . . . ਸੰਗੀ ਜੋਗੀ ਨਾਰਿ ਲਪਟਾਣੀ (ਪੰਨਾ 1072

14. ਸਲੋਕ ਮ: 5 (ਵਾਰੂ ਮਾਰੂ) . . . . ਸਚੁ ਜਾਣੈ ਕਚੁ ਵੈਦਿਓ (ਪੰਨਾ 1095

15. ਗਉੜੀ ਕਬੀਰ ਜੀ . . . . ਪੇਵਕੜੈ ਦਿਨ ਚਾਰਿ ਹੈ . . . . ਪੰਨੇ 333-34

16. ਭੈਰਉ ਕਬੀਰ ਜੀ . . . . ਨਾਂਗੇ ਆਵਨੁ ਨਾਂਗੇ ਜਾਨਾ (ਪੰਨਾ 1157

17. ਸਾਰੰਗ ਕਬੀਰ ਜੀ . . . . ਹਰਿ ਬਿਨੁ ਕਉਨੁ ਸਹਾਈ ਮਨ ਕਾ (ਪੰਨਾ 1253

18. ਸੂਹੀ ਰਵਿਦਾਸ ਜੀ . . . . ਊਚੇ ਮੰਦਰ ਸਾਲ ਰਸੋਈ (ਪੰਨਾ 794

19. ਆਸਾ ਫਰੀਦ ਜੀ . . . . ਬੋਲੈ ਸੇਖ ਫਰੀਦੁ (ਪੰਨਾ 488

20. ਸਲੋਕ ਫਰੀਦ ਜੀ (1) . . . . ਜਿਤੁ ਦਿਹਾੜੈ ਧਨ ਵਰੀ (ਪੰਨਾ 1377

21. ਸਲੋਕ ਫਰੀਦ ਜੀ (9, 10) . . . . ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ (ਪੰਨਾ 1378

22. ਸਲੋਕ ਫਰੀਦ ਜੀ (26) . . . . ਫਰੀਦਾ ਮੈ ਭੋਲਾਵਾ ਪਗ ਦਾ (ਪੰਨਾ 1379

23. ਸਲੋਕ ਫਰੀਦ ਜੀ (47, 48) . . . . ਫਰੀਦਾ ਖਿੰਥੜਿ ਮੇਖਾ ਅਗਲੀਆ (ਪੰਨਾ 1380

24. ਸਲੋਕ ਫਰੀਦ ਜੀ (56) . . . . ਫਰੀਦਾ ਕੋਠੇ ਧੁਕਣੁ ਕੇਤੜਾ (ਪੰਨਾ 1380

25. ਸਲੋਕ ਫਰੀਦ ਜੀ (66, 67) . . . . ਚਲਿ ਚਲਿ ਗਈਆਂ ਪੰਖੀਆਂ (ਪੰਨਾ 1381

26. ਸਲੋਕ ਫਰੀਦ ਜੀ (68, 69) . . . . ਫਰੀਦਾ ਭੰਨੀ ਘੜੀ ਸਵੰਨੜੀ (ਪੰਨਾ 1381

27. ਸਲੋਕ ਫਰੀਦ ਜੀ (96) . . . . ਕੰਧੀ ਉਤੈ ਰੁਖੜਾ (ਪੰਨਾ 1382

28. ਸਲੋਕ ਫਰੀਦ ਜੀ (99) . . . . ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ (ਪੰਨਾ 1383

29. ਸਲੋਕ ਫਰੀਦ ਜੀ (102) . . . . ਫਰੀਦਾ ਰੁਤਿ ਫਿਰੀ ਵਣੁ ਕੰਬਿਆ (ਪੰਨਾ 1383

30. ਸੋਰਠਿ ਭੀਖਨ ਜੀ . . . . ਨੈਨਹੁ ਨੀਰੁ ਬਹੈ, ਤਨੁ ਖੀਨਾ (ਪੰਨਾ 659

ਭਾਵ:

(1) ਜਿੰਦ ਤੇ ਸਰੀਰ ਦਾ ਪਿਆਰ ਕੂੜਾ। ਠੱਗੀ ਫ਼ਰੇਬ ਕਰ ਕੇ ਇਸ ਸਰੀਰ ਨੂੰ ਪਾਲਣ ਦਾ ਜਤਨ ਕਰਨਾ ਮੂਰਖਤਾ ਹੈ। ਜਦੋਂ ਜਿੰਦ ਨੂੰ ਧੁਰੋਂ ਸੱਦਾ ਆਉਂਦਾ ਹੈ, ਸਰੀਰ ਇਥੇ ਹੀ ਢਹਿ ਪੈਂਦਾ ਹੈ, ਤੇ, ਕੀਤੇ ਮੰਦ ਕਰਮਾਂ ਦਾ ਲੇਖਾ ਜਿੰਦ ਨੂੰ ਭੁਗਤਣਾ ਪੈਂਦਾ ਹੈ।

(2) ਜੂਏ ਦੀ ਚੇਟਕ ਬੁਰੀ। ਜੁਆਰੀਆ ਹਾਰਦਾ ਭੀ ਜਾਂਦਾ ਹੈ, ਤੇ ਫਿਰ ਭੀ ਜਿੱਤਣ ਦੀ ਆਸ ਤੇ ਜੂਆ ਖੇਡਣੋਂ ਹੱਟਦਾ ਨਹੀਂ।

ਮਾਇਆ ਦੀ ਚੇਟਕ ਭੀ ਅਜੇਹੀ ਹੀ ਹੈ। ਮਨੁੱਖ ਆਤਮਕ ਜੀਵਨ ਹਾਰਦਾ ਜਾਂਦਾ ਹੈ; ਪਰ, ਹੋਰ ਜੋੜ ਲਵਾਂ ਹੋਰ ਜੋੜ ਲਵਾਂ ਦੀ ਤਾਂਘ ਵਿਚ ਆਤਮਕ ਘਾਟ ਦੀ ਪਰਵਾਹ ਨਹੀਂ ਰਹਿੰਦੀ।

ਧੁਰੋਂ ਲਿਖੀ ਮੌਤ ਆ ਪਹੁੰਚਦੀ ਹੈ, ਮਾਇਆ ਇਥੇ ਹੀ ਰਹਿ ਜਾਂਦੀ ਹੈ, ਜੀਵਨ-ਬਾਜ਼ੀ ਹਰ ਜਾਂਦੀ ਹੈ। ਪਰ ਤਦੋਂ ਪਛੁਤਾਵੇ ਦਾ ਕੀਹ ਲਾਭ?

(3) ਜਗਤ ਵਿਚ ਜੋ ਭੀ ਆਇਆ ਹੈ ਉਸ ਦੇ ਸਿਰ ਉਤੇ ਮੌਤ ਦੀ ਤਲਵਾਰ ਲਟਕਦੀ ਹੈ। ਪਰ ਅਜਬ ਖੇਡ ਹੈ ਕਿ ਇਸ ਮੌਤ ਤੋਂ ਹਰ ਕੋਈ ਸਹਿਮਿਆ ਰਹਿੰਦਾ ਹੈ। ਹਰੇਕ ਜਿੰਦ ਸਰੀਰ ਦੇ ਉਹਲੇ ਲੁਕਦੀ ਹੈ, ਲੁਕਦੀ ਹੈ।

ਇਸ ਸਹਿਮ ਤੋਂ ਸਿਰਫ਼ ਉਹੀ ਬਚਦਾ ਹੈ ਜੋ ਪ੍ਰਭੂ ਦੀ ਯਾਦ ਨੂੰ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ।

(4) ਲੰਮੀ ਔੜ ਲੱਗ ਜਾਏ, ਅੰਨ ਦਾ ਕਾਲ ਪੈ ਜਾਂਦਾ ਹੈ। ਪਰ ਅੰਨ ਨਾਲੋਂ ਭੀ ਵਧੀਕ ਔਖਿਆਈ ਪਸ਼ੂਆਂ ਲਈ ਘਾਹ ਪੱਠੇ ਦੀ ਹੋ ਜਾਂਦੀ ਹੈ। ਲੋਆਂ ਨਾਲ ਲੂਠੀ ਧਰਤੀ ਸੜ ਕੇ ਸੁਆਹ ਹੋਈ ਪਈ ਹੁੰਦੀ ਹੈ, ਕਿਤੇ ਭੀ ਹਰੇ ਘਾਹ ਦਾ ਤੀਲਾ ਨਹੀਂ ਦਿੱਸਦਾ।

ਪਸ਼ੂਆਂ ਨੂੰ ਭੁੱਖ ਦੀ ਇਸ ਬਿਪਤਾ ਤੋਂ ਬਚਾਉਣ ਲਈ ਲੋਕ ਆਪਣੇ ਡੰਗਰ ਵੱਛੇ ਇਕੱਠੇ ਕਰ ਕੇ ਦਰਿਆ ਦੇ ਕੰਢੇ ਚਲੇ ਜਾਂਦੇ ਹਨ ਤੇ ਔੜ ਦੇ ਦਿਨ ਕੱਟ ਆਉਂਦੇ ਹਨ। ਇਸ ਨੂੰ ਗੋਇਲ-ਵਾਸਾ ਕਹੀਦਾ ਹੈ। ਮੀਂਹ ਪੈਣ ਤੇ ਸਭ ਗੋਇਲੀ ਆਪੋ ਆਪਣੇ ਪਿੰਡ ਮੁੜ ਜਾਂਦੇ ਹਨ।

ਰਾਹੀ ਮੁਸਾਫਿਰ ਆਪਣੇ ਸਫ਼ਰ ਦੇ ਰਸਤੇ ਵਿਚ ਕਿਤੇ ਰਾਤ ਕੱਟਦਾ ਹੈ, ਪਰਭਾਤ ਹੁੰਦਿਆਂ ਹੀ ਉਥੋਂ ਅਗਾਂਹ ਚੱਲ ਪੈਂਦਾ ਹੈ ਕਿ ਪੈਂਡਾ ਖੋਟਾ ਨ ਹੋ ਜਾਏ।

ਮਾਲੀ ਬਗ਼ੀਚਿਆਂ ਵਿਚ ਮੋਤੀਆ ਗੁਲਾਬ ਆਦਿਕ ਸੁਗੰਧੀ ਵਾਲੇ ਬੂਟੇ ਪਾਲਦੇ ਹਨ। ਫੁੱਲ ਖਿੜਦੇ ਹਨ, ਪਰ ਇਕੋ ਦਿਨ ਵਿਚ ਹੀ ਕੁਮਲਾ ਜਾਂਦੇ ਹਨ, ਤੇ ਅਗਲੇ ਦਿਨ ਨਵਿਆਂ ਨੂੰ ਖਿੜਨ ਦਾ ਮੌਕਾ ਮਿਲਦਾ ਹੈ।

ਜਗਤ ਗੋਇਲ-ਵਾਸਾ ਹੈ, ਸਰਾਂ ਹੈ, ਫੁੱਲਾਂ ਦੀ ਬਗ਼ੀਚੀ ਹੈ। ਮੌਤ ਇਥੇ ਕਿਸੇ ਨੂੰ ਪੱਕੇ ਡੇਰੇ ਨਹੀਂ ਲਾਵਣ ਦੇਂਦੀ।

(5) ਇਸਤ੍ਰੀ ਦੀ ਦੁਨੀਆ ਖਸਮ ਨਾਲ ਹੀ ਹੈ। ਜਦ ਤਕ ਸੁਹਾਗਣਿ ਹੈ, ਤਦ ਤਕ ਵਿਚ ਸੱਸ ਸਹੁਰਾ ਜੇਠ ਦਿਉਰ ਜਿਠਾਣੀਆਂ ਦਿਰਾਣੀਆਂ ਨਨਾਣਾਂ ਸਾਰਾ ਹੀ ਪਰਵਾਰ ਉਸ ਦਾ ਆਦਰ ਸਤਕਾਰ ਕਰਦਾ ਹੈ। ਪਰ ਜੇਹੜੀ ਮੰਦ-ਭਾਗਣਿ ਸਿਰੋਂ ਨੰਗੀ ਹੋ ਜਾਂਦੀ ਹੈ, ਉਸ ਨੂੰ ਹਰ ਪਾਸੇ ਵਲੋਂ ਦੁਰੇ ਦੁਰੇ ਹੋਣ ਲੱਗ ਪੈਂਦੀ ਹੈ; ਕੁਲਹਿਣੀ ਕੁਲੱਛਣੀ ਉਸ ਦਾ ਨਾਮ ਪੈ ਜਾਂਦਾ ਹੈ। ਸਾਰਾ ਹੀ ਘਰ ਉਸ ਨੂੰ ਵੱਢ ਵੱਢ ਖਾਂਦਾ ਹੈ।

ਜੀਵ-ਭੌਰ ਦੇ ਉੱਡਣ ਦੀ ਦੇਰ ਹੁੰਦੀ ਹੈ ਕਿ ਇਹ ਕਾਂਇਆਂ ਭੀ ਵੇਹੜੇ ਵਿਚ ਪਈ ਨਹੀਂ ਸੁਖਾਉਂਦੀ। ਮੌਤ ਸਾਰਾ ਨਕਸ਼ਾ ਬਦਲ ਦੇਂਦੀ ਹੈ। ਸੁਲੱਖਣੀ ਕਾਂਇਆਂ ਉਹੀ, ਜਿਸ ਨੇ ਜੀਵਾਤਮਾ ਦੇ ਹੁੰਦਿਆਂ ਭਲਾਈ ਖੱਟੀ।

(6) ਸਿਆਣੇ ਆਖਦੇ ਹਨ ਕਿ ਮੌਤ ਦਾ ਤੇ ਗਾਹਕ ਦਾ ਕੋਈ ਪਤਾ ਨਹੀਂ ਕੇਹੜੇ ਵੇਲੇ ਆ ਜਾਏ।

ਬਾਲਪਣ, ਜਵਾਨੀ, ਬੁਢੇਪਾ; ਮੌਤ ਦਾ ਕੋਈ ਖ਼ਾਸ ਠੁਕ ਨਹੀਂ ਕਦੋਂ ਆ ਜਾਏ। ਇਸ ਸਰੀਰ ਦਾ ਕੋਈ ਭਰਵਾਸਾ ਨਹੀਂ।

ਫਿਰ ਇਹ ਕਿਤਨੀ ਮੂਰਖਤਾ ਹੈ ਕਿ ਜਿਸ ਮਾਇਆ ਨੂੰ ਅਨੇਕਾਂ ਹੀ ਇਥੇ ਹੀ ਛੱਡ ਕੇ ਚਲੇ ਗਏ, ਮਨੁੱਖ ਮੁੜ ਮੁੜ ਇਕੱਠੀ ਕਰਨ ਦੇ ਆਹਰੇ ਲਗ ਕੇ ਜੀਵਨ ਅਜਾਈਂ ਗਵਾ ਲੈਂਦਾ ਹੈ।

(7) ਸਾਵਣ ਦੇ ਮਹੀਨੇ ਬੱਦਲ ਉੱਠਦੇ ਹਨ, ਘਟਾਂ ਚੜ੍ਹਦੀਆਂ ਹਨ, ਬਿਜਲੀਆਂ ਲਿਸ਼ਕਦੀਆਂ ਹਨ। ਬੱਦਲ-ਵਾਈ ਹਨੇਰੀ ਰਾਤ ਵਿਚ ਜਦੋਂ ਹੱਥ ਪਸਾਰਿਆਂ ਨਹੀਂ ਦਿੱਸਦਾ; ਬਿਜਲੀ ਦੀ ਲਿਸ਼ਕ ਕੇਹੀ ਸੋਹਣੀ ਲੱਗਦੀ ਹੈ, ਰਾਹੋਂ ਖੁੰਝੇ ਹੋਏ ਰਾਹੀ ਨੂੰ ਬੜਾ ਸਹਾਰਾ ਮਿਲਦਾ ਹੈ।

ਪਰ ਬਿਜਲੀ ਦੀ ਇਹ ਲਿਸ਼ਕ ਅੱਖ ਦੇ ਝਮਕਾਰੇ ਵਿਚ ਗੁੰਮ ਹੋ ਜਾਂਦੀ ਹੈ। ਜਗਤ ਵਿਚ ਜੀਵਾਂ ਦਾ ਜੀਵਨ ਭੀ ਖਿਨ-ਭੰਗਰ ਹੀ ਹੈ, ਬਿਜਲੀ ਦੀ ਲਿਸ਼ਕ ਹੀ ਹੈ। ਛੇਤੀ ਹੀ ਮੌਤ ਦਾ ਘੁੱਪ ਹਨੇਰਾ ਉਸ ਲਿਸ਼ਕ ਨੂੰ ਗੁੰਮ ਕਰ ਲੈਂਦਾ ਹੈ।

(8) ਵੇਖਣ ਨੂੰ ਕੇਹਾ ਸੁੰਦਰ ਸਰੀਰ ਮਨੁੱਖ ਨੂੰ ਮਿਲਿਆ ਹੈ। ਪਰ ਇਹ ਗ਼ਾਫ਼ਲ ਇਸ ਦੇ ਘੜਨਹਾਰ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਫਸ ਰਿਹਾ ਹੈ। ਇਤਨਾ ਭੀ ਨਹੀਂ ਸੋਚਦਾ ਕਿ ਇਸ ਸੋਹਣੀ ਚਮੜੀ ਦੇ ਅੰਦਰਲੇ ਪਾਸੇ ਉਹ ਕੁਝ ਹੈ ਜਿਸ ਨੂੰ ਤੱਕਣ ਨੂੰ ਭੀ ਜੀ ਨਾਹ ਕਰੇ। ਮਾਣ ਕਰਦਾ ਹੈ ਉਸ ਧਨ ਪਦਾਰਥ ਤੇ ਜੇਹੜਾ ਇਸ ਦੇ ਪਾਸ ਅਮਾਨਤ ਜੇਹੀ ਹੀ ਹੈ।

ਮੌਤ ਨੇ ਇਸ ਸਰੀਰ ਨੂੰ ਮਿੱਟੀ ਵਿਚ ਮਿਲਾ ਦੇਣਾ ਹੈ, ਤੇ ਅਮਾਨਤ ਇਥੇ ਹੀ ਧਰੀ ਰਹਿ ਜਾਇਗੀ।

(9) ਜੱਟ ਪੈਲੀ ਬੀਜਦਾ ਹੈ। ਉਸ ਦੀ ਮਰਜ਼ੀ ਹੈ ਕੱਚੀ ਵੱਢ ਲਏ, ਚਾਹੇ ਪੱਕੀ ਵੱਢੇ। ਦਿਨ ਚੜ੍ਹਿਆ ਹੈ ਤਾਂ ਰਾਤ ਭੀ ਪਏਗੀ। ਸਦਾ ਰਾਤ ਹੀ ਨਹੀਂ ਰਹਿਣੀ, ਦਿਨ ਭੀ ਫਿਰ ਚੜ੍ਹੇਗਾ। ਸਦਾ-ਥਿਰ ਕੋਈ ਚੀਜ਼ ਨਹੀਂ ਹੈ।

ਅਭਾਗਾ ਹੈ ਉਹ ਜੇਹੜਾ ਇਸ ਦਿੱਸਦੇ ਪਸਾਰੇ ਵਿਚ ਮੋਹ ਪਾਈ ਬੈਠਾ ਹੈ। ਸਦਾ ਟਿਕਣ ਵਾਲਾ ਪਦਾਰਥ ਪ੍ਰਭੂ ਦਾ ਪਿਆਰ ਹੀ ਹੈ।

(10) ਪਾਣੀ ਦੇ ਘੜੇ ਵਿਚ ਲੂਣ ਦਾ ਢੇਲਾ ਪਾ ਦਿਉ, ਸਹਜੇ ਸਹਜੇ ਸਾਰਾ ਹੀ ਗਲ ਜਾਇਗਾ। ਕੰਧ ਉਤੇ ਕਿਤਨੀ ਕੁ ਦੌੜ ਲਾ ਲਵੋਗੇ? ਕੰਧ ਮੁੱਕ ਹੀ ਜਾਇਗੀ। ਜੇਹੜੇ ਕੱਪੜੇ ਅੱਜ ਨਵੇਂ ਪਹਿਨਦੇ ਹੋ, ਉਹ ਆਖ਼ਰ ਪਾਟਣੇ ਹਨ।

ਜਗਤ ਵਿਚ ਜੋ ਕੁਝ ਵੇਖਦੇ ਹੋ, ਸਭ ਹਵਾਈ ਕਿਲ੍ਹਿਆਂ ਸਮਾਨ ਹੈ। ਸਾਕ ਅੰਗ ਘਰ ਬਾਰ ਸਭ ਨਾਲ ਮੋਹ ਕੂੜਾ ਹੈ। ਇਥੇ ਸਭ ਹੀ ਚਾਰ ਦਿਨਾਂ ਦੇ ਪਰਾਹੁਣੇ ਹਨ।

(11) ਬਹੁਤ ਸਾਰੀ ਅੱਗ ਬਾਲੀਏ, ਤਾਂ ਧੂੰ ਦੇ ਬੱਦਲ ਉਠਦੇ ਦਿੱਸਦੇ ਹਨ। ਪਰ ਨਾਹ ਉਹਨਾਂ ਬੱਦਲਾਂ ਵਿਚ ਵਰਖਾ ਦੀਆਂ ਬੂੰਦਾਂ ਹਨ ਅਤੇ ਨਾਹ ਹੀ ਘੜੀ ਪਲ ਟਿਕ ਸਕਦੇ ਹਨ। ਹਵਾ ਦਾ ਇਕੋ ਬੁੱਲਾ ਉਡਾ ਲੈ ਜਾਂਦਾ ਹੈ।

ਰੰਗ ਬਰੰਗੇ ਸੋਹਣੇ ਮਣਕੇ ਲੈ ਕੇ ਕੋਈ ਮਨੁੱਖ ਇਕ ਧਾਗੇ ਵਿਚ ਪ੍ਰੋ ਲਏ, ਪਰ ਧਾਗਾ ਹੋਵੇ ਕੱਚਾ। ਧਾਗਾ ਤੁਰਤ ਟੁੱਟ ਜਾਇਗਾ, ਤੇ ਮਣਕੇ ਧਰਤੀ ਤੇ ਰੁਲ ਜਾਣਗੇ।

ਮਨੁੱਖ ਆਪਣੇ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਆਪਣੇ ਕਰਤਾਰ ਨੂੰ ਵਿਸਾਰ ਦੇਂਦਾ ਹੈ। ਪਰ ਕੀਹ ਮਾਣ ਇਸ ਸਰੀਰ ਦਾ? ਇਸ ਦੀ ਪਾਂਇਆਂ ਧੂੰਏਂ ਦੇ ਬੱਦਲਾਂ ਜਿਤਨੀ ਹੀ ਸਮਝੋ। ਪ੍ਰਾਣਾਂ ਦੇ ਕੱਚੇ ਧਾਗੇ ਨੇ ਇਹ ਸਰੀਰਕ ਅੰਗ ਪ੍ਰੋਤੇ ਹੋਏ ਹਨ। ਧਾਗਾ ਟੁੱਟਦਿਆਂ ਢਿੱਲ ਨਹੀਂ ਲੱਗਦੀ।

(12) ਕਾਗਜ਼ ਉਤੇ ਪਾਣੀ ਡੁੱਲ੍ਹ ਜਾਏ, ਕਾਗ਼ਜ਼ ਗਲ ਕੇ ਸੀਰਾ ਹੋ ਜਾਂਦਾ ਹੈ। ਰੇਤ ਦਾ ਘਰ ਤਿਆਰ ਕਰੋ, ਨਾਲੋ ਨਾਲ ਕਿਰ ਕਿਰ ਕੇ ਢਹਿੰਦਾ ਜਾਏਗਾ। ਸੁਪਨੇ ਵਿਚ ਅਨੇਕਾਂ ਰੰਗ-ਤਮਾਸ਼ੇ ਵੇਖੀਦੇ ਹਨ, ਜਾਗਦਿਆਂ ਸਾਰ ਉਹ ਲੋਪ ਹੋ ਜਾਂਦੇ ਹਨ।

ਅਨੇਕਾਂ ਆਏ, ਅਨੇਕਾਂ ਆ ਰਹੇ ਹਨ, ਅਨੇਕਾਂ ਆਉਣਗੇ। ਸਭ ਆਪੋ ਆਪਣੀ ਵਾਰੀ ਤੁਰੇ ਜਾ ਰਹੇ ਹਨ। ਕੋਈ ਇਥੇ ਸਦਾ ਨਹੀਂ ਰਹਿ ਸਕਦਾ। ਫਿਰ ਮਲਕੀਅਤਾਂ ਦਾ ਮਾਣ ਕਾਹਦਾ?

(13) ਜੀਵਾਤਮਾ ਤੇ ਕਾਂਇਆਂ ਦਾ ਇਥੇ ਥੋੜੇ ਸਮੇ ਦਾ ਮੇਲਾ ਹੈ। ਜੀਵ ਇਸ ਕਾਂਇਆਂ ਦੀ ਖ਼ਾਤਰ ਦਿਨ ਰਾਤ ਦੌੜ-ਭੱਜ ਕਰਦਾ ਰਹਿੰਦਾ ਹੈ। ਕਾਂਇਆਂ ਦੀ ਨਿੱਤ ਇਹ ਤਾਂਘ ਹੈ ਕਿ ਜੀਵਾਤਮਾ ਮੈਨੂੰ ਛੱਡ ਕੇ ਨਾਹ ਜਾਏ। ਪਰ ਧੁਰੋਂ ਹੁਕਮ ਆਉਂਦਾ ਹੈ, ਮੌਤ ਜਿੰਦ ਨੂੰ ਲੈ ਤੁਰਦੀ ਹੈ, ਤੇ ਕਾਂਇਆਂ ਛੁੱਟੜ ਹੋ ਕੇ ਮਿੱਟੀ ਵਿਚ ਰਲ ਜਾਂਦੀ ਹੈ।

ਇਹ ਮੋਹ ਦੀ ਸਾਰੀ ਖੇਡ ਇਕ ਤਮਾਸ਼ਾ ਹੀ ਹੈ।

(14) ਮੱਖਣ ਨੂੰ ਸੇਕ ਲੱਗੇ, ਤੁਰਤ ਗਲ ਜਾਂਦਾ ਹੈ। ਚੁਪੱਤੀ ਪਾਣੀ ਵਿਚ ਹੀ ਜਿਊਂਦੀ ਰਹਿ ਸਕਦੀ ਹੈ। ਪਾਣੀ ਢਲਿਆਂ ਜਾਂ ਸੁੱਕਿਆਂ ਚੁਪੱਤੀ ਉਸੇ ਵੇਲੇ ਸੜ ਸੁੱਕ ਜਾਂਦੀ ਹੈ।

ਸਰੀਰ ਦੀ ਭੀ ਇਤਨੀ ਕੁ ਹੀ ਪਾਂਇਆਂ ਹੈ।

(15) ਪਿੰਡਾਂ ਵਿਚ ਪੀਣ ਵਾਲਾ ਪਾਣੀ ਭਰਨ ਲਈ ਆਮ ਤੌਰ ਤੇ ਪਿੰਡੋਂ ਬਾਹਰ ਇਕੋ ਖੂਹੀ ਹੁੰਦੀ ਹੈ। ਪਿੰਡ ਦੀਆਂ ਮੁਟਿਆਰਾਂ ਆਪੋ ਆਪਣਾ ਘੜਾ ਸਿਰ ਤੇ ਅਤੇ ਆਪੋ ਆਪਣੀ ਲੱਜ ਮੋਢੇ ਤੇ ਰੱਖ ਕੇ ਇਕੱਠੀਆਂ ਖੂਹ ਤੇ ਜਾਂਦੀਆਂ ਹਨ, ਤੇ ਪਾਣੀ ਭਰ ਲਿਆਉਂਦੀਆਂ ਹਨ। ਜੇ ਕਦੇ ਕੋਈ ਮੁਟਿਆਰ ਆਪਣੀ ਲੱਜ ਦੀ ਪਕਿਆਈ ਦਾ ਖ਼ਿਆਲ ਨਾਹ ਰੱਖੇ, ਤਾਂ ਲੱਜ ਖੱਦੀ ਹੋ ਕੇ ਘੜੇ ਸਮੇਤ, ਖੂਹ ਵਿਚ ਡਿੱਗ ਪੈਂਦੀ ਹੈ। ਮੁਟਿਆਰ ਖ਼ਾਲੀ-ਹੱਥ ਘਰ ਮੁੜ ਆਉਂਦੀ ਹੈ।

ਲੜਕੀ ਸਦਾ ਪੇਕੇ ਘਰ ਨਹੀਂ ਰਹਿ ਸਕਦੀ। ਜਵਾਨ ਹੋਈ ਕੁੜੀ ਮਾਪੇ ਵਰ ਲੱਭ ਕੇ ਵਿਆਹ ਦੇਂਦੇ ਹਨ। ਪਰ ਜਿਸ ਲਾਡਲੀ ਧੀ ਨੇ ਪੇਕੇ ਘਰ ਕੋਈ ਸੁਚੱਜ ਨਾਹ ਸਿੱਖਿਆ ਹੋਵੇ, ਉਸ ਨੂੰ ਸਹੁਰੇ ਘਰ ਕਦੇ ਆਦਰ-ਮਾਣ ਨਹੀਂ ਮਿਲਦਾ।

ਸੁਆਸਾਂ ਦੀ ਲੱਜ ਨੇ ਆਖ਼ਰ ਟੁੱਟਣਾ ਹੈ, ਤੇ ਸਰੀਰ-ਘੜੇ ਨੇ ਭੀ ਭੱਜਣਾ ਹੈ। ਮੌਤ ਨੇ ਕਿਸੇ ਦਾ ਕਦੇ ਲਿਹਾਜ਼ ਨਹੀਂ ਕੀਤਾ। ਉਹੀ ਜਿੰਦ-ਮੁਟਿਆਰ ਪਰਲੋਕ ਵਿਚ ਆਦਰ ਹਾਸਲ ਕਰਦੀ ਹੈ ਜਿਸ ਨੇ ਇਸ ਲੋਕ ਵਿਚ ਸ਼ੁਭ ਗੁਣ ਪੱਲੇ ਬੱਧੇ।

(16) ਦੁਨੀਆ ਦਾ ਧਨ-ਪਦਾਰਥ ਤਾਂ ਕਿਤੇ ਰਿਹਾ, ਇਹ ਸਰੀਰ ਭੀ, ਜੋ ਜੰਮਣ ਵੇਲੇ ਨਾਲ ਹੁੰਦਾ ਹੈ, ਮਰਨ ਤੇ ਇਥੇ ਹੀ ਰਹਿ ਜਾਂਦਾ ਹੈ। ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਤੁਰ ਜਾਂਦਾ ਹੈ। ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ।

(17) ਮਿੱਟੀ ਦੇ ਭਾਂਡੇ ਨੂੰ ਰਤਾ ਕੁ ਠੋਕਰ ਲੱਗ ਜਾਏ, ਟੁੱਕ ਕੇ ਠੀਕਰੇ ਹੋ ਜਾਂਦਾ ਹੈ।

ਇਸ ਸਰੀਰ ਦੀ ਭੀ ਇਤਨੀ ਕੁ ਹੀ ਪਾਂਇਆਂ ਹੈ।

(18) ਘਾਹ ਫੂਸ ਦਾ ਬਣਾਇਆ ਹੋਇਆ ਛੱਪਰ, ਅੱਗ ਦੀ ਰਤਾ ਕੁ ਚਿਣਗ ਲੱਗ ਜਾਏ, ਵੇਂਹਦਿਆਂ ਵੇਂਹਦਿਆਂ ਸੜ ਕੇ ਸੁਆਹ ਹੋ ਜਾਂਦਾ ਹੈ।

ਮਨੁੱਖਾ ਸਰੀਰ ਦੀ ਪਾਂਇਆਂ ਭੀ ਇਤਨੀ ਕੁ ਹੀ ਹੈ। ਇਸ ਦੀ ਖ਼ਾਤਰ ਮਨੁੱਖ ਮਹਲ ਮਾੜੀਆਂ ਉਸਾਰਦਾ ਹੈ, ਅੰਤ ਨੂੰ ਇਕ ਘੜੀ ਭੀ ਰਹਿਣਾ ਨਹੀਂ ਮਿਲਦਾ। ਸਾਰੇ ਸਾਕ ਅੰਗ ਇਹ ਕਹਿੰਦੇ ਹਨ ਕਿ ਇਸ ਨੂੰ ਹੁਣ ਛੇਤੀ ਲੈ ਚੱਲੋ।

(19) ਕੁਦਰਤਿ ਵਿਚ ਹਰੇਕ ਸ਼ੈ ਬਦਲਦੀ ਰਹਿੰਦੀ ਹੈ। ਰੁੱਤਾਂ ਬਦਲਦੀਆਂ, ਰੁੱਤਾਂ ਵਿਚ ਹੋ ਰਹੇ ਕੌਤਕ ਭੀ ਬਦਲਦੇ। ਕੱਤਕ ਦੇ ਮਹੀਨੇ ਪੰਜਾਬ ਵਿਚ ਕੂੰਜਾਂ ਆਉਂਦੀਆਂ, ਸਿਆਲ ਮੁੱਕਣ ਤੇ ਤੁਰ ਜਾਂਦੀਆਂ ਹਨ। ਚੇਤਰ ਵਿਚ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਸਾਵਣ ਵਿਚ ਸੋਹਣੀਆਂ ਘਟਾਂ ਆਉਂਦੀਆਂ ਤੇ ਬਿਜਲੀਆਂ ਲਿਸ਼ਕਦੀਆਂ ਹਨ। ਇਹ ਸਭ ਕੌਤਕ ਆਪਣਾ ਸਮਾ ਪੁੱਗਣ ਤੇ ਲੋਪ ਹੋ ਜਾਂਦੇ ਹਨ।

ਮਨੁੱਖਾ ਸਰੀਰ ਭੀ ਸਦਾ ਟਿਕਿਆ ਨਹੀਂ ਰਹਿ ਸਕਦਾ। ਇਥੇ ਅਨੇਕਾਂ ਹੀ ਆਏ ਤੇ ਚਲੇ ਗਏ। ਫਿਰ ਇਹ ਮੱਲਾਂ ਮੱਲਣ ਵਾਲੀ ਮੂਰਖਤਾ ਕਿਉਂ?

(20) ਜਦੋਂ ਧੀ ਮੁਟਿਆਰ ਹੋ ਜਾਂਦੀ ਹੈ, ਮਾਪੇ ਉਸ ਦੇ ਵਿਆਹੁਣ ਦਾ ਫ਼ਿਕਰ ਕਰਦੇ ਹਨ। ਕੋਈ ਵਰ ਘਰ ਲੱਭ ਕੇ ਵਿਆਹ ਦਾ ਦਿਨ ਮਿਥਿਆ ਜਾਂਦਾ ਹੈ। ਹਥ-ਲੇਵੇਂ ਦਾ ਵਕਤ ਮੁਕਰਰ ਕੀਤਾ ਜਾਂਦਾ ਹੈ। ਸੋਧੇ ਹੋਏ ਸਾਹੇ ਤੋਂ ਰਤਾ ਭੀ ਅਗਾਂਹ ਪਿਛਾਂਹ ਨਹੀਂ ਹੋਣ ਦਿੱਤਾ ਜਾਂਦਾ।

ਜਿੰਦ ਵਹੁਟੀ ਦਾ ਮੌਤ ਲਾੜਾ ਠੀਕ ਵੇਲੇ ਸਿਰ ਆ ਢੁਕਦਾ ਹੈ। ਰਤਾ ਅੱਗਾ ਪਿੱਛਾ ਨਹੀਂ ਹੋਣ ਦੇਂਦਾ।

ਉਹ ਮਨੁੱਖ ਅਭਾਗਾ ਹੈ ਜੋ ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਮਸਤ ਰਹਿ ਕੇ ਮੌਤ ਨੂੰ ਭੁਲਾ ਦੇਂਦਾ ਹੈ।

(21) ਉਂਞ ਤਾਂ ਕਿਸਾਨ ਦੀ ਮਰਜ਼ੀ ਹੈ ਕਿ ਆਪਣੀ ਖੇਤੀ ਜਦੋਂ ਚਾਹੇ ਵੱਢ ਲਏ, ਕੱਚੀ ਹੋਵੇ ਚਾਹੇ ਪੱਕੀ। ਪਰ ਪੱਕੀ ਖੇਤੀ ਦਾ ਅੰਤ ਨੇੜੇ ਤਾਂ ਸਾਫ਼ ਪਿਆ ਦਿੱਸਦਾ ਹੈ।

ਜਦੋਂ ਦਾੜ੍ਹੀ ਚਿੱਟੀ ਹੋ ਗਈ, ਤਾਂ ਇਸ ਨੂੰ ਮੌਤ ਦਾ ਸੱਦਾ ਸਮਝੋ। ਇਸ ਉਮਰੇ ਉਹ ਸੁਆਦਲੇ ਭੋਜਨ ਭੀ ਜ਼ਹਿਰ ਹੋ ਢੁਕਦੇ ਹਨ ਜਿਨ੍ਹਾਂ ਨੂੰ ਮਨੁੱਖ ਜਵਾਨੀ ਵੇਲੇ ਬੜੇ ਸ਼ੌਕ ਨਾਲ ਮਾਣਦਾ ਹੈ।

(22) ਮਨੁੱਖ ਸਵਾਰ ਸਵਾਰ ਕੇ ਪੱਗ ਸਿਰ ਉਤੇ ਬੰਨ੍ਹਣ ਲੱਗਿਆਂ ਇਹ ਭੀ ਵੇਖਦਾ ਹੈ ਕਿ ਕਿਤੇ ਪੱਗ ਮੈਲੀ ਤਾਂ ਨਹੀਂ ਹੋ ਗਈ। ਸਾਰੀ ਉਮਰ ਮਨੁੱਖ ਸਰੀਰਕ ਬਣ-ਠਣ ਵਿਚ ਹੀ ਗੁਜ਼ਾਰ ਦੇਂਦਾ ਹੈ।

ਕਿਸੇ ਵਿਰਲੇ ਭਾਗਾਂ ਵਾਲੇ ਨੂੰ ਇਹ ਚੇਤਾ ਰਹਿੰਦਾ ਹੈ ਕਿ ਇਸ ਸਰੀਰ ਨੇ ਆਖ਼ਰ ਮਿੱਟੀ ਵਿਚ ਮਿਲ ਜਾਣਾ ਹੈ। ਹੁਣੇ ਹੀ ਵੇਲਾ ਹੈ ਇਸ ਨੂੰ ਭਲੇ ਪਾਸੇ ਵਰਤਣ ਦਾ।

(23) ਫ਼ਕੀਰ ਦਰਵੇਸ਼ ਟਾਕੀਆਂ ਗੰਢ ਗੰਢ ਕੇ ਪਹਿਨਣ ਲਈ ਗੋਦੜੀ ਤਿਆਰ ਕਰਦੇ ਹਨ। ਭਾਵੇਂ ਉਹ ਗੋਦੜੀ ਕਈ ਟਾਕੀਆਂ ਦੇ ਗੰਢਣ ਤੋਂ ਬਣਦੀ ਹੈ, ਪਰ ਧਾਗਿਆਂ ਦੇ ਤ੍ਰੋਪੇ ਪੱਕੇ ਹੁੰਦੇ ਹਨ, ਤੇ ਬਥੇਰਾ ਚਿਰ ਹੰਢ ਜਾਂਦੀ ਹੈ।

ਵੇਖੋ ਇਸ ਸਰੀਰ ਦਾ ਹਾਲ। ਇਸ ਦੀ ਗੋਦੜੀ ਜਿਤਨੀ ਭੀ ਪਾਂਇਆਂ ਨਹੀਂ ਹੈ। ਮੌਤ ਘੜੀਆਂ ਪਲਾਂ ਵਿਚ ਜਿੰਦ ਨੂੰ ਲੈ ਤੁਰਦੀ ਹੈ ਤੇ ਅੱਖਾਂ ਦੇ ਦੀਵੇ ਸਦਾ ਲਈ ਬੁੱਝ ਜਾਂਦੇ ਹਨ।

(24) ਖੁਲ੍ਹੇ ਥਾਂ ਤਾਂ ਜਿਥੋਂ ਤਕ ਜੀ ਕਰੇ ਦੌੜੋ ਤੇ ਛਾਲਾਂ ਮਾਰ ਲਵੋ, ਪਰ ਘਰਾਂ ਦੇ ਕੋਠਿਆਂ ਉਤੇ ਕਿਥੋਂ ਤਕ ਦੌੜ ਲਵੋਗੇ? ਇਹ ਤਾਂ ਗਿਣਿਆ ਮਿਣਿਆ ਥੋੜਾ ਜਿਤਨਾ ਹੀ ਥਾਂ ਹੁੰਦਾ ਹੈ।

ਜ਼ਿੰਦਗੀ ਦੇ ਗਿਣੇ ਮਿਥੇ ਦਿਨ ਹੁੰਦੇ ਹਨ। ਸਮਾ ਲੰਘਦਿਆਂ ਚਿਰ ਨਹੀਂ ਲੱਗਦਾ, ਛਾਲਾਂ ਮਾਰਦਾ ਲੰਘਦਾ ਜਾਂਦਾ ਹੈ।

(25) ਨਦੀਆਂ ਦਰੀਆਵਾਂ ਦੇ ਕੰਢੇ ਜੰਗਲਾਂ ਦੇ ਰੁੱਖਾਂ ਉਤੇ ਅਨੇਕਾਂ ਹੀ ਪੰਛੀ ਆਲ੍ਹਣੇ ਬਣਾਉਂਦੇ ਹਨ। ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਉਡਦੀਆਂ ਫਿਰਦੀਆਂ ਹਨ। ਅਨੇਕਾਂ ਹੀ ਆਏ, ਤੇ ਉਡਾਰੀ ਲਾ ਗਏ।

ਜੀਵ ਪੰਛੀ ਇਸ ਧਰਤੀ ਤੇ ਅਨੇਕਾਂ ਹੀ ਆਏ, ਤੇ ਕੂਚ ਕਰ ਗਏ। ਜਦੋਂ ਕਬਰ ਵਿਚ ਜਾ ਪੈਂਦਾ ਹੈ, ਤਾਂ ਪਾਸਾ ਪਰਤਾਉਣ ਜੋਗਾ ਨਹੀਂ ਰਹਿ ਜਾਂਦਾ।

ਕਿਤਨਾ ਅਭਾਗਾ ਹੈ ਉਹ ਮਨੁੱਖ ਜੋ ਹੁਣ ਜਿੰਦ ਤੇ ਸੱਤਿਆ ਦੇ ਹੁੰਦਿਆਂ ਪ੍ਰਭੂ ਦੀ ਯਾਦ ਵਾਸਤੇ ਉੱਦਮ ਨਹੀਂ ਕਰਦਾ!

(26) ਮੁਟਿਆਰਾਂ ਖੂਹ ਤੋਂ ਪਾਣੀ ਭਰਨ ਜਾਂਦੀਆਂ ਹਨ। ਹਰੇਕ ਦੇ ਸਿਰ ਉਤੇ ਆਪੋ ਆਪਣਾ ਘੜਾ, ਤੇ ਮੋਢੇ ਉਤੇ ਆਪੋ ਆਪਣੀ ਲੱਜ। ਜਿਸ ਦੀ ਲੱਜ ਪੁਰਾਣੀ ਖੱਦੀ ਹੋ ਜਾਏ, ਘੜੇ ਦੇ ਭਾਰ ਨਾਲ ਉਹ ਟੁੱਟ ਕੇ ਘੜੇ ਸਮੇਤ ਖੂਹ ਵਿਚ ਜਾ ਪੈਂਦੀ ਹੈ।

ਮਨੁੱਖਾ ਸਰੀਰ ਇਕ ਘੜਾ ਹੈ ਸੁਆਸ ਇਕ ਕਮਜ਼ੋਰ ਜਿਹੀ ਲੱਜ ਹੈ। ਨਿੱਤ ਵੇਖਦੇ ਹਾਂ ਕੋਈ ਨਾ ਕੋਈ ਲੱਜ ਟੁੱਟ ਜਾਂਦੀ ਹੈ, ਘੜਾ ਭੀ ਠੀਕਰ ਹੋ ਜਾਂਦਾ ਹੈ। ਮੌਤ ਦਾ ਫ਼ਰਿਸ਼ਤਾ ਕਿਸੇ ਨਾ ਕਿਸੇ ਘਰ ਹਰ ਰੋਜ਼ ਆਇਆ ਹੀ ਰਹਿੰਦਾ ਹੈ।

ਇਸ ਸਰੀਰ ਦਾ ਤੇ ਦੁਨੀਆ ਦੇ ਧਨ ਪਦਾਰਥ ਦਾ ਮਾਣ ਕੂੜਾ।

(27) ਦਰਿਆ ਦੇ ਕੰਢੇ ਉਤੇ ਕੋਈ ਉੱਗ ਪਏ, ਉਹ ਚਾਰ ਦਿਨਾਂ ਦਾ ਹੀ ਪਰਾਹੁਣਾ ਹੁੰਦਾ ਹੈ। ਪਾਣੀ ਦੀ ਰਤਾ ਕੁ ਢਾਹ ਲੱਗਣ ਨਾਲ ਰੁੱਖ ਦਰੀਆ ਵਿਚ ਰੁੜ੍ਹ ਜਾਂਦਾ ਹੈ। ਕੱਚੇ ਭਾਂਡੇ ਵਿਚ ਪਾਣੀ ਪਾਇਆਂ ਭਾਂਡਾ ਉਸੇ ਵੇਲੇ ਗਲ ਜਾਂਦਾ ਹੈ, ਤੇ ਪਾਣੀ ਬਾਹਰ ਰੁੜ੍ਹ ਜਾਂਦਾ ਹੈ।

ਇਸ ਸਰੀਰ ਦੀ ਭੀ ਇਤਨੀ ਹੀ ਪਾਂਇਆਂ ਹੈ। ਮੌਤ ਦੀ ਢਾਹ ਹਰ ਵੇਲੇ ਲੱਗੀ ਹੋਈ ਹੈ। ਇਸ ਕੱਚੇ ਭਾਂਡੇ ਵਿਚ ਸੁਆਸ ਸਦਾ ਲਈ ਨਹੀਂ ਟਿਕੇ ਰਹਿ ਸਕਦੇ।

(28) ਡਾਢੇ ਅੱਗੇ ਹਰ ਕਿਸੇ ਨੂੰ ਲਿੱਫਣਾ ਪੈਂਦਾ ਹੈ। ਜੰਗਲ ਦਾ ਬਾਦਸ਼ਾਹ ਸ਼ੇਰ ਗਿਣਿਆ ਜਾਂਦਾ ਹੈ। ਪੰਛੀਆਂ ਉਤੇ ਬਾਜ ਭਾਰੂ ਹੁੰਦਾ ਹੈ। ਬਗੁਲੇ ਆਦਿਕ ਪੰਛੀ ਨਦੀ ਦੇ ਕਿਨਾਰੇ ਕੇਲ ਕਰਦੇ ਹੋਣ, ਬਾਜ ਆ ਪਏ ਤਾਂ ਉਹਨਾਂ ਨੂੰ ਸਭ ਕੇਲਾਂ ਭੁੱਲ ਜਾਂਦੀਆਂ ਹਨ। ਬਾਜ ਇਕੋ ਝਪਟ ਨਾਲ ਜਿਸ ਪੰਛੀ ਦੀ ਚਾਹੇ ਧੌਣ ਮਰੋੜ ਦੇਂਦਾ ਹੈ।

ਮਨੁੱਖ ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਰੁੱਝਾ ਪਿਆ ਹੁੰਦਾ ਹੈ। ਮੌਤ ਅਚਨਚੇਤ ਆ ਦਬੋਚਦੀ ਹੈ। ਸਾਰੀਆਂ ਮੱਲਾਂ ਮੱਲੀਆਂ ਹੋਈਆਂ ਇਥੇ ਹੀ ਧਰੀਆਂ ਰਹਿ ਜਾਂਦੀਆਂ ਹਨ।

(29) ਵਰਖਾ ਰੁੱਤੇ ਪਾਣੀ ਦੀ ਬਰਕਤਿ ਨਾਲ ਹਰ ਪਾਸੇ ਰੁੱਖ ਲਹਿ ਲਹਿ ਕਰਦੇ ਹਨ, ਚੁਫੇਰੇ ਹਰਿਆਵਲ ਹੀ ਹਰਿਆਵਲ। ਨ੍ਹਾਤੇ ਧੋਤੇ ਰੁੱਖ ਕਿਤਨੇ ਸੋਹਣੇ ਲੱਗਦੇ ਹਨ!

ਪਰ ਜਦੋਂ ਭਰ-ਸਿਆਲ ਵਿਚ ਕੱਕਰ ਪਾਲੇ ਪੈਂਦੇ ਹਨ; ਠੰਢੀਆਂ ਬਰਫ਼ਾਨੀ ਹਵਾਵਾਂ ਚੱਲਦੀਆਂ ਹਨ, ਤਾਂ ਉਹ ਹਸੂੰ ਹਸੂੰ ਕਰਦੇ ਰੁੱਖ ਸਾਰੇ ਕੰਬ ਜਾਂਦੇ ਹਨ। ਹਵਾ ਦਾ ਇਕੋ ਬੁੱਲਾ ਆਉਂਦਾ ਹੈ, ਰੁੱਖਾਂ ਦੇ ਠਰੇ ਹੋਏ ਪੱਤਰ ਥਰ ਥਰ ਕਰਦੇ ਭੁੰਞੇ ਡਿੱਗਦੇ ਜਾਂਦੇ ਹਨ। ਵਿਚਾਰੇ ਰੁੱਖ ਬੋਟ ਜੇਹੇ ਬਣੇ ਦਿੱਸਦੇ ਹਨ।

ਇਸ ਜਵਾਨੀ ਦਾ ਭੀ ਕੀਹ ਮਾਣ? ਸਾਰੇ ਸੋਹਣੇ ਦਿੱਸਦੇ ਅੰਗਾਂ ਨੂੰ ਬੁਢੇਪਾ ਆ ਕੇ ਦਿਨਾਂ ਵਿਚ ਕੋਝੇ ਬਣਾ ਦੇਂਦਾ ਹੈ। ਆਖ਼ਰ ਮੌਤ ਹੂੰਜਾ ਫੇਰ ਕੇ ਲੈ ਜਾਂਦੀ ਹੈ। ਕੋਈ ਨਹੀਂ ਬਚਿਆ ਇਸ ਮੌਤ ਰਾਣੀ ਤੋਂ।

(30) ਕੇਸ ਦੁੱਧ ਵਰਗੇ ਚਿੱਟੇ, ਅੱਖਾਂ ਵਿਚੋਂ ਪਾਣੀ ਜਾਣਾ, ਸਰੀਰ ਬਹੁਤ ਦੁਰਬਲ, ਗਲਾ ਕਫ ਨਾਲ ਰੁਕਣਾ; ਇਹੋ ਜਿਹੀਆਂ ਬੁਢੇਪੇ ਦੀਆਂ ਨਿਸ਼ਾਨੀਆਂ ਪਰਗਟ ਹੋ ਜਾਂਦੀਆਂ ਹਨ। ਪ੍ਰਤੱਖ ਪਿਆ ਦਿੱਸਦਾ ਹੈ ਕਿ ਮੌਤ ਨੇੜੇ ਆ ਰਹੀ ਹੈ। ਫਿਰ ਭੀ ਵੇਖੋ ਮਨੁੱਖ ਦੀ ਅਭਾਗਤਾ! ਅਜੇ ਭੀ ਆਪਣੇ ਸਿਰਜਣਹਾਰ ਨੂੰ ਚੇਤੇ ਨਹੀਂ ਕਰਦਾ, ਮਾਇਆ ਦੀ ਤ੍ਰਿਸ਼ਨਾ ਮਿਟਦੀ ਨਹੀਂ।

ਭਾਗਾਂ ਵਾਲੇ ਹਨ ਉਹ ਜਿਨ੍ਹਾਂ ਦੀ ਲਗਨ ਪ੍ਰਭੂ-ਚਰਨਾਂ ਵਿਚ ਹੈ।

9. ਸਿਮਰਨ-ਹੀਨਤਾ

1. ਸਿਰੀ ਰਾਗੁ ਮ: 1 . . . . ਮੋਤੀ ਤ ਮੰਦਰ ਊਸਰਹਿ (ਪੰਨਾ 14

2. ਸਿਰੀ ਰਾਗੁ ਮ: 1 . . . . ਏਕੁ ਸੁਆਨੁ ਦੁਇ ਸੁਆਨੀ ਨਾਲਿ (ਪੰਨਾ 24

3. ਸੋਰਠਿ ਮ: 1 . . . . ਜਿਉ ਮੀਨਾ ਬਿਨੁ ਪਾਣੀਐ (ਪੰਨਾ 597

4. ਧਨਾਸਰੀ ਮ: 1 . . . . ਜੀਉ ਤਪਤੁ ਹੈ ਬਾਰੋ ਬਾਰ (ਪੰਨਾ 661

5. ਮਾਰੂ ਮ: 1 . . . . ਕਰਣੀ ਕਾਗਦੁ, ਮਨੁ ਮਸਵਾਣੀ (ਪੰਨਾ 990

6. ਸਲੋਕ ਮ: 1 . . . . (ਵਾਰਾਂ ਤੇ ਵਧੀਕ) . . . . ਪਬਰ ਤੂੰ ਹਰੀਆਵਲਾ (ਪੰਨਾ 1412

7. ਸਲੋਕ ਮ: 2 (ਵਾਰ ਰਾਮਕਲੀ) . . . . ਅੰਧੈ ਕੈ ਰਾਹਿ ਦਸਿਐ (ਪੰਨਾ 954

8. ਮਾਝ ਮ: 3 . . . . ਹਰਿ ਆਪੇ ਮੇਲੇ ਸੇਵ ਕਰਾਏ (ਪੰਨਾ 126

9. ਸਲੋਕ ਮ: 3 (ਵਾਰ ਮਲਾਰ) . . . . ਬਾਬੀਹਾ ਨ ਬਿਲਲਾਇ (ਪੰਨਾ 1282

10. ਸਲੋਕ ਮ: 3 (ਮਲਾਰ ਕੀ ਵਾਰ) . . . . ਬਾਬੀਹਾ ਏਹੁ ਜਗਤੁ ਹੈ (ਪੰਨਾ 1283

11. ਗਉੜੀ ਬੈਰਾਗਣਿ ਮ: 4 . . . . ਨਿਤ ਦਿਨਸੁ ਰਾਤਿ ਲਾਲਚੁ ਕਰੇ . . . . ਪੰਨੇ 166-67

12. ਬਿਲਾਵਲੁ ਮ: 4 . . . . ਅਨਦ ਮੂਲੁ ਧਿਆਇਓ ਪੁਰਖੋਤਮੁ (ਪੰਨਾ 800

13. ਪਉੜੀ ਮ: 4 (ਵਾਰ ਸਾਰੰਗ) . . . . ਨਿੰਮੁ ਬਿਰਖੁ ਬਹੁ ਸੰਚੀਐ (ਪੰਨਾ 1244

14. ਗਉੜੀ ਮ: 5 . . . . ਦੁਲਭ ਦੇਹ ਪਾਈ ਵਡਭਾਗੀ (ਪੰਨਾ 188

15. ਗਉੜੀ ਮ: 5 . . . . ਅਨਿਕ ਰਸਾ ਖਾਏ ਜੈਸੇ ਢੋਰ (ਪੰਨਾ 190

16. ਗਉੜੀ ਮ: 5 . . . . ਕਣ ਬਿਨਾ ਜੈਸੇ ਥੋਥਰ ਤੁਖਾ . . . . ਪੰਨੇ 192-93

17. ਸਲੋਕ ਮ: 5 (ਵਾਰ ਗਉੜੀ) . . . . ਖਖੜੀਆ ਸੁਹਾਵੀਆ (ਪੰਨਾ 319

18. ਸਲੋਕ ਮ: 5 (ਵਾਰ ਗਉੜੀ) . . . . ਫਿਰਦੀ ਫਿਰਦੀ ਦਹਦਿਸਾ (ਪੰਨਾ 322

19. ਸਲੋਕ ਮ: 5 (ਵਾਰ ਗਉੜੀ) . . . . ਚੜਿ ਕੈ ਘੋੜੜੈ ਕੁੰਦੇ ਪਕੜਹਿ (ਪੰਨਾ 322

20. ਸਲੋਕ ਮ: 5 (ਗੂਜਰੀ ਕੀ ਵਾਰ) . . . . ਕੜਛੀਆ ਫਿਰੰਨ੍ਹ੍ਹਿ (ਪੰਨਾ 521

21. ਸਲੋਕ ਮ: 5 (ਵਾਰ ਗੂਜਰੀ) . . . . ਕੋਟਿ ਬਿਘਨ ਤਿਸੁ ਲਾਗਤੇ (ਪੰਨਾ 522

22. ਸਲੋਕੁ ਮ: 5 (ਬਿਹਾਗੜੇ ਕੀ ਵਾਰ) . . . . ਹਰਿ ਨਾਮੁ ਨ ਸਿਮਰਹਿ ਸਾਧ ਸੰਗਿ (ਪੰਨਾ 553

23. ਧਨਾਸਰੀ ਮ: 5 . . . . ਪਰ ਹਰਨਾ, ਲੋਭੁ ਝੂਠਾ ਨਿੰਦ (ਪੰਨਾ 681

24. ਟੋਢੀ ਮ: 5 . . . . ਮਾਨੁਖੁ ਬਿਨੁ ਬੂਝੇ ਬਿਰਥਾ ਆਇਆ (ਪੰਨਾ 712

25. ਸੂਹੀ ਮ: 5 (ਅਸਟਪਦੀ) . . . . ਉਰਝਿ ਰਹਿਓ ਬਿਖਿਐ ਕੈ ਸੰਗਾ (ਪੰਨਾ 759

26. ਬਿਲਾਵਲੁ ਮ: 5 ਛੰਤ . . . . ਸ੍ਰੀ ਗੋਪਾਲੁ ਨ ਉਚਰਹਿ (ਪੰਨਾ 848

27. ਗੋਡ ਮ: 5 . . . . ਫਾਕਿਓ ਮੀਨ ਕਪਿਕ ਕੀ ਨਿਆਈ (ਪੰਨਾ 862

28. ਸਲੋਕ ਮ: 5 (ਮਾਰੂ ਕੀ ਵਾਰ) . . . . ਨਾਨਕ ਬਿਜੁਲੀਆ ਚਮਕੰਨਿ (ਪੰਨਾ 1101

29. ਭੈਰਉ ਮ: 5 . . . . ਜੇ ਸਉ ਲੋਚਿ ਲੋਚਿ ਖਾਵਾਇਆ (ਪੰਨਾ 1137

30. ਆਸਾ ਮ: 9 . . . . ਬਿਰਥਾ ਕਹਉ ਕਉਨ ਸਿਉ ਮਨ ਕੀ (ਪੰਨਾ 411

31. ਬਿਲਾਵਲੁ ਮ: 9 . . . . ਜਾ ਮਹਿ ਭਜਨੁ ਰਾਮ ਕੋ ਨਾਹੀ (ਪੰਨਾ 831

32. ਗਉੜੀ ਕਬੀਰ ਜੀ . . . . ਜਿਉ ਕਪਿ ਕੇ ਕਰ ਮੁਸਟਿ ਚਨਨ ਕੀ (ਪੰਨਾ 336

33. ਆਸਾ ਕਬੀਰ ਜੀ . . . . ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ (ਪੰਨਾ 482

34. ਸਲੋਕ ਕਬੀਰ ਜੀ . . . . ਕਬੀਰ ਚਕਈ ਜਉ ਨਿਸਿ ਬੀਛੁਰੈ (ਪੰਨਾ 1371

35. ਸਲੋਕ ਕਬੀਰ ਜੀ . . . . ਕਬੀਰ ਟਾਲੈ ਟੋਲੈ ਦਿਨੁ ਗਇਆ (ਪੰਨਾ 1375

36. ਸੋਰਠਿ ਰਵਿਦਾਸ ਜੀ . . . . ਚਮਰਟਾ ਗਾਂਠਿ ਨ ਜਨਈ (ਪੰਨਾ 659

37. ਸਲੋਕ ਫਰੀਦ ਜੀ . . . . ਕੰਧਿ ਕੁਹਾੜਾ, ਸਿਰਿ ਘੜਾ (ਪੰਨਾ 1380

ਭਾਵ:

(1) ਪਰਮਾਤਮਾ ਦੀ ਯਾਦ ਭੁਲਾ ਕੇ ਜਿੰਦ ਵਿਕਾਰਾਂ ਵਿਚ ਸੜ ਬਲ ਜਾਂਦੀ ਹੈ। ਜੋਗ ਦੀਆਂ ਰਿੱਧੀਆਂ ਸਿੱਧੀਆਂ, ਤੇ ਬਾਦਸ਼ਾਹੀ ਦੇ ਸੁਖ ਪਰਮਾਤਮਾ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦੇ। ਇਹ ਤਾਂ ਸਗੋਂ ਪਰਮਾਤਮਾ ਨਾਲੋਂ ਵਿੱਥ ਵਧਾ ਕੇ ਸਾੜ ਪੈਦਾ ਕਰਦੇ ਹਨ।

(2) ਪਰਮਾਤਮਾ ਗੁਣਾਂ ਦਾ ਸੋਮਾ ਹੈ। ਇਹ ਕੁਦਰਤੀ ਗੱਲ ਹੈ ਕਿ ਉਸ ਸੋਮੇ ਤੋਂ ਵਿੱਛੁੜ ਕੇ ਮਨੁੱਖ ਦੇ ਅੰਦਰ ਗੁਣਾਂ ਦੀ ਭੀ ਘਾਟ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਭ, ਆਸਾ, ਤ੍ਰਿਸ਼ਨਾ, ਝੂਠ, ਨਿੰਦਾ, ਪਰ ਧਨ, ਪਰ ਤਨ, ਕਾਮ, ਕ੍ਰੋਧ, ਠੱਗੀ ਆਦਿਕ ਇਹ ਅਨੇਕਾਂ ਹੀ ਵਿਕਾਰ ਹਨ ਜੋ ਗੁਣਾਂ-ਦੇ-ਸੋਮੇ ਪਰਮਾਤਮਾ ਤੋਂ ਵਿੱਛੁੜੇ ਮਨੁੱਖ ਦੇ ਮਨ ਵਿਚ ਆਪਣਾ ਜ਼ੋਰ ਪਾ ਲੈਂਦੇ ਹਨ। ਬੜੀ ਹੀ ਕੋਝੀ ਤੇ ਡਰਾਉਣੀ ਸ਼ਕਲ ਤੇ ਘਾੜਤ ਬਣੀ ਰਹਿੰਦੀ ਹੈ ਅਜਿਹੇ ਮਨ ਦੀ।

(3) ਪਾਣੀ ਵਿਚੋਂ ਮੱਛੀ ਨੂੰ ਬਾਹਰ ਕੱਢ ਲਵੋ, ਮੱਛੀ ਤੜਫ ਕੇ ਮਰ ਜਾਂਦੀ ਹੈ। ਪਰਮਾਤਮਾ ਆਤਮਕ ਜੀਵਨ ਦਾ ਸੁਚੱਜੇ ਜੀਵਨ ਦਾ ਸੋਮਾ ਹੈ। ਇਸ ਸੋਮੇ ਤੋਂ ਵਿੱਛੁੜ ਕੇ ਮਨੁੱਖ ਮਾਇਆ ਦੇ ਮੋਹ ਦੀ ਫਾਹੀ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਆਪਣਾ ਜ਼ੋਰ ਪਾਈ ਰੱਖਦੇ ਹਨ।

ਪਰ ਨਾਮ ਦੀ ਇਹ ਦਾਤਿ ਮਿਲਦੀ ਹੈ ਸਿਰਫ਼ ਗੁਰੂ ਪਾਸੋਂ।

(4) ਪਰਮਾਤਮਾ ਦੀ ਯਾਦ ਨੂੰ ਭੁਲਾ ਕੇ ਮਨੁੱਖ ਦੀ ਜ਼ਿੰਦਗੀ ਦੁੱਖਾਂ ਦੀ ਇਕ ਲੰਮੀ ਕਹਾਣੀ ਬਣੀ ਰਹਿੰਦੀ ਹੈ। ਮਨੁੱਖ ਹਰ ਵੇਲੇ ਇਉਂ ਵਿਲਕਦਾ ਰਹਿੰਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ। ਵਿਛੋੜੇ ਤੋਂ ਵਿਕਾਰ, ਤੇ ਵਿਕਾਰਾਂ ਤੋਂ ਦੁੱਖ-ਕਲੇਸ਼; ਇਹ ਇਕ ਕੁਦਰਤੀ ਸਿਲਸਿਲਾ ਹੈ। ਫਿਰ ਭੀ ਅਜਬ ਖੇਡ ਹੈ ਕਿ ਮਨੁੱਖ ਵਿਕਾਰਾਂ ਵਿਚ ਹੀ ਪੈ ਕੇ ਖ਼ੁਆਰ ਹੁੰਦਾ ਹੈ।

ਜਿਸ ਪਰਮਾਤਮਾ ਨੇ ਇਹ ਸੋਹਣਾ ਸਰੀਰ ਦਿੱਤਾ ਹੈ ਉਸ ਦੀ ਯਾਦ ਭੁਲਾ ਕੇ, ਵਿਕਾਰਾਂ ਵਿਚ ਫਸ ਕੇ, ਮਨੁੱਖ ਵਿਕਾਰਾਂ ਦੇ ਦਾਗ਼ ਹੀ ਆਪਣੇ ਮੱਥੇ ਉਤੇ ਲਾ ਕੇ ਇਥੋਂ ਆਖ਼ਰ ਤੁਰ ਪੈਂਦਾ ਹੈ।

(5) ਮਨੁੱਖਾ ਸਰੀਰ ਦੀ ਬਣਤਰ ਹੀ ਇਉਂ ਬਣੀ ਹੋਈ ਹੈ ਕਿ ਜਿਉਂ ਜਿਉਂ ਮਨੁੱਖ ਆਪਣੇ ਸਿਰਜਣਹਾਰ ਨੂੰ ਭੁਲਾਂਦਾ ਹੈ ਤਿਉਂ ਤਿਉਂ ਇਸ ਦੇ ਅੰਦਰੋਂ ਗੁਣ ਘਟਦੇ ਜਾਂਦੇ ਹਨ।

ਮਨੁੱਖ ਦੇ ਬਣ-ਰਹੇ ਆਚਰਨ-ਕਾਗਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ ਚੰਗੇ ਮੰਦੇ ਨਵੇਂ ਲੇਖ ਨਾਲੋ ਨਾਲ ਲਿਖੇ ਜਾਂਦੇ ਹਨ। ਇਸ ਤਰ੍ਹਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਪ੍ਰਭਾਵ ਵਿਚੋਂ ਮਨੁੱਖ ਨਿਕਲ ਨਹੀਂ ਸਕਦਾ। ਜ਼ਿੰਦਗੀ ਦਾ ਹਰੇਕ ਦਿਨ ਤੇ ਹਰੇਕ ਰਾਤ ਮਨੁੱਖ ਨੂੰ ਮਾਇਆ ਵਿਚ ਫਸਾਣ ਲਈ ਜਾਲ ਦਾ ਕੰਮ ਦੇ ਰਿਹਾ ਹੈ, ਉਮਰ ਦੀਆਂ ਸਾਰੀਆਂ ਹੀ ਘੜੀਆਂ ਮਨੁੱਖ ਨੂੰ ਹੋਰ ਹੋਰ ਫਸਾਣ ਲਈ ਫਾਹੀ ਬਣਦੀਆਂ ਜਾਂਦੀਆਂ ਹਨ।

ਲੋਹਾਰ ਭੱਠੀ ਵਿਚ ਕੋਲੇ ਭਖਾ ਕੇ ਲੋਹੇ ਨੂੰ ਤਪਾਂਦਾ ਤੇ, ਫਿਰ ਅਹਿਰਣ ਉਤੇ ਰੱਖ ਕੇ ਚੋਟਾਂ ਮਾਰਦਾ ਹੈ; ਤਿਵੇਂ ਹੀ ਮਨੁੱਖ ਸਰੀਰ ਦੀ ਭੱਠੀ ਵਿਚ ਮਨ ਲੋਹਾ ਹੈ, ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, ਇਸ ਤਪਸ਼ ਨੂੰ ਤੇਜ਼ ਕਰਨ ਲਈ ਉਸ ਉਤੇ ਪਾਪਾਂ ਦੇ ਭਖਦੇ ਕੋਲੇ ਪਏ ਹੋਏ ਹਨ ਇਸ ਅੱਗ ਵਿਚ ਮਨ ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ।

(6) ਪਾਣੀ ਨਾਲ ਭਰੇ ਹੋਏ ਸਰੋਵਰ ਵਿਚ ਕੌਲ-ਫੁੱਲ ਦੀ ਹਰੀਆਵਲ ਵੇਖਣ ਵਾਲੀ ਹੁੰਦੀ ਹੈ। ਸੋਨੇ ਦੇ ਰੰਗ ਵਾਲੇ ਫੁੱਲ ਉਸ ਦੀ ਹਿੱਕ ਉਤੇ ਤਾਰੀਆਂ ਲੈਂਦੇ ਅਜਬ ਮੌਜ ਬਣਾਈ ਰੱਖਦੇ ਹਨ।

ਪਰ ਸਰੋਵਰ ਦਾ ਸੰਬੰਧ ਚਸ਼ਮੇ ਨਾਲੋਂ ਟੁੱਟ ਜਾਂਦਾ ਹੈ, ਪਾਣੀ ਸੁੱਕ ਜਾਂਦਾ ਹੈ, ਕੌਲ-ਫੁੱਲ ਸੜ ਜਾਂਦੇ ਹਨ, ਸਰੋਵਰ ਕਾਲਾ ਪੈ ਜਾਂਦਾ ਹੈ। ਉਸ ਵਲ ਤੱਕਣ ਨੂੰ ਭੀ ਚਿੱਤ ਨਹੀਂ ਕਰਦਾ।

ਇਹੀ ਹਾਲ ਹੁੰਦਾ ਹੈ ਉਸ ਜਿੰਦ ਦਾ ਜੋ ਜੀਵਨ ਦੇ ਸੋਮੇ ਪਰਮਾਤਮਾ ਨਾਲੋਂ ਵਿੱਛੁੜ ਜਾਂਦੀ ਹੈ।

(7) ਉਹਨਾਂ ਬੰਦਿਆਂ ਨੂੰ ਅੰਨ੍ਹੇ ਸਮਝੋ, ਜੋ ਖਸਮ-ਪ੍ਰਭੂ ਨੂੰ ਵਿਸਾਰ ਕੇ ਜ਼ਿੰਦਗੀ ਦੇ ਇਸ ਸਫ਼ਰ ਵਿਚ ਗ਼ਲਤ ਰਸਤੇ ਪਏ ਰਹਿੰਦੇ ਹਨ। ਅਜਿਹੇ ਬੰਦੇ ਜੇ ਮਨੁੱਖਾ-ਸਮਾਜ ਵਿਚ ਕਿਤੇ ਆਗੂ ਬਣ ਜਾਣ, ਤਾਂ ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ।

(8) ਮਨੁੱਖਾ ਸਰੀਰ ਹੀ ਇਕ ਐਸੀ ਗੁਫ਼ਾ ਹੈ ਜਿਸ ਦੇ ਅੰਦਰ ਪਰਮਾਤਮਾ ਗੁਪਤ ਬੈਠਾ ਹੋਇਆ ਹੈ। ਗੁਰੂ ਪਾਸੋਂ ਇਹ ਸੂਝ ਮਿਲਦੀ ਹੈ। ਜਿਉਂ ਜਿਉਂ ਪ੍ਰਭੂ ਦੀ ਯਾਦ ਵਿਚ ਜੁੜੀਏ, ਉਸ ਦਾ ਦਰਸਨ ਹੋਣ ਲੱਗ ਪੈਂਦਾ ਹੈ। ਪ੍ਰਭੂ ਦੀ ਯਾਦ ਤੋਂ ਖੁੰਝਿਆਂ ਮਨ ਵਿਕਾਰਾਂ ਵਲ ਦੌੜਦਾ ਹੈ, ਤੇ ਅੰਦਰਲੀ ਸ਼ੁਭ ਗੁਣਾਂ ਦੀ ਰਾਸ-ਪੂੰਜੀ ਖੁੱਸ ਜਾਂਦੀ ਹੈ।

(9) ਵਰਖਾ-ਰੁੱਤ ਟੋਏ ਛੱਪੜ ਨੀਵੇਂ ਥਾਂ ਪਾਣੀ ਨਾਲ ਭਰ ਜਾਂਦੇ ਹਨ, ਹਰ ਪਾਸੇ ਪਾਣੀ ਹੀ ਪਾਣੀ ਦਿੱਸਦਾ ਹੈ। ਪਰ ਵੇਖੋ ਭਾਗ ਪਪੀਹੇ ਦੇ! ਇਤਨਾ ਪਾਣੀ ਹੁੰਦਿਆਂ ਭੀ ਉਹ ਵਰਖਾ ਦੀ ਬੂੰਦ ਲਈ ਪਿਆ ਤਰਸਦਾ ਹੈ।

ਪ੍ਰਭੂ ਸਰਬ-ਵਿਆਪਕ ਹੈ, ਹਰ ਥਾਂ ਵੱਸਦਾ ਹੈ, ਤੇ ਹਰੇਕ ਜੀਵ ਉਸੇ ਵਿਚ ਵੱਸਦਾ ਹੈ। ਫਿਰ ਭੀ ਮਨਮੁਖ ਮਨੁੱਖ ਇਸ ਭੇਦ ਤੋਂ ਅੰਞਾਣ ਹੋਣ ਕਰ ਕੇ ਪ੍ਰਭੂ ਤੋਂ ਵਿਛੁੜਿਆ ਹੋਇਆ ਦੁਖੀ ਰਹਿੰਦਾ ਹੈ।

(10) ਸਾਰੀ ਕਾਇਨਾਤ ਦਾ ਸਰਦਾਰ ਹੁੰਦਿਆਂ ਭੀ ਮਨੁੱਖ ਪ੍ਰਭੂ ਦੀ ਯਾਦ ਭੁਲਾ ਕੇ ਪਪੀਹੇ ਨਾਲੋਂ ਭੀ ਹੌਲਾ ਪੈ ਜਾਂਦਾ ਹੈ। ਪਪੀਹੇ ਨੂੰ ਵਰਖਾ ਦੀ ਬੂੰਦ ਦੀ ਤਾਂਘ ਨਹੀਂ ਭੁੱਲਦੀ, ਪਰ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਪ੍ਰੀਤਮ-ਪ੍ਰਭੂ ਨੂੰ ਵਿਸਾਰ ਦੇਂਦਾ ਹੈ।

(11) ਧਨੀ ਤੇ ਜਾਬਰ ਲੋਕ ਗ਼ਰੀਬਾਂ ਨੂੰ ਵਗਾਰੇ ਫੜ ਲੈਂਦੇ ਹਨ। ਸਾਰਾ ਸਾਰਾ ਦਿਨ ਆਪਣੇ ਕੰਮ ਲਾਈ ਰੱਖਦੇ ਹਨ, ਤੇ ਸਿਰਫ਼ ਦੋ ਰੋਟੀਆਂ ਖਵਾ ਦੇਂਦੇ ਹਨ। ਉਹਨਾਂ ਨੂੰ ਇਹ ਤਰਸ ਨਹੀਂ ਆਉਂਦਾ ਕਿ ਆਖ਼ਰ ਇਹ ਗ਼ਰੀਬ ਭੀ ਬਾਲ ਬੱਚੇ ਵਾਲੇ ਹਨ, ਉਹਨਾਂ ਦਾ ਢਿੱਡ ਭਰਨ ਲਈ ਭੀ ਇਹਨਾਂ ਨੂੰ ਮਾਇਆ ਆਦਿਕ ਦੀ ਲੋੜ ਹੈ।

ਮਾਇਆ-ਗ੍ਰਸੇ ਮਨੁੱਖ ਦਾ ਭੀ ਇਹੀ ਹਾਲ ਹੁੰਦਾ ਹੈ। ਸਾਰਾ ਦਿਨ ਧਨ ਕਮਾਵਣ ਲਈ ਦੌੜ ਭੱਜ ਕਰਦਾ ਹੈ, ਇਸ ਦੇ ਆਪਣੇ ਹਿੱਸੇ ਦੋ ਰੋਟੀਆਂ ਹੀ ਹੁੰਦੀਆਂ ਹਨ। ਜਮ੍ਹਾ ਕੀਤੀ ਮਾਇਆ ਇਥੇ ਹੀ ਰਹਿ ਜਾਂਦੀ ਹੈ, ਤੇ ਜਿੰਦ ਸ਼ੁਭ ਗੁਣਾਂ ਤੋਂ ਸੱਖਣੀ ਖ਼ਾਲੀ-ਹੱਥ ਹੀ ਤੁਰ ਪੈਂਦੀ ਹੈ।

(12) ਤੇਲੀ ਦੇ ਕੋਲ੍ਹੂ ਅੱਗੇ ਜੋਇਆ ਹੋਇਆ ਬਲਦ ਉਸ ਕੋਲ੍ਹੂ ਦੇ ਦੁਆਲੇ ਹੀ ਚੱਕਰ ਲਾਂਦਾ ਰਹਿੰਦਾ ਹੈ। ਉਸ ਬਲਦ ਦੀ ਸਾਰੀ ਉਮਰ ਉਸ ਕੋਲ੍ਹੂ ਦੇ ਦੁਆਲੇ ਭੌਂਦਿਆਂ ਹੀ ਬੀਤ ਜਾਂਦੀ ਹੈ। ਹੋਰ ਕੋਈ ਨਵੀਂ ਧਰਤੀ ਨਵਾਂ ਪੈਂਡਾ ਕੋਈ ਨਵਾਂ ਰਸਤਾ ਉਸ ਦੇ ਭਾਗਾਂ ਵਿਚ ਨਹੀਂ ਹੁੰਦੇ।

ਮਾਇਆ ਦਾ ਲਾਲਚ ਇਕ ਐਸਾ ਖ਼ਤਰਨਾਕ ਚੱਕਰ ਹੈ ਕਿ ਇਸ ਵਿਚ ਫਸਿਆ ਮਨੁੱਖ ਇਸ ਵਿਚੋਂ ਨਿਕਲਣ ਜੋਗਾ ਨਹੀਂ ਰਹਿੰਦਾ। ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਹਰ ਵੇਲੇ ਉਸ ਦਾ ਮਨ ਮਾਇਆ ਦੇ ਗੇੜ ਵਿਚ ਹੀ ਫਸਿਆ ਰਹਿੰਦਾ ਹੈ। ਤ੍ਰਿਸ਼ਨਾ ਮੁੱਕਦੀ ਨਹੀਂ।

(13) ਨਿੰਮ ਦੇ ਪੱਤਰ ਕੌੜੇ ਹੁੰਦੇ ਹਨ। ਇਸ ਰੁੱਖ ਨੂੰ ਪਾਣੀ ਦੇ ਥਾਂ ਮਿੱਠੇ ਸ਼ਰਬਤ ਸਿੰਜੋ, ਤਾਂ ਭੀ ਇਸ ਦੇ ਪੱਤਰ ਕੌੜੇ ਹੀ ਰਹਿਣਗੇ। ਸੱਪ ਨੂੰ ਦੁੱਧ ਪਿਲਾਈ ਜਾਵੋ, ਡੰਗ ਮਾਰਨੋਂ ਨਹੀਂ ਟਲੇਗਾ, ਉਸ ਦਾ ਜ਼ਹਿਰ ਫਿਰ ਭੀ ਜਾਨ-ਮਾਰੂ ਹੀ ਰਹੇਗਾ। ਪੱਥਰ ਨੂੰ ਸਾਲਾਂ ਬੱਧੀ ਪਾਣੀ ਵਿਚ ਰੱਖੀ ਰੱਖੋ, ਅੰਦਰੋਂ ਕੋਰਾ ਹੀ ਰਹੇਗਾ।

ਰੱਬ ਦੀ ਯਾਦ ਤੋਂ ਖੁੰਝਿਆ ਹੋਇਆ ਸੁਆਰਥੀ ਮਨੁੱਖ ਸਦਾ ਸੁਆਰਥੀ ਹੀ ਰਹੇਗਾ। ਜਦੋਂ ਦਾਅ ਲਗੇਗਾ, ਸੁਆਰਥ ਦਾ ਡੰਗ ਮਾਰ ਹੀ ਦੇਵੇਗਾ।

(14) ਮਨੁੱਖਾ ਜਨਮ ਅਮੋਲਕ ਹੈ। ਪਰ ਜੋ ਮਾਲਕ-ਪ੍ਰਭੂ ਨੂੰ ਯਾਦ ਨਹੀਂ ਕਰਦੇ, ਉਹਨਾਂ ਦੀ ਆਤਮਾ ਮੁਰਦਾ ਹੋ ਜਾਂਦੀ ਹੈ।

(15) ਮੈਣੇ ਆਦਿਕ ਦੀ ਪੈਲੀ ਵਿਚ ਕਿਸਾਨ ਇਕ ਲਕੜੀ ਉਤੇ ਕਾਲੀਆਂ ਟਾਕੀਆਂ ਵਲ੍ਹੇਟ ਕੇ ਮੁੰਡਾ ਜੇਹਾ ਬਣਾ ਕੇ ਖੜਾ ਕਰ ਦੇਂਦਾ ਹੈ, ਤਾ ਕਿ ਘਾਹੀਆਂ ਨੂੰ ਪਤਾ ਲਗ ਜਾਏ ਕਿ ਇਹ ਮੈਣਾਂ ਰਾਖਵਾਂ ਹੈ। ਬੰਦਰ ਆਦਿਕਾਂ ਤੋਂ ਫ਼ਸਲ ਨੂੰ ਬਚਾ ਰੱਖਣ ਵਾਸਤੇ ਭੀ ਪੈਲੀ ਵਿਚ ਇਕ ਮਨੁੱਖ ਸ਼ਕਲ ਵਾਲਾ ਢਾਂਚਾ ਖੜਾ ਕੀਤਾ ਜਾਂਦਾ ਹੈ। ਉਸ ਦਾ ਕੰਮ ਸਿਰਫ਼ ਇਹੀ ਹੈ ਕਿ ਬੰਦਰ ਆਦਿਕ ਜਾਨਵਰ ਡਰੇ ਰਹਿਣ, ਤੇ ਪੈਲੀ ਨ ਉਜਾੜਨ।

ਜਿਸ ਮਨੁੱਖ ਦੀ ਆਤਮਾ ਸੁਆਰਥ ਵਿਚ ਮਰ ਚੁਕੀ ਹੋਵੇ, ਉਹ ਸਰੀਰ ਨੂੰ ਬੇ-ਸ਼ਕ ਸੁੰਦਰ ਕੱਪੜੇ ਪਹਿਨਾਏ, ਪਰ ਅਸਲ ਵਿਚ ਉਸ ਪੈਲੀ ਦੇ ਡਰਨੇ ਸਮਾਨ ਹੀ ਹੈ। ਸਰੀਰ ਮਨੁੱਖਤਾ ਦੇ ਅਹਿਸਾਸ ਤੋਂ ਸੱਖਣਾ ਹੈ।

(16) ਮੁੰਜੀ ਵਿਚ ਮਨੁੱਖ ਦੇ ਕੰਮ ਦੀ ਅਸਲ ਚੀਜ਼ ਚਾਵਲ ਹੀ ਹਨ। ਜੇ ਚਾਵਲ ਕੱਢ ਲਏ ਜਾਣ, ਤਾਂ ਪਿਛੇ ਰਹਿ ਗਏ ਤੋਹ। ਇਹ ਥੋਥੇ ਤੋਹ ਮਨੁੱਖ ਦਾ ਪੇਟ ਕਿਵੇਂ ਭਰਨ?

ਮਨੁੱਖ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਮਨੁੱਖਤਾ ਦੇ ਅਹਿਸਾਸ ਵਾਲੀ ਜਿੰਦ ਹੋਵੇ। ਜੇ ਜਿੰਦ ਮਾਇਆ ਦੀ ਮੁਰਦਿਹਾਣ ਵਿਚ ਫਸ ਗਈ, ਤਾਂ ਸਰੀਰ ਥੋਥੇ ਤੋਹਾਂ ਸਮਾਨ ਹੀ ਸਮਝੋ।

(17) ਜੇਠ ਹਾੜ ਦੀਆਂ ਧੁੱਪਾਂ ਵਿਚ ਅੱਕ ਬੜੇ ਲਹਿ ਲਹਿ ਕਰਦੇ ਹਨ। ਅੱਕਾਂ ਦੀਆਂ ਡਾਲੀਆਂ ਨਾਲ ਲਗੀਆਂ ਹੋਈਆਂ ਖੱਖੜੀਆਂ ਭੀ ਬਹੁਤ ਸੋਹਣੀਆਂ ਲਗਦੀਆਂ ਹਨ। ਉਹਨਾਂ ਦੀ ਸ਼ਕਲ ਅੰਬਾਂ ਵਰਗੀ ਹੁੰਦੀ ਹੈ। ਕਈ ਛੋਟੇ ਭੋਲੇ ਬਾਲ ਉਹਨਾਂ ਨੂੰ ਅੰਬ ਸਮਝ ਕੇ ਬੜੇ ਸ਼ੌਕ ਨਾਲ ਤੋੜ ਲਿਆਉਂਦੇ ਹਨ।

ਪਰ ਡਾਲ ਨਾਲੋਂ ਟੁੱਟੀ ਅੰਬਾਖੜੀ ਫਟ ਜਾਂਦੀ ਹੈ, ਉਸ ਵਿਚੋਂ ਸੈਂਕੜੇ ਹਜ਼ਾਰਾਂ ਨਿਕੇ ਨਿਕੇ ਤੂੰਬੇ ਹਵਾ ਵਿਚ ਉੱਡ ਜਾਂਦੇ ਹਨ।

ਪਿਆਰੇ ਜਿੰਦ-ਦਾਤੇ ਨਾਲੋਂ ਵਿਛੋੜਾ ਬੜਾ ਦੁਖਦਾਈ! ਡਾਲ ਨਾਲੋਂ ਵਿਛੁੜ ਕੇ ਵਿਚਾਰੀ ਤੂੰਬਾ ਤੂੰਬਾ ਹੋ ਗਈ।

ਜਿੰਦ ਦਾਤੇ ਪ੍ਰਭੂ ਨਾਲੋਂ ਵਿਛੁੜ ਕੇ ਮਨ ਸੈਂਕੜੇ ਹਜ਼ਾਰਾਂ ਸਹਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ।

(18) ਨਿੱਤਰੇ ਹੋਏ ਆਕਾਸ਼ ਵਿਚ ਇੱਲਾਂ ਬਹੁਤ ਉੱਚੀਆਂ ਜਾ ਕੇ ਟਿਕਵੇਂ ਵਾਯੂ-ਮੰਡਲ ਵਿਚ ਖੰਭ ਖਿਲਾਰ ਕੇ ਘੰਟਿਆਂ-ਬੱਧੀ ਤਾਰੀਆਂ ਲਾਂਦੀਆਂ ਰਹਿੰਦੀਆਂ ਹਨ। ਇੱਲਾਂ ਦੀਆਂ ਇਹਨਾਂ ਲੰਮੀਆਂ ਤਾਰੀਆਂ ਵਾਲਾ ਦ੍ਰਿਸ਼ ਵੇਖਣ ਵਾਲਾ ਹੋਇਆ ਕਰਦਾ ਹੈ। ਇੱਲ ਦੀ ਨਿਗਾਹ ਬੜੀ ਤੇਜ਼ ਹੁੰਦੀ ਹੈ। ਧਰਤੀ ਉਤੇ ਜਦੋਂ ਭੀ ਉਸ ਨੂੰ ਕਿਤੇ ਕੋਈ ਮੁਰਦਾਰ ਦਿੱਸ ਪਏ, ਉਹ ਉੱਚੀ ਉਡਾਰੀ ਛੱਡ ਕੇ ਤੁਰਤ ਸਿੱਧੀ ਉਸ ਮੁਰਦਾਰ ਤੇ ਆ ਪੈਂਦੀ ਹੈ।

ਮਨੁੱਖ ਇਸ ਧਰਤੀ ਦਾ ਸਰਦਾਰ ਹੈ। ਪਰ ਇਸ ਦੇ ਸੁਆਰਥੀ ਮਨ ਨੂੰ ਇੱਲ ਵਾਲੀ ਕੁਬਾਣ ਹੈ। ਮਨੁੱਖਤਾ ਦੀ ਉੱਚੀ ਸ਼ਾਨ ਨੂੰ ਭੁਲਾ ਕੇ ਤੁਰਤ ਵਿਕਾਰ ਜਾਂ ਲਾਲਚ ਦੇ ਟੋਏ ਵਿਚ ਜਾ ਡਿੱਗਦਾ ਹੈ।

(19) ਕੁੱਕੜ ਦੇ ਖੰਭ ਤਾਂ ਹਨ, ਪਰ ਇਹ ਉੱਡ ਨਹੀਂ ਸਕਦਾ। ਉਡਾਰੀ ਵਿਚ ਕੁੱਕੜ ਹੰਸਾਂ ਦੀ ਰੀਸ ਨਹੀਂ ਕਰ ਸਕਦਾ।

ਪਿੰਡਾਂ ਵਿਚ ਮੁੰਡੇ ਖੁੰਡੀ-ਖਿਦੋ ਦੀ ਖੇਡ ਖੇਡਦੇ ਹਨ, ਜਿਵੇਂ ਹੁਣ ਸ਼ਹਿਰਾਂ ਵਿਚ ਸਕੂਲਾਂ ਕਾਲਜਾਂ ਵਿਚ ਹਾਕੀ ਦੀ ਖੇਡ ਹੈ। ਖੁੰਡੀ ਦਾ ਖਿਡਾਰੀ ਮੁੰਡਾ ਕਿਸੇ ਘੋੜ ਅਸਵਾਰ ਫ਼ੌਜੀ ਨੂੰ ਵੇਖ ਕੇ ਇਹ ਰੀਝ ਨਹੀਂ ਕਰ ਸਕਦਾ, ਕਿ ਮੈਂ ਤੁਰਤ ਹੀ ਘੋੜੇ ਉਤੇ ਅਸਵਾਰ ਹੋ ਕੇ ਬੰਦੂਕ ਨਾਲ ਨਿਸ਼ਾਨੇ ਬੰਨ੍ਹ ਸਕਦਾ ਹਾਂ।

ਭਲੇ ਮਨੁੱਖਾਂ ਵਾਲੇ ਗੁਣ ਨਿਰੀ ਰੀਸ ਤੇ ਨਿਰੇ ਵਿਖਾਵੇ ਨਾਲ ਨਹੀਂ ਮਿਲ ਜਾਂਦੇ।

(20) ਤਾਂਬੀਏ ਦੇਗਚੀਆਂ ਆਦਿਕ ਵਿਚ ਕਈ ਕਿਸਮ ਦੇ ਮਿੱਠੇ ਸਲੂਣੇ ਖਾਣੇ ਤਿਆਰ ਕਰੀਦੇ ਹਨ, ਜਿਨ੍ਹਾਂ ਨੂੰ ਮਨੁੱਖ ਬੜੇ ਸੁਆਦ ਲਾ ਲਾ ਕੇ ਖਾਂਦੇ ਹਨ। ਉਹਨਾਂ ਖਾਣਿਆਂ ਵਿਚ ਕੜਛੀਆਂ ਭੀ ਫੇਰੀਦੀਆਂ ਹਨ। ਪਰ ਉਹ ਕੜਛੀਆਂ ਕੀਹ ਜਾਣਨ ਸੁਆਦ ਨੂੰ?

ਕਠੋਰ-ਦਿਲ ਸੁਆਰਥੀ ਮਨੁੱਖ ਭਲਿਆਂ ਦੀ ਸੰਗਤਿ ਵਿਚ ਬੈਠ ਕੇ ਭੀ ਕੋਰੇ ਦਾ ਕੋਰਾ ਹੀ ਰਹਿੰਦਾ ਹੈ।

(21) ਦਿਨ ਚੜ੍ਹਦੇ-ਸਾਰ ਕਾਂ ਆਪਣੇ ਆਲ੍ਹਣੇ ਛਡ ਕੇ ਕਿਤੇ ਵੱਸੋਂ ਵਲ ਉੱਡ ਪੈਂਦੇ ਹਨ। ਰੋਟੀ ਦੀ ਗਿਰਾਹੀ ਆਦਿਕ ਦੀ ਖ਼ਾਤਰ ਘਰਾਂ ਦੇ ਬਨੇਰਿਆਂ ਤੇ ਬੈਠ ਕੇ ਪਏ ਲੌਂ ਲੌਂ ਕਰਦੇ ਹਨ। ਪਰ ਜੇ ਕੋਈ ਕਾਂ ਕਿਸੇ ਸੁੰਞੇ ਘਰ ਦੇ ਬਨੇਰੇ ਤੇ ਜਾ ਬੈਠੇ, ਉਥੇ ਪਿਆ ਕਾਂ ਕਾਂ ਕਰੇ, ਅੰਤ ਭੁੱਖਿਆਂ ਹੀ ਜਾਣਾ ਪਏਗਾ।

ਜਿੰਦ ਦੀ ਅਸਲ ਖ਼ੁਰਾਕ ਹੈ ਪ੍ਰ੍ਰਭੂ ਦੀ ਯਾਦ। ਪਰ ਜੋ ਮਨੁੱਖ ਦੁਨੀਆ ਦਾ ਧਨ ਹੀ ਜੋੜਦਾ ਰਿਹਾ, ਤੇ ਆਤਮਕ ਖ਼ੁਰਾਕ ਤੇ ਵਾਂਜਿਆ ਰਿਹਾ, ਉਸ ਦੀ ਜਿੰਦ ਇਸ ਸੁੰਞੇ ਸਰੀਰ ਘਰ ਤੋਂ ਅੰਤ ਸੱਖਣੀ ਹੀ ਗਈ।

(22) ਜੇਠ ਹਾੜ ਵਿਚ ਜਦੋਂ ਹਨੇਰੀਆਂ ਆਉਂਦੀਆਂ ਹਨ, ਮਿੱਟੀ ਘੱਟਾ ਉੱਡ ਕੇ ਅਸਮਾਨ ਨੂੰ ਚੜ੍ਹਦਾ ਹੈ, ਘੱਟੇ ਨਾਲ ਹਰੇਕ ਚੀਜ਼ ਸ਼ਕਲੋਂ ਬੇ-ਸ਼ਕਲ ਹੋ ਜਾਂਦੀ ਹੈ। ਜੇ ਕੋਈ ਮਨੁੱਖ ਕਿਤੇ ਬਾਹਰ ਹਨੇਰੀ ਵਿਚ ਕਾਬੂ ਆ ਜਾਏ, ਉਸ ਦੀ ਸ਼ਕਲ ਫਿਰ ਵੇਖਣ ਵਾਲੀ ਹੁੰਦੀ ਹੈ। ਅੱਖਾਂ ਨੱਕ ਮੂੰਹ ਕੰਨ ਸਭ ਘੱਟੇ ਨਾਲ ਭਰ ਜਾਂਦੇ ਹਨ। ਮਨੁੱਖ ਭੂਤ ਪਿਆ ਦਿੱਸਦਾ ਹੈ।

ਸਤਸੰਗ ਤੇ ਪ੍ਰਭੂ ਦੀ ਯਾਦ ਤੋਂ ਵਾਂਜਿਆ ਬੰਦਾ, ਬੱਸ, ਭੂਤ ਹੀ ਦਿੱਸਦਾ ਹੈ, ਤੰਗ-ਦਿਲੀ, ਵਿਕਾਰ, ਕੁਕਰਮਾਂ ਦੀ ਖੇਹ ਉਸ ਦੇ ਮੂੰਹ ਉੱਤੇ ਉੱਡਦੀ ਜਾਪਦੀ ਹੈ। ਹਰ ਪਾਸੇ ਵਲੋਂ ਲੋਕ ਉਸ ਨੂੰ ਦਿਲ ਹੀ ਦਿਲ ਵਿਚ ਫਿਟਕਾਰ ਹੀ ਦੇਂਦੇ ਹਨ।

(23) ਚੂਹੇ ਦੀਆਂ ਦੰਦੀਆਂ ਬਹੁਤ ਤ੍ਰਿਖੀਆਂ ਹੁੰਦੀਆਂ ਹਨ। ਕੋਈ ਚੀਜ਼ ਇਸ ਦੇ ਢਹੇ ਚੜ੍ਹ ਜਾਏ, ਕੁਤਰ ਕੇ ਨਸ਼ਟ ਕਰ ਦੇਂਦਾ ਹੈ। ਚੀਜ਼ਾਂ ਕੁਤਰਨ ਦਾ ਇਸ ਨੂੰ ਸੁਭਾਵਿਕ ਸ਼ੌਕ ਹੈ। ਜੇ ਕਿਤੇ ਇਹ ਕਿਤਾਬਾਂ ਦੀ ਅਲਮਾਰੀ ਵਿਚ ਜਾ ਵੜੇ, ਤਾਂ ਕਾਗ਼ਜ਼ ਕੁਤਰ ਕੁਤਰ ਕੇ ਸਭ ਕੁਝ ਫਨਾਹ ਕਰ ਦੇਂਦਾ ਹੈ। ਉਂਞ ਇਸ ਵਿਚੋਂ ਉਸ ਨੂੰ ਖਾਣ ਲਈ ਕੁਝ ਨਹੀਂ ਲੱਭਦਾ। ਬੱਸ! ਭੈੜੀ ਬਾਣ।

ਤ੍ਰਿਸ਼ਨਾ-ਫਸੇ ਮਨੁੱਖ ਨੂੰ ਇਹ ਚੂਹੇ ਵਾਲੀ ਹੀ ਆਦਤ ਹੈ। ਸਾਰੀ ਉਮਰ ਇਹ ਉਹੀ ਇਕੱਠਾ ਕਰਦਾ ਰਹਿੰਦਾ ਹੈ, ਜਿਸ ਨਾਲੋਂ ਅੰਤ ਸਾਥ ਮੁੱਕ ਜਾਂਦਾ ਹੈ। ਝੂਠ ਤੇ ਨਿੰਦਿਆ ਆਦਿਕ ਵਿਚ ਭੀ ਬਹੁਤ ਸਮਾ ਗੁਜ਼ਾਰ ਦੇਂਦਾ ਹੈ। ਇਸ ਮੂਰਖ-ਪੁਣੇ ਵਿਚ ਆਪਣੀ ਉਮਰ ਦਾ ਕਾਗ਼ਜ਼ ਕੁਤਰ ਕੁਤਰ ਕੇ ਮੁਕਾ ਦੇਂਦਾ ਹੈ। ਉਮਰ ਵਿਅਰਥ ਹੀ ਲੰਘ ਜਾਂਦੀ ਹੈ।

(24) ਨਿਰੇ ਤੋਹ ਉਖਲੀ ਵਿਚ ਪਾ ਕੇ ਮੁਹਲੀ ਨਾਲ ਛੜੀ ਜਾਉ, ਸਾਰਾ ਦਿਨ ਛੜੀ ਜਾਉ, ਚਾਵਲ ਕਦੇ ਨਹੀਂ ਮਿਲ ਸਕਣਗੇ। ਮੁਰਦੇ ਨੂੰ ਸੋਹਣੇ ਸੋਹਣੇ ਕੱਪੜੇ ਪਾ ਦਿਉ, ਮੁਰਦਾ ਮੁਰਦਾ ਹੀ ਰਹੇਗਾ। ਜੇਹੜਾ ਮਨੁੱਖ ਨਿਤ ਬਿਗਾਨੀਆਂ ਬੁੱਤੀਆਂ ਕੱਢਦਾ ਰਹੇ, ਉਸ ਦੇ ਆਪਣੇ ਘਰ ਖਾਣ ਨੂੰ ਦਾਣੇ ਕਿਥੋਂ ਆ ਜਾਣਗੇ?

