ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 794

Extra text associated with this page

ਸੂਹੀ ॥ ਊਚੇ ਮੰਦਰ ਸਾਲ ਰਸੋਈ ॥ ਏਕ ਘਰੀ ਫੁਨਿ ਰਹਨੁ ਨ ਹੋਈ ॥੧॥ ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥੨॥ ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥ ਕਹਿ ਰਵਿਦਾਸ ਸਭੈ ਜਗੁ ਲੂਟਿਆ ॥ ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥ {ਪੰਨਾ 794}

ਪਦਅਰਥ: ਸਾਲ ਰਸੋਈ = ਰਸੋਈ ਸ਼ਾਲਾ, ਰਸੋਈ ਖ਼ਾਨੇ, ਰਸੋਈ = ਘਰ। ਫੁਨਿ = ਮੁੜ (ਭਾਵ, ਮੌਤ ਆਇਆਂ) ੧।

ਟਾਟੀ = ਟੱਟੀ, ਛੱਪਰ।੧।ਰਹਾਉ।

ਭਾਈ ਬੰਧ = ਰਿਸ਼ਤੇਦਾਰ। ਸਹੇਰਾ = ਸਾਥੀ, ਯਾਰ ਮਿੱਤ੍ਰ। ਲਾਗੇ = ਕਹਿਣ ਲੱਗ ਪੈਂਦੇ ਹਨ। ਸਵੇਰਾ = ਸੁਵਖਤੇ, ਛੇਤੀ।੨।

ਘਰ ਕੀ ਨਾਰਿ = ਆਪਣੀ ਵਹੁਟੀ। ਉਰਹਿ = ਛਾਤੀ ਨਾਲ। ਭੂਤੁ = ਗੁਜ਼ਰ ਗਿਆ ਹੈ, ਮਰ ਗਿਆ ਹੈ। ਭਾਗੀ = ਪਰੇ ਹਟ ਜਾਂਦੀ ਹੈ।੩।

ਕਹਿ = ਕਹੇ, ਆਖਦਾ ਹੈ। ਲੂਟਿਆ = ਠੱਗਿਆ ਜਾ ਰਿਹਾ ਹੈ। ਤਉ = ਤਾਂ।੪।

ਅਰਥ: (ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?) ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ।੧।

(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ, ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ੧।ਰਹਾਉ।

(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ।੨।

ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ, ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ।੩।

ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ, ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ।੪।੩।

ਸ਼ਬਦ ਦਾ ਭਾਵ: ਇਥੇ ਚੰਦ-ਰੋਜ਼ਾ ਟਿਕਾਣਾ ਹੈ। ਅਸਲ ਸਾਥੀ ਪਰਮਾਤਮਾ ਹੀ ਹੈ।

ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥ ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥ {ਪੰਨਾ 794}

ਪਦਅਰਥ: ਤਪਿ ਤਪਿ = ਖਪ ਖਪ ਕੇ, ਦੁਖੀ ਹੋ ਹੋ ਕੇ। ਲੁਹਿ ਲੁਹਿ = ਲੁੱਛ ਲੁੱਛ ਕੇ, ਤੜਪ ਤੜਪ ਕੇ। ਹਾਥ ਮਰੋਰਉ = ਮੈਂ ਹੱਥ ਮਲਦੀ ਹਾਂ, ਮੈਂ ਪਛੁਤਾਉਂਦੀ ਹਾਂ। ਬਾਵਲਿ = ਕਮਲੀ, ਝੱਲੀ। ਲੋਰਉ = ਮੈਂ ਲੱਭਦੀ ਹਾਂ। ਸਹਿ = ਸਹ ਨੇ, ਖਸਮ ਨੇ। ਰੋਸੁ = ਗੁੱਸਾ। ਸਹ = ਖਸਮ ਦਾ।੧।

ਸਾਰ = ਕਦਰ। ਖੋਇ = ਗਵਾ ਕੇ।੧।ਰਹਾਉ।

ਕਿਤ ਗੁਨ = ਕਿਨ੍ਹਾਂ ਗੁਣਾਂ ਦੇ ਕਾਰਨ। ਹਉ = ਮੈਂ। ਬਿਰਹੈ– ਵਿਛੋੜੇ ਵਿਚ। ਜਾਲੀ = ਸਾੜੀ।੨।

ਵਿਧਣ = (ਵਿਧ੍ਵਨ) ਕੰਬਾਉਣ ਵਾਲੀ, ਡਰਾਉਣ ਵਾਲੀ, ਭਿਆਨਕ। ਮੁੰਧ = ਇਸਤ੍ਰੀ। ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਤ ਸੰਗ ਵਿਚ। ਬੇਲੀ = ਮਦਦਗਾਰ।੩।

