ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1293

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥ ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ {ਪੰਨਾ 1293}

ਪਦ ਅਰਥ: ਨਾਗਰ = ਨਗਰ ਦੇ। ਬਿਖਿਆਤ = (iv$Xwq = well-known avowed) ਮਸ਼ਹੂਰ, ਪ੍ਰਤੱਖ, ਮੰਨੀ-ਪ੍ਰਮੰਨੀ। ਰਿਦੈ = ਹਿਰਦੇ ਵਿਚ। ਸਾਰੰ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ।1। ਰਹਾਉ।

ਸੁਰਸਰੀ = (Skt. sursirq`) ਗੰਗਾ। ਸਲਲ = ਪਾਣੀ। ਕ੍ਰਿਤ = ਬਣਾਇਆ ਹੋਇਆ। ਬਾਰੁਨੀ = (Skt. vw{xI) ਸ਼ਰਾਬ। ਰੇ = ਹੇ ਭਾਈ! ਪਾਨੰ ਨਹੀ ਕਰਤ = ਨਹੀਂ ਪੀਂਦੇ। ਸੁਰਾ = ਸ਼ਰਾਬ। ਨਤ = ਭਾਵੇਂ। ਅਵਰ = ਹੋਰ। ਆਨੰ = ਹੋਰ ਵੱਖਰੇ।1।

ਤਰ = ਰੁੱਖ। ਤਰ ਤਾਰਿ = ਤਾੜੀ ਦੇ ਰੁੱਖ ਜਿਨ੍ਹਾਂ ਵਿਚੋਂ ਨਸ਼ਾ ਦੇਣ ਵਾਲਾ ਰਸ ਨਿਕਲਦਾ ਹੈ। ਕਾਗਰਾ = ਕਾਗ਼ਜ਼। ਕਰਤ ਬੀਚਾਰੰ = ਵਿਚਾਰ ਕਰਦੇ ਹਨ।2।

ਕੁਟ ਬਾਂਢਲਾ = (ਚੰਮ) ਕੁੱਟਣ ਤੇ ਵੱਢਣ ਵਾਲਾ। ਢੋਰ = ਮੋਏ ਹੋਏ ਪਸ਼ੂ। ਨਿਤਹਿ = ਸਦਾ। ਬਿਪ੍ਰ = ਬ੍ਰਾਹਮਣ। ਤਿਹਿ = ਉਸ ਨੂੰ। ਡੰਡਉਤਿ = ਨਮਸਕਾਰ। ਨਾਮ ਸਰਣਾਇ = ਨਾਮ ਦੀ ਸਰਨ ਵਿਚ। ਤਿਹਿ = ਉਸ ਕੁਲ ਵਿਚ।3।

ਅਰਥ: ਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀ ਲੋਕ ਬੜੀ ਨੀਵੀਂ ਸਮਝਦੇ ਹੋ, ਪਰ) ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ।1। ਰਹਾਉ।

ਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਚਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ) , ਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ।1।

ਹੇ ਭਾਈ! ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ) , ਪਰ ਜਦੋਂ ਭਗਵਾਨ ਦੀ ਸਿਫ਼ਤਿ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ।2।

ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ; ਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ।3।1।

ਨੋਟ: ਇਸ ਸ਼ਬਦ ਦੀ ਰਹਾਉ ਦੀ ਤੁਕ ਵਿਚ ਰਵਿਦਾਸ ਜੀ ਲਿਖਦੇ ਹਨ– "ਮੈਂ ਰਾਮ ਦੇ ਗੁਣ ਸੰਭਾਲਦਾ ਹਾਂ, ਮੈਂ ਗੋਬਿੰਦ ਦੇ ਗੁਣ ਸੰਭਾਲਦਾ ਹਾਂ" ਪਰ ਜੇ ਅਵਤਾਰ-ਪੂਜਾ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ 'ਰਾਮ' ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਤੇ, 'ਗੋਬਿੰਦ' ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੈ। ਇਹਨਾਂ ਦੋਹਾਂ ਲਫ਼ਜ਼ਾਂ ਦੀ ਇਕੱਠੀ ਵਰਤੋਂ ਤੋਂ ਸਾਫ਼ ਪ੍ਰਤੱਖ ਹੈ ਕਿ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸ਼ਕ ਨਹੀਂ ਸਨ। ਉਹ ਉਸ ਪਰਮਾਤਮਾ ਦੇ ਭਗਤ ਸਨ, ਜਿਸ ਦੇ ਵਾਸਤੇ ਇਹ ਸਾਰੇ ਲਫ਼ਜ਼ ਵਰਤੇ ਜਾ ਸਕਦੇ ਹਨ, ਤੇ, ਸਤਿਗੁਰੂ ਜੀ ਨੇ ਭੀ ਵਰਤੇ ਹਨ।

ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ।

ਮਲਾਰ ॥ ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥ ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥ ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥ ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥ ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥ ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥ ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥ {ਪੰਨਾ 1293}

ਪਦ ਅਰਥ: ਤੇਊ = ਉਹੀ ਮਨੁੱਖ। ਜਨਾ = (ਪ੍ਰਭੂ ਦੇ) ਸੇਵਕ। ਪਦਮ ਕਵਲਾਸ ਪਤਿ = (p©piq kmlwpiq) ਪਦਮਾਪਤਿ, ਕਮਲਾਪਤਿ। ਪਦਮਾ = ਲੱਛਮੀ, ਮਾਇਆ। ਕਮਲਾ = ਲੱਛਮੀ, ਮਾਇਆ। ਪਦਮਾਪਤਿ = ਪਰਮਾਤਮਾ। ਕਵਲਾਸਪਤਿ = ਪਰਮਾਤਮਾ, ਮਾਇਆ ਦਾ ਪਤੀ। ਤਾਸ ਸਮ = ਉਸ ਪ੍ਰਭੂ ਦੇ ਸਮਾਨ, ਉਸ ਪ੍ਰਭੂ ਵਰਗਾ। ਤਾਸ ਤੁਲਿ = ਉਸ ਪਰਮਾਤਮਾ ਦੇ ਬਰਾਬਰ ਦਾ। ਕੋਊ ਆਨ = ਕੋਈ ਹੋਰ। ਹੋਇ = ਹੋ ਕੇ, ਬਣ ਕੇ। ਬਿਸਥਰਿਓ = ਖਿਲਰਿਆ ਹੋਇਆ, ਵਿਆਪਕ। ਰੇ = ਹੇ ਭਾਈ! ਆਨ ਆਨ = (Skt. AXn AXn) ਘਰ ਘਰ ਵਿਚ, ਘਟ ਘਟ ਵਿਚ। ਸੋਊ = ਉਹੀ ਪ੍ਰਭੂ। ਰਹਾਉ।

ਜਾ ਕੈ = ਜਿਸ ਦੇ ਘਰ ਵਿਚ। ਭਾਗਵਤੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ। ਆਛੋਪ = ਅਛੋਹ, ਅਛੂਤ। ਛੀਪਾ = ਛੀਂਬਾ। ਪੇਖੀਐ = ਵੇਖਣ ਵਿਚ ਆਉਂਦਾ ਹੈ। ਨਾਮਨਾ = ਵਡਿਆਈ। ਸਪਤ ਦੀਪਾ = ਸੱਤਾਂ ਦੀਪਾਂ ਵਿਚ, ਸਾਰੇ ਸੰਸਾਰ ਵਿਚ।1।

ਜਾ ਕੈ = ਜਿਸ ਦੀ ਕੁਲ ਵਿਚ। ਬਕਰੀਦਿ = ਉਹ ਈਦ ਜਿਸ ਤੇ ਗਊ ਦੀ ਕੁਰਬਾਨੀ ਦੇਂਦੇ ਹਨ (ਬਕਰ = ਗਊ) । ਬਧੁ ਕਰਹਿ = ਜ਼ਬਹ ਕਰਦੇ ਹਨ, ਕੁਰਬਾਨੀ ਦੇਂਦੇ ਹਨ। ਮਾਨੀਅਹਿ = ਮੰਨੇ ਜਾਂਦੇ ਹਨ, ਪੂਜੇ ਜਾਂਦੇ ਹਨ। ਜਾ ਕੈ = ਜਿਸ ਦੇ ਖ਼ਾਨਦਾਨ ਵਿਚ। ਬਾਪ = ਪਿਉ ਦਾਦਿਆਂ, ਵੱਡਿਆਂ ਨੇ। ਐਸੀ ਸਰੀ = ਇਹੋ ਜਿਹੀ ਸਰ ਆਈ, ਅਜਿਹੀ ਹੋ ਸਕੀ। ਤਿਹੂ ਲੋਕ = ਤਿੰਨਾਂ ਹੀ ਲੋਕਾਂ ਵਿਚ, ਸਾਰੇ ਜਗਤ ਵਿਚ। ਪਰਸਿਧ = ਮਸ਼ਹੂਰ।2।

