ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 620

ਸੋਰਠਿ ਮਹਲਾ ੫ ॥ ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ {ਪੰਨਾ 620}

ਪਦਅਰਥ: ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ ਹੈ।੧।

ਰਾਜੇ ਰਾਮ ਕੀ = ਰਾਮ ਰਾਜੇ ਕੀ, ਪ੍ਰਭੂ = ਪਾਤਿਸ਼ਾਹ ਦੀ। ਰਖਵਾਲੀ = ਰਾਖੀ, ਸਹਾਇਤਾ। ਸਹਜ = ਆਤਮਕ ਅਡੋਲਤਾ। ਸੁਖਾਲੀ = ਸੁਖੀ।ਰਹਾਉ।

ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਭਰਵਾਸਾ = ਆਸਰਾ। ਸਭਿ = ਸਾਰੇ। ਸੁਣਿ = ਸੁਣੈ, ਸੁਣਦਾ ਹੈ।੨।

ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ, ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ।ਰਹਾਉ।

(ਹੇ ਭਾਈ! ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ, (ਉਸ ਨੂੰ ਗੁਰੂ ਮਿਲਾ ਕੇ) ਪ੍ਰਭੂ ਨੇ ਉਸ ਦਾ ਪਿਛਲਾ ਕੀਤਾ) ਪਾਪ (ਉਸ ਦੇ ਅੰਦਰੋਂ) ਦੂਰ ਕਰ ਦਿੱਤਾ। (ਇਸ ਤਰ੍ਹਾਂ) ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ। ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਚੇਤੇ ਰੱਖਦਾ ਹੈ।੧।

ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ। ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ) , ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ।੨।੧੭।੪੫।

ਸੋਰਠਿ ਮਹਲਾ ੫ ॥ ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥ ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥ ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥ {ਪੰਨਾ 620}

ਪਦਅਰਥ: ਪਰਮੇਸਰਿ = ਪਰਮੇਸ਼ਰ ਨੇ। ਬਿਦਾਰੇ = ਦੂਰ ਕਰ ਦਿੱਤੇ। ਸਗਲ = ਸਾਰੇ।੧।

ਜਨਿ = ਜਨ ਨੇ। ਅਧਾਰਿ = ਆਸਰੇ ਤੇ। ਸਤਿਗੁਰਿ = ਗੁਰੂ ਨੇ।ਰਹਾਉ।

ਕਰਹ = ਅਸੀ ਕਰਦੇ ਹਾਂ। ਪਿਆਰੇ = ਹੇ ਪਿਆਰੇ! ਗੁਰਿ = ਗੁਰੂ ਨੇ। ਕਰਤੇ ਕੀ = ਕਰਤਾਰ ਦੀ। ਸਾਚੁ = ਸਦਾ ਕਾਇਮ ਰਹਿਣ ਵਾਲਾ। ਸਤਿ = ਠੀਕ, ਸੱਚ। ਭਾਖਿਆ = ਉਚਾਰਿਆ।੨।

ਅਰਥ: ਹੇ ਭਾਈ! ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ, ਨਾਮ ਦੇ ਆਸਰੇ ਵਿਚ (ਆਪਣੇ ਆਪ ਨੂੰ ਤੋਰਿਆ) , ਪੂਰੇ ਗੁਰੂ ਨੇ ਆਪਣੀ ਕਿਰਪਾ ਕਰ ਕੇ (ਉਸ ਦਾ) ਤਾਪ ਲਾਹ ਦਿੱਤਾ।ਰਹਾਉ।

ਹੇ ਭਾਈ! ਪਾਰਬ੍ਰਹਮ ਪਰਮੇਸਰ ਨੇ (ਜਿਸ ਸੇਵਕ ਉੱਤੇ) ਬਖ਼ਸ਼ਸ਼ ਕੀਤੀ, ਉਸ ਦੇ ਸਾਰੇ ਰੋਗ ਉਸਨੇ ਦੂਰ ਕਰ ਦਿੱਤੇ। ਜੇਹੜੇ ਭੀ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਦੁੱਖਾਂ-ਕਲੇਸ਼ਾਂ ਤੋਂ ਬਚ ਜਾਂਦੇ ਹਨ। ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।੧।