ਵਾਟ = ਜੀਵਨ = ਸਫ਼ਰ। ਉਡੀਣੀ = ਦੁਖਦਾਈ, ਚਿੰਤਾਤੁਰ ਕਰਨ ਵਾਲੀ। ਖੰਨਿਅਹੁ = ਖੰਡੇ ਨਾਲੋਂ। ਪਿਈਣੀ = ਤੇਜ਼ ਧਾਰ ਵਾਲੀ, ਪਤਲੀ। ਸਮ੍ਹ੍ਹਾਰਿ = ਸੰਭਾਲ। ਸਵੇਰਾ = ਸੁਵਖਤੇ।੪।

ਅਰਥ: ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ, ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ।ਰਹਾਉ।

ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ, ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ! ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ, ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।੧।

(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। (ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ? (ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ।੨।

(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ।੩।

ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ; ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ।੪।੧।

ਸੂਹੀ ਲਲਿਤ ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥ ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥ {ਪੰਨਾ 794}

{ਨੋਟ: (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਵਿਚ 'ਰਹਾਉ' ਦੀਆਂ ਇਕ ਜਾਂ ਦੋ ਤੁਕਾਂ ਆਉਂਦੀਆਂ ਹਨ। 'ਰਹਾਉ' ਦਾ ਅਰਥ ਹੈ 'ਟਿਕਾਉ', 'ਠਹਿਰਨਾ'ਸੋ ਸਾਰੇ ਸ਼ਬਦ ਨੂੰ ਸਮਝਣ ਲਈ ਪਹਿਲਾਂ ਉਸ ਤੁਕ ਉਤੇ ਠਹਿਰਨਾ ਹੈ, ਜਿਸ ਦੇ ਨਾਲ 'ਰਹਾਉ' ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਣ ਦਾ ਮੂਲ-ਨਿਯਮ ਇਹੀ ਹੈ ਕਿ ਪਹਿਲਾਂ 'ਰਹਾਉ' ਦੀ ਤੁਕ ਨੂੰ ਜਾਂ ਪਦ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਏ। ਮੁਖ-ਭਾਵ ਇਸ ਤੁਕ ਜਾਂ ਪਦ ਵਿਚ ਹੁੰਦਾ ਹੈ, ਬਾਕੀ ਦੇ ਪਦ ਇਸ ਮੁਖ ਭਾਵ ਦਾ ਵਿਸਥਾਰ ਹੁੰਦੇ ਹਨ।

ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ ॥੧॥ਰਹਾਉ॥

'ਕਸੁੰਭਾ' ਇਕ ਫੁੱਲ ਦਾ ਨਾਮ ਹੈ, ਜਿਸ ਦਾ ਰੰਗ ਵੇਖਣ ਨੂੰ ਤਾਂ ਬੜਾ ਚੁਹਚੁਹਾ ਹੁੰਦਾ ਹੈ, ਪਰ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ ਇਸ ਦੇ ਮੁਕਾਬਲੇ ਤੇ 'ਮਜੀਠ' ਹੈ; ਇਸ ਦਾ ਰੰਗ ਪੱਕਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਦੋਵੇਂ ਪਦਾਰਥ ਟਾਕਰੇ ਤੇ 'ਮਾਇਆ' ਅਤੇ 'ਨਾਮ' ਲਈ ਵਰਤੇ ਗਏ ਹਨ, ਕਿਉਂਕਿ ਮਾਇਆ ਦਾ ਸਾਥ ਚਾਰ ਦਿਨ ਦਾ ਹੈ, ਤੇ, ਨਾਮ-ਧਨ ਸਦਾ ਨਾਲ ਨਿਭਣ ਵਾਲਾ ਹੈ। 'ਕਸੁੰਭੜੈ' ਫੁੱਲ ਦੇ ਨਾਲ 'ਜਲਿ' ਜਾਣ ਦਾ ਸ਼ਬਦ ਵਰਤਣਾ ਭੀ ਪੰਜਾਬੀ ਮੁਹਾਵਰੇ ਦੇ ਅਨੁਸਾਰ ਹੀ ਹੈ। ਅਸੀ ਆਮ ਤੌਰ ਤੇ ਆਖਦੇ ਹਾਂ, 'ਫੁੱਲ ਸੜ ਗਿਆ'ਲਫ਼ਜ਼ 'ਜਲਿ' ਦਾ ਸੰਬੰਧ ਲਫ਼ਜ਼ 'ਕਸੁੰਭੜੈ' ਨਾਲ ਹੈ। ਇਸ ਨੂੰ ਹੋਰ ਵਧੀਕ ਸਪਸ਼ਟ ਕਰਨ ਲਈ ਇਸੇ ਰਾਗ ਦੇ ਮੁੱਢ ਤੇ ਗੁਰੂ ਨਾਨਕ ਸਾਹਿਬ ਦਾ ਇਕ ਸ਼ਬਦ ਕਾਫ਼ੀ ਹੈ। ਇਹਨਾਂ ਦੋਹਾਂ ਸ਼ਬਦਾਂ ਨੂੰ ਆਮ੍ਹੋ ਸਾਹਮਣੇ ਰੱਖ ਕੇ ਇਕ ਇਕ ਪਦ ਦਾ ਟਾਕਰਾ ਕਰ ਕੇ ਪੜ੍ਹੀਏ ਤਾਂ ਇਉਂ ਪਰਤੀਤ ਹੁੰਦਾ ਹੈ ਕਿ ਸ਼ੇਖ਼ ਫ਼ਰੀਦ ਜੀ ਦੇ ਭਾਵ ਨੂੰ ਸਪਸ਼ਟ ਕਰਨ ਲਈ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਿਆ ਹੈ। ਸ਼ਬਦ ਇਉਂ ਹੈ:

ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ, ਐਸਾ ਪੰਥੁ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲਾ ॥੧॥ ਰਹਾਉ ॥ ਸਾਜਨ ਚਲੇ ਪਿਆਰਿਆ, ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ, ਮੇਲੇਗਾ ਸੋਈ ॥੨॥ ਮਿਲਿਆ ਹੋਇ ਨ ਵੀਛੁੜੈ, ਜੇ ਮਿਲਿਆ ਹੋਈ ॥ ਆਵਾਗਉਣੁ ਨਿਵਾਰਿਆ, ਹੈ ਸਾਚਾ ਸੋਈ ॥੩॥ ਹਉਮੈ ਮਾਰਿ ਨਿਵਾਰਿਆ, ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ, ਸਹ ਕੇ ਅੰਮ੍ਰਿਤ ਬੋਲਾ ॥੪॥ ਨਾਨਕੁ ਕਹੈ ਸਹੇਲੀਹੋ, ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ, ਸਾਚਾ ਖਸਮੁ ਹਮਾਰਾ ॥੫॥੨॥੪॥  {ਪੰਨਾ 729}

ਇਸ ਸ਼ਬਦ ਦਾ ਇਕ ਇਕ ਪਦ ਫ਼ਰੀਦ ਜੀ ਦੇ ਸ਼ਬਦ ਦੇ ਇਕ ਇਕ ਪਦ ਦੇ ਭਾਵ ਨੂੰ ਖੋਲ੍ਹ ਰਿਹਾ ਹੈ। ਇਹੀ ਹਾਲ "ਰਹਾਉ" ਦੀ ਤੁਕ ਦਾ ਹੈ। "ਕਸੁੰਭੇ" ਦੇ ਟਾਕਰੇ ਤੇ 'ਮੰਜੀਠ' ਸ਼ਬਦ ਵਰਤਿਆ ਹੈ। ਤਾਂ ਤੇ "ਕਸੁੰਭੜੈ" ਦਾ ਅਰਥ ਕਸੁੰਭਾ ਫੁੱਲ ਹੀ ਹੈ, ਜੋ 'ਮਾਇਆ' ਵਾਸਤੇ ਵਰਤਿਆ ਹੈ।

ਅਰਥ: ਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ।ਰਹਾਉ।

ਮੂਲ: ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ ॥

(ਪ੍ਰ:) ਕੈਸਾ ਬੇੜਾ?

