ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1254

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥ ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥ ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥ ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥ ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥ {ਪੰਨਾ 1254}

ਪਦ ਅਰਥ: ਖੁਆਰੀ = ਖ਼ੁਆਰ ਹੋਣ ਵਾਲੀ ਕਰਤੂਤ। ਧ੍ਰਿਗ = ਫਿਟਕਾਰ-ਜੋਗ।1।

ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ।1। ਰਹਾਉ।

ਰਹਹਿ ਨਹੀ = (ਮੰਗਣ ਤੋਂ) ਰਹਿ ਨਹੀਂ ਸਕਦੇ।2।

ਸਿ = ਉਹ ਬੰਦੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਚੇ = ਪਵਿਤ੍ਰ। ਅਹਿ = ਦਿਨ। ਨਿਸਿ = ਰਾਤ। ਹਛੇ = ਪਵਿੱਤ੍ਰ। ਹੋਹੀ = ਹੋ ਜਾਂਦੇ ਹਨ।3।

ਰੁਤਿ = ਮੌਸਮ (ਨੋਟ: ਆਤਮਕ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ, ਜੀਵਨ ਉਤੇ ਪ੍ਰਭਾਵ ਪਾਣ ਵਾਲੀਆਂ ਦੋ ਹੀ ਅਵਸਥਾ ਹਨ– ਸਿਮਰਨ-ਅਵਸਥਾ ਤੇ ਨਾਮ-ਹੀਨਤਾ) । ਦੇਹੀ = ਸਰੀਰ। ਸਾਈ = ਉਹੀ। ਕੇਹੀ = ਕੋਈ ਲਾਭ ਨਾਹ ਦੇ ਸਕਣ ਵਾਲੀ।4।

ਅਰਥ: ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ। (ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ।1। ਰਹਾਉ।

ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ, (ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ।1।

ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ। ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ।2।

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ। (ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। ਭੈੜੇ ਆਚਰਨ ਵਾਲੇ ਬੰਦੇ ਭੀ (ਨਾਮ ਜਪ ਕੇ) ਚੰਗੇ ਬਣ ਜਾਂਦੇ ਹਨ।3।

(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ– ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ) ।

ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ) । ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ।4।1।

ਮਲਾਰ ਮਹਲਾ ੧ ॥ ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥ ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥ ਬਰਸੁ ਘਨਾ ਮੇਰਾ ਮਨੁ ਭੀਨਾ ॥ ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥ ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥ ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥ ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥ ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥ ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥ ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥ {ਪੰਨਾ 1254}

ਪਦ ਅਰਥ: ਕਰਉ = ਮੈਂ ਕਰਦਾ ਹਾਂ। ਬਿਨਉ = ਬੇਨਤੀ। ਗੁਰ ਅਪਨੇ ਪ੍ਰੀਤਮ = ਆਪਣੇ ਪ੍ਰੀਤਮ ਗੁਰੂ ਪਾਸ। ਵਰੁ = ਖਸਮ। ਆਣਿ = ਲਿਆ ਕੇ। ਸੁਣਿ = ਸੁਣ ਕੇ। ਘਨਘੋਰ = ਬੱਦਲਾਂ ਦੀ ਗਰਜ। ਮੋਰਾ = ਮੇਰਾ। ਰਤੀ = ਰੰਗੀ ਹੋਈ।1।

ਬਰਸੁ = ਵਰਖਾ ਕਰ। ਘਨਾ = ਹੇ ਘਟ! ਹੇ ਬੱਦਲ! ਭੀਨਾ = ਭਿੱਜ ਜਾਏ। ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਰਸਿ = ਰਸ ਵਿਚ।1। ਰਹਾਉ।

ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਵਰ ਕਾਮਣਿ = ਖਸਮ-ਪ੍ਰਭੂ ਦੀ (ਜੀਵ-) ਇਸਤ੍ਰੀ। ਜਿਸੁ ਮਨੁ = ਜਿਸ ਦਾ ਮਨ। ਵਰਿ = ਵਰ ਕੇ, ਚੁਣ ਕੇ, ਪਤੀ ਬਣਾ ਕੇ। ਮਨਿ = ਮਨ ਵਿਚ। ਤਨਿ = ਤਨ ਵਿਚ। ਸੁਖਾਨਿਆ = ਸੁਖ ਲਿਆਉਂਦਾ ਹੈ।2।

ਤਿਆਗਿ = ਤਿਆਗ ਕੇ। ਬੈਰਾਗਨਿ = ਵੈਰਾਗ ਵਾਲੀ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਪ੍ਰਭਿ = ਪ੍ਰਭੂ ਨੇ।3।

ਆਵਣ ਜਾਣੁ = ਜਨਮ ਮਰਨ (ਦਾ ਗੇੜ) । ਓਟ = ਆਸਰਾ। ਗਹੀ = ਫੜੀ। ਧਨੁ = (DNX) ਭਾਗਾਂ ਵਾਲੀ। ਸਹੀ = ਠੀਕ ਤਰ੍ਹਾਂ।4।

ਅਰਥ: ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ। (ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ।1। ਰਹਾਉ।

ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ। (ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦੀ ਹੈ।1।

ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ। ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ।2।

ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ, ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ, ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ।3।

ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ) , ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ।4।2।

TOP OF PAGE

Sri Guru Granth Darpan, by Professor Sahib Singh