ਹੇ ਮੇਰੇ ਪਿਆਰੇ (ਭਾਈ) ! (ਗੁਰੂ ਦੀ ਸ਼ਰਨ ਪੈ ਕੇ) ਅਸੀ (ਭੀ) ਸਦਾ ਆਨੰਦ ਮਾਣਦੇ ਹਾਂ। ਹਰਿ ਗੋਬਿੰਦ ਨੂੰ ਗੁਰੂ ਨੇ (ਹੀ ਤਾਪ ਤੋਂ) ਬਚਾਇਆ ਹੈ। ਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗੁਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ) ੨।੧੮।੪੬।

ਸੋਰਠਿ ਮਹਲਾ ੫ ॥ ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ ਹਰਿ ਕੇ ਚਰਣ ਰਿਦੈ ਉਰਿ ਧਾਰਿ ॥ ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥ {ਪੰਨਾ 620}

ਪਦਅਰਥ: ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ। ਸਤਿਗੁਰਿ = ਗੁਰੂ ਨੇ। ਠਾਂਢਿ = ਠੰਢ। ਸੰਸਾਰਿ = ਸੰਸਾਰ ਵਿਚ। ਜਮਹਿ = ਜਮ ਨੇ। ਹਟਤਾਰਿ = ਹੜਤਾਲ, ਹੱਟੀ ਨੂੰ ਤਾਲਾ, ਦੁਕਾਨ = ਬੰਦੀ।੧।

ਰਿਦੈ = ਹਿਰਦੈ ਵਿਚ। ਉਰਿ ਧਾਰਿ = ਹਿਰਦੇ ਵਿਚ ਟਿਕਾਈ ਰੱਖ। ਸਿਮਰੀਐ = ਸਿਮਰਨਾ ਚਾਹੀਦਾ ਹੈ। ਭਾਈ = ਹੇ ਭਾਈ! ਕਿਲਬਿਖ = ਪਾਪ। ਕਾਟਣਹਾਰੁ = ਕੱਟਣ ਦੀ ਤਾਕਤ ਰੱਖਣ ਵਾਲਾ।੧।ਰਹਾਉ।

ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਊਬਰੈ = ਬਚ ਜਾਂਦਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ। ਕਰਣ ਕਾਰਣ = ਜਗਤ ਦਾ ਮੂਲ। ਸਚੈ = ਸਦਾ ਕਾਇਮ ਰਹਿਣ ਵਾਲੇ ਦੀ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ। ਸੀਤਲੁ = ਸ਼ਾਂਤ।੨।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ। ਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ। ਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ) ਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ) ੧।

ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ। ਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ।੨।੧੯।੪੭।

ਸੋਰਠਿ ਮਹਲਾ ੫ ॥ ਸੰਤਹੁ ਹਰਿ ਹਰਿ ਨਾਮੁ ਧਿਆਈ ॥ ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥ ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥ ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥ {ਪੰਨਾ 620}

ਪਦਅਰਥ: ਸੰਤਹੁ = ਹੇ ਸੰਤ ਜਨੋ! ਧਿਆਈ = ਧਿਆਈਂ, ਮੈਂ ਧਿਆਉਂਦਾ ਰਹਾਂ। ਸਾਗਰ = ਸਮੁੰਦਰ। ਵਿਸਰਉ ਨਾਹੀ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। (ਵੇਖੋ 'ਗੁਰਬਾਣੀ ਵਿਆਕਰਣ') } ਭੁੱਲ ਨਾਹ ਜਾਏ। ਚਿੰਦਿਅੜਾ = ਚਿਤਵਿਆ। ਪਾਈ = ਪਾਈਂ, ਮੈਂ ਪ੍ਰਾਪਤ ਕਰਾਂ।੧।

