ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1167

ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥੧॥ ਪਰਚੈ ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥ ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥੨॥ ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥੩॥ ਘ੍ਰਿਤ ਕਾਰਨ ਦਧਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥ {ਪੰਨਾ 1167}

ਨੋਟ: ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ ਸ਼ਬਦ ਵਿਚ ਉਸ ਦੀ ਵਿਆਖਿਆ।

ਮੁੱਖ-ਭਾਵ: ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ, ਮਾਨੋ, ਸੋਨਾ ਹੋ ਜਾਂਦਾ ਹੈ।

ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਦਿੱਤੀ ਹੈ– (1) 'ਨਿਹਕਾਮੁ', ਵਾਸ਼ਨਾ-ਰਹਿਤ ਹੋ ਜਾਂਦਾ ਹੈ; (2) ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ; (3) ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ; (4) ਮੁੱਕਦੀ ਗੱਲ ਇਹ ਕਿ ਜਿਊਂਦਾ ਹੀ ਮੁਕਤ ਹੋ ਜਾਂਦਾ ਹੈ।

ਪਦ ਅਰਥ: ਆਸਾ = (ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ। ਬਰਨ = ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤਿ-ਸਾਲਾਹ। ਸਹਿਤ = ਸਮੇਤ। ਜਾਪੈ = ਜਪਦਾ ਹੈ। ਨਿਹਕਾਮੁ = ਕਾਮਨਾ-ਰਹਿਤ, ਵਾਸ਼ਨਾ-ਰਹਿਤ।1।

ਪਰਚੈ = ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ। ਜਉ = ਜਦੋਂ। ਪਰਸੈ = ਛੁੰਹਦਾ ਹੈ।1। ਰਹਾਉ।

ਖਾਇ = ਖਾ ਜਾਂਦਾ ਹੈ, ਮੁਕਾ ਦੇਂਦਾ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ। ਤ੍ਰੈਲੋਕ = ਤਿੰਨਾਂ ਲੋਕਾਂ ਵਿਚ ਵਿਆਪਕ ਪ੍ਰਭੂ ਵਿਚ। ਬਿਨੁ ਦੁਆਰੇ = ਜਿਸ ਪ੍ਰਭੂ ਦਾ ਦਸ ਦੁਆਰਿਆਂ ਵਾਲਾ ਸਰੀਰ ਨਹੀਂ ਹੈ। ਸਭੁ ਕੋਈ = ਹਰੇਕ ਜੀਵ। ਕਰਤਾ ਹੋਇ = (ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ। ਅਨਭੈ = ਭੈ-ਰਹਿਤ ਅਵਸਥਾ ਵਿਚ।2।

ਕਾਰਨ = ਵਾਸਤੇ। ਬਨਰਾਇ = ਬਨਸਪਤੀ। ਫੂਲੀ = ਫੁੱਲਦੀ ਹੈ, ਖਿੜਦੀ ਹੈ। ਬਿਲਾਇ = ਦੂਰ ਹੋ ਜਾਂਦਾ ਹੈ। ਕਰਮ = ਦੁਨੀਆ ਦੀ ਕਿਰਤ-ਕਾਰ। ਅਭਿਆਸੁ = ਮੁੜ ਮੁੜ ਕਰਨਾ। ਕਰਮ ਅਭਿਆਸੁ = ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ। ਗਿਆਨੈ ਕਾਰਨ = ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ। ਤਹ = ਉਸ ਅਵਸਥਾ ਵਿਚ ਅੱਪੜ ਕੇ। ਕਰਮਹ ਨਾਸੁ = ਕਰਮਾਂ ਦਾ ਨਾਸ, ਕਿਰਤ-ਕਾਰ ਦਾ ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ।3।

ਘ੍ਰਿਤ = ਘਿਉ। ਦਧਿ = ਨਹੀਂ। ਮਥੈ = ਰਿੜਕਦੀ ਹੈ। ਸਇਆਨ = ਸਿਆਣੀ ਇਸਤ੍ਰੀ। ਨਿਰਬਾਨ = ਵਾਸ਼ਨਾ-ਰਹਿਤ। ਕੀ ਨ = ਕਿਉਂ ਨਹੀਂ? ਅਭਾਗ = ਹੇ ਭਾਗ ਹੀਣ!।4।

ਅਰਥ: ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ) , ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ।1। ਰਹਾਉ।

