ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 714

ਟੋਡੀ ਮਹਲਾ ੫ ॥ ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ {ਪੰਨਾ 714}

ਪਦਅਰਥ: ਤੇ = ਤੋਂ, ਨਾਲ। ਗੁਰ ਕਿਰਪਾ ਤੇ = ਗੁਰੂ ਦੀ ਕਿਰਪਾ ਨਾਲ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਹਾਟਿਓ = ਹਟ ਜਾਂਦਾ ਹੈ, (ਨਿੰਦਾ ਕਰਨ ਦੀ ਵਾਦੀ ਤੋਂ) ਹਟ ਜਾਂਦਾ ਹੈ। ਕੈ ਬਾਣਿ = ਦੇ ਬਾਣ ਨਾਲ। ਸਿਵ ਕੈ ਬਾਣਿ = ਕੱਲਿਆਣ = ਸਰੂਪ ਪ੍ਰਭੂ ਦੇ ਨਾਮ = ਤੀਰ ਨਾਲ। ਸਿਰੁ = ਅਹੰਕਾਰ। ਕਾਟਿਓ = ਕੱਟ ਦੇਂਦਾ ਹੈ।੧।ਰਹਾਉ।

ਕਾਲ = ਆਤਮਕ ਮੌਤ। ਜਾਲੁ = (ਮਾਇਆ ਦਾ) ਜਾਲ। ਜਮੁ = ਮੌਤ (ਦਾ ਡਰ) ਜੋਹਿ ਨ ਸਾਕੈ = ਤੱਕ ਭੀ ਨਹੀਂ ਸਕਦਾ। ਸਚ ਕਾ ਪੰਥਾ = ਸਦਾ-ਥਿਰ ਹਰਿ = ਨਾਮ ਸਿਮਰਨ ਵਾਲਾ ਰਸਤਾ। ਪੰਥਾ = ਰਸਤਾ। ਥਾਟਿਓ = ਮੱਲ ਲੈਂਦਾ ਹੈ। ਖਾਤ = ਖਾਂਦਿਆਂ। ਖਰਚਤ = ਹੋਰਨਾਂ ਨੂੰ ਵੰਡਦਿਆਂ।੧।

ਭਸਮਾਭੂਤ ਹੋਆ = ਸੁਆਹ ਹੋ ਜਾਂਦਾ ਹੈ, ਨਾਮ = ਨਿਸ਼ਾਨ ਮਿਟ ਜਾਂਦਾ ਹੈ। ਅਪਨਾ ਕੀਆ ਪਾਇਆ = (ਜਿਸ ਨਿੰਦਾ = ਸੁਭਾਉ ਦੇ ਕਾਰਨ) ਆਪਣਾ ਕੀਤਾ ਪਾਂਦਾ ਸੀ, ਦੁਖੀ ਹੁੰਦਾ ਰਹਿੰਦਾ ਸੀ। ਆਗਮ ਨਿਗਮੁ = ਰੱਬੀ ਅਗੰਮੀ ਖੇਡ। ਸਬਾਇਆ = ਸਾਰਾ।੨।

ਅਰਥ: ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ) ੧।ਰਹਾਉ।

(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ।੧।

ਹੇ ਭਾਈ! ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ। (ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।੨।੬।੧੧।

ਟੋਡੀ ਮਃ ੫ ॥ ਕਿਰਪਨ ਤਨ ਮਨ ਕਿਲਵਿਖ ਭਰੇ ॥ ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥ ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥ ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥ ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥ {ਪੰਨਾ 714}

ਪਦਅਰਥ: ਕਿਰਪਨ = ਹੇ ਸ਼ੂਮ! ਉਹ ਮਨੁੱਖ ਜੋ ਆਪਣੇ ਸੁਆਸਾਂ ਦੀ ਪੂੰਜੀ ਨੂੰ ਕਦੇ ਭੀ ਸਿਮਰਨ ਵਾਲੇ ਪਾਸੇ ਨਹੀਂ ਖ਼ਰਚ ਕਰਦਾ) ਕਿਲਵਿਖ = ਪਾਪ। ਹਰੇ = ਹਰੀ।੧।ਰਹਾਉ।

ਛਿਦ੍ਰ = ਛੇਕ। ਬੋਹਿਬ = ਜਹਾਜ਼। ਥਾਮ ਨ ਕਰੇ ਜਾਹੀ = ਥੰਮੇ ਨਹੀਂ ਜਾ ਸਕਦੇ। ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਆਰਾਧੇ = ਆਰਾਧਿ। ਸੰਗਿ = ਨਾਲ।੧।

ਗਲੀ = ਗੱਲਾਂ ਨਾਲ। ਸੈਲ = ਪਹਾੜ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ) ਪ੍ਰਭ = ਹੇ ਪ੍ਰਭੂ!੨।

ਅਰਥ: ਹੇ ਸ਼ੂਮ! ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ। ਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ।੧।ਰਹਾਉ।

ਹੇ ਸ਼ੂਮ! ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ। ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ।੧।

ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ। ਹੇ ਨਾਨਕ! ਆਖ-) ਹੇ ਪ੍ਰਭੂ! ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ। ਅਸੀ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ।੨।੭।੧੨।

ਟੋਡੀ ਮਹਲਾ ੫ ॥ ਹਰਿ ਕੇ ਚਰਨ ਕਮਲ ਮਨਿ ਧਿਆਉ ॥ ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥ ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥ ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥ ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥ {ਪੰਨਾ 714}