ਢੇਢ = ਨੀਚ ਜਾਤ ਦੇ ਬੰਦੇ। ਅਜਹੁ = ਅਜੇ ਤਕ। ਆਚਾਰ = ਕਰਮ-ਕਾਂਡ। ਆਚਾਰ ਸਹਿਤ = ਕਰਮ-ਕਾਂਡੀ, ਸ਼ਾਸਤ੍ਰਾਂ ਦੀ ਮਰਯਾਦਾ ਤੇ ਤੁਰਨ ਵਾਲੇ। ਤਿਨ ਤਨੈ = ਉਹਨਾਂ ਦੇ ਪੁੱਤਰ (ਰਵਿਦਾਸ) ਨੂੰ। ਦਾਸਾਨ ਦਾਸਾ = ਪ੍ਰਭੂ ਦੇ ਦਾਸਾਂ ਦਾ ਦਾਸ।3।

ਅਰਥ: ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ) ਹੇ ਭਾਈ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ। ਰਹਾਉ।

ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ) ; ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ।1।

(ਨੋਟ: ਚੂੰਕਿ ਇਹ ਬਹਿਸ ਉੱਚੀ ਜਾਤ ਵਾਲਿਆਂ ਨਾਲ ਹੈ, ਇਸ ਵਾਸਤੇ ਉਹਨਾਂ ਦੇ ਆਪਣੇ ਹੀ ਘਰ ਵਿਚੋਂ ਬਿਆਸ ਸਨਕ ਆਦਿਕ ਦਾ ਹਵਾਲਾ ਦਿੱਤਾ ਹੈ। ਰਵਿਦਾਸ ਜੀ ਖ਼ੁਦ ਇਹਨਾਂ ਦੇ ਸ਼ਰਧਾਲੂ ਨਹੀਂ ਹਨ।)

ਹੇ ਭਾਈ! ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ, ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ।2।

ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ, ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ।3।2।

ਨੋਟ: ਫ਼ਰੀਦ ਜੀ ਅਤੇ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਇਕ ਗੱਲ ਸਾਫ਼ ਪ੍ਰਤੱਖ ਦਿੱਸਦੀ ਹੈ। ਫ਼ਰੀਦ ਜੀ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤਦੇ ਹਨ– ਮਲ-ਕੁਲਮੌਤ, ਪੁਰਸਲਾਤ (=ਪੁਲਸਿਰਾਤ) , ਅਕਲਿ ਲਤਫ਼ਿ, ਗਿਰੀਵਾਨ, ਮਰਗ ਆਦਿਕ ਸਭ ਮੁਸਲਮਾਨੀ ਲਫ਼ਜ਼ ਹੀ ਹਨ; ਖ਼ਿਆਲ ਭੀ ਇਸਲਾਮ ਵਾਲੇ ਹੀ ਦਿੱਤੇ ਹਨ; ਜਿਵੇਂ 'ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ'; ਇਥੇ ਮੁਰਦੇ ਦੱਬਣ ਵਲ ਇਸ਼ਾਰਾ ਹੈ। ਪਰ ਕਬੀਰ ਜੀ ਦੀ ਬਾਣੀ ਪੜ੍ਹੋ, ਸਭ ਲਫ਼ਜ਼ ਹਿੰਦੂਆਂ ਵਾਲੇ ਹਨ, ਸਿਰਫ਼ ਉੱਥੇ ਹੀ ਮੁਸਲਮਾਨ ਲਫ਼ਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਬਹਿਸ ਹੈ। ਪਰਮਾਤਮਾ ਵਾਸਤੇ ਆਮ ਤੌਰ ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ, ਤੇ, ਜੋ ਨਾਮ ਸਤਿਗੁਰੂ ਜੀ ਨੇ ਭੀ ਬਹੁਤੀ ਵਾਰੀ ਵਰਤੇ ਹਨ– ਪੀਤਾਂਬਰ, ਰਾਮ, ਹਰਿ, ਨਾਰਾਇਨ, ਸਾਰਿੰਗਧਰ, ਠਾਕੁਰ ਆਦਿਕ।

