ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1257

ਮਲਾਰ ਮਹਲਾ ੧ ॥ ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ ਨਿਤ ਨਿਤ ਲੇਹੁ ਨ ਛੀਜੈ ਦੇਹ ॥ ਅੰਤ ਕਾਲਿ ਜਮੁ ਮਾਰੈ ਠੇਹ ॥੧॥ ਐਸਾ ਦਾਰੂ ਖਾਹਿ ਗਵਾਰ ॥ ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥ ਰਾਜੁ ਮਾਲੁ ਜੋਬਨੁ ਸਭੁ ਛਾਂਵ ॥ ਰਥਿ ਫਿਰੰਦੈ ਦੀਸਹਿ ਥਾਵ ॥ ਦੇਹ ਨ ਨਾਉ ਨ ਹੋਵੈ ਜਾਤਿ ॥ ਓਥੈ ਦਿਹੁ ਐਥੈ ਸਭ ਰਾਤਿ ॥੨॥ ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥ ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥ ਹੋਮ ਜਗ ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ ਸੋ ਪਰਵਾਣ ॥੩॥ ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥ ਜਿਨ ਕਉ ਲਿਖਿਆ ਏਹੁ ਨਿਧਾਨੁ ॥ ਸੇ ਧਨਵੰਤ ਦਿਸਹਿ ਘਰਿ ਜਾਇ ॥ ਨਾਨਕ ਜਨਨੀ ਧੰਨੀ ਮਾਇ ॥੪॥੩॥੮॥ {ਪੰਨਾ 1257}

ਨੋਟ: ਸੰਖੀਆ ਜ਼ਹਰ ਹੈ। ਪਰ ਕਈ ਕਿਸਮ ਦੀਆਂ ਬੂਟੀਆਂ ਨਾਲ ਰਲਾ ਕੇ ਅੱਗ ਵਿਚ ਇਸ ਨੂੰ ਮਾਰਿਆ ਜਾਂਦਾ ਹੈ, ਇਸ ਦਾ ਕੁਸ਼ਤਾ ਕੀਤਾ ਜਾਂਦਾ ਹੈ। ਉਹ ਕੁਸ਼ਤਾ, ਉਹ ਮਾਰਿਆ ਹੋਇਆ ਸੰਖੀਆ ਇਕ ਵਧੀਆ ਦਵਾਈ ਬਣ ਜਾਂਦੀ ਹੈ, ਜੋ ਕਈ ਰੋਗਾਂ ਨੂੰ ਦੂਰ ਕਰ ਸਕਦਾ ਹੈ। ਦੁਨੀਆ ਦੇ ਦੁੱਖ-ਕਲੇਸ਼ ਮਨੁੱਖ ਉਤੇ ਦਬਾਉ ਪਾ ਕੇ ਉਸ ਦਾ ਆਤਮਕ ਜੀਵਨ ਮਾਰ ਮੁਕਾਂਦੇ ਹਨ। ਪਰ ਇਹੀ ਦੁੱਖ ਦਵਾਈ ਭੀ ਬਣ ਸਕਦੇ ਹਨ। ਇਸ ਸ਼ਬਦ ਵਿਚ ਉਹ ਆਤਮਕ ਵਿਧੀ ਦੱਸੀ ਹੋਈ ਹੈ।

ਪਦ ਅਰਥ: ਮਾਰਣ (ਮਹੁਰੇ ਨੂੰ ਕੁਸ਼ਤਾ ਕਰਨ ਵਾਸਤੇ ਜੜ੍ਹੀ ਬੂਟੀਆਂ ਆਦਿਕ) ਮਸਾਲੇ। ਹਥਿ = ਹੱਥ ਵਿਚ। ਪੀਸਣੁ = (ਕੁਸ਼ਤਾ ਪੀਹ ਕੇ ਬਾਰੀਕ ਕਰਨ ਲਈ ਪੱਥਰ ਦਾ) ਵੱਟਾ। ਨਿਤ ਨਿਤ = ਸਦਾ ਹੀ। ਲੇਹੁ = (ਇਹ ਦਵਾਈ) ਖਾਵੋ। ਦੇਹ = ਸਰੀਰ। ਨ ਛੀਜੈ = ਛਿੱਜਦਾ ਨਹੀਂ। ਨ ਛੀਜੈ ਦੇਹ = ਮਨੁੱਖ ਸਰੀਰ ਛਿੱਜਦਾ ਨਹੀਂ, ਮਨੁੱਖਾ ਜਨਮ ਤੋਂ ਹੇਠ ਵਲ ਨਹੀਂ ਜਾਈਦਾ। ਅੰਤ ਕਾਲਿ = ਅਖ਼ੀਰ ਵੇਲੇ। (ਨੋਟ: 'ਨ ਛੀਜੈ ਦੇਹ' ਦਾ ਪਹਿਲਾ 'ਨ' ਅਗਲੀ ਤੁਕ ਦੇ ਨਾਲ ਭੀ ਅਰਥ ਵੇਲੇ ਵਰਤਣਾ ਹੈ। ਇਸ ਨੂੰ 'ਦੇਹਲੀ ਦੀਪਕ' ਅਲੰਕਾਰ ਸਮਝੋ) । ਮਾਰੈ ਠੇਹ = ਪਟਕ ਕੇ ਮਾਰਦਾ ਹੈ।1।