(ਪਰ ਪਾਰਸ-ਪ੍ਰਭੂ ਦੇ ਚਰਨ ਛੋਹਣੇ ਸੌਖਾ ਕੰਮ ਨਹੀਂ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ ਹੈ, ਤੇ) ਉਸ ਨੂੰ ਵੇਖਣ ਤੋਂ ਬਿਨਾ (ਉਸ ਪਾਰਸ-ਪ੍ਰਭੂ ਦੇ ਚਰਣ ਛੋਹਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ,) ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ। ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ, ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ।1।

(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ, ਤੇ, ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਕੋਈ ਖ਼ਾਸ ਸਰੀਰ ਨਹੀਂ ਹੈ। (ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ (ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ।2।

(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ; ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ) , ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ।3।

ਨੋਟ: ਪਾਠਕ ਜਨ 'ਰਹਾਉ' ਦੀ ਤੁਕ ਦਾ ਧਿਆਨ ਰੱਖਣ। ਸਾਰੇ ਸ਼ਬਦ ਵਿਚ ਉਸ ਜੀਵਨ ਦਾ ਵਿਸਥਾਰ ਹੈ ਜੋ ਨਾਮ ਸਿਮਰਿਆਂ ਬਣਦਾ ਹੈ; ਇਸ ਕੇਂਦਰੀ ਖ਼ਿਆਲ ਦੇ ਦੁਆਲੇ ਹੀ ਸਾਰੇ ਸ਼ਬਦ ਨੇ ਰਹਿਣਾ ਹੈ। ਕਿਸੇ ਕਰਮ-ਕਾਂਡ ਦਾ ਕੋਈ ਜ਼ਿਕਰ ਰਵਿਦਾਸ ਜੀ ਨੇ 'ਰਹਾਉ' ਦੀ ਤੁਕ ਵਿਚ ਨਹੀਂ ਛੇੜਿਆ। ਇਸ ਬੰਦ ਨੰ: 3 ਵਿਚ ਭੀ ਇਹ ਬੜੀ ਅਢੁਕਵੀਂ ਗੱਲ ਹੋਵੇਗੀ ਜੇ ਲਫ਼ਜ਼ 'ਕਰਮ' ਦਾ ਅਰਥ 'ਕਰਮ-ਕਾਂਡ' ਕੀਤਾ ਜਾਏ।

ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ (ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ। ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ; ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ?।4।1।