(:) ਜਪ ਤਪ ਕਾ ਬੰਧੁ ਬੇੜੁਲਾ ॥

ਮੂਲ: ਇਕ ਆਪੀਨ੍ਹ੍ਹੈ, ਪਤਲੀ ਸਹ ਕੇ ਰੇ ਬੋਲਾ ॥

ਇਸ ਤੁਕ ਦਾ ਠੀਕ ਪਾਠ ਕਰਨ ਲਈ ਤੇ ਠੀਕ ਅਰਥ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੇ ਉਪਰ-ਦਿੱਤੇ ਸ਼ਬਦ ਦਾ ਪੜ੍ਹੋ ਪਦ ਨੰ: ੪।

'ਗੁਰ ਬਚਨੀ ਪਲੁ ਪਾਇਆ, ਸਹ ਕੇ ਅੰਮ੍ਰਿਤ ਬੋਲਾ ॥

ਜਿਨ੍ਹਾਂ ਕਸੁੰਭੇ ਨੂੰ ਹੱਥ ਲਾਇਆ ਉਹ "ਆਪੀਨ੍ਹ੍ਹੈ ਪਤਲੀ" ਰਹੀਆਂ ਤੇ ਉਹਨਾਂ ਨੂੰ ਪ੍ਰਾਪਤ ਕੀਹ ਹੋਇਆ? "ਸਹ ਕੇ ਰੇ ਬੋਲਾ"ਪਰ ਜਿਨ੍ਹਾਂ ਦਾ ਚੋਲਾ ਨਾਮ-ਮੰਜੀਠ ਨਾਲ ਰੰਗਿਆ ਗਿਆ, ਉਹਨਾਂ ਨੇ ਫਲ ਪਾਇਆ "ਸਹ ਕੇ ਅੰਮ੍ਰਿਤ ਬੋਲਾ"

ਇਹਨਾਂ ਦੋਹਾਂ ਤੁਕਾਂ ਦੇ ਸਾਰੇ ਲਫ਼ਜ਼ਾਂ ਨੂੰ ਆਪੋ ਵਿਚ ਟਕਰਾ ਕੇ ਵੇਖੋ। ਲਫ਼ਜ਼ 'ਸਹ', 'ਕੇ', 'ਬੋਲਾ'-ਇਹ ਤਿੰਨੇ ਹੀ ਦੋਹਾਂ ਵਿਚ ਸਾਂਝੇ ਹਨ। ਗੁਰੂ ਨਾਨਕ ਸਾਹਿਬ ਵਾਲੇ ਸ਼ਬਦ ਦੀ ਤੁਕ ਵਿਚ ਲਫ਼ਜ਼ 'ਅੰਮ੍ਰਿਤ' ਦੇ ਟਾਕਰੇ ਤੇ ਫ਼ਰੀਦ ਜੀ ਦਾ ਲਫ਼ਜ਼ 'ਰੇ' ਰਹਿ ਗਿਆ।

ਤਾਂ ਤੇ ਪਾਠ "ਸਹ ਕੇ ਰੇ ਬੋਲਾ" ਹੈ, ਭਾਵ, 'ਕੇ' ਅਤੇ 'ਰੇ' ਵਖ ਵਖ ਹਨ। ਰੇ-ਅਨਾਦਰੀ ਦੇ ਬਚਨ। ਜਿਵੇਂ:

"ਰੇ ਰੇ ਦਰਗਹ ਕਹੈ ਨ ਕੋਊ"

ਅਰਥ: ਕਈ ਜੀਵ-ਇਸਤ੍ਰੀਆਂ (ਜਿਨ੍ਹਾਂ ਕਸੁੰਭੇ ਨੂੰ ਹੱਥ ਲਾਇਆ ਹੈ) ਆਪਣੇ ਆਪ ਵਿਚ ਪਤਲੀਆਂ ਹਨ ਉਹਨਾਂ ਨੂੰ ਪਤੀ ਦੇ ਅਨਾਦਰੀ ਦੇ ਬਚਨ ਹੀ ਮਿਲਦੇ ਹਨ।