ਗਵਾਰ = ਹੇ ਮੂਰਖ! ਜਿਤੁ ਖਾਧੈ = ਜਿਸ (ਦਾਰੂ) ਦੇ ਖਾਧਿਆਂ। ਵਿਕਾਰ = ਮੰਦੇ ਕਰਮ।1। ਰਹਾਉ।

ਸਭੁ = ਇਹ ਸਾਰਾ (ਅਡੰਬਰ) । ਛਾਂਵ = ਪਰਛਾਵਾਂ। ਰਥਿ ਫਿਰੰਦੈ = ਰਥ ਦੇ ਫਿਰਿਆਂ, ਜਦੋਂ ਸੂਰਜ ਦਾ ਰਥ ਫਿਰਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਥਾਵ = (ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ) ਅਸਲੀ ਥਾਂ ਟਿਕਾਣੇ। ਦੇਹ = ਸਰੀਰ। ਨਾਉ = ਨਾਮਣਾ, ਵਡਿਆਈ। ਓਥੈ = ਪ੍ਰਭੂ ਦੀ ਹਜ਼ੂਰੀ ਵਿਚ। ਐਥੈ = ਇਸ ਲੋਕ ਵਿਚ। ਰਾਤਿ = ਅਗਿਆਨਤਾ ਦਾ ਹਨੇਰਾ। ਦਿਹੁ = ਦਿਨ, ਗਿਆਨ ਦਾ ਚਾਨਣ।2।

ਸਾਦ = (ਦੁਨੀਆ ਦੇ ਪਦਾਰਥਾਂ ਦੇ) ਸੁਆਦ। ਸਮਧਾਂ = ਹਵਨ ਵਿਚ ਵਰਤਿਆ ਜਾਣ ਵਾਲਾ ਬਾਲਣ। ਤ੍ਰਿਸਨਾ = ਮਾਇਆ ਦਾ ਲਾਲਚ। ਅਰੁ = ਅਤੇ। ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲਗਦਾ ਹੈ। ਪਰਵਾਣ = ਕਬੂਲ ਕਰਨਾ, ਮੰਨ ਲੈਣਾ।3।

ਤਪੁ = ਉੱਦਮ ਆਦਿਕ। ਨੀਸਾਨੁ = ਪਰਵਾਨਾ, ਰਾਹਦਾਰੀ। ਨਿਧਾਨੁ = ਖ਼ਜ਼ਾਨਾ। ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਘਰਿ ਜਾਇ = ਘਰ ਵਿਚ ਜਾ ਕੇ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਕੇ। ਜਨਨੀ = ਮਾਂ, ਜੰਮਣ ਵਾਲੀ। ਧੰਨੀ = ਭਾਗਾਂ ਵਾਲੀ। ਮਾਇ = ਮਾਂ।4।

ਅਰਥ: (ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ, (ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ। (ਹੇ ਭਾਈ! ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ, ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ।1।

ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ, ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ।1। ਰਹਾਉ।

(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ, ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ। (ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ, ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ।2।

(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ; ਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ) । ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ = ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ।3।

ਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ। ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ। ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ।4।3।8।

ਮਲਾਰ ਮਹਲਾ ੧ ॥ ਬਾਗੇ ਕਾਪੜ ਬੋਲੈ ਬੈਣ ॥ ਲੰਮਾ ਨਕੁ ਕਾਲੇ ਤੇਰੇ ਨੈਣ ॥ ਕਬਹੂੰ ਸਾਹਿਬੁ ਦੇਖਿਆ ਭੈਣ ॥੧॥ ਊਡਾਂ ਊਡਿ ਚੜਾਂ ਅਸਮਾਨਿ ॥ ਸਾਹਿਬ ਸੰਮ੍ਰਿਥ ਤੇਰੈ ਤਾਣਿ ॥ ਜਲਿ ਥਲਿ ਡੂੰਗਰਿ ਦੇਖਾਂ ਤੀਰ ॥ ਥਾਨ ਥਨੰਤਰਿ ਸਾਹਿਬੁ ਬੀਰ ॥੨॥ ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥ ਅਤਿ ਤ੍ਰਿਸਨਾ ਉਡਣੈ ਕੀ ਡੰਝ ॥ ਨਦਰਿ ਕਰੇ ਤਾਂ ਬੰਧਾਂ ਧੀਰ ॥ ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥ ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥ ਪਉਣੈ ਪਾਣੀ ਅਗਨੀ ਕਾ ਸਨਬੰਧ ॥ ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥ ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥ {ਪੰਨਾ 1257}