ਹਰੇਕ ਪ੍ਰਾਣੀ ਦੇ ਸਦਾ ਹੀ ਕੰਮ ਆਉਣ ਵਾਲਾ ਅਸਲੀ ਧਨ ਹੈ ਪਰਮਾਤਮਾ ਦੀ ਯਾਦ। ਜੇਹੜਾ ਮਨੁੱਖ ਇਸ ਧਨ ਤੋਂ ਵਾਂਜਿਆ ਰਿਹਾ, ਉਸ ਨੇ ਆਪਣੀ ਉਮਰ ਅਜਾਈਂ ਗਵਾ ਲਈ।

(25) ਮਨੁੱਖ ਦਾ ਸਰੀਰ ਪਰਮਾਤਮਾ ਨੇ ਆਪਣੇ ਰਹਿਣ ਲਈ ਇਕ ਮਹੱਲ ਬਣਾਇਆ ਹੈ। ਪਰਮਾਤਮਾ ਇਸ ਮਹੱਲ ਵਿਚ ਵੱਸ ਰਿਹਾ ਹੈ। ਪਰ ਸਰੀਰ ਵਿਚ ਚੰਡਾਲ ਕ੍ਰੋਧ ਦੀ ਅੱਗ ਭੀ ਮੌਜੂਦ ਹੈ। ਮਾਇਆ ਦੀ ਖ਼ਾਤਰ ਭਟਕਣਾ ਅਤੇ ਵਿਕਾਰਾਂ ਦਾ ਜ਼ੋਰ, ਇਹ ਦੋ ਤਕੜੇ ਕਵਾੜ ਉਸ ਮਹੱਲ ਤੇ ਜੜੇ ਪਏ ਹਨ। ਇਸ ਕਾਰਨ ਜੀਵ ਨੂੰ ਆਪਣੇ ਅੰਦਰ ਵੱਸਦਾ ਪ੍ਰਭੂ ਦਿੱਸਦਾ ਨਹੀਂ।

ਜਿਵੇਂ ਮੱਛੀ ਪਾਣੀ ਤੋਂ ਵਿਛੁੜ ਕੇ ਤੜਪਦੀ ਹੈ, ਤਿਵੇਂ ਜੀਵ ਵਿਕਾਰਾਂ ਦੇ ਵੱਸ ਹੋਇਆ ਹੋਇਆ ਪ੍ਰਭੂ ਤੋਂ ਵਿਛੁੜ ਕੇ ਮਾਇਆ ਦੀ ਤ੍ਰਿਸ਼ਨਾ ਵਿਚ ਤੜਪ ਤੜਪ ਕੇ ਉਮਰ ਗੁਜ਼ਾਰਦਾ ਹੈ।

(26) ਮਨੁੱਖ ਇਸ ਧਰਤੀ ਦਾ ਸਰਦਾਰ ਹੈ। ਹੋਰ ਸਾਰੀਆਂ ਜੂਨੀਆਂ ਨਾਲੋਂ ਉੱਤਮ ਸਰੀਰ ਮਨੁੱਖ ਨੂੰ ਮਿਲਿਆ ਹੋਇਆ ਹੈ।

ਪਰ ਜਿਸ ਮਨੁੱਖ ਨੇ ਕਦੇ ਆਪਣੀ ਜੀਭ ਨੂੰ ਪ੍ਰਭੂ ਦੀ ਯਾਦ ਵਿਚ ਨਹੀਂ ਵਰਤਿਆ, ਉਸ ਦੇ ਇਸ ਸਰੀਰ ਨੂੰ ਕਾਮਾਦਿਕ ਕਾਂ ਸਦਾ ਠੂੰਗ ਠੂੰਗ ਕੇ ਗੰਦਾ ਕਰ ਦੇਂਦੇ ਹਨ। ਇਸ ਸਰੀਰ ਵਿਕਾਰਾਂ ਦੇ ਗੰਦ ਦਾ ਕੀੜਾ ਹੀ ਬਣ ਜਾਂਦਾ ਹੈ।

(27) ਹਾਥੀ ਕਾਮ ਵਾਸਨਾ ਵਿਚ ਫਸ ਕੇ ਸਾਰੀ ਉਮਰ ਲਈ ਮਨੁੱਖ ਗ਼ੁਲਾਮ ਬਣ ਜਾਂਦਾ ਹੈ। ਮੱਛੀ ਜੀਭ ਦੇ ਚਸਕੇ ਦੇ ਕਾਰਨ ਕੁੰਡੀ ਵਿਚ ਫਸ ਕੇ ਜਾਨ ਗੰਵਾ ਲੈਂਦੀ ਹੈ। ਬਾਂਦਰ ਛੋਲਿਆਂ ਦੀ ਇਕ ਮੁੱਠ ਦੀ ਖ਼ਾਤਰ ਕਲੰਦਰ ਦੇ ਕਾਬੂ ਆ ਕੇ ਦਰ ਦਰ ਨੱਚਦਾ ਫਿਰਦਾ ਹੈ।

ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਆਪਣੇ ਪੰਜੇ ਵਿਚ ਫਸਾ ਕੇ ਇਸ ਦੇ ਆਤਮਕ ਜੀਵਨ ਦਾ ਗਲ ਘੁੱਟ ਦੇਂਦੇ ਹਨ।

(28) ਸਾਵਣ ਦੀ ਘਟਾ ਚੜ੍ਹਦੀ ਹੈ, ਬੱਦਲ ਗੱਜਦੇ ਹਨ, ਬਿਜਲੀ ਲਿਸ਼ਕਦੀ ਹੈ, ਪੁਰੇ ਦੀ ਠੰਢੀ ਹਵਾ ਵਗਦੀ ਹੈ, ਤੇ ਵਰਖਾ ਦੀਆਂ ਬੂੰਦਾਂ ਲੋਆਂ ਦੀ ਤਪਸ਼ ਮਿਟਾਂਦੀਆਂ ਹਨ।

ਕਿਤਨਾ ਰਸ-ਭਰਿਆ ਹੈ ਇਹ ਸਮਾ ਉਹਨਾਂ ਸੁਹਾਗਣਾਂ ਲਈ ਜਿਨ੍ਹਾਂ ਦੇ ਪਤੀ ਉਹਨਾਂ ਦੇ ਪਾਸ ਹਨ!

ਪਰਦੇਸ ਗਏ ਪਤੀ ਵਾਲੀ ਨੂੰ ਇਹ ਸਾਰੀ ਮੌਜ-ਬਹਾਰ ਅਜੇ ਭੀ ਤਪਸ਼ ਹੀ ਦੇਂਦੀ ਹੈ।

ਪ੍ਰਭੂ-ਯਾਦ ਤੋਂ ਸੱਖਣੀ ਜਿੰਦ ਨੂੰ ਸੁਖ ਕਾਹਦਾ?

(29) ਪੱਥਰ ਨੂੰ ਸਾਲਾਂ-ਬੱਧੀ ਪਾਣੀ ਵਿਚ ਪਿਆ ਰਹਿਣ ਦਿਉ, ਪੱਥਰ ਅੰਦਰੋਂ ਕੋਰੇ ਦਾ ਕੋਰਾ ਹੀ ਰਹੇਗਾ। ਦਾਣੇ-ਹੀਣ ਖਲਵਾੜੇ ਵਿਚ ਗਾਹ ਪਾ ਦਿਉ, ਗਾਹੀ ਜਾਵੋ, ਗਾਹੀ ਜਾਵੋ, ਦਾਣੇ ਨਸੀਬ ਨਹੀਂ ਹੋਣਗੇ।

ਰੱਬ ਤੋਂ ਟੁੱਟੇ ਹੋਏ ਸੁਆਰਥੀ ਬੰਦੇ ਤੋਂ ਕਦੇ ਭਲੇ ਦੀ ਆਸ ਨਹੀਂ ਹੋਣੀ ਚਾਹੀਦੀ।

(30) ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਮਨੁੱਖ ਦਾ ਹਾਲ ਇਹ ਹੁੰਦਾ ਹੈ ਕਿ ਇਸ ਦਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਧਨ ਜੋੜਨ ਦੀ ਤ੍ਰਿਸ਼ਨਾ ਇਸ ਨੂੰ ਚੰਬੜੀ ਰਹਿੰਦੀ ਹੈ। ਸੁਖ ਹਾਸਲ ਕਰਨ ਵਾਸਤੇ ਮਨੁੱਖ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ, ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ। ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।

(31) ਇਹ ਗੱਲ ਪੱਕੀ ਚੇਤੇ ਰੱਖੋ ਕਿ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ, ਉਸ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ, ਉਸ ਦਾ ਮਨ ਅਨੇਕਾਂ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ। ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ, ਤੇ, ਵਰਤ ਭੀ ਰੱਖਦਾ ਹੈ, ਪਰ ਉਸ ਦਾ ਇਹ ਸਾਰਾ ਉੱਦਮ ਵਿਅਰਥ ਜਾਂਦਾ ਹੈ। ਜਿਵੇਂ ਪਾਣੀ ਵਿਚ ਰੱਖੇ ਹੋਏ ਪੱਥਰ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ, ਤਿਵੇਂ ਨਾਮ-ਹੀਨ ਮਨੁੱਖ ਦੇ ਹੋਰ ਹੋਰ ਉੱਦਮ ਉਸ ਦੇ ਜੀਵਨ ਵਿਚ ਤਬਦੀਲੀ ਨਹੀਂ ਲਿਆ ਸਕਦੇ।

(32) ਬੰਦਗੀ ਤੋਂ ਬਿਨਾ ਜੀਵਨ ਵਿਅਰਥ ਹੈ। ਨਾਮ ਦੀ ਸੁਗੰਧੀ ਤੋਂ ਬਿਨਾ ਜਗਤ-ਫੁਲਵਾੜੀ ਦਾ ਇਹ ਜੀਵ-ਫੁੱਲ ਕਿਸ ਅਰਥ? ਦੁਨੀਆ ਦੇ ਰਸਾਂ ਵਿਚ ਫਸ ਕੇ ਖ਼ੁਆਰ ਹੁੰਦਾ ਹੈ। ਬਾਂਦਰ ਦੇ ਹੱਥ ਭੁੱਜੇ ਛੋਲਿਆਂ ਦੀ ਮੱਠ ਆਈ, ਲੋਭੀ ਬਾਂਦਰ ਨੇ ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ ਨਾਹ ਛੱਡੀ, ਤੇ ਕਲੰਦਰ ਦੇ ਕਾਬੂ ਆ ਗਿਆ। ਇਹੀ ਹਾਲ ਹੈ ਸਿਮਰਨ ਤੋਂ ਸੱਖਣੇ ਮਾਇਆ-ਗ੍ਰਸੇ ਜੀਵ ਦਾ।

(33) ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ। ਮੋਹ ਵਿਚ ਫਸਿਆ ਮਨੁੱਖ ਦੁੱਖੀ ਰਹਿੰਦਾ ਹੈ, ਫਿਰ ਭੀ ਸਰੀਰ ਨਾਲ ਪਿਆਰ ਹੋਣ ਕਰ ਕੇ ਕਿਸੇ ਦਾ ਭੀ ਮਰਨ ਨੂੰ ਚਿੱਤ ਨਹੀਂ ਕਰਦਾ। ਸਭ ਜੀਵਾਂ ਨੂੰ ਪੰਜੇ ਕਾਮਾਦਿਕਾਂ ਨਾਲ ਹਰ ਵੇਲੇ ਵਾਹ ਪਿਆ ਰਹਿੰਦਾ ਹੈ, ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਜਾਂਦਾ ਹੈ।

(34) ਚਕਵੀ ਚਕਵਾ ਪੰਛੀ ਰਾਤ ਨੂੰ ਵਿਛੁੜ ਜਾਂਦੇ ਹਨ, ਇਕ ਦੂਜੇ ਨੂੰ ਮਿਲ ਨਹੀਂ ਸਕਦੇ। ਚਕਵੀ ਸਾਰੀ ਰਾਤ ਵਿਛੋੜੇ ਵਿਚ ਕੂਕਦੀ ਰਹਿੰਦੀ ਹੈ। ਕਦੋਂ ਸੂਰਜ ਚੜ੍ਹੇ, ਤੇ ਕਦੋਂ ਉਹਨਾਂ ਦਾ ਮੇਲ ਹੋਵੇ।

ਸੰਖ ਸਮੁੰਦਰਾਂ ਵਿਚੋਂ ਮਿਲਦੇ ਹਨ। ਹਿੰਦੂ ਸੱਜਣ ਮੰਦਰਾਂ ਵਿਚ ਸੰਖ ਵਜਾਉਂਦੇ ਹਨ, ਨਿੱਤ ਸਵੇਰੇ।

ਤ੍ਰਿਸ਼ਨਾ-ਮਾਰਿਆ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ। ਉਸਦੀ ਜਿੰਦ ਦੇ ਭਾ ਦੀ ਸਦਾ ਵਿਛੋੜੇ ਵਾਲੀ ਰਾਤ ਪਈ ਰਹਿੰਦੀ ਹੈ। ਜਿਵੇਂ ਸੰਖ ਸਮੁੰਦਰ ਤੋਂ ਵਿਛੁੜਿਆ ਹੋਇਆ ਮੰਦਰ ਵਿਚ ਨਿੱਤ ਸਵੇਰੇ, ਮਾਨੋ, ਢਾਹਾਂ ਮਾਰਦਾ ਹੈ, ਤਿਵੇਂ ਤ੍ਰਿਸ਼ਨਾਲੂ ਬੰਦੇ ਦੀ ਆਤਮਾ ਸਦਾ ਮਾਇਆ ਦੇ ਹੀ ਹਾਹੁਕੇ ਲੈਂਦੀ ਰਹਿੰਦੀ ਹੈ।

(35) ਪਿੰਡਾਂ ਨਗਰਾਂ ਤੋਂ ਬਾਹਰ ਜਿਥੇ ਕਿਤੇ ਭੀ ਮੁਰਦਾਰ ਸੁਟਿਆ ਜਾਏ, ਕੁੱਤੇ ਉਥੇ ਤੁਰਤ ਜਾ ਪਹੁੰਚਦੇ ਹਨ। ਪਹੁੰਚੇ ਹੋਏ ਕੁੱਤੇ ਉਸ ਮੁਰਦਾਰ ਦੇ ਮਾਸ ਨਾਲ ਸਾਰੇ ਦੇ ਸਾਰੇ ਹੀ ਬੇਸ਼ਕ ਆਪਣਾ ਪੇਟ ਭਰ ਸਕਦੇ ਹੋਣ, ਫਿਰ ਭੀ ਕੋਈ ਕੁੱਤਾ ਇਹ ਨਹੀਂ ਸਹਾਰ ਸਕਦਾ ਕਿ ਕੋਈ ਹੋਰ ਕੁੱਤਾ ਭੀ ਆ ਕੇ ਖਾ ਲਏ। ਇਕ ਦੂਜੇ ਨੂੰ ਭੌਂਕਦੇ ਹਨ, ਲੜਦੇ ਹਨ ਤੇ ਇਕ ਦੂਜੇ ਨੂੰ ਵੱਢਦੇ ਹਨ।

ਇਹੀ ਸੁਭਾਉ ਬਣ ਜਾਂਦਾ ਹੈ ਤ੍ਰਿਸ਼ਨਾ-ਮਾਰੇ ਮਨੁੱਖਾਂ ਦਾ। ਪਰਮਾਤਮਾ ਦੀ ਰਚਨਾ ਵਿਚ ਬੇਅੰਤ ਪਦਾਰਥ ਹੁੰਦਿਆਂ ਭੀ ਸੁਆਰਥੀ ਬੰਦੇ ਇਕ ਦੂਜੇ ਨੂੰ ਖਾਂਦਾ ਵੇਖ ਕੇ ਸਹਾਰ ਨਹੀਂ ਸਕਦੇ। ਅਜੇਹੇ ਬੰਦਿਆਂ ਦਾ ਸੰਗ ਭੀ ਮਾੜਾ। ਤ੍ਰਿਸ਼ਨਾ ਦਾ ਹਲਕ ਕੁੱਦ ਪੈਂਦਾ ਹੈ।

(36) ਗਰੀਬ ਮਨੁੱਖ ਆਪਣੀ ਪੁਰਾਣੀ ਜੁੱਤੀ ਮੁੜ ਮੁੜ ਮੋਚੀ ਤੋਂ ਗੰਢਾਂਦਾ ਰਹਿੰਦਾ ਹੈ, ਤਾ ਕਿ ਛੇਤੀ ਟੁੱਟ ਨਾ ਜਾਏ।

ਮਾਇਆ ਦੇ ਪ੍ਰਭਾਵ ਹੇਠ ਆਇਆ ਮਨੁੱਖ ਗ਼ਰੀਬ ਦੀ ਜੁੱਤੀ ਵਾਂਗ ਹਰ ਵੇਲੇ ਆਪਣੇ ਸਰੀਰ ਦੇ ਪਾਲਣ ਪੋਸਣ ਵਲ ਹੀ ਧਿਆਨ ਰੱਖਦਾ ਹੈ।

(37) ਲੋਹਾਰ ਜੰਗਾਲ ਵਿਚੋਂ ਲੱਕੜਾਂ ਕੱਟਣ ਜਾਂਦਾ ਹੈ, ਮੋਢੇ ਉਤੇ ਕੁਹਾੜਾ ਰੱਖ ਕੇ। ਪਾਣੀ ਪੀਣ ਦੀ ਖ਼ਾਤਰ ਘਰੋਂ ਭਰਿਆ ਘੜਾ ਲੈ ਕੇ ਸਿਰ ਉਤੇ ਰੱਖ ਲੈਂਦਾ ਹੈ। ਜੰਗਲ ਵਿਚੋਂ ਆਪਣੇ ਮਨ-ਪਸੰਦ ਦੇ ਰੁੱਖ ਵੱਢਦਾ ਹੈ, ਮਾਨੋ, ਜੰਗਲ ਦਾ ਬਾਦਸ਼ਾਹ ਬਣਿਆ ਪਿਆ ਹੈ। ਪਰ ਕਰਤੂਤ ਆਖ਼ਰ ਇਹ ਹੈ ਕਿ ਉਹਨਾਂ ਲੱਕੜਾਂ ਦੇ ਕੋਲੇ ਬਣਾਈ ਜਾਂਦਾ ਹੈ।

ਮਨੁੱਖ ਇਸ ਧਰਤੀ ਦਾ ਸਰਦਾਰ ਹੈ। ਪਰ ਸਾਰੀ ਉਮਰ ਵਿਕਾਰਾਂ ਦੇ ਕੋਲੇ ਹੀ ਵਿਹਾਝਦਾ ਰਹਿੰਦਾ ਹੈ।

10. ਵਿਕਾਰੀ ਜੀਵਨ

1. ਪਉੜੀ ਮ: 5 (ਵਾਰ 4 ਗਉੜੀ) . . . . ਲੈ ਫਾਹੇ ਰਾਤੀ ਤੁਰਹਿ (ਪੰਨਾ 314

2. ਬਿਹਾਗੜਾ ਮ: 5 ਛੰਤ . . . . ਅਨਕਾਏ ਰਾਤੜਿਆ, ਵਾਟ ਦੁਹੇਲੀ ਰਾਮ (ਪੰਨਾ 546

3. ਸਾਰਗ ਮ: 5 . . . . ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ (ਪੰਨਾ 1205

4. ਭੈਰਉ ਨਾਮਦੇਵ ਜੀ . . . . ਘਰ ਕੀ ਨਾਰਿ ਤਿਆਗੈ ਅੰਧਾ (ਪੰਨਾ 1164

5. ਸਲੋਕ ਫਰੀਦ ਜੀ . . . . ਫਰੀਦਾ ਵੇਖੁ ਕਪਾਹੈ ਜਿ ਥੀਆ (ਪੰਨਾ 1380

ਭਾਵ:

(1) ਤੇਲੀ ਤਿਲਾਂ ਦੀ ਘਾਣੀ ਕੋਲ੍ਹੂ ਵਿਚ ਪਾ ਕੇ ਪੀੜਦਾ ਹੈ। ਕੋਈ ਇਕ ਭੀ ਤਿਲਾਂ ਦਾ ਦਾਣਾ ਸਾਬਤ ਨਹੀਂ ਰਹਿ ਜਾਂਦਾ। ਕੋਲ੍ਹੂ ਵਿਚ ਸਭ ਮਲੀਆ-ਮੇਟ ਹੋ ਜਾਂਦੇ ਹਨ, ਤੇਲ ਨਿਚੁੜ ਕੇ ਵੱਖ ਹੋ ਜਾਂਦਾ ਹੈ।

ਚੋਰੀ ਯਾਰੀ ਆਦਿਕ ਵਿਕਾਰਾਂ ਵਿਚ ਫਸੇ ਮਨੁੱਖ ਦੀ ਆਤਮਾ ਦੇ ਸਾਰੇ ਸ਼ੁਭ ਗੁਣ ਨਿਪੀੜੇ ਜਾਂਦੇ ਹਨ। ਖ਼ੁਸ਼ੀ ਤੇ ਖੇੜੇ ਦੇ ਥਾਂ ਸਹਿਮ ਫ਼ਿਕਰ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ।

(2) ਡੂੰਘੇ ਹਨੇਰੇ ਖੂਹ ਵਿਚ ਮਨੁੱਖ ਡਿੱਗ ਪਏ, ਕੱਢਣ ਵਾਲਾ ਭੀ ਕੋਈ ਨੇੜੇ ਤੇੜੇ ਨਾਹ ਹੋਵੇ, ਡਿੱਗਣ ਵਾਲੇ ਦੀ ਜਿੰਦ ਉਥੇ ਬੜੀ ਤੜਪਦੀ ਹੈ, ਦਮ ਘੁੱਟਦਾ ਹੈ, ਤਰਲੋ-ਮੱਛੀ ਹੁੰਦਾ ਹੈ, ਆਖ਼ਰ ਮੌਤ ਮੁਕਾ ਦੇਂਦੀ ਹੈ।

ਤੇਲੀ ਦਾ ਕੋਲ੍ਹੂ ਵੇਖੋ। ਤਿਲਾਂ ਦੀ ਘਾਣੀ ਤੇਲੀ ਕੋਲ੍ਹੂ ਵਿਚ ਪਾ ਦੇਂਦਾ ਹੈ। ਜਿਉਂ ਜਿਉਂ ਕੋਲ੍ਹੂ ਦੀ ਲੱਠ ਕੋਲ੍ਹੂ ਵਿਚ ਫਿਰਦੀ ਹੈ, ਤਿਲ ਨਿਪੀੜੇ ਜਾਂਦੇ ਹਨ, ਸਾਰਾ ਤੇਲ ਨੁਚੜ ਜਾਂਦਾ ਹੈ।

ਵਿਕਾਰਾਂ ਵਿਚ ਫਸੇ ਮਨੁੱਖ ਦੀ ਜ਼ਿੰਦਗੀ ਭੀ ਸਾਰੀ ਹੀ ਦੁੱਖਾਂ ਦੀ ਲੰਮੀ ਕਹਾਣੀ ਹੁੰਦੀ ਹੈ। ਉਮਰ ਦਾ ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ ਕਿ ਭਲਾਈ ਵਾਲੇ ਪਾਸੇ ਦਾ ਉੱਦਮ ਕਰ ਸਕੇ। ਭਲਾ ਰੁੱਖ ਨਾਲੋਂ ਝੜੇ ਹੋਏ ਪੱਤਰ ਮੁੜ ਟਾਹਣੀਆਂ ਨਾਲ ਕਿਵੇਂ ਆ ਜੁੜਨ?

(3) ਕੱਖਾਂ ਦੀ ਕੁੱਲੀ ਬਣਾ ਲਈਏ ਰਹਿਣ ਵਾਸਤੇ, ਪਰ ਉਸ ਦੇ ਬੂਹੇ ਅੱਗੇ ਅੱਗ ਬਾਲ ਬੈਠੀਏ। ਉਹ ਕੁੱਲੀ ਕਦ ਤਕ ਬਚੀ ਰਹਿ ਸਕਦੀ ਹੈ? ਚਿੱਟੇ ਕੱਪੜੇ ਪਾ ਕੇ ਸਦਾ ਕੋਠੇ ਵਿਚ ਵਸੇਬਾ ਰੱਖੀਏ ਜੋ ਕੋਲਿਆਂ ਤੇ ਰਾਖ ਨਾਲ ਭਰਿਆ ਹੋਇਆ ਹੈ। ਉਥੇ ਕੱਪੜਿਆਂ ਤੋਂ ਕਦ ਕਾਲਖ ਝਾੜਦੇ ਰਹਾਂਗੇ? ਮਨੁੱਖ ਰੁੱਖ ਦੇ ਜਿਸ ਟਾਹਣ ਉਤੇ ਬੈਠਾ ਹੋਵੇ, ਉਸੇ ਨੂੰ ਕੁਹਾੜੇ ਨਾਲ ਵੱਢਦਾ ਜਾਏ ਤੇ ਖ਼ੁਸ਼ ਹੋ ਕੇ ਕੁਝ ਖਾਂਦਾ ਭੀ ਜਾਏ; ਟਾਹਣ ਟੁੱਟਦਿਆਂ ਸਾਰ ਉਹ ਮੂੰਹ-ਭਾਰ ਭੁੰਞੇ ਆ ਡਿੱਗਦਾ ਹੈ, ਤੇ ਹੱਡ ਗੋਡੇ ਤੁੜਾ ਬੈਠਦਾ ਹੈ।

ਸਦਾ ਵਿਕਾਰਾਂ ਵਿਚ ਜੀਵਨ ਗੁਜ਼ਾਰਨ ਵਾਲਾ ਬੰਦਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦਾ ਹੈ।

(4) ਸਿੰਬਲ ਦਾ ਰੁੱਖ ਬੜਾ ਉੱਚਾ ਤੇ ਝਾਟਲਾ ਹੁੰਦਾ ਹੈ। ਫੁੱਲ ਬੜੇ ਸੂਹੇ ਚੁਹਚੁਹੇ ਹੁੰਦੇ ਹਨ। ਫੁੱਲਾਂ ਤੇ ਭੁੱਲ ਕੇ ਤੋਤਾ ਫਲ ਖਾਣ ਲਈ ਆ ਬੈਠਦਾ ਹੈ। ਪਰ ਖਾਵੇ ਕੀਹ? ਉਥੇ ਤਾਂ ਨਿਰਾ ਰੂੰ ਹੀ ਰੂੰ। ਤ੍ਰਿਪਤੀ ਨਹੀਂ ਹੁੰਦੀ।

ਕਾਮੀ ਮਨੁੱਖ ਨੂੰ ਆਪਣੀ ਨਾਲੋਂ ਪਰਾਈ ਇਸਤ੍ਰੀ ਵਧੀਕ ਸੁੰਦਰ ਦਿੱਸਦੀ ਹੈ। ਸਦਾ ਕਾਮ ਵਾਸਨਾ ਵਿਚ ਸੜਦਾ ਹੈ।

(5) ਕਪਾਹ ਵੇਲਣੇ ਵਿਚ ਵੇਲੀ ਜਾਂਦੀ ਹੈ ਤੇ ਫਿਰ ਪੇਂਝੇ ਦੇ ਹੱ​ਥੋਂ ਪਿੰਜੀ ਜਾਂਦੀ ਹੈ। ਤਿਲ ਕੋਲ੍ਹੂ ਵਿਚ ਪੀੜੇ ਜਾਂਦੇ ਹਨ। ਕਮਾਦ ਵੇਲਣੇ ਵਿਚ ਪੀੜੀਦਾ ਹੈ, ਫਿਰ ਉਸ ਦੀ ਰਹੁ ਕੜਾਹੇ ਵਿਚ ਕਾੜ੍ਹੀ ਜਾਂਦੀ ਹੈ। ਕੁੰਨਾ (ਹਾਂਡੀ) ਸਦਾ ਅੱਗ ਉਤੇ ਰੱਖਿਆ ਰਹਿੰਦਾ ਹੈ।

ਵਿਕਾਰੀ ਬੰਦੇ ਦਾ ਹਾਲ ਤੱਕੋ। ਵੈਰ ਵਿਰੋਧ ਚਿੰਤਾ ਫ਼ਿਕਰਾਂ ਵਿਚ ਉਸ ਦੀ ਜਿੰਦ ਸਦਾ ਤੜਪਦੀ ਲੁੱਛਦੀ ਰਹਿੰਦੀ ਹੈ।

11. ਸਿਮਰਨ

(ੳ) ਜੀਵਨ-ਮਨੋਰਥ

1. ਸਿਰੀ ਰਾਗੁ ਮ: 1 . . . . ਜਾਲਿ ਮੋਹੁ, ਘਸਿ ਮਸੁ ਕਰਿ (ਪੰਨਾ 16

2. ਸਿਰੀ ਰਾਗੁ ਮ: 1 . . . . ਸੁਣਿ ਮਨ ਮਿਤ੍ਰ ਪਿਆਰਿਆ (ਪੰਨਾ 20

3. ਸਲੋਕੁ ਮ: 1 (ਵਾਰ ਮਾਝ) . . . . ਪਹਿਰਾ ਅਗਨਿ, ਹਿਵੈ ਘਰੁ ਬਾਧਾ (ਪੰਨਾ 146

4. ਸੋਰਠਿ ਮ: 1 . . . . ਮਨੁ ਹਾਲੀ, ਕਿਰਸਾਣੀ ਕਰਣੀ (ਪੰਨਾ 595

5. ਸਲੋਕ ਮ: 2 (ਸਾਰੰਗ ਕੀ ਵਾਰ) . . . . ਜੈਸਾ ਕਰੇ ਕਹਾਵੈ ਤੈਸਾ (ਪੰਨਾ 1245

6. ਰਾਮਕਲੀ ਮ: 3 ਅਨੰਦੁ . . . . ਏ ਰਸਨਾ ਤੂ ਅਨ ਰਸਿ ਰਾਚਿ ਰਹੀ (ਪੰਨਾ 921

7. ਰਾਮਕਲੀ ਮ: 3 ਅਨੰਦੁ . . . . ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ (ਪੰਨਾ 921

8. ਰਾਮਕਲੀ ਮ: 3 ਅਨੰਦੁ . . . . ਏ ਸਰੀਰਾ ਮੇਰਿਆ ਇਸੁ ਜੁਗ ਮਹਿ ਆਇ ਕੈ (ਪੰਨਾ 921

9. ਰਾਮਕਲੀ ਮ: 3 ਅਨੰਦੁ . . . . ਏ ਨੇਤ੍ਰਹੁ ਮੇਰਿਹੋ, ਹਰਿ ਤੁਮ ਮਹਿ ਜੋਤਿ ਧਰੀ (ਪੰਨਾ 921

10. ਰਾਮਕਲੀ ਮ: 3 ਅਨੰਦੁ . . . . ਏ ਸ੍ਰਵਣਹੁ ਮੇਰਿਹੋ, ਸਾਚੈ ਸੁਨਣੈ ਨੋ ਪਠਾਏ (ਪੰਨਾ 922

11. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਸੇ ਦਾੜੀਆਂ ਸਚੀਆ (ਪੰਨਾ 1419

12. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਮੁਖ ਸਚੇ ਸਚੁ ਦਾੜੀਆ (ਪੰਨਾ 1419

13. ਬਿਹਾਗੜਾ ਮ: 4 ਛੰਤ . . . . ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ (ਪੰਨਾ 539

14. ਮਾਝ ਮ: 5 . . . . ਰੈਣਿ ਸੁਹਾਵੜੀ, ਦਿਨਸੁ ਸੁਹੇਲਾ (ਪੰਨਾ 107

15. ਗਉੜੀ ਮ: 5 . . . . ਕਈ ਜਨਮ ਭਏ ਕੀਟ ਪਤੰਗਾ (ਪੰਨਾ 176

16. ਗਉੜੀ ਬਾਵਨ ਅਖਰੀ ਮ: 5 (13) . . . . ਆਤਮ ਰਸੁ ਜਿਹ ਜਾਨਿਆ (ਪੰਨਾ 252

17. ਗਉੜੀ ਸੁਖਮਨੀ ਮ: 5 . . . . ਜਿਸੁ ਵਖਰ ਕਉ ਲੈਨਿ (ਪੰਨਾ 282

18. ਸੋਰਠਿ ਮ: 5 . . . . ਗੁਰਿ ਪੂਰੈ ਕਿਰਪਾ ਧਾਰੀ (ਪੰਨਾ 621

19. ਸੂਹੀ ਮ: 5 . . . . ਰਹਣੁ ਨ ਪਾਵਹਿ ਸੁਰਿ ਨਰ ਦੇਵਾ (ਪੰਨਾ 729

20. ਸਲੋਕ ਮ: 5 . . . . (ਵਾਰ ਰਾਮਕਲੀ) . . . . ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ (ਪੰਨਾ 964

21. ਸਲੋਕ ਕਬੀਰ ਜੀ (ਵਾਰ ਰਾਮਕਲੀ) . . . . ਕਬੀਰ ਕਸਉਟੀ ਰਾਮ ਕੀ (ਪੰਨਾ 948

22. ਸਾਰਗ ਮ: 5 . . . . ਆਇਓ ਸੁਨਨ ਪੜਨ ਕਉ ਬਾਣੀ (ਪੰਨਾ 1219

23. ਗੌਂਡ ਕਬੀਰ ਜੀ . . . . ਨਰੂ ਮਰੈ ਨਰੁ ਕਾਮਿ ਨ ਆਵੈ (ਪੰਨਾ 870

24. ਕੇਦਾਰਾ ਕਬੀਰ ਜੀ . . . . ਕਿਨ ਹੀ ਬਨਜਿਆ ਕਾਂਸੀ ਤਾਂਬਾ (ਪੰਨਾ 1123

25. ਭੈਰਉ ਕਬੀਰ ਜੀ . . . . ਗੁਰ ਸੇਵਾ ਤੇ ਭਗਤਿ ਕਮਾਈ (ਪੰਨਾ 1136

ਭਾਵ:

(1) ਮਨੁੱਖ ਦੇ ਨਾਲ ਸਦਾ ਦਾ ਸਾਥ ਨਿਬਾਹੁਣ ਵਾਲਾ ਪਦਾਰਥ ਪਰਮਾਤਮਾ ਦਾ ਨਾਮ ਹੀ ਹੈ। ਇਹ ਪਰਮਾਤਮਾ ਦੀ ਮਿਹਰ ਨਾਲ ਗੁਰੂ ਪਾਸੋਂ ਮਿਲਦਾ ਹੈ। ਸਰਦਾਰੀਆਂ ਤੇ ਪਾਤਿਸ਼ਾਹੀਆਂ ਇਥੇ ਹੀ ਧਰੀਆਂ ਰਹਿ ਜਾਂਦੀਆਂ ਹਨ, ਪਰਮਾਤਮਾ ਦੀ ਯਾਦ ਤੋਂ ਵਾਂਜੇ ਰਹਿ ਕੇ ਇਹਨਾਂ ਦਾ ਮੁੱਲ ਕੌਡੀ ਭੀ ਨਹੀਂ ਪੈਂਦਾ, ਸਾਰੀ ਜ਼ਿੰਦਗੀ ਹੀ ਅਜਾਈਂ ਚਲੀ ਜਾਂਦੀ ਹੈ।

ਸੋ, ਜਗਤ ਦਾ ਮੋਹ ਦੂਰ ਕਰ ਕੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਣੀ ਚਾਹੀਦੀ ਹੈ।

(2) ਇਕੋ ਹੀ ਖੱਟੀ ਹੈ ਜੋ ਮਨੁੱਖ ਇਥੋਂ ਖੱਟ ਕੇ ਆਪਣੇ ਨਾਲ ਲੈ ਜਾ ਸਕਦਾ ਹੈ, ਉਹ ਹੈ ਪਰਮਾਤਮਾ ਦੀ ਯਾਦ। ਇਹ ਯਾਦ ਗੁਰੂ ਦੀ ਸਰਨ ਪਿਆਂ ਹੀ ਮਿਲਦੀ ਹੈ, ਆਪਣੀ ਅਕਲ ਦੇ ਹੇਠ ਤੁਰਿਆਂ ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬੀਦਾ ਹੈ।

ਵਿਦਵਾਨ ਮਨੁੱਖ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਆਦਰ ਹਾਸਲ ਕਰ ਲੈਂਦਾ ਹੈ; ਪਰ ਜੇ ਇਸ ਦੇ ਅੰਦਰ ਤ੍ਰਿਸ਼ਨਾ ਹੈ ਹਉਮੈ ਹੈ, ਤਾਂ ਚੁੰਚ-ਗਿਆਨਤਾ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਹੁੰਦੀ। ਮਨੁੱਖ ਕਿਤਨਾ ਹੀ ਸਿਆਣਾ ਹੋਵੇ ਕਿਤਨੇ ਹੀ ਦੋਸਤ-ਮਿੱਤਰ ਬਣਾ ਲਏ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਇਸ ਦੇ ਅੰਦਰ ਦੁੱਖ-ਕਲੇਸ਼ ਬਣਿਆ ਹੀ ਰਹਿੰਦਾ ਹੈ।

(3) ਕੋਈ ਮਨੁੱਖ ਵਾਹੀ ਦਾ ਕੰਮ ਕਰਦਾ ਹੈ, ਕੋਈ ਹੱਟੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਤੇ, ਕੋਈ ਨੌਕਰੀ ਕਰਦਾ ਹੈ। ਸਾਰੀ ਉਮਰ ਮਨੁੱਖ ਆਪਣੇ ਅਰੰਭੇ ਕਿੱਤੇ ਦੀ ਰਾਹੀਂ ਮਾਇਆ ਕਮਾਣ ਦੇ ਆਹਰੇ ਲੱਗਾ ਰਹਿੰਦਾ ਹੈ। ਪਰ ਮਾਇਆ ਇਥੇ ਦੀ ਇਥੇ ਹੀ ਰਹਿ ਜਾਂਦੀ ਹੈ।

ਮਨੁੱਖ ਦਾ ਸਦਾ ਨਾਲ ਨਿਭਣ ਵਾਲਾ ਸਾਥੀ ਹੈ ਪਰਮਾਤਮਾ ਦਾ ਨਾਮ। ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦੇ ਅੰਦਰ ਪਰਮਾਤਮਾ ਵਾਸਤੇ ਤੇ ਖ਼ਲਕਤ ਵਾਸਤੇ ਪਿਆਰ ਪੈਦਾ ਹੁੰਦਾ ਹੈ, ਉਸ ਦਾ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ। ਜਗਤ ਤੋਂ ਤੁਰਨ ਵੇਲੇ ਭੀ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ, ਪਰਮਾਤਮਾ ਉਸ ਉਤੇ ਸਦਾ ਮਿਹਰ ਦੀ ਨਿਗਾਹ ਰੱਖਦਾ ਹੈ।

(4) ਦੁਨੀਆ ਦੇ ਲੋਕ ਰਿੱਧੀਆਂ ਸਿੱਧੀਆਂ ਵਾਲੇ ਜੋਗੀਆਂ ਸਾਧਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਪਏ ਹੁੰਦੇ ਹਨ, ਤੇ ਧੰਨ ਧੰਨ ਆਖਦੇ ਥੱਕਦੇ ਨਹੀਂ। ਪਰ ਭੋਲੇ ਲੋਕ ਇਹ ਨਹੀਂ ਜਾਣਦੇ ਕਿ ਇਹ ਰਿੱਧੀਆਂ ਸਿੱਧੀਆਂ ਮਨੁੱਖ ਦੇ ਆਤਮਕ ਜੀਵਨ ਨੂੰ ਅਹੰਕਾਰ ਦੇ ਖਾਤੇ ਵਿਚ ਹੀ ਡੇਗਦੀਆਂ ਹਨ।

ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ।

(5) ਉੱਲੂ, ਖੋਤਾ, ਬਾਂਦਰ ਆਦਿਕ ਨਾਮ ਉਹਨਾਂ ਮਨੁੱਖਾਂ ਵਾਸਤੇ ਵਰਤੇ ਜਾਂਦੇ ਹਨ, ਜੋ ਮੁੜ ਮੁੜ ਉੱਲੂ ਖੋਤੇ ਬਾਂਦਰਾਂ ਵਾਲੀਆਂ ਹਰਕਤਾਂ ਕਰਨ। ਮਨੁੱਖ ਹੁੰਦਿਆਂ ਭੀ ਅਜੇਹੇ ਬੰਦੇ ਮਨੁੱਖ ਸ਼੍ਰੇਣੀ ਤੋਂ ਹੇਠਲੀਆਂ ਜੂਨਾਂ ਦੀ ਪੱਧਰ ਤੇ ਸਮਝੇ ਜਾਂਦੇ ਹਨ।

ਸੋਹਣੀ ਸ਼ਕਲ ਵਾਲਾ ਮਨੁੱਖ ਉਹ, ਜਿਸ ਦੇ ਸਾਰੇ ਅੰਗ ਸੋਹਣੇ। ਅਸਲ ਮਨੁੱਖ ਉਹ, ਜਿਸ ਦੇ ਅੰਗ ਸੋਹਣੇ ਭੀ ਤੇ ਜਿਸ ਦੇ ਗਿਆਨ-ਇੰਦ੍ਰੇ ਸੁਚੱਜੇ ਭੀ।

(6) ਜੀਭ ਨੂੰ ਰਸ ਕਸ ਪਰਖਣ ਦੀ ਤਾਕਤ ਮਿਲੀ ਹੋਈ ਹੈ। ਪਰ ਜੀਭ ਦਾ ਚੁਸਕਾ ਬੁਰਾ। ਚਸਕਿਆਂ ਦੇ ਵੱਸ ਪਏ ਮਨੁੱਖ ਦੀ ਤ੍ਰਿਸ਼ਨਾ ਕਦੇ ਮੁੱਕਦੀ ਹੀ ਨਹੀਂ।

ਜਿਸ ਦੇ ਚੰਗੇ ਭਾਗ ਹੋਣ, ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਪ੍ਰਭੂ ਦਾ ਨਾਮ ਜਪਣ ਦਾ ਰਸ ਆਵੇ, ਤਾਂ ਚਸਕਿਆਂ ਦੀ ਖ਼ੁਆਰੀ ਤੋਂ ਉਹ ਬਚਦਾ ਹੈ।

(7) ਜਿਸ ਕਰਤਾਰ ਨੇ ਇਹ ਜਗ ਰਚਿਆ ਹੈ ਉਸ ਨੇ ਮਨੁੱਖਾ ਸਰੀਰ ਵਿਚ ਭੀ ਆਪਣੀ ਜੋਤਿ ਟਿਕਾ ਰੱਖੀ ਹੈ। ਮਨੁੱਖ ਦਾ ਇਹ ਸਭ ਤੋਂ ਪਹਿਲਾ ਫ਼ਰਜ਼ ਹੈ ਕਿ ਆਪਣੇ ਸਿਰਜਣਹਾਰ ਨੂੰ ਸਦਾ ਚੇਤੇ ਰੱਖੇ, ਤੇ ਇਸ ਜਗਤ ਨੂੰ ਉਸ ਦੀ ਰਚੀ ਖੇਡ ਜਾਣੇ।

(8) ਉਹ ਮਨੁੱਖਾ ਸਰੀਰ ਧੰਨ ਹੈ ਤੇ ਮਨੁੱਖਾ ਸਰੀਰ ਅਖਵਾਉਣ ਦਾ ਹੱਕਦਾਰ ਹੈ ਜੋ ਆਪਣੇ ਕਰਤਾਰ ਸਿਰਜਣਹਾਰ ਨੂੰ ਯਾਦ ਰੱਖਦਾ ਹੈ। ਜੇ ਇਹ ਯਾਦ ਭੁਲਾ ਦਿੱਤੀ, ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰੀ ਗਈ ਸਮਝੋ।

(9) ਅੱਖਾਂ ਨੂੰ ਪਰਮਾਤਮਾ ਵਲੋਂ ਵੇਖਣ ਦੀ ਸੱਤਿਆ ਮਿਲੀ ਹੈ। ਉਹੀ ਅੱਖਾਂ ਮੁਬਾਰਿਕ ਹਨ ਜੋ ਸਾਰੇ ਹੀ ਸੰਸਾਰ ਨੂੰ ਪਰਮਾਤਮਾ ਦਾ ਰੂਪ ਵੇਖਦੀਆਂ ਹਨ।

(10) ਕੰਨਾਂ ਨੂੰ ਸੁਣਨ ਦੀ ਤਾਕਤ ਮਿਲੀ ਹੈ। ਪਰ ਜੋ ਕੁਝ ਇਹ ਸੁਣਦੇ ਹਨ, ਉਸ ਦਾ ਅਸਰ ਮਨੁੱਖ ਦੇ ਮਨ ਅਤੇ ਸਰੀਰ ਉਤੇ ਪੈਂਦਾ ਰਹਿੰਦਾ ਹੈ।

ਉਹੀ ਕੰਨ ਚੰਗੇ ਸਮਝੋ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਮਨੁੱਖ ਦੇ ਅੰਦਰ ਅਪੜਾ ਕੇ ਇਸ ਦੀ ਜਿੰਦ ਤੇ ਗਿਆਨ-ਇੰਦ੍ਰਿਆਂ ਨੂੰ ਸੁਚੱਜਾ ਜੀਵਨ ਦੇਂਦੇ ਹਨ।

(11) ਗੁਰੂ ਦੇ ਚਰਨਾਂ ਤੇ ਲੱਗਣ ਵਾਲੀਆਂ ਦਾੜ੍ਹੀਆਂ ਹੀ ਆਦਰ-ਸਤਿਕਾਰ ਪ੍ਰਾਪਤ ਕਰਨ ਦੀਆਂ ਹੱਕਦਾਰ ਹਨ। ਉਹੀ ਮਨੁੱਖ ਸਤਕਾਰ-ਜੋਗ ਹਨ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ।

(12) ਦਾੜ੍ਹੀ ਦੀ ਲਾਜ ਰੱਖਣੀ; ਪੰਜਾਬੀਆਂ ਦਾ ਇਹ ਬਹੁਤ ਪੁਰਾਣਾ ਅਖਾਣ ਚਲਿਆ ਆ ਰਿਹਾ ਹੈ। ਵਡੇਰੀ ਉਮਰ ਵਾਲੇ ਬੰਦੇ ਤੋਂ ਇਹ ਆਸ ਕਰੀਦੀ ਹੈ ਕਿ ਇਹ ਆਪਣੇ ਬੋਲ ਤੇ ਪਹਿਰਾ ਦੇਵੇਗਾ, ਜੋ ਬਚਨ ਕਰੇਗਾ ਉਸ ਤੇ ਕਾਇਮ ਰਹੇਗਾ। ਦਾੜ੍ਹੀ ਵਾਲੇ ਮਨੁੱਖ ਉਤੇ ਸੁਤੇ ਹੀ ਇਤਬਾਰ ਬਣ ਜਾਂਦਾ ਹੈ।

ਉਹ ਦਾੜ੍ਹੀ ਸੱਚੀ ਦਾੜ੍ਹੀ ਹੈ, ਉਹੀ ਮਨੁੱਖ ਮਨੁੱਖ ਅਖਵਾਉਣ ਦੇ ਯੋਗ ਹੈ, ਜੋ ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਪ੍ਰਭੂ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ ਅਤੇ ਸਦਾ ਬੋਲ ਦਾ ਪੂਰਾ ਹੈ।

(13) ਸਦਕੇ ਉਸ ਜੀਭ ਤੋਂ ਜੋ ਪ੍ਰਭੂ ਦੀ ਯਾਦ ਵਿਚ ਜੁੜਦੀ ਹੈ। ਉਹ ਕੰਨ ਭੀ ਮੁਬਾਰਿਕ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ। ਉਸ ਮਨੁੱਖ ਦੇ ਸਾਰੇ ਹੀ ਅੰਗ ਪਵਿਤ੍ਰ ਹਨ ਜੋ ਪ੍ਰਭੂ ਦੀ ਯਾਦ ਨਹੀਂ ਭੁਲਾਉਂਦਾ।

(14) ਜੇਹੜਾ ਸਮਾ ਪ੍ਰਭੂ ਦੀ ਯਾਦ ਵਿਚ ਗੁਜ਼ਰੇ, ਉਹ ਸਫਲਾ ਜਾਣੋ।

(15) ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ। ਬੜੇ ਚਿਰਾਂ ਪਿਛੋਂ ਇਸ ਨੂੰ ਇਹ ਮਨੁੱਖਾ ਸਰੀਰ ਮਿਲਦਾ ਹੈ। ਇਹੀ ਮੌਕਾ ਹੈ ਜਦੋਂ ਇਹ ਸਿਮਰਨ ਕਰ ਕੇ ਪਰਮਾਤਮਾ ਨੂੰ ਮਿਲ ਸਕਦਾ ਹੈ, ਤੇ, ਜੂਨਾਂ ਦੇ ਗੇੜ ਵਿਚੋਂ ਨਿਕਲ ਸਕਦਾ ਹੈ।

(16) ਜਗਤ ਵਿਚ ਉਸੇ ਮਨੁੱਖ ਦਾ ਆਉਣਾ ਸਫਲ ਹੈ ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੀ ਹੈ। ਜਿਸ ਮਨੁੱਖ ਉਤੇ ਸਦਾ ਪਰਮਾਤਮਾ ਦੀ ਮਿਹਰ ਹੋਈ, ਉਹ ਗੁਰੂ ਦੀ ਹਜ਼ੂਰੀ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, ਜਗਤ ਵਿਚ ਉਹੀ ਆਇਆ ਸਮਝੋ।

(17) ਜੀਵ ਜਗਤ ਵਿਚ ਪਰਮਾਤਮਾ ਦਾ ਨਾਮ-ਵੱਖਰ ਖ਼ਰੀਦਣ ਵਾਸਤੇ ਆਉਂਦਾ ਹੈ। ਇਹ ਨਾਮ ਸਾਧ ਸੰਗਤਿ ਵਿਚ ਟਿਕਿਆਂ ਮਿਲਦਾ ਹੈ। ਪਰ ਮਿਲਦਾ ਹੈ ਮਨ ਦੇ ਵੱਟੇ। ਅਹੰਕਾਰ ਦੇ ਟਿੱਬਿਆਂ ਉਤੇ ਨਾਮ ਵਰਖਾ ਦਾ ਕੀਹ ਅਸਰ ਹੋਵੇ?

ਜਿਹੜਾ ਮਨੁੱਖ ਇਹ ਵਣਜ ਕਰਦਾ ਹੈ, ਉਸ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ, ਤੇ, ਪਰਮਾਤਮਾ ਦੀ ਹਜ਼ੂਰੀ ਵਿਚ ਉਹ ਸੁਰਖ਼ਰੂ ਹੁੰਦਾ ਹੈ।

(18) ਪਰਮਾਤਮਾ ਦਾ ਸਿਮਰਨ ਕਰਨਾ ਹੀ ਮਨੁੱਖ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ, ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਸਕਦਾ ਹੈ। ਸਿਮਰਨ ਹੀ ਆਤਮਕ ਇਸ਼ਨਾਨ ਹੈ।

ਜਿਸ ਮਨੁੱਖ ਉੱਤੇ ਗੁਰੂ ਮਿਹਰ ਕਰਦਾ ਹੈ ਉਸ ਨੂੰ ਇਹ ਦਾਤਿ ਮਿਲ ਜਾਂਦੀ ਹੈ।

(19) ਜਗਤ ਵਿਚ ਅਨੇਕਾਂ ਆਏ। ਕੋਈ ਦੇਵਤੇ ਤੇ ਰਿਸ਼ੀ-ਮੁਨੀ ਅਖਵਾ ਗਏ, ਕੋਈ ਧਰਤੀ ਤੇ ਹਕੂਮਤ ਕਰ ਗਏ, ਕੋਈ ਵਪਾਰ ਕਰ ਕੇ ਧਨਾਢ ਹੋ ਗਏ। ਪਰ ਅਸਲੀ ਜਿਊਂਦੇ ਉਹ ਮਨੁੱਖ ਹਨ ਜੋ ਭਲਿਆਂ ਦੀ ਸੰਗਤਿ ਕਰ ਕੇ ਪਰਮਾਤਮਾ ਨੂੰ ਯਾਦ ਕਰਦੇ, ਤੇ, ਉਸ ਨੂੰ ਹਰੇਕ ਪ੍ਰਾਣੀ ਮਾਤ੍ਰ ਵਿਚ ਵੇਖਦੇ ਹਨ।

(20) ਪੈਰ ਸੋਹਣੇ ਉਹ ਹੀ ਹਨ ਜੋ ਸਤਸੰਗ ਵਾਲੇ ਪਾਸੇ ਤੁਰਨ, ਸਿਰ ਸੋਹਣਾ ਉਹ ਜੋ ਅਹੰਕਾਰ ਵਿਚ ਆਕੜੇ ਨਾਹ। ਮੂੰਹ ਸੋਹਣਾ ਉਹ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੇ, ਤੇ ਜਿੰਦ ਭਾਗਾਂ ਵਾਲੀ ਉਹ ਜੋ ਪ੍ਰਭੂ ਨੂੰ ਹੀ ਆਪਣਾ ਆਸਰਾ-ਪਰਨਾ ਬਣਾਏ।

(21) ਸੋਨੇ ਦਾ ਖਰਾ-ਪਨ ਪਰਖਣ ਲਈ ਉਸ ਨੂੰ ਕਸਵੱਟੀ ਤੇ ਕੱਸ ਲਾਈਦੀ ਹੈ। ਕਸਵੱਟੀ ਉਤੇ ਖੋਟੇ ਸੋਨੇ ਦਾ ਪਾਜ ਉੱਘੜ ਜਾਂਦਾ ਹੈ। ਮਨੁੱਖਤਾ ਦੀ ਪਰਖ ਲਈ ਭੀ ਇਕ ਕਸਵੱਟੀ ਹੈ। ਜਿਤਨਾ ਹੀ ਕੋਈ ਮਨੁੱਖ ਆਪਣੇ ਮਨ ਦੇ ਅਧੀਨ ਹੈ, ਉਤਨਾ ਹੀ ਉਹ ਮਨੁੱਖਤਾ ਤੋਂ ਦੂਰ ਹੈ। ਸੁਆਰਥ ਵਲੋਂ ਮਰ ਕੇ ਜੋ ਦੂਜਿਆਂ ਲਈ ਜਿਊਂਦਾ ਹੈ, ਉਹ ਮਨੁੱਖ ਅਖਵਾਉਣ ਦਾ ਹੱਕਦਾਰ ਹੈ।

(22) ਮਨੁੱਖਾ ਜੀਵਨ ਦਾ ਅਸਲ ਮਨੋਰਥ ਹੀ ਇਹ ਹੈ ਕਿ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜੇ। ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦਾ ਪਿਆਰ ਹਿਰਦੇ ਵਿਚ ਟਿਕਦਾ ਹੈ। ਇਹ ਪਿਆਰ ਇਥੋਂ ਤਕ ਵਧਦਾ ਹੈ ਕਿ ਉਸ ਦੀ ਰਚੀ ਖ਼ਲਕਤ ਨਾਲ ਭੀ ਪਿਆਰ ਬਣ ਜਾਂਦਾ ਹੈ। ਸੁਆਰਥ ਤੇ ਹੋਰ ਲਾਲਚ ਤਿਆਗ ਕੇ ਮਨੁੱਖ ਖ਼ਲ਼ਕਤ ਦੀ ਸੇਵਾ ਨੂੰ ਹੀ ਅਸਲ ਲਾਭ ਸਮਝਣ ਲਗ ਪੈਂਦਾ ਹੈ।

(23) ਮਨੁੱਖਾ ਸਰੀਰ ਹੈ ਤਾਂ ਹੋਰ ਸਾਰੀਆਂ ਜੂਨਾਂ ਨਾਲੋਂ ਸ੍ਰੇਸ਼ਟ। ਪਰ ਸ੍ਰੇਸ਼ਟ ਤਦੋਂ ਹੀ ਜਾਣੋ ਜੇ ਇਸ ਵਿਚ ਮਨੁੱਖਤਾ ਵਾਲੇ ਲੱਛਣ ਭੀ ਹੋਣ। ਨਹੀਂ ਤਾਂ ਜੇ ਪਸ਼ੂ ਮਰ ਜਾਏ ਤਾਂ ਉਸ ਦੇ ਮੁਰਦਾਰ ਤੋਂ ਭੀ ਕਈ ਕੰਮ ਸੌਰਦੇ ਹਨ, ਜੇ ਮਰੇ ਮਨੁੱਖ ਤਾਂ ਸਰੀਰ ਚਿਖ਼ਾ ਵਿਚ ਪੈ ਕੇ ਸੜ ਕੇ ਸੁਆਹ ਹੋ ਗਿਆ।

(24) ਦੁਨੀਆ ਦੇ ਲੋਕ ਦੁਨੀਆ ਦੇ ਧੰਧਿਆਂ ਵਿਚ ਮਸਤ ਰਹਿੰਦੇ ਹਨ, ਪਰ ਸੰਤ-ਜਨ ਪ੍ਰਭੂ-ਨਾਮ ਦਾ ਵਪਾਰ ਕਰਦੇ ਹਨ।

(25) ਸੰਸਾਰ ਵਿਚ ਲੱਖਾਂ ਜੂਨਾਂ ਤੇ ਬੇਅੰਤ ਜੀਅ ਜੰਤ ਹਨ। ਮਨੁੱਖਾ-ਸਰੀਰ ਸਭ ਤੋਂ ਸ੍ਰੇਸ਼ਟ ਹੈ। ਮਨੁੱਖਾਂ ਵਿਚ ਭੀ ਉਸੇ ਨੂੰ ਮਨੁੱਖ ਸਮਝੋ ਜੋ ਆਪਣੇ ਸਿਰਜਣਹਾਰ ਨੂੰ ਚੇਤੇ ਰੱਖਦਾ ਹੈ, ਤੇ ਸੁਆਰਥ ਤਿਆਗ ਕੇ ਖ਼ਲਕਤ ਦੀ ਸੇਵਾ ਕਰਦਾ ਹੈ। ਬੁਢੇਪਾ ਆਇਆਂ ਸੇਵਾ ਭੀ ਨਹੀਂ ਹੋ ਸਕਦੀ। ਜਵਾਨੀ ਦਾ ਵੇਲਾ ਹੀ ਹੈ, ਮਨੁੱਖਾ ਜਨਮ ਦਾ ਲਾਭ ਖੱਟਣ ਦਾ। ਜੋ ਇਹ ਸਮਾ ਸੁਆਰਥ ਵਿਚ ਗੁਜ਼ਾਰਦੇ ਹਨ, ਉਹ ਇਸ ਜਗਤ ਵਿਚੋਂ ਬਾਜ਼ੀ ਹਾਰ ਕੇ ਜਾਂਦੇ ਹਨ।

ਪਰਮਾਤਮਾ ਦਾ ਨਾਮ

(ਅ) ਵਰਖਾ

1. ਸਲੋਕੁ ਮ: 3 (ਗੂਜਰੀ ਕੀ ਵਾਰ) . . . . ਖੇਤਿ ਮਿਆਲਾ ਉਚੀਆ (ਪੰਨਾ 517

2. ਸਲੋਕ ਮ: 3 (ਵਾਰ ਮਲਾਰ) . . . . ਗੁਰਿ ਮਿਲਿਐ ਮਨੁ ਰਹਸੀਐ (ਪੰਨਾ 1278

3. ਸਲੋਕ ਮ: 3 (ਮਲਾਰ ਕੀ ਵਾਰ) . . . . ਊਨਵਿ ਊਨਵਿ ਆਇਆ (ਪੰਨਾ 1280

4. ਸਲੋਕ ਮ: 3 (ਵਾਰ ਮਲਾਰ) . . . . ਉਂਨਵਿ ਊਂਨਵਿ ਆਇਆ (ਪੰਨਾ 1280

5. ਸਲੋਕ ਮ: 3 (ਮਲਾਰ ਕੀ ਵਾਰ) . . . . ਕਲਮਲਿ ਹੋਈ ਮੇਦਨੀ (ਪੰਨਾ 1281

6. ਸਲੋਕ ਮ: 3 (ਵਾਰ ਮਲਾਰ) . . . . ਭਿੰਨੀ ਰੈਣਿ ਚਮਕਿਆ (ਪੰਨਾ 1282

7. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਬਾਬੀਹਾ ਪ੍ਰਿਉ ਪ੍ਰਿਉ ਕਰੇ (ਪੰਨਾ 1419

8. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਬਾਬੀਹਾ ਤੂੰ ਸਚੁ ਚਉ (ਪੰਨਾ 1419

9. ਸਲੋਕ ਮ: 4 (ਵਾਰ ਸਾਰੰਗ) . . . . ਸਾਵਣੁ ਆਇਆ ਝਿਮਝਿਮਾ (ਪੰਨਾ 1250

10. ਮਾਝ ਮ: 5 . . . . ਅੰਮ੍ਰਿਤ ਬਾਣੀ ਹਰਿ ਹਰਿ ਤੇਰੀ (ਪੰਨਾ 103

11. ਮਾਝ ਮ: 5 . . . . ਹੁਕਮੀ ਵਰਸਣ ਲਾਗੇ ਮੇਹਾ (ਪੰਨਾ 104

12. ਮਾਝ ਮ: 5 . . . . ਭਏ ਕ੍ਰਿਪਾਲ ਗੋਵਿੰਦ ਗੁਸਾਈ (ਪੰਨਾ 105

13. ਮਾਝ ਮ: 5 . . . . ਮੀਹੁ ਪਇਆ ਪਰਮੇਸਰਿ ਪਾਇਆ (ਪੰਨਾ 105

14. ਪਉੜੀ ਮ: 5 (ਵਾਰ ਗਉੜੀ) . . . . ਓਥੈ ਅੰਮ੍ਰਿਤੁ ਵੰਡੀਐ (ਪੰਨਾ 320

15. ਸਲੋਕ ਮ: 5 (ਗਉੜੀ ਕੀ ਵਾਰ) . . . . ਪਾਰਬ੍ਰਹਮਿ ਫੁਰਮਾਇਆ (ਪੰਨਾ 321

16. ਸਲੋਕ ਮ: 5 (ਵਾਰ ਗਉੜੀ) . . . . ਧਰਣਿ ਸੁਵੰਨੀ ਖੜ ਰਤਨ ਜੜਾਵੀ (ਪੰਨਾ 322

17. ਡਖਣੇ ਮ: 5 (ਮਾਰੂ ਕੀ ਵਾਰ) . . . . ਜੇ ਤੂ ਵਤਹਿ ਅੰਙਣੇ (ਪੰਨਾ 1095

18. ਸਲੋਕ ਮ: 5 (ਵਾਰ ਸਾਰੰਗ) . . . . ਵੁਠੇ ਮੇਘ ਸੁਹਾਵਣੇ (ਪੰਨਾ 1251

ਭਾਵ:

(1) ਕਾਲੀ ਘਟਾ ਚੜ੍ਹੀ ਵੇਖ ਕੇ ਕਿਸਾਨ ਕਹੀ ਮੋਢੇ ਉਤੇ ਰੱਖ ਲੈਂਦਾ ਹੈ, ਖੇਤਾਂ ਵਿਚ ਜਾ ਕੇ ਵੱਟ-ਬੰਨੇ ਉੱਚੇ ਕਰਨ ਲੱਗ ਪੈਂਦਾ ਹੈ, ਤਾ ਕਿ ਮੀਂਹ ਦਾ ਪਾਣੀ ਉਸ ਦੀਆਂ ਪੈਲੀਆਂ ਵਿਚੋਂ ਬਾਹਰ ਨਾ ਰੁੜ੍ਹ ਜਾਏ।

ਕਿਤਨਾ ਸੁਭਾਗ ਹੈ ਉਹ ਮਨੁੱਖ ਜਿਸ ਦਾ ਹਿਰਦਾ ਪ੍ਰਭੂ-ਦੀਦਾਰ ਵਾਸਤੇ ਉਤਾਵਲਾ ਹੋ ਹੋ ਪੈਂਦਾ ਹੈ!

(2) ਵਰਖਾ ਹੋਣ ਤੇ ਧਰਤੀ ਹਰਿਆਵਲੀ ਹੋ ਜਾਂਦੀ ਹੈ, ਹਰ ਪਾਸੇ ਪਾਣੀ ਹੀ ਪਾਣੀ ਦਿੱਸਦਾ ਹੈ। ਇਸ ਤਰ੍ਹਾਂ ਧਰਤੀ ਸੋਹਣੀ ਦਿੱਸਣ ਲੱਗ ਪੈਂਦੀ ਹੈ।

ਜਿਸ ਮਨੁੱਖ ਦੀ ਹਿਰਦਾ-ਧਰਤੀ ਉਤੇ ਪ੍ਰਭੂ ਦੇ ਨਾਮ ਦੀ ਵਰਖਾ ਹੁੰਦੀ ਹੈ, ਉਹ ਹਿਰਦਾ ਟਹਿਕ ਪੈਂਦਾ ਹੈ, ਜਿਵੇਂ ਸੂਰਜ ਚੜ੍ਹਨ ਤੇ ਕੌਲ ਫੁੱਲ ਖਿੜ ਪੈਂਦਾ ਹੈ।

(3) ਜਦੋਂ ਕਾਲੀਆਂ ਘਟਾਂ ਚੜ੍ਹਦੀਆਂ ਤੇ ਬੱਦਲ ਧਰਤੀ ਦੇ ਨੇੜੇ ਹੋ ਹੋ ਕੇ ਲੰਘਦੇ ਹਨ, ਤਦੋਂ ਧਰਤੀ ਉਤੇ ਅਜਬ ਰੂਪ ਚੜ੍ਹਿਆ ਜਾਪਦਾ ਹੈ।

ਕੈਸੀ ਸੁੰਦਰ ਹੋ ਜਾਂਦੀ ਹੈ ਉਹ ਹਿਰਦਾ-ਧਰਤੀ ਜਿਸ ਵਿਚ ਪ੍ਰਭੂ ਦੀ ਯਾਦ ਦੀ ਝੜੀ ਲੱਗਦੀ ਹੈ।

(4) ਪਾਣੀ ਨਾਲ ਲੱਦੇ ਬੱਦਲ ਝੁਕ ਝੁਕ ਕੇ ਆਉਂਦੇ ਹਨ, ਝੜੀ ਲਾ ਕੇ ਵਰ੍ਹਦੇ ਹਨ, ਤੇ ਧਰਤੀ ਨੂੰ ਭਾਗ ਲਾ ਦੇਂਦੇ ਹਨ।

ਪਰ ਬੱਦਲਾਂ ਦੇ ਕੀਹ ਵੱਸ ਹੈ? ਬੱਦਲ ਭੇਜਣ ਵਾਲੇ ਦਾਤਾਰ ਰਾਜ਼ਕ ਪ੍ਰਭੂ ਨੂੰ ਕਦੇ ਨ ਭੁਲਾਓ।

(5) ਜੇਠ-ਹਾੜ ਦੀਆਂ ਲੂੰਹਦੀਆਂ ਲੋਆਂ ਨਾਲ ਸਭ ਜੀਆ-ਜੰਤ ਘਬਰਾ ਉੱਠਦੇ ਹਨ, ਧਰਤੀ ਉਤੇ ਕਿਤੇ ਹਰਿਆਵਲ ਨਜ਼ਰੀਂ ਨਹੀਂ ਪੈਂਦੀ, ਲੋਆਂ ਨਾਲ ਸਭ ਕੁਝ ਸੜ ਸੁੱਕ ਜਾਂਦਾ ਹੈ।

ਸਾਵਣ ਚੜ੍ਹਦਾ ਹੈ। ਕਾਲੀਆਂ ਘਟਾਂ ਉੱਠਦੀਆਂ ਹਨ। ਛੱਜੀਂ ਖਾਰੀਂ ਮੀਂਹ ਵਰ੍ਹਦਾ ਹੈ। ਚੁਫੇਰੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ। ਅੰਨ ਦੇ ਫ਼ਸਲ ਹਰ ਪਾਸੇ ਲਹਿ ਲਹਿ ਕਰਦੇ ਹਨ।

ਬੇਅੰਤ ਹੈ ਰਾਜ਼ਕ ਪ੍ਰਭੂ! ਕਿਉਂ ਨਹੀਂ, ਹੇ ਮਨ! ਉਸ ਨੂੰ ਯਾਦ ਕਰਦਾ?

(6) ਸਾਵਣ ਦੇ ਮਹੀਨੇ ਕਾਲੀਆਂ ਘਟਾਂ ਚੜ੍ਹਦੀਆਂ ਹਨ, ਬੱਦਲ ਲਿਸ਼ਕਦੇ ਹਨ, ਵਰਖਾ ਦੀ ਝੜੀ ਲੱਗ ਜਾਂਦੀ ਹੈ। ਵਰਖਾ ਦੀ ਬਰਕਤਿ ਨਾਲ ਧਰਤੀ ਹਰਿਆਵਲੀ ਹੋ ਜਾਂਦੀ ਹੈ। ਕਿਸਾਨ ਪੈਲੀਆਂ ਬੀਜਦੇ ਹਨ, ਜੀਆਂ ਵਾਸਤੇ ਬੇਅੰਤ ਅੰਨ ਪੈਦਾ ਹੁੰਦਾ ਹੈ।

ਪਰ ਕਈ ਵਾਰੀ ਬਹੁਤੀ ਵਰਖਾ ਦੇ ਕਾਰਨ ਫ਼ਸਲ ਬਰਬਾਦ ਭੀ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਕਦੇ ਬਰਬਾਦ ਨਹੀਂ ਹੁੰਦਾ।

(7) ਵਰਖਾ ਰੁੱਤੇ ਬੱਦਲ ਆਉਂਦੇ ਵੇਖ ਕੇ ਪਪੀਹਾ 'ਪੀ, ਪੀ' ਕੂਕਦਾ ਹੈ। ਵਰਖਾ ਦੀ ਬੂੰਦ ਜਦੋਂ ਉਸ ਦੇ ਮੂੰਹ ਵਿਚ ਪੈਂਦੀ ਹੈ, ਤਾਂ ਉਸ ਦੇ ਤਨ ਮਨ ਵਿਚ ਠੰਡ ਪੈ ਜਾਂਦੀ ਹੈ।

ਗੁਰੂ ਦਾ ਆਸਰਾ ਲੈ ਕੇ ਜਿਸ ਮਨੁੱਖ ਨੇ ਨਾਮ-ਅਮ੍ਰਿਤ ਪੀਤਾ, ਉਸ ਦੀ ਤ੍ਰਿਸ਼ਨਾ ਮੁੱਕ ਗਈ।

(8) ਸਾਵਣ ਦੇ ਬੱਦਲ ਝੁਕ ਝੁਕ ਕੇ ਆਉਂਦੇ ਹਨ, ਤਾਂ ਪਪੀਹਾ ਵਰਖਾ ਦੀ ਬੂੰਦ ਵਾਸਤੇ ਕੂਕਦਾ ਹੈ।

ਜਿਸ ਵਡਭਾਗੀ ਨੇ ਨਾਮ-ਅੰਮ੍ਰਿਤ ਦੀ ਬੂੰਦ ਚੱਖੀ ਹੈ, ਉਸ ਦੀ ਹੋਰ ਸਭ ਤ੍ਰਿਸ਼ਨਾ ਮੁੱਕ ਗਈ।

(9) ਸਾਵਣ ਚੜ੍ਹਦਾ ਹੈ, ਕਾਲੀਆਂ ਘਟਾਂ ਆਉਂਦੀਆਂ ਹਨ, ਝੜੀਆਂ ਲੱਗਦੀਆਂ ਹਨ, ਜੇਠ ਹਾੜ ਵਾਲੀ ਸਾਰੀ ਤਪਸ਼ ਮਿਟ ਜਾਂਦੀ ਹੈ। ਧਰਤੀ ਉਤੇ ਹਰਿਆਵਲ ਹੀ ਹਰਿਆਵਲ ਦਿੱਸਦੀ ਹੈ, ਤੇ ਬੇਅੰਤ ਅੰਨ ਉਪਜਦਾ ਹੈ।

ਜਿਸ ਹਿਰਦੇ ਵਿਚ ਨਾਮ-ਵਰਖਾ ਹੁੰਦੀ ਹੈ, ਉਥੋਂ ਵਿਕਾਰਾਂ ਦੀ ਸਾਰੀ ਤਪਸ਼ ਮਿਟ ਜਾਂਦੀ ਹੈ, ਉਥੇ ਸ਼ਾਂਤੀ ਹੀ ਸ਼ਾਂਤੀ, ਠੰਢ ਹੀ ਠੰਢ, ਪਿਆਰ ਹੀ ਪਿਆਰ।

(10) ਸਾਵਣ ਦੇ ਬੱਦਲ ਵਰ੍ਹਦੇ ਹਨ, ਧਰਤੀ ਦੀ ਤਪਸ਼ ਮੁੱਕ ਜਾਂਦੀ ਹੈ, ਠੰਢ ਪੈ ਜਾਂਦੀ ਹੈ। ਜਿਧਰ ਤੱਕੋ, ਪਾਣੀ ਹੀ ਪਾਣੀ ਤੇ ਹਰਿਆਵਲ ਹੀ ਹਰਿਆਵਲ।

ਕਿਤਨੀ ਸੁਭਾਗਣ ਹੈ ਉਹ ਹਿਰਦਾ-ਧਰਤੀ, ਜਿਥੇ ਨਾਮ ਦੀ ਝੜੀ ਲੱਗਦੀ ਹੈ।

(11) ਦਾਤੇ ਪ੍ਰਭੂ ਦੀ ਮੇਹਰ ਦਾ ਸਦਕਾ ਮੀਂਹ ਵਰ੍ਹਦਾ ਹੈ, ਲੋਆਂ ਮੁੱਕ ਜਾਂਦੀਆਂ ਹਨ, ਠੰਢ ਪੈਂਦੀ ਹੈ, ਅੰਨ ਦਾ ਸੁਕਾਲ ਹੋ ਜਾਂਦਾ ਹੈ, ਘਾਹ-ਪੱਠੇ ਦੀ ਪਸ਼ੂਆਂ ਨੂੰ ਮੌਜ ਹੋ ਜਾਂਦੀ ਹੈ।

ਜਿਸ ਹਿਰਦੇ-ਧਰਤੀ ਵਿਚ ਨਾਮ ਦੀ ਘਟਾ ਵਸ ਪਏ; ਉਥੇ ਠੰਢ ਤੇ ਪ੍ਰਫੁਲਤਾ ਕਿਉਂ ਨ ਹੋਵੇ?

(12) ਮਾਂ ਆਪਣੇ ਅੰਞਾਣੇ ਪੁਤ੍ਰ ਨੂੰ ਕਿਤਨੇ ਗਹੁ ਨਾਲ ਪਾਲਦੀ ਹੈ! ਇਹ ਸਾਰੇ ਜੀਅ-ਜੰਤ ਪ੍ਰਭੂ ਦੇ ਆਪਣੇ ਪੈਦਾ ਕੀਤੇ ਹੋਏ ਹਨ। ਪਿਆਰ ਦਾ ਪ੍ਰੇਰਿਆ ਹੋਇਆ ਮੇਹਰ ਕਰ ਕੇ ਬੱਦਲ ਭੇਜਦਾ ਹੈ, ਹਰ ਪਾਸੇ ਵਰਖਾ ਹੁੰਦੀ ਹੈ, ਅੰਨ ਧਨ ਉਪਜ ਕੇ ਜੀਵਾਂ ਦੀ ਸੰਭਾਲ ਹੁੰਦੀ ਹੈ।

ਜੇਹੜਾ ਵਡਭਾਗੀ ਉਸ ਰਾਜ਼ਕ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਦੇ ਤਨ ਮਨ ਵਿਚ ਠੰਢ ਹੀ ਠੰਢ ਹੋ ਜਾਂਦੀ ਹੈ।

(13) ਪਰਮੇਸਰ ਮੀਂਹ ਭੇਜ ਕੇ ਧਰਤੀ ਦੇ ਸਾਰੇ ਕਲੇਸ਼ ਮਿਟਾਉਂਦਾ ਹੈ, ਹਰ ਪਾਸੇ ਸੁਖ ਤੇ ਠੰਢ ਦਾ ਪ੍ਰਭਾਵ ਹੋ ਜਾਂਦਾ ਹੈ। ਸਿਰਜਣਹਾਰ ਆਪਣੀ ਪੈਦਾ ਕੀਤੀ ਸ੍ਰਿਸ਼ਟੀ ਦੀ ਆਪ ਹੀ ਰਾਖੀ ਕਰਦਾ ਹੈ।

ਪ੍ਰਭੂ ਦੀ ਸਰਨ ਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।

(14) ਪਰਮਾਤਮਾ ਦੀ ਕੁਦਰਤਿ ਦਾ ਸੁਹਜ ਵੇਖੋ ਕਿਸੇ ਪਹਾੜ ਉਤੇ ਜਾ ਕੇ। ਹਰ ਪਾਸੇ ਹਰਿਆਵਲ ਤੇ ਪਾਣੀ ਦੇ ਚਸ਼ਮੇ, ਹਰਿਆਵਲ ਤੇ ਪਾਣੀ ਦੇ ਚਸ਼ਮੇ!

ਜੇਹੜੇ ਵਡਭਾਗੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਉਹਨਾਂ ਦੇ ਅੰਦਰ ਪਿਆਰ ਦੇ, ਮਾਨੋ, ਸੋਮੇ ਫੁੱਟ ਪੈਂਦੇ ਹਨ।

(15) ਸਿਰਜਣਹਾਰ ਦੇ ਭੇਜੇ ਹੋਏ ਬੱਦਲ ਆ ਕੇ ਵਰਖਾ ਕਰਦੇ ਹਨ, ਧਰਤੀ ਹਰਿਆਵਲੀ ਹੋ ਜਾਂਦੀ ਹੈ, ਬੇਅੰਤ ਅੰਨ ਧਨ ਪੈਦਾ ਹੁੰਦਾ ਹੈ। ਲੋਆਂ ਦੀ ਸੜੀ ਹੋਈ ਧਰਤੀ ਮੁੜ ਜੀਊ ਪੈਂਦੀ ਹੈ।

ਜਿਸ ਹਿਰਦਾ-ਧਰਤੀ ਉਤੇ ਨਾਮ ਦੀ ਵਰਖਾ ਹੁੰਦੀ ਹੈ, ਉਸ ਵਿਚ ਆਤਮਕ ਜੀਵਨ ਰੁਮਕ ਪੈਂਦਾ ਹੈ।

(16) ਵਰਖਾ ਦੀ ਬਰਕਤਿ ਨਾਲ ਧਰਤੀ ਹਰਿਆਵਲੀ ਹੋ ਜਾਂਦੀ ਹੈ। ਵੰਨ-ਸੁ-ਵੰਨੇ ਫੁੱਲ ਇਉਂ ਦਿੱਸਦੇ ਹਨ ਜਿਵੇਂ ਹਰੀ ਮਖ਼ਮਲ ਉਤੇ ਰਤਨ ਜੜੇ ਹੋਏ ਹਨ।

ਜਿਸ ਸੁਭਾਅ ਦੇ ਹਿਰਦੇ ਵਿਚ ਪ੍ਰਭੂ-ਨਾਮ ਦੀ ਵਰਖਾ ਹੋ ਜਾਏ, ਉਸ ਦਾ ਤਨ ਮਨ ਖਿੜ ਪੈਂਦਾ ਹੈ।

(17) ਧਰਤੀ ਦੇ ਜਿਸ ਹਿੱਸੇ ਉਤੇ ਵਰਖਾ ਹੋ ਜਾਏ, ਉਥੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ। ਧਰਤੀ ਦਾ ਉਹ ਹਿੱਸਾ ਸੁਹਾਵਾ ਹੋ ਜਾਂਦਾ ਹੈ। ਪਰਦੇਸ ਤੋਂ ਪਤੀ ਆਪਣੇ ਘਰ ਦੇ ਵੇਹੜੇ ਆ ਵੜੇ, ਤਾਂ ਇਸਤ੍ਰੀ ਨੂੰ ਸਾਰਾ ਘਰ ਸੋਹਣਾ ਦਿੱਸਣ ਲੱਗ ਪੈਂਦਾ ਹੈ।

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਆ ਬੈਠੇ, ਉਸ ਦਾ ਤਨ ਮਨ ਖਿੜ ਪੈਂਦਾ ਹੈ।

(18) ਕਰਤਾਰ ਦੇ ਹੁਕਮ ਵਿਚ ਧਰਤੀ ਉਤੇ ਮੀਂਹ ਪੈਂਦਾ ਹੈ, ਬੇਅੰਤ ਅੰਨ ਪੈਦਾ ਹੁੰਦਾ ਹੈ, ਸੰਸਾਰ ਵਿਚ ਠੰਢ ਪੈ ਜਾਂਦੀ ਹੈ।

ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦਾ ਤਨ ਮਨ ਪ੍ਰਫੁੱਲਤ ਹੋ ਜਾਂਦਾ ਹੈ।

ਸਿਮਰਨ

(ੲ) ਆਤਮਕ ਆਨੰਦ

1. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਗੁਰਮੁਖਿ ਅੰਤਰਿ ਸਹਜੁ ਹੈ (ਪੰਨਾ 1414

2. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਨਾਨਕ ਤਿਨਾ ਬਸੰਤੁ ਹੈ (ਪੰਨਾ 1420

3. ਪਉੜੀ ਮ: 4 (ਸੋਰਠਿ ਕੀ ਵਾਰ) . . . . ਹਰਿ ਚੋਲੀ ਦੇਹ ਸਵਾਰੀ (ਪੰਨਾ 646

4. ਭੈਰਉ ਮ: 5 . . . . ਸੁਖੁ ਨਾਹੀ ਬਹੁਤੈ ਧਨਿ ਖਾਟੈ (ਪੰਨਾ 1147

5. ਸੋਰਠਿ ਭੀਖਨ ਜੀ . . . . ਐਸਾ ਨਾਮੁ ਰਤਨੁ ਨਿਰਮੋਲਕੁ (ਪੰਨਾ 659

ਭਾਵ:

(1) ਨਰੋਏ ਪੰਛੀਆਂ ਵਲ ਤੱਕੋ, ਕਿਵੇਂ ਮੌਜ ਵਿਚ ਆ ਕੇ ਆਕਾਸ਼ ਵਿਚ ਉਡਾਰੀਆਂ ਲਾਂਦੇ ਹਨ। ਪਰ ਅਹੁਰਿਆ ਹੋਇਆ ਪੰਛੀ ਨਿਮੋਝੂਣਾ ਹੋ ਕੇ ਕਿਸੇ ਰੁੱਖ ਦੀ ਟਾਹਣੀ ਉਤੇ ਹੀ ਬੈਠਾ ਰਹਿੰਦਾ ਹੈ।

ਮਾਇਆ-ਵੇੜ੍ਹਿਆ ਮਨ ਹਰ ਵੇਲੇ ਮਾਇਕ ਝੰਮੇਲਿਆਂ ਵਿਚ ਡੁੱਬਾ ਹੋਇਆ ਹੈ। ਪਰ ਜਿਸ ਨੂੰ ਨਾਮ-ਰਸ ਆਇਆ, ਉਹ ਦੁਨੀਆ ਦੇ ਚਿੰਤਾ ਫ਼ਿਕਰਾਂ ਤੋਂ ਉੱਚਾ ਹੋ ਕੇ ਨਾਮ-ਰਸ ਦੇ ਹੁਲਾਰੇ ਲੈਂਦਾ ਹੈ।

(2) ਸਿਆਲ ਦੀ ਰੁੱਤੇ ਕੱਕਰ ਆਦਿਕ ਦੇ ਪਾਲੇ ਨਾਲ ਧਰਤੀ ਦੀ ਬਨਸਪਤੀ ਸੁੱਕ ਸੜ ਜਾਂਦੀ ਹੈ। ਜਿਉਂ ਜਿਉਂ ਸਿਆਲ ਲੰਘਦਾ ਜਾਂਦਾ ਹੈ, ਸੂਰਜ ਦਾ ਨਿੱਘ ਵਧਦਾ ਹੈ, ਤਾਂ ਬਨਸਪਤੀ ਵਿਚ ਭੀ ਜਾਨ ਪੈਣ ਲੱਗ ਪੈਂਦੀ ਹੈ। ਹਰ ਪਾਸੇ ਹਰਿਆਵਲ, ਤੇ ਹਰਿਆਵਲ ਦੇ ਨਾਲ ਨਾਲ ਫੁੱਲਾਂ ਦਾ ਖੇੜਾ। ਬਸੰਤ ਰੁੱਤ ਖ਼ੁਸ਼ੀ ਹੀ ਖ਼ੁਸ਼ੀ, ਚਾਉ ਹੀ ਚਾਉ, ਖਿਲੇਰ ਦੇਂਦੀ ਹੈ।

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਨਾਮ ਦਾ ਨਿੱਘ ਪੈਦਾ ਹੋਵੇ, ਉਸ ਦਾ ਮਨ, ਉਸ ਦੇ ਸਾਰੇ ਗਿਆਨ-ਇੰਦ੍ਰੇ ਹੁਲਾਰੇ ਵਿਚ ਆਉਂਦੇ ਹਨ।

(3) ਕੱਪੜੇ ਨੂੰ ਪੱਕੇ ਲਾਲ ਰੰਗ ਵਿਚ ਰੰਗ ਕੇ, ਸੁਚੱਜੀਆਂ ਜ਼ਨਾਨੀਆਂ ਰੰਗ-ਬਰੰਗਾ ਪੱਟ ਲੈ ਕੇ, ਉਸ ਰੰਗੇ ਹੋਏ ਕੱਪੜੇ ਉਤੇ ਸੋਹਣੇ ਬੇਲ-ਬੂਟੇ ਬਣਾਉਂਦੀਆਂ ਹਨ। ਇਹਨਾਂ ਨੂੰ ਬਾਗ਼ ਫੁਲਕਾਰੀਆਂ ਆਖੀਦਾ ਹੈ। ਵਿਆਹ ਸ਼ਾਦੀ ਦੇ ਮੌਕਿਆਂ ਤੇ ਮੁਟਿਆਰਾਂ ਇਹ ਬਾਗ਼ ਫੁਲਕਾਰੀਆਂ ਸਿਰ ਉਤੇ ਲੈਂਦੀਆਂ ਹਨ। ਮੁਟਿਆਰ ਦੇ ਕੁਦਰਤੀ ਰੂਪ ਨੂੰ ਇਹ ਕੱਪੜਾ ਚਾਰ ਚੰਨ ਲਾ ਦੇਂਦਾ ਹੈ।

ਭਗਤੀ ਦੀ ਬਰਕਤਿ ਨਾਲ ਮਨੁੱਖ ਦੇ ਸ਼ੁਭ ਆਚਰਨਕ ਗੁਣ ਚਮਕ ਕੇ ਸਰੀਰ ਨੂੰ ਇਉਂ ਲਿਸ਼ਕਾਉਂਦੇ ਹਨ, ਜਿਵੇਂ ਬਾਗ਼-ਫੁਲਕਾਰੀ ਦੇ ਰੰਗ-ਬਰੰਗੇ ਪੱਟ ਦੇ ਬੇਲ-ਬੂਟੇ ਦੱਖ ਦੇਂਦੇ ਹਨ।

(4) ਦੁਨੀਆ ਵਿਚ ਕੌਣ ਹੈ ਜਿਸ ਨੂੰ ਸੁਖ ਦੀ ਲੋੜ ਤੇ ਤਾਂਘ ਨਹੀਂ? ਧਨ ਪਦਾਰਥ, ਦੇਸ, ਮਿਲਖ, ਮਹਲ ਮਾੜੀਆਂ, ਰੰਗ-ਤਮਾਸ਼ੇ . . . . ਮਨੁੱਖ ਦੀ ਦਿਨ ਰਾਤ ਇਹਨਾਂ ਦੀ ਖ਼ਾਤਰ ਦੌੜ ਭੱਜ ਇਸੇ ਵਾਸਤੇ ਹੈ ਕਿ ਸੁਖ ਮਿਲੇ।

ਪਰ ਸੁਖ ਮੱਲਾਂ ਮੱਲਣ ਵਿਚ ਨਹੀਂ ਹੈ। ਅਸਲੀ ਸੁਖ ਭਲੀ ਸੁਹਬਤ ਅਤੇ ਪਰਮਾਤਮਾ ਦੀ ਯਾਦ ਵਿਚ ਹੀ ਹੈ।

(5) ਕਿਸੇ ਕੰਗਾਲ ਨੂੰ ਕੀਮਤੀ ਲਾਲ ਲੱਭ ਪਏ, ਉਹ ਪਿਆ ਲੁਕਾਣ ਦਾ ਜਤਨ ਕਰੇ, ਪਰ ਉਸ ਦੇ ਚੇਹਰੇ ਦੀ ਰੌਣਕ ਹੀ ਦੱਸੇਗੀ ਕਿ ਇਸ ਨੂੰ ਕੋਈ ਅਮੋਲਕ ਵਸਤ ਲੱਭ ਪਈ ਹੈ।

ਗੁੰਗਾ ਸੁਆਦਲੀ ਮਿਠਿਆਈ ਖਾ ਲਏ, ਸੁਆਦ ਤਾਂ ਦੱਸ ਨਹੀਂ ਸਕਦਾ, ਪਰ ਉਸ ਦੇ ਚਿਹਰੇ ਤੋਂ ਅਨੁਮਾਨ ਲੱਗ ਸਕਦਾ ਹੈ।

ਨਾਮ-ਰਸ ਦਾ ਸੁਆਦ ਬਿਆਨ ਤਾਂ ਨਹੀਂ ਹੋ ਸਕਦਾ, ਪਰ ਜਿਸ ਨੇ ਚੱਖਿਆ ਉਸ ਦੇ ਅੰਦਰ ਠੰਢ-ਸ਼ਾਂਤ ਸੁਖ ਬਣ ਜਾਂਦਾ ਹੈ।

ਚੰਗੀ ਖ਼ੁਰਾਕੋਂ ਟੁੱਟਾ ਹੋਇਆ ਸਰੀਰ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ, ਤੇ ਆਖ਼ਰ ਉੱਕਾ ਹੀ ਰਹਿ ਜਾਂਦਾ ਹੈ।

ਆਤਮਾ ਨੂੰ ਭੀ ਚੰਗੀ ਖ਼ੁਰਾਕ ਦੀ ਲੋੜ ਹੈ . . . . ਸੇਵਾ ਭਾਵ, ਸੰਤੋਖ ਅਤੇ ਭਲੇ ਗੁਣਾਂ ਦੀ ਵੀਚਾਰ। ਜਿਉਂ ਜਿਉਂ ਇਸ ਖ਼ੁਰਾਕ ਨਾਲ ਆਤਮਾ ਪਲਰਦਾ ਹੈ, ਤਿਉਂ ਤਿਉਂ ਇਹ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤੇ ਇਸ ਨੂੰ ਹਰ ਥਾਂ ਪ੍ਰਭੂ ਹੀ ਵੱਸਦਾ ਦਿੱਸਦਾ ਹੈ।

ਸਿਮਰਨ ਤੋਂ

(ਸ) ਆਦਰ ਸਤਿਕਾਰ

1. ਤਿਲੰਗ ਮ: 1 . . . . ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ (ਪੰਨਾ 712

2. ਸੂਹੀ ਮ: 4 . . . . ਨੀਚ ਜਾਤਿ ਹਰਿ ਜਪਤਿਆ (ਪੰਨਾ 733

3. ਆਸਾ ਮ: 5 . . . . ਜਿਸੁ ਨੀਚ ਕਉ ਕੋਈ ਨ ਜਾਨੈ (ਪੰਨਾ 386

4. ਆਸਾ ਮ: 5 . . . . ਗੋਬਿੰਦ ਗੋਬਿੰਦ ਗੋਬਿੰਦ ਸੰਗਿ (ਪੰਨਾ 487

5. ਗੂਜਰੀ ਮ: 5 . . . . ਪਤਿਤ ਪਵਿਤ੍ਰ ਲੀਏ ਕਰਿ ਅਪੁਨੇ (ਪੰਨਾ 498

6. ਪਉੜੀ ਮ: 5 (ਵਾਰ ਜੈਤਸਰੀ) . . . . ਬਸਤਾ ਤੂਟੀ ਝੁੰਪੜੀ (ਪੰਨਾ 707

7. ਮਾਰੂ ਕਬੀਰ ਜੀ . . . . ਰਾਜਨ ਕਉਨੁ ਤੁਮਾਰੈ ਆਵੈ (ਪੰਨਾ 1105

8. ਆਸਾ ਰਵਿਦਾਸ ਜੀ . . . . ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ (ਪੰਨਾ 487

9. ਮਾਰੂ ਰਵਿਦਾਸ ਜੀ . . . . ਐਸੀ ਲਾਲ ਤੁਝ ਬਿਨੁ ਕਉਨੁ ਕਰੈ (ਪੰਨਾ 1106

10. ਕੇਦਾਰਾ ਰਵਿਦਾਸ ਜੀ . . . . ਖਟੁ ਕਰਮ ਕੁਲ ਸੰਜੁਗਤੁ ਹੈ (ਪੰਨਾ 1124

11. ਮਲਾਰ ਰਵਿਦਾਸ ਜੀ . . . . ਨਾਗਰ ਜਨਾਂ ਮੇਰੀ ਜਾਤਿ ਬਖਿਆਤ ਚੰਮਾਰੰ (ਪੰਨਾ 1292

ਭਾਵ:

(1) ਨੀਵੀਂ ਉੱਚੀ ਜਾਤਿ ਦੇ ਵਿਤਕਰੇ ਦਾ ਰੋਗ ਸਾਡੇ ਦੇਸ਼ ਵਿਚ ਬਹੁਤ ਪੁਰਾਣਾ ਤੁਰਿਆ ਆ ਰਿਹਾ ਹੈ। ਨੀਵੀਂ ਜਾਤਿ ਦਾ ਬੰਦਾ ਉੱਚੀ ਜਾਤਿ ਵਾਲੇ ਚੌਂਕੇ ਵਿਚ ਵੜ ਜਾਏ, ਤਾਂ ਉਹ ਚੌਂਕਾ ਭਿੱਟਿਆ ਗਿਆ, ਉਸ ਚੌਂਕੇ ਵਿਚ ਪਿਆ ਪਾਣੀ ਰੋਟੀ ਆਦਿਕ ਸਭ ਕੁਝ ਭਿੱਟਿਆ ਗਿਆ।

ਪਰ ਕੇਸਰ, ਫੁੱਲ, ਕਸਤੂਰੀ, ਸੋਨਾ; ਇਹਨਾਂ ਚੀਜ਼ਾਂ ਨੂੰ ਜੇ ਕੋਈ ਨੀਵੀਂ ਜਾਤਿ ਦਾ ਮਨੁੱਖ ਹੱਥ ਲਾ ਦੇਵੇ, ਤਾਂ ਇਹ ਨਹੀਂ ਭਿੱਟੀਆਂ ਜਾਂਦੀਆਂ। ਰੇਸ਼ਮੀ ਕੱਪੜਾ, ਘਿਉ ਭਾਂਡਾ; ਇਹਨਾਂ ਨੂੰ ਭੀ ਭਿੱਟ ਨਹੀਂ ਲੱਗਦੀ।

ਜੇ ਨੀਵੀਂ ਜਾਤਿ ਦਾ ਭੀ ਬੰਦਾ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ, ਤਾਂ ਜਗਤ ਵਿਚ ਉਹ ਭਗਤ ਗਿਣਿਆ ਜਾਂਦਾ ਹੈ। ਲੋਕ ਉਸ ਦੀ ਚਰਨੀਂ ਲੱਗਦੇ ਹਨ।

(2) ਬਿਦਰ ਇਕ ਦਾਸੀ ਦਾ ਪੁੱਤਰ ਸੀ। ਕ੍ਰਿਸ਼ਨ ਜੀ ਜਦੋਂ ਹਸਤਨਾਪੁਰ ਗਏ, ਕੈਰਵਾਂ ਨੇ ਉਹਨਾਂ ਦੇ ਆਦਰ-ਸਤਕਾਰ ਵਾਸਤੇ ਕਈ ਪ੍ਰਬੰਧ ਕੀਤੇ ਪਰ ਕ੍ਰਿਸ਼ਨ ਜੀ ਉਹਨਾਂ ਨੂੰ ਛੱਡ ਕੇ ਗਰੀਬ ਬਿਦਰ ਦੇ ਘਰ ਗਏ।

ਰਵਿਦਾਸ ਜੀ ਜਾਤੀ ਦੇ ਚਮਾਰ ਸਨ, ਲੋਕਾਂ ਦੀਆਂ ਨਜ਼ਰਾਂ ਵਿਚ ਨੀਵੀਂ ਜਾਤਿ ਦੇ। ਪਰ ਵੇਖੋ ਸਿਮਰਨ ਦੀ ਬਰਕਤਿ! ਚੌਹਾਂ ਵਰਨਾਂ ਦੇ ਲੋਕ ਉਹਨਾਂ ਦੀ ਚਰਨੀਂ ਆ ਕੇ ਲੱਗਦੇ ਸਨ।

ਨਾਮਦੇਵ ਜੀ ਛੀਂਬੇ ਸਨ। ਸਿਮਰਨ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਜਦੋਂ ਉੱਚੀ ਜਾਤਿ ਵਾਲਿਆਂ ਨੇ ਉਹਨਾਂ ਨੂੰ ਮੰਦਰ ਵਿਚੋਂ ਧੱਕੇ ਦੇ ਕੇ ਕੱਢਿਆ ਤਾਂ ਪਰਮਾਤਮਾ ਨੇ ਉਹਨਾਂ ਅਹੰਕਾਰੀਆਂ ਵਲ ਆਪਣੀ ਪਿੱਠ ਕਰ ਲਈ।

(3) ਨੀਵੀਂ ਜਾਤਿ ਦੇ ਬੰਦਿਆਂ ਨੂੰ ਸਾਡੇ ਦੇਸ਼ ਵਿਚ ਭਲਾ ਕੌਣ ਆਦਰ ਦੇਂਦਾ ਸੀ? ਕੋਈ ਉਹਨਾਂ ਦੇ ਨੇੜੇ ਨਹੀਂ ਸੀ ਲੱਗਦਾ। ਪਰ ਨੀਵੀਂ ਜਾਤਿ ਵਾਲੇ ਭੀ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੀ ਸੋਭਾ ਸਾਰੇ ਦੇਸ ਵਿਚ ਖਿੱਲਰ ਗਈ, ਲੁਕਾਈ ਆ ਆ ਕੇ ਉਸ ਦੇ ਪੈਰੀਂ ਲੱਗਣ ਲੱਗ ਪਈ। ਉਸ ਦੀ ਸੰਗਤਿ ਵਿਚ ਟਿਕ ਕੇ ਅਨੇਕਾਂ ਨੇ ਆਪਣਾ ਜੀਵਨ ਸਵਾਰਿਆ।

(4) ਲੋਕਾਂ ਦੀਆਂ ਨਜ਼ਰਾਂ ਵਿਚ ਅੱਧੀ ਕੌਡੀ ਦਾ ਸੀ ਵਿਚਾਰਾ ਨਾਮਦੇਵ। ਪਰ ਸਿਮਰਨ ਦੀ ਬਰਕਤਿ ਨਾਲ, ਮਾਨੋ, ਲੱਖ-ਪਤੀ ਹੋ ਗਿਆ।

ਕਬੀਰ ਨੇ ਪ੍ਰਭੂ ਚਰਨਾਂ ਨਾਲ ਪ੍ਰੀਤ ਬਣਾਈ, ਉਹ ਗੁਣਾਂ ਦਾ ਖ਼ਜ਼ਾਨਾ ਬਣ ਗਿਆ।

ਮੋਏ ਹੋਏ ਪਸ਼ੂ ਢੋਣ ਵਾਲਿਆਂ ਵਿਚੋਂ ਸੀ ਰਵਿਦਾਸ। ਜਦੋਂ ਉਸ ਨੇ ਮਾਇਆ ਦਾ ਮੋਹ ਛੱਡ ਕੇ ਹਰਿ-ਨਾਮ ਜਪਿਆ, ਤਾਂ ਉਸ ਦੀ ਸੋਭਾ ਚਾਰ ਚੁਫੇਰੇ ਪਸਰ ਗਈ।

ਸੈਣ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ। ਸਿਮਰਨ ਨੇ ਉਸ ਦਾ ਜੀਵਨ ਇਤਨਾ ਚਮਕਾਇਆ ਕਿ ਉਹ ਪ੍ਰਸਿੱਧ ਭਗਤ ਹੋ ਗਿਆ।

ਇਹੀ ਮਿਹਰ ਹੋਈ ਧੰਨੇ ਉਤੇ ਜਦੋਂ ਉਸ ਨੇ ਭੀ ਇਹਨਾਂ ਭਗਤਾਂ ਦੀ ਸੋਭਾ ਸੁਣ ਕੇ ਨਾਮ ਜਪਿਆ, ਤਾਂ ਉਸ ਨੂੰ ਪਰਮਾਤਮਾ ਪਰਤੱਖ ਦਿੱਸ ਪਿਆ। ਉਸ ਦੇ ਭਾਗ ਜਾਗ ਪਏ।

(5) ਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਕਿਸੇ ਭੀ ਜਾਤਿ ਦਾ ਹੋਵੇ ਲੋਕ ਉਸ ਦੀ ਚਰਨ-ਧੂੜ ਮੰਗਦੇ ਹਨ। ਪਰਮਾਤਮਾ ਆਪਣੇ ਭਗਤ ਦੀ ਸਦਾ ਲਾਜ ਰੱਖਦਾ ਹੈ। ਵੇਖੋ ਨਾਮਦੇਵ ਤ੍ਰਿਲੋਚਨ ਕਬੀਰ ਰਵਿਦਾਸ ਵਲ। ਸਿਮਰਨ ਦੀ ਬਰਕਤਿ ਨਾਲ ਇਹਨਾਂ ਇਥੇ ਸੋਭਾ ਭੀ ਖੱਟੀ, ਤੇ, ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਨਈਆ ਸਹੀ-ਸਲਾਮਤਿ ਲੈ ਕੇ ਪਾਰ ਲੰਘ ਗਏ।

(6) ਟੁੱਟੀ ਹੋਈ ਕੁੱਲੀ ਵਿਚ ਵੱਸਦਾ ਹੋਵੇ, ਦੁਆਲੇ ਲੀਰਾਂ ਪਲਮਦੀਆਂ ਹੋਣ, ਕੋਈ ਉਸ ਦੀ ਕਦੇ ਵਾਤ ਨਾਹ ਪੁੱਛਦਾ ਹੋਵੇ, ਕੋਈ ਸਾਕ-ਅੰਗ ਉਸ ਦੇ ਨੇੜੇ ਨਾਹ ਢੁਕਦਾ ਹੋਵੇ। ਪਰ ਜੇ ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਭਿੱਜ ਜਾਏ, ਤਾਂ ਦੁਨੀਆ ਦੇ ਸ਼ਾਹ ਪਾਤਿਸ਼ਾਹ ਭੀ ਉਸ ਦੇ ਦਰ ਤੇ ਆਉਂਦੇ ਹਨ। ਉਸ ਦੇ ਚਰਨਾਂ ਦੀ ਧੂੜ ਲੈ ਕੇ ਅਨੇਕਾਂ ਦਾ ਮਨ ਵਿਕਾਰਾਂ ਤੋਂ ਬਚ ਜਾਂਦਾ ਹੈ।

(7) ਸ੍ਰੀ ਕ੍ਰਿਸ਼ਨ ਜੀ ਵਾਸਤੇ ਕੈਰਵਾਂ ਦੀਆਂ ਕੀਤੀਆਂ ਆਉ-ਭਗਤ ਦੀਆਂ ਤਿਆਰੀਆਂ ਧਰੀਆਂ ਹੀ ਰਹਿ ਗਈਆਂ। ਕ੍ਰਿਸ਼ਨ ਜੀ ਗਰੀਬ ਬਿਦਰ ਦੇ ਘਰ ਚਲੇ ਗਏ। ਕੈਰਵਾਂ ਨੇ ਗਿਲਾ ਕਰਨਾ ਹੀ ਸੀ। ਪਰ ਵੇਖੋ, ਕ੍ਰਿਸ਼ਨ ਜੀ ਨੇ ਕੀਹ ਉੱਤਰ ਦਿੱਤਾ! ਕਹਿਣ ਲੱਗੇ, ਮੈਨੂੰ ਗਰੀਬ ਬਿਦਰ ਪਿਆਰਾ ਲੱਗਾ ਹੈ। ਤੁਹਾਡੇ ਘਰ ਦੇ ਦੁੱਧ ਨਾਲੋਂ ਉਸ ਦੇ ਘਰ ਦਾ ਪਾਣੀ ਵਧੀਕ ਸੁਆਦਲਾ ਹੈ। ਤੁਹਾਡੀ ਖੀਰ ਨਾਲੋਂ ਬਿਦਰ ਦਾ ਸਾਗ ਚੰਗਾ, ਕਿਉਂਕਿ ਉਸ ਦੀ ਸੰਗਤਿ ਵਿਚ ਰਹਿ ਕੇ ਰੱਬ ਚੇਤੇ ਆਉਂਦਾ ਹੈ।

ਪਿਆਰ ਜਾਤਿ ਨਹੀਂ ਪੁੱਛਦਾ।

(8) ਵੇਖੋ ਸਿਮਰਨ ਦੀ ਬਰਕਤਿ! ਕਬੀਰ ਸਾਰੇ ਦੇਸ ਵਿਚ ਪਰਗਟ ਹੋ ਗਿਆ। ਸਿਮਰਨ ਦੀ ਬਰਕਤਿ ਨਾਲ ਨਾਮਦੇਵ ਜੀ ਦਾ ਜੀਵਨ ਇਤਨਾ ਉੱਚਾ ਹੋਇਆ ਕਿ ਉਸ ਦਾ ਗੁਰੂ ਉਚੇਚਾ ਚੱਲ ਕੇ ਆਇਆ ਨਾਮਦੇਵ ਜੀ ਦੀ ਗਾਂ ਦਾ ਦੁੱਧ ਪੀਣ।

ਜਿਹੜਾ ਭੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾਏ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ।

(9) ਜਾਤੀ-ਵਿਤਕਰੇ ਨੇ ਇਸ ਦੇਸ ਦੇ ਕ੍ਰੋੜਾਂ ਬੰਦਿਆਂ ਨੂੰ ਪੈਰਾਂ ਹੇਠ ਲਤਾੜਿਆ ਹੋਇਆ ਸੀ। ਸ਼ਹਿਰ ਬਨਾਰਸ ਵਿਚੋਂ ਮੋਏ ਪਸ਼ੂ ਢੋ ਕੇ ਬਾਹਰ ਲੈ ਜਾਣ ਵਾਲੇ ਸਨ ਚਮਾਰ, ਤੇ, ਉਹਨਾਂ ਵਿਚ ਜੰਮਿਆ ਰਵਿਦਾਸ। ਜੇ ਤੁਸਾਂ ਕਦੇ ਤੱਕਿਆ ਹੈ ਇਹੋ ਜਿਹਾ ਦ੍ਰਿਸ਼, ਤਾਂ ਵੇਖਿਆ ਹੋਵੇਗਾ ਕਿ ਸਾਊ ਨੱਕ ਤੇ ਕੱਪੜਾ ਰੱਖ ਕੇ ਕੋਲੋਂ ਦੀ ਲੰਘਦਾ ਹੈ। ਭਲਾ ਉਹ ਸਾਊ ਕਿਵੇਂ ਸਹਾਰੇ ਅਜੇਹੇ ਬੰਦਿਆਂ ਦੀ ਛੁਹ!