ਨੋਟ: ਜਦ ਭੀ ਕਿਸੇ ਕਵੀ ਦੀ ਕਿਸੇ ਲਿਖਤ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਸਮਝਣ ਲਈ ਸਹੀ ਤਰੀਕਾ ਇਹੀ ਹੋ ਸਕਦਾ ਹੈ ਕਿ ਉਸ ਗੁੰਝਲ ਨੂੰ ਉਸੇ ਦੀ ਬਾਕੀ ਦੀ ਹੋਰ ਰਚਨਾ ਵਿਚੋਂ ਸਮਝਿਆ ਜਾਵੇ। ਕਵੀ ਜਿੱਥੇ ਆਪਣੀ ਬੋਲੀ ਨੂੰ ਵਰਤਦਾ ਤੇ ਸੰਵਾਰਦਾ ਸ਼ਿੰਗਾਰਦਾ ਹੈ, ਉੱਥੇ ਉਹ ਪੁਰਾਣੇ ਲਫ਼ਜ਼ਾਂ, ਪੁਰਾਣੇ ਮੁਹਾਵਰਿਆਂ ਤੇ ਪੁਰਾਣੇ ਵਰਤੇ ਦ੍ਰਿਸ਼ਟਾਂਤਾਂ ਨੂੰ ਨਵੇਂ ਤਰੀਕੇ ਨਾਲ ਭੀ ਵਰਤਦਾ ਤੇ ਵਰਤ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਲਫ਼ਜ਼ 'ਭਗੌਤੀ' ਵਰਤਣ ਤੋਂ ਕਈ ਲੋਕ ਇਹ ਟਪਲਾ ਖਾਣ ਲੱਗ ਪਏ ਕਿ ਸਤਿਗੁਰੂ ਜੀ ਨੇ ਦੇਵੀ-ਪੂਜਾ ਜਾਂ ਸ਼ਸਤ੍ਰ-ਪੂਜਾ ਕੀਤੀ। ਪਰ ਜਦੋਂ ਇਸ ਲਫ਼ਜ਼ ਨੂੰ ਉਹਨਾਂ ਦੀ ਆਪਣੀ ਹੀ ਰਚਨਾ ਵਿਚ ਵਰਤਿਆ ਗਹੁ ਨਾਲ ਵੇਖਿਆ ਜਾਏ ਤਾਂ ਸਾਫ਼ ਪ੍ਰਤੱਖ ਹੋ ਜਾਂਦਾ ਹੈ ਕਿ ਲਫ਼ਜ਼ 'ਭਗੌਤੀ' ਪਰਮਾਤਮਾ ਵਾਸਤੇ ਉਹਨਾਂ ਵਰਤਿਆ ਹੈ। ਰਾਮਕਲੀ ਰਾਗ ਵਿਚ ਦਿੱਤੀ ਬਾਣੀ 'ਸਦੁ' ਤੋਂ ਕਈ ਲੋਕ ਘਾਬਰਦੇ ਸਨ ਕਿ ਇਸ ਵਿਚ ਕਰਮ-ਕਾਂਡ ਕਰਨ ਦੀ ਆਗਿਆ ਕੀਤੀ ਹੈ, ਪਰ ਇਹ ਨਿਰਾ ਭੁਲੇਖਾ ਹੀ ਸੀ (ਪੜ੍ਹੋ ਮੇਰੀ ਪੁਸਤਕ 'ਸੱਦ ਸਟੀਕ') । ਇਹ ਬਾਣੀ ਉਹਨਾਂ ਮਹਾ ਪੁਰਖਾਂ ਦੀ ਹੈ ਜੋ ਸਾਥੋਂ ਦੂਰ ਉੱਚੀ ਚੋਟੀ ਤੇ ਖੇਡ ਰਹੇ ਸਨ, ਉੱਚੇ ਮੰਡਲਾਂ ਵਿਚ ਉਡਾਰੀਆਂ ਲਾ ਰਹੇ ਸਨ। ਇਸ ਨੂੰ ਸਮਝਣ ਲਈ ਇਸ ਵਿਚ ਜੁੜਨਾ ਪਏਗਾ, ਮਾਇਆ ਵਿਚ ਖੇਡਦੇ ਮਨ ਨੂੰ ਰਤਾ ਰੋਕ ਕੇ ਇਧਰ ਕਾਫ਼ੀ ਸਮਾ ਦੇਣਾ ਪਏਗਾ, ਤਾਂ ਹੀ ਉਹਨਾਂ ਦੀ ਡੂੰਘਾਈ ਵਿਚ ਅੱਪੜਨ ਦੀ ਆਸ ਹੋ ਸਕਦੀ ਹੈ।