ਪਤਲੀਆਂ-ਨਾਜ਼ਕ, ਅਹੰਕਾਰਣਾਂ, ਚਤਰ-ਬੁੱਧ, ਕਮਜ਼ੋਰ ਆਤਮਕ ਜੀਵਨ ਵਾਲੀਆਂ।

ਮੂਲ: ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ।੨।

ਇਸ ਤੁਕ ਨੂੰ ਸਮਝਣ ਲਈ ਭੀ ਉਪਰ-ਦਿੱਤੇ ਸ਼ਬਦ ਦਾ ਵੇਖੋ ਪਦ ਨੰ: ੨ ਤੇ ੩।

(ਪ੍ਰ:) ਕਿਸ ਮਿਲਾਪ ਦਾ ਜ਼ਿਕਰ ਹੈ?

(:) ਹਰੀ ਨਾਲ ਮਿਲਾਪ ਦਾ। ਮਨੁੱਖਾ ਜਨਮ ਦੇ ਮਿਲਣ ਵਲ ਇਸ਼ਾਰਾ ਨਹੀਂ ਹੈ। ਤਾਂ ਤੇ "ਫਿਰਿ ਹੋਇ ਨ ਮੇਲਾ" ਦਾ ਭਾਵ ਹੈ (ਜੇ ਕਸੁੰਭੇ ਨੂੰ ਹੱਥ ਲਾਇਆ) ਤਾਂ ਪਤੀ-ਪਰਮਾਤਮਾ ਨਾਲ ਮੇਲ ਨਹੀਂ ਹੋਵੇਗਾ।

ਬਾਕੀ ਰਹਿ ਗਈ ਪਹਿਲੀ ਅੱਧੀ ਤੁਕ 'ਦੁਧਾਥਣੀ ਨ ਆਵਈ'

(ਪ੍ਰ:) ਇਸਤ੍ਰੀ ਦੇ ਥਣਾਂ ਵਿਚ ਦੁਧ ਕਦੋਂ ਆਉਂਦਾ ਹੈ?

(:) ਕੁਦਰਤਿ ਦੇ ਨਿਯਮ ਅਨੁਸਾਰ ਜਦੋਂ ਉਸ ਦਾ ਆਪਣੇ ਪਤੀ ਨਾਲ ਮਿਲਾਪ ਹੁੰਦਾ ਹੈ ਤੇ ਪੁੱਤਰ-ਵਤੀ ਬਣਦੀ ਹੈ, ਜਦੋਂ ਸੁਹਾਗ ਭਾਗ ਵਾਲੀ ਹੁੰਦੀ ਹੈ।

ਉਸ ਸਾਰੀ ਤੁਕ ਦਾ ਅਰਥ ਇਉਂ ਹੈ: ਜੇ ਕਸੁੰਭੇ ਨੂੰ ਹੱਥ ਲਾਇਆ ਤਾਂ ਇਸਤ੍ਰੀ ਸੁਹਾਗ-ਵਤੀ ਨਹੀਂ ਹੋ ਸਕੇਗੀ, ਤੇ, ਪਤੀ ਨਾਲ ਮਿਲਾਪ ਨਹੀਂ ਹੋ ਸਕੇਗਾ।

ਇਸ ਅਰਥ ਦੀ ਪ੍ਰੋੜ੍ਹਤਾ ਲਈ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਹੇਠ ਲਿਖਿਆ ਸ਼ਬਦ ਖ਼ਾਸ ਧਿਆਨ-ਯੋਗ ਹੈ:

ਰਾਗ ਗਉੜੀ ਪੂਰਬੀ ਛੰਤ ਮਹਲਾ ੧ ॥ ਮੁੰਧ ਰੈਣਿ ਦੁਹੇਲੜੀਆ ਜੀਉ, ਨੀਦ ਨ ਆਵੈ ॥ ਸਾਧਨ ਦੁਬਲੀਆ ਜੀਉ, ਪਿਰ ਕੈ ਹਾਵੈ ॥ ਧਨ ਥੀਈ ਦੁਬਲਿ ਕੰਤ ਹਾਵੈ, ਕੇਵ ਨੈਣੀ ਦੇਖਏ ॥ ਸੀਗਾਰ ਮਿਠ ਰਸ ਭੋਗ ਭੋਜਨ, ਸਭੁ ਝੂਠੁ ਕਿਤੈ ਨ ਲੇਖਏ ॥ ਮੈ ਮਤਿ ਜੋਬਨਿ ਗਰਬਿ ਗਾਲੀ, ਦੁਧਾਥਣੀ ਨ ਆਵਏ ॥ ਨਾਨਕ ਸਾਧਨ ਮਿਲੈ ਮਿਲਾਈ, ਬਿਨੁ ਪਿਰ ਨੀਦ ਨ ਆਵਏ ॥੧॥  {ਪੰਨਾ 242}