ਪਦ ਅਰਥ: ਬਾਗੇ = ਬੱਗੇ, ਚਿੱਟੇ। ਕਾਪੜ = ਕੱਪੜੇ, ਖੰਭ। ਬੈਣ = (ਮਿੱਠੇ) ਬੋਲ। ਬੋਲੈ = ਬੋਲਦੀ ਹੈ। ਨੈਣ = ਅੱਖਾਂ। ਭੈਣ = ਹੇ ਭੈਣ!।1।

ਊਡਾਂ = ਮੈਂ ਉੱਡਦੀ ਹਾਂ। ਊਡਿ = ਉੱਡ ਕੇ। ਚੜਾਂ = ਮੈਂ ਪਹੁੰਚਦੀ ਹਾਂ। ਅਸਮਾਨਿ = ਅਸਮਾਨ ਵਿਚ। ਸਾਹਿਬ = ਹੇ ਸਾਹਿਬ! ਤੇਰੈ ਤਾਣਿ = ਤੇਰੇ ਦਿੱਤੇ ਤਾਣ ਤੇ, ਤੇਰੀ ਦਿੱਤੀ ਤਾਕਤ ਨਾਲ। ਡੂੰਗਰਿ = ਪਹਾੜ ਵਿਚ। ਦੇਖਾਂ = ਮੈਂ ਵੇਖਦੀ ਹਾਂ। ਤੀਰ = ਦਰਿਆਵਾਂ ਦੇ ਕੰਢੇ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਬੀਰ = ਹੇ ਵੀਰ!।2।

ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਬਣਾ ਕੇ। ਅਤਿ = ਬਹੁਤ। ਉਡਨੈ ਕੀ ਡੰਝ = ਭਟਕਣ ਦੀ ਤਾਂਘ। ਡੰਝ = ਬਹੁਤ ਪਿਆਸ। ਬੰਧਾਂ ਧੀਰ = ਮੈਂ ਧੀਰਜ ਬੰਨ੍ਹਦੀ ਹਾਂ। ਬੀਰ = ਹੇ ਵੀਰ!।3।

ਨ ਜਾਇਗਾ = ਸਦਾ ਨਹੀਂ ਨਿਭੇਗਾ। ਸਨਬੰਧ = ਮੇਲ। ਕਰਮੁ = ਬਖ਼ਸ਼ਸ਼। ਕਰਿ = ਕਰ ਕੇ, ਧਾਰ ਕੇ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ।4।

ਅਰਥ: (ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ (ਤਿਵੇਂ) ਹੇ ਭੈਣ! (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ, ਪਰ ਜਿਸ ਨੇ ਇਹ ਦਾਤਿ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ) ?।1।

ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ (ਭਾਵ, ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ) ।

ਹੇ ਵੀਰ! (ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ, ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ।2।

ਹੇ ਵੀਰ! ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ, (ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ।

ਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ) , ਤੇ ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ।3।

(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ। ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ) । ਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ, ਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ।4। 4।9।

ਮਲਾਰ ਮਹਲਾ ੩ ਚਉਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥ ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥ ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥ ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥ ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥ ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥ ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥ {ਪੰਨਾ 1257}

ਪਦ ਅਰਥ: ਨਿਰੰਕਾਰੁ = (ਨਿਰ-ਆਕਾਰ) ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਆਕਾਰੁ = ਇਹ ਦਿੱਸਦਾ ਜਗਤ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ (ਪਾ ਕੇ) । ਭੁਲਾਏ = ਕੁਰਾਹੇ ਪਾ ਦੇਂਦਾ ਹੈ। ਕਰਿ = ਕਰ ਕੇ। ਕਰਤਾ = ਕਰਤਾਰ। ਜਿਤੁ = ਜਿਸ (ਕੰਮ) ਵਿਚ। ਭਾਵੈ = (ਉਸ ਨੂੰ) ਚੰਗਾ ਲੱਗਦਾ ਹੈ। ਤਿਤੁ = ਉਸ (ਕੰਮ) ਵਿਚ। ਵਡਿਆਈ = ਇੱਜ਼ਤ। ਜਾ ਕਉ = ਜਿਸ (ਸੇਵਕ) ਨੂੰ।1।