ਵੇਦਾਂਤੀ ਲੋਕਾਂ ਨੇ ਇਹ ਪਰਚਾਰ ਕੀਤਾ ਕਿ ਇਹ ਜਗਤ ਮਿਥਿਆ ਹੈ, ਅਸਲ ਵਿਚ ਇਸ ਜਗਤ ਦੀ ਕੋਈ ਹਸਤੀ ਹੀ ਨਹੀਂ ਹੈ, ਮਾਇਆ ਦਾ ਪਰਦਾ ਪੈਣ ਕਰਕੇ ਜੀਵ ਨੂੰ ਇਹ ਭਰਮ ਹੋ ਗਿਆ ਹੈ ਕਿ ਜਗਤ ਦੀ ਕੋਈ ਹਸਤੀ ਹੈ। ਉਹਨਾਂ ਇਹ ਗੱਲ ਸਮਝਾਉਣ ਲਈ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਦਿੱਤਾ ਕਿ ਹਨੇਰੇ ਦੇ ਕਾਰਨ ਰੱਸੀ ਨੂੰ ਸੱਪ ਸਮਝਿਆ ਗਿਆ, ਅਸਲ ਵਿਚ ਸੱਪ ਕਿਤੇ ਹੈ ਹੀ ਨਹੀਂ ਸੀ। ਰਵਿਦਾਸ ਜੀ ਨੇ ਭੀ ਇਹ ਦ੍ਰਿਸ਼ਟਾਂਤ ਵਰਤ ਲਿਆ; ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਰਵਿਦਾਸ ਜੀ ਵੇਦਾਂਤੀ ਸਨ। ਇਹ ਦ੍ਰਿਸ਼ਟਾਂਤ ਵੇਦਾਂਤੀਆਂ ਦੀ ਮਲਕੀਅਤ ਨਹੀਂ ਹੋ ਗਿਆ। ਵੇਖੋ ਰਾਗ ਸੋਰਠਿ, ਸ਼ਬਦ = "ਜਬ ਹਮ ਹੋਤੇ"। ਕਰਮ-ਕਾਂਡੀਆਂ ਨੇ ਫੁੱਲ ਤੇ ਫਲ ਦਾ ਦ੍ਰਿਸ਼ਟਾਂਤ ਵਰਤਿਆ, ਰਵਿਦਾਸ ਜੀ ਨੇ ਭੀ ਇਸ ਨੂੰ ਵਰਤ ਲਿਆ; ਪਰ ਇਸ ਦਾ ਇਹ ਮਤਲਬ ਨਹੀਂ ਨਿਕਲ ਸਕਦਾ ਕਿ ਰਵਿਦਾਸ ਜੀ ਕਰਮ-ਕਾਂਡੀ ਸਨ। ਆਖ਼ਰ ਰਵਿਦਾਸ ਜੀ ਕਿਹੜੀ ਉੱਚੀ ਕੁਲ ਦੇ ਬ੍ਰਾਹਮਣ ਸਨ ਕਿ ਉਹ ਕਿਸੇ ਕਰਮ-ਕਾਂਡ ਨਾਲ ਚੰਬੜੇ ਰਹਿੰਦੇ? ਨਾਹ ਜਨੇਊ ਪਾਣ ਦਾ ਹੱਕ, ਨਾਹ ਮੰਦਰ ਵਿਚ ਵੜਨ ਦੀ ਆਗਿਆ, ਨਾਹ ਕਿਸੇ ਸਰਾਧ ਸਮੇ ਬ੍ਰਾਹਮਣ ਨੇ ਉਹਨਾਂ ਦੇ ਘਰ ਦਾ ਖਾਣਾ, ਨਾਹ ਸੰਧਿਆ ਤਰਪਣ ਗਾਇਤ੍ਰੀ ਆਦਿਕ ਦਾ ਉਹਨਾਂ ਨੂੰ ਕੋਈ ਅਧਿਕਾਰ। ਫਿਰ, ਉਹ ਕਿਹੜਾ ਕਰਮ-ਕਾਂਡ ਸੀ ਜਿਸ ਦਾ ਸ਼ੌਕ ਰਵਿਦਾਸ ਜੀ ਨੂੰ ਹੋ ਸਕਦਾ ਸੀ?

ਰਵਿਦਾਸ ਜੀ ਨੇ ਇਸ ਸ਼ਬਦ ਵਿਚ ਨਾਮ ਸਿਮਰਨ ਵਾਲੇ ਬੰਦੇ ਦੇ ਉੱਚੇ ਜੀਵਨ ਦਾ ਜ਼ਿਕਰ ਕੀਤਾ ਹੈ।

ਇਸੇ ਹੀ ਰਾਗ ਵਿਚ ਦਿੱਤਾ ਹੋਇਆ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਬਦ ਰਵਿਦਾਸ ਜੀ ਦੇ ਇਸ ਸ਼ਬਦ ਦਾ ਆਨੰਦ ਲੈਣ ਵਾਸਤੇ ਬੜਾ ਸੁਆਦਲਾ ਸਹਾਈ ਬਣੇਗਾ।

ਭੈਰਉ ਮਹਲਾ 3 ॥ ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥1॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥1॥ ਰਹਾਉ ॥ ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭੋੁਲਾਇਆ ॥2॥ ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥3॥ ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥4॥ ਮਨ ਕਾ ਸੁਭਾਉ ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ ॥5॥ ਕਹਤ ਨਾਨਕੁ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥6॥5॥ {ਪੰਨਾ 1128}

ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਵਿਚੋਂ ਜਾਗ ਪੈਂਦਾ ਹੈ। ਜਿਹੜੀ ਗੱਲ ਰਵਿਦਾਸ ਜੀ ਨੇ 'ਕਰਮਹ ਨਾਸੁ' ਵਿਚ ਇਸ਼ਾਰੇ-ਮਾਤ੍ਰ ਦੱਸੀ ਹੈ, ਉਹ ਗੁਰੂ ਅਮਰਦਾਸ ਜੀ ਨੇ ਦੂਜੇ ਬੰਦ ਤੋਂ ਪੰਜਵੇਂ ਬੰਦ ਤਕ ਖੁਲ੍ਹੇ ਲਫ਼ਜ਼ਾਂ ਵਿਚ ਸਮਝਾ ਦਿੱਤੀ ਹੈ ਕਿ 'ਕਰਮਹ ਨਾਸੁ' ਦਾ ਭਾਵ ਹੈ 'ਮੋਹ ਮਮਤਾ ਦਾ ਨਾਸ'।

ਨੋਟ: ਕੀ ਇਹਨਾਂ ਦੋਹਾਂ ਸ਼ਬਦਾਂ ਨੂੰ ਇਕੱਠੇ ਰੱਖ ਕੇ ਪੜ੍ਹਿਆਂ ਇਹ ਗੱਲ ਯਕੀਨੀ ਪੱਕੀ ਨਹੀਂ ਹੋ ਗਈ ਕਿ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਭਗਤ ਰਵਿਦਾਸ ਜੀ ਦੇ ਸ਼ਬਦ ਦੇ ਪਰਥਾਇ ਹੈ? ਦੂਜੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਇਹ ਸ਼ਬਦ ਉੱਚਾਰਨ ਵੇਲੇ ਗੁਰੂ ਅਮਰਦਾਸ ਜੀ ਦੇ ਪਾਸ ਭਗਤ ਰਵਿਦਾਸ ਜੀ ਦਾ ਸ਼ਬਦ ਮੌਜੂਦ ਸੀ। ਦੋਹਾਂ ਸ਼ਬਦਾਂ ਦੇ ਕਈ ਲਫ਼ਜ਼ਾਂ ਤੇ ਤੁਕਾਂ ਦੀ ਸਾਂਝ ਸਬੱਬ ਨਾਲ ਨਹੀਂ ਬਣ ਗਈ। ਇਹ ਖ਼ਿਆਲ ਉੱਕਾ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਸਤਿਗੁਰੂ ਨਾਨਕ ਜੀ ਨੇ ਪਹਿਲੀ 'ਉਦਾਸੀ' ਸਮੇ ਬਨਾਰਸ ਜਾ ਕੇ ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦ ਲਿਖ ਲਏ। ਆਪਣੀ ਬਾਣੀ ਨਾਲ ਸਾਂਭ ਕੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੇ। ਉਹਨਾਂ ਤੋਂ ਇਹ ਸਾਰੀ ਬਾਣੀ ਗੁਰੂ ਅਮਰਦਾਸ ਜੀ ਨੂੰ ਮਿਲੀ।

ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ = ਸਿਮਰਨ ਦੀ ਬਰਕਤਿ ਨਾਲ ਮਨੁੱਖ ਮਾਇਆ ਦੇ ਮੋਹ ਵਾਲਾ ਅਮੋੜਪੁਣਾ ਛੱਡ ਦੇਂਦਾ ਹੈ, ਵਾਸ਼ਨਾ-ਰਹਿਤ ਹੋ ਜਾਂਦਾ ਹੈ।

ਨਾਮਦੇਵ ॥ ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥ ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥ ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥ ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥ ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥ ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥ ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥ ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥

ਪਦ ਅਰਥ: ਆਉ = ਜੀ ਆਇਆਂ ਨੂੰ। ਕਲੰਦਰ = ਹੇ ਕਲੰਦਰ! ਕੇਸਵਾ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ ਪ੍ਰਭੂ! ਕਰਿ = ਕਰ ਕੇ। ਅਬਦਾਲੀ ਭੇਸਵਾ = ਅਬਦਾਲੀ ਫ਼ਕੀਰਾਂ ਵਾਲਾ ਸੋਹਣਾ ਵੇਸ। ਰਹਾਉ।