ਪਰ ਵੇਖੋ ਖੇਲ ਮਾਲਕ ਦੇ! ਚਮਾਰ ਰਵਿਦਾਸ ਨੇ ਭਗਵਾਨ ਦਾ ਪੱਲਾ ਫੜਿਆ, ਭਗਵਾਨ ਨੇ ਉਸ ਨੂੰ ਨੀਚਾਂ ਤੋਂ ਊਚ ਬਣਾ ਦਿੱਤਾ। ਇਹੋ ਜਿਹੀ ਹੀ ਉੱਚੀ ਆਤਮਕ ਅਵਸਥਾ ਆਦਰ-ਜੋਗ ਅਵਸਥਾ ਬਣੀ; ਨਾਮਦੇਵ ਦੀ, ਕਬੀਰ ਦੀ, ਤ੍ਰਿਲੋਚਨ ਦੀ, ਸਧਨੇ ਦੀ, ਸੈਣ ਦੀ।

ਜਿਹੜਾ ਹਰਿ-ਨਾਮ ਸਿਮਰਦਾ ਹੈ ਉੱਚੇ ਉੱਚੇ ਆਕੜ-ਖਾਨ ਉਸ ਦੇ ਚਰਨਾਂ ਤੇ ਆ ਡਿੱਗਦੇ ਹਨ।

(10) ਨੀਚ ਉਹ ਹੈ ਜਿਸ ਦੀ ਆਤਮਾ ਨੀਵੀਂ ਹੈ, ਤੇ, ਸਿਮਰਨ ਤੋਂ ਸੱਖਣੇ ਦੀ ਆਤਮਾ ਨੀਵੀਂ ਹੋਣੀ ਹੀ ਹੋਈ। ਵੇਖੋ ਬਾਲਮੀਕ ਦੀ ਹਾਲਤ! ਸਿਮਰਨ ਦੀ ਬਰਕਤਿ ਨਾਲ ਕਿਸ ਨੀਵੀਂ ਅਵਸਥਾ ਤੋਂ ਕਿਸ ਦਰਜੇ ਤੇ ਪਹੁੰਚਿਆ! ਅਜਾਮਲ ਵਰਗੇ ਹੋਰ ਭੀ ਅਨੇਕਾਂ ਸਿਮਰਨ ਦੀ ਪੌੜੀ ਤੇ ਚੜ੍ਹ ਕੇ ਉੱਚੇ ਰੱਬੀ ਮੰਡਲਾਂ ਵਿਚ ਜਾ ਅੱਪੜੇ।

(11) ਵੰਗਾਰ ਕੇ ਆਖਿਆ ਰਵਿਦਾਸ ਨੇ: ਵੇਖੋ ਨਗਰ ਦੇ ਲੋਕੋ! ਤੁਸੀਂ ਜਾਣਦੇ ਹੋ ਕਿ ਮੈਂ ਚਮਾਰ ਜਾਤੀ ਵਿਚ ਜੰਮਿਆ, ਪਰ ਪਰਮਾਤਮਾ ਦੀ ਮਿਹਰ ਨਾਲ ਮੇਰੇ ਹਿਰਦੇ ਵਿਚ ਉਸ ਦੀ ਸਿਫ਼ਤਿ-ਸਾਲਾਹ ਆ ਵੱਸੀ। ਮੇਰੀ ਜਾਤੀ ਦੇ ਲੋਕ ਤਾਂ ਅਜੇ ਤਕ ਚੰਮ ਕੱਟਣ ਵੱਢਣ ਦਾ ਕੰਮ ਕਰਦੇ ਹਨ, ਬਨਾਰਸ ਦੇ ਆਸੇ ਪਾਸੇ, ਮੋਏ ਪਸ਼ੂ ਢੋਂਦੇ ਰਹਿੰਦੇ ਹਨ। ਪਰ ਇਹ ਪਰਮਾਤਮਾ ਦੀ ਮਿਹਰ ਹੈ, ਉਸ ਦੇ ਸਿਮਰਨ ਦੀ ਵਡਿਆਈ ਹੈ ਕਿ ਉੱਚੀ ਕੁਲ ਦੇ ਬ੍ਰਾਹਮਣ ਆ ਆ ਕੇ ਮੈਨੂੰ ਚਮਾਰ ਨੂੰ ਨਮਸਕਾਰਾਂ ਕਰਦੇ ਹਨ।

ਗੰਦਾ-ਮੰਦਾ ਨਦੀ ਨਾਲਿਆਂ ਦਾ ਪਾਣੀ ਗੰਗਾ ਵਿਚ ਮਿਲ ਕੇ ਗੰਗਾ ਜਲ ਬਣ ਜਾਂਦਾ ਹੈ। ਭਗਵਾਨ ਵਿਚ ਲੀਨ ਹੋਇਆ ਮਨੁੱਖ ਫਿਰ ਕਿਵੇਂ ਰਹਿ ਜਾਏ ਨੀਵੀਂ ਕੁਲ ਦਾ?

ਲੋਕ ਕਾਗ਼ਜ਼ ਨੂੰ ਅਪਵਿੱਤਰ ਚੀਜ਼ ਮੰਨਦੇ ਹਨ। ਪਰ ਜਿਨ੍ਹਾਂ ਕਾਗ਼ਜ਼ਾਂ ਉਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖੀ ਜਾਂਦੀ ਹੈ, ਉਹਨਾਂ ਅੱਗੇ ਮੱਥਾ ਟੇਕਿਆ ਜਾਂਦਾ ਹੈ।

ਸਿਮਰਨ ਤੋਂ

(ਹ) ਨਿਰਭੈਤਾ ਪੈਦਾ ਹੁੰਦੀ ਹੈ

1. ਭੈਰਉ ਮ: 3 . . . . ਮੇਰੀ ਪਟੀਆ ਲਿਖਹੁ (ਪੰਨਾ 1133

2. ਭੈਰਉ ਮ: 3 . . . . ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ (ਪੰਨਾ 1133

3. ਸਿਰੀ ਰਾਗੁ ਮ: 5 . . . . ਜਾ ਕਉ ਮੁਸਕਲੁ ਅਤਿ ਬਣੈ (ਪੰਨਾ 70

4. ਗਉੜੀ ਮ: 5 . . . . ਮੀਤੁ ਕਰੈ ਸੋਈ ਹਮ ਮਾਨਾ (ਪੰਨਾ 187

5. ਆਸਾ ਮ: 5 . . . . ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ (ਪੰਨਾ 371

6. ਸਾਰਗ ਮ: 5 . . . . ਮੋਹਨ ਸਭਿ ਜੀਅ ਤੇਰੇ (ਪੰਨਾ 1211

7. ਭੈਰਉ ਨਾਮਦੇਵ ਜੀ . . . . ਸੰਡਾ ਮਰਕਾ ਜਾਇ ਪੁਕਾਰੇ (ਪੰਨਾ 1165

ਭਾਵ:

(1) ਮਾਂ ਨੇ ਬਥੇਰਾ ਸਮਝਾਇਆ . . . . ਪੁਤ੍ਰ ਪ੍ਰਹਿਲਾਦ! ਰਾਮ ਦਾ ਨਾਮ ਛੱਡ ਦੇਹ; ਤੇ ਆਪਣੀ ਜਿੰਦ ਬਚਾ ਲੈ। ਪ੍ਰਹਿਲਾਦ ਰਤਾ ਨਾਹ ਘਬਰਾਇਆ। ਉਸ ਨੇ ਹਰਿ-ਨਾਮ ਦਾ ਸਿਮਰਨ ਛੱਡਣੋਂ ਨਾਹ ਕਰ ਦਿੱਤੀ।

ਆਖ਼ਰ ਭਗਤ ਦੀ ਹੀ ਜਿੱਤ ਹੋਈ।

(2) ਪ੍ਰਭੂ ਦਾ ਭਗਤ ਪ੍ਰਹਿਲਾਦ ਕਿਸੇ ਦਾ ਡਰਾਇਆ ਨਾਹ ਡਰਿਆ। ਪ੍ਰਭੂ ਆਪਣੇ ਭਗਤ ਦੀ ਲਾਜ ਆਪ ਰੱਖਦਾ ਹੈ।

(3) ਜਿਸ ਮਨੁੱਖ ਨੂੰ ਕੋਈ ਭਾਰੀ ਬਿਪਤਾ ਆ ਪਏ ਜਿਸ ਤੋਂ ਬਚਣ ਲਈ ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਵੇ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ ਬਿਪਤਾ-ਮਾਰੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਯਾਦ ਆ ਜਾਏ ਤਾਂ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ।

ਜੇ ਕੋਈ ਮਨੁੱਖ ਅਜਿਹਾ ਕਮਜ਼ੋਰ ਹੋ ਜਾਏ ਕਿ ਭੁੱਖ ਨੰਗ ਦਾ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ, ਪਰ ਜੇ ਪਰਮਾਤਮਾ ਉਸਦੇ ਹਿਰਦੇ ਵਿਚ ਆ ਵੱਸੇ ਤਾਂ ਉਸ ਦੀ ਆਤਮਕ ਅਵਸਥਾ ਬਾਦਸ਼ਾਹਾਂ ਵਰਗੀ ਬਣੀ ਰਹਿੰਦੀ ਹੈ।

ਜਿਸ ਮਨੁੱਖ ਨੂੰ ਹਰ ਵੇਲੇ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ ਕੋਈ ਨ ਕੋਈ ਰੋਗ ਗ੍ਰਸੀ ਰੱਖੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ ਤਾਂ ਉਸ ਦਾ ਮਨ ਸ਼ਾਂਤ ਰਹਿੰਦਾ ਹੈ।

(4) ਵੈਰੀ ਪਾਸੋਂ ਤਾਂ ਹਰੇਕ ਮਨੁੱਖ ਨੂੰ ਕੁਝ ਨ ਕੁਝ ਖ਼ਤਰਾ ਟਿਕਿਆ ਹੀ ਰਹਿੰਦਾ ਹੈ, ਪਰ ਆਪਣੇ ਮਿੱਤਰ ਉਤੇ ਹਰੇਕ ਮਨੁੱਖ ਨੂੰ ਪੂਰਾ ਨਿਸ਼ਚਾ ਰਹਿੰਦਾ ਹੈ ਕਿ ਉਹ ਕਦੇ ਮੇਰਾ ਬੁਰਾ ਨਹੀਂ ਚਿਤਵ ਸਕਦਾ।

ਜਿਸ ਨੂੰ ਮੁੜ ਮੁੜ ਯਾਦ ਕਰੀਏ ਉਸ ਨਾਲ ਪਿਆਰ ਬਣ ਜਾਣਾ ਕੁਦਰਤੀ ਗੱਲ ਹੈ। ਯਾਦ ਤੇ ਪਿਆਰ ਦੀ ਸਾਂਝ ਮੁੱਢ-ਕਦੀਮਾਂ ਤੋਂ ਤੁਰੀ ਆਉਂਦੀ ਹੈ। ਤੇ, ਇਹ ਪਿਆਰ ਹੁੰਦਾ ਭੀ ਹੈ ਦੁ-ਵੱਲੀ।

ਜਿਹੜਾ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਪਰਮਾਤਮਾ ਉਤੇ ਉਸ ਨੂੰ ਪੂਰਾ ਯਕੀਨ ਬਣ ਜਾਂਦਾ ਹੈ ਕਿ ਉਹ ਮੇਰਾ ਮਿੱਤਰ ਹੈ ਤੇ ਕਦੇ ਭੀ ਕੋਈ ਕੰਮ ਮੇਰੇ ਬੁਰੇ ਵਿਚ ਨਹੀਂ ਕਰੇਗਾ।

ਫਿਰ ਜਿਸ ਦਾ ਮਿੱਤਰ ਪਰਮਾਤਮਾ ਆਪ ਬਣ ਗਿਆ, ਉਸ ਨੂੰ ਦੁਨੀਆ ਵਿਚ ਹੋਰ ਕਿਸੇ ਪਾਸੋਂ ਕੋਈ ਡਰ-ਖ਼ਤਰਾ ਰਹਿ ਹੀ ਨਹੀਂ ਸਕਦਾ।

(5) ਸਿੱਖ-ਇਤਿਹਾਸ ਦੱਸਦਾ ਹੈ ਕਿ ਸਰਕਾਰੀ ਕਰਮਚਾਰੀ ਸੁਲਹੀ ਖ਼ਾਂ ਗੁਰੂ ਅਰਜਨ ਸਾਹਿਬ ਉਤੇ ਕੋਈ ਭਾਰੀ ਚੋਟ ਕਰਨ ਲਈ ਚੜ੍ਹ ਆਇਆ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਤਾਂ ਕਈ ਕਮਜ਼ੋਰ-ਦਿਲ ਸਿੱਖ ਸਤਿਗੁਰੂ ਜੀ ਨੂੰ ਸਲਾਹਾਂ ਦੇਣ ਲੱਗ ਪਏ ਕਿ ਸੁਲਹੀ ਖ਼ਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਅੱਗੋ-ਵਾਂਢੀ ਕੋਈ ਚਿੱਠੀ ਉਸ ਨੂੰ ਲਿਖੀ ਜਾਏ; ਕੋਈ ਤੁਰਨੇ-ਸਿਰ ਦੋ ਬੰਦੇ ਭੇਜੇ ਜਾਣ, ਕੋਈ ਹੋਰ ਇਹੋ ਜਿਹਾ ਹੀ ਹੀਲਾ ਸੋਚਿਆ ਜਾਏ, ਪਰ ਸਤਿਗੁਰੂ ਜੀ ਸਭ ਨੂੰ ਧੀਰਜ ਦੇਂਦੇ ਰਹੇ ਕਿ ਇਕ ਕਰਤਾਰ ਦਾ ਆਸਰਾ ਲਿਆਂ ਕੋਈ ਬਿਪਤਾ ਪੋਹ ਨਹੀਂ ਸਕਦੀ।

ਪਰਮਾਤਮਾ ਦੀ ਰਜ਼ਾ ਐਸੀ ਹੋਈ ਕਿ ਸੁਲਹੀ ਖ਼ਾਂ ਦਾ ਵਾਰ ਚੱਲ ਨਾਹ ਸਕਿਆ। ਦੋਖੀ ਸੁਲਹੀ ਖ਼ਾਂ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਸ ਸ਼ਬਦ ਦੀ ਰਾਹੀਂ ਇਹ ਸਿੱਖਿਆ ਦਿੱਤੀ ਕਿ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਰਹੋ, ਤੇ, ਉਸੇ ਦਾ ਪੱਲਾ ਫੜੀ ਰੱਖੋ। ਸਿਮਰਨ ਦੀ ਬਰਕਤਿ ਨਾਲ ਮਨ ਸਦਾ ਚੜ੍ਹਦੀ ਕਲਾ ਵਿਚ ਟਿਕਿਆ ਰਹੇਗਾ।

(6) ਜਿਸ ਨੂੰ ਮੁੜ ਯਾਦ ਕਰੀਏ, ਉਸ ਨਾਲ ਪਿਆਰ ਬਣ ਜਾਂਦਾ ਹੈ। ਜਿਸ ਨਾਲ ਡੂੰਘਾ ਪਿਆਰ ਪੈ ਜਾਏ, ਉਸੇ ਵਰਗਾ ਸੁਭਾਉ ਭੀ ਹੋ ਜਾਂਦਾ ਹੈ।

ਨਿਰਭਉ ਪ੍ਰਭੂ ਦਾ ਸੇਵਕ ਆਪ ਭੀ ਨਿਰਭਉ ਹੋ ਜਾਂਦਾ ਹੈ। ਦੁਨੀਆ ਦੇ ਜਾਬਰ ਜਰਵਾਣੇ ਉਸ ਨੂੰ ਡਰਾ ਨਹੀਂ ਸਕਦੇ।

(7) ਪ੍ਰਹਿਲਾਦ ਨੂੰ ਕਈ ਡਰਾਵੇ ਦਿੱਤੇ ਗਏ ਤੇ ਆਖਿਆ ਗਿਆ ਕਿ ਜੇ ਜਿੰਦ ਦੀ ਲੋੜ ਹੈ ਤਾਂ ਰਾਮ ਦਾ ਨਾਮ ਛੱਡ ਕੇ ਹਰਨਾਖ਼ਸ਼ ਦਾ ਨਾਮ ਜਪ। ਮਾਂ ਨੇ ਭੀ ਬਥੇਰਾ ਸਮਝਾਇਆ। ਪਰ ਪ੍ਰਹਿਲਾਦ ਡੋਲਿਆ ਨਹੀਂ।

"ਨਿਰਭਉ ਜਪੈ ਸਗਲ ਭਉ ਮਿਟੈ"।

ਸਿਮਰਨ

(ਕ) ਵਿਕਾਰਾਂ ਤੋਂ ਬਚਾਂਦਾ ਹੈ

1. ਸਲੋਕ ਮ: 1 (ਵਾਰ ਮਾਝ) . . . . ਜਾ ਪਕਾ ਤਾ ਕਟਿਆ (ਪੰਨਾ 142

2. ਗਉੜੀ ਮ: 1 . . . . ਅਵਰਿ ਪੰਚ ਹਮ ਏਕ ਜਨਾ (ਪੰਨਾ 155

3. ਪਉੜੀ ਮ: 3 (ਗੂਜਰੀ ਕੀ ਵਾਰ) . . . . ਸਭੁ ਜਗੁ ਫਿਰਿ ਮੈ ਦੇਖਿਆ (ਪੰਨਾ 510

4. ਧਨਾਸਰੀ ਮ: 4 . . . . ਜੋ ਹਰਿ ਸੇਵਹਿ ਸੰਤ ਭਗਤ (ਪੰਨਾ 666

5. ਪਉੜੀ ਮ: 4 (ਵਾਰ ਸਾਰੰਗ) . . . . ਹਰਿ ਕਾ ਨਾਮੁ ਨਿਧਾਨੁ ਹੈ (ਪੰਨਾ 1239

6. ਮਾਝ ਮ: 5 . . . . ਸਭੇ ਸੁਖ ਭਏ ਪ੍ਰਭ ਤੁਠੇ (ਪੰਨਾ 106

7. ਗਉੜੀ ਮ: 5 . . . . ਰਾਖੁ ਪਿਤਾ ਪ੍ਰਭ ਮੇਰੇ . . . . ਪੰਨੇ 205-06

8. ਗਉੜੀ ਸੁਖਮਨੀ ਮ: 5 . . . . ਜਿਉ ਮੰਦਰ ਕਉ ਥਾਮੈ ਥੰਮਨੁ (ਪੰਨਾ 282

9. ਪਉੜੀ ਮ: 5 (ਵਾਰ ਮ: 4 ਗਉੜੀ) . . . . ਤੁਸਿ ਦਿਤਾ ਪੂਰੈ ਸਤਿਗੁਰੂ (ਪੰਨਾ 315

10. ਆਸਾ ਮ: 5 . . . . ਅਧਮ ਚੰਡਾਲੀ ਭਈ ਬ੍ਰਹਮਣੀ (ਪੰਨਾ 381

11. ਆਸਾ ਮ: 5 . . . . ਮੋਹ ਮਲਨ ਨੀਦ ਤੇ ਛੁਟਕੀ (ਪੰਨਾ 383

12. ਸਲੋਕ ਮ: 5 (ਵਾਰ ਗੂਜਰੀ) . . . . ਖੋਜੀ ਲਧਮੁ ਖੋਜੁ (ਪੰਨਾ 521

13. ਸਲੋਕ ਮ: 5 (ਜੈਤਸਰੀ ਕੀ ਵਾਰ) . . . . ਈਧਣੁ ਕੀਤੋ ਮੂ ਘਣਾ (ਪੰਨਾ 706

14. ਬਿਲਾਵਲੁ ਮ: 5 . . . . ਚਰਨ ਭਏ ਸੰਤ ਬੋਹਿਥਾ (ਪੰਨਾ 810

15. ਰਾਮਕਲੀ ਮ: 5 . . . . ਗਊ ਕਉ ਚਾਰੇ ਸਾਰਦੂਲੁ (ਪੰਨਾ 898

16. ਰਾਮਕਲੀ ਮ: 5 . . . . ਪੰਚ ਸਿੰਘ ਰਾਖੇ ਪ੍ਰਭਿ ਮਾਰਿ (ਪੰਨਾ 899

17. ਸਲੋਕ ਮ: 5 . . . . (ਵਾਰ ਰਾਮਕਲੀ) . . . . ਸਸੁ ਵਿਰਾਇਣਿ ਨਾਨਕ ਜੀਉ (ਪੰਨਾ 963

18. ਆਸਾ ਕਬੀਰ ਜੀ . . . . ਫੀਲੁ ਰਬਾਬੀ, ਬਲਦੁ ਪਖਾਵਜ (ਪੰਨਾ 477

19. ਆਸਾ ਨਾਮਦੇਵ ਜੀ . . . . ਮਨੁ ਮੇਰੋ ਗਜੁ, ਜਿਹਵਾ ਮੇਰੀ ਕਾਤੀ (ਪੰਨਾ 485

20. ਬਿਲਾਵਲੁ ਸਧਨਾ ਜੀ . . . . ਨ੍ਰਿਪ ਕੰਨਿਆ ਕੇ ਕਾਰਨੈ (ਪੰਨਾ 457

21. ਸਲੋਕ ਫਰੀਦ ਜੀ . . . . ਫਰੀਦਾ ਮੈ ਜਾਨਿਆ ਦੁਖੁ ਮੁਝ ਕੂ (ਪੰਨਾ 1382

22. ਸਲੋਕ ਫਰੀਦ ਜੀ . . . . ਸਰਵਰ ਪੰਖੀ ਹੇਕੜੋ (ਪੰਨਾ 1382

23. ਮਾਝ ਮ: 3 . . . . ਨਿਰਗੁਣੁ ਸਰਗੁਣੁ ਆਪੇ ਸੋਈ (ਪੰਨਾ 128

24. ਸਲੋਕ ਮ: 3 (ਸਿਰੀ ਰਾਗ ਕੀ ਵਾਰ) . . . . ਨਾਨਕ ਹਰਿ ਨਾਮੁ ਜਿਨੀ ਆਰਾਧਿਆ (ਪੰਨਾ 90

25. ਆਸਾ ਮ: 5 . . . . ਸਾਚਿ ਨਾਮਿ ਮੇਰਾ ਮਨੁ ਲਾਗਾ (ਪੰਨਾ 384

26. ਧਨਾਸਰੀ ਕਬੀਰ ਜੀ . . . . ਜੋ ਜਨੁ ਭਾਉ ਭਗਤਿ ਕਛੁ ਜਾਨੈ (ਪੰਨਾ 692

27. ਸਲੋਕ ਫਰੀਦ ਜੀ . . . . ਕਲਰ ਕੇਰੀ ਛਪੜੀ (ਪੰਨਾ 1381

28. ਸਲੋਕ ਫਰੀਦ ਜੀ . . . . ਫਰੀਦਾ ਇਹੁ ਤਨੁ ਭਉਕਣਾ (ਪੰਨਾ 1382

ਭਾਵ:

(1) ਜਦੋਂ ਕਣਕ ਆਦਿਕ ਫ਼ਸਲ ਦਾ ਬੂਟਾ ਪੱਕ ਜਾਂਦਾ ਹੈ ਤਾਂ ਉਤੋਂ ਉਤੋਂ ਵੱਢ ਲਈਦਾ ਹੈ, ਕਣਕ ਦੀ ਨਾੜ ਤੇ ਪੈਲੀ ਦੀ ਵਾੜ ਪਿੱਛੇ ਰਹਿ ਜਾਂਦੀ ਹੈ। ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।

ਚੱਕੀ ਦੇ ਦੋਵੇਂ ਪੁੜ ਜੋੜ ਕੇ ਇਹਨਾਂ ਦਾਣਿਆਂ ਨੂੰ ਪੀਹਣ ਲਈ ਮਨੁੱਖ ਆ ਬੈਠਦਾ ਹੈ। ਪਰ ਵੇਖੋ ਅਜਬ ਤਮਾਸ਼ਾ! ਜਿਹੜੇ ਦਾਣੇ ਚੱਕੀ ਦੇ ਦਰ ਤੇ ਕਿੱਲੀ ਦੇ ਨੇੜੇ ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ।

ਜਿਹੜੇ ਮਨੁੱਖ ਪਰਮਾਤਮਾ ਦੇ ਦਰ ਤੇ ਟਿਕੇ ਰਹਿੰਦੇ ਹਨ, ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ।

(2) ਪਰਮਾਤਮਾ ਮਨੁੱਖ ਨੂੰ ਇਹ ਸੋਹਣਾ ਸਰੀਰ ਦੇਂਦਾ ਹੈ, ਪਰ ਜੀਵ ਉਸ ਸਿਰਜਣਹਾਰ ਨੂੰ ਭੁਲਾ ਕੇ ਸਦਾ ਦੁਨੀਆ ਵਾਲੇ ਚੋਜ-ਤਮਾਸ਼ਿਆਂ ਵਿਚ ਮਸਤ ਰਹਿੰਦਾ ਹੈ, ਤੇ, ਕਾਮਾਦਿਕ ਪੰਜੇ ਵੈਰੀ ਇਸ ਦੇ ਅੰਦਰੋਂ ਭਲੇ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ।

ਉਂਞ ਭੀ ਜੀਵ ਇਕੱਲਾ ਇਹਨਾਂ ਪੰਜਾਂ ਵੈਰੀਆਂ ਦਾ ਟਾਕਰਾ ਭੀ ਨਹੀਂ ਕਰ ਸਕਦਾ। ਸਿਮਰਨ ਹੀ ਇੱਕੋ ਇੱਕ ਵਸੀਲਾ ਹੈ ਜਿਸ ਦੀ ਸਹਾਇਤਾ ਨਾਲ ਇਹਨਾਂ ਤੋਂ ਮਨੁੱਖ ਬਚ ਸਕਦਾ ਹੈ।

(3) ਜੇਠ ਹਾੜ ਦੀ ਰੁੱਤੇ ਦੁਪਹਿਰ ਵੇਲੇ ਪਿੰਡੇ ਨੂੰ ਲੂੰਹਦੀ ਲੋ ਚੱਲ ਰਹੀ ਹੋਵੇ, ਕਿਸੇ ਵਗਦੇ ਖੂਹ ਦੀ ਨਸਾਰ ਹੇਠ ਬੈਠ ਜਾਉ, ਕਿਸੇ ਸਰੋਵਰ ਦੇ ਪਾਣੀ ਵਿਚ ਚੁੱਭੀ ਲਾਉ, ਪਿੰਡੇ ਨੂੰ ਠੰਢ ਪੈ ਜਾਇਗੀ। ਜਿਤਨਾ ਸਮਾਂ ਉਸ ਠੰਢੇ ਪਾਣੀ ਵਿਚ ਚੁੱਭੀ ਲਾਈ ਰੱਖੋਗੇ, ਲੋ ਦਾ ਸਾੜ ਨੇੜੇ ਨਹੀਂ ਢੁੱਕੇਗਾ।

ਮਾਇਆ-ਵੇੜ੍ਹੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਅੰਦਰੇ ਅੰਦਰ ਸਦਾ ਸਾੜਦੀ ਰਹਿੰਦੀ ਹੈ। ਸਰੀਰ ਦੇ ਅੰਦਰ ਹੀ ਰੱਬੀ ਯਾਦ-ਪਿਆਰ ਦਾ ਚਸ਼ਮਾ ਹੈ। ਜੋ ਮਨੁੱਖ ਉਸ ਚਸ਼ਮੇ ਵਿਚ ਇਸ਼ਨਾਨ ਕਰਦਾ ਹੈ, ਉਸ ਨੂੰ ਉਹ ਅੱਗ ਪੋਹ ਨਹੀਂ ਸਕਦੀ।

(4) ਪੱਥਰ ਨੂੰ ਬੇੜੀ ਨਦੀ ਤੋਂ ਪਾਰ ਲੰਘਾ ਦੇਂਦੀ ਹੈ। ਲੋਹੇ ਆਦਿਕ ਦੇ ਬਰਤਨ ਉਤੇ ਲੱਗਾ ਹੋਇਆ ਜੰਗਾਲ ਰੇਗ-ਮਾਲ ਤੇ ਘਸਾਇਆਂ ਲਹਿ ਜਾਂਦਾ ਹੈ। ਸੋਨੇ ਨੂੰ ਅੱਗ ਵਿਚ ਤਪਾਇਆਂ ਉਸ ਵਿਚੋਂ ਖੋਟ ਸੜ ਜਾਂਦੀ ਹੈ, ਤੇ ਸੋਨਾ ਸੁੱਧ ਹੋ ਜਾਂਦਾ ਹੈ।

ਜੋ ਮਨੁੱਖ ਗੁਰੂ-ਸਰਨ ਪੈ ਕੇ ਸੇਵਾ-ਸਿਮਰਨ ਦੀ ਘਾਲ-ਕਮਾਈ ਕਰਦਾ ਹੈ, ਉਹ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ ਤੇ ਸੁੱਧ ਆਚਰਨ ਵਾਲਾ ਹੋ ਜਾਂਦਾ ਹੈ।

(5) ਪੰਛੀ ਨੂੰ ਪਰਮਾਤਮਾ ਨੇ ਖੰਭ ਦਿੱਤੇ ਹੋਏ ਹਨ। ਖੰਭਾਂ ਦਾ ਸਦਕਾ ਇਹ ਕਦੇ ਕਿਸੇ ਰੁੱਖ ਉਤੇ ਕਦੇ ਕਿਸੇ ਰੁੱਖ ਉਤੇ ਜਾ ਬਹਿੰਦਾ ਹੈ, ਤੇ ਕਿਸਮ ਕਿਸਮ ਦੇ ਫਲਾਂ ਦਾ ਸੁਆਦ ਚੱਖਦਾ ਹੈ।

ਮਨੁੱਖ ਦਾ ਮਨ ਪੰਛੀ-ਸਮਾਨ ਹੀ ਹੈ। ਕਦੇ ਆਪਣੇ ਸਰੀਰ ਦੇ ਅੰਦਰ ਨਹੀਂ ਟਿਕਦਾ। ਹਰ ਵੇਲੇ ਦੁਨੀਆ ਦੇ ਪਦਾਰਥਾਂ ਦੀ ਵਾਸਨਾ ਇਸ ਨੂੰ ਭਟਕਾਈ ਫਿਰਦੀ ਹੈ।

ਜੇਹੜਾ ਕੋਈ ਭਾਗਾਂ ਵਾਲਾ ਪ੍ਰਭੂ ਦੀ ਯਾਦ ਵਿਚ ਟਿਕਦਾ ਹੈ ਉਸ ਦਾ ਮਨ ਕਾਬੂ ਵਿਚ ਰਹਿੰਦਾ ਹੈ।

(6) ਦੁੱਧ-ਪੀਂਦਾ ਨਵੇਂ ਨਰੋਏ ਅੰਗਾਂ ਵਾਲਾ ਛੋਟਾ ਬਾਲ ਕੇਹਾ ਸੋਹਣਾ ਲੱਗਦਾ ਹੈ! ਪਰ ਜੇ ਉਸ ਦੀ ਮਾਂ ਖਾਣ ਪੀਣ ਵਿਚ ਕੋਈ ਵਾਧਾ ਘਾਟਾ ਕਰ ਦੇਵੇ ਤਾਂ ਉਸ ਦਾ ਅਸਰ ਤੁਰਤ ਉਸ ਬਾਲ ਦੀ ਸਿਹਤ ਉਤੇ ਹੋ ਜਾਂਦਾ ਹੈ, ਤੇ ਉਹ ਵਿਲਕਣ ਲੱਗ ਪੈਂਦਾ ਹੈ। ਸਿਆਣੀ ਇਸਤ੍ਰੀ ਬੱਚੇ ਦੇ ਹਾਜ਼ਮੇ ਵਾਸਤੇ ਫੱਕੀ ਬਣਾ ਰੱਖਦੀ ਹੈ, ਤੇ ਦੂਜੇ ਚੌਥੇ ਦਿਨ ਉਸ ਨੂੰ ਰਤਾ ਕੁ ਖਵਾ ਦੇਂਦੀ ਹੈ।

ਜਿਸ ਅੰਞਾਣੇ ਮਨ ਨੂੰ ਨਾਮ ਦੀ ਹੱਥੀ ਮਿਲਦੀ ਰਹੇ, ਉਸ ਦੇ ਸਾਰੇ ਰੋਗ ਦੂਰ ਹੋਏ ਰਹਿੰਦੇ ਹਨ।

(7) ਪ੍ਰਭੂ ਦੀ ਸਰਨ ਪਿਆਂ ਪੰਜੇ ਕਾਮਾਦਿਕਾਂ ਨੂੰ ਜਿੱਤ ਲਈਦਾ ਹੈ।

(8) ਘਰ ਦੀ ਛੱਤ ਹੇਠ ਥੰਮ੍ਹੀ ਦਾ ਸਹਾਰਾ ਹੁੰਦਾ ਹੈ, ਗੁਰੂ ਦਾ ਸ਼ਬਦ ਮਨ ਨੂੰ ਡੋਲਣ ਤੋਂ ਬਚਾਣ ਲਈ ਥੰਮ੍ਹੀ ਦਾ ਕੰਮ ਦੇਂਦਾ ਹੈ। ਪੱਥਰ ਨੂੰ ਬੇੜੀ ਵਿਚ ਰੱਖ ਕੇ ਨਦੀ ਤੋਂ ਪਾਰ ਲੰਘਾ ਲਈਦਾ ਹੈ। ਜੀਵ ਪ੍ਰਭੂ-ਨਾਮ ਦਾ ਆਸਰਾ ਲੈ ਕੇ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਜਾਂਦਾ ਹੈ। ਦੀਵੇ ਦਾ ਚਾਨਣ ਹਨੇਰੇ ਨੂੰ ਦੂਰ ਕਰਦਾ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਦੀ ਅਗਿਆਨਤਾ ਦੂਰ ਹੁੰਦੀ ਹੈ।

(9) ਚਿੜੀਆਂ ਆਮ ਤੌਰ ਤੇ ਵੱਸਦੇ ਘਰਾਂ ਵਿਚ ਹੀ ਆਪਣੇ ਆਲ੍ਹਣੇ ਬਣਾਉਂਦੀਆਂ ਹਨ। ਆਪਣੇ ਬੱਚਿਆਂ ਨੂੰ ਉਹ ਉਤਨਾ ਚਿਰ ਆਲ੍ਹਣੇ ਵਿਚ ਹੀ ਚੋਗਾ ਦੇਂਦੀਆਂ ਰਹਿੰਦੀਆਂ ਹਨ, ਜਦ ਤਕ ਉਹਨਾਂ ਦੇ ਖੰਭ ਉੱਡਣ ਜੋਗੇ ਨ ਹੋ ਜਾਣ। ਫਿਰ ਭੀ ਕਈ ਵਾਰੀ ਕੋਈ ਬੋਟ ਆਲ੍ਹਣੇ ਵਿਚੋਂ ਹੇਠਾਂ ਡਿੱਗ ਪੈਂਦਾ ਹੈ। ਭੋਇਂ ਤੇ ਡਿੱਗਾ ਹੋਇਆ ਬੋਟ ਉੱਕਾ ਹੀ ਨਿਆਸਰਾ ਹੋ ਜਾਂਦਾ ਹੈ। ਚਿੜੀਆਂ ਉਸ ਨੂੰ ਚੋਗਾ ਭੀ ਨਹੀਂ ਦੇਂਦੀਆਂ। ਉਥੇ ਹੀ ਉਹ ਬੋਟ ਸਹਿਕ ਸਹਿਕ ਕੇ ਮਰ ਜਾਂਦਾ ਹੈ।

ਸਿਰਜਣਹਾਰ ਪ੍ਰਭੂ ਨੂੰ ਵਿਸਾਰਨ ਵਾਲੇ ਮਨੁੱਖ ਦੀ ਆਤਮਕ ਮੌਤ ਭੀ ਇਸੇ ਤਰ੍ਹਾਂ ਹੀ ਹੁੰਦੀ ਹੈ। ਅਨੇਕਾਂ ਵਿਕਾਰ ਉਸ ਦੀ ਆਤਮਾ ਨੂੰ ਆ ਦਬਾਉਂਦੇ ਹਨ।

ਗੁਰੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦੇਂਦਾ ਹੈ, ਉਸ ਉਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ।

(10) ਚੂਹੇ ਨੂੰ ਵੇਖ ਕੇ ਬਿੱਲੀ ਭੱਜ ਕੇ ਉਸ ਨੂੰ ਜਾ ਦਬੋਚਦੀ ਹੈ। ਖ਼ੁਰਾਕ ਜੁ ਹੋਈ ਬਿੱਲੀ ਦੀ ਇਹ। ਆਪਣੀ ਤਾਕਤ ਦੇ ਮਾਣ ਵਿਚ ਮੱਤਾ ਸ਼ੇਰ ਜੰਗਲ ਦੇ ਹੋਰ ਪਸ਼ੂਆਂ ਨੂੰ ਭਬਕ ਮਾਰ ਕੇ ਪੈਂਦਾ ਹੈ।

ਰਤਾ ਕੁ ਤਾਕਤ ਮਿਲ ਜਾਏ ਮਨੁੱਖ ਨੂੰ, ਆਪਣੇ ਤੋਂ ਮਾੜਿਆਂ ਨੂੰ ਘੂਰ ਘੂਰ ਕੇ ਪੈਂਦਾ ਹੈ।

ਤ੍ਰਿਸ਼ਨਾ, ਅਹੰਕਾਰ, ਆਕੜ ਆਦਿਕ ਅਨੇਕਾਂ ਹੀ ਹਨ ਵਿਕਾਰ ਜੋ ਰੱਬ ਤੋਂ ਵਿੱਛੁੜੇ ਮਨੁੱਖ ਦੇ ਮਨ ਉਤੇ ਆਪਣਾ ਕਬਜ਼ਾ ਕਰੀ ਰੱਖਦੇ ਹਨ।

ਜਿਸ ਮਨੁੱਖ ਨੂੰ ਗੁਰੂ ਮਿਹਰ ਕਰ ਕੇ ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ ਦਾਤਿ ਦੇਂਦਾ ਹੈ, ਉਸ ਦੇ ਅੰਦਰੋਂ ਇਹ ਸਾਰੇ ਵਿਕਾਰ ਖ਼ਤਮ ਹੋ ਜਾਂਦੇ ਹਨ।

(11) ਜੰਗਲ ਨੂੰ ਅੱਗ ਲੱਗਣ ਦਾ ਦ੍ਰਿਸ਼ ਬਹੁਤ ਭਿਆਨਕ ਹੋਇਆ ਕਰਦਾ ਹੈ। ਉੱਚੇ ਸਿਰ-ਕੱਢ ਤੇ ਮੋਟੇ ਪਲੇ ਹੋਏ ਰੁੱਖ ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ। ਜਗਤ ਇਕ ਜੰਗਲ ਸਮਾਨ ਹੈ, ਜਿਸ ਵਿਚ ਮਨੁੱਖ ਵੱਡੇ-ਵੱਡੇ ਰੁੱਖਾਂ ਸਮਾਨ ਹਨ। ਇਸ ਜੰਗਲ ਵਿਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਜੋ ਸਭ ਦੀ ਆਤਮਾ ਨੂੰ ਸਾੜ ਕੇ ਸੁਆਹ ਕਰਦੀ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਯਾਦ ਦੀ ਤਰਾਵਟ ਹੈ, ਉਹ ਤ੍ਰਿਸ਼ਨਾ-ਅੱਗ ਦੀ ਮਾਰ ਤੋਂ ਬਚ ਜਾਂਦੇ ਹਨ। ਪਰ ਐਸੇ ਹੁੰਦੇ ਕੋਈ ਵਿਰਲੇ ਹੀ ਹਨ। ਕੱਜਲ-ਭਰੀ ਇਸ ਜਗਤ-ਕੋਠੜੀ ਵਿਚੋਂ ਆਚਰਨ ਦੀ ਚਿੱਟੀ ਚਾਦਰ ਲੈ ਕੇ ਵਿਰਲੇ ਹੀ ਲੰਘਦੇ ਹਨ। ਤੇ, ਉਹੀ ਹਨ ਮਨੁੱਖ ਜਿਨ੍ਹਾਂ ਨੂੰ ਆਦਰਸ਼ਕ ਮਨੁੱਖ ਕਿਹਾ ਜਾ ਸਕਦਾ ਹੈ।

(12) ਕਿਸਾਨ ਬੜੀ ਮੇਹਨਤ ਕਰ ਕੇ ਪੈਲੀ ਤਿਆਰ ਕਰਦਾ ਹੈ, ਫਿਰ ਉਸ ਵਿਚ ਦਾਣੇ ਬੀਜਦਾ ਹੈ। ਖੇਤੀ ਉੱਗਦੀ ਹੈ, ਤਾਂ ਪਸ਼ੂ ਉਸ ਹਰਿਆਵਲ ਨੂੰ ਵੇਖ ਕੇ ਖਾਣ ਆ ਪੈਂਦੇ ਹਨ। ਰਾਹੀ ਮੁਸਾਫ਼ਿਰ ਭੀ ਕਈ ਵਾਰੀ ਪਗ-ਡੰਡੀਆਂ ਪਾ ਕੇ ਖੇਤੀ ਮਿੱਧ ਦੇਂਦੇ ਹਨ। ਖੇਤੀ ਨੂੰ ਬਚਾ ਕੇ ਰੱਖਣ ਲਈ ਕਿਸਾਨ ਪੈਲੀ ਦੇ ਦੁਆਲੇ ਤਕੜੀ ਵਾੜ ਕਰ ਦੇਂਦਾ ਹੈ। ਪੈਲੀ ਦੀ ਰਾਖੀ ਕਰਦਾ ਹੈ। ਉਜਾੜਾ ਕਰਨ ਵਾਲੇ ਪਸ਼ੂਆਂ ਨੂੰ ਨੇੜੇ ਨਹੀਂ ਆਉਣ ਦੇਂਦਾ।

ਸਰੀਰ-ਖੇਤੀ ਵਿਚ ਸ਼ੁਭ-ਗੁਣਾਂ ਦੇ ਫ਼ਸਲ ਨੂੰ ਕਾਮਾਦਿਕ ਪਸ਼ੂਆਂ ਤੋਂ ਬਚਾ ਕੇ ਰੱਖਣ ਲਈ ਪ੍ਰਭੂ-ਯਾਦ ਦੀ ਵਾੜ ਦੀ ਲੋੜ ਹੈ।

(13) ਲੱਕੜਾਂ ਦਾ ਮਣਾਂ-ਮੂੰਹੀ ਢੇਰ ਪਿਆ ਹੋਵੇ, ਅੱਗ ਦੀ ਇਕ ਚੰਗਿਆੜੀ ਦੇ ਭਖਣ ਨਾਲ ਅਜੇਹਾ ਭਾਂਬੜ ਮੱਚਦਾ ਹੈ ਕਿ ਵੇਂਹਦਿਆਂ ਵੇਂਹਦਿਆਂ ਉਹ ਸਾਰਾ ਢੇਰ ਸੜ ਕੇ ਸੁਆਹ ਹੋ ਜਾਂਦਾ ਹੈ।

ਮਨ ਵਿਚ ਪਰਮਾਤਮਾ ਦੇ ਪਿਆਰ ਦੀ ਚੰਗਿਆੜੀ ਭਖਾਉ, ਸਾਰੇ ਦੁੱਖ ਵਿਕਾਰ ਭਸਮ ਹੋ ਜਾਣਗੇ।

(14) ਇਕੱਲਾ ਮੁਸਾਫ਼ਿਰ ਰਾਹ ਖੁੰਝ ਕੇ ਔਖੜੇ ਪੈ ਜਾਏ, ਤਾਂ ਉਸ ਨੂੰ ਚੋਰਾਂ ਡਾਕੂਆਂ ਦਾ ਖ਼ਤਰਾ ਪੈ ਜਾਂਦਾ ਹੈ। ਅਨੇਕਾਂ ਮੁਸਾਫ਼ਿਰ ਇਸ ਤਰ੍ਹਾਂ ਲੁੱਟੇ ਜਾਂਦੇ ਹਨ, ਤੇ ਅਨੇਕਾਂ ਹੀ ਜਾਨ ਤੋਂ ਭੀ ਹੱਥ ਧੋ ਬੈਠਦੇ ਹਨ।

ਸੰਸਾਰਕ ਜੀਵਨ ਇਕੱਲੇ ਮਨੁੱਖ-ਰਾਹੀ ਵਾਸਤੇ ਉਜਾੜ ਦਾ ਹੀ ਪੈਂਡਾ ਹੈ। ਕਾਮਾਦਿਕ ਚੋਰ ਡਾਕੂ ਹਰ ਵੇਲੇ ਇਸ ਦੇ ਆਤਮਕ ਜੀਵਨ ਦੇ ਲਾਗੂ ਹਨ। ਜਿਸ ਨੂੰ ਗੁਰੂ ਮਿਲ ਪਏ, ਸਤਸੰਗ ਮਿਲ ਜਾਏ, ਉਹ ਸੁਭ ਗੁਣਾਂ ਦੀ ਆਪਣੀ ਰਾਸ-ਪੂੰਜੀ ਬਚਾ ਕੇ ਲੈ ਜਾਂਦਾ ਹੈ।

(15) ਸੁਅਰਾਥ ਤੇ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਮਨੁੱਖ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ। ਮਨੁੱਖ ਨਿਰਦਇਅਤਾ ਕਠੋਰਤਾ ਆਦਿਕ ਕਈ ਅਉਗਣਾਂ ਦੇ ਦਬਾਉ ਹੇਠ ਰੋਜ਼ਾਨਾ ਕਾਰ-ਵਿਹਾਰ ਕਰਦਾ ਹੈ। ਵੇਖਣ ਨੂੰ ਦਿੱਸਦੇ ਮਨੁੱਖ ਦਾ ਸੁਭਾਉ ਪਸ਼ੂਆਂ ਵਾਲਾ ਹੋ ਜਾਂਦਾ ਹੈ। ਸਰਬ-ਵਿਆਪਕ ਪ੍ਰਭੂ ਦੀ ਯਾਦ ਦੀ ਬਰਕਤਿ ਨਾਲ ਮਨੁੱਖ ਦੀ ਆਤਮਾ, ਮਾਨੋ, ਹਰੀ ਹੋ ਜਾਂਦੀ ਹੈ, ਜੋ ਪਹਿਲਾਂ ਤੰਗ ਦਿਲੀ ਦੇ ਸੋਕੇ ਦੀ ਮਾਰੀ ਹੋਈ ਸੀ।

(16) ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਹੋਏ ਮਨੁੱਖ ਵਾਸਤੇ ਸੰਸਾਰ ਇਕ ਐਸੇ ਸਮੁੰਦਰ ਸਮਾਨ ਬਣ ਜਾਂਦਾ ਹੈ, ਜਿਸ ਵਿਚ ਵਿਕਾਰਾਂ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹੋਣ। ਅਜੇਹੇ ਠਾਠਾਂ ਮਾਰ ਰਹੇ ਸਮੁੰਦਰ ਵਿਚੋਂ ਸੁਆਰਥੀ ਜੀਵਨ ਦੀ ਕਮਜ਼ੋਰ ਬੇੜੀ ਨੂੰ ਪਾਰ ਲੰਘਾਣਾ ਮਨੁੱਖ ਵਾਸਤੇ ਬਹੁਤ ਕਠਨ ਹੋ ਜਾਂਦਾ ਹੈ।

ਪ੍ਰਭੂ-ਯਾਦ ਦੀ ਬਰਕਤਿ ਨਾਲ ਮਨੁੱਖ ਆਤਮਕ ਤੌਰ ਤੇ ਇਤਨਾ ਬਲੀ ਹੋ ਜਾਂਦਾ ਹੈ, ਕਿ ਉਹ ਸਮੁੰਦਰ ਇਸ ਨੂੰ ਇਕ ਘੜੇ ਵਿਚ ਪਏ ਪਾਣੀ ਜਿਤਨਾ ਹੀ ਭਾਸਦਾ ਹੈ, ਇਕ ਵੱਛੇ ਦੇ ਖੁਰ ਨਾਲ ਪਏ ਨਿਸ਼ਾਨ ਜਿਤਨਾ ਹੀ ਦਿੱਸਦਾ ਹੈ।

(17) ਸਹੁਰੇ ਘਰ ਜਾ ਕੇ ਸੱਜ-ਵਿਆਹੀ ਮੁਟਿਆਰ ਦਾ ਕੁਝ ਚਿਰ ਤਾਂ ਸੱਸ ਸਹੁਰਾ ਜੇਠ ਆਦਿਕ ਸਾਰੇ ਹੀ ਆਦਰ ਕਰਦੇ ਹਨ। ਪਰ ਸਹਜੇ ਸਹਜੇ ਬੋਲੀ-ਠੋਲੀ ਸ਼ੁਰੂ ਹੋ ਜਾਂਦੀ ਹੈ। ਰਤਾ ਮਾਸਾ ਡੁੱਲ੍ਹੇ ਵਿਗੜੇ ਤੋਂ ਸੱਸ ਸਹੁਰਾ ਜੇਠ ਸਭੇ ਹੀ ਝਿੜਕਾਂ ਦੇਂਦੇ ਰਹਿੰਦੇ ਹਨ। ਵਿਆਹੀ ਆਈ ਮੁਟਿਆਰ ਨੂੰ ਘਰ ਵਿਚ ਇਕੋ ਹੀ ਸਹਾਰਾ ਹੋ ਸਕਦਾ ਹੈ, ਉਹ ਹੈ ਆਪਣੇ ਪਤੀ ਦਾ। ਜੇ ਪਤੀ ਪਿਆਰ ਕਰਦਾ ਰਹੇ, ਤਾਂ ਮੁਟਿਆਰ ਹੋਰ ਕਿਸੇ ਦੀਆਂ ਝਿੜਕਾਂ ਦੀ ਪਰਵਾਹ ਨਹੀਂ ਕਰਦੀ।

ਜੇਹੜੀ ਜਿੰਦ-ਵਹੁਟੀ ਪਤੀ-ਪਰਮਾਤਮਾ ਦਾ ਪਿਆਰ ਜਿੱਤ ਲੈਂਦੀ ਹੈ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਸਾੜ ਨਹੀਂ ਸਕਦੀ, ਜਗਤ ਦਾ ਮੋਹ ਤੌਖਲੇ ਵਿਚ ਨਹੀਂ ਪਾ ਸਕਦਾ, ਮੌਤ ਦਾ ਸਹਿਮ ਡਰਾ ਨਹੀਂ ਸਕਦਾ।

(18) ਮਨੁੱਖ ਜਿਤਨਾ ਚਿਰ ਸੁਆਰਥੀ ਹੈ, ਉਤਨਾ ਚਿਰ ਇਸ ਦਾ ਜੀਵਨ ਪਸ਼ੂ-ਸਮਾਨ ਹੈ। ਅੱਕ ਦੀਆਂ ਅੰਬਾਕੜੀਆਂ ਵੇਖਣ ਨੂੰ ਸੋਹਣੇ ਅੰਬ ਦਿੱਸਦੀਆਂ ਹਨ। ਮਨੁੱਖ ਭੀ ਨਿਰਾ ਵੇਖਣ ਨੂੰ ਹੀ ਬਾਕੀ ਦੀਆਂ ਜੂਨਾਂ ਦੇ ਜੀਵਾਂ ਨਾਲੋਂ ਸੋਹਣਾ ਦਿੱਸਦਾ ਹੈ। ਪਰ ਜਦੋਂ ਪਰਮਾਤਮਾ ਦੀ ਯਾਦ ਦੀ ਬਰਕਤਿ ਨਾਲ ਇਸ ਦਾ ਸੁਆਰਥੀ ਸੁਭਾਉ ਬਦਲਦਾ ਹੈ, ਤਾਂ ਅੰਬਾਕੜੀ ਤੋਂ ਪੱਕਾ ਅੰਬ ਬਣ ਜਾਂਦਾ ਹੈ। ਪਸ਼ੂ-ਬਿਰਤੀਆਂ ਦੂਰ ਹੋ ਜਾਂਦੀਆਂ ਹਨ। ਖ਼ੁਦ-ਗ਼ਰਜ਼ੀ ਖ਼ਤਮ ਹੋ ਜਾਂਦੀ ਹੈ। ਅਹੰਕਾਰ ਲੋਪ ਹੋ ਜਾਂਦਾ ਹੈ। ਮਨੁੱਖ ਦੀ ਕਾਂਇਆਂ ਹੀ ਪਲਟ ਜਾਂਦੀ ਹੈ। ਇਸ ਦੇ ਸੁਭਾਉ ਵਿਚ ਮਿਠਾਸ ਹੀ ਮਿਠਾਸ। ਇਸ ਦੇ ਅੰਦਰ ਖ਼ਲਕਤ ਦੇ ਪਿਆਰ ਦਾ ਨਿੱਘ ਪੈਦਾ ਹੁੰਦਾ ਹੈ। ਆਪਣਾ ਜੀਵਨ ਖ਼ਲਕਤ ਦੀ ਸੇਵਾ ਵਿਚ ਗੁਜ਼ਾਰਦਾ ਹੈ।

(19) ਛੀਂਬਾ ਗਜ਼ ਨਾਲ ਕਪੜਾ ਮਿਣਦਾ ਹੈ। ਕੁਰਤਾ ਆਦਿਕ ਤਿਆਰ ਕਰਨ ਲਈ ਉਸ ਨੂੰ ਕੈਂਚੀ ਨਾਲ ਕੱਟ ਕੇ ਸੂਈ ਧਾਗੇ ਨਾਲ ਸਿਉ ਲੈਂਦਾ ਹੈ।

ਭਗਤ ਨਾਮਦੇਵ ਜੀ ਜਾਤਿ ਦੇ ਛੀਂਬੇ ਸਨ। ਆਪਣੇ ਕਿੱਤੇ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਪ੍ਰਭੂ ਚਰਨਾਂ ਦਾ ਪ੍ਰੇਮੀ ਆਪਣੀ ਸੁਰਤਿ ਪ੍ਰਭੂ ਦੀ ਯਾਦ ਵਿਚ ਪ੍ਰੋਂਦਾ ਹੈ, ਤੇ ਜੀਭ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ। ਇਸ ਤਰ੍ਹਾਂ ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।

ਪਿਆਰ ਤੇ ਯਾਦ, ਯਾਦ ਅਤੇ ਪਿਆਰ ਦਾ ਡੂੰਘਾ ਸੰਬੰਧ ਹੈ।

(20) ਇਹ ਸੰਸਾਰ ਇਕ ਜੰਗਲ ਸਮਾਨ ਹੈ ਜਿਸ ਵਿਚ ਗਿੱਦੜ ਆਦਿਕ ਅਨੇਕਾਂ ਪਸ਼ੂ ਵਿਚਰ ਰਹੇ ਹਨ। ਸ਼ੇਰ ਇਸ ਜੰਗਲ ਦਾ ਸਰਦਾਰ ਹੈ। ਜੇਹੜਾ ਕੋਈ ਸ਼ੇਰ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਗਿੱਦੜ ਆਦਿਕਾਂ ਤੋਂ ਕੋਈ ਡਰ-ਖ਼ਤਰਾ ਨਹੀਂ ਰਹਿ ਜਾਂਦਾ।

ਪਰਮਾਤਮਾ ਦੇ ਨਾਮ ਦੀ ਓਟ ਲਿਆਂ ਵਿਕਾਰ ਤੰਗ ਕਰਨੋਂ ਹਟ ਜਾਂਦੇ ਹਨ।

(21) ਦਰੀਆਵਾਂ ਦਾ ਪਾਣੀ ਸਾਧਾਰਣ ਤੌਰ ਤੇ ਤਾਂ ਪੱਧਰਾ ਹੀ ਵਹਿੰਦਾ ਹੈ, ਪਰ ਜਿਥੇ ਕਿਤੇ ਵਹਿਣ ਦੇ ਰਸਤੇ ਵਿਚ ਕੋਈ ਭਾਰੀ ਅਟਕ ਆ ਜਾਏ, ਜਾਂ, ਅਚਨਚੇਤ ਬਹੁਤ ਨੀਵੀਂ ਧਰਤੀ ਆ ਜਾਏ, ਤਾਂ ਉਥੇ ਪਾਣੀ ਵਿਚ ਬੜੀਆਂ ਠਿੱਲਾਂ ਪੈਣ ਲੱਗ ਪੈਂਦੀਆਂ ਹਨ। ਕਈ ਥਾਂਈਂ ਘੁੰਮਣ-ਘੇਰੀਆਂ ਭੀ ਪੈਂਦੀਆਂ ਹਨ। ਮਲਾਹ ਅਜੇਹੇ ਥਾਵਾਂ ਤੋਂ ਆਪਣੀ ਬੇੜੀ ਬੜੇ ਸੁਚੇਤ ਹੋ ਕੇ ਲੰਘਾਂਦੇ ਹਨ। ਬੇੜੀ ਵਿਚ ਬੈਠੇ ਰਾਹੀਆਂ ਦੇ ਰੰਗ ਤਾਂ ਫੱਕ ਹੋ ਜਾਂਦੇ ਹਨ, ਪਰ ਜੇ ਮਲਾਹ ਸਿਆਣੇ ਹੋਣ ਤਾਂ ਕੋਈ ਖ਼ਤਰਾ ਨਹੀਂ ਵਾਪਰਦਾ।

ਸੰਸਾਰਕ ਜੀਵਨ ਇਕ ਸਮੁੰਦਰ ਹੈ, ਇਕ ਵੱਡਾ ਦਰਿਆ ਹੈ ਅਨੇਕਾਂ ਕਿਸਮਾਂ ਦੇ ਵਿਕਾਰਾਂ ਦੇ ਇਸ ਵਿਚ ਝੱਖੜ ਝੁੱਲ ਰਹੇ ਹਨ, ਛੱਲ ਪੈ ਰਹੇ ਹਨ। ਮਨੁੱਖਾ ਸਰੀਰ ਦੀ ਬੇੜੀ ਇਹਨਾਂ ਛੱਲਾਂ ਵਿਚ ਡੋਲਦੀ ਹੈ। ਅਨੇਕਾਂ ਹੀ ਡੁੱਬ ਜਾਂਦੇ ਹਨ। ਪਰ ਜਿਨ੍ਹਾਂ ਨੂੰ ਸਿਆਣਾ ਗੁਰੂ ਮੁਹਾਣਾ ਮਿਲ ਜਾਂਦਾ ਹੈ, ਉਹਨਾਂ ਦੀ ਬੇੜੀ ਸਹੀ ਸਲਾਮਤਿ ਪਾਰ ਲੰਘ ਜਾਂਦੀ ਹੈ।

(22) ਛੰਭਾਂ ਵਿਚ ਹਰ ਸਾਲ ਅਨੇਕਾਂ ਸੈਲਾਨੀ ਪੰਛੀ ਆਉਂਦੇ ਹਨ। ਉਹਨਾਂ ਨੂੰ ਸ਼ਿਕਾਰ ਕਰਨ ਲਈ ਭੀ ਅਨੇਕਾਂ ਸ਼ਿਕਾਰੀ ਪਹੁੰਚੇ ਰਹਿੰਦੇ ਹਨ। ਹਰ ਰੋਜ਼ ਅਨੇਕਾਂ ਹੀ ਪੰਛੀ ਮਾਰੇ ਜਾਂਦੇ ਹਨ।

ਜੀਵ ਇਸ ਸੰਸਾਰ-ਸਰੋਵਰ ਇਕ ਪੰਛੀ-ਸਮਾਨ ਹੈ। ਕਾਮਾਦਿਕ ਅਨੇਕਾਂ ਹੀ ਸ਼ਿਕਾਰੀ ਇਸ ਦੇ ਆਤਮਕ ਜੀਵਨ ਦੇ ਲਾਗੂ ਆ ਬਣਦੇ ਹਨ। ਇਕੱਲੇ ਜੀਵ-ਪੰਛੀ ਦੀ ਇਹਨਾਂ ਦੇ ਟਾਕਰੇ ਤੇ ਕੋਈ ਪੇਸ਼ ਨਹੀਂ ਜਾਂਦੀ। ਬਚ ਕੇ ਉਹੀ ਨਿਕਲਦਾ ਹੈ ਜੋ ਪਰਮਾਤਮਾ ਦੀ ਓਟ ਲੈਂਦਾ ਹੈ।

(23) ਜੋ ਮਨੁੱਖ ਪ੍ਰਭੂ ਦੀ ਯਾਦ ਹਿਰਦੇ ਵਿਚ ਵਸਾਉਂਦਾ ਹੈ ਉਹ ਆਪ ਤਾਂ ਵਿਕਾਰਾਂ ਤੋਂ ਬਚਦਾ ਹੀ ਹੈ, ਹੋਰਨਾਂ ਨੂੰ ਭੀ ਬਚਾਣ ਦੇ ਸਮਰਥ ਹੋ ਜਾਂਦਾ ਹੈ।

(24) ਜਿਨ੍ਹਾਂ ਪ੍ਰਭੂ ਦਾ ਪੱਲਾ ਫੜਿਆ, ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਪਿਛੇ ਪਿਛੇ ਫਿਰਦੀ ਹੈ।

ਉਹ ਮਨੁੱਖ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਆਪਣੀ ਜੀਵਨ-ਨਈਆ ਸਹੀ-ਸਲਾਮਤ ਪਾਰ ਲੰਘਾ ਲੈਂਦੇ ਹਨ।

(25) ਰੱਬ ਦਾ ਪਿਆਰਾ ਮਨੁੱਖ ਕਿਰਤ ਕਾਰ ਤਾਂ ਕਰਦਾ ਹੈ, ਪਰ ਉਸ ਦਾ ਮਨ ਮਾਇਆ ਦੇ ਮੋਹ ਵਿਚ ਖੁੱਭਦਾ ਨਹੀਂ।

(26) ਘੜੇ ਦਾ ਪਾਣੀ ਕਿਸੇ ਭਰੇ ਸਰੋਵਰ ਵਿਚ ਡੋਹਲ ਦਿਓ। ਘੜੇ ਦਾ ਉਹ ਪਾਣੀ ਮੁੜ ਵੱਖ ਨਹੀਂ ਕੀਤਾ ਜਾ ਸਕਦਾ। ਰਲ ਕੇ ਇੱਕ-ਜਾਨ ਹੋ ਜਾਂਦੇ ਹਨ।

ਜਿਸ ਨੂੰ ਮੁੜ ਮੁੜ ਯਾਦ ਕਰੀਏ, ਉਸ ਨਾਲ ਡੂੰਘਾ ਪਿਆਰ ਪੈ ਜਾਂਦਾ ਹੈ। ਪਿਆਰ ਦੀ ਸਾਂਝ ਨਾਲ ਸੁਭਾਵ ਮਿਲ ਜਾਂਦੇ ਹਨ, ਮਾਨੋ, ਦੋ ਜਿੰਦਾਂ ਮਿਲ ਕੇ ਇਕ ਹੋ ਜਾਂਦੀਆਂ ਹਨ।

ਪਰਮਾਤਮਾ ਦੀ ਯਾਦ ਨਾਲ ਮਨੁੱਖ ਦਾ ਸੁਆਰਥੀ ਸੁਭਾਉ ਦੂਰ ਹੋ ਹੋ ਕੇ ਮੇਰ-ਤੇਰ ਮਿਟਦੀ ਜਾਂਦੀ ਹੈ, ਆਤਮਾ ਇਤਨੀ ਉੱਚੀ ਹੁੰਦੀ ਜਾਂਦੀ ਹੈ ਕਿ ਜੀਵਾਤਮਾ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ।

(27) ਹੰਸ ਮਾਨ ਸਰੋਵਰ ਵਿਚ ਰਹਿ ਕੇ ਹੀ ਖ਼ੁਸ਼ ਰਹਿੰਦੇ ਹਨ। ਉਹਨਾਂ ਦੀ ਖ਼ੁਰਾਕ ਭੀ ਹੈ ਮੋਤੀ। ਜੇ ਕਦੇ ਭਾਵੀ-ਵੱਸ ਹੋ ਕੇ ਉਹਨਾਂ ਨੂੰ ਮਾਨ ਸਰੋਵਰ ਤੋਂ ਦੂਰ ਕਿਸੇ ਛੱਪੜੀ ਦੇ ਕੰਢੇ ਬੈਠਣਾ ਪੈ ਜਾਏ, ਕਿਤੇ ਕੋਧਰੇ ਦੀ ਪੈਲੀ ਵਿਚ ਉਤਰਨਾ ਪੈ ਜਾਏ, ਤਾਂ ਉਹ ਛੱਪੜੀ ਵਿਚੋਂ ਡੱਡੀਆਂ ਫੜ ਕੇ ਨਹੀਂ ਖਾਣਗੇ, ਨਾਹ ਹੀ ਉਹ ਕੋਧਰੇ ਦੇ ਦਾਣੇ ਚੁਗਣਗੇ।

ਮਹਾ ਪੁਰਖ ਕਦੇ ਵਿਕਾਰਾਂ ਵਿਚ ਨਹੀਂ ਫਸਦੇ, ਭਾਵੇਂ ਉਹਨਾਂ ਨੂੰ ਸਤਸੰਗ ਤੋਂ ਦੂਰ ਹੀ ਰਹਿਣਾ ਪੈ ਜਾਏ।

(28) ਕਿਸੇ ਗਲੀ ਮੁਹੱਲੇ ਦਾ ਕੁੱਤਾ ਹਰੇਕ ਨਵੇਂ ਓਪਰੇ ਆਏ ਬੰਦੇ ਨੂੰ ਵੇਖ ਕੇ ਭੌਂਕਦਾ ਹੈ। ਰਾਤ ਵੇਲੇ ਕੋਈ ਇਕ ਕੁੱਤਾ ਭੌਂਕ ਪਏ, ਤਾਂ ਹਰ ਪਾਸੇ ਆਪੋ ਆਪਣੇ ਥਾਂ ਬੈਠੇ ਕੁੱਤੇ ਭੌਂਕਣ ਲੱਗ ਪੈਂਦੇ ਹਨ, ਇਉਂ ਜਾਪਦਾ ਹੈ ਜਿਵੇਂ ਹਵਾ ਨੂੰ ਹੀ ਪਏ ਭੌਂਕਦੇ ਹਨ। ਨਿੱਤ ਭੌਂਕਣਾ ਨਿੱਤ ਭੌਂਕਣਾ ਕੁੱਤੇ ਦੀ ਆਦਤ ਬਣੀ ਹੁੰਦੀ ਹੈ।

ਕਾਂ ਕਰੰਗ ਨੂੰ ਬੜੇ ਸ਼ੌਂਕ ਨਾਲ ਚੂੰਡਦੇ ਹਨ। ਗੰਦੀ ਮੰਦੀ ਚੀਜ਼ ਉਹਨਾਂ ਦਾ ਮਨ ਭਾਉਂਦਾ ਖਾਣਾ ਹੈ।

ਕੁਦਰਤ ਵਿਚ ਹਰ ਪਾਸੇ ਪਰਮਾਤਮਾ ਨੇ ਰੰਗ-ਰੰਗ ਦੇ ਸੋਹਣੇ ਪਦਾਰਥ ਬਣਾਏ ਹੋਏ ਹੋਏ ਹਨ। ਮਨੁੱਖ ਦਾ ਮਨ ਤੇ ਗਿਆਨ-ਇੰਦ੍ਰੇ ਕੁੱਤੇ ਵਾਂਗ ਹਰੇਕ ਪਦਾਰਥ ਵਾਸਤੇ ਮਾਨੋ, ਭੌਂਕਦੇ ਹਨ। ਪਰ ਇਹ ਲਾਲਸਾ ਜਿਉਂ ਜਿਉਂ ਵਧੇ, ਤਿਉਂ ਤਿਉਂ ਖ਼ੁਆਰ ਕਰਦੀ ਹੈ। ਕਾਮਾਦਿਕ ਵਿਕਾਰ ਕਾਵਾਂ ਵਾਂਗ ਮਨੁੱਖ ਦੀ ਸਾਰੀ ਸਰੀਰਕ ਸੱਤਿਆ ਨਿਚੋੜ ਲੈਂਦੇ ਹਨ, ਤੇ ਆਤਮਕ ਜੀਵਨ ਤਬਾਹ ਕਰ ਦੇਂਦੇ ਹਨ। ਜਿਸ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸੇ, ਉਥੇ ਇਹ ਮਾਰ ਨਹੀਂ ਕਰ ਸਕਦੇ।

ਨਾਮ ਦੀ ਦਾਤਿ

(ਖ) ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ

1. ਪਉੜੀ ਮ: 1 (ਵਾਰ ਆਸਾ) . . . . ਨਦਰਿ ਕਰਹਿ ਜੇ ਆਪਣੀ (ਪੰਨਾ 465

2. ਪਉੜੀ ਮ: 3 (ਵਾਰ ਮਾਰੂ) . . . . ਭਾਣੈ ਹੁਕਮੁ ਮਨਾਇਓਨੁ (ਪੰਨਾ 1093

3. ਪਉੜੀ ਮ: 3 (ਮਾਰੂ ਕੀ ਵਾਰ) . . . . ਆਪੇ ਕਰਿ ਕਰਿ ਵੇਖਦਾ (ਪੰਨਾ 1094

4. ਮਾਝ ਮ: 5 (ਬਾਰਹਮਾਹ) . . . . ਹਰਿ ਜੇਠ ਜੁੜੰਦਾ ਲੋੜੀਐ (ਪੰਨਾ 134

5. ਪਉੜੀ 1 ਮ: 5 (ਮਾਰੂ ਕੀ ਵਾਰ) . . . . ਤੂ ਸਚਾ ਸਾਹਿਬੁ ਸਚੁ (ਪੰਨਾ 1094

6. ਪਉੜੀ 2 ਮ: 5 (ਵਾਰ ਮਾਰੂ) . . . . ਤੂ ਅਗਮ ਦਇਆਲ ਬੇਅੰਤੁ (ਪੰਨਾ 1094

7. ਪਉੜੀ 3 ਮ: 5 (ਮਾਰੂ ਕੀ ਵਾਰ) . . . . ਤੂ ਪਾਰਬ੍ਰਹਮੁ ਪਰਮੇਸਰੁ (ਪੰਨਾ 1095

8. ਪਉੜੀ 4 ਮ: 5 (ਵਾਰ ਮਾਰੂ) . . . . ਸੁਘੜੁ ਸੁਜਾਣੁ ਸਰੂਪੁ ਤੂ (ਪੰਨਾ 1095

9. ਪਉੜੀ 11 ਮ: 5 (ਮਾਰੂ ਕੀ ਵਾਰ) . . . . ਵਿਣੁ ਕਰਮਾ ਹਰਿ ਜੀਉ ਨ ਪਾਈਐ (ਪੰਨਾ 1098

10. ਪਉੜੀ 21, ਮ: 5 (ਵਾਰ ਮਾਰੂ) . . . . ਹਰਿ ਜੀ ਮਾਤਾ ਹਰਿ ਜੀ ਪਿਤਾ (ਪੰਨਾ 1101

11. ਪਉੜੀ 22, ਮ: 5 (ਮਾਰੂ ਕੀ ਵਾਰ) . . . . ਕਾਰਣੁ ਕਰਤੈ ਜੋ ਕੀਆ (ਪੰਨਾ 1102

12. ਪਉੜੀ 13, ਮ: 5 (ਵਾਰ ਮਾਰੂ) . . . . ਕੀਮਤਿ ਕਹਣੁ ਨ ਜਾਈਐ (ਪੰਨਾ 1102

13. ਸਲੋਕ ਫਰੀਦ ਜੀ . . . . ਫਰੀਦਾ ਕਾਲੀ ਜਿਨੀ ਨ ਰਾਵਿਆ (ਪੰਨਾ 1378

ਭਾਵ:

(1) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ। ਕਈ ਜੂਨਾਂ ਵਿਚ ਭਟਕਦੇ ਆ ਰਹੇ ਉਸ ਮਨੁੱਖ ਨੂੰ ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੇ ਰਸਤੇ ਉਤੇ ਤੋਰਦਾ ਹੈ। ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਰੱਬੀ ਦਾਤਿ, ਸਿਫ਼ਤਿ-ਸਾਲਾਹ ਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ। ਦੁਨੀਆ ਦੇ ਹੋਰ ਪਦਾਰਥ ਇਸ ਦੇ ਟਾਕਰੇ ਤੇ ਤੁੱਛ ਹਨ। ਸੋ, ਗੁਰੂ ਮਨੁੱਖ ਨੂੰ ਸਭ ਤੋਂ ਉੱਚੀ ਦਾਤਿ ਬਖ਼ਸ਼ਦਾ ਹੈ। ਪਰ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੀ ਅਕਲ-ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਸਤੇ ਉਤੇ ਤੁਰੇ।

(2) ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਉਸ ਦੀ ਯਾਦ ਵਿਚ ਜੁੜਦਾ ਹੈ ਉਹ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ।

(3) ਪਰਮਾਤਮਾ, ਮਾਲਕ ਤਾਂ ਸਭ ਜੀਵਾਂ ਦਾ ਹੈ; ਪਰ ਉਸ ਦੇ ਸਿਮਰਨ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਨੂੰ ਆਪਣੀ ਮਿਹਰ ਨਾਲ ਉਹ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ। ਸਾਰੇ ਜੀਵ ਇਸ-ਜਗਤ-ਅਖਾੜੇ ਵਿਚ ਉਸ ਪਰਮਾਤਮਾ ਦੇ ਨਚਾਏ ਨਚ ਰਹੇ ਹਨ।

(4) ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ; ਜੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੁੜ ਕੇ ਦੁਖੀ ਕਿਉਂ ਹੋਣ? ਪਰਮਾਤਮਾ ਦੇ ਮਿਲਾਪ ਦਾ ਆਨੰਦ ਉਹੀ ਬੰਦੇ ਮਾਣਦੇ ਹਨ ਜਿਨ੍ਹਾਂ ਨੂੰ ਉਸ ਦੀ ਮਿਹਰ ਨਾਲ ਗੁਰੂ ਦਾ ਸਾਥ ਮਿਲ ਜਾਏ। ਜਿਨ੍ਹਾਂ ਨੂੰ ਪਰਮਾਤਮਾ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ ਆਪਣਾ ਬਣਾ ਲੈਂਦਾ ਹੈ। ਉਹਨਾਂ ਨੂੰ ਜਗਤ ਵਿਚ ਸ਼ਾਬਾਸ਼ ਮਿਲਦੀ ਹੈ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ। ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖਲਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।

(5) ਪਰਮਾਤਮਾ ਨੇ ਇਹ ਜਗਤ ਆਪ ਹੀ ਪੈਦਾ ਕੀਤਾ ਹੈ; ਤ੍ਰੈ-ਗੁਣੀ ਮਾਇਆ ਭੀ ਉਸ ਨੇ ਆਪ ਹੀ ਬਣਾਈ ਹੈ, ਸਾਰੇ ਜੀਵ ਭੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ। ਉਸ ਦੀ ਰਜ਼ਾ ਅਨੁਸਾਰ ਹੀ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਇਹ ਨਿਯਮ ਭੀ ਉਸੇ ਨੇ ਬਣਾਇਆ ਹੋਇਆ ਹੈ ਕਿ ਜੀਵ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਮਾਇਆ ਦੇ ਮੋਹ ਤੋਂ ਬਚਣ।

(6) ਸਿਰਜਣਹਾਰ ਨੂੰ ਭੁਲਾ ਕੇ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਤੇ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਉਹ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। ਸਿਰਫ਼ ਇਹੀ ਰਸਤਾ ਹੈ ਮਾਇਆ ਦੇ ਮੋਹ ਵਿਚੋਂ ਨਿਕਲਣ ਦਾ।

(7) ਮਾਇਆ ਨਾਲ ਤਾਂ ਮਨੁੱਖ ਨੂੰ ਹਰ ਵੇਲੇ ਵਾਹ ਪੈਂਦਾ ਹੈ, ਇਸ ਵਾਸਤੇ ਉਸ ਦੇ ਮੋਹ ਵਿਚ ਸੁਭਾਵਿਕ ਹੀ ਫਸ ਜਾਂਦਾ ਹੈ। ਪਰ ਪਰਮਾਤਮਾ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ, ਉਸ ਨਾਲ ਪਿਆਰ ਬਣਨਾ ਬੜੀ ਔਖੀ ਗੱਲ ਹੈ। ਸੋ, ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੀ ਸਰਨ ਪੈ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ।

(8) ਮਾਇਆ ਰਚਣ ਵਾਲਾ ਭੀ ਤੇ ਜੀਵ ਪੈਦਾ ਕਰਨ ਵਾਲਾ ਭੀ ਪਰਮਾਤਮਾ ਆਪ ਹੀ ਹੈ। ਉਸ ਦੀ ਆਪਣੀ ਹੀ ਰਚੀ ਇਹ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਜੀਵਾਂ ਦੇ ਵੱਸ ਦੀ ਗੱਲ ਨਹੀਂ।

(9) ਪਰਮਾਤਮਾ ਦੀ ਮਿਹਰ ਤੋਂ ਬਿਨਾ ਮਨੁੱਖ ਨੂੰ ਗੁਰੂ ਦਾ ਮਿਲਾਪ ਹਾਸਲ ਨਹੀਂ ਹੁੰਦਾ। ਤੇ, ਗੁਰੂ ਦੀ ਸੰਗਤਿ ਤੋਂ ਬਿਨਾ ਮਨੁੱਖ ਦੇ ਅੰਦਰੋਂ ਅਹੰਕਾਰ ਦੂਰ ਨਹੀਂ ਹੁੰਦਾ, ਹਉਮੈ ਨਹੀਂ ਮਿਟਦੀ। ਹਉਮੈ ਅਤੇ ਪ੍ਰਭੂ-ਮਿਲਾਪ;ਇਹ ਦੋਵੇਂ ਇਕੋ ਹਿਰਦੇ ਵਿਚ ਨਹੀਂ ਟਿਕ ਸਕਦੇ। ਸੋ, ਗੁਰੂ ਦੀ ਸਰਨ ਪੈ ਕੇ ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਸਿਮਰਨ ਹੋ ਸਕਦਾ ਹੈ, ਤੇ, ਆਤਮਕ ਆਨੰਦ ਮਿਲਦਾ ਹੈ।

(10) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਨਾਮ ਦੀ ਦਾਤਿ ਬਖ਼ਸ਼ਦਾ ਹੈ। ਉਸ ਦੀਆਂ ਮੂੰਹ-ਮੰਗੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਸਾਰੇ ਸੁਖ ਉਸ ਦੇ ਦਾਸ ਬਣ ਜਾਂਦੇ ਹਨ।

(11) ਪਰਮਾਤਮਾ ਨੇ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਬਖ਼ਸ਼ੀ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ। ਉਹ ਪਰਮਾਤਮਾ ਦੀ ਮਿਹਰ ਦਾ ਪਾਤਰ ਬਣ ਗਿਆ। ਦੁਨੀਆ ਵਾਲੇ ਸਾਰੇ ਡਰ-ਸਹਿਮ ਉਸ ਦੇ ਅੰਦਰੋਂ ਮੁੱਕ ਗਏ। ਗੁਰੂ-ਜਹਾਜ਼ ਵਿਚ ਬੈਠ ਕੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

(12) ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ। ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸੇ ਨੂੰ ਆਪਣੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ।

(13) ਪਹਿਲੀ ਉਮਰੇ ਜੇਹੜੀਆਂ ਆਦਤਾਂ ਬਣ ਜਾਣ, ਉਹਨਾਂ ਨੂੰ ਹਟਾਉਣਾ ਬਹੁਤ ਹੀ ਔਖਾ ਕੰਮ ਹੋ ਜਾਂਦਾ ਹੈ।

ਜੇਹੜੇ ਜਵਾਨੀ ਵੇਲੇ ਰੱਬ ਵਲ ਨਹੀਂ ਪਰਤ ਸਕਦੇ, ਬੁਢੇਪੇ ਵੇਲੇ ਉਹਨਾਂ ਦਾ ਮਨ ਇਸ ਪਾਸੇ ਬੜੀ ਉਚੇਚੀ ਮੇਹਨਤ ਨਾਲ ਹੀ ਪਰਤ ਸਕਦਾ ਹੈ।

ਉਂਞ ਕੋਈ ਮਾਣ ਨਹੀਂ ਕਰ ਸਕਦਾ। ਇਸ਼ਕ ਰੱਬੀ ਦਾਤ ਹੈ।

12. ਅਰਦਾਸਿ

(ੳ) ਨਾਮ ਦੀ ਮੰਗ

1. ਆਸਾ ਮ: 5 . . . . ਤੁਝ ਬਿਨੁ ਅਵਰੁ ਨਾਹੀ ਮੈ ਦੂਜਾ (ਪੰਨਾ 378

2. ਟੋਡੀ ਮ: 5 . . . . ਸਤਿਗੁਰ ਆਇਓ ਸਰਣਿ ਤੁਹਾਰੀ (ਪੰਨਾ 713

3. ਸੂਹੀ ਮ: 5 . . . . ਦਰਸਨੁ ਦੇਖਿ ਜੀਵਾ ਗੁਰ ਤੇਰਾ (ਪੰਨਾ 741

4. ਸੂਹੀ ਛੰਤ ਮ: 5 . . . . ਤੂ ਠਾਕੁਰੋ ਬੈਰਾਗਰੋ (ਪੰਨਾ 779

5. ਬਿਲਾਵਲੁ ਮ: 5 . . . . ਰਾਖਹੁ ਅਪਨੀ ਸਰਣਿ ਪ੍ਰਭ (ਪੰਨਾ 809

6. ਰਾਮਕਲੀ ਮ: 5 . . . . ਕਿਰਪਾ ਕਰਹੁ ਦੀਨ ਕੇ ਦਾਤੇ (ਪੰਨਾ 882

7. ਬਿਲਾਵਲੁ ਕਬੀਰ ਜੀ . . . . ਦਰਮਾਦੇ ਠਾਢੇ ਦਰਬਾਰਿ (ਪੰਨਾ 856

8. ਮਾਲੀਗਉੜਾ ਨਾਮਦੇਵ ਜੀ . . . . ਮੇਰੋ ਬਾਪੁ ਮਾਧਉ (ਪੰਨਾ 988

ਅਰਦਾਸਿ

ਜ਼ਰੂਰੀ ਨੋਟ:ਅਰਦਾਸ ਸਾਡੇ ਹਿਰਦੇ ਵਿਚ ਇਹ ਯਕੀਨ ਬਿਠਾਂਦੀ ਹੈ ਕਿ ਪਰਮਾਤਮਾ ਸਚ-ਮੁਚ ਮੌਜੂਦ ਹੈ।

ਅਰਦਾਸ ਵੇਲੇ ਮਨੁੱਖ ਦੀ ਮੰਗ ਆਤਮਾ ਸੰਬੰਧੀ ਹੋਵੇ ਚਾਹੇ ਦੁਨੀਆ ਦੇ ਪਦਾਰਥਾਂ ਲਈ, ਪਰ ਤਾਂਘ ਇਹੀ ਹੁੰਦੀ ਹੈ ਕਿ ਇਸ ਲੋੜ ਦੀ ਖ਼ਾਤਰ ਪਰਮਾਤਮਾ ਆਪ ਸਾਡੀ ਸਹਾਇਤਾ ਕਰੇ, ਆਪਣੀ ਉਹ ਤਾਕਤ ਵਰਤੇ ਜਿਸ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਪਈ, ਤੇ, ਜਿਸ ਦੇ ਵਰਤੇ ਜਾਣ ਤੇ ਲੋਕ ਆਖਣ ਲੱਗ ਪੈਂਦੇ ਹਨ ਕਿ ਕਰਾਮਾਤ ਹੋ ਗਈ ਹੈ। ਸੋ, ਅਰਦਾਸ ਮਨੁੱਖ ਨੂੰ ਦਿੱਸਦੇ ਜਗਤ ਤੋਂ ਚੁੱਕ ਕੇ ਉੱਚੇ ਆਤਮਕ ਮੰਡਲਾਂ ਵਿਚ ਲੈ ਅੱਪੜਦੀ ਹੈ।