ਭਾਣਾ = ਰਜ਼ਾ। ਤੇ = ਤੋਂ, ਦੀ ਰਾਹੀਂ। ਲਹੀਐ = ਲੱਭੀਦਾ ਹੈ, ਸਮਝੀਦਾ ਹੈ। ਸਕਤਿ = ਮਾਇਆ, ਮਾਇਆ ਵਾਲੀ ਬ੍ਰਿਤੀ। ਸਿਵੈ ਘਰਿ = ਸ਼ਿਵ ਦੇ ਘਰ ਵਿਚ, ਪ੍ਰਭੂ ਵਾਲੇ ਪਾਸੇ। ਮਰਿ ਰਹੀਐ = ਆਪਾ-ਭਾਵ ਵਲੋਂ ਮਰ ਜਾਈਦਾ ਹੈ, ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ।1। ਰਹਾਉ।

ਪੜੈ = (ਪੰਡਿਤ) ਪੜ੍ਹਦਾ ਹੈ (ਇਕ-ਵਚਨ) । ਪੜਿ = ਪੜ੍ਹ ਕੇ। ਵਾਦੁ = ਚਰਚਾ, ਕਥਾ-ਕਹਾਣੀ। ਵਖਾਣੈ = ਆਖਦਾ ਹੈ, ਸੁਣਾਂਦਾ ਹੈ। ਮਹੇਸਾ = ਸ਼ਿਵ। ਤ੍ਰਿਗੁਣ ਮਾਇਆ = (ਰਜੋ ਤਮੋ ਸਤੋ) ਤਿੰਨ ਗੁਣਾਂ ਵਾਲੀ ਮਾਇਆ। ਜਿਨਿ = ਜਿਸ (ਮਾਇਆ) ਨੇ। ਸਹਸਾ = ਸਹਿਮ, ਖ਼ਤਰਾ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਣੈ = ਸਾਂਝ ਪਾਂਦਾ ਹੈ। ਮਨਹੁ = ਮਨ ਤੋਂ। ਅੰਦੇਸਾ = ਫ਼ਿਕਰ।2।

ਅਰਥ: ਹੇ ਭਾਈ! (ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ। (ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ।1। ਰਹਾਉ।

ਹੇ ਭਾਈ! ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ) । ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ। (ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ। ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ) , ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ।1।

(ਪਰ, ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ। ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ। ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ।2।

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥ ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥ ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥ ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥ ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥ ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥ {ਪੰਨਾ 1257}

ਪਦ ਅਰਥ: ਹਮ = ਅਸੀਂ ਜੀਵ। ਦੀਨ = ਗ਼ਰੀਬ, ਨਿਮਾਣੇ। ਅਵੀਚਾਰੀ = ਵਿਚਾਰ ਤੋਂ ਸੱਖਣੇ, ਬੇ-ਸਮਝ। ਚਿੰਤਾ = ਫ਼ਿਕਰ, ਧਿਆਨ। ਕਰਿ = ਬਣਾ ਲੈ। ਕਰੀ = ਕਰੀਂ, ਮੈਂ ਕਰਦਾ ਰਹਾਂ। ਸੇਵਾ = ਭਗਤੀ। ਨਿਧਾਨੁ = ਖ਼ਜ਼ਾਨਾ। ਅਹਿ = ਦਿਨ। ਨਿਸਿ = ਰਾਤ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ।3।

ਕਹਤ = ਆਖਦਾ ਹੈ। ਪਰਸਾਦਿ = ਪਰਸਾਦੀ, ਕਿਰਪਾ ਨਾਲ। ਕਰੇ ਵੀਚਾਰਾ = ਖ਼ਿਆਲ ਬਣਾਂਦਾ ਹੈ। ਫੇਨੁ = ਝੱਗ। ਬੁਦਬੁਦਾ = ਬੁਲਬੁਲਾ। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਪਰਮਾਤਮਾ) ਤੋਂ। ਤਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ ਵਿਚ ਹੀ। ਪਾਸਾਰਾ = ਖਿਲਾਰਾ। ਚੂਕਿ ਗਇਆ = ਮੁੱਕ ਜਾਂਦਾ ਹੈ।4।1।

ਅਰਥ: ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ। ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ। ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ।3।

ਨਾਨਕ ਆਖਦਾ ਹੈ– ਹੇ ਭਾਈ! ਤੁਸੀ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ। (ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ। ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ।4।1।

TOP OF PAGE

Sri Guru Granth Darpan, by Professor Sahib Singh