ਪਦਅਰਥ: ਚਰਨ ਕਮਲ = ਕੌਲ ਫੁੱਲ ਵਰਗੇ ਕੋਮਲ ਚਰਨ। ਮਨਿ = ਮਨ ਵਿਚ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ। ਕਾਢਿ = ਕੱਢ ਕੇ। ਕੁਠਾਰੁ = ਕੁਹਾੜਾ। ਪਿਤ = ਪਿੱਤ, ਗਰਮੀ, (ਕ੍ਰੋਧ) ਬਾਤ = ਵਾਈ (ਅਹੰਕਾਰ) ਅਉਖਧੁ = ਦਵਾਈ। ਕੋ = ਦਾ।੧।ਰਹਾਉ।

ਤੀਨੇ ਤਾਪ = ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ) ਰਾਸਿ = ਪੂੰਜੀ। ਤਾ ਕਉ = ਉਸ (ਮਨੁੱਖ) ਨੂੰ। ਬਿਘਨੁ = ਰੁਕਾਵਟ।੧।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬੈਦ = ਹਕੀਮ। ਕਰਣ ਕਾਰਣ = ਜਗਤ ਦਾ ਮੂਲ। ਬਾਲ ਬੁਧਿ = ਬਾਲਕਾਂ ਵਾਲੀ ਸਰਲ ਬੁਧਿ ਵਾਲੇ ਮਨੁੱਖ, ਜੇਹੜੇ ਚਤੁਰਾਈ ਛੱਡ ਦੇਂਦੇ ਹਨ। ਟੇਕ = ਆਸਰਾ।੨।

ਅਰਥ: ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ। ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ੧।ਰਹਾਉ।

ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ। ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ।੧।

ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ।੨।੮।੧੩।

ਟੋਡੀ ਮਹਲਾ ੫ ॥ ਹਰਿ ਹਰਿ ਨਾਮੁ ਸਦਾ ਸਦ ਜਾਪਿ ॥ ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ {ਪੰਨਾ 714}

ਪਦਅਰਥ: ਸਦ = ਸਦਾ। ਜਾਪਿ = ਜਪਿਆ ਕਰ। ਅਨੁਗ੍ਰਹੁ = ਕਿਰਪਾ। ਧਾਰਿ = ਧਾਰ ਕੇ, ਕਰ ਕੇ। ਵਸਦੀ ਕੀਨੀ = ਵਸਾ ਦਿੱਤੀ।੧।ਰਹਾਉ।

ਜਿਸ ਕੇ = ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਸੇ = ਸਨ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਸਮ੍ਹ੍ਹਾਲੇ = ਸੰਭਾਲ ਕੀਤੀ, ਸੰਭਾਲ ਕਰਦਾ ਹੈ। ਸੋਗ = ਚਿੰਤਾ = ਫ਼ਿਕਰ। ਸੰਤਾਪ = ਦੁੱਖ = ਕਲੇਸ਼। ਦੇਇ = ਦੇ ਕੇ।੧।

ਜੀਅ ਜੰਤ = ਸਾਰੇ ਹੀ ਜੀਵ। ਜਾ ਕਾ = ਜਿਸ (ਪਰਮਾਤਮਾ) ਦਾ।੨।

ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ। (ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਅਸੀ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ। ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ।੧।

ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ। ਹੇ ਨਾਨਕ! ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ।੨।੯।੧੪।

ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥ {ਪੰਨਾ 714}

ਪਦਅਰਥ: ਸ੍ਵਾਮੀ = ਹੇ ਨਾਨਕ! ਪਰਿਓ = ਆ ਪਿਆ ਹਾਂ। ਦਰਬਾਰੇ = ਤੇਰੇ ਦਰ ਤੇ। ਕੋਟਿ = ਕ੍ਰੋੜਾਂ। ਅਪਰਾਧ = ਭੁੱਲਾਂ। ਖੰਡਨ ਕੇ ਦਾਤੇ = ਨਾਸ ਕਰਨ ਦੇ ਸਮਰੱਥ, ਹੇ ਦਾਤਾਰ! ਉਧਾਰੇ = (ਭੁੱਲਾਂ ਤੋਂ) ਬਚਾਏ।੧।ਰਹਾਉ।

ਖੋਜਤ = ਭਾਲਦਿਆਂ। ਬਹੁ ਪਰਕਾਰੇ = ਕਈ ਤਰੀਕਿਆਂ ਨਾਲ। ਸਰਬ ਅਰਥ = ਸਾਰੀਆਂ ਗੱਲਾਂ। ਸੰਗਿ = ਸੰਗਤਿ ਵਿਚ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ = ਰਚ ਕੇ, ਫਸ ਕੇ। ਬੰਧਿ = ਬੰਧਨ ਵਿਚ। ਮਾਇਆ ਰਚਿ ਬੰਧਿ = ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ = ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ।੧।

ਸੰਗਿ = ਨਾਲ। ਮਨਿ = ਮਨ ਵਿਚ। ਸੁਰਿਜਨ = ਗੁਰਮੁਖ ਸੱਜਣ। ਕਰੇ = ਕਰਦਾ ਹੈ। ਜਪਿ = ਜਪ ਕੇ। ਸਗਲੇ = ਸਾਰੇ। ਨਿਵਾਰੇ = ਦੂਰ ਕਰ ਲੈਂਦਾ ਹੈ।੨।

ਅਰਥ: ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ?੧।ਰਹਾਉ।

ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ।੧।

ਹੇ ਨਾਨਕ! ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ।੨।੧੦।੧੫।

TOP OF PAGE

Sri Guru Granth Darpan, by Professor Sahib Singh