ਅਰਦਾਸ ਦੀ ਬਰਕਤਿ ਨਾਲ ਸਾਨੂੰ ਸਦਾ ਚੇਤੇ ਰਹਿੰਦਾ ਹੈ ਕਿ ਪਰਮਾਤਮਾ ਸਾਡਾ ਆਸਰਾ-ਪਰਨਾ ਹੈ ਤੇ ਉਸ ਤੋਂ ਬਿਨਾ ਅਸੀਂ ਅਧੂਰੇ ਹਾਂ।

ਅਰਦਾਸ ਸਾਡੀ ਸਰਧਾ ਨੂੰ ਹੁਲਾਰਾ ਦੇਂਦੀ ਹੈ, ਤੇ, ਇਸ ਤਰ੍ਹਾਂ ਸਾਨੂੰ ਇਸ ਰਾਹੇ ਹੋਰ ਉੱਦਮੀ ਬਣਾਂਦੀ ਹੈ।

ਅਰਦਾਸ ਦੇ ਅੱਭਿਆਸ ਨਾਲ ਆਤਮਾ ਦੀਆਂ ਹੋਰ ਸ਼ਕਤੀਆਂ ਭੀ ਹੁਲਾਰੇ ਵਿਚ ਆਉਂਦੀਆਂ ਹਨ। ਜਿਉਂ ਜਿਉਂ ਅਸੀਂ ਪਰਮਾਤਮਾ ਦੇ ਚਰਨਾਂ ਵਿਚ ਜੁੜਾਂਗੇ, ਮਾਇਕ ਪਦਾਰਥਾਂ ਦੇ ਸੰਸਕਾਰ ਸਾਡੀ ਸੁਰਤਿ ਦੀ ਡੋਰ ਨੂੰ ਤੋੜ ਨਹੀਂ ਸਕਣਗੇ। ਆਮ ਤੌਰ ਤੇ ਜੜ੍ਹ ਪਦਾਰਥਾਂ ਨਾਲ ਅਸੀਂ ਜੜ੍ਹ ਹੀ ਹੋ ਰਹੇ ਹਾਂ। ਪਰ ਜਿਹੜੇ ਗੁਰਮੁਖ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਈ ਥੋੜਾ ਭੀ ਸਮਾ ਮੁਕਰਰ ਕਰਦੇ ਹਨ ਉਹ ਜਾਣਦੇ ਹਨ ਕਿ ਨਿਰਾ ਇਤਨਾ ਹੀ ਉੱਦਮ ਮਨ ਨੂੰ ਮਾਇਆ ਦੇ ਪ੍ਰਭਾਵ ਤੋਂ ਉਚੇਰਾ ਕਰੀ ਜਾਂਦਾ ਹੈ।

ਅਰਦਾਸ ਦੀ ਰਾਹੀਂ ਮਨੁੱਖ ਨੂੰ ਇਕ ਹੋਰ ਸੁਆਦਲੀ ਬਰਕਤਿ ਹਾਸਲ ਹੋ ਜਾਂਦੀ ਹੈ। ਆਪਣੀ ਖ਼ਾਤਰ ਕੀਤੀ ਹੋਈ ਅਰਦਾਸ ਨੂੰ ਸਫਲ ਹੁੰਦਾ ਵੇਖ ਕੇ ਮਨੁੱਖ ਦੇ ਅੰਦਰ ਸਾਰੀ ਮਨੁੱਖ ਜਾਤੀ ਦੇ ਭਲੇ ਵਾਸਤੇ ਇਕ ਤਰੰਗ ਉੱਠਦਾ ਹੈ। ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਵਿਚ ਪੇਸ਼ ਕਰਨ ਵੇਲੇ ਮਨੁੱਖ ਦੂਜਿਆਂ ਦੇ ਭਲੇ ਲਈ ਅਰਦਾਸ ਕਰਨੋਂ ਰਹਿ ਨਹੀਂ ਸਕਦਾ।

ਸੰਗਤਿ ਨਾਲ ਮਿਲ ਕੇ ਕੀਤੀ ਹੋਈ ਅਰਦਾਸਿ ਦੀ ਬਰਕਤਿ ਨਾਲ ਅਰਦਾਸ ਕਰਨ ਵਾਲਿਆਂ ਦੇ ਹਿਰਦੇ ਆਪੋ ਵਿਚ ਗੰਢੇ ਜਾਂਦੇ ਹਨ। ਇਕ ਦੂਜੇ ਨੂੰ ਸਤਸੰਗੀ 'ਆਪਣਾ' ਸਮਝਣ ਲੱਗ ਪੈਂਦੇ ਹਨ।

ਭਾਵ:

(1) ਹੇ ਪ੍ਰਭੂ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਹੀ ਸਹਾਇਤਾ ਦੀ ਆਸ ਰਹਿੰਦੀ ਹੈ। ਮਿਹਰ ਕਰ, ਕਿ ਬੈਠਦਿਆਂ, ਉੱਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ, ਹਰੇਕ ਗਿਰਾਹੀ ਦੇ ਨਾਲ, ਮੈਨੂੰ ਤੂੰ ਕਦੇ ਭੀ ਨਾਹ ਭੁੱਲੇਂ।

ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ। ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਾਲਕ ਹੈਂ।

(2) ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ, ਮਿਹਰ ਕਰ, ਤੇਰੇ ਦਰ ਤੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ। ਇਹੀ ਮੇਰੇ ਵਾਸਤੇ ਸੁਖ ਹੈ, ਇਹੀ ਮੇਰੇ ਵਾਸਤੇ ਸੋਭਾ ਹੈ।

ਹੇ ਪ੍ਰਭੂ! ਮੈਂ ਹੋਰ ਆਸਰਿਆਂ ਵਲੋਂ ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ! ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰੀਂ।

(3) ਹੇ ਪ੍ਰਭੂ! ਮੇਰੀ ਇਹ ਬੇਨਤੀ ਸੁਣ। ਗੁਰੂ ਦੀ ਰਾਹੀਂ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮ ਬਖ਼ਸ਼।

ਹੇ ਮੇਰੇ ਪ੍ਰਭੂ! ਤੇਰੀ ਪੂਰਨ ਮਿਹਰ ਹੋਵੇ, ਤੇ, ਮੈਨੂੰ ਗੁਰੂ ਮਿਲ ਪਏ। ਗੁਰੂ ਦਾ ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਮਿਹਰ ਕਰ, ਤੇਰੇ ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸਦੇ ਰਹਿਣ। ਬੱਸ! ਮੇਰੀ ਇਹੀ ਅਰਜ਼ੋਈ ਹੈ ਕਿ ਮੈਂ ਤੈਨੂੰ ਕਦੇ ਨਾਹ ਭੁਲਾਵਾਂ।

(4) ਹੇ ਮੇਰੇ ਰਾਮ! ਮੇਰੇ ਵਰਗੀਆਂ ਤੇਰੇ ਦਰ ਤੇ ਅਨੇਕਾਂ ਦਾਸੀਆਂ ਹਨ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ। ਮੈਂ ਤੇਰੇ ਗੁਣਾਂ ਦੀ ਕਦਰ ਨਹੀਂ ਜਾਣਦੀ। ਮੇਰੇ ਉਤੇ ਮਿਹਰ ਕਰ, ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਿਰ ਮੈਂ ਤੇਰਾ ਸਿਮਰਨ ਕਰਦੀ ਰਹਾਂ।

(5) ਹੇ ਪ੍ਰਭੂ! ਮਿਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ। ਮੈਨੂੰ ਤੇਰੀ ਸੇਵਾ ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ।

ਮੇਰੇ ਨਿੱਤ ਦੇ ਕਰਮ ਇਹ ਹਨ ਕਿ ਮੈਂ ਤੈਨੂੰ ਭੁਲਾ ਕੇ ਤੇਰੀ ਟਹਿਲਣ-ਮਾਇਆ ਦੀ ਸੰਗਤਿ ਵਿਚ ਟਿਕਿਆ ਰਹਿੰਦਾ ਹਾਂ।

ਹੇ ਪ੍ਰਭੂ! ਤੂੰ ਮਿਹਰ ਕਰ ਕੇ ਮੈਨੂੰ ਹਰੇਕ ਚੀਜ਼ ਦੇਂਦਾ ਹੈਂ। ਮੈਂ ਨਾ-ਸ਼ੁਕਰਾ ਹਾਂ। ਮੈਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ।

(6) ਹੇ ਗਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ। ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ, ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ। ਪਾਣੀ ਨਾਲ ਧੋਤਿਆਂ ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ।

ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ। ਮਿਹਰ ਕਰ, ਮੈਂ ਤੇਰੀ ਭਗਤੀ ਕਰਦਾ ਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ।

(7) ਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ। ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਹਲ ਕੇ ਮੈਨੂੰ ਦੀਦਾਰ ਬਖ਼ਸ਼।

ਹੇ ਪ੍ਰਭੂ! ਤੂੰ ਜਗਤ ਦੇ ਸਾਰੇ ਧਨ-ਪਦਾਰਥ ਦਾ ਮਾਲਕ ਹੈਂ। ਤੂੰਹੀ ਦਾਨੀ ਹੈਂ, ਹੋਰ ਸਭ ਮੈਨੂੰ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ।

(8) ਹੇ ਸੋਹਣੇ ਲੰਮੇ ਕੇਸਾਂ ਵਾਲੇ ਪ੍ਰਭੂ! ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ। ਜੋ ਜੋ ਭੀ ਤੇਰੀ ਸਰਨ ਆਉਂਦਾ ਹੈ, ਤੂੰ ਉਸ ਨੂੰ ਬਿਪਤਾ ਤੋਂ ਬਚਾ ਲੈਂਦਾ ਹੈਂ।

ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ ਤੂੰ ਹੀ ਆਇਆ ਸੈਂ, ਤੇ ਗਜ ਦੀ ਜਿੰਦ ਤੂੰ ਹੀ ਤੰਦੂਏ ਤੋਂ ਬਚਾਈ ਸੀ।

ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਹਨ, ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ।

ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ।

ਮੈਂ ਨੀਚ-ਜਾਤਿ ਨਾਮਦੇਵ ਭੀ, ਹੇ ਪ੍ਰਭੂ! ਤੇਰੀ ਹੀ ਸਰਨ ਆਇਆ ਹਾਂ।

ਅਰਦਾਸਿ

(ਅ) ਵਿਕਾਰਾਂ ਤੋਂ ਬਚਣ ਲਈ

1. ਗਉੜੀ ਮ: 5 . . . . ਭੁਜ ਬਲ ਬੀਰ ਬ੍ਰਹਮ ਸੁਖ ਸਾਗਰ (ਪੰਨਾ 203

2. ਜੈਤਸਰੀ ਮ: 9 . . . . ਹਰਿ ਜੂ ਰਾਖਿ ਲੇਹੁ ਪਤਿ ਮੇਰੀ (ਪੰਨਾ 703

3. ਬਸੰਤੁ ਨਾਮਦੇਵ ਜੀ . . . . ਲੋਭ ਲਹਰਿ ਅਤਿ ਨੀਝਰ ਬਾਜੈ (ਪੰਨਾ 1196

4. ਗਉੜੀ ਰਵਿਦਾਸ ਜੀ . . . . ਮੇਰੀ ਸੰਗਤਿ ਪੋਚ (ਪੰਨਾ 345

5. ਗਉੜੀ ਰਵਿਦਾਸ ਜੀ . . . . ਕੂਪੁ ਭਰਿਓ ਜੈਸੇ ਦਾਦਿਰਾ (ਪੰਨਾ 346

6. ਜੈਤਸਰੀ ਰਵਿਦਾਸ ਜੀ . . . . ਨਾਥ ਕਛੂਅ ਨ ਜਾਨਉ (ਪੰਨਾ 710

7. ਬਿਲਾਵਲੁ ਸਧਨਾ ਜੀ . . . . ਨ੍ਰਿਪ ਕੰਨਿਆ ਕੇ ਕਾਰਨੈ (ਪੰਨਾ 857

ਅਰਦਾਸਿ . . . . ਵਿਕਾਰਾਂ ਤੋਂ ਬਚਣ ਲਈ

ਜ਼ਰੂਰੀ ਨੋਟ: ਜਿਹੜੇ ਭੀ ਚੰਗੇ ਮੰਦੇ ਕਰਮ ਮਨੁੱਖ ਕਰਦਾ ਰਹਿੰਦਾ ਹੈ ਉਹਨਾਂ ਦੇ ਸੰਸਕਾਰ ਮਨੁੱਖ ਦੇ ਮਨ ਵਿਚ ਨਾਲੋ ਨਾਲ ਇਕੱਠੇ ਹੁੰਦੇ ਜਾਂਦੇ ਹਨ। ਅਗਾਂਹ ਜੀਵਨ-ਪੰਧ ਵਿਚ ਇਹ ਸੰਸਕਾਰ ਹੀ (ਜਿਉਂ ਜਿਉਂ ਮੌਕਾ ਬਣਦਾ ਰਹੇ) ਮਨੁੱਖ ਨੂੰ ਚੰਗੇ ਜਾਂ ਮੰਦੇ ਪਾਸੇ ਪ੍ਰੇਰਦੇ ਹਨ। ਜੇ ਮਨੁੱਖ ਦੇ ਮਨ ਵਿਚ ਮੰਦੇ ਸੰਸਕਾਰਾਂ ਦਾ ਪੱਲਾ ਭਾਰਾ ਹੈ, ਤਾਂ ਮਨੁੱਖ ਨੂੰ ਵਿਕਾਰਾਂ ਵਾਲੇ ਪਾਸੇ ਦੀ ਵਧੀਕ ਪ੍ਰੇਰਨਾ ਹੁੰਦੀ ਰਹੇਗੀ।

ਹਰੇਕ 'ਧਰਮ' ਮਨੁੱਖ ਨੂੰ ਪਾਪ-ਕਰਮ ਵਲੋਂ ਵਰਜਦਾ ਆ ਰਿਹਾ ਹੈ। ਪਰ ਮਨੁੱਖ ਕਦੇ ਆਪਣੇ ਉੱਦਮ ਨਾਲ ਵਿਕਾਰਾਂ ਵਲੋਂ ਹਟ ਨਹੀਂ ਸਕਦਾ, ਕਿਉਂਕਿ ਉਸ ਦੇ ਮਨ ਵਿਚ ਇਕੱਠੇ ਹੋਏ ਵਿਕਾਰ-ਸੰਸਕਾਰ ਉਸ ਨੂੰ ਵਿਕਾਰਾਂ ਵਲ ਹੀ ਪ੍ਰੇਰਨਗੇ। ਕਦੇ ਕੋਈ ਮਨੁੱਖ ਦਰਿਆ ਦੇ ਕੰਢੇ ਜੇ ਕਿਤੇ ਜਿੱਲ੍ਹਣ ਵਿਚ ਫਸ ਜਾਏ, ਉਸ ਵਿਚੋਂ ਨਿਕਲਣ ਲਈ ਜਿਉਂ ਜਿਉਂ ਉਹ ਹੱਥ-ਪੈਰ ਮਾਰੇਗਾ, ਤਿਉਂ ਤਿਉਂ ਉਸ ਵਿਚ ਹੋਰ ਵਧੀਕ ਖੁੱਭਦਾ ਜਾਇਗਾ।

ਇਸ ਦਾ ਇਹ ਭਾਵ ਨਹੀਂ ਕਿ ਨਿਰਾ ਉੱਦਮ ਛੱਡ ਦਿੱਤਿਆਂ ਬੁਰਾਈ ਦੇ ਪੰਜੇ ਵਿਚੋਂ ਬਚ ਸਕੀਦਾ ਹੈ। ਨਹੀਂ, ਉੱਦਮ ਨਹੀਂ ਛੱਡਣਾ, ਉੱਦਮ ਦਾ ਰੁਖ਼ ਬਦਲਾਣਾ ਹੈ। ਵਿਕਾਰਾਂ ਵਲੋਂ ਸਹਜ-ਸੁਭਾਇ ਬਚਣ ਦਾ ਢੰਗ ਨਾਮਦੇਵ ਜੀ ਇਉਂ ਦੱਸਦੇ ਹਨ:

ਨਾਮੇ ਪ੍ਰੀਤਿ ਨਾਰਾਇਣ ਲਾਗੀ। ਸਹਜ ਸੁਭਾਇ ਭਇਓ ਬੈਰਾਗੀ।

ਵਿਕਾਰਾਂ ਦਾ ਸਿੱਧਾ ਟਾਕਰਾ ਕਰਨ ਦੇ ਥਾਂ ਵਿਕਾਰਾਂ ਤੋਂ ਬਚਣ ਲਈ ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਹੈ।

ਭਾਵ:

(1) ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਟੋਏ ਵਿਚ ਡਿੱਗਦੇ ਦੀ ਮੇਰੀ ਉਂਗਲੀ ਫੜ ਲੈ।

ਹੇ ਪ੍ਰਭੂ! ਮੇਰੇ ਕੰਨਾਂ ਵਿਚ ਤੇਰੀ ਸਿਫ਼ਤਿ-ਸਾਲਾਹ ਸੁਣਨ ਦੀ ਸੂਝ ਨਹੀਂ, ਮੇਰੀਆਂ ਅੱਖਾਂ ਅਜਿਹੀਆਂ ਸੋਹਣੀਆਂ ਨਹੀਂ ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ; ਮੈਂ ਤੇਰੀ ਸਾਧ-ਸੰਗਤਿ ਵਿਚ ਜਾਣ-ਜੋਗਾ ਨਹੀਂ ਮੈਂ ਪਿੰਗਲਾ ਹੋ ਚੁਕਾ ਹਾਂ, ਤੇ, ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ।

ਹੇ ਪ੍ਰਭੂ! ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ; ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ।

(2) ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਹਾਂ। ਪਾਪ ਕਰਦਾ ਕਰਦਾ ਹੁਣ ਥੱਕ ਗਿਆ ਹਾਂ। ਆਤਮਕ ਮੌਤ ਸਦਾ ਮੇਰੇ ਸਿਰ ਉਤੇ ਸਵਾਰ ਰਹਿੰਦੀ ਹੈ, ਕਾਮਾਦਿਕ ਵਿਕਾਰ ਹਰ ਵੇਲੇ ਮੇਰੇ ਉਤੇ ਆਪਣਾ ਜ਼ੋਰ ਪਾਈ ਰੱਖਦੇ ਹਨ। ਮੇਰਾ ਜੀਵਨ ਬੜਾ ਹਾਸੋ-ਹੀਣਾ ਹੋ ਰਿਹਾ ਹੈ। ਮਿਹਰ ਕਰ ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਬਚਾ ਲੈ।

(3) ਹੇ ਸੋਹਣੇ ਲੰਮੇ ਕੇਸਾਂ ਵਾਲੇ ਪ੍ਰਭੂ! ਮੇਰੇ ਅੰਦਰ ਲੋਭ ਦੀਆਂ ਲਹਿਰਾਂ ਬੜੇ ਜ਼ੋਰ ਨਾਲ ਉੱਠ ਰਹੀਆਂ ਹਨ, ਮੈਂ ਇਹਨਾਂ ਲਹਿਰਾਂ ਵਿਚ ਡੁੱਬ ਰਿਹਾ ਹਾਂ। ਹੇ ਬੀਠਲ ਪਿਤਾ! ਮੇਰੀ ਜ਼ਿੰਦਗੀ ਦੀ ਬੇੜੀ ਵਿਕਾਰਾਂ ਦੇ ਝੱਖੜ ਵਿਚ ਫਸ ਗਈ ਹੈ, ਮੈਂ ਇਸ ਨੂੰ ਆਪਣੇ ਉੱਦਮ ਨਾਲ ਇਸ ਵਿਚੋਂ ਸਹੀ ਸਲਾਮਤ ਪਾਰ ਨਹੀਂ ਲੰਘਾ ਸਕਦਾ। ਹੇ ਪਾਤਿਸ਼ਾਹ! ਮੈਂ ਤਰਨਾ ਨਹੀਂ ਜਾਣਦਾ, ਮੇਰੀ ਬਾਂਹ ਫੜ ਲੈ, ਮੈਨੂੰ ਗੁਰੂ ਦੇ ਚਰਨਾਂ ਵਿਚ ਜੋੜ, ਤੇ, ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚਾ ਲੈ।

(4) ਹੇ ਮੇਰੇ ਰਾਮ! ਹੇ ਮੇਰੀ ਜਿੰਦ ਦੇ ਆਸਰੇ! ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ। ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ ਕਿ ਮੇਰਾ ਕੀਹ ਬਣੇਗਾ। ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ, ਖੋਟ ਮੇਰਾ ਨਿੱਤ ਕਰਮ ਹੈ।

ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ। ਮੈਂ ਤੇਰੇ ਚਰਨ ਨਾਹ ਛੱਡਾਂ। ਮਿਹਰ ਕਰ, ਮੈਂ ਤੇਰੀ ਸਰਨ ਆ ਪਿਆ ਹਾਂ।

(5) ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, ਉਹਨਾਂ ਡੱਡੂਆਂ ਨੂੰ ਕੋਈ ਵਾਕਫ਼ੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਕੋਈ ਹੋਰ ਦੇਸ ਪਰਦੇਸ ਭੀ ਹੈ, ਤਿਵੇਂ ਮੇਰਾ ਮਨ ਮਾਇਆ ਦੇ ਮੋਹ ਦੇ ਖੂਹ ਵਿਚ ਇਤਨਾ ਫਸਿਆ ਹੋਇਆ ਹੈ ਕਿ ਇਸ ਖੂਹ ਵਿਚੋਂ ਨਿਕਲਣ ਲਈ ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ। ਹੇ ਸਾਰੇ ਜਗਤ ਦੇ ਸਰਦਾਰ ਪ੍ਰਭੂ! ਮੈਨੂੰ ਤੂੰ ਆਪ ਇਸ ਖੂਹ ਵਿਚੋਂ ਕੱਢ। ਮੇਰੀ ਅਕਲ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ, ਇਸ ਵਾਸਤੇ ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ। ਹੇ ਪ੍ਰਭੂ! ਮਿਹਰ ਕਰ, ਮੈਨੂੰ ਸੁਚੱਜੀ ਮਤਿ ਦੇਹ ਤਾ ਕਿ ਮੇਰੀ ਭਟਕਣਾ ਮੁੱਕ ਜਾਏ।

(6) ਹੇ ਪ੍ਰਭੂ! ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਾ ਹਾਂ, ਮੇਰੀ ਇਸ ਅੱਗੇ ਕੋਈ ਪੇਸ਼ ਨਹੀਂ ਜਾਂਦੀ। ਤੂੰ ਜਗਤ ਦਾ ਖਸਮ ਅਖਵਾਂਦਾ ਹੈਂ, ਅਸੀਂ ਵਿਸ਼ਈ ਜੀਵ ਹਾਂ, ਮੇਰੀ ਸਹਾਇਤਾ ਕਰ।

ਕਾਮਾਦਿਕ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਇਹ ਹੁਣ ਹਰ ਵੇਲੇ ਮੇਰੀ ਤੇਰੇ ਨਾਲੋਂ ਵਿੱਥ ਪਵਾ ਰਹੇ ਹਨ। ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੋਇਆ ਹੈ। ਇਹ ਵੇਖ ਕੇ ਭੀ ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ, ਮੇਰਾ ਮਨ ਮੰਨਦਾ ਨਹੀਂ। ਇਹਨਾਂ ਚੰਦਰਿਆਂ ਨੇ ਮੇਰੇ ਮੂਰਖ ਮਨ ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ ਹੈ ਅਜੇ ਭੀ ਵਿਕਾਰਾਂ ਵਲੋਂ ਮੁੜਦਾ ਨਹੀਂ। ਹੋਰ ਕਿਥੇ ਜਾਵਾਂ? ਹੋਰ ਕੀਹ ਕਰਾਂ? ਤੇਰਾ ਹੀ ਆਸਰਾ ਹੈ।

(7) ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉੱਠ ਰਹੀਆਂ ਹਨ। ਮੈਂ ਆਪਣੀ ਹਿੰਮਤ ਨਾਲ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜਿਹੀ ਬੇੜੀ ਨੂੰ ਇਹਨਾਂ ਵਿਚ ਡੁੱਬਣ ਤੋਂ ਬਚਾ ਨਹੀਂ ਸਕਦਾ। ਮਨੁੱਖਾ ਜੀਵਨ ਦਾ ਸਮਾ ਮੁੱਕਦਾ ਜਾ ਰਿਹਾ ਹੈ, ਤੇ, ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ। ਛੇਤੀ ਬਹੁੜ, ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਲੈ।

ਹੇ ਪ੍ਰਭੂ! ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ, ਤਾਂ ਤੇਰੀ ਸਰਨ ਆਉਣ ਦਾ ਕੀਹ ਗੁਣ ਹੋਵੇਗਾ? ਸ਼ੇਰ ਦੀ ਸਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਹੀ ਖਾ ਜਾਏ?

ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਹੀ ਮਰ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ?

ਹੇ ਪ੍ਰਭੂ! ਜੇ ਮੈਂ ਵਿਕਾਰਾਂ ਦੇ ਸਮੁੰਦਰ ਵਿਚ ਡੁੱਬ ਹੀ ਗਿਆ, ਤੇ, ਪਿੱਛੋਂ ਤੇਰੀ ਬੇੜੀ ਮਿਲੀ, ਤਾਂ ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ?

ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਕੋਈ ਹੋਰ ਆਸਰਾ ਨਹੀਂ। ਇਹ ਮਨੁੱਖਾ ਜਨਮ ਹੀ ਮੇਰੀ ਲਾਜ ਰੱਖਣ ਦਾ ਸਮਾ ਹੈ। ਮੈਂ ਤੇਰਾ ਦਾਸ ਹਾਂ, ਮੇਰੀ ਲਾਜ ਰੱਖ।

13. (ੳ) ਸੇਵਕ ਦਾ ਜੀਵਨ

1. ਗਉੜੀ ਸੁਖਮਨੀ ਮ: 5 . . . . ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ . . . . ਪੰਨੇ 274-75

2. ਆਸਾ ਮ: 5 . . . . ਆਠ ਪਹਰ ਨਿਕਟਿ ਕਰਿ ਜਾਨੈ (ਪੰਨਾ 392

3. ਦੇਵਗੰਧਾਰੀ ਮ: 5 . . . . ਤੇਰਾ ਜਨੁ ਰਾਮ ਰਸਾਇਣਿ ਮਾਤਾ (ਪੰਨਾ 532

4. ਮਾਰੂ ਮ: 5 . . . . ਮਾਨ ਮੋਹ ਅਰੁ ਲੋਭ ਵਿਕਾਰਾ (ਪੰਨਾ 1000

5. ਮਾਰੂ ਮ: 5 . . . . ਸਸਤ੍ਰਿ ਤੀਖਣਿ ਕਾਟਿ ਡਾਰਿਓ (ਪੰਨਾ 1017

6. ਸਾਰੰਗ ਮ: 5 (ਸੂਰਦਾਸ) . . . . ਹਰਿ ਕੇ ਸੰਗ ਬਸੇ ਹਰਿ ਲੋਕ (ਪੰਨਾ 1253

ਸੇਵਕ ਦਾ ਜੀਵਨ

ਭਾਵ:

(1) ਉਹੀ ਮਨੁੱਖ ਅਸਲ ਵਿਚ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਭਗਤ ਅਖਵਾ ਸਕਦਾ ਹੈ ਜਿਸ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ। ਉਸ ਮਨੁੱਖ ਨੂੰ ਹਰ ਥਾਂ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਫਿਰ ਉਹ ਕਿਸੇ ਮਾੜੇ ਨੂੰ ਵੇਖ ਕੇ ਮਾਣ ਕਿਉਂ ਕਰੇਗਾ? ਪਰਮਾਤਮਾ ਦੀ ਮਿਹਰ ਨਾਲ ਉਸ ਮਨੁੱਖ ਨੂੰ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ। ਸਭਨਾਂ ਨਾਲ ਉਹ ਪਿਆਰ ਵਾਲਾ ਸਲੂਕ ਰੱਖਦਾ ਹੈ, ਪਰ ਉਸ ਦੀ ਸੁਰਤਿ ਸਦਾ ਪਰਮਾਤਮਾ ਦੀ ਯਾਦ ਵਿਚ ਟਿਕੀ ਰਹਿੰਦੀ ਹੈ।

(2) ਬੜੀ ਉੱਚੀ ਤੇ ਸੁੱਚੀ ਹੁੰਦੀ ਹੈ ਸੇਵਕ ਦੀ ਜੀਵਨ-ਜੁਗਤਿ। ਸੁਖ ਆਵੇ ਦੁੱਖ ਆਵੇ ਸੇਵਕ ਪਰਮਾਤਮਾ ਦੀ ਰਜ਼ਾ ਅੱਗੇ ਖਿੜੇ-ਮੱਥੇ ਸਿਰ ਝੁਕਾਂਦਾ ਹੈ। ਅੱਠੇ ਪਹਰ ਹਰ ਵੇਲੇ ਸੇਵਕ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝਦਾ ਹੈ। ਕੋਈ ਉਸ ਨਾਲ ਵੈਰ ਕਰੇ ਕੋਈ ਉਸ ਨਾਲ ਪਿਆਰ ਕਰੇ, ਸੇਵਕ ਨਾਲ ਵਿਤਕਰਾ ਨਹੀਂ ਰੱਖਦਾ, ਸੇਵਕ ਨੂੰ ਮਿੱਤਰ ਵਿਚ ਭੀ ਤੇ ਵੈਰੀ ਵਿਚ ਭੀ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਕਿਸੇ ਭੀ ਢੰਗ ਨਾਲ ਮਾਇਆ ਸੇਵਕ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।

(3) ਵੇਖੋ ਲੋਕਾਂ ਦਾ ਜੀਊਣ! ਅਨੇਕਾਂ ਹੀ ਚਸਕੇ ਹਨ ਜੋ ਮਨੁੱਖ ਨੂੰ ਦਬੱਲੀ ਫਿਰਦੇ ਹਨ। ਪਰ ਜਿਸ ਮਨੁੱਖ ਨੂੰ ਪਰਮਾਤਮਾ ਦੇ ਸਿਮਰਨ ਦਾ ਸੁਆਦ ਆ ਜਾਂਦਾ ਹੈ, ਉਹ ਇਸ ਸੁਆਦ ਨੂੰ ਛੱਡ ਕੇ ਦੁਨੀਆ ਦੇ ਸੁਆਦਾਂ ਦੇ ਪਿੱਛੇ ਨਹੀਂ ਦੌੜਦਾ। ਜਾਗਦਿਆਂ ਸੁੱਤਿਆਂ ਹਰ ਵੇਲੇ ਹੀ ਪਰਮਾਤਮਾ ਦੀ ਯਾਦ ਉਸ ਦੀ ਆਤਮਕ ਜ਼ਿੰਦਗੀ ਦੀ ਖ਼ੁਰਾਕ ਬਣ ਜਾਂਦੀ ਹੈ।

ਦੁਨੀਆ ਦੇ ਲੋਕ ਤੀਰਥਾਂ ਦੇ ਇਸ਼ਨਾਨ ਦੀ ਖ਼ਾਤਰ ਦੌੜੇ ਫਿਰਦੇ ਹਨ। ਪਰ ਭਗਤ ਵਾਸਤੇ ਪਰਮਾਤਮਾ ਦਾ ਸਿਮਰਨ ਹੀ ਹੈ ਆਤਮਕ ਇਸ਼ਨਾਨ, ਸੰਤ ਜਨਾਂ ਦੀ ਸੰਗਤਿ ਹੀ ਹੈ ਉਸ ਦੇ ਵਾਸਤੇ ਅਠਾਹਠ ਤੀਰਥ ਜਿੱਥੇ ਉਸ ਨੂੰ ਨਾਮ-ਜਲ ਵਿਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ।

ਮੁਬਾਰਿਕ ਹੈ ਜ਼ਿੰਦਗੀ ਸਿਮਰਨ ਕਰਨ ਵਾਲੇ ਮਨੁੱਖ ਦੀ। ਉਹੀ ਹੈ ਅਸਲ ਪੁੱਤਰ ਪਰਮਾਤਮਾ-ਪਿਤਾ ਦਾ।

(4) ਕੋਈ ਜੁਆਨੀ ਦੇ ਮਾਣ ਵਿਚ ਮੱਤਾ ਹੋਇਆ ਹੈ, ਕਿਸੇ ਨੂੰ ਲੋਭ ਦਾ ਹਲਕ ਕੁੱਦਿਆ ਰਹਿੰਦਾ ਹੈ। ਅਨੇਕਾਂ ਹੀ ਢੰਗ ਜੋ ਚੋਰਟੀ ਮਾਇਆ ਮਨੁੱਖ ਨੂੰ ਠੱਗਣ ਵਾਸਤੇ ਵਰਤਦੀ ਰਹਿੰਦੀ ਹੈ। ਜੇ ਕੋਈ ਇਹਨਾਂ ਦੇ ਪੰਜੇ ਵਿਚੋਂ ਨਿਕਲਣ ਦਾ ਜਤਨ ਕਰਦਾ ਭੀ ਹੈ, ਤਾਂ ਭੀ ਮਾਇਆ ਉਸਨੂੰ ਰਸਤੇ ਵਿਚ ਹੀ ਢਾਹ ਲੈਂਦੀ ਹੈ।

ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ, ਪਰਮਾਤਮਾ ਦੀ ਯਾਦ ਦਾ ਪੱਲਾ ਫੜੀ ਰੱਖਦਾ ਹੈ, ਅਜਿਹਾ ਘੁੱਟ ਕੇ ਫੜਦਾ ਹੈ ਕਿ ਪਰਮਾਤਮਾ ਨਾਲ ਉਸ ਦੀ ਪ੍ਰੀਤ ਅਖ਼ੀਰ ਦਮ ਤਕ ਨਿਭ ਜਾਂਦੀ ਹੈ। ਸੁਖ ਆਵੇ ਦੁੱਖ ਵਾਪਰੇ, ਕਿਤੇ ਭੀ ਉਹ ਪਰਮਾਤਮਾ ਦੀ ਯਾਦ ਤੋਂ ਡੋਲਦਾ ਨਹੀਂ।

(5) ਤੇਜ਼ ਕੁਹਾੜਾ ਆਰੀ ਲੈ ਕੇ ਮਨੁੱਖ ਰੁੱਖ ਦੇ ਟਾਹਣ ਵੱਢਦਾ ਹੈ, ਰੁੱਖ ਕੋਈ ਰੋਸ ਨਹੀਂ ਕਰਦਾ, ਸਗੋਂ ਉਸ ਦੇ ਕੰਮ ਸਵਾਰ ਦੇਂਦਾ ਹੈ।

ਰਾਹੀ-ਮੁਸਾਫ਼ਿਰ ਬੇੜੀ ਵਿਚ ਆ ਬੈਠਦਾ ਹੈ, ਬੇੜੀ ਉਸ ਦੇ ਪੈਰਾਂ ਵਿਚ ਰਹਿੰਦੀ ਹੈ। ਇਸ ਨਿਰਾਦਰੀ ਦੀ ਪਰਵਾਹ ਕਰਨ ਦੇ ਥਾਂ ਬੇੜੀ ਉਸ ਰਾਹੀ ਨੂੰ ਨਦੀਓਂ ਪਾਰ ਲੰਘਾ ਦੇਂਦੀ ਹੈ।

ਧਰਤੀ ਉਤੇ ਕੋਈ ਚੰਦਨ ਦਾ ਲੇਪ ਕਰੇ ਤਾਂ ਕੀਹ, ਤੇ ਜੇ ਕੋਈ ਉਸ ਉਤੇ ਟੱਟੀ ਫਿਰ ਦੇਵੇ ਤਾਂ ਕੀਹ? ਧਰਤੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੀ।

ਕੋਈ ਪਿਆਰ-ਭਾਵਨਾ ਨਾਲ ਆਵੇ ਚਾਹੇ ਵੈਰ-ਭਾਵਨਾ ਨਾਲ, ਪਰਮਾਤਮਾ ਦੀ ਬੰਦਗੀ ਕਰਨ ਵਾਲਾ ਮਨੁੱਖ ਹਰੇਕ ਦਾ ਭਲਾ ਤੱਕਦਾ ਹੈ।

(6) ਇਹ ਮਨ ਬੜਾ ਖ਼ੁਆਰ ਕਰਦਾ ਹੈ ਮਨੁੱਖ ਨੂੰ। ਜੋਕ ਜਿੱਥੇ ਭੀ ਰੱਖ ਦਿਓ ਲਹੂ ਹੀ ਚੂਸੇਗੀ, ਗੰਦਾ ਲਹੂ ਖ਼ਾਸ ਸ਼ੌਕ ਨਾਲ ਚੂਸੇਗੀ। ਮਨ ਮਨੁੱਖ ਨੂੰ ਗੰਦੇ ਪਾਸੇ ਦੀ ਸਦਾ ਪ੍ਰੇਰਨਾ ਕਰਦਾ ਹੈ।

ਪਰ ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਆਪਣੇ ਹੱਥ ਵਿਚ ਲੈ ਲੈਂਦਾ ਹੈ ਉਸ ਦਾ ਲੋਕ ਪਰਲੋਕ ਸੁਧਰ ਜਾਂਦਾ ਹੈ। ਪਰਮਾਤਮਾ ਦੀ ਯਾਦ ਦੀ ਬਰਕਤਿ ਨਾਲ ਉਹ ਮਨੁੱਖ ਵਿਸ਼ੇ-ਵਿਕਾਰਾਂ ਦੀ ਮਾਰ ਤੋਂ ਉੱਚਾ ਹੋ ਜਾਂਦਾ ਹੈ। ਪਰਮਾਤਮਾ ਦਾ ਸੋਹਣਾ ਦਰਸਨ ਕਰ ਕੇ ਉਸ ਮਨੁੱਖ ਨੂੰ ਮੋਹਣੀ ਮਾਇਆ ਦੇ ਰੰਗ-ਤਮਾਸ਼ਿਆਂ ਦੀ ਚਾਹ ਹੀ ਨਹੀਂ ਰਹਿ ਜਾਂਦੀ।

ਸੇਵਕ ਦੀ ਕਾਰ-ਕਿਰਤ

(ਅ) ਹੱਕ ਦੀ ਕਮਾਈ

1. ਸਲੋਕ ਮ: 1 (ਮਾਝ ਕੀ ਵਾਰ) . . . . ਜੇ ਰਤੁ ਲਗੈ ਕਪੜੈ (ਪੰਨਾ 140

2. ਸਲੋਕ ਮ: 1 (ਵਾਰ ਮਾਝ) . . . . ਹਕੁ ਪਰਾਇਆ ਨਾਨਕਾ (ਪੰਨਾ 140

3. ਸਲੋਕ ਮ: 1 (ਸਾਰੰਗ ਕੀ ਵਾਰ) . . . . ਗਿਆਨ ਵਿਹੂਣਾ ਗਾਵੈ (ਪੰਨਾ 1254

4. ਆਸਾ ਮ: 5 ਛੰਤ . . . . ਦਿਨੁ ਰਾਤਿ ਕਮਾਇਅੜੋ (ਪੰਨਾ 461

5. ਆਸਾ ਮ: 5 ਛੰਤ . . . . ਵਲਵੰਚ ਕਰਿ ਉਦਰੁ (ਪੰਨਾ 461

6. ਸੋਰਠਿ ਕਬੀਰ ਜੀ . . . . ਬਹੁ ਪਰਪੰਚ ਕਰਿ (ਪੰਨਾ 656

ਭਾਵ:

(1) ਜੇ ਕਿਸੇ ਨਿਮਾਜ਼ੀ ਮਨੁੱਖ ਦੇ ਜਾਮੇ ਨੂੰ ਲਹੂ ਲੱਗ ਜਾਏ ਤਾਂ ਉਹ ਜਾਮਾ ਪਲੀਤ ਹੋ ਜਾਂਦਾ ਹੈ ਤੇ ਨਿਮਾਜ਼ ਨਹੀਂ ਹੋ ਸਕਦੀ। ਪਰ ਜਿਹੜੇ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ, ਧੱਕਾ ਕਰਕੇ ਹਰਾਮ ਦੀ ਕਮਾਈ ਖਾਂਦੇ ਹਨ ਉਹਨਾਂ ਦਾ ਮਨ ਪਾਕ-ਸਾਫ਼ ਨਹੀਂ ਰਹਿ ਸਕਦਾ। ਤੇ, ਪਲੀਤ ਮਨ ਨਾਲ ਨਿਮਾਜ਼ ਪੜ੍ਹੀ ਕਿਵੇਂ ਕਬੂਲ ਹੋ ਸਕਦੀ ਹੈ?

ਜੇ ਰੱਬ ਦਾ ਨਾਮ ਲੈਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਦਿਲ ਭੀ ਸਾਫ਼ ਹੋਵੇ। ਜੇ ਦਿਲ ਸਾਫ਼ ਨਹੀਂ ਤਾਂ ਉਹ ਕੰਮ ਦੁਨੀਆ ਵਾਲੇ ਵਿਖਾਵੇ ਹੀ ਹਨ।

(2) ਪਰਾਇਆ ਹੱਕ ਮੁਸਲਮਾਨ ਵਾਸਤੇ ਸੂਰ ਹੈ ਹਿੰਦੂ ਵਾਸਤੇ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਸ਼ ਕਰ ਸਕਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਜੇ ਮਨੁੱਖ ਵੱਢੀ ਖਾਂਦਾ ਹੈ ਪਰ ਗੱਲਾਂ ਮਜ਼ਹਬ ਦੀਆਂ ਕਰਦਾ ਹੈ ਤਾਂ ਇਸ ਤਰ੍ਹਾਂ ਉਹ ਬਹਿਸ਼ਤ ਵਿਚ ਨਹੀਂ ਪਹੁੰਚ ਸਕਦਾ।

ਵੱਢੀਆਂ ਲੈ ਲੈ ਕੇ ਪਰਾਇਆ ਹਰਾਮ ਮਾਲ ਜੋੜਿਆ ਹੋਵੇ, ਤੇ, ਉਸ ਵਿਚੋਂ ਰੱਬ ਦੇ ਰਾਹ ਤੇ ਭੀ ਖ਼ੈਰਾਤ ਕਰ ਦੇਵੇ, ਤਾਂ ਇਸ ਤਰ੍ਹਾਂ ਹਰਾਮ ਮਾਲ ਹਲਾਲ ਨਹੀਂ ਬਣ ਜਾਂਦਾ।

(3) ਆਤਮਕ ਜੀਵਨ ਦੀ ਸੂਝ ਨਾਹ ਹੋਵੇ, ਪਰ ਮੂੰਹੋਂ ਭਜਨ ਆਦਿ ਗਾਂਦਾ ਰਹੇ, ਉਸ ਦੇ ਇਹ ਗਾਏ ਭਜਨ ਕਿਸ ਕੰਮ?

ਮਸੀਤ ਆਦਿਕ ਧਰਮ ਅਸਥਾਨ ਨੂੰ ਉਥੋਂ ਦਾ ਪੁਜਾਰੀ ਨਿਰੀ ਆਪਣੀ ਰੋਜ਼ੀ ਦਾ ਵਸੀਲਾ ਬਣਾਈ ਰੱਖੇ ਉਸ ਦੀ ਨਿਮਾਜ਼ ਉਸ ਦਾ ਪੂਜਾ-ਪਾਠ ਆਤਮਕ ਲਾਭ ਨਹੀਂ ਦੇ ਸਕਦਾ।

ਉਸ ਫ਼ਕੀਰ ਦੀ ਪੈਰੀਂ ਨਾਹ ਲੱਗਦੇ ਫਿਰੋ ਜੋ ਮਖੱਟੂ ਹੋ ਕੇ ਕੰਨ ਪੜਾ ਕੇ ਫ਼ਕੀਰ ਬਣ ਜਾਂਦਾ ਹੈ, ਤੇ ਘਰ ਘਰ ਟੁੱਕਰ ਮੰਗਦਾ ਫਿਰਦਾ ਹੈ। ਉਹ ਤਿਆਗੀ ਨਹੀਂ ਹੈ।

ਜ਼ਿੰਦਗੀ ਦਾ ਸਹੀ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਹੜਾ ਆਪ ਮਿਹਨਤ ਕਰ ਕੇ ਹੱਕ ਦੀ ਕਮਾਈ ਵਰਤਦਾ ਹੈ, ਤੇ ਉਸ ਕਮਾਈ ਵਿਚੋਂ ਕਿਸੇ ਲੋੜਵੰਦ ਦੀ ਭੀ ਸੇਵਾ ਕਰਦਾ ਹੈ।

(4) ਮਨੁੱਖ ਦਿਨ ਰਾਤ ਵੇਲੇ ਜਿਹੜਾ ਭੀ ਚੰਗਾ ਮੰਦਾ ਕਰਮ ਕਰਦਾ ਹੈ ਉਹ ਸੰਸਕਾਰ-ਰੂਪ ਬਣ ਕੇ ਉਸ ਦੇ ਮਨ ਵਿਚ ਉੱਕਰਿਆ ਜਾਂਦਾ ਹੈ। ਮਨੁੱਖ ਆਪਣੇ ਕੀਤੇ ਕੰਮਾਂ ਨੂੰ ਲੁਕਾਣ ਦੇ ਜਤਨ ਕਰਦਾ ਹੈ, ਪਰ ਪਰਮਾਤਮਾ ਮਨੁੱਖ ਦੇ ਅੰਦਰ ਬੈਠਾ ਸਭ ਕੁਝ ਵੇਖਦਾ ਹੈ।

ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ, ਇਸ ਦੀ ਬਰਕਤਿ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ।

(5) ਜਿਸ ਪਰਮਾਤਮਾ ਨੇ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਹ ਹੀ ਜੀਵ ਦੀ ਰੋਜ਼ੀ ਦਾ ਪ੍ਰਬੰਧ ਕਰਦਾ ਹੈ। ਪਰ ਮਨੁੱਖ ਇਹ ਗੱਲ ਭੁਲਾ ਕੇ ਰੋਜ਼ੀ ਦੀ ਖ਼ਾਤਰ ਨਿੱਤ ਠੱਗੀ-ਫ਼ਰੇਬ ਕਰਦਾ ਹੈ। ਇਹ ਮੂਰਖਾਂ ਵਾਲਾ ਕੰਮ ਹੈ।

ਰਾਜ਼ਕ ਦਾਤਾਰ ਪਰਮਾਤਮਾ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ, ਤੇ, ਹੱਕ ਦੀ ਕਮਾਈ ਕਰਨੀ ਚਾਹੀਦੀ ਹੈ। ਪਰ ਇਸ ਰਸਤੇ ਮਨੁੱਖ ਤਦੋਂ ਹੀ ਪੈ ਸਕਦਾ ਹੈ ਜੇ ਨਿੱਤ ਸਾਧ ਸੰਗਤਿ ਕਰਦਾ ਰਹੇ।

(6) ਕਾਰ-ਵਿਹਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਮਨੁੱਖ ਠੱਗੀ-ਠੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਬਾਹੁਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।

ੲ . . . . ਸੇਵਕ ਦਾ ਸਹਾਈ

1. ਆਸਾ ਮ: 5 . . . . ਅਪੁਨੇ ਸੇਵਕ ਕੀ ਆਪੇ ਰਾਖੈ (ਪੰਨਾ 403

2. ਸੋਰਠਿ ਮ: 5 . . . . ਹਮਰੀ ਗਣਤ ਨ ਗਣੀਆ ਕਾਈ (ਪੰਨਾ 619

3. ਧਨਾਸਰੀ ਮ: 5 . . . . ਚਤੁਰ ਦਿਸਾ ਕੀਨੋ ਬਲੁ ਅਪਨਾ (ਪੰਨਾ 681

4. ਸੂਹੀ ਮ: 5 . . . . ਜਿਸ ਕੇ ਸਿਰ ਊਪਰਿ ਤੂੰ ਸੁਆਮੀ (ਪੰਨਾ 749

5. ਸਾਰੰਗ ਨਾਮਦੇਵ ਜੀ . . . . ਦਾਸ ਅਨਿੰਨ ਮੇਰੋ ਨਿਜ ਰੂਪ (ਪੰਨਾ 1252

ਭਾਵ:

ਲੋਕ ਪਰਲੋਕ ਵਿਚ ਪਰਮਾਤਮਾ ਆਪਣੇ ਭਗਤ ਦੀ ਇੱਜ਼ਤ ਰੱਖਦਾ ਹੈ, ਸੇਵਕ ਦੀ ਹਰੇਕ ਲੋੜ ਪੂਰੀ ਕਰਦਾ ਹੈ। ਸੇਵਕ ਨੂੰ ਇਹ ਯਕੀਨ ਹੁੰਦਾ ਹੈ ਕਿ ਪਰਮਾਤਮਾ ਸਦਾ ਮੇਰੇ ਅੰਗ-ਸੰਗ ਹੈ। ਭਗਤ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਸੇਵਕ ਦੀ ਸੋਭਾ ਸੁਣਦਾ ਹੈ ਉਸ ਦੇ ਅੰਦਰ ਭੀ ਆਤਮਕ ਜੀਵਨ ਚਮਕ ਪੈਂਦਾ ਹੈ।

(2) ਪਰਮਾਤਮਾ ਸਦਾ ਦਇਆ ਕਰਨ ਵਾਲਾ ਹੈ। ਉਸ ਦੀ ਮਿਹਰ ਨਾਲ ਹੀ ਗੁਰੂ ਸੇਵਕ ਦੀ ਜ਼ਿੰਦਗੀ ਦੇ ਰਸਤੇ ਵਿਚੋਂ ਵਿਕਾਰਾਂ ਨੂੰ ਬੰਨ੍ਹ ਮਾਰ ਦੇਂਦਾ ਹੈ। ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਆਪਣੇ ਸੇਵਕ ਨੂੰ ਖ਼ਾਸ ਧਿਆਨ ਨਾਲ ਵਿਕਾਰਾਂ ਦੇ ਹੱਲਿਆਂ ਤੋਂ ਬਚਾਂਦਾ ਹੈ, ਤੇ, ਇਸ ਤਰ੍ਹਾਂ ਉਸ ਦੀ ਇੱਜ਼ਤ ਬਚਾਂਦਾ ਹੈ।

(3) ਪਰਮਾਤਮਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਸੇਵਕ ਦੇ ਸਿਰ ਉਤੇ ਆਪਣਾ ਮਿਹਰ-ਭਰਿਆ ਹੱਥ ਰੱਖਦਾ ਹੈ। ਮਿਹਰ ਦੀ ਨਿਗਾਹ ਕਰ ਕੇ ਪਰਮਾਤਮਾ ਆਪਣੇ ਸੇਵਕ ਦਾ ਹਰੇਕ ਦੁੱਖ ਆਪ ਦੂਰ ਕਰਦਾ ਹੈ। ਪ੍ਰਭੂ ਦੇ ਸੇਵਕ ਜੋ ਕੁਝ ਪਰਮਾਤਮਾ ਤੋਂ ਮੰਗਦੇ ਹਨ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।

(4) ਦੁਨੀਆ ਦੇ ਲੋਕ ਮਾਇਆ ਦੇ ਮੋਹ ਵਿਚ ਫਸ ਕੇ ਵਿਲਕਦੇ ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ। ਪਰ ਵੇਖੋ ਜੀਵਨ ਕਿਸੇ ਭਗਤ ਦਾ! ਮੋਹ ਉਸ ਦੇ ਨੇੜੇ ਨਹੀਂ ਢੁਕਦਾ, ਇਸ ਵਾਸਤੇ ਆਤਮਕ ਮੌਤ ਭੀ ਉਸ ਦੇ ਨੇੜੇ ਨਹੀਂ ਆਉਂਦੀ। ਪਰਮਾਤਮਾ ਆਪਣੇ ਸੇਵਕ ਨੂੰ ਆਪਣੇ ਨਾਮਿ ਦੀ ਅਜਿਹੀ ਬਖ਼ਸ਼ਸ਼ ਕਰਦਾ ਹੈ ਕਿ ਇਹ ਦਾਤਿ ਇਹ ਨਾਮ-ਧਨ ਉਸ ਪਾਸੋਂ ਕੋਈ ਖੋਹ ਨਹੀਂ ਸਕਦਾ। ਸੇਵਕ ਉਤੇ ਉਸ ਦੀ ਅਜਿਹੀ ਮਿਹਰ ਹੋਈ ਰਹਿੰਦੀ ਹੈ ਕਿ ਸੇਵਕ ਕਾਮਾਦਿਕ ਪੰਜਾਂ ਵੈਰੀਆਂ ਦਾ ਜ਼ੋਰ ਆਪਣੇ ਉਤੇ ਪੈਣ ਨਹੀਂ ਦੇਂਦਾ।

(5) ਆਪਾ ਭਾਵ ਤਿਆਗ ਕੇ ਸੇਵਕ ਪਰਮਾਤਮਾ ਦੇ ਚਰਨਾਂ ਨੂੰ ਅਜਿਹਾ ਘੁੱਟ ਕੇ ਫੜੀ ਰੱਖਦਾ ਹੈ ਕਿ ਪਰਮਾਤਮਾ ਉਸ ਸੇਵਕ ਦੇ ਪ੍ਰੇਮ-ਵੱਸ ਹੋ ਜਾਂਦਾ ਹੈ। ਉਹ ਪਰਮਾਤਮਾ ਜੋ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ਭਗਤਾਂ ਦੇ ਪਿਆਰ-ਵਲਵਲੇ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ।

(ਸ) ਸੇਵਕ ਅਤੇ ਸੰਸਾਰੀ ਦਾ

ਅਜੋੜ

1. ਪਉੜੀ ਮ: 1 (ਵਾਰ ਮਾਝ) . . . . ਭਗਤਾ ਤੈ ਸੈਸਾਰੀਆ (ਪੰਨਾ 145

2. ਗੂਜਰੀ ਕਬੀਰ ਜੀ . . . . ਮੁਸਿ ਮੁਸਿ ਰੋਵੈ ਕਬੀਰ ਕੀ ਮਾਈ (ਪੰਨਾ 524

3. ਬਿਲਾਵਲੁ ਕਬੀਰ ਜੀ . . . . ਨਿਤ ਉਠਿ ਕੋਰੀ, ਗਾਗਰਿ ਆਨੈ (ਪੰਨਾ 856

4. ਗੌਂਡ ਕਬੀਰ ਜੀ . . . . ਤੂਟੇ ਤਾਗੇ, ਨਿਖੁਟੀ ਪਾਨਿ (ਪੰਨਾ 871

ਭਾਵ:

(1) ਅਸੀਂ ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ, ਪਰ ਜਗਤ-ਰਚਨਾ ਵਿਚ ਪਰਮਾਤਮਾ ਵਲੋਂ ਇਹ ਕੋਈ ਉਕਾਈ ਨਹੀਂ ਹੈ। ਉਹ ਉਕਾਈ ਖਾਣ ਵਾਲਾ ਨਹੀਂ ਹੈ, ਨਾਹ ਹੀ ਕਿਸੇ ਦਾ ਖੁੰਝਾਇਆ ਖੁੰਝਣ ਵਾਲਾ ਹੈ। ਇਹ ਉਸ ਦੀ ਆਪਣੀ ਰਜ਼ਾ ਹੈ ਕਿ ਉਸ ਨੇ ਆਪ ਹੀ ਭਗਤ ਆਪਣੇ ਚਰਨਾਂ ਵਿਚ ਜੋੜੇ ਹੋਏ ਹਨ। ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹੋਏ ਹਨ ਉਹ ਝੂਠ ਬੋਲ ਬੋਲ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ, ਉਹਨਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਇਥੋਂ ਤੁਰ ਭੀ ਜਾਣਾ ਹੈ; ਸੋ, ਉਹ ਕਾਮ ਕ੍ਰੋਧ ਆਦਿਕ ਦਾ ਜ਼ਹਿਰ ਜਗਤ ਵਿਚ ਵਧਾ ਰਹੇ ਹਨ। ਪਰਮਾਤਮਾ ਦੀ ਆਪਣੀ ਰਜ਼ਾ ਵਿਚ ਹੀ ਭਗਤ ਉਸ ਪਰਮਾਤਮਾ ਦੀ ਬੰਦਗੀ ਕਰ ਰਹੇ ਹਨ, ਹਰ ਵੇਲੇ ਨਾਮ ਸਿਮਰ ਰਹੇ ਹਨ।

(2) ਭਗਤ ਤੇ ਦੁਨੀਆਦਾਰ ਦੀ ਜ਼ਿੰਦਗੀ ਦਾ ਨਿਸ਼ਾਨਾ ਵਖ ਵਖ ਹੁੰਦਾ ਹੈ। ਦੁਨੀਆਦਾਰ ਇਕ ਤਾਂ ਹਰ ਵੇਲੇ ਮਾਇਆ ਕਮਾਣ ਵਿਚ ਲੱਗੇ ਰਹਿਣਾ ਚਾਹੁੰਦਾ ਹੈ; ਦੂਜੇ, ਕਮਾਈ ਹੋਈ ਨੂੰ ਸਿਰਫ਼ ਆਪਣੇ ਲਈ ਹੀ ਖ਼ਰਚਣਾ ਠੀਕ ਸਮਝਦਾ ਹੈ। ਭਗਤ ਆਪਣੀ ਗੁਜ਼ਰਾਨ ਲਈ ਕਮਾਂਦਾ ਤਾਂ ਹੈ, ਪਰ ਮਾਇਆ ਜੋੜਨੀ ਹੀ ਉਸ ਦੇ ਜੀਵਨ ਦਾ ਨਿਸ਼ਾਨਾ ਨਹੀਂ ਹੁੰਦਾ, ਉਸ ਦਾ ਅਸਲ ਨਿਸ਼ਾਨਾ ਹੈ 'ਪਰਮਾਤਮਾ ਦੀ ਯਾਦ'। ਫਿਰ ਉਸ ਆਪਣੀ ਕਮਾਈ ਵਿਚੋਂ ਦੂਜਿਆਂ ਦੀ ਸੇਵਾ ਭੀ ਕਰਦਾ ਹੈ। ਕਬੀਰ ਭਗਤ ਦਾ ਇਹ ਰਵਈਆ ਉਸ ਦੀ ਮਾਂ ਉਸ ਦੀ ਵਹੁਟੀ ਦੇ ਹੋਰ ਸੰਬੰਧੀਆਂ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਖੱਟਦਾ ਕਮਾਂਦਾ ਭੀ ਉਹ ਇਹਨਾਂ ਨੂੰ ਵਿਹਲੜ ਜਾਪਦਾ ਹੈ, ਪਰਮਾਤਮਾ ਦੇ ਰਾਹ ਉਸ ਦੀ ਵਲ ਦੀ ਹਰੇਕ ਹਰਕਤ ਉਹਨਾਂ ਨੂੰ ਚੁੱਭਦੀ ਹੈ।

ਕਬੀਰ ਜੀ ਗੂਜਰੀ ਰਾਗ ਦੇ ਸ਼ਬਦ ਵਿਚ ਆਪਣੀ ਮਾਂ ਦੇ ਗਿਲੇ-ਗੁਜ਼ਾਰੀਆਂ ਬਿਆਨ ਕਰਦੇ ਹਨ।

(3) ਕਬੀਰ ਜੀ ਦੀ ਮਾਂ ਨੂੰ ਕਬੀਰ ਜੀ ਦਾ ਭਜਨ-ਬੰਦਗੀ ਵਾਲਾ ਜੀਵਨ ਪਸੰਦ ਨਹੀਂ ਸੀ। ਕਿਸੇ ਦੀ ਜਿਹੜੀ ਗੱਲ ਚੰਗੀ ਨਾਹ ਲੱਗੇ ਉਸ ਦਾ ਗਿਲਾ ਕਰਨ ਲੱਗਿਆਂ ਆਮ ਤੌਰ ਤੇ ਬੜੀ ਵਧਾ ਵਧਾ ਕੇ ਗੱਲ ਆਖੀਦੀ ਹੈ। ਜਗਤ ਦੀ ਚਾਲ ਹੀ ਇਹੀ ਹੈ। ਸਤਸੰਗ ਕਿਸੇ ਵਿਰਲੇ ਨੂੰ ਚੰਗਾ ਲੱਗਦਾ ਹੈ। ਲਗਨ ਵਾਲਿਆਂ ਦੀ ਵਿਰੋਧਤਾ ਹੁੰਦੀ ਹੀ ਆਈ ਹੈ ਤੇ ਹੁੰਦੀ ਹੀ ਰਹੇਗੀ।

ਕਬੀਰ ਜੀ ਦੀ 'ਮਾਲਾ' ਕਬੀਰ ਜੀ ਦੀ ਆਪਣੀ ਜ਼ਬਾਨੀ ਇਉਂ ਹੈ: 'ਕਬੀਰ ਮੇਰੀ ਸਿਮਰਨੀ ਰਸਨਾ ਉਪਰਿ ਰਾਮੁ'। ਪਰ ਕਬੀਰ ਜੀ ਦੀ ਮਾਂ ਨਿੱਤ ਗੁਆਂਢਣਾਂ ਨਾਲ ਇਹ ਗਿਲੇ ਕਰਦੀ ਹੈ ਕਿ ਇਸ ਔਤਰੇ ਨੇ ਜਦੋਂ ਤੋਂ ''ਮਾਲਾ'' ਫੜੀ ਹੈ ਤਦੋਂ ਤੋਂ ਘਰ ਵਿਚ ਸੁਖ ਨਹੀਂ ਰਿਹਾ।

ਕਬੀਰ ਜੀ ਨਾਹ ਗਲ ਵਿਚ 'ਮਾਲਾ' ਪਾਈ ਫਿਰਦੇ ਸਨ ਅਤੇ ਨਾਹ ਹੀ ਸਦਾ ਸਵੇਰੇ ਪੋਚਾ ਫੇਰਨਾ ਆਪਣਾ ਧਰਮ ਮੰਨੀ ਬੈਠੇ ਸਨ। ਪਰ ਹਾਂ, ਉਹ ਉੱਦਮੀ ਸਨ, ਤੇ ਅੰਮ੍ਰਿਤ ਵੇਲੇ ਉੱਠਣ ਵਾਲੇ ਸਨ। ਆਲਸ ਦੇ ਮਾਰੇ ਦੁਨੀਆਦਾਰ ਤਾਂ ਦਿਨ ਚੜ੍ਹੇ ਤਕ ਮੰਜੇ ਤੇ ਪਏ ਰਹਿੰਦੇ ਹਨ, ਪਰ ਬੰਦਗੀ ਵਾਲਾ ਨਿੱਤ ਸਵੇਰੇ ਉੱਠਣ ਦਾ ਆਦੀ ਹੋਇਆ ਕਰਦਾ ਹੈ। ਉਸ ਵੇਲੇ ਇਸ਼ਨਾਨ ਕਰਨਾ ਭੀ ਸੁਭਾਵਿਕ ਗੱਲ ਹੈ। ਹੁਣ ਭੀ ਪਿੰਡਾਂ ਵਿਚ ਜਾ ਕੇ ਵੇਖੋ। ਲੋਕ ਖੂਹ ਉਤੇ ਨ੍ਹਾਉਣ ਜਾਂਦੇ ਹਨ, ਆਉਂਦੀ ਵਾਰੀ ਘਰ ਵਰਤਣ ਲਈ ਘੜਾ ਜਾਂ ਗਾਗਰ ਭਰ ਲਿਆਉਂਦੇ ਹਨ। ਜਦੋਂ ਸ਼ਹਿਰਾਂ ਵਿਚ ਕਮੇਟੀਆਂ ਦੇ ਨਲਕੇ ਨਹੀਂ ਸਨ, ਤੇ ਘਰਾਂ ਵਿਚ ਭੀ ਵੱਖੋ ਵੱਖਰੇ ਨਲਕੇ ਨਹੀਂ ਲੱਗੇ ਹੋਏ ਸਨ, ਤਦੋਂ ਗਲੀਆਂ ਬਾਜ਼ਾਰਾਂ ਦੇ ਸਾਂਝੇ ਖੂਹਾਂ ਤੋਂ ਹੀ ਲੋਕ ਆਪ ਪਾਣੀ ਭਰ ਕੇ ਲਿਆਉਂਦੇ ਸਨ।

ਕਬੀਰ ਜੀ, ਉੱਦਮੀ ਕਬੀਰ ਜੀ ਘਰਦਿਆਂ ਦੇ ਸੁੱਤੇ ਪਿਆਂ ਹੀ ਇਸ਼ਨਾਨ ਕਰ ਆਉਂਦੇ ਤੇ ਪਾਣੀ ਦਾ ਘੜਾ ਭਰ ਲਿਆਉਂਦੇ ਸਨ। ਮਾਂ ਨੂੰ ਕਬੀਰ ਜੀ ਦਾ ਭਜਨ ਪਸੰਦ ਨਾਹ ਹੋਣ ਕਰਕੇ ਇਹ ਸਵੇਰੇ ਪਾਣੀ ਲੈ ਆਉਣਾ ਭੀ ਮੰਦਾ ਲੱਗਦਾ ਸੀ। ਤੇ, ਇਸ ਨੂੰ ਭੀ ਉਹ ਵਧਾ ਵਧਾ ਕੇ ਆਖਦੀ ਸੀ ਕਿ ਕਬੀਰ ਨਿੱਤ ਪੋਚਾ ਫੇਰਦਾ ਰਹਿੰਦਾ ਹੈ।

ਬਿਲਾਵਲ ਰਾਗ ਦੇ ਸ਼ਬਦ ਦੀ ਰਾਹੀਂ ਕਬੀਰ ਜੀ ਆਪਣੀ ਮਾਂ ਦਾ ਰਵਈਆ ਤੇ ਗਿਲੇ ਬਿਆਨ ਕਰ ਕੇ ਫਿਰ ਆਪ ਹੀ ਆਪਣਾ ਨਿੱਤ ਦਾ ਕਰਤੱਬ ਦੱਸਦੇ ਹਨ।

(7) ਬੰਦਗੀ ਕਰਨ ਵਾਲੇ ਅਤੇ ਦੁਨੀਆਦਾਰ ਦਾ ਜ਼ਿੰਦਗੀ ਦਾ ਨਿਸ਼ਾਨਾ ਵੱਖੋ-ਵੱਖ ਹੋਣ ਕਰਕੇ ਦੋਹਾਂ ਦਾ ਮੇਲ ਬਹੁਤ ਮੁਸ਼ਕਲ ਹੈ। ਇਹ ਗੱਲ ਗ਼ਲਤ ਹੈ ਕਿ ਕਬੀਰ ਜੀ ਕੰਮ ਕਰਨਾ ਛੱਡ ਬੈਠੇ ਸਨ। ਆਖ਼ਰ, ਪਰਵਾਰ ਦੇ ਨਿਰਬਾਹ ਲਈ ਹੋਰ ਕਿਹੜੀ ਧਿਰ ਕਮਾਈ ਕਰਦੀ ਸੀ? ਘਰ ਵਿਚ ਸਤਸੰਗੀ ਭੀ ਆਏ ਰਹਿੰਦੇ ਸਨ, ਪਰਵਾਰ ਭੀ ਸੀ, ਇਹਨਾਂ ਸਭਨਾਂ ਵਾਸਤੇ ਕਬੀਰ ਜੀ ਹੀ ਮਿਹਨਤ ਕਰਦੇ ਸਨ। ਪਰ ਕਬੀਰ ਜੀ ਦੀ ਵਹੁਟੀ ਨੂੰ ਇਹਨਾਂ ਸਤਸੰਗੀਆਂ ਦਾ ਨਿੱਤ ਆਉਣਾ ਪਸੰਦ ਨਹੀਂ ਸੀ। ਇਸ ਵਾਸਤੇ ਇਨਸਾਨੀ ਸੁਭਾਵ ਅਨੁਸਾਰ ਗਿਲਾ ਬਹੁਤ ਵਧਾ ਕੇ ਕਰਦੀ ਹੈ।

ਕਬੀਰ ਜੀ ਗੌਂਡ ਰਾਗ ਦੇ ਸ਼ਬਦ ਵਿਚ ਆਪਣੀ ਵਹੁਟੀ ਦੇ ਗਿਲੇ ਬਿਆਨ ਕਰਦੇ ਹਨ। ਵਹੁਟੀ ਆਖਦੀ ਰਹਿੰਦੀ ਹੈ ਕਿ ਮੇਰਾ ਇਹ ਖਸਮ ਸਾਰਾ ਕਮਾਇਆ ਧਨ ਗਵਾਈ ਜਾਂਦਾ ਹੈ, ਇਸ ਦੇ ਸਤਸੰਗੀਆਂ ਦੀ ਆਵਾ-ਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ ਹੈ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ। ਘਰ ਵਿਚ ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ ਰਹਿੰਦਾ, ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ।

14 ਅੰਮ੍ਰਿਤ-ਵੇਲਾ

1. ਜਪੁ ਮ: 1 . . . . ਸਾਚਾ ਸਾਹਿਬੁ, ਸਾਚੁ ਨਾਇ (ਪੰਨਾ 2

2. ਸਲੋਕੁ ਮ: 1 (ਵਾਰ ਮਾਝ) . . . . ਸਬਾਹੀ ਸਾਲਾਹ (ਪੰਨਾ 145

3. ਸਲੋਕੁ ਮ: 2 (ਮਾਝ ਕੀ ਵਾਰ) . . . . ਅਠੀ ਪਹਿਰੀ ਅਠ ਖੰਡ (ਪੰਨਾ 146

4. ਸਲੋਕ ਮ: 3 (ਵਾਰ ਮਲਾਰ) . . . . ਬਾਬੀਹਾ ਅੰਮ੍ਰਿਤ ਵੇਲੈ ਬੋਲਿਆ (ਪੰਨਾ 1285

5. ਸਲੋਕ ਮ: 4 (ਗਉੜੀ ਕੀ ਵਾਰ) . . . . ਗੁਰ ਸਤਿਗੁਰ ਕਾ ਜੋ ਸਿਖੁ ਅਖਾਏ . . . . ਪੰਨੇ 205-06

6. ਸਲੋਕ ਮ: 5 (ਗਉੜੀ ਬਾਵਨ ਅਖਰੀ) . . . . ਝਾਲਾਘੇ ਉਠਿ ਨਾਮੁ ਜਪਿ (ਪੰਨਾ 255

7. ਸਲੋਕ ਮ: 5 (ਵਾਰ ਗਉੜੀ) . . . . ਚਿੜੀ ਚੁਹਕੀ ਪਹੁ ਫੁਟੀ (ਪੰਨਾ 319

8. ਆਸਾ ਮ: 5 ਛੰਤ . . . . ਭਿੰਨੀ ਰੈਨੜੀਐ ਚਾਮਕਨਿ ਤਾਰੇ (ਪੰਨਾ 459

9. ਸਲੋਕ ਫਰੀਦ ਜੀ . . . . ਫਰੀਦਾ ਪਿਛਲ ਰਾਤਿ ਨ ਜਾਗਿਓਹਿ (ਪੰਨਾ 1383

ਭਾਵ:

(1) ਜਿਉਂ ਜਿਉਂ ਮਨੁੱਖ ਦਾ ਮਨ ਮਾਇਆ ਦੇ ਮੋਹ ਵਿਚ ਫਸਦਾ ਹੈ, ਪਰਮਾਤਮਾ ਨਾਲੋਂ ਇਸ ਦੀ ਵਿੱਥ ਬਣਦੀ ਜਾਂਦੀ ਹੈ। ਇਹ ਵਿੱਥ ਦਾਨ-ਪੁੰਨ ਕਰਨ ਨਾਲ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਮਿਟ ਨਹੀਂ ਸਕਦੀ, ਕਿਉਂਕਿ ਇਹ ਦਾਤਾਂ ਤਾਂ ਸਾਰੀਆਂ ਉਸ ਪਰਮਾਤਮਾ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪਰਮਾਤਮਾ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ 'ਪ੍ਰੇਮ'। ਯਾਦ ਤੇ ਪ੍ਰੇਮ ਦਾ ਆਪੋ ਵਿਚ ਡੂੰਘਾ ਸੰਬੰਧ ਹੈ, ਜਿਸ ਨੂੰ ਨਿੱਤ ਯਾਦ ਕਰਦੇ ਰਹੀਏ, ਉਸ ਨਾਲ ਪਿਆਰ ਬਣ ਜਾਣਾ ਕੁਦਰਤੀ ਗੱਲ ਹੈ। ਸੋ, ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਸ ਨੂੰ 'ਪ੍ਰੇਮ ਪਟੋਲਾ' ਮਿਲਦਾ ਹੈ ਜਿਸ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਹੀ ਦਿੱਸਣ ਲੱਗ ਪੈਂਦਾ ਹੈ।

(2) ਦਿਨ-ਚੜ੍ਹੇ ਮਨੁੱਖ ਦੇ ਮਨ ਦੀਆਂ ਵਾਸਨਾਂ ਖਿਲਰ ਜਾਂਦੀਆਂ ਹਨ, ਮਨ ਕਈ ਪਾਸੀਂ ਦੌੜਨਾ ਸ਼ੁਰੂ ਕਰ ਦੇਂਦਾ ਹੈ, ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦਾ ਹੈ ਉਸ ਵਿਚ ਅਜਿਹਾ ਫਸਦਾ ਹੈ ਕਿ ਨਿਕਲ ਨਹੀਂ ਸਕਦਾ।

ਭੁੱਖ ਤ੍ਰਿਹ ਨੇ ਭੀ ਚਮਕਣਾ ਹੋਇਆ, ਖਾਣ ਪੀਣ ਦਾ ਰੁਝੇਵਾਂ ਭੀ ਬਣਨਾ ਕੁਰਦਤੀ ਗੱਲ ਹੈ। ਫਿਰ ਸਾਰੇ ਦਿਨ ਦੇ ਕੰਮ-ਕਾਰ ਵਿਚ ਥੱਕ ਕੇ ਮਨੁੱਖ ਘੂਕ ਨੀਂਦਰ ਵਿਚ ਰਾਤ ਗੁਜ਼ਾਰ ਦੇਂਦਾ ਹੈ।

ਸੋ, ਅੰਮ੍ਰਿਤ ਵੇਲਾ ਹੀ ਹੈ ਜਦੋਂ ਮਨੁੱਖ ਦਾ ਮਨ ਇਕਾਗਰ ਹੋ ਕੇ ਪਰਮਾਤਮਾ ਦੀ ਯਾਦ ਵਿਚ ਜੁੜ ਸਕਦਾ ਹੈ। ਪਰ ਅੰਮ੍ਰਿਤ ਵੇਲੇ ਦਾ ਇਹ ਅੱਭਿਆਸ ਇਹੋ ਜਿਹਾ ਬਣਨਾ ਚਾਹੀਦਾ ਹੈ ਕਿ ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ ਮਨ ਵਿਚ ਟਿਕਿਆ ਰਹੇ। ਸੁਰਤਿ ਦਾ ਪਰਮਾਤਮਾ ਦੀ ਯਾਦ ਵਿਚ ਜੁੜੇ ਰਹਿਣਾ ਹੀ ਮਨੁੱਖ ਵਾਸਤੇ ਆਤਮਕ ਇਸ਼ਨਾਨ ਹੈ।

(3) ਮਨੁੱਖ ਦਾ ਹਾਲ ਵੇਖੋ! ਅੱਠੇ ਪਹਰ ਉਸ ਦਾ ਮਨ ਧਰਤੀ ਦੇ ਪਦਾਰਥਾਂ ਵਿਚ ਹੀ ਲੱਗਾ ਰਹਿੰਦਾ ਹੈ। ਕੋਈ ਵਿਰਲੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਅੰਦਰ-ਵੱਸਦੇ ਪਰਮਾਤਮਾ ਦੀ ਭਾਲ ਭੀ ਕਰਦੇ ਹਨ। ਅਜਿਹੇ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗੀਆਂ ਨਾਲ ਸਾਂਝ ਬਣਾਂਦੇ ਹਨ, ਸਤਸੰਗ ਵਿਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ, ਪਰਮਾਤਮਾ ਦੀ ਮਿਹਰ ਨਾਲ ਉਥੇ ਨਾਮਿ ਦੀ ਦਾਤਿ ਮਿਲਦੀ ਹੈ।

ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ ਵਕਤ ਵਿਚ ਭੀ ਕਿਰਤ-ਕਾਰ ਕਰਦੇ ਹੋਇਆਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਆਚਰਨ ਉੱਚਾ ਬਣਦਾ ਰਹੇ। ਤੇ, ਆਚਰਨ ਚੰਗਾ ਬਣਦਾ ਹੈ ਚੰਗਿਆਂ ਦੀ ਸੰਗਤਿ ਵਿਚ ਹੀ।

(4) ਝੁਕੇ ਹੋਏ ਵਰ੍ਹਾਊ ਬੱਦਲ ਵੇਖ ਕੇ ਪਪੀਹਾ ਸਵੇਰ-ਸਾਰ ਹੀ ਕੂਕਦਾ ਹੈ।

ਨਾਮ-ਅੰਮ੍ਰਿਤ ਦੇ ਪਿਆਸੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਯਾਦ ਵਿਚ ਮਗਨ ਹੁੰਦੇ ਹਨ, ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਖਿੜ ਆਉਂਦਾ ਹੈ।

(5) ਸਿੱਖ ਦਾ ਕਰਤੱਬ ਇਹ ਹੋਣਾ ਚਾਹੀਦਾ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਾਲ ਸਰੀਰਕ ਆਲਸ ਦੂਰ ਕਰ ਕੇ ਪਰਮਾਤਮਾ ਦੀ ਯਾਦ ਵਿਚ ਮਨ ਨੂੰ ਜੋੜੇ, ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਚੁੱਭੀ ਲਾਏ। ਫਿਰ ਸਤਿਗੁਰੂ ਦੀ ਬਾਣੀ ਪੜ੍ਹੇ ਸੁਣੇ।

ਦਿਨ ਵੇਲੇ ਕਿਰਤ-ਕਾਰ ਕਰਦਿਆਂ ਭੀ ਪਰਮਾਤਮਾ ਦੀ ਯਾਦ ਨਾਹ ਭੁਲਾਏ, ਇਸ ਤਰ੍ਹਾਂ ਕਿਰਤ ਕਾਰ ਹੱਕ ਦੀ ਹੋਵੇਗੀ, ਕਿਸੇ ਨਾਲ ਠੱਗੀ-ਫ਼ਰੇਬ ਕਰਨ ਵਾਲਾ ਮਨ ਪ੍ਰੇਰਿਤ ਨਹੀਂ ਹੋਵੇਗਾ।

(6) ਸਾਰੀ ਸ੍ਰਿਸ਼ਟੀ ਦਾ ਸਰਦਾਰ ਹੈ ਮਨੁੱਖ। ਪਰ ਵੇਖੋ ਇਸ ਦੀ ਦੁਰਦਸ਼ਾ! ਪਰਮਾਤਮਾ ਨਾਲੋਂ ਵਿੱਛੁੜ ਕੇ ਮਨੁੱਖ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ, ਪਰਮਾਤਮਾ ਨੂੰ ਵਿਸਾਰਨ ਕਰਕੇ ਇਸ ਦੇ ਮਨ ਵਿਚ ਮਾਇਆ ਦੇ ਮੋਹ ਦਾ ਹੀ ਜ਼ੋਰ ਪਿਆ ਰਹਿੰਦਾ ਹੈ, ਕਾਮਾਦਿਕ ਵੈਰੀਆਂ ਦੇ ਢਹੇ ਚੜ੍ਹਿਆ ਰਹਿੰਦਾ ਹੈ।

ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰੇ, ਉਸ ਨੂੰ ਸਤਸੰਗ ਨਸੀਬ ਹੁੰਦਾ ਹੈ ਜਿੱਥੇ ਉਹ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਸੁਣਦਾ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਅੰਮ੍ਰਿਤ ਵੇਲੇ ਉਠ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਅੱਭਿਆਸ ਕੀਤਿਆਂ ਸਾਰਾ ਦਿਨ ਕਿਰਤ ਕਾਰ ਵੇਲੇ ਭੀ ਪਰਮਾਤਮਾ ਦੀ ਯਾਦ ਹਿਰਦੇ ਵਿਚ ਬਣੀ ਰਹਿ ਸਕਦੀ ਹੈ।

(7) ਪਹੁ-ਫੁਟਾਲੇ ਦੇ ਸਮੇਂ ਚਿੜੀਆਂ ਆਦਿਕ ਪੰਛੀ ਬੋਲਣ ਲੱਗ ਪੈਂਦੇ ਹਨ। ਉਸ ਇਕਾਂਤ ਸਮੇਂ ਚਿੜੀਆਂ ਦਾ ਚੁਹਕਣਾ ਬੜਾ ਸੁਹਾਵਣਾ ਲੱਗਦਾ ਹੈ। ਕੁਦਰਤਿ ਵਲੋਂ ਇਹਨਾਂ ਪੰਛੀਆਂ ਦੀ ਰਾਹੀਂ ਹੀ ਇਨਸਾਨ ਨੂੰ ਪ੍ਰੇਰਨਾ ਹੁੰਦੀ ਹੈ ਕਿ ਪਹੁ-ਫੁਟਾਲੇ ਦਾ ਸਮਾ ਸੁੱਤੇ ਰਹਿਣ ਦਾ ਨਹੀਂ ਹੈ।

ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਯਾਦ ਵਿਚ ਜੁੜੋ। ਉਹੀ ਵੇਲਾ ਹੈ ਜਦੋਂ ਰੱਬੀ ਪਿਆਰ ਦੇ ਤਰੰਗ ਮਨੁੱਖ ਦੇ ਹਿਰਦੇ ਵਿਚ ਉੱਠ ਸਕਦੇ ਹਨ।

(8) ਜਿਵੇਂ ਤ੍ਰੇਲ-ਭਿੱਜੀ ਰਾਤ ਵਿਚ ਆਕਾਸ਼ ਵਿਚ ਤਾਰੇ ਡਲ੍ਹਕਾਂ ਮਾਰਦੇ ਹਨ, ਤਿਵੇਂ ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ। ਅੰਮ੍ਰਿਤ ਵੇਲੇ ਉਠ ਕੇ ਸਿਮਰਨ ਦਾ ਅੱਭਿਆਸ ਕਰਨ ਵਾਲੇ ਸੰਤ ਜਨ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ।

(9) ਪਰਮਾਤਮਾ ਹੀ ਮਨੁੱਖ ਦੇ ਆਤਮਕ ਜੀਵਨ ਦਾ ਸੋਮਾ ਹੈ। ਆਤਮਕ ਜੀਵਨ ਤੋਂ ਬਿਨਾ ਮਨੁੱਖ ਵੇਖਣ ਨੂੰ ਤਾਂ ਜਿਊਂਦਾ ਹੈ, ਪਰ ਅਸਲ ਵਿਚ ਆਤਮਕ ਮੌਤ ਸਹੇੜੀ ਰੱਖਦਾ ਹੈ। ਆਤਮਕ ਮੌਤ ਤਦੋਂ ਦੂਰ ਹੋਵੇ ਜਦੋਂ ਮਨੁੱਖ ਆਤਮਕ ਜੀਵਨ ਦੇ ਸੋਮੇ ਪਰਮਾਤਮਾ ਵਿਚ ਆਪਾ ਲੀਨ ਕਰੇ, ਤੇ, ਇਸ ਉੱਦਮ ਵਾਸਤੇ ਅਸਲ ਵਕਤ ਹੈ ਅੰਮ੍ਰਿਤ ਵੇਲਾ। ਜਿਸ ਮਨੁੱਖ ਨੇ ਅੰਮ੍ਰਿਤ ਵੇਲਾ ਸੌਂ ਕੇ ਗੁਜ਼ਾਰ ਦਿੱਤਾ ਉਸ ਨੇ ਆਤਮਕ ਮੌਤ ਸਹੇੜੀ ਰੱਖੀ।

(14) ਮਿਲਾਪ ਅਵਸਥਾ

1. ਸਲੋਕ ਮ: 1 (ਮਾਝ ਕੀ ਵਾਰ) . . . . ਅਖੀ ਬਾਝਹੁ ਵੇਖਣਾ (ਪੰਨਾ 138

2. ਗਉੜੀ ਮ: 5 . . . . ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ (ਪੰਨਾ 249

3. ਆਸਾ ਮ: 5 . . . . ਸਸੂ ਤੇ ਪਿਰਿ ਕੀਨੀ ਵਾਖਿ (ਪੰਨਾ 370

4. ਆਸਾ ਮ: 5 . . . . ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ (ਪੰਨਾ 460

5. ਸੋਰਠਿ ਮ: 5 . . . . ਸੁਖੀਏ ਕਉ ਪੇਖੈ ਸਭ ਸੁਖੀਆ (ਪੰਨਾ 510

6. ਧਨਾਸਰੀ ਮ: 5 . . . . ਲਵੈ ਨ ਲਾਗਨ ਕਉ ਹੈ (ਪੰਨਾ 672

7. ਮਾਰੂ ਮ: 5 . . . . ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ (ਪੰਨਾ 1000

8. ਸਾਰਗ ਮ: 5 . . . . ਮਾਈ ਰੀ ਚਰਨਹ ਓਟ ਗਹੀ (ਪੰਨਾ 1225

9. ਸੋਰਠਿ ਮ: 9 . . . . ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ (ਪੰਨਾ 633

10. ਬਸੰਤੁ ਮ: 9 . . . . ਮਾਈ ਮੈ ਧਨੁ ਪਾਇਓ ਹਰਿ ਨਾਮੁ (ਪੰਨਾ 1186

11. ਆਸਾ ਕਬੀਰ ਜੀ . . . . ਜਉ ਮੈ ਰੂਪ ਕੀਏ ਬਹੁਤੇਰੇ (ਪੰਨਾ 483

12. ਸੋਰਠਿ ਕਬੀਰ ਜੀ . . . . ਦੁਇ ਦੁਇ ਲੋਚਨ ਪੇਖਾ (ਪੰਨਾ 655

13. ਸੋਰਠਿ ਨਾਮਦੇਵ ਜੀ . . . . ਅਣਮੜਿਆ ਮੰਦਲੁ ਬਾਜੈ (ਪੰਨਾ 657

14. ਗਉੜੀ ਰਵਿਦਾਸ ਜੀ . . . . ਬੇਗਮਪੁਰਾ ਸਹਰ ਕੋ ਨਾਉ (ਪੰਨਾ 345

ਭਾਵ:

(1) ਜਿਸ ਮਨੁੱਖ ਦਾ ਖਸਮ-ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਉਸ ਦੇ ਰੋਜ਼ਾਨਾ ਜੀਵਨ ਵਿਚ ਇਕ ਅਜੀਬ ਸੁੰਦਰ ਪਲਟਾ ਆ ਜਾਂਦਾ ਹੈ। ਉਹ ਮਨੁੱਖ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਆਪਣੀਆਂ ਅੱਖਾਂ ਨੂੰ ਹਟਾ ਲੈਂਦਾ ਹੈ, ਉਸ ਦੇ ਕੰਨ ਪਰਾਈ ਨਿੰਦਾ ਸੁਣਨ ਵਲੋਂ ਹਟ ਜਾਂਦੇ ਹਨ, ਉਸ ਦੇ ਪੈਰ ਮੰਦੇ ਪਾਸੇ ਵਲ ਨਹੀਂ ਜਾਂਦੇ, ਉਸ ਦੇ ਹੱਥ ਪਰਾਇਆ ਨੁਕਸਾਨ ਕਰਨ ਵਲੋਂ ਰੁਕੇ ਰਹਿੰਦੇ ਹਨ, ਉਸ ਦੀ ਜੀਭ ਕਿਸੇ ਦੀ ਨਿੰਦਾ ਨਹੀਂ ਕਰਦੀ।

(2) ਸਾਧ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ ਉਸ ਦਾ ਮਨ ਹਰ ਵੇਲੇ ਪਰਮਾਤਮਾ ਦੀ ਯਾਦ ਵਿਚ ਗਿੱਝਾ ਰਹਿੰਦਾ ਹੈ, ਸੁੱਤਿਆਂ ਜਾਗਦਿਆਂ ਹਰ ਵੇਲੇ ਉਸ ਦੀ ਸੁਰਤਿ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ, ਉਸ ਦਾ ਮਨ ਦੁਨੀਆ ਦੇ ਪਦਾਰਥਾਂ ਵਲ ਨਹੀਂ ਭਟਕਦਾ, ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ, ਉਸ ਦੀ ਸੁਰਤਿ ਆਤਮਕ ਅਡਲੋਤਾ ਵਿਚ ਟਿਕੀ ਰਹਿੰਦੀ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜ ਪੈਂਦਾ ਹੈ ਤਿਵੇਂ ਪਰਮਾਤਮਾ ਦੀ ਜੋਤਿ ਦੇ ਚਾਨਣ ਨਾਲ ਉਸਦਾ ਹਿਰਦਾ ਖਿੜਿਆ ਰਹਿੰਦਾ ਹੈ।

(3) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਮਿਲ ਜਾਂਦੀ ਹੈ ਕਾਮਾਦਿਕ ਵਿਕਾਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਉਸ ਮਨੁੱਖ ਨੂੰ ਆਤਮਕ ਜੀਵਨ ਜੀਊਣ ਦੀ ਸਮਝ ਆ ਜਾਂਦੀ ਹੈ। ਆਸਾ, ਤ੍ਰਿਸ਼ਨਾ, ਹਉਮੈ ਲੋਕਾਚਾਰੀ ਰਸਮਾਂ; ਇਹਨਾਂ ਦੇ ਅਸਰ ਤੋਂ ਉਸ ਮਨੁੱਖ ਦਾ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ। ਉਸਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਦੁਨੀਆ ਵਿਚ ਕੋਈ ਮਨੁੱਖ ਉਸ ਨੂੰ ਆਪਣਾ ਵੈਰੀ ਨਹੀਂ ਜਾਪਦਾ।

(4) ਜਿਸ ਮਨੁੱਖ ਦੇ ਹਿਰਦੇ ਵਿਚ ਕਰਤਾਰ ਆ ਵੱਸਦਾ ਹੈ, ਉਥੇ ਪਾਪ ਟਿਕੇ ਨਹੀਂ ਰਹਿ ਸਕਦੇ। ਉਥੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਉਸ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ, ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।

(5) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਆ ਜਾਂਦੀ ਹੈ। ਸਾਧ ਸੰਗਤਿ ਵਿਚ ਟਿਕ ਕੇ ਉਸ ਮਨੁੱਖ ਦਾ ਮਨ ਵਿਕਾਰਾਂ ਵਲੋਂ ਸ਼ਾਂਤ ਹੋ ਜਾਂਦਾ ਹੈ, ਉਸ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿੱਸਦਾ ਹੈ। ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ।

(6) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਜਾਂਦਾ ਹੈ, ਕੋਈ ਹੋਰ ਚਸਕਾ ਉਸ ਉਤੇ ਅਸਰ ਨਹੀਂ ਪਾ ਸਕਦਾ। ਵੇਖੋ ਹਾਲ ਮਨੁੱਖ ਦਾ! ਮਾਇਕ ਪਦਾਰਥਾਂ ਦੀ ਖ਼ਾਤਰ ਦਿਨ ਰਾਤ ਭਟਕਦਾ ਫਿਰਦਾ ਹੈ, ਪਰ ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਦਨੀਆ ਦੇ ਹੋਰ ਸਾਰੇ ਪਦਾਰਥ ਉਸ ਨੂੰ ਇਸ ਦਾਤਿ ਦੇ ਟਾਕਰੇ ਤੇ ਤੁੱਛ ਜਾਪਦੇ ਹਨ। ਜਿਸ ਮਨੁੱਖ ਨੂੰ ਇਸ ਨਾਮ-ਜਲ ਦੀ ਇਕੋ ਹੀ ਬੂੰਦ ਮਿਲ ਜਾਂਦੀ ਹੈ ਉਸ ਦਾ ਤਨ ਮਨ ਸਦਾ ਖਿੜਿਆ ਰਹਿੰਦਾ ਹੈ।

(7) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ, ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਆਦਿਕ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਉਸ ਨੂੰ ਪਰਮਾਤਮਾ ਹਰ ਵੇਲੇ ਅੰਗ-ਸੰਗ ਦਿੱਸਦਾ ਹੈ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ।

(8) ਸਾਧ ਸੰਗਤਿ ਵਿਚ ਬੈਠ ਕੇ ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ, ਉਸ ਨੂੰ ਪਰਮਾਤਮਾ ਜਲ ਵਿਚ ਥਲ ਵਿਚ ਹਰ ਥਾਂ ਵਿਆਪਕ ਦਿੱਸਣ ਲੱਗ ਪੈਂਦਾ ਹੈ। ਸਭ ਜੀਵਾਂ ਵਿਚ ਪਰਮਾਤਮਾ ਦਾ ਦੀਦਾਰ ਕਰ ਕੇ ਉਸ ਦਾ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਭੀ ਕਿਉਂ ਨ? ਉਸ ਨੂੰ ਫਿਰ ਕੋਈ ਓਪਰਾ ਨਹੀਂ ਨ ਦਿੱਸਦਾ।

(9) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਜੋਤਿ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ਉਹ ਦੁੱਖਾਂ ਵਿਚ ਘਬਰਾਂਦਾ ਨਹੀਂ, ਉਹ ਕਿਸੇ ਦੀ ਚੁਗਲੀ ਨਹੀਂ ਕਰਦਾ, ਕਿਸੇ ਦਾ ਮੰਦਾ ਨਹੀਂ ਚਿਤਵਦਾ, ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ। ਉਸ ਦੇ ਅੰਦਰ ਨਾਹ ਲੋਭ ਨਾਹ ਮੋਹ ਨਾਹ ਅਹੰਕਾਰ, ਖ਼ੁਸ਼ੀ ਗ਼ਮੀ ਤੋਂ ਇਹ ਨਿਰਲੇਪ ਰਹਿੰਦਾ ਹੈ, ਜਗਤ ਤੋਂ ਨਿਰਲੇਪ ਰਹਿ ਕੇ ਜੀਵਨ ਬਿਤੀਤ ਕਰਦਾ ਹੈ।

(10) ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਉਸ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ। ਉਸ ਨੂੰ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ। ਮਾਇਆ ਦੀ ਮਮਤਾ ਲੋਭ, ਮਾਇਆ ਦਾ ਮੋਹ, ਮਾਇਆ ਦੀ ਤ੍ਰਿਸ਼ਨਾ; ਇਹ ਉਸ ਨੂੰ ਛੋਹ ਨਹੀਂ ਸਕਦੇ। ਉਹ ਸਦਾ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

(11) ਜਿਸ ਮਨੁੱਖ ਨੂੰ ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ, ਉਹ ਮਾਇਆ ਦੇ ਹੱਥਾਂ ਤੇ ਨੱਚਣੋਂ ਹਟ ਜਾਂਦਾ ਹੈ ਉਸ ਦਾ ਮਨ ਮਾਇਆ ਦੇ ਮੋਹ ਦੀ ਢੋਲਕੀ ਨਹੀਂ ਵਜਾਂਦਾ। ਉਸ ਦੇ ਮਨ ਦਾ ਮੋਹ ਦਾ ਧਾਗਾ ਮੋਹ ਦੀ ਤਾਰ ਮੋਹ ਦੇ ਸਾਰੇ ਅਡੰਬਰ ਮੁੱਕ ਜਾਂਦੇ ਹਨ। ਉਹ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਤੇ ਮਾਇਆ ਦੇ ਮੋਹ ਦਾ ਪ੍ਰਭਾਵ ਸਾੜ ਦੇਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਮਟਕੀ ਟੁੱਟ ਜਾਂਦੀ ਹੈ। ਮੁੱਕਦੀ ਗੱਲ ਉਸ ਦੇ ਅੰਦਰੋਂ ਮਾਇਆ ਦੀ ਸਾਰੀ ਹੀ ਖੇਡ ਮੁੱਕ ਜਾਂਦੀ ਹੈ।

(12) ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ, ਉਸ ਦਾ ਤਨ ਮਨ ਸਭ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ; ਉਸ ਨੂੰ ਹਰ ਥਾਂ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਹ ਜਿਧਰ ਵੇਖਦਾ ਹੈ ਉਸ ਨੂੰ ਕੋਈ ਓਪਰਾ ਨਹੀਂ ਦਿਸਦਾ। ਉਸ ਮਨੁੱਖ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਂਦਾ ਹੈ ਤਾਂ ਸਾਰੀ ਖ਼ਲਕਤ ਜਗਤ-ਤਮਾਸ਼ਾ ਵੇਖਣ ਆ ਜਾਂਦੀ ਹੈ, ਜਦੋਂ ਉਹ ਬਾਜ਼ੀਗਰ ਖੇਲ ਸਮੇਟਦਾ ਹੈ ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ।

(13) ਜਿਵੇਂ ਕਿਤੇ ਢੋਲ ਵੱਜਿਆਂ ਨਿੱਕੇ ਮੋਟੇ ਹੋਰ ਖੜਾਕ ਸੁਣਾਈ ਨਹੀਂ ਦੇਂਦੇ ਤਿਵੇਂ ਜਿਸ ਮਨੁੱਖ ਦੇ ਅੰਦਰ ਰਾਮ-ਨਾਮ ਦਾ ਢੋਲ ਵੱਜਦਾ ਹੈ ਨਾਮ ਦਾ ਪ੍ਰਭਾਵ ਪੈਂਦਾ ਹੈ ਉਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣੀਂਦਾ, ਉਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ ਤੇ ਮਨੁੱਖ ਦਾ ਮਨ-ਮੋਰ ਪੈਲਾਂ ਪਾਂਦਾ ਹੈ ਉਥੇ ਨਾਮ ਦੀ ਵਰਖਾ ਨਾਲ ਹਰ ਵੇਲੇ ਠੰਢ ਪਈ ਰਹਿੰਦੀ ਹੈ।

ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਮਨੁੱਖ ਦਾ ਮਨ ਇਉਂ ਸੁਅੱਛ ਹੋ ਜਾਂਦਾ ਹੈ, ਜਿਵੇਂ ਪਾਰਸ ਨਾਲ ਛੋਹ ਕੇ ਲੋਹਾ ਸੋਨਾ ਬਣ ਜਾਂਦਾ ਹੈ। ਜਿਵੇਂ ਸਮੁੰਦਰ ਦੇ ਪਾਣੀ ਵਿਚ ਘੜੇ ਦਾ ਪਾਣੀ ਮਿਲ ਕੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ ਤਿਵੇਂ ਮਨੁੱਖ ਦੇ ਅੰਦਰ ਆਪਣੀ ਅਪਣੱਤ ਰਹਿ ਹੀ ਨਹੀਂ ਜਾਂਦੀ।

(14) ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਕੋਈ ਗ਼ਮ ਪੋਹ ਨਹੀਂ ਸਕਦਾ। ਉਥੇ ਕੋਈ ਚਿੰਤਾ ਨਹੀਂ ਵਾਪਰਦੀ ਉਥੇ ਕੋਈ ਘਬਰਾਹਟ ਨਹੀਂ ਜ਼ੋਰ ਪਾਂਦੀ। ਉਸ ਆਤਮਕ ਅਵਸਥਾ ਵਿਚ ਕੋਈ ਪਾਪ ਕਰਮ ਮੰਦੇ ਪਾਸੇ ਦੀ ਪ੍ਰੇਰਨਾ ਨਹੀਂ ਕਰ ਸਕਦਾ। ਉਸ ਆਤਮਕ ਅਵਸਥਾ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ।

16. ਪ੍ਰੀਤਿ

(ੳ) ਮੱਛੀ ਤੇ ਪਾਣੀ

1. ਸਿਰੀ ਰਾਗੁ ਮ: 1 . . . . ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ (ਪੰਨਾ 59

2. ਗਉੜੀ ਮ: 1 . . . . ਹਰਣੀ ਹੋਵਾ ਬਨਿ ਬਸਾ (ਪੰਨਾ 157

3. ਮਾਝ ਮ: 4 . . . . ਹਰਿ ਗੁਣ ਪੜੀਐ (ਪੰਨਾ 95

4. ਸੋਰਠਿ ਮ: 4 . . . . ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ (ਪੰਨਾ 607

5. ਮਾਝ ਮ: 5 . . . . ਤੂੰ ਜਲਨਿਧਿ ਹਮ ਲੀਨ ਤੁਮਾਰੇ (ਪੰਨਾ 100

6. ਆਸਾ ਮ: 5 . . . . ਤੂੰ ਮੇਰਾ ਤਰੰਗੁ ਹਮ ਲੀਨ ਤੁਮਾਰੇ (ਪੰਨਾ 389

7. ਆਸਾ ਮ: 5 ਛੰਤ . . . . ਜਲ ਦੁਧ ਨਿਆਈ ਰੀਤਿ (ਪੰਨਾ 454

8. ਆਸਾ ਮ: 5 ਛੰਤ . . . . ਹਰਿ ਚਰਨ ਕਮਲ ਮਨੁ ਬੇਧਿਆ (ਪੰਨਾ 453

9. ਧਨਾਸਰੀ ਮ: 5 . . . . ਬਿਨੁ ਜਲ ਪ੍ਰਾਨ ਤਜੇ ਹੈ ਮੀਨਾ (ਪੰਨਾ 670

10. ਪਉੜੀ ਮ: 5 (ਵਾਰ ਜੈਤਸਰੀ) . . . . ਜਿਉ ਮਛੁਲੀ ਬਿਨੁ ਪਾਣੀਐ (ਪੰਨਾ 708

11. ਬਿਲਾਵਲੁ ਮ: 5 ਛੰਤ . . . . ਸਖੀ ਆਉ ਸਖੀ (ਪੰਨਾ 847

12. ਤੁਖਾਰੀ ਮ: 5 ਛੰਤ . . . . ਘੋਲਿ ਘੁਮਾਈ ਲਾਲਨਾ (ਪੰਨਾ 1117

ਭਾਵ:

(1) ਕੌਲ ਫੁੱਲ ਪਾਣੀ ਦੀਆਂ ਲਹਿਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ ਫੁੱਲ ਖਿੜਦਾ ਹੀ ਹੈ, ਧੱਕਿਆਂ ਤੋਂ ਗੁੱਸਾ ਨਹੀਂ ਕਰਦਾ।

ਪਾਣੀ ਜਿਤਨਾ ਹੀ ਵਧੀਕ ਹੁੰਦਾ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ। ਪਾਣੀ ਤੋਂ ਬਿਨਾ ਮੱਛੀ ਇਕ ਘੜੀ ਭੀ ਜੀਊ ਨਹੀਂ ਸਕਦੀ।

ਪਾਣੀ ਨਾਲ ਸਰੋਵਰ ਭਰੇ ਹੁੰਦੇ ਹਨ, ਪਰ ਜੇ ਪਪੀਹੇ ਨੂੰ ਵਰਖਾ ਦੀ ਬੂੰਦ ਨਾਹ ਮਿਲੇ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।

ਕੋਈ ਵਿਰਲੇ ਭਾਗਾਂ ਵਾਲੇ ਹੁੰਦੇ ਹਨ, ਜਿਹੜੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਅਜਿਹੀ ਪ੍ਰੀਤ ਬਣਾਂਦੇ ਹਨ।

ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ। ਡੂੰਘੇ ਪਾਣੀਆਂ ਵਿਚ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਤਾਰੀਆਂ ਲਾਂਦੀ ਹੈ।

(2) ਹਰਣੀ ਜੰਗਲ ਵਿਚ ਘਾਹ-ਬੂਟ ਖਾ ਕੇ ਮੌਜ ਨਾਲ ਚੁੰਗੀਆਂ ਮਾਰਦੀ ਹੈ।

ਕੋਇਲ ਦੀ ਅੰਬ ਨਾਲ ਪ੍ਰੀਤ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ।

ਸਪਣੀ ਬੀਨ ਉਤੇ ਮਸਤ ਹੁੰਦੀ ਹੈ। ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁਧ-ਬੁਧ ਭੁੱਲ ਜਾਂਦੀ ਹੈ।

ਕੋਈ ਵਿਰਲੇ ਭਾਗਾਂ ਵਾਲੇ ਬੰਦੇ ਹਨ ਜੋ ਪਰਮਾਤਮਾ ਨਾਲ ਅਜਿਹਾ ਪਿਆਰ ਗੰਢਦੇ ਹਨ।

(3) ਜਿਵੇਂ ਮੱਛੀ ਵਾਸਤੇ ਪਾਣੀ ਹੈ, ਜਿਵੇਂ ਪਪੀਹੇ ਲਈ ਵਰਖਾ ਦੀ ਬੂੰਦ ਹੈ, ਤਿਵੇਂ ਨਾਮ-ਰਸੀਏ ਦੇ ਆਤਮਕ ਜੀਵਨ ਵਾਸਤੇ ਪ੍ਰਭੂ-ਚਰਨਾਂ ਦੀ ਯਾਦ ਹੈ।

(4) ਮੱਛੀ ਨੂੰ ਪਾਣੀ ਵਿਚੋਂ ਬਾਹਰ ਕੱਢ ਦਿਉ, ਤੜਫ ਤੜਫ ਕੇ ਮਰ ਜਾਇਗੀ। ਕਿਤਨੇ ਹੀ ਸਰੋਵਰ ਤਾਲਾਬ ਪਾਣੀ ਨਾਲ ਭਰੇ ਪਏ ਹੋਣ, ਪਪੀਹਾ ਵਰਖਾ ਦੀ ਬੂੰਦ ਨੂੰ ਹੀ ਤਾਂਘਦਾ ਰਹੇਗਾ। ਸਰੋਵਰਾਂ ਦੇ ਪਾਣੀ ਉਸ ਦੇ ਕਿਸੇ ਕੰਮ ਨਹੀਂ।

ਨਾਮ ਦੇ ਰਸੀਏ ਦੀ ਜਿੰਦ ਪ੍ਰਭੂ ਦੀ ਯਾਦ ਤੋਂ ਬਿਨਾ ਤੜਫ ਉਠਦੀ ਹੈ। ਦੁਨੀਆ ਦੇ ਰੰਗ ਤਮਾਸ਼ੇ ਉਸ ਨੂੰ ਆਸਰਾ ਨਹੀਂ ਦੇ ਸਕਦੇ।

(5) ਖੁਲ੍ਹੇ ਡੂੰਘੇ ਪਾਣੀਆਂ ਵਿਚ ਮੱਛੀ ਮੌਜ ਨਾਲ ਤਾਰੀਆਂ ਲਾਂਦੀ ਹੈ। ਪਪੀਹਾ ਵਰਖਾ ਦੀ ਬੂੰਦ ਨਾਲ ਤ੍ਰਿਪਤ ਹੁੰਦਾ ਹੈ।

ਪ੍ਰਭੂ-ਚਰਨਾਂ ਦੇ ਪਿਆਰੇ ਨੂੰ ਪ੍ਰਭੂ ਦਾ ਯਾਦ ਹੁਲਾਰੇ ਵਿਚ ਲਿਆਉਂਦੀ ਹੈ।

(6) ਮੱਛੀ ਪਾਣੀ ਨੂੰ ਜਿੰਦ ਦਾ ਆਸਰਾ ਬਣਾ ਕੇ ਪਾਣੀ ਦੀਆਂ ਲਹਰਾਂ ਵਿਚ ਤਾਰੀਆਂ ਲੈਂਦੀ ਹੈ। ਕੌਲ ਫੁੱਲ ਸੂਰਜ ਦਾ ਦੀਦਾਰ ਕਰ ਕੇ ਖਿੜਦਾ ਹੈ।

ਪ੍ਰਭੂ-ਚਰਨਾਂ ਦੇ ਰਸੀਏ ਹਰ ਥਾਂ ਪ੍ਰਭੂ ਦਾ ਦੀਦਾਰ ਕਰ ਕੇ ਹੁਲਾਰੇ ਵਿਚ ਆਉਂਦੇ ਹਨ।

(7) ਮੱਛੀ ਪਾਣੀ ਦੀ ਆਸ਼ਿਕ ਹੈ। ਪਾਣੀ ਦੁੱਧ ਨਾਲ ਪ੍ਰੀਤਿ ਕਰ ਕੇ ਅੱਗ ਉਤੇ ਰੱਖੇ ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ ਤੇ ਆਪ ਸੇਕ ਸਹਾਰਦਾ ਹੈ। ਭੌਰਾ ਕੌਲ ਫੁੱਲ ਉਤੇ ਮਸਤ ਹੁੰਦਾ ਹੈ। ਪਪੀਹਾ ਵਰਖਾ ਬੂੰਦ ਦਾ ਪਿਆਸਾ ਹੈ। ਚਕਵੀ ਦਾ ਸੂਰਜ ਨਾਲ ਪਿਆਰ ਹੈ। ਕੋਇਲ ਅੰਬ ਨਾਲ ਪ੍ਰੀਤਿ ਕਰ ਕੇ ਮਿੱਠੇ ਬਿਰਹੋਂ ਦੇ ਬੋਲ ਬੋਲਦੀ ਹੈ। ਹਰਨ ਨਾਦ ਉਤੇ ਜਿੰਦ ਵਾਰ ਦੇਂਦਾ ਹੈ।

ਵਡਭਾਗੀ ਨਾਮ-ਰਸੀਆ ਪ੍ਰਭੂ-ਪ੍ਰੀਤਿ ਉਤੋਂ ਆਪਾ ਕੁਰਬਾਨ ਕਰਦਾ ਹੈ।

(8) ਮੱਛੀ ਪਾਣੀ ਦਾ ਵਿਛੋੜਾ ਨਹੀਂ ਸਹਾਰਦੀ। ਪਪੀਹਾ ਵਰਖਾ-ਬੂੰਦ ਲਈ ਵਿਲਕਦਾ ਹੈ।

ਨਾਮ-ਰਸੀਏ ਨੂੰ ਪ੍ਰਭੂ ਦੀ ਪ੍ਰੀਤਿ ਤੋਂ ਬਿਨਾ ਹੋਰ ਕੁਝ ਨਹੀਂ ਭਾਉਂਦਾ।

(9) ਮੱਛੀ ਨੇ ਪਾਣੀ ਨਾਲ ਪ੍ਰੀਤਿ ਪਾਈ, ਪਾਣੀ ਤੋਂ ਵਿਛੁੜਿਆਂ ਉਸ ਦੀ ਜਿੰਦ ਚਲੀ ਗਈ। ਭੌਰੇ ਨੇ ਕੌਲ ਫੁੱਲ ਨਾਲ ਪਿਆਰ ਪਾਇਆ, ਉਹ ਫੁੱਲ ਵਿਚ ਹੀ ਆਪਾ ਗਵਾ ਗਿਆ।

ਹਾਥੀ ਕਾਮ-ਵਾਸਨਾ ਨਾਲ ਪਿਆਰ ਕਰ ਕੇ ਸਦਾ ਲਈ ਕੈਦੀ ਬਣਿਆ। ਹਰਨ ਨੇ ਨਾਦ ਨਾਲ ਪਿਆਰ ਕੀਤਾ, ਉਸ ਨੇ ਜਾਨ ਗਵਾਈ। ਮਨੁੱਖ ਨੇ ਕੁਟੰਬ ਨਾਲ ਮੋਹ ਕੀਤਾ, ਉਹ ਮਾਇਆ ਦੇ ਜਾਲ ਵਿਚ ਜਕੜਿਆ ਗਿਆ।

ਜਿਸ ਵਡਭਾਗੀ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤਿ ਬਣਾਈ, ਉਸ ਨੂੰ ਆਤਮਕ ਜੀਵਨ ਦੀ ਦਾਤਿ ਮਿਲੀ। ਪ੍ਰਭੂ-ਪ੍ਰੀਤਿ ਹੀ ਸੁਚੱਜੀ ਪ੍ਰੀਤਿ ਹੈ।

(10) ਮੱਛੀ ਪਾਣੀ ਤੋਂ ਬਿਨਾ ਨਹੀਂ ਜੀਊ ਸਕਦੀ; ਪਪੀਹਾ ਵਰਖਾ ਦੀ ਬੂੰਦ ਤੋਂ ਬਿਨਾ ਨਹੀਂ ਰੱਜਦਾ; ਹਰਨ ਨਾਦ ਵਿਚ ਮਸਤ ਹੋ ਕੇ ਆਪਣਾ ਆਪ ਬੰਨ੍ਹਾ ਲੈਂਦਾ ਹੈ; ਭੌਰਾ ਕੌਲ ਫੁੱਲ ਵਿਚ ਮਸਤ ਹੁੰਦਾ ਹੈ।

ਤਿਵੇਂ ਪ੍ਰਭੂ ਦਾ ਪਿਆਰਾ ਪ੍ਰਭੂ ਦੀ ਯਾਦ ਵਿਚ ਖ਼ੁਸ਼ ਹੁੰਦਾ ਹੈ।

(11) ਮੱਛੀ ਨੂੰ ਪਾਣੀ ਦਾ ਸਹਾਰਾ। ਪਪੀਹੇ ਨੂੰ ਵਰਖਾ-ਬੂੰਦ ਦੀ ਤਾਂਘ।

ਨਾਮ-ਰਸੀਏ ਨੂੰ ਪ੍ਰਭੂ ਦੀ ਯਾਦ ਦੀ ਟੇਕ ਹੈ।

(12) ਮੱਛੀ ਪਾਣੀ ਤੋਂ ਵਿਛੁੜ ਕੇ ਨਹੀਂ ਜੀਊਂਦੀ। ਪ੍ਰਭੂ ਦਾ ਪਿਆਰ ਪ੍ਰਭੂ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ।

ਪ੍ਰੀਤਿ

(ਅ) ਭੌਰਾ ਤੇ ਕੋਲ ਫੁੱਲ

1. ਆਸਾਵਰੀ ਮ: 4 . . . . ਮਾਈ ਮੇਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ (ਪੰਨਾ 369

2. ਆਸਾ ਮ: 5 ਛੰਤ . . . . ਕਮਲਾ ਭ੍ਰਮ ਭੀਤਿ, ਕਮਲਾ ਭ੍ਰਮ ਭੀਤਿ ਹੇ (ਪੰਨਾ 461

3. ਗੂਜਰੀ ਮ: 5 . . . . ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ (ਪੰਨਾ 496

4. ਕਲਿਆਨੁ ਮ: 5 . . . . ਹਮਾਰੈ ਏਹ ਕਿਰਪਾ ਕੀਜੈ (ਪੰਨਾ 1321

5. ਫੁਨਹੇ ਮ: 5 . . . . ਪੰਕਜ ਫਾਥੇ ਪੰਕ (ਪੰਨਾ 1362

6. ਚਉਬੋਲੇ ਮ: 5 . . . . ਮੂਸਨ ਮਸਕਰ ਪ੍ਰੇਮ ਕੀ (ਪੰਨਾ 1364

ਭਾਵ:

(1) ਭੌਰਾ ਖਿੜੇ ਹੋਏ ਕੌਲ ਫੁੱਲ ਤਕ ਪਹੁੰਚਣੋਂ ਰਹਿ ਨਹੀਂ ਸਕਦਾ।

ਸੱਚਾ ਆਸ਼ਿਕ ਪ੍ਰਭੂ-ਪ੍ਰੀਤਿ ਤੋਂ ਕਿਵੇਂ ਹਟੇ?

(2) ਕੌਲ ਦੇ ਮਕਰੰਦ ਉਤੇ ਗੁੰਜਾਰ ਪਾਂਦਾ ਪਾਂਦਾ ਭੌਰਾ ਆਪਣਾ ਆਪ ਫੁੱਲ ਵਿਚ ਬੰਨ੍ਹਾ ਲੈਂਦਾ ਹੈ।

(3) ਦਿਨ ਵੇਲੇ ਕੌਲ ਫੁੱਲ ਖਿੜਦਾ ਹੈ। ਭੌਰਾ ਇਸ ਫੁੱਲ ਦਾ ਪ੍ਰੇਮੀ ਹੈ। ਫੁੱਲ ਉਤੇ ਆ ਬੈਠਦਾ ਹੈ, ਸੁਗੰਧੀ ਵਿਚ ਇਤਨਾ ਮਸਤ ਹੋ ਜਾਂਦਾ ਹੈ ਕਿ ਉਸ ਨੂੰ ਆਪਾ ਭੁੱਲ ਜਾਂਦਾ ਹੈ। ਦਿਨ ਡੁੱਬਣ ਤੇ ਫੁੱਲ ਮੀਟਿਆ ਜਾਂਦਾ ਹੈ, ਭੌਰਾ ਸੁਗੰਧੀ ਦੀ ਮਸਤੀ ਵਿਚ ਬੇ-ਸੁੱਧ ਫੁੱਲ ਦੇ ਉੱਤੇ ਹੀ ਬੈਠਾ ਰਹਿੰਦਾ ਹੈ, ਤੇ ਮੀਟੇ ਫੁੱਲ ਦੇ ਵਿਚ ਹੀ ਕਾਬੂ ਆ ਕੇ ਜਿੰਦ ਦੇ ਦੇਂਦਾ ਹੈ।

ਜਿਸ ਮਨੁੱਖ ਦਾ ਮਨ ਪ੍ਰਭੂ ਦੇ ਚਰਨ-ਕਮਲਾਂ ਉਤੇ ਭੌਰੇ ਵਾਂਗ ਮਸਤ ਰਹੇ, ਉਥੇ ਵਿਕਾਰਾਂ ਨੂੰ ਕਿਥੇ ਥਾਂ? ਉਥੇ ਤਾਂ ਆਪਾ ਹੀ ਮਿਟ ਜਾਂਦਾ ਹੈ।

(4) ਭੌਰਾ ਕੌਲ ਫੁੱਲ ਛਡ ਕੇ ਕਿਸੇ ਹੋਰ ਫੁੱਲ ਤੇ ਨਹੀਂ ਜਾਂਦਾ। ਕੌਲ ਫੁੱਲ ਉਤੇ ਹੀ ਆਪਾ ਕੁਰਬਾਨ ਕਰ ਦੇਂਦਾ ਹੈ।

ਕੋਈ ਵਿਰਲਾ ਹੈ ਭਾਗਵਾਨ ਜਿਸ ਦਾ ਮਨ ਪ੍ਰਭੂ-ਚਰਨਾਂ ਵਿਚ ਹੀ ਜੁੜਿਆ ਰਹਿੰਦਾ ਹੈ।

(5) ਸੁਗੰਧੀ ਵਿਚ ਮਸਤ ਹੋਣ ਕਰਕੇ ਭੌਰੇ ਦੇ ਖੰਭ ਕੌਲ ਫੁੱਲ ਵਿਚ ਫਸ ਜਾਂਦੇ ਹਨ। ਭੌਰਾ ਇੱਕ ਫੁੱਲ ਤੋਂ ਦੂਜੇ ਤੇ ਜਾਣਾ ਭੁੱਲ ਜਾਂਦਾ ਹੈ।

ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਦੀ ਪ੍ਰਭੂ-ਚਰਨਾਂ ਵਿਚ ਭੌਰੇ ਵਰਗੀ ਅਨਿੰਨ ਪ੍ਰੀਤਿ ਬਣ ਗਈ ਹੈ।

(6) ਕੌਲ ਫੁੱਲ ਦੀ ਸੁਗੰਧੀ ਵਿਚ ਵਿੱਝ ਕੇ ਭੌਰਾ ਫੁੱਲ ਦੇ ਅੰਦਰ ਹੀ ਬੱਝ ਜਾਂਦਾ ਹੈ।

ਪ੍ਰੀਤਿ ਦੀ ਚਾਲ ਅਨੋਖੀ!

ਪ੍ਰੀਤਿ

(ੲ) ਮੋਰ, ਵੱਛਾ, ਚਕਵੀ, ਪਤੰਗਾ, ਹੰਸ, ਪਪੀਹਾ, ਛੋਟਾ ਬਾਲ

1. ਬਸੰਤੁ ਮ: 5 . . . . ਹਟਵਾਣੀ ਧਨ ਮਾਲ ਹਾਟੁ ਕੀਤੁ (ਪੰਨਾ 1180

2. ਸੋਰਠਿ ਰਵਿਦਾਸ ਜੀ . . . . ਜਉ ਤੁਮ ਗਿਰਿਵਰ ਤਉ ਹਮ ਮੋਰਾ (ਪੰਨਾ 648

3. ਗਉੜੀ ਗੁਆਰੇਰੀ ਮ: 4 . . . . ਮਾਤਾ ਪ੍ਰੀਤਿ ਕਰੇ ਪੁਤੁ ਖਾਇ (ਪੰਨਾ 164

4. ਗੌਂਡ ਨਾਮਦੇਵ ਜੀ . . . . ਮੋਹਿ ਲਾਗਤੀ ਤਾਲਾਬੇਲੀ (ਪੰਨਾ 874

5. ਰਾਮਕਲੀ ਨਾਮਦੇਵ ਜੀ . . . . ਆਨੀਲੇ ਕਾਗਦੁ, ਕਾਟੀਲੇ ਗੂਡੀ (ਪੰਨਾ 972

6. ਗਉੜੀ ਗੁਆਰੇਰੀ ਮ: 4 . . . . ਭੀਖਕ ਪ੍ਰੀਤਿ ਭੀਖ ਪ੍ਰਭ ਪਾਇ (ਪੰਨਾ 164

7. ਰਾਮਕਲੀ ਮ: 5 . . . . ਦਾਵਾ ਅਗਨਿ ਰਹੇ ਹਰਿ ਬੂਟ (ਪੰਨਾ 914

8. ਚਉਬੋਲੇ ਮ: 5 . . . . ਮਗਨੁ ਭਇਓ ਪ੍ਰਿਅ ਪ੍ਰੇਮ ਸਿਉ (ਪੰਨਾ 1364

9. ਮਲਾਰ ਮ: 4 . . . . ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ (ਪੰਨਾ 1264

10. ਗੂਜਰੀ ਮ: 4 . . . . ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ (ਪੰਨਾ 493

11. ਜੈਤਸਰੀ ਮ: 5 . . . . ਚਾਤ੍ਰਿਕ ਚਿਤਵਤ ਬਰਸਤ ਮੇਂਹ (ਪੰਨਾ 702

12. ਫੁਨਹੇ ਮ: 5 . . . . ਚਾਤ੍ਰਿਕ ਚਿਤ ਸੁਚਿਤ (ਪੰਨਾ 1363

13. ਬਸੰਤੁ ਹਿੰਡੋਲ ਮ: 4 . . . . ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ (ਪੰਨਾ 1178

ਭਾਵ:

(1) ਸਾਵਣ ਦੀਆਂ ਕਾਲੀਆਂ ਘਟਾਂ ਚੜ੍ਹਦੀਆਂ ਵੇਖ ਕੇ ਮੋਰ ਪੈਲਾਂ ਪਾਂਦੇ ਹਨ ਤੇ ਕੁਹਕਦੇ ਹਨ। ਚੰਦ੍ਰਮਾ ਦੀ ਕੋਮਲ ਰੋਸ਼ਨੀ ਵੇਖ ਕੇ ਕੰਮੀਆਂ ਖਿੜਦੀਆਂ ਹਨ। ਮਾਂ ਆਪਣੇ ਪੁਤ੍ਰ ਨੂੰ ਵੇਖ ਕੇ ਹੁਲਾਸ ਵਿਚ ਆਉਂਦੀ ਹੈ।

ਪ੍ਰਭੂ-ਚਰਨਾਂ ਦਾ ਭੌਰਾ ਪ੍ਰਭੂ ਦੀ ਯਾਦ ਵਿਚ ਜੁੜ ਕੇ ਖ਼ੁਸ਼ ਹੁੰਦਾ ਹੈ।

(2) ਮੋਰ ਨੂੰ ਕਾਲੇ ਬੱਦਲ-ਛਾਏ ਪਹਾੜ ਪਿਆਰੇ। ਚਕੋਰ ਨੂੰ ਚੰਦ ਪਿਆਰਾ।

ਸੱਚੇ ਆਸ਼ਿਕਾਂ ਨੂੰ ਪ੍ਰਭੂ ਦੀ ਯਾਦ ਪਿਆਰੀ।

(3) ਪਪੀਹਾ ਵਰਖਾ ਹੁੰਦੀ ਵੇਖ ਕੇ ਖ਼ੁਸ਼ ਹੁੰਦਾ ਹੈ। ਮੱਛੀ ਪਾਣੀ ਵਿਚ ਤਾਰੀਆਂ ਲਾਂਦੀ ਹੁਲਾਰੇ ਲੈਂਦੀ ਹੈ। ਗਾਂ ਆਪਣੇ ਵੱਛੇ ਨੂੰ ਮਿਲ ਕੇ ਪ੍ਰਸੰਨ ਹੁੰਦੀ ਹੈ। ਮਾਂ ਦਾ ਹਿਰਦਾ ਆਪਣੇ ਪੁਤ੍ਰ ਨੂੰ ਭੋਜਨ ਖੁਆ ਕੇ ਤ੍ਰਿਪਤ ਹੁੰਦਾ ਹੈ।

ਸਿੱਖ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਖ਼ੁਸ਼ ਹੁੰਦਾ ਹੈ। ਗੁਰੂ ਤੋਂ ਹੀ ਆਤਮਕ ਜੀਵਨ ਦੀ ਦਾਤਿ ਮਿਲਦੀ ਹੈ।

(4) ਗਾਂ ਤੇ ਉਸ ਦਾ ਵੱਛਾ ਦਿਨ ਰਾਤ ਵੱਖ-ਵੱਖ ਕਿੱਲਿਆਂ ਨਾਲ ਬੱਝੇ ਰਹਿੰਦੇ ਹਨ। ਵਿਚਾਰੇ ਬੇ-ਬਸ ਹਨ। ਉਹਨਾਂ ਦੇ ਦਿਲਾਂ ਦੀ ਪੀੜ ਉਹੀ ਜਾਣਦੇ ਹੋਣਗੇ। ਦੁੱਧ ਚੋਣ ਵੇਲੇ ਜਦੋਂ ਘਰ ਦੀ ਮਾਲਕ ਵੱਛਾ ਖੋਲ੍ਹ ਕੇ ਗਾਂ ਹੇਠ ਛਡਦੀ ਹੈ, ਉਸ ਵੇਲੇ ਮਾਂ ਪੁੱਤਰ ਦੇ ਪਿਆਰ ਦੇ ਹੁਲਾਰੇ ਵੇਖਣ ਵਾਲੇ ਹੁੰਦੇ ਹਨ। ਵੱਛਾ ਧਾਅ ਕੇ ਥਣੀਂ ਜਾ ਪੈਂਦਾ ਹੈ, ਪੂਛਲ ਹਿਲਾਂਦਾ ਹੈ। ਗਾਂ ਵੱਛੇ ਨੂੰ ਚੱਟਦੀ ਹੈ, ਤੇ ਪਿਆਰ-ਭਰੀਆਂ ਅੱਖਾਂ ਨਾਲ ਤੱਕਦੀ ਹੈ।

ਪ੍ਰਭੂ-ਪ੍ਰੀਤਿ ਦੇ ਭੁੱਖੇ ਭੀ ਇਸੇ ਤਰ੍ਹਾਂ ਤਰਲੋ-ਮੱਛੀ ਹੁੰਦੇ ਹਨ।

(5) ਗਾਂ ਸਾਰਾ ਦਿਨ ਚੌਣੇ ਦੇ ਨਾਲ ਜੂਹ ਵਿਚ ਘਾਹ ਚੁਗਦੀ ਹੈ, ਪਰ ਉਸ ਦੀ ਸੁਰਤਿ ਆਪਣੇ ਵੱਛੇ ਵਿਚ ਹੀ ਰਹਿੰਦੀ ਹੈ। ਸ਼ਾਮ ਵੇਲੇ ਵਾਗੀ ਚੌਣਾ ਚਾਰ ਕੇ ਲਿਆਉਂਦਾ ਹੈ, ਗਾਂ ਵਾਹੋ-ਦਾਹੀ ਕਾਹਲੀ ਪੈਰ ਪੁੱਟ ਕੇ ਘਰ ਆਉਂਦੀ ਹੈ। ਕਿੱਲੇ ਨਾਲ ਬੱਝਣ ਤੋਂ ਪਹਿਲਾਂ ਪਹਿਲਾਂ ਉਹ ਸਿੱਧੀ ਆਪਣੇ ਵੱਛੇ ਕੋਲ ਪਹੁੰਚਦੀ ਹੈ, ਉਸ ਨੂੰ ਚੱਟਦੀ ਹੈ ਤੇ ਪਿਆਰ-ਨਿਗਾਹਾਂ ਨਾਲ ਤੱਕਦੀ ਹੈ।

ਪ੍ਰਭੂ ਚਰਨਾਂ ਦੇ ਰਸੀਏ ਕਿਰਤ-ਕਾਰ ਕਰਦੇ ਹੋਏ ਭੀ ਸੁਰਤਿ ਚਰਨਾਂ ਵਿਚ ਹੀ ਰੱਖਦੇ, ਤੇ ਕਿਰਤ ਤੋਂ ਵੇਹਲੇ ਹੋ ਕੇ ਧਾਅ ਕੇ ਉਸ ਦੇ ਦਰ ਤੇ ਪਹੁੰਚਦੇ ਹਨ।

(6) ਕੁਦਰਤਿ ਦੀ ਕੁਝ ਐਸੀ ਖੇਡ ਹੈ ਕਿ ਚਕਵੀ ਤੇ ਚਕਵਾ ਪੰਛੀ ਸੂਰਜ ਡੁਬਦਿਆਂ ਹੀ ਵਿਛੁੜ ਜਾਂਦੇ ਹਨ। ਸਾਰੀ ਰਾਤ ਵਿਛੁੜੇ ਰਹਿੰਦੇ ਹਨ। ਸੂਰਜ ਹੀ ਉਹਨਾਂ ਦੇ ਮਿਲਾਪ ਦਾ ਕਾਰਨ ਨਿੱਤ ਬਣਦਾ ਹੈ। ਚਕਵੀ ਦੀ ਪ੍ਰੀਤਿ ਸੂਰਜ ਨਾਲ ਹੈ, ਉਸ ਦੇ ਪਿਆਰੇ ਚਕਵੇ ਨਾਲ ਮਿਲਾਪ ਦਾ ਕਾਰਨ ਜੁ ਸੂਰਜ ਹੀ ਹੋਇਆ।

ਵੱਛਾ ਆਪਣੀ ਮਾਂ ਗਾਂ ਨੂੰ ਮਿਲ ਕੇ ਖ਼ੁਸ਼ ਹੁੰਦਾ ਹੈ, ਮਾਂ ਪਾਸੋਂ ਦੁੱਧ ਜੁ ਮਿਲਣਾ ਹੋਇਆ।

ਸਿੱਖ ਆਪਣੇ ਗੁਰੂ ਪਾਤਿਸ਼ਾਹ ਨਾਲ ਪ੍ਰੀਤਿ ਕਰਦਾ ਹੈ। ਗੁਰੂ ਹੀ ਜੀਵਨ-ਸੋਮੇ ਪ੍ਰਭੂ ਨਾਲ ਮਿਲਾਪ ਦਾ ਵਸੀਲਾ ਹੈ।

(7) ਚਕਵੀ ਸੂਰਜ ਦੇ ਚੜ੍ਹਨ ਦੀ ਤਾਂਘ ਉਡੀਕ ਵਿਚ ਰਾਤ ਗੁਜ਼ਾਰਦੀ ਹੈ। ਪਪੀਹਾ ਵਰਖਾ ਦੀ ਬੂੰਦ ਨੂੰ ਤਰਸਦਾ ਹੈ। ਹਰਨ ਦੇ ਕੰਨੀਂ ਘੰਡੇਹੇੜੇ ਦੀ ਆਵਾਜ਼ ਪੈਂਦੀ ਹੈ, ਤਾਂ ਉਹ ਉਸ ਮਿੱਠੀ ਧੁਨ ਦੇ ਸੋਮੇ ਵਲ ਉੱਠ ਦੌੜਦਾ ਹੈ।

ਨਾਮ ਦਾ ਰਸੀਆ ਸਦਾ ਪ੍ਰਭੂ ਦੀ ਯਾਦ ਵਾਸਤੇ ਤਾਂਘਦਾ ਹੈ। ਪ੍ਰਭੂ ਦੀ ਯਾਦ ਹੀ ਉਸ ਨੂੰ ਮਾਇਆ-ਅਗਨਿ ਤੋਂ ਬਚਾਉਂਦੀ ਹੈ ਜੋ ਸਾਰੇ ਸੰਸਾਰ-ਬਨ ਨੂੰ ਸਾੜ ਰਹੀ ਹੈ।

(8) ਪਤੰਗਾ ਇਕ ਨਿਮਾਣਾ ਜਿਹਾ ਕੀੜਾ! ਇਤਨੀ ਬੇਅੰਤ ਕੁਦਰਤਿ ਵਿਚ ਕੀਹ ਹੈ ਇਸ ਦੀ ਹਸਤੀ? ਪਰ ਪਤੰਗੇ ਨੇ ਦੀਵੇ ਦੀ ਲਾਟ ਦੀ ਪ੍ਰੀਤਿ ਤੋਂ ਆਪਾ ਵਾਰਿਆ, ਤਾਂ ਇਹ ਨਿਮਾਣਾ ਜਿਹਾ ਕੀੜਾ ਪ੍ਰੀਤਿ ਦੀ ਖੇਡ ਵਿਚ ਬਾਜ਼ੀ ਜਿੱਤ ਗਿਆ, ਤੇ ਜਗਤ ਤੋਂ ਸੋਭਾ ਖੱਟ ਗਿਆ।

ਪ੍ਰਭੂ-ਪ੍ਰੀਤਿ ਦੇ ਰਸੀਏ ਜਗਤ ਵਿਚ ਸਦਾ ਹੀ ਜੀਊਂਦੇ ਹਨ।

(9) ਹੰਸ ਦੀ ਖ਼ੁਰਾਕ ਮੋਤੀ ਹੈ। ਕੁਦਰਤਿ ਵਲੋਂ ਇਸ ਨੂੰ ਇਹ ਸ਼ਕਤੀ ਮਿਲੀ ਭੀ ਮੰਨੀ ਜਾਂਦੀ ਹੈ ਕਿ ਇਹ ਆਪਣੀ ਚੁੰਝ ਨਾਲ ਦੁੱਧ ਤੇ ਪਾਣੀ ਨੂੰ ਵੱਖ ਵੱਖ ਕਰ ਦੇਂਦਾ ਹੈ।

ਜਿਨ੍ਹਾਂ ਭਾਗਵਾਨਾਂ ਨੇ ਪ੍ਰਭੂ ਦੀ ਯਾਦ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਇਆ ਹੈ, ਉਹ ਆਪਣੇ ਅੰਦਰੋਂ ਹਉਮੈ ਈਰਖਾ ਆਦਿਕ ਨੂੰ ਕੱਢ ਦੇਂਦੇ ਹਨ।

(10) ਕਾਂ ਦੀ ਮਨ ਭਾਉਂਦੀ ਖ਼ੁਰਾਕ ਵਿਸ਼ਟਾ ਆਦਿਕ ਹੈ। ਹੰਸ ਮੋਤੀ ਚੁਗਦਾ ਹੈ।

ਵਿਕਾਰੀ ਬੰਦੇ ਵਿਕਾਰਾਂ ਵਿਚ ਹੀ ਰੀਝਦੇ ਹਨ। ਜੇ ਉਹਨਾਂ ਨੂੰ ਗੁਰੂ ਦੀ ਸੰਗਤਿ ਹੋ ਜਾਏ, ਤਾਂ ਉਹ ਭੀ ਸੁਧਰ ਸਕਦੇ ਹਨ।

(11) ਪਪੀਹਾ ਵਰਖਾ ਦੀ ਬੂੰਦ ਨੂੰ ਤਰਸਦਾ ਹੈ। ਚਕਵੀ ਸੂਰਜ ਦੇ ਦਰਸ਼ਨ ਨੂੰ ਤੜਪਦੀ ਹੈ। ਮੱਛੀ ਪਾਣੀ ਤੋਂ ਵਿਛੁੜ ਕੇ ਜੀਊ ਨਹੀਂ ਸਕਦੀ।

ਪ੍ਰਭੂ-ਚਰਨਾਂ ਦਾ ਭੌਰਾ ਪ੍ਰਭੂ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ।

(12) ਪਪੀਹੇ ਦੀ ਪ੍ਰੀਤ ਵਰਖਾ-ਬੂੰਦ ਨਾਲ ਹੈ, ਉਹ ਇਸੇ ਦੀ ਖ਼ਾਤਰ ਬਨ ਬਨ ਵਿਚ ਕੂਕਦਾ ਫਿਰਦਾ ਹੈ। ਪ੍ਰੀਤ ਦੀ ਰੀਤ ਇਹੀ ਹੈ ਕਿ ਜਿਸ ਨੂੰ ਦਿਲ ਦਿੱਤਾ ਗਿਆ, ਉਸੇ ਦੀ ਯਾਦ ਵਿਚ ਮਗਨ।

ਪ੍ਰਭੂ ਦਾ ਭਗਤ ਪ੍ਰਭੂ ਦੇ ਨਾਮ ਤੋਂ ਕੁਰਬਾਨ ਹੁੰਦਾ ਹੈ।

(13) ਛੋਟੇ ਬਾਲ ਨੂੰ ਭੁੱਖ ਲਗਦੀ ਹੈ, ਉਹ ਰੋਂਦਾ ਹੈ। ਮਾਂ ਦੁੱਧ ਪਿਲਾਣ ਲਈ ਆਪਣਾ ਥਣ ਕੱਢਦੀ ਹੈ। ਬਾਲ ਬਿਹਬਲ ਹੋ ਕੇ ਥਣ ਨੂੰ ਹੱਥਾਂ ਵਿਚ ਫੜ ਕੇ ਮੂੰਹ ਵਿਚ ਪਾ ਲੈਂਦਾ ਹੈ। ਕੋਈ ਹੋਰ ਖੇਡ ਉਸ ਵੇਲੇ ਉਸ ਨੂੰ ਨਹੀਂ ਭਾਉਂਦੀ।

ਕੌਲ-ਫੁੱਲ ਪਾਣੀ ਤੋਂ ਬਿਨਾ ਨਹੀਂ ਜੀਊ ਸਕਦਾ। ਪ੍ਰੇਮੀ ਜੀਊੜਾ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਇਕ ਪਲ ਨਹੀਂ ਰਹਿ ਸਕਦਾ।

ਪ੍ਰੀਤਿ

(ਸ) ਆਪੇ ਦੀ ਭੇਟ

1. ਸਲੋਕ ਮ: 2 (ਵਾਰ ਸਿਰੀ ਰਾਗ) . . . . ਜਿਸੁ ਪਿਆਰੇ ਸਿਉ ਨੇਹੁ (ਪੰਨਾ 83

2. ਸਲੋਕ ਮ: 5 (ਵਾਰਾਂ ਤੇ ਵਧੀਕ) . . . . ਖੰਭ ਵਿਕਾਂਦੜੇ ਜੇ ਲਹਾਂ . . . . ਪੋਥੀ ਪੰਨਾ 1426

3. ਸੋਰਠਿ ਨਾਮਦੇਵ ਜੀ . . . . ਪਾੜ ਪੜੋਸਣਿ ਪੂਛਿ ਲੇ ਨਾਮਾ (ਪੰਨਾ 657

4. ਗੂਜਰੀ ਰਵਿਦਾਸ ਜੀ . . . . ਦੂਧੁ ਤ ਬਛਰੈ ਥਨਹੁ ਬਿਟਾਰਿਓ (ਪੰਨਾ 525

5. ਧਨਾਸਰੀ ਰਵਿਦਾਸ ਜੀ . . . . ਚਿਤ ਸਿਮਰਨੁ ਕਰਉ (ਪੰਨਾ 694

ਭਾਵ:

(1) ਜਿਸ ਨਾਲ ਸੱਚਾ ਪਿਆਰ ਹੋਵੇ, ਆਪਾ-ਭਾਵ ਉਸ ਦੇ ਅੱਗੇ ਭੇਟਾ ਕਰਨਾ ਪੈਂਦਾ ਹੈ, ਉਸ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਲੀਨ ਕਰਨੀ ਹੁੰਦੀ ਹੈ।

(2) ਪੰਛੀ ਆਪਣੇ ਖੰਭਾਂ ਦੀ ਮਦਦ ਨਾਲ ਆਕਾਸ਼ ਵਿਚ ਜਿਸ ਪਾਸੇ ਚਾਹੇ ਸੈਂਕੜੇ ਮੀਲ ਉੱਡ ਕੇ ਚਲਾ ਜਾਂਦਾ ਹੈ। ਪਰਦੇਸ ਗਏ ਪਤੀ ਦੇ ਵਿਛੋੜੇ ਵਿਚ ਘਰ ਬੈਠੀ ਨਾਰ ਦੇ ਦਿਲ ਵਿਚ ਹਾਹੁਕਾ ਉਠਦਾ ਹੈ ਕਿ ਮੇਰੇ ਨਾਲੋਂ ਇਹ ਪੰਛੀ ਹੀ ਚੰਗੇ।

ਕਹਿੰਦੇ ਹਨ ਹੁਮਾ ਪੰਛੀ ਉੱਚੇ ਆਕਾਸ਼ਾਂ ਵਿਚ ਰਹਿੰਦਾ ਹੈ। ਜੇ ਕਿਸੇ ਨੂੰ ਉਸ ਦਾ ਖੰਭ ਮਿਲ ਜਾਏ, ਤਾਂ ਉਹ ਖੰਭ ਉਸ ਨੂੰ ਉਡਾ ਕੇ ਹੁਮਾ ਤਕ ਲੈ ਅੱਪੜਦਾ ਹੈ।

ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰਭੂ ਦੇ ਦੇਸ ਤੋਂ ਆਈ ਹੈ। ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਨਾਲ ਜੋੜਦਾ ਹੈ, ਬਾਣੀ ਉਸ ਨੂੰ ਦੁਨੀਆ ਦੇ ਮਾਇਆ-ਮੋਹ ਵਿਚੋਂ ਉੱਚਾ ਕਰ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ।

(3) ਨਾਮਦੇਵ ਦਾ ਘਰ ਕਿਸੇ ਸਤ ਸੰਗੀ ਨੇ ਬੜੀ ਮਿਹਨਤ ਨਾਲ ਬਣਾ ਦਿੱਤਾ। ਨਾਮਦੇਵ ਦੀ ਕੋਈ ਗੁਆਂਢਣ ਉਸ ਤੋਂ ਦੂਣੀ ਮਜ਼ਦੂਰੀ ਦੇਣ ਨੂੰ ਤਿਆਰ ਹੋ ਪਈ। ਪਰ ਜਿਥੇ ਪ੍ਰੀਤ ਹੋਵੇ, ਉਥੇ ਤਨੋਂ ਮਨੋਂ ਕੰਮ ਕਰੀਦਾ ਹੈ, ਮਾਇਆ ਦੀ ਪ੍ਰੇਰਨਾ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ।

ਪ੍ਰਭੂ-ਚਰਨਾਂ ਤੋਂ ਵਿਕੇ ਹੋਏ ਭਗਤਾਂ ਦੇ ਕਾਰਜ ਪ੍ਰਭੂ ਆਪ ਸਵਾਰਦਾ ਹੈ।

(4) ਪੁਜਾਰੀ ਆਪਣੇ ਇਸ਼ਟ ਨੂੰ ਦੁੱਧ ਫੁੱਲ ਪਾਣੀ ਧੂਪ ਆਦਿਕ ਦੀ ਭੇਟਾ ਨਾਲ ਖ਼ੁਸ਼ ਕਰਨ ਦੇ ਜਤਨ ਕਰਦਾ ਹੈ, ਤੇ ਉਸ ਦਾ ਪਿਆਰ ਲੈਣਾ ਚਾਹੁੰਦਾ ਹੈ।

ਪਰ ਦਿਲ ਦਿਲ ਦਾ ਸਾਖੀ ਹੁੰਦਾ ਹੈ। ਦਿਲ ਜਿੱਤਣ ਲਈ ਆਪਣਾ ਦਿਲ ਦੇਣਾ ਪੈਂਦਾ ਹੈ। ਪ੍ਰੀਤਿ ਆਪਾ ਵਾਰਨ ਦੀ ਭੇਟਾ ਮੰਗਦੀ ਹੈ।

(5) ਪ੍ਰੀਤ ਦੀ ਮੰਡੀ ਵਿਚ ਪੈਸਿਆਂ ਨਾਲ ਵਣਜ ਨਹੀਂ ਹੋ ਸਕਦਾ। ਆਪਾ ਦੇਣਾ ਪੈਂਦਾ ਹੈ। ਚਿੱਤ ਪ੍ਰੀਤਮ ਦੀ ਯਾਦ ਵਿਚ ਰਹੇ, ਅੱਖਾਂ ਉਸ ਪ੍ਰੀਤਮ ਦੀ ਹੀ ਭਾਲ ਵਿਚ ਰਹਿਣ, ਕੰਨ ਭੀ ਉਸੇ ਦੀਆਂ ਗੱਲਾਂ ਸੁਣਨ, ਜੀਭ ਭੀ ਉਸੇ ਦੀਆਂ ਗੱਲਾਂ ਕਰ ਕੇ ਖ਼ੁਸ਼ ਹੋਵੇ।

ਪ੍ਰੀਤਿ

(ਹ) ਪਿਆਰੇ ਨਾਲ ਸੰਬੰਧਤ ਚੀਜ਼ਾਂ

1. ਸਲੋਕ ਮ: 4 (ਵਾਰ ਗਉੜੀ ਮ: 4) . . . . ਸਾ ਧਰਤੀ ਭਈ ਹਰੀਆਵਲੀ (ਪੰਨਾ 310

2. ਮਾਲੀਗਉੜਾ ਨਾਮਦੇਵ ਜੀ . . . . ਧਨਿ ਧੰਨਿ ਓ ਰਾਮ ਬੇਨੁ ਬਾਜੈ (ਪੰਨਾ 988

ਭਾਵ:

(1) ਪਿਆਰ ਦੀ ਇਹ ਸਿਫ਼ਤਿ ਹੈ ਕਿ ਜਿਸ ਨਾਲ ਪਿਆਰ ਹੋਵੇ ਉਸ ਨਾਲ ਸੰਬੰਧ ਰੱਖਣ ਵਾਲੇ ਥਾਂ ਭੀ ਪਿਆਰੇ ਲੱਗਣ ਲੱਗ ਪੈਂਦੇ ਹਨ। ਪਿਆਰ ਵਿਚ ਭਿੱਜੇ ਹੋਏ ਗੁਰੂ ਰਾਮਦਾਸ ਜੀ ਇਹ ਵਲਵਲਾ ਇਉਂ ਬਿਆਨ ਕਰਦੇ ਹਨ: ਜਿਸ ਧਰਤੀ ਉਤੇ ਪਿਆਰਾ ਸਤਿਗੁਰੂ ਆ ਕੇ ਬੈਠਦਾ ਹੈ, ਸਿੱਖ ਨੂੰ ਉਹ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ। ਉਹ ਪਿਉ ਭਾਗਾਂ ਵਾਲਾ ਤੇ ਉਹ ਕੁਲ ਭਾਗਾਂ ਵਾਲੀ ਦਿੱਸਦੀ ਹੈ ਜਿਸ ਕੁਲ ਵਿਚ ਸਤਿਗੁਰੂ ਨੇ ਜਨਮ ਲਿਆ, ਉਹ ਮਨੁੱਖ ਭਾਗਾਂ ਵਾਲੇ ਦਿੱਸਦੇ ਹਨ ਜਿਨ੍ਹਾਂ ਨੇ ਗੁਰੂ ਦਾ ਦਰਸਨ ਕੀਤਾ। ਭਾਈ ਗੁਰਦਾਸ ਜੀ ਲਿਖਦੇ ਹਨ:

"ਲੇਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖਿ ਲੋਭਾਣਾ ॥

ਕੁੱਤੇ ਦੀ ਪੈਰੀਂ ਪਵੈ, ਹੜਿ ਹੜਿ ਹੱਸੇ ਲੋਕੁ ਵਿਡਾਣਾ ॥"

(2) ਗੋਕਲ ਦੇ ਗੁਆਲੇ ਗੁਆਲਣਾਂ ਸ੍ਰੀ ਕ੍ਰਿਸ਼ਨ ਜੀ ਨੂੰ ਪਿਆਰ ਕਰਦੇ ਸਨ। ਉਹਨਾਂ ਨੂੰ ਸਿਰਫ਼ ਉਸੇ ਬੰਸਰੀ ਦੀ ਸੁਰ ਮਿੱਠੀ ਲੱਗਦੀ ਸੀ ਜੇਹੜੀ ਕ੍ਰਿਸ਼ਨ ਜੀ ਵਜਾਂਦੇ ਸਨ। ਕ੍ਰਿਸ਼ਨ ਜੀ ਦੀ ਹੀ ਕਾਲੀ ਕੰਬਲੀ ਉਹਨਾਂ ਦੇ ਮਨ ਨੂੰ ਧ੍ਰੂਹ ਪਾਂਦੀ ਸੀ। ਉਹਨਾਂ ਨੂੰ ਬਿੰਦ੍ਰਾਬਨ ਦੀ ਜੂਹ ਹੀ ਪਿਆਰੀ ਲੱਗਦੀ ਸੀ ਜਿਥੇ ਕ੍ਰਿਸ਼ਨ ਜੀ ਗਾਂਈਆਂ ਚਾਰਿਆ ਕਰਦੇ ਸਨ।

ਪ੍ਰੀਤ ਦੀ ਇਹ ਸਿਫ਼ਤਿ ਹੈ ਕਿ ਜਿਸ ਨਾਲ ਸੱਚਾ ਪਿਆਰ ਹੋਵੇ ਉਸ ਨਾਲ ਸੰਬੰਧ ਰੱਖਣ ਵਾਲੀ ਹਰੇਕ ਸ਼ੈ ਪਿਆਰੀ ਲੱਗਦੀ ਹੈ।

ਪ੍ਰੀਤਿ

(ਕ) ਇਸਤ੍ਰੀ-ਪਤੀ ਦਾ ਪਿਆਰ

1. ਸਲੋਕ ਮ: 2 (ਵਾਰ ਸੂਹੀ) . . . . ਨਾਨਕ ਤਿਨ੍ਹ੍ਹਾ ਬਸੰਤੁ ਹੈ (ਪੰਨਾ 791

2. ਭੈਰਉ ਮ: 3 . . . . ਮੈ ਕਾਮਣਿ ਮੇਰਾ ਕੰਤੁ ਕਰਤਾਰੁ (ਪੰਨਾ 1128

3. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਜਿਉ ਪੁਰਖੈ ਘਰਿ ਭਗਤੀ ਨਾਰਿ ਹੈ (ਪੰਨਾ 1413

4. ਸਲੋਕ ਮ: 4 (ਵਾਰ ਗਉੜੀ) . . . . ਸੁਣਿ ਸਾਜਨ ਪ੍ਰੇਮ ਸੰਦੇਸਰਾ (ਪੰਨਾ 301

5. ਆਸਾ ਮ: 4 ਛੰਤ . . . . ਮੇਰੇ ਮਨ ਪਰਦੇਸੀ ਵੇ ਪਿਆਰੇ (ਪੰਨਾ 451

6. ਸਲੋਕ ਮ: 4 (ਵਾਰਾਂ ਤੇ ਵਧੀਕ) . . . . ਹਉ ਖੜੀ ਨਿਹਾਲੀ ਪੰਧੁ (ਪੰਨਾ 1421

7. ਆਸਾ ਮ: 5 . . . . ਸਸੂ ਤੇ ਪਿਰਿ ਕੀਨੀ ਵਾਖਿ (ਪੰਨਾ 370

8. ਆਸਾ ਮ: 5 . . . . ਮੀਠੀ ਆਗਿਆ ਪਿਰ ਕੀ ਲਾਗੀ (ਪੰਨਾ 394

9. ਸਲੋਕੁ ਮ: 5 (ਵਾਰ ਗੂਜਰੀ) . . . . ਪ੍ਰੇਮ ਪਟੋਲਾ ਤੈ ਸਹਿ ਦਿਤਾ (ਪੰਨਾ 520

10. ਸੂਹੀ ਮ: 5 . . . . ਉਮਕਿਓ ਹੀਉ ਮਿਲਨ ਪ੍ਰਭ ਤਾਈ (ਪੰਨਾ 737

11. ਸਲੋਕ ਮ: 5 (ਵਾਰ ਰਾਮਕਲੀ) . . . . ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ (ਪੰਨਾ 964

12. ਡਖਣੇ ਮ: 5 (ਵਾਰ ਮਾਰੂ) . . . . ਉਠੀ ਝਾਲੂ ਕੰਤੜੇ (ਪੰਨਾ 1094

13. ਸਲੋਕ ਮ: 5 (ਮਾਰੂ ਕੀ ਵਾਰ) . . . . ਮੂ ਥੀਆਊ ਸੇਜ (ਪੰਨਾ 1098

14. ਫੁਨਹੇ ਮ: 5 . . . . ਸਖੀ ਕਾਲਜ ਹਾਰ ਤੰਬੋਲ (ਪੰਨਾ 1361

15. ਗਉੜੀ ਕਬੀਰ ਜੀ . . . . ਪੰਥੁ ਨਿਹਾਰੈ ਕਾਮਨੀ (ਪੰਨਾ 337

16. ਗਉੜੀ ਕਬੀਰ ਜੀ . . . . ਮਨ ਰੇ ਛਾਡਹੁ ਭਰਮੁ (ਪੰਨਾ 338

ਭਾਵ:

(1) ਬਸੰਤ ਦੀ ਰੁੱਤੇ ਚੁਫੇਰੇ ਹੀ ਅਨੇਕਾਂ ਕਿਸਮਾਂ ਦੇ ਫੁੱਲ ਖਿੜ ਪੈਂਦੇ ਹਨ, ਧਰਤੀ ਹਰਿਆਵਲੀ ਹੋ ਜਾਂਦੀ ਹੈ। ਪਸ਼ੂ ਪੰਛੀ ਮਨੁੱਖ ਸਭਨਾਂ ਦੇ ਅੰਦਰ ਨਵੀਂ ਜਿੰਦ ਰੁਮਕਦੀ ਹੈ। ਸੱਜ-ਵਿਆਹੇ ਜੋੜੇ ਨਵੀਂ ਖਿੜੀ ਗੁਲਜ਼ਾਰ ਦੀ ਮੌਜ ਮਾਨਣ ਲਈ ਘਰਾਂ ਦੇ ਕੰਮ-ਕਾਜ ਛੱਡ ਕੇ ਬਸੰਤ ਦੇ ਮੇਲਿਆਂ ਤੇ ਜਾਂਦੇ ਹਨ।

ਪਰ ਜਿਸ ਇਸਤ੍ਰੀ ਦਾ ਪਤੀ ਪਰਦੇਸ ਵਿਚ ਹੈ, ਉਸ ਦੇ ਮਨ ਦੀ ਕਲੀ ਨੂੰ ਕੁਦਰਤਿ ਦੀ ਇਹ ਬਸੰਤ ਖਿੜਾ ਨਹੀਂ ਸਕਦੀ, ਉਸ ਦੀ ਕਲੀ ਮੁਰਝਾਈ ਹੀ ਰਹਿੰਦੀ ਹੈ।

ਪਤੀ-ਪ੍ਰਭੂ ਤੋਂ ਵਿੱਛੁੜੀ ਜਿੰਦ-ਵਹੁਟੀ ਲਈ ਖਿੜਾਉ ਕਿੱਥੇ?

(2) ਪਤੀ ਦੀ ਪ੍ਰੇਮਣ ਇਸਤ੍ਰੀ ਸਦਾ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਸਰੀਰਕ ਸਿੰਗਾਰ ਕਰਦੀ ਰਹਿੰਦੀ ਹੈ। ਕਿਸੇ ਜਿਠਾਣੀ ਦਿਰਾਣੀ ਆਦਿਕ ਦੀ ਇਸ ਬਾਰੇ ਕਿਸੇ ਨੋਕ-ਝੋਕ ਦੀ ਪਰਵਾਹ ਨਹੀਂ ਕਰਦੀ।

ਜੇਹੜਾ ਮਨੁੱਖ ਪ੍ਰਭੂ-ਚਰਨਾਂ ਦਾ ਆਸ਼ਿਕ ਹੈ, ਉਸ ਦੀ ਕੋਈ ਨਿੰਦਿਆ ਕਰੇ ਕੋਈ ਵਡਿਆਈ ਕਰੇ, ਉਸ ਨੂੰ ਰਤਾ ਭਰ ਭੀ ਪਰਵਾਹ ਨਹੀਂ ਹੁੰਦੀ।

(3) ਇਸਤ੍ਰੀ ਆਪਣੇ ਪਤੀ ਦੀ ਸੇਵਾ ਵਾਸਤੇ ਨਿੱਤ ਕਈ ਕਿਸਮਾਂ ਦੇ ਸੋਹਣੇ ਸੋਹਣੇ ਭੋਜਨ ਤਿਆਰ ਕਰਦੀ ਹੈ।

ਭਗਤ-ਜਨ ਪ੍ਰਭੂ-ਪਤੀ ਦੀ ਪ੍ਰਸੰਨਤਾ ਵਾਸਤੇ ਗੁਰਬਾਣੀ ਦੀ ਰਾਹੀਂ ਉਸ ਦੇ ਅਨੇਕਾਂ ਗੁਣ ਸਲਾਹੁੰਦੇ ਹਨ।

(4) ਪਰਦੇਸ ਗਏ ਪਤੀ ਦਾ ਘਰ ਆਉਣ ਦਾ ਸੁਨੇਹਾ ਸੁਣ ਕੇ ਇਸਤ੍ਰੀ ਦੀਆਂ ਅੱਖਾਂ ਉਸ ਦਾ ਰਾਹ ਤੱਕਣ ਲੱਗ ਪੈਂਦੀਆਂ ਹਨ। ਉਡੀਕ ਵਿਚ ਅੱਖਾਂ ਝਮਕਣਾਂ ਭੀ ਭੁੱਲ ਜਾਂਦੀਆਂ ਹਨ।

(5) ਪਤੀ ਦੇ ਪਰਦੇਸ ਜਾਣ ਪਿਛੋਂ ਸੁਭਾਵਿਕ ਹੀ ਇਸਤ੍ਰੀ ਆਪਣੇ ਸਰੀਰਕ ਹਾਰ ਸਿੰਗਾਰਾਂ ਵਲੋਂ ਬੇ-ਪਰਵਾਹ ਹੋ ਜਾਂਦੀ ਹੈ। ਘਰ ਦੇ ਵੇਹੜੇ ਦੀ ਸਫ਼ਾਈ ਭੀ ਸੁਚੱਜਤਾ ਦੀ ਖ਼ਾਤਰ ਰਿਵਾਜੀ ਹੀ ਰਹਿ ਜਾਂਦੀ ਹੈ।

ਪਰ ਜਦੋਂ ਪਤੀ ਦੇ ਘਰ ਆਉਣ ਦੀ ਚਿੱਠੀ ਆਉਂਦੀ ਹੈ, ਤਾਂ ਉਸ ਘਰ ਦੀ ਕਾਂਇਆਂ ਹੀ ਬਦਲ ਜਾਂਦੀ ਹੈ। ਚਾਉ-ਭਰੇ ਮਨ ਨਾਲ ਸੁਹਾਗਣਿ ਘਰ ਦੀ ਨੁੱਕਰ ਨੁੱਕਰ ਨੂੰ ਸਾਫ਼ ਕਰਦੀ ਹੈ। ਮਨ ਆਪ-ਮੁਹਾਰਾ ਵਿਸਰੇ ਹਾਰ-ਸਿੰਗਾਰਾਂ ਵਿਚ ਮੁੜ ਪਰਚਣ ਲੱਗ ਪੈਂਦਾ ਹੈ।

ਚਿਰਾਂ ਦੇ ਵਿੱਛੁੜੇ ਪੁੱਤਰ ਨੂੰ ਵੇਖ ਕੇ, ਕਹਿੰਦੇ ਨੇ, ਮਾਂ ਦੇ ਥਣਾਂ ਵਿਚੋਂ ਦੁੱਧ ਚੋਣ ਲੱਗ ਜਾਂਦਾ ਹੈ।

ਪ੍ਰੀਤਿ ਦੇ ਹੁਲਾਰੇ ਅਨੋਖੇ!

ਕਿਸੇ ਵਿਰਲੀ ਭਾਗਾਂ ਵਾਲੀ ਜਿੰਦ ਨੂੰ ਪ੍ਰਭੂ-ਚਰਨਾਂ ਦੀ ਅਜੇਹੀ ਪ੍ਰੀਤਿ ਨਸੀਬ ਹੁੰਦੀ ਹੈ।

(6) ਪਰਦੇਸ ਤੋਂ ਪਤੀ ਦੀ ਚਿੱਠੀ ਆਵੇ, ਚਿੱਠੀ ਲਿਆਉਣ ਵਾਲੇ ਤੋਂ ਇਸਤ੍ਰੀ ਸਦਕੇ ਪਈ ਹੁੰਦੀ ਹੈ, ਉਸ ਦਾ ਲੂੰ ਲੂੰ ਧੰਨਵਾਦ ਕਰ ਉੱਠਦਾ ਹੈ। ਉਡੀਕ ਵਿਚ ਰਾਹ ਤੱਕਦੀ ਹੈ ਮਤਾਂ ਅੱਜ ਆ ਜਾਏ।

ਜਿੰਦ-ਦਾਤੇ ਪ੍ਰਭੂ ਨਾਲ ਮਿਲਾਉਣ ਵਾਲੇ ਗੁਰੂ ਤੋਂ ਸਿੱਖ ਆਪਾ ਵਾਰਦਾ ਹੈ।

(7) ਸਾਂਝੇ ਵੱਡੇ ਟੱਬਰ ਵਿਚ ਨਵੀਂ ਵਿਆਹੀ ਆਈ ਮੁਟਿਆਰ ਨੂੰ ਸਦਾ ਇਹ ਸਹਿਮ ਰਹਿੰਦਾ ਹੈ ਕਿ ਸੱਸ ਸਹੁਰੇ ਜਿਠਾਣੀਆਂ ਆਦਿਕ ਵਲੋਂ ਝਾੜ-ਝੰਬ ਨਾਹ ਪਏ, ਇਹਨਾਂ ਦੀ ਚੁੱਕਣਾ ਤੇ ਕਿਤੇ ਪਤੀ ਗੁੱਸੇ ਨ ਹੋ ਜਾਏ। ਅਜੇਹੇ ਥਾਂ ਮੁਟਿਆਰ ਨੂੰ ਆਪਣੇ ਪਤੀ ਦੀ ਸਦੀਵੀ ਪ੍ਰਸੰਨਤਾ ਵਾਸਤੇ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਪਰ ਜੇ ਪਤੀ ਨੂੰ ਆਪਣੀ ਕਾਰ-ਵਿਹਾਰ ਜਾਂ ਨੌਕਰੀ ਆਦਿਕ ਦੇ ਕਾਰਨ ਆਪਣੀ ਇਸਤ੍ਰੀ ਸਮੇਤ ਟੱਬਰ ਵਿਚੋਂ ਲਾਂਭੇ ਰਹਿਣਾ ਪੈ ਜਾਏ, ਤਾਂ ਇਸਤ੍ਰੀ ਦੇ ਸਿਰ ਤੋਂ ਉਹ ਸਾਰੇ ਸਹਿਮ ਦੂਰ ਹੋ ਜਾਂਦੇ ਹਨ।

ਜਿਸ ਜਿੰਦ ਨੂੰ ਪਤੀ-ਪ੍ਰਭੂ ਦਾ ਮੇਲ ਹੋ ਜਾਏ, ਹਉਮੈ ਲੋਕ-ਵਿਖਾਵਾ ਕਾਮਾਦਿਕ ਵਿਕਾਰ ਕੋਈ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ।

(8) ਸੁੰਦਰ ਸੁਘੜ ਸੁਸ਼ੀਲ ਤੇ ਆਗਿਆਕਾਰ ਇਸਤ੍ਰੀ ਨੂੰ ਇਹ ਡਰ ਨਹੀਂ ਹੁੰਦਾ ਕਿ ਪਤੀ ਕਿਸੇ ਹੋਰ ਉਤੇ ਰੀਝ ਪਏਗਾ ਤੇ ਉਸ ਦੇ ਸਿਰ ਕੋਈ ਸੌਕਣ ਲਿਆ ਬਿਠਾਏਗਾ ਜਿਸ ਕਰਕੇ ਪਤੀ ਦੀ ਉਸ ਨਾਲੋਂ ਵਿੱਥ ਪੈ ਜਾਇਗੀ।

ਮਾਇਆ ਸਦਾ ਇਸ ਜਿੰਦ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲੋਂ ਵਿਛੋੜੀ ਰੱਖਦੀ ਹੈ, ਇਹ ਮਾਨੋ, ਜਿੰਦ ਦੀ ਸੌਕਣ ਬਣੀ ਰਹਿੰਦੀ ਹੈ। ਜਿਸ ਨੂੰ ਗੁਰੂ ਵਿਚੋਲਾ ਮਿਲ ਪਏ, ਮਾਇਆ ਉਸ ਨਾਲ ਸੌਕਣ-ਪੁਣਾ ਨਹੀਂ ਕਰ ਸਕਦੀ।

(9) ਪੁਰਾਣੇ ਸਮਿਆਂ ਤੋਂ ਕਈ ਦੇਸਾਂ ਵਿਚ ਘੁੰਡ ਦਾ ਰਿਵਾਜ ਚਲਿਆ ਆ ਰਿਹਾ ਹੈ। ਇਸਤ੍ਰੀ ਆਪਣੇ ਜੇਠ ਸਹੁਰੇ ਆਦਿਕ ਵੱਡਿਆਂ ਤੋਂ ਅਤੇ ਆਂਢ ਗੁਆਂਢ ਆਪਣੇ ਪਤੀ ਤੋਂ ਉਮਰੋਂ ਵਡੇਰਿਆਂ ਤੋਂ ਪਰਦਾ ਕਰਦੀ ਹੈ। ਉਸ ਦਾ ਸ਼ਰਮਾਕਲ ਸੁਭਾਉ ਉਸ ਨੂੰ ਉਹਨਾਂ ਦੇ ਸਾਹਮਣੇ ਅੱਖ ਕਰਨ ਤੋਂ ਵਰਜਦਾ ਹੈ।

ਜਿਸ ਸੁਭਾਗਣ ਜਿੰਦ ਨੂੰ ਪ੍ਰਭੂ-ਪ੍ਰੀਤਿ ਦਾ ਕੱਪੜਾ ਮਿਲ ਜਾਏ, ਇਹ ਕੱਪੜਾ ਕਾਮਾਦਿਕ ਦੁਸ਼ਟਾਂ ਤੋਂ ਉਸ ਦੀ ਇੱਜ਼ਤ ਬਚਾਂਦਾ ਹੈ।

(10) ਪਰਦੇਸ ਗਏ ਪਤੀ ਦੀ ਘਰ ਪਰਤਣ ਦੀ ਖ਼ਬਰ ਆਉਂਦੀ ਹੈ, ਇਸਤ੍ਰੀ ਦਾ ਦਿਲ ਮੇਲ ਦੀ ਆਸ ਵਿਚ ਤੜਪ ਉੱਠਦਾ ਹੈ। ਅਗੋਂ ਵਾਂਢੀ ਰਾਹ ਤੱਕਣ ਤੁਰ ਪੈਂਦੀ ਹੈ। ਪਿਆਰੇ ਦਾ ਸੁਨੇਹਾ ਸੁਣ ਕੇ ਘਰ ਵਿਚ ਉਸ ਦੇ ਵਾਸਤੇ ਪਲੰਘ ਸਜਾ ਸੰਵਾਰ ਕੇ ਵਿਛਾਉਂਦੀ ਹੈ। ਹੁਣ ਇਕ ਇਕ ਘੜੀ ਉਸ ਨੂੰ ਵਰ੍ਹਿਆਂ ਵਰਗੀ ਜਾਪਦੀ ਹੈ।

ਪ੍ਰਭੂ-ਚਰਨਾਂ ਦਾ ਆਸ਼ਿਕ ਪ੍ਰਭੂ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ।

(11) ਉਹ ਪ੍ਰੀਤ ਕਾਹਦੀ ਜਿਥੇ ਪ੍ਰੀਤਮ ਦੀ ਸੋਅ ਸੁਣ ਕੇ ਲੂੰ ਲੂੰ ਨ ਖਿੜ ਪਏ? ਆਪਣੇ ਸੱਜਣ ਦਾ ਨਾਮ ਮੂੰਹੋਂ ਲਿਆਂ ਚੇਹਰਾ ਚਮਕ ਪੈਂਦਾ ਹੈ। ਚਿਰ-ਵਿਛੁੰਨੀ ਨਾਰ ਜਦੋਂ ਪੇਕੇ ਘਰੋਂ ਪਤੀ-ਘਰ ਵਲ ਤੁਰਦੀ ਹੈ, ਜਿਉਂ ਜਿਉਂ ਉਸ ਦਾ ਪੈਂਡਾ ਮੁੱਕਦਾ ਹੈ ਉਸ ਨੂੰ ਵਿਛੋੜਾ ਭੀ ਮੁੱਕਦਾ ਜਾਪਦਾ ਹੈ ਤੇ ਉਸ ਦੇ ਦਿਲ ਵਿਚ ਠੰਢ ਜਿਹੀ ਪੈਂਦੀ ਹੈ।

ਪ੍ਰਭੂ-ਚਰਨਾਂ ਦੇ ਭੌਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਹੀ ਆਨੰਦ ਆਉਂਦਾ ਹੈ।

(12) ਪਤੀ-ਪ੍ਰੇਮਣ ਇਸਤ੍ਰੀ ਅੰਮ੍ਰਿਤ ਵੇਲੇ ਉਠ ਕੇ ਕੱਜਲ ਆਦਿਕ ਵਰਤ ਕੇ ਸਭ ਤੋਂ ਪਹਿਲਾਂ ਆਪਣੇ ਪਤੀ ਦਾ ਦੀਦਾਰ ਕਰਨਾ ਲੋਚਦੀ ਹੈ। ਪਰ ਜਦੋਂ ਪਤੀ ਪਰਦੇਸ ਚਲਾ ਜਾਏ, ਤਾਂ ਉਹ ਕੱਜਲ ਹਾਰ ਆਦਿਕ ਸਭ ਵਿਸਰ ਜਾਂਦੇ ਹਨ।

ਪ੍ਰਭੂ-ਚਰਨਾਂ ਦੇ ਭੌਰੇ ਮਨੁੱਖ ਨੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾ ਆਹਰ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਹੀ ਹੁੰਦਾ ਹੈ।

(13) ਪਰਦੇਸੋਂ ਆ ਰਹੇ ਪਤੀ ਦੀ ਉਡੀਕ ਵਿਚ ਉਤਾਵਲੀ ਹੋਈ ਇਸਤ੍ਰੀ ਵੈਰਾਗ ਵਿਚ ਬੋਲ ਉਠਦੀ ਹੈ: ਸਦਕੇ ਉਹਨਾਂ ਰਾਹਾਂ ਤੋਂ ਜਿਨ੍ਹੀਂ ਰਾਹੀਂ ਤੂੰ ਆ ਰਿਹਾ ਹੈਂ! ਆ, ਮੈਂ ਤੈਨੂੰ ਆਪਣੀਆਂ ਅੱਖਾਂ ਉਤੇ ਬਿਠਾਵਾਂ। ਕਈ ਜੁਗ ਹੀ ਬੀਤ ਗਏ ਤੇਰੇ ਵਿਛੋੜੇ ਵਿਚ। ਤੇਰੇ ਦਰਸ਼ਨ ਦੀ ਇਕ ਝਲਕ ਮੇਰੇ ਲਈ ਅਕਹਿ ਸੁਖ ਹੈ।

ਪ੍ਰਭੂ-ਚਰਨਾਂ ਦੇ ਭੌਰੇ ਸਦਾ ਪ੍ਰਭੂ-ਦੀਦਾਰ ਦੀ ਤਾਂਘ ਵਿਚ ਮਸਤ ਰਹਿੰਦੇ ਹਨ।

(14) ਇਸਤ੍ਰੀ ਪਤੀ ਦੀ ਪ੍ਰਸੰਨਤਾ ਲਈ ਕਈ ਤਰ੍ਹਾਂ ਦੇ ਹਾਰ ਸਿੰਗਾਰ ਕਰਦੀ ਹੈ, ਪਤੀ ਦੀ ਨਿਕਟਤਾ ਦੇ ਕਾਰਨ ਅਜੇਹੇ ਉੱਦਮ ਉਸ ਦੇ ਆਪਣੇ ਮਨ ਨੂੰ ਚੰਗੇ ਲੱਗਦੇ ਹਨ। ਪਰ ਜੇ ਪਤੀ ਪਰਦੇਸ ਗਿਆ ਹੋਵੇ, ਤਾਂ ਇਹ ਹਾਰ ਸਿੰਗਾਰ ਚੰਗੇ ਲਗਣ ਦੇ ਥਾਂ ਦੁਖਦਾਈ ਜਾਪਦੇ ਹਨ।

ਪ੍ਰੀਤਿ ਦੀ ਰੀਤਿ ਹੀ ਐਸੀ ਹੈ। ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਦੁਨੀਆ ਦਾ ਕੋਈ ਸੁਹਜ-ਸਵਾਦ ਨਹੀਂ ਭਾਉਂਦਾ।

"ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ"।

(15) ਪਰਦੇਸ ਗਏ ਪਤੀ ਦੀ ਉਡੀਕ ਵਿਚ ਇਸਤ੍ਰੀ ਆਪਣੇ ਕੋਠੇ ਤੇ ਚੜ੍ਹ ਕੇ ਰਾਹ ਤੱਕਦੀ ਹੈ, ਅੱਖਾਂ ਵੈਰਾਗ-ਜਲ ਨਾਲ ਭਰ ਜਾਂਦੀਆਂ ਹਨ, ਰਾਹ ਤੱਕ ਤੱਕ ਕੇ ਦਿਲ ਰੱਜਦਾ ਨਹੀਂ, ਚਿਰ ਦੀ ਖਲੋਤੀ ਦੇ ਪੈਰ ਥਿੜਕਦੇ ਨਹੀਂ, ਬਨੇਰੇ ਤੇ ਆ ਬੈਠੇ ਕਾਂ ਨੂੰ ਉਡਾ ਕੇ ਪੁੱਛਦੀ ਹੈ ਕਿ ਦੱਸ ਕੀ ਮੇਰਾ ਪ੍ਰੀਤਮ ਆ ਰਿਹਾ ਹੈ।

ਬਿਰਹੋਂ ਦੀ ਕਿਤਨੀ ਦਿਲ-ਹਿਲਾਉਣੀ ਤਸਵੀਰ ਹੈ!

ਆਤਮਕ ਜੀਵਨ ਦੇ ਚਾਹਵਾਨ ਜੀਊੜੇ ਪ੍ਰਭੂ-ਦੀਦਾਰ ਦੀ ਤਾਂਘ ਇਸੇ ਹੀ ਬਿਹਬਲਤਾ ਨਾਲ ਕਰਦੇ ਹਨ।

(16) ਪੁਰਾਣੇ ਸਮਿਆਂ ਵਿਚ ਸਾਡੇ ਦੇਸ਼ ਅੰਦਰ ਇਹ ਕੋਈ ਰੀਤ ਚੱਲ ਪਈ ਕਿ ਪਤੀ ਦੇ ਮਰਨ ਤੇ ਕੋਈ ਕੋਈ ਇਸਤ੍ਰੀ ਆਪਣੇ ਪਤੀ ਦੀ ਚਿਖ਼ਾ ਉਤੇ ਜੀਊਂਦੀ ਸੜ ਮਰਦੀ ਸੀ। ਉਸ ਨੂੰ ਸਤੀ ਕਹਿੰਦੇ ਸਨ। ਜਦੋਂ ਸਾਕ ਸਨਬੰਧੀ ਮਿਰਤਕ ਸਰੀਰ ਨੂੰ ਅੰਤਮ ਸੰਸਕਾਰ ਵਾਸਤੇ ਮਸਾਣ-ਭੂਮੀ ਵਲ ਲੈ ਤੁਰਦੇ ਸਨ, ਤਾਂ ਸਤੀ ਹੋਣ ਵਾਲੀ ਇਸਤ੍ਰੀ ਆਪਣੇ ਹੱਥ ਵਿਚ ਨਲੀਏਰ ਫੜ ਲੈਂਦੀ ਸੀ। ਲੋਕ ਸਮਝ ਲੈਂਦੇ ਸਨ ਕਿ ਇਹ ਸਤੀ ਹੋਣ ਜਾ ਰਹੀ ਹੈ। ਉਸ ਨੂੰ ਸਮਝਾਣਾ ਬੁਝਾਣਾ ਵਿਅਰਥ ਹੋ ਜਾਂਦਾ ਸੀ।

ਪ੍ਰਭੂ-ਪ੍ਰੀਤ ਦੇ ਰਸਤੇ ਤੁਰਨ ਵਾਲੇ ਬੰਦੇ ਨੂੰ ਕੋਈ ਮਾਇਕ ਪਦਾਰਥ ਡੁਲਾ ਨਹੀਂ ਸਕਦੇ।

ਪ੍ਰੀਤਿ

(ਖ) ਵਿਛੋੜਾ ਅਸਹਿ

1. ਸਲੋਕ ਮ: 3 (ਵਾਰਾਂ ਤੇ ਵਧੀਕ) . . . . ਵਡੜੈ ਝਾਲਿ ਝਲੁੰਭਲੈ (ਪੰਨਾ 1420

2. ਗੌਂਡ ਮ: 4 . . . . ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ (ਪੰਨਾ 861

3. ਮਾਝ ਮ: 5 . . . . ਮੇਰਾ ਮਨੁ ਲੋਚੈ ਗੁਰ ਦਰਸਨ ਤਾਈ (ਪੰਨਾ 96

4. ਆਸਾ ਮ: 5 . . . . ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ (ਪੰਨਾ 378

5. ਸਲੋਕ ਮ: 5 (ਵਾਰ ਗੂਜਰੀ) . . . . ਵਿਛੋਹੇ ਜੰਬੂਰ (ਪੰਨਾ 520

6. ਵਡਹੰਸ ਮ: 5 ਛੰਤ . . . . ਮੇਰੈ ਅੰਤਰਿ ਲੋਚਾ ਮਿਲਣ ਕੀ (ਪੰਨਾ 564

7. ਸੋਰਠਿ ਮ: 5 . . . . ਦਹ ਦਿਸ ਛਤ੍ਰ ਮੇਘ ਘਟਾ ਘਟ (ਪੰਨਾ 624

8. ਸਾਰਗ ਮ: 5 . . . . ਮੋਹਨ ਘਰਿ ਆਵਹੁ, ਕਰਉ ਜੋਦਰੀਆ (ਪੰਨਾ 1209

9. ਫੁਨਹੇ ਮ: 5 . . . . ਊਪਰਿ ਬਨੈ ਅਕਾਸੁ (ਪੰਨਾ 1362

10. ਸਲੋਕ ਮ: 5 (ਵਾਰਾਂ ਤੇ ਵਧੀਕ) . . . . ਸੁਤੜੇ ਸੁਖੀ ਸਵੰਨ੍ਹ੍ਹਿ (ਪੰਨਾ 1425

11. ਗਉੜੀ ਕਬੀਰ ਜੀ . . . . ਆਸ ਪਾਸ ਘਨ ਤੁਰਸੀ ਕਾ ਬਿਰਵਾ (ਪੰਨਾ 338

ਭਾਵ:

(1) ਪ੍ਰੀਤ ਦੀ ਇਹ ਸਿਫ਼ਤਿ ਹੈ ਕਿ ਪ੍ਰੇਮੀ ਨੂੰ ਆਪਣਾ ਪ੍ਰੀਤਮ ਕਦੇ ਭੀ ਨਹੀਂ ਭੁੱਲਦਾ।

ਅੰਮ੍ਰਿਤ ਵੇਲੇ ਸਵੇਰੇ ਉੱਠਦਿਆਂ ਹੀ ਪ੍ਰਭੂ-ਚਰਨਾਂ ਦਾ ਪ੍ਰੇਮੀ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ।

(2) ਤਿਹਾਏ ਮਨੁੱਖ ਨੂੰ ਪਾਣੀ ਪੀਤਿਆਂ ਹੀ ਸ਼ਾਂਤੀ ਆ ਸਕਦੀ ਹੈ। ਜਿਨ੍ਹਾਂ ਦੇ ਮਨ ਨੂੰ ਪ੍ਰੀਤ ਦੇ ਤੀਰ ਨੇ ਵਿੰਨ੍ਹ ਲਿਆ ਹੈ, ਉਹ ਆਪਣੇ ਪ੍ਰੀਤਮ ਦੇ ਦੀਦਾਰ ਤੋਂ ਬਿਨਾ ਤ੍ਰਿਪਤ ਨਹੀਂ ਹੁੰਦੇ।

ਰੱਬ ਦੇ ਆਸ਼ਿਕ ਰੱਬੀ ਦੀਦਾਰ ਤੋਂ ਬਿਨਾ ਨਹੀਂ ਰਹਿ ਸਕਦੇ।

(3) ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਵਾਸਤੇ ਵਿਲਕਦਾ ਹੈ। ਹੋਰ ਟੋਭੇ ਤਾਲਾਬ ਪਾਣੀ ਨਾਲ ਬੇਸ਼ੱਕ ਭਰੇ ਪਏ ਹੋਣ, ਉਸ ਪਪੀਹੇ ਨੂੰ ਉਹ ਖਿੱਚ ਨਹੀਂ ਪਾ ਸਕਦੇ। ਜਿਸ ਮਨੁੱਖ ਦਾ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ, ਉਸ ਨੂੰ ਦੁਨੀਆ ਦੇ ਹੋਰ ਰੰਗ-ਤਮਾਸ਼ੇ ਆਪਣੇ ਵਲ ਪ੍ਰੇਰ ਨਹੀਂ ਸਕਦੇ। ਜੇ ਕਦੇ ਗੁਰੂ ਦੀ ਸੰਗਤਿ ਤੋਂ ਗੁਰੂ ਤੋਂ ਉਸ ਨੂੰ ਕਦੇ ਵਿਛੋੜਾ ਹੋ ਜਾਏ, ਤਾਂ ਉਸ ਨੂੰ ਹੋਰ ਕਿਸੇ ਥਾਂ ਧੀਰਜ ਨਹੀਂ ਆਉਂਦੀ।

(4) ਪ੍ਰੇਮੀ ਨੂੰ ਆਪਣੇ ਪ੍ਰੀਤਮ ਨਾਲੋਂ ਚਾਰ ਪਹਿਰਾਂ ਦਾ ਵਿਛੋੜਾ ਚਾਰ ਜੁਗਾਂ ਵਰਗਾ ਜਾਪਦਾ ਹੈ।

ਕਾਮਾਦਿਕ ਵਿਕਾਰ ਜਿੰਦ ਨੂੰ ਪ੍ਰਭੂ ਨਾਲੋਂ ਵਿਛੋੜਦੇ ਹਨ, ਤੇ ਜਿੰਦ ਇਸ ਵਿਛੋੜੇ ਵਿਚ ਬੜੀ ਵਿਆਕੁਲ ਹੁੰਦੀ ਹੈ।

(5) ਮਨੁੱਖ ਧਰਤੀ ਦਾ ਸਰਦਾਰ ਤਾਂ ਕਿਹਾ ਜਾਂਦਾ ਹੈ, ਪਰ ਇਸ ਦੀਆਂ ਨਿਰਦਇਤਾ ਦੀਆਂ ਕਰਤੂਤਾਂ ਸੁਣ ਕੇ ਲੂੰ-ਕੰਡੇ ਹੋ ਜਾਂਦੇ ਹਨ।

ਦੋਸ਼ੀਆਂ ਨੂੰ, ਖ਼ਾਸ ਕਰ ਕੇ ਸਿਆਸੀ ਵਿਰੋਧੀਆਂ ਨੂੰ, ਬੜੇ ਬੜੇ ਤਸੀਹੇ ਦਿੱਤੇ ਜਾਂਦੇ ਰਹੇ ਹਨ। ਇਕ ਤਸੀਹਾ ਇਹ ਸੀ ਕਿ ਜੰਬੂਰ ਨਾਲ ਜੀਊਂਦੇ ਬੰਦੇ ਦਾ ਮਾਸ ਤੂੰਬਾ ਤੂੰਬਾ ਕਰ ਕੇ ਉਚੇੜਿਆ ਜਾਂਦਾ ਸੀ। ਬੜਾ ਭਿਆਨਕ ਤਸੀਹਾ ਹੈ, ਤੇ ਬੜੀ ਅਸਹਿ ਹੈ ਇਸ ਦੀ ਪੀੜ।

ਸੱਚਾ ਆਸ਼ਿਕ ਆਪਣੇ ਪ੍ਰੀਤਮ ਨਾਲੋਂ ਵਿਛੋੜੇ ਨੂੰ ਜੰਬੂਰ ਦੇ ਤਸੀਹੇ ਵਰਗਾ ਅਨੁਭਵ ਕਰਦਾ ਹੈ।

(6) ਕਿਤਨਾ ਹੀ ਖਿਡੌਣਿਆਂ ਨਾਲ ਬਾਲ ਨੂੰ ਪਰਚਾਣ ਦਾ ਜਤਨ ਕਰੋ, ਉਹ ਦੁੱਧ ਤੋਂ ਬਿਨਾ ਕਿਵੇਂ ਪਰਚੇ।

ਸੁਭਾਗੇ ਬਾਲ-ਜੀਊੜੇ ਨੂੰ ਦੁਨੀਆਂ ਦੇ ਰੰਗ-ਤਮਾਸ਼ੇ ਨਹੀਂ ਮੋਹ ਸਕਦੇ, ਉਹ ਨਾਮ-ਅੰਮ੍ਰਿਤ ਨਾਲ ਹੀ ਪਤੀਜਦਾ ਹੈ।

(7) ਜੇਠ ਹਾੜ ਦੀਆਂ ਤਪਦੀਆਂ ਲੋਆਂ ਪਿਛੋਂ ਸਾਵਣ ਦੇ ਮਹੀਨੇ ਕਾਲੀਆਂ ਘਟਾਂ ਚੜ੍ਹਦੀਆਂ ਹਨ, ਤੇ ਤਪੇ ਮਨਾਂ ਨੂੰ ਠੰਢ ਪਾਂਦੀਆਂ ਹਨ। ਉਹਨਾਂ ਸੁੰਦਰ ਕਾਲੀਆਂ ਘਟਾਂ ਵਿਚ ਲਿਸ਼ਕਦੀ ਬਿਜਲੀ ਮਨ ਨੂੰ ਧ੍ਰੂਹ ਪਾਂਦੀ ਹੈ। ਸੁਹਾਗਣਾਂ ਪੀਘਾਂ ਝੂਟਦੀਆਂ, ਸਾਂਵੇ ਮਨਾਂਦੀਆਂ ਤੇ ਖ਼ੁਸ਼ੀ ਦੇ ਗੀਤ ਗਾਂਦੀਆਂ ਹਨ।

ਪਰ ਪੁੱਛੋ ਉਹਨਾਂ ਨੂੰ ਜਿਨ੍ਹਾਂ ਦੇ ਪਤੀ ਪਰਦੇਸ ਗਏ ਹੋਏ ਹਨ। ਉਹ ਸੁਹਾਵਣੀ ਕਾਲੀ ਘਟਾ, ਤੇ ਲਹਰਾਉਂਦੀ ਬਿਜਲੀ ਦੀ ਲਿਸ਼ਕ ਉਹਨਾਂ ਦੇ ਅੰਦਰ ਵਿਛੋੜੇ ਦੀ ਛੁਰੀ ਚਲਾ ਦੇਂਦੀ ਹੈ।

ਕਿਤਨੇ ਅਭਾਗੇ ਹਨ ਉਹ ਜਿਨ੍ਹਾਂ ਨੂੰ ਪਤੀ-ਪ੍ਰਭੂ ਤੋਂ ਵਿਛੋੜੇ ਦਾ ਸੱਲ ਕਦੇ ਭੀ ਨਹੀਂ ਵੱਜਾ!

(8) ਪ੍ਰੇਮੀ ਨੂੰ ਆਪਣੇ ਪ੍ਰੀਤਮ ਨਾਲੋਂ ਇਕ ਪਲ ਦਾ ਵਿਛੋੜਾ ਕਈ ਜੁਗਾਂ ਵਰਗਾ ਜਾਪਦਾ ਹੈ।

(9) ਸਾਵਣ ਦੀਆਂ ਕਾਲੀਆਂ ਘਟਾਂ, ਹਰਿਆਵਲੀ ਧਰਤੀ, ਚੁਫੇਰੇ ਲਿਸ਼ਕਦੀ ਬਿਜਲੀ, ਪਤਿਬ੍ਰਤਾ ਸੁਹਾਗਣ ਇਸਤ੍ਰੀ ਨੂੰ ਪਰਦੇਸ ਗਏ ਆਪਣੇ ਪਤੀ ਦੀ ਯਾਦ ਮੁੜ ਮੁੜ ਕਰਾਂਦੀਆਂ ਹਨ।

ਕਿਤਨੀ ਅਭਾਗਣ ਹੈ ਉਹ ਜਿੰਦ ਜਿਸ ਨੂੰ ਇਸ ਸਾਰੀ ਸੁੰਦਰ ਕੁਦਰਤਿ ਵੇਖ ਕੇ ਕਦੇ ਭੀ ਇਸ ਦੇ ਰਚਨਹਾਰ ਪ੍ਰਭੂ-ਪਤੀ ਦੀ ਯਾਦ ਦਾ ਹੁਲਾਰਾ ਨਹੀਂ ਆਉਂਦਾ!