ਇਸ ਛੰਤ ਵਿਚ ਕੇਵਲ ਜੀਵ-ਇਸਤ੍ਰੀ ਤੇ ਪਤੀ-ਪਰਮਾਤਮਾ ਦੇ ਮਿਲਾਪ ਦਾ ਹੀ ਜ਼ਿਕਰ ਹੈ, ਮਨੁੱਖਾ-ਜਨਮ ਵਲ ਕਿਤੇ ਇਸ਼ਾਰਾ ਨਹੀਂ ਹੈ। ਇਹ ਅਨੁਮਾਨ ਲੱਗ ਸਕਦਾ ਹੈ ਕਿ ਫ਼ਰੀਦ ਜੀ ਨੇ ਅਤੇ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਕੋ ਹੀ ਮੁਹਾਵਰਾ ਜੀਵ-ਇਸਤ੍ਰੀ ਦੇ ਸੁਹਾਗ-ਵਤੀ ਹੋਣ ਸੰਬੰਧੀ ਵਰਤਿਆ ਹੈ। 'ਰਹਾਉ' ਦੀ ਤੁਕ ਨੂੰ ਸਾਹਮਣੇ ਰੱਖ ਕੇ ਸਾਰੇ ਸ਼ਬਦ ਨੂੰ ਪੜ੍ਹਿਆਂ ਇਹੀ ਪ੍ਰਤੱਖ ਦਿੱਸਦਾ ਹੈ ਕਿ ਕਸੁੰਭੇ ਨੂੰ ਹੱਥ ਲਾਣ ਦਾ ਭਿਆਨਕ ਸਿੱਟਾ ਦੱਸਿਆ ਗਿਆ ਹੈ।

ਪਦਅਰਥ: ਬੇੜਾ = ਨਾਮ = ਸਿਮਰਨ ਰੂਪ ਬੇੜਾ, 'ਜਪ ਤਪ ਕਾ' ਬੇੜਾ। ਬੰਧਿ ਨ ਸਕਿਓ = (ਕਸੁੰਭੇ ਨੂੰ ਹੀ ਹੱਥ ਪਾਈ ਰੱਖਣ ਕਰਕੇ ਜੀਵ) ਤਿਆਰ ਨਾਹ ਕਰ ਸਕਿਆ। ਬੰਧਨ ਕੀ ਵੇਲਾ = (ਬੇੜਾ) ਤਿਆਰ ਕਰਨ ਦੀ ਉਮਰੇ। ਭਰਿ = (ਵਿਕਾਰਾਂ ਨਾਲ ਨਕਾ ਨਕ) ਭਰ ਕੇ। ਦੁਹੇਲਾ = ਔਖਾ।੧।

ਢੋਲਾ = ਹੇ ਮਿੱਤਰ! ਜਲਿ ਜਾਸੀ = (ਕਸੁੰਭਾ) ਸੜ ਜਾਇਗਾ, ਕਸੁੰਭੇ ਦਾ ਰੰਗ ਬਹੁਤਾ ਚਿਰ ਰਹਿਣ ਵਾਲਾ ਨਹੀਂ, ਮਾਇਆ ਦੀ ਮੌਜ ਥੋੜੇ ਦਿਨ ਹੀ ਰਹਿੰਦੀ ਹੈ। ਹਥੁ ਨ ਲਾਇ ਕਸੁੰਭੜੈ = ਭੈੜੇ ਕਸੁੰਭੇ ਨੂੰ ਹੱਥ ਨ ਲਾ, ਚੰਦ੍ਰੀ ਮਾਇਆ ਨਾਲ ਨਾਹ ਜੋੜੀ ਰੱਖ।ਰਹਾਉ।