ਸਤਿਗੁਰਿ = ਗੁਰੂ ਨੇ। ਪਰਵਾਰੀ = ਪਰਵਾਰ ਦਾ।੧।

ਨਿਧਾਨ = ਖ਼ਜ਼ਾਨੇ। ਅਧਾਰੋ = ਆਸਰਾ। ਪਤਿ = ਇੱਜ਼ਤ। ਪਰਮੇਸਰਿ = ਪਰਮੇਸਰ ਨੇ। ਸਭੁ = ਸਾਰਾ। ਉਧਰਿਆ = ਬਚਾ ਲਿਆ।੨।

ਅਰਥ: ਹੇ ਸੰਤ ਜਨੋ! ਅਰਦਾਸ ਕਰੋ ਕਿ) ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ। ਸੁਖਾਂ ਦਾ ਸਮੁੰਦਰ ਪਰਮਾਤਮਾ ਮੈਨੂੰ ਕਦੇ ਨਾਹ ਭੁੱਲੇ, ਮੈਂ (ਉਸ ਦੇ ਦਰ ਤੋਂ) ਮਨ-ਇੱਛਤ ਫਲ ਪ੍ਰਾਪਤ ਕਰਦਾ ਰਹਾਂ।੧।ਰਹਾਉ।

ਹੇ ਸੰਤ ਜਨੋ! ਪੂਰੇ ਗੁਰੂ ਨੇ (ਬਾਲਕ ਹਰਿ ਗੋਬਿੰਦ ਦਾ) ਤਾਪ ਲਾਹ ਦਿੱਤਾ, ਗੁਰੂ ਨੇ ਆਪਣੀ ਕਿਰਪਾ ਕੀਤੀ ਹੈ। ਪਰਮਾਤਮਾ ਦਇਆਵਾਨ ਹੋਇਆ ਹੈ, ਸਾਰੇ ਪਰਵਾਰ ਦਾ ਦੁੱਖ ਮਿਟ ਗਿਆ ਹੈ।੧।

ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਹੀ (ਸਾਡਾ) ਆਸਰਾ ਹੈ, ਨਾਮ ਹੀ ਸਾਰੀਆਂ ਖ਼ੁਸ਼ੀਆਂ ਰਸਾਂ ਰੂਪਾਂ ਦਾ ਖ਼ਜ਼ਾਨਾ ਹੈ। ਹੇ ਨਾਨਕ! ਆਖ-) ਪਰਮੇਸਰ ਨੇ (ਸਾਡੀ) ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ।੨।੨੦।੪੮।

ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥ {ਪੰਨਾ 620}

ਪਦਅਰਥ: ਧਾਰਿ = ਧਾਰ ਕੇ। ਪ੍ਰਭਿ = ਪ੍ਰਭੂ ਨੇ। ਨਵਾ ਨਿਰੋਆ = ਬਿਲਕੁਲ ਅਰੋਗ।੧।ਰਹਾਉ।

ਪ੍ਰਭਿ = ਪ੍ਰਭੂ ਨੇ। ਲਾਜ = ਇੱਜ਼ਤ। ਤੇ = ਤੋਂ, ਪਾਸੋਂ। ਬਲਿ ਜਾਂਈ = ਮੈਂ ਕੁਰਬਾਨ ਜਾਂਦਾ ਹਾਂ।੧।

ਹਲਤੁ = {अत्र} ਇਹ ਲੋਕ। ਪਲਤੁ {परत्र} ਪਰ ਲੋਕ। ਹਮਰਾ = ਅਸਾਂ ਜੀਵਾਂ ਦਾ। ਅਟਲ = ਕਦੇ ਨਾਹ ਟਲਣ ਵਾਲਾ। ਨਾਨਕ = ਹੇ ਨਾਨਕ! ਗੁਰ = ਹੇ ਗੁਰੂ! ਸਫਲ = ਫਲ ਦੇਣ ਵਾਲਾ, ਬਰਕਤਿ ਵਾਲਾ। ਕਰੁ = ਹੱਥ। ਮਸਤਕਿ = ਮੱਥੇ ਉੱਤੇ।੨।

ਅਰਥ: ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ।੧।

(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ।੧।

(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ, ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ। ਹੇ ਨਾਨਕ! ਆਖ-) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ) ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ।੨।੨੧।੪੯।

TOP OF PAGE

Sri Guru Granth Darpan, by Professor Sahib Singh