(10) ਸੱਚਾ ਆਸ਼ਿਕ ਸੁੱਤਾ ਪਿਆ ਭੀ ਆਪਣੀ ਸੁਰਤਿ ਪ੍ਰਭੂ ਦੀ ਯਾਦ ਵਿਚ ਟਿਕਾਈ ਰੱਖਦਾ ਹੈ। ਅੱਠੇ ਪਹਰ ਕਿਸੇ ਵੇਲੇ ਭੀ ਉਹ ਵਿਛੋੜਾ ਨਹੀਂ ਪੈਣ ਦੇਂਦਾ।

(11) ਸੱਚੇ ਪ੍ਰੇਮੀਆਂ ਨੂੰ ਪ੍ਰਭੂ ਨਾਲੋਂ ਵਿਛੋੜਾ ਇਕ ਅਸਹਿ ਕਲੇਸ਼ ਪ੍ਰਤੀਤ ਹੁੰਦਾ ਹੈ। ਇਸ ਵਿਛੋੜੇ ਤੋਂ ਬਚਣ ਲਈ ਜੇ ਉਹਨਾਂ ਨੂੰ ਧੂਣੀਆਂ ਤਪਾਣ ਆਦਿਕ ਦੇ ਅਨੇਕਾਂ ਸਰੀਰਕ ਕਸ਼ਟ ਭੀ ਸਹਾਰਨੇ ਪੈਣ, ਤਾਂ ਭੀ ਉਹ ਇਸ ਨੂੰ ਸਸਤਾ ਸੌਦਾ ਸਮਝਦੇ ਹਨ।

ਪਰ ਪ੍ਰਭੂ-ਮਿਲਾਪ ਵਾਸਤੇ ਸਰੀਰਕ ਕਸ਼ਟਾਂ ਦੀ ਲੋੜ ਨਹੀਂ ਹੁੰਦੀ। ਉਹ ਤਾਂ ਹਰੇਕ ਮਨੁੱਖ ਦੇ ਅੰਦਰ ਹੀ ਵੱਸਦਾ ਹੈ। ਬਸ! ਮਨ ਨੂੰ ਬਾਹਰਲੀ ਮਾਇਕ ਦੌੜ ਵਲੋਂ ਹਟਾ ਕੇ ਅੰਦਰ ਵਲ ਮੋੜਨਾ ਹੈ।

(12) ਗੋਕਲ ਦੇ ਗੋਪਿਆਂ ਤੇ ਗੋਪੀਆਂ ਨਾਲ ਰਲ ਕੇ ਕ੍ਰਿਸ਼ਨ ਜੀ ਬਿੰਦ੍ਰਾਬਨ ਵਿਚ ਗਾਂਈਆਂ ਚਾਰਿਆ ਕਰਦੇ ਸਨ। ਕਦੇ ਕਦੇ ਪ੍ਰੇਮ ਵਿਚ ਆ ਕੇ ਬੜੀ ਮਸਤ ਸੁਰ ਵਿਚ ਬੰਸਰੀ ਭੀ ਵਜਾਂਦੇ ਸਨ। ਗੋਕਲ ਦੇ ਸਭ ਗਵਾਲੇ ਗਵਾਲਣਾਂ ਕ੍ਰਿਸ਼ਨ ਜੀ ਦੇ ਚਰਨ-ਭੌਰੇ ਬਣ ਚੁਕੇ ਹੋਏ ਸਨ। ਕੰਸ ਨੂੰ ਦੰਡ ਦੇਣ ਲਈ ਕ੍ਰਿਸ਼ਨ ਜੀ ਗੋਕਲ ਤੋਂ ਮਥੁਰਾ ਜਾਣ ਲਈ ਤਿਆਰ ਹੋਏ। ਗੋਕਲ-ਵਾਸੀ ਇਸ ਆ ਰਹੇ ਸਦੀਵੀ ਵਿਛੋੜੇ ਨੂੰ ਸੁਣ ਕੇ ਤੜਫ ਉਠੇ। ਗਵਾਲਣਾਂ ਹਾੜੇ ਘੱਤਣ ਲਗੀਆਂ ਕਿ ਸਾਨੂੰ ਛੱਡ ਕੇ ਨਾਹ ਜਾਣਾ।

ਜਿਸ ਸੁਭਾਗੇ ਦਾ ਮਨ ਪ੍ਰਭੂ-ਚਰਨਾਂ ਵਿਚ ਪਤੀਜਦਾ ਹੈ, ਉਹ ਪ੍ਰਭੂ ਦੀ ਯਾਦ ਇਕ ਪਲ ਭੀ ਨਹੀਂ ਭੁਲਾ ਸਕਦਾ। ਪ੍ਰੇਮੀ ਲਈ ਵਿਛੋੜਾ ਅਸਹਿ ਹੈ।

17. ਕਰਮ ਕਾਂਡ

ਮਿਰਤਕ ਸੰਸਕਾਰ

1. ਆਸਾ ਮ: 1 . . . . ਦੀਵਾ ਮੇਰਾ ਏਕੁ ਨਾਮੁ (ਪੰਨਾ 358

2. ਸਲੋਕ ਮ: 1 (ਵਾਰ ਆਸਾ) . . . . ਮਿਟੀ ਮੁਸਲਮਾਨ ਕੀ (ਪੰਨਾ 466

3. ਸਲੋਕ ਮ: 3 (ਵਾਰ ਸੋਰਠਿ) . . . . ਇਕ ਦਝਹਿ ਇਕ ਦਬੀਅਹਿ (ਪੰਨਾ 648

4. ਰਾਮਕਲੀ ਸਦੁ . . . . ਅੰਤੇ ਸਤਿਗੁਰੁ ਬੋਲਿਆ (ਪੰਨਾ 923

ਸਰਾਧ:

5. ਸਲੋਕ ਮ: 1 (ਆਸਾ ਦੀ ਵਾਰ) . . . . ਜੇ ਮੋਹਾਕਾ ਘਰੁ ਮੁਹੈ (ਪੰਨਾ 472

6. ਗਉੜੀ ਕਬੀਰ ਜੀ . . . . ਜੀਵਤ ਪਿਤਰ ਨ ਮਾਨੈ ਕੋਊ (ਪੰਨਾ 332

ਸੂਤਕ:

7. ਸਲੋਕੁ ਮ: 1 (ਵਾਰ ਆਸਾ) . . . . ਜੇਕਰਿ ਸੂਤਕੁ ਮੰਨੀਐ (ਪੰਨਾ 472

8. ਗਉੜੀ ਕਬੀਰ ਜੀ . . . . ਜਲਿ ਹੈ ਸੂਤਕੁ (ਪੰਨਾ 331

ਮਾਲਾ ਤਿਲਕ:

9. ਭੈਰਉ ਮ: 4 . . . . ਸੁਕ੍ਰਿਤੁ, ਕਰਣੀ ਸਾਰੁ ਜਪਮਾਲੀ (ਪੰਨਾ 1134

10. ਆਸਾ ਮ: 5 . . . . ਹਰਿ ਹਰਿ ਅਖਰੁ ਦੁਇ ਇਹ ਮਾਲਾ (ਪੰਨਾ 388

11. ਭੈਰਉ ਕਬੀਰ ਜੀ . . . . ਮਾਥੇ ਤਿਲਕੁ ਹਥਿ ਮਾਲਾ ਬਾਨਾਂ (ਪੰਨਾ 1158

ਵਰਤ:

12. ਸਲੋਕ ਮ: 1 (ਵਾਰ ਸਾਰੰਗ) . . . . ਸਚੁ ਵਰਤੁ, ਸੰਤੋਖੁ ਤੀਰਥੁ (ਪੰਨਾ 1245

13. ਧਨਾਸਰੀ ਮ: 5 . . . . ਪੂਜਾ ਵਰਤ ਤਿਲਕ (ਪੰਨਾ 674

14. ਭੈਰਉ ਮ: 5 . . . . ਵਰਤ ਨ ਰਹਉ (ਪੰਨਾ 1136

ਜਨੇਊ:

15. ਸਲੋਕ ਮ: 1 (ਆਸਾ ਦੀ ਵਾਰ) . . . . ਦਇਆ ਕਪਾਹ, ਸੰਤੋਖੁ ਸੂਤੁ (ਪੰਨਾ 471

ਸੁੱਚਾ ਚੌਕਾ:

16. ਸਲੋਕ ਮ: 1 (ਵਾਰ ਸਿਰੀ ਰਾਗ) . . . . ਕੁਬੁਧਿ ਡੂਬਣੀ (ਪੰਨਾ 90

17. ਬਸੰਤੁ ਮ: 1 . . . . ਸੁਇਨੇ ਕਾ ਚਉਕਾ (ਪੰਨਾ 1168

ਦੀਵੇ ਤਾਰਨੇ:

18. ਰਾਮਕਲੀ ਮ: 1 . . . . ਸੁਰਤੀ ਸੁਰਤਿ ਰਲਾਈਐ ਏਤੁ (ਪੰਨਾ 878

ਮਿਥੇ ਧਾਰਮਿਕ ਕਰਮ:

19. ਗਉੜੀ ਮ: 5 . . . . ਹਰਿ ਬਿਨੁ ਅਵਰ ਕ੍ਰਿਆ ਬਿਰਥੇ (ਪੰਨਾ 216

20. ਗਉੜੀ ਬਾਵਨ ਅਖਰੀ ਮ: 5 . . . . ਅਤਿ ਸੁੰਦਰ ਕੁਲੀਨ ਚਤੁਰ (ਪੰਨਾ 253

21. ਸੋਰਠਿ ਮ: 5 ਅਸਟਪਦੀਆ . . . . ਪਾਠੁ ਪੜਿਓ ਅਰੁ ਬੇਦੁ ਬੀਚਾਰਿਓ (ਪੰਨਾ 641

22. ਸੂਹੀ ਮ: 5 . . . . ਕਰਮ ਧਰਮ ਪਾਖੰਡ ਜੋ ਦੀਸਹਿ (ਪੰਨਾ 787

23. ਗਉੜੀ ਕਬੀਰ ਜੀ . . . . ਸੰਧਿਆ ਪ੍ਰਾਤ ਇਸਨਾਨੁ ਕਰਾਹੀ (ਪੰਨਾ 324

24. ਟੋਡੀ ਨਾਮਦੇਵ ਜੀ . . . . ਕਉਨ ਕੋ ਕਲੰਕੁ ਰਹਿਓ . . . . ਪੋਥੀ ਪੰਜਵੀਂ ਪੰਨਾ 718

25. ਰਾਮਕਲੀ ਨਾਮਦੇਵ ਜੀ . . . . ਬਾਨਾਰਸੀ ਤਪੁ ਕਰੈ . . . . ਪੋਥੀ ਸੱਤਵੀਂ ਪੰਨਾ 973

ਭਾਵ:

ਮਿਰਤਕ ਸੰਸਕਾਰ

(1) ਹਿੰਦੂ-ਮਰਯਾਦਾ ਅਨੁਸਾਰ, ਜਦੋਂ, ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤਾ ਕਿ ਜਿਸ ਅਣਡਿੱਠੇ ਹਨੇਰੇ ਰਸਤੇ ਉਸ ਦੀ ਆਤਮਾ ਨੇ ਜਾਣਾ ਹੈ, ਇਹ ਦੀਵਾ ਰਸਤੇ ਵਿਚ ਚਾਨਣ ਕਰੇ। ਉਸ ਦੇ ਮਰਨ ਪਿੱਛੋਂ ਜਵਾਂ ਜਾਂ ਚੌਲਾਂ ਦੇ ਆਟੇ ਦੇ ਪੇੜੇ (ਪਿੰਨ) ਪੱਤਰਾਂ ਦੀ ਥਾਲੀ (ਪੱਤਲ) ਉਤੇ ਰੱਖ ਕੇ ਮਣਸੇ ਜਾਂਦੇ ਹਨ। ਇਹ ਮਰੇ ਪ੍ਰਾਣੀ ਲਈ ਰਸਤੇ ਦੀ ਖ਼ੁਰਾਕ ਹੁੰਦੀ ਹੈ। ਮੌਤ ਤੋਂ 13 ਦਿਨ ਪਿਛੋਂ 'ਕਿਰਿਆ' ਕੀਤੀ ਜਾਂਦੀ ਹੈ। ਅਚਾਰਜ (ਕਿਰਿਆ ਕਰਾਣ ਵਾਲਾ ਬ੍ਰਾਹਮਣ) ਵੇਦ-ਮੰਤ੍ਰ ਆਦਿਕ ਪੜ੍ਹਦਾ ਹੈ; ਮਰੇ ਪ੍ਰਾਣੀ ਨਿਮਿਤ ਇਕ ਲੰਮੀ ਮਰਯਾਦਾ ਕੀਤੀ ਜਾਂਦੀ ਹੈ। 360 ਦੀਵੇ ਤੇ ਇਤਨੀਆਂ ਹੀ ਵੱਟੀਆਂ ਅਤੇ ਤੇਲ ਰੱਖਿਆ ਜਾਂਦਾ ਹੈ। ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ। ਸਰਧਾ ਇਹ ਹੁੰਦੀ ਹੈ ਕਿ ਮਰੇ ਪ੍ਰਾਣੀ ਨੇ ਇਕ ਸਾਲ ਵਿਚ ਪਿੱਤਰ-ਲੋਕ ਤਕ ਪਹੁੰਚਣਾ ਹੈ, ਇਹ 360 ਦੀਵੇ (ਇਕ ਦੀਵਾ ਹਰ ਰੋਜ਼) ਇਕ ਸਾਲ ਰਸਤੇ ਵਿਚ ਚਾਨਣ ਕਰਨਗੇ। ਕਿਸੇ ਮੰਦਰ ਵਿਚ ਇਕ ਸਾਲ ਹਰ ਰੋਜ਼ ਹਰ ਵੇਲੇ ਦੀਵਾ ਬਾਲਣ ਲਈ ਤੇਲ ਭੀ ਭੇਜਿਆ ਜਾਂਦਾ ਹੈ।

ਸਸਕਾਰ ਤੋਂ ਚੌਥੇ ਦਿਨ ਮੜ੍ਹੀ ਫੋਲ ਕੇ ਸੜਨ ਤੋਂ ਬਚੀਆਂ ਹੱਡੀਆਂ (ਫੁੱਲ) ਚੁਣ ਲਈਆਂ ਜਾਂਦੀਆਂ ਹਨ। ਇਹ 'ਫੁੱਲ' ਹਰਿਦੁਆਰ ਜਾ ਕੇ ਗੰਗਾ ਵਿਚ ਪਰਵਾਹੇ ਜਾਂਦੇ ਹਨ। ਆਮ ਤੌਰ ਤੇ 'ਕਿਰਿਆ' ਤੋਂ ਪਹਿਲਾਂ ਹੀ 'ਫੁੱਲ' ਗੰਗਾ-ਪਰਵਾਹ ਕੀਤੇ ਜਾਂਦੇ ਹਨ।

(ਸ਼ਬਦ ਦਾ ਭਾਵ) : ਪਰਮਾਤਮਾ ਦਾ ਨਾਮ ਹੀ ਦੀਵਾ ਹੈ ਜੋ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ, ਇਸ ਆਤਮਕ ਰੌਸ਼ਨੀ ਨਾਲ ਮਨੁੱਖ ਦੇ ਉਹ ਸਾਰੇ ਦੁੱਖ ਮੁੱਕਦੇ ਜਾਂਦੇ ਹਨ ਜੋ ਇਸ ਨੂੰ ਵਾਪਰਦੇ ਰਹਿੰਦੇ ਹਨ।

ਜਿਵੇਂ ਰਤਾ ਕੁ ਜਿਤਨੀ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦੇਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪਾਂ ਦੇ ਸੰਸਕਾਰ ਇਸ ਦੇ ਅੰਦਰੋਂ ਮੁਕਾ ਦੇਂਦਾ ਹੈ। ਪਰਮਾਤਮਾ ਦਾ ਨਾਮ ਹੀ ਮਨੁੱਖ ਵਾਸਤੇ ਇਸ ਲੋਕ ਅਤੇ ਪਰਲੋਕ ਵਿਚ ਸਹਾਰਾ ਹੈ।

ਪਿੰਡ ਭਰਾਣੇ, ਕਿਰਿਆ ਕਰਾਣੀ, ਫੁੱਲ ਗੰਗਾ-ਪਰਵਾਹ ਕਰਾਣੇ; ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇਹ ਸਭ ਕੁਝ ਆ ਗਿਆ ਸਮਝੋ। ਅਸਲ ਸਾਥੀ ਹੈ ਹੀ ਹਰਿ-ਨਾਮ।

(2) ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ। ਪਰ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਉਸ ਥਾਂ ਦੀ ਮਿੱਟੀ ਚੀਕਣੀ ਹੋ ਜਾਣ ਦੇ ਕਾਰਨ ਘੁਮਿਆਰ ਲੋਕ ਉਹ ਮਿੱਟੀ ਕਈ ਵਾਰੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ। ਘੁਮਿਆਰ ਉਸ ਮਿੱਟੀ ਨੂੰ ਘੜ ਕੇ ਭਾਂਡੇ ਤੇ ਇੱਟਾਂ ਬਣਾਂਦਾ ਹੈ, ਤੇ ਆਖ਼ਰ ਉਹ ਮਿੱਟੀ ਭੀ ਆਵੀ ਦੀ ਅੱਗ ਵਿਚ ਪੈਂਦੀ ਹੈ। ਪਰ ਨਿਜਾਤ ਜਾਂ ਦੋਜ਼ਕ ਦਾ ਸੰਬੰਧ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਨਹੀਂ ਹੈ। ਜਦੋਂ ਜੀਵਾਤਮਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਭੀ ਕਿਰਿਆ ਦਾ ਅਸਰ ਜੀਵਾਤਮਾ ਉਤੇ ਨਹੀਂ ਪੈ ਸਕਦਾ। ਜਿਤਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ। ਉਹ ਫ਼ੈਸਲਾ ਕੀਹ ਹੈ? ਪਰਮਾਤਮਾ ਆਪ ਹੀ ਜਾਣਦਾ ਹੈ ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿਥੇ ਜਾ ਅੱਪੜਿਆ ਹੈ। ਸੋ, ਇਹ ਝਗੜਾ ਵਿਅਰਥ ਹੈ। ਹਰੇਕ ਜੀਵ ਵਾਸਤੇ ਸਭ ਤੋਂ ਵਧੀਆ ਵਿਚਾਰ ਇਹੀ ਹੈ ਕਿ ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ ਉਸੇ ਨੂੰ ਉਸ ਦਾ ਮਿਲਾਪ ਨਸੀਬ ਹੋਇਆ।

(3) ਮਰਨ ਤੇ ਕਿਸੇ ਦਾ ਸਰੀਰ ਸਾੜਿਆ ਜਾਂਦਾ ਹੈ, ਕਿਸੇ ਦਾ ਦੱਬਿਆ ਜਾਂਦਾ ਹੈ, ਕਿਸੇ ਦੇ ਸਰੀਰ ਨੂੰ ਕੁੱਤੇ ਖਾ ਜਾਂਦੇ ਹਨ ਤੇ ਕਿਸੇ ਦਾ ਸਰੀਰ ਗਿਰਝਾਂ ਅੱਗੇ ਪਾਇਆ ਜਾਂਦਾ ਹੈ।

ਪਰ ਸਰੀਰ ਦੇ ਇਸ ਸੜਨ ਦੱਬਣ ਆਦਿਕ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਜੀਵਾਤਮਾ ਕਿੱਥੇ ਜਾ ਵੱਸਦਾ ਹੈ।

(4) ਹਿੰਦੂ-ਘਰਾਂ ਵਿਚ ਜੇ ਕੋਈ ਪ੍ਰਾਣੀ ਬਹੁਤੀ ਉਮਰ ਦਾ ਹੋ ਕੇ ਮਰੇ, ਪੋਤਰਿਆਂ ਪੜੋਤੜਿਆਂ ਵਾਲਾ ਹੋ ਜਾਏ, ਤਾਂ ਉਸ ਦਾ ਸਸਕਾਰ ਕਰਨ ਵੇਲੇ ਉਸ ਨੂੰ 'ਵੱਡਾ' ਕਰਦੇ ਹਨ। ਜਿਸ ਫੱਟੇ ਉਤੇ ਮਿਰਤਕ ਸਰੀਰ ਚੁੱਕ ਕੇ ਲੈ ਜਾਈਦਾ ਹੈ ਉਸ ਫੱਟੇ ਨੂੰ ਸੋਹਣੇ ਕੱਪੜਿਆਂ ਤੇ ਫੁੱਲਾਂ ਨਾਲ ਸਜਾਂਦੇ ਹਨ। ਮੁਰਦਾ ਲੈ ਜਾਣ ਵੇਲੇ ਉਸ ਦੇ ਉਤੋਂ ਦੀ ਉਸ ਦੇ ਪੋਤਰੇ ਪੜੋਤੜੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ 'ਬਬਾਣ' ਕੱਢਣਾ ਆਖੀਦਾ ਹੈ।

ਸਸਕਾਰ ਕਰਨ ਤੋਂ ਪਿੱਛੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਕਰਾਈ ਜਾਂਦੀ ਹੈ। ਗਰੁੜ ਪੁਰਾਣ ਵਿਚ ਵਿਸ਼ਨੂ ਆਪਣੇ ਅਵਾਹਨ ਗਰੁੜ ਨੂੰ ਜਮ-ਮਾਰਗ ਦਾ ਹਾਲ ਸੁਣਾਂਦਾ ਹੈ ਤੇ ਆਖਦਾ ਹੈ ਕਿ ਮਰਨ ਪਿੱਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ, ਗਰੁੜ-ਪੁਰਾਣ ਨੂੰ ਸੁਣਨ ਤੇ ਸੁਣਾਣ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ।

ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਦੀ ਉਮਰ 95 ਸਾਲ ਸੀ। ਉਹਨਾਂ ਆਪਣੇ ਸਾਰੇ ਪਰਵਾਰ ਨੂੰ ਇਕੱਠਾ ਕਰ ਕੇ ਹਿਦਾਇਤ ਕੀਤੀ ਕਿ ਦੀਵਾ ਜਗਾਣ, ਪਿੰਡ ਭਰਾਣ, ਬਬਾਣ ਕੱਢਣ; ਫੁੱਲ ਹਰਦੁਆਰ ਲੈ ਜਾਣ, ਕਿਰਿਆ ਕਰਾਣ ਆਦਿਕ ਦੀ ਕੋਈ ਭੀ ਰਸਮ ਉਹਨਾਂ ਦੇ ਪਿੱਛੋਂ ਨਾਹ ਕੀਤੀ ਜਾਏ। ਗੁਰੂ ਨੂੰ ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਿਆਰੀ ਲੱਗਦੀ ਹੈ। ਉਹਨਾਂ ਦੀ ਇਹ ਹਿਦਾਇਤ ਉਹਨਾਂ ਦੇ ਪੜੋਤੜੇ ਬਾਬਾ ਸੁੰਦਰ ਜੀ ਨੇ ਰਾਮਕਲੀ ਰਾਗ ਦੀ ਬਾਣੀ 'ਸਦੁ' ਵਿਚ ਵਿਸਥਾਰ ਨਾਲ ਬਿਆਨ ਕੀਤੀ ਹੋਈ ਹੈ।

ਸਰਾਧ

(5) ਹਿੰਦੂ-ਘਰਾਂ ਵਿਚ ਕਿਸੇ ਪ੍ਰਾਣੀ ਦੇ ਮਰਨ ਤੇ ਇਕ ਵਰ੍ਹਾ ਪਿੱਛੋਂ ਮਰਨ ਦੀ ਥਿੱਤ ਉਤੇ ਹੀ 'ਵਰ੍ਹੀਣਾ' ਕੀਤਾ ਜਾਂਦਾ ਹੈ। ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ। ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿੱਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ। ਇਹ ਭੀ ਵਿਛੁੜੇ ਪ੍ਰਾਣੀ ਨੂੰ ਅਪੜਾਣ ਲਈ ਹੀ ਹੁੰਦਾ ਹੈ।

ਸਰਾਧ ਹਰ ਸਾਲ ਭਾਦਰੋਂ ਦੀ ਪੂਰਨਮਾਸ਼ੀ ਨੂੰ ਸ਼ੁਰੂ ਹੁੰਦੇ ਹਨ ਅਤੇ ਅੱਸੂ ਦੀ ਮੱਸਿਆ ਤਕ ਰਹਿੰਦੇ ਹਨ, ਮੱਸਿਆ ਦਾ ਸਰਾਧ ਆਖ਼ਰੀ ਹੁੰਦਾ ਹੈ।

ਗੁਰੂ ਨਾਨਕ ਦੇਵ ਜੀ ਫ਼ੁਰਮਾਂਦੇ ਹਨ ਕਿ ਕਿਸੇ ਭੀ ਪ੍ਰਾਣੀ ਨੂੰ ਉਸ ਦੇ ਮਰਨ ਪਿੱਛੋਂ ਉਸ ਦੇ ਸੰਬੰਧੀ ਕੋਈ ਧਨ ਪਦਾਰਥ ਖ਼ੁਰਾਕ ਆਦਿਕ ਕੁਝ ਭੀ ਅਪੜਾ ਨਹੀਂ ਸਕਦੇ। ਇਥੇ ਜੀਉਂਦਿਆਂ ਜਿਹੜਾ ਮਨੁੱਖ ਹੱਕ ਦੀ ਕਮਾਈ ਕਰਦਾ ਹੈ ਤੇ ਉਸ ਵਿਚੋਂ ਲੋੜਵੰਦਿਆਂ ਦੀ ਸੇਵਾ ਕਰਦਾ ਹੈ ਇਸ ਨੇਕ ਕਰਮ ਦੇ ਭਲੇ ਸੰਸਕਾਰ ਉਹ ਆਪਣੇ ਨਾਲ ਲੈ ਤੁਰਦਾ ਹੈ।

ਪਿੱਛੋਂ ਅੱਪੜਨ ਅਪੜਾਣ ਵਾਲੀ ਮਨੌਤ ਤਾਂ ਮਰੇ ਪ੍ਰਾਣੀ ਵਾਸਤੇ ਸਗੋਂ ਖ਼ਤਰਨਾਕ ਹੋ ਜਾਂਦੀ ਹੈ। ਜੇ ਸੱਚ ਮੁਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੋਵੇ, ਤਾਂ ਜੇ ਕੋਈ ਮਨੁੱਖ ਪਰਾਇਆ ਮਾਲ ਠੱਗ ਕੇ ਉਸ ਵਿਚੋਂ ਪਿਤਰਾਂ ਨਿਮਿਤ ਦਾਨ ਕਰ ਦੇਵੇ, ਅਗਾਂਹ ਪਰਲੋਕ ਵਿਚ ਉਹ ਪਦਾਰਥ ਸਿਞਾਣਿਆਂ ਜਾਇਗਾ ਕਿਉਂਕਿ ਜਿਸ ਘਰ ਦਾ ਮਾਲ ਠੱਗਿਆ ਜਾਂਦਾ ਹੈ ਉਸ ਦੇ ਪਿਤਰ ਭੀ ਪਰਲੋਕ ਵਿਚ ਹੀ ਵੱਸਦੇ ਹਨ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ ਭੀ ਚੋਰ ਬਣਾਂਦਾ ਹੈ ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ। ਚੋਰੀ ਦਾ ਮਾਲ ਅਪੜਾਣ ਵਾਲੇ ਦਲਾਲ ਨੂੰ ਭੀ ਸਜ਼ਾ ਮਿਲਣੀ ਹੀ ਹੋਈ।

(6) ਘਰ ਵਿਚ ਹਰ ਤਰ੍ਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ, ਵਿਆਹਾਂ-ਸ਼ਾਦੀਆਂ ਸਮੇ 'ਵੱਡੇ ਅੱਡਦੇ ਹਨ'। ਪਰ ਫਿਰ ਭੀ ਸਹਿਮ ਬਣੇ ਹੀ ਰਹਿੰਦੇ ਹਨ। ਸੁਖ-ਆਨੰਦ ਦਾ ਸੋਮਾ ਹੈ ਪਰਮਾਤਮਾ, ਉਸ ਦੀ ਯਾਦ ਵਿਚ ਜੁੜੋ।

ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ-ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿੱਤ ਭੋਜਨ ਖੁਆਂਦੇ ਹਨ। ਇਹ ਭੋਜਨ ਨਹੀਂ ਪਹੁੰਚਦੇ। ਜੀਊਂਦੇ ਮਾਪਿਆਂ ਦੀ ਸੇਵਾ ਕਰਨੀ ਸਿੱਖੋ।

ਸੂਤਕ

(7) ਜਿਸ ਘਰ ਵਿਚ ਕੋਈ ਬਾਲ ਜੰਮ ਪਏ, ਉਸ ਘਰ ਨੂੰ ਅਪਵਿਤ੍ਰ ਜਾਣ ਕੇ ਬ੍ਰਾਹਮਣ ਉਸ ਘਰ ਵਿਚੋਂ 13 ਦਿਨ ਅੰਨ-ਜਲ ਨਹੀਂ ਵਰਤਦੇ।

ਪਰ ਜੇ ਇਹ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ ਤਾਂ ਸੂਤਕ ਸਭ ਥਾਈਂ ਹੀ ਹੈ, ਗੋਹੇ ਅਤੇ ਲੱਕੜੀ ਦੇ ਅੰਦਰ ਭੀ ਕੀੜੇ ਜੰਮਦੇ ਰਹਿੰਦੇ ਹਨ। ਅੰਨ ਦੇ ਜਿਤਨੇ ਭੀ ਦਾਣੇ ਹਨ, ਉਹਨਾਂ ਵਿਚੋਂ ਕੋਈ ਭੀ ਦਾਣਾ ਜੀਵ ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ ਕਿਉਂਕਿ ਇਸ ਨਾਲ ਹਰੇਕ ਜੀਵ ਜਿੰਦ ਵਾਲਾ ਹੁੰਦਾ ਹੈ। ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ, ਰਸੋਈ ਵਿਚ ਪਾਣੀ ਵਰਤੀਦਾ ਹੈ ਗੋਹੇ ਅਤੇ ਲੱਕੜਾਂ ਵਰਤੀਦੀਆਂ ਹਨ।

ਜੰਮਣਾ ਤੇ ਮਰਨਾ; ਇਹ ਤਾਂ ਪਰਮਾਤਮਾ ਦੀ ਰਜ਼ਾ ਵਿਚ ਸਦਾ ਹੁੰਦੇ ਹੀ ਰਹਿਣੇ ਹਨ। ਇਹਨਾਂ ਦੇ ਭਰਮ ਵਿਚ ਪੈਣ ਦੇ ਥਾਂ ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਅੰਦਰੋਂ ਲੋਭ, ਝੂਠ, ਨਿੰਦਿਆ, ਪਰਾਈ ਇਸਤ੍ਰੀ ਵਲ ਮੰਦੀ ਨਿਗਾਹ ਆਦਿਕ ਵਿਕਾਰ ਦੂਰ ਕਰੇ। ਮਨੁੱਖ ਦੇ ਹਿਰਦਾ-ਘਰ ਨੂੰ ਇਹ ਹਰ ਵੇਲੇ ਮੈਲਾ ਤੇ ਗੰਦਾ ਕਰੀ ਰੱਖਦੇ ਹਨ।

(8) ਜੇ ਜੀਵਾਂ ਦੇ ਜੰਮਣ ਮਰਨ ਨਾਲ ਘਰ ਭਿੱਟੇ ਜਾਣ ਤਾਂ ਜਗਤ ਵਿਚ ਕੋਈ ਭੀ ਥਾਂ ਸੁੱਚਾ ਨਹੀਂ ਹੋ ਸਕਦਾ ਕਿਉਂਕਿ ਹਰ ਵੇਲੇ ਹਰ ਥਾਂ ਜਨਮ ਮਰਨ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, ਹਰ ਥਾਂ ਭਿੱਟਿਆ ਹੋਇਆ ਹੈ। ਸੋਚੋ ਤਾਂ ਸਹੀ ਕਿ ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ ਤਾਂ ਸੁੱਚਾ ਕੌਣ ਹੋ ਸਕਦਾ ਹੈ?

ਛੱਡੋ ਇਹ ਭਰਮ ਤੇ, ਹਰ ਥਾਂ ਵੱਸਦੇ ਪਰਮਾਤਮਾ ਦਾ ਭਜਨ ਕਰਿਆ ਕਰੋ।

ਮਾਲਾ, ਤਿਲਕ

(9) ਭਾਗਾਂ ਵਾਲੇ ਹਨ ਉਹ ਮਨੁੱਖ ਜਿਹੜੇ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਪ੍ਰਭੂ ਦੀ ਯਾਦ ਨੂੰ ਭੀ ਹਿਰਦੇ ਵਿਚ ਵਸਾਈ ਰੱਖਦੇ ਹਨ। ਪਰ ਇਹ ਕੰਮ ਹੈ ਬਹੁਤ ਹੀ ਔਖਾ। ਕਿਰਤ-ਕਾਰ ਵਿਚੋਂ ਮਨ ਕਿਸੇ ਵੇਲੇ ਨਿਕਲਦਾ ਹੀ ਨਹੀਂ। ਚੇਤਾ ਹੀ ਭੁੱਲ ਜਾਂਦਾ ਹੈ ਪਰਮਾਤਮਾ ਦੀ ਯਾਦ ਦਾ। ਇਸ ਹਰ ਵੇਲੇ ਦੇ ਰੁਝੇਵੇਂ ਵਿਚੋਂ ਚੇਤਾ ਕਰਾਣ ਲਈ ਹੀ ਕਿਸੇ ਸਿਆਣੇ ਨੇ 'ਮਾਲਾ' ਦੀ ਕਾਢ ਕੱਢੀ।

ਪਰ ਮਾਇਆ ਬਹੁਤ ਠੱਗਣੀ ਹੈ। ਝਬਦੇ ਹੀ ਇਹ 'ਮਾਲਾ' ਮਨੁੱਖ ਨੂੰ ਵਿਖਾਵੇ ਵਲ ਲੈ ਤੁਰਦੀ ਹੈ। ਜਿਸ ਨੇ ਹੱਥ ਵਿਚ ਮਾਲਾ ਫੜ ਲਈ, ਲੋਕ ਉਸ ਨੂੰ ਭਗਤ ਸਮਝਣ ਲੱਗ ਪਏ। ਤੇ, ਭਗਤੀ ਵਲ ਪਰਤਿਆਂ ਮਨੁੱਖ ਛੇਤੀ ਹੀ 'ਮਾਲਾ' ਵਿਚ ਉਲਝ ਗਿਆ, ਧਾਰਮਿਕ ਵਿਖਾਵੇ ਵਿਚ ਫਸ ਗਿਆ। ਆਚਰਨ ਦੀ ਪੱਧਰ ਤੋਂ ਹੇਠਾਂ ਆ ਗਿਆ।

ਆਚਰਨ ਨੂੰ ਉੱਚਾ ਬਣਾਓ, ਇਹੀ ਹੀ ਵਧੀਆ ਮਾਲਾ। ਇਹ ਆਚਰਨ ਬਣਦਾ ਹੈ ਸਿਮਰਨ ਨਾਲ, ਤੇ, ਸਿਮਰਨ ਹੀ ਹੈ ਮਨੁੱਖ ਦਾ ਅਸਲ ਸਦਾ ਨਾਲ ਨਿਭਣ ਵਾਲਾ ਸਾਥੀ।

(10) ਤੁਰਦਿਆਂ ਫਿਰਦਿਆਂ, ਕਿਰਤ-ਕਾਰ ਕਰਦਿਆਂ ਹਰ ਵੇਲੇ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿਚ ਟਿਕਾਈ ਰੱਖਣੀ; ਇਹੀ ਹੈ ਅਸਲ ਮਾਲਾ।

ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ, ਤੇ, ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਉਹ ਮਨੁੱਖ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਕਿਸੇ ਗੱਲੇ ਭੀ ਨਹੀਂ ਡੋਲਦਾ। ਹਰਿ-ਨਾਮ ਦੀ ਮਾਲਾ ਮਨੁੱਖ ਦੇ ਨਾਲ ਪਰਲੋਕ ਵਿਚ ਭੀ ਸਾਥ ਬਣਾਈ ਰੱਖਦੀ ਹੈ।

(11) ਮੱਥੇ ਉਤੇ ਤਿਲਕ ਲਾ ਕੇ, ਹੱਥ ਵਿਚ ਮਾਲਾ ਫੜ ਕੇ, ਦੁਨੀਆ ਨੂੰ ਤਾਂ ਭੁਲੇਖੇ ਵਿਚ ਪਾ ਸਕਦੀ ਹੈ ਕਿ ਇਹਨਾਂ ਦਾ ਧਾਰਨੀ ਮਨੁੱਖ ਭਗਤ ਹੈ। ਪਰ ਪਰਮਾਤਮਾ ਨੂੰ ਠੱਗਿਆ ਨਹੀਂ ਜਾ ਸਕੀਦਾ। ਇਹ ਤਾਂ ਖਿਡੌਣਾ ਹਨ ਖਿਡੌਣੇ। ਪਰਮਾਤਮਾ ਇਹਨਾਂ ਨਾਲ ਨਹੀਂ ਪਰਚਦਾ, ਉਹ ਸਾਡੇ ਅੰਦਰ ਬੈਠਾ ਸਾਡੇ ਆਤਮਕ ਜੀਵਨ ਨੂੰ ਹਰ ਵੇਲੇ ਵੇਖਦਾ ਤੇ ਸਮਝਦਾ ਹੈ।

ਵਰਤ

(12) ਮਨੁੱਖ ਦਿਨ ਰਾਤ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਤੇ, ਅੰਤ ਵੇਲੇ ਇਹ ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ। ਭਾਗਾਂ ਵਾਲੇ ਹਨ ਉਹ ਜੋ ਧਰਮ ਭੀ ਕਮਾਂਦੇ ਹਨ। ਪਰ ਦੁਨੀਆ ਦੇ ਹੋਰ ਪਦਾਰਥ ਪਰਖ ਕੇ ਮੁੱਲ ਲਈਦੇ ਹਨ, ਇਹ ਧਰਮ-ਪਦਾਰਥ ਦੀ ਖ਼ਰੀਦ ਭੀ ਪਰਖ ਨਾਲ ਹੀ ਕਰਨੀ ਚਾਹੀਦੀ ਹੈ। ਲੋਕ ਵਰਤ ਰੱਖਦੇ ਹਨ, ਤੀਰਥ ਇਸ਼ਨਾਨ ਕਰਦੇ ਹਨ, ਦੇਵਤਿਆਂ ਦੀ ਪੂਜਾ ਕਰਦੇ ਹਨ, ਮਾਲਾ ਫੇਰਦੇ ਹਨ, ਧੋਤੀ ਪਹਿਨਦੇ ਹਨ, ਚੌਕੇ ਦੀ ਸੁੱਚ ਦਾ ਬਹੁਤ ਧਿਆਨ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ; ਇਹ ਸਾਰੇ ਕਰਮ ਕਰਦੇ ਹੋਏ ਸਮਝਦੇ ਹਨ ਕਿ ਅਸੀਂ ਧਰਮ ਕਮਾ ਰਹੇ ਹਾਂ। ਪਰ ਕਰਮ ਤਾਂ ਇਹ ਭੀ ਇਥੇ ਹੀ ਰਹਿ ਜਾਣੇ ਹਨ। ਕੀ ਇਹਨਾਂ ਦੀ ਰਾਹੀਂ ਆਤਮਕ ਜੀਵਨ ਉੱਚਾ ਬਣ ਰਿਹਾ ਹੈ? ਵੇਖਣਾ ਤਾਂ ਸਿਰਫ਼ ਇਹ ਹੈ। ਉੱਚੇ ਆਤਮਕ ਜੀਵਨ ਦੇ ਸੰਸਕਾਰ ਹੀ ਸਦਾ ਨਿਭਣ ਵਾਲੇ ਸਾਥੀ ਹਨ। ਕੀ ਮਨ ਸੰਤੋਖੀ ਹੋ ਰਿਹਾ ਹੈ? ਕੀ ਪਰਮਾਤਮਾ ਨਾਲ ਸਿਮਰਨ ਦੀ ਸਾਂਝ ਬਣ ਰਹੀ ਹੈ? ਕੀ ਦੁਖੀਆਂ ਲੋੜਵੰਦਿਆਂ ਵਾਸਤੇ ਹਿਰਦੇ ਵਿਚ ਦਇਆ ਪੈਦਾ ਹੋ ਰਹੀ ਹੈ? ਕੀ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣ ਰਿਹਾ ਹੈ? ਕੀ ਕਿਰਤ-ਕਾਰ ਕਰਦਿਆਂ ਸੁਰਤਿ ਪਰਮਾਤਮਾ ਦੀ ਯਾਦ ਵਿਚ ਜੁੜੀ ਰਹਿੰਦੀ ਹੈ? ਕੀ ਪਰਮਾਤਮਾ ਅਤੇ ਉਸ ਦੀ ਰਚੀ ਖ਼ਲਕਤ ਨਾਲ ਪਿਆਰ ਬਣ ਰਿਹਾ ਹੈ?

ਅਜਿਹਾ ਆਤਮਕ ਜੀਵਨ ਤਦੋਂ ਹੀ ਬਣੇਗਾ, ਜੇ ਉੱਚੇ ਗੁਣਾਂ ਦੇ ਸੋਮੇ ਪਰਮਾਤਮਾ ਵਿਚ ਚੁੱਭੀ ਲਾਈ ਰੱਖੀਏ, ਪਰਮਾਤਮਾ ਦਾ ਸਿਮਰਨ ਕਰਦੇ ਰਹੀਏ। ਵਰਤ ਰੱਖ ਕੇ ਕਦੇ ਕਦੇ ਰੋਟੀ ਖਾਣ ਤੋਂ ਪਰਹੇਜ਼ ਕਰਨ ਨਾਲ ਸਰੀਰਕ ਅਰੋਗਤਾ ਨੂੰ ਤਾਂ ਮਦਦ ਮਿਲਦੀ ਹੈ, ਪਰ ਆਤਮਕ ਅਰੋਗਤਾ ਪ੍ਰਾਪਤ ਕਰਨ ਦਾ ਇਹ ਤਰੀਕਾ ਨਹੀਂ। ਸਿਮਰਨ ਹੀ ਹੈ ਆਤਮਕ ਅਰੋਗਤਾ ਦੀ ਪ੍ਰਾਪਤੀ ਦਾ ਵਸੀਲਾ, ਸਿਮਰਨ ਹੀ ਹੈ ਅਸਲ ਵਰਤ।

(13) ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ ਦਾਤਿ ਪਰਮਾਤਮਾ ਦੀ ਮਿਹਰ ਨਾਲ ਮਿਲਦੀ ਹੈ; ਤੇ, ਇਹੀ ਮਨੁੱਖ ਦੇ ਨਾਲ ਸਦਾ ਨਿਭਦੀ ਹੈ।

ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ। ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, ਬੜੇ ਦਾਨ-ਪੁੰਨ ਕਰਦੇ ਹਨ ਤੇ ਸੋਭਾ ਖੱਟਦੇ ਹਨ। ਪਰ ਅਜਿਹੀ ਕਿਸੇ ਭੀ ਜੁਗਤ ਨਾਲ ਪਰਮਾਤਮਾ ਖ਼ੁਸ਼ ਨਹੀਂ ਹੁੰਦਾ।

ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ; ਇਹਨਾਂ ਤਰੀਕਿਆਂ ਨਾਲ ਭੀ ਪਰਮਾਤਮਾ ਨਹੀਂ ਪਤੀਜਦਾ।

ਪਰਮਾਤਮਾ ਦਾ ਨਾਮ ਜਪਿਆਂ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਸਿਮਰਨ ਤੋਂ ਬਿਨਾ ਕੋਈ ਹੋਰ ਤਰੀਕਾ ਨਹੀਂ ਹੈ ਜਿਸ ਨਾਲ ਪਰਮਾਤਮਾ ਮਿਲ ਸਕੇ।

(14) ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਜੀਵਨ-ਰਾਹ ਤੁਰ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਨਾਲ ਸਾਂਝ ਬਣਦੀ ਹੈ। ਪਰਮਾਤਮਾ ਨਾਲ ਸਾਂਝ ਬਣਿਆਂ ਹੀ ਉੱਚੇ ਆਤਮਕ ਜੀਵਨ ਵਾਲੇ ਗੁਣ ਮਨੁੱਖ ਦੇ ਅੰਦਰ ਪੈਦਾ ਹੁੰਦੇ ਹਨ, ਤੇ ਮਨੁੱਖ ਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾਂਦੇ ਹਨ।

ਵਰਤ, ਰੋਜ਼ਾ, ਤੀਰਥ-ਇਸ਼ਨਾਨ, ਹੱਜ, ਦੇਵ-ਪੂਜਾ, ਵਿਖਾਵੇ ਦੀ ਨਿਮਾਜ਼; ਕੋਈ ਭੀ ਅਜਿਹਾ ਵਿਖਾਵੇ ਦਾ ਕਰਮ ਪਰਮਾਤਮਾ ਨਾਲ ਮਨੁੱਖ ਦੀ ਸਾਂਝ ਨਹੀਂ ਬਣਾ ਸਕਦਾ।

ਜਨੇਊ

(15) ਮਨੁੱਖ ਦਿਨ ਰਾਤ ਚੋਰੀ ਯਾਰੀ ਝੂਠ ਆਦਿਕ ਅਨੇਕਾਂ ਵਿਕਾਰ ਕਰਦਾ ਰਹਿੰਦਾ ਹੈ। ਇਹ ਹੈ ਇਸ ਦੇ ਅੰਤਰ ਆਤਮੇ ਦਾ ਹਾਲ। ਪਰ ਬਾਹਰ ਤੱਕੋ, ਲੋਕਾਚਾਰੀ ਮਿਥੇ ਹੋਏ ਧਾਰਮਿਕ ਕਰਮ ਭੀ ਕਰਦਾ ਹੈ। ਸੂਤਰ ਦਾ ਵੱਟਿਆ ਹੋਇਆ ਜਨੇਊ ਪਾ ਕੇ ਇਹ ਮਿਥ ਲੈਂਦਾ ਹੈ ਕਿ ਧਰਮ ਦੇ ਰਸਤੇ ਉਤੇ ਤੁਰ ਰਿਹਾ ਹਾਂ।

ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਹੀ ਪਰਮਾਤਮਾ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ। ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਆਦਰ ਮਿਲ ਸਕਦਾ ਹੈ ਜੇ ਹਿਰਦੇ ਵਿਚ ਉਸ ਦਾ ਨਾਮ ਟਿਕਾਈ ਰੱਖੀਏ। ਹਰਿ-ਨਾਮ ਹੀ ਹੈ ਸੁੱਚਾ ਜਨੇਊ ਜੋ ਮਨੁੱਖ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਤੇ ਅੰਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਭੀ ਦਿਵਾਂਦਾ ਹੈ।

ਸਰੀਰ ਨੂੰ ਪਾਇਆ ਹੋਇਆ ਜਨੇਊ ਤਾਂ ਮੌਤ ਆਇਆਂ ਸਰੀਰ ਦੇ ਨਾਲ ਇਥੇ ਹੀ ਰਹਿ ਗਿਆ। ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੋਰ ਹੈ। ਜੇ ਆਤਮਕ ਜੀਵਨ ਉੱਚਾ ਕਰਨਾ ਹੈ ਤਾਂ ਹਿਰਦੇ ਵਿਚ ਦਇਆ, ਸੰਤੋਖ, ਆਦਿਕ ਗੁਣ ਵਸਾਓ। ਇਹ ਗੁਣ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦੇ ਹਨ।

ਸੁੱਚਾ-ਚੌਂਕਾ

(16) ਭੈੜੀ ਮਤਿ ਮਨੁੱਖ ਦੇ ਅੰਦਰ ਹੀ ਮਿਰਾਸਣ ਹੈ, ਬੇ-ਤਰਸੀ ਨਿਰਦਇਤਾ ਮਨੁੱਖ ਦੇ ਅੰਦਰ ਕਸਾਇਣ ਹੈ, ਦੂਜਿਆਂ ਦੀ ਨਿੰਦਾ ਕਰਦੇ ਰਹਿਣਾ ਮਨੁੱਖ ਦੇ ਹਿਰਦੇ ਦੇ ਚੌਂਕੇ ਵਿਚ ਚੂਹੜੀ ਬੈਠੀ ਹੋਈ ਹੈ, ਕ੍ਰੋਧ ਚੰਡਾਲਣੀ ਹੈ ਜੋ ਕਦੇ ਮਨੁੱਖ ਦੇ ਮਨ ਵਿਚ ਸ਼ਾਂਤੀ ਨਹੀਂ ਬਣਨ ਦੇਂਦਾ। ਜੇ ਇਹ ਚਾਰੇ ਸਦਾ ਮਨੁੱਖ ਦੇ ਹਿਰਦੇ ਚੌਂਕੇ ਵਿਚ ਟਿਕੀਆਂ ਰਹਿਣ, ਤਾਂ ਬਾਹਰ ਚੌਂਕਾ ਸੁੱਚਾ ਰੱਕਣ ਲਈ ਲਕੀਰਾਂ ਕੱਢਣ ਦਾ ਕੋਈ ਲਾਭ ਨਹੀਂ ਹੁੰਦਾ।

ਪਰਮਾਤਮਾ ਦਾ ਨਾਮ ਸਦਾ ਸਿਮਰੋ। ਇਹੀ ਹੈ ਤੀਰਥ-ਇਸ਼ਨਾਨ ਇਸ ਦੀ ਸਹਾਇਤਾ ਨਾਲ ਆਪਣੇ ਆਚਰਨ ਨੂੰ ਉੱਚਾ ਕਰੋ, ਤਾ ਕਿ ਹਿਰਦੇ ਦੇ ਚੌਂਕੇ ਨੂੰ ਕਾਮਾਇਕ ਵਿਕਾਰ ਆ ਕੇ ਭਿੱਟ ਨਾਹ ਸਕਣ।

(17) ਜਿਹੜੇ ਲੋਕ ਸੁੱਚ-ਭਿੱਟ ਦੇ ਭਰਮ-ਭੁਲੇਖੇ ਵਿਚ ਫਸੇ ਹੋਏ ਹਨ, ਉਹ ਸੋਨੇ ਤੇ ਚਾਂਦੀ ਨੂੰ ਪਵਿੱਤਰ ਧਾਤਾਂ ਮੰਨਦੇ ਹਨ। ਪਿੱਤਲ ਕਹਿਂ ਆਦਿਕ ਦੇ ਭਾਂਡਿਆਂ ਨੂੰ ਮਾਂਜਣਾ ਜ਼ਰੂਰੀ ਸਮਝਦੇ ਹਨ, ਪਰ ਚਾਂਦੀ ਦੇ ਗਲਾਸ ਆਦਿਕ ਨੂੰ ਸਿਰਫ਼ ਧੋ ਲੈਣਾ ਹੀ ਕਾਫ਼ੀ ਜਾਣਦੇ ਹਨ, ਤੇ, ਉਹਨਾਂ ਦੇ ਖ਼ਿਆਲ ਅਨੁਸਾਰ ਸੋਨੇ ਦੇ ਬਰਤਨ ਨੂੰ ਸਿਰਫ਼ ਹਵਾ ਹੀ ਪਵਿੱਤਰ ਕਰ ਦੇਂਦੀ ਹੈ।

ਹਿੰਦੂ-ਸੱਜਣ ਵਾਸਤੇ ਗੰਗਾ ਦਾ ਪਾਣੀ ਹੋਰ ਸਾਰੇ ਪਾਣੀਆਂ ਨਾਲੋਂ ਪਵਿੱਤਰ ਹੈ। ਜਿਸ ਅੱਗ ਨੂੰ ਇਕ ਵਾਰੀ ਵਰਤ ਲਿਆ, ਉਹ ਜੂਠੀ ਹੋ ਗਈ। ਸੁੱਚੀ ਅੱਗ ਉਹੀ ਹੋਵੇਗੀ ਜੋ ਨਵੇਂ ਸਿਰੇ ਪੱਥਰਾਂ ਨੂੰ ਰਗੜ ਕੇ ਤਿਆਰ ਕੀਤੀ ਜਾਏ।

ਸੋਨੇ ਦਾ ਚੌਂਕਾ, ਸੋਨੇ ਦੇ ਭਾਂਡੇ, ਚੌਂਕੇ ਦੇ ਦੁਆਲੇ ਚਾਂਦੀ ਦੀਆਂ ਲਕੀਰਾਂ, ਗੰਗਾ ਦਾ ਪਾਣੀ, ਪੱਥਰਾਂ ਨੂੰ ਰਗੜ ਕੇ ਤਿਆਰ ਕੀਤੀ ਸੁੱਚੀ ਅੱਗ; ਜੇ ਬਾਹਰਲੀ ਸੁੱਚ ਦੇ ਇਹ ਸਾਰੇ ਉੱਦਮ ਕਰ ਕੇ ਵਧੀਆ ਕਿਸਮ ਦੇ ਚੌਲਾਂ ਦੀ ਖੀਰ ਤਿਆਰ ਕਰ ਕੇ ਖਾਧੀ ਜਾਏ, ਤਾਂ ਭੀ ਇਸ ਤਰ੍ਹਾਂ ਦੀ ਬਾਹਰਲੀ ਸੁੱਚ ਨਾਲ ਮਨੁੱਖ ਦਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਹਿਰਦਾ ਪਵਿੱਤਰ ਹੁੰਦਾ ਹੈ ਪਰਮਾਤਮਾ ਦੀ ਯਾਦ ਨਾਲ।

ਦੀਵੇ ਤਾਰਨੇ

(18) ਕੱਤਕ ਪੂਰਨਮਾਸ਼ੀ ਦੀ ਰਾਤ ਨੂੰ ਹਿੰਦੂ ਇਸਤ੍ਰੀਆਂ ਆਟੇ ਦੇ ਦੀਵੇ ਬਣਾ ਕੇ ਤੇ ਜਗਾ ਕੇ ਤੁਲਹੇ ਉਤੇ ਰੱਖ ਕੇ ਪਾਣੀ ਉਤੇ ਤਾਰਦੀਆਂ ਹਨ।

ਮਨੁੱਖਾ ਜੀਵਨ ਦੇ ਸਫ਼ਰ ਵਿਚ ਕਈ ਠੇਡੇ ਹਨ, ਵਿਕਾਰਾਂ ਦੇ ਕਈ ਹਨੇਰੇ ਹਨ। ਹਰ ਵੇਲੇ ਖ਼ਤਰਾ ਰਹਿੰਦਾ ਹੈ ਕਿ ਸੰਸਾਰ-ਸਮੁੰਦਰ ਵਿਚ ਇਨਸਾਨੀ ਜ਼ਿੰਦਗੀ ਦੀ ਬੇੜੀ ਨਾਹ ਡੁੱਬ ਜਾਏ। ਇਸ ਖ਼ਤਰੇ ਤੋਂ ਆਟੇ ਦੇ ਇਹੋ ਜਿਹੇ ਦੀਵੇ ਬਚਾ ਨਹੀਂ ਸਕਦੇ। ਇਥੇ ਚਾਹੀਦਾ ਹੈ ਉਹ ਦੀਵਾ ਜੋ ਆਤਮਕ ਜੀਵਨ ਦਾ ਚਾਨਣ ਦੇਵੇ, ਜੋ ਸਹੀ ਆਤਮਕ ਜੀਵਨ ਦੀ ਸਮਝ ਦੇਵੇ।

ਸੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਸੁਰਤਿ ਜੋੜਨ ਦਾ ਅੱਭਿਆਸ ਕਰਦੇ ਰਹਿਣਾ ਚਾਹੀਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਵਿਕਾਰਾਂ ਦੇ ਭਾਰ ਤੋਂ ਬਚ ਕੇ ਹੌਲਾ-ਫੁੱਲ ਟਿਕਿਆ ਰਹੇ। ਅਜਿਹਾ ਸਰੀਰ ਹੈ ਅਸਲੀ ਤੁਲਹਾ, ਇਹ ਨਹੀਂ ਡੁੱਬਦਾ ਸੰਸਾਰ-ਸਮੁੰਦਰ ਵਿਚ। ਸਿਮਰਨ ਦੀ ਸਹਾਇਤਾ ਨਾਲ ਆਪਣੇ ਅੰਦਰ ਰੱਬੀ ਜੋਤਿ ਜਗਾਈ ਰੱਖੋ, ਇਸ ਤਰ੍ਹਾਂ ਸਹੀ ਆਤਮਕ ਜੀਵਨ ਦੀ ਸੂਝ ਦਾ ਦੀਵਾ ਹਰ ਵੇਲੇ ਅੰਦਰ ਬਲਦਾ ਰਹਿ ਸਕਦਾ ਹੈ।

ਕਿਤਨਾ ਹੀ ਵਿਕਾਰਾਂ ਦਾ ਝੱਖੜ ਝੁੱਲੇ, ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਇਹ ਦੀਵਾ ਡੋਲਦਾ ਨਹੀਂ, ਇਹ ਆਤਮਕ ਦੀਵਾ ਬੁੱਝਦਾ ਨਹੀਂ। ਇਸ ਦੀਵੇ ਦੇ ਚਾਨਣ ਨਾਲ ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ। ਕਿਸੇ ਭੀ ਜਾਤਿ ਦਾ ਕਿਸੇ ਭੀ ਵਰਨ ਦਾ ਮਨੁੱਖ ਹੋਵੇ, ਜਿਹੜਾ ਭੀ ਮਨੁੱਖ ਇਹੋ ਜਿਹਾ ਆਤਮਕ ਚਾਨਣ ਦੇਣ ਵਾਲਾ ਦੀਵਾ ਜਗਾਂਦਾ ਹੈ, ਉਸ ਦੀ ਆਤਮਕ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।

ਮਿਥੇ ਧਾਰਮਿਕ ਕਰਮ

(19) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ ਮਿਥੇ ਹੋਏ ਧਾਰਮਿਕ ਕਰਮ ਮਨੁੱਖ ਦੇ ਆਤਮਕ ਜੀਵਨ ਨੂੰ ਉੱਚਾ ਨਹੀਂ ਕਰ ਸਕਦੇ। ਜਪ, ਤਪ, ਸੰਜਮ, ਵਰਤ, ਤੀਰਥ-ਇਸ਼ਨਾਨ, ਧਰਤੀ ਦਾ ਰਟਨ; ਅਜਿਹੇ ਕੋਈ ਭੀ ਕਰਮ ਮਨੁੱਖ ਨੂੰ ਨਿੰਦਾ ਈਰਖਾ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਮਾਰ ਤੋਂ ਬਚਾ ਨਹੀਂ ਸਕਦਾ। ਤੇ, ਜੇ ਮਨੁੱਖ ਦਾ ਮਨ ਸਦਾ ਸ਼ਿਕਾਰ ਹੋਇਆ ਰਿਹਾ, ਤਾਂ ਮੌਤ ਆਉਣ ਤੇ ਭੀ ਇਹਨਾਂ ਵਿਕਾਰਾਂ ਦੇ ਸੰਸਕਾਰ ਮਨ ਦੇ ਅੰਦਰ ਟਿਕੇ ਰਹੇ। ਇਹੋ ਜਿਹਾ ਗੰਦਾ ਮਨ ਮਨੁੱਖ ਦੇ ਨਾਲ ਗਵਾਹ ਹੁੰਦਿਆਂ ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਦੇ ਕੀਤੇ ਹੋਏ ਅਖੌਤੀ ਧਾਰਮਿਕ ਕਰਮਾਂ ਦਾ ਮੁੱਲ ਇਕ ਕੌਡੀ ਭੀ ਨਹੀਂ ਪੈ ਸਕਦਾ। ਪਏ ਭੀ ਕਿਵੇਂ? ਅਸਲ ਸਾਥੀ ਹੈ ਹੀ ਉੱਚਾ ਆਤਮਕ ਜੀਵਨ, ਤੇ, ਇਹ ਬਣਦਾ ਹੈ ਸਿਮਰਨ ਦੀ ਬਰਕਤਿ ਨਾਲ ਹੀ।

(20) ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ, ਪ੍ਰਾਣਾਯਾਮ ਦੇ ਅਭਿੱਆਸ ਵਿਚ ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, ਸੁੱਚ ਦੀ ਖ਼ਾਤਰ ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ, ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਗਈ ਜਾਣੋ।

ਸੋਹਣੇ ਨਕਸ਼, ਉੱਚੀ ਕੁਲ, ਵਿਦਵਤਾ, ਧਨ; ਇਹ ਆਤਮਕ ਜੀਵਨ ਨੂੰ ਉੱਚਾ ਕਰਨ ਵਿਚ ਮਦਦ ਨਹੀਂ ਕਰ ਸਕਦੇ। ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਆਤਮਾ ਨੂੰ ਉੱਚਾ ਕਰਦਾ ਹੈ ਤੇ ਵਿਕਾਰਾਂ ਦੀ ਮਾਰ ਤੋਂ ਬਚਾਂਦਾ ਹੈ।

(21) ਧਰਮ-ਪੁਸਤਕਾਂ ਦੇ ਨਿਰੇ ਪਾਠ, ਨਿਵਲੀਕਰਮ ਪ੍ਰਾਣਾਯਾਮ ਦਾ ਅੱਭਿਆਸ; ਅਜਿਹੇ ਸਾਧਨਾਂ ਨਾਲ ਕਾਮਾਦਿਕ ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ।

ਸਮਾਧੀਆਂ, ਰੋਟੀ ਖਾਣ ਵਾਸਤੇ ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਣੇ, ਜੰਗਲਾਂ ਵਿਚ ਨੰਗੇ ਤੁਰੇ ਫਿਰਨਾ, ਤੀਰਥਾਂ ਦੀ ਜਾਤ੍ਰਾ; ਇਹਨਾਂ ਨਾਲ ਭੀ ਮਨ ਦੀ ਡਾਵਾਂਡੋਲ ਹਾਲਤ ਮੁੱਕਦੀ ਨਹੀਂ।

ਤੀਰਥਾਂ ਉਤੇ ਰਿਹੈਸ਼, ਆਪਣੇ ਆਪ ਨੂੰ ਸ਼ਿਵ ਜੀ ਵਾਲੇ ਆਰੇ ਨਾਲ ਚਿਰਾ ਲੈਣਾ; ਅਜਿਹੇ ਲੱਖਾਂ ਜਤਨਾਂ ਨਾਲ ਭੀ ਮਨ ਦੀ ਵਿਕਾਰਾਂ ਦੀ ਮੈਲ ਦੂਰ ਨਹੀਂ ਹੋ ਸਕਦੀ।

ਸੋਨਾ, ਇਸਤ੍ਰੀ, ਘੋੜੇ, ਹਾਥੀ, ਅੰਨ ਆਦਿਕ ਦਾ ਦਾਨ; ਇਸ ਤਰ੍ਹਾਂ ਭੀ ਆਤਮਕ ਜੀਵਨ ਉੱਚਾ ਨਹੀਂ ਹੁੰਦਾ, ਪਰਮਾਤਮਾ ਦੇ ਚਰਨਾਂ ਤਕ ਪਹੁੰਚ ਨਹੀਂ ਹੋ ਸਕਦੀ।

ਅਨੇਕਾਂ ਹੀ ਮਿਥੇ ਹੋਏ ਇਹਨਾਂ ਧਾਰਮਿਕ ਕਰਮਾਂ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰੋ।

(22) ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਨਿਰੇ ਵਿਖਾਵੇ ਦੇ ਹੀ ਹਨ, ਇਹਨਾਂ ਨਾਲ ਮਨ ਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੋ ਸਕਦੀ। ਕਿਸੇ ਸ਼ਹਿਰ ਵਿਚ ਕੋਈ ਮਾਲ ਲੈ ਕੇ ਜਾਈਏ, ਤਾਂ ਸ਼ਹਿਰ ਦੀ ਹੱਦ ਤੇ ਬੈਠੇ ਮਸੂਲੀਏ ਮਸੂਲ ਲੈਣ ਤੋਂ ਬਿਨਾ ਉਹ ਮਾਲ ਲੰਘਾਣ ਨਹੀਂ ਦੇਂਦੇ। ਇਉਂ ਹੀ ਸਮਝ ਲਵੋ ਕਿ ਪਰਮਾਤਮਾ ਦੇ ਨਗਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਇਹਨਾਂ ਵਿਖਾਵੇ ਦੇ ਕੀਤੇ ਕਰਮਾਂ ਨੂੰ ਤਾਂ ਜਮ-ਮਸੂਲੀਆ ਹੀ ਖੋਹ ਲੈਂਦਾ ਹੈ। ਨਿਰੇ ਇਹਨਾਂ ਕਰਮਾਂ ਦਾ ਸੌਦਾ ਲੈ ਜਾਣ ਵਾਲਾ ਮਨੁੱਖ ਅਗਾਂਹ ਰਹਿ ਗਿਆ ਖ਼ਾਲੀ-ਹੱਥ।

ਕੋਈ ਭੀ ਕਰਮ ਹੋਵੇ ਮਜ਼ਹਬ ਹੋਵੇ ਉਸ ਦੇ ਧਰਮ-ਪੁਸਤਕਾਂ ਨੂੰ ਨਿਰਾ ਪੜ੍ਹਨ ਨਾਲ ਮਨ ਵਿਕਾਰਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਪਰਮਾਤਮਾ ਦਾ ਸਿਮਰਨ ਹੀ ਜੀਵਨ ਨੂੰ ਪਵਿੱਤਰ ਕਰਦਾ ਹੈ। ਫਿਰ ਇਥੇ ਕਿਸੇ ਉੱਚੀ ਨੀਵੀਂ ਜਾਤਿ ਦੀ ਕੋਈ ਬੰਦਸ਼ ਭੀ ਨਹੀਂ। ਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਉਹ ਸੰਸਾਰ-ਸਮੁੰਦਰ ਦੀਆਂ, ਲਹਿਰਾਂ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਲੰਘਾ ਲੈਂਦਾ ਹੈ।

(23) ਤੀਰਥਾਂ ਦੇ ਇਸ਼ਨਾਨ, ਕਈ ਤਰ੍ਹਾਂ ਦੇ ਭੇਖ, ਧਰਮ-ਪੁਸਤਕਾਂ ਦੇ ਨਿਰੇ ਪਾਠ; ਅਜਿਹਾ ਕੋਈ ਭੀ ਕਰਮ ਆਤਮਕ ਆਨੰਦ ਨਹੀਂ ਦੇ ਸਕਦਾ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪਏ ਰਹਿਣਾ ਹੈ। ਉੱਦਮਾਂ ਦੇ ਸਿਰ ਉੱਦਮ ਇਹੀ ਹੈ ਕਿ ਮਾਇਆ ਦਾ ਮੋਹ ਤਿਆਗ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ।

(24) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਭਲੇ ਬਣ ਜਾਂਦੇ ਹਨ। ਤੀਰਥ ਵਰਤ ਆਦਿਕ ਆਤਮਕ ਜੀਵਨ ਦੀ ਉੱਚਤਾ ਵਾਸਤੇ ਕੋਈ ਮਦਦ ਨਹੀਂ ਕਰਦੇ।

(25) ਕਾਂਸ਼ੀ ਆਦਿਕ ਤੀਰਥਾਂ ਤੇ ਉਲਟੇ ਲਟਕ ਕੇ ਤਪ ਕਰਨੇ, ਤੀਰਥਾਂ ਤੇ ਸਰੀਰ ਦਾ ਤਿਆਗ, ਧੂਣੀਆਂ ਤਪਾਣੀਆਂ, ਜੋਗ ਅਭਿਆਸ, ਅਸਮੇਧ ਆਦਿਕ ਜੱਗ, ਫਲਾਂ ਵਿਚ ਲੁਕਾ ਕੇ ਸੋਨੇ ਚਾਂਦੀ ਦਾ ਦਾਨ, ਸਾਰੇ ਤੀਰਥਾਂ ਦੇ ਇਸ਼ਨਾਨ, ਘੋੜੇ ਹਾਥੀ ਸਰਬੰਸ ਦਾਨ, ਮੂਰਤੀਆਂ ਦੀ ਪੂਜਾ; ਅਜਿਹਾ ਕੋਈ ਭੀ ਕਰਮ ਮਨੁੱਖ ਨੂੰ ਵਿਕਾਰਾਂ ਦੀ ਮਾਰ ਤੋਂ ਨਹੀਂ ਬਚਾ ਸਕਦਾ। ਅਜਿਹੇ ਕਰਮ ਕਰਦਿਆਂ ਭੀ ਆਤਮਕ ਜੀਵਨ ਨੀਵਾਂ ਹੀ ਰਹਿੰਦਾ ਹੈ।

ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਮਨੁੱਖ ਨੂੰ ਉੱਚਾ ਆਤਮਕ ਜੀਵਨ ਦੇਂਦਾ ਹੈ।

(18) ਤੀਰਥ-ਇਸ਼ਨਾਨ

1. ਸੋਰਠਿ ਮ: 1 . . . . ਜਿਸੁ ਜਲਨਿਧਿ ਕਾਰਿਣ ਤੁਮ ਜਗਿ ਆਏ (ਪੰਨਾ 598

2. ਧਨਾਸਰੀ ਮ: 1 ਛੰਤ . . . . ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ (ਪੰਨਾ 687

3. ਤੁਖਾਰੀ ਮ: 1 ਬਾਰਹਮਾਹਾ . . . . ਮਾਘਿ ਪੁਨੀਤਿ ਭਈ (ਪੰਨਾ 1109

4. ਪ੍ਰਭਾਤੀ ਮ: 1 . . . . ਅੰਮ੍ਰਿਤੁ ਨੀਰੁ, ਗਿਆਨਿ ਮਨ ਮਜਨੁ (ਪੰਨਾ 1328

5. ਗੂਜਰੀ ਮ: 3 . . . . ਨਾ ਕਾਸੀ ਮਤਿ ਊਪਜੈ (ਪੰਨਾ 491

6. ਤੁਖਾਰੀ ਮ: 4 . . . . ਨਾਵਣੁ ਪੁਰਬੁ ਅਭੀਚੁ (ਪੰਨਾ 1116

7. ਮਲਾਰ ਮ: 4 . . . . ਗੰਗਾ ਜਮੁਨਾ ਗੋਦਾਵਰੀ ਸਰਸੁਤੀ (ਪੰਨਾ 1263

8. ਮਾਝ ਮ: 5 (ਬਾਰਹਮਾਹਾ) . . . . ਮਾਘਿ ਮਜਨੁ ਸੰਗਿ ਸਾਧੂਆ (ਪੰਨਾ 135

9. ਗਉੜੀ ਸੁਖਮਨੀ ਮ: 5 . . . . ਮਨ ਕਾਮਨਾ ਤੀਰਥ ਦੇਹ ਛੁਟੈ (ਪੰਨਾ 265

10. ਬਿਹਾਗੜਾ ਮ: 5 ਛੰਤ . . . . ਹਰਿ ਚਰਣ ਸਰੋਵਰ (ਪੰਨਾ 544

11. ਭੈਰਉ ਮ: 5 . . . . ਨਾਮੁ ਲੈਤ ਮਨੁ ਪਰਗਟੁ ਭਇਆ (ਪੰਨਾ 1142

12. ਗਉੜੀ ਕਬੀਰ ਜੀ . . . . ਜਿਉ ਜਲ ਛੋਡਿ, ਬਾਹਰਿ ਭਇਓ ਮੀਨਾ (ਪੰਨਾ 326

13. ਆਸਾ ਕਬੀਰ ਜੀ . . . . ਹਜ ਹਮਾਰੀ ਗੋਮਤੀ ਤੀਰ (ਪੰਨਾ 478

14. ਆਸਾ ਕਬੀਰ ਜੀ . . . . ਅੰਤਰਿ ਮੈਲੁ ਜੋ ਤੀਰਥ ਨਾਵੈ (ਪੰਨਾ 484

15. ਧਨਾਸਰੀ ਕਬੀਰ ਜੀ . . . . ਜੋ ਜਨ ਭਾਉ ਭਗਤਿ ਕਛੁ ਜਾਨੈ (ਪੰਨਾ 692

ਭਾਵ:

(1) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਖ਼ਾਤਰ ਇਹ ਮਨੁੱਖਾ ਜਨਮ ਮਿਲਿਆ ਹੈ। ਇਸ ਨਾਮ-ਜਲ ਦਾ ਖ਼ਜ਼ਾਨਾ ਗੁਰੂ ਤੋਂ ਮਿਲਦਾ ਹੈ। ਧਾਰਮਿਕ ਭੇਖ ਛੱਡੋ। ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਵਾਲੀ ਚਲਾਕੀ; ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ ਮਿਲ ਨਹੀਂ ਸਕਦਾ।

ਜੇ ਅੰਦਰ ਮਨ ਵਿਚ ਲੋਭ ਦੀ ਮੈਲ ਹੈ, ਤੇ ਲੋਭ ਅਧੀਨ ਹੋ ਕੇ ਮਨੁੱਖ ਕਈ ਠੱਗੀ ਦੇ ਕੰਮ ਕਰਦਾ ਰਹਿੰਦਾ ਹੈ ਤਾਂ ਬਾਹਰ ਤੀਰਥ ਆਦਿਕਾਂ ਤੇ ਇਸ਼ਨਾਨ ਕਰਨ ਦਾ ਕੋਈ ਆਤਮਕ ਲਾਭ ਨਹੀਂ ਹੋ ਸਕਦਾ। ਅੰਦਰਲੀ ਉੱਚੀ ਆਤਮਕ ਅਵਸਥਾ ਤਦੋਂ ਹੀ ਬਣਦੀ ਹੈ ਜੇ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਸਦਾ ਪਰਮਾਤਮਾ ਦਾ ਪਵਿੱਤ੍ਰ ਨਾਮ ਜਪਦਾ ਰਹਿੰਦਾ ਹੈ।

(2) ਪਰਮਾਤਮਾ ਦਾ ਨਾਮ ਹੀ ਅਸਲ ਤੀਰਥ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਣਾ ਹੀ ਤੀਰਥ-ਇਸ਼ਨਾਨ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ ਤੇ ਮਨ ਤੋਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ।

ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ ਹੀ ਸਦਾ ਕਾਇਮ ਰਹਿਣ ਵਾਲਾ ਤੀਰਥ-ਇਸ਼ਨਾਨ ਹੈ, ਦਸ ਪਵਿੱਤਰ ਦਿਹਾੜੇ ਹਨ। ਜਗਤ ਵਿਕਾਰਾਂ ਵਿਚ ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ ਇਹਨਾਂ ਰੋਗਾਂ ਦਾ ਇਲਾਜ ਹੈ।

ਸਾਧ-ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ; ਇਹੀ ਹੈ ਅਸਲ ਤੀਰਥ-ਇਸ਼ਨਾਨ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਆਤਮਕ ਅਡੋਲਤਾ ਵਿਚ ਆਤਮਕ ਇਸ਼ਨਾਨ ਕਰਦਾ ਰਹਿੰਦਾ ਹੈ। ਇਹੀ ਹੈ ਸੱਚੇ ਤੋਂ ਸੱਚਾ ਤ੍ਰਿਬੇਣੀ ਸੰਗਮ ਦਾ ਇਸ਼ਨਾਨ।

(3) ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥ ਉਤੇ ਇਸ਼ਨਾਨ ਕਰਨ ਵਿਚ ਪਵਿੱਤ੍ਰਤਾ ਮੰਨਦੇ ਹਨ। ਪਰ ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਉਸ ਦੀ ਜਿੰਦ ਪਵਿੱਤਰ ਹੋ ਜਾਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਤੋਂ ਸਦਾ ਅਡੋਲ ਰਹਿੰਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਣੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

(4) ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ। ਗੁਰੂ ਹੀ ਦਰਿਆ ਹੈ, ਗੁਰੂ ਦੀ ਬਾਣੀ ਪਵਿੱਤਰ ਜਲ ਹੈ। ਜਿਹੜਾ ਮਨੁੱਖ ਇਸ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਜਿਸ ਮਨੁੱਖ ਦਾ ਮਨ ਗੁਰੂ ਦੀ ਬਾਣੀ ਵਿਚ ਪਤੀਜ ਜਾਂਦਾ ਹੈ ਉਹ ਸਭ ਤੋਂ ਵਧੀਆ ਤੀਰਥ-ਇਸ਼ਨਾਨ ਕਰ ਲੈਂਦਾ ਹੈ। ਗੁਰੂ ਪਸ਼ੂ-ਸੁਭਾਵ ਮਨੁੱਖ ਤੋਂ ਦੇਵਤੇ ਬਣਾ ਦੇਂਦਾ ਹੈ। ਗੁਰੂ ਮਨੁੱਖ ਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ, ਇਹ ਸੂਝ ਅੰਮ੍ਰਿਤ-ਜਲ ਹੈ। ਜਿਸ ਮਨੁੱਖ ਦਾ ਮਨ ਗੁਰੂ ਦੇ ਬਖ਼ਸ਼ੇ ਗਿਆਨ-ਜਲ ਵਿਚ ਚੁੱਭੀ ਲਾਂਦਾ ਹੈ ਉਹ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਲੈਂਦਾ ਹੈ।

(5) ਨਾਹ ਹੀ ਕਾਂਸ਼ੀ ਆਦਿਕ ਤੀਰਥਾਂ ਤੇ ਗਿਆਂ ਮਨੁੱਖ ਦੇ ਅੰਦਰ ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਇਹਨਾਂ ਤੀਰਥਾਂ ਤੇ ਨਾਹ ਗਿਆ ਚੰਗੀ ਅਕਲ ਦੂਰ ਹੋ ਜਾਂਦੀ ਹੈ। ਵੇਖੋ ਆਮ ਹਾਲਤ ਮਨੁੱਖ ਦੀ! ਮਨੁੱਖ ਦਾ ਮਨ ਕਾਮਾਦਿਕ ਪੰਜਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦਾ ਮਨ ਕਾਮਾਦਿਕ ਵਿਚ ਡੋਲਣੋਂ ਬਚ ਜਾਂਦਾ ਹੈ। ਉਹ, ਸਮਝੋ, ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈ।

ਜਿਸ ਮਨੁੱਖ ਨੂੰ ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ, ਉਸ ਦੇ ਵਾਸਤੇ ਇਹ ਮਨ ਹੀ ਕਾਂਸ਼ੀ ਹੈ ਇਹ ਮਨ ਹੀ ਸਾਰੇ ਤੀਰਥ ਹੈ ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ।

(6) ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਣ ਤੇ ਗੁਰੂ ਅਮਰਦਾਸ ਜੀ ਸੰਨ 1552 ਵਿਚ ਗੁਰੂ ਬਣੇ। ਸੰਨ 1558 ਵਿਚ ਇਹ ਕੁਰੂਖੇਤ੍ਰ ਅਤੇ ਹਰਿਦੁਆਰ ਗਏ। ਸਿੱਖ ਸੰਗਤਾਂ ਭੀ ਕਾਫ਼ੀ ਗਿਣਤੀ ਵਿਚ ਉਹਨਾਂ ਦੇ ਨਾਲ ਸਨ। ਭਾਈ ਜੇਠਾ ਜੀ ਭੀ (ਜੋ ਫਿਰ 1574 ਵਿਚ ਗੁਰੂ ਰਾਮਦਾਸ ਬਣੇ) ਨਾਲ ਸਨ। ਕੁਝ ਅੰਞਾਣ ਬੰਦਿਆਂ ਨੂੰ ਇਹ ਭੁਲੇਖਾ ਲੱਗਣ ਲੱਗ ਪਿਆ ਕਿ ਗੁਰੂ ਅਮਰਦਾਸ ਜੀ ਸ਼ਰਧਾਲੂਆਂ ਵਾਂਗ ਤੀਰਥ-ਇਸ਼ਨਾਨ ਕਰਨ ਗਏ ਸਨ।

ਇਸ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਦੇ ਇਕ ਛੰਤ ਵਿਚ ਉਸ ਸਫ਼ਰ ਦਾ ਜ਼ਿਕਰ ਕੀਤਾ, ਤੇ, ਇਹ ਭੁਲੇਖਾ ਦੂਰ ਕੀਤਾ। ਉਹਨਾਂ ਦੱਸਿਆ ਕਿ ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ, ਇਹ ਗੁਰ-ਦਰਸਨ ਹੀ ਉਸ ਦੇ ਵਾਸਤੇ ਤੀਰਥ ਇਸ਼ਨਾਨ ਹੈ, ਇਹੀ ਉਸ ਦੇ ਵਾਸਤੇ ਅਭੀਚ ਨਛੱਤ੍ਰ ਦਾ ਪਵਿੱਤਰ ਦਿਹਾੜਾ ਹੈ। ਗੁਰੂ ਦੇ ਦਰਸਨ ਨਾਲ ਉਸ ਮਨੁੱਖ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇ-ਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ।

ਫਿਰ ਗੁਰੂ ਅਮਰਦਾਸ ਜੀ ਤੀਰਥਾਂ ਤੇ ਕਿਉਂ ਗਏ ਸਨ? ਇਸ ਬਾਰੇ ਗੁਰੂ ਰਾਮਦਾਸ ਜੀ ਲਿਖਦੇ ਹਨ ਕਿ ਅਭੀਚ ਪੁਰਬ ਸਮੇ ਤੀਰਥਾਂ ਉਤੇ ਇਕੱਠੀ ਹੋਈ ਸਾਰੀ ਲੁਕਾਈ ਨੂੰ ਜੀਵਨ ਦੇ ਗ਼ਲਤ ਰਸਤੇ ਤੋਂ ਬਚਣ ਲਈ ਸਤਿਗੁਰੂ ਜੀ ਨੇ ਤੀਰਥਾਂ ਤੇ ਜਾਣ ਦਾ ਉੱਦਮ ਕੀਤਾ ਸੀ।

(7) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਸਿਫ਼ਤਿ-ਸਾਲਾਹ ਦੀ ਇਹ ਦਾਤਿ ਗੁਰੂ-ਦਰ ਤੋਂ ਸਾਧ ਸੰਗਤਿ ਵਿਚੋਂ ਮਿਲਦੀ ਹੈ।

ਗੁਰੂ ਦੇ ਚਰਨਾਂ ਦੀ ਧੂੜ, ਸਾਧ-ਸੰਗਤਿ ਦੀ ਚਰਨ-ਧੂੜ ਜਿਸ ਮਨੁੱਖ ਦੇ ਮੱਥੇ ਉਤੇ ਲੱਗਦੀ ਹੈ ਉਸ ਦੇ ਭਾਗ ਜਾਗ ਪੈਂਦੇ ਹਨ, ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦੀ ਹੈ ਉਸ ਦੀਆਂ ਅੱਖਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪੈਂਦੀਆਂ ਹਨ ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ।

ਗੰਗਾ, ਕੇਦਾਰ, ਕਾਂਸ਼ੀ, ਬਿੰਦ੍ਰਾਬਨ ਆਦਿਕ ਜਿਤਨੇ ਭੀ ਪ੍ਰਸਿੱਧ ਤੀਰਥ ਹਨ ਇਹਨਾਂ ਸਭਨਾਂ ਨੂੰ ਪ੍ਰਸਿੱਧਤਾ ਮਿਲੀ ਸੰਤ ਜਨਾਂ ਦੇ ਚਰਨਾਂ ਦੀ ਛੁਹ ਦੀ ਬਰਕਤਿ ਨਾਲ।

ਜਿਸ ਮਨੁੱਖ ਦੇ ਮੱਥੇ ਤੇ ਭਾਗ ਜਾਗਣ ਤੇ ਆਉਂਦੇ ਹਨ ਉਸ ਨੂੰ ਪਰਮਾਤਮਾ ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

(8) ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਸਮਝੋ ਕਿ ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਕਾਮ ਕ੍ਰੋਧ ਲੋਭ ਆਦਿਕ ਕਿਸੇ ਭੀ ਵਿਕਾਰ ਦਾ ਉਹ ਦਬੇਲ ਨਹੀਂ ਬਣਦਾ। ਜ਼ਿੰਦਗੀ ਦੇ ਇਸ ਰਾਹੇ ਤੁਰ ਕੇ ਉਹ ਜਗਤ ਵਿਚ ਸੋਭਾ ਖੱਟ ਲੈਂਦਾ ਹੈ।

(9) ਕਈ ਮਨੁੱਖ ਇਹ ਚਾਹੁੰਦੇ ਰਹਿੰਦੇ ਹਨ ਕਿ ਕਿਸੇ ਤੀਰਥ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਏ। ਪਰ ਇਸ ਤਰ੍ਹਾਂ ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।

ਮਨੁੱਖ ਦਿਨ ਰਾਤ ਸਦਾ ਤੀਰਥਾਂ ਤੇ ਇਸ਼ਨਾਨ ਕਰਦਾ ਰਹੇ, ਪਰ ਸਰੀਰ ਨੂੰ ਧੋਤਿਆਂ ਮਨ ਦੀ ਵਿਕਾਰਾਂ ਦੀ ਮੈਲ ਧੁਪ ਨਹੀਂ ਸਕਦੀ। ਇਹ ਮੈਲ ਤਾਂ ਪਰਮਾਤਮਾ ਦਾ ਨਾਮ ਸਿਮਰਿਆਂ ਹੀ ਦੂਰ ਹੁੰਦੀ ਹੈ।

(10) ਪਰਮਾਤਮਾ ਦੇ ਚਰਨ ਹੀ ਇਕ ਸੁੰਦਰ ਸਰੋਵਰ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸਰੋਵਰ ਵਿਚ ਹੀ ਸਦਾ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਇਸ਼ਨਾਨ ਹੀ ਮਨ ਵਿਚੋਂ ਸਾਰੇ ਵਿਕਾਰ ਦੂਰ ਕਰਦਾ ਹੈ। ਜਿਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ ਪਰਮਾਤਮਾ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ। ਉਸ ਦੀਆਂ ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ ਕੱਟ ਦੇਂਦਾ ਹੈ।

(11) ਜਿਸ ਮਨੁੱਖ ਨੂੰ ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦੇ ਵਾਸਤੇ ਇਹ ਸਿਮਰਨ ਹੀ ਸਾਰੇ ਪੁਰਬ ਹਨ, ਉਸ ਦੇ ਸਾਰੇ ਰੋਗ ਕੱਟੇ ਜਾਂਦੇ ਹਨ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ। ਇਸ ਇਸ਼ਨਾਨ ਨਾਲ ਮਨੁੱਖ ਦੇ ਅੰਦਰ ਸਹੀ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ।

(12) ਆਮ ਲੋਕਾਂ ਵਿਚ ਇਹ ਵਹਿਮ ਪੈਦਾ ਕੀਤਾ ਗਿਆ ਹੋਇਆ ਹੈ ਕਿ ਬਨਾਰਸ ਆਦਿਕ ਤੀਰਥ ਉਤੇ ਸਰੀਰ ਤਿਆਗਿਆਂ ਜੀਵ ਨੂੰ ਮੁਕਤੀ ਮਿਲ ਜਾਂਦੀ ਹੈ। ਕਬੀਰ ਜੀ ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਅਖ਼ੀਰਲੀ ਉਮਰੇ ਬਨਾਰਸ ਛੱਡ ਕੇ ਮਗਹਰ ਜਾ ਵੱਸੇ। ਮਗਹਰ ਬਾਰੇ ਇਹ ਵਹਿਮ ਹੈ ਕਿ ਇਹ ਧਰਤੀ ਸਰਾਪੀ ਹੋਈ ਹੈ, ਜੋ ਉਥੇ ਮਰਦਾ ਹੈ ਉਹ ਖੋਤੇ ਦੀ ਜੂਨੇ ਪੈਂਦਾ ਹੈ।

ਕਬੀਰ ਜੀ ਲਿਖਦੇ ਹਨ ਕਿ ਕਿਸੇ ਖ਼ਾਸ ਦੇਸ ਜਾਂ ਨਗਰੀ ਵਿਚੋਂ ਮੁਕਤੀ ਨਹੀਂ ਮਿਲ ਸਕਦੀ। ਮੁਕਤ ਉਹੀ ਹੈ ਜੋ ਪਰਮਾਤਮਾ ਦਾ ਭਜਨ ਕਰ ਕੇ ਆਪਣੇ ਅੰਦਰੋਂ 'ਮੈਂ-ਮੇਰੀ' ਮਿਟਾ ਚੁਕਿਆ ਹੈ।

(13) ਇਹ ਮਨ ਹੀ ਹੱਜ-ਅਸਥਾਨ ਹੈ ਇਹ ਮਨ ਹੀ ਗੋਮਤੀ ਨਦੀ ਦਾ ਕੰਢਾ ਹੈ। ਮਨੁੱਖ ਦੇ ਮਨ ਵਿਚ ਹੀ ਪਰਮਾਤਮਾ ਦਾ ਨਿਵਾਸ ਹੈ। ਇਸ ਮਨ ਨੂੰ ਹੀ ਪਵਿੱਤਰ ਕਰੋ, ਤਾ ਕਿ ਇਸ ਵਿਚ ਪਰਮਾਤਮਾ ਦਾ ਦਰਸਨ ਹੋ ਸਕੇ।

ਹਰ ਵੇਲੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹੋ। ਇਹੀ ਹੈ ਅਸਲੀ ਮਾਲਾ।

(14) ਜੇ ਮਨ ਵਿਚ ਵਿਕਾਰਾਂ ਦੀ ਮੈਲ ਟਿਕੀ ਰਹੇ, ਪਰ ਮਨੁੱਖ ਤੀਰਥਾਂ ਉਤੇ ਇਸ਼ਨਾਨ ਕਰਦਾ ਫਿਰੇ ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ। ਤੀਰਥਾਂ ਉਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਪਤੀਜਿਆਂ ਕੀਹ ਬਣੇਗਾ? ਪਰਮਾਤਮਾ ਤਾਂ ਹਰੇਕ ਦੇ ਦਿਲ ਨੂੰ ਜਾਣਦਾ ਹੈ।

ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜੇ ਕੋਈ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨ ਦਾ ਕਠੋਰ ਹੀ ਰਹੇ, ਤਾਂ ਇਸ ਤਰ੍ਹਾਂ ਉਸ ਦਾ ਨਰਕੀ ਜੀਵਨ ਮੁੱਕ ਨਹੀਂ ਸਕਦਾ।

(15) ਪਰਮਾਤਮਾ ਨਾਲ ਮਿਲਾਪ ਦਾ ਵਸੀਲਾ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਹੈ। ਕਿਸੇ ਖ਼ਾਸ ਤੀਰਥ-ਜਾਤ੍ਰਾ ਨਾਲ ਇਸ ਦਾ ਸੰਬੰਧ ਨਹੀਂ ਹੈ। ਕੋਈ ਕਾਂਸ਼ੀ ਵਿਚ ਵੱਸੇ ਤਾਂ ਕੀਹ, ਤੇ, ਕੋਈ ਮਗਹਰ ਵਿਚ ਵੱਸੇ ਤਾਂ ਕੀਹ? ਪਰਮਾਤਮਾ ਦੀ ਯਾਦ ਵਿਚ ਮਨ ਨੂੰ ਪ੍ਰੋਈ ਰੱਖੋ।

19. ਮੂਰਤੀ-ਪੂਜਾ

1. ਗੂਜਰੀ ਮ: 1 . . . . ਤੇਰਾ ਨਾਮੁ ਕਰੀ ਚਨਣਾਠੀਆ (ਪੰਨਾ 489

2. ਬਸੰਤ ਮ: 1 . . . . ਸਾਲਗ੍ਰਾਮ ਬਿਪ ਪੂਜਿ ਮਨਾਵਹੁ (ਪੰਨਾ 1170

3. ਆਸਾ ਮ: 5 . . . . ਆਠ ਪਹਰ ਉਦਕ ਇਸਨਾਨੀ (ਪੰਨਾ 393

4. ਸੂਹੀ ਮ: 5 . . . . ਘਰ ਠਾਕੁਰੁ ਨਦਰਿ ਨ ਆਵੈ (ਪੰਨਾ 738

5. ਭੈਰਉ ਮ: 5 (ਕਬੀਰ) . . . . ਜੋ ਪਾਥਰ ਕਉ ਕਹਤੇ ਦੇਵ (ਪੰਨਾ 1160

6. ਆਸਾ ਕਬੀਰ ਜੀ . . . . ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ (ਪੰਨਾ 479

7. ਆਸਾ ਨਾਮਦੇਵ ਜੀ . . . . ਆਨੀਲੇ ਕੁੰਭ ਭਰਾਈਲੇ ਊਦਕ (ਪੰਨਾ 485

8. ਗੌਂਡ ਨਾਮਦੇਵ ਜੀ . . . . ਭੈਰਉ ਭੂਤ ਸੀਤਲਾ ਧਾਵੈ (ਪੰਨਾ 874

9. ਗੂਜਰੀ ਰਵਿਦਾਸ ਜੀ . . . . ਦੂਧੁ ਤ ਬਛਰੈ ਥਨਹੁ ਬਿਟਾਰਿਓ (ਪੰਨਾ 525

10. ਧਨਾਸਰੀ ਤ੍ਰਿਲੋਚਨ ਜੀ . . . . ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ (ਪੰਨਾ 695

ਭਾਵ:

(1) ਸਾਡੀ ਤੇ ਪਰਮਾਤਮਾ ਦੀ ਬੜੀ ਹੀ ਨੇੜੇ ਦੀ ਸਾਂਝ ਹੈ। ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ। ਇਹ ਸਿਮਰਨ ਹੀ ਮਨੁੱਖ ਦੇ ਆਤਮਕ ਜੀਵਨ ਨੂੰ ਉੱਚਾ ਕਰਦਾ ਹੈ।

ਚੰਦਨ ਕੇਸਰ ਆਦਿਕ ਵਰਤ ਕੇ ਕਿਸੇ ਮੂਰਤੀ ਦੀ ਪੂਜਾ ਕਰਨ ਦੇ ਥਾਂ ਪਰਮਾਤਮਾ ਦੇ ਨਾਮ ਨੂੰ ਚੰਦਨ ਬਣਾਓ। ਮੂਰਤੀ ਦਾ ਪੁਜਾਰੀ ਚੰਦਨ ਨੂੰ ਸਿਲ ਉਤੇ ਘਸਾਂਦਾ ਹੈ। ਪਰਮਾਤਮਾ ਦੇ ਨਾਮ ਚੰਦਨ ਨੂੰ ਸਦਾ ਆਪਣੇ ਮਨ ਦੀ ਸਿਲ ਉਤੇ ਘਸਾਂਦੇ ਰਹੋ। ਆਪਣਾ ਆਤਮਕ ਜੀਵਨ ਉੱਚਾ ਬਣਾਓ। ਇਹੀ ਹੈ ਕੇਸਰ ਦੀ ਸੁਗੰਧੀ।

ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਧੋਂਦਾ ਰਹੇ ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ।

(2) ਮੂਰਤੀ ਦਾ ਪੁਜਾਰੀ ਮਨੁੱਖ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਅਤੇ ਆਪਣੇ ਗਲ ਵਿਚ ਤੁਲਸੀ ਦੀ ਮਾਲਾ ਪਾਂਦਾ ਹੈ। ਇਸ ਬਾਹਰਲੀ ਧਾਰਮਿਕ ਕਿਰਿਆ ਨੂੰ ਹੀ ਉਹ ਜ਼ਿੰਦਗੀ ਦਾ ਠੀਕ ਰਸਤਾ ਸਮਝਦਾ ਰਹਿੰਦਾ ਹੈ। ਇਸ ਤਰ੍ਹਾਂ ਸਹਜੇ ਸਹਜੇ ਉਸ ਦਾ ਜੀਵਨ ਵਖਾਵੇ ਵਾਲਾ ਜੀਵਨ ਬਣ ਜਾਂਦਾ ਹੈ। ਇਹ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਕੱਚੀ ਕੰਧ ਬਣਾ ਕੇ ਉਸ ਉਤੇ ਚੂਨੇ ਆਦਿਕ ਦਾ ਪਲਸਤਰ ਕਰਦਾ ਰਹੇ, ਜਾਂ, ਕਲਰਾਠੀ ਜ਼ਮੀਨ ਨੂੰ ਸਿੰਜਦਾ ਰਹੇ।

ਕਰਨਾ ਹੈ ਆਤਮਕ ਜੀਵਨ ਨੂੰ ਉੱਚਾ, ਤੇ, ਉਹ ਹੋਵੇਗਾ ਉੱਚਤਾ ਦੇ ਸੋਮੇ ਪਰਮਾਤਮਾ ਵਿਚ ਜੁੜਿਆਂ। ਤੁਲਸੀ ਦੀ ਮਾਲਾ ਕੀਹ ਸਵਾਰੇਗੀ? ਆਪਣੇ ਜੀਵਨ ਨੂੰ ਉੱਚਾ ਕਰਨ ਦੇ ਜਤਨ ਕਰੋ।

ਜ਼ਿਮੀਦਾਰ ਪੈਲੀ ਨੂੰ ਪਾਣੀ ਸਿੰਜਣ ਵਾਸਤੇ ਖੂਹ ਦੀ ਮਾਲ੍ਹ ਤਿਆਰ ਕਰਦਾ ਹੈ ਉਸ ਨਾਲ ਟਿੰਡਾਂ ਬੰਨ੍ਹਦਾ ਹੈ ਤੇ ਫਿਰ ਬਲਦ ਜੋਅ ਕੇ ਪਾਣੀ ਪੈਲੀ ਨੂੰ ਦੇਂਦਾ ਹੈ। ਹਿਰਦੇ ਦੀ ਪੈਲੀ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਸਿੰਜਣਾ ਹੈ, ਆਪਣੇ ਮਨ ਨੂੰ ਬਲਦ ਬਣਾਓ।

ਉੱਗੀ ਹੋਈ ਪੈਲੀ ਨੂੰ ਗੋਡਣ ਦੀ ਲੋੜ ਪੈਂਦੀ ਹੈ, ਨਹੀਂ ਤਾਂ ਘਾਹ ਨਦੀਣ ਆਦਿਕ ਅਸਲੀ ਫ਼ਸਲ ਨੂੰ ਨੱਪ ਲੈਣਗੇ। ਜ਼ਿਮੀਦਾਰ ਬੜੇ ਗਹੁ ਨਾਲ ਪਿਆਰ ਨਾਲ ਬੂਟਿਆਂ ਨੂੰ ਰੰਬੇ ਦੀ ਮਾਰ ਤੋਂ ਬਚਾਂਦਾ ਹੈ, ਤੇ, ਨਦੀਣ ਨੂੰ ਰੰਬੇ ਨਾਲ ਵੱਢਦਾ ਜਾਂਦਾ ਹੈ। ਹਿਰਦੇ-ਖੇਤ ਵਿਚ ਉੱਗ ਰਹੇ ਕਾਮਾਦਿਕ ਵਿਕਾਰਾਂ ਨੂੰ ਧਿਆਨ ਨਾਲ ਜੜ੍ਹੋਂ ਪੁੱਟੀ ਚੱਲੋ, ਤੇ, ਭਲੇ ਗੁਣਾਂ ਨੂੰ ਪਿਆਰ ਨਾਲ ਆਪਣੇ ਅੰਦਰ ਵਧਣ-ਫੁੱਲਣ ਦਿਉ।

ਇਸ ਸਾਰੇ ਉੱਦਮ ਵਿਚ ਸਫਲਤਾ ਤਦੋਂ ਹੀ ਹੋਵੇਗੀ ਜੇ ਭਲੇ ਗੁਣਾਂ ਦੇ ਸੋਮੇ ਪਰਮਾਤਮਾ ਦੇ ਦਰ ਤੇ ਸਦਾ ਅਰਦਾਸ ਕਰਦੇ ਰਹੋਗੇ।

(3) ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ। ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ। ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗ੍ਰਾਮ ਰੱਖਿਆ ਗਿਆ ਹੈ।

ਪਰਮਾਤਮਾ-ਦੇਵ ਦੀ ਸੇਵਾ-ਭਗਤੀ ਹੀ ਸ੍ਰੇਸ਼ਟ ਉੱਦਮ ਹੈ, ਅਸਲੀ ਸੇਵਾ-ਪੂਜਾ ਹੈ ਸਾਲਗ੍ਰਾਮ ਦੀ। ਮੂਰਤੀ ਦਾ ਪੁਜਾਰੀ ਸਾਲਗ੍ਰਾਮ ਦੀ ਮੂਰਤੀ ਨੂੰ ਸਵੇਰੇ ਇਸ਼ਨਾਨ ਕਰਾਂਦਾ ਹੈ ਤੇ ਭੋਗ ਲਵਾਂਦਾ ਹੈ। ਪਰ ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰੀ-ਸਾਲਗ੍ਰਾਮ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ ਅਤੇ ਸਭ ਜੀਵਾਂ ਦੇ ਅੰਦਰ ਬੈਠ ਕੇ ਸਦਾ ਹੀ ਭੋਗ ਲਾਂਦਾ ਰਹਿੰਦਾ ਹੈ। ਸਿਰਫ਼ ਮੰਦਰ ਵਿਚ ਸੁਣੇ ਜਾਣ ਦੇ ਥਾਂ ਉਸ ਹਰੀ-ਸਾਲਗ੍ਰਾਮ ਦੀ ਰਜ਼ਾ ਦਾ ਘੰਟਾ ਸਾਰੇ ਜਗਤ ਵਿਚ ਹੀ ਸੁਣਿਆ ਜਾ ਰਿਹਾ ਹੈ।

ਉਹ ਹਰੀ-ਸਾਲਗ੍ਰਾਮ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ ਠਾਕਰਾਂ ਵਾਲਾ ਡੱਬਾ ਹੈ।

(4) ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ। ਮੂਰਤੀ-ਪੂਜਾ ਕਰ ਕੇ ਪਾਣੀ ਹੀ ਰਿੜਕਦਾ ਹੈ, ਇਹ ਵਿਅਰਥ ਮਿਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ। ਪਰਮਾਤਮਾ ਤਾਂ ਹਰੇਕ ਮਨੁੱਖ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਆਤਮਕ ਜੀਵਨ ਵਲੋਂ ਖੁੰਝਿਆ ਹੋਇਆ ਮਨੁੱਖ ਪੱਥਰ ਦੀ ਮੂਰਤੀ ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ। ਪੱਥਰ ਦੀ ਬੇੜੀ ਨਦੀ ਤੋਂ ਪਾਰ ਨਹੀਂ ਲੰਘਾ ਸਕਦੀ। ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ।

ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਨੂੰ ਉਹ ਸਿਰਜਣਹਾਰ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।

(5) ਕਬੀਰ ਜੀ ਦੇ ਭੈਰਉ ਰਾਗ ਦੇ ਇਕ ਸ਼ਬਦ ਦੇ ਪਰਥਾਇ ਗੁਰੂ ਅਰਜਨ ਸਾਹਿਬ ਜੀ ਨੇ ਇਕ ਸ਼ਬਦ ਲਿਖ ਕੇ ਕਬੀਰ ਜੀ ਦੇ ਸ਼ਬਦਾਂ ਦੇ ਸੰਗ੍ਰਹਿ ਵਿਚ ਹੀ ਦਰਜ ਕੀਤਾ ਹੈ। ਉਸ ਵਿਚ ਨਾਮ ਭੀ ਕਬੀਰ ਜੀ ਦਾ ਹੀ ਦਿੱਤਾ ਹੈ। ਸਿਰਫ਼ ਸਿਰਲੇਖ "ਮਹਲਾ 5" ਤੋਂ ਪਤਾ ਮਿਲਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਉਸ ਸ਼ਬਦ ਵਿਚ ਆਪ ਲਿਖਦੇ ਹਨ; ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਦੇ ਅੰਦਰ ਬੋਲਦਾ ਹੈ ਸਭ ਨੂੰ ਜਿੰਦ ਦੇਣ ਵਾਲਾ ਹੈ। ਪਰ ਪੱਥਰ ਨਿਰਜਿੰਦ ਹੈ। ਪੱਥਰ ਦੀ ਮੂਰਤੀ ਬਣਾ ਕੇ ਉਸ ਨੂੰ ਪਰਮਾਤਮਾ ਦੀ ਮੂਰਤੀ ਆਖਣਾ ਗ਼ਲਤ ਰਸਤਾ ਹੈ। ਉਸ ਮੂਰਤੀ ਅੱਗੇ ਮੱਥੇ ਟੇਕਣੇ ਵਿਅਰਥ ਉੱਦਮ ਹੈ। ਪੱਥਰ ਦੀ ਮੂਰਤੀ ਬੋਲ ਨਹੀਂ ਸਕਦੀ, ਕੁਝ ਦੇ ਨਹੀਂ ਸਕਦੀ।

ਪਰਮਾਤਮਾ ਹਰੇਕ ਦੇ ਅੰਦਰ ਵੱਸਦਾ ਹੈ। ਪੱਥਰ ਦੀ ਮੂਰਤੀ ਨੂੰ ਪਰਮਾਤਮਾ ਸਮਝਣ ਦੇ ਥਾਂ ਆਪਣੇ ਅੰਦਰ-ਵੱਸਦੇ ਪਰਮਾਤਮਾ ਨਾਲ ਸਭ ਦੇ ਅੰਦਰ-ਵੱਸਦੇ ਪਰਮਾਤਮਾ ਨਾਲ ਸਿਮਰਨ ਦੀ ਰਾਹੀਂ ਡੂੰਘੀ ਸਾਂਝ ਬਣਾਓ।

(6) ਫੁੱਲਾਂ ਤੇ ਪੱਤਰਾਂ ਦੇ ਟਾਕਰੇ ਤੇ ਪੱਥਰ ਆਦਿਕ ਦੀ ਮੂਰਤੀ ਨਿਰਜਿੰਦ ਹੈ। ਨਿਰਜਿੰਦ ਦੀ ਪੂਜਾ ਵਾਸਤੇ ਉਸ ਦੇ ਅੱਗੇ ਸਜਿੰਦ ਫੁੱਲ ਪੱਤਰ ਲਿਆ ਕੇ ਰੱਖਣੇ ਜੀਵਨ ਦਾ ਸਹੀ ਰਸਤਾ ਨਹੀਂ ਹੈ।

ਮੂਰਤੀ ਘੜਨ ਵਾਲੇ ਨੇ ਪੱਥਰ ਘੜ ਕੇ ਤੇ ਘੜਨ ਵੇਲੇ ਮੂਰਤੀ ਦੀ ਛਾਤੀ ਉਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ। ਜੇ ਇਹ ਮੂਰਤੀ ਅਸਲ ਦੇਵਤਾ ਹੈ ਤਾਂ ਇਸ ਨਿਰਾਦਰੀ ਦੇ ਕਾਰਨ ਘੜਨ ਵਾਲੇ ਨੂੰ ਦੰਡ ਦੇਂਦੀ।

ਭੱਤ, ਲੱਪੀ, ਪੰਜੀਰੀ ਆਦਿਕ ਜਿਹੜੇ ਪਦਾਰਥ ਮੂਰਤੀ ਦੇ ਅੱਗੇ ਭੇਟਾ ਰੱਖੀਦੇ ਹਨ ਉਹਨਾਂ ਨੂੰ ਮੂਰਤੀ ਖਾ ਨਹੀਂ ਸਕਦੀ, ਉਸ ਦਾ ਪੁਜਾਰੀ ਹੀ ਖਾਂਦਾ ਹੈ।

ਅਸਲ ਜੀਊਂਦਾ-ਜਾਗਦਾ ਦੇਵਤਾ ਪਰਮਾਤਮਾ ਆਪ ਹੈ ਉਹ ਸਭ ਜੀਵਾਂ ਦੇ ਅੰਦਰ ਵੱਸਦਾ ਹੈ।

ਨੋਟ: ਕੁਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ ਤੇ ਭੋਗ ਲਵਾਂਦੇ ਹਨ। ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ।

(7) ਮੂਰਤੀ ਦਾ ਪੁਜਾਰੀ ਪਾਣੀ ਦਾ ਘੜਾ ਲਿਆ ਕੇ ਮੂਰਤੀ ਨੂੰ ਇਸ਼ਨਾਨ ਕਰਾਂਦਾ ਹੈ। ਪਰ ਸੋਚ ਕੇ ਵੇਖੋ। ਪਾਣੀ ਵਿਚ ਬਤਾਲੀ ਲੱਖ ਜੂਨਾਂ ਦੇ ਜੀਵ ਵੱਸਦੇ ਹਨ; ਉਹ ਹਰ ਵੇਲੇ ਪਾਣੀ ਨੂੰ ਜੂਠਾ ਕਰ ਰਹੇ ਹਨ। ਫਿਰ, ਉਹਨਾਂ ਜੀਵਾਂ ਵਿਚ ਭੀ ਪਰਮਾਤਮਾ ਆਪ ਵੱਸਦਾ ਹੈ ਤੇ ਇਸ ਤਰ੍ਹਾਂ ਹਰ ਵੇਲੇ ਹੀ ਇਸ਼ਨਾਨ ਕਰ ਰਿਹਾ ਹੈ। ਉਸ ਨੂੰ ਕਿਸੇ ਵੱਖਰੇ ਉਚੇਚੇ ਇਸ਼ਨਾਨ ਦੀ ਕੀਹ ਲੋੜ?