ਨੋਟ: ਬੰਦਗੀ ਵਾਲੇ ਮੁਸਲਮਾਨ ਫ਼ਕੀਰ ਕੇਸ (ਜ਼ੁਲਫ਼ਾਂ) ਰੱਖਦੇ ਹਨ, ਇਸ ਵਾਸਤੇ 'ਕਲੰਦਰ' ਦੇ ਨਾਲ ਲਫ਼ਜ਼ 'ਕੇਸਵ' ਭੀ ਵਰਤਿਆ ਹੈ। ਅਬਦਾਲੀ ਫ਼ਕੀਰ ਸਿਰ ਉਤੇ ਕੁੱਲਾ (ਉੱਚੀ ਨੋਕ ਵਾਲੀ ਟੋਪੀ) ਪਾਂਦੇ ਹਨ; ਵੱਡਾ ਚੋਲਾ, ਲੰਮਾ ਤੰਬਾ ਆਦਿਕ ਉਹਨਾਂ ਦੀ ਪੁਸ਼ਾਕ ਹੁੰਦੀ ਹੈ। ਨਾਮਦੇਵ ਜੀ ਕਿਸੇ ਅਬਦਾਲੀ ਫ਼ਕੀਰ ਨੂੰ ਵੇਖ ਕੇ ਪਰਮਾਤਮਾ ਨੂੰ ਭੀ ਅਬਦਾਲੀ ਰੂਪ ਵਿਚ ਬਿਆਨ ਕਰਦੇ ਹਨ। ਜਦੋਂ ਬਾਦਸ਼ਾਹ ਨੇ ਡਰਾਵੇ ਦਿੱਤੇ, ਤਾਂ ਨਾਮਦੇਵ ਜੀ ਕਹਿਣ ਲੱਗੇ ਕਿ ਮੇਰੀ ਪੈਜ ਰੱਖਣ ਲਈ 'ਗਰੁੜ ਚੜੇ ਗੋਬਿੰਦੁ ਆਇਲਾ'। ਨਿਡਰ ਹੋ ਕੇ ਇਕ ਕੱਟੜ ਮੁਸਲਮਾਨ ਦੇ ਸਾਹਮਣੇ ਪਰਮਾਤਮਾ ਦਾ ਉਹ ਸਰੂਪ ਦੱਸਦੇ ਹਨ ਜੋ ਹਿੰਦੂ ਪੁਰਾਣਾਂ ਨੇ ਮਿਥਿਆ ਹੋਇਆ ਹੈ। ਪਰ ਜਦੋਂ ਮੰਦਰ ਵਿਚੋਂ ਕੱਢੇ ਜਾਣ ਦਾ ਜ਼ਿਕਰ ਕਰਦੇ ਹਨ ਤਾਂ ਆਪਣੇ ਪ੍ਰਭੂ ਨੂੰ ਮੁਸਲਮਾਨੀ ਰੂਪ ਵਿਚ ਬਿਆਨ ਕਰਦੇ ਹਨ। ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ, ਉਹਨਾਂ ਦਾ ਪਰਮਾਤਮਾ 'ਸਗਲ ਬੇਦੇਸਵਾ' ਵਿਚ ਫਿਰਨ ਵਾਲਾ (ਵਿਆਪਕ) ਹੈ।

ਜਿਨਿ = ਜਿਸ (ਤੈਂ) ਨੇ। ਕੁਲਹ = ਟੋਪੀ, ਕੁੱਲਾ। ਸਿਰਿ = ਸਿਰ ਉੱਤੇ। ਕਉਸੈ = ਖੜਾਵਾਂ। ਪਯਾਲਾ = ਪਤਾਲ। ਚਮਰ ਪੋਸ = ਚੰਮ ਦੀ ਪੁਸ਼ਾਕ ਵਾਲੇ, ਸਾਰੇ ਜੀਅ-ਜੰਤ। ਮੰਦਰੁ = ਘਰ। ਗੁਪਾਲਾ = ਹੇ ਧਰਤੀ ਦੇ ਰੱਖਿਅਕ!।1।