ਇਕ = ਕਈ (ਜੀਵ-) ਇਸਤ੍ਰੀਆਂ। ਆਪੀਨ੍ਹ੍ਹੈ– ਆਪਣੇ ਆਪ ਵਿਚ। ਪਤਲੀ = ਕਮਜ਼ੋਰ ਆਤਮਕ ਜੀਵਨ ਵਾਲੀਆਂ। ਰੇ ਬੋਲਾ = ਨਿਰਾਦਰੀ ਦੇ ਬਚਨ। ਦੁਧਾਥਣੀ = ਉਹ ਅਵਸਥਾ ਜਦੋਂ ਇਸਤ੍ਰੀ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਪਤੀ = ਮਿਲਾਪ। ਫਿਰਿ = ਕਿ ਇਹ ਵੇਲਾ ਖੁੰਝਣ ਤੇ।੨।

ਨੋਟ: ਗੁਰੂ ਨਾਨਕ ਸਾਹਿਬ ਦੇ ਆਪਣੇ ਸ਼ਬਦ ਨੂੰ ਛੱਡ ਕੇ ਵਲਾਇਤ ਵਾਲੀ ਸਾਖੀ ਦਾ ਆਸਰਾ ਲੈਂਦੇ ਫਿਰਨਾ, ਫਿਰ ਉਸ ਦੇ ਭੀ ਗ਼ਲਤ ਪਾਠ ਦਾ ਆਸਰਾ ਲੈਣਾ, ਸਿਆਣਪ ਦੀ ਗੱਲ ਨਹੀਂ ਹੈ, ਲਫ਼ਜ਼ "ਇਕ" ਬਹੁ-ਵਚਨ ਹੀ ਹੈ, ਪਰ ਹੈ ਇਹ 'ਇਸਤ੍ਰੀ-ਲਿੰਗ'; ਪੁਲਿੰਗ ਵਿਚ ਆਮ ਤੌਰ ਤੇ ਬਹੁ-ਵਚਨ ਲਫ਼ਜ਼ 'ਇਕ' ਤੋਂ "ਇਕਿ" ਹੁੰਦਾ ਹੈ। ਲਫ਼ਜ਼ 'ਦੁਧਾਥਣੀ' ਦੇ ਦੋ ਹਿੱਸੇ 'ਦੁਧਾ' ਅਤੇ 'ਥਣੀ' ਕਰ ਦੇਣੇ ਭੀ ਗ਼ਲਤ ਹੈ। ਇਹ ਲਫ਼ਜ਼ ਇਕੋ ਹੀ ਤੇ 'ਸਮਾਸੀ' ਲਫ਼ਜ਼ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਦੋ ਵਾਰੀ ਆਇਆ ਹੈ, ਦੂਜੀ ਵਾਰੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ।

ਸਹੁ = ਖਸਮ ਪ੍ਰਭੂ। ਅਲਾਏਸੀ = ਬੁਲਾਇਗਾ, ਸੱਦੇਗਾ, ਸੱਦਾ ਭੇਜੇਗਾ। ਹੰਸੁ = ਜੀਵ = ਆਤਮਾ। ਡੁੰਮਣਾ = (ਡੁ+ਮਣਾ) ਦੁਚਿੱਤਾ (ਹੋ ਕੇ) , ਜੱਕੋ = ਤੱਕੇ ਕਰਦਾ। ਅਹਿ ਤਨੁ = ਇਹ ਸਰੀਰ। ਥੀਸੀ = ਹੋ ਜਾਇਗਾ।੩।

ਅਰਥ: ਹੇ ਸੱਜਣ! ਚੰਦ੍ਰੀ ਮਾਇਆ ਨਾਲ ਹੀ ਆਪਣੇ ਮਨ ਨੂੰ ਨਾਹ ਜੋੜੀ ਰੱਖ, ਇਹ ਮਾਇਆ ਚਾਰ ਦਿਨ ਦੀ ਖੇਡ ਹੈ।੧।

(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ, ਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ੧।

ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ; ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ।੨।

ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ, ਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ) , ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ।੩।੨।

TOP OF PAGE

Sri Guru Granth Darpan, by Professor Sahib Singh