ਪੁਜਾਰੀ ਫੁੱਲਾਂ ਦੀ ਮਾਲਾ ਲਿਆ ਕੇ ਮੂਰਤੀ ਦੇ ਅੱਗੇ ਭੇਟ ਕਰਦਾ ਹੈ, ਪਰ ਇਹਨਾਂ ਫੁੱਲਾਂ ਨੂੰ ਤਾਂ ਭੌਰਿਆਂ ਨੇ ਪਹਿਲਾਂ ਹੀ ਜੂਠਾ ਕਰ ਦਿੱਤਾ ਹੁੰਦਾ ਹੈ। ਫਿਰ, ਉਹਨਾਂ ਭੌਰਿਆਂ ਵਿਚ ਵੱਸਦਾ ਪਰਮਾਤਮਾ ਤਾਂ ਅੱਗੇ ਹੀ ਫੁੱਲਾਂ ਦੀ ਸੁਗੰਧੀ ਲੈ ਰਿਹਾ ਹੈ। ਮੂਰਤੀ ਅੱਗੇ ਇਸ ਉਚੇਚੀ ਭੇਟਾ ਦਾ ਕੀਹ ਲਾਭ?

ਪੁਜਾਰੀ ਦੁੱਧ ਦੀ ਖੀਰ ਰਿੰਨ੍ਹ ਕੇ ਮੂਰਤੀ ਦੇ ਅੱਗੇ ਪੇਸ਼ ਕਰਦਾ ਹੈ ਭੋਗ ਲਵਾਣ ਲਈ। ਪਰ ਜਿਸ ਦੁੱਧ ਦੀ ਇਹ ਖੀਰ ਬਣੀ, ਗਾਂ ਦਾ ਵੱਛਾ ਉਸ ਨੂੰ ਪਹਿਲਾਂ ਹੀ ਚੁੰਘ ਕੇ ਜੂਠਾ ਕਰ ਚੁਕਾ ਹੁੰਦਾ ਹੈ। ਭੇਟਾ ਕੀਤੀ ਖੀਰ ਭੀ ਜੂਠੀ। ਉਂਞ ਪਰਮਾਤਮਾ ਤਾਂ ਉਸ ਵੱਛੇ ਵਿਚ ਬੈਠਾ ਪਹਿਲਾਂ ਹੀ ਦੁੱਧ ਚੁੰਘ ਲੈਂਦਾ ਹੈ, ਇਸ ਉਚੇਚੀ ਖੀਰ ਦੀ ਉਸ ਨੂੰ ਕੀਹ ਲੋੜ?

ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ ਭੋਗ ਰਿਹਾ ਹੈ; ਉਸ ਨੂੰ ਕਿਸੇ ਉਚੇਚੀ ਭੇਟਾ ਦੀ ਲੋੜ ਨਹੀਂ।

(8) ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਜੋ ਲਾਭ ਖੱਟ ਸਕਦਾ ਹੈ ਉਹ ਇਹ ਹੈ ਕਿ ਪੁਜਾਰੀ ਆਪਣੇ ਪੂਜਯ ਦਾ ਰੂਪ ਬਣ ਜਾਏ। ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਪੈ ਰਹੀਆਂ ਹਨ ਜਿਨ੍ਹਾਂ ਵਿਚ ਮਨੁੱਖ ਦੀ ਜੀਵਨ-ਨਈਆ ਹਰ ਵੇਲੇ ਡੋਲਦੀ ਰਹਿੰਦੀ ਹੈ। ਇਨ੍ਹਾਂ ਵਿਕਾਰਾਂ ਤੋਂ ਬਚਾਣਾ ਕਿਸੇ ਦੇਵੀ ਦੇਵਤੇ ਦੇ ਵੱਸ ਦੀ ਗੱਲ ਨਹੀਂ। ਮਨੁੱਖ ਦੇ ਆਤਮਕ ਜੀਵਨ ਨੂੰ ਪਰਮਾਤਮਾ ਦਾ ਸਿਮਰਨ ਹੀ ਉੱਚਾ ਕਰ ਸਕਦਾ ਹੈ ਕਿਉਂਕਿ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

(9) ਮੂਰਤੀਆਂ ਦੇ ਪੁਜਾਰੀ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵਲੋਂ ਸੁੱਚੇ ਜਲ ਫੁੱਲ ਅਤੇ ਦੁੱਧ ਆਦਿਕ ਦੀ ਭੇਟਾ ਨਾਲ ਪ੍ਰਸੰਨ ਕਰਨ ਦੇ ਜਤਨ ਕਰਦੇ ਹਨ, ਪਰ ਇਹ ਚੀਜ਼ਾਂ ਮੂਰਤੀ ਤਕ ਪਹੁੰਚਣ ਤੋਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ।

ਦੁੱਧ ਨੂੰ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ ਹੁੰਦਾ ਹੈ, ਫੁੱਲ ਨੂੰ ਭੌਰਾ ਸੁੰਘ ਕੇ ਜੂਠਾ ਕਰ ਜਾਂਦਾ ਹੈ, ਪਾਣੀ ਨੂੰ ਮੱਛੀ ਜੂਠਾ ਕਰਦੀ ਰਹਿੰਦੀ ਹੈ, ਚੰਦਨ ਦੇ ਬੂਟੇ ਦੇ ਦੁਆਲੇ ਸੱਪ ਚੰਬੜੇ ਰਹਿੰਦੇ ਹਨ।

ਪਰ ਪਰਮਾਤਮਾ ਭੇਟ ਮੰਗਦਾ ਹੈ ਸੁੱਚੇ ਮਨ ਦੀ ਸੁੱਚੇ ਤਨ ਦੀ। ਗੁਰੂ ਦੀ ਸਰਨ ਪੈ ਕੇ ਮਿਲਿਆ ਉੱਚਾ ਆਚਰਨ ਹੀ ਪ੍ਰਭੂ-ਮਿਲਾਪ ਦੇ ਰਸਤੇ ਪਾਂਦਾ ਹੈ। ਉੱਚਾ ਆਚਰਨ ਮਿਲਦਾ ਹੈ ਉੱਚਤਾ ਦੇ ਸੋਮੇ ਪਰਮਾਤਮਾ ਦੀ ਯਾਦ ਤੋਂ।

(10) ਮਨੁੱਖ ਆਪਣੇ ਜੀਵਨ-ਸਫ਼ਰ ਵਿਚ ਜਿਹੜੇ ਭੀ ਚੰਗੇ ਜਾਂ ਮੰਦੇ ਕਰਮ ਕਰਦਾ ਹੈ ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਉੱਕਰਦੇ ਜਾਂਦੇ ਹਨ। ਫਿਰ ਉਹ ਸੰਸਕਾਰ ਅਗਾਂਹ ਮੌਕਾ ਮਿਲਣ ਤੇ ਉਹੋ ਜਿਹੇ ਕਰਮ ਕਰਨ ਵਲ ਪ੍ਰੇਰਦੇ ਜਾਂਦੇ ਹਨ। ਇਸ ਤਰ੍ਹਾਂ ਮਨੁੱਖ ਆਪਣੇ ਕੀਤੇ ਕਰਮਾਂ ਦੇ ਗੇੜ ਵਿਚ ਫਸਿਆ ਰਹਿੰਦਾ ਹੈ।

ਜਿਹੜਾ ਮਨੁੱਖ ਪਰਮਾਤਮਾ ਦੇ ਸਿਮਰਨ ਵਿਚ ਲੱਗਦਾ ਹੈ ਉਸ ਦੇ ਅੰਦਰ ਇਹ ਸੰਸਕਾਰ ਬਣਨੇ ਸ਼ੁਰੂ ਹੋ ਜਾਂਦੇ ਹਨ। ਜਿਉਂ ਜਿਉਂ ਇਹ ਸੰਸਕਾਰ ਪ੍ਰਬਲ ਹੁੰਦੇ ਹਨ ਤਿਉਂ ਤਿਉਂ ਪਹਿਲੇ ਕੀਤੇ ਕਰਮਾਂ ਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਦੇ ਜਾਂਦੇ ਹਨ। ਆਖ਼ਰ ਇਸ ਤਰ੍ਹਾਂ ਮਨੁੱਖ ਕਰਮਾਂ ਦੇ ਗੇੜ ਵਿਚੋਂ ਬਚ ਨਿਕਲਦਾ ਹੈ।

ਪਰ ਕਿਸੇ ਵੱਡੇ ਤੋਂ ਵੱਡੇ ਦੇਵੀ ਦੇਵਤੇ ਦੀ ਪੂਜਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਮਿਟਾ ਨਹੀਂ ਸਕਦੀ। ਪੁਰਾਣਾਂ ਦੀਆਂ ਸਾਖੀਆਂ ਵਲ ਧਿਆਨ ਮਾਰ ਕੇ ਵੇਖ ਲਵੋ; (ੳ) ਸ਼ਿਵ ਜੀ ਦੇ ਮੱਥੇ ਉਤੇ ਵੱਸਣ ਵਾਲੇ ਅਤੇ ਨਿੱਤ ਗੰਗਾ ਵਿਚ ਇਸ਼ਨਾਨ ਕਰਨ ਵਾਲੇ ਚੰਦ੍ਰਮਾ ਦਾ ਕਲੰਕ ਦੂਰ ਨਹੀਂ ਹੋਇਆ ਅਜੇ ਤਕ। (ਅ) ਸੂਰਜ ਦਾ ਰਥਵਾਹੀ ਅਤੇ ਗਰੁੜ ਦਾ ਭਰਾ ਅਰੁਣ ਪਿੰਗਲਾ ਹੀ ਹੈ ਹੁਣ ਤਕ। (ੲ) ਜਿਸ ਸ਼ਿਵ ਜੀ ਨੂੰ ਹੋਰਨਾਂ ਦੇ ਪਾਪ ਦੂਰ ਕਰ ਸਕਣ ਵਾਲਾ ਮੰਨਿਆ ਜਾ ਰਿਹਾ ਹੈ ਜਦੋਂ ਉਸ ਨੇ ਬ੍ਰਹਮਾ ਦਾ ਇਕ ਸਿਰ ਵੱਢਿਆ ਤਾਂ ਉਹ ਖੋਪਰੀ ਬ੍ਰਹਮ-ਹੱਤਿਆ ਦੇ ਪਾਪ ਦੇ ਕਾਰਨ ਉਸ ਦੇ ਹੱਥ ਨਾਲ ਹੀ ਚੰਬੜੀ ਰਹੀ। (ਸ) ਸਮੁੰਦਰ ਵਿਚੋਂ ਚੌਦਾਂ ਰਤਨ ਨਿਕਲੇ ਮੰਨੇ ਜਾ ਰਹੇ ਹਨ, ਸਾਰੀਆਂ ਨਦੀਆਂ ਦਾ ਨਾਥ ਮੰਨਿਆ ਜਾ ਰਿਹਾ ਹੈ। ਪਰ ਪੜ੍ਹ ਵੇਖੋ ਟਟੀਹਰੀ ਦੇ ਅੰਡਿਆਂ ਦੀ ਸਾਖੀ। ਸਮੁੰਦਰ ਅਜੇ ਤਕ ਖਾਰਾ ਹੈ। (ਹ) ਹਨੂਮਾਨ ਨੇ ਸ੍ਰੀ ਰਾਮਚੰਦਰ ਜੀ ਦੀ ਸਿਰੋਂ ਪਰੇ ਸੇਵਾ ਕਰ ਵਿਖਾਈ, ਪਰ ਉਸ ਨੂੰ ਉਹਨਾਂ ਤੋਂ ਲੱਕ ਦਾ ਕੱਛਾ ਹੀ ਨਸੀਬ ਹੋਇਆ। ਪੂਰਬਲੇ ਕਰਮਾਂ ਦੀ ਖੇਡ ਨਾਹ ਮਿਟ ਸਕੀ।

ਪਰਮਾਤਮਾ ਦਾ ਸਿਮਰਨ ਹੀ ਕਰਮਾਂ ਦੇ ਗੇੜ ਤੋਂ ਬਚਾਂਦਾ ਹੈ।

20. ਗ੍ਰਿਹਸਤ-ਤਿਆਗ

1. ਸੂਹੀ ਮ: 1 . . . . ਜੋਗੁ ਨ ਖਿੰਥਾ, ਜੋਗੁ ਨ ਡੰਡੈ (ਪੰਨਾ 730

2. ਰਾਮਕਲੀ ਸਿਧ ਗੋਸਟਿ ਮ: 1 . . . . ਹਾਟੀ ਬਾਟੀ ਰਹਹਿ ਨਿਰਾਲੇ (ਪੰਨਾ 938

3. ਪਉੜੀ ਮ: 1 (ਮਲਾਰ ਕੀ ਵਾਰ) . . . . ਇਕਿ ਵਣਖੰਡਿ ਬੈਸਹਿ ਜਾਇ (ਪੰਨਾ 1284

4. ਪਉੜੀ ਮ: 4 (ਸੋਰਠਿ ਕੀ ਵਾਰ) . . . . ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ (ਪੰਨਾ 648

5. ਭੈਰਉ ਮ: 5 . . . . ਪ੍ਰਥਮੇ ਛੋਡੀ ਪਰਾਈ ਨਿੰਦਾ (ਪੰਨਾ 1147

6. ਧਨਾਸਰੀ ਮ: 9 . . . . ਕਾਹੇ ਰੇ ਬਨ ਖੋਜਨ ਜਾਈ (ਪੰਨਾ 684

7. ਗਉੜੀ ਕਬੀਰ ਜੀ . . . . ਨਗਨ ਫਿਰਤ ਜੌ ਪਾਈਐ ਜੋਗੁ (ਪੰਨਾ 324

8. ਬਿਲਾਵਲੁ ਕਬੀਰ ਜੀ . . . . ਗ੍ਰਿਹੁ ਤਜਿ ਬਨ ਖੰਡ ਜਾਈਐ (ਪੰਨਾ 855

9. ਗੂਜਰੀ ਤ੍ਰਿਲੋਚਨ ਜੀ . . . . ਅੰਤਰੁ ਮਲਿ, ਨਿਰਮਲੁ ਨਹੀ ਕੀਨਾ (ਪੰਨਾ 525

ਭਾਵ:

(1) ਗੋਦੜੀ ਪਹਿਨ ਲੈਣਾ, ਡੰਡਾ ਹੱਥ ਵਿਚ ਫੜ ਲੈਣਾ, ਪਿੰਡੇ ਉਤੇ ਸੁਆਹ ਮਲ ਲੈਣੀ, ਕੰਨਾਂ ਵਿਚ ਮੁੰਦ੍ਰਾਂ ਪਾ ਲੈਣੀਆਂ, ਤੇ ਸਿਰ ਮੁਨਾ ਲੈਣਾ; ਪਰਮਾਤਮਾ ਨਾਲ ਮਿਲਾਪ ਦੇ ਇਹ ਸਾਧਨ ਨਹੀਂ ਹਨ।

ਘਰੋਂ ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਹਿਣਾ, ਸਮਾਧੀਆਂ ਲਾਣੀਆਂ, ਦੇਸ ਪਰਦੇਸ ਵਿਚ ਭੌਂਦੇ ਫਿਰਨਾ, ਤੀਰਥਾਂ ਤੇ ਇਸ਼ਨਾਨ ਕਰਨੇ; ਇਹ ਹੀਲੇ ਪਰਮਾਤਮਾ ਨਾਲ ਮਨੁੱਖ ਦਾ ਮੇਲ ਨਹੀਂ ਕਰਾ ਸਕਦੇ।

ਪਰਮਾਤਮਾ ਨਾਲ ਮਿਲਾਪ ਦਾ ਅਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਨੁੱਖ ਵਿਕਾਰਾਂ ਵਲੋਂ ਪਰੇ ਹਟਿਆ ਰਹੇ। ਕਿਰਤ-ਕਾਰ ਭੀ ਕਰੇ ਤੇ ਪਰਮਾਤਮਾ ਦੀ ਯਾਦ ਵਿਚ ਭੀ ਜੁੜੇ। ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ।

(2) ਜਦੋਂ ਅੱਚਲ-ਵਟਾਲੇ ਦੇ ਮੇਲੇ ਤੇ ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ ਜਾ ਕੇ ਮਿਲੇ ਤਾਂ ਜੋਗੀਆਂ ਫ਼ਖ਼ਰ ਨਾਲ ਆਖਿਆ ਕਿ ਅਸੀਂ ਦੁਨੀਆ ਦੇ ਝੰਬੇਲਿਆਂ ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ, ਤੀਰਥਾਂ ਉਤੇ ਇਸ਼ਨਾਨ ਕਰਦੇ ਹਾਂ। ਇਸ ਤਰ੍ਹਾਂ ਸਾਡੇ ਮਨ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ।

ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਗ੍ਰਿਹਸਤ ਨੂੰ ਛੱਡ ਕੇ ਜੰਗਲਾਂ ਵਿਚ ਜਾ ਵੱਸਣਾ ਮਾਇਆ ਦੇ ਮੋਹ ਤੋਂ ਬਚਣ ਦਾ ਸਹੀ ਰਸਤਾ ਨਹੀਂ ਹੈ। ਚਾਹੀਦਾ ਇਹ ਹੈ ਕਿ ਦੁਨੀਆ ਦੀ ਕਿਰਤ-ਕਾਰ ਕਰਦਿਆਂ ਮਨੁੱਖ ਧੰਧਿਆਂ ਵਿਚ ਹੀ ਗ਼ਰਕ ਨਾਹ ਹੋ ਜਾਏ, ਪਰਾਏ ਘਰ ਵਲ ਆਪਣੇ ਮਨ ਨੂੰ ਡੋਲਣ ਨਾਹ ਦੇਵੇ। ਪਰ ਇਹ ਤਦੋਂ ਹੀ ਹੋ ਸਕਦਾ ਹੈ ਜੇ ਮਨੁੱਖ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੋਇਆ ਸਦਾ ਪਰਮਾਤਮਾ ਦੀ ਯਾਦ ਵਿਚ ਆਪਣੇ ਮਨ ਨੂੰ ਜੋੜੀ ਰੱਖੇ।

(3) ਕਈ ਮਨੁੱਖ ਐਸੇ ਹਨ ਜਿਹੜੇ ਘਰ ਛੱਡ ਕੇ ਜੰਗਲ ਵਿਚ ਜਾ ਟਿਕਦੇ ਹਨ ਅਤੇ ਮੋਨ ਧਾਰੀ ਰੱਖਦੇ ਹਨ। ਕਈ ਮਨੁੱਖ ਕਿਸੇ ਤੀਰਥ ਦੇ ਠੰਢੇ-ਠਾਰ ਪਾਣੀ ਵਿਚ ਖਲੋ ਕੇ ਆਪਣੇ ਸਰੀਰ ਨੂੰ ਠਾਰਦੇ ਹਨ। ਕਈ ਅਜਿਹੇ ਹਨ ਜੋ ਪਿੰਡੇ ਉਤੇ ਸੁਆਹ ਮਲੀ ਰੱਖਦੇ ਹਨ, ਕਦੇ ਸਰੀਰ ਨੂੰ ਸਾਫ਼ ਨਹੀਂ ਕਰਦੇ। ਕਈ ਮਨੁੱਖਾਂ ਨੇ ਲੰਮੀਆਂ ਲੰਮੀਆਂ ਜਟਾਂ ਸਿਰ ਉਤੇ ਵਧਾ ਲਈਆਂ ਹੁੰਦੀਆਂ ਹਨ। ਕਈ ਮਨੁੱਖ ਦਿਨ ਰਾਤ ਨੰਗੇ ਤੁਰੇ ਫਿਰਦੇ ਹਨ, ਤੇ, ਕਈ ਐਸੇ ਹਨ ਜੋ ਧੂਣੀਆਂ ਤਪਾ ਕੇ ਸਦਾ ਆਪਣੇ ਸਰੀਰ ਨੂੰ ਸੇਕਦੇ ਰਹਿੰਦੇ ਹਨ।

ਪਰਮਾਤਮਾ ਦੇ ਦਰ ਤੇ ਉਹੀ ਮਨੁੱਖ ਪਰਵਾਨ ਹਨ ਜਿਹੜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ।

(4) ਘਰ ਛੱਡ ਕੇ ਜੰਗਲੀਂ ਨਹੀਂ ਜਾ ਵੱਸਣਾ। ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤਰ ਹੈ। ਉਹਨਾਂ ਦੇ ਘਰ ਮੰਦਰ ਮਹਲ ਆਦਿਕ ਸਭ ਪਵਿੱਤਰ ਹਨ, ਕਿਉਂਕ ਉਹਨਾਂ ਘਰਾਂ ਵਿਚ ਆ ਕੇ ਸਿੱਖ ਸੇਵਕ ਅੱਭਿਆਗਤ ਸੁਖ ਲੈਂਦੇ ਹਨ। ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਨਹੀਂ ਭੁਲਾਂਦੇ, ਉਹਨਾਂ ਦੇ ਸਾਰੇ ਕੰਮ-ਕਾਜ ਪਵਿੱਤਰ ਹੁੰਦੇ ਹਨ।

(5) ਘਰ ਛੱਡ ਕੇ ਫ਼ਕੀਰ ਬਣਿਆਂ ਤਿਆਗੀ ਨਹੀਂ ਬਣ ਸਕੀਦਾ। ਅਸਲ ਤਿਆਗੀ ਉਹ ਹੈ ਜੋ ਘਰ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ। ਅਜਿਹਾ ਕੋਈ ਵਿਰਲਾ ਹੀ ਹੁੰਦਾ ਹੈ।

ਅਜਿਹਾ ਮਨੁੱਖ ਸਿਮਰਨ ਦੀ ਬਰਕਤਿ ਨਾਲ ਪਰਾਈ ਨਿੰਦਾ ਦਾ ਤਿਆਗ ਕਰਦਾ ਹੈ, ਲੋਭ ਮੋਹ ਆਦਿਕ ਵਿਕਾਰਾਂ ਨੂੰ ਆਪਣੇ ਨੇੜੇ ਨਹੀਂ ਆਉਣ ਦੇਂਦਾ। ਉਹ ਮਨੁੱਖ ਹਉਮੈ ਛੱਡਦਾ ਹੈ, ਕਾਮਾਦਿਕ ਵਿਕਾਰ ਉਸ ਉਤੇ ਵਾਰ ਨਹੀਂ ਕਰ ਸਕਦੇ। ਕਿਸੇ ਦੇ ਚੰਗੇ ਮੰਦੇ ਸਲੂਕ ਦੀ ਪਰਵਾਹ ਨਾਹ ਕਰ ਕੇ ਉਹ ਸਭ ਨਾਲ ਮਿੱਤਰਾਂ ਵਾਲਾ ਸਲੂਕ ਕਰਦਾ ਹੈ।

(6) ਪਰਮਾਤਮਾ ਨੂੰ ਲੱਭਣ ਵਾਸਤੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਉਹ ਹਰੇਕ ਜੀਵ ਦੇ ਅੰਦਰ ਵੱਸਦਾ ਹੈ। ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ ਜਿਵੇਂ ਸ਼ੀਸ਼ੇ ਵਿਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਤੇ, ਰਹਿੰਦਾ ਭੀ ਹੈ ਨਿਰਲੇਪ।

ਪਰ ਵੇਖੋ ਮਨੁੱਖ ਦੇ ਭਾਗ! ਵਰਖਾ ਰੁੱਤੇ ਕਿਸੇ ਥਾਂ ਬਹੁਤਾ ਚਿਰ ਪਾਣੀ ਖਲੋਤਾ ਰਹੇ ਤਾਂ ਉਥੇ ਧਰਤੀ ਉਤੇ ਹਰੇ ਰੰਗ ਦਾ ਜਾਲਾ ਬਣ ਜਾਂਦਾ ਹੈ, ਉਸ ਜਾਲੇ ਦੇ ਕਾਰਨ ਧਰਤੀ ਵਿਚ ਪਾਣੀ ਜੀਊਰ ਨਹੀਂ ਸਕਦਾ। ਜਿਸ ਮਨੁੱਖ ਦੀ ਅਕਲ ਉਤੇ ਭਟਕਣਾ ਦਾ ਜਾਲਾ ਆ ਜੰਮੇ, ਉਸ ਨੂੰ ਇਸ ਗੱਲ ਦਾ ਅਸਰ ਹੀ ਨਹੀਂ ਹੁੰਦਾ ਕਿ ਪਰਮਾਤਮਾ ਉਸ ਦੇ ਆਪਣੇ ਅੰਦਰ ਵੱਸ ਰਿਹਾ ਹੈ। ਉਹ ਆਪਣਾ ਆਤਮਕ ਜੀਵਨ ਪਰਖਣ ਵਾਲੇ ਪਾਸੇ ਪਰਤਦਾ ਹੀ ਨਹੀਂ। ਆਪਣੇ ਆਪ ਨੂੰ ਪਰਖਿਆਂ ਹੀ ਇਹ ਸਮਝ ਪੈਣੀ ਹੋਈ ਕਿ ਪਰਮਾਤਮਾ ਸਾਡੇ ਹਰੇਕ ਦੇ ਅੰਦਰ ਹੈ, ਉਸ ਨੂੰ ਲੱਭਣ ਵਾਸਤੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ।

(7) ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਟਿਕੇ ਰਹਿਣਾ; ਇਹੋ ਜਿਹਾ ਕੋਈ ਭੀ ਸਾਧਨ ਮਨੁੱਖ ਦੇ ਆਤਮਕ ਜੀਵਨ ਨੂੰ ਉੱਚਾ ਨਹੀਂ ਕਰਦਾ, ਮਨੁੱਖ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਵਿਚੋਂ ਡੁੱਬਣੋਂ ਬਚਾ ਨਹੀਂ ਸਕਦਾ। ਸਿਰਫ਼ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰਦਾ ਹੈ।

(8) ਹਰੇਕ ਚੰਗੇ ਮੰਦੇ ਕੀਤੇ ਕਰਮ ਦੇ ਸੰਸਾਕਰ ਮਨੁੱਖ ਦੇ ਮਨ ਵਿਚ ਨਾਲੋ ਨਾਲ ਉੱਕਰਦੇ ਜਾਂਦੇ ਹਨ। ਇਸ ਤਰ੍ਹਾਂ ਅਨੇਕਾਂ ਕਿਸਮਾਂ ਦੇ ਚਸਕੇ ਮਨੁੱਖ ਪਾਸੋਂ ਛੱਡੇ ਨਹੀਂ ਜਾ ਸਕਦੇ। ਪਿਆ ਇਹਨਾਂ ਨੂੰ ਰੋਕੇ ਮਨੁੱਖ, ਪਰ ਮਨ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ। ਘਰ ਛੱਡ ਕੇ ਜੰਗਲੀਂ ਵਾਸਾ ਕਰਨ ਨਾਲ ਭੀ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਵਿਕਾਰਾਂ ਦੇ ਸੰਸਕਾਰ ਤਾਂ ਮਨੁੱਖ ਦੇ ਅੰਦਰ ਟਿਕੇ ਰਹਿੰਦੇ ਹਨ।

ਜੁਆਨੀ ਦੀ ਉਮਰ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ; ਪਰ ਮਨ ਫਿਰ ਭੀ ਮੰਦੀਆਂ ਵਾਸ਼ਨਾਂ ਦਾ ਹੀ ਸ਼ਿਕਾਰ ਹੋਇਆ ਰਹਿੰਦਾ ਹੈ, ਤੇ, ਇਸ ਤਰ੍ਹਾਂ ਮਨੁੱਖ ਆਪਣੇ ਕੀਮਤੀ ਜਨਮ ਨੂੰ ਵਿਅਰਥ ਗਵਾ ਲੈਂਦਾ ਹੈ।

ਪਰਮਾਤਮਾ ਦੇ ਦਰ ਤੇ ਪੈ ਕੇ ਉਸ ਦੀ ਯਾਦ ਵਿਚ ਜੁੜਿਆਂ ਹੀ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਹੁੰਦੀ ਹੈ।

(9) ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।

ਮਨੁੱਖ ਆਪਣੇ ਸਰੀਰ ਉਤੇ ਸਾਧੂਆਂ ਵਾਲਾ ਬਾਣਾ ਪਾ ਲੈਂਦਾ ਹੈ, ਪਰ ਜੇ ਉਸ ਨੇ ਆਪਣੇ ਮਨ ਨੂੰ ਕਦੇ ਨਹੀਂ ਪਰਖਿਆ ਤਾਂ ਸੰਨਿਆਸ ਧਾਰਨ ਦਾ ਕੋਈ ਆਤਮਕ ਲਾਭ ਨਹੀਂ ਹੋ ਸਕਦਾ।

ਘਰ ਘਰ ਤੋਂ ਮੰਗ ਕੇ ਟੁੱਕਰ ਖਾ ਲੈਣਾ, ਗੋਦੜੀ ਪਹਿਣ ਲੈਣੀ, ਮੁੰਦ੍ਰਾ ਪਾ ਲੈਣੀਆਂ, ਮਸਾਣਾਂ ਦੀ ਧਰਤੀ ਦੀ ਸੁਆਹ ਪਿੰਡੇ ਤੇ ਮਲ ਲੈਣੀ; ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਆਤਮਕ ਜੀਵਨ ਨਹੀਂ ਜੀਊਂਦਾ, ਤਾਂ ਇਹ ਸਾਰਾ ਉੱਦਮ ਵਿਅਰਥ ਹੈ।

ਗਿਣੇ-ਮਿਥੇ ਜਪ ਕਰਨੇ, ਤਪ ਸਾਧਨੇ; ਜੇ ਮਨ ਦੀਆਂ ਵਾਸਨਾਂ ਨਹੀਂ ਮੁੱਕੀਆਂ ਤਾਂ ਵਾਸਨਾ-ਰਹਿਤ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।

ਹੱਥ ਵਿਚ ਖੱਪਰ ਫੜ ਲੈਣ ਦਾ ਕੋਈ ਆਤਮਕ ਲਾਭ ਨਹੀਂ, ਅਠਾਹਠ ਤੀਰਥਾਂ ਉਤੇ ਇਸ਼ਨਾਨ ਦਾ ਭੀ ਲਾਭ ਨਹੀਂ। ਇਹ ਸਾਰੇ ਉੱਦਮ ਇਉਂ ਹੀ ਹਨ ਜਿਵੇਂ ਭਰੀਆਂ ਵਿਚ ਅੰਨ ਦੇ ਦਾਣੇ ਤਾਂ ਨਾਹ ਹੋਣ ਪਰ ਮਨੁੱਖ ਗਾਹ ਪਾਈ ਰੱਖੇ।

ਪਰਮਾਤਮਾ ਦਾ ਨਾਮ ਸਿਮਰੋ ਨਾਮ। ਇਹੀ ਹੈ ਵਿਕਾਰਾਂ ਤੋਂ ਬਚਾਣ ਵਾਲਾ।

21. ਧਰਮ-ਪਖੰਡ, ਵਿਖਾਵਾ

1. ਸਲੋਕ ਮ: 1 (ਆਸਾ ਦੀ ਵਾਰ) . . . . ਪੜਿ ਪੁਸਤਕ ਸੰਧਿਆ ਬਾਦੰ (ਪੰਨਾ 470

2. ਸਲੋਕ ਮ: 1 (ਵਾਰ ਆਸਾ) . . . . ਮਾਣਸ ਖਾਣੇ ਕਰਹਿ ਨਿਵਾਜ (ਪੰਨਾ 471

3. ਧਨਾਸਰੀ ਮ: 1 . . . . ਕਾਲੁ ਨਾਹੀ ਜੋਗੁ ਨਾਹੀ (ਪੰਨਾ 662

4. ਸੂਹੀ ਮ: 1 . . . . ਉਜਲੁ ਕੈਹਾ ਚਿਲਕਣਾ, ਘੋਟਿਮ ਕਾਲੜੀ ਮਸੁ (ਪੰਨਾ 729

5. ਆਸਾ ਮ: 3 . . . . ਨਿਰਤਿ ਕਰੇ ਬਹੁ ਵਾਜੇ ਵਜਾਏ (ਪੰਨਾ 364

6. ਸਲੋਕ ਮ: 3 (ਵਾਰ ਵਡਹੰਸ) . . . . ਭੇਖੀ ਅਗਨਿ ਨ ਬੁਝਈ (ਪੰਨਾ 588

7. ਸਲੋਕ ਮ: 3 (ਫਰੀਦ ਜੀ) . . . . ਹੰਸਾ ਦੇਖਿ ਤਰੰਦਿਆ (ਪੰਨਾ 1384

8. ਆਸਾ ਮ: 4 . . . . ਗੁਰਮੁਖਿ ਹਰਿ ਹਰਿ ਵੇਲਿ ਵਧਾਈ (ਪੰਨਾ 367

9. ਰਾਮਕਲੀ ਮ: 4 . . . . ਜੇ ਵਡਭਾਗ ਹੋਵਹਿ ਵਡਭਾਗੀ (ਪੰਨਾ 880

10. ਸਲੋਕ ਮ: 4 (ਵਾਰ ਕਾਨੜਾ) . . . . ਹਰਿ ਕੀਰਤਿ ਉਤਮੁ ਨਾਮੁ ਹੈ (ਪੰਨਾ 1314

11. ਗਉੜੀ ਮ: 5 . . . . ਜੀਅ ਰੇ ਓਲ੍ਹ੍ਹਾ ਨਾਮ ਕਾ (ਪੰਨਾ 211

12. ਗਉੜੀ ਸੁਖਮਨੀ ਮ: 5 . . . . ਮਨ ਕਾਮਨਾ ਤੀਰਥ ਦੇਹ ਛੁਟੈ (ਪੰਨਾ 265

13. ਗਉੜੀ ਸੁਖਮਨੀ ਮ: 5 . . . . ਕਰਤੂਤਿ ਪਸੂ ਕੀ ਮਾਨਸ ਜਾਤਿ (ਪੰਨਾ 267

14. ਆਸਾ ਮ: 5 . . . . ਬਾਹਰੁ ਧੋਇ, ਅੰਤਰੁ ਮਨੁ ਮੈਲਾ (ਪੰਨਾ 381

15. ਸਲੋਕ ਮ: 5 (ਵਾਰ ਰਾਮਕਲੀ) . . . . ਅੰਦਰਹੁ ਅੰਨ੍ਹ੍ਹਾ ਬਾਹਰਹੁ ਅੰਨ੍ਹ੍ਹਾ (ਪੰਨਾ 960

16. ਸਲੋਕ ਮ: 5 (ਵਾਰ ਰਾਮਕਲੀ) . . . . ਪੰਡਿਤੁ ਆਖਾਏ ਬਹੁਤੀ ਰਾਹੀ (ਪੰਨਾ 960

17. ਭੈਰਉ ਮ: 5 . . . . ਵਰਤ ਨ ਰਹਉ ਨ ਮਹ ਰਮਦਾਨਾ (ਪੰਨਾ 1136

18. ਸਾਰਗ ਮ: 5 . . . . ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ (ਪੰਨਾ 1205

19. ਸਵਯੇ ਸ੍ਰੀ ਮੁਖਬਾਕ੍ਯ੍ਯ ਮ: 5 . . . . ਉਦਮੁ ਕਰਿ ਲਾਗੇ ਬਹੁ ਭਾਤੀ (ਪੰਨਾ 1389

20. ਆਸਾ ਕਬੀਰ ਜੀ . . . . ਗਜ ਸਾਢੈ ਤੈ ਤੈ ਧੋਤੀਆ (ਪੰਨਾ 476

21. ਆਸਾ ਕਬੀਰ ਜੀ . . . . ਹਮ ਘਰਿ ਸੂਤੁ ਤਨਹਿ ਨਿਤ ਤਾਨਾ (ਪੰਨਾ 482

22. ਆਸਾ ਕਬੀਰ ਜੀ . . . . ਅੰਤਰਿ ਮੈਲੁ ਜੇ ਤੀਰਥ ਨਾਵੈ (ਪੰਨਾ 484

23. ਸੋਰਠਿ ਕਬੀਰ ਜੀ . . . . ਹ੍ਰਿਦੈ ਕਪਟੁ ਮੁਖ ਗਿਆਨੀ (ਪੰਨਾ 656

24. ਆਸਾ ਨਾਮਦੇਓ ਜੀ . . . . ਸਾਪੁ ਕੁੰਚ ਛੋਡੈ, ਬਿਖੁ ਨਹੀ ਛਾਡੈ (ਪੰਨਾ 485

25. ਸਲੋਕ ਫਰੀਦ ਜੀ . . . . ਤਤੀ ਤੋਇ ਨ ਪਲਵੈ (ਪੰਨਾ 1381

ਭਾਵ:

(1) ਧਰਮ-ਪੁਸਤਕਾਂ ਪੜ੍ਹ ਕੇ ਹੋਰਨਾਂ ਨਾਲ ਚਰਚਾ ਛੇੜਦੇ ਰਹਿਣਾ, ਮੂਰਤੀ ਦੀ ਪੂਜਾ ਤੇ ਵਿਖਾਵੇ ਦੀ ਸਮਾਧੀ, ਗਲ ਵਿਚ ਮਾਲਾ ਤੇ ਮੱਥੇ ਉਤੇ ਤਿਲਕ; ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਸਾਰੇ ਕਰਮ ਫੋਕੇ ਹਨ।

(2) ਰਿਸ਼ਵਤਾਂ ਖਾਣੀਆਂ, ਪਰ ਪੜ੍ਹਨੀਆਂ ਨਿਮਾਜ਼ਾਂ; ਗ਼ਰੀਬਾਂ ਉਤੇ ਜ਼ੁਲਮ ਕਮਾਈ ਜਾਣੇ, ਪਰ ਗਲ ਵਿਚ ਜਨੇਊ; = ਇਹ ਨਿਮਾਜ਼ਾਂ ਤੇ ਇਹ ਜਨੇਊ ਆਤਮਕ ਜੀਵਨ ਦਾ ਕੁਝ ਭੀ ਨਹੀਂ ਸਵਾਰਦੇ। ਅਜਿਹੇ ਵੱਢੀ-ਖਾਣੇ ਜਨੇਊ-ਧਾਰੀਆਂ ਦੇ ਘਰੀਂ ਸਰਾਧ ਆਦਿਕ ਦਾ ਭੋਜਨ ਖਾ ਕੇ ਸਗੋਂ ਬ੍ਰਾਮਣ ਭੀ ਆਪਣਾ ਜੀਵਨ ਮਲੀਨ ਕਰ ਲੈਂਦੇ ਹਨ।

(3) ਇਹ ਮਨੁੱਖਾ ਜਨਮ ਦਾ ਸਮਾ ਇਸ ਵਾਸਤੇ ਨਹੀਂ ਹੈ ਕਿ ਲੋਕਾਂ ਵਿਚ ਧਰਮੀ ਅਖਵਾਣ ਦੀ ਖ਼ਾਤਰ ਤੇ ਲੋਕਾਂ ਨੂੰ ਠੱਗਣ ਦੀ ਖ਼ਾਤਰ ਅੱਖਾਂ ਮੀਟ ਕੇ ਨੱਕ ਨੂੰ ਫੜ ਕੇ ਸਮਾਧੀ ਦੀ ਸ਼ਕਲ ਵਿਚ ਬੈਠੋ, ਤੇ ਸਰਧਾਲੂਆਂ ਨੂੰ ਆਖਦੇ ਰਹੋ ਕਿ ਸਾਨੂੰ ਇਸ ਤਰ੍ਹਾਂ ਤਿੰਨੇ ਹੀ ਲੋਕ ਦਿੱਸ ਰਹੇ ਹਨ। ਇਹਨਾਂ ਢਬਾਂ ਨਾਲ ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ।

(4) ਕੈਂਹ ਦਾ ਭਾਂਡਾ ਵੇਖਣ ਨੂੰ ਸਾਫ਼ ਤੇ ਲਿਸ਼ਕਵਾਂ ਹੁੰਦਾ ਹੈ, ਪਰ ਇਸ ਨਾਲ ਹੱਥ ਘਸਾਓ ਹੱਥ ਕਾਲਾ ਹੋ ਜਾਇਗਾ। ਬਾਹਰਲੀ ਲਿਸ਼ਕ ਕਿਸ ਅਰਥ, ਜੇ ਅੰਦਰ ਕਾਲਾ ਹੈ?

ਚੌਹਾਂ ਪਾਸਿਆਂ ਤੋਂ ਚਿੱਤਰੇ ਹੋਏ ਪੱਕੇ ਸੋਹਣੇ ਘਰਾਂ ਦਾ ਕੀਹ ਲਾਭ ਜੇ ਉਹਨਾਂ ਵਿਚ ਕੋਈ ਵੱਸਦਾ ਨਾਹ ਹੋਵੇ?

ਚਿੱਟੇ ਖੰਭਾਂ ਵਾਲੇ ਬਗੁਲੇ ਤੀਰਥਾਂ ਉਤੇ ਵੱਸਦੇ ਹੋਣ। ਤਾਂ ਭੀ ਕੀਹ ਹੋਇਆ? ਖਾਣੀਆਂ ਤਾਂ ਉਹਨਾਂ ਡੱਡੀਆਂ ਤੇ ਮੱਛੀਆਂ ਹੀ ਹਨ।

ਉੱਚੇ ਲੰਮੇ ਸਿੰਬਲ ਦੇ ਫਲ ਤੋਤਿਆਂ ਦੇ ਕਿਸ ਭਾ? ਉਹਨਾਂ ਦੇ ਅੰਦਰ ਤਾਂ ਰੂੰ ਹੀ ਹੁੰਦਾ ਹੈ।

ਪਹਾੜੀ ਰਸਤੇ ਵਾਂਗ ਜੀਵਨ-ਪੰਧ ਬੜਾ ਔਖਾ ਹੈ। ਲੋਕ-ਵਿਖਾਵੇ ਤੇ ਚਲਾਕੀਆਂ ਮਦਦ ਨਹੀਂ ਕਰਦੀਆਂ।

(5) ਜੇਠ-ਹਾੜ ਦੀ ਰੁਤੇ ਪੰਜਾਬ ਵਿਚ ਬੜੀਆਂ ਭਿਆਨਕ ਹਨੇਰੀਆਂ ਆਉਂਦੀਆਂ ਹਨ। ਆਮ ਤੌਰ ਤੇ ਹਨੇਰੀ ਸ਼ਾਮ ਵੇਲੇ ਦੇ ਕਰੀਬ ਆਉਂਦੀ ਹੈ। ਪੇਂਡੂ ਘਰਾਂ ਵਿਚ ਮਿੱਟੀ ਦੇ ਦੀਵੇ, ਰੂੰ ਦੀਆਂ ਵੱਟੀਆਂ, ਤੇ ਸਰਹੋਂ ਦਾ ਤੇਲ। ਬੂਹੇ ਬੰਦ ਕਰ ਕੇ ਲੋਕ ਚਾਨਣ ਲਈ ਦੀਵੇ ਜਗਾਂਦੇ ਹਨ। ਪਰ ਜੇ ਰਤਾ ਭੀ ਬੂਹਾ ਖੁਲ੍ਹ ਜਾਏ, ਹਨੇਰੀ ਦਾ ਇਕੋ ਹੀ ਬੁੱਲਾ, ਤੇ ਦੀਵਾ ਗੁੱਲ।

ਜਿਸ ਮਨੁੱਖੀ ਹਿਰਦੇ ਵਿਚ ਲੋਭ ਦੀ ਹਨੇਰੀ ਹਰ ਵੇਲੇ ਝੁੱਲ ਰਹੀ ਹੋਵੇ, ਉਥੇ ਹੱਕ ਬੇ-ਹੱਕ ਪਰਖਣ ਲਈ ਗਿਆਨ ਦਾ ਦੀਵਾ ਕਿਵੇਂ ਬਲੇ?

(6) ਸੱਪ ਬੜਾ ਜ਼ਹਰੀਲਾ ਜਾਨਵਰ ਹੈ, ਮਨੁੱਖ ਨੂੰ ਇਸ ਤੋਂ ਹਰ ਵੇਲੇ ਖ਼ਤਰਾ ਹੁੰਦਾ ਹੈ। ਵਰਖਾ-ਰੁੱਤੇ ਇਹ ਖੁੱਡਾਂ ਵਿਚੋਂ ਨਿਕਲਦੇ ਹਨ। ਧਰਤੀ ਦੇ ਹਜ਼ਾਰਾਂ ਮਨੁੱਖ ਸਾਲ ਦੇ ਸਾਲ ਸੱਪ ਦੇ ਡੰਗ ਨਾਲ ਸਦਾ ਦੀ ਨੀਂਦਰੇ ਸੌਂ ਜਾਂਦੇ ਹਨ। ਮਨੁੱਖ ਭੀ ਆਪਣੇ ਇਸ ਵੈਰੀ ਨੂੰ ਜਿਥੇ ਵੇਖਦਾ ਹੈ ਜਾਨੋਂ ਮਾਰਨ ਦਾ ਜਤਨ ਕਰਦਾ ਹੈ।

ਪਰ ਜੇ ਕੋਈ ਅੰਞਾਣ ਮਨੁੱਖ ਸੱਪ ਨੂੰ ਮਾਰਨ ਦੇ ਥਾਂ ਉਸ ਦੀ ਖੁੱਡ ਨੂੰ ਬੰਦ ਕਰ ਦੇਵੇ, ਤਾਂ ਇਸ ਤਰ੍ਹਾਂ ਵੈਰੀ ਵਲੋਂ ਖ਼ਤਰਾ ਮੁੱਕ ਨਹੀਂ ਸਕਦਾ। ਇਸੇ ਤਰ੍ਹਾਂ ਵਿਗੜੇ ਮਨ ਨੂੰ ਸੋਧਣ ਦੇ ਥਾਂ ਸਰੀਰ ਨੂੰ ਧਾਰਮਿਕ ਪਹਿਰਾਵੇ ਪਹਿਨਾਇਆਂ ਕੋਈ ਲਾਭ ਨਹੀਂ ਹੁੰਦਾ।

(7) ਹੰਸ ਮਾਨਸਰੋਵਰ ਦੇ ਡੂੰਘੇ ਪਾਣੀਆਂ ਵਿਚ ਤਾਰੀਆਂ ਲਾਉਂਦੇ ਹਨ। ਹੰਸਾਂ ਦੀ ਖ਼ੁਰਾਕ ਮੋਤੀ। ਪਾਣੀ ਤੇ ਦੁੱਧ ਨੂੰ ਵਖ ਵਖ ਕਰ ਸਕਣ ਦੀ ਕੁਦਰਤੀ ਸ਼ਕਤੀ ਉਹਨਾਂ ਦੀ ਚੁੰਝ ਨੂੰ। ਬਗਲਾ ਵਿਚਾਰਾ ਛੋਟੇ ਪਾਣੀਆਂ ਵਿਚ ਖਲੋਣ ਵਾਲਾ। ਪਿਆ ਖਲੋਵੇ ਇਕ ਟੰਗ-ਭਾਰ, ਪਰ ਉਸ ਦੀ ਖ਼ੁਰਾਕ ਮੱਛੀਆਂ। ਹੰਸਾਂ ਦੀ ਰੀਸੇ ਜੇ ਕਿਤੇ ਬਗਲਾ ਭੀ ਡੂੰਘੇ ਪਾਣੀ ਵਿਚ ਤਰਨ ਦਾ ਜਤਨ ਕਰੇ, ਤਾਂ ਡੁੱਬੇਗਾ ਹੀ।

ਪਖੰਡੀ ਭੇਖੀ ਸੱਚੇ ਆਸ਼ਿਕਾਂ ਦੀ ਬਰਾਬਰੀ ਨਹੀਂ ਕਰ ਸਕਦੇ।

(8) ਹਾਥੀ ਜਦੋਂ ਕਿਸੇ ਨਦੀ ਨਾਲੇ ਤੇ ਪਾਣੀ ਪੀਣ ਜਾਂਦਾ ਹੈ ਤਾਂ ਆਪਣੀ ਸੁੰਡ ਨਾਲ ਪਾਣੀ ਉਛਾਲ ਉਛਾਲ ਕੇ ਬੜੇ ਆਨੰਦ ਨਾਲ ਨ੍ਹਾਉਂਦਾ ਭੀ ਹੈ। ਕਿਤਨਾ ਕਿਤਨਾ ਸਮਾ ਇਸ ਮੌਜ ਵਿਚ ਗੁਜ਼ਾਰ ਦੇਂਦਾ ਹੈ।

ਪਰ ਨਦੀ ਵਿਚੋਂ ਬਾਹਰ ਨਿਕਲ ਕੇ ਸੁੰਡ ਨਾਲ ਘੱਟਾ ਮਿੱਟੀ ਇਕੱਠਾ ਕਰ ਕੇ ਆਪਣੇ ਪਿੰਡੇ ਉਤੇ ਪਾਈ ਜਾਂਦਾ ਹੈ। ਉਸ ਦਾ ਸਾਰਾ ਇਸ਼ਨਾਨ ਮਿੱਟੀ ਵਿਚ ਮਿਲ ਜਾਂਦਾ ਹੈ।

ਪ੍ਰਭੂ ਦਾ ਸਿਮਰਨ ਮਨੁੱਖ ਦੇ ਮਨ ਵਾਸਤੇ ਜਲ ਹੈ, ਪਰ ਕੀਤੇ ਧਾਰਮਿਕ ਕਰਮਾਂ ਦੀ ਹਉਮੈ ਚਿੱਕੜ ਹੈ ਜੋ ਮਨ ਨੂੰ ਗੰਦਾ ਕਰਦੀ ਜਾਂਦੀ ਹੈ।

(9) ਬਗੁਲਾ ਮਾਨਸਰ ਤੇ ਜਾ ਬੈਠੇ, ਉਥੇ ਭੀ ਡੱਡੀਆਂ ਮੱਛੀਆਂ ਦੀ ਭਾਲ ਕਰੇਗਾ। ਕਾਂ ਸਦਾ ਕਰੰਗ ਜਾਂ ਵਿਸ਼ਟੇ ਤੇ ਰੀਝੇਗਾ।

ਹਰਿ ਜਨਾਂ ਦੀ ਸੰਗਤ ਅੰਮ੍ਰਿਤ ਦਾ ਸਰੋਵਰ ਹੈ। ਸੁਆਰਥੀ ਬੰਦਿਆਂ ਨੂੰ ਅਜੇਹੇ ਪਵਿਤ੍ਰ ਅਸਥਾਨ ਤੋਂ ਭੀ ਕੁਝ ਪ੍ਰਾਪਤ ਨਹੀਂ ਹੁੰਦਾ। ਸਤਸੰਗ ਵਿਚ ਬੈਠ ਕੇ ਭੀ ਉਹਨਾਂ ਦੀ ਸੁਰਤਿ ਸੁਆਰਥ ਤੇ ਵਿਕਾਰਾਂ ਵਲ ਹੀ ਰਹਿੰਦੀ ਹੈ।

(10) ਹਾਥੀ ਨੂੰ ਕਿਤਨਾ ਹੀ ਮਲ ਕੇ ਇਸ਼ਨਾਨ ਕਰਾਵੋ, ਉਹ ਮੁੜ ਚਿੱਕੜ ਤੇ ਮਿੱਟੀ ਘੱਟਾ ਆਪਣੇ ਉਤੇ ਪਾ ਲੈਂਦਾ ਹੈ। ਪਰਮਾਤਮਾ ਦੀ ਯਾਦ ਨੂੰ ਛੱਡ ਕੇ ਆਪਣੇ ਵਲੋਂ ਕਿਤਨੇ ਹੀ ਪੁੰਨ-ਕਰਮ ਕਰੀ ਜਾਉ, ਮਨ ਨੂੰ ਹਉਮੈ ਦੀ ਮੈਲ ਹੋਰ ਵਧੀਕ ਲੱਗਦੀ ਜਾਇਗੀ।

(11) ਦਰਿਆ-ਕੰਢੇ ਵੱਸਦੇ ਪਿੰਡਾਂ ਦੇ ਮੁੰਡੇ ਡੰਗਰ ਚਾਰਨ ਦਰੀਆ ਦੇ ਬੇਲੇ ਵਿਚ ਜਾਂਦੇ ਹਨ। ਡੰਗਰ ਬੇਲੇ ਵਿਚ ਚਰਦੇ ਹਨ। ਮੁੰਡੇ ਦਰੀਆ ਕੰਢੇ ਖੇਡਦੇ ਰਹਿੰਦੇ ਹਨ। ਕਈ ਵਾਰੀ ਰੇਤ ਵਿਚ ਆਪਣੇ ਪੈਰ ਰੱਖ ਕੇ ਰੇਤ ਨੂੰ ਨੱਪ ਕੇ ਰੇਤ ਦੇ ਘਰ ਭੀ ਬਣਾਉਂਦੇ ਹਨ। ਪਰ ਰੇਤ ਦੇ ਘਰ ਉਧਰ ਬਣਦੇ ਹਨ, ਉਧਰ ਢਹਿੰਦੇ ਜਾਂਦੇ ਹਨ। ਜੇ ਦਰੀਆ ਦੇ ਪਾਣੀ ਦੀ ਛੱਲ ਆ ਜਾਏ, ਤਾਂ ਉਹਨਾਂ ਘਰਾਂ ਦਾ ਕਿਤੇ ਨਾਮ-ਨਿਸ਼ਾਨ ਨਹੀਂ ਰਹਿ ਜਾਂਦਾ।

ਆਪਣੇ ਵਡੱਪਣ ਦੀ ਖ਼ਾਤਰ ਕੀਤੇ ਹੋਏ ਦਾਨ-ਪੁੰਨ ਆਦਿਕ ਦੇ ਕੰਮਾਂ ਤੋਂ ਇਹ ਆਸ ਨਹੀਂ ਹੋਣੀ ਚਾਹੀਦੀ ਕਿ ਇਸ ਦਾਨ-ਪੁੰਨ ਨਾਲ ਮਨ ਵਿਚ ਦਇਆ ਘਰ ਕਰ ਲਏਗੀ। ਹਉਮੈ ਦੀ ਛੱਲ ਨਾਲੋ ਨਾਲ ਹੀ ਮਨ ਵਿਚੋਂ ਦਇਆ ਆਦਿਕ ਸ਼ੁਭ ਗੁਣਾਂ ਦਾ ਸਫ਼ਾਇਆ ਕਰਦੀ ਜਾਂਦੀ ਹੈ।

(12) ਇਸ਼ਨਾਨ ਦੇ ਬਾਹਰਲੇ ਸਾਧਨ ਮਨ ਦੀ ਵਿਕਾਰਾਂ ਦੀ ਮੈਲ ਦੂਰ ਨਹੀਂ ਕਰ ਸਕਦੇ।

(13) ਹਲਕਾਇਆ ਕੁੱਤਾ ਹਰ ਕਿਸੇ ਨੂੰ ਕੱਟਦਾ ਫਿਰਦਾ ਹੈ, ਤੇ ਇਸ ਤਰ੍ਹਾਂ ਹੋਰਨਾਂ ਨੂੰ ਭੀ ਹਲਕਾਇਆ ਕਰਦਾ ਜਾਂਦਾ ਹੈ। ਹਲਕੇ ਕੁੱਤੇ ਦੇ ਮੂੰਹ ਦੀ ਝੱਗ ਭੀ ਇਤਨੀ ਖ਼ਤਰਨਾਕ ਹੁੰਦੀ ਹੈ ਕਿ ਜਿਸ ਨੂੰ ਲੱਗ ਜਾਏ, ਉਸ ਉਤੇ ਹਲਕ ਦਾ ਅਸਰ ਹੋ ਜਾਂਦਾ ਹੈ।

ਮਾਇਆ ਦਾ ਲੋਭ ਮਨੁੱਖ ਦੇ ਮਨ ਵਾਸਤੇ ਹਲਕ ਸਮਾਨ ਹੈ। ਲੋਭ-ਵੱਸ ਮਨੁੱਖ ਹੱਕ-ਬਿ-ਹੱਕ ਦੀ ਪਰਵਾਹ ਨਹੀਂ ਕਰਦਾ। ਲੋਭੀ ਦਾ ਸੰਗ ਭੀ ਮਾੜਾ। ਹੋਰਨਾਂ ਦੇ ਅੰਦਰ ਭੀ ਲੋਭ-ਹਲਕ ਪੈਦਾ ਕਰਦਾ ਹੈ।

ਜਿਸ ਮਨੁੱਖ ਦੇ ਮਨ ਵਿਚ ਲੋਭ-ਹਲਕ ਹੋਵੇ, ਉਸ ਦੇ ਬਾਹਰਲੇ ਧਾਰਮਿਕ ਭੇਖ ਕਿਸੇ ਕੰਮ ਨਹੀਂ।

(14) ਮਨੁੱਖ-ਜਾਤੀ ਦੇ ਵੈਰੀ ਸੱਪ ਦੀ ਨਿਰੀ ਖੁੱਡ ਬੰਦ ਕੀਤਿਆਂ ਸੱਪ ਦਾ ਖ਼ਤਰਾ ਟਲ ਨਹੀਂ ਜਾਂਦਾ। ਵਿਗੜਿਆ ਮਨ ਸੱਪ-ਸਮਾਨ ਹੈ। ਸਰੀਰਕ ਇਸ਼ਨਾਨ ਮਨ ਦੀ ਮੈਲ ਦੂਰ ਨਹੀਂ ਕਰ ਸਕਦੇ।

(15) ਹੰਸਾਂ ਦੀ ਖ਼ੁਰਾਕ ਹੈ ਮੋਤੀ, ਤੇ ਬਗਲਿਆਂ ਦੀ ਡੱਡੀਆਂ ਮੱਛੀਆਂ। ਹੰਸਾਂ ਵਿਚ ਕਦੇ ਨਿਰੇ ਬੈਠਣ ਨਾਲ ਬਗਲੇ ਹੰਸ ਨਹੀਂ ਬਣ ਜਾਂਦੇ, ਉਹ ਸਦਾ ਡੱਡ-ਮੱਛੀ ਖਾਂਦੇ ਹੀ ਰਹਿਣਗੇ। ਸੁਆਰਥੀ ਤੇ ਮਾਇਆ-ਵੇੜ੍ਹਿਆ ਮਨੁੱਖ ਪਿਆ ਅੱਖਾਂ ਮੀਟ ਮੀਟ ਕੇ ਭਜਨ ਗਾਵੇ, ਮਾਇਆ ਦਾ ਜੱਫਾ ਟਿਕਿਆ ਹੀ ਰਹੇਗਾ। ਮਨ ਨੂੰ ਵਿਕਾਰਾਂ ਵਲੋਂ ਰੋਕਣ ਦੀ ਲੋੜ ਹੈ।

(16) ਸਾਬਤ ਮੋਠ ਰਿੰਨ੍ਹਣੇ ਧਰੋ। ਮੋਠ ਤਾਂ ਗਲ ਜਾਣਗੇ, ਪਰ ਕੋਰੜੂ ਪੱਥਰ ਹੀ ਰਹਿਣਗੇ। ਵੇਖਣ ਨੂੰ ਉਹ ਭੀ ਮੋਠ ਹੀ ਹਨ, ਪਰ ਉਹਨਾਂ ਉਤੇ ਉਬਲਦੇ ਪਾਣੀ ਦਾ ਅਸਰ ਨਹੀਂ ਹੁੰਦਾ। ਜਿਸ ਮਨੁੱਖ ਦਾ ਮਨ ਅੰਦਰੋਂ ਮੋਹ ਨਾਲ ਕੋਰੜ ਮੋਠ ਬਣਿਆ ਪਿਆ ਹੈ, ਉਸ ਦੇ ਬਾਹਰਲੇ ਧਰਮ ਕਰਮ ਵਿਅਰਥ ਜਾਂਦੇ ਹਨ।

(17) ਹਿੰਦੂ ਹੋਵੇ ਚਾਹੇ ਮੁਸਲਮਾਨ, ਬਾਹਰਲਾ ਭੇਖ ਮੁੱਲ ਨਹੀਂ ਪਾਂਦਾ। ਇਕ ਪਰਮਾਤਮਾ ਦਾ ਪਿਆਰ ਹੀ ਪਰਵਾਨ ਹੈ।

(18) ਪੈਲੀ ਵਿਚ ਨਿੱਤ ਹਲ ਵਾਹੀ ਜਾਵੋ, ਜਦ ਤਕ ਬੀਜ ਨਹੀਂ ਬੀਜੋਗੇ, ਫ਼ਸਲ ਦੀ ਕਦੇ ਆਸ ਨਹੀਂ ਹੋ ਸਕਦੀ। ਦੁੱਧ ਰਿੜਕਿਆਂ ਤਾਂ ਮੱਖਣ ਨਿਕਲ ਸਕੇਗਾ, ਪਰ ਪਾਣੀ ਨੂੰ ਰਿੜਕੋ, ਸਾਰੀ ਉਮਰ ਰਿੜਕੀ ਜਾਵੋ. ਮੱਖਣ ਨਹੀਂ ਨਿਕਲ ਸਕਦਾ।

ਗੁਣਾਂ ਦਾ ਸੋਮਾ ਹੈ ਪਰਮਾਤਮਾ। ਜਦ ਤਕ ਮਨੁੱਖ ਇਸ ਸੋਮੇ ਤੋਂ ਵਿਛੁੜਿਆ ਹੋਇਆ ਹੈ, ਬੇ-ਸ਼ੱਕ ਹੋਰ ਹੋਰ ਪੁੰਨ ਕਰਮ ਕਰੀ ਜਾਏ, ਅਸਲੀ ਉੱਚਾ ਆਤਮਕ ਜੀਵਨ ਨਹੀਂ ਮਿਲ ਸਕਦਾ।

(19) ਕਹਣਾ ਬੜਾ ਸੋਹਣਾ ਬਾਰੀਕ ਜਾਲਾ ਤਣਦਾ ਹੈ। ਅਨੇਕਾਂ ਮੱਖੀਆਂ ਤੇ ਮੱਛਰ ਹਰ ਰੋਜ਼ ਉਸ ਦੇ ਜਾਲੇ ਵਿਚ ਫਸਦੇ ਹਨ। ਕਹਣਾ ਉਹਨਾਂ ਦੇ ਲਹੂ ਉਤੇ ਪਲਦਾ ਰਹਿੰਦਾ ਹੈ। ਪਰ ਆਖ਼ਰ ਉਹੀ ਜਾਲਾ ਉਸ ਦੀ ਆਪਣੀ ਮੌਤ ਦਾ ਕਾਰਣ ਬਣਦਾ ਹੈ। ਉਸ ਦੇ ਆਪਣੇ ਹੀ ਬੱਚੇ ਉਸ ਨੂੰ ਉਸ ਜਾਲੇ ਵਿਚ ਘੇਰ ਲੈਂਦੇ ਹਨ, ਤੇ ਉਸ ਦਾ ਲਹੂ ਪੀ ਜਾਂਦੇ ਹਨ।

ਪਖੰਡੀ ਮਨੁੱਖ ਆਪਣੇ ਦੁਆਲੇ ਧਾਰਮਿਕ ਵਿਖਾਵੇ ਦਾ ਜਾਲਾ ਤਣੀ ਰੱਖਦਾ ਹੈ। ਖ਼ੁਸ਼ ਹੁੰਦਾ ਰਹਿੰਦਾ ਹੈ ਅਨੇਕਾਂ ਸ਼ਰਧਾਲੂਆਂ ਨੂੰ ਠੱਗ ਠੱਗ ਕੇ। ਪਰ ਇਹ ਜਾਲਾ ਸਹਜੇ ਸਹਜੇ ਉਸ ਨੂੰ ਆਤਮਕ ਮੌਤੇ ਮਾਰ ਦੇਂਦਾ ਹੈ।

(20) ਬਾਹਰੋਂ ਸੰਤਾਂ ਵਾਲਾ ਬਾਣਾ ਹੋਵੇ, ਚੌਂਕੇ ਦੀ ਬੜੀ ਸੁੱਚ ਭੀ ਰੱਖੀ ਹੋਵੇ, ਪਰ ਜੇ ਮਨ ਵਿਚ ਖੋਟ ਹੈ, ਤਾਂ ਉਹ ਸੰਤ ਨਹੀਂ, ਭਾਰਾ ਠੱਗ ਹੈ।

(21) ਗਾਈਆਂ ਦੇ ਰਾਖੇ ਗਵਾਲੇ ਦਾ ਇਹ ਫ਼ਰਜ਼ ਹੁੰਦਾ ਹੈ ਕਿ ਜਿੱਥੇ ਉਹ ਹਰ ਰੋਜ਼ ਉਹਨਾਂ ਨੂੰ ਜੂਹ ਵਿਚ ਚਾਰਦਾ ਫਿਰਦਾ ਹੈ ਉਥੇ ਉਹਨਾਂ ਨੂੰ ਹਰ ਕਿਸਮ ਦੇ ਖ਼ਤਰੇ ਤੋਂ ਬਚਾਈ ਰੱਖਣ ਲਈ ਭੀ ਸਾਵਧਾਨ ਰਹੇ, ਵਰਖਾ ਰੁੱਤੇ ਨਦੀਆਂ ਦੇ ਹੜ੍ਹਾਂ ਵਿਚੋਂ ਸਹੀ ਸਲਾਮਤਿ ਘਰੀਂ ਅਪੜਾਉਣ ਦੀ ਭੀ ਜ਼ਿੰਮੇਵਾਰੀ ਸਮਝੇ।

ਜਨਤਾ ਆਪਣੇ ਧਾਰਮਿਕ ਨੇਤਾਵਾਂ ਦੀ ਸੇਵਾ ਆਦਿਕ ਕਰ ਕੇ ਉਹਨਾਂ ਤੋਂ ਇਹ ਆਸ ਭੀ ਰੱਖਦੀ ਹੈ ਕਿ ਉਹ ਜਨਤਾ ਨੂੰ ਸਦਾ ਸਹੀ ਜੀਵਨ-ਅਗਵਾਈ ਦੇਣ। ਨਿਰੀ ਆਪਣੀ ਪੂਜਾ-ਪ੍ਰਤਿਸ਼ਠਾ ਦਾ ਖ਼ਿਆਲ ਰੱਖਣ ਵਾਲਾ ਮਨੁੱਖ ਆਗੂ ਅਖਵਾਉਣ ਦਾ ਹੱਕਦਾਰ ਨਹੀਂ ਹੁੰਦਾ।

(22) ਡੱਡੂ ਸਦਾ ਪਾਣੀ ਵਿਚ ਰਹਿੰਦੇ ਹਨ। ਪਰ ਇਹ ਨਿੱਤ-ਇਸ਼ਨਾਨੀ ਡੱਡੂ ਮੁਕਤ ਨਹੀਂ ਹੋ ਜਾਂਦੇ। ਨਿਰੇ ਸਰੀਰਕ ਇਸ਼ਨਾਨ ਮਨੁੱਖ ਦੇ ਮਨ ਦੀ ਮੈਲ ਦੂਰ ਨਹੀਂ ਕਰ ਸਕਦੇ। ਮਲੀਨ-ਮਤਿ ਕਿਸੇ ਪਵਿਤ੍ਰ ਧਰਤੀ ਤੇ ਸਦਾ ਟਿਕੇ ਰਹਿਣ ਨਾਲ ਹੀ ਮਹਾਤਮਾ ਅਖਵਾਉਣ ਦਾ ਹੱਕਦਾਰ ਨਹੀਂ ਹੋ ਜਾਂਦਾ।

(23) ਤੁੰਮੀ ਦੀ ਕੁੜਿੱਤਣ ਅਠਾਹਠ ਤੀਰਥਾਂ ਤੇ ਇਸ਼ਨਾਨ ਕਰਾਇਆਂ ਭੀ ਨਹੀਂ ਜਾਂਦੀ।

ਜੇ ਦਿਲ ਵਿਚ ਠੱਗੀ ਹੈ, ਤਾਂ ਮੂੰਹੋਂ ਗਿਆਨ ਦੀਆਂ ਗੱਲਾਂ ਕਰਨੀਆਂ ਨਿਰਾ ਪਾਣੀ ਰਿੜਕਣਾ ਹੈ।

(24) ਸਿਆਲ ਦੀ ਰੁੱਤ ਲੰਘ ਜਾਣ ਤੇ ਸੱਪ ਆਪਣੀ ਕੁੰਜ ਉਤਾਰ ਦੇਂਦਾ ਹੈ, ਪਰ ਇਸ ਤਰ੍ਹਾਂ ਉਸ ਦਾ ਜ਼ਹਿਰ ਦੂਰ ਨਹੀਂ ਹੋ ਜਾਂਦਾ। ਬਗਲਾ ਪਾਣੀ ਵਿਚ ਇਕ ਟੰਗ ਭਾਰ ਖਲੋਤਾ ਰਹਿੰਦਾ ਹੈ, ਪਰ ਉਸ ਦੀ ਤੱਕ ਸਦਾ ਮੱਛੀ ਵਲ ਰਹਿੰਦੀ ਹੈ।

ਮਨੁੱਖ ਆਪਣੇ ਮਨ ਨੂੰ ਸੁੱਧ ਕਰਨ ਦਾ ਜਤਨ ਨਾਹ ਕਰੇ, ਤੇ ਨਿਰੀਆਂ ਸਮਾਧੀਆਂ ਹੀ ਲਾਂਦਾ ਰਹੇ; ਉਹ ਸਮਾਧੀਆਂ ਵਿਅਰਥ ਹਨ।

(25) ਪਾਣੀ ਬਨਸਪਤੀ ਦੀ ਜਿੰਦ ਜਾਨ ਹੈ। ਔੜ ਦੇ ਮਾਰੇ ਫ਼ਸਲ ਵਰਖਾ ਨਾਲ ਮੁੜ ਹਰੇ ਭਰੇ ਹੋ ਜਾਂਦੇ ਹਨ। ਪਰ ਵਰਖਾ-ਰੁਤੇ ਨਿਵਾਣ ਪੈਲੀਆਂ ਦੇ ਜੇਹੜੇ ਫ਼ਸਲ ਪਾਣੀ ਵਿਚ ਕੁਝ ਦਿਨ ਡੁੱਬੇ ਰਹਿੰਦੇ ਹਨ, ਉਹ ਅਜੇਹੇ ਸੜਦੇ ਹਨ ਕਿ ਭਾਵੇਂ ਕਿਤਨੀ ਵਾਰੀ ਉਹਨਾਂ ਨੂੰ ਪਾਣੀ ਦਿਉ, ਉਹ ਨਹੀਂ ਪਲਰਦੇ।

ਜੇਹੜੇ ਬੰਦੇ ਨਿੱਤ ਧਰਮ-ਅਸਥਾਨਾਂ ਵਿਚ ਭੀ ਟਿਕੇ ਰਹਿੰਦੇ ਹਨ, ਤੇ ਵਿਕਾਰਾਂ ਦਾ ਭੀ ਸ਼ਿਕਾਰ ਬਣੇ ਰਹਿੰਦੇ ਹਨ, ਉਹਨਾਂ ਦੇ ਅੰਦਰ ਉੱਚਾ ਆਤਮਕ ਜੀਵਨ ਬਣਨਾ ਅਸੰਭਵ ਹੋ ਜਾਂਦਾ ਹੈ। ਜਿਸ ਚਾਉ ਤੇ ਉਤਸ਼ਾਹ ਨਾਲ ਉਹ ਪਹਿਲਾਂ ਪਹਿਲ ਧਰਮ-ਅਸਥਾਨ ਵਿਚ ਆਏ ਸਨ, ਉਹ ਉਤਸ਼ਾਹ ਸਦਾ ਲਈ ਮੁੱਕ ਜਾਂਦਾ ਹੈ।

22. ਚੁੰਚ-ਗਿਆਨਤਾ

1. ਸਲੋਕ ਮ: 1 (ਆਸਾ ਦੀ ਵਾਰ) . . . . ਪੜਿ ਪੜਿ ਗਡੀ ਲਦੀਅਹਿ (ਪੰਨਾ 467

2. ਸਲੋਕ ਮ: 1 (ਸੂਹੀ ਕੀ ਵਾਰ) . . . . ਦੀਵਾ ਬਲੈ ਅੰਧੇਰਾ ਜਾਇ (ਪੰਨਾ 791

3. ਸਲੋਕ ਮ: 1 (ਵਾਰ ਮਲਾਰ) . . . . ਹਰਣਾਂ ਬਾਜਾਂ ਤੈ ਸਿਕਦਾਰਾਂ (ਪੰਨਾ 1288

4. ਸਲੋਕ ਮ: 3 (ਵਾਰ ਸੋਰਠਿ) . . . . ਪੜਣਾ ਗੁੜਣਾ ਸੰਸਾਰ ਕੀ ਕਾਰ ਹੈ (ਪੰਨਾ 650

5. ਸਲੋਕ ਮ: 5 (ਗੂਜਰੀ ਕੀ ਵਾਰ) . . . . ਕੜਛੀਆ ਫਿਰੰਨ੍ਹ੍ਹਿ (ਪੰਨਾ 521

6. ਭੈਰਉ ਮ: 5 . . . . ਨਿਕਟਿ ਬੁਝੈ ਸੋ ਬੁਰਾ ਕਿਉ ਕਰੈ (ਪੰਨਾ 1138

7. ਟੋਡੀ ਨਾਮਦੇਵ ਜੀ . . . . ਕੋਈ ਬੋਲੈ ਨਿਰਵਾ (ਪੰਨਾ 718

ਭਾਵ:

(1) ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ; ਜੇ ਪੜ੍ਹ ਪੜ੍ਹ ਕੇ ਜ਼ਿੰਦਗੀ ਦੇ ਸਾਲਾਂ ਦੇ ਸਾਲ ਗੁਜ਼ਾਰ ਲਏ ਜਾਣ, ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਤਾਂ ਭੀ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ।

ਮਾਇਕ ਧਨ ਵਾਂਗ ਵਿੱਦਿਆ-ਧਨ ਵੀ ਹਉਮੈ ਹੀ ਵਧਾਏਗਾ।

(2) ਵੇਦ ਆਦਿਕ ਧਰਮ-ਪੁਸਤਕਾਂ ਦੇ ਨਿਰੇ ਪਾਠ ਤਾਂ ਦੁਨੀਆਵੀ ਵਿਹਾਰ ਹੀ ਸਮਝੋ। ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ। ਜਦ ਤਕ ਮਤਿ ਨਹੀਂ ਬਦਲਦੀ, ਨਿਰੇ ਪਾਠ ਤੇ ਅਰਥ-ਵਿਚਾਰ ਆਤਮਕ ਜੀਵਨ ਦਾ ਕੁਝ ਭੀ ਨਹੀਂ ਸਵਾਰਦੇ।

ਜਿਵੇਂ ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਵੇਦ ਆਦਿਕ ਧਰਮ ਪੁਸਤਕਾਂ ਦੀ ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰਦੀ ਹੈ।

ਉਹ ਮਨੁੱਖ ਹੀ ਪਾਪਾਂ ਦੇ ਹਨੇਰੇ ਤੋਂ ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ।

(3) ਲੋਕ ਹਰਣਾਂ ਤੇ ਬਾਜਾਂ ਨੂੰ ਪਾਲ ਕੇ ਗਿਝਾ ਕੇ ਉਹਨਾਂ ਦੀ ਰਾਹੀਂ ਹੋਰ ਹਰਣਾਂ ਤੇ ਪੰਛੀਆਂ ਨੂੰ ਫੜਦੇ ਹਨ। ਵਿੱਦਿਆ ਪੜ੍ਹ ਕੇ ਮਨੁੱਖ ਕਚਹਿਰੀਆਂ ਆਦਿਕ ਦੇ ਦਫ਼ਤਰਾਂ ਵਿਚ ਨੌਕਰੀ ਕਰਦੇ ਹਨ, ਤੇ, ਲੋਕਾਂ ਪਾਸੋਂ ਰੱਜ ਕੇ ਰਿਸ਼ਵਤਾਂ ਲੈਂਦੇ ਹਨ।

ਇਹ ਕਾਹਦੀ ਹੈ ਵਿੱਦਿਆ? ਇਹ ਤਾਂ ਫਾਹੀ ਹੈ ਫਾਹੀ। ਹਰਣ ਪੜ੍ਹ ਕੇ (ਗਿੱਝ ਕੇ) ਆਪਣੇ ਜਾਤਿ-ਭਰਾਵਾਂ ਨੂੰ ਮਨੁੱਖ ਦੀ ਫਾਹੀ ਵਿਚ ਲਿਆ ਫਸਾਂਦੇ ਹਨ, ਬਾਜ ਹੋਰ ਪੰਛੀਆਂ ਦੀ ਮੌਤ ਦਾ ਕਾਰਨ ਬਣਦੇ ਹਨ। ਪੜ੍ਹੇ ਹੋਏ ਚੁਸਤ-ਚਲਾਕ ਮਨੁੱਖ ਭੀ ਆਪਣੇ ਭਰਾਵਾਂ ਵਾਸਤੇ ਫਾਹੀਆਂ ਅੱਡਦੇ ਹਨ।

ਉਸ ਨੂੰ ਅਸਲ ਵਿੱਦਿਆ ਨਾਹ ਆਖੋ ਜਿਸ ਦੀ ਮਦਦ ਨਾਲ ਮਨੁੱਖ ਮਨੁੱਖਾਂ ਦਾ ਲਹੂ ਪੀਣ ਵਿਚ ਚੁਸਤ ਹੋ ਜਾਣ।

(4) ਪੁਸਤਕਾਂ ਪੜ੍ਹਨੀਆਂ ਤੇ ਉਹਨਾਂ ਨੂੰ ਵਿਚਾਰਨਾ ਹੋਰ ਕਾਰ-ਵਿਹਾਰਾਂ ਵਾਂਗ ਇਕ ਵਿਹਾਰ ਹੀ ਹੈ। ਮਨੁੱਖ ਦੀ ਅਕਲ ਇਸ ਨਾਲ ਤੇਜ਼ ਹੋ ਜਾਂਦੀ ਹੈ। ਪਰ ਜੇ ਇਸ ਵਿੱਦਿਆ ਦਾ ਮਨੁੱਖ ਦੇ ਜੀਵਨ ਉਤੇ ਕੋਈ ਅਸਰ ਨਹੀਂ ਪੈਂਦਾ, ਜੇ ਮਨੁੱਖ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰ ਟਿਕੇ ਹੀ ਰਹਿੰਦੇ ਹਨ, ਤਾਂ ਵਿੱਦਿਆ ਦੇ ਅਹੰਕਾਰ ਅਤੇ ਮਾਇਆ ਦੇ ਮੋਹ ਵਿਚ ਮਨੁੱਖ ਅੰਤਰ ਆਤਮੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ।

ਉਸ ਮਨੁੱਖ ਨੂੰ ਹੀ ਪੜ੍ਹਿਆ ਹੋਇਆ ਤੇ ਸਿਆਣਾ ਜਾਣੋ ਜੋ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਖੋਜਦਾ ਹੈ, ਤੇ, ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜਨੀ ਸਿੱਖਦਾ ਹੈ।

(5) ਦਾਲ ਭਾਜੀ ਦੇ ਭਾਂਡੇ ਵਿਚ ਕੜਛੀ ਫੇਰੀਦੀ ਹੈ, ਪਰ ਉਸ ਕੜਛੀ ਨੂੰ ਉਸ ਭਾਜੀ ਦਾ ਉਸ ਦਾਲ ਦਾ ਕੋਈ ਸੁਆਦ ਨਹੀਂ ਆਉਂਦਾ।

ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ। ਸੋਹਣੇ ਮੂੰਹ ਉਹ ਹਨ ਜਿਹੜੇ ਪਰਮਾਤਮਾ ਦੇ ਪਿਆਰ ਦੇ ਸੁਆਦ ਵਿਚ ਰੰਗੇ ਜਾਂਦੇ ਹਨ।

(6) ਹਰ ਕੋਈ ਆਖਦਾ ਹੈ ਕਿ ਪਰਮਾਤਮਾ ਸਭ ਦੇ ਨੇੜੇ ਹੈ ਸਭ ਦੇ ਅੰਦਰ ਹੈ। ਪਰ ਇਸ ਚੁੰਚ-ਗਿਆਨਤਾ ਦਾ ਕੀਹ ਲਾਭ, ਜੇ ਅਮਲੀ ਜੀਵਨ ਇਸ ਕਥਨੀ ਦੇ ਅਨੁਸਾਰ ਨਹੀਂ ਹੈ?

ਜਿਹੜਾ ਮਨੁੱਖ ਦੂਜਿਆਂ ਦਾ ਨੁਕਸਾਨ ਕਰਦਾ ਹੈ, ਜਿਹੜਾ ਮਨੁੱਖ ਪਰਾਇਆ ਧਨ ਚੁਰਾਣ ਦੇ ਜਤਨ ਕਰਦਾ ਰਹਿੰਦਾ ਹੈ, ਜਿਹੜਾ ਮਨੁੱਖ ਕਾਰ-ਵਿਹਾਰ ਵਿਚ ਸਦਾ ਝੂਠ ਬੋਲਦਾ ਹੈ, ਉਸ ਦਾ ਜ਼ਬਾਨੀ ਜ਼ਬਾਨੀ ਇਹ ਆਖਣ ਦਾ ਕੀਹ ਲਾਭ ਕਿ ਪਰਮਾਤਮਾ ਹਰੇਕ ਦੇ ਅੰਦਰ ਵੱਸਦਾ ਹੈ?

ਵਿੱਦਿਆ ਉਹ ਜੋ ਮਨੁੱਖ ਦੇ ਆਤਮਕ ਜੀਵਨ ਦੇ ਕਵਾੜ ਖੋਲ੍ਹ ਦੇਵੇ, ਜੋ ਮਨੁੱਖ ਦਾ ਰੋਜ਼ਾਨਾ ਜੀਵਨ ਸੋਹਣਾ ਬਣਾ ਦੇਵੇ।

(7) ਕੋਈ ਮਨੁੱਖ ਆਖਦਾ ਹੈ ਪਰਮਾਤਮਾ ਅਸਾਡੇ ਨੇੜੇ ਵੱਸਦਾ ਹੈ ਕੋਈ ਆਖਦਾ ਹੈ ਕਿ ਸਾਥੋਂ ਕਿਸੇ ਦੂਰ ਥਾਂ ਤੇ ਹੈ। ਪਰ ਨਿਰਾ ਬਹਸ ਨਾਲ ਨਿਰਨਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉਤੇ ਚੜ੍ਹਨ ਦਾ ਜਤਨ ਕਰੇ। ਪਰਮਾਤਮਾ ਨੇੜੇ ਹੈ ਕਿ ਦੂਰ, ਇਸ ਬਾਰੇ ਆਪਣੀ ਵਿੱਦਿਆ ਦਾ ਵਿਖਾਵਾ ਕਰਨ ਲਈ ਬਹਸ ਇਕ ਵਿਅਰਥ ਜਤਨ ਹੈ।

ਵਿੱਦਿਆ ਦੇ ਬਲ ਨਾਲ ਪਰਮਾਤਮਾ ਦੀ ਹਸਤੀ ਬਾਰੇ ਬਹਿਸ ਕਰਨੀ ਵਿਅਰਥ ਉੱਦਮ ਹੈ। ਉਸ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ।

23. ਮਨ

1. ਮਾਰੂ ਮ: 1 . . . . ਸੂਰ ਸਰੁ ਸੋਸਿ ਲੈ (ਪੰਨਾ 991

2. ਸਲੋਕ ਮ: 1 (ਸਾਰਗ ਕੀ ਵਾਰ) . . . . ਨ ਭੀਜੈ ਰਾਗੀ ਨਾਦੀ ਬੇਦਿ (ਪੰਨਾ 1237

3. ਪਉੜੀ ਮ: 3 . . . . ਜੋ ਜਨ ਲੂਝਹਿ ਮਨੈ ਸਿਉ (ਪੰਨਾ 1088

4. ਸਲੋਕ ਮ: 3 (ਵਾਰ ਮਾਰੂ) . . . . ਮਾਰੂ ਮਾਰਣ ਜੋ ਗਏ (ਪੰਨਾ 1089

5. ਸੂਹੀ ਛੰਤ ਮ: 4 . . . . ਵਸਿ ਆਣਿਹੁ ਵੇ ਜਨ ਇਸੁ ਮਨ ਕਉ (ਪੰਨਾ 776

6. ਪਉੜੀ ਮ: 4 (ਵਾਰ ਸਾਰਗ) . . . . ਹਰਿ ਕਾ ਨਾਮੁ ਨਿਧਾਨੁ ਹੈ (ਪੰਨਾ 1239

7. ਬਿਲਾਵਲੁ ਮ: 5 . . . . ਕਵਨੁ ਕਵਨੁ ਨਹੀ ਪਤਰਿਆ (ਪੰਨਾ 815

8. ਭੈਰਉ ਕਬੀਰ ਜੀ . . . . ਕਿਉ ਲੀਜੈ ਗਢੁ ਬੰਕਾ ਭਾਈ (ਪੰਨਾ 1161

9. ਮਾਰੂ ਜੈਦੇਵ ਜੀ . . . . ਚੰਦ ਸਤ ਭੇਦਿਆ (ਪੰਨਾ 1106

10. ਸਲੋਕ ਮ: 3 (ਗੂਜਰੀ ਕੀ ਵਾਰ) . . . . ਮਨੁ ਕੁੰਚਰੁ, ਪੀਲਕੁ ਗੁਰੂ (ਪੰਨਾ 576

ਭਾਵ:

(1) ਮਨੁੱਖ ਜਿਹੜੇ ਭੀ ਚੰਗੇ ਮੰਦੇ ਕਰਮ ਕਰਦਾ ਹੈ ਉਹਨਾਂ ਦੇ ਸੰਸਕਾਰ ਉਸ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ। ਉਹਨਾਂ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਦਾ ਮਨ ਹਰ ਵੇਲੇ ਭਟਕਣਾ ਵਿਚ ਪਿਆ ਰਹਿੰਦਾ ਹੈ, ਕਿਸੇ ਵੇਲੇ ਨਹੀਂ ਟਿਕਦਾ।

ਪ੍ਰਾਣਾਯਾਮ ਇਸ ਚੰਚਲ ਮਨ ਨੂੰ ਭਟਕਣਾ ਵਿਚ ਪੈਣ ਤੋਂ ਹਟਾ ਨਹੀਂ ਸਕਦਾ। ਲੱਖ ਪ੍ਰਾਣਾਯਾਮ ਪਿਆ ਕਰੇ, ਅੰਦਰਲੇ ਸੰਸਕਾਰ ਅੰਦਰ ਟਿਕੇ ਹੀ ਰਹਿਣਗੇ। ਜੇ ਪਰਮਾਤਮਾ ਨਾਲ ਇੱਕ-ਰੂਪ ਹੋਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਆਤਮਕ ਜੀਵਨ ਉੱਚਾ ਹੋ ਕੇ ਪਰਮਾਤਮਾ ਦੇ ਜੀਵਨ ਵਰਗਾ ਉੱਚਾ ਬਣ ਜਾਏ। ਤੇ, ਇਹ ਤਦੋਂ ਹੀ ਹੋ ਸਕੇਗਾ ਜੇ ਮਨੁੱਖ ਪਰਮਾਤਮਾ ਦੀ ਯਾਦ ਨੂੰ ਸਦਾ ਹਰ ਵੇਲੇ ਮਨ ਵਿਚ ਵਸਾਈ ਰੱਖੇ।

ਜਦ ਤਕ ਮਨ ਵਿਚ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਮੌਜੂਦ ਹਨ ਤਦ ਤਕ ਮਨ ਚੰਚਲ ਹੈ, ਮਨੁੱਖ ਨੂੰ ਭਟਕਣਾ ਵਿਚ ਪਾਈ ਹੀ ਰੱਖੇਗਾ।

(2) ਕੋਈ ਮਨੁੱਖ ਰਾਗ ਵਿਚ ਸੋਹਣੀਆਂ ਸੁਰਾਂ ਨਾਲ ਭਜਨ ਗਾਂਦਾ ਹੈ, ਕੋਈ ਮਨੁੱਖ ਸਮਾਧੀਆਂ ਲਾਂਦਾ ਹੈ, ਕੋਈ ਮਨੁੱਖ ਸਦਾ ਸੋਗੀ ਸੁਭਾਉ ਬਣਾਈ ਰੱਖਦਾ ਹੈ, ਕੋਈ ਨਗਨ ਸਾਧ ਬਣ ਕੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ, ਕੋਈ ਮਨੁੱਖ ਅਨੇਕਾਂ ਦਾਨ-ਪੁੰਨ ਕਰਦਾ ਹੈ, ਕੋਈ ਮਨੁੱਖ ਮੋਨ ਧਾਰ ਕੇ ਬੈਠਾ ਰਹਿੰਦਾ ਹੈ, ਕੋਈ ਮਨੁੱਖ ਰਣ-ਭੂਮੀ ਵਿਚ ਸੂਰਮਿਆਂ ਵਾਂਗ ਮੌਤ ਦਾ ਟਾਕਰਾ ਕਰਦਾ ਹੈ; ਵੇਖਣ ਨੂੰ। ਇਹ ਸਾਰੇ ਕਰਮ ਭਾਵੇਂ ਧਾਰਮਿਕ ਪਏ ਜਾਪਣ, ਪਰ ਪਰਮਾਤਮਾ ਹਰੇਕ ਮਨੁੱਖ ਦੇ ਅੰਦਰ ਵੱਸਦਾ ਇਹ ਵੇਖਦਾ ਹੈ ਕਿ ਇਸ ਦੇ ਮਨ ਦੀ ਕਿਹੋ ਜਿਹੀ ਅਵਸਥਾ ਹੈ। ਜੇ ਮਨ ਬਾਹਰ ਭਟਕਦਾ ਫਿਰਦਾ ਹੈ, ਤਾਂ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਕਿਸ ਦਾ ਹੋਵੇ?