ਛਪਨ ਕੋਟਿ = ਛਪੰਜਾ ਕਰੋੜ ਮੇਘ ਮਾਲਾ, ਛਪੰਜਾ ਕਰੋੜ ਬੱਦਲ। ਪੇਹਨ– ਚੋਗ਼ਾ। ਸੋਲਹ ਸਹਸ = ਸੋਲਾਂ ਹਜ਼ਾਰ (ਆਲਮ) । ਨੋਟ: ਮੁਸਲਮਾਨੀ ਖ਼ਿਆਲ ਅਨੁਸਾਰ ਕੋਈ ਅਠਾਰਾਂ ਹਜ਼ਾਰ ਤੇ ਕੋਈ ਸੋਲਾਂ ਹਜ਼ਾਰ ਆਲਮ (ਜਹਾਨ) ਆਖਦੇ ਹਨ। ਕਈ ਵਿਦਵਾਨ ਸੱਜਣ ਇਸ ਦਾ ਅਰਥ 'ਸੋਲਾਂ ਹਜ਼ਾਰ ਗੋਪੀਆਂ' ਕਰਦੇ ਆ ਰਹੇ ਹਨ। ਪਰ ਇਹ ਉੱਕਾ ਹੀ ਗ਼ਲਤ ਤੇ ਅਢੁੱਕਵਾਂ ਹੈ; ਪ੍ਰਭੂ ਦਾ ਸਰੂਪ ਬਿਆਨ ਕਰਦੇ ਹੋਏ ਸਾਰੇ ਆਕਾਸ਼, ਸਾਰੇ ਪਤਾਲ, ਸਾਰੇ ਜੀਆ-ਜੰਤ, ਸਾਰੀਆਂ ਮੇਘਮਾਲਾ, ਸਾਰੀ ਬਨਸਪਤੀ, ਸਾਰਾ ਸੰਸਾਰ ਉਸ ਪ੍ਰਭੂ ਦੇ ਬਾਹਰਲੇ ਲਿਬਾਸ ਦਾ ਹਿੱਸਾ ਦੱਸਦੇ ਹਨ। ਬੇਅੰਤ ਜੀਵ ਪੈਦਾ ਕਰਨ ਵਾਲੇ ਪ੍ਰਭੂ ਦੇ 'ਇਜਾਰੇ' ਵਾਸਤੇ 'ਸੋਲਾਂ ਹਜ਼ਾਰ ਗੋਪੀਆਂ' ਕੋਈ ਵਡਿਆਈ ਦੀ ਗੱਲ ਨਹੀਂ ਹੈ; ਇਹ ਤਾਂ ਸੁਲਤਾਨ ਨੂੰ ਮੀਆਂ ਆਖਣ ਵਾਲੀ ਗੱਲ ਭੀ ਨਹੀਂ। ਇਜਾਰਾ = ਤੰਬਾ। ਭਾਰ ਅਠਾਰਹ = ਬਨਸਪਤੀ ਦੇ ਅਠਾਰਾਂ ਭਾਰ, ਸਾਰੀ ਬਨਸਪਤੀ। ਮੁਦਗਰੁ = ਮੁਤਹਿਰਾ, ਸਲੋਤਰ, ਡੰਡਾ ਜੋ ਫ਼ਕੀਰ ਲੋਕ ਆਮ ਤੌਰ ਤੇ ਹੱਥ ਵਿਚ ਰੱਖਦੇ ਹਨ। ਸਹਨਕ = ਮਿੱਟੀ ਦੀ ਰਕੇਬੀ।2।

ਦੇਹੀ = (ਮੇਰਾ) ਸਰੀਰ। ਮਹਜਿਦਿ = ਮਸਜਦ, ਮਸੀਤ। ਮਉਲਾਨਾ = ਮੌਲਵੀ, ਮੁੱਲਾਂ। ਸਹਜ = ਅਡੋਲਤਾ। ਸਹਜ ਨਿਵਾਜ = ਅਡੋਲਤਾ-ਰੂਪ ਨਿਮਾਜ਼। ਕਉਲਾ = ਮਾਇਆ। ਸਉ = ਸਿਉ, ਨਾਲ। ਕਾਇਨੁ = ਨਕਾਹ, ਵਿਆਹ। ਨਿਰੰਕਾਰ = ਹੇ ਨਿਰੰਕਾਰ! ਹੇ ਆਕਾਰ-ਰਹਿਤ ਪ੍ਰਭੂ! ਆਕਾਰ = ਜਗਤ। ਨਿਰੰਕਾਰ ਆਕਾਰੈ = ਹੇ ਸਾਰੇ ਜਗਤ ਦੇ ਨਿਰੰਕਾਰ!।3।