ਇਸ ਉਪਰਲੀ ਵਿਚਾਰ ਤੋਂ ਸੁਤੇ ਹੀ ਇਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਫ਼ਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖ਼ਿਆਲਾਂ ਵਿਚ ਪਲੇ ਸਨ; ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸੱਭਿਅਤਾ ਵਿਚ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕੀਦਾ ਹੈ ਕਿ ਫ਼ਰੀਦ ਜੀ ਮੁਸਲਮਾਨ ਸਨ, ਅਤੇ ਕਬੀਰ ਜੀ ਹਿੰਦੂ। ਹਾਂ, ਹਿੰਦੂ ਕੁਰੀਤੀਆਂ ਅਤੇ ਕੁ-ਰਸਮਾਂ ਨੂੰ ਉਹਨਾਂ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ; ਇਹ ਗੱਲ ਭੀ ਇਹੀ ਜ਼ਾਹਰ ਕਰਦੀ ਹੈ ਕਿ ਹਿੰਦੂ ਘਰ ਵਿਚ ਜਨਮ ਹੋਣ ਅਤੇ ਪਲਣ ਕਰਕੇ ਕਬੀਰ ਜੀ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ।

ਰਵਿਦਾਸ ਜੀ ਦੇ ਇਸ ਸ਼ਬਦ ਦੇ ਦੂਜੇ ਬੰਦ ਵਿਚੋਂ ਕਈ ਸੱਜਣ ਟਪਲਾ ਖਾ ਰਹੇ ਹਨ ਕਿ ਕਬੀਰ ਜੀ ਮੁਸਲਮਾਨ ਸਨ। ਪਰ ਆਸਾ ਰਾਗ ਵਿਚ ਕਬੀਰ ਜੀ ਦਾ ਆਪਣਾ ਸ਼ਬਦ ਪੜ੍ਹ ਕੇ ਵੇਖੋ; ਲਿਖਦੇ ਹਨ:

"ਸਕਤਿ ਸਨੇਹੁ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ, ਆਪਨ ਹੀ ਕਟਿ ਜਾਈ ॥2॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤਿ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ ॥3॥"

ਇੱਥੇ ਸਾਫ਼ ਹੈ ਕਿ ਕਬੀਰ ਜੀ ਦੀ ਸੁੰਨਤ ਨਹੀਂ ਸੀ ਹੋਈ, ਜੇ ਉਹ ਮੁਸਲਮਾਨੀ ਘਰ ਵਿਚ ਪਲਦੇ, ਤਾਂ ਛੋਟੀ ਉਮਰੇ ਹੀ ਮਾਪੇ ਸੁੰਨਤ ਕਰਾ ਦੇਂਦੇ, ਜਿਵੇਂ ਮੁਸਲਮਾਨਾਂ ਦੀ ਸ਼ਰਹ ਕਹਿੰਦੀ ਹੈ। ਕਬੀਰ ਜੀ ਮੁਸਲਮਾਨੀ ਪੱਖ ਦਾ ਜ਼ਿਕਰ ਕਰਦੇ ਹੋਏ ਘਰ ਦੀ ਸਾਥਣ ਵਾਸਤੇ ਮੁਸਲਮਾਨੀ ਲਫ਼ਜ਼ 'ਅਉਰਤਿ' ਵਰਤਦੇ ਹਨ, ਪਰ ਆਪਣਾ ਪੱਖ ਦੱਸਣ ਲੱਗੇ ਹਿੰਦੂ-ਲਫ਼ਜ਼ "ਅਰਧ ਸਰੀਰੀ ਨਾਰਿ" ਵਰਤਦੇ ਹਨ।

ਪਰ, ਕੀ ਰਵਿਦਾਸ ਜੀ ਨੇ ਕਬੀਰ ਜੀ ਨੂੰ ਮੁਸਲਮਾਨ ਦੱਸਿਆ ਹੈ? ਨਹੀਂ। ਗਹੁ ਨਾਲ ਪੜ੍ਹ ਕੇ ਵੇਖੋ। "ਰਹਾਉ" ਦੀ ਤੁਕ ਵਿਚ ਰਵਿਦਾਸ ਜੀ ਉਹਨਾਂ ਮਨੁੱਖਾਂ ਦੀ ਆਤਮਕ ਅਵਸਥਾ ਬਿਆਨ ਕਰਦੇ ਹਨ, ਜੋ ਹਰਿ-ਨਾਮ ਸਿਮਰਦੇ ਹਨ। ਕਹਿੰਦੇ ਹਨ– ਉਹਨਾਂ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ; ਉਹਨਾਂ ਨੂੰ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕਦੇ ਹਾਂ ਕਿ ਉਹ ਨਿਡਰ ਤੇ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦੇ ਹਨ। ਅੱਗੇ ਨਾਮਦੇਵ ਦੀ, ਕਬੀਰ ਦੀ ਤੇ ਆਪਣੀ ਮਿਸਾਲ ਦੇਂਦੇ ਹਨ– ਹਰਿ-ਨਾਮ ਦੀ ਬਰਕਤਿ ਨਾਲ ਨਾਮਦੇਵ ਦੀ ਸੋਭਾ ਉਹ ਹੋਈ ਜੋ ਸਨਕ ਤੇ ਵਿਆਸ ਵਰਗੇ ਰਿਸ਼ੀ ਲਿਖ ਗਏ, ਕਬੀਰ ਇਸਲਾਮੀ ਰਾਜ ਦੇ ਦਬਾ ਤੋਂ ਨਿਡਰ ਰਹਿ ਕੇ ਹਰਿ-ਨਾਮ ਸਿਮਰ ਕੇ ਹੀ ਉੱਘਾ ਹੋਇਆ, ਆਪਣੀ ਕੁਲ ਦੇ ਹੋਰ ਜੁਲਾਹਿਆਂ ਵਾਂਗ ਮੁਸਲਮਾਨ ਨਹੀਂ ਬਣਿਆ; ਹਰਿ-ਨਾਮ ਦੀ ਬਰਕਤਿ ਨੇ ਹੀ ਰਵਿਦਾਸ ਜੀ ਨੂੰ ਇਤਨਾ ਉੱਚਾ ਕੀਤਾ ਕਿ ਉੱਚੀ ਕੁਲ ਦੇ ਬ੍ਰਾਹਮਣ ਚਰਨੀਂ ਲੱਗਦੇ ਰਹੇ।

ਸਤਿਗੁਰੂ ਜੀ ਨੇ ਫ਼ਰੀਦ ਜੀ ਨੂੰ 'ਸ਼ੇਖ਼' ਲਿਖਿਆ ਹੈ, ਲਫ਼ਜ਼ 'ਸ਼ੇਖ਼' ਮੁਸਲਮਾਨੀ ਹੈ, ਪਰ ਕਬੀਰ ਜੀ ਨੂੰ 'ਭਗਤ' ਲਿਖਦੇ ਹਨ, 'ਭਗਤ' ਲਫ਼ਜ਼ ਹੇਂਦਕਾ ਹੈ।

ਸੋ, ਰਵਿਦਾਸ ਜੀ ਦੇ ਇਸ ਸ਼ਬਦ ਤੋਂ ਇਹ ਅੰਦਾਜ਼ਾ ਲਾਉਣਾ ਹੈ ਕਿ ਕਬੀਰ ਜੀ ਮੁਸਲਮਾਨ ਸਨ, ਭਾਰਾ ਟਪਲਾ ਖਾਣ ਵਾਲੀ ਗੱਲ ਹੈ।

ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ।

ਮਲਾਰ    ੴ ਸਤਿਗੁਰ ਪ੍ਰਸਾਦਿ ॥ ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥ ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥ ਮੈਲੇ ਕਪਰੇ ਕਹਾ ਲਉ ਧੋਵਉ ॥ ਆਵੈਗੀ ਨੀਦ ਕਹਾ ਲਗੁ ਸੋਵਉ ॥੧॥ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥ ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥ ਕਹੁ ਰਵਿਦਾਸ ਭਇਓ ਜਬ ਲੇਖੋ ॥ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥ {ਪੰਨਾ 1293}