ਤੇ, ਮਨ ਨੇ ਤਦੋਂ ਹੀ ਭਟਕਣ ਤੋਂ ਹਟਣਾ ਹੈ ਜਦੋਂ ਮਨੁੱਖ ਇਸ ਨੂੰ ਪਰਮਾਤਮਾ ਦੀ ਯਾਦ ਵਿਚ ਜੋੜਦਾ ਹੈ।

(3) ਸੂਰਮੇ ਉਹ ਨਹੀਂ ਜੋ ਰਣ-ਭੂਮੀ ਵਿਚ ਵੈਰੀਆਂ ਨਾਲ ਲੜਦੇ ਹਨ। ਸੂਰਮੇ ਉਹ ਹਨ ਜਿਹੜੇ ਆਪਣੇ ਮਨ ਨਾਲ ਲੜਾਈ ਕਰਦੇ ਰਹਿੰਦੇ ਹਨ, ਉਹੀ ਮਨੁੱਖ ਜਗਤ ਵਿਚ ਆਦਰ-ਮਾਣ ਹਾਸਲ ਕਰਦੇ ਹਨ। ਜਿਹੜੇ ਮਨੁੱਖ ਸਦਾ ਆਪਣੇ ਮਨ ਦੀ ਖੋਜ-ਪੜਤਾਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਨਾਲ ਮਿਲੇ ਰਹਿੰਦੇ ਹਨ। ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਸੇ ਗੱਲ ਵਿਚ ਹੈ ਕਿ ਉਹ ਮਾਇਆ ਦੇ ਪਿੱਛੇ ਭਟਕਣ ਦੇ ਥਾਂ ਸਦਾ ਅੰਦਰ ਵਲ ਪਰਤੇ ਰਹਿੰਦੇ ਹਨ।

ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਜਗਤ ਨੂੰ ਜਿੱਤ ਲਿਆ।

(4) ਜਿਹੜਾ ਮਨੁੱਖ ਇਹ ਖ਼ਿਆਲ ਕਰਦਾ ਹੈ ਕਿ ਮਨ ਨੂੰ ਵੱਸ ਵਿਚ ਲਿਆਉਣ ਲਈ ਗ੍ਰਿਹਸਤ ਛੱਡ ਕੇ ਜੰਗਲ ਵਿਚ ਜਾਣਾ ਜ਼ਰੂਰੀ ਹੈ ਉਹ ਕੁਰਾਹੇ ਪੈ ਜਾਂਦਾ ਹੈ। ਇਸ ਮਨ ਨੂੰ ਚੰਚਲਤਾ ਵਲੋਂ ਹਟਾਣ ਦਾ ਇਕੋ ਹੀ ਤਰੀਕਾ ਹੈ, ਉਹ ਇਹ ਹੈ ਕਿ ਇਸ ਮਨ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਵਿਚ ਜੋੜਿਆ ਜਾਏ। ਗੁਰੂ ਦੀ ਸਹਾਇਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ।

(5) ਆਪਣੇ ਇਸ ਮਨ ਨੂੰ ਸਦਾ ਆਪਣੇ ਵੱਸ ਵਿਚ ਰੱਖਣਾ ਚਾਹੀਦਾ ਹੈ। ਮਨੁੱਖ ਦਾ ਇਹ ਮਨ ਸਦਾ ਸ਼ਿਕਾਰੀ ਪੰਛੀ ਬਾਸ਼ੇ ਵਾਂਗ ਭਟਕਦਾ ਰਹਿੰਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ ਮਨੁੱਖ ਦੀ ਸਾਰੀ ਜ਼ਿੰਦਗੀ ਦੁੱਖ ਵਿਚ ਹੀ ਬੀਤਦੀ ਹੈ।

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ, ਨਾਮ ਜਪਦਿਆਂ ਉਸ ਦੇ ਮਨ ਵਿਚ ਉੱਠੀ ਹਰਿ-ਨਾਮ ਸਿਮਰਨ ਦੀ ਆਸ ਪੂਰੀ ਹੋ ਜਾਂਦੀ ਹੈ। ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਮੈਨੂੰ ਆਪਣਾ ਨਾਮ ਜਪਣ ਦੀ ਸੂਝ ਬਖ਼ਸ਼।

(6) ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਖ਼ਜ਼ਾਨਾ ਹੈ। ਜਿਹੜਾ ਮਨੁੱਖ ਨਾਮ ਜਪਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਇਥੋਂ ਇੱਜ਼ਤ ਨਾਲ ਹੀ ਜਾਂਦਾ ਹੈ।

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਦਾ ਹੈ। ਇਸ ਨਾਮ ਦੀ ਬਰਕਤਿ ਨਾਲ ਮਨ ਕਾਬੂ ਵਿਚ ਆਇਆ ਰਹਿੰਦਾ ਹੈ, ਨਹੀਂ ਤਾਂ ਉਂਞ ਇਹ ਸਦਾ ਭਟਕਦਾ ਹੀ ਰਹਿੰਦਾ ਹੈ।

ਪਰ ਹੈ ਇਹ ਸਦਾ ਦਾਤਿ ਹੀ। ਜਿਸ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸੇ ਨੂੰ ਹੀ ਨਾਮ ਦੀ ਦਾਤਿ ਮਿਲਦੀ ਹੈ ਤੇ ਉਸੇ ਦੇ ਮਨ ਦੀ ਭਟਕਣਾ ਮੁੱਕਦੀ ਹੈ।

(7) ਖੋਤੇ ਨੂੰ ਇਹ ਆਮ ਵਾਦੀ ਹੈ ਕਿ ਜੇ ਉਸ ਦਾ ਦਾਅ ਲੱਗੇ ਤਾਂ ਦੁਲੱਤੀਆਂ ਬਹੁਤ ਮਾਰਦਾ ਹੈ, ਤਾਹੀਏਂ ਲਫ਼ਜ਼ ਖ਼ਰ-ਮਸਤੀ ਦੀ ਆਮ ਵਰਤੋਂ ਹੈ। ਭਾਵ, ਖ਼ਰ ਵਾਲੀ ਮਸਤੀ, ਖੋਤੇ ਵਾਲੀ ਮਸਤੀ। ਖੋਤੇ ਦੀ ਇਸ ਮਸਤੀ ਨੂੰ ਕਾਬੂ ਵਿਚ ਰੱਖਣ ਵਾਸਤੇ ਹੀ ਘੁਮਿਆਰ ਖੋਤੇ ਦੀ ਪਿਛਾੜੀ ਤਦੋਂ ਹੀ ਖੋਲ੍ਹਦਾ ਹੈ ਜਦੋਂ ਉਸ ਨੂੰ ਪਹਿਲਾਂ ਲੱਦ ਲੈਂਦਾ ਹੈ।

ਮਨੁੱਖ ਦਾ ਮਨ ਭੀ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਕਾਰਨ ਬਹੁਤ ਚੰਚਲ ਹੈ, ਇਸ ਨੂੰ ਖ਼ਰ ਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜਾ ਭੀ ਮਨੁੱਖ ਆਪਣੇ ਮਨ ਉਤੇ ਇਤਬਾਰ ਕਰਦਾ ਹੈ ਮਨ ਦੀ ਅਗਵਾਈ ਵਿਚ ਤੁਰਦਾ ਹੈ ਉਹ ਸਦਾ ਮਾਇਆ ਵਿਚ ਫਸਿਆ ਰਹਿੰਦਾ ਹੈ।

ਬੜੇ ਬੜੇ ਜਪੀ ਤਪੀ ਤੇ ਸੰਜਮੀ ਭੀ ਮਨ ਦੇ ਢਹੇ ਚੜ੍ਹ ਕੇ ਆਪਣੀ ਸਾਰੀ ਕੀਤੀ ਕਮਾਈ ਦੇ ਸਿਰ ਪਾਣੀ ਪਾ ਲੈਂਦੇ ਹਨ, ਕਾਮਾਦਿਕ ਪੰਜੇ ਲੁਟੇਰੇ ਉਹਨਾਂ ਨੂੰ ਜੀਵਨ-ਸਫ਼ਰ ਦੇ ਗ਼ਲਤ ਰਸਤੇ ਪਾ ਦੇਂਦੇ ਹਨ।

ਉਹੀ ਮਨੁੱਖ ਆਪਣੇ ਮਨ ਉਤੇ ਕਾਬੂ ਪਾਂਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਬਖ਼ਸ਼ਦਾ ਹੈ।

(8) ਪੁਰਾਣੇ ਸਮਿਆਂ ਵਿਚ ਰਾਜੇ ਮਹਾਰਾਜੇ ਆਪਣੇ ਰਾਜ ਦੀ ਹਿਫ਼ਾਜ਼ਤ ਵਾਸਤੇ ਕਿਲ੍ਹੇ ਬਣਵਾਇਆ ਕਰਦੇ ਸਨ। ਕਿਲ੍ਹੇ ਦੇ ਦੁਆਲੇ ਉੱਚੀਆਂ ਉੱਚੀਆਂ ਫ਼ਸੀਲਾਂ ਤੇ ਫ਼ਸੀਲਾਂ ਦੇ ਬਾਹਰ-ਵਾਰ ਡੂੰਘੀਆਂ ਖਾਈਆਂ ਹੁੰਦੀਆਂ ਸਨ ਜੋ ਸਦਾ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਕਿਲ੍ਹੇ ਦਾ ਬੜਾ ਵੱਡਾ ਫਾਟਕ ਹੁੰਦਾ ਸੀ ਜਿਸ ਦੇ ਸਾਹਮਣੇ ਪਹਿਰੇਦਾਰ ਤੇ ਦਰਬਾਨ ਸਦਾ ਖੜੇ ਰਹਿੰਦੇ ਸਨ। ਜਦੋਂ ਕੋਈ ਰਾਜਾ ਆਪਣੇ ਤੋਂ ਵੱਡੇ ਕਿਸੇ ਗੁਆਂਢੀ ਰਾਜੇ ਤੋਂ ਆਕੀ ਹੁੰਦਾ ਸੀ ਤਾਂ ਆਪਣੀ ਸਾਰੀ ਫ਼ੌਜੀ ਤਾਕਤ ਕਿਲ੍ਹੇ ਵਿਚ ਇਕੱਠੀ ਕਰ ਲੈਂਦਾ ਸੀ। ਬਾਹਰੋਂ ਆਏ ਰਾਜੇ ਨੂੰ ਉਸ ਆਕੀ ਕਿਲ੍ਹੇ ਦੇ ਸਰ ਕਰਨ ਵਾਸਤੇ ਕਈ ਮਹੀਨੇ ਕਿਲ੍ਹੇ ਦੇ ਦੁਆਲੇ ਘੇਰਾ ਪਾਣਾ ਪੈਂਦਾ ਸੀ।

ਮਨੁੱਖ ਸਰੀਰ ਕਿਲ੍ਹਾ ਹੈ। ਮਨੁੱਖ ਇਸ ਕਿਲ੍ਹੇ ਦਾ ਰਾਜਾ ਹੈ, ਆਤਮਕ ਜੀਵਨ ਦੇ ਮਾਲਕ ਪਰਮਾਤਮਾ ਵਲੋਂ ਇਹ ਮਨ-ਰਾਜਾ ਆਕੀ ਹੋ ਬੈਠਦਾ ਹੈ। ਇਸ ਕਿਲ੍ਹੇ ਦੇ ਦੁਆਲੇ ਮੇਰ-ਤੇਰ ਦੀ ਭਾਰੀ ਫ਼ਸੀਲ ਹੈ, ਤ੍ਰਿਗੁਣੀ ਮਾਇਆ ਦਾ ਪ੍ਰਭਾਵ ਇਸ ਕਿਲ੍ਹੇ ਦੇ ਫ਼ਸੀਲ ਦੇ ਦੁਆਲੇ ਬੜੀ ਡੂੰਘੀ ਖਾਈ ਹੈ। ਕਾਮ ਕ੍ਰੋਧ ਆਦਿਕ ਇਸ ਕਿਲ੍ਹੇ ਦੀ ਰਾਖੀ ਕਰਨ ਵਾਲੇ ਹਨ। ਕਮਜ਼ੋਰ ਜਿੰਦ ਸਰੀਰ-ਕਿਲ੍ਹੇ ਵਿਚ ਆਕੀ ਹੋ ਕੇ ਬੈਠੇ ਮਨ ਰਾਜੇ ਨੂੰ ਜਿੱਤ ਨਹੀਂ ਸਕਦੀ।

ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਾਧ ਸੰਗਤਿ ਦਾ ਆਸਰਾ ਲੈਂਦਾ ਹੈ ਉਸ ਦੇ ਅੰਦਰ ਪ੍ਰਭੂ-ਚਰਨਾਂ ਵਾਸਤੇ ਪ੍ਰੇਮ ਪੈਦਾ ਹੁੰਦਾ ਹੈ ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਨੂੰ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ। ਇਹ, ਮਾਨੋ, ਉਹ ਤੋਪ ਦਾ ਗੋਲਾ ਚਲਾਂਦਾ ਹੈ। ਸੇਵਾ ਸੰਤੋਖ ਆਦਿਕ ਦੇ ਹਥਿਆਰ ਵਰਤ ਕੇ ਉਹ ਮਨੁੱਖ ਸਰੀਰ-ਕਿਲ੍ਹੇ ਵਿਚ ਆਕੀ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ।

(9) ਘਰਾਂ ਵਿਚ ਵੇਖੋ ਛੋਟੀ ਉਮਰ ਦੇ ਬੱਚਿਆਂ ਨੂੰ। ਸਾਲ ਸਾਲ ਦੋ ਦੋ ਸਾਲਾਂ ਦੇ ਬੱਚੇ ਭੀ ਆਪਣੇ ਖਿਡੌਣਿਆਂ ਤੋਂ ਘੁਲ ਘੁਲ ਮਰਦੇ ਹਨ। ਘਰ ਵਿਚ ਕੋਈ ਓਪਰਾ ਨਵਾਂ ਬਾਲ ਆ ਜਾਏ। ਪਿਆ ਹੋਵੇ ਉਹਨਾਂ ਦਾ ਨੇੜੇ ਦਾ ਰਿਸ਼ਤੇਦਾਰ ਹੀ। ਪਰ ਕੀਹ ਮਜਾਲ ਕਿ ਉਹਨਾਂ ਦੇ ਖਿਡੌਣਿਆਂ ਨੂੰ ਹੱਥ ਭੀ ਲਾ ਸਕੇ!

ਮਾਇਆ ਬੜੀ ਡਾਢੀ! ਛੋਟੀ ਉਮਰ ਤੋਂ ਹੀ ਮੇਰ-ਤੇਰ ਬੱਚੇ ਦੇ ਜੀਵਨ ਦੀ ਕੋਈ ਘਾੜਤ ਘੜਨ ਲੱਗ ਪੈਂਦੀ ਹੈ। ਫਿਰ ਜਿਉਂ ਜਿਉਂ ਬਾਲ ਸਿਆਣਾ ਹੁੰਦਾ ਜਾਇਗਾ, ਤਿਉਂ ਤਿਉਂ ਉਸ ਦੇ ਅੰਦਰ ਮੇਰ-ਤੇਰ ਪ੍ਰਬਲ ਹੁੰਦੀ ਜਾਂਦੀ ਹੈ। ਇਹ ਮੇਰ-ਤੇਰ ਹੀ ਜਗਤ ਵਿਚ ਉਪਾਧੀਆਂ-ਝਗੜਿਆਂ ਦੀ ਮੂਲ ਹੈ।

ਜਿਹੜੇ ਘਰ ਛੱਡ ਕੇ ਜੰਗਲੀਂ ਜਾ ਬੈਠਦੇ ਹਨ ਤੇ ਮਨ ਨੂੰ ਇਸ ਕੋਝੇ ਪਾਸੇ ਵਲੋਂ ਹਟਾਣ ਲਈ ਪ੍ਰਾਣਾਯਾਮ ਆਦਿਕ ਕਰਦੇ ਹਨ, ਖ਼ਲਾਸੀ ਉਹਨਾਂ ਦੀ ਭੀ ਨਹੀਂ ਹੁੰਦੀ। ਸਾਧ ਆਪੋ ਆਪਣੀ ਸਿਲ ਦੀ ਮਲਕੀਅਤ ਤੋਂ ਹੀ ਆਪੋ ਵਿਚ ਔਖੇ ਹੋ ਪੈਂਦੇ ਹਨ ਕਈ ਵਾਰੀ।

ਸਿਰਫ਼ ਇਕੋ ਤਰੀਕਾ ਹੈ ਇਸ ਮੇਰ-ਤੇਰ ਨੂੰ ਮੁਕਾਣ ਦਾ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ। ਵਿਕਾਰਾਂ ਵਿਚ ਪੈਣ ਕਰਕੇ ਅਮੋੜ ਹੋ ਚੁਕੇ ਮਨ ਦੀ ਮੇਰ-ਤੇਰ ਦਾ ਬਲ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਟੁੱਟ ਜਾਂਦਾ ਹੈ, ਅਮੋੜ ਹੋ ਚੁਕੇ ਮਨ ਦਾ ਚੰਚਲ ਸੁਭਾਉ ਰੁਕ ਜਾਂਦਾ ਹੈ। ਮਨ ਦੀ ਨਵੀਂ ਸੋਹਣੀ ਘਾੜਤ ਬਣਦੀ ਜਾਂਦੀ ਹੈ।

ਆਖ਼ਰ ਕੀਹ ਹੁੰਦਾ ਹੈ? ਜਿਵੇਂ ਪਾਣੀ ਵਿਚ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ਤਿਵੇਂ ਸਿਫ਼ਤਿ-ਸਾਲਾਹ ਦੀ ਮਦਦ ਨਾਲ ਜੀਵਾਤਮਾ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ, ਮਨ ਵੱਸ ਵਿਚ ਆ ਜਾਂਦਾ ਹੈ।

(10) ਹਾਥੀ ਚਲਾਣ ਵਾਲਾ ਮਹਾਵਤ ਆਪਣੇ ਹੱਥ ਵਿਚ ਇਕ ਤ੍ਰਿਖੀ ਪੱਕੀ ਲੰਮੀ ਲੋਹੇ ਦੀ ਸੀਖ ਰੱਖਦਾ ਹੈ; ਤੇ ਲੋੜ ਅਨੁਸਾਰ ਹਾਥੀ ਦੀ ਧੌਣ ਉਤੇ ਮਾਰਦਾ ਰਹਿੰਦਾ ਹੈ। ਮਹਾਵਤ ਇਸ ਸੀਖ ਦੀ ਸਹਾਇਤਾ ਨਾਲ ਹਾਥੀ ਨੂੰ ਕੁਰਾਹੇ ਪੈਣ ਤੋਂ ਰੋਕੀ ਰੱਖਦਾ ਹੈ।

ਮਨੁੱਖ ਦਾ ਮਾਣ-ਮੱਤਾ ਮਨ ਹਾਥੀ ਸਮਾਨ ਹੀ ਅਵੈੜਾ ਹੋ ਜਾਂਦਾ ਹੈ। ਉਹੀ ਮਨ ਵਿਕਾਰਾਂ ਵਲ ਔਝੜ ਰਾਹ ਤੋਂ ਰੁਕਿਆ ਰਹਿ ਸਕਦਾ ਹੈ, ਜਿਸ ਉਤੇ ਗੁਰੂ ਦੇ ਗਿਆਨ ਦਾ ਕੁੰਡਾ ਹੋਵੇ। ਨਹੀਂ ਤਾਂ; 'ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰਦਾ ਲੁੰਡਾ। '

24. ਨਿੰਦਾ

1. ਗਉੜੀ ਸੁਖਮਨੀ ਮ: 5 . . . . ਸੰਤ ਕਾ ਦੋਖੀ ਇਉ ਬਿਲਲਾਇ (ਪੰਨਾ 280

2. ਆਸਾ ਮ: 5 . . . . ਜਨਮ ਜਨਮ ਕੀ ਮਲੁ ਧੋਵੈ ਪਰਾਈ (ਪੰਨਾ 380

3. ਆਸਾ ਮ: 5 . . . . ਅਰੜਾਵੈ ਬਿਲਲਾਵੈ ਨਿੰਦਕ (ਪੰਨਾ 373

4. ਬਿਲਾਵਲੁ ਮ: 5 . . . . ਨਿੰਦਕੁ ਐਸੇ ਹੀ ਝਰਿ ਪਰੀਐ (ਪੰਨਾ 823

5. ਭੈਰਉ ਮ: 5 . . . . ਨਿੰਦਕ ਕਉ ਫਿਟਕੇ ਸੰਸਾਰੁ (ਪੰਨਾ 1151

6. ਗੌਂਡ ਰਵਿਦਾਸ ਜੀ . . . . ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ (ਪੰਨਾ 875

ਭਾਵ:

(1) ਮੱਛੀ ਨੂੰ ਪਾਣੀ ਵਿਚੋਂ ਬਾਹਰ ਕੱਢ ਲਵੋ ਤੜਪ ਤੜਪ ਕੇ ਮਰ ਜਾਂਦੀ ਹੈ। ਬਲਦੀ ਅੱਗ ਵਿਚ ਲੱਕੜਾਂ ਪਾਈ ਜਾਉ, ਪਾਈ ਜਾਉ, ਉਸ ਨੇ ਕਦੇ ਰੱਜਣਾ ਨਹੀਂ। ਹੋਰ ਵਧੀਕ ਹੋਰ ਵਧੀਕ ਭਾਂਬੜ ਮੱਚਦਾ ਜਾਇਗਾ।

ਨਿੰਦਿਆ ਦੀ ਵਾਦੀ ਬੜੀ ਭੈੜੀ। ਨਿੰਦਿਆ ਕਰਨ ਵਾਲਾ ਤੇ ਅਗੋਂ ਨਿੰਦਿਆ ਸੁਣਨ ਵਾਲਾ ਘੰਟਿਆਂ-ਬੱਧੀ ਇਸ ਸ਼ੁਗਲ ਵਿਚ ਗੁਜ਼ਾਰ ਦੇਣਗੇ। ਫਿਰ ਭੀ ਨਹੀਂ ਰੱਜਣਗੇ। ਪਰ ਨਿੰਦਕ ਦਾ ਆਪਣਾ ਕੀਹ ਹਾਲ ਹੁੰਦਾ ਹੈ? ਈਰਖਾ ਦੀ ਅੱਗ ਵਿਚ ਇਉਂ ਤੜਪਦਾ ਹੈ ਜਿਵੇਂ ਮੱਛੀ ਪਾਣੀ ਤੋਂ ਵਿਛੁੜੀ ਹੋਈ।

(2) ਭਲੇ ਮਨੁੱਖਾਂ ਦੀ ਨਿੰਦਾ ਕਰ ਕੇ ਨਿੰਦਕ ਮਨੁੱਖ ਇਹ ਆਸ ਬਣਾਂਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਉਹ ਆਪ ਉਹਨਾਂ ਦੇ ਥਾਂ ਅੰਦਰ-ਸਤਕਾਰ ਹਾਸਲ ਕਰ ਲਏਗਾ, ਪਰ ਗੁਣਾਂ ਤੋਂ ਬਿਨਾ ਇੱਜ਼ਤ ਕਿੱਥੇ? ਨਿੰਦਕ ਆਪਣੀ ਹੀ ਉਮਰ ਆਜਾਈਂ ਗਵਾਂਦਾ ਹੈ।

ਜਿਸ ਦੇ ਅਉਗਣ ਨਸ਼ਰ ਕਰੀਏ, ਉਸ ਨੂੰ ਆਪਣੇ ਅਉਗਣਾਂ ਦਾ ਮੁੜ ਮੁੜ ਪਤਾ ਲੱਗਣ ਤੇ ਇਹ ਮੌਕਾ ਮਿਲਦਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਸੁਧਾਰ ਲਏ; ਪਰ ਨਿੰਦਾ ਕਰਨ ਵਾਲੇ ਦੇ ਆਪਣੇ ਅੰਦਰ ਮੰਦੇ ਸੰਸਕਾਰ ਇਕੱਠੇ ਹੁੰਦੇ ਜਾਂਦੇ ਹਨ ਜੋ ਉਸ ਦੇ ਆਤਮਕ ਜੀਵਨ ਨੂੰ ਦਿਨੋ ਦਿਨ ਨੀਵਾਂ ਕਰਦੇ ਰਹਿੰਦੇ ਹਨ।

ਨਿੰਦਕ ਭੀ ਕੀਹ ਕਰੇ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਉਹ ਨਿੰਦਾ ਕਰਨ ਤੋਂ ਹਟ ਨਹੀਂ ਸਕਦਾ ਤੇ ਇਸ ਚੱਕਰ ਵਿਚ ਪਿਆ ਰਹਿੰਦਾ ਹੈ, ਇਸ ਨਿਘਰੀ ਆਤਮਕ ਦਸ਼ਾ ਵਿਚ ਉਹ ਸਦਾ ਖ਼ੁਆਰ ਹੁੰਦਾ ਰਹਿੰਦਾ ਹੈ।

(3) ਈਰਖਾ ਦਾ ਮਾਰਿਆ ਹੀ ਮਨੁੱਖ ਕਿਸੇ ਹੋਰ ਦੀ ਨਿੰਦਾ ਕਰਦਾ ਹੈ। ਜਿਤਨਾ ਵਕਤ ਮਨੁੱਖ ਨਿੰਦਾ ਕਰਨ ਵਿਚ ਗੁਜ਼ਾਰਦਾ ਹੈ ਉਤਨਾ ਚਿਰ ਈਰਖਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ।

ਫਿਰ ਇਹ ਵਾਦੀ ਇਤਨੀ ਭੈੜੀ ਹੈ ਕਿ ਜਿਹੜਾ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣਦਾ ਹੈ ਨਿੰਦਕ ਪਾਸੋਂ ਕਿਸੇ ਦੀ ਨਿੰਦਾ ਸੁਣਦਾ ਰਹਿੰਦਾ ਹੈ ਉਸ ਨੂੰ ਭੀ ਨਿੰਦਾ ਕਰਨ ਦੀ ਵਾਦੀ ਪੈ ਜਾਂਦੀ ਹੈ। ਕੁਦਰਤਿ ਦਾ ਇਹ ਨਿਯਮ ਹੀ ਐਸਾ ਹੈ ਕਿ ਕੋਈ ਇਸ ਨੂੰ ਪਲਟ ਨਹੀਂ ਸਕਦਾ।

ਭਲਾ ਮਨੁੱਖ ਤਾਂ ਆਪਣੀ ਨਿੰਦਾ ਸੁਣ ਕੇ ਆਪਣੇ ਅੰਦਰੋਂ ਅਉਗਣ ਦੂਰ ਕਰਨ ਦੇ ਜਤਨ ਕਰਦਾ ਹੈ ਤੇ ਆਪਣੇ ਆਚਰਨ ਨੂੰ ਸੁਧਾਰਦਾ ਹੈ, ਪਰ ਨਿੰਦਕ ਦੇ ਅੰਦਰ ਨਿੰਦਾ ਕਰਨ ਦੇ ਸੰਸਕਾਰ ਇਕੱਠੇ ਹੋ ਹੋ ਕੇ ਉਸ ਦਾ ਆਤਮਕ ਜੀਵਨ ਗਾਲ ਦੇਂਦੇ ਹਨ।

(4) ਜਿਵੇਂ ਕੱਲਰ ਦੀ ਕੰਧ ਕਿਰ ਕਿਰ ਕੇ ਡਿੱਗ ਪੈਂਦੀ ਹੈ, ਇਹੀ ਹਾਲ ਹੁੰਦਾ ਹੈ ਨਿੰਦਕ ਦੇ ਆਤਮਕ ਜੀਵਨ ਦਾ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ। ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ।

ਜਦੋਂ ਕੋਈ ਨਿੰਦਕ ਕਿਸੇ ਮਨੁੱਖ ਦਾ ਕੋਈ ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁਖੀ ਹੁੰਦਾ ਹੈ। ਅੱਠੇ ਪਹਰ ਹਰ ਵੇਲੇ ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ; ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਉਂਤ ਸੋਚਦਿਆਂ ਸੋਚਦਿਆਂ ਆਪ ਹੀ ਆਤਮਕ ਮੌਤ ਸਹੇੜਦਾ ਜਾਂਦਾ ਹੈ। ਜਿਉਂ ਜਿਉਂ ਨਿੰਦਾ ਕਰਨ ਵਾਲੇ ਗ਼ਲਤ ਰਸਤੇ ਮਨੁੱਖ ਪੈਂਦਾ ਹੈ ਤਿਉਂ ਤਿਉਂ ਉਸ ਦੀ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ।

(5) ਮਨੁੱਖ ਕਿਸੇ ਹੋਰ ਦੀ ਨਿੰਦਾ ਕਰਦਾ ਤਾਂ ਇਸੇ ਵਾਸਤੇ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਨੂੰ ਡੇਗ ਕੇ ਆਪਣੀ ਇੱਜ਼ਤ ਬਣਾਏ; ਪਰ ਇਸ ਦਾ ਅਸਰ ਹੁੰਦਾ ਹੈ ਉਲਟਾ। ਲੋਕ ਉਸ ਨਿੰਦਕ ਨੂੰ ਹੀ ਫਿਟਕਾਂ ਪਾਂਦੇ ਹਨ, ਉਸ ਦੀ ਕਿਸੇ ਗੱਲ ਦਾ ਭੀ ਲੋਕ ਇਤਬਾਰ ਨਹੀਂ ਕਰਦੇ। ਨਿੰਦਾ ਦੇ ਕਾਰਨ ਉਸ ਦਾ ਆਪਣਾ ਆਚਰਨ ਭੀ ਦਿਨੋ ਦਿਨ ਨੀਵਾਂ ਹੁੰਦਾ ਜਾਂਦਾ ਹੈ।

ਜਿਹੜਾ ਕੋਈ ਹੋਰ ਮਨੁੱਖ ਉਸ ਨਿੰਦਕ ਦਾ ਸਾਥੀ ਬਣਦਾ ਹੈ, ਉਸ ਦੀਆਂ ਨਿੰਦਾ ਦੀਆਂ ਊਜਾਂ ਦੀਆਂ ਗੱਲਾਂ ਖ਼ੁਸ਼ ਹੋ ਕੇ ਸੁਣਦਾ ਹੈ, ਉਹ ਭੀ ਉਸ ਦੇ ਨਾਲ ਹੀ ਰੁੜ੍ਹਦਾ ਹੈ। ਉਸ ਦਾ ਆਤਮਕ ਜੀਵਨ ਭੀ ਨੀਵਾਂ ਹੁੰਦਾ ਜਾਂਦਾ ਹੈ।

ਨਿੰਦਕ ਕਿਤਨਾ ਹੀ ਆਪਣੇ ਆਪ ਨੂੰ ਚੰਗਾ ਪਰਗਟ ਕਰਨ ਦੇ ਜਤਨ ਕਰੇ, ਉਸ ਦੇ ਉੱਦਮ ਵਿਅਰਥ ਹੀ ਜਾਂਦੇ ਹਨ।

(6) ਭਲੇ ਮਨੁੱਖਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਜਗਤ ਦੀਆਂ ਨਿਵਾਣਾਂ ਵਿਚੋਂ ਪਾਰ ਨਹੀਂ ਲੰਘ ਸਕਦਾ, ਉਹ ਸਦਾ ਇਨ੍ਹਾਂ ਸਦਾ ਨਿਵਾਣਾਂ ਦੇ ਨਰਕ ਵਿਚ ਹੀ ਪਿਆ ਰਹਿੰਦਾ ਹੈ।

ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਆਵੇ, ਲੋਕਾਂ ਦੇ ਭਲੇ ਲਈ ਖੂਹ ਲਵਾਏ ਤਲਾਬ ਬਣਵਾਏ; ਪਰ ਜੇ ਉਹ ਭਲਿਆਂ ਦੀ ਨਿੰਦਾ ਕਰਦਾ ਰਹਿੰਦਾ ਹੈ ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ।

ਜੇ ਕੋਈ ਮਨੁੱਖ ਬੜਾ ਦਾਨ ਕਰਦਾ ਰਹੇ, ਧਰਮ ਪੁਸਤਕ ਭੀ ਧਿਆਨ ਨਾਲ ਸੁਣਦਾ ਰਹੇ; ਪਰ ਜੇ ਉਹ ਸਦਾ ਭਲੇ ਮਨੁੱਖਾਂ ਦੀ ਨਿੰਦਾ ਕਰਦਾ ਹੈ ਤਾਂ ਇਹਨਾਂ ਸਾਰੇ ਕੰਮਾਂ ਤੋਂ ਭੀ ਉਸ ਨੂੰ ਕੋਈ ਆਤਮਕ ਲਾਭ ਨਹੀਂ ਹੁੰਦਾ।

ਜੇ ਕੋਈ ਮਨੁੱਖ ਠਾਕੁਰਾਂ ਨੂੰ ਭੋਗ ਲਵਾਂਦਾ ਰਹੇ, ਦਾਨ ਆਦਿਕ ਕਰ ਕੇ ਜਗਤ ਵਿਚ ਸੋਭਾ ਖੱਟ ਲਏ, ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦਾ ਕੰਮ ਸਵਾਰਦਾ ਰਹੇ; ਪਰ ਜੇ ਉਹ ਭਲਿਆਂ ਦੀ ਨਿੰਦਾ ਭੀ ਕਰਦਾ ਰਹਿੰਦਾ ਹੈ ਤਾਂ ਉਸ ਦਾ ਜੀਵਨ ਸੁਖੀ ਨਹੀਂ ਹੋ ਸਕਦਾ।

25. ਜਾਤਿ-ਅਭਿਮਾਨ

1. ਸਲੋਕ ਮ: 1 (ਸਿਰੀ ਰਾਗ ਕੀ ਵਾਰ) . . . . ਫਕੜ ਜਾਤੀ, ਫਕੜੁ ਨਾਉ (ਪੰਨਾ 83

2. ਪਉੜੀ ਮ: 1 (ਮਾਝ ਕੀ ਵਾਰ) . . . . ਜਾਤੀ ਦੈ ਕਿਆ ਹਥਿ (ਪੰਨਾ 142

3. ਭੈਰਉ ਮ: 3 . . . . ਜਾਤਿ ਕਾ ਗਰਬੁ ਨ ਕਰੀਅਹੁ ਕੋਈ (ਪੰਨਾ 1127

4. ਗਉੜੀ ਕਬੀਰ ਜੀ . . . . ਗਰਭ ਵਾਸ ਮਹਿ ਕੁਲੁ ਨਹੀ ਜਾਤੀ (ਪੰਨਾ 324

5. ਪ੍ਰਭਾਤੀ ਕਬੀਰ ਜੀ . . . . ਅਵਲਿ ਅਲਹ ਨੂਰੁ ਉਪਾਇਆ (ਪੰਨਾ 1349

ਭਾਵ:

(1) ਉੱਚੀ ਜਾਤਿ ਦਾ ਮਾਣ ਦੁਨੀਆ ਵਿਚ ਵਡੱਪਣ ਦਾ ਅਹੰਕਾਰ ਵਿਅਰਥ ਹਨ। ਆਤਮਾ ਸਭ ਜੀਵਾਂ ਵਿਚ ਇਕੋ ਹੀ ਹੈ। ਉੱਚੀ ਜਾਤਿ ਜਾਂ ਵਡਿਆਈ ਦੇ ਆਸਰੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਅਖਵਾਏ ਤਾਂ ਇਸ ਤਰ੍ਹਾਂ ਉਹ ਚੰਗਾ ਨਹੀਂ ਬਣ ਜਾਂਦਾ।

ਮਨੁੱਖ ਤਦੋਂ ਹੀ ਚੰਗਾ ਸਮਝੋ ਜੇ ਉਹ ਇਥੇ ਆਪਣੇ ਆਤਮਕ ਜੀਵਨ ਨੂੰ ਉੱਚਾ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਨ ਜੋਗਾ ਹੋ ਜਾਂਦਾ ਹੈ।

(2) ਜਗਤ ਵਿਚ ਜੀਵ-ਵਪਾਰੀ ਪਰਮਾਤਮਾ ਦਾ ਨਾਮ ਵਿਹਾਝਣ ਵਾਸਤੇ ਆਉਂਦਾ ਹੈ। ਪਰਲੋਕ ਵਿਚ ਮਨੁੱਖ ਦੇ ਇਸੇ ਹੀ ਵਣਜ ਵਪਾਰ ਦੀ ਪਰਖ ਹੁੰਦੀ ਹੈ। ਕਿਸੇ ਜਾਤੀ ਦਾ ਕਿਸੇ ਵਰਨ ਦਾ ਉਥੇ ਕੋਈ ਲਿਹਾਜ਼ ਨਹੀਂ ਹੁੰਦਾ।

ਉੱਚੀ ਜਾਤੀ ਦਾ ਅਹੰਕਾਰ ਕਰਨਾ ਮਹੁਰੇ ਸਮਾਨ ਹੈ। ਇਹ ਮਹੁਰਾ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਜੇ ਕਿਸੇ ਪਾਸ ਮਹੁਰਾ ਹੋਵੇ ਉਹ ਭਾਵੇਂ ਕਿਸੇ ਭੀ ਜਾਤਿ ਦਾ ਹੋਵੇ ਜੇ ਉਹ ਮਹੁਰਾ ਖਾਇਗਾ ਤਾਂ ਮਰੇਗਾ ਹੀ। ਕਿਸੇ ਭੀ ਜੁਗ ਵਿਚ ਇਹ ਨਿਯਮ ਕਦੇ ਨਹੀਂ ਬਦਲਿਆ ਕਦੇ ਕਿਸੇ ਦਾ ਲਿਹਾਜ਼ ਨਹੀਂ ਹੋਇਆ ਭਾਵੇਂ ਉਹ ਕਿਤਨੀ ਹੀ ਉੱਚੀ ਜਾਤਿ ਵਿਚ ਜੰਮਿਆ ਹੋਵੇ।

ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ ਜਿਹੜਾ ਇਥੇ ਉਸ ਦਾ ਨਾਮ ਸਿਮਰਦਾ ਹੈ ਉਸ ਦੀ ਰਜ਼ਾ ਵਿਚ ਜੀਵਨ ਬਿਤੀਤ ਕਰਦਾ ਹੈ।

(3) ਪਰਮਾਤਮਾ ਦੀ ਜੋਤਿ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਉੱਚੀ ਜਾਤਿ ਦਾ ਮਾਣ ਕਾਹਦਾ? ਇਸ ਤੋਂ ਤਾਂ ਸਗੋਂ ਭਾਈਚਾਰਕ ਜੀਵਨ ਵਿਚ ਕਈ ਵਿਗਾੜ ਚੱਲ ਪੈਂਦੇ ਹਨ। ਜਾਤਿ ਦੇ ਆਸਰੇ 'ਬ੍ਰਾਹਮਣ' ਨਹੀਂ ਬਣ ਸਕੀਦਾ, ਬ੍ਰਾਹਮਣ ਉਹ ਜੋ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾਂਦਾ ਹੈ।

ਜਿਵੇਂ ਕੋਈ ਘੁਮਿਆਰ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ ਤਿਵੇਂ ਇਹ ਸਾਰਾ ਸੰਸਾਰ ਹੈ, ਇਕ ਪਰਮਾਤਮਾ ਦੀ ਜੋਤਿ ਤੋਂ ਹੀ ਬਣਿਆ ਹੋਇਆ।

ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ ਵਰਨ ਵਾਲੇ ਵਿਚ ਬਹੁਤੇ ਤੱਤ ਹਨ, ਤੇ ਕਿਸੇ ਵਰਨ ਵਾਲੇ ਵਿਚ ਥੋੜੇ ਹਨ।

ਭਾਵੇਂ ਕੋਈ ਬ੍ਰਾਹਮਣ ਹੈ ਭਾਵੇਂ ਕੋਈ ਸ਼ੂਦਰ ਹੈ, ਹਰੇਕ ਪ੍ਰਾਣੀ ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਬੱਝਾ ਪਿਆ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।

(4) ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਸਾਰੇ ਜੀਵਾਂ ਦੀ ਪੈਦਾਇਸ਼ ਪਰਮਾਤਮਾ ਤੋਂ ਹੀ ਹੁੰਦੀ ਹੈ।

ਜਿਹੜੇ ਮਨੁੱਖ ਉੱਚੀ ਜਾਤਿ ਦਾ ਮਾਣ ਕਰਦੇ ਹਨ, ਉਹ ਇਸੇ ਅਹੰਕਾਰ ਵਿਚ ਆਪਣਾ ਮਨੁੱਖਾ ਜਨਮ ਆਜਾਈਂ ਗਵਾ ਜਾਂਦੇ ਹਨ।

ਵੇਖੋ ਮਨੁੱਖਾ ਸਰੀਰ ਦੀ ਬਣਤਰ! ਸ਼ੂਦਰ ਦੇ ਸਰੀਰ ਵਿਚ ਨਿਰਾ ਲਹੂ ਨਹੀਂ ਹੈ, ਤੇ, ਬ੍ਰਾਹਮਣ ਦੇ ਸਰੀਰ ਵਿਚ ਲਹੂ ਦੇ ਥਾਂ ਦੁੱਧ ਨਹੀਂ ਹੈ।

ਉੱਚਾ ਉਹੀ ਮਨੁੱਖ ਹੈ ਜੋ ਪਰਮਾਤਮਾ ਦੀ ਭਗਤੀ ਕਰ ਕੇ ਆਪਣਾ ਆਤਮਕ ਜੀਵਨ ਉੱਚਾ ਕਰਦਾ ਹੈ।

(5) ਸਾਰੇ ਹੀ ਜੀਵ ਪਰਮਾਤਮਾ ਦੇ ਨੂਰ ਤੋਂ ਪੈਦਾ ਹੁੰਦੇ ਹਨ। ਫਿਰ ਉੱਚਾ ਕੌਣ ਤੇ ਨੀਵਾਂ ਕੌਣ? ਜੋਤਿ ਤਾਂ ਸਭਨਾਂ ਵਿਚ ਇਕੋ ਹੀ ਹੈ। ਸਾਰੀ ਹੀ ਖ਼ਲਕਤਿ ਵਿਚ ਪੈਦਾ ਕਰਨ ਵਾਲਾ ਪਰਮਾਤਮਾ ਵੱਸ ਰਿਹਾ ਹੈ।

ਸਭ ਸਰੀਰ-ਭਾਂਡਿਆਂ ਦੀ ਮਿੱਟੀ ਇਕੋ ਹੀ ਹੈ, ਸਿਰਜਣਹਾਰ ਕਰਤਾਰ ਨੇ ਉਸ ਇਕੋ ਮਿੱਟੀ ਤੋਂ ਅਨੇਕਾਂ ਕਿਸਮਾਂ ਦੇ ਜੀਵ-ਭਾਂਡੇ ਬਣਾ ਦਿੱਤੇ ਹਨ।

ਉੱਚਾ ਉਸ ਮਨੁੱਖ ਨੂੰ ਸਮਝੋ ਜਿਹੜਾ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ।

ਜਿਸ ਮਨੁੱਖ ਦੇ ਭਾਗ ਜਾਗਦੇ ਹਨ ਉਸ ਨੂੰ ਪਰਮਾਤਮਾ ਦੀ ਮਿਹਰ ਨਾਲ ਗੁਰੂ ਮਿਲਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਉਸ ਨੂੰ ਸਭ ਜੀਵਾਂ ਵਿਚ, ਪਰਮਾਤਮਾ ਹੀ ਵੱਸਦਾ ਦਿੱਸਦਾ ਹੈ।

26. ਸਤੀ

1. ਸਲੋਕ ਮ: 3 (ਵਾਰ ਸੂਹੀ) . . . . ਸਤੀਆ ਏਹਿ ਨ ਆਖੀਅਨਿ (ਪੰਨਾ 787

2. ਸਲੋਕ ਮ: 3 (ਵਾਰ ਸੂਹੀ) . . . . ਭੀ ਸੋ ਸਤੀਆ ਜਾਣੀਅਨਿ (ਪੰਨਾ 787

3. ਸਲੋਕ ਮ: 3 (ਸੂਹੀ ਕੀ ਵਾਰ) . . . . ਕੰਤਾ ਨਾਲ ਮਹੇਲੀਆ (ਪੰਨਾ 787

4. ਗਉੜੀ ਮ: 5 . . . . ਕਲਿਜੁਗ ਮਹਿ ਮਿਲਿ ਆਏ ਸੰਜੋਗ (ਪੰਨਾ 185

5. ਗਉੜੀ ਕਬੀਰ ਜੀ . . . . ਬਿਨੁ ਸਤ ਸਤੀ ਹੋਇ ਕੈਸੇ ਨਾਰਿ (ਪੰਨਾ 327

ਭਾਵ:

(1) ਉਹ ਇਸਤ੍ਰੀਆਂ ਸਤੀ ਹੋ ਗਈਆਂ ਨਹੀਂ ਆਖੀਦੀਆਂ ਜਿਹੜੀਆਂ ਪਤੀ ਦੀ ਲੋਥ ਦੇ ਨਾਲ ਸੜ ਮਰਦੀਆਂ ਹਨ। ਹਾਂ, ਜਿਹੜੀਆਂ ਪਤੀ ਦੀ ਮੌਤ ਤੇ ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ, ਉਹਨਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ।

(2) ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝੋ ਜਿਹੜੀਆਂ ਪਤਿਬ੍ਰਤ ਧਰਮ ਵਿਚ ਰਹਿੰਦੀਆਂ ਹਨ ਜਿਹੜੀਆਂ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ, ਤੇ ਇਸ ਧਰਮ ਨੂੰ ਸਦਾ ਚੇਤੇ ਰੱਖਦੀਆਂ ਹਨ।

(3) ਸਤੀ ਇਸਤ੍ਰੀਆਂ ਉਹ ਹਨ ਜਿਹੜੀਆਂ ਆਪਣੇ ਖਸਮ ਦੇ ਜਿਊਂਦਿਆਂ ਹੀ ਉਸ ਦੀ ਸੇਵਾ ਕਰਦੀਆਂ ਹਨ, ਪਤੀ ਨੂੰ 'ਆਪਣਾ' ਸਮਝਦੀਆਂ ਹਨ ਤਾਹੀਏਂ ਉਸ ਦੀ ਸੇਵਾ ਵਿਚ ਤਤਪਰ ਰਹਿ ਕੇ ਆਪਣੇ ਸਰੀਰ ਉਤੇ ਦੁੱਖ ਸਹਾਰਦੀਆਂ ਹਨ।

ਪਰ ਜਿਨ੍ਹਾਂ ਨੇ ਪਤੀ ਨੂੰ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ? ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ, ਉਹ ਔਖੇ ਵੇਲੇ ਨੇੜੇ ਨਹੀਂ ਢੁਕਦੀਆਂ।

(4) ਪਤਿਬ੍ਰਤਾ ਧਰਮ ਦੀ ਉੱਚਤਾ ਨੂੰ ਵਧਾਂਦਿਆਂ ਵਧਾਂਦਿਆਂ ਆਖ਼ਰ ਇਥੋਂ ਤਕ ਅਪੜਾਇਆ ਗਿਆ, ਕਿ ਕਿਤੇ ਕਿਤੇ ਕੋਈ ਕੋਈ ਇਸਤ੍ਰੀ ਆਪਣੇ ਪਤੀ ਦੇ ਮਰਨ ਤੇ ਉਸ ਦੇ ਮਿਰਤਕ ਸਰੀਰ ਦੇ ਨਾਲ ਹੀ ਉਸ ਦੀ ਚਿਖ਼ਾ ਉਤੇ ਜਿਊਂਦੇ ਸੜ ਮਰਨ ਨੂੰ ਤਿਆਰ ਹੋ ਪਈ। ਜਗਤ ਨੇ ਉਸ ਨੂੰ 'ਸਤੀ' ਆਖਣਾ ਸ਼ੁਰੂ ਕਰ ਦਿੱਤਾ, ਭਾਵ, ਇਸ ਇਸਤ੍ਰੀ ਦਾ ਆਚਰਨ ਬਹੁਤ ਉੱਚਾ ਸੀ।

ਪ੍ਰੀਤਿ ਦੀ ਰੰਗ-ਭੂਮੀ ਵਿਚ ਇਸਤ੍ਰੀ ਨੇ ਕਮਾਲ ਦਰਜੇ ਦੀ ਕੁਰਬਾਨੀ ਕਰ ਵਿਖਾਈ। ਪਰ ਹੈ ਇਹ ਆਤਮ-ਘਾਤ। ਸਮਾਜ ਵਿਚ ਇਸ ਦੀ ਕਦੇ ਭੀ ਆਗਿਆ ਨਹੀਂ ਹੋਣੀ ਚਾਹੀਦੀ।

ਅਸਲ ਸਤੀ ਉਹ ਇਸਤ੍ਰੀ ਹੈ ਜੋ ਸੁਸ਼ੀਲ ਹੈ ਜੋ ਸੰਜਮ ਵਿਚ ਰਹਿੰਦੀ ਹੈ ਜੋ ਪਤੀ ਦੀ ਆਗਿਆਕਾਰ ਹੈ, ਅਤੇ ਜਿਵੇਂ ਪਰਮਾਤਮਾ ਕੇਵਲ ਇਕ ਹੈ ਤਿਵੇਂ ਉਸ ਇਸਤ੍ਰੀ ਨੇ ਪਤੀ-ਭਾਵਨਾ ਭੀ ਸਿਰਫ਼ ਇਕੋ ਆਪਣੀ ਪਤੀ ਵਿਚ ਹੀ ਰੱਖੀ ਹੋਈ ਹੈ।

(5) ਮਨ ਵਿਚ ਵਿਚਾਰ ਕੇ ਵੇਖ ਲਵੋ, ਜਿਸ ਇਸਤ੍ਰੀ ਦਾ ਆਚਰਨ ਉੱਚਾ ਨਹੀਂ ਹੈ ਉਹ ਮਰੇ-ਪਤੀ ਦੀ ਲੋਥ ਨਾਲ ਸੜ ਕੇ ਭੀ ਸਤੀ ਨਹੀਂ ਅਖਵਾ ਸਕਦੀ।

ਇਸੇ ਤਰ੍ਹਾਂ ਹਿਰਦੇ ਵਿਚ ਪਿਆਰ ਤੋਂ ਬਿਨਾ ਪਤੀ-ਪ੍ਰਭੂ ਨਾਲ ਜੀਵ-ਇਸਤ੍ਰੀ ਦਾ ਮਿਲਾਪ ਨਹੀਂ ਹੋ ਸਕਦਾ। ਜਦ ਤਾਈਂ ਮਨ ਵਿਚ ਮਾਇਆ ਦਾ ਚਸਕਾ ਹੈ ਤਦ ਤਾਈਂ ਜੀਵ-ਇਸਤ੍ਰੀ ਦਾ ਆਪਾ ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦਾ। ਜਿਹੜਾ ਮਨੁੱਖ ਮਾਇਆ ਨੂੰ ਜ਼ਿੰਦਗੀ ਦਾ ਮਨੋਰਥ ਸਮਝੀ ਰੱਖਦਾ ਹੈ ਉਹ ਪਰਮਾਤਮਾ ਨੂੰ ਸੁਪਨੇ ਵਿਚ ਭੀ ਨਹੀਂ ਮਿਲ ਸਕਦਾ। ਮਾਇਆ ਦਾ ਮੋਹ ਤਿਆਗਿਆਂ ਹੀ ਪਰਮਾਤਮਾ ਦੇ ਚਰਨਾਂ ਵਿਚ ਪਿਆਰ ਬਣ ਸਕਦਾ ਹੈ। ਦੋਵੇਂ ਇਕੱਠੇ ਨਹੀਂ ਟਿਕ ਸਕਦੇ।

27. ਮਾਸ

1. ਸਿਰੀ ਰਾਗ ਮ: 1 . . . . ਲਬੁ ਕੁਤਾ, ਕੂੜੁ ਚੂਹੜਾ (ਪੰਨਾ 174 15

2. ਸਿਰੀ ਰਾਗ ਮ: 1 . . . . ਬਾਬਾ ਹੋਰੁ ਖਾਣਾ ਖੁਸੀ ਖੁਆਰੁ (ਪੰਨਾ 16

3. ਸਲੋਕ ਮ: 1 (ਵਾਰ ਮਾਝ) . . . . ਸਿਰੁ ਖੋਹਾਇ ਪੀਅਹਿ ਮਲਵਾਣੀ (ਪੰਨਾ 149

4. ਸਲੋਕ ਮ: 1 (ਮਲਾਰ ਕੀ ਵਾਰ) . . . . ਪਹਿਲਾਂ ਮਾਸਹੁ ਨਿੰਮਿਆ (ਪੰਨਾ 1289

5. ਸਲੋਕ ਮ: 1 (ਵਾਰ ਮਲਾਰ) . . . . ਮਾਸੁ ਮਾਸੁ ਕਰਿ ਮੂਰਖੁ ਝਗੜੇ (ਪੰਨਾ 1289

6. ਪ੍ਰਭਾਤੀ ਕਬੀਰ ਜੀ . . . . ਬੇਦ ਕਤੇਬ ਕਹਹੁ ਮਤ ਝੂਠੇ (ਪੰਨਾ 1350

7. ਸਲੋਕ ਕਬੀਰ ਜੀ . . . . ਕਬੀਰ ਖੂਬੁ ਖਾਨਾ ਖੀਚਰੀ (ਪੰਨਾ 1374

8. ਸਲੋਕ ਕਬੀਰ ਜੀ . . . . ਕਬੀਰ ਜੀਅ ਜੁ ਮਾਰਹਿ ਜੋਰੁ ਕਰਿ (ਪੰਨਾ 1375

9. ਸਲੋਕ ਕਬੀਰ ਜੀ . . . . ਕਬੀਰ ਭਾਂਗ ਮਾਛੁਲੀ ਸੁਰਾ ਪਾਨਿ (ਪੰਨੇ 1376-77

ਭਾਈ ਗੁਰਦਾਸ ਜੀ ਦੀਆਂ ਵਾਰਾਂ

(ੳ) ਚੰਗਾ ਰੁੱਖੁ ਵਢਾਇ . . . . ਵਾਰ 14, ਪਉੜੀ 15

(ਅ) ਹਸਤਿ ਅਖਾਜੁ ਗੁਮਾਨੁ ਕਰਿ . . . . ਵਾਰ 23, ਪਉੜੀ 13

(ੲ) ਸੀਹ ਪਜੂਤੀ ਬੱਕਰੀ . . . . ਵਾਰ 25, ਪਉੜੀ 17

(ਸ) ਜੇ ਕਰਿ ਉਧਰੀ ਪੂਤਨਾ . . . . ਵਾਰ 31, ਪਉੜੀ 9

(ਹ) ਕੁਹੈ ਕਸਾਈ ਬੱਕਰੀ . . . . ਵਾਰ 37, ਪਉੜੀ 21

ਭਾਵ:

(1) ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ। ਚਸਕੇ-ਵਿਕਾਰ ਤੇ ਭਗਤੀ ਇੱਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ। ਅਜਿਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰਮੰਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿਚ ਹੀ ਗੁਜ਼ਰਦਾ ਹੈ।

ਸੋਨਾ ਚਾਂਦੀ ਇਕੱਠਾ ਕਰਨ ਦਾ ਚਸਕਾ, ਕਾਮ ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ ਦੀ ਸਵਾਰੀ ਦਾ ਸ਼ੌਕ, ਨਰਮ ਸੇਜਾਂ ਤੇ ਸੋਹਣੇ ਮਹਲ-ਮਾੜੀਆਂ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ ਤੇ ਮਾਸ ਖਾਣ ਦਾ ਚਸਕਾ; ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਉਸ ਵਿਚ ਨਹੀਂ ਹੋ ਸਕਦਾ।

ਚਸਕਾ ਕੋਈ ਭੀ ਹੋਵੇ ਉਹ ਮਾੜਾ। ਜੇ ਮਾਸ ਭੀ ਜੀਵ ਦਾ ਚਸਕਾ ਬਣ ਗਿਆ ਹੈ ਤਾਂ ਇਹ ਚਸਕਾ ਭੀ ਮਾੜਾ।

(2) ਖ਼ੁਰਾਕ ਇਨਸਾਨੀ ਸਰੀਰ ਦੀ ਸਿਹਤ ਵਾਸਤੇ ਜ਼ਰੂਰੀ ਹੈ। ਅੰਨ ਤਿਆਗਣਾ ਨਹੀਂ, ਪਰ ਇਹ ਸਦਾ ਚੇਤਾ ਰਹਿਣਾ ਚਾਹੀਦਾ ਹੈ ਕਿ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ ਭੀ ਕਈ ਮੰਦੇ ਖ਼ਿਆਲ ਤੁਰ ਪੈਂਦੇ ਹਨ ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।

(3) ਜੈਨੀਆਂ ਦੇ ਗੁਰੂ 'ਸਰੇਵੜੇ' ਅਹਿੰਸਾ ਦੇ ਪੁਜਾਰੀ ਹਨ। ਤਾਜ਼ਾ ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾਹ ਹੋ ਜਾਏ, ਇਸੇ ਕਾਰਨ, ਸੱਜਰੀ ਰੋਟੀ ਭੀ ਨਹੀਂ ਪਕਾਂਦੇ ਖਾਂਦੇ। ਪਖ਼ਾਨੇ ਨੂੰ ਫੋਲਦੇ ਹਨ ਕਿ ਉਸ ਵਿਚ ਜੀਵ ਨ ਪੈਦਾ ਹੋ ਜਾਣ। ਜੀਵ-ਹਿੰਸਾ ਤੋਂ ਡਰਦੇ ਹੀ ਇਸ਼ਨਾਨ ਭੀ ਨਹੀਂ ਕਰਦੇ। ਜੀਵ-ਹਿੰਸਾ ਨੂੰ ਉਹਨਾਂ ਇਤਨਾ ਵਹਿਮ ਬਣਾ ਲਿਆ ਹੈ ਕਿ ਬੜੇ ਹੀ ਗੰਦੇ ਰਹਿੰਦੇ ਹਨ। ਹਰੇਕ ਦੇ ਹੱਥ ਵਿਚ ਇਕ ਚੌਰੀ ਹੁੰਦੀ ਹੈ, ਨੰਗੀਂ ਪੈਰੀਂ ਇਕ ਕਤਾਰ ਵਿਚ ਤੁਰਦੇ ਹਨ ਕਿ ਕਿਤੇ ਕੋਈ ਕੀੜੀ ਕੀੜਾ ਪੈਰ ਹੇਠ ਆ ਕੇ ਮਰ ਨਾ ਜਾਏ, ਸਭ ਤੋਂ ਅਗਲਾ ਆਦਮੀ ਉਸ ਚੌਰੀ ਨਾਲ ਰਾਹ ਵਿਚ ਆਏ ਕੀੜੇ ਨੂੰ ਪਰੇ ਹਟਾ ਦੇਂਦਾ ਹੈ। ਆਪਣੀ ਹੱਥੀਂ ਕੋਈ ਕੰਮ ਕਾਰ ਨਹੀਂ ਕਰਦੇ, ਮੰਗ ਕੇ ਖਾ ਲੈਂਦੇ ਹਨ। ਜਿੱਥੇ ਬੈਠਦੇ ਹਨ ਸਿਰ ਸੁੱਟ ਕੇ ਬੈਠਦੇ ਹਨ, ਨਿੱਤ ਉਦਾਸ। ਅੰਦਰ ਕੋਈ ਚਾਉ ਜਾਂ ਖ਼ੁਸ਼ੀ ਨਹੀਂ, ਜਿਵੇਂ ਫੂਹੜੀ ਪਾਈ ਬੈਠਦੇ ਹਨ। ਸੋ, ਦੁਨੀਆ ਗਵਾਈ ਇਹਨਾਂ ਇਸ ਤਰ੍ਹਾਂ।

ਪਰ ਦੀਨ ਭੀ ਨਹੀਂ ਸਵਾਰਦੇ। ਇਕੋ ਜੀਵ-ਹਿੰਸਾ ਦਾ ਵਹਿਮ ਲਾਈ ਰੱਖਦੇ ਹਨ। ਨਾਹ ਕੋਈ ਹਿੰਦੂ-ਮਤ ਦੀ ਮਰਯਾਦਾ, ਨਾਹ ਕੋਈ ਮੁਸਲਮਾਨੀ ਜੀਵਨ-ਜੁਗਤਿ, ਨਾਹ ਦਾਨ ਪੁੰਨ, ਨਾਹ ਕੋਈ ਪੂਜਾ-ਪਾਠ ਨਾਹ ਬੰਦਗੀ। ਰੱਬ ਵਲੋਂ ਭੀ ਗਏ ਗਵਾਤੇ।

ਇਹ ਵਿਚਾਰੇ ਇਹ ਨਹੀਂ ਸਮਝਦੇ ਕਿ ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪਰਮਾਤਮਾ ਆਪ ਹੀ ਹੈ, ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ ਜਿਊਂਦਾ ਰੱਖ ਨਹੀਂ ਸਕਦਾ।

ਗੁਰੂ ਸਮੁੰਦਰ ਹੈ, ਉਸ ਦਾ ਉਪਦੇਸ਼ (ਮਾਨੋ) ਸਾਰੀਆਂ ਨਦੀਆਂ ਹਨ। ਇਸ ਸਮੁੰਦਰ ਵਿਚ ਇਹਨਾਂ ਨਦੀਆਂ ਵਿਚ ਚੁੱਭੀ ਲਾਇਆ ਕਰੋ। ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਿਆ ਕਰੋ। ਸਿਰਫ਼ ਇਹੀ ਤਰੀਕਾ ਹੈ ਆਤਮਕ ਜੀਵਨ ਉੱਚਾ ਕਰਨ ਦਾ। ਜੀਵ-ਹਿੰਸਾ ਦੇ ਵਹਿਮ ਨੂੰ ਛੱਡੋ। ਭਾਦਰੋਂ ਦੇ ਮਹੀਨੇ ਲੋਕ ਘਰਾਂ ਦੀ ਕਣਕ ਸੁਕਾਂਦੇ ਹਨ। ਕ੍ਰੋੜਾਂ ਅਰਬਾਂ ਦੀ ਗਿਣਤੀ ਵਿਚ ਸੁਸਰੀ ਤੇ ਖਪਰਾ ਆਦਿਕ ਮਰ ਜਾਂਦੇ ਹਨ। ਕੀ ਫਿਰ ਇਸ ਜੀਵ-ਹਿੰਸਾ ਤੋਂ ਡਰ ਕੇ ਸਾਰੀ ਕਣਕ ਸੁਸਰੀ ਖਪਰੇ ਦੇ ਹਵਾਲੇ ਕਰ ਦੇਣੀ ਹੈ?

(4, 5) ਮਾਸ ਦੀ ਵਰਤੋਂ ਪੁਰਾਣੇ ਸਮਿਆਂ ਤੋਂ ਹੀ ਹੁੰਦੀ ਚਲੀ ਆ ਰਹੀ ਹੈ। ਰਾਜੇ ਮਹਾਰਾਜੇ ਜੱਗ ਕਰਦੇ ਸਨ, ਹਵਨ ਕਰਦੇ ਸਨ। ਉਹਨਾਂ ਜੱਗਾਂ ਹਵਨਾਂ ਦੇ ਸਮੇ ਗੈਂਡਾ, ਘੋੜਾ ਆਦਿਕ ਪਸ਼ੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਕਈ ਪੱਛੜੇ ਦੇਸਾਂ ਵਿਚ ਅਜੇ ਤਕ ਬੱਕਰੇ ਆਦਿਕਾਂ ਦੀ ਭੇਟਾ ਦੇਵੀਆਂ ਦੇਵਤਿਆਂ ਦੇ ਮੰਦਰਾਂ ਵਿਚ ਕੀਤੀ ਜਾ ਰਹੀ ਹੈ, ਖ਼ਾਸ ਤੌਰ ਤੇ ਦੁਸਹਿਰੇ ਵਾਲੇ ਦਿਨ। ਇਹਨਾਂ ਜੱਗਾਂ ਹਵਨਾਂ ਸਮੇਂ ਪੰਡਿਤ ਬ੍ਰਾਹਮਣ ਹੀ ਅਗਵਾਈ ਕਰਦੇ ਆਏ ਹਨ।

ਸਾਰੇ ਹੀ ਪਦਾਰਥ ਜੋ ਮਨੁੱਖ ਖਾਂਦਾ ਵਰਤਦਾ ਹੈ ਪਾਣੀ ਤੋਂ ਹੀ ਪੈਦਾ ਹੁੰਦੇ ਹਨ, ਪਾਣੀ ਤੋਂ ਹੀ ਵਧਦੇ ਫੁਲਦੇ ਹਨ। ਪਸ਼ੂ ਪੰਛੀ ਜਿਨ੍ਹਾਂ ਦਾ ਮਾਸ ਮਨੁੱਖ ਵਰਤਦਾ ਹੈ ਪਾਣੀ ਦੇ ਆਸਰੇ ਹੀ ਪਲਦੇ ਹਨ, ਪਾਣੀ ਹੀ ਸਭ ਦਾ ਮੁੱਢ ਹੈ। ਪਰ ਮਨੁੱਖ ਪਾਸੋਂ ਪਾਣੀ ਛੱਡਿਆ ਨਹੀਂ ਜਾ ਸਕਦਾ, ਤੇ, ਮਾਸ ਛੱਡਣ ਦਾ ਕੱਚਾ ਪੱਖ ਲੈ ਬੈਠਦਾ ਹੈ।

ਆਤਮਕ ਜੀਵਨ ਨੂੰ ਨੀਵਾਂ ਕਰਨ ਵਾਲੇ ਤਾਂ ਹਨ ਕੁਕਰਮ। ਕੁਕਰਮ ਛੱਡੋ, ਤਾ ਕਿ ਉੱਚਾ ਆਤਮਕ ਜੀਵਨ ਬਣੇ, ਤੇ ਲੋਕ ਪਰਲੋਕ ਵਿਚ ਜੀਵਨ ਸੁਖੀ ਹੋ ਸਕੇ। ਚਸਕੇ ਛੱਡੋ, ਚਸਕਿਆਂ ਵਿਚ ਫਸ ਕੇ ਮਨੁੱਖਾ ਜੀਵਨ ਨਿਰਾ ਪਸ਼ੂ-ਜੀਵਨ ਹੀ ਬਣਿਆ ਰਹਿੰਦਾ ਹੈ। ਅਸਲ ਸੰਨਿਆਸੀ, ਅਸਲ ਤਿਆਗੀ, ਅਸਲ ਵੈਸ਼ਨਵ ਉਹੀ ਹੈ ਜੋ ਚਸਕੇ ਛੱਡਦਾ ਹੈ। ਚਸਕਾ ਕਿਸੇ ਭੀ ਚੀਜ਼ ਦਾ ਹੋਵੇ ਉਹ ਮਾੜਾ।

ਭਾਗਾਂ ਵਾਲਾ ਹੈ ਉਹ ਮਨੁੱਖ, ਜਿਹੜਾ ਗੁਰੂ ਦੀ ਸਰਨ ਪੈ ਕੇ ਸਹੀ ਜੀਵਨ ਦੀ ਜਾਚ ਸਿੱਖਦਾ ਹੈ। ਮਾਸ ਖਾਣ ਜਾਂ ਨਾਹ ਖਾਣ ਵਿਚ ਪਾਪ ਜਾਂ ਪੁੰਨ ਨਹੀਂ ਹੈ। ਹਾਂ, ਮਾਸ ਚਸਕਾ ਨਾਹ ਬਣੇ, ਮਾਸ ਵਿਕਾਰਾਂ ਦੀ ਖ਼ਾਤਰ ਨਾਹ ਵਰਤਿਆ ਜਾਏ।

(6) ਮੁਸਲਮਾਨ ਕਿਸੇ ਪਸ਼ੂ ਆਦਿਕ ਦਾ ਮਾਸ ਖਾਣ ਵਾਸਤੇ ਜਦੋਂ ਉਸ ਨੂੰ ਜ਼ਬਹ ਕਰਦਾ ਹੈ (ਮਾਰਦਾ ਹੈ) ਤਾਂ ਮੂੰਹੋਂ ਆਖਦਾ ਹੈ 'ਬਿਸਮਿੱਲਾਹ' (ਬਇਸਮਿ-ਅੱਲਾਹ, ਅੱਲਾ ਦੇ ਨਾਮ ਤੇ) । ਇਹ ਆਖ ਕੇ ਮੁਸਲਮਾਨ ਇਹ ਮਿਥ ਲੈਂਦਾ ਹੈ ਕਿ ਮੈਂ ਇਹ ਮਾਸ ਅੱਲਾ ਦੇ ਅੱਗੇ ਭੇਟ ਕੀਤਾ ਹੈ, ਤੇ, ਇਸ ਤਰ੍ਹਾਂ ਉਸ ਅੱਲਾ ਨੂੰ ਖ਼ੁਸ ਕੀਤਾ ਹੈ।

ਪਰ ਜੇ ਅੱਲਾ ਖ਼ੁਦਾ ਸਾਰੀ ਖ਼ਲਕਤ ਵਿਚ ਵੱਸਦਾ ਹੈ ਸਾਰੇ ਜੀਵਾਂ ਵਿਚ ਵੱਸਦਾ ਹੈ, ਤਾਂ ਜ਼ਬਹ ਕੀਤੇ ਜਾ ਰਹੇ ਪਸ਼ੂ ਵਿਚ ਵੱਸਦੇ ਖ਼ੁਦਾ ਨੂੰ ਮਾਰ ਕੇ ਖ਼ੁਦਾ ਅੱਗੇ ਹੀ ਭੇਟਾ ਧਰ ਕੇ ਖ਼ੁਦਾ ਖ਼ੁਸ਼ ਨਹੀਂ ਹੋ ਸਕਦਾ। ਹਾਂ, ਖ਼ੁਦਾ ਖ਼ੁਸ਼ ਹੁੰਦਾ ਹੈ ਮਨੁੱਖ ਉਤੇ, ਜਿਹੜਾ ਆਪਣਾ ਆਪਾ ਭੇਟ ਕਰਦਾ ਹੈ, ਜਿਹੜਾ ਆਪਣੇ ਆਪ ਨੂੰ ਵਿਕਾਰਾਂ ਦਾ ਸ਼ਿਕਾਰ ਨਹੀਂ ਬਣਨ ਦੇਂਦਾ।

ਜਿਸ ਮਨੁੱਖ ਦਾ ਆਪਾ ਵਿਕਾਰਾਂ ਨਾਲ ਨਾਪਾਕ ਹੋਇਆ ਰਹੇ ਗੰਦਾ ਟਿਕਿਆ ਰਹੇ ਉਹ ਇਹ ਆਸ ਨਾਹ ਰੱਖੇ ਕਿ ਮੁਰਗ਼ੀ ਬੱਕਰੇ ਜਾਂ ਗਾਂ ਆਦਿਕ ਦੇ ਮਾਸ ਦੀ ਕੁਰਬਾਨੀ ਨਾਲ ਉਹ ਪਾਕ-ਪਵਿੱਤਰ ਹੋ ਗਿਆ ਹੈ। ਪਾਕ ਤੇ ਨਾਪਾਕ ਦਾ ਮੇਲ ਨਹੀਂ ਹੋ ਸਕਦਾ।

(7) ਕੋਈ ਭੀ ਮਜ਼ਹਬ ਹੋਵੇ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖਾਲਕ ਅਤੇ ਖ਼ਲਕਤਿ ਵਾਸਤੇ ਆਪਣੇ ਦਿਲ ਵਿਚ ਮੁਹੱਬਤਿ ਬਣਾਂਦਾ ਹੈ।

ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਸਾਡੇ ਦੇਸ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ। ਇਸ ਤਰ੍ਹਾਂ ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿਚ ਆ ਗਈ, ਕਿਉਂਕਿ ਇਹੀ ਲੋਕ ਕੁਰਾਨ ਸ਼ਰਫ਼ਿ ਦੇ ਅਰਥ ਕਰਨ ਵਿਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇਕ ਪਾਸੇ ਇਹ ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ ਇਹੀ ਲੋਕ ਧਾਰਮਿਕ ਆਗੂ, ਆਮ ਲੋਕਾਂ ਨੂੰ ਜੀਵਨ ਦਾ ਸਹੀ ਰਸਤਾ ਦੱਸਣ ਵਾਲੇ। ਦੋ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ ਪ੍ਰਬੰਧ ਚਲਾਣ ਵੇਲੇ ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ ਵਰਤਣੀ ਇਹਨਾਂ ਵਾਸਤੇ ਕੁਦਰਤੀ ਗੱਲ ਸੀ। ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਉਹ ਇਸਲਾਮੀ ਸ਼ਰਹ ਸਮਝਦੇ ਸਨ। ਸੋ, ਮਜ਼ਹਬ ਵਿਚੋਂ ਉਹਨਾਂ ਨੂੰ ਸੁਭਾਵਿਕ ਹੀ ਦਿਲ ਦੀ ਕਠੋਰਤਾ ਹੀ ਮਿਲਦੀ ਗਈ।

ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਦੀ ਇਹ ਹਾਲਤ ਵੇਖ ਕੇ ਕਹਿ ਰਹੇ ਹਨ ਕਿ ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ ਦਿਲ ਦੀ ਸਫ਼ਾਈ ਸਿਖਾਣੀ ਸੀ। ਪਰ ਜੇ ਰਿਸ਼ਵਤ, ਕਠੋਰਤਾ ਤਅੱਸਬ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ ਤਾਂ ਸਗੋਂ ਇਹੀ ਹੱਜ ਆਦਿਕ ਕਰਮ ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ।

ਕਬੀਰ ਜੀ ਆਖਦੇ ਹਨ ਕਿ ਜੋ ਮੁੱਲਾਂ ਬਾਂਗ ਦੇ ਕੇ ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈ ਪਰ ਉਸ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ, ਤਾਂ ਉਹ ਇਸ ਬਾਂਗ ਆਦਿਕ ਨਾਲ ਰੱਬ ਨੂੰ ਧੋਖਾ ਨਹੀਂ ਦੇ ਸਕਦਾ। ਅਜਿਹਾ ਮਨੁੱਖ ਜੇ ਹੱਜ ਭੀ ਕਰ ਆਵੇ ਤਾਂ ਉਸ ਨੂੰ ਉਸ ਦਾ ਕੋਈ ਲਾਭ ਨਹੀਂ ਹੁੰਦਾ।

ਫਿਰ, ਕਿਸੇ ਜਾਨਵਰ ਨੂੰ 'ਬਿਸਮਿੱਲਾ' ਆਖ ਕੇ ਇਹ ਲੋਕ ਜ਼ਬਹ ਕਰਦੇ ਹਨ ਤੇ ਸਮਝਦੇ ਹਨ ਕਿ ਇਹ ਜ਼ਬਹ ਕੀਤਾ ਜਾਨਵਰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ ਅਤੇ ਖ਼ੁਦਾ ਨੇ ਖ਼ੁਸ਼ ਹੋ ਕੇ ਕੁਰਬਾਨੀ ਦੇਣ ਵਾਲੇ ਬੰਦੇ ਦੇ ਗੁਨਾਹ ਬਖ਼ਸ਼ ਦਿੱਤੇ ਹਨ; ਇਹ ਗੱਲ ਮੰਨੀ ਨਹੀਂ ਜਾ ਸਕਦੀ। ਜਾਨਵਰ ਦਾ ਮਾਸ ਤਾਂ ਇਹ ਲੋਕ ਰਲ ਮਿਲ ਕੇ ਆਪ ਹੀ ਖਾ ਲੈਂਦੇ ਹਨ। ਕਬੀਰ ਜੀ ਆਖਦੇ ਹਨ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ ਤਾਂ ਖਿਚੜੀ ਖਾ ਲੈਣੀ ਹੀ ਚੰਗੀ ਹੈ।

(8) ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ। ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ ਆਖਦੇ ਹਨ ਕਿ ਖ਼ੁਦਾ ਇਸ ਹੱਜ ਉਤੇ ਖ਼ੁਸ਼ ਨਹੀਂ ਹੁੰਦਾ। ਅਨੇਕਾਂ ਵਾਰੀ ਹੱਜ ਕਰਨ ਤੇ ਭੀ ਖ਼ੁਸ਼ ਹੋ ਕੇ ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ, ਤੇ, ਉਹ ਹਾਜੀ ਅਜੇ ਭੀ ਖ਼ੁਦਾ ਦੀਆਂ ਨਿਗਾਹਾਂ ਵਿਚ ਕਿਉਂ ਗੁਨਾਹਗਾਰ ਸਮਝਿਆ ਜਾਂਦਾ ਹੈ; ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿਚ ਕੀਤਾ ਗਿਆ ਹੈ ਕਿ ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ ਰਲ-ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ, ਤੇ ਫਿਰ ਇਹ ਸਮਝ ਲੈਣਾ ਕਿ ਇਸ 'ਕੁਰਬਾਨੀ' ਦੇ ਇਵਜ਼ ਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ; ਇਹ ਬੜਾ ਭਾਰਾ ਭੁਲੇਖਾ ਹੈ। ਇਹ ਖ਼ੁਦਾ ਨੂੰ ਖ਼ੁਸ਼ ਕਰਨ ਦਾ ਤਰੀਕਾ ਨਹੀਂ। ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ ਪਵਿੱਤ੍ਰਾ ਨਾਲ।

ਠੱਗੀ-ਫ਼ਰੇਬ ਦੀ ਕਮਾਈ ਕਰ ਕੇ, ਸੂਦ ਖ਼ੋਰੀ ਨਾਲ ਗਰੀਬ ਲੋਕਾਂ ਦਾ ਲਹੂ ਪੀ ਕੇ, ਆਮ ਜਨਤਾ ਦੀ ਬੇ-ਬਸੀ ਤੋਂ ਫ਼ਾਇਦਾ ਉਠਾਂਦੇ ਹੋਇਆਂ ਸੌਦਾ ਇਤਨੇ ਮਹਿੰਗੇ ਭਾ ਵੇਚ ਕੇ ਕਿ ਗਰੀਬ ਲੋਕ ਪੀਸੇ ਜਾਣ, ਰਿਸ਼ਵਤ ਆਦਿਕ ਦੀ ਰਾਹੀਂ; ਮੁੱਕਦੀ ਗੱਲ, ਹੋਰ ਅਜਿਹੇ ਤਰੀਕੇ ਵਰਤ ਕੇ ਜਿਨ੍ਹਾਂ ਨਾਲ ਗਰੀਬ ਲੋਕ ਬਹੁਤ ਦੁਖੀ ਹੋਣ, ਜੇ ਕੋਈ ਮਨੁੱਖ (ਚਾਹੇ ਉਹ ਕਿਸੇ ਭੀ ਦੇਸ ਜਾਂ ਕੌਮ ਦਾ ਹੈ) ਪੈਸਾ ਕਮਾਂਦਾ ਹੈ ਤੇ ਉਸ ਵਿਚੋਂ ਮੰਦਰ ਗੁਰਦੁਆਰੇ ਬਣਾਣ ਲਈ ਦਾਨ ਕਰਦਾ ਹੈ, ਤੀਰਥ-ਯਾਤ੍ਰਾ ਕਰਦਾ ਹੈ, ਗੁਰਦੁਆਰਿਆਂ ਦੇ ਦਰਸਨ ਕਰਨ ਤੇ ਮਾਇਆ ਖ਼ਰਚਦਾ ਹੈ, ਗੁਰੂ-ਦਰ ਤੇ ਕੜਾਹ-ਪ੍ਰਸ਼ਾਦ ਭੇਟਾ ਕਰਦਾ ਹੈ, ਅਜਿਹੇ ਭਾਵੇਂ ਅਨੇਕਾਂ ਪੁੰਨ-ਕਰਮ ਕਰੇ, ਗੁਰੂ ਪਰਮਾਤਮਾ ਉਸ ਉਤੇ ਖ਼ੁਸ਼ ਨਹੀਂ ਹੋ ਸਕਦਾ।

ਇਹਨਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੀ ਉਹੀ ਤਸਵੀਰ ਹੈ ਜਿਸ ਦਾ ਕੁਝ ਕੁ ਅੰਗ ਮਲਕ ਭਾਗੋ ਵਾਲੀ ਸਾਖੀ ਵਿਚ ਮਿਲਦਾ ਹੈ।

(9) ਇਸ ਸਲੋਕ ਦੇ ਅਸਲ ਭਾਵ ਨੂੰ ਤਦੋਂ ਹੀ ਸਮਝਿਆ ਜਾ ਸਕੇਗਾ ਜਦੋਂ ਇਸ ਨੂੰ ਇਸ ਦੇ ਸਾਥੀ-ਸਲੋਕਾਂ ਨਾਲ ਰਲਾ ਕੇ ਪੜ੍ਹਾਂਗੇ।

ਸਲੋਕ ਨੰ: 228 ਤੋਂ ਇਕ ਨਵਾਂ ਖ਼ਿਆਲ ਚੱਲਿਆ ਹੈ। ਜਗਤ ਵਿਚ 'ਬਾਦ-ਬਿਬਾਦ' ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ। ਪਰਮਾਤਮਾ ਦਾ ਨਾਮ ਇਥੇ ਇਕ ਸੋਹਣਾ ਰੁੱਖ ਹੈ। ਜਿਨ੍ਹਾਂ ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ 'ਬਾਦ-ਬਿਬਾਦ' ਤਜਿਆ ਹੈ, ਉਹ ਇਸ ਰੁੱਖ ਦੀ ਠੰਢੀ ਛਾਂ ਹਨ। ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ, ਇਸ 'ਬਾਦ-ਬਿਬਾਦ' ਦੀ ਤਪਸ਼ ਵਿਚ ਸੜਨ ਤੋਂ ਬਚ ਜਾਈਦਾ ਹੈ, ਇਸ 'ਬਾਦ-ਬਿਬਾਦ' ਤੋਂ 'ਵੈਰਾਗ' ਪ੍ਰਾਪਤ ਹੋ ਜਾਂਦਾ ਹੈ।

ਪਰ ਦੁਨੀਆ ਵਿਚ ਇਕ ਅਜੀਬ ਖੇਡ ਹੋ ਰਹੀ ਹੈ। ਲੋਕ ਸਵੇਰ ਵੇਲੇ ਧਰਮ-ਅਸਥਾਨ ਭੀ ਹੋ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮਾਂ ਦੇ ਨੇਮ ਭੀ ਨਿਬਾਹੁੰਦੇ ਹਨ, ਪਰ ਇਹਨਾਂ ਦੇ ਨਾਲ ਨਾਲ ਵਿਕਾਰ ਭੀ ਕਰੀ ਜਾਂਦੇ ਹਨ। ਕਬੀਰ ਜੀ ਇਥੇ ਆਖਦੇ ਹਨ ਕਿ 'ਸਾਧੂ' ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ ਉਤਨਾ ਚਿਰ 'ਰਾਮ ਰਾਮ' ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲੈ ਲਿਆ ਕਰੋ। ਇਹ ਤੀਰਥ-ਯਾਤ੍ਰਾ, ਵਰਤ-ਨੇਮ ਸਾਰੇ ਹੀ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।

ਪਿਛਲੇ ਸਲੋਕ ਵਿਚ ਜ਼ਿਕਰ ਹੈ ਕਿ 'ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ'। ਅਗਲੇ ਸਲੋਕ ਵਿਚ ਆਖਦੇ ਹਨ ਕਿ ਜੇ ਮਨੁੱਖ 'ਭਗਤਨ ਸੇਤੀ ਗੋਸਟੇ' ਤੋਂ ਆ ਕੇ ਸ਼ਰਾਬ-ਮਾਸ ਆਦਿਕ ਵਿਕਾਰਾਂ ਵਿਚ ਲੱਗਾ ਰਹੇ ਤਾਂ ਉਹ ਕੀਤਾ ਹੋਇਆ ਸਤਸੰਗ ਤੇ ਉਥੇ ਲਏ ਹੋਏ ਪ੍ਰਣ (ਵਰਤ) ਸਭ ਵਿਅਰਥ ਜਾਂਦੇ ਹਨ।

ਲਫ਼ਜ਼ 'ਭਾਂਗ ਮਾਛੁਲੀ ਅਤੇ ਸੁਰਾ' ਤੋਂ ਇਹ ਭਾਵ ਨਹੀਂ ਲੈਣਾ ਕਿ ਕਬੀਰ ਜੀ ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਅਤੇ ਪੋਸਤ ਅਫੀਮ ਆਦਿਕ ਦੀ ਮਨਾਹੀ ਨਹੀਂ ਕਰਦੇ। ਇਸੇ ਤਰ੍ਹਾਂ ਇਹ ਗੱਲ ਭੀ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ। ਸਾਰੇ ਪ੍ਰਸੰਗ ਨੂੰ ਰਲਾ ਕੇ ਪੜ੍ਹੋ। ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ; ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ। ਕਾਮੀ ਲੋਕ ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸਨਾ ਵਿਭਚਾਰ ਵਿਚ ਪ੍ਰਵਿਰਤ ਹੁੰਦੇ ਹਨ, ਤੇ, ਮੱਛੀ ਦਾ ਮਾਸ ਚੂੰਕਿ ਕਾਮ-ਰੁਚੀ ਵਧੀਕ ਪੈਦਾ ਕਰਨ ਵਿਚ ਪ੍ਰਸਿੱਧ ਹੈ ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ ਮੱਛੀ ਲਫ਼ਜ਼ ਵਰਤੇ ਹਨ।

ਭਾਈ ਗੁਰਦਾਸ ਜੀ ਅਤੇ 'ਮਾਸ'

'ਗੁਰਮਤਿ ਅੰਗ ਸੰਗ੍ਰਹਿ' ਵਿਚ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ 'ਗੁਰਮਤਿ' ਦੇ ਵਖ-ਵਖ ਅੰਗ ਲੈ ਕੇ ਵਿਚਾਰ ਕੀਤੀ ਜਾ ਰਹੀ ਹੈ। ਪਰ 'ਮਾਸ' ਬਾਰੇ ਭਾਈ ਗੁਰਦਾਸ ਜੀ ਦੀਆਂ 'ਵਾਰਾਂ' ਵਿਚ ਪੰਜ ਥਾਂ ਤੇ ਜ਼ਿਕਰ ਹੈ। ਉਹਨਾਂ ਪਉੜੀਆਂ ਨੂੰ ਆਮ ਤੌਰ ਤੇ ਗ਼ਲਤ ਤਰੀਕੇ ਨਾਲ ਵਿਚਾਰਿਆ ਤੇ ਸਮਝਿਆ ਜਾ ਰਿਹਾ ਹੈ। ਇਸ ਵਾਸਤੇ ਜ਼ਰੂਰੀ ਜਾਪਿਆ ਹੈ ਕਿ ਉਹਨਾਂ ਪਉੜੀਆਂ ਨੂੰ ਇਸੇ ਮਜ਼ਮੂਨ ਵਿਚ ਪੇਸ਼ ਕੀਤਾ ਜਾਏ।

'ਵਾਰ' ਦਾ ਮਜ਼ਮੂਨ:

ਸਾਡੇ ਦੇਸ਼ ਵਿਚ ਕਵੀ ਲੋਕ ਜੋਧਿਆਂ ਦੀਆਂ 'ਵਾਰਾਂ' ਲਿਖਿਆ ਕਰਦੇ ਸਨ, ਤੇ, ਢਾਢੀ ਉਹ 'ਵਾਰਾਂ' ਗਾ ਕੇ ਲੋਕਾਂ ਨੂੰ ਸੁਣਾਇਆ ਕਰਦੇ ਸਨ। ਹਰੇਕ 'ਵਾਰ' ਦਾ ਸਿਰਫ਼ ਇਕੋ ਹੀ ਬੱਝਵਾਂ ਮਜ਼ਮੂਨ ਹੁੰਦਾ ਹੈ।

ਭਾ: ਗੁਰਦਾਸ ਜੀ ਦੀਆਂ 'ਵਾਰਾਂ' ਕਦੋਂ ਲਿਖੀਆਂ ਗਈਆਂ?

(ੳ) ਵਾਰ ਨੰ: 2 ਪਉੜੀ ਨੰ: 19; ਇਸ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ 'ਜਪੁ' ਦੇ ਅਖ਼ੀਰਲੇ ਸਲੋਕ ਦੀ ਵਿਆਖਿਆ ਹੈ।

(ਅ) ਵਾਰ ਨੰ: 6 ਪਉੜੀ ਨੰ: 3 ਅਤੇ 5 ਇਸ ਪਉੜੀ ਦੀ ਅਠਵੀਂ ਤੁਕ ਵਿਚ ਲਫ਼ਜ਼ 'ਸੋਹਿਲਾ' ਵਰਤਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ ਤੋਂ ਪਹਿਲਾਂ ਕਿਸੇ ਬਾਣੀ-ਸੰਗ੍ਰਹਿ ਦਾ ਨਾਮ 'ਸੋਹਿਲਾ' ਨਹੀਂ ਸੀ। ਇਥੇ ਇਉਂ ਪਰਤੀਤ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਹ 'ਵਾਰਾਂ' ਤਦੋਂ ਲਿਖੀਆਂ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ ਉਹ ਸਾਰੀ 'ਬੀੜ' ਲਿਖ ਚੁਕੇ ਸਨ।

(ੲ) ਸਾਰੀਆਂ ਹੀ 'ਵਾਰਾਂ' ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇ ਲਿਖੀਆਂ ਗਈਆਂ ਸਨ। ਵੇਖੋ ਵਾਰ 1 ਪਉੜੀ 48; ਵਾਰ 3 ਪਉੜੀ 12; ਵਾਰ 26 ਪਉੜੀ 24 ਅਤੇ 25।

ਮਾਸ ਦਾ ਜ਼ਿਕਰ:

ਹੇਠ-ਲਿਖੀਆਂ ਪੰਜ ਪਉੜੀਆਂ ਵਿਚ ਹੈ:

(ੳ) ਚੰਗਾ ਰੁਖੁ ਵਢਾਇ . . . . ਵਾਰ 14, ਪਉੜੀ 15

(ਅ) ਹਸਤਿ ਅਖਾਜੁ ਗੁਮਾਨ ਕਰਿ . . . . ਵਾਰ 23, ਪਉੜੀ 13

(ੲ) ਸੀਂਹੁ ਪਜੂਤੀ ਬਕਰੀ . . . . ਵਾਰ 25, ਪਉੜੀ 17

(ਸ) ਜੇਕਰਿ ਉਧਰੀ ਪੂਤਨਾ . . . . ਵਾਰ 31, ਪਉੜੀ 9

(ਹ) ਕੁਹੈ ਕਸਾਈ ਬੱਕਰੀ . . . . ਵਾਰ 37, ਪਉੜੀ 21

ਇਹਨਾਂ 'ਵਾਰਾਂ' ਦਾ ਮੁੱਖ-ਮਜ਼ਮੂਨ:

(ੳ) ਵਾਰ ਨੰ: 14 ਵਿਚ ਗੁਰਮੁਖਾਂ ਦੇ ਲੱਛਣ ਦਿੱਤੇ ਗਏ ਹਨ ਕਿ ਗੁਰਮੁਖ ਨਿੱਤ ਸਵੇਰੇ ਸਾਧ ਸੰਗਤਿ ਵਿਚ ਜਾ ਕੇ ਕੀਰਤਨ ਕਰਦੇ ਸੁਣਦੇ ਹਨ ਲੋੜੀਂਦੇ ਸਾਜ ਭੀ ਵਜਾਂਦੇ ਹਨ। ਉਹਨਾਂ ਸਾਜਾਂ ਵਿਚ ਇਕ ਹੈ 'ਰਬਾਬ'। ਕਿਵੇਂ ਬਣਾਇਆ ਜਾਂਦਾ ਹੈ? ਚੰਗੀ ਲੱਕੜ ਤੋਂ 'ਰਬਾਬ' ਬਣੀ, ਬੱਕਰੀ ਨੂੰ ਮਾਰ ਕੇ ਉਸ ਦਾ 'ਮਾਸ' ਤਾਂ ਵੰਡ ਕੇ ਖਾਧਾ ਪੀਤਾ ਗਿਆ, ਉਸ ਦੀ ਖੱਲ ਨਾਲ 'ਰਬਾਬ' ਮੜ੍ਹੀ ਗਈ, ਬੱਕਰੀ ਦੀਆਂ ਆਂਦਰਾਂ ਤੋਂ 'ਰਬਾਬ' ਵਾਸਤੇ ਤੰਦੀ (ਤਾਰ) ਬਣਾਈ ਗਈ।

(ਅ) ਵਾਰ ਨੰ: 23 ਵਿਚ ਸਾਧ ਸੰਗਤਿ ਦੀ ਚਰਨ-ਧੂੜ ਦੀ ਵਡਿਆਈ ਦਾ ਜ਼ਿਕਰ ਹੈ, ਸਤਸੰਗ ਵਿਚ ਮਨੁੱਖ 'ਗਰੀਬੀ' ਸਿੱਖਦਾ ਹੈ। ਅਹੰਕਾਰੀ ਹਾਥੀ ਦੇ ਸਰੀਰ ਦੀ ਕੋਈ ਚੀਜ਼ ਸਾਧ ਸੰਗਤਿ ਵਿਚ ਕੰਮ ਨਹੀਂ ਆਉਂਦੀ; ਪਰ ਗਰੀਬੀ ਸੁਭਾਵ ਵਾਲੀ ਬੱਕਰੀ ਨੂੰ ਉਥੇ ਆਦਰ ਮਿਲਿਆ।

(ੲ) 'ਵਾਰ' ਨੰ: 25 ਵਿਚ ਗੁਰਮੁਖਾਂ ਦੇ 'ਗਰੀਬੀ-ਮਾਰਗ' ਦਾ ਜ਼ਿਕਰ ਹੈ। ਉੱਚਿਆਂ ਵਿਚ ਮੰਦੇ ਤੇ ਨੀਵਿਆਂ ਵਿਚ ਚੰਗੇ ਜੰਮ ਪੈਂਦੇ ਹਨ। ਮਰਨਾ ਤਾਂ ਸਭਨਾਂ ਨੇ ਹੈ, ਪਰ ਅਹੰਕਾਰੀਆਂ ਨਾਲੋਂ ਗਰੀਬੜੇ ਚੰਗੇ ਹਨ ਜੋ ਜੀਵੰਦਿਆਂ ਮੁਇਆਂ ਦਸ ਕੰਮ ਸਵਾਰਦੇ ਹਨ।

(ਸ) 'ਵਾਰ' ਨੰ: 31 ਵਿਚ ਭਲੇ ਮਨੁੱਖ ਤੇ ਬੁਰੇ ਮਨੁੱਖ ਦੇ ਜੀਵਨ ਦਾ ਟਾਕਰਾ ਕੀਤਾ ਗਿਆ ਹੈ। ਇਸ ਵਾਰ ਦੀਆਂ 20 ਪਉੜੀਆਂ ਹਨ, ਪ੍ਰਸੰਗ ਅਨੁਸਾਰ 'ਵਾਰ' ਦੇ ਤਿੰਨ ਹਿੱਸੇ ਹਨ।

(ਹ) 'ਵਾਰ' ਨੰ: 37 ਵਿਚ ਮਨੁੱਖ ਦੀਆਂ ਜਨਮ ਤੋਂ ਅਖ਼ੀਰ ਤਕ ਵੱਖ-ਵੱਖ ਹਾਲਤਾਂ ਦਾ ਜ਼ਿਕਰ ਹੈ:

1 ਤੋਂ 5; 6 ਤੋਂ 7; 8 ਤੋਂ 10; 11 ਤੋਂ 13; 14 ਤੋਂ 28।

ਪਉੜੀ ਨੰ: 20, 21 ਵਿਚ ਜ਼ਿਕਰ ਹੈ ਕਿ ਮਨਮੁਖ ਉਸ ਦੁ-ਜੀਭੇ ਸੱਪ ਨਾਲੋਂ ਭੀ ਭੈੜਾ ਹੈ ਜੋ ਦੁੱਧ ਪੀ ਕੇ ਵਿਹੁ ਸੁੱਟਦਾ ਹੈ। ਮਨਮੁਖ ਚੰਗੇ ਪਦਾਰਥ ਵਰਤ ਕੇ ਪਰ-ਤਨ ਪਰ-ਧਨ ਪਰ-ਨਿੰਦਾ ਦੇ ਪਾਪ ਕਰਦਾ ਹੈ। ਦੋਹਾਂ ਪਉੜੀਆਂ ਵਿਚ ਨਿਗੁਰੇ ਮਨਮੁਖ ਦਾ ਹੀ ਜ਼ਿਕਰ ਚੱਲ ਰਿਹਾ ਹੈ। ਮਾਸ ਖਾਣ ਜਾਂ ਨਾਹ ਖਾਣ ਤੇ ਵਿਚਾਰ ਨਹੀਂ ਹੈ। ਸਿਰਫ਼ ਮਨੁੱਖ ਦੀਆਂ ਵੱਖ-ਵੱਖ ਆਤਮਕ ਹਾਲਤਾਂ ਦਾ ਹੀ ਜ਼ਿਕਰ ਹੈ।

ਨੋਟ: ਜਦੋਂ ਭੀ ਕਿਸੇ ਬੱਝਵੇਂ ਮਜ਼ਮੂਨ ਦੀ ਲੜੀ ਵਿਚੋਂ ਕੋਈ ਇੱਕ ਦੋ ਤੁਕਾਂ ਜਾਂ ਕੋਈ ਇੱਕ ਪਉੜੀ ਲੈ ਕੇ ਉਸ ਨੂੰ ਅਸਲ ਮਨਮੂਨ ਤੋਂ ਅੱਡ ਕਰ ਕੇ ਵਿਚਾਰਿਆ ਜਾਏ, ਤਦੋਂ ਹੀ ਅਸਲ ਵਿਚਾਰ ਤੋਂ ਖੁੰਝ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ।

TOP OF PAGE

Sri Guru Granth Darpan, by Professor Sahib Singh