ਛਿਨਾਏ = ਖੁਹਾਏ। ਨੋਟ: ਲਫ਼ਜ਼ 'ਛੀਨੇ' ਅਤੇ 'ਛਿਨਾਏ' ਵੱਖੋ-ਵੱਖ ਅਰਥ ਵਾਲੇ ਹਨ। ਕਿਸੇ ਉਸ 'ਕਲੰਦਰ' ਨੂੰ ਸੰਬੋਧਨ ਨਹੀਂ ਕਰ ਰਹੇ, ਜਿਸ ਨੇ ਨਾਮਦੇਵ ਦੇ ਛੈਣੇ 'ਖੋਹੇ'; ਸਰਬ-ਵਿਆਪਕ ਪ੍ਰਭੂ ਦਾ ਅਬਦਾਲੀ-ਭੇਸ ਬਿਆਨ ਕਰਦੇ ਹੋਏ ਆਖਦੇ ਹਨ ਕਿ ਤੂੰ ਹੀ ਮੇਰੇ ਛੈਣੇ 'ਖੁਹਾਏ'। ਨਾਮਦੇਵ ਜੀ ਨੇ ਲਫ਼ਜ਼ 'ਤਾਲ ਛਿਨਾਏ' ਉਸੇ ਤਰ੍ਹਾਂ ਵਰਤਿਆ ਹੈ ਜਿਵੇਂ ਕਬੀਰ ਜੀ ਨੇ 'ਯਹ ਮਾਲਾ ਅਪੁਨੀ ਲੀਜੈ' ਵਰਤਿਆ ਹੈ। ਨਾ ਕਬੀਰ ਜੀ ਗਲ ਵਿਚ ਮਾਲਾ ਪਾਈ ਫਿਰਦੇ ਸਨ, ਨਾ ਨਾਮਦੇਵ ਜੀ ਹੱਥ ਵਿਚ ਛੈਣੇ ਫੜੀ ਫਿਰਦੇ ਸਨ। ਛੈਣੇ ਆਮ ਤੌਰ ਤੇ ਮੰਦਰਾਂ ਵਿਚ ਹੀ ਆਰਤੀ ਵੇਲੇ ਵਜਾਏ ਜਾਂਦੇ ਹਨ; ਸੋ, 'ਤਾਲ ਛਿਨਾਏ' ਦਾ ਭਾਵ ਹੈ ਕਿ ਮੰਦਰ ਵਿਚੋਂ ਧੱਕੇ ਦਿਵਾਏ, ਮੰਦਰ ਵਿਚੋਂ ਕਢਾ ਦਿੱਤਾ। (ਵੇਖੋ ਬਿਲਾਵਲ ਕਬੀਰ ਜੀ = 'ਨਿਤ ਉਠਿ ਕੋਰੀ ਗਾਗਰਿ'; ਅਤੇ ਸੋਰਠਿ ਕਬੀਰ ਜੀ = 'ਭੂਖੇ ਭਗਤਿ ਨ ਕੀਜੈ' ਵਿਚ ਮੇਰਾ ਲਿਖਿਆ ਨੋਟ) । ਕਿਹ ਪਹਿ = ਹੋਰ ਕਿਸ ਪਾਸ? ਪੁਕਾਰਾ = ਫ਼ਰਿਆਦ, ਸ਼ਿਕੈਤ। ਫਿਰੇ = ਫਿਰਦਾ ਹੈ, ਵਿਆਪਕ ਹੈ। ਸਗਲ ਬੇਦੇਸਵਾ = ਸਾਰੇ ਦੇਸਾਂ ਵਿਚ।4।

ਅਰਥ: ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ) ; ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) । ਰਹਾਉ।

(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ। ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ।1।

(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ; ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ।2।

(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ। ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ।3।

(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ? (ਹੇ ਭਾਈ!) ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ।4।1।

ਸ਼ਬਦ ਦਾ ਭਾਵ = ਸਿਮਰਨ ਦੀ ਬਰਕਤਿ = ਨਿਡਰਤਾ, ਉੱਚ-ਜਾਤੀਏ ਲੋਕਾਂ ਦੀ ਵਧੀਕੀ ਦੇ ਵਿਰੁੱਧ ਆਵਾਜ਼ ਉਠਾਂਦੇ ਹਨ।

TOP OF PAGE

Sri Guru Granth Darpan, by Professor Sahib Singh