ਪਦ ਅਰਥ: ਪ੍ਰਾਨ ਨਾਥੁ = ਜਿੰਦ ਦਾ ਸਾਈਂ। ਕਵਨ ਭਗਤਿ ਤੇ = ਹੋਰ ਕਿਹੜੀ ਭਗਤੀ ਨਾਲ? ਹੋਰ ਕਿਸ ਤਰ੍ਹਾਂ ਭਗਤੀ ਕੀਤਿਆਂ? ਭਾਵ, ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਹਾਉ।

ਕਹਾ ਲਉ = ਕਦੋਂ ਤੱਕ? ਭਾਵ, ਬੱਸ ਕਰ ਦਿਆਂਗਾ, ਹੁਣ ਨਹੀਂ ਕਰਾਂਗਾ। ਮੈਲੇ ਕਪਰੇ ਧੋਵਉ = ਮੈਂ ਦੂਜਿਆਂ ਦੇ ਮੈਲੇ ਕਪੜੇ ਧੋਵਾਂਗਾ, ਮੈਂ ਦੂਜਿਆਂ ਦੀ ਨਿੰਦਿਆ ਕਰਾਂਗਾ। ਆਵੈਗੀ...ਸੋਵਉ = ਕਹਾ ਲਗੁ ਆਵੈਗੀ ਨੀਦ ਕਹਾ ਲਗੁ ਸੋਵਉ = ਕਦੋਂ ਤੱਕ ਨੀਂਦ ਆਵੇਗੀ ਅਤੇ ਕਦ ਤੱਕ ਸਵਾਂਗਾ? ਨਾਹ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਸਵਾਂਗਾ।1।

ਜੋਈ ਜੋਈ ਜੋਰਿਓ = ਜੋ ਕੁਝ ਮੈਂ ਜੋੜਿਆ ਸੀ, ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਸੀ। ਸੋਈ ਸੋਈ = ਉਹ ਸਾਰਾ (ਲੇਖਾ) । ਝੂਠੈ ਬਨਜਿ = ਝੂਠੇ ਵਣਜ ਵਿਚ (ਲੱਗ ਕੇ ਜੋ ਹੱਟੀ ਪਾਈ ਸੀ) ।2।

ਕਹੁ = ਆਖ। ਰਵਿਦਾਸ = ਹੇ ਰਵਿਦਾਸ! ਭਇਓ ਜਬ ਲੇਖੋ = (ਸਾਧ ਸੰਗਤਿ ਵਿਚ) ਜਦੋਂ (ਮੇਰੇ ਕੀਤੇ ਕਰਮਾਂ ਦਾ) ਲੇਖਾ ਹੋਇਆ, ਸਾਧ ਸੰਗਤਿ ਵਿਚ ਜਦੋਂ ਮੈਂ ਆਪੇ ਵਲ ਝਾਤ ਮਾਰੀ।3।

ਅਰਥ: ਸਾਧ ਸੰਗਤਿ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ, (ਨਹੀਂ ਤਾਂ) ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ। ਰਹਾਉ।

(ਸਾਧ ਸੰਗਤਿ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ, (ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ।1।

(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ, ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤਿ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ।2।

(ਇਹ ਤਬਦੀਲੀ ਕਿਵੇਂ ਆਈ?) ਹੇ ਰਵਿਦਾਸ! ਆਖ– (ਸਾਧ ਸੰਗਤਿ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ, ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ।3। 3।

ਸ਼ਬਦ ਦਾ ਭਾਵ: ਸਾਧ ਸੰਗਤਿ ਹੀ ਇਕ ਐਸਾ ਅਸਥਾਨ ਹੈ ਜਿੱਥੇ ਮਨ ਉੱਚੀ ਅਵਸਥਾ ਵਿਚ ਅੱਪੜ ਸਕਦਾ ਹੈ, ਤੇ ਪਰਾਈ ਨਿੰਦਿਆ, ਅਗਿਆਨਤਾ, ਝੂਠ ਆਦਿਕ ਵਿਕਾਰਾਂ ਵਲੋਂ ਤਰਕ ਕਰ ਕੇ ਇਹਨਾਂ ਦੀ ਸਫ਼ਾ ਹੀ ਮੁਕਾ ਸਕਦਾ ਹੈ।3।

TOP OF PAGE

Sri Guru Granth Darpan, by Professor